.

ਸਿਖੀ ਸਿਖਿਆ ਗੁਰ ਵੀਚਾਰਿ।

(ਭਾਗ-ਚੌਥਾ)

ਸ੍ਰੀ ਗੁਰੂ ਨਾਨਕ ਦੇਵ ਜੀ ਨੇਂ ਸਾਨੂੰ ਪਹਿਲੀ ਪੱਟੀ ਪੜ੍ਹਾਈ ਸੀ, ਉਹਨਾਂ ਨੇਂ ਸਾਨੂੰ ਪ੍ਰਭੂ ਪ੍ਰਮਾਤਮਾਂ ਦੇ ਬਾਰੇ ਸੱਭ ਕੁੱਝ ਸਮਝਾ ਦਿੱਤਾ ਸੀ। ਸਾਨੂੰ ਪ੍ਰਮਾਤਮਾਂ ਦੀ ਕਥਾ ਸੁਨਾਈ ਸੀ। ਹਰੀ ਦੀ ਕਹਾਣੀਂ (ਕਥਾ) ਸਿਰਫ ਸਤਿਗੁਰੂ ਹੀ ਸੁਣਾ ਸੱਕਦਾ ਹੈ। “ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ” ਵੈਸੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਂ ਦਾ ਇੱਕ ਇਕ ਅੱਖਰ ਸਾਡੇ ਵਾਸਤੇ ਪੱਟੀ ਹੀ ਹੈ। ਪਰ ਅਸੀਂ ਤਾਂ ਅੱਖਰਾਂ ਵਿੱਚ ਹੀ ਉਲਝੇ ਹੋਇ ਹਾਂ, ਇਹਨਾਂ ਅੱਖਰਾਂ ਵਿੱਚ ਗੁਰੂ ਜੀ ਨੇਂ ਸਾਨੂੰ ਜੋ ਸਿਖਿਆ ਦਿੱਤੀ/ਪੱਟੀ ਪੜਾਈ ਹੈ, ਉਸ ਤੇ ਅਸੀਂ ਵਿਚਾਰ ਨਹੀਂ ਕਰਦੇ। ਸਾਨੂੰ ਅੱਖਰਾਂ ਦੀ ਥੋੜੀ ਜਿਹੀ ਪਹਿਚਾਨ ਕੀ ਆ ਗਈ, ਗੁਰੂ ਨਾਨਕ ਦੀ ਪੱਟੀ ਨੂੰ ਛੱਡ ਕੇ, ਅਸੀਂ ਸਾਰਿਆਂ ਨੇਂ ਆਪਣੀਆਂ ਆਪਣੀਆਂ ਪੱਟੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਹੋਰਨਾਂ ਨੂੰ ਵੀ ਪੜਾਉਣਾਂ ਸ਼ੁਰੂ ਕਰ ਦਿੱਤਾ। ਪੀੜ੍ਹੀ ਦਰ ਪੀੜੀ ਇਹੀ ਸਿਲਸਲਾ ਚੱਲਦਾ ਆ ਰਿਹਾ ਹੈ। ਅੱਲ੍ਹੜ (ਕੋਰੇ) ਮਨਾਂ ਤੇ ਮਾਂ ਪਿਉ ਦੀਆਂ ਗੱਲਾਂ (ਸਿਖਿਆ) ਦਾ ਉਨਾਂ ਅਸਰ ਨਹੀਂ ਹੁੰਦਾ, ਜਿਨਾਂ ਕੇ ਕੋਈ ਕਿਤਾਬ (ਜਾਂ ਕੋਈ ਵੀ ਲਿਖਤ) ਪੱੜ੍ਹ ਕੇ ਹੁੰਦਾ ਹੈ। ਬਲਕਿ ਬੱਚੇ ਜੱਦ ਥੋਹੜਾ ਬਹੁਤ ਪੱੜ੍ਹ ਜਾਂਦੇ ਹਨ, ਮਾਂ ਪਿਉ ਨੂੰ ਹੀ ਸਿੱਖਿਆ ਦੇਣੀਂ ਸ਼ੁਰੂ ਕਰ ਦੇਂਦੇ ਹਨ। ਕਹਿੰਦੇ ਹਨ, ਬਾਪੂ ਤੁਹਾਡਾ ਜਮਾਨਾਂ ਹੁਣ ਗਿਆ। (ਅਸੀਂ ਵੀ ਗੁਰੂ ਨੂੰ ਕਹਿ ਰਹੇ ਹਾਂ, ਗੁਰੂ ਜੀ ਆਹ ਜੋ ਤੁਸੀਂ ਕਹਿ ਰਹੇ ਹੋ, ਜੇ ਤੁਹਾਡੇ ਕਹਿਣੇਂ ਤੇ ਚੱਲੀਏ ਤਾਂ……. ।) ਇਸ ਵਾਸਤੇ ਹੀ ਅਸੀਂ ਗੁਰੂ ਦੀ ਪੱਟੀ ਪੱੜ੍ਹਨੀਂ ਛੱਡ ਦਿੱਤੀ। ਅਤੇ ਸੱਭ ਨੂੰ ਆਪਣੀਂ ਪੱਟੀ ਪੜ੍ਹਾ ਰਹੇ ਹਾਂ। ਅਸੀਂ ਵੀ ਬਚਪਨ ਤੋਂ ਲੈਕੇ ਅੱਜ ਤੱਕ ਕਈਆਂ ਦੀਆਂ ਲਿਖੀਆਂ ਹੋਈਆਂ ਪੱਟੀਆਂ (ਮਨਮੱਤ ਦੀਆਂ ਲਿਖੀਆਂ ਅਤੇ ਪੱੜ੍ਹੀਆਂ ਹੋਈਆਂ ਪੱਟੀਆਂ, ਸਾਡੇ ਸੰਸਕਾਰ ਬਨ ਗਈਆਂ ਹਨ, ਅਤੇ ਸਾਡੇ ਖੂਨ ਦੇ ਇੱਕ ਇਕ ਤੁਪਕੇ ਵਿੱਚ ਰਚ ਚੁੱਕੀਆਂ ਹਨ।) ਪੱੜ੍ਹੀਆਂ ਹਨ। ਪਰ ਅਸੀਂ ਗੁਰੂ ਦੀ ਪੱਟੀ ਅੱਜ ਤੱਕ ਨਹੀਂ ਪੜ੍ਹੀ। ਮਨਮੱਤ (ਝੂਠ) ਦੀਆਂ ਪੱਟੀਆਂ ਪੱੜ੍ਹਦੇ ਪੱੜ੍ਹਦੇ ਅਸੀਂ, ਆਪਣੇਂ ਬਚਪਨ ਤੋਂ ਲੈ ਕੇ ਅੱਜ ਇਸ ਅਵੱਸਥਾ ਨੂੰ ਪਹੁੰਚ ਚੁੱਕੇ ਹਾਂ, ਕਿ ਹੁਣ ਗੁਰੂ ਦੀ ਪੱਟੀ ਸਾਨੂੰ ਸੱ੍ਹਤਰਿਆਂ ਬ੍ਹੱਤਰਿਆਂ ਦੀਆਂ ਗੱਲਾਂ ਵਰਗੀ ਲੱਗਣ ਲੱਗ ਪਈ ਹੈ। ਜੋ ਸੱਚ ਹੈ ਉਹ ਝੂਠ ਜਾਪਣ ਲੱਗਾ ਹੈ ਅਤੇ ਜੋ ਝੂਠ ਹੈ ਉਸ ਨੂੰ ਸੱਚ ਕਰਕੇ ਜਾਣੀਂ ਬੈਠੇ ਹਾਂ। ਕਾਸ਼ ਕਿਸੇ ਨੇਂ ਸਾਨੂੰ ਗੁਰੂ ਦੀ ਪੱਟੀ ਬੱਚਪਨ ਤੋਂ ਹੀ ਪੜ੍ਹਾਈ ਹੁੰਦੀ।

ਬਚਪਨ ਦੀ ਗੱਲ ਯਾਦ ਆ ਗਈ, ਅਸੀਂ (ਮੇਰੇ ਸਾਰੇ ਦੋਸਤ) ਪਹਿਲੀ ਦੂਜੀ ਕਲਾਸ ਵਿੱਚ ਪੜ੍ਹਦੇ ਹੁੰਦੇ ਸੀ, ਕਿਸੇ ਦੀ ਫੱਟੀ ਅੰਬ ਦੀ ਲੱਕੜ ਦੀ ਬਣੀਂ ਹੁੰਦੀ ਸੀ, ਕਿਸੇ ਦੀ ਟਾਹਲੀ ਜਾਂ ਨਿੰਮ ਜਾਂ ਕਿਸੇ ਹੋਰ ਲੱਕੜ ਦੀ। ਸਾਰੇ ਹੀ ਬੱਚੇ ਆਪਣੀਂ ਫੱਟੀ ਨੂੰ ਦੂਜਿਆਂ ਨਾਲੋਂ ਪੱਕੀ ਕਹਿੰਦੇ ਸਨ। ਇਸ ਵਾਸਤੇ ਇੱਕ ਦੂਜੇ ਨਾਲ ਫੱਟੀਆਂ ਭਿੜਾਉਣੀਆਂ ਸ਼ੁਰੂ ਕਰ ਦੇਂਦੇ ਸਨ। ਇੱਕ ਬੱਚਾ ਆਪਣੀਂ ਫੱਟੀ ਨੀਚੇ ਰੱਖਦਾ, ਦੂਸਰਾ ਜੋਰ ਨਾਲ ਆਪਣੀਂ ਫੱਟੀ ਉਸ ਊਪਰ ਮਾਰਦਾ, ਇਸ ਤਰਾਂ ਵਾਰੀ ਵਾਰੀ ਕਰਦੇ। ਇਸ ਤਰਾਂ ਕਈਆਂ ਦੀਆਂ ਫੱਟੀਆਂ ਟੁੱਟ ਜਾਂਦੀਆਂ ਸਨ। ਜੇ ਕਿਤੇ ਆਪਸ ਵਿੱਚ ਝਗੜਾ ਹੋ ਜਾਂਦਾ, ਤਾਂ ਇਹਨਾਂ ਫੱਟੀਆਂ ਨਾਲ ਹੀ ਇੱਕ ਦੂਸਰੇ ਨੂੰ ਕੁੱਟ ਸੁਟਦੇ। ਉਹ ਤਾਂ ਸੀ ਬਚਪਨ ਦੀ ਗੱਲ, ਮਾਂ ਪਿਉ ਨੇਂ ਸਾਨੂੰ ਬੱਚਿਆਂ ਨੂੰ ਫੱਟੀਆਂ ਕਿਸ ਕੰਮ ਲਈ ਲੈ ਕੇ ਦਿੱਤੀਆਂ ਸਨ, ਪਰ ਅਸੀਂ ਬੱਚੇ ਉਹਨਾਂ ਦਾ ਇਸਤੇਮਾਲ ਕਿਸ ਕੰਮ ਵਾਸਤੇ ਕਰਦੇ ਸਾਂ।

ਗੁਰੂ ਨੇਂ ਸਾਨੂੰ ਵੀ ਇਹ ਫੱਟੀ, ਲੈ ਕੇ ਤਾਂ ਕਿਸੇ ਹੋਰ ਕੰਮ ਵਾਸਤੇ ਦਿੱਤੀ ਸੀ, ਪਰ ਦੇਖ ਲਵੋ ਵੀਰੋ ਅਸੀਂ ਇਸ ਫੱਟੀ ਦਾ ਇਸਤੇਮਾਲ ਕਿਸ ਕੰਮ ਵਾਸਤੇ ਕਰ ਰਹੇ ਹਾਂ। ਅੱਸੀਂ ਇਸ ਪੱਟੀ/ਫੱਟੀ ਨੂੰ ਆਪਣੇਂ ਮਤਲਬ ਦੇ ਹਜ਼ਾਰਾਂ ਹੀ ਕੰਮਾਂ ਵਾਸਤੇ ਵਰਤ ਰਹੇ ਹਾਂ।

ਸ੍ਰੀ ਗੁਰੂ ਨਾਨਕ ਦੇਵ ਜੀ ਨੇਂ ਸਾਨੂੰ ਜੋ ਪੱਟੀ ਪੜ੍ਹਾਈ, ਕਿਸੇ ਵਿਰਲੇ ਦੀ ਸਮਝ ਵਿੱਚ ਆਈ ਹੋਵੇ ਗੀ, ਜਾਂ ਕਿਸੇ ਵਿਰਲੇ ਨੇਂ ਗੁਰੂ ਜੀ ਦੇ ਬਚਨਾਂ ਨੂੰ ਸਤਿ ਕਰ ਕੇ ਮੰਨਿਆਂ ਹੋਵੇ ਗਾ। ਇਸ ਵਿੱਚ ਕੋਈ ਦੋ ਰਾਏ ਨਹੀਂ ਹੋ ਸੱਕਦੀ ਹੈ, ਕਿ ਗੁਰੂ ਨਾਨਕ ਦੇਵ ਜੀ ਤੋਂ ਬਾਦ ਸ੍ਰੀ ਗੁਰੂ ਅੰਗਦ ਦੇਵ ਜੀ, ਨੇਂ ਵੀ ਗੁਰੂ ਨਾਨਕ ਦੇਵ ਜੀ ਵਾਲੇ ਪੂਰਨੇਂ ਸੰਗਤਾਂ ਨੂੰ ਪੱਟੀਆਂ ਤੇ ਜਰੂਰ ਪੜ੍ਹਾਏ ਹੋਣ ਗੇ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਬਾਦ, ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ ਜੀ ਨੇਂ ਦੇਖਿਆ ਹੋਣਾਂ ਹੈ, ਕਿ ਬਹੁਤ ਘੱਟ ਲੋਕ ਹਨ, ਜੋ ਗੁਰੂ ਨਾਨਕ ਦੀ ਪੱਟੀ ਨੂੰ ਪੱੜ੍ਹਦੇ ਸੁਣਦੇ ਜਾਂ ਸਿੱਖਿਆ ਤੇ ਅਮਲ ਕਰਦੇ ਹਨ। ਇਸ ਵਾਸਤੇ ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ ਜੀ ਨੇਂ ਜੋ ਪੱਟੀ ਲਿਖੀ ਜਾਂ ਸਾਨੂੰ ਪੜ੍ਹਾਈ ਹੈ। ਇਹ ਗੁਰੂ ਨਾਨਕ ਦੇਵ ਜੀ ਵਾਲੀ ਪੱਟੀ ਨੂੰ ਨਾਂ ਮੰਨਣ (ਪੜ੍ਹਨ) ਵਾਲਿਆਂ ਵਾਸਤੇ ਇੱਕ ਸਬਕ ਹੈ।

ਗੁਰੂ ਨਾਨਕ ਦੇਵ ਜੀ ਨੇਂ ਆਪਣੀਂ ਪੱਟੀ ਵਿਚ, “ਮੂਲ” (ਪਰਮਾਤਮਾਂ) ਬਾਰੇ ਸਮਝਾਇਆ ਸੀ, ਕੇ ਪ੍ਰਮਾਤਮਾਂ ਕੀ/ਕੈਸਾ ਹੈ। ਉਸ ਨੇਂ ਜੀਵਾਂ ਨੂੰ ਕਿਵੇਂ ਦਾਤਾਂ ਦਾ ਮਿੱਠਾ ਜ਼ਹਿਰ ਖੁਆ ਕੇ, ਅਤੇ ਆਵਾਗਉਣ ਦੀ ਚੌਪੜ ਵਿਸ਼ਾ ਕੇ, ਸਾਰੇ ਹੀ ਸੰਸਾਰ ਨੂੰ ਅੱਗ ਅਤੇ ਈਂਧਨ ਦੇ ਖੇਲ ਵਿੱਚ ਪਾ ਰੱਖਿਆ ਹੋਇਆ ਹੈ। ਅਤੇ ਸ੍ਰੀ ਗੁਰੂ ਅਮਰ ਦਾਸ ਜੀ ਨੇਂ ਇਸ ਪੱਟੀ ਵਿਚ, ਆਮ ਕਰਕੇ ਉਹਨਾਂ ਲੋਕਾਂ ਨੂੰ ਚਿਤਾਵਨੀਂ ਕੀਤੀ ਹੈ, ਜਾਂ ਉਹਨਾਂ ਲੋਕਾਂ ਦੀ ਹਾਲਤ ਬਿਆਨ ਕੀਤੀ ਹੈ, ਜੋ ਗੁਰੂ ਨਾਨਕ ਦੇਵ ਜੀ ਦੇ ਪੂਰਨਿਆਂ ਤੋਂ ਹਟ ਗਏ ਸਨ, ਜਾਂ ਹਟ ਗਏ ਹਨ। ਜਾਂ ਜਿਨ੍ਹਾਂ ਨੇ ਗੁਰੂ ਨਾਨਕ ਦੀ ਮੱਤ ਜਾਂ ਸਿਖਿਆ ਨਹੀਂ ਲਈ। ਅਤੇ ਆਪ ਹੀ ਪਾਂਧੇ ਬਣ ਕੇ ਬੈਠ ਗਏ ਹਨ।

ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ ਜੀ ਦੀ ਪੱਟੀ, ਦੀ ਪਹਿਲੀ ਤੁਕ ਗੁਰੂ ਨਾਨਕ ਜੀ ਦੀ ਪੱਟੀ ਵੱਲ ਸਾਡਾ ਧਿਆਨ ਦਿਵਾਉਂਦੀ ਹੈ। ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ “ੳ” ਤੋਂ ਲੈਕੇ “ੜ” ਬੜੇ ਵਿਸਥਾਰ ਨਾਲ ਸਾਨੂੰ ਸਮਝਾਇਆ ਹੈ।

ੳ ਅ ੲ ਸ ਵਾਲੀਆਂ ਤੁਕਾਂ ਵਿੱਚ ਗੁਰੂ ਨਾਨਕ ਜੀ ਨੇਂ ਸਾਨੂੰ ਸਮਝਾਇਆ ਸੀ, ਕਿ ਇਹ ਜਗਤ ਦੀ ਸ਼ੁਰੂਆਤ ਕਿਵੇਂ ਹੋਈ। “ਅਯੋ ਅੰਙੈ ਸਭੁ ਜਗੁ ਆਇਆ”

ਅਤੇ ਕ ਖ ਗ ਘ ਵਾਲੀਆਂ ਤੁਕਾਂ ਵਿੱਚ ਗੁਰੂ ਨਾਨਕ ਜੀ ਨੇ ਸਾਨੂੰ ਸਮਝਾਇਆ ਸੀ ਕਿ ਕਿਵੇਂ ਪ੍ਰਭੂ ਨੇ ਸਾਰੇ ਸੰਸਾਰ ਵਾਸਤੇ ਕਾਲ ਦੀ ਮਸ਼ੀਨਰੀ ਤਿਆਰ ਕੀਤੀ ਹੈ। “ਕਾਖੈ ਘੰਙੈ ਕਾਲੁ ਭਇਆ”।

ਇਸ ਤੋਂ ਅਗਲੀ ਪੰਗਤੀ, “ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ”। ਇਸ ਪੰਗਤੀ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ, ਗੁਰੂ ਨਾਨਕ ਜੀ ਨੇ ਬਾਕੀ ਦੇ ਸਾਰੇ ਅੱਖਰਾਂ ਭਾਵ ਰ ਲ ਵ ੜ ਤੱਕ, ਸਾਨੂੰ ਸੱਭ ਕੁੱਝ ਸਮਝਾ ਦਿੱਤਾ ਸੀ, ਕੇ ਕਿਵੇਂ ਹਰੀ ਨੇਂ ਪਾਪਾਂ, ਕਰਮਾਂ, ਅਤੇ ਆਵਾਗਉਣ ਦੇ ਜਾਲ ਦਾ ਫਾਹਾ ਸਾਡੇ ਗਲ ਵਿੱਚ ਪਾ ਦਿੱਤਾ ਸੀ/ਹੈ। ਸੱਭ ਕੁੱਝ ਦੱਸਣ ਦੇ ਬਾਵਜੂਦ ਵੀ, ਅਸੀਂ ਕੁੱਝ ਨਹੀਂ ਸਮਝੇ, ਅਤੇ ਸੱਭ ਕੁੱਝ ਪੱੜ੍ਹ ਪੜ੍ਹਾ ਕੇ ਵੀ ਅਸੀਂ, ਫਿਰ ਵੀ ਔਗੁਣ ਹੀ ਔਗੁਣ ਇਕੱਠੇ ਕਰੀ ਜਾਂਦੇ ਹਾਂ। ਅਤੇ ਗੁਰੂ ਨਾਨਕ ਦੇਵ ਜੀ ਨੇਂ ਜੋ ਗੁਣ ਸਿਖਾਇਆਂ ਸੀ, ਭਾਵ ਜੋ ਸਿੱਖਿਆ ਦਿੱਤੀ ਸੀ, ਉਸ ਨੂੰ ਅਸੀਂ ਭੁਲਾ ਹੀ ਦਿੱਤਾ ਹੈ। ਇਸ ਵਾਸਤੇ ਗੁਰੂ ਅਮਰ ਦਾਸ ਜੀ ਮਹਾਂਰਾਜ, ਸਾਨੂੰ ਭੁੱਲਿਆਂ ਹੋਇਆਂ ਨੂੰ ਇੱਕ ਵਾਰ ਫਿਰ ਕਿਰਪਾ ਕਰਕੇ ਚਿਤਾਵਨੀਂ ਦੇਂਦੇ ਹਨ। ਦੁਬਾਰਾ ਪੱਟੀ ਪੜ੍ਹਾਉਦੇ ਹਨ, ਪਰ ਚਿਤਾਵਨੀ ਨੂੰ ਕੋਈ ਵਿਰਲਾ ਗੁਰਮੁਖ ਹੀ ਬੁੱਝੇ ਗਾ। ਕਿਉ ਕੇ ਅਸੀਂ ਗੁਰੂ ਨਾਨਕ ਦੀ ਸਿੱਖਿਆ ਦਾ, ਜਰਾ ਵੀ ਲਾਭ ਨਹੀਂ ਉਠਾਇਆ। ਇਸ ਵਾਸਤੇ ਗੁਰੂ ਅਮਰ ਦਾਸ ਜੀ ਮਹਾਂਰਾਜ ਨੇਂ ਇਸ ਪੱਟੀ ਵਾਲੇ ਸ਼ਬਦ ਵਿੱਚ ਸਾਨੂੰ ਗੱਲ ਗੱਲ ਨਾਲ, ਮੂਰਖ ਮੂਰਖ ਆਖਿਆ ਹੈ। ਪਰ ਸਾਨੂੰ ਜਰਾ ਨਹੀਂ ਲੱਗਦੀ।

ਰਾਗੁ ਆਸਾ ਮਹਲਾ ੩ ਪਟੀ ੴ ਸਤਿਗੁਰ ਪ੍ਰਸਾਦਿ॥

ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ॥ ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ॥ ੧॥

ਮਨ ਐਸਾ ਲੇਖਾ ਤੂੰ ਕੀ ਪੜਿਆ॥ ਲੇਖਾ ਦੇਣਾ ਤੇਰੈ ਸਿਰਿ ਰਹਿਆ॥ ੧॥ ਰਹਾਉ॥

ਇਹਨਾਂ ਅੱਖਰਾਂ ਨੂੰ ਪੱੜ੍ਹ ਪੱੜ੍ਹ ਕੇ ਆਪਣੇਂ ਮਨ ਵਿੱਚ ਗਿਆਨੀਂ ਹੋਣ ਦਾ ਭਰਮ ਪਾਲ ਲਿਆ, (ਗੁਰੂ ਜੀ ਕਹਿੰਦੇ ਹਨ) ਇਹਨਾਂ ਅੱਖਰਾਂ ਨੂੰ ਪੱੜ੍ਹਨ ਦਾ ਕੀ ਫਾਇਦਾ, ਲੇਖਾ ਤਾਂ ਤੇਰੇ ਸਿਰ ਜਿਉਂ ਦਾ ਤਿਉਂ ਖੜਾ ਹੈ।

ਸਿਧੰਙਾਇਐ ਸਿਮਰਹਿ ਨਾਹੀ ਨμਨੈ ਨਾ ਤੁਧੁ ਨਾਮੁ ਲਇਆ॥ ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ॥ ੨॥

ਨਾਂ ਤੇ ਤੂੰ ਗੁਰੂ ਦੀ ਬਖਸ਼ੀਸ਼ ਦਾ ਕਦੇ ਸਿਮਰਨ ਕੀਤਾ, ਅਤੇ ਨਾਂ ਹੀ ਕਦੇ ਨਾਮ ਦਾ ਜਾਪ ਕੀਤਾ ਹੈ, ਮੂਰਖ ਇੱਕ ਇਕ ਦਿਨ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਹੈ। ਵੇਲਾ ਨੇੜੇ ਆ ਰਿਹਾ ਹੈ, ਜਦੋਂ ਜਮਾਂ ਨੇਂ ਆਣ ਪਕੜਿਆ, ਤਾਂ ਜਮਾਂ ਤੋਂ ਕਿਵੇਂ ਛੁੱਟੇਂ ਗਾ।

ਬਬੈ ਬੂਝਹਿ ਨਾਹੀ ਮੂੜੇ ਭਰਮਿ ਭੁਲੇ ਤੇਰਾ ਜਨਮੁ ਗਇਆ॥ ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ॥ ੩॥

ਹੇ ਮੂਰਖ ਤੂੰ ਬੁੱਝਦਾ (ਸਮਝਦਾ) ਕਿਉਂ ਨਹੀਂ, ਭਰਮਾਂ ਵਿੱਚ ਭੁੱਲ ਕੇ ਤੂੰ ਆਪਣਾਂ ਜੀਵਨ ਐਵੇਂ ਹੀ ਬਰਬਾਦ ਕਰ ਲਿਆ ਹੈ। ਤੂੰ ਆਪਣੇਂ ਆਪ ਨੂੰ ਪਾਂਧਾ (ਰਾਹ ਦਿਖਾਉਣ ਵਾਲਾ) ਸਮਝਦਾ ਹੈਂ, ਖੁਦ ਤਾਂ ਤੂੰ ਅੱਖਾਂ ਤੋਂ ਅੱਨ੍ਹਾਂ ਹੈਂ। ਦੂਸਰਿਆਂ ਨੂੰ ਰਾਹ ਦਿਖਾਉਣ ਦਾ ਭਾਰ ਤੂੰ ਆਪਣੇਂ ਮੋਢਿਆਂ ਤੇ ਲੈ ਰਿਹਾ ਹੈਂ, ਦੂਸਰਿਆਂ ਨੂੰ ਰਾਹ ਕਿਵੇਂ ਦਿਖਾਏਂ ਗਾ,

ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ॥ ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ॥ ੪॥

ਮੂਰਖ ਹੋਸ਼ ਕਰ, ਪ੍ਰਮਾਤਮਾਂ ਨੇਂ ਤੈਨੂੰ ਅੱਨ੍ਹਾਂ ਕਰ ਰੱਖਿਆਂ ਹੈ। ਜਦ ਅੰਤ ਵੇਲਾ ਆਇਆ, ਤਾਂ ਬਹੁਤ ਪਛਤਾਵੇਂ ਗਾ। ਇੱਕ ਅੱਖਰ (ਜੋ ਸੰਸਾਰ ਦੀ ਕਿਸੇ ਭਾਸ਼ਾ ਲਿਪੀ ਵਿੱਚ ਨਹੀਂ ਆਉਂਦਾ) ਦੀ ਤੂੰ ਪਹਿਚਾਨ ਨਹੀਂ ਕੀਤੀ, (ਜਿਸ ਦਾ ਫਲ ਜਾਂ ਸਜਾ ਤੈਨੂੰ ਮਿਲੇ ਗੀ) ਇਸ ਵਾਸਤੇ ਬਾਰ ਬਾਰ ਚੌਰਾਸੀ ਲੱਖ ਜੂਨੀਂ ਵਿਚ, ਜੰਮਦਾ ਰਹੇਂ ਗਾ ਮਰਦਾ ਰਹੇਂਗਾ।

ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨਸਿਖਾਲਿ ਬਿਖਿਆ॥ ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ॥ ੫॥

ਦੂਸਰਿਆਂ ਨੂੰ ਪੜ੍ਹਾਂਉਣ ਵਾਲਿਆ, ਪਹਿਲੋਂ ਆਪਣੇਂ ਸਿਰ ਦੇ ਲੇਖਾਂ ਦਾ ਕਰਜ਼ਾ ਪੱੜ੍ਹ, ਭਰਾਵਾ ਕਿਰਪਾ ਕਰ, ਤੇ ਦੂਸਰਿਆਂ ਨੂੰ ਇਹ ਜ਼ਹਿਰ ਨਾਂ ਖੂਆ। ਆਪਣੇਂ ਗਲ ਵਿੱਚ ਤਾਂ ਤੂੰ ਫਾਹਾ ਪਾਇਆ ਹੀ ਹੋਇਆ ਹੈ, ਦੂਸਰਿਆਂ ਦੇ ਗਲ ਵਿੱਚ ਵੀ ਪਾਈ ਜਾਂਦਾ ਹੈ।

(ਬਾਣੀਂ ਦੇ ਸਾਰੇ ਸ਼ਬਦ ਵਿੱਚ ਕਿਤੇ ਜੇ ਇੱਕ ਲਾਈਨ ਵਿੱਚ ਬ੍ਰਾਹਮਣ ਦਾ ਨਾਂ ਆ ਜਾਵੇ ਤਾਂ ਅਸੀਂ ਸਾਰੇ ਸ਼ਬਦ ਦੀ ਸਿਖਿਆ ਬ੍ਰਾਹਮਣਾਂ ਦੀ ਝੋਲੀ ਵਿੱਚ ਪਾ ਦੇਂਦੇ ਹਾਂ। ਊਪਰ ਵਾਲੀਆਂ ਪੰਗਤੀਆਂ, ਅਤੇ ਇਸ ਤੋਂ ਹੇਠਲੀਆਂ ਪੰਗਤੀਆਂ, ਵੇਖਣ ਨੂੰ ਤਾਂ ਇਕੋ ਕੜੀ (ਮਜ਼ਬੂਨ) ਦੀਆਂ ਲੱਗਦੀਆਂ ਹਨ। ਪਰ ਜੇ ਬਰੀਕੀ ਨਾਲ ਵਿਚਾਰ ਕੀਤੀ ਜਾਵੇ ਤਾਂ, ਊਪਰ ਵਾਲੀਆਂ ਪੰਗਤੀਆਂ ਦਾ ਵਿਸ਼ਾਂ, “ਪਾਂਧੇ ਅਤੇ ਚਾਟੜਿਆ” ਵਿਚਾਲੇ ਦਾ ਵਿਸ਼ਾ ਹੈ। ਅਤੇ ਅਗਲੀਆਂ ਪੰਗਤੀਆਂ ਦਾ ਵਿਸ਼ਾ “ਜਜਮਾਨ ਅਤੇ ਪਰੋਹਿਤ” ਵਿਚਾਲੇ ਦਾ ਹੈ। ਗਿਆਨ ਦੀ ਵਿਦਿਆ ਪੜ੍ਹਾਉਣ ਵਾਲਿਆਂ ਤੋਂ ਬਾਦ ਅੱਗੇ ਹੁਣ ਗੁਰੂ ਜੀ ਉਹਨਾਂ ਨੂੰ ਸਮਝਾਉਂਦੇ ਹਨ, ਜੋ ਧਨ ਦੀ ਖਾਤਰ ਆਪਣੇਂ ਸਾਰੇ ਅਸੂਲ ਛਿੱਕੇ ਟੰਗ ਦੇਂਦੇ ਹਨ। ਧਨ ਦੀ ਖਾਤਰ ਗਿਆਨ ਵੇਚਦੇ ਵੀ ਹਨ, ਅਤੇ ਭੋਲੇ ਲੋਕਾਂ ਨੂੰ ਧਰਮਾਂ ਕਰਮਾਂ ਭਰਮਾਂ ਵਿੱਚ ਪਾਕੇ, ਉਲਟੇ ਰਾਹੇ ਵੀ ਪਾਈ ਜਾਂਦੇ ਹਨ। ਪਰ ਗੁਰੂ ਦੀ ਸਿੱਖਿਆ ਦੋਹਾਂ ਧੰਦਿਆਂ ਵਾਲਿਆਂ ਵਾਸਤੇ ਇੱਕ ਹੀ ਹੈ। ਦੋਵੇਂ ਹੀ ਧੰਦੇ ਇਸ ਵੇਲੇ ਜੋਰਾਂ ਤੇ ਹਨ। ਇੱਕ ਅਖਾਣ ਹੈ, “ਕਿਸੇ ਨੇਂ ਪੋਥੀ ਵਾਹ ਲਈ, ਕਿਸੇ ਨੇਂ ਖੋਤੀ ਵਾਹ ਲਈ”। ਮੁੱਖ ਮਕਸਦ ਧੰਨ ਦੋਲਤ, ਅਤੇ ਇੱਜਤ ਸ਼ੋਹਰਤ ਹਾਸਲ ਕਰਨਾਂ ਹੈ)

ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ॥ ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ॥ ੬॥

ਹੇ ਮੂਰਖ ਮਾਇਆ ਦੀ ਖਾਤਰ ਤੂੰ ਹੋਰ ਤਾਂ ਜੋ ਕੀਤਾ ਸੋ ਕੀਤਾ, ਪਰ ਤੂੰ ਆਪਣੇਂ ਜਜਮਾਨ ਦੀ ਪੁੱਤਰੀ ਦਾ ਵਿਆਹ ਕਰਾਉਣ ਬਦਲੇ ਧਨ ਲੈ ਕੇ ਬਹੁਤ ਬੁਰਾ ਕੀਤਾ ਹੈ। ਜਜਮਾਨ ਦੀ ਧੀ ਤੇਰੀ ਵੀ ਤਾਂ ਧੀ ਸੀ, ਇਹ ਧਨ ਲੈ ਕੇ ਤੂੰ ਆਪਣੀਂ ਧੀ ਦਾ ਧਾਨ ਖਾਧਾ ਹੈ। ਇਸ ਵਾਸਤੇ ਹੇ ਦੂਸਰਿਆਂ ਨੂੰ ਮੱਤਾਂ ਦੇਣ ਵਾਲੇ ਤੂੰ ਤੇ ਆਪਣਾਂ ਜਨਮ ਹੀ ਭ੍ਰਿਸ਼ਟ ਕਰ ਲਿਆ ਹੈ।

ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗੁ ਪਇਆ॥ ਅੰਤਰ ਆਤਮੈ ਬ੍ਰਹਮੁ ਨ ਚੀਨਿੑਆ ਮਾਇਆ ਕਾ ਮੁਹਤਾਜੁ ਭਇਆ॥ ੭॥

ਹੰਕਾਰ ਨੇਂ ਤੇਰੀ ਬੁੱਧੀ ਖਾ ਲਈ ਹੈ। ਤੇਰੇ ਤਾਂ ਅੰਦਰ ਖੁਦ ਪ੍ਰਮਾਤਮਾਂ ਬੈਠਾ ਹੋਇਆ ਸੀ, ਤੇਰੀ ਆਤਮਾਂ ਉਸ ਨੂੰ ਪਹਿਚਾਨ ਨਾਂ ਸਕੀ, ਅਤੇ ਤੂੰ ਮਾਇਆ ਦਾ ਗੁਲਾਮ ਬਣ ਗਿਆ ਹੈਂ।

ਕਕੈ ਕਾਮਿ ਕ੍ਰੋਧਿ ਭਰਮਿਓਹੁ ਮੂੜੇ ਮਮਤਾ ਲਾਗੇ ਤੁਧੁ ਹਰਿ ਵਿਸਰਿਆ॥ ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ॥ ੮॥

ਕਾਮ, ਕ੍ਰੋਧ ਆਦਿ ਪੰਜ ਦੂਤਾਂ ਨੇਂ ਤੈਨੂੰ ਘੇਰ ਲਿਆ ਹੈ, ਮੋਹ ਮੰਮਤਾ ਦੇ ਜਾਲ ਵਿੱਚ ਫਸ ਕੇ ਤੂੰ ਹਰੀ ਨੂੰ ਵਿਸਾਰ ਦਿੱਤਾ। ਤੂੰ ਗ੍ਰੰਥ ਪੋਥੀਆਂ ਨੂੰ ਪੜ੍ਹਨ ਅਤੇ ਵਿਚਾਰਨ ਦੀ ਵੀ ਕੋਈ ਕਸਰ ਨਹੀਂ ਛੱਡੀ। ਪੱੜ੍ਹ ਪੱੜ੍ਹ ਕੇ ਤੂੰ ਆਪ ਵੀ ਬਹੁਤ ਪੁਕਾਰਾਂ (ਮਨਮਤ ਭਗਤੀਆਂ) ਕੀਤੀਆਂ, ਅਤੇ ਹੋਰਨਾਂ ਨੂੰ ਵੀ ਇਹੋ ਮੱਤਾਂ ਦਿੱਤੀਆਂ, ਪਰ ਮੂਲ ਨੂੰ ਨਹੀਂ ਬੁੱਝਿਆ। ਇਸ ਵਾਸਤੇ ਅਖੀਰ ਤੂੰ ਇਸ ਭਵ ਸਾਗਰ ਵਿਚ, ਡੁੱਬ ਕੇ ਮਰ ਗਿਆ/ਜਾਵੇਂ ਗਾ।

ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ ਹੋਆ॥ ਘਘੈ ਘਰਿ ਘਰਿ ਫਿਰਹਿ ਤੂੰ ਮੂੜੇ ਦਦੈ ਦਾਨੁ ਨ ਤੁਧੁ ਲਇਆ॥ ੯॥

ਲਾਲਚ ਕਰ ਕਰ ਕੇ ਤੂੰ ਆਪਣਾਂ ਹਿਰਦਾ (ਅੰਦਰ) ਗੰਦ ਨਾਲ ਭਰ ਲਿਆ ਹੋਇਆ ਹੈ। ਰੋਟੀ ਰੋਜ਼ੀ ਵਾਸਤੇ ਤੂੰ ਘਰ ਘਰ ਦਾਨ ਮੰਗਦਾ ਫਿਰ ਰਿਹਾ ਹੈਂ। ਪਰ ਜੋ ਦਾਨ ਦਾਤੇ (ਪ੍ਰਭੂ) ਤੋਂ ਲੈਣਾਂ ਸੀ, ਉਹ ਦਾਨ ਤੂੰ ਨਹੀਂ ਲਇਆ।

ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ॥ ਸਚੈ ਆਪਿ ਖੁਆਇਓਹੁ ਮੂੜੇ ਇਹੁ ਸਿਰਿ ਤੇਰੈ ਲੇਖੁ ਪਇਆ॥ ੧੦॥

ਮੂਰਖ ਇਸੇ ਵਾਸਤੇ ਤੂੰ ਪ੍ਰਭੂ ਦੇ ਪਰਪੰਚ (ਪਸਾਰੇ ਦਾ ਜਾਲ) ਵਿੱਚ ਉਲਝਿਆ (ਫਸਿਆ) ਹੋਇਆ, ਅਜੇ ਤੱਕ ਪਾਰ ਨਹੀਂ ਲੱਗ ਸੱਕਿਆ। ਉਸ ਸੱਚੇ ਪ੍ਰਭੂ ਨੇਂ ਤੇਰੀ ਬੁੱਧੀ ਭ੍ਰਿਸ਼ਟ ਕਰਕੇ, ਤੈਨੂੰ ਆਪ ਹੀ ਪੁੱਠੇ ਪਾਸੇ ਲਾਇਆ ਹੋਇਆ ਹੈ। ਪਰ ਇਹ ਲੇਖਾ (ਭਾਰ) ਤਾਂ ਤੇਰੇ ਸਿਰ ਹੈ। (ਪਰ ਯਾਦ ਰੱਖ ਹਿਸਾਬ ਇਸ ਦਾ ਤੈਨੂੰ ਹੀ ਦੇਣਾਂ ਪੈਣਾਂ ਹੈ, ਇਸ ਦਾ ਹਿਸਾਬ ਹਰੀ ਨੇਂ ਨਹੀਂ ਦੇਣਾਂ।)

ਭਭੈ ਭਵਜਲਿ ਡੁਬੋਹੁ ਮੂੜੇ ਮਾਇਆ ਵਿਚਿ ਗਲਤਾਨੁ ਭਇਆ॥ ਗੁਰ ਪਰਸਾਦੀ ਏਕੋ ਜਾਣੈ ਏਕ ਘੜੀ ਮਹਿ ਪਾਰਿ ਪਇਆ॥ ੧੧॥

ਹੇ ਜੁਗਾਂਤਰਾਂ ਤੋਂ ਭਵ ਸਾਗਰ ਵਿੱਚ ਗੋਤੇ ਖਾ ਰਹੇ, ਅਤੇ ਮਾਇਆ ਵਿੱਚ ਨਕੋ ਨੱਕ ਡੁੱਬੇ ਹੋਇ ਮੂਰਖ ਬੰਦੇ, ਗੂਰੂ ਤੋਂ ਬਖਸ਼ੀਸ਼ ਲੈ ਕੇ ਉਸ ਇੱਕ ਪ੍ਰਭੂ ਨੂੰ ਜਾਣ ਲੈ, ਇੱਕ ਘੜੀ ਵਿੱਚ ਮਾਇਆ ਦੇ ਜਾਲ ਵਿਚੋਂ ਵੀ ਨਿਕਲ ਜਾਵੇਂ ਗਾ, ਅਤੇ ਭਵ ਸਾਗਰ ਤੋਂ ਵੀ ਪਾਰ ਲੰਘ ਜਾਵੇਂ ਗਾ।

ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ ਵੀਸਰਿਆ॥ ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ॥ ੧੨॥

ਜੁਗਾਂਤਰਾਂ ਤੋਂ ਤੂੰ ਪ੍ਰਭੂ ਨੂੰ ਵਿਸਾਰ ਕੇ ਦੁਖ ਭੋਗੇ ਹਨ, ਹੁਣ ਇੱਕ ਵਾਰ ਫਿਰ ਵੇਲਾ (ਮੌਕਾ) (ਮਨੁੱਖਾ ਜਨਮ) ਤੇਰੇ ਹੱਥ ਅਇਆ ਹੈ। ਜੇ ਤੂੰ ਇਸ ਵੇਲੇ ਦੀ ਵੀ ਸਮ੍ਹਾਲ ਨਾਂ ਕੀਤੀ, ਤਾਂ ਫਿਰ ਜੁਗਾਂਤਰਾਂ ਤੱਕ ਜਮਾਂ ਦੇ ਹੱਥਾਂ ਵਿੱਚ ਚਲਿਆ ਜਾਵੇਂ ਗਾ।

ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ॥ ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ॥ ੧੩॥

ਮੂਰਖ ਬੰਦੇ ਤੂੰ ਇੱਕ ਵਾਰ ਕਿਤੇ ਸਤਿਗੁਰ ਦਾ ਉਪਦੇਸ਼ (ਮੱਤ) ਸੁਣ ਕੇ ਤਾਂ ਵੇਖ, ਫਿਰ ਤੈਨੂੰ ਕਦੇ ਵੀ ਪਛਤਾਉਣਾਂ ਨਹੀਂ ਪਵੇ ਗਾ। ਗੁਰੂ ਕੈਸਾ ਹੋਵੇ, ਉਹ ਸਤਿਗੁਰੂ ਹੋਵੇ, ਝੂਠਾ ਗੁਰੂ ਨਹੀਂ। ਇਸ ਪੰਗਤੀ ਵਿੱਚ ਗੁਰੂ ਅਮਰ ਦਾਸ ਜੀ ਸਮਝਾਉਂਦੇ ਹਨ, ਜਿਸ ਦਾ ਗੁਰੂ ਨਹੀਂ ਉਸ ਦਾ ਤਾਂ ਨਾਂ ਲੈਣਾਂ ਵੀ ਮਾੜਾ ਹੈ, ਪਾਪ ਹੈ।

ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ॥ ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ॥ ੧॥

ਧਧੈ ਧਾਵਤ ਵਰਜਿ ਰਖੁ ਮੂੜੇ ਅੰਤਰਿ ਤੇਰੈ ਨਿਧਾਨੁ ਪਇਆ॥ ਗੁਰਮੁਖਿ ਹੋਵਹਿ ਤਾ ਹਰਿ ਰਸੁ ਪੀਵਹਿ ਜੁਗਾ ਜੁਗੰਤਰਿ ਖਾਹਿ ਪਇਆ॥ ੧੪॥

ਹੇ ਮੂਰਖ ਤੇਰਾ ਮਨ ਤੈਨੂੰ ਬਾਹਰ ਭਟਕਾਈ ਫਿਰਦਾ ਹੈ, (ਮੰਗਤਿਆਂ ਵਾਗੂੰ ਬਾਹਰ ਮੰਗਦਾ ਫਿਰਦਾ ਹੈਂ) ਮੂਰਖ ਖਜਾਨਾਂ ਤਾਂ ਤੇਰੇ ਘਰ ਵਿੱਚ ਹੀ ਪਿਆ ਹੋਇਆ ਹੈ। ਪਹਿਲੇ ਗੁਰਮੁਖ ਬਣ, ਫਿਰ ਉਹ ਖਜ਼ਾਨਾਂ (ਹਰੀ ਰਸ) ਤੈਨੂੰ ਮਿਲੇ ਗਾ, ਫਿਰ ਉਹ ਖਜ਼ਾਨਾਂ ਜੁਗਾਂ ਜੁਗਾਂਤਰਾਂ ਤਕ ਵੀ ਖਾਧਿਆਂ ਖਰਚਿਆਂ ਤੇਰੇ ਪਾਸੋਂ ਮੁੱਕੇ ਗਾ ਨਹੀਂ।

ਮਃ ੩॥ ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ॥ ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ॥ ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ॥ ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ॥ (੬੩੬)

ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ॥ ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ॥ ੧੫॥

ਹੇ ਮੂਰਖ ਬੰਦੇ, (ਜੇ ਉਹ ਖਜ਼ਾਨਾਂ ਹਾਸਲ ਕਰਨਾਂ ਹੈ) ਉਸ ਗੋਬਿੰਦ ਨੂੰ ਆਪਣੇਂ ਚਿੱਤ ਦੇ ਅੰਦਰ ਧਾਰ ਲੈ। ਖਾਲੀ ਗੱਲਾਂ ਨਾਲ ਕੰਮ ਨਹੀਂ ਸਰਨਾਂ। ਗੁਰੂ ਦੇ ਚਰਨ ਘੁੱਟ ਕੇ ਪਕੜ ਲੈ ਮੂਰਖ, ਗੁਰੂ ਤੇਰੇ ਪਿਛਲੇ (ਜੁਗਾਂ ਜੁਗਾਂਤਰਾਂ) ਦੇ ਸਾਰੇ ਹੀ ਗੁਨਾਹ ਪਾਪ ਬਖਸ਼ ਦੇਵੇ ਗਾ।

ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ॥ ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ॥ ੧੬॥

ਹੇ ਮੂਰਖ ਹਰੀ ਕੀ ਕਥਾ ਬੁੱਝ (ਜੋ ਕਥਾ ਤੈਨੂੰ ਗੁਰੂ ਨਾਨਕ ਨੇਂ ਪੱਟੀ ਤੇ ਪੜ੍ਹਾਈ ਹੈ) ਜੇ ਉਸ ਨੂੰ ਬੁੱਝ ਲਵੇਂ ਗਾ, ਤਾਂ ਸਦਾ ਵਾਸਤੇ ਸੁਖਾਂ ਨੂੰ ਪ੍ਰਾਪਤ ਕਰ ਲਵੇਂ ਗਾ। ਗੁਰੂ ਨੇ ਹੀ ਸੱਭ ਦੁਖਾਂ ਦਾ ਨਾਸ ਕਰਨਾਂ ਹੈ, ਗੁਰੂ ਤੋਂ ਬਿਨਾਂ ਮੁਕਤੀ ਨਹੀਂ। ਜਿਹੜੇ ਮਨਮੁਖ ਹਨ, (ਜਿਹੜੇ ਕਹਿੰਦੇ ਹਨ, ਗੁਰੂ ਜੀ ਆਹ ਜੋ ਤੁਸੀਂ ਕਹਿ ਰਹੇ ਹੋ, ਜੇ ਤੁਹਾਡੇ ਕਹਿਣੇਂ ਤੇ ਚੱਲੀਏ ਤਾਂ ਫਿਰ ਤਾਂ……. ।) ਉਹ ਜਿਤਨਾਂ ਹੀ ਪੜ੍ਹਨ ਗੇ, ਉਤਨਾਂ ਹੀ ਦੁੱਖਾਂ ਨੂੰ ਸੱਦਾ ਦੇਣ ਗੇ। ਦੁੱਖ ਉਹਨਾਂ ਨੂੰ ਘੇਰ ਲੈਣ ਗੇ। (ਅਤੇ ਜਿਹੜੇ ਉਹਨਾਂ ਦਾ ਪੜ੍ਹਿਆ ਸੁਣਨ ਗੇ, ਉਹ ਵੀ…) ਮੂਰਖ ਹੋਇ ਸੁਣੇ ਮੂਰਖ ਕਾ ਕਹਿਣਾ

ਰਾਰੈ ਰਾਮੁ ਚਿਤਿ ਕਰਿ ਮੂੜੇ ਹਿਰਦੈ ਜਿਨੑ ਕੈ ਰਵਿ ਰਹਿਆ॥ ਗੁਰ ਪਰਸਾਦੀ ਜਿਨੀੑ ਰਾਮੁ ਪਛਾਤਾ ਨਿਰਗੁਣ ਰਾਮੁ ਤਿਨੀੑ ਬੂਝਿ ਲਹਿਆ॥ ੧੭॥

ਹੇ ਮੂਰਖ ਜਿਨਾਂ ਦੇ ਹਿਰਦੇ ਵਿੱਚ ਪ੍ਰਭੂ ਵੱਸ ਰਹਿਆ ਹੈ, ਉਹਨਾਂ ਨਾਲ ਮਿਲਕੇ ਤੂੰ ਵੀ ਰਾਮ ਨੂੰ ਆਪਣੇਂ ਚਿੱਤ ਵਿੱਚ ਵਸਾ ਲੈ। ਗੁਰੂ ਦੀ ਕਿਰਪਾ ਨਾਲ ਜਿਨਾਂ ਨੇ ਹਰੀ ਦੀ ਪਛਾਣ ਕਰ ਲਈ ਹੈ, ਉਹਨਾਂ ਨੇਂ ਉਸ ਨਿਰਗੁਣ (ਰੰਗ ਨਾਂ ਰੇਖ ਨਾਂ ਰੂਪ ਨਿਰਾਕਾਰ) ਹਰੀ ਨੂੰ ਬੁੱਝ ਲਿਆ ਹੈ। (ਜਿਸ ਨੂੰ ਕੇ ਲੋਕ ਕਹਿੰਦੇ ਹਨ, ਕਿ ਉਸ ਨੂੰ ਤਾਂ ਕੋਈ ਦੇਖ ਹੀ ਨਹੀਂ ਸੱਕਦਾ, ਉਸ ਨੂੰ ਵੀ ਦੇਖ ਲਿਆ)

ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ॥ ਨਾਨਕ ਜਿਨੑ ਕਉ ਸਤਿਗੁਰੁ ਮਿਲਿਆ ਤਿਨੑ ਕਾ ਲੇਖਾ ਨਿਬੜਿਆ॥ ੧੮॥ ੧॥ ੨॥

ਅਖੀਰ ਤੇ ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ ਜੀ ਕਹਿੰਦੇ ਹਨ, ਹੇ ਹਰੀ ਤੇਰਾ ਅੰਤ ਕੋਈ ਨਹੀਂ ਜਾਣ ਸੱਕਦਾ (ਇਹ ਗੱਲ ਗੁਰਮੁਖਾਂ ਤੇ ਲਾਗੂ ਨਹੀਂ ਹੁੰਦੀ)

ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ॥ ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ॥ (੪੪੮)

ਤੇਰੀ ਮਹਿਮਾਂ ਕਹਿਣ ਸੁਣਨ ਤੋਂ ਬਾਹਰ ਹੈ। ਕੋਈ ਬਿਆਨ ਨਹੀਂ ਕਰ ਸੱਕਦਾ। (ਇਹ ਸੱਚ ਹੈ, ਜਿਨ੍ਹਾਂ ਗੁਰਮੁਖਾਂ ਨੇ ਹਰੀ ਨੂੰ ਵੇਖ ਵੀ ਲਿਆ ਹੈ, ਉਹ ਵੀ ਹਰੀ ਦੀ ਮਹਿਮਾਂ (ਭੇਦ), ਲਿਖ ਲਿਖ ਕੇ ਜਾਂ ਜੁਬਾਨ ਨਾਲ ਕਿਨੀਂ ਕੂ ਬਿਅਨ ਕਰ ਲੈਣ ਗੇ, (ਪਰ ਉਹ ਸੱਭ ਕੁੱਝ ਜਾਣਦੇ ਹਨ) , ਜਿਨ੍ਹਾਂ ਨੂੰ ਹੋਰ ਵੀ ਜਿਆਦਾ ਜਾਨਣ ਦਾ ਸ਼ੌਕ ਹੈ, ਉਹ ਗੁਰੂ ਨੂੰ ਮਿਲ ਕੇ ਆਪਣੀਆਂ ਅੱਖਾਂ ਨਾਲ ਹਰੀ ਦੀ ਪੂਰੀ ਦੀ ਪੂਰੀ ਮਹਿਮਾਂ (ਭੇਦ) ਵੇਖ ਸੱਕਦੇ ਹਨ।

“ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ ਬਿਨੁ ਗੁਰ ਮਗੁ ਨ ਪਾਏ॥ ਨਾਨਕ ਸਤਿਗੁਰੁ ਮਿਲੈ ਤ ਅਖੀ ਵੇਖੈ ਘਰੈ ਅੰਦਰਿ ਸਚੁ ਪਾਏ” (੬੦੩) ਗੁਰਮੁਖ ਖੁਦ ਵੀ ਹਰੀ ਨੂੰ ਵੇਖ ਸੱਕਦੇ ਹਨ। ਅਤੇ ਉਹ ਦੂਸਰਿਆਂ ਨੂੰ ਵੀ ਵਿਖਾਲ ਸੱਕਦੇ ਹਨ।

ਗੁਰੂ ਜੀ ਫਰਮਾਉਂਦੇ ਹਨ, ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲ ਗਿਆ, ਉਹਨਾਂ ਦਾ ਲੇਖਾਂ (ਧਰਮਰਾਜ ਦੀਆਂ ਵਹੀਆਂ ਵਿਚੋਂ) ਸਾਫ ਹੋ ਜਾਂਦਾ ਹੈ। ਫਿਰ ਉਹਨਾਂ ਦੇ ਸਿਰ ਕਿਸੇ ਕਿਸਮ ਦਾ ਕਰਜ਼ ਨਹੀਂ ਰਹਿੰਦਾ। ਅਤੇ ਉਹ ਆਵਾਗਉਣ (ਚੌਪੜ) ਤੋਂ ਬਾਹਰ ਹੋ ਜਾਂਦੇ ਹਨ।

ਬਿਨੁ ਬੂਝੇ ਵਡਾ ਫੇਰੁ ਪਇਆ ਫਿਰਿ ਆਵੈ ਜਾਈ॥ ਸਤਿਗੁਰ ਕੀ ਸੇਵਾ ਨ ਕੀਤੀਆ ਅੰਤਿ ਗਇਆ ਪਛੁਤਾਈ॥ (੫੧੧)

ਬਲਦੇਵ ਸਿੰਘ ੧੭-੧੦-੨੦੧੦
.