.

ਗੁਰਬਾਣੀ ਦੇ ਸ਼ਬਦਾਂ ਦੇ ਅਰਥ/ਵਿਚਾਰ (ਕਿਸ਼ਤ ਦੂਜੀ)

ਡਾ. ਗੁਰਮੁਖ ਸਿੰਘ

ਅਸੀਂ ਗੁਰਬਾਣੀ ਦੇ ਸ਼ਬਦਾਂ ਦੀ ਦੂਜੀ ਕਿਸ਼ਤ ਦੀ ਵਿਚਾਰ, ਨਵੇਂ ਮੁਖ ਬੰਧ ਤੋਂ ਆਰੰਭ ਕਰਦੇ ਹਾਂ।

ਮੁਖ ਬੰਧ

ਗੁਰਬਾਣੀ ਦੇ ਅਰਥ/ਵਿਚਾਰ ਗੁਰੂ ਤੋਂ ਸਮਝਣ ਦੀ ਜੁਗਤੀ ਗੁਰਬਾਣੀ ਸਮਝਾਂਓਂਦੀ ਹੈ

ਪਦ ਅਰਥ -- ਰੰਗੁ = ਆਨੰਦ, ਖੁਸ਼ੀ, ਪ੍ਰੇਮ

ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ॥ ਪਨਾ ੧੩੪੬/੧੧

(ਗੁਰੂ ਜੀ ਦੀ ਬਾਣੀ ਦੀ ਸਮਝ ਗੁਰੂ ਤੋਂ ਉਹਨਾਂ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ ਜੋ ਗੁਰਸਬਦੁ/ਗੁਰਮੰਤ੍ਰ ਨਾਮ, ਵਾਹਿਗੁਰੂ ਦਾ ਜਪ/ਸਿਮਰਨ, ਪ੍ਰੇਮ ਨਾਲ, ਕਰਦੇ ਹਨ।)

ਗੁਰਬਾਣੀ ਦੇ ਅਰਥ/ਵਿਚਾਰ ਅਸੀਂ ਆਪਣੀ ਪੜ੍ਹਾਈ, ਅਕਲ ਤੇ ਹਉਂ ਬੁਧ ਤੋਂ ਕਰਦੇ ਹਾਂ, ਪਰ ਇਸਤਰ੍ਹਾਂ ਅਨੇਕਾਂ ਅਰਥ ਕੀਤੇ ਜਾਂਦੇ ਹਨ ਤੇ ਬਹਿਸਾਂ ਹੁੰਦੀਆਂ ਰਹਿੰਦੀਆਂ ਹਨ। ਇਸਤਰ੍ਹਾਂ ਹਿਰਦੇ ਘਰ ਵਿੱਚ ਗੁਪਤ ਵਸਦੀ ਅਸਲੀਅਤ, ਨਾਮੁ ਜੋਤਿ ਰੂਪ ਅਕਾਲ ਪੁਰਖ ਪਾਰਬ੍ਰਹਮ ਦਾ ਗਿਆਨ ਨਹੀਂ ਹੋ ਸਕਦਾ।

ਗੁਰਸਬਦੁ/ ਗੁਰਮੰਤ੍ਰ ਨਾਮ ਵਾਹਿਗੁਰੂ ਦੇ ਜਪ/ਸਿਮਰਨ ਤੋਂ ਹਿਰਦੇ ਵਿੱਚ ਸਬਦੁ ਧੁਨਾਂ ਉਤਪੰਨ ਹੁੰਦੀਆਂ ਹਨ। ਇਹਨਾਂ ਸਬਦੁ ਧੁਨਾਂ ਵਿੱਚ ਗੁਰੂ ਜੀ ਵਸਦੇ ਹਨ, ਗੁਰੂ ਦਾ ਚੇਤੰਨ/ਜ਼ਿੰਦਾ/live ਸਰੂਪ ਹੈ, ਜਿਸਤੋਂ ਸਮਝ/ਵਿਚਾਰ ਹਿਰਦੇ ਵਿੱਚ; ਗੁਰੂ ਜੀ ਤੋਂ ਪ੍ਰਾਪਤ ਹੁੰਦੀ ਹੈ।

ਨਾਮੁ ਤੇ ਹੁਕਮ

ਸਾਰੀ ਗੁਰਬਾਣੀ ਸਾਨੂੰ ਨਾਮੁ ਰੂਪ ਪਰਮ ਨਿਰਮਲ ਚੇਤਨਾਂ supreme pure consciousness ਦੀ ਵਿਚਾਰ ਤੇ ਸਮਝ ਬਖਸ਼ਦੀ ਹੈ।

ਨਾਮੁ ਜਾਂ ਨਾਮੁ ਜੋਤਿ, ਇੱਕ ਏਕੰਕਾਰ, ਇੱਕੋ ਇੱਕ ਅਬਿਨਾਸ਼ੀ ਹਸਤੀ, ਅਕਾਲ ਪੁਰਖ ਪਾਰਬ੍ਰਹਮ ਹੈ। ਸਾਰੇ ਸੰਸਾਰ ਦਾ ਇੱਕੋ ਇੱਕ ਰੱਬ ਅੱਲਾ, ਭਗਵਾਨ, ਨਾਮੁ ਜਾਂ ‘ਨਾਮ ਜੋਤਿ’ ਹੈ। ਨਾਮੁ ‘ਵਾਹਿਗੁਰੂ’ ਹੈ।

ਹੁਕਮ’, ਨਾਮੁ ਦੀ ਕਰਨ ਕਰਾਵਨ ਹਾਰ ਸਮਰੱਥਾ ਹੈ। ਨਾਮੁ ਤੇ ਹੁਕਮ ਵਿੱਚ ਕੋਈ ਭੇਦ ਨਹੀਂ।

ਅਨਹਤ ਸਬਦੁ ਤੇ ਅਨਹਦੁ ਧੁਨਾਂ

ਅਨਹਦ ਧੁਨਾਂ, ‘ਨਾਮੁ ਪਰਮ ਚੇਤਨਾਂ’ ਦਾ ਸੰਸਾਰ ਵਿੱਚ ਗੁਪਤ ਆਤਮ ਪਸਾਰਾ ਹੈ।

Naam roop, Anhad Dhuns are inclusive of the Divine command called Hukam. Naam and Hukam flow in the form of supreme, intelligent, superconscious cosmic melodies in the universe. These are ever flowing limitless, supreme energy vibrations throughout the universe. Humans cannot understand and hear these Divine supreme, conscious, intelligent cosmic melodies.

Anhad Dhuns/Supreme cosmic vibrations create the cosmic individual innumerable energy fields around the planets, suns, moons, earths and each and every particle in the universe. The synchronous orbital motion of all planets is governed by supreme, conscious, intelligent melodious Anhad Dhuns.

Consciousness creates and governs all material forms in universe. Material forms include all animate and inanimate beings in the universe.

ਸੰਸਾਰ ਵਿੱਚ ਪਸਰੀਆਂ, ਇਹ ਨਿਰਮਲ, ਚੇਤੰਨ ਪਰਮ ਸ਼ਕਤੀ ਰੂਪ ਸੰਗੀਤਕ ਧੁਨਾਂ/ਲਹਿਰਾਂ ਲਗਾਤਾਰ ਚਲ ਰਹੀਆਂ ਹਨ ਤੇ ਇਹਨਾਂ ਨੇਂ ਸਾਰੇ ਸੰਸਾਰ ਦੇ ਵੱਖ ਵੱਖ ਜੀਵ ਜੰਤਾਂ ਦੀ ਮੈਲੀ ਚੇਤਨਾਂ ਨੂੰ ਇੱਕੋ ਸੂਤ੍ਰ ਵਿੱਚ ਪਰੋਇਆ ਹੈ। ਅਬਿਨਾਸ਼ੀ ਨਾਮ ਪਰਮ ਨਿਰਮਲ ਚੇਤਨਾਂ ਇੱਕੋ ਇੱਕ ਅਸਲੀਅਤ ਹੈ।

ਸੰਸਾਰ ਦੇ ਜੀਵ ਜੰਤਾਂ ਦੀ ਸਿਰਜਣਾਂ

ਨਾਮ ਨਿਰਮਲ ਪਰਮ ਚੇਤਨਾਂ ਦੀ ‘ਹੁਕਮ ਸਮਰਥਾ’ ਇੱਕੋ ਇੱਕ ਹਸਤੀ ਹੈ ਜੋ ਸੰਸਾਰ ਦੀ ਹਰ ਚੀਜ਼ ਨੂੰ ਸਿਰਜ ਰਹੀ ਹੈ। ‘ਹੁਕਮ’, ਲਹਿਰਾਂ/ਤ੍ਰੰਗਾਂ ਕੀਰਤਨੀਂ ਧੁਨਾਂ ਦੇ ਰੂਪ ਵਿੱਚ ਗੁਪਤ ਰਵ ਰਿਹਾ ਹੈ ਅਤੇ ਇਸ ਤੋਂ ਕਾਲ ਤੇ ਆਗਾਸ ਦਾ ਸੰਸਾਰ ਵਿੱਚ ਪਸਾਰਾ ਸ਼ੁਰੂ ਹੋਇਆ। ‘ਹੁਕਮ’, ਅਨਹਦੁ ਸਬਦੁ ਦੀਆਂ ਤ੍ਰੰਗਾਂ ਦੇ ਰੂਪ ਵਿੱਚ, ਸੰਸਾਰ ਦੇ ਜੀਵ ਜੰਤ ਸਮੇਂ ਦੇ ਵੇਗ ਨਾਲ ਹਰ ਸਮੇਂ ਪੈਦਾ ਕਰ ਰਿਹਾ ਹੈ, ਪਾਲ ਰਿਹਾ ਹੈ ਤੇ ਖੈ ਕਰ ਰਿਹਾ ਹੈ।

ਜੀਵਾਂ ਦੇ ਜਨਮ ਮਰਨ ਦੀ ਖੇਡ ‘ਨਾਮੁ ਪਰਮ ਚੇਤਨਾਂ’ ਅਕਾਲ ਪੁਰਖ ਦਾ ਰਚਿਆ ਤਮਾਸ਼ਾ ਹੈ, ਜਾਦੂ ਦੀ ਖੇਡ ਹੈ, ਸ਼ੀਸ਼ੇ ਵਿੱਚ ਅਕਸ ਦੀ ਤਰ੍ਹਾਂ ਹੈ। ਸੰਸਾਰ ਤੇ ਜੀਵ ਜੰਤ ਅਨਹਦ ਧੁਨਾਂ ਦੀ ਛਾਯਾ ਹੈ, ਬਿੰਬ ਤੇ ਪ੍ਰਤੀਬਿੰਬ ਹਮੇਸ਼ਾ ਨਾਲ ਰਹਿੰਦੇ ਹਨ। ਮਨੁੱਖ ਨੂੰ ਹਉਮੈਂ ਦੇ ਭੁਲੇਖੇ ਕਰਕੇ ਛਾਇਆ/ਪ੍ਰਤੀਬਿੰਬ ਸੱਤ ਦਿਸਦਾ ਹੈ। ਛਾਇਆ ਰੂਪ ਸੰਸਾਰ ਸਿਰਜਣਹਾਰ ਨਾਮ ਦੀ ਹੁਕਮ ਨਾਲ ਉਪਾਈ ਮਾਇਆ ਹੈ। ਸੰਸਾਰ ਖੰਡ ਬ੍ਰਹਮੰਡ ਤੇ ਜੀਵ ਜੰਤ, ਸੱਚੀ ਹੋਂਦ ਵਾਲੀਆਂ ਅਨਹਦੁ ਸਬਦੁ ਦੀਆਂ ਵਗ ਰਹੀਆਂ ਲਹਿਰਾਂ/ਤ੍ਰਗਾਂ ਦੀ ਛਾਇਆ ਹਨ Continuously flowing Anhad Dhuns create an illusion of the universe that humans see and consider to be true.

ਸੱਤ ਸਿਰਫ਼ ਨਾਮੁ ਜੋਤਿ ਪਰਮ ਚੇਤਨਾਂ, ਉਸ ਦਾ ਅਪਾਰ ਹੁਕਮ ਹੈ ਤੇ ਨਾਮੁ ਦਾ ਸੰਸਾਰ ਵਿੱਚ ਗੁਪਤ ਆਤਮ ਪਸਾਰਾ, ਸੰਸਾਰ ਵਿੱਚ ਚਲ ਰਹੀਆਂ ਹੁਕਮ ਸੰਯੁਕਤ ਅਨਹਦੁ ਸਬਦੁ ਦੀਆਂ ਲਿਹਰਾਂ/ਤ੍ਰੰਗਾਂ ਹਨ। ਜੋ ਆਕਾਰ ਵਾਲਾ ਸਥੂਲ ਸੰਸਾਰ ਤੇ ਜੀਵ ਜੰਤ ਮਨੁੱਖ ਨੂੰ ਦਿਸਦੇ ਹਨ, ਉਹ ਅਸਲ ਵਿੱਚ ਨਿਰਾਕਾਰ ਸੂਖਮ ਸਿਰਜਣਹਾਰ ਨਾਮੁ ਰੂਪ ਕਰਤੇ ਦੇ ਆਪਣੇ ਸੂਖਮ ਨਿਰਾਕਾਰ ਸਰੂਪ ਤੋਂ ਧਾਰੇ ਆਕਾਰ ਵਾਲੇ ਸਥੂਲ ਰੂਪ ਹਨ। ਸਥੂਲ ਰੂਪਾਂ ਦੀ ਅਸਲੀਅਤ, ਸੂਖਮ ਕਰਤਾ ਹੁਕਮ ਸੰਯੁਕਤ ਅਨਹਦ ਸਬਦੁ’ ਹੈ। ਨਿਰਾਕਾਰ ਨਿਰਗੁਣ ਬ੍ਰਹਮ ਤੇ ਉਸ ਦਾ ਆਕਾਰ ਵਾਲਾ ਨਿੱਤ ਬਦਲਦਾ ਅਕਸ/ਪ੍ਰਤੀਬਿੰਬ, ‘ਸਰਗੁਣ ਸਰੂਪ, ਜੀਵ ਜੰਤ’, ਹਮੇਸ਼ਾ ਨਾਲ ਵਸਦੇ ਹਨ। ਨਿਤ ਬਦਲਦੇ ਸਰਗੁਣ ਸਰੂਪ ਸੰਸਾਰ ਦੀ ਜਨਮ ਮਰਣ ਦੀ ਖੇਡ ਹੈ।

ਸੰਸਾਰ ਦੇ ਜੀਵ ਜੰਤਾਂ ਦੀ ਚੇਤਨਾਂ/ਜਿੰਦ ਵਿੱਚ ਕਰਤੇ ਨੇ ਹਉਂ ਦਾ ਭਰਮ ਤੇ ਕਰਤੇ ਦਾ ਨਿਰਮਲ ਭੈ ਪਾ ਦਿੱਤਾ। ਮਨੁੱਖ ਦੀ ਹਉਂਮੈਂ ਦੇ ਭਰਮ ਵਾਲੀ ਮੈਲੀ ਜੀਵਨ ਜੋਤਿ/ਚੇਤਨਾਂ ਵਿੱਚ ਨਿਰਮਲ ਭੈ ਦੇ ਕਾਰਣ, ਸਭ ਜੀਵ ਜੰਤ ਬਧੋ ਰੁਧੀ ਹੁਕਮ ਵਿੱਚ ਕਾਰ ਕਰ ਰਹੇ ਹਨ। ਕੋਈ ਜੀਵ ਆਪ ਕੁੱਝ ਨਹੀਂ ਕਰ ਰਿਹਾ। ਸੰਸਾਰ ਦੇ ਜੀਵ ਜੰਤ ਆਗਾਸ ਪਾਤਾਲ, ਖੰਡ ਬ੍ਰਹਮੰਡ ਕਰਤੇ ਦੇ ਭੈ ਵਿੱਚ ਕਾਰ ਕਰ ਰਹੇ ਹਨ ਤੇ ਕਰਤੇ ਦੇ ਹੁਕਮ ਵਿੱਚ ਹਨ। ਹੁਕਮ ਤੋਂ ਬਾਹਰ ਕੋਈ ਨਹੀਂ। ਭਰਮ ਕਰਕੇ ਮਨੁੱਖ ਦਾ ਹਉਂਮੈ ਵਾਲਾ ਸਰੂਪ ਵਜੂਦ ਵਿੱਚ ਆਇਆ। ਹੁਕਮਸੰਯੁਕਤ ਅਨਹਦ ਧੁਨਾਂ, ਮਨੁੱਖ ਦਾ ਜੀਵਨ, ਚਲਾ ਰਹੀਆਂ ਹਨ। ਮਨੁੱਖ ਨੂੰ ਹਉਂ ਦੇ ਭਰਮ ਕਰਕੇ ਹੁਕਮ ਦੀ ਪਛਾਣ ਨਹੀਂ। ਹਉਂ ਦੇ ਭਰਮ ਕਰਕੇ ਮਨੁੱਖ ਸਮਝਦਾ ਹੈ ਕਿ ਸੰਸਾਰ ਦੇ ਕੱਮ ਮੈਂ ਕਰ ਰਿਹਾ ਹਾਂ।

ਮਨੁੱਖ ਹਮੇਸ਼ਾ ਭੈ ਤੇ ਭਰਮ ਵਿੱਚ ਜ਼ਿਦਗੀ ਬਤੀਤ ਕਰਦਾ ਹੈ। ਮਨੁੱਖ ਕਰਤੇ ਦੇ ਨਿਰਮਲ ਭੈ ਤੇ ਹੁਕਮ ਨੂੰ ਨਹੀਂ ਜਾਣਦਾ।

ਮਨੁੱਖ ਸੰਸਾਰ ਦੇ ਭੈ ਨੂੰ ਜਾਣਦਾ ਹੈ। ਮਨੋ ਵਿਗਿਆਨਕ ਕਹਿੰਦੇ ਹਨ ਭੈ/ਡਰ ਮਨੁੱਖ ਦੇ ਸਭ ਦੁਖਾਂ ਦਾ ਮੂਲ ਹੈ। ਮਨੁੱਖ ਨੂੰ ਡਰ ਸੰਸਾਰ ਦੀਆਂ ਘਟਨਾਵਾਂ ਦਾ ਹੈ ਜਿਸਤਰ੍ਹਾਂ ਬੀਮਾਰੀ, ਬੁਢੇਪੇ, ਮੌਤ ਦਾ ਡਰ/ਚਿੰਤਾ। ਗੁਰਬਾਣੀ ਉਪਦੇਸ਼ ਦਿੰਦੀ ਹੈ ਕਿ ਜੋ ਨਿਰਭਉ ਨਾਮੁ ਰੂਪ ਅਕਾਲ ਪੁਰਖ ਨੂੰ ਜਪਦਾ/ਸਿਮਰਦਾ ਹੈ ਉਹ ਨਿਰਭਉ ਹੋ ਜਾਂਦਾ ਹੈ। ਜਿਵੇਂ ਜਿਵੇਂ ਮਨੁੱਖ ਸਿਮਰਨ ਕਰਦਾ ਹੈ ਸੰਸਾਰ ਦੇ ਭੈ ਜਾਂਦੇ ਹਨ ਤੇ ਨਾਮੁ ਜੋਤਿ ਰੂਪ ਅਕਾਲ ਪੁਰਖ ਦਾ ਨਿਰਮਲ ਭੈ ਤੇ ਹੁਕਮ ਮਨ ਵਿੱਚ ਵਸਦਾ ਹੈ। ਸਿਮਰਨ, ਹਉਂਮੈਂ ਰੋਗ ਨੂੰ ਵੀ ਕੱਟਦਾ ਹੈ ਤੇ ਹੁਕਮ ਦੀ ਪਛਾਣ ਕਰਾਓੁਂਦਾ ਹੈ।

ਸੰਸਾਰ ਵਿੱਚ ਆਪਣਾਂ ਆਤਮ ਪਸਾਰਾ ਕਰਨ ਲਈ ਨਾਮੁ ਰੂਪ ਅਕਾਲ ਪੁਰਖ ਨੇ ਆਪਣੇ ਹੁਕਮ ਨਾਲ ਓਅੰਕਾਰ ਧੁਨ ਉਚਾਰੀ। ਗੁਰਬਾਣੀ ਇਸ ਨੂੰ ਸਬਦੁ ਕਹਿੰਦੀ ਹੈ। ਸਬਦੁ ਵਿੱਚ ਆਵਾਜ਼ ਤੇ ਤ੍ਰੰਗਾਂ ਹਨ। ਸਬਦੁ ਦਾ dynamic/live ਸਭ ਕੁੱਝ ਕਰਨ ਕਰਾਵਨ ਹਾਰ ਸਰੂਪ ਸਬਦੁ ਧੁਨ ਹੈ। ਸਬਦੁ ਧੁਨ ਬਿਨਾ ਵਜਾਈ ਸੰਗੀਤਕ ਧੁਨ ਹੈ। ਗੁਰਬਾਣੀ ਇਸਨੂੰ ਅਨਹਤ/ਅਨਹਦ ਸਬਦ ਵੀ ਕਹਿੰਦੀ ਹੈ। ਨਾਮੁ ਧੁਨ, ਅਨਹਦ ਸਬਦੁ ਦੀਆਂ ਕੀਰਤਨੀ ਧੁਨਾਂ ਹਨ ਤੇ ਇਹਨਾਂ ਵਿੱਚ ਹੁਕਮ ਰੂਪ, ਅਪਾਰ, ਪਰਮ ਸ਼ਕਤੀ ਹੈ। ਇਸ ਨੂੰ ਧੁਨਾਤਮਕ ਨਾਮੁ ਵੀ ਕਹਿੰਦੇ ਹਨ। ਇਹ ਧੁਨਾਂ ਤ੍ਰੰਗਾਂ/ਲਹਿਰਾਂ ਦੇ ਰੂਪ ਵਿੱਚ ਸਾਰੇ ਸੰਸਾਰ ਵਿੱਚ ਗੁਪਤ ਪਸਰੀਆਂ ਹਨ। ਇਹੀ, ਇੱਕ ਏਕੰਕਾਰ ਅਕਾਲ ਪੁਰਖ, ‘ਨਾਮੁ ਜੋਤਿ’ ਦਾ ਸੰਸਾਰ ਵਿੱਚ ਆਤਮ ਪਸਾਰਾ ਹੈ।

ਇਹਨਾਂ ਅਨਹਤ/ਅਨਹਦੁ ਸਬਦੁ ਦੀਆਂ ਧੁਨਾਂ ਤੋਂ ਨਾਮੁ ਰੂਪ ਕਰਤਾ, ਹੁਕਮ ਸਮਰਥਾ/ਪਰਮਸ਼ਕਤੀ ਨਾਲ ਸੰਸਾਰ ਦੇ ਬੇਅੰਤ ਨਿੱਤ ਬਦਲਦੇ ਰੂਪ, ਰੰਗ ਸਿਰਜ ਰਿਹਾ ਹੈ, ਪਾਲ ਰਿਹਾ, ਹੈ ਤੇ ਖੈ ਕਰ ਰਿਹਾ ਹੈ। ਇਹਨਾਂ ਵਿੱਚ ਪੱਥਰ, ਪਹਾੜ, ਸੂਰਜ, ਖੰਡ, ਬ੍ਰਹਮੰਡ, ਜੀਵ, ਜੰਤ, ਮਨੁੱਖ ਆਦਿ ਸਭ ਸ਼ਾਮਲ ਹਨ। ਇਹ ਸਭ ਰੂਪ ਰੰਗ, ਸ਼ੀਸ਼ੇ ਵਿੱਚ ਛਾਯਾ ਵਾਂਗੂੰ ਹਨ। ਇਹ ਕਰਤੇ ਦੇ ਕੂੜ ਰੂਪ ਹਨ, ਕਰਤੇ ਦੀ ਉਪਾਈ ਜਾਦੂ ਦੀ ਖੇਡ ਹੈ, illusion ਹਨ। ਸੰਸਾਰ ਰੂਪੀ ਖੇਡ ਦਾ ਇੱਕ ਗੇੜ ਖਤਮ ਹੋਣ ਉਪਰੰਤ ਸੰਸਾਰ ਨਹੀਂ ਰਹੇਗਾ ਤੇ ਅਨਹਤ/ਅਨਹਦ ਸਬਦੁ ਦੀਆਂ ਤ੍ਰੰਗਾਂ ਨਾਮ ਵਿੱਚ ਸਮਾ ਜਾਣਗੀਆਂ। ਸੰਸਾਰ ਦੇ ਸਭ ਰੂਪ ਰੰਗ ਅਲੋਪ ਹੋ ਜਾਣਗੇ, ਤੇ ਅਬਿਨਾਸੀ ਨਾਮੁ ਜੋਤਿ ਤੇ ਉਸਦਾ ਅਪਾਰ ਹੁਕਮ ਸੁੰਨ ਸਮਾਧ ਵਿੱਚ ਰਹਿ ਜਾਏਗਾ।

ਨਾਮੁ ਰੂਪ ਅਕਾਲ ਪੁਰਖ ਨੇਂ ਤ੍ਰੈ ਗੁਣ ਮਾਇਆ ਸੰਸਾਰ ਆਪਣੀ ਖੇਡ ਆਪ ਕਰਣ ਲਈ ਉਪਾਇਆ। ਸੰਸਾਰ ਤੋਂ ਉੱਪਰ ਤੇ ਸੰਸਾਰ ਵਿੱਚ ‘ਨਾਮੁ ਇੱਕੋ ਇੱਕ ਅਸਲੀਅਤ ਹੈ। ਸਭ ਦਿਸਦਾ ਸੰਸਾਰ ਦੇ ਜੀਵ ਜੰਤ ਰਵ ਰਹੀਆਂ ਅਨਹਦ ਧੁਨਾਂ ਦੇ, ਇੱਕੋ ਸੂਤ੍ਰ ਵਿੱਚ ਪ੍ਰੋਤੇ ਸਰਗੁਣ ਰੂਪ ਹਨ, ਕੋਈ ਦੂਜਾ ਨਹੀਂ।

ਮਨੁੱਖ ਨੂੰ ਹਉਂ ਦੇ ਭਰਮ ਕਰ ਕੇ ਸੰਸਾਰ ਸੱਤ ਲਗਦਾ ਗੈ। ਭਰਮ ਇੱਕ ਭੁਲੇਖਾ ਹੈ ਜੋ ਸੰਸਾਰ ਨੂੰ ਸੱਤ ਦਿਖਾਉਂਦਾ ਹੈ ਤੇ ਮਨੁੱਖ ਨੂੰ ਆਪਣਾ ਅਸਲਾ ਨਾਮੁ ਜੋਤਿ ਦਿਸਣ ਨਹੀਂ ਦਿੰਦਾ ਤੇ ਹੁਕਮ ਦੀ ਪਛਾਣ ਨਹੀਂ ਹੋਣ ਦਿੰਦਾ।

ਮਨੁੱਖ ਦੇ ਸਰੀਰ ਵਿੱਚ ਵਸਦੀ ਨਾਮੁ ਜੋਤਿ ਦਾ ਆਤਮ ਪਸਾਰੇ ਵਾਲਾ ਸਰੂਪ, ‘ਅਨਹਦ ਦੀਆਂ ਕੀਰਤਨੀ ਧੁਨਾਂ’, ਮਨੁੱਖ ਦਾ ਅਸਲਾ ਹੈ। ਮਨੁੱਖ ਨੂੰ ਆਪਣੇ ਅਸਲੇ ਦੀ ਸੋਝੀ ਹਉਂ ਦੇ ਭੁਲੇਖੇ ਕਰਕੇ ਨਹੀ ਹੁੰਦੀ।

ਗੁਸਬਦੁ/ਗਰੁਮੰਤ੍ਰ ਨਾਮ ਦਾ ਜਪ/ਸਿਮਰਨ ਹਿਰਦੇ ਵਿੱਚ ਧਿਆਨ ਰਖ ਕੇ ਕਰਨ ਨਾਲ ਹਿਰਦੇ ਵਿੱਚ ਸਬਦੁ ਧੁਨ ਉਪਜਦੀ ਹੈ ਤੇ ਤ੍ਰੰਗਾਂ vibrations ਉਤਪੰਨ ਹੁੰਦੀਆਂ ਹਨ ਜੋ ਸਿਮਰਨ ਕਰਨ ਵਾਲੇ ਨੂੰ ਸੁਣਦੀਆਂ ਹਨ ਤੇ ਮਹਸੂਸ ਹੁੰਦੀਆਂ ਹਨ। ਗੁਰਸਬਦੁ ਦੇ ਜਪ/ਸਿਮਰਨ ਤੋਂ ਉਤਪੰਨ ਹੋਈਆਂ ਧੁਨਾਂ ਤੇ ਅਨਹਦ ਧੁਨਾਂ ਵਿੱਚ ਕੋਈ ਭੇਦ ਨਹੀਂ ਦੋਨੋਂ ਨਿਰਮਲ ਹਨ, ਇਹਨਾਂ ਨੂੰ ਮਾਇਆ ਦੀ ਮੈਲ ਨਹੀਂ ਲਗਦੀ।

ਗੁਰਮਤਿ ਜੁਗਤੀ ਨਾਲ ਸਿਮਰਨ ਕਰਨ ਨਾਲ ਨਾਮ ਜਪ ਤੋਂ ਉਤਪੰਨ ਹੋਈਆਂ ਨਿਰਮਲ ਧੁਨਾਂ ਦਾ ਮੇਲ ਮਨੁੱਖ ਦੇ ਮਨ ਵਿੱਚ ਕਾਮ, ਕ੍ਰੋਧ ਆਦਿ ਵਿਕਾਰਾਂ ਤੋਂ ਉਠਦੀਆਂ ਮੈਲੀਆਂ, ਅਗਨ ਰੂਪ, ਰੋਗੀ ਤ੍ਰੰਗਾਂ ਨਾਲ ਹੁੰਦਾ ਹੈ। ਇਸਤਰ੍ਹਾਂ ਮਨ ਦਾ ਇਸ਼ਨਾਨ ਸਬਦੁ ਤ੍ਰੰਗਾਂ ਦੇ ਸਰੋਵਰ (ਸਬਦੁ ਸਰ) ਵਿੱਚ ਹੁੰਦਾ ਹੈ, ਮਨ ਨਿਰਮਲ ਹੁੰਦਾ ਹੈ, ਤੇ ਹਉਂ ਦਾ ਭੁਲੇਖਾ ਵੀ ਦੂਰ ਹੁੰਦਾ ਹੈ। ਜਦੋਂ ਹਉਂ, ‘ਮੈਂ ਹਾਂ’, ਦਾ ਭੁਲੇਖਾ ਦੂਰ ਹੋ ਜਾਂਦਾ ਹੈ ਤਾਂ ਅਨਹਦ ਧੁਨਾਂ ਪ੍ਰਗਟ ਹੁੰਦੀਆਂ ਹਨ, ਸੁਣਦੀਆਂ ਹਨ ਤੇ ਨਾਮ ਜੋਤਿ ਗੁਪਤ ਤੋਂ ਪਰਗਟ ਹੋ ਜਾਂਦੀ ਹੈ। ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਗੁਰਬਾਣੀ ਇਸਤਰਾਂ ਸਮਝਾਓੁਂਦੀ ਹੈ --

ਅੰਤਰਗਤਿ ਜਿਸੁ ਆਪਿ ਜਨਾਏ॥ ਨਾਨਕ ਤਿਸੁ ਜਨ ਆਪਿ ਬੁਝਾਏ॥ ੨੯੪/੧੧

(ਜਿਸ ਸਿੱਖ ਸੇਵਕ ਨੂੰ ਗੁਰੂ ਜੀ ਹਿਰਦੇ/ਅੰਤਹਕਰਣ ਵਿੱਚ ਧੁਨਾਂ ਦਾ ਅਨੁਭਵ/experience ਕਰਾ ਦਿੰਦੇ ਹਨ ਉਸ ਨੂੰ ਬ੍ਰਹਮ ਗਿਆਨ ਬਖਸ਼ ਦਿੰਦੇ ਹਨ।)

ਗੁਰਸਬਦੁ/ਗੁਰਮੰਤ੍ਰ ਨਾਮ ਵਾਹਿਗੁਰੂ ਦੇ ਜਪ ਸਿਮਰਨ ਬਿਨਾਂ ਮਨੁੱਖ ਨੂੰ ਸਿਮਰਨ ਤੋਂ ਉਪਜੀਆਂ ਧੁਨਾਂ ਨਹੀਂ ਸੁਣ ਸਕਦੀਆਂ ਤੇ ਧੁਨਾਂ ਦਾ ਅਨੁਭਵ ਨਹੀਂ ਹੋ ਸਕਦਾ।

ਗੁਰਬਾਣੀ ਦੇ ਸ਼ਬਦਾਂ ਦੇ ਅਨੁਭਵੀ ਅਰਥ/ਵਿਚਾਰ ਦਾ ਧੁਰਾ ਤੇ ਅਸਲੀਅਤ ਸਾਡੇ ਹਿਰਦੇ ਵਿੱਚ ਨਾਮੁ ਜਪ ਤੋਂ ਉਪਜ ਰਹੀਆਂ ਧੁਨਾਂ ਹਨ। ਬਾਕੀ ਗੁਰਬਾਣੀ ਦੇ ਅਰਥ ਵਿਚਾਰ ਸਾਡੀ ਮਨ ਬੁਧੀ ਦੀ ਗੁਰਬਾਣੀ ਵਿਚਾਰ ਹੈ ਜੋ ਸਾਡੇ ਹਿਰਦੇ ਤੋਂ ਬਾਹਰ ਕਰਤੇ ਦੀ ਉਪਾਈ ਸੰਸਾਰ ਰੂਪ ਮਾਇਆ ਦੀ ਵਿਚਾਰ ਹੈ। ਗੁਰਬਾਣੀ ਕਥਾ/ਵਿਚਾਰ, ਗੁਰਮਤਿ ਜੁਗਤੀ ਨਾਲ ਗੁਰਮਤਿ ਨਾਮ ਸਿਮਰਨ ਦਾ ਅੱਖਰੀ ਗਿਆਨ ਬਖਸ਼ਦੀ ਹੈ। ਅਨੁਭਵੀ ਗਿਆਨ ਉਹਨਾਂ ਗੁਰਸਿੱਖਾਂ ਨੂੰ ਹੁੰਦਾ ਹੈ ਜੋ ਸਿਮਰਨ ਕਰਦੇ ਹਨ।

ਉੱਪਰ ਅਸੀਂ ਗੁਰਬਾਣੀ ਵਿੱਚ ਦਰਸਾਈ ਨਾਮੁ, ਹੁਕਮ, ਅਨਹਦ ਧੁਨਾਂ, ਤੇ ਦ੍ਰਿਸ਼ਟਮਾਨ ਸੰਸਾਰ ਦੀ ਅਸਲੀਅਤ ਦੀ ਵਿਚਾਰ ਕੀਤੀ ਹੈ। ਗੁਰਬਾਣੀ ਦੇ ਸਹੀ ਅਰਥ ਵਿਚਾਰ ਇਸ ਅਸਲੀਅਤ ਨੂੰ ਸਮਝ ਕੇ ਹੀ ਹੋ ਸਕਦੇ ਹਨ।

ਦਾਸ ਨੇ ਕੋਸ਼ਿਸ਼ ਕੀਤੀ ਹੈ ਕਿ ਸਾਰੀ ਵਿਚਾਰ ਗੁਰਬਾਣੀ ਅਨਕੂਲ ਕੀਤੀ ਜਾਏ। ਤਾਂ ਭੀ ਅਨੇਕਾਂ ਭੁਲਾਂ ਹੋਈਆਂ ਹੋਣਗੀਆਂ। ਪਾਠਕ ਜਨ ਜੇ ਆਪਣੇ ਸੁਝਾਉ ਦੇਣ ਤਾਂ ਵਿਚਾਰਾਂ ਨੂੰ ਸਹੀ ਕਰਨ ਵਿੱਚ ਢਿੱਲ ਨਹੀਂ ਕੀਤੀ ਜਾਵੇਗੀ।

ਹੇਠਲੇ ਗੁਰਬਾਣੀ ਦੇ ਸ਼ਬਦ ਮੁਖ ਬੰਧ ਵਿੱਚ ਕੀਤੀ ਵਿਚਾਰ ਨੂੰ ਸਪਸ਼ਟ ਕਰਦੇ ਹਨ।

ਅਸੀਂ ਪਹਿਲੀ ਕਿਸ਼ਤ ਵਿੱਚ ਤਿੰਨ ਸ਼ਬਦਾਂ ਦੀ ਅਰਥ ਵਿਚਾਰ ਕੀਤੀ ਸੀ। ਉਸ ਵਿਚਾਰ ਨੂੰ ਅਸੀਂ ਮੁੜ ਹੇਠਾਂ ਪੇਸਟ ਕੀਤਾ ਹੈ।

੧. ਪਨਾ ੮੮੭

ਰਾਮਕਲੀ ਮਹਲਾ ੫॥

ਕਰਨ ਕਰਾਵਨ ਸੋਈ॥ ਆਨ ਨ ਦੀਸੈ ਕੋਈ॥

ਠਾਕੁਰੁ ਮੇਰਾ ਸੁਘੜੁ ਸੁਜਾਨਾ॥ ਗੁਰਮੁਖਿ ਮਿਲਿਆ ਰੰਗੁ ਮਾਨਾ॥ ੧

(ਨਾਮੁ ਰੂਪ) ਪਰਮਾਤਮਾ ਹੀ ਸਭ ਕੁੱਝ ਕਰਨ ਜੋਗ ਹੈ ਅਤੇ ਸਭ ਵਿੱਚ ਵਿਆਪਕ ਹੋ ਕੇ ਸਭ ਜੀਵਾਂ ਪਾਸੋਂ ਕਰਾਵਨ ਵਾਲਾ ਹੈ। ਉਹ ਸੁਘੜ ਸੁਜਾਨ ਚੇਤੰਨ, supreme intelligence ਹੈ, ਉਸ ਤੋਂ ਬਿਨਾਂ ਕੋਈ ਦੂਜਾ ਨਹੀਂ ਦਿਸਦਾ। ਗੁਰੂ ਤੋਂ ਨਾਮੁ ਉਪਦੇਸ਼ ਲੈ ਕੇ ਜੋ ਉਸ ਨੂੰ ਸਿਮਰਦਾ ਹੈ ਉਹ ਉਸ ਨੂੰ ਮਿਲ ਕੇ ਆਨੰਦ ਮਾਣਦਾ ਹੈ)

ਐਸੋ ਰੇ ਹਰਿ ਰਸੁ ਮੀਠਾ॥ ਗੁਰਮੁਖਿ ਕਿਨੈ ਵਿਰਲੈ ਡੀਠਾ॥ ੧॥ ਰਹਾਉ॥

(ਹਰਿ ਸਿਮਰਨ ਤੋਂ ਗੁਰਮੁਖਿ ਨੂੰ ਨਾਮੁ ਰਸੁ ਪ੍ਰਾਪਤ ਹੁੰਦਾ ਜੋ ਮਿੱਠਾ ਹੈ। ਨਾਮੁ ਰਸੁ ਦਾ ਅਰਥ ਹੈ ਜਿਸ ਤੋਂ ਸੁਖ ਆਨੰਦ ਪ੍ਰਾਪਤ ਹੋਵੇ। ਕਿਸੇ ਵਿਰਲੇ ਨੇ ਹੀ ਨਾਮੁ ਰਸੁ ਨੂੰ ਚਖ ਕੇ ਦੇਖਿਆ ਹੈ।)

ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ॥ ਪੀਵਤ ਅਮਰ ਭਏ ਨਿਹਕਾਮ॥

ਤਨੁ ਮਨੁ ਸੀਤਲੁ ਅਗਨਿ ਨਿਵਾਰੀ॥ ਅਨਦ ਰੂਪ ਪ੍ਰਗਟੇ ਸੰਸਾਰੀ॥ ੨॥

(ਨਾਮੁ ਨਿਰਮਲ ਜੋਤਿ ਹੈ ਉਹ ਅੰਮ੍ਰਿਤ ਰਸੁ ਰੂਪ ਹੈ। ਨਾਮੁ ਰਸੁ ਪੀਤਿਆਂ ਗੁਰਮੁਖਿ ਅਮਰ ਹੋ ਜਾਂਦਾ ਹੈ ਤੇ ਵਾਸ਼ਨਾ ਰਹਿਤ ਹੋ ਜਾਂਦਾ ਹੈ। ਸਿਮਰਨ ਕਰਨ ਨਾਲ ਅੰਤਹਕਰਣ ਅੰਦਰੋਂ ਕਾਮ ਕ੍ਰੋਧ ਆਦਿ ਵਿਕਾਰਾਂ ਦੀਆਂ ਅੱਗਾਂ ਬੁਝ ਜਾਂਦੀਆਂ ਹਨ ਤੇ ਅਨੰਦ ਸਰੂਪ ਨਾਮੁ ਰੂਪ ਪਰਮਾਤਮਾ ਪਰਗਟ ਹੋ ਜਾਂਦਾ ਹੈ)

ਕਿਆ ਦੇਵਉ ਜਾ ਸਭੁ ਕਿਛੁ ਤੇਰਾ॥ ਸਦ ਬਲਿਹਾਰਿ ਜਾਉ ਲਖ ਬੇਰਾ॥

ਤਨੁ ਮਨੁ ਜੀਉ ਪਿੰਡੁ ਦੇ ਸਾਜਿਆ॥ ਗੁਰ ਕਿਰਪਾ ਤੇ ਨੀਚੁ ਨਿਵਾਜਿਆ॥ ੩॥

(ਹੇ ਪ੍ਰਭੂ ਤੇਰਾ ਉਹ ਨਾਮੁ ਅੰਮ੍ਰਿਤ ਪ੍ਰਾਪਤ ਕਰਨ ਵਾਸਤੇ ਮੈਂ ਤੇਰੇ ਅੱਗੇ ਕੀ ਧਰਾਂ, ਕਿਉਂਕਿ ਜੋ ਮੇਰੇ ਪਾਸ ਹੈ ਸਭ ਤੇਰਾ ਹੀ ਦਿਤਾ ਹੈ। ਮੈਂ ਤੈਥੋਂ ਸਦਾ ਹੀ ਲੱਖਾਂ ਵਾਰੀ ਸਦਕੇ ਜਾਂਦਾ ਹਾਂ। ਤੂੰ ਮੈਨੂੰ ਇਹ ਤਨ, ਮਨ, ਜਿੰਦ, ਤੇ ਸਰੀਰ ਦੇ ਕੇ ਪੈਦਾ ਕੀਤਾ ਹੈ। ਗੁਰੂ ਦੀ ਮੇਹਰ ਨਾਲ (ਮੈਂ ਸਿਮਰਨ ਕੀਤਾ ਹੈ) ਮੈਨੂੰ ਨੀਚ ਨੂੰ ਵਡਿਆਈ ਮਿਲੀ ਹੈ।)

ਖੋਲਿ ਕਿਵਾਰਾ ਮਹਲਿ ਬੁਲਾਇਆ॥ ਜੈਸਾ ਸਾ ਤੈਸਾ ਦਿਖਲਾਇਆ॥

ਕਹੁ ਨਾਨਕ ਸਭੁ ਪੜਦਾ ਤੂਟਾ॥ ਹਉ ਤੇਰਾ ਤੂ ਮੈ ਮਨਿ ਵੂਠਾ॥ ੪॥ ੩॥ ੧੪॥

(ਭਰਮ ਦੇ ਕਿਵਾੜ ਖੋਲ ਕੇ ਤੂੰ ਮੈਨੂੰ ਆਪਣੇ ਮਹਲ ਵਿੱਚ ਬੁਲਾਇਆ ਹੈ ਤੇ ਜੈਸਾ ਤੂੰ ਹੈਂ ਵੈਸੇ ਮੈਂ ਤੇਰਾ ਦਰਸ਼ਨ ਕੀਤਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਜਦੋਂ ਭਰਮ ਦਾ ਪੜਦਾ ਟੁੱਟਿਆ ਤਾਂ ਮੈਂ ਤੇਰਾ ਹੋ ਗਿਆ ਤੇ ਤੂੰ ਮੇਰੇ ਮਨ ਵਿੱਚ ਵਸ ਗਿਆ ਹੈਂ ਅਰਥਾਤ ਨਾਮੁ/ਸਬਦੁ ਧੁਨਾਂ ਮੇਰੇ ਮਨ ਵਿੱਚ ਭਰਪੂਰ ਵਸ ਗਈਆਂ।)

੨. ਪਨਾਂ ੮੩੪

ਬਿਲਾਵਲੁ ਮਹਲਾ ੪॥

ਗੁਰਮੁਖਿ ਅਗਮ ਅਗੋਚਰੁ ਧਿਆਇਆ ਹਉ ਬਲਿ ਬਲਿ ਸਤਿਗੁਰ ਸਤਿ ਪੁਰਖਈਆ॥

(ਗੁਰੂ ਤੋਂ ਉਪਦੇਸ਼ ਲੈ ਕੇ ਮੈਂ ਉਸ ਅਪਹੁੰਚ ਨਾਮੁ ਰੂਪ ਇੱਕ ਏਕੰਕਾਰ ਨੂੰ ਸਿਮਰ ਰਿਹਾ ਹਾਂ ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮੈਂ ਸਤਿਗੁਰ ਤੋਂ ਕੁਰਬਾਨ ਜਾਂਦਾ ਹਾਂ।)

ਰਾਮ ਨਾਮੁ ਮੇਰੈ ਪ੍ਰਾਣਿ ਵਸਾਏ ਸਤਿਗੁਰ ਪਰਸਿ ਹਰਿ ਨਾਮਿ ਸਮਈਆ॥ ੧॥

(ਮੇਰੇ ਚਿੱਤ/ਹਿਰਦੇ ਵਿੱਚ ਗੁਰੂ ਨੇਂ ਨਾਮ ਵਸਾ ਦਿੱਤਾ। ਗੁਰਸਬਦਿ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਸਤਿਗੁਰੂ ਨਾਲ ਮੇਲ ਹੋਇਆ ਤੇ ਨਾਮ ਵਿੱਚ ਸਮਾਈ ਹੋ ਗਈ।)

ਜਨ ਕੀ ਟੇਕ ਹਰਿ ਨਾਮੁ ਟਿਕਈਆ॥

ਸਤਿਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰਿ ਦਰੁ ਲਹੀਆ॥ ੧॥ ਰਹਾਉ॥

(ਸਿਮਰਣ ਕਰਦਿਆਂ ਸਿੱਖ ਦੇ ਹਿਰਦੇ ਵਿੱਚ ਨਾਮ ਦੀ ਟੇਕ ਹੈ, ਜਿਸਦੇ ਆਸਰੇ ਉਹ ਹਰਿ ਜੀ ਦੇ ਰਾਹ ਤੇ ਚਲ ਰਿਹਾ ਹੈ। ਗੁਰੂ ਦੀ ਮਿਹਰ ਨਾਲ ਮੈਂ ਹਰਿ ਦਰੁ ਤੇ ਪਹੁੰਚ ਗਿਆ ਹਾਂ।)

ਇਹੁ ਸਰੀਰੁ ਕਰਮ ਕੀ ਧਰਤੀ ਗੁਰਮੁਖਿ ਮਥਿ ਮਥਿ ਤਤੁ ਕਢਈਆ॥

ਲਾਲੁ ਜਵੇਹਰ ਨਾਮੁ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤੁ ਅਈਆ॥ ੨॥

(ਇਹ ਸਰੀਰੁ ਕਰਮ ਦੀ ਧਰਤੀ ਹੈ। ਮੈਂ ਇਸ ਵਿੱਚ ਨਾਮ ਦਾ ਬੀਜ ਬੀਜਿਆ ਹੈ, ਸਭ ਤੋਂ ਵਡਾ ਕਰਮ ਗੁਰਮਤਿ ਨਾਮ ਸਿਮਰਨ ਹੈ। ਗੁਰਮੁਖਿ, ਗੁਰਮਤਿ ਜੁਗਤੀ ਨਾਲ ਸਿਮਰਨ ਕਰਦਿਆਂ ਹਿਰਦੇ ਵਿੱਚ ਉਪਜੀਆਂ ਧੁਨਾਂ ਨੂੰ ਰਿੜਕਦਾ ਹੈ ਤੇ ਅਸਲੀਅਤ ਦੀ ਪਛਾਨ ਕਰ ਲੈਂਦਾ ਹੈ। ਉਸਦੇ ਹਿਰਦੇ ਘਰ ਵਿੱਚ ਗੁਰਸਬਦੁ ਨਾਲ ਪ੍ਰੇਮ ਕੀਤਿਆਂ ਪਰਮੇਸ਼ਰ ਨਾਲ ਪ੍ਰੇਮ ਆ ਵਸਦਾ ਹੈ ਤੇ ਲਾਲ ਜਵੇਹਰ ਨਾਮੁ ਪਰਗਟ ਹੋ ਜਾਂਦਾ ਹੈ)

ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ॥

ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰ ਪਰਸਾਦੀ ਮੈ ਅਕਥੁ ਕਥਈਆ॥ ੩॥

(ਜੋ ਭਗਤ ਸਿਮਰਨ/ਭਗਤੀ ਕਰਦੇ ਹਨ ਉਹਨਾਂ ਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ ਕੇ ਰਹਿਣਾਂ ਚਾਹੀਦਾ ਹੈ। ਮੈਂ ਗੁਰੂ ਦੇ ਅੱਗੇ ਮਨੁ ਤੇ ਬੁੱਧੀ ਭੇਟਾ ਕਰ ਦਿਤੀ ਹੈ, ਗੁਰ ਕਿਰਪਾ ਨਾਲ ਮੈਂ ਉਸ ਦੀ ਅਕਥ ਕਥਾ, ਸੰਸਾਰ ਦੇ ਖੇਲ ਡਰਾਮੇ ਨੂੰ ਦੇਖ ਲਿਆ ਹੈ।

ਮਨਮੁਖ ਮਾਇਆ ਮੋਹਿ ਵਿਆਪੇ ਇਹੁ ਮਨੁ ਤ੍ਰਿਸਨਾ ਜਲਤ ਤਿਖਈਆ॥

ਗੁਰਮਤਿ ਨਾਮੁ ਅੰਮ੍ਰਿਤ ਜਲੁ ਪਾਇਆ ਅਗਨਿ ਬੁਝੀ ਗੁਰ ਸਬਦਿ ਬੁਝਈਆ॥ ੪॥

(ਮਨਮੁਖ ਮਾਇਆ ਦੇ ਮੋਹ ਵਿੱਚ ਖਚਿਤ ਹਨ ਉਹਨਾਂ ਦਾ ਮਨ ਤ੍ਰਿਸ਼ਨਾ ਦੀ ਅਗਨੀ ਵਿੱਚ ਸੜ ਰਿਹਾ ਹੈ। ਗੁਰਸਬਦੁ/ਗੁਰਮੰਤ੍ਰ ਨਾਮ ਦੇ ਜਪ ਸਿਮਰਨ ਤੋਂ ਉਪਜੇ ਨਾਮ ਰੂਪੀ ਅੰਮ੍ਰਿਤ ਜਲ ਨੇ ਤ੍ਰਿਸ਼ਨਾ ਦੀ ਅਗਨਿ ਨੂੰ ਬੁਝਾ ਦਿਤਾ ਹੈ।)

ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ ਧੁਨਿ ਤੂਰ ਵਜਈਆ॥

ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ॥ ੫॥

(ਗੁਰਮਤਿ ਨਾਮ ਸਿਮਰਨ ਕਰਦਿਆਂ ਅਨਹਦ ਸਬਦੁ ਦੇ ਵਾਜੇ ਵਜਦੇ ਹਨ, ਧੁਨਾਂ ਦੀ ਰੌ ਚਲਦੀ ਹੈ ਤੇ ਮੇਰੀ ਸੁਰਤਿ ਇਸ ਰੌ/ਤ੍ਰੰਗਾਂ/ਲਹਿਰਾਂ ਦੇ ਨਾਲ ਹੀ ਚਲਦੀ ਹੈ। ਇਸਤਰਾਂ ਮੇਰਾ ਮਨ ਸਤਿਗੁਰ ਦੇ ਅੱਗੇ ਨੱਚਦਾ ਹੈ। ਇਸ ਤਰ੍ਹਾਂ ਤਾਲ ਸਿਰ ਵਾਜੇ ਵਜਦੇ ਹਨ ਪਰਮਾਤਮਾਂ ਦੀ ਸਿਫ਼ਤ ਸਾਲਾਹ/ਬੰਦਗੀ ਹਰ ਵੇਲੇ ਹੁੰਦੀ ਹੈ)

ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ॥

ਨਿਜ ਘਰਿ ਧਾਰ ਚੁਐ ਅਤਿ ਨਿਰਮਲ ਜਿਨਿ ਪੀਆ ਤਿਨ ਹੀ ਸੁਖੁ ਲਹੀਆ॥ ੬॥

(ਨਾਮੁ ਅਭਿਆਸੀ ਦਾ ਮਨ ਨਾਮ ਦਾ ਕੀਰਤਨ ਕਰ ਰਿਹਾ ਹੈ ਰਸੁ ਵਿੱਚ ਰੱਤਾ ਹੈ ਤੇ ਗੁਰਸਬਦੁ ਦੇ ਜਪਨ ਤੋਂ ਧੁਨਾਂ ਉਪਜ ਰਹੀਆਂ ਹਨ। ਚਉਥੇ ਪਦ ਵਿੱਚ ਅਨਹਦ ਧੁਨਾਂ ਦੀ ਵਰਖਾ ਹੁੰਦੀ ਹੈ ਉਹ ਨਾਮਰਸੁ ਪੀਂਦਾ ਹੈ ਜਿਸਤੋਂ ਅਨੰਦ ਪ੍ਰਾਪਤ ਹੁੰਦਾ ਹੈ।

ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ॥

ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ॥ ੭॥

(ਜੋ ਗੁਰੂ ਤੋਂ ਉਪਦੇਸ਼ ਨਹੀਂ ਲੈਂਦਾ ਤੇ ਆਪਣੇ ਮਨ ਪਿਛੇ ਲੱਗ ਕੇ ਸਿਮਰਨ ਕਰਦਾ ਹੈ ਉਹ ਅਭਿਮਾਨੀ ਮਨਹਠ ਕਰਮ ਕਰਦਾ ਹੈ। ਇਹ ਇਸਤਰਾਂ ਹੈ ਜਿਵੇਂ ਬੱਚਾ ਰੇਤ ਦੇ ਘਰ ਉਸਾਰਦਾ ਹੈ, ਜਦੋਂ ਸਮੁੰਦਰ ਦੀ ਲਹਿਰ ਆਉਂਦੀ ਹੈ, ਉਹ ਘਰ ਇੱਕ ਖਿਨ ਵਿੱਚ ਢਹਿ ਜਾਂਦਾ ਹੈ।)

ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ॥

ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ ਨਾਨਕ ਆਪੇ ਆਪਿ ਰਮਈਆ॥ ੮॥ ੩॥ ੬॥

(ਹਿਰਦੇ ਵਿੱਚ ਅਨਹਦ ਤ੍ਰੰਗਾਂ ਦਾ ਸਾਗਰ ਹਰੀ ਆਪ ਹੈ। ਇਹਨਾਂ ਤ੍ਰੰਗਾਂ ਤੋਂ ਉਪਜੇ ਰੂਪ ਰੰਗ ਹਰਿ ਸਾਗਰ ਵਿੱਚ ਤ੍ਰੰਗਾਂ ਹਨ। ਨਾਮੁ ਰੂਪ ਅਕਾਲ ਪੁਰਖ ਦੀ ਉਪਾਈ ਖੇਡ ਸਾਗਰ ਵਿੱਚ ਤ੍ਰੰਗਾਂ ਹਨ ਜੋ ਹਰਿ ਸਰ ਸਾਗਰ ਵਿੱਚ ਸਮਾ ਜਾਂਦੀਆਂ ਹਨ ਤੇ ਉਹ ਹਰੀ ਆਪ ਹੀ ਰਹਿ ਜਾਂਦਾ ਹੈ।)

੩. ਸ਼ਬਦ

ਹੇਠਲੇ ਸ਼ਬਦ ਦੇ ਪਹਿਲੇ ੧੩ ਪਦਿਆਂ ਵਿੱਚ ਗੁਰੂ ਜੀ ਨੇਂ ਸੁੰਨ ਸਮਾਧ ਵਿੱਚ ਨਾਮੁ ਨਿਰਮਲ ਪਰਮ ਚੇਤਨਾਂ, ਨਿਰਗੁਣ ਬ੍ਰਹਮ ਦੀ ਵਿਚਾਰ ਸਮਝਾਈ ਹੈ ਤੇ ਕਿਹਾ ਹੈ ਕਿ ਓਦੋਂ ਸੰਸਾਰ ਦੀ ਕਿਸੇ ਚੀਜ਼ ਦੀ ਹੋਂਦ ਨਹੀਂ ਸੀ, ਓਦੋਂ ਕੇਵਲ ਸੁੰਨ ਸੀ, ਹੋਰ ਕੁੱਝ ਵੀ ਨਹੀਂ ਸੀ ਤਾਂ ਭੀ ਸੁੰਨ ਵਿੱਚ ਨਾਮ ਨਿਰਮਲ ਪਰਮ ਚੇਤਨਾਂ ਤੇ ਨਾਮੁ ਦਾ ਗੁਣ ਹੁਕਮ ਸੀ। ਇਹ ਇੱਕ ਏਕੰਕਾਰ ਅਕਾਲ ਪੁਰਖ ਦੀ ਹੋਂਦ ਸੀ। ਉਸ ਤੋਂ ਅੱਗੇ ਦੇ ਪਦਿਆਂ ਵਿੱਚ ਦਸਦੇ ਹਨ ਜਦੋਂ ਸੁੰਨ ਸਮਾਧ ਵਿੱਚ ਨਾਮ ਜੋਤਿ ਦੀ ਮਰਜ਼ੀ ਹੋਈ ਤਾਂ ਉਸ ਨੇ ਸੰਸਾਰ ਤੇ ਜੀਵ ਜੰਤ ਉਪਾਏ।

ਮਾਰੂ ਮਹਲਾ ੧॥ ਪਨਾ ੧੦੩੫/੯

ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥

ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥ ੧॥

ਖਾਣੀ ਨ ਬਾਣੀ ਪਉਣ ਨ ਪਾਣੀ॥ ਓਪਤਿ ਖਪਤਿ ਨ ਆਵਣ ਜਾਣੀ॥

ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ॥ ੨॥

ਨਾ ਤਦਿ ਸੁਰਗੁ ਮਛੁ ਪਇਆਲਾ॥ ਦੋਜਕੁ ਭਿਸਤੁ ਨਹੀ ਖੈ ਕਾਲਾ॥

ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ॥ ੩॥

ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥

ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ॥ ੪॥

(ਜਦੋਂ ਸੁੰਨ ਸਮਾਧ ਵਿੱਚ ਨਾਮ ਪਰਮ ਚੇਤਨਾ ਹੀ ਸੀ ਓਦੋਂ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਨਹੀਂ ਸਨ ਸਿਰਫ਼ ਉਹ ਹੀ ਸੀ। ਓਦੋਂ ਨਾਰੀ ਤੇ ਪੁਰਖ ਨਹੀਂ ਸੀ, ਜਨਮ ਮਰਨ ਨਹੀਂ ਸੀ ਤੇ ਦੁਖ ਸੁਖ ਪਾਓਨ ਵਾਲਾ ਵੀ ਕੋਈ ਨਹੀਂ ਸੀ।)

ਨਾ ਤਦਿ ਜਤੀ ਸਤੀ ਬਨਵਾਸੀ॥ ਨਾ ਤਦਿ ਸਿਧ ਸਾਧਿਕ ਸੁਖਵਾਸੀ॥

ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ॥ ੫॥ ਜਪ ਤਪ ਸੰਜਮ ਨਾ ਬ੍ਰਤ ਪੂਜਾ॥

ਨਾ ਕੋ ਆਖਿ ਵਖਾਣੈ ਦੂਜਾ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ॥ ੬॥

ਨਾ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗ+ਆਲਾ॥

ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ॥ ੭॥ ਕਰਮ ਧਰਮ ਨਹੀ ਮਾਇਆ ਮਾਖੀ॥

ਜਾਤਿ ਜਨਮੁ ਨਹੀ ਦੀਸੈ ਆਖੀ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ॥ ੮॥

ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ॥ ਨਾ ਤਦਿ ਗੋਰਖੁ ਨਾ ਮਾਛਿੰਦੋ॥

ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ॥ ੯॥

ਵਰਨ ਭੇਖ ਨਹੀ ਬ੍ਰਹਮਣ ਖਤ੍ਰੀ॥ ਦੇਉ ਨ ਦੇਹੁਰਾ ਗਊ ਗਾਇਤ੍ਰੀ॥

ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ॥ ੧੦॥

ਨਾ ਕੋ ਮੁਲਾ ਨਾ ਕੋ ਕਾਜੀ॥ ਨਾ ਕੋ ਸੇਖੁ ਮਸਾਇਕੁ ਹਾਜੀ॥

ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ॥ ੧੧॥

ਭਾਉ ਨ ਭਗਤੀ ਨਾ ਸਿਵ ਸਕਤੀ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ॥

ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ॥ ੧੨॥

ਬੇਦ ਕਤੇਬ ਨ ਸਿੰਮ੍ਰਿਤਿ ਸਾਸਤ॥ ਪਾਠ ਪੁਰਾਣ ਉਦੈ ਨਹੀ ਆਸਤ॥ ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ॥ (੧੦੩੫-੧੦੩੬) ੧੩॥

ਜਦੋਂ ਉਸ ਨੂੰ ਭਾਇਆ ਤਾਂ ਉਸ ਨੇਂ ਜਗਤੁ ਉਪਾਇਆ।

ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥

ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ ੧੪॥

(ਜਦੋਂ ਨਾਮੁ ਜੋਤਿ ਅਕਾਲ ਪੁਰਖ ਦੀ ਮਰਜ਼ੀ ਹੋਈ ਤਾਂ ਉਸਨੇਂ ਸੰਸਾਰ ਸਿਰਜਣਾਂ ਕੀਤੀ ਬਿਨਾਂ ਕਿਸੇ ਆਸਰੇ ਦੇ ਸੰਸਾਰ ਖੰਡਾਂ ਵਰਭੰਡਾਂ ਨੂੰ ਆਪਣੇ ਆਪਣੇ ਥਾਂ ਤੇ ਟਿਕਾਇਆ ਅਤੇ ਬੇਦ ਮਤ ਦੇ ਦੇਵਤਾ ਉਪਾਏ, ਜੋ ਕਰਤੇ ਦੀ ਉਪਾਈ ਮਾਇਆ ਹਨ। ਸੰਸਾਰ ਦੇ ਜੀਵਾਂ ਨੂੰ ਮੈਂ-ਹਾਂ ਦੇ ਭਰਮ ਕਰ ਕੇ ਸੰਸਾਰ ਦੀਆਂ ਵਸਤੂਆਂ ਨਾਲ ਪਿਆਰ ਪੈ ਗਿਆ ਤੇ ਸੰਸਾਰ ਦਾ ਮੋਹੁ ਕਰਤੇ ਨੇਂ ਵਧਾਇਆ)

ਵਿਰਲੇ ਕਉ ਗੁਰਿ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥

ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥ ੧੫॥

(ਕਿਸੇ ਵਿਰਲੇ ਬੰਦੇ ਨੂੰ ਪਾਰਬ੍ਰਹਮ ਦੇ ਰੂਪ ਗੁਰੂ ਨੇ ਗੁਰਸਬਦੁ/ਗੁਰਮੰਤ੍ਰ ਨਾਮ ਦੀ ਦਾਤ ਬਖਸ਼ੀ, ਉਸ ਨੇ ਨਾਮ/ਜਪ/ਸਿਮਰਨ ਕੀਤਾ। ਉਸ ਨੂੰ ਸਮਝ ਆ ਗਈ, ਪਰਮਾਤਮਾਂ ਜਗਤ ਪੈਦਾ ਕਰ ਕੇ ਸੰਭਾਲ ਕਰ ਰਿਹਾ ਹੈ, ਹਰ ਥਾਂ ਉੇਸ ਦੇ ਹੁਕਮ ਦੀ ਖੇਡ ਹੋ ਰਹੀ ਹੈ। ਨਿਰਾਕਾਰ ਅਕਾਲ ਪੁਰਖ, ਖੰਡ, ਮੰਡਲ ਤੇ ਪਾਤਾਲਾਂ ਦੇ ਰੂਪ ਧਾਰ ਕੇ ਆਪ ਖੇਡ ਰਿਹਾ ਹੈ ਤੇ ਗੁਪਤ ਤੋਂ ਸਰਗੁਣ ਸਰੂਪ ਵਿੱਚ ਪਰਗਟ ਹੋਇਆ।)

ਤਾ ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ॥

ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥ ੧੬॥ ੩॥ ੧੫॥

(ਉਸ ਅਕਾਲ ਪੁਰਖ ਦਾ ਅੰਤ ਕੋਈ ਨਹੀਂ ਜਾਣਦਾ, ਵਿਰਲੇ ਗੁਰਮੁਖਿ ਨੇ ਗੁਰਮੰਤਰ/ਗੁਰਸਬਦ ਦਾ ਜਪ ਸਿਮਰਨ ਕਰ ਕੇ ਤੇ ਇਸ ਤਰ੍ਹਾਂ ਉਸ ਦੇ ਗੁਣ ਗਾ ਕੇ ਵਿਸਮਾਦ ਦੀ ਅਵਸਥਾ ਪਰਾਪਤ ਕੀਤੀ ਉਹ ਉਸਦੇ ਕੌਤਕ ਦੇਖ ਕੇ ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਸ ਵਿੱਚ ਸਮਾ ਜਾਂਦੇ ਹਨ। ਗੁਰਮਤਿ ਨਾਮੁ ਸਿਮਰਨ, ਉਸ ਦੇ ਗੁਣ ਗਾਵਣਾਂ ਹੀ ਹੈ)

ਇਸ ਤੋਂ ਅੱਗੇ ਅਸੀਂ ਬਾਰਹ ਮਾਹਾ ਮਾਝ ਮਹਲਾ ੫ ਦੇ ਸ਼ਬਦਾਂ ਦੀ ਵਿਚਾਰ ਆਰੰਭ ਕਰਦੇ ਹਾਂ।

ਬਾਰਾ ਮਾਹਾ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਉਪਦੇਸ਼ ਦਿੰਦੇ ਹਨ ਕਿ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਅਸੀਂ ਨਾਮੁ ਜੋਤਿ ਰੂਪ ਇੱਕ ਏਕੰਕਾਰ ਅਕਾਲ ਪੁਰਖ ਤੋਂ ਵਿਛੁੜੇ ਹਾਂ ਤੇ ਜਨਮਾਂ ਦੇ ਗੇੜ ਕੱਢ ਰਹੇ ਹਾਂ। ਹੁਣ ਮਨੁਖਾ ਜਨਮ ਪ੍ਰਾਪਤ ਹੋਇਆ ਹੈ। ਗੁਰੂ ਜੀ ਤੁਸੀਂ ਗੁਰਸਬਦੁ/ਗੁਰਮੰਤ੍ਰ ਨਾਮ ਵਾਹਿਗੁਰੂ ਦੀ ਦਾਤ ਬਖਸ਼ੋ ਤੇ ਗੁਰਮਤਿ ਜੁਗਤੀ ਨਾਲ ਗੁਰਮਤਿ ਨਾਮ ਜਪ/ਸਿਮਰਨ ਦਾ ਨਿਰਮਲ ਆਹਰ ਬਖਸ਼ੋ। ਇਸਤਰ੍ਹਾ ਮੇਰੇ ਅਵਗੁਣ/ਵਿਕਾਰਾਂ ਦੀ ਮੈਲ ਧੁਲੇਗੀ ਤੇ ਬਖਸ਼ੀਸ਼ ਸਦਕਾ ਕਰਮਾਂ ਦਾ ਨਾਸ ਵੀ ਹੋਵੇਗਾ।

ਬੇਦ ਬਾਣੀ ਤ੍ਰੈ ਗੁਣ ਮਾਇਆ ਦੀ ਵਿਚਾਰ ਹੈ ਤੇ ਚੰਗੇ ਮੰਦੇ ਕਰਮਾਂ ਦੇ ਆਧਾਰ ਤੇ ਟਿਕੀ ਹੈ। ਬੇਦ ਬਾਣੀ ਤ੍ਰੈ ਗੁਣ ਮਾਇਆ ਤੋਂ ਉੱਪਰ ਨਾਮੁ ਰੂਪ ਅਕਾਲ ਪੁਰਖ ਤੇ ਹੁਕਮ ਨੂੰ ਨਹੀਂ ਜਾਣਦੀ।

ਗੁਰਬਾਣੀ ਸ਼ੁਭ ਕਰਮ ਕਰਨ ਦਾ ਉਪਦੇਸ਼ ਦਿੰਦੀ ਹੈ ਪਰ ਇਹ ਵੀ ਕਹਿੰਦੀ ਹੈ ਕਿ ਸਿਰਫ਼ ਸ਼ੁਭ ਕਰਮ ਕਰਨ ਨਾਲ ਜਨਮ ਮਰਨ ਦਾ ਗੇੜ ਨਹੀਂ ਕੱਟਿਆ ਜਾ ਸਕਦਾ।

ਛੁਟਕਾਰੇ ਲਈ ਲਾਜ਼ਮੀ ਹੈ ਕਿ ਮਨੁੱਖ ਪੂਰੇ ਗੁਰੂ ਦੀ ਸ਼ਰਨ ਆਵੇ ਤੇ ਗੁਰੂ ਤੋਂ ਉਪਦੇਸ਼ ਲੈ ਕੇ ਗੁਰਮਤਿ ਜੁਗਤੀ ਨਾਲ ਗੁਰਮਤਿ ਨਾਮ ਸਿਮਰਨ ਕਰੇ। ਇਸ ਤਰੀਕੇ ਨਾਲ ਅਵਗੁਣ/ਵਿਕਾਰ/ਕਰਮ ਕੱਟੇ ਜਾਣਗੇ। ਮਨ ਵਿੱਚ ਗੁਣ ਪਰਵੇਸ਼ ਕਰਣਗੇ ਮਨ ਨਿਰਮਲ ਹਵੇਗਾ ਤੇ ਗੁਰੂ ਕਿਰਪਾ ਨਾਲ ਹਉਂ ਦਾ ਭਰਮ ਕੱਟਿਆ ਜਾਵੇਗਾ। ਨਿਰਮਲ ਹੋਏ ਮਨੁ ਵਿੱਚ ਨਾਮੁ ਵੱਸੇਗਾ ਤੇ ਮੈਲਾ ਮਨ ਨਿਰਮਲ ਹੋ ਕੇ ਨਾਮੁ ਜੋਤਿ ਪਰਮ ਨਿਰਮਲ ਚੇਤਨਾਂ ਵਿੱਚ ਸਮਾ ਜਾਏਗਾ। ਫਿਰ ਜਨਮ ਮਰਨ ਦਾ ਗੇੜ ਸਮਾਪਤ ਹੋ ਜਾਏਗਾ ਤੇ ਸਦਾ ਆਨੰਦ ਵਾਲੀ ਅਵਸਥਾ ਪ੍ਰਾਪਤ ਹੋ ਜਾਵੇਗੀ।

ਗੁਰਬਾਣੀ ਅੱਠੇ ਪਹਿਰ, ਨਿੱਤ ਨੇਮ ਨਾਲ ਗੁਰਮੰਤ੍ਰ ਨਾਮ ਵਾਹਿਗੁਰੂ ਦੇ ਜਪ/ਸਿਮਰਨ ਦਾ ਉਪਦੇਸ਼ ਦਿੰਦੀ ਹੈ। ਗੁਰੂ ਜੀ ਬਾਰਾ ਮਾਹਾ ਦੇ ਹਰ ਇੱਕ ਮਹੀਨੇ ਦੇ ਉਪਦੇਸ਼ ਵਿੱਚ ਅਨੇਕਾਂ ਪਰਮਾਣ ਦਿੰਦੇ ਹਨ, ਅੰਤ ਵਿੱਚ, ਇੱਕੋ ਨਾਮ ਜਪ ਸਿਮਰਨ ਦਾ ਉਪਦੇਸ਼ ਦ੍ਰਿੜ ਕਰਾਂਉਂਦੇ ਹਨ। ਨਾਮ ਜਪ/ਸਿਮਰਨ ਕਰਣ ਵਾਲੇ ਨੂੰ ਗਰਮੀ, ਸਰਦੀ, ਦੁਖ, ਤਕਲੀਫ਼ ਨਹੀਂ ਪੋਹੰਦੇ। ਨਾਮ ਜਪ ਸਿਮਰਨ ਹਰ ਸਮੇਂ, ਹਰ ਰੁੱਤ ਵਿੱਚ ਹੁਕਮ ਰਜਾਈ ਚੱਲਨ ਦੀ ਸਮਰਥਾ ਬਖਸ਼ਦਾ ਹੈ। ਨਿੱਤ ਨੇਮ ਨਾਲ ਨਾਮ ਜਪ/ਸਿਮਰਨ ਖੁਸ਼ੀ/ਖੇੜਾ ਬਖਸ਼ਦਾ ਹੈ। ਬਾਰਾ ਮਾਹਾ ਦੀ ਬਾਣੀ ਵਿੱਚ ਗੁਰੂ ਜੀ ਮਹੀਨੇ ਵਾਰ ਉੱਪਰ ਲਿਖਿਆ ਉਪਦੇਸ਼ ਦ੍ਰਿੜ ਕਰਾਓਂਦੇ ਹਨ।

ਗੁਰਬਾਣੀ ਉਪਦੇਸ਼ ਦੀ ਰੌਸ਼ਨੀਂ ਵਿੱਚ ਸੰਗਰਾਂਦ ਵਾਲੇ ਦਿਨ ਕੀਤੀ ਭਗਤੀ/ਸਿਮਰਨ, ਪਾਠ, ਕੀਰਤਨ, ਕਰਣ ਸੁਣਨ ਦਾ ਲਾਭ, ਉਤਨਾਂ ਹੀ ਹੈ, ਜਿਤਨਾਂ ਕਿਸੇ ਹੋਰ ਮਹੀਨੇ ਦੇ ਹੋਰ ਦਿਨ ਵਾਰ ਨੂੰ ਕੀਤੀ ਭਗਤੀ ਦਾ ਹੈ।

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ਪਨਾ ੧੩੩

ੴ ਸਤਿਗੁਰ ਪ੍ਰਸਾਦਿ॥

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥

ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ॥

(ਹੇ ਨਾਮੁ ਜੋਤਿ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਕਰ ਕੇ ਤੁਹਾਡੇ ਤੋਂ ਵਿਛੁੜੇ ਹਾਂ ਤੇ ਜਨਮਾਂ ਦੇ ਗੇੜ ਵਿੱਚ ਘੁੰਮ ਰਹੇ ਹਾਂ। ਹੁਣ ਥੱਕ ਕੇ ਮਨੁੱਖਾ ਜਨਮ ਵਿੱਚ ਤੁਹਾਡੀ ਸ਼ਰਨ ਆਏ ਹਾਂ ਤੁਸੀਂ ਸਾਨੂੰ ਆਪਣੇ ਨਾਲ ਮੇਲ ਲਵੋ)

ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ॥

ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ॥

(ਜਿਵੇਂ ਦੁਧ ਤੋਂ ਸੱਖਨੀਂ ਗਾਂ ਕਿਸੇ ਕੰਮ ਨਹੀਂ ਆਉਂਦੀ, ਜਿਵੇਂ ਪਾਣੀ ਤੋਂ ਬਿਨਾਂ ਖੇਤੀ ਸੁੱਕ ਜਾਂਦੀ ਹੈ, ਫ਼ਸਲ ਨਹੀਂ ਪੱਕਦੀ ਤੇ ਉਸ ਖੇਤੀ ਵਿੱਚੋਂ ਧਨ ਦੀ ਕਮਾਈ ਨਹੀਂ ਹੋ ਸਕਦੀ ਇਸੀ ਤਰਾਂ--)

ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ॥

ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ॥

(ਪਤੀ ਪਰਮੇਸ਼ਰ ਨੂੰ ਮਿਲੇ ਬਿਨਾਂ ਜਨਮਾਂ ਵਿੱਚ ਘੁਮਦੇ ਹੀ ਰਹਿਣਾਂ ਹੈ ਤੇ ਅਬਿਨਾਸੀ ਪਦ ਪਾ ਕੇ ਟਿਕ ਨਹੀਂ ਸਕਦੇ। ਜਿਸ ਹਿਰਦੇ ਘਰ ਵਿੱਚ ਅੰਦਰ ਵਸਦਾ ਨਾਮੁ ਜੋਤਿ ਰੂਪ ਪਤੀ ਪ੍ਰਗਟ ਨਹੀਂ ਹੁੰਦਾ ਉਹ ਤਪਦੀ ਭੱਠੀ ਵਰਗਾ ਪਿੰਡ ਹੈ।)

ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ॥

ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ॥

(ਜੀਵ ਇਸਤ੍ਰੀ ਦੇ ਪ੍ਰਭੂ ਪਤੀ ਤੋਂ ਬਿਨਾਂ ਸਰੀਰ ਦੇ ਸਾਰੇ ਸ਼ਿੰਗਾਰ, ਪਾਨਾਂ ਦੇ ਬੀੜੇ ਤੇ ਹੋਰ ਰਸੁ ਆਪਣੇ ਸਰੀਰ ਸਮੇਤ ਸਭ ਵਿਅਰਥ ਹਨ। ਪ੍ਰਭੁ ਕੰਤ ਸੁਆਮੀ ਤੋਂ ਬਿਨਾਂ ਸੱਜਣ ਮਿਤ੍ਰ ਵੈਰੀ ਹੋ ਢੁਕਦੇ ਹਨ।)

ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ॥

ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ॥ ੧॥

(ਗੁਰੂ ਨਾਨਕ ਸਾਹਿਬ ਆਪਣੈ ਦਅੁਾਰਾ ਬੇਨਤੀ ਕਰਦੇ ਹਨ ਤੁਸੀਂ ਕਿਰਪਾਂ ਕਰੋ ਮੈਨੂੰ ਨਾਮੁ ਦੀ ਦਾਤ ਬਖਸ਼ੋ, ਮੈਂ ਨਾਮੁ ਜਪ/ਸਿਮਰਨ ਕਰਾਂ ਤੇ ਮੇਰਾ ਮੇਲ ਪਤੀ ਪਰਮੇਸ਼ਰ ਨਾਲ ਹੋ ਜਾਵੇ। ਉਹ ਅਟੱਲ/ਅਬਿਨਸ਼ੀ ਹਸਤੀ ਹੈ ਤੇ ਮੈਂ ਵੀ ਅਬਿਨਾਸ਼ੀ ਹੋ ਜਾਵਾਂ।)

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥

ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥

(ਗੁਰੂ ਜੀ ਚੇਤ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ ਕਿ ਨਾਮ ਜਪ/ਸਿਮਰਨ ਕੀਤਿਆਂ ਦੁਖਾਂ ਸੁਖਾਂ ਦੇ ਗੇੜ ਤੋਂ ਉੱਪਰ ਸਦਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਤੋਂ ਗੁਰਮੰਤ੍ਰ ਨਾਮੁ ਦੀ ਦਾਤ ਪ੍ਰਾਪਤ ਕਰਕੇ ਅਸੀਂ ਰਸਨਾਂ ਨਾਲ ਨਾਮ ਜਪੀਏ)

ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ॥

ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ॥

(ਉਸ ਮਨੁੱਖ ਦਾ ਸੰਸਾਰ ਵਿੱਚ ਆਇਆ ਸਫਲ ਜਾਣੋਂ ਜਿਸ ਨੇਂ ਨਾਮ ਜਪ/ਸਿਮਰਨ ਕਰਕੇ ਪਰਮਾਤਮਾ ਨਾਲ ਮੇਲ ਪ੍ਰਾਪਤ ਕੀਤਾ ਹੈ। ਇੱਕ ਖਿਨ ਵੀ ਜਪ/ਸਿਮਰਨ/ਪਰਮਾਤਮਾ ਦੀ ਯਾਦ ਤੋਂ ਬਿਨਾਂ ਜ਼ਿੰਦਗੀ ਵਿਅਰਥ ਬੀਤਦੀ ਜਾਣੋ)

ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥

ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ॥

(ਨਾਮੁ ਰੂਪ ਅਕਾਲ ਪੁਰਖ ਪ੍ਰਭੁ, ਜਲਿ, ਧਰਤੀ, ਆਕਾਸ਼, ਜੰਗਲਾਂ ਵਿੱਚ ਅਨਹਦ ਸਬਦੁ ਦੀਆਂ ਧਨਾਂ/ਤ੍ਰੰਗਾਂ ਦੇ ਰੂਪ ਵਿੱਚ ਰਵ ਰਿਹਾ ਹੈ। ਜੇ ਐਸਾ ਪ੍ਰਭੁ ਨਾਮੁ ਜਪ/ਸਿਮਰਨ ਦੁਆਰਾ ਹਿਰਦੇ ਵਿੱਚ ਨਾ ਵਸੇ ਤਾਂ ਜੀਵਨ ਵਿੱਚ ਦੁੱਖ ਹੀ ਹਨ।

ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ॥

ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ॥

(ਜਿਨਾਂ ਮਨੁਖਾਂ ਨੇ ਪ੍ਰਭੁ ਨੂੰ ਰਾਵਿਆ/ਸਿਮਰਿਆ ਹੈ ਉਹਨਾਂ ਦੇ ਭਾਗ ਵਡੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਮੇਰਾ ਮਨ ਹਰੀ ਦੇ ਦੀਦਾਰ ਨੂੰ ਤਾਂਘਦਾ ਹੈ, ਮੈਨੂੰ ਹਰਿ ਦਰਸਨ ਦੀ ਪਿਆਸ ਹੈ।

ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ॥ ੨॥

(ਗੁਰੂ ਜੀ ਚੇਤ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ, ਜਿਹੜਾ ਸੱਜਣ/ਮਨੁੱਖ ਮੈਨੂੰ ਪ੍ਰਭੁ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੇ ਪੈਰੀਂ ਲਗਾਂ।)

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰ੍ਰੇਮ ਬਿਛੋਹੁ॥

ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ॥

(ਵੈਸਾਖਿ ਦੇ ਮਹੀਨੇ ਵਿੱਚ ਫ਼ਸਲ ਪੱਕਦੀ ਹੈ ਤੇ ਕਿਸਾਨ ਆਮਦਨ ਦੀ ਇੰਤਜ਼ਾਰ ਵਿੱਚ ਫ਼ਸਲ ਕੱਟਦਾ ਹੈ ਤੇ ਖੁਸ਼ ਹੁੰਦਾ ਹੈ ਉਸ ਨੂੰ ਧਨ ਦੀ ਉਡੀਕ ਹੈ। ਮਾਇਆ ਦੀ ਧੋਹ ਵਿੱਚ ਲੱਗੇ ਕਿਸਾਨ/ਮਨੁੱਖ ਨੂੰ ਪਤੀ ਪਰਮੇਸ਼ਰ ਦੀ ਯਾਦ ਭਗਤੀ ਭੁੱਲ ਗਈ। ਪਰ ਉਹਨਾਂ ਗੁਰਮੁਖਾਂ ਨੂੰ ਧੀਰਜ ਨਹੀਂ ਜਿਨ੍ਹਾਂ ਦਾ ਪ੍ਰੇਮ ਪਤੀ ਪਰਮੇਸ਼ਰ ਨਾਲ ਹੈ।)

ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ॥

ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ॥

(ਐਸੇ ਗੁਰਮੁਖਾਂ ਲਈ ਪੁਤ੍ਰ, ਧੀ, ਇਸਤ੍ਰੀ ਤੋਂ ਵੱਧ ਪਤੀ ਪਰਮੇਸ਼ਰ ਅਕਾਲ ਪੁਰਖ ਲਈ ਪ੍ਰੇਮ ਤੇ ਉਸ ਦੀ ਯਾਦ ਹੈ। ਬਾਕੀ ਸੰਸਾਰ ਸੰਸਾਰ ਦੇ ਝੂਠੇ ਧੰਦਿਆਂ ਵਿੱਚ ਫਸ ਕੇ ਮਰ ਰਹੇ ਹਨ।)

ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ॥

ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ॥

(ਇੱਕ ਹਰੀ ਅਕਾਲ ਪੁਰਖ ਦੇ ਨਾਮ ਸਿਮਰਨ ਤੋਂ ਬਿਨਾਂ ਅੱਗੇ ਸੰਸਾਰ ਦੀ ਕੋਈ ਚੀਜ਼ ਨਹੀਂ ਜਾਂਦੀ।

ਪਤੀ ਪਰਮੇਸ਼ਰ ਨੂੰ ਵਿਸਾਰ ਕੇ ਖ਼ੁਆਰ ਹੋਈਦਾ ਹੈ ਨਾਮ ਪ੍ਰਭੁ ਤੋਂ ਬਿਨਾਂ ਹੋਰ ਸਭ ਕੂੜ ਹੈ।

ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ॥

ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ॥

ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ॥ ੩॥

(ਜੋ ਪ੍ਰਭੁ ਪ੍ਰੀਤਮ ਦੇ ਚਰਣੀ ਲੱਗੇ ਹਨ ਤੇ ਉਸ ਨੂੰ ਸਿਮਰਦੇ ਹਨ ਉਹਨਾਂ ਦੀ ਸ਼ੋਭਾ ਐਥੇ ਓਥੇ ਹੁੰਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਪ੍ਰਭੁ ਜੀ ਤੁਸੀਂ ਮੇਰੀ ਬੇਨਤੀ ਸੁਣੋ ਤੇ ਮੈਨੂੰ ਮਿਲੋ ਤਾਂ ਮੇਰਾ ਜੀਵਨ ਸਫਲ ਹੋਵੇ। ਵੈਸਾਖ ਸੁਹਾਵਾ ਤਾਂ ਬੀਤਦਾ ਹੈ ਜੇ ਗੁਰੂ ਸੰਤ ਮਿਲੇ))

ਨੂੰ ਪਾ ਕੇ ਰੰਗ ਰਸੁ ਮਾਣਦੇ ਹਨ ਤੇ ਆਨੰਦ ਸਰੂਪ ਹੋ ਜਾਂਦੇ ਹਨ।)

ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ॥

ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ॥

(ਗੁਰੂ ਜੀ ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ ਕਿ ਅਸੀਾਂ ਗੁਰਮੰਤ੍ਰ ਨਾਮੁ ਵਾਹਿਗੁਰੂ ਦਾ ਜਪ/ਸਿਮਰਨ ਕਰੀਏ ਤੇ ਉਸ ਪ੍ਰਭੁ ਨੂੰ ਮਿਲਨ ਦਾ ਆਹਰ ਕਰੀਏ, ਜਿਸ ਪ੍ਰਭੁ ਅੱਗੇ ਸਭ ਨਿਊਂਦੇ ਹਨ। ਉਸ ਸਜਣ ਪੁਰਖ ਦੇ ਦਾਮਨ/ਪੱਲੇ ਨਾਲ ਲੱਗੇ ਅਭਿਆਸੀ ਦੇ ਨੇੜੇ ਜਮਕਾਲ ਨਹੀਂ ਆ ਸਕਦਾ)

ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ॥

ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ॥

(ਪ੍ਰਭੁ ਦੇ ਨਾਮੁ ਜਪ/ਸਿਮਰਨ ਤੋਂ ਐਸਾ ਮਾਨਕ ਮੋਤੀ ਨਾਮੁ ਧਨ ਹਿਰਦੇ ਵਿੱਚ ਪ੍ਰਾਪਤ ਹੁੰਦਾ ਹੈ ਜਿਸ ਨੂੰ ਚੁਰਾਇਆ ਨਹੀਂ ਜਾ ਸਕਦਾ। ਪ੍ਰਭੁ ਨੇਂ ਸੰਸਾਰ ਦੇ ਜਿਤਨੇ ਰੂਪ ਰੰਗ ਜੀਵ ਜੰਤਾਂ ਦੇ ਰੂਪ ਧਾਰਨ ਕੀਤੇ ਹਨ ਤੇ ਸੰਸਾਰ ਦੀ ਖੇਡ ਬਨਾਈ ਹੈ ਉਹ ਪ੍ਰਭੁ ਨੂੰ ਭਾਉਂਦੀ ਹੈ)

ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ॥

ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ॥

(ਜੀਵ ਉਹ ਕੀ ਕਰਦੇ ਹਨ ਜੋ ਉਹ ਉਨ੍ਹਾਂ ਤੋਂ ਕਰਾਉਂਦਾ ਹੈ। ਜਿਨ੍ਹਾਂ ਨੂੰ ਉਸ ਨੇ ਆਪਣੀ ਸਿਫ਼ਤ ਸਾਲਾਹ/ਜਪ/ਸਿਮਰਣ ਦੀ ਦਾਤ ਬਖਸ਼ ਕੇ ਆਪਣਾ ਬਨਾ ਲਿਆ ਹੈ ਉਹਨਾਂ ਨੂੰ ਧੰਨ ਕਹੀਏ।)

ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ॥

ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ॥

(ਪਰਮਾਤਮਾਂ ਮਨੁੱਖ ਨੂੰ ਆਪਣੀ ਮਰਜ਼ੀ ਅਨੁਸਾਰ ਜਪ ਤਪ ਸੰਜਮ ਧਿਆਨ ਕਰਨ ਨਾਲ ਨਹੀਂ ਮਿਲਦਾ। ਜੇ ਮਨਮਤ ਨਾਲ ਭਗਤੀ ਕੀਤਿਆਂ ਮਿਲਦਾ ਹੋਵੇ ਤਾਂ ਉਹ ਵਿਛੁੜ ਕੇ ਦੁਖੀ ਕਿਉਂ ਹੋਣ? ਪ੍ਰਭੁ, ਸਾਧ ਗੁਰੂ ਦੀ ਸੰਗਤਿ ਵਿੱਚ ਰਹ ਕੇ ਮਿਲਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਐਸੇ ਗੁਰਮੁਖਿ ਪ੍ਰਭੁ ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ॥ ੪॥

(ਗੁਰੂ ਜੀ ਕਹਿੰਦੇ ਹਨ ਕਿ ਜਿਸ ਦੇ ਮਸਤਕ ਤੇ ਪ੍ਰਭੁ ਨੂੰ ਮਿਲਨ ਦੇ ਭਾਗ ਜਾਗੇ ਹਨ ਉਹ ਹੀ ਉਸ ਨੂੰ ਮਿਲਦਾ ਹੈ ਤੇ ਆਨੰਦ ਖੇੜੇ ਦੀ ਅਵਸਥਾ ਮਾਣਦਾ ਹੈ।)

ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥

ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥

(ਗੁਰੂ ਜੀ ਹਾੜ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ ਕਿ ਹਾੜ ਦੀ ਤਪਸ਼ ਉਹਨਾਂ ਨੂੰ ਦੁੱਖ ਦਿੰਦੀ ਹੈ ਜੋ ਨਾਮੁ ਜਪ/ਸਿਮਰਨ ਨਹੀਂ ਕਰਦੇ ਤੇ ਪਤੀ ਪਰਮੇਸ਼ਰ ਨਾਲ ਨਹੀਂ ਜੁੜਦੇ, ਐਸੇ ਮਨੁੱਖ ਜਗਤ ਜੀਵਨ ਬਖਸ਼ਨ ਵਾਲੇ ਪ੍ਰਭੁ ਦਾ ਆਸਰਾ ਛਡ ਕੇ ਬੰਦਿਆ ਦੀਆਂ ਆਸਾਂ ਬਣਾਈ ਰੱਖਦੇ ਹਨ।)

ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ॥

ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥

(ਅਕਾਲ ਪੁਰਖ ਪ੍ਰਭੁ ਤੋਂ ਬਿਨਾਂ ਕਿਸੇ ਦੂਜੇ ਨਾਲ ਪ੍ਰੇਮ ਪਾਇਆਂ ਗਲ ਵਿੱਚ ਜਮ ਦੀ ਫਾਹੀ ਪੈਂਦੀ ਹੈ। ਮਨੁੱਖ ਦੇ ਮਸਤਕ ਤੇ ਕਰਮਾਂ ਦੇ ਜੋ ਲੇਖ ਲਿਖੇ ਹਨ ਉਹ ਵੈਸੇ ਕਰਮਾਂ ਦੀ ਬੀਜ ਹੀ ਬੀਜਦਾ ਹੈ ਤੇ ਉਸ ਨੂੰ ਵੈਸੇ ਹੀ ਕਰਮ ਫਲ ਪ੍ਰਾਪਤ ਹੁੰਦੇ ਹਨ।)

ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥

ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ॥

(ਜਿਸ ਜੀਵ ਇਸਤ੍ਰੀ ਨੇਂ ਸਾਧ ਗੁਰੂ ਦੀ ਸੰਗਤਿ ਨਹੀਂ ਕੀਤੀ ਉਹ ਜੀਵਨ ਦੀ ਰਾਤ ਖ਼ਤਮ ਹੋਣ ਤੇ ਸੰਸਾਰ ਤੋਂ ਨਿਰਾਸ ਹੋ ਕੇ ਜਾਂਦੀ ਹੈ। ਜਿਨ੍ਹਾਂ ਨੂੰ ਸਾਧ ਗੁਰੂ ਦੀ ਸੰਗਤਿ ਨਸੀਬ ਹੋਈ ਹੈ ਉਹ ਸਿਮਰਨ/ਭਗਤੀ ਕਰਦੇ ਹਨ ਉਹ ਪਰਮਾਤਮਾ ਦੀ ਹਜੂਰੀ ਵਿੱਚ ਸੁਰਖਰੂ ਹੁੰਦੇ ਹਨ ਤੇ ਪਰਵਾਨ ਹੁੰਦੇ ਹਨ।)

ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ॥

ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ॥

ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ॥ ੫॥

(ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਹੇ ਪ੍ਰਭੁ ਤੇਰੇ ਅੱਗੇ ਅਰਦਾਸ ਬੇਨਤੀ ਹੈ ਤੇਰੇ ਦਰਸ਼ਨ ਦੀ ਤਾਂਘ ਬਨੀਂ ਰਹੇ। ਹੇ ਪ੍ਰਭੁ ਤੈਥੋਂ ਬਿਨਾਂ ਦੂਜਾ ਕੋਈ ਨਹੀਂ। ਆਸਾੜ ਦਾ ਮਹੀਨਾ ਉਹਨਾਂ ਨੂੰ ਸੁਹਾਵਣਾ ਲੱਗਦਾ ਹੈ ਜੋ ਨਾਮ ਜਪ/ਸਿਮਰਨ ਕਰਦੇ ਹਨ ਤੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ।

ਉੱਪਰ ਦਾਸ ਨੇਂ ਬਾਰਾ ਮਾਹਾ ਦੇ ਪੰਜ ਮਹੀਨਿਆਂ ਦੇ ਅਰਥ ਵਿਚਾਰ ਕੀਤੇ ਹਨ। ਇਸ ਤੋਂ ਅਗਲੇ ਮਹੀਨਿਆਂ ਦੀ ਵਿਚਾਰ ਅਸੀਂ, ਤੀਜੀ ਕਿਸ਼ਤ ਵਿੱਚ ਕਰਾਂਗੇ।




.