ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 18)
ਦੁਰਮਤਿ
ਝੂਠੀ ਬੁਰੀ ਬੁਰਿਆਰਿ॥ ਅਉਗਣਿਆਰੀ ਅਉਗਣਿਆਰਿ॥
ਕਚੀ ਮਤਿ ਫੀਕਾ ਮੁਖਿ ਬੋਲੈ ਦੁਰਮਤਿ ਨਾਮੁ ਨ ਪਾਈ ਹੇ॥ ੫॥
ਅਉਗਣਿਆਰੀ ਕੰਤ ਨ ਭਾਵੈ॥ ਮਨ ਕੀ ਜੂਠੀ ਜੂਠੁ ਕਮਾਵੈ॥
ਪਿਰ ਕਾ ਸਾਉ ਨ ਜਾਣੈ ਮੂਰਖਿ ਬਿਨੁ ਗੁਰ ਬੂਝ ਨ ਪਾਈ ਹੇ॥ ੬॥
ਦੁਰਮਤਿ ਖੋਟੀ ਖੋਟੁ ਕਮਾਵੈ॥ ਸੀਗਾਰੁ ਕਰੇ ਪਿਰ ਖਸਮ ਨ ਭਾਵੈ॥
ਗੁਣਵੰਤੀ ਸਦਾ ਪਿਰੁ ਰਾਵੈ ਸਤਿਗੁਰਿ ਮੇਲਿ ਮਿਲਾਈ ਹੇ॥ ੭॥
ਆਪੇ ਹੁਕਮੁ ਕਰੇ ਸਭੁ ਵੇਖੈ॥ ਇਕਨਾ ਬਖਸਿ ਲਏ ਧੁਰਿ ਲੇਖੈ॥
ਅਨਦਿਨੁ ਨਾਮਿ ਰਤੇ ਸਚੁ ਪਾਇਆ ਆਪੇ ਮੇਲਿ ਮਿਲਾਈ ਹੇ॥ ੮॥
ਹਉਮੈ ਧਾਤੁ ਮੁਹ ਰਸਿ ਲਾਈ॥ ਗੁਰਮੁਖਿ ਲਿਵ ਸਾਚੀ ਸਹਜਿ ਸਮਾਈ॥
ਆਪੇ ਮੇਲੈ ਆਪੇ ਕਰਿ ਵੇਖੈ ਬਿਨੁ ਸਤਿਗੁਰ ਬੂਝ ਨ ਪਾਈ ਹੇ॥ ੯॥
ਇਕਿ ਸਬਦੁ ਵੀਚਾਰਿ ਸਦਾ ਜਨ ਜਾਗੇ॥ ਇਕਿ ਮਾਇਆ ਮੋਹਿ ਸੋਇ ਰਹੇ ਅਭਾਗੇ॥
ਆਪੇ ਕਰੇ ਕਰਾਏ ਆਪੇ ਹੋਰੁ ਕਰਣਾ ਕਿਛੂ ਨ ਜਾਈ ਹੇ॥ ੧੦॥
ਕਾਲੁ ਮਾਰਿ ਗੁਰ ਸਬਦਿ ਨਿਵਾਰੇ॥ ਹਰਿ ਕਾ ਨਾਮੁ ਰਖੈ ਉਰ ਧਾਰੇ॥
ਸਤਿਗੁਰ ਸੇਵਾ ਤੇ ਸੁਖੁ ਪਾਇਆ ਹਰਿ ਕੈ ਨਾਮਿ ਸਮਾਈ ਹੇ॥ ੧੧॥
ਦੂਜੈ ਭਾਇ ਫਿਰੈ ਦੇਵਾਨੀ॥ ਮਾਇਆ ਮੋਹਿ ਦੁਖ ਮਾਹਿ ਸਮਾਨੀ॥
ਬਹੁਤੇ ਭੇਖ ਕਰੈ ਨਹ ਪਾਏ ਬਿਨੁ ਸਤਿਗੁਰ ਸੁਖੁ ਨ ਪਾਈ ਹੇ॥ ੧੨॥
ਕਿਸ ਨੋ ਕਹੀਐ ਜਾ ਆਪਿ ਕਰਾਏ॥ ਜਿਤੁ ਭਾਵੈ ਤਿਤੁ ਰਾਹਿ ਚਲਾਏ॥
ਆਪੇ ਮਿਹਰਵਾਨੁ ਸੁਖਦਾਤਾ ਜਿਉ ਭਾਵੈ ਤਿਵੈ ਚਲਾਈ ਹੇ॥ ੧੩॥
ਆਪੇ ਕਰਤਾ ਆਪੇ ਭੁਗਤਾ॥ ਆਪੇ ਸੰਜਮੁ ਆਪੇ ਜੁਗਤਾ॥
ਆਪੇ ਨਿਰਮਲੁ ਮਿਹਰਵਾਨੁ ਮਧੁਸੂਦਨੁ ਜਿਸ ਕਾ ਹੁਕਮ ਨ ਮੇਟਿਆ ਜਾਈ ਹੇ॥ ੧੪॥
ਸੇ ਵਡਭਾਗੀ ਜਿਨੀ ਏਕੋ ਜਾਤਾ॥ ਘਟਿ ਘਟਿ ਵਸਿ ਰਹਿਆ ਜਗਜੀਵਨੁ ਦਾਤਾ॥
ਇੱਕ ਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਭ੍ਰਮੁ ਭਉ ਜਾਈ ਹੇ॥ ੧੫॥
ਗੁਰਮੁਖਿ ਹਰਿ ਜੀਉ ਏਕੋ ਜਾਤਾ॥ ਅੰਤਰਿ ਨਾਮੁ ਸਬਦਿ ਪਛਾਤਾ॥
ਜਿਸੁ ਤੂ ਦੇਹਿ ਸੋਈ ਜਨ ਪਾਏ ਨਾਨਕ ਨਾਮਿ ਵਡਾਈ ਹੇ॥ ੧੬॥ ੪॥ (੧੦੪੮)
॥ ੫॥ ਦੁਰਮਤਿ ਝੂਠੀ ਬੁਰੀ ਬੁਰਿਆਰਿ॥ ਅਉਗਣਿਆਰੀ ਅਉਗਣਿਆਰਿ॥
ਕਚੀ ਮਤਿ ਫੀਕਾ ਮੁਖਿ ਬੋਲੈ ਦੁਰਮਤਿ ਨਾਮੁ ਨ ਪਾਈ ਹੇ॥ ੫॥
ਹੇ ਭਾਈ, ਖੋਟੀ ਮੱਤ ਵਾਲੀ ਜੀਵ ਇਸਤ੍ਰੀ, ਝੂਠ ਵਿਚ, ਭੈੜ ਵਿੱਚ ਮਸਤ ਰਹਿੰਦੀ ਹੈ। ਉਹ ਭੈੜ ਦਾ
ਅੱਡਾ ਬਣੀ ਰਹਿੰਦੀ ਹੈ, ਸਦਾ ਹੀ ਔਗਣਾਂ ਨਾਲ ਭਰੀ ਰਹਿੰਦੀ ਹੈ। ਉਸ ਦੀ ਮੱਤ ਸਦਾ ਅਸਥਿਰ ਰਹਿੰਦੀ
ਹੈ, ਉਹ ਮੂੰਹੋਂ ਵੀ ਹਮੇਸ਼ਾ ਖਰਵਾ ਬੋਲਦੀ ਹੈ। ਖੋਟੀ ਮੱਤ ਹੋਣ ਕਾਰਨ ਉਸ ਨੂੰ ਪਰਮਾਤਮਾ ਦੇ ਨਾਮ,
ਉਸ ਦੀ ਰਜ਼ਾ ਬਾਰੇ ਗਿਆਨ ਨਹੀਂ ਹੋ ਪਾਉਂਦਾ।
॥ ੬॥ ਅਉਗਣਿਆਰੀ ਕੰਤ ਨ ਭਾਵੈ॥ ਮਨ ਕੀ ਜੂਠੀ ਜੂਠੁ ਕਮਾਵੈ॥
ਪਿਰ ਕਾ ਸਾਉ ਨ ਜਾਣੈ ਮੂਰਖਿ ਬਿਨੁ ਗੁਰ ਬੂਝ ਨ ਪਾਈ ਹੇ॥ ੬॥
ਹੇ ਭਾਈ, ਔਗੁਣਾ ਵਾਲੀ ਜੀਵ ਇਸਤ੍ਰੀ, ਪਤੀ ਪਰਮਾਤਮਾ ਨੂੰ ਨਹੀਂ ਭਾਉਂਦੀ, ਚੰਗੀ ਨਹੀਂ ਲਗਦੀ। ਮਨ
ਦੇ ਗੰਦੇ ਵਿਚਾਰਾਂ ਆਸਰੇ, ਉਹ ਗੰਦੇ ਕੰਮ ਹੀ ਕਰਦੀ ਰਹਿੰਦੀ ਹੈ। ਉਹ ਮੂਰਖ ਇਸਤ੍ਰੀ ਸ਼ਬਦ ਗੁਰੂ ਦੀ
ਸਿਖਿਆ ਤੋਂ ਬਗੈਰ, ਬਿਲਕੁਲ ਅਣਜਾਣ ਹੁੰਦੀ ਹੈ। ਇਸ ਲਈ ਉਸ ਨੂੰ ਪ੍ਰਭੂ ਮਿਲਾਪ ਦੇ ਸੁਆਦ ਦੀ ਸੋਝੀ
ਨਹੀਂ ਹੁੰਦੀ।
॥ ੭॥ ਦੁਰਮਤਿ ਖੋਟੀ ਖੋਟੁ ਕਮਾਵੈ॥ ਸੀਗਾਰੁ ਕਰੇ ਪਿਰ ਖਸਮ ਨ ਭਾਵੈ॥
ਗੁਣਵੰਤੀ ਸਦਾ ਪਿਰੁ ਰਾਵੈ ਸਤਿਗੁਰਿ ਮੇਲਿ ਮਿਲਾਈ ਹੇ॥ ੭॥
ਹੇ ਭਾਈ, ਭੈੜੀ ਮੱਤ ਵਾਲੀ ਜੀਵ ਇਸਤ੍ਰੀ ਸਦਾ ਖੋਟ (ਵਿਕਾਰ) ਕਮਾਉSਦੀ ਹੈ, ਵਿਸ਼ੇ ਵਿਕਾਰਾਂ ਵਾਲੇ
ਕੰਮ ਕਰਦੀ ਰਹਿੰਦੀ ਹੈ। ਜਿਸ ਕਾਰਨ ਉਹ ਆਪਣੇ ਵਲੋਂ ਤਾਂ ਕਰਤਾਰ ਦਾ ਨਾਮ ਜਪਦੀ ਹੈ, ਪਰ ਸੋਝੀ ਨਾ
ਹੋਣ ਕਾਰਨ, ਕਰਮ ਕਾਂਡ ਹੀ ਕਰਦੀ ਰਹਿੰਦੀ ਹੈ, ਇਵੇਂ ਉਹ ਪਤੀ ਪਰਮਾਤਮਾ ਨੂੰ ਨਹੀਂ ਭਾਉਂਦੀ, ਚੰਗੀ
ਨਹੀਂ ਲਗਦੀ।
ਗੁਣਾਂ ਵਾਲੀ ਜੀਵ ਇਸਤ੍ਰੀ, ਹਮੇਸ਼ਾ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦੀ ਰਹਿੰਦੀ ਹੈ, ਕਿਉਂਕਿ ਉਸ
ਨੂੰ ਪੂਰਨ ਗੁਰੂ, ਸ਼ਬਦ ਗੁਰੂ ਨੇ ਆਪਣੇ ਨਾਲ ਮਿਲਾ ਕੇ, ਆਪਣੀ ਸਿਖਿਆ ਅਨੁਸਾਰ, ਪਰਮਾਤਮਾ ਨਾਲ ਮਿਲਾ
ਦਿੱਤਾ ਹੁੰਦਾ ਹੈ।
॥ ੮॥ ਆਪੇ ਹੁਕਮੁ ਕਰੇ ਸਭੁ ਵੇਖੈ॥ ਇਕਨਾ ਬਖਸਿ ਲਏ ਧੁਰਿ ਲੇਖੈ॥
ਅਨਦਿਨੁ ਨਾਮਿ ਰਤੇ ਸਚੁ ਪਾਇਆ ਆਪੇ ਮੇਲਿ ਮਿਲਾਈ ਹੇ॥ ੮॥
ਪਰ ਭਾਈ ਜੀਵਾਂ ਦੇ ਵੱਸ ਦੀ ਵੀ ਕੀ ਗੱਲ ਹੈ? ਹਰ ਥਾਂ ਪਰਮਾਤਮਾ ਦਾ ਆਪਣਾ ਹੁਕਮ ਹੀ ਵਰਤ ਰਿਹਾ ਹੈ,
ਅਤੇ ਉਹ ਪ੍ਰਭੂ ਸਾਰੇ ਜੀਵਾਂ ਦੇ ਕਰਮ, ਉਸ ਅਟੱਲ ਨਿਯਮ ਦੀ ਕਸਵੱਟੀ ਤੇ ਹੀ ਪਰਖਦਾ ਹੈ। ਕੋਈ ਜੀਵ,
ਕਿੰਨਾ ਵੀ ਉਸ ਦੇ ਹੁਕਮ ਵਿੱਚ ਚਲਣ ਦੀ ਗੱਲ ਕਹੇ, ਪਰ ਆਪਣੇ ਕਰਮਾਂ ਦੇ ਲੇਖੇ ਤੋਂ ਬਚ ਨਹੀਂ ਸਕਦਾ,
ਕਿਉਂਕਿ ਜੀਵ ਭੁਲਣਹਾਰ ਹੈ, ਅਣਜਾਣੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਜਾਂਦਾ ਹੈ, ਉਹ ਪ੍ਰਭੂ ਆਪ
ਹੀ ਖੁਸ਼ ਹੋ ਕੇ ਜਿਸ ਤੇ ਬਖਸ਼ਿਸ਼ ਕਰ ਦੇਵੇ, ਉਸ ਨੂੰ ਹੀ ਸਾਰੇ ਲੇਖਿਆਂ ਤੋਂ ਮੁਕਤ ਕਰ ਦਿੰਦਾ ਹੈ।
ਜਿਹੜੇ ਜੀਵਾਂ ਤੇ ਪ੍ਰਭੂ ਮਿਹਰ ਕਰ ਕੇ, ਉਨ੍ਹਾਂ ਨੂੰ ਸ਼ਬਦ ਗੁਰੂ ਨਾਲ ਮਿਲਾਉਂਦਾ ਹੈ, ਉਹ ਫਿਰ ਨਾਮ
ਰੰਗ ਵਿੱਚ ਰੰਗੇ ਰਹਿੰਦੇ ਹਨ। ਦਿਨ ਰਾਤ ਪ੍ਰਭੂ ਦੀ ਰਜ਼ਾ ਵਿੱਚ ਖੁਸ਼ ਰਹਿੰਦੇ ਹਨ, ਏਵੇਂ ਉਹ ਸ਼ਬਦ
ਨਾਲ ਮਿਲਾਪ ਕਰਾ ਕੇ, ਉਸ ਦੀ ਸਿਖਿਆ ਆਸਰੇ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣਾ ਹੀ ਰੂਪ ਬਣਾ ਲੈਂਦਾ
ਹੈ, ਕੋਈ ਭਿੰਨ-ਭੇਦ ਨਹੀਂ ਰਹਿਣ ਦਿੰਦਾ।
॥ ੯॥ ਹਉਮੈ ਧਾਤੁ ਮੁਹ ਰਸਿ ਲਾਈ॥ ਗੁਰਮੁਖਿ ਲਿਵ ਸਾਚੀ ਸਹਜਿ ਸਮਾਈ॥
ਆਪੇ ਮੇਲੈ ਆਪੇ ਕਰਿ ਵੇਖੈ ਬਿਨੁ ਸਤਿਗੁਰ ਬੂਝ ਨ ਪਾਈ ਹੇ॥ ੯॥
ਹੇ ਭਾਈ, ਗੁਰਮੁਖ (ਗੁਰੂ ਦੀ ਮੱਤ ਅਨੁਸਾਰ ਚਲਣ ਵਾਲਾ) ਬੰਦੇ ਨੂੰ, ਉਸ ਦੀ ਪ੍ਰਭੂ ਨਾਲ ਜੁੜੀ ਹੋਈ
ਲਿਵ, ਲਗਨ ਸਹਜ ਵਿਚ, ਆਤਮਕ ਅਡੋਲਤਾ ਵਿੱਚ ਟਿਕਾਈ ਰਖਦੀ ਹੈ। ਪਰ ਮਾਇਆ ਨਾਲ ਜੁੜੇ ਬੰਦੇ ਨੂੰ
ਹਉਮੈ, ਮੋਹ ਮਾਇਆ ਦੇ ਰਸ ਵਿੱਚ ਜੋੜੀ ਰਖਦੀ ਹੈ।
ਪ੍ਰਭੂ ਆਪ ਹੀ ਬੰਦੇ ਨੂੰ ਆਪਣੇ ਹੁਕਮ ਵਿੱਚ ਜੋੜਦਾ ਹੈ, ਆਪ ਹੀ ਉਸ ਨਾਲ ਮਾਇਆ ਦੀ ਖੇਡ, ਖੇਡ ਕੇ,
ਉਸ ਦਾ ਨਿਰਣਾ (ਫੈਸਲਾ) ਕਰਦਾ ਰਹਿੰਦਾ ਹੈ। ਪਰ ਇਹ ਗੱਲ, ਸ਼ਬਦ ਗੁਰੂ ਦੀ ਸਿਖਿਆ ਤੋਂ ਬਗੈਰ, ਬੁਝੀ
ਨਹੀਂ ਜਾ ਸਕਦੀ, ਸਮਝੀ ਨਹੀਂ ਜਾ ਸਕਦੀ।
॥ ੧੦॥ ਇਕਿ ਸਬਦੁ ਵੀਚਾਰਿ ਸਦਾ ਜਨ ਜਾਗੇ॥ ਇਕਿ ਮਾਇਆ ਮੋਹਿ ਸੋਇ ਰਹੇ ਅਭਾਗੇ॥
ਆਪੇ ਕਰੇ ਕਰਾਏ ਆਪੇ ਹੋਰੁ ਕਰਣਾ ਕਿਛੂ ਨ ਜਾਈ ਹੇ॥ ੧੦॥
ਹੇ ਭਾਈ, ਕੁੱਝ ਅਜਿਹੇ ਬੰਦੇ ਹਨ, ਜੋ ਸ਼ਬਦ ਦੀ ਵਿਚਾਰ ਆਸਰੇ, ਸਦੈਵ ਮਾਇਆ ਮੋਹ ਦੇ ਹੱਲਿਆਂ ਵਲੋਂ
ਸੁਚੇਤ ਰਹਿੰਦੇ ਹਨ। ਕੁੱਝ ਐਸੇ ਬੰਦੇ ਹਨ ਜੋ ਮੰਦੇ ਭਾਗਾਂ ਕਾਰਨ, ਹਮੇਸ਼ਾ ਮਾਇਆ ਦੀ ਮਸਤੀ ਵਿੱਚ
ਮਘਨ ਰਹਿੰਦੇ ਹਨ। ਪਰ ਇਸ ਵਿੱਚ ਜੀਵਾਂ ਦੀ ਕੋਈ ਪਸੰਦ ਨਹੀਂ ਹੁੰਦੀ। ਵਾਹਿਗੁਰੂ ਆਪ ਹੀ ਸਾਰਿਆਂ
ਵਿੱਚ ਵਿਆਪਕ ਹੋ ਕੇ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ, ਉਨ੍ਹਾਂ ਕੋਲੋਂ ਕੰਮ ਕਰਵਾਉਂਦਾ ਰਹਿੰਦਾ
ਹੈ। ਉਸ ਦੀ ਰਜ਼ਾ ਤੋਂ ਬਗੈਰ ਕੁੱਝ ਵੀ ਨਹੀਂ ਕੀਤਾ ਜਾ ਸਕਦਾ।
॥ ੧੧॥ ਕਾਲੁ ਮਾਰਿ ਗੁਰ ਸਬਦਿ ਨਿਵਾਰੇ॥ ਹਰਿ ਕਾ ਨਾਮੁ ਰਖੈ ਉਰ ਧਾਰੇ॥
ਸਤਿਗੁਰ ਸੇਵਾ ਤੇ ਸੁਖੁ ਪਾਇਆ ਹਰਿ ਕੈ ਨਾਮਿ ਸਮਾਈ ਹੇ॥ ੧੧॥
ਹੇ ਭਾਈ, ਜਿਹੜਾ ਬੰਦਾ ਸ਼ਬਦ ਗੁਰੂ ਦੀ ਵਿਚਾਰ ਆਸਰੇ, ਆਤਮਕ ਮੌਤ ਦੇ ਵਸੀਲੇ, ਹਉਮੈ ਨੂੰ ਮਾਰ ਕੇ,
ਆਪਣੇ ਅੰਦਰੋਂ ਆਪਾ ਭਾਵ ਖਤਮ ਕਰ ਲੈਂਦਾ ਹੈ। ਆਪਣੇ ਹਿਰਦੇ ਵਿੱਚ ਹਰੀ ਦੇ ਨਾਮ, ਪ੍ਰਭੂ ਦੀ ਰਜ਼ਾ
ਨੂੰ ਮਿੱਠਾ ਕਰ ਕੇ ਮੰਨਦਾ ਹੈ, ਉਹ ਮਨੁੱਖ, ਸਤਿਗੁਰ ਦੀ ਸੇਵਾ, ਸ਼ਬਦ ਦੀ ਵਚਾਰ ਆਸਰੇ ਸੁਖ, ਆਤਮਕ
ਆਨੰਦ ਮਾਣਦਾ ਹੈ। ਇਸ ਤਰ੍ਹਾਂ ਉਹ ਹਮੇਸ਼ਾ ਪਰਮਾਤਮਾ ਦੇ ਨਾਮ, ਅਕਾਲਪੁਰਖ ਦੀ ਰਜ਼ਾ, ਵਾਹਿਗੁਰੂ ਦੇ
ਹੁਕਮ ਵਿੱਚ ਟਿਕਿਆ ਰਹਿੰਦਾ ਹੈ।
॥ ੧੨॥ ਦੂਜੈ ਭਾਇ ਫਿਰੈ ਦੇਵਾਨੀ॥ ਮਾਇਆ ਮੋਹਿ ਦੁਖ ਮਾਹਿ ਸਮਾਨੀ॥
ਬਹੁਤੇ ਭੇਖ ਕਰੈ ਨਹ ਪਾਏ ਬਿਨੁ ਸਤਿਗੁਰ ਸੁਖੁ ਨ ਪਾਈ ਹੇ॥ ੧੨॥
ਹੇ ਭਾਈ, ਜਿਹੜੀ ਜੀਵ ਇਸਤ੍ਰੀ ਮਾਇਆ ਦੇ ਮੋਹ ਵਿੱਚ ਦੀਵਾਨੀ, ਪਾਗਲ ਹੋਈ ਭਟਕਦੀ ਰਹਿੰਦੀ ਹੈ, ਉਹ
ਮਾਇਆ ਮੋਹ ਦੇ ਦੀਰਘ ਰੋਗ ਵਿੱਚ ਫਸੀ, ਹਮੇਸ਼ਾ ਦੁਖਾਂ ਵਿੱਚ ਘਿਰੀ ਰਹਿੰਦੀ ਹੈ। ਬਹੁਤੇ ਭੇਖ, ਬਹੁਤੇ
ਵਿਖਾਵੇ, ਬਹੁਤੇ ਕਰਮ ਕਾਂਡ ਕਰਨ ਨਾਲ ਵੀ ਉਹ, ਸੁਖ ਦੀ ਪਰਾਪਤੀ ਨਹੀਂ ਕਰ ਸਕਦੀ।
ਸੁਖ ਸਿਰਫ ਤੇ ਸਿਰਫ ਸਤਿਗੁਰ, ਸ਼ਬਦ ਗੁਰੂ ਦੀ ਸਰਨ ਪੈਣ ਨਾਲ ਹੀ ਮਿਲਦਾ ਹੈ, ਇਸ ਤੋਂ ਇਲਾਵਾ, ਸੁਖ
ਦੀ ਪਰਾਪਤੀ ਦਾ ਹੋਰ ਕੋਈ ਸਾਧਨ ਨਹੀਂ ਹੈ।
॥ ੧੩॥ ਕਿਸ ਨੋ ਕਹੀਐ ਜਾ ਆਪਿ ਕਰਾਏ॥ ਜਿਤੁ ਭਾਵੈ ਤਿਤੁ ਰਾਹਿ ਚਲਾਏ॥
ਆਪੇ ਮਿਹਰਵਾਨੁ ਸੁਖਦਾਤਾ ਜਿਉ ਭਾਵੈ ਤਿਵੈ ਚਲਾਈ ਹੇ॥ ੧੩॥
ਹੇ ਭਾਈ ਜਦੋਂ ਪਰਮਾਤਮਾ ਆਪ ਹੀ ਸਭ ਕੁੱਝ ਕਰਵਾ ਰਿਹਾ ਹੈ, ਫਿਰ ਅਸੀਂ ਇਸ ਦੀ ਵਡਿਆਈ ਕਿਸੇ ਹੋਰ,
ਦੇਵੀ-ਦੇਵਤੇ, ਅਵਤਾਰ, ਪੀਰ-ਪੈਗੰਬਰ, ਮਹਾਂਪੁਰਸ਼-ਬ੍ਰਹਮਗਿਆਨੀ ਆਦਿ ਨੂੰ ਕਿਸ ਆਧਾਰ ਤੇ ਦੇ ਰਹੇ
ਹਾਂ? ਜਦ ਕਿ ਉਹ ਵੀ ਸਾਡੇ ਵਾਙ ਹੀ ਜੰਮੇ, ਮਾਇਆ ਮੋਹ, ਵੈਰ-ਵਿਰੋਧ ਦੇ ਚੱਕਰ ਵਿੱਚ ਪਏ, ਇਸ ਸੰਸਾਰ
ਤੋਂ ਚਲੇ ਗਏ। ਪਰਮਾਤਮਾ ਨੂੰ, ਜੀਵ ਦੇ ਕੀਤੇ ਕਰਮਾਂ ਅਨੁਸਾਰ ਜੋ ਚੰਗਾ ਲਗਦਾ ਹੈ, ਨਿਯਮ-ਕਾਨੂਨ
ਅਨੁਸਾਰ, ਉਸ ਦੇ ਕੀਤੇ ਕਰਮਾਂ ਦਾ ਜੋ ਫਲ ਬਣਦਾ ਹੈ, ਉਹੀ ਉਸ ਨੂੰ ਭੁਗਤਾਉਂਦਾ ਹੈ।
ਉਹ ਆਪ ਹੀ ਮਿਹਰਬਾਨ ਹੈ, ਆਪ ਹੀ ਸੁਖ ਦੇਣ ਵਾਲਾ ਹੈ, ਉਸ ਨੂੰ ਕਿਸੇ ਨਾਲ ਦਵੈਸ਼ ਨਹੀਂ ਹੈ, ਉਸ ਦੇ
ਨਿਯਮ ਕਾਨੂਨ ਅਟੱਲ ਹਨ, ਉਨ੍ਹਾਂ ਅਨੁਸਾਰ, ਉਸ ਨੂੰ ਜੋ ਚੰਗਾ ਲਗਦਾ ਹੈ, ਓਵੇਂ ਜੀ ਜੀਵਾਂ ਨੂੰ
ਚਲਾਉਂਦਾ ਹੈ।
॥ ੧੪॥ ਆਪੇ ਕਰਤਾ ਆਪੇ ਭੁਗਤਾ॥ ਆਪੇ ਸੰਜਮੁ ਆਪੇ ਜੁਗਤਾ॥
ਆਪੇ ਨਿਰਮਲੁ ਮਿਹਰਵਾਨੁ ਮਧੁਸੂਦਨੁ ਜਿਸ ਕਾ ਹੁਕਮ ਨ ਮੇਟਿਆ ਜਾਈ ਹੇ॥ ੧੪॥
ਹੇ ਭਾਈ, ਪਰਮਾਤਮਾ ਆਪ ਹੀ ਹਰ ਚੀਜ਼ ਨੂੰ ਪੈਦਾ ਕਰਨ ਵਾਲਾ ਹੈ, ਆਪ ਹੀ ਭੁਗਤਾ, ਹਰ ਚੀਜ਼ ਨੂੰ ਭੋਗਣ
ਵਾਲਾ ਹੈ। ਪ੍ਰਭੂ ਆਪ ਹੀ ਭੋਗਾਂ ਵਲੋਂ ਸੰਜਮ ਕਰਨ ਵਾਲਾ, ਨਿਰਗੁਣ ਸਰੂਪ ਵਿੱਚ ਨਿਰੰਜਣ ਹੈ, ਆਪ ਹੀ
ਸਰਗੁਣ ਸਰੂਪ ਵਿਚ, ਓਅੰਕਾਰ ਹੋ ਕੇ, ਸਭ ਚੀਜ਼ਾਂ ਵਿੱਚ ਵਿਆਪਕ ਰੂਪ ਹੋ ਕੇ ਵਰਤ ਰਿਹਾ ਹੈ। ਭਗਵਾਨ
ਆਪ ਹੀ ਨਿਰਗੁਣ ਸਰੂਪ ਵਿੱਚ ਨਿਰਮਲ ਹੈ, ਪਵਿਤ੍ਰ ਹੈ, ਆਪ ਹੀ ਸਭ ਤੇ ਮਿਹਰਵਾਨ, ਸਭ ਤੇ ਦਇਆ ਕਰਨ
ਵਾਲਾ ਹੈ, ਕਿਉਂਕਿ ਉਹ ਹਰ ਹਾਲਤ ਵਿੱਚ ਮਾੜੇ ਤੋਂ ਮਾੜੇ ਬੰਦੇ ਨੂੰ ਵੀ, ਏਥੋਂ ਤਕ ਕਿ ਜੋ ਉਸ ਦੀ
ਹਸਤੀ ਤੋਂ ਹੀ ਮੁਨਕਿਰ ਹਨ, ਉਨ੍ਹਾਂ ਨੂੰ ਵੀ ਜ਼ਿੰਦਗੀ ਲਈ ਲੋੜੀਂਦੀਆਂ ਸਾਰੀਆਂ ਚੀਜ਼ਾਂ, ਬਿਨਾ ਕਿਸੇ
ਵਿਤਕਰੇ ਦੇ ਦਿੰਦਾ ਰਹਿੰਦਾ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਦਾ ਹੁਕਮ ਮੋੜਨ ਦੀ, ਉਸ ਦੇ ਕਾਨੂਨ ਦੀ ਅਵੱਗਿਆ ਕਰਨ ਦੀ ਸਮਰਥਾ,
ਹਿੰਮਤ ਕਿਸੇ ਵਿੱਚ ਵੀ ਨਹੀਂ ਹੈ।
॥ ੧੫॥ ਸੇ ਵਡਭਾਗੀ ਜਿਨੀ ਏਕੋ ਜਾਤਾ॥ ਘਟਿ ਘਟਿ ਵਸਿ ਰਹਿਆ ਜਗਜੀਵਨੁ ਦਾਤਾ॥
ਇੱਕ ਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਭ੍ਰਮੁ ਭਉ ਜਾਈ ਹੇ॥ ੧੫॥
ਹੇ ਭਾਈ ਉਹ ਲੋਕ ਵਡਭਾਗੀ, ਵੱਡਿਆਂ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਉਸ ਪ੍ਰਭੂ ਦੇ ਇਕੋ-ਇਕ ਰੂਪ
ਨੂੰ ਪਛਾਣਿਆ ਹੈ। ਜਿਨ੍ਹਾਂ ਨੇ ਜਾਣ ਲਿਆ ਹੈ ਕਿ ਉਹ ਇਕੋ-ਇਕ, ਸਭ ਨੂੰ ਦਾਤਾਂ ਦੇਣ ਵਾਲਾ ਪ੍ਰਭੂ
ਹੀ ਸਰਗੁਣ ਸਰੂਪ ਹੋ ਕੇ, ਘਟ-ਘਟ ਵਿਚ, ਸੰਸਾਰ ਦੇ ਕਣ-ਕਣ ਵਿੱਚ ਵੱਸ ਰਿਹਾ ਹੈ।
ਕਿਸੇ ਥਾਂ ਉਹ ਗੁਪਤ ਰੂਪ ਵਿਚ, ਨਿਰਗੁਣ ਸਰੂਪ ਵਿੱਚ ਹੈ ਅਤੇ ਕਿਸੇ ਥਾਂ ਉਹ ਪ੍ਰਗਟ ਰੂਪ ਵਿਚ,
ਸਰਗੁਣ ਸਰੂਪ ਵਿੱਚ ਵਿਚਰ ਰਿਹਾ ਹੈ। ਇਹ ਸਾਰੀ ਸੋਝੀ, ਸਿਰਫ ਗੁਰਮੁਖ ਬੰਦੇ ਨੂੰ, ਗੁਰੂ ਦੀ ਦਿੱਤੀ
ਸੋਝ ਅਨੁਸਾਰ ਚੱਲਣ ਵਾਲੇ ਬੰਦੇ ਨੂੰ ਹੀ ਹੁੰਦੀ ਹੈ। ਇਹ ਸੋਝੀ ਹਾਸਲ ਕਰਨ ਵਾਲੇ ਬੰਦੇ ਦੇ ਮਨ
ਵਿਚੋਂ, ਭਰਮ-ਭੁਲੇਖਾ ਅਤੇ ਡਰ-ਭਉ ਦੂਰ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ।
॥ ੧੬॥ ਗੁਰਮੁਖਿ ਹਰਿ ਜੀਉ ਏਕੋ ਜਾਤਾ॥ ਅੰਤਰਿ ਨਾਮੁ ਸਬਦਿ ਪਛਾਤਾ॥
ਜਿਸੁ ਤੂ ਦੇਹਿ ਸੋਈ ਜਨ ਪਾਏ ਨਾਨਕ ਨਾਮਿ ਵਡਾਈ ਹੇ॥ ੧੬॥ ੪॥ (੧੦੪੮)
ਹੇ ਭਾਈ, ਸ਼ਬਦ ਗੁਰੂ ਦੇ ਆਖੇ ਚੱਲਣ ਵਾਲਾ ਬੰਦਾ ਹੀ, ਇਹ ਜਾਣਦਾ ਹੈ ਕਿ ਸਭ ਕੁੱਝ ਕਰਨ ਵਾਲਾ,
ਇਕੋ-ਇਕ ਵਾਹਿਗੁਰੂ ਆਪ ਹੀ ਹੈ। ਉਹ ਸ਼ਬਦ ਵਿਚਾਰ ਰਾਹੀਂ, ਆਪਣੇ ਅੰਦਰ, ਆਪਣੇ ਸਰੀਰ ਵਿੱਚ ਵਰਤ ਰਹੇ
ਪ੍ਰਭੂ ਦੇ ਨਾਮ, ਉਸ ਦੇ ਹੁਕਮ ਨੂੰ ਵੀ ਪਛਾਣ ਲੈਂਦਾ ਹੈ।
ਹੇ ਨਾਨਕ, ਆਖ ਹੇ ਪਰਮਾਤਮਾ, ਇਹ ਤੇਰੇ ਨਾਮ, ਤੇਰੇ ਨਿਯਮ-ਕਾਨੂਨ ਦੀ ਵਡਿਆਈ ਹੀ ਹੈ ਕਿ ਇਹ ਸੰਸਾਰਕ
ਖੇਡ ਨਿਰਵਿਘਨ ਚਲ ਰਹੀ ਹੈ, ਪਰ ਇਹ ਸੋਝੀ ਉਸ ਨੂੰ ਹੀ ਹੁੰਦੀ ਹੈ, ਜੋ ਤੇਰਾ ਜਨ, ਤੇਰਾ ਦਾਸ, ਤੇਰਾ
ਭਗਤ ਹੋਵੇ, ਅਤੇ ਉਸ ਤੇ ਆਪ ਦਿਆਲ ਹੋ ਕੇ ਤੂੰ ਇਹ ਸੋਝੀ ਉਸ ਨੂੰ ਦਿੱਤੀ ਹੋਵੇ।
ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧