.

ਸਿੱਖ ਧਰਮ

ਸਿਧਾਂਤ, ਵਰਤੋਂ ਅਤੇ ਢੰਗ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਸਿੱਖ ਧਰਮ, ਨਿਰੋਲ ਗੁਰਬਾਣੀ ਆਧਾਰਿਤ ਸਿਧਾਂਤਕ ਅਤੇ ਅੰਤਰ-ਰਾਸ਼ਟਰੀ ਪੱਧਰ ਦਾ ਧਰਮ ਹੈ। ਇਸ ਲਈ ਇਸ ਧਰਮ `ਚ ਕਿਸੇ ਮਨੁੱਖ ਦੇ ਧਰਮੀ ਭਾਵ ਸਿੱਖ ਹੋਣ ਲਈ, ਉਸ ਨੂੰ ਇਸ ਧਰਮ ਦੇ ਤਿੰਨ ਪੱਖਾਂ ਤੋਂ ਸੁਚੇਤ ਰਹਿਣਾ ਜ਼ਰੂਰੀ ਹੈ ਜੋ ਅੱਜ ਉੱਕਾ ਨਹੀਂ ਹੋ ਰਿਹਾ। ਅਜਿਹਾ ਨਾ ਨਿਜੀ ਪਧਰ `ਤੇ ਹੋ ਰਿਹਾ ਹੈ, ਨਾ ਪ੍ਰਬੰਧਕੀ, ਨਾ ਪੰਥਕ ਤੇ ਨਾ ਪ੍ਰਚਾਰਕ ਤੱਲ `ਤੇ। ਦਰਅਸਲ ਇਹੀ ਮੁੱਖ ਕਾਰਨ ਹੈ ਜਿਸ ਤੋਂ ਅੱਜ ਸਾਡੀ ਕੌਮ ਤੇਜ਼ੀ ਨਾਲ ਰਸਾਤਲ ਨੂੰ ਜਾ ਰਹੀ ਹੈ। ਇਹ ਤਿੰਨ ਪੱਖ ਹਨ:-

(੧) ਸਿਧਾਂਤ (੨) ਵਰਤੋਂ (੩) ਢੰਗ (ਯੁਕਤੀ)

ਇਹ ਹਨ (੧) ਗੁਰਬਾਣੀ ਦਾ ਸਿਧਾਂਤਕ ਪੱਖ (੨) ਗੁਰਬਾਣੀ ਸਿਧਾਂਤਾਂ ਦੀ ਹਰੇਕ ਪਧਰ `ਤੇ ਵਰਤੋਂ। ਜਦਕਿ ਵਰਤੋਂ ਦੇ ਵੀ ਦੋ ਪੱਖ ਹਨ (ੳ) ਸਿੱਖ ਇਤਹਾਸ (ਅ) ਸਿੱਖ ਦਾ ਅਜੋਕਾ ਜੀਵਨ ਤੇ ਰਹਿਣ-ਸਹਿਣ। (੩) ਗੁਰਮੱਤ ਸਧਾਂਤਾਂ ਦੀ ਵਰਤੋਂ ਦਾ ਢੰਗ ਤੇ ਯੁਕਤੀ। ਇਸ ਦੇ ਨਾਲ ਇਹ ਵੀ ਸਮਝਣਾ ਹੈ ਕਿ ਪੱਖ ਤਾਂ ਭਾਵੇਂ ਤਿੰਨ ਹਨ, ਪਰ ਸਾਰਿਆਂ ਦਾ ਮੂਲ, ਗੁਰਬਾਣੀ ਸਿਧਾਂਤ ਹੀ ਹੈ। ਇਸ ਲਈ ਨੰਬਰਵਾਰ:-

(੧) ਸਿਧਾਂਤ- ਗੁਰਬਾਣੀ ਸਿਧਾਂਤਾਂ ਦਾ ਮੂਲ ਹੈ, “ਸਚੁ ਪੁਰਾਣਾ ਹੋਵੈ ਨਾਹੀ” (ਪੰ: ੯੫੬) ਅਥਵਾ “ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ” (ਪੰ: ੧੨੪੮) ਤੇ “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ” (ਪੰ: ੯੫੩)।

ਗੁਰਬਾਣੀ ਵਾਲੇ ਸਦੀਵੀ ਸੱਚ ਦਾ ਵੱਡਾ ਸਬੂਤ ਹੈ ਕਿ ਸਦੀਆਂ ਬੀਤਣ ਬਾਅਦ ਵੀ, ਗੁਰਬਾਣੀ ਤੋਂ ਪ੍ਰਗਟ ਸੱਚ ਧਰਮ ਅਥਵਾ ਗੁਰਬਾਣੀ ਸਿਧਾਂਤ ਉਸੇ ਤਰ੍ਹਾਂ ਉਘੜਦੇ ਆ ਰਹੇ ਹਨ ਜਿਵੇਂ ਸਦੀਆਂ ਪਹਿਲਾਂ ਲਾਗੂ ਹੁੰਦੇ ਸਨ। ਜਦਕਿ ਇਸ ਦੌਰਾਨ ਵਿਗਿਆਨ ਅਨੇਕਾਂ ਪਲਾਂਘਾ ਪੁੱਟ ਚੁੱਕਾ ਹੈ। ਸੰਸਾਰ ਸੁਕੜ ਕੇ ਇੱਕ ਪ੍ਰਵਾਰ ਦਾ ਰੂਪ ਲੈ ਚੁੱਕਾ ਹੈ। ਸੰਸਾਰ ਪਧਰ `ਤੇ ਜਿਸ ਵਿਦਵਾਨ ਨੇ ਵੀ ਗੁਰਬਾਣੀ ਦਾ ਅਧਿਯਣ ਕੀਤਾ, ਉਹ ਗੁਰਬਾਣੀ ਦੀਆਂ ਸਚਾਈਆਂ ਤੇ ਅੱਸ਼-ਅੱਸ਼ ਕਰ ਉਠਿਆ ਤੇ ਗੁਰਬਾਣੀ ਦੇ ਚਰਨਾਂ `ਚ ਝੁੱਕ ਗਿਆ। ਇਸ ਸਿਲਸਿਲੇ `ਚ ਸੰਸਾਰ ਤੱਲ ਦੇ ਬਹੁਤੇਰੇ ਵਿਦਵਾਨਾਂ ਦੇ ਅਧਿਯਣ ਸਾਹਮਣੇ ਆ ਚੁੱਕੇ ਹਨ ਤੇ ਨਿੱਤ ਆ ਵੀ ਰਹੇ ਹਨ। ਉਹ ਸਾਰੇ ਆਪਣੀ-ਆਪਣੀ ਸ਼ਬਦਾਵਲੀ ਦੇ ਅਦਲ ਬਦਲ ਨਾਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕਿ ਸੰਸਾਰ `ਚ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਵੱਡਾ ਸੱਚ ਹੈ ਹੀ ਨਹੀਂ। ਇਹ ਉਹ ਸੱਚ ਹੈ ਜਿਹੜਾ ਹਰੇਕ ਮਨੁੱਖ ਮਾਤ੍ਰ `ਤੇ ਇਕੋ ਜਿਹਾ ਲਾਗੂ ਹੁੰਦਾ ਹੈ। ਅੱਜ ਤਾਂ ਨਾਸਾ ਵਰਗੀ ਸੰਸਾਰ ਪਧਰ ਦੀ ਪ੍ਰਯੋਗਸ਼ਾਲਾ `ਚ ਵੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਪ੍ਰਕਾਸ਼ ਹੋ ਚੁੱਕਾ ਹੈ, ਕੇਵਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਸੇਧ ਲੈਣ ਲਈ।

ਇਸੇ ਤਰ੍ਹਾਂ ਗੁਰਬਾਣੀ ਦੇ ਇਸ ਰੱਬੀ ਸੱਚ ਪ੍ਰਤੀ ਗੁਰਬਾਣੀ `ਚ ਗੁਰਦੇਵ ਦੇ ਬੇਅੰਤ ਫ਼ੁਰਮਾਨ ਹਨ ਜਿਵੇਂ “ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ” (ਪੰ: ੬੨੮) ਜਾਂ “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ” (ਪੰ: ੯੨੮) ਅਤੇ “ਗੁਰਬਾਣੀ ਇਸੁ ਜਗ ਮਹਿ ਚਾਨਣੁ, ਕਰਮਿ ਵਸੈ ਮਨਿ ਆਏ (ਪੰ: ੬੭) ਅਤੇ “ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸੁ ਜੇਵਡੁ ਅਵਰੁ ਨ ਕੋਇ” (ਪੰ: ੫੧੫) ਆਦਿ। ਫ਼ਿਰ ਵੀ ਕੁੱਝ ਪ੍ਰਮੁੱਖ ਗੁਰਬਾਣੀ ਸਿਧਾਂਤ ਹਨ

(ੳ) ਅਕਾਲਪੁਰਖ ਇੱਕ ਹੈ ਤੇ ਉਹ ਸਰਵ ਵਿਆਪਕ ਹੈ।

(ਅ) ਅਕਾਲਪੁਰਖ ਮੂਲ ਰੂਪ `ਚ ਨਿਰਗੁਣ ਹੈ ਤੇ ਸਮੂਚੀ ਰਚਨਾ ਉਸੇ ਦਾ ਸਰਗੁਣ ਪ੍ਰਗਟਾਵਾ ਹੈ ਉਸ ਤੋਂ ਵੱਖ ਨਹੀਂ। ਉਪ੍ਰੰਤ ਪ੍ਰਭੂ ਦੇ ਇਸ ਸਰਗੁਣ ਪ੍ਰਗਟਾਵੇ ਦੇ ਜ਼ਰੇ ਜ਼ਰੇ `ਚ ਪ੍ਰਭੂ ਦੀ ਆਪਣੀ ਹੋਂਦ ਵੀ ਹੈ।

(ੲ) ਸੰਸਾਰ ਦਾ ਕਰਤਾ, ਪ੍ਰਭੂ ਆਪ ਹੈ ਤੇ ਸਮਸਤ ਜੀਵਾਂ ਅੰਦਰ ਉਸੇ ਦਾ ਨੂਰ ਹੈ।

(ਸ) ਇਸ ਤੋਂ ਇਹ ਵੀ ਸਪਸ਼ਟ ਹੈ ਕਿ ਸੰਪੂਰਣ ਮਨੁੱਖੀ ਭਾਈਚਾਰਾ ਵੀ ਇੱਕੋ ਹੀ ਹੈ।

(ਹ) ਇਸ ਲਈ ਸੰਸਾਰ ਭਰ ਦੇ ਮਨੁੱਖਾਂ ਦਾ ਮੂਲ ਤੇ ਸੱਚ ਧਰਮ ਵੀ ਇੱਕੋ ਹੀ ਹੈ। ਮਨੁੱਖ ਦੇ ਭਿੰਨ ਭਿੰਨ ਤੇ ਹਜ਼ਾਰਾਂ ਧਰਮ ਜਾਂ ਵਰਣ ਨਹੀਂ ਹਨ। ਇਹ ਤਾਂ ਮਨੁੱਖ ਰਾਹੀਂ ਆਪ ਘੜੇ ਹੋਏ ਧਰਮ ਹਨ।

(ਕ) ਪ੍ਰਭੂ ਦੀਆਂ ਅਰਬਾਂ-ਖਰਬਾਂ ਤੇ ਅਨੰਤ ਜੂਨੀਆਂ `ਚੋਂ ਮਨੁੱਖਾ ਜੂਨ ਵਿਸ਼ੇਸ਼ ਹੈ। ਸਾਰੀਆਂ ਜੂਨੀਆਂ `ਚੋਂ ਕੇਵਲ ਮਨੁੱਖ ਜੂਨ ਹੀ ਪ੍ਰਭੂ ਮਿਲਾਪ ਲਈ ਇਕੋ ਇੱਕ ਅਵਸਰ ਹੈ।

(ਖ) ਪ੍ਰਭੂ ਤੇ ਮਨੁੱਖ ਵਿਚਕਾਰ ਜਦੋਂ ਤੱਕ ਹਉਮੈ ਦਾ ਪਰਦਾ ਬਣਿਆ ਰਹਿੰਦਾ ਹੈ, ਮਨੁੱਖ ਆਪਣੇ ਅਸਲੇ ਪ੍ਰਭੂ ਤੋਂ ਨਿਖੜਿਆ ਰਹਿੰਦਾ ਹੈ। ਤਦ ਤੱਕ ਜੀਵ ਆਪਣੇ ਚੰਗੇ-ਮਾੜੇ ਕਰਮਾਂ ਅਨੁਸਾਰ, ਭਿੰਨ ਭਿੰਨ ਜੂਨਾਂ ਦੇ ਗੇੜ੍ਹ `ਚ ਹੀ ਪਿਆ ਰਹਿੰਦਾ ਹੈ।

(ਗ) ਮਨੁੱਖ ਜੂਨ `ਚ ਜੀਵ ਨੂੰ ਆਪਣੇ ਅਸਲੇ ਪ੍ਰਭੂ `ਚ ਸਮਾਉਣ ਲਈ ‘ਮਨ’ ਵਾਲੀ ਦਾਤ ਮਿਲਦੀ ਹੈ, ਜੋ ਬਾਕੀ ਜੂਨੀਆਂ `ਚ ਇਹ ਦਾਤ ਨਹੀਂ ਮਿਲਦੀ।

(ਘ) ਜਦੋਂ ਤੱਕ ਮਨ ਦੀ ਵਰਤੋਂ ਹਊਮੈ ਵੱਸ ਹੁੰਦੀ ਹੈ ਉਨੀਂ ਦੇਰ ਪ੍ਰਭੂ ਤੇ ਜੀਵ `ਚ ਵਿੱਥ ਬਣੀ ਰਹਿੰਦੀ ਹੈ। ਹਉਮੈ ਕਾਰਨ ਬਣੀ ਹੋਈ ਵਿੱਥ ਦਾ ਹੀ ਨਤੀਜਾ ਹੁੰਦਾ ਹੈ ਕਿ ਮਨੁੱਖ `ਤੇ ਵਿਕਾਰ ਹਾਵੀ ਰਹਿੰਦੇ ਹਨ। ਪ੍ਰਭੂ ਤੋਂ ਬਣੀ ਵਿੱਥ ਕਾਰਨ, ਬਹੁਤ ਵਾਰੀ ਤਾਂ ਜੀਵ ਸਾਧਾਰਨ ਵਿੱਥ ਤੋਂ ਟੱਪ ਕੇ ਵੱਡੇ ਵੱਡੇ ਗੁਣਾਹਾਂ, ਅੳੇੁਗੁਣਾਂ, ਜੁਰਮਾਂ, ਵਿਭਚਾਰ, ਨਸ਼ਿਆਂ ਆਦਿ ਦੀ ਗਹਿਰੀ ਖੱਡ `ਚ ਵੀ ਜਾ ਡਿੱਗਦਾ ਹੈ।

(ਙ) ਮਨੁੱਖ ਸਾਧਸੰਗਤ `ਚ ਆ ਕੇ ਸਤਿਗੁਰੂ ਦੇ ਉਪਦੇਸ਼ ਦੀ ਕਮਾਈ ਰਾਹੀਂ, ਆਪਣੇ ਅੰਦਰੋਂ ਹਊਮੈ ਦੇ ਪਰਦੇ ਨੂੰ ਤੋੜਣ `ਚ ਸਫ਼ਲ ਹੋ ਜਾਂਦਾ ਹੈ। ਇਸ ਤਰ੍ਹਾਂ ਪੰਜ ਵਿਕਾਰ ਵੀ ਇਸ ਦੇ ਲਈ ਵਿਕਾਰ ਨਾ ਰਹਿਕੇ ਪ੍ਰਭੂ ਦੀਆਂ ਨਿਆਮਤਾਂ ਹੁੰਦੇ ਹਨ। ਮਨੁੱਖ, ਜੀਊਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ। ਉਸ ਦੇ ਜੀਵਨ ਅੰਦਰ ਆਸ਼ਾ, ਤ੍ਰਿਸ਼ਨਾ, ਭਟਕਣਾਂ, ਚਿੰਤਾਂਵਾਂ, ਮਨਸਾ-ਕਾਮਨਾਵਾਂ ਰਹਿੰਦੀਆਂ ਹੀ ਨਹੀਂ। ਜੀਵਨ ਅੰਦਰ ਸਹਿਜੇ ਹੀ ਸਦਾਚਾਰ, ਉੱਚ ਆਚਰਣ, ਪਰਉਪਕਾਰ, ਸੰਤੋਖ, ਦਇਆ ਆਦਿ ਇਲਾਹੀ ਗੁਣ ਉਗਮ ਆਉਂਦੇ ਹਨ। ਮੌਤ ਤੋਂ ਬਾਅਦ ਅਜਿਹਾ ਸਫ਼ਲ ਜੀਵਨ, ਮੁੜ ਜਨਮ-ਮਰਣ `ਚ ਨਹੀਂ ਆਉਂਦਾ, ਪ੍ਰਭੂ `ਚ ਅਭੇਦ ਹੋ ਜਾਂਦਾ ਹੈ।

ਇਸ ਤਰ੍ਹਾਂ ਗੁਰਬਾਣੀ ਰਾਹੀਂ ਪ੍ਰਗਟ ਬੇਅੰਤ ਇਲਾਹੀ ਸਿਧਾਂਤ ਹਨ ਜੋ ਸਾਬਤ ਕਰਦੇ ਹਨ ਕਿ ਗੁਰਬਾਣੀ ਕੇਵਲ ਕੁੱਝ ਮਨੁੱਖਾਂ ਜਾਂ ਕਿਸੇ ਖਾਸ ਵਰਗ, ਫ਼ਿਰਕੇ ਜਾਂ ਵਰਣ ਲਈ ਨਹੀਂ। ਗੁਰਬਾਣੀ ਸਿਧਾਂਤ ਸਮੂਚੇ ਮਨੁੱਖ ਮਾਤ੍ਰ `ਤੇ ਇੱਕੋ ਜਿਹੇ ਲਾਗੂ ਹੁੰਦੇ ਹਨ। ਇਸ ਤੋਂ ਵੱਡੀ ਗੱਲ, ਗੁਰਬਾਣੀ ਦੇ ਇਲਾਹੀ ਸਿਧਾਂਤ ਇੱਕ ਪਾਸੜ ਨਹੀਂ ਬਲਕਿ ਇਥੇ ਤਾਂ ਮਨੁੱਖਾ ਜੀਵਨ ਦੀਆਂ ਸਚਾਈਆਂ ਨੂੰ ਪ੍ਰਗਟ ਕਰਣ ਦੇ ਨਾਲ ਨਾਲ ਹਰੇਕ ਗੁਰਮੱਤ ਸਿਧਾਂਤ ਦੇ ਦੂਜੇ ਪੱਖ ਨੂੰ ਵੀ ਸਪਸ਼ਟ ਕੀਤਾ ਗਿਆ ਹੈ ਜਿਸ ਤੋਂ ਤਾ ਕਿ ਮਨੁੱਖ ਨੂੰ ਪਤਾ ਹੋਵੇ ਕਿ ਗੁਰਬਾਣੀ ਦੇ ਇਨ੍ਹਾਂ ਆਦੇਸ਼ਾਂ `ਤੇ ਨਾ ਚਲਣ ਕਰਕੇ, ਮਨੁੱਖ ਆਪਣੇ ਅਮੁੱਲੇ ਮਨੁੱਖਾ ਜਨਮ ਦਾ ਨੁਕਸਾਨ ਵੀ ਆਪ ਹੀ ਕਰਦਾ ਹੈ।

ਗੁਰਬਾਣੀ ਵਾਲੇ ਸੱਚ ਨੂੰ ਅਪਨਾਉਣ ਲਈ ਬਿਨਾ ਵਿਤਕਰਾ ਇਸਤ੍ਰੀ-ਪੁਰਖ, ਬੱਚਾ-ਬਿਰਧ, ਰੰਗ-ਨਸਲ, ਜਾਤ-ਵਰਣ, ਦੇਸ਼-ਧਰਮ, ਸੰਸਾਰ ਦੇ ਹਰੇਕ ਮਨੁੱਖ ਲਈ ਇਕੋ ਜਿਹਾ ਸਤਿਕਾਰ ਭਰਪੂਰ ਸੱਦਾ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਸਿੱਖ ਧਰਮ `ਚ ਸੰਸਾਰ ਭਰ ਦੇ ਹਰੇਕ ਵਰਗ ਦਾ ਮਨੁੱਖ ਆ ਚੁੱਕਾ ਹੈ। ਖੁਦ ਭਾਰਤ ਦੇ ਅਖੌਤੀ ਸ਼ੂਦਰਾਂ ਤੇ ਬ੍ਰਾਹਮਣਾ ਸਮੇਤ ਚਾਰਾਂ ਵਰਣਾਂ ਤੋਂ ਆਏ ਮਨੁੱਖ, ਸਿੱਖ ਧਰਮ `ਚ ਬਹੁ ਗਿਣਤੀ `ਚ ਮਿਲਦੇ ਹਨ। ਇਸ ਸਬੰਧ `ਚ ਵੇਰਵੇ ਲਈ ਗੁਰਮੱਤ ਪਾਠ ਨੰ: ੧੭੯ “ਗੁਰੁ ਨਾਨਕੁ ਜਿਨ ਸੁਣਿਆ ਪੇਖਿਆ. .” ਸੰਗਤਾਂ ਦੀ ਸੇਵਾ `ਚ ਪ੍ਰਾਪਤ ਹੈ ਜੀ।

(੨) ਵਰਤੋਂ- ਵਰਤੋਂ ਤੋਂ ਭਾਵ ਹੈ ਗੁਰਮੱਤ ਪਾਠ ਦੇ ਪਹਿਲੇ ਭਾਗ `ਚ ਜਿਹੜੀ ਗੁਰਮੱਤ ਸਿਧਾਂਤਾਂ ਦੀ ਗੱਲ ਕੀਤੀ ਜਾ ਰਹੀ ਹੈ ਉਨ੍ਹਾਂ ਦੀ ਵਰਤੋਂ ਵਾਲਾ ਪੱਖ। ਭਾਵ ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ ਹੋਇਆ ਸਿੱਖ ਧਰਮ ਦਾ ਇਤਿਹਾਸ। ਉਪ੍ਰੰਤ ਗੁਰਬਾਣੀ ਦੀ ਸਿਧਾਂਤਕ ਵਰਤੋਂ ਵਾਲੇ ਇਸ ਪੱਖ ਦੇ ਵੀ ਦੋ ਵਿਸਤਾਰ ਹਨ (ੳ) ਸਿੱਖ ਇਤਿਹਾਸ (ਅ) ਅਜੋਕੀ ਸਿੱਖ ਰਹਿਣੀ ਤੇ ਜੀਵਨ।

ਸੰਸਾਰ ਬਹੁਤ ਛੋਟਾ ਹੋ ਗਿਆ ਹੈ। ਦੂਜੇ ਲਫ਼ਜ਼ਾਂ `ਚ ਇੱਕ ਸਮਾਂ ਸੀ ਜਦੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ `ਚ ਜਾਣਾ ਵੀ ਮਨੁੱਖ ਲਈ ਆਸਾਨ ਨਹੀਂ ਸੀ। ਜਦਕਿ ਅੱਜ ਉਸੇ ਮਨੁੱਖ ਲਈ ਸੰਸਾਰ ਦੇ ਹਰੇਕ ਕੋਣੇ-ਨੁੱਕਰ `ਚ ਜਾਣਾ ਇਨਾਂ ਆਸਾਨ ਹੈ ਜਿਨਾਂ ਇੱਕ ਮੁਹੱਲੇ ‘ਤੋਂ ਦੂਜੇ ਮੁਹੱਲੇ ਤੱਕ ਜਾਣਾ। ਫ਼ਿਰ ਵੀ ਕੀ ਕਾਰਨ ਹੈ ਕਿ ਇਨੇਂ ਵੱਡੇ ਸੰਸਾਰ ਦੇ ਇਨੇਂ ਵਧ ਪੁਰਾਣੇ ਇਤਿਹਾਸ `ਚ ਜਿਹੜੀ ਚਮਕ ਸਿੱਖ ਇਤਿਹਾਸ ਨੇ ਪੈਦਾ ਕੀਤੀ, ਉਹ ਭਾਰਤ ਤਾਂ ਕੀ ਸੰਸਾਰ ਭਰ ਦੇ ਕਿਸੇ ਵੀ ਭਾਗ `ਚ ਕੋਈ ਵੀ ਵਿਚਾਰਧਾਰਾ ਤੇ ਕੋਈ ਵੀ ਧਰਮ ਅੱਜ ਤੱਕ ਪੈਦਾ ਨਹੀਂ ਕਰ ਸਕਿਆ।

ਹੁਣ ਤੱਕ ਸੰਸਾਰ `ਚ ਬੇਅੰਤ ਨੀਤੀਵੇਤਾ, ਧਾਰਮਿਕ ਆਗੂ, ਭਿੰਨ ਭਿੰਨ ਵਿਚਾਰਧਾਰਾਵਾਂ ਤੇ ਧਰਮਾਂ `ਚ ਪੈਦਾ ਹੋਏ ਹਨ। ਇਸ ਦੇ ਬਾਵਜੂਦ ਮਨੁੱਖ ਨੇ ਜਿਸ ਸਿਦਕ ਦਿਲੀ ਤੇ ਸਮ੍ਰਪਣ ਦੀ ਭਾਵਨਾ ਨਾਲ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਭਾਵ “ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ” ਦੀ ਸਰਬਉੱਚਤਾ ਬਾਰੇ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ ਤੇ ਅੱਜ ਤੱਕ ਕੀਤੇ ਜਾ ਰਹੇ ਹਨ, ਇਸ ਦੀ ਦੂਜੀ ਮਿਸਾਲ ਨਹੀਂ ਮਿਲਦੀ ਤੇ ਨਾ ਮਿਲ ਸਕੇਗੀ। ਕਿਉਂਕਿ ਗੁਰਬਾਣੀ ਸਿਧਾਂਤ, ਉਹ ਇਲਾਹੀ ਸੱਚ ਹਨ ਜਿਨ੍ਹਾਂ ਦਾ ਨਾ ਬਦਲ ਹੈ ਤੇ ਨਾ ਇਨ੍ਹਾਂ `ਤੇ ਸਮੇਂ-ਸਥਾਨ ਦਾ ਪ੍ਰਭਾਵ ਹੀ ਪੈਂਦਾ ਹੈ।

(ੳ) ਸਿੱਖ ਇਤਿਹਾਸ ਬਾਰੇ- ਗੁਰਬਾਣੀ ਦੀ ਸਿਧਾਂਤਕ ਵਰਤੋਂ ਸਬੰਧੀ ਪਹਿਲਾਂ ਗੱਲ ਕਰਦੇ ਹਾਂ ਸਿੱਖ ਇਤਿਹਾਸ ਦੀ। ਸੰਸਾਰ ਤੱਲ `ਤੇ ਇਕੋ ਇੱਕ ਗੁਰੂ ਨਾਨਕ ਵਿਚਾਰਧਾਰਾ ਹੈ ਜਿਸ ਦੇ ਪ੍ਰਗਟ ਹੋਣ ਦੇ ਨਾਲ ਹੀ “ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ” ਤੇ “ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ” (ਭਾ: ਗੁ: ੧/੨੭) ਵਾਲੇ ਹਾਲਾਤ ਪੈਦਾ ਹੋ ਗਏ। ਉਪ੍ਰੰਤ ਦਸਵੇਂ ਪਾਤਸ਼ਾਹ ਦੇ ਸਮੇਂ ਤੱਕ ਤਾਂ ਇਸ ਸੱਚ ਧਰਮ ਦੀਆਂ ਜੜ੍ਹਾਂ ਪਾਤਾਲ `ਚ ਪੁਜ ਗਈਆਂ। ਖੁਦ ਪਹਿਲੇ ਪਾਤਸ਼ਾਹ ਦੇ ਸਮੇਂ ਹੀ ਭਾਈ ਗੁਰਦਾਸ ਜੀ ਅਨੁਸਾਰ “ਬਾਬੇ ਤਾਰੇ ਚਾਰ ਚਕ, ਨੌ ਖੰਡ ਪ੍ਰਿਥਮੀ ਸਚਾ ਢੋਆ” (ਭਾ: ਗੁ: ੧/੨੭) ਉਪ੍ਰੰਤ ਗ਼ੈਰ ਸਿੱਖ ਤੇ ਮੁਸਲਮਾਨ ਲਿਖਾਰੀ ਮਿਰਜ਼ਾ ਗੁਲਾਮ ਅਹਿਮਦ ਕਾਦੀਆਂ ਅਨੁਸਾਰ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਹੀ ਆਪਣੇ ਸਮੇਂ `ਚ ਤਿੰਨ ਕਰੋੜ ਪ੍ਰਾਣੀਆਂ ਨੂੰ ਸਿੱਖ ਧਰਮ `ਚ ਪ੍ਰਵੇਸ਼ ਕਰਵਾਇਆ। ਇਸ ਤੋਂ ਬਾਅਦ ਤਾਂ ਅੱਜ ਸਿੱਖ ਧਰਮ ਆਪਣੇ ਆਪ `ਚ ਸੰਸਾਰ ਪਧਰ ਦਾ ਧਰਮ ਹੋ ਨਿਬੜਿਆ ਹੈ।

ਇਥੇ ਹੀ ਬੱਸ ਨਹੀਂ, ਸਿੱਖ ਧਰਮ `ਚ ਪ੍ਰਵੇਸ਼ ਕਰਣ ਵਾਲਿਆਂ ਦੀ ਕੇਵਲ ਗਿਣਤੀ ਹੀ ਨਹੀਂ ਬਲਕਿ ਸਿੱਖੀ ਸ਼ਮਾਂ ਤੋਂ ਕੁਰਬਾਨ ਹੋਣ ਵਾਲੇ ਪ੍ਰਵਾਣਿਆਂ ਨੂੰ ਵੀ ਗਿਨਣਾ ਸੰਭਵ ਨਹੀਂ। ਇਥੇ ਹੱਸ ਹੱਸ ਕੇ ਸ਼ਹੀਦੀਆਂ ਪਾਉਣ ਵਾਲੇ ਵੀ ਹਨ ਤੇ ਕਲ ਤੱਕ ਗੰਗਸਰ ਜੈਤੋ ਦਾ ਮੋਰਚਾ, ਨਨਕਾਨਾ ਸਾਹਿਬ ਦਾ ਮੋਰਚਾ, ਗੁਰੂ ਕੇ ਬਾਗ਼ ਕਾ ਮੋਰਚਾ, ਕਾਮਾਗਾਟਾ ਮਾਰੂ ਬਜਬਜ ਘਾਟ ਦੇ ਸ਼ਹੀਦ, ਨਾਮਧਾਰੀ ਲਹਿਰ ਦੇ ਸ਼ਹੀਦ, ਪੰਜਾ ਸਾਹਿਬ ਦੇ ਸ਼ਹੀਦ, ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਸ਼ਹੀਦ ਉਪ੍ਰੰਤ ਹੋਰ ਵੀ ਬੇਅੰਤ ਤੇ ਅਨਗਿਣਤ ਸ਼ਹੀਦ। ਇਹ ਸਭ ਗੁਰੂ ਕੀਆਂ ਸੰਗਤਾਂ ਦੇ ਜੀਵਨ ਅੰਦਰ ਪੈਦਾ ਹੋ ਰਹੇ “ਆਪਿ ਜਪਹੁ ਅਵਰਹ ਨਾਮੁ ਜਪਾਵਹੁ” (ਪੰ: ੨੯੦) ਦੇ ਸੱਚ ਦਾ ਵੀ ਪ੍ਰਗਟਾਵਾ ਹਨ ਕਿ ਸਿੱਖ ਦਾ ਜੀਵਨ ਕੇਵਲ ਆਪਣੇ ਲਈ ਤਿਆਰ ਨਹੀਂ ਹੁੰਦਾ ਬਲਕਿ ਦੂਜਿਆਂ ਦੇ ਜੀਵਨ `ਚ ਗੁਰਬਾਣੀ ਜੀਵਨ ਦੀ ਖਿੱਚ ਪਾਉਣ ਦਾ ਕਾਰਨ ਵੀ ਬਣਦਾ ਹੈ।

ਸਿੱਖੀ ਸ਼ਮਾਂ ਦੇ ਅਣਗਿਣਤ ਪ੍ਰਵਾਣੇ ਤੇ ਗੁਰਬਾਣੀ ਤੋਂ ਪ੍ਰਾਪਤ ਉੱਚੇ-ਸੁੱਚੇ ਤੇ ਆਦਰਸ਼ਕ ਜੀਵਨ ਹੀ ਸਨ ਜਿਨ੍ਹਾਂ ਦਾ ਆਕਰਖਣ ਸੰਸਾਰ ਨੂੰ ਵਾਹੋ ਦਾਹੀ ਸਿੱਖੀ ਲਈ ਧੂ ਪਾਉਂਦਾ ਸੀ ਤੇ ਪਾਉਂਦਾ ਰਵੇਗਾ। ਜਦਕਿ ਲੋਕਾਈ ਲਈ ਉਹ ਖਿੱਚ ਕਿਸੇ ਸੰਸਾਰਕ ਰੁੱਤਬਿਆਂ ਦੀ ਪ੍ਰਾਪਤੀ ਜਾਂ ਲੋਭ-ਲਾਲਚ `ਚ ਨਹੀਂ ਸੀ ਬਲਕਿ ਕੁਰਬਾਨੀਆਂ ਤੇ ਸ਼ਹੀਦੀਆਂ ਤੱਕ ਪਾਉਣ ਲਈ ਸੀ। ਜਿਉਂ ਜਿਉਂ ਕਿਸੇ ਦਾ ਜੀਵਨ ਗੁਰਬਾਣੀ ਨੇੜੇ ਆਉਂਦਾ ਹੈ, ਉਸ ਅੰਦਰ ਕਿਸੇ ਲਈ ਨਫ਼ਰਤ ਰਹਿੰਦੀ ਹੀ ਨਹੀਂ ਬਲਕਿ ਤਰਸ ਪੈਦਾ ਹੁੰਦਾ ਹੈ ਕਿ ਜੋ ਮੇਰੇ ਜੀਵਨ `ਚ ਉੱਚਤਾ ਆਈ ਹੈ ਕਾਸ਼ ਦੂਜਿਆਂ ਦੇ ਜੀਵਨ `ਚ ਵੀ ਆਵੇ। ਅਜਿਹੇ ਮਨੁੱਖ ਦੇ ਜੀਵਨ ਅੰਦਰ ਤਾਂ ਗੁਰਬਾਣੀ ਦੀਆਂ ਸਚਾਈਆਂ ਹੀ ਪਣਪਦੀਆਂ ਹਨ। ਉਥੇ ਤਾਂ “ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭) ਵਾਲੀ ਭਾਵਨਾ ਜਨਮ ਲੈ ਲੈਂਦੀ ਹੈ। ਉਸ ਲਈ “ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ” (ਪੰ: ੧੨੯੯) ਉਸ ਲਈ ਗੁਰਬਾਣੀ ਦਾ ਖਜ਼ਾਨਾ ਤਾਂ “ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ” (ਪੰ: ੨੮੬) ਹੁੰਦਾ ਹੈ। ਅਜਿਹੇ ਮਨੁੱਖ ਅੰਦਰ ਗੁਰਬਾਣੀ ਆਧਾਰਤ ਅਜਿਹਾ ਮਨੁੱਖੀ ਭਾਈਚਾਰਾ ਪਣਪਦਾ ਹੈ ਜਿਸ ਰਾਹੀਂ ਪੂਰੇ ਸੰਸਾਰ ਦੀ ਸੰਭਾਲ ਵੀ ਸੰਭਵ ਹੈ।

(ਅ) ਗੁਰਬਾਣੀ ਸਿਧਾਂਤ ਉਹੀ ਹਨ, ਫ਼ਿਰ ਵੀ ਅਜੋਕੀ ਸਿੱਖ ਰਹਿਣੀ ਤੇ ਜੀਵਨ? -ਗੁਰਬਾਣੀ ਸਿਧਾਂਤਾਂ ਦੀ ਵਰਤੋਂ ਤੋਂ ਪੈਦਾ ਹੋਇਆ ਉੱਚਾ-ਸੁੱਚਾ, ਸਦਾਚਾਰਕ, ਆਦਰਸ਼ਕ ਤੇ ਆਤਮਕ ਜਾਗ੍ਰਤੀ ਭਰਿਆ ਜੀਵਨ, ਜਿਸ ਨੇ ਭਾਈ ਤਾਰੂ ਸਿੰਘ ਵਰਗੇ ਬੇਅੰਤ ਤੇ ਅਨੰਤ ਮਰਜੀਵੜੇ ਪੈਦਾ ਕੀਤ। ਇਸ ਦੇ ਉਲਟ, ਜਦਕਿ ਗੁਰਬਾਣੀ ਉਹੀ ਹੈ ਤੇ ਉਸ ਤੋਂ ਪੈਦਾ ਹੋਣ ਵਾਲੇ ਜੀਵਨ ਸਿਧਾਂਤ ਵੀ ਉਹੀ ਹਨ। ਫ਼ਿਰ ਕੀ ਕਾਰਨ ਹੈ ਕਿ ਅੱਜ ਸਿੱਖ ਦੀ ਜਨਮਭੂਮੀ ਪੰਜਾਬ `ਚ ਵੀ ਪਤਿਤਪੁਣੇ ਦੀਆਂ ਕਤਾਰਾਂ ਲਗੀਆਂ ਹਨ। ਬਾਬਿਆਂ ਤੇ ਦੰਭੀ-ਪਾਖੰਡੀ ਗੁਰੂਆਂ ਦੀਆਂ ਡਾਰਾਂ ਹਨ, ਸਿੱਖ ਜੁਆਨੀ ਨਸ਼ਿਆਂ `ਚ ਡੁੱਬੀ ਪਈ ਹੈ ਤੇ ਹੋਰ ਬਹੁਤ ਕੁਝ। ਦੇਖਣਾ ਹੈ ਕਿ ਜਦੋਂ ਗੁਰਬਾਣੀ ਤੇ ਗੁਰਬਾਣੀ ਤੋਂ ਪ੍ਰਗਟ ਹੋਣ ਵਾਲੇ ਸਿਧਾਂਤ ਉਹੀ ਹਨ ਤਾਂ ਇਸ ਤੋਂ ਆਪ ਮੁਹਾਰੇ ਸਪਸ਼ਟ ਹੈ ਕਿ ਅਜੋਕੇ ਸਿੱਖ ਦਾ ਜੀਵਨ ਗੁਰਬਾਣੀ ਤੋਂ ਦੁਰੇਡੇ ਚੱਲ ਰਿਹਾ ਹੈ। ਯਕੀਨਣ ਜੇ ਅੱਜ ਵੀ ਦਿਆਨਤਦਾਰੀ ਨਾਲ, ਮਨੁੱਖ ਦੇ ਜੀਵਨ ਅੰਦਰ ਗੁਰਬਾਣੀ ਸਿਧਾਂਤ ਉਗਮ ਆਉਣ ਤਾਂ ਸਿੱਖ ਦੇ ਜੀਵਨ `ਚ ਉਹੀ ਚਮਕ ਵਾਪਿਸ ਵੀ ਆ ਸਕਦੀ ਹੈ। ਅੱਜ ਵੀ ਉਸ ਦਾ ਜੀਵਨ, ਗੁਰਬਾਣੀ ਕਸਵੱਟੀ “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ” (ਪੰ: ੧੪੨) `ਤੇ ਉਸੇ ਤਰ੍ਹਾਂ ਪੂਰਾ ਉਤਰ ਸਕਦਾ ਹੈ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ।

(੩) ਢੰਗ ਤੇ ਯੁਕਤੀ-ਸਿੱਖੀ ਜੀਵਨ ਦਾ ਤੀਜਾ ਪੱਖ ਹੈ ਗੁਰਬਾਣੀ ਸਿਧਾਂਤ ਦੀ ਵਰਤੋਂ ਦੇ ਨਾਲ ਨਾਲ, ਗੁਰਬਾਣੀ ਸਿਧਾਂਤ ਨੂੰ ਲੋਕਾਈ ਤੱਕ ਪਹੁੰਚਾਉਣ-ਵੰਡਣ ਦਾ ਢੰਗ ਤੇ ਉਸ ਦੀ ਯੁਕਤੀ ਕੀ ਹੈ? ਗੁਰਬਾਣੀ `ਚ ਇਸ ਬਾਰੇ ਸੇਧ ਹੈ “ਭੁਗਤਿ ਗਿਆਨੁ ਦਇਆ ਭੰਡਾਰਣਿ” (ਬਾਣੀ ਜਪੁ) ਭਾਵ ਜੇ ਮਨੁੱਖ ਕੋਲ ਗਿਆਨ ਦਾ ਚੂਰਮਾ ਹੋਵੇ ਤਾਂ ਉਸ ਕੋਲ ਵਰਤਾਵੀ ਵੀ ਦਇਆ ਹੋਣੀ ਹੈ। ਜਦੋਂ ਇੱਕ ਪਾਸੇ ਤਾਂ ਹੈ ਹੀ ਅਗਿਆਨਤਾ; ਉਪ੍ਰੰਤ ਜੇ ਗਿਆਨ ਦਾ ਚੂਰਮਾ ਵੰਡਣ ਵਾਲੇ ਕੋਲ ਵੀ ਖ਼ਰਵੀ ਤੇ ਫਿੱਕੀ ਭਾਸ਼ਾ, ਅਉਖਾ ਵਿਹਾਰ, ਕੜਵੀ-ਡਾਂਗ ਮਾਰ ਜ਼ਬਾਨ ਜਾਂ ਕਿਸੇ ਵੀ ਕਾਰਨ ਗਿਆਨ ਦੇ ਚੂਰਮੇ ਨੂੰ ਵਰਤਾਉਣ ਦਾ ਢੰਗ ਯੋਗ ਨਹੀਂ ਹੋਵੇਗਾ ਤਾਂ ਵਧੀਆ-ਲੋੜੀਂਦਾ ਗਿਆਨ ਵੀ, ਅਗਿਆਨੀ ਮਨੁੱਖ ਕੋਲ ਨਹੀਂ ਪੁੱਜ ਸਕੇਗਾ, ਉਸ ਦੇ ਜੀਵਨ ਨੂੰ ਲਾਭ ਨਹੀਂ ਦੇ ਸਕੇਗਾ। ਦੋਨਾਂ ਵਿਚਕਾਰ ਪਾੜਾ ਬਣਿਆ ਰਵੇਗਾ ਬਲਕਿ ਇਹ ਪਾੜਾ ਘਟਣ ਦੀ ਬਜਾਇ ਹੋਰ ਵੀ ਵਧ ਸਕਦਾ ਹੈ।

ਗੁਰਬਾਣੀ ਸਿਧਾਂਤ ਲਈ ਗੁਰਦੇਵ ਫ਼ੁਰਮਾਉਂਦੇ ਹਨ “ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ” (ਪੰ: ੬੭)। ਤਾਂ ਉਹ ਕਿਹੜੀ ਯੁਕਤੀ ਤੇ ਢੰਗ ਹੈ ਜੋ ਲੋਕਾਈ ਨੂੰ ਗੁਰਮੱਤ ਸਿਧਾਂਤਾਂ ਇਸ ਚਾਨਣ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ? ਉਪ੍ਰੰਤ ਗੁਰਬਾਣੀ ਸਿਧਾਂਤਾਂ ਨੂੰ ਵਰਤਾਉਣ ਲਈ ਗੁਰਦੇਵ ਨੇ ਜੋ “ਭੁਗਤਿ ਗਿਆਨੁ ਦਇਆ ਭੰਡਾਰਣਿ” (ਬਾਣੀ ਜਪੁ) ਵਾਲੀ ਸੇਧ ਦਿੱਤੀ ਹੈ ਇਸ ਨੂੰ ਸਮਝਣ ਲਈ ਅਸੀਂ ਇਤਿਹਾਸ ਦੇ ਝਰੋਖੇ `ਚੋਂ ਹੀ ਕੁੱਝ ਮਿਸਾਲਾਂ ਲੈਣੀਆਂ ਚਾਹਵਾਂਗੇ ਜਿਵੇਂ:-

(ੳ) ਬ੍ਰਾਹਮਣੀ ਤਿਉਹਾਰ ਦੇ ਅਵਸਰ `ਤੇ ਗੁਰਦੇਵ ਹਰਦੁਆਰ ਜਾਂਦੇ ਹਨ। ਉਥੇ ਲਖਾਂ ਸ਼੍ਰਧਾਲੂਆਂ ਦਾ ਇਕੱਠ ਹੈ। ਆਪ ਗੁਰਬਾਣੀ ਸਿਧਾਂਤ ਦੇ ਸੱਚ ਨੂੰ ਸਮਝਾਉਣ ਲਈ ਬੜੇ ਨਾਟਕੀ ਢੰਗ ਨਾਲ ਬਜਾਇ ਪੂਰਬ ਦੇ ਪਛਮ ਨੂੰ ਪਾਣੀ ਉਛਾਲਣਾ ਸ਼ੁਰੂ ਕਰ ਦਿੰਦੇ ਹਨ। ਲੋਕਾਂ ਦੀ ਹੈਰਾਨੀ ਨੂੰ ਤੋੜਦੇ ਹੋਏ ਫ਼ੁਰਮਾਉਂਦੇ ਹਨ, ਐ ਭਾਈ! ਜੇਕਰ ਤੁਹਾਡਾ ਪਾਣੀ ਲਖਾਂ-ਕਰੋੜਾਂ ਮੀਲਾਂ `ਤੇ ਤੁਹਾਡੇ ਰਾਹੀਂ ਕਹੇ ਜਾਂਦੇ ਪਿੱਤ੍ਰ ਲੋਕ ਤੱਕ ਪੁੱਜ ਸਕਦਾ ਹੈ ਤਾਂ ਮੇਰਾ ਪਾਣੀ ਕੇਵਲ ਤਿਨ-ਚਾਰ ਸੌ ਮੀਲ `ਤੇ ਮੇਰੇ ਖੇਤਾਂ ਤੱਕ ਕਿਉਂ ਨਹੀਂ ਪੁੱਜ ਸਕਦਾ? ਇਸ ਤਰ੍ਹਾਂ ਗੁਰਦੇਵ ਨੇ ਲੋਕਾਈ ਵਿਚਲੇ ਫੋਕਟ ਵਿਸ਼ਵਾਸ ਨੂੰ ਦਲੀਲ ਤੇ ਯੁਕਤੀ ਨਾਲ ਖੋਖਲਾ ਸਾਬਤ ਵੀ ਕਰ ਦਿੱਤਾ ਪਰ ਨਿਜੀ ਤੌਰ `ਤੇ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਇਹ ਕੰਮ ਨਾ ਕਰੋ। ਸੁਆਲ ਤਾਂ ਲੋਕਾਈ ਦੀ ਸੁੱਤੀ ਹੋਈ ਆਤਮਾ ਨੂੰ ਝੰਜੋੜਣ ਦਾ ਸੀ। ਇਸ ਤਰ੍ਹਾਂ ਸੱਚ ਧਰਮ ਦਾ ਬੀਜ ਤਾਂ ਪੈ ਹੀ ਚੁੱਕਾ ਸੀ।

(ਅ) ਗੁਰਦੇਵ ਜਗਨਨਾਥ ਪੁਰੀ ਗਏ। ਭਾਰਤ ਦਾ ਸਭ ਤੋਂ ਵੱਡਾ ਆਰਤੀ ਦਾ ਮੇਲਾ ਉਥੇ ਹੀ ਲਗਦਾ ਹੈ। ਗੁਰਦੇਵ ਦੀ ਚੜ੍ਹਤ ਸੀ, ਉਸ ਦਾ ਲਾਭ ਲੈਣ ਲਈ ਪੰਡਤਾਂ ਨੇ ਗੁਰਦੇਵ ਨੂੰ ਆਰਤੀ `ਚ ਸ਼ਾਮਲ ਹੋਣ ਲਈ ਬੇਨਤੀ ਕੀਤੀ। ਗੁਰਦੇਵ ਨੇ ਪੰਡਤਾਂ ਦੀ ਬੇਨਤੀ ਨੂੰ ਠੁਕਰਾਇਆ ਨਹੀਂ। ਆਪ ਨੇ ਉਸੇ ਮੈਦਾਨ `ਚ ਬੈਠ ਕੇ ਸਤਿਸੰਗ ਸੁਰੂ ਕਰ ਦਿੱਤਾ। ਗੁਰਦੇਵ ਨੇ “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ” (ਪੰ: ੧੩) ਵਾਲੇ ਸ਼ਬਦ ਦਾ ਉਚਾਰਣ ਕੀਤਾ। ਇਸ ਤਰ੍ਹਾਂ ਭਰਵੀਂ ਲੋਕਾਈ ਵਿਚਕਾਰ, ਨਿਵੇਕਲੇ ਢੰਗ ਨਾਲ ਸੱਚ ਧਰਮ ਦਾ ਹੁੰਗਾਰਾ ਵੀ ਦੇ ਦਿੱਤਾ ਪਰ ਉਹ ਵੀ ਬੜੀ ਦ੍ਰਿੜਤਾ ਨਾਲ। ਫ਼ੁਰਮਾਇਆ ਕਿ ਜਿਸ ਨੂੰ ਤੁਸੀਂ ਜਗਨ ਦਾ ਨਾਥ ਮੰਨ ਕੇ ਆਰਤੀ ਉਤਾਰ ਰਹੇ ਹੋ। ਨਾ ਉਹ ਜਗਨਨਾਥ ਹੈ ਤੇ ਨਾ ਜਿਸ ਨੂੰ ਤੁਸੀਂ ਪ੍ਰਭੂ ਦੀ ਆਰਤੀ ਕਹਿੰਦੇ ਹੋ, ਉਹ ਪ੍ਰਭੂ ਦੀ ਆਰਤੀ ਹੈ।

ਫ਼ਿਰ ਵੀ ਗੁਰਦੇਵ ਨੇ ਕਿਸੇ ਨੂੰ ਸਿਧਾ ਇਹ ਨਹੀਂ ਕਿਹਾ ਕਿ ਅਜਿਹਾ ਨਾ ਕਰੋ। ਇਸ ਤਰ੍ਹਾਂ ਇਲਾਹੀ ਸੱਚ ਦਾ ਬੀਜ ਵੀ ਪਾ ਦਿੱਤਾ ਪਰ ਹਜ਼ਾਰਾਂ ਸਾਲਾਂ ਤੋਂ ਬਣੇ ਹੋਏ ਕਿਸੇ ਦੇ ਕੋਮਲ ਜਜ਼ਬਾਤਾਂ ਨੂੰ ਬਦਲਣ ਲਈ ਕਿਸੇ ਨੂੰ ਮਜਬੂਰ ਵੀ ਨਹੀਂ ਕੀਤਾ। ਸੱਚ ਧਰਮ ਕਿਸੇ `ਤੇ ਥੋਪਿਆ ਵੀ ਨਹੀਂ ਪਰ ਉਸ ਨੂੰ ਪ੍ਰਗਟ ਕਰਣ `ਚ ਵੀ ਸਮਝੋਤਾ ਨਹੀਂ ਕੀਤਾ। ਉਸੇ ਦਾ ਨਤੀਜਾ, “ਸਚੁ ਪੁਰਾਣਾ ਹੋਵੈ ਨਾਹੀ” (ਪੰ: ੯੫੬) ਅਨੁਸਾਰ ਸੱਚ ਧਰਮ ਦੇ ਪਾਂਧੀ ਅੱਜ ਤੱਕ ਜਾਗ੍ਰਿਤ ਹੁੰਦੇ ਆ ਰਹੇ ਹਨ ਤੇ ਅਗੋਂ ਹੁੰਦੇ ਵੀ ਰਹਿਣ ਗੇ। ਇਸ ਤਰ੍ਹਾਂ ਦਿਨੋ ਦਿਨ ਸੱਚ ਨੇ ਤਾਂ ਆਪਣੀ ਜਗ੍ਹਾ ਬਣਾ ਹੀ ਲੈਣੀ ਹੈ।

(ੲ) ਭਰੀ ਸਭਾ `ਚ ਜੰਜੂ ਪਾਉਣ ਤੋਂ ਇਨਕਾਰ ਕਰ ਦਿੱਤਾ ਤੇ ਸਪਸ਼ਟ ਸ਼ਬਦਾਂ `ਚ ਜੰਜੂ ਬਾਰੇ ਫ਼ੁਰਮਾਇਆ “ਚਉਕੜਿ ਮੁਲਿ ਅਣਾਇਆ, ਬਹਿ ਚਉਕੈ ਪਾਇਆ॥ ਸਿਖਾ ਕੰਨਿ ਚੜਾਈਆ, ਗੁਰੁ ਬ੍ਰਾਹਮਣੁ ਥਿਆ॥ ਓਹੁ ਮੁਆ ਓਹੁ ਝੜਿ ਪਇਆ, ਵੇਤਗਾ ਗਇਆ॥   ॥ (ਪੰ: ੪੭੧)। ਨਤੀਜਾ ਹੋਇਆ ਕਿ ਸੱਚ ਧਰਮ ਦੇ ਪਾਂਧੀਆਂ ਨੇ ਬ੍ਰਾਹਮਣੀ ਗ਼ੁਲਾਮੀ ਨੂੰ ਸਦਾ ਲਈ ਤਿਆਗ ਦਿੱਤਾ। ਇਸ ਤਰ੍ਹਾਂ ਜਿਉਂ ਜਿਉਂ ਆਤਮਕ ਜਾਗ੍ਰਿਤ ਆਉਂਦੀ ਜਾਵੇਗੀ, ਲੋਕਾਈ ਆਪਣੇ ਆਪ ਜਾਗ੍ਰਿਤ ਹੁੰਦੀ ਜਾਵੇਗੀ। ਖ਼ੂਬੀ ਇਹ ਕਿ ਆਪ ਨੇ ਆਪਣੇ ਪਿਤਾ ਜੀ ਸਮੇਤ, ਕਿਸੇ ਨੂੰ ਮਜਬੂਰ ਨਹੀਂ ਕਿਹਾ ਕਿ ਜੰਜੂ, ਬ੍ਰਾਹਮਣ ਦੀ ਗ਼ੁਲਾਮੀ ਦਾ ਸੂਚਕ ਹੈ ਇਸ ਲਈ ਉਹ ਲੋਕ ਵੀ ਉਤਾਰ ਦੇਣ ਜਾਂ ਪਾਉਣਾ ਬੰਦ ਕਰ ਦੇਣ। ਕਿਉਂਕਿ ਉਸ ਪਿਛੇ ਹਜ਼ਾਰਾਂ ਸਾਲਾਂ ਤੋਂ ਲੋਕਾਈ ਦੇ ਕੋਮਲ ਜਜ਼ਬਾਤ ਜੁੜੇ ਹੋਏ ਸਨ। ਫ਼ਿਰ ਵੀ ਇਲਾਹੀ ਤੇ ਰੱਬੀ ਸੱਚ ਨੂੰ ਪ੍ਰਗਟ ਕਰਣ `ਚ ਕੋਤਾਹੀ ਵੀ ਨਹੀਂ ਕੀਤੀ।

(ਸ) ਤੀਜੇ ਪਾਤਸ਼ਾਹ ਸਮੇਂ ਗੋਇੰਦਵਾਲ ਵਿਖੇ ਸੰਗਤਾਂ ਗੁਰੂ ਕੇ ਲੰਗਰਾਂ ਲਈ ਜਲ, ਬਾਹਰੋਂ ਖੂਹੀਆਂ ਤੋਂ ਲਿਆਂਉਂਦੀਆਂ ਸਨ। ਜਾਤ ਅਭਿਮਾਨੀ, ਵਰਣ-ਵੰਡ, ਸੁੱਚ ਭਿੱਟ ਦੇ ਮੁਦਈਆਂ ਨੂੰ ਬ੍ਰਦਾਸ਼ਤ ਨਹੀਂ ਸੀ ਕਿ ਅਖੌਤੀ ਸ਼ੂਦਰਾਂ ਸਮੇਤ ਹਰੇਕ ਵਰਣ ਦਾ ਬੰਦਾ ਉਥੋਂ ਪਾਣੀ ਭਰੇ। ਉਹ ਲੋਕ, ਸੰਗਤਾਂ ਨੂੰ ਤੰਗ ਤੇ ਪ੍ਰੇਸ਼ਾਨ ਕਰਦੇ, ਪੱਥਰ ਮਾਰ ਕੇ ਘੜੇ ਤੋੜ ਦਿੰਦੇ। ਸ਼ਿਕਾਇਤਾਂ ਗੁਰਦੇਵ ਪਾਸ ਪੁਜਦੀਆਂ ਤਾਂ ਗੁਰਦੇਵ ਸੰਗਤਾਂ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦਿੰਦੇ। ਗੁਰਦੇਵ ਅਨੁਸਾਰ, ਵਿਰੋਧੀ ਅਗਿਆਨੀ ਹਨ, ਇਸ ਲਈ ਜਦੋਂ ਉਨ੍ਹਾਂ ਨੂੰ ਵੀ ਗਿਆਨ ਹੋ ਜਾਵੇਗਾ ਤਾਂ ਉਹ ਵੀ ਅਜਿਹਾ ਕੁਕਰਮ ਨਹੀਂ ਕਰਣਗੇ। ਉਪ੍ਰੰਤ ਗੁਰਦੇਵ ਨੇ ਬਾਉਲੀ ਖੁਦਵਾਈ ਜਿਸ ਤੋਂ ਬਿਨਾ ਵਿਤਕਰਾ ਜਾਤ-ਵਰਣ ਸੰਗਤਾਂ ਸਾਂਝਾ ਇਸ਼ਨਾਨ ਕਰਦੀਆਂ। ਉਸੇ ਬਾਉਲੀ ਦੇ ਜਲ ਤੋਂ ਬਿਨਾ ਸੁੱਚ-ਭਿੱਟ ਤੇ ਊਚ-ਨੀਚ ਵਰਗੇ ਭਰਮ ਪਾਲ ਕੇ ਗੁਰੂ ਕਾ ਲੰਗਰ ਵੀ ਤਿਆਰ ਹੁੰਦਾ। ਦੇਖਣਾ ਹੈ ਕਿ ਉਹੀ ਜਾਤ-ਵਰਣ ਤੇ ਸੁੱਚ ਭਿੱਟ ਦੇ ਮੁਦਈ, ਇਨ੍ਹਾਂ ਗੁਰੂ ਕੇ ਲੰਗਰਾਂ `ਚ ਵਧੀਆ ਪਕਵਾਨਾ ਤੇ ਕਈ ਵਾਰੀ ਮੋਹਰਾਂ ਤੱਕ ਦੇ ਲਾਲਚ ਵੱਸ, ਲੰਗਰ ਛਕਣ ਲਈ ਪੁਜਦੇ। ਇਸ ਤਰ੍ਹਾਂ ਕਿੱਥੇ ਜਾਂਦੀ ਸੀ ਉਨ੍ਹਾਂ ਦੀ ਸੁੱਚ ਭਿੱਟ ਤੇ ਜਾਤ ਵਰਣ ਵਾਲੀ ਹਉਮੈ।

(ਹ) ਪ੍ਰਿਥੀ ਚੰਦ ਦੀਆਂ ਕਮੀਨ ਹਰਕਤਾਂ ਤੇ ਕਾਲੀਆਂ ਕਰਤੂਤਾਂ ਦਾ ਪੰਜਵੇਂ ਪਾਤਸ਼ਾਹ ਨੇ ਮੁਕਾਬਲਾ ਕਰਕੇ ਨਹੀਂ ਬਲਕਿ ਵੱਡੇ ਜਿਗਰੇ ਨਾਲ ਤੇ ਸ਼ਾਤ ਚਿੱਤ ਰਹਿਕੇ ਉੱਤਰ ਦਿੱਤਾ। ਸਪਸ਼ਟ ਹੈ ਕਿ ਅੰਤ ਸਤਿਕਾਰ ਗੁਰੂ ਦਰ ਦਾ ਵਧਿਆ ਨਾ ਕਿ ਪ੍ਰਿਥੀਏ ਦਾ।

ਇਹ ਤੇ ਅਜਿਹੀਆਂ ਸੈਂਕੜੇ ਮਿਸਾਲਾਂ ਹਨ ਗੁਰਬਾਣੀ ਸਿਧਾਂਤਾਂ ਤੇ ਉਨ੍ਹਾਂ ਦੀ ਵਰਤੋਂ ਨੂੰ ਵਧ ਤੋਂ ਵਧ ਲੋਕਾਈ ਤੱਕ ਪਹੁੰਚਾਉਣ ਲਈ ਵਰਤੀਆਂ ਭਿੰਨ-ਭਿੰਨ ਯੁਕਤੀਆਂ ਤੇ ਢੰਗਾਂ ਦੀ। ਅਜਿਹੇ ਢੰਗ ਤੇ ਯੁਕਤੀਆਂ ਜਿੱਥੇ ਨਾ ਕਿਸੇ ਨੂੰ ਮਜਬੂਰ ਕੀਤਾ ਜਾਂਦਾ, ਨਾ ਕਿਸੇ ਦੇ ਪੱਕ ਚੁੱਕੇ ਕੋਮਲ ਜਜ਼ਬਾਤਾਂ `ਤੇ ਸੱਟ ਮਾਰੀ ਤੇ ਨਾ ਸੱਚ ਧਰਮ ਨੂੰ ਦੇਣ ਜਾਂ ਲੋਕਾਈ ਤੱਕ ਪਹੁੰਚਾਉਣ `ਚ ਸਮਝੋਤਾ ਕੀਤਾ ਜਾਂਦਾ। ਇਸ ਤਰ੍ਹਾਂ ਇੱਕ ਪਾਸੇ ਗੁਰਬਾਣੀ ਦੇ ਸਿਧਾਂਤਕ ਸੱਚ ਨੂੰ ਵੰਡਣ `ਚ ਦ੍ਰਿੜਤਾ ਸ਼ਿਖਰਾਂ `ਤੇ ਹੁੰਦੀ ਪਰ ਉਹ ਵੀ ਕਿਸੇ ਨਾਲ ਜ਼ੋਰ-ਜ਼ਬਦਸਤੀ ਕਰਕੇ ਜਾਂ ਕਿਸੇ ਨੂੰ ਮਜਬੂਰ ਕਰਕੇ ਲਾਗੂ ਨਹੀਂ ਸੀ ਕੀਤੀ ਜਾਂਦੀ। ਫ਼ਿਰ ਵੀ ਸੱਚ ਨੂੰ ਲੋਕਾਈ ਤੱਕ ਪਹੁੰਚਾਉਣ `ਚ ਕਿਸੇ ਤਰ੍ਹਾਂ ਦਾ ਸਮਝੋਤਾ ਵੀ ਨਹੀਂ ਸੀ ਕੀਤਾ ਜਾਂਦਾ।

“ਬੰਦੇ ਖੋਜੁ ਦਿਲ ਹਰ ਰੋਜ’ ਨਾ ਫਿਰੁ ਪਰੇਸਾਨੀ ਮਾਹਿ” (ਪੰ: ੭੨੭) ਇਸੇ ਆਧਾਰ `ਤੇ ਅਜੋਕੇ ਗੁਰਮੱਤ ਵੰਡਣ ਦੇ ਢੰਗ ਨੂੰ ਘੋਖਣ ਦੀ ਲੋੜ ਹੈ, ਫ਼ਰਕ ਸਮਝ `ਚ ਆ ਜਾਵੇਗਾ। ਜਿਨ੍ਹਾਂ ਦੇ ਜੋ ਧਰਮ ਵਿਸ਼ਵਾਸ, ਰੀਤਾਂ, ਤਿਉਹਾਰ ਹਨ, ਉਨ੍ਹਾਂ ਨੂੰ ਮੁਬਾਰਕ ਤੇ ਜੰਮ ਜੰਮ ਕਰਣ। ਗੁਰਮੱਤ ਉਨ੍ਹਾਂ ਨੂੰ ਮਜਬੂਰ ਨਹੀਂ ਕਰਦੀ ਤੇ ਨਾ ਉਨ੍ਹਾਂ ਨੂੰ ਕਹਿੰਦੀ ਹੈ ਕਿ ਉਹ ਅਜਿਹਾ ਨਾ ਕਰਣ। ਪਰ ਜੋ ਆਪਣੇ ਆਪ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਤੇ “ਗੁਰੂ ਗ੍ਰੰਥ ਸਾਹਿਬ ਜੀ” ਦੇ ਅਖਵਾਉਂਦੇ ਹਨ ਅੱਜ ਉਨ੍ਹਾਂ ਦੀ ਹਾਲਤ ਕੀ ਹੈ? ਇਹ ਵਿਸ਼ਾ ਵਿਸ਼ੇਸ਼ ਵਿਚਾਰ ਮੰਗਦਾ ਹੈ ਮਿਸਾਲ ਵਜੋਂ:-

(i) ਘਰ `ਚ ਅਨੰਦ ਕਾਰਜ ਹੈ ਤਾਂ ਉਨ੍ਹਾਂ ਨੂੰ ਆ ਕੇ ਕੌਣ ਕਹਿ ਰਿਹਾ ਹੈ ਕਿ ਤੁਸੀਂ ਸੜਕਾਂ `ਤੇ ਭੰਗੜੇ ਪਾਉ, ਸ਼ਰਾਬਾਂ `ਚ ਡੁੱਬੋ, ਸਿਹਰੇ ਬਨੋ, ਮਹਿੰਦੀ ਦੀ ਰਾਤ, ਬੈਂਡ-ਚੂੜੇ, ਲਾਲ ਗੁਲਾਬੀਆਂ ਦੇ ਚੱਕਰਾਂ `ਚ ਪਵੋ। ਆਪਣੇ ਆਪ ਨੂੰ ਜਵਾਈ ਭਾਈ, ਮੁੰਡੇ ਵਾਲੇ ਤੇ ਦੂਜੇ ਪਾਸੇ ਬੱਚੀ ਵਾਲਿਆਂ ਨੂੰ ਮਾਂਜੀ ਤੇ ਨੀਵੇਂ ਮੰਨ ਕੇ ਚੱਲੋ। ਬੱਚੀ ਵਾਲੇ ਹਨ ਜਾਂ ਬੱਚੇ ਵਾਲੇ, ਜੇ ਗੁਰੂ ਕੇ ਅਖਵਾ ਤੇ ਬਣ ਕੇ ਵੀ ਤੁਸੀਂ ਉਹ ਸਾਰੀਆਂ ਸਗਨ-ਰੀਤਾਂ ਕਰੋ ਜਿਸ ਲਈ ਗੁਰੂ ਸਾਹਿਬ ਫ਼ੁਰਮਾਉਂਦੇ ਹਨ “ਜਾਲਉ ਐਸੀ ਰੀਤਿ, ਜਿਤੁ ਮੈ ਪਿਆਰਾ ਵੀਸਰੈ॥ ਨਾਨਕ ਸਾਈ ਭਲੀ ਪਰੀਤਿ, ਜਿਤੁ ਸਾਹਿਬ ਸੇਤੀ ਪਤਿ ਰਹੈ” (ਪੰ: ੫੯੦) ਜਾਂ “ਸਗੁਨ ਅਪਸਗੁਨ ਤਿਸ ਕਉ ਲਗਹਿ, ਜਿਸੁ ਚੀਤਿ ਨ ਆਵੈ” (ਪੰ: ੪੦੧) ਤੇ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” (ਪੰ: ੪੭੩) ਆਦਿ ਫ਼ੁਰਮਾਨ ਤਾਂ ਤੁਹਾਡੀ ਇਸ ਕਰਣੀ ਨੂੰ ਕੌਣ ਘੋਖੇਗਾ?

() ਪ੍ਰਵਾਰ `ਚੋਂ ਕੋਈ ਚਲਾਣਾ ਕਰਦਾ ਹੈ ਤਾਂ ਤੁਹਾਨੂੰ ਕੌਣ ਮਜਬੂਰ ਕਰ ਰਿਹਾ ਹੈ ਤੁਸੀਂ ਆਪਣੇ ਆਪ `ਚ ਗੁਰਬਾਣੀ ਸਿਧਾਂਤ ਦੇ ਵਾਰਿਸ ਤੇ ਸਿੱਖ ਹੋਣ ਦਾ ਸਬੂਤ ਨਾ ਦੇਵੋ। ਤੁਹਾਨੂੰ ਕੋਈ ਨਹੀਂ ਕਹਿ ਰਿਹਾ ਕਿ ਤੁਸੀਂ ਅਚਾਰਜੀ ਦੇ ਇਸ਼ਾਰੇ `ਤੇ ਚਲ ਕੇ ਕਰਮ ਕਰੋ। ਤੁਸੀਂ ਕਪਾਲ ਕਿਰਿਆ, ਪ੍ਰਕਰਮਾਂ, ਸਰਾਂਦੀ ਪੁਆਂਦੀ ਤੇ ਅਜਿਹੇ ਅਣਗਿਣਤ ਕਰਮਕਾਂਡਾਂ ਤੇ ਵਹਿਮਾਂ-ਭਰਮਾਂ `ਚ ਪਏ ਰਵੋ, ਚੌਥੇ ਕਰੋ, ਕਿਰਿਆ ਕਰੋ, ਹਡੀਆਂ (ਫੁਲ) ਚੁਣ ਕੇ ਹਰਦੁਆਰ ਨਹੀਂ ਤਾਂ ਕੀਰਤਪੁਰ ਜ਼ਰੂਰ ਪਹੁੰਚਾਵੋ, ਵਰ੍ਹੀਨੇ ਕਰੋ ਤੇ ਹਰ ਸਾਲ ਸਰਾਧ ਵੀ ਕਰੋ ਪਰ ਗੁਰੂ-ਗੁਰਬਾਣੀ ਦੀ ਆਗਿਆ `ਚ ਉੱਕਾ ਨਾ ਚਲੋ।

(i) ਪ੍ਰਵਾਰਕ ਵਾਧਾ ਹੁੰਦਾ ਹੈ (ਬੇਸ਼ੱਕ ਸੂਤਕ ਦਾ ਨਾਂ ਲਏ ਬਿਨਾ ਹੀ ਸਹੀ) ਯਾਰਵੇਂ, ਚਲੀਹੇ, ਚੌਂਕੇ ਚੜ੍ਹਾਉਣ ਆਦਿ ਸਾਰੇ ਢਕਵੰਜ ਤੁਸੀਂ ਪੂਰੇ ਕਰਦੇ ਹੋ। ਇਸ ਦੇ ਉਲਟ ਬੇਸ਼ੱਕ ਗੁਰੂ ਸਾਹਿਬ ਆਦੇਸ਼ ਦਿੰਦੇ ਰਹਿਣ “ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥ ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ” (੪੭੨) ਉਸ ਦੀ ਤੁਹਾਨੂੰ ਪ੍ਰਵਾਹ ਨਹੀਂ, ਇਹ ਹੈ ਅੱਜ ਸਿੱਖ ਦੀ ਹਾਲਤ ਅਤੇ ਹੋ ਰਿਹਾ ਹੈ ਸਭ ਲੋਕਾਚਾਰੀ ਦੇ ਫੋਕਟ ਨਾਂ `ਤੇ।

(iv) ਦੋਹਰਾ ਦੇਣਾ ਚਾਹੁੰਦੇ ਹਾਂ, ਜਿਨ੍ਹਾਂ ਦੇ ਰਸਮੋ ਰਿਵਾਜ, ਤਿਉਹਾਰ, ਰੀਤਾਂ ਤੇ ਵਿਸ਼ਵਾਸ ਹਨ, ਪਾਤਸ਼ਾਹ ਉਨ੍ਹਾਂ ਨੂੰ ਮਜਬੂਰ ਨਹੀਂ ਕਰ ਰਹੇ ਕਿ ਕੋਈ ਇਹ ਕਰੇ ਤੇ ਕੋਈ ਉਹ ਨਾ ਕਰੇ। ਪਾਤਸ਼ਾਹ ਤਾਂ ਕੇਵਲ ਸੱਚ ਧਰਮ ਨੂੰ ਨਿਖਾਰ ਕੇ ਪੇਸ਼ ਕਰ ਰਹੇ ਹਨ, ਤਾਕਿ ਸੰਸਾਰ ਭਰ ਦੇ ਮਨੁੱਖਾਂ ਦਾ ਜੀਵਨ ਸੌਖਾ ਤੇ ਉਜਵਲ ਹੋ ਜਾਵੇ। ਇਸ ਤਰ੍ਹਾਂ ਲਾਭ ਵੀ ਉਹੀ ਉਠਾਏ ਗਾ ਜੋ ਇਸ ਸੱਚ ਧਰਮ ਨੂੰ ਅਪਣਾਵੇਗਾ ਤੇ ਇਸ ‘ਤ ਪਹਿਰਾ ਦੇਵੇਗਾ। ਇਸ ਲਈ ਇਸ ਨੂੰ ਕਿਸੇ ਨੇ ਮੰਨਣਾ ਹੈ ਤਾਂ ਆਪਣੇ ਲਈ ਤੇ ਜਿਸ ਨੇ ਨਹੀਂ ਮੰਨਣਾ ਤਾਂ ਉਹ ਜਾਣੇ।

ਫ਼ਿਰ ਜਿਹੜੇ ਆਪਣੇ ਆਪ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਅਖਵਾਉਂਦੇ ਹਨ ਉਨ੍ਹਾਂ ਨੂੰ ਤਕੋਈ ਮਜਬੂਰ ਤਾਂ ਨਹੀਂ ਕਰ ਰਿਹਾ ਕਿ ਤੁਸੀਂ ਰਖੜੀਆਂ, ਟਿੱਕੇ, ਕਰਵਾਚੌਥ ਆਦਿ ਦੇ ਵਰਤ, ਲੋਹੜੀਆਂ, ਦਿਵਾਲੀਆਂ, ਸੰਗ੍ਰਾਂਦਾ, ਮਸਿਆਵਾਂ, ਪੂਰਮਾਸ਼ੀਆਂ, ਸਰਾਧ-ਨਰਾਤੇ, ਮੰਗਲ-ਸ਼ਨੀ, ਐਤ-ਬੁਧ, ਥਿਤਾਂ-ਵਾਰਾਂ, ਸਵੇਰ-ਸ਼ਾਮ, ਚੜ੍ਹਦੇ-ਲਹਿੰਦੇ ਤੇ ਵਰੀਣਿਆਂ ਆਦਿ ਦੇ ਵਹਿਮਾਂ-ਭਰਮਾਂ `ਚ ਪਏ ਰਵੋ। ਆਖ਼ਿਰ ਬੱਚੀਆਂ ਦੀ ਭਰੂਣ ਹੱਤਿਆ ਵਾਸਤੇ ਤੁਹਾਨੂੰ ਕੌਣ ਮਜਬੂਰ ਕਰ ਰਿਹਾ ਹੈ? ਤੁਹਾਨੂੰ ਕੋਈ ਨਹੀਂ ਕਹਿ ਰਿਹਾ ਕਿ ਤੁਸੀਂ ਆਪਣੇ ਨਾਵਾਂ ਪਿਛੇ ਸਿੰਘ-ਕੌਰ ਦੀ ਪ੍ਰਵਾਰਕ ਹੋਂਦ ਤੇ ਸਾਂਝ ਨੂੰ ਪਿਛੇ ਪਾਵੋ ਤੇ ਜਾਤ ਬ੍ਰਾਦਰੀਆਂ ਵਾਲੇ ਕੋਹੜ `ਚ ਡੁੱਬੇ ਰਵੋ ਅਤੇ ਇਸੇ ਤਰ੍ਹਾਂ ਬਹੁਤ ਕੁਝ।

ਇਹੀ ਨਹੀਂ ਜੇਕਰ ਅੱਜ ਗੁਰੂ ਨਾਨਕ ਤੇ ਗੁਰੂ ਗ੍ਰੰਥ ਸਾਹਿਬ ਦੇ ਅਖਵਾਉਣ ਵਾਲਿਆਂ ਦੀ ਰਹਿਣੀ ਹੀ ਗੁਰਬਾਣੀ ਸਿਧਾਂਤਾਂ ਨਾਲ ਖਿਲਵਾੜ ਕਰ ਰਹੀ ਹੈ। ਪਹਿਲਾਂ ਤਾਂ ਇਹ ਹੈ ਹੀ ਅਮਾਨਤ `ਚ ਖਿਆਨਤ ਫ਼ਿਰ ਗੁਰਬਾਣੀ ਅਨੁਸਾਰ ਤਾਂ ਇਹ ਇਸ ਤਰ੍ਹਾਂ ਹੈ ਜਿਵੇਂ “ਗਲਂੀ ਅਸੀ ਚੰਗੀਆ, ਆਚਾਰੀ ਬੁਰੀਆਹ॥ ਮਨਹੁ ਕੁਸੁਧਾ ਕਾਲੀਆ, ਬਾਹਰਿ ਚਿਟਵੀਆਹ” (ਪੰ: ੮੫)। ਜਦੋਂ ਅੱਜ ਬਹੁਤੇ ਸਿੱਖਾਂ ਦੀ ਆਪਣੀ ਹਾਲਤ ਹੀ ਇਹੀ ਹੈ ਤਾਂ ਅੰਦਾਜ਼ਾ ਲਗਾਉਂਦੇ ਦੇਰ ਨਹੀਂ ਲਗਦੀ ਕਿ ਅੱਜ ਅਸੀਂ ਪਨੀਰੀ ਤੋਂ ਬਾਅਦ ਪਨੀਰੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦੇ ਰਹੇ ਹਾਂ ਜਾਂ ਉਸ ਕੋਲੋਂ ਰਹਿੰਦੀ ਸਿੱਖੀ ਵੀ ਖੋਹ ਰਹੇ ਹਾਂ?

ਗੁਰਬਾਣੀ ਗਿਆਨ ਦੀ ਘਾਟ ਕਾਰਨ ਪਹਿਲਾਂ ਤਾਂ ਅੱਜ ਸਾਧਾਰਨ ਸਿੱਖ ਅੰਦਰ ਗੁਰਬਾਣੀ ਸਿਧਾਂਤ ਦੀ ਸੋਝੀ ਹੀ ਨਹੀਂ। ਫ਼ਿਰ ਜਦੋਂ ਜਿਸ ਚੀਜ਼ ਦੀ ਸੋਝੀ ਹੀ ਨਹੀਂ ਤਾਂ ਉਸ ਦੀ ਕੋਈ ਵਰਤੋਂ ਹੀ ਕਿਵੇਂ ਕਰੇਗਾ? ਇਸ ਤੋਂ ਬਾਅਦ ਜੇ ਕੁੱਝ ਸੱਜਨਾਂ ਅੰਦਰ ਜਾਗ੍ਰਿਤੀ ਹੈ ਵੀ ਤਾਂ ਉਥੇ ਵੀ ਜਾਂ ਤਾਂ ਗੁਰਬਾਣੀ ਸਿਧਾਂਤ ਨੂੰ ਵਰਤਾਉਣ ਦਾ ਢੰਗ ਤੇ ਯੁੱਕਤੀ ਨਹੀਂ। ਇਹ ਇਸ ਤਰ੍ਹਾਂ ਹੈ ਕਿ ਜਿਹੜੀ ਚੀਜ਼ ਤੁਸੀਂ ਕਰਣੀ ਹੀ ਨਹੀਂ, ਤੁਹਾਡੀ ਕਾਰਜਸ਼ਾਲਾ (Workshop) `ਚ ਹੈ ਹੀ ਨਹੀਂ। ਉਸ ਦੇ ਲਈ ਜਿਨਾਂ ਚਾਹੋ ਪ੍ਰਚਾਰ ਕਰਦੇ ਰਵੋ ਤੇ ਲਿਟ੍ਰੇਚਰ ਛਾਪਦੇ ਤੇ ਵੰਡਦੇ ਰਵੋ, ਉਸ ਦਾ ਕੁੱਝ ਲਾਭ ਨਹੀਂ ਹੋਵੇਗਾ। ਅੱਜ ਲੋੜ ਹੈ ਕਿ ਗੁਰੂ ਕੀਆਂ ਸੰਗਤਾਂ `ਚੋਂ ਪਹਿਲਾਂ ਤਾਂ ਹਰੇਕ ਸੱਜਨ ਨਿਜੀ ਪਧਰ ਤੇ ਉਪ੍ਰੰਤ ਹਰੇਕ ਪਧਰ `ਤੇ ਵਿਚਰ ਰਿਹਾ ਗੁਰੂ ਨਾਨਕ ਦਾ ਨਾਮ ਲੇਵਾ ਆਪਣੇ ਆਪ ਨੂੰ ਘੋਖੇ ਕਿ:-

(੧) ਗੁਰਬਾਣੀ ਕਸਵੱਟੀ `ਤੇ ਕਿਨਾਂ ਸਿਧਾਂਤਾਂ ਤੋਂ ਉਹ ਜਾਨੂੰ ਹੈ ਜੇ ਨਹੀਂ ਜ਼ਿਆਦਾ ਤੋਂ ਗੁਰਬਾਣੀ ਅਧਿਯਣ ਨਾਲ ਸਾਂਝ ਪਾਵੇ। (੨) ਜਿਨ੍ਹਾਂ ਗੁਰਮੱਤ ਸਿਧਾਂਤਾਂ ਤੋਂ ਜਾਨੂੰ ਹੈ, ਉਹ ਆਪਣੇ ਆਪ ਨੂੰ ਘੋਖੇ ਕਿ ਗੁਰੂ ਦੇ ਨਿਰਮਲ ਭਉ `ਚ ਰਹਿ ਕੇ ਉਨ੍ਹਾਂ ਸਿਧਾਂਤਾਂ ਦੀ ਵਰਤੋਂ ਵੀ ਕਰ ਰਿਹਾ ਜਾਂ ਨਹੀਂ? ਕਿਧਰੇ ਲੋਕਾਚਾਰੀ ਦੇ ਨਾਂ `ਤੇ ਗੁਰੂ ਨਾਲ ਬੇਮੁਖਤਾਈ ਤੇ ਅਮਾਨਤ `ਚ ਖਿਆਣਤ ਤਾਂ ਨਹੀਂ ਕਰ ਰਿਹਾ? (੩) ਜਿਨ੍ਹਾਂ ਗੁਰਮੱਤ ਸਿਧਾਂਤਾਂ ਦੀ ਵਰਤੋਂ ਕਰ ਵੀ ਰਿਹਾ ਹੈ ਤਾਂ ਉਸ ਦਾ ਪ੍ਰਭਾਵ ਲੋਕਾਈ ਤੱਕ ਦੇਣ ਲਈ ਇਮਾਨਦਾਰ ਵੀ ਹੈ ਜਾਂ ਨਹੀਂ। ਉਸ ਗੁਰਮੱਤ ਸਿਧਾਂਤ ਨੂੰ ਦੇਣ ਦੇ ਢੰਗ ਤੇ ਯੁਕਤੀ ਨੂੰ ਵੀ ਉਸ ਲਈ “ਭੁਗਤਿ ਗਿਆਨੁ ਦਇਆ ਭੰਡਾਰਣਿ” (ਬਾਣੀ ਜਪੁ) ਦੀ ਕਸਵੱਟੀ `ਤੇ ਹਰ ਸਮੇਂ ਘੋਖਣ ਦੀ ਲੋੜ ਹੈ। #207s10.02s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 207

ਸਿੱਖ ਧਰਮ ਸਿਧਾਂਤ, ਵਰਤੋਂ ਅਤੇ ਢੰਗ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.