.

ਗੁਰੂ ਅਤੇ ਭਗਤ ਪਦਵੀ

ਪੜ੍ਹਨ ਤੇ ਸੁਣਨ ਵਿੱਚ ਅਨੇਕਾਂ ਵਾਰ ਆਇਆ ਹੈ ਕਿ ਭਗਤ ਦੀ ਪਦਵੀ ਨੂੰ ਗੁਰੂ ਪਦਵੀ ਦੇਣ ਵਿੱਚ ਬੜਾ ਸੰਕੋਚ ਕੀਤਾ ਜਾਂਦਾ ਹੈ। ਅਜੇਹਾ ਸਮਝਣ ਵਾਲਿਆਂ ਦੀ ਵਿਚਾਰ ਅਨੁਸਾਰ ਭਗਤ ਤੇ ਗੁਰੂ ਵਿੱਚ ਅੰਤਰ ਹੈ ਅਤੇ ਭਗਤ ਗੁਰੂ ਸਮਾਨ ਨਹੀ। ਉਹਨਾਂ ਦੇ ਕਹਿਣ ਅਨੁਸਾਰ, ਗੁਰਬਾਣੀ ਵਿੱਚ ਭਗਤ ਬਾਣੀ ਦੇ ਰਚੇਤਾ ਨੂੰ ਵੀ ਭਗਤ ਕਹਿ ਕੇ ਸੰਬੋਧਨ ਕੀਤਾ ਗਿਆ ਹੈ, ਗੁਰੂ ਨਹੀ। ਭਗਤਾਂ ਦੀ ਬਾਣੀ ਨੂੰ ਵੀ ਭਗਤ ਬਾਣੀ ਆਖਿਆ ਜਾਂਦਾ ਹੈ, ਗੁਰਬਾਣੀ ਨਹੀ। ਇੱਕ ਅਖਬਾਰ ਦੇ ਲੇਖ ਵਿੱਚ ਤਾਂ ਇਹ ਵੀ ਪੜ੍ਹਨ ਵਿੱਚ ਆਇਆ ਹੈ ਕਿ ਭਗਤ ਬਾਣੀ ਦੇ ਸਿਧਾਂਤ ਗੁਰਬਾਣੀ ਦੇ ਸਿਧਾਂਤਾਂ ਨਾਲ ਮੇਲ ਹੀ ਨਹੀ ਖਾਂਦੇ। ਇਹ ਪੜ੍ਹਨ ਤੇ ਸੁਣਨ ਪਿਛੋਂ ਇਉਂ ਪਰਤੀਤ ਹੁੰਦਾ ਹੈ ਜਿਵੇਂ ਪੜਚੋਲ ਵਿੱਚ ਕੋਈ ਘਾਟ ਰਹਿ ਗਈ ਹੋਵੇ। ਕੈਸੀ ਦੁਖਦਾਈ ਗਲ ਹੈ ਕਿ ਬਾਬੇ ਨਾਨਕ ਨੇ ਆਪਣੇ ਪ੍ਰਚਾਰ ਦੌਰਿਆਂ ਸਮੇ ਅਨੇਕਾਂ ਮੁਸੀਬਤਾਂ ਤੇ ਝੱਖੜ ਝਲ ਕੇ ਭਗਤਾਂ ਦੀ ਬਾਣੀ ਨੂੰ ਆਪਣੇ ਹੱਥੀਂ ਲਿਖ ਕੇ ਲਿਆਂਦਾ, ਗਰਮੀਆਂ ਸਰਦੀਆਂ, ਮੀਂਹ, ਧੁਪਾਂ ਤੇ ਭੁੱਖਾਂ ਨੂੰ ਸਹਿ ਕੇ ਭਗਤਾਂ ਦੀ ਬਾਣੀ ਨੂੰ ਸੀਨੇ ਨਾਲ ਲਾ ਕੇ ਲਿਆਂਦਾ, ਅਤੇ ਅਗਰ ਭਗਤ ਬਾਣੀ ਗੁਰੂ ਨਾਨਕ ਦੀ ਆਪਣੀ ਵਿਚਾਰ ਨਾਲ ਮੇਲ ਨਹੀ ਸੀ ਖਾਂਦੀ ਤੇ ਜਾਂ ਉਹ ਕੁੱਝ ਨੀਵੀਂ ਪੱਧਰ ਦੀ ਸੀ, ਤਾਂ ਇਸ ਨੂੰ ਇਨੇ ਕਸ਼ਟ ਸਹਿ ਕੇ ਲਿਆਵਣ ਦਾ ਕੀ ਲਾਭ ਸੀ? ਕੀ ਬਾਬਾ ਨਾਨਕ ਭਗਤ ਬਾਣੀ ਲਿਖਣ ਤੋਂ ਪਹਿਲਾਂ ਉਸਦੇ ਸਿਧਾਂਤਾਂ ਨੂੰ ਪਰਖਣ ਦੇ ਸਮਰੱਥ ਨਹੀ ਸਨ? ਐਸੀ ਸੋਚ ਹੀ ਬਾਬੇ ਨਾਨਕ ਦੀ ਘੋਰ ਨਿਰਾਦਰੀ ਹੈ। ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਭਗਤ ਬਾਣੀ ਨੂੰ ਗੁਰੂਬਾਣੀ ਨਾਲ ਦਰਜ ਕਰਾਉਣ ਤੋਂ ਪਹਿਲਾਂ ਭਗਤ ਬਾਣੀ ਦੇ ਸਿਧਾਂਤਾਂ ਨੂੰ ਪਰਖੇ ਬਿਨਾ ਹੀ ਲਿਖਵਾ ਦਿੱਤਾ? ਜਿਸ ਗੁਰੂ ਨੇ ਲਗਾਂ, ਮਾਤਰਾਂ, ਗਿਣਤੀ ਮਿਣਤੀ, ਰਾਗਾਂ ਬੋਲੀਆਂ ਤੇ ਕਵਿਤਾ ਦੇ ਅਸੂਲਾਂ ਦਾ ਇਤਨਾ ਧਿਆਨ ਰਖਿਆ, ਕੀ ਉਹ ਸਿਧਾਂਤਾਂ ਦਾ ਖਿਆਲ ਰੱਖਣਾ ਭੁੱਲ ਗਏ? ਇਹ ਤਾਂ ਸਰਾ ਸਰ ਗੁਰੂ ਦੇ ਗਿਆਨ ਤੇ ਸ਼ੰਕਾ ਕਰਨਾ ਤੇ ਉਸਦੀ ਨਿਰਾਦਰੀ ਹੈ। ਅਗਰ ਭਗਤ, ਗੁਰੂ ਸਮਾਨ ਨਹੀ ਸਨ, ਉਹਨਾ ਦੀ ਬਾਣੀ ਗੁਰੂ ਬਾਣੀ ਤੁਲ ਨਹੀ ਸੀ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਦੋਨਾਂ ਬਾਣੀਆਂ ਨੂੰ ਰਲਾ ਕੇ ਇਕੋ ਹੀ ਗ੍ਰੰਥ ਵਿੱਚ ਕਿਉਂ ਲਿਖਵਾ ਦਿੱਤਾ? ਉਹ ਭਗਤ ਬਾਣੀ ਲਈ ਅੱਡਰਾ ਗ੍ਰੰਥ ਵੀ ਲਿਖਵਾ ਸਕਦੇ ਸਨ। ਫਿਰ ਵੀ ਸਭ ਨੂੰ ਆਪੋ ਆਪਣੀ ਵਿਚਾਰ ਮੁਬਾਰਕ। ਆਉ ਗੁਰਬਾਣੀ ਵਿਚੋਂ ਹੀ ਵੇਖੀਏ ਕਿ ਭਗਤ ਤੇ ਉਹਨਾ ਦੀ ਬਾਣੀ, ਗੁਰੂ ਤੇ ਗੁਰਬਾਣੀ ਦੇ ਤੁਲ ਹੈ ਜਾਂ ਨਹੀ? ਪਹਿਲਾਂ ਵੇਖੀਏ ਕਿ ਗੁਰਬਾਣੀ ਅਤੇ ਭਗਤ ਬਾਣੀ ਅਨੁਸਾਰ ਗੁਰੂ ਕੌਣ ਹੈ?

1. ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਮ: 1-943) (ਸਬਦ ਗੁਰੂ ਹੈ)

2. ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕ+॥ ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+॥ (ਕਬੀਰ-793). (ਗਿਆਨ ਗੁਰੂ ਹੈ)

3. ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਮ: 4-982)। ……. ਸਬਦ, ਗਿਆਨ ਤੇ ਬਾਣੀ, ਇਹਨਾ ਤਿੰਨਾਂ ਦਾ ਭਾਵ ਇਕੋ (ਆਤਮਕ ਗਿਆਨ) ਹੀ ਹੈ।

ਭਗਤ ਕਬੀਰ ਜੀ ਵੀ ਆਪਣੀ ਬਾਣੀ ਵਿੱਚ ਉਹੀ ਗਲ ਕਹਿ ਰਹੇ ਹਨ ਜੋ ਗੁਰੂ ਸਾਹਿਬ ਜੀ ਦਾ ਫੁਰਮਾਨ ਹੈ। ਇਸ ਲਈ ਅਗਰ ਆਤਮਕ ਗਿਆਨ ਗੁਰੂ ਹੈ ਤਾਂ ਗੁਰੂ ਬਣਨ ਦੀ ਕਸਵੱਟੀ ਵੀ ਆਤਮਕ ਗਿਆਨ ਹੀ ਹੋ ਸਕਦੀ ਹੈ। ਜੋ ਵੀ ਆਤਮਕ ਗਿਆਨ ਨੂੰ ਪ੍ਰਾਪਤਿ ਕਰਿ ਲਵੇਗਾ ਉਹ ਅਵੱਸ਼ ਗੁਰੂ ਪਦਵੀ ਨੂੰ ਪ੍ਰਾਪਤਿ ਹੋ ਜਾਵੇਗਾ ਤੇ ਫਿਰ ਉਸੇ ਗਿਆਨ ਦਾ ਹੀ ਪ੍ਰਚਾਰ ਕਰੇਗਾ। ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ (ਮ: 4-444)। ਗਿਆਨ ਦੁਆਰਾ, ਸਿੱਖ ਗੁਰੂ ਵਿੱਚ ਲੀਨ ਹੋ ਜਾਂਦਾ ਹੈ ਅਤੇ ਫਿਰ ਉਹ ਗੁਰੂ ਦੇ ਗਿਆਨ ਨੂੰ ਅੱਗੇ ਵੰਡਦਾ ਹੈ। ਜਿਨੀ ਦੇਰ ਆਤਮਕ ਗਿਆਨ ਸਿਖਦਾ ਹੈ ਉਤਨੀ ਦੇਰ ਸਿਖ ਦੇ ਰੂਪ ਵਿੱਚ ਹੈ ਤੇ ਜਦੋਂ ਉਸ ਵਿੱਚ ਪਰਪੱਕ ਹੋ ਜਾਂਦਾ ਹੈ ਫਿਰ ਗੁਰੂ ਰੂਪ ਹੋ ਜਾਂਦਾ ਹੈ। ਗੁਰਬਾਣੀ ਅਨੁਸਾਰ ਹੀ ਗੁਰੂ ਸਰੀਰ ਨਹੀ ਹੋ ਸਕਦਾ ਕਿਉਂਕਿ ਸਰੀਰ ਬਿਨਸਨਹਾਰ ਹੈ, ਸਰੀਰ ਜੰਮਦਾ ਤੇ ਮਰਦਾ ਵੀ ਹੈ, ਉਸਦੀ ਬਰਾਦਰੀ ਤੇ ਕੁਲ ਵੀ ਹੁੰਦੀ ਹੈ, ਉਹ ਖਾਂਦਾ, ਪੀਂਦਾ, ਪਹਿਨਦਾ ਤੇ ਸੌਂਦਾ ਵੀ ਹੈ, ਉਹ ਸਮੁਚੇ ਸੰਸਾਰ ਦਾ ਨਹੀ ਹੋ ਸਕਦਾ, ਉਹ ਹਰ ਵੇਲੇ ਤੇ ਹਰ ਥਾਂ ਨਹੀ ਹੋ ਸਕਦਾ, ਉਹ ਡਰਦਾ, ਰੋਂਦਾ, ਹਸਦਾ ਤੇ ਉਦਾਸ ਵੀ ਹੁੰਦਾ ਹੈ ਆਦਿ… ਪਰ ਗੁਰੂ, ਗਿਆਨ ਰੂਪ ਵਿਚ, ਇਹਨਾ ਬੰਧਨਾ ਤੋਂ ਮੁਕਤਿ ਹੈ। ਗੁਰੂ, ਆਤਮਕ ਗਿਆਨ ਹੈ ਤੇ ਜੋ ਵੀ ਇਸ ਆਤਮਕ ਗਿਆਨ ਨੂੰ ਪਾ ਲਵੇਗਾ ਉਹ ਗੁਰੂ ਨਾਲ ਇੱਕ ਮਿਕ ਹੋ ਜਾਵੇਗਾ ਤੇ ਬਿਨਾ ਕਿਸੇ ਵਿਤਕਰੇ, ਗੁਰੂ ਪਦਵੀ ਨੂੰ ਪ੍ਰਾਪਤਿ ਹੋ ਜਾਵੇਗਾ ਤੇ ਫਿਰ ਜੋ ਵੀ ਉਹ ਉਚਾਰਨ ਕਰੇਗਾ ਉਹ ਗੁਰਬਾਣੀ (ਆਤਮਕ ਗਿਆਨ) ਹੀ ਹੋਵੇਗੀ। ਉਸ ਬਾਣੀ ਵਿੱਚ ਕਦੇ ਵੀ ਕਿਸੇ ਤਰਾਂ ਦਾ ਵਿਤਕਰਾ ਜਾਂ ਵਖਰੇਵਾਂ ਨਹੀ ਹੋ ਸਕਦਾ। ਇਸ ਲਈ ਅਗਰ ਭਗਤਾਂ ਦੀ ਬਾਣੀ ਗੁਰੂ ਨੇ ਆਪ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਈ ਹੈ ਤਾਂ ਉਹ ਇਸ ਗਲ ਦਾ ਸਬੂਤ ਹੈ ਕਿ ਭਗਤ ਵੀ ਓਸੇ ਗੁਰੂ (ਪਰਮਾਤਮਾ) ਵਿੱਚ ਲੀਨ ਹੋ ਚੁਕੇ ਸਨ ਅਤੇ ਇਸੇ ਕਰਕੇ ਉਹਨਾ ਦੀ ਬਾਣੀ ਵੀ ਹੁਣ ਗੁਰਬਾਣੀ ਰੂਪ ਹੀ ਹੋਵੇਗੀ। ਗੁਰਬਾਣੀ ਫੁਰਮਾਨ ਹੈ: ਘਾਟਿ ਨ ਕਿਨ ਹੀ ਕਹਾਇਆ॥ ਸਭ ਕਹਤੇ ਹੈ ਪਾਇਆ॥ ਜਿਸੁ ਮੇਲੇ ਸੋ ਭਗਤਾ॥ (71) ਭਾਵ: ਕੋਈ ਆਪਣੇ ਆਪ ਨੂੰ ਘਟ ਨਹੀ ਅਖਵਾਉਂਦਾ ਤੇ ਸਭ ਕਹਿੰਦੇ ਹਨ ਕਿ ਅਸੀਂ ਪ੍ਰਭੂ ਨੂੰ ਪਾ ਲਿਆ ਪਰ ਭਗਤ ਉਹੀ ਹੈ ਜਿਸਨੇ ਪਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰ ਲਈ। ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗ ਨਿਹਾਲਾ॥ ਭਗਤਨ ਕੀ ਰੇਣੁ ਹੋਇ ਮਨੁ ਮੇਰਾ ਹੋਹੁ ਪ੍ਰਭੂ ਕਿਰਪਾਲਾ॥ (207) ਭਾਵ: ਸੰਤ ਜਨਾ ਦੀ ਸੰਗਤ ਵਿੱਚ ਮਨ ਖਿੜ ਜਾਂਦਾ ਹੈ ਤੇ ਉਹਨਾ ਦੇ ਚਰਨੀ ਪਿਆਂ (ਸਿਖਿਆ ਤੇ ਚਲਿਆਂ) ਆਤਮਕ ਜੀਵਨ ਮਿਲਦਾ ਹੈ। ਹੇ ਪ੍ਰਭੂ ਮੇਰੇ ਤੇ ਕਿਰਪਾ ਕਰ ਤੇ ਮੇਰਾ ਮਨ ਤੇਰੇ ਭਗਤਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ। ਜੇ ਗੁਰੂ ਵੀ ਭਗਤਾਂ ਦੇ ਚਰਨਾ ਦੀ ਧੂੜ ਬਣਨਾ ਲੋਚਦਾ ਹੈ ਤਾਂ ਭਗਤ ਪਦਵੀ ਕੋਈ ਨੀਵੀਂ ਪੱਧਰ ਦੀ ਨਹੀ ਹੋ ਸਕਦੀ ਇਸ ਲਈ ਭਗਤਾਂ ਤੇ ਗੁਰੂ ਵਿੱਚ ਵਿਤਕਰਾ ਖੜਾ ਕਰਨਾ ਅਗਿਆਨਤਾ ਤੇ ਗੁਰੂ ਨਿੰਦਿਆ ਹੀ ਹੋ ਸਕਦੀ ਹੈ। ਇਹ ਗਲ ਜੁਦੀ ਹੈ ਕਿ ਵੱਖਰੇ ਥਾਂ ਦੀ ਵੱਖਰੀ ਬੋਲੀ ਤੇ ਵੱਖਰੇ ਅੰਦਾਜ਼ ਹੋਣ ਕਰਕੇ ਭਗਤਾਂ ਦੀ ਬਾਣੀ ਸਮਝਣ ਵਿੱਚ ਉਲਝਣ ਆਵੇ ਪਰ ਉਹਨਾਂ ਦਾ ਭਾਵ ਕਦੇ ਵੀ ਵੱਖਰਾ ਨਹੀ ਹੋ ਸਕਦਾ ਕਿਉਂਕਿ ਜੋ ਗੁਰੂ (ਪਰਮਾਤਮਾ) ਦੇ ਭਾਣੇ, ਰਜ਼ਾ ਜਾਂ ਹੁਕਮ ਵਿੱਚ ਚਲਦੇ ਹਨ ਉਹਨਾਂ ਦਾ ਆਪਸ ਵਿੱਚ ਵਿਰੋਧ ਹੋ ਹੀ ਨਹੀ ਸਕਦਾ। ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ॥ (923)। ਉਹੀ (ਮਨੁਖ) ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਪ੍ਰਭੂ ਦਾ ਭਾਣਾ ਮਿੱਠਾ ਲਗਦਾ ਹੈ। ਇਹੀ ਕਾਰਨ ਹੈ ਕਿ ਉਹਨਾਂ ਦਾ ਆਸ਼ਾ ਤੇ ਉਪਦੇਸ਼ ਇਕੋ ਹੀ ਹੋਵੇਗਾ। ਇਹ ਸਾਰੀ ਬਾਣੀ (ਰਾਗ ਮਾਲਾ ਤੋਂ ਛੁਟ) ਗੁਰੂ ਦੀ ਪਰਖ ਕਸਵੱਟੀ ਤੇ ਪੂਰੀ ਉਤਰ ਚੁਕੀ ਹੈ ਤੇ ਇਸ ਤੇ ਕਿੰਤੂ ਪ੍ਰੰਤੂ ਕਰਨਾ ਗੁਰੂ ਦੀ ਨਿੰਦਿਆ ਹੀ ਹੋਵੇਗੀ। ਭਗਤਾਂ ਦੀ ਬਾਣੀ ਬਾਰੇ ਗੁਰ ਫੁਰਮਾਨ ਹੈ: (1) ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ॥ (909)। (2) ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ॥ (538)। ਹੁਣ ਜੇ ਭਗਤਾਂ ਦੀ ਬਾਣੀ ਨੂੰ ਗੁਰੂ ਆਪ ਪਰਵਾਨ ਕਰਦਾ ਹੈ ਤਾਂ ਅਪਰਵਾਨ ਕਰਨ ਵਾਲਾ ਤਾਂ ਗੁਰੂ ਨਿੰਦਕ ਹੀ ਹੋ ਸਕਦਾ ਹੈ। ਭੱਟਾਂ ਦੀ ਬਾਣੀ ਵਿੱਚ ਆਇਆ ਹੈ:-

1. ਜਿ ਮਤਿ ਗਹੀ ਜੈ ਦੇਵਿ ਜਿ ਮਤਿ ਨਾਮੇ ਸਮਾਣੀ॥ ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ॥ ਰੁਕਮਾਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ॥ ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ॥ ਤੈ ਲੋਭੁ ਕ੍ਰੋਧਿ ਤ੍ਰਿਸਨਾ ਤਜੀ ਸੁ ਮਤਿ ਜਲ੍ਹ ਜਾਣੀ ਜੁਗਤਿ॥ ਗੁਰੁ ਰਾਮਦਾਸੁ ਨਿਜ ਭਗਤੁ ਹੈ ਦੇਖਿ ਦਰਸੁ ਪਾਵਉ ਮੁਕਤਿ॥ (ਭੱਟ-1394)।

ਭਾਵ:- ਜਿਹੜੀ ਮਤਿ (ਗਿਆਨ) ਜੈ ਦੇਵ ਨੇ ਸਿਖੀ, ਨਾਮਦੇਵ ਵਿੱਚ ਸਮਾਈ, ਤ੍ਰਿਲੋਚਨ ਦੇ ਹਿਰਦੇ ਵਿੱਚ ਸੀ, ਜਿਸ ਮਤਿ ਨੂੰ ਕਬੀਰ ਨੇ ਜਾਣਿਆ, ਜਿਸ ਮਤਿ ਤੇ ਤੁਰਨਾ ਰੁਕਮਾਗਦ ਦੀ ਨਿਤ ਦੀ ਕਾਰ ਸੀ, ਜਿਸ ਮਤਿ ਦੁਆਰਾ ਅੰਮਰੀਕਿ ਤੇ ਪ੍ਰਹਿਲਾਦ ਨੇ ਪਰਮਾਤਮਾ ਦੀ ਸਰਣ ਲਈ, (ਹੇ ਗੁਰੂ ਰਾਮਦਾਸ) ਤੂੰ ਉਸ ਮਤਿ ਦੀ ਜੁਗਤਿ ਜਾਣ ਲਈ ਹੈ ਤੇ ਲੋਭ, ਕ੍ਰੋਧ, ਤੇ ਤ੍ਰਿਸਨਾ ਤਿਆਗ ਕੇ ਅਕਾਲ ਪਰੁਖ ਦਾ ਭਗਤ ਬਣ ਗਏ। ਮੈ ਉਸਦਾ ਦਰਸ਼ਨ ਦੇਖ ਕੇ (ਉਸਦੀ ਮਤਿ ਤੇ ਚਲ ਕੇ) ਵਿਕਾਰਾਂ ਤੋਂ ਖਲਾਸੀ ਹਾਸਲ ਕਰਦਾ ਹਾਂ। ਇਥੇ ਗੁਰੂ ਨੂੰ ਵੀ ਭਗਤ ਲਿਖਿਆ ਹੈ ਇਸ ਲਈ ਇਥੋਂ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਭਗਤ ਤੇ ਗੁਰੂ ਪਦਵੀ ਵਿੱਚ ਜਾਂ ਉਹਨਾ ਦੀ ਬਾਣੀ ਵਿੱਚ ਕੋਈ ਅੰਤਰ ਨਹੀ ਹੈ। ਪਰਮਾਤਮਾ ਵੀ ਇਕ, ਤੇ ਉਸਦਾ ਗਿਆਨ ਵੀ ਇਕੋ ਹੀ ਹੋਵੇਗਾ।

2. ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ॥ (ਮ: 3-594)।

ਭਾਵ:- ਹਰੀ ਦਾ ਭਗਤ, ਸਾਡਾ ਸਤਿਗੁਰੂ, ਧਨ ਹੈ ਜਿਸਦੀ ਸੇਵਾ ਕਰਿ ਕੇ ਅਸੀਂ ਹਰੀ ਦੇ ਨਾਮ ਵਿੱਚ ਬਿਰਤੀ ਜੋੜੀ ਹੈ। ਇਸ ਲਈ ਭਗਤ ਅਤੇ ਗੁਰੂ ਪਦਵੀ ਵਿੱਚ ਕੋਈ ਵਖਰੇਵਾਂ ਨਹੀ ਹੋ ਸਕਦਾ। ਜੇ ਸਤਿਗੁਰੂ ਭਗਤ ਹੈ, ਤਾਂ ਭਗਤ ਵੀ ਸਤਿਗੁਰੂ ਹੀ ਹੋਵੇਗਾ। 3) ਨਿਰਹਾਰੀ ਕੇਸਵ ਨਿਰਵੈਰਾ॥ ਕੋਟਿ ਜਨਾ ਜਾ ਕੇ ਪੂਜਹਿ ਪੈਰਾ॥ ਗੁਰਮੁਖਿ ਹਿਰਦੈ ਜਾ ਹਰਿ ਹਰਿ ਸੋਈ ਭਗਤਿ ਇਕਾਤੀ ਜੀਉ॥ (ਮ: 5-98)।

ਕ੍ਰੋੜਾਂ ਹੀ ਸੇਵਕ ਜਿਸਦੇ ਪੈਰ ਪੂਜਦੇ ਹਨ ਉਹ ਕੇਸਵ (ਪਰਮਾਤਮਾ) ਕਿਸੇ ਨਾਲ ਵੈਰ ਨਹੀ ਰੱਖਦਾ ਤੇ ਨਾ ਹੀ ਉਸਨੂੰ ਕਿਸੇ ਖੁਰਾਕ ਦੀ ਜ਼ਰੂਰਤ ਪੈਂਦੀ ਹੈ। ਆਤਮਕ ਗਿਆਨ ਰਾਹੀਂ ਜਿਸਦੇ ਹਿਰਦੇ ਵਿੱਚ ਪ੍ਰਭੂ ਵਸ ਜਾਂਦਾ ਹੈ ਉਹ ਮਨੁਖ ਅਨਿਨ ਭਗਤ ਬਣ ਜਾਂਦਾ ਹੈ। ਪਰਮਾਤਮਾ ਦਾ ਹਿਰਦੇ ਵਿੱਚ ਵਸ ਜਾਣਾ ਹੀ ਪਰਮਾਤਮਾ ਨਾਲ ਇੱਕ ਮਿਕ ਹੋ ਜਾਣਾ ਹੈ, ਉਸਦਾ ਭਗਤ ਬਣ ਜਾਣਾ ਹੈ, ਇਸ ਲਈ ਆਤਮਕ ਗਿਆਨ ਦੁਆਰਾ ਜੋ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦਾ ਹੈ ਉਹੀ ਭਗਤ ਹੈ ਤੇ ਉਹੀ ਗੁਰੂ ਹੈ। ਦੋਨਾਂ ਵਿੱਚ ਕੋਈ ਭੇਦ ਨਹੀ ਹੋ ਸਕਦਾ। ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਈ॥ (ਮ: 3-602)। ਉਹੀ ਗੁਰੂ ਤੇ ਉਹੀ ਸਿਖ ਹੈ ਜਿਸਨੇ ਗੁਰੂ ਨਾਲ (ਗਿਆਨ ਦੁਆਰਾ) ਅਭੇਦਤਾ ਪਾ ਲਈ। ਭਾਵ ਗੁਰੂ ਦੀ ਮਤ (ਗਿਆਨ) ਨੂੰ ਪੂਰਨ ਤੌਰ ਤੇ ਗ੍ਰਹਿਨ ਕਰਿ ਲਿਆ। ਏਸੇ ਆਤਮਕ ਗਿਆਨ ਨੂੰ ਹੀ ਗੁਰਬਾਣੀ ਵਿਸ਼ੇਸ਼ਤਾ ਦਿੰਦੀ ਹੈ:-

1. ਗਿਆਨੁ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ॥ ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ॥ (ਮ: 3-426)। ਭਾਵ:- ਪਰਮਾਤਮਾ ਨਾਲ ਸਾਂਝ ਪਾਉਣ ਵਾਲਿਆਂ (ਸੋਭਾਵੰਤੀ ਨਾਰਿ) ਦਾ ਧਰਮ ਸ਼ਿੰਗਾਰ ਗਿਆਨ ਹੀ ਹੈ ਤੇ ਇਸਦੇ ਰਾਹੀਂ ਹੀ ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ।

2. ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ॥ ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ॥ (ਕਬੀਰ-1373)। ਭਾਵ:- ਜਦੋਂ ਆਤਮਕ ਗਿਆਨ ਦੁਆਰਾ ਮਨ ਪਵਿਤ੍ਰ ਹੋ ਗਿਆ ਤਾਂ “ਪਾਛੈ ਲਾਗੋ ਹਰਿ ਫਿਰੈ ਕਹਿਤ ਕਬੀਰ ਕਬੀਰ”, ਪਰਮਾਤਮਾ ਨਾਲ ਸਾਂਝ ਪੈ ਗਈ ਤੇ ਜੋ ਮੋਹ ਮਾਇਆ, ਤ੍ਰਿਸ਼ਨਾ ਦੀ ਅੱਗ ਸੰਸਾਰ ਨੂੰ ਜਲਾ ਰਹੀ ਹੈ ਉਹ ਪਾਣੀ ਵਾਂਗ ਠੰਡੀ ਜਾਪਦੀ ਹੈ।

3. ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ॥ ਬਿਰਥਾ ਜਨਮੁ ਗਵਾਇਆ॥ (ਕਬੀਰ-793)। ਭਾਵ:- ਪਾਗਲਾ, ਤੂੰ ਆਤਮਕ ਗਿਆਨ ਤੋਂ ਵਾਂਝਾ ਰਹਿ ਕੇ ਐਵੇਂ ਜਨਮ ਗਵਾ ਲਿਆ। ਸਪਸ਼ਟ ਹੈ ਕਿ ਗਿਆਨ ਰਾਹੀਂ ਹੀ ਬੁਝਿਆ ਦੀਵਾ ਜਗਦਾ ਹੈ ਦੀਪਕੁ ਤੇ ਦੀਪਕੁ ਪ੍ਰਗਾਸਿਆ ਤ੍ਰਿਹਭਵਨ ਜੋਤਿ ਦਿਖਾਈ॥ ਮ: 1-907॥ ਤੇ ਪਰਮਾਤਮਾ ਨਾਲ ਸਾਂਝ ਪੈਂਦੀ ਹੈ। ਇਸ ਲਈ ਜੋ ਗਿਆਨ ਦੀ ਕਸਵੱਟੀ ਗੁਰੂ ਪਦਵੀ ਲਈ ਜ਼ਰੂਰੀ ਹੈ ਉਹੀ ਕਸਵੱਟੀ ਭਗਤ ਬਣਨ ਲਈ ਜ਼ਰੂਰੀ ਹੈ ਤੇ ਜੇ ਦੋਨਾਂ ਲਈ ਕਸਵੱਟੀ ਇਕੋ ਹੈ ਤਾਂ ਪਦਵੀ ਕਿਵੇਂ ਵੱਖਰੀ ਹੋ ਸਕਦੀ ਹੈ? ਜੇ ਪਦਵੀ ਇਕੋ ਹੈ ਤਾਂ ਬਾਣੀ ਵਿੱਚ ਵਖਰੇਵਾਂ ਕਿਵੇ? ਜਿਨ੍ਹਾ ਭਗਤਾਂ, ਤੇ ਉਹਨਾ ਦੀ ਬਾਣੀ ਨੂੰ, ਗੁਰੂ ਨੇ ਆਪ ਨਿਵਾਜਿਆ ਹੈ ਉਹਨਾ ਤੇ ਕਿੰਤੂ ਪ੍ਰੰਤੂ ਕਰਨਾ ਸਿੱਖ ਲਈ ਯੋਗ ਨਹੀ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.