.

ਜਾਗੁ ਸਲੋਨੜੀਏ

ਨੀਂਦ ਅਤੇ ਆਰਾਮ ਮਨੁਖ ਦੀਆਂ ਸਰੀਰਕ ਜ਼ਰੂਰਤਾਂ ਹਨ ਜਿਸ ਤੋਂ ਬਿਨਾ ਸਰੀਰ ਸਿਹਤਮੰਦ ਨਹੀ ਰਹਿ ਸਕਦਾ। ਇਹ ਕੁਦਰਤ ਦਾ ਅਟੱਲ ਨਿਯਮ ਹੈ ਕਿ ਥਕਾਵਟ ਪਿਛੋਂ ਸਰੀਰ ਨੀਂਦ ਦੁਆਰਾ ਤਾਜ਼ਗੀ ਹਾਸਲ ਕਰਦਾ ਹੈ ਅਤੇ ਜੇ ਕੋਈ ਕਿਸੇ ਧਾਰਮਕ ਕਰਮ ਕਾਂਡ ਲਈ ਸਰੀਰ ਨੂੰ ਹੱਠ ਕਰਕੇ ਨੀਂਦ ਤੋਂ ਵਾਂਝਾ ਰਖਦਾ ਹੈ, ਉਹ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਜੋ ਕੇ ਹਾਨੀਕਾਰਕ ਵੀ ਹੋ ਸਕਦਾ ਹੈ। ਗੁਰਬਾਣੀ ਦਾ ਕਥਨ ਹੈ ਕਿ ਹੱਠ ਨਾਲ ਧਰਮ ਨਹੀ ਕਮਾਇਆ ਜਾ ਸਕਦਾ। ਮਨਹਠਿ ਕਿਨੈ ਨ ਪਾਇਉ ਸਭ ਥਕੇ ਕਰਮ ਕਮਾਇ॥ ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ॥ (ਮ: 3-593)। ਮਨ ਹੱਠ ਨਾਲ “ਅੰਮ੍ਰਿਤ ਵੇਲੇ” ਜਾਗਣ ਦਾ ਵੀ ਕੋਈ ਲਾਭ ਨਹੀ ਹੋ ਸਕਦਾ ਜੇ ਮਨ ਤੇ ਸਰੀਰ ਦੀ ਥਕਾਵਟ (ਪੂਰੀ ਨੀਂਦ ਦੁਆਰਾ) ਦੂਰ ਨਹੀ ਹੋਈ ਕਿਉਂਕਿ ਇਹ ਥਕਾਵਟ ਹੀ ਹਰ ਕੰਮ ਵਿੱਚ ਰੁਕਾਵਟ ਬਣ ਜਾਵੇਗੀ। ਇਸ ਲਈ ਗੁਰਬਾਣੀ ਨੂੰ ਕੁਦਰਤੀ ਸਰੀਰਕ ਸੌਣ ਅਤੇ ਜਾਗਣ ਦੀ ਕਿਰਿਆ ਨਾਲ ਕੋਈ ਵਾਸਤਾ ਨਹੀ ਪਰ ਮਨ ਨੂੰ ਮੋਹ ਮਾਇਆ (ਅਗਿਆਨਤਾ) ਦੀ ਨੀਂਦ ਵਿਚੋਂ ਜਗਾਉਣ ਨਾਲ ਜ਼ਰੂਰ ਵਾਸਤਾ ਹੈ। ਇਸ ਲਈ ਜਦੋਂ ਗੁਰਬਾਣੀ ਜਾਗਣ ਨੂੰ ਕਹਿੰਦੀ ਹੈ ਤਾਂ ਉਹ ਸਰੀਰਕ ਨੀਂਦ ਵਿਚੋਂ ਜਾਗਣ ਨੂੰ ਨਹੀ ਬਲਿਕੇ ਅਗਿਆਨਤਾ ਦੀ ਨੀਂਦ ਵਿਚੋਂ ਮਨ ਨੂੰ ਗਿਆਨ ਦੁਆਰਾ ਜਾਗਣ ਲਈ ਹੀ ਪ੍ਰੇਰਦੀ ਹੈ। ਇਹ ਆਤਮਕ ਜਾਗਰਤ ਹੈ। ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ॥ ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ॥ (ਮ: 1-844) ਭਾਵ: ਹੇ ਸੁੰਦਰ ਜੀਵ ਇਸਤ੍ਰੀਏ, ਮਾਇਆ ਦੇ ਹਲਿਆਂ (ਅਗਿਆਨਤਾ) ਤੋਂ ਸਾਵਧਾਨ ਰਹੁ। ਤੈਨੂੰ ਗੁਰੂ ਦੀ ਬਾਣੀ (ਗਿਆਨ ਦੁਆਰਾ) ਜਗਾ ਰਹੀ ਹੈ। ਕਹਤ ਨਾਨਕ ਜਨੁ ਜਾਗੈ ਸੋਇ॥ ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ॥ (1128) ਭਾਵ: ਨਾਨਕ ਆਖਦਾ ਹੈ ਕਿ ਉਹੀ ਮਨੁਖ ਮੋਹ ਮਾਇਆ ਦੀ ਨੀਂਦ ਵਿਚੋਂ ਜਾਗਦਾ ਹੈ, ਜਿਸ ਦੀਆਂ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਿਆ ਹੋਵੇ। ਇਸ ਲਈ ਅਸਲ ਵਿੱਚ ਜਾਗਦੇ ਉਹੀ ਹਨ, ਤੇ ਉਹਨਾ ਲਈ ਹੀ ਅੰਮ੍ਰਿਤ ਵੇਲਾ ਹੁੰਦਾ ਹੈ, ਜਿਨਾ ਨੇ ਗੁਰਬਾਣੀ ਨੂੰ ਸੁਣ ਕੇ ਮੰਨ ਲਿਆ। ਸਮੇ ਦੀ ਵੰਡ ਦੀ ਕੋਈ ਵਿਸ਼ੇਸ਼ਤਾ ਨਹੀ। ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤਿ ਜਾਗੈ ਸੋਇ॥ (ਮ: 3-1414)। ਭਾਵ:- ਜੋ ਮਨੁਖ ਗਿਆਨ ਦੀ ਤਲਵਾਰ ਲੈ ਕੇ ਪੰਜਾਂ ਵੈਰੀਆਂ ਨੂੰ ਮਾਰ ਲੈਂਦਾ ਹੈ ਉਹੀ ਅਸਲ ਵਿੱਚ ਜਾਗਦਾ ਹੈ। ਉਹਦੇ ਲਈ ਹੀ ਅੰਮ੍ਰਿਤ ਵੇਲਾ ਹੈ। ਅਗਿਆਨ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈਗੋ॥ (ਮ: 4-1308)। ਭਾਵ: ਪਰਮਾਤਮਾ ਆਪਣੀ ਮਰਜ਼ੀ ਨਾਲ ਮੋਹ ਮਾਇਆ ਰਾਹੀ ਕਿਸੇ ਨੂੰ ਅਗਿਆਨਤਾ ਦੀ ਨੀਂਦ ਵਿੱਚ ਸੁਆ ਦਿੰਦਾ ਹੈ ਤੇ ਕਿਸੇ ਨੂੰ ਆਪਣੇ ਗਿਆਨ ਰਾਹੀ ਜਗਾ ਦਿੰਦਾ ਹੈ। ਇਸ ਲਈ ਜੋ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ ਹੈ ਉਹ ਭਾਵੇਂ ਲੱਖ ਅਖੌਤੀ ਅੰਮ੍ਰਿਤ ਵੇਲੇ ਉਠਦਾ ਰਹੇ ਉਹ ਆਤਮਕ ਤੌਰ ਤੇ ਜਾਗ ਨਹੀ ਪਾਏਗਾ। ਉਸਦਾ ਅੰਮ੍ਰਿਤ ਵੇਲਾ ਕਦੇ ਨਹੀ ਹੋਵੇਗਾ। ਕੇਵਲ ਗੁਰੂ ਦੀ ਸਿਖਿਆ ਦੁਆਰਾ ਹੀ ਜਾਗ ਸਕੇਗਾ। ਆਮ ਤੌਰ ਤੇ ਪ੍ਰਭਾਤ ਵੇਲੇ ਨੂੰ ਅੰਮ੍ਰਿਤ ਵੇਲਾ ਆਖ ਕੇ ਜਾਗਣ ਦੀ ਤਾਕੀਦ ਕੀਤੀ ਜਾਂਦੀ ਹੈ ਪਰ ਗੁਰਬਾਣੀ ਸਿਧਾਂਤ ਕਿਸੇ ਖਾਸ ਸਮੇ ਨੂੰ ਮਹੱਤਾ ਨਹੀ ਦਿੰਦਾ:- ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ॥ (ਮ: 3-35)। ਭਾਵ: ਜੇ ਭਗਤੀ ਕਰਨ ਵਾਸਤੇ ਕੋਈ ਖਾਸ ਵੇਲਾ ਨੀਯਤ ਕਰਨਾ ਵਿਚਾਰਦੇ ਰਹੇ ਤਾਂ ਕਿਸੇ ਵੇਲੇ ਵੀ ਭਗਤੀ ਨਹੀ ਹੋ ਸਕਦੀ। ਹਰ ਵੇਲੇ ਹੀ ਪਰਮਾਤਮਾ ਦੇ ਰੰਗ ਵਿੱਚ ਰਿਹਾਂ ਉਸਦਾ ਹੀ ਰੂਪ ਹੋ ਜਾਈਦਾ ਹੈ। ਉਹ ਭਗਤੀ ਹੀ ਕੈਸੀ ਜੇ ਇੱਕ ਪਲ ਭਰ ਵੀ ਪਿਆਰਾ ਵਿਸਰ ਜਾਵੇ? ਗੁਰਬਾਣੀ ਅਨੁਸਾਰ ਰਾਤ ਦਿਨ, “ਅਨਦਿਨ” ਹੀ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹਿਣਾ ਹੈ, ਕਿਸੇ ਖਾਸ ਵੇਲੇ ਨਹੀ। ਅੰਮ੍ਰਿਤ ਵੇਲਾ, (ਦਿਨ, ਮਹੀਨਾ, ਸਾਲ) ਉਹੀ ਸੁਹਾਨਾ ਹੈ ਜਦੋਂ ਪਰਮਾਤਮਾ ਦੀ ਯਾਦ ਆਵੇ ਤੇ ਇਹ ਯਾਦ ਸਵੇਰੇ ਦੁਪਹਿਰੇ ਜਾਂ ਰਾਤ ਨੂੰ ਵੀ ਆ ਸਕਦੀ ਹੈ। ਇਸ ਲਈ ਮਹੱਤਾ ਸਮੇ ਦੀ ਨਹੀ ਬਲਿਕੇ ਪਰਮਾਤਮਾ ਦੀ ਯਾਦ ਦੀ ਹੈ। ਗੁਰਬਾਣੀ ਦਾ ਇਹ ਫੁਰਮਾਨ ਵਿਚਾਰਨ ਯੋਗ ਹੈ:- ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ॥ (ਜਪੁ)। ਹੁਣ ਜੇ ਅੰਮ੍ਰਿਤ ਵੇਲੇ ਨੂੰ “ਪ੍ਰਭਾਤ ਵੇਲਾ” ਲੈ ਲਿਆ ਜਾਵੇ ਤਾਂ ਫਿਰ ਇਸ ਗੁਰਪ੍ਰਮਾਣ ਦਾ ਕੀ ਬਣੇਗਾ?

1. ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ॥ (540)

ਭਾਵ: ਹੇ ਸੋਹਣੀ ਜਿੰਦੇ, ਉਹ ਵੇਲਾ, ਘੜੀ, ਸਮਾ ਭਾਗਾਂ ਵਾਲਾ ਹੈ ਜਦੋਂ ਪਰਮਾਤਮਾ ਚਿਤ ਵਿੱਚ ਆ ਵਸਦਾ ਹੈ। ਮਹੱਤਾ ਪਰਮਾਤਮਾ ਦੇ ਚਿਤ ਵਿੱਚ ਵਸਣ ਦੀ ਹੈ ਜੋ ਸਮੇ ਨੂੰ ਵੀ ਮਹਤਵ ਪੂਰਨ ਬਣਾਉਂਦੀ ਹੈ। ਗੁਰੂ ਦੇ ਹੁਕਮ ਰਜਾਈਂ ਚਲਣ ਦੀ ਸ਼ੁਰੂਆਤ ਹੀ ਅੰਮ੍ਰਿਤ ਵੇਲਾ ਹੈ।

2. ਸਭੇ ਰੁਤੀ ਚੰਗੀਆ ਜਿਤੁ ਸਚੇ ਸਿਉ ਨੇਹੁ॥ (1015)

3. ਨਾਨਕ ਸੋਈ ਦਿਨਸੁ ਸੁਹਾਵੜਾ ਜਿਤਿ ਪ੍ਰਭੁ ਆਵੈ ਚਿਤਿ॥ (318)

4. ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ॥ (927)

5. ਸਾ ਵੇਲਾ ਪਰਵਾਣ ਜਿਤੁ ਸਤਿਗੁਰ ਭੇਟਿਆ॥ (520)

ਜਦੋਂ ਵੀ ਪਰਮਾਤਮਾ ਚਿਤ ਆਵੇ ਉਹੀ ਸਮਾ ਉਤਮ ਹੈ, ਉਹੀ ਅੰਮ੍ਰਿਤ ਵੇਲਾ ਹੈ, ਉਹੀ ਰੁੱਤ ਚੰਗੀ ਹੈ, ਉਹੀ ਮਹੀਨਾ ਚੰਗਾ ਹੈ, ਉਹੀ ਦਿਨ ਚੰਗਾ ਹੈ, ਉਹੀ ਘੜੀ ਚੰਗੀ ਹੈ। ਇਸ ਲਈ “ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰ” ਦੇ ਢੁਕਵੇਂ ਅਰਥ ਇਸ ਤਰਾਂ ਲਗਦੇ ਹਨ: “ਪਰਮਾਤਮਾ ਦਾ ਸਚਾ ਨਾਉ (ਹੁਕਮ) ਤੇ ਉਸਦੀ ਵਡਿਆਈ ਦੀ ਵਿਚਾਰ ਹੀ ਅੰਮ੍ਰਿਤ ਵੇਲਾ ਹੈ।” ਇਹਨਾ ਅਰਥਾਂ ਦੁਆਰਾ ਮਹੱਤਾ ਸਚੇ ਨਾਮ ਅਤੇ ਉਸਦੀ ਵਡਿਆਈ ਦੀ ਵਿਚਾਰ ਦੀ ਹੈ ਜਿਸ ਦੁਆਰਾ ਉਸ ਨਾਲ ਸਾਂਝ ਪਵੇਗੀ। ਇਹ ਸਾਂਝ ਕਦੋਂ ਵੀ ਤੇ ਕਿਤੇ ਵੀ ਪੈ ਸਕਦੀ ਹੈ। ਇੱਕ ਹੋਰ ਗੁਰਪ੍ਰਮਾਣ ਹੈ ਜਿਸਨੂੰ ਖਾਸ ਸਮੇ ਨਾਲ ਜੋੜਿਆ ਜਾਂਦਾ ਹੈ: ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾਰਾਤਿ॥ ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ॥ (ਫਰੀਦ-1384) ਇਥੇ ਕਿਸੇ ਖਾਸ ਸਮੇ (ਅੰਮ੍ਰਿਤ ਵੇਲੇ) ਨੂੰ ਮਹੱਤਾ ਦੇਣ ਨਾਲ ਪਹਿਲਾਂ ਦਰਸਾਏ ਗੁਰਬਾਣੀ ਸਿਧਾਂਤਾਂ ਦੀ ਉਲੰਘਣਾ ਹੋ ਜਾਵੇਗੀ (ਸਾ ਵੇਲਾ ਪਰਵਾਨ ਜਿਤੁ ਸਤਿਗੁਰ ਭੇਟਿਆ) ਵਡਿਆਈ ਤਾਂ (ਗਿਆਨ ਦੁਆਰਾ) ਜਾਗਣ ਦੀ ਹੈ, ਸਮੇ (ਪਹਿਲੇ ਪਹਿਰ ਜਾਂ ਪਛਾ ਰਾਤ) ਦੀ ਨਹੀ ਅਤੇ ਗਿਆਨ ਦਾ ਚਾਨਣ ਕਿਸੇ ਸਮੇ ਵੀ ਹੋ ਸਕਦਾ ਹੈ। ਸਾਂਈ ਕੋਲੋਂ ਦਾਤ ਓਸੇ ਨੂੰ ਪ੍ਰਾਪਤ ਹੋਵੇਗੀ ਜੋ, ਜਿਥੇ ਅਤੇ ਜਦੋਂ ਵੀ ਅਗਿਆਨਤਾ ਵਿਚੋਂ ਗਿਆਨ ਦੁਆਰਾ ਜਾਗ ਜਾਵੇਗਾ। ਓਸੇ ਨੂੰ ਹੀ ਫਿਰ ਸਾਂਈ ਨਾਲ ਸਾਂਝ ਪੈਣ ਦਾ ਫਲ ਲਗੇਗਾ। ਆਮ ਕਿਰਤੀਆਂ ਦਾ ਸੌਣਾ ਤੇ ਜਾਗਣਾ ਉਹਨਾ ਦੀ ਕਿਰਤ ਤੇ ਵੀ ਨਿਰਭਰ ਹੋ ਸਕਦਾ ਹੈ, ਇਸ ਲਈ ਜੋ ਕਿਰਤੀ ਪਹੁ ਫੁਟੱਣ ਵੇਲੇ ਨਹੀ ਉਠ ਸਕਦਾ, ਕੀ ਉਹ ਪਰਮਾਤਮਾ ਨਾਲ ਕਦੇ ਵੀ ਸਾਂਝ ਨਹੀ ਪਾ ਸਕਦਾ? ਕੀ ਉਸ ਲਈ ਕਦੇ ਵੀ ਅੰਮ੍ਰਿਤ ਵੇਲਾ ਨਹੀ ਆ ਸਕਦਾ? ਜੇ ਗੁਰਬਾਣੀ ਅੱਠੇ ਪਹਿਰ (ਅਨਦਿਨ) ਪਰਮਾਤਮਾ ਦੇ ਰੰਗ ਵਿੱਚ ਰਹਿਣ ਦੀ ਤਾਕੀਦ ਕਰਦੀ ਹੈ ਤਾਂ ਕਿਸੇ ਖਾਸ ਸਮੇ ਦੀ ਮਹੱਤਾ ਕਿਵੇ ਰਹਿ ਜਾਂਦੀ ਹੈ? ਕਈ ਦੇਸਾਂ ਵਿੱਚ ਰਾਤ ਦਿਨ ਸ਼ਿਫਟਾਂ ਤੇ ਕੰਮ ਕਰਨ ਵਾਲੇ ਕਿਰਤੀ ਲਈ “ਅੰਮ੍ਰਿਤ ਵੇਲੇ” ਉਠਣਾ ਮੁਮਕਿਨ ਹੀ ਨਹੀ, ਕੀ ਉਹਨਾਂ ਦੀ ਪਰਮਾਤਮਾ ਨਾਲ ਸਾਂਝ ਨਹੀ ਪੈ ਸਕਦੀ? ਬਾਬੇ ਫਰੀਦ ਜੀ ਦਾ ਇੱਕ ਹੋਰ ਸਲੋਕ ਹੈ: ਫਰੀਦਾ ਪਿਛਲ ਰਾਤਿ ਨ ਜਾਗਿਉਹਿ ਜੀਵਦੜੋ ਮੁਇਉਹਿ॥ ਜੇ ਤੈ ਰਬੁ ਵਿਸਾਰਿਆ ਤਾ ਰਬਿ ਨ ਵਿਸਰਿਉਹਿ॥ (ਫਰੀਦ-1383)। ਇਥੇ ਫੇਰ ਕਿਸੇ ਖਾਸ ਸਮੇ ਸਰੀਰਕ ਤੌਰ ਤੇ ਜਾਗਣ ਦੀ ਗਲ ਨਹੀ, ਬਲਿਕੇ ਮੋਹ ਮਾਇਆ ਦੀ ਨੀਂਦ ਵਿਚੋਂ (ਅਗਿਆਨਤਾ ਵਿਚੋਂ ਗਿਆਨ ਦੁਆਰਾ) ਜਾਗਣ ਦੀ ਗਲ ਹੈ। ਫਰੀਦਾ, ਜੇ ਅਜੇ ਤਕ (ਪਿਛਲ ਰਾਤ) ਮੋਹ ਮਾਇਆ ਵਿਚੋਂ ਨਹੀ ਜਾਗਿਆ ਤਾਂ ਤੂੰ ਜਿਉਂਦਾ ਮੁਰਦਾ ਹੀ ਹੈਂ। ਇਸੇ ਮੋਹ ਮਾਇਆ ਵਿਚੋਂ ਜਾਗਣ ਦੀ ਗਲ ਕਬੀਰ ਜੀ ਵੀ ਕਰਦੇ ਹਨ: (ਕਬੀਰ-1371)

1. ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ॥ ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ॥ (1371)

2. ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ॥ ਇੱਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ॥ (1371)

3. ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰੁ ਜਾਗੁ॥ ਜਾ ਕੇ ਸੰਗਿ ਤੇ ਬੀਛੁਰਾ ਤਾਹੀ ਕੇ ਸੰਗਿ ਲਾਗੁ॥ (1371) ਗੁਰਬਾਣੀ ਦਾ ਵਿਸ਼ਾ ਆਤਮਕ ਤੌਰ ਤੇ ਗਿਆਨ ਦੁਆਰਾ ਮਨ ਨੂੰ ਮੋਹ ਮਾਇਆ ਦੀ ਨੀਂਦ ਤੋਂ ਜਗਾਉਣ ਦਾ ਹੈ। ਸਪਸ਼ਟੀਕਰਨ ਲਈ ਇੱਕ ਹੋਰ ਗੁਰ ਫੁਰਮਾਨ ਬੜਾ ਲਾਭਦਾਇਕ ਰਹੇਗਾ ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ॥ ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ॥ (ਮ: 5-255)। ਇਸ ਸਲੋਕ ਦੇ ਅਰਥ ਅੰਮ੍ਰਿਤ ਵੇਲੇ (ਕਿਸੇ ਖਾਸ ਸਮੇ) ਉਠ ਕੇ ਨਾਮ ਜਪਣ ਦੇ ਕੀਤੇ ਗਏ ਹਨ ਪਰ ਜੇ ਨਾਲ ਹੀ “ਨਿਸਿ ਬਾਸੁਰ” (ਰਾਤ ਦਿਨ) ਆਰਾਧਨ ਲਈ ਵੀ ਹਿਦਾਇਤ ਹੈ ਤਾਂ ਅੰਮ੍ਰਿਤ ਵੇਲੇ ਦਾ ਉਠਣਾ ਤਾਂ ਆਪਣੇ ਆਪ ਹੀ ਨਿਸਫਲ ਹੋ ਜਾਂਦਾ ਹੈ। ਝਾਲਾਘੇ ਕਿਉਂਕਿ ਸਵੇਰ ਦੀ ਸ਼ੁਰੂਆਤ ਦਾ ਪਰਤੀਕ ਹੈ ਇਸ ਲਈ ਸ਼ਬਦ ਦਾ ਭਾਵ ਇਉਂ ਢੁਕਵਾਂ ਲਗਦਾ ਹੈ “ਹੁਣ ਤੋਂ ਹੀ, ਰਾਤ ਦਿਨ ਨਾਮ ਜਪਣਾ ਸ਼ੁਰੂ ਕਰ”। ਗੁਰੂ ਦੇ ਗਿਆਨ ਦੀ ਪਹਿਲੀ ਕਿਰਨ, ਸ਼ੁਰੂਆਤ, ਹੀ ਚਾਨਣ ਜਾਂ ਅੰਮ੍ਰਿਤ ਵੇਲਾ ਹੈ। ਸ਼ਬਦ ਵਿੱਚ “ਨਿਸਿ ਬਾਸੁਰ ਆਰਾਧਿ” ਦਾ ਅਰਥ ਮੂੰਹ ਨਾਲ ਨਾਮ ਜਪਣ ਦਾ ਕੋਈ ਕਰਮ ਕਾਂਡ ਨਹੀ ਕਿਉਂਕਿ ਇਹ ਰਾਤ ਦਿਨ ਹੋਣਾ ਸੰਭਵ ਨਹੀ। ਗੁਰਬਾਣੀ ਨਾਮ ਦੀ ਵਿਆਖਿਆ ਇਉਂ ਕਰਦੀ ਹੈ: ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (ਮ: 1-72)। ਨਾਨਕ ਨੂੰ ਸਤਿਗੁਰ ਨੇ ਸਮਝਾ ਦਿਤਾ ਕਿ ਪਰਮਾਤਮਾ ਦਾ ਹੁਕਮ, ਭਾਣਾ, ਰਜ਼ਾ ਹੀ ਨਾਮ ਹੈ। ਅਗਰ ਉਸਦਾ ਭਾਣਾ ਨਾਮ ਹੈ ਤਾਂ ਉਸਦੇ ਭਾਣੇ ਵਿੱਚ ਚਲਣਾ ਹੀ ਉਸਦਾ ਨਾਮ ਜਪਣਾ ਹੋ ਸਕਦਾ ਹੈ ਜੋ ਕੋਈ ਕਰਮ ਕਾਂਡ ਨਹੀ ਤੇ ਇਹ ਰਾਤ ਦਿਨ ਹੋਣਾ ਵੀ ਸੰਭਵ ਹੈ। ਇਸੇ ਕਰਕੇ ਸਚਿਆਰ ਹੋਣ ਦੀ ਵਿਧੀ “ਹੁਕਮਿ ਰਜਾਈ ਚਲਣਾ” ਪਹਿਲੇ ਪੰਨੇ ਤੇ ਹੀ ਦਰਜ ਕਰ ਦਿੱਤੀ ਗਈ ਹੈ। ਸੋ, ਅੰਮ੍ਰਿਤ ਵੇਲੇ ਦੇ ਅਰਥ ਸਮੇ ਦੀ ਵੰਡ ਨਹੀ ਬਲਿਕੇ ਵਰਤਮਾਨ ਸਮਾ (ਹੁਣੇ, ਇਸੇ ਪਲ ਹੀ) ਜ਼ਿਆਦਾ ਢੁਕਵੇਂ ਹਨ। ਗੁਰੂ ਦੇ ਗਿਆਨ ਦੀ ਸ਼ੁਰੂਆਤ ਹੀ ਅੰਮ੍ਰਿਤ ਵੇਲਾ ਹੈ। ਭੂਤ ਕਾਲ ਹੱਥ ਨਹੀ ਆ ਸਕਦਾ, ਭਵਿੱਖ ਦਾ ਪਤਾ ਕੋਈ ਨਹੀ, ਬੱਸ, ਕੇਵਲ ਵਰਤਮਾਨ ਹੀ ਸੰਭਾਲਿਆ ਜਾ ਸਕਦਾ ਹੈ। ਅਗਰ ਵਰਤਮਾਨ ਵਿੱਚ ਵੀ ਕਿਸੇ ਖਾਸ ਵੇਲੇ ਦੀ ਉਡੀਕ ਕਰਦੇ ਰਹੇ ਤਾਂ ਇਹ ਵੀ ਹੱਥੋਂ ਗੁਆਚ ਜਾਵੇਗ। (ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ)। ਕੇਵਲ ਇਤਨਾ ਹੀ ਜਾਨਣ ਦੀ ਲੋੜ ਹੈ ਕਿ ਮਨ ਦਾ ਸੌਣਾ ਕੀ ਹੈ ਤੇ ਇਸਦਾ ਜਾਗਣਾ ਕੀ ਹੈ।

1. ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ॥ ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ॥ (ਮ: 3-160)।

2. ਇਕਿ ਸਬਦੁ ਵੀਚਾਰਿ ਸਦਾ ਜਨ ਜਾਗੇ॥ ਇਕਿ ਮਾਇਆ ਮੋਹਿ ਸੋਇ ਰਹੇ ਅਭਾਗੇ॥ (ਮ: 3-1047)। ਮਨ ਦਾ ਜਾਗਣਾ ਮੋਹ ਮਾਇਆ ਦੇ ਹੱਲਿਆਂ ਤੋਂ ਸਾਵਧਾਨਤਾ ਹੈ ਜੋ ਗੁਰਬਾਣੀ ਨੂੰ ਆਪ ਪੜ੍ਹਨ, ਸੁਣਨ, ਵਿਚਾਰਨ ਨਾਲ ਪ੍ਰਾਪਤ ਹੋ ਸਕਦੀ ਹੈ। ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮਨਿ ਵਸਾਵਣਿਆ॥ (ਮ: 3-127)। ਇਹ ਕਾਰਵਾਈ ਕਿਸੇ ਖਾਸ ਸਮੇ ਤੇ ਨਿਰਭਰ ਨਹੀ, ਕਿਤੇ ਤੇ ਕਦੋਂ ਵੀ ਹੋ ਸਕਦੀ ਹੈ। ਮਹੱਤਾ ਸਮੇ ਦੀ ਵੰਡ ਦੀ ਬਿਲਕੁਲ ਹੀ ਨਹੀ ਬਲਿਕੇ ਕੇਵਲ ਪਰਮਾਤਮਾ ਨਾਲ ਸਾਂਝ ਪਾਉਣ ਦੀ ਹੀ ਹੈ ਤੇ ਇਹੀ, ਗੁਰਮਤ ਅਨੁਸਾਰ, ਅੰਮ੍ਰਿਤ ਵੇਲਾ ਹੋ ਸਕਦਾ ਹੈ।

ਦਰਸ਼ਨ ਸਿੰਘ

ਵੁਲਵਰਹੈਂਪਟਨ, ਯੂ. ਕੇ.
.