.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 17)

ਜੋ ਆਇਆ ਸੋ ਸਭੁ ਕੋ ਜਾਸੀ॥ ਦੂਜੈ ਭਾਇ ਬਾਧਾ ਜਮ ਫਾਸੀ॥
ਸਤਿਗੁਰਿ ਰਾਖੇ ਸੇ ਜਨ ਉਬਰੇ ਸਾਚੇ ਸਾਚਿ ਸਮਾਈ ਹੇ॥ ੧॥
ਆਪੇ ਕਰਤਾ ਕਰਿ ਕਰਿ ਵੇਖੈ॥ ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ॥
ਗੁਰਮੁਖਿ ਗਿਆਨੁ ਤਿਸੁ ਸਭੁ ਕਿਛੁ ਸੂਝੈ ਅਗਿਆਨੀ ਅੰਧੁ ਕਮਾਈ ਹੇ॥ ੨॥
ਮਨਮੁਖ ਸਹਸਾ ਬੂਝ ਨ ਪਾਈ॥ ਮਰਿ ਮਰਿ ਜੰਮੈ ਜਨਮੁ ਗਵਾਈ॥
ਗੁਰਮੁਖਿ ਨਾਮਿ ਰਤੇ ਸੁਖੁ ਪਾਇਆ ਸਹਜੇ ਸਾਚਿ ਸਮਾਈ ਹੇ॥ ੩॥
ਧੰਧੈ ਧਾਵਤ ਮਨੁ ਭਇਆ ਮਨੂਰਾ॥ ਫਿਰ ਹੋਵੈ ਕੰਚਨੁ ਭੇਟੈ ਗੁਰੁ ਪੂਰਾ॥
ਆਪੇ ਬਖਸਿ ਲਏ ਸੁਖੁ ਪਾਏ ਪੂਰੈ ਸਬਦਿ ਮਿਲਾਈ ਹੇ॥ ੪॥ (੧੦੪੭)

॥ ੧॥ ਜੋ ਆਇਆ ਸੋ ਸਭੁ ਕੋ ਜਾਸੀ॥ ਦੂਜੈ ਭਾਇ ਬਾਧਾ ਜਮ ਫਾਸੀ॥
ਸਤਿਗੁਰਿ ਰਾਖੇ ਸੇ ਜਨ ਉਬਰੇ ਸਾਚੇ ਸਾਚਿ ਸਮਾਈ ਹੇ॥ ੧॥ (੧੦੪੭)
ਇਸ ਦੁਨੀਆ ਵਿੱਚ ਜੋ ਕੋਈ ਵੀ ਆਇਆ ਹੈ, ਉਸ ਨੇ ਏਥੋਂ ਜ਼ਰੂਰ ਚਲੇ ਜਾਣਾ ਹੈ, ਜੇ ਕੋਈ ਜੰਮਿਆ ਹੈ ਉਸ ਨੇ ਜ਼ਰੂਰ ਮਰ ਜਾਣਾ ਹੈ। ਜੋ ਕੋਈ ਬਣਿਆ ਹੈ, ਉਸ ਨੇ ਖਤਮ ਹੋ ਜਾਣਾ ਹੈ। ਜੇ ਕੋਈ ਪ੍ਰਭੂ ਤੋਂ ਇਲਾਵਾ, ਕਿਸੇ ਦੂਸਰੇ ਨਾਲ, ਮਾਇਆ ਨਾਲ ਪਿਆਰ ਕਰਦਾ ਹੈ, ਉਹ ਆਤਮਕ ਮੌਤੇ ਮਰ ਕੇ, ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਜਿਨ੍ਹਾਂ ਨੂੰ ਸਤਿਗੁਰ, ਸ਼ਬਦ ਗੁਰੂ ਨੈ ਆਪਣੇ ਗਿਆਨ ਰਾਹੀਂ, ਮਾਇਆ ਮੋਹ ਤੋਂ ਬਚਾ ਲਿਆ, ਉਹ ਆਤਮਕ ਮੌਤ ਤੋਂ ਬਚ ਜਾਂਦੇ ਹਨ ਅਤੇ ਹਰ ਵੇਲੇ, ਸਦਾ ਕਾਇਮ ਰਹਣ ਵਾਲੇ ਸਚ, ਅਕਾਲ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ।
॥ ੨॥ ਆਪੇ ਕਰਤਾ ਕਰਿ ਕਰਿ ਵੇਖੈ॥ ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ॥
ਗੁਰਮੁਖਿ ਗਿਆਨੁ ਤਿਸੁ ਸਭੁ ਕਿਛੁ ਸੂਝੈ ਅਗਿਆਨੀ ਅੰਧੁ ਕਮਾਈ ਹੇ॥ ੨॥
ਸੰਸਾਰ ਦਾ ਸਾਰਾ ਖੇਲ ਤਮਾਸ਼ਾ, ਵਾਹਿਗੁਰੂ ਆਪ ਹੀ ਕਰ ਕਰ ਕੇ ਵੇਖ ਰਿਹਾ ਹੈ, ਆਪੇ ਉਸ ਦੀ ਸੰਭਾਲ ਕਰ ਰਿਹਾ ਹੈ। ਜਿਸ ਤੇ ਕਰਤਾਰ ਆਪ ਆਪਣੀ ਬਖਸ਼ਿਸ਼ ਕਰ ਦੇਵੇ, ਉਹੀ ਉਸ ਦੇ ਦਰ ਤੇ ਕਬੂਲ ਹੁੰਦਾ ਹੈ। ਉਸ ਨੂੰ ਗੁਰਮੁਖ ਹੋ ਕੇ, ਗੁਰ ਸ਼ਬਦ ਦੀ ਆਗਿਆ ਵਿੱਚ ਚਲ ਕੇ, ਗੁਰੂ ਦੇ ਗਿਆਨ ਆਸਰੇ ਸਾਰੀ ਸੋਝੀ ਹੋ ਜਾਂਦੀ ਹੈ, ਆਤਮਕ ਜੀਵਨ ਦੇ ਸਾਰੇ ਭੇਦ ਸਮਝ ਆ ਜਾਂਦੇ ਹਨ। ਪਰ ਗੁਰ ਗਿਆਨ ਤੋਂ ਸੱਖਣਾ ਮਨੁੱਖ, ਹਮੇਸ਼ਾ ਅੰਨ੍ਹਿਆਂ ਵਾਲੇ, ਅਗਿਆਨਤਾ ਭਰਪੂਰ ਕੰਮ ਕਰਦਾ ਰਹਿੰਦਾ ਹੈ।
॥ ੩॥ ਮਨਮੁਖ ਸਹਸਾ ਬੂਝ ਨ ਪਾਈ॥ ਮਰਿ ਮਰਿ ਜੰਮੈ ਜਨਮੁ ਗਵਾਈ॥
ਗੁਰਮੁਖਿ ਨਾਮਿ ਰਤੇ ਸੁਖੁ ਪਾਇਆ ਸਹਜੇ ਸਾਚਿ ਸਮਾਈ ਹੇ॥ ੩॥
ਮਨਮੁਖ ਬੰਦਾ, ਜੋ ਸ਼ਬਦ ਗੁਰੂ ਤੋਂ ਗਿਆਨ ਨਹੀਂ ਲੈਂਦਾ, ਬਲਕਿ ਆਪਣੇ (ਚੰਚਲ) ਮਨ ਦੀ ਮੱਤ ਅਨੁਸਾਰ ਹੀ ਕਰਮ ਕਰਦਾ ਰਹਿੰਦਾ ਹੈ, ਉਸ ਨੂੰ ਹਰ ਵੇਲੇ ਸੰਸਾ, ਸਹਿਮ ਬਣਿਆ ਰਹਿੰਦਾ ਹੈ, ਉਹ ਆਤਮਕ ਜੀਵਨ ਦੀ ਸਾਰ ਨਹੀਂ ਸਮਝ ਪਾਉਂਦਾ। ਇਸ ਕਰ ਕੇ ਉਹ ਆਪਣਾ ਜਨਮ ਵਿਅਰਥ ਹੀ ਗਵਾ ਕੇ, ਮਰਦਾ ਅਤੇ ਜੰਮਦਾ ਰਹਿੰਦਾ ਹੈ, ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ।
ਏਥੇ ਮਰਿ ਮਰਿ ਜੰਮੇ, ਜਨਮ ਮਰਨ ਦੇ ਗੇੜ ਨੂੰ ਥੋੜਾ ਵਿਸਤਾਰ ਨਾਲ ਸਮਝਣ ਦੀ ਲੋੜ ਹੈ। ਸਿੱਖੀ ਵਿੱਚ ਮਰਨ ਮਗਰੋਂ, ਮੁਕਤੀ ਹਾਸਲ ਕਰਨ ਦਾ ਕੋਈ ਵਸੀਲਾ ਨਹੀਂ ਹੈ। ਜਨਮ ਮਰਨ ਦੇ ਗੇੜ ਤੋਂ ਮੁਕਤੀ ਹਾਸਲ ਕਰਨ ਦਾ ਉਪਰਾਲਾ, ਇਸ ਜੀਵਨ ਵਿੱਚ ਹੀ ਕਰਨਾ ਬਣਦਾ ਹੈ। ਇਸ ਨੂੰ ਹੀ ਜੀਵਨ ਮੁਕਤੀ ਕਿਹਾ ਜਾਂਦਾ ਹੈ, ਇਸ ਲਈ ਹੀ ਇਹ ਸੰਸਾਰ, ਕਰਮਾ ਸੰਦੜਾ ਖੇਤ ਹੈ, ਕਰਮ ਕਰਨ ਦਾ ਅਖਾੜਾ ਹੈ। ਪਰ ਜਿਵੇਂ ਪਿਤ੍ਰਾਂ ਦੀ ਮੁਕਤੀ ਦਾ ਪਖੰਡ ਰਚ ਕੇ ਬ੍ਰਾਹਮਣ, ਸਾਰੀ ਉਮਰ ਹਿੰਦੂਆਂ ਨੂੰ ਲੁੱਟਦਾ ਰਹਿੰਦਾ ਹੈ। ਇਸ ਸਰੀਰ ਨੂੰ ਹਮੇਸ਼ਾ ਕਾਇਮ ਰੱਖਣ ਨੂੰ ਹੀ ਮੁਕਤੀ, ਅਮਰ ਹੋਣਾ ਪਰਚਾਰਦਾ ਰਹਿੰਦਾ ਹੈ। ਉਸ ਦਾ ਹੀ ਇੱਕ ਸਾਧਨ, ਅਖੌਤੀ ਅੰਮ੍ਰਿਤ ਕਲਪਿਆ ਹੋਇਆ ਹੈ, ਜਿਸ ਦੀ ਪਰਾਪਤੀ ਦਾ ਸਾਧਨ, ਸਮੁੰਦਰ ਮੰਥਨ ਪਰਚਾਰਿਆ ਹੋਇਆ ਹੈ।
ਗੁਰਮਤ ਅਨੁਸਾਰ ਕੋਈ ਤਰਲ ਪਦਾਰਥ ਅੰਮ੍ਰਿਤ ਨਹੀਂ ਹੈ, ਜੋ ਬੰਦੇ ਦੇ ਸਰੀਰ ਨੂੰ ਅਮਰ, ਮੌਤ ਤੋਂ ਰਹਿਤ ਕਰ ਦੇਵੇ। ਗੁਰਮਤ ਅਨੁਸਾਰ,
ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤ ਹੋਈ॥ (੪੨੧)
ਅੰਮ੍ਰਿਤ ਦਾ ਬਿਰਖ, ਅੰਮ੍ਰਿਤ ਹਾਸਲ ਕਰਨ ਦਾ ਵਸੀਲਾ, ਇਕੋ ਪਰਮਾਤਮਾ ਹੀ ਹੈ, ਜਿਸ ਦੇ ਨਾਲ ਜੁੜਨ ਦਾ ਫਲ, ਅੰਮ੍ਰਿਤ ਨੂੰ ਹਾਸਲ ਕਰਨਾ, ਹਮੇਸ਼ਾ ਲਈ ਅਮਰ ਹੋ ਜਾਣਾ, ਮੌਤ ਤੋਂ ਰਹਿਤ ਹੋ ਜਾਣਾ, ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਣਾ ਹੈ। ਇਹ ਗੱਲ ਵਖਰੀ ਹੈ ਕਿ ਸਿੱਖਾਂ ਵਿੱਚ ਅਣਅਧਿਕਾਰਤ ਤੌਰ ਤੇ ਪੈਰ ਪਸਾਰੀ ਬੈਠੀ, ਪੁਜਾਰੀ ਸ਼੍ਰੇਣੀ, ਅਭੁੱਲ ਗੁਰੂ ਵਲੋਂ ਕੀਤੀ ਗਲਤੀ ਨੂੰ ਸੁਧਾਰਦਿਆਂ, ਖੰਡੇ-ਬਾਟੇ ਦੀ ਪਾਹੁਲ ਨੂੰ ਅੰਮ੍ਰਿਤ ਬਣਾ ਦੇਵੇ, ਸਮੁੰਦਰ ਰਿੜਕਣ ਨਾਲ ਉਸ ਵਿਚੋਂ ਅੰਮ੍ਰਿਤ ਦਾ ਘੜਾ ਨਿਕਲਣ ਦੇ ਗਪੌੜੇ ਨੂੰ ਮਾਨਤਾ ਦੇਈ ਜਾਵੇ। ਉਸ ਨਾਲ ਜੁੜਦੀ ਸਾਖੀ ਘੜ ਕੇ ਕਿ, ਉਸ ਘੜੇ ਵਿਚੋਂ ਕੁੱਝ ਅੰਮ੍ਰਿਤ ਗੁਰੂ ਚੱਕ ਵਿੱਚ ਵੀ ਡੁੱਲ੍ਹਿਆ ਸੀ, ਗੁਰੂ ਚੱਕ ਦਾ ਨਾਮ ਅੰਮ੍ਰਿਤ ਸਰ ਰੱਖ ਕੇ, ਸਰੋਵਰ ਦੇ ਜਲ (ਬੰਗਾਲੀ ਅਤੇ ਪੰਜਾਬੀ ਭਾਸ਼ਾ ਵਿੱਚ ਪਾਣੀ ਨੂੰ ਜਲ ਹੀ ਕਿਹਾ ਜਾਂਦਾ ਹੈ) ਨੂੰ ਅੰਮ੍ਰਿਤ ਮਿੱਥ ਕੇ, ਉਸ ਆਸਰੇ ਮਿਥਿਹਾਸ ਦੀਆਂ (ਬੀਬੀ ਰਜਨੀ ਵਰਗੀਆਂ) ਦਰਜਣਾ ਕਹਾਣੀਆਂ ਘੜ ਲਵੇ।
ਭਾਵੇਂ ਦਰਬਾਰ ਸਾਹਿਬ ਦੇ ਇੱਕ ਖਾਸ ਹਿੱਸੇ ਨੂੰ “ਹਰਿ ਕੀ ਪੌੜੀ” ਬਣਾ ਕੇ ਉਸ ਥਾਂ ਦੇ ਜਲ (ਪਾਣੀ) ਨੂੰ ਅੰਮ੍ਰਿਤ ਵਜੋਂ ਪਰਚਾਰ ਕੇ ਏਨੀ ਮਾਨਤਾ ਦੇ ਦੇਵੇ ਕਿ ਸਿੱਖ, ਗੁਰਮਤਿ (ਗੁਰੂ ਦੀ ਮੱਤ, ਗੁਰਬਾਣੀ) ਨਾਲੋਂ ਟੁੱਟੇ, ਉਸ ਪਾਣੀ ਨੂੰ ਹੀ ਬੋਤਲਾਂ ਵਿੱਚ ਭਰ ਭਰ ਕੇ, ਆਪਣੇ ਘਰਾਂ ਨੂੰ ਲਈ ਜਾਣ, ਘਰਾਂ ਵਿੱਚ (ਗੰਗਾ ਜਲ ਵਾਙ) ਸਾਂਭ ਕੇ ਰੱਖਣ, ਉਸ ਨੂੰ ਕਿਸੇ ਦੁੱਖ ਵੇਲੇ, ਦੁੱਖ ਨੂੰ ਦੂਰ ਕਰਨ ਦਾ ਸਾਧਨ ਮੰਨ ਕੇ ਪੀਵੀ ਜਾਣ। ਭਾਵੇਂ ਪੈਰ ਧੋਣ ਵਾਲੇ ਚੁਬੱਚੇ ਦੇ ਕਿਟਾਣੂਆਂ ਨਾਲ ਭਰਪੂਰ ਪਾਣੀ ਨੂੰ ਹੀ ਅੰਮ੍ਰਿਤ ਮਿੱਥ ਕੇ ਪੀਵੀ ਜਾਣ। ਇਸ ਵਿੱਚ ਦੂਸਰੇ ਕਿਸੇ ਦਾ ਕੀ ਦੋਸ਼? ਆਪਣੇ ਕਰਮਾਂ ਦਾ ਹੀ ਦੋਸ਼ ਹੈ। ਗੁਰਬਾਣੀ ਤਾਂ ਪੁਕਾਰ ਪੁਕਾਰ ਕੇ ਕਹਿ ਰਹੀ ਹੈ,
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥
ਅੰਧੇ ਏਹਿ ਨ ਆਖੀਅਨਿ ੁਜਨ ਮੁਖ ਲੋਇਣ ਨਾਹਿ॥
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥ ੧॥ (੯੫੪)
ਜੇ ਕੋਈ ਅੰਨ੍ਹਾ ਮਨੁੱਖ, ਕਿਸੇ ਦੂਸਰੇ ਨੂੰ ਰਾਹ ਦੱਸੇ ਤਾਂ ਉਸ ਦੇ ਦੱਸੇ ਰਾਹ ਤੇ ਉਹੀ ਚਲਦਾ ਹੈ ਜੋ ਆਪ ਅੰਨ੍ਹਾ ਹੋਵੇ। ਹੇ ਨਾਨਕ, ਸੁਜਾਖਾ ਮਨੁੱਖ, ਗਿਆਨਵਾਨ ਆਦਮੀ, ਕਿਸੇ ਅਗਿਆਨੀ (ਅੰਨ੍ਹੇ) ਦੇ ਕਹੇ ਕੁਰਾਹੇ ਨਹੀਂ ਪੈਂਦਾ। ਆਤਮਕ ਜੀਵਨ ਦਾ ਅੰਨ੍ਹਾ, ਉਨ੍ਹਾਂ ਨੂੰ ਨਹੀਂ ਕਿਹਾ ਜਾ ਸਕਦਾ ਜਿਨ੍ਹਾਂ ਦੇ ਚੇਹਰੇ ਉਤਲੀਆਂ ਅੱਖਾਂ ਦੇਖਣ ਤੋਂ ਅਸਮਰੱਥ ਹੋਣ, ਆਤਮਕ ਜੀਵਨ ਦੇ ਅੰਨ੍ਹੇ ਉਹ ਹਨ, ਜੋ ਮਾਲਕ ਪ੍ਰਭੂ ਤੋਂ ਖੁੰਝੇ, ਜੀਵਨ ਬਤੀਤ ਕਰ ਰਹੇ ਹਨ।
ਇਸ ਹਿਸਾਬ ਪੁਜਾਰੀ ਸ਼੍ਰੇਣੀ ਤਾਂ ਹੁੰਦੀ ਹੀ ਅੰਨ੍ਹੀ ਹੈ, ਕਿਉਂਕਿ ਉਨ੍ਹਾਂ ਦਾ ਲਕਸ਼ ਪਰਮਾਤਮਾ ਦੀ ਪਰਾਪਤੀ ਨਹੀਂ ਹੁੰਦਾ, ਉਨ੍ਹਾਂ ਦਾ ਲਕਸ਼ ਮਾਇਆ ਹੁੰਦਾ ਹੈ, ਜੋ ਪ੍ਰਭੂ ਵਲੋਂ ਖੁੰਝੇ ਹੋਣ ਦਾ ਪਰਤੱਖ ਪਰਮਾਣ ਹੈ। ਉਨ੍ਹਾਂ ਦੇ ਆਖੇ ਲੱਗਣ ਵਾਲੇ ਵੀ ਅੰਨ੍ਹੇ ਹੀ ਹੁੰਦੇ ਹਨ। ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਕੋਲ, ਗਿਆਨ ਗੁਰੂ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਤਾਂ ਹਨ, ਪਰ ਉਨ੍ਹਾਂ ਦੇ ਸ਼ਬਦ ਵਿਚਾਰ ਨਾਲੋਂ ਟੁਟੇ ਹੋਣ ਕਾਰਨ (ਭਗਤ ਨਾਮ ਦੇਉ ਜੀ ਅਨੁਸਾਰ, ਉਨ੍ਹਾਂ ਦੀ ਇੱਕ ਅੱਖ ਕਾਣੀ ਹੈ) ਉਹ ਕਾਣੇ ਹਨ। ਇਸ ਅੱਖ ਨੂੰ ਠੀਕ ਕਰਵਾਉਣ ਲਈ, ਸ਼ਬਦ ਦੀ ਸੋਝੀ ਹਾਸਲ ਕਰਨ ਲਈ ਉਹ, ਅੰਨ੍ਹੇ ਪੁਜਾਰੀਆਂ ਕੋਲ ਜਾਂਦੇ ਹਨ। ਪੁਜਾਰੀ ਲਾਣਾ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਕੇ, ਹੋਰ-ਹੋਰ ਕਤਾਬਾਂ, ਹੋਰ-ਹੋਰ ਗ੍ਰੰਥਾਂ ਨਾਲ ਜੋੜ ਕੇ, ਉਨ੍ਹਾਂ ਦੀ ਦੂਸਰੀ ਅੱਖ ਨੂੰ ਵੀ ਬੇਕਾਰ ਕਰ ਕੇ ਬਿਲਕੁਲ ਅੰਨ੍ਹਾ ਕਰ ਦਿੰਦੇ ਹਨ। ਫਿਰ ਉਨ੍ਹਾਂ ਨੂੰ ਅੰਨ੍ਹਿਆਂ ਦੇ ਕਹੇ ਚਲ ਕੇ ਔਝੜੇ ਪੈਣ ਦਾ ਪਤਾ ਹੀ ਨਹੀਂ ਚਲਦਾ।
ਏਥੇ ਸਵਾਲ ਇਹ ਉਠਦਾ ਹੈ ਕਿ ਜਦ ਉਨ੍ਹਾਂ ਕੋਲ ਗੁਣਾਂ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਹਨ ਤਾਂ ਫਿਰ ਉਹ ਇਨ੍ਹਾਂ ਆਤਮਕ ਅੰਨ੍ਹਿਆਂ ਦੀ ਗੱਲ ਸੁਣਦੇ ਹੀ ਕਿਉਂ ਹਨ? ਉਨ੍ਹਾਂ ਦੇ ਆਖੇ ਕਿਉਂ ਲਗਦੇ ਹਨ?
ਗੁਰੂ ਸਾਹਿਬ ਕਹਿੰਦੇ ਹਨ,
ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ॥ ਮੂਰਖ ਕੇ ਕਿਆ ਲਛਣ ਹੈ ਕਿਆ ਮੂਰਖ ਕਾ ਕਰਣਾ॥
ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ॥ ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ॥
ਅਤਿ ਪਿਆਰਾ ਪਵੈ ਖੂਹਿ ਕਿਹੁ ਸੰਨਮੁ ਕਰਣਾ॥ ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ॥
ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਨਾ॥
ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਿਣਾ॥ ੧॥ (੯੫੩)
ਮੂਰਖ ਦਾ ਕਿਹਾ ਉਹੀ ਸੁਣਦਾ, ਮੰਨਦਾ ਹੈ ਜੋ ਆਪ ਮੂਰਖ ਹੁੰਦਾ ਹੈ। ਗੁਰੂ ਸਾਹਿਬ ਸਵਾਲ ਖੜਾ ਕਰਦੇ ਹਨ ਕਿ ਮੂਰਖ ਦੇ ਲੱਛਣ ਕੀ ਹਨ? ਮੂਰਖ ਦੀ ਕਰਣੀ, ਕਰਤੂਤ ਕੈਸੀ ਹੁੰਦੀ ਹੈ? ਅਤੇ ਜਵਾਬ ਦਿੰਦੇ ਹਨ ਕਿ ਜੋ ਮਨੁੱਖ ਮਾਇਆ ਹਥੋਂ ਠੱਗਿਆ ਹੋਇਆ ਹੋਵੇ ਅਤੇ ਅਹੰਕਾਰ ਵਿਚ, ਆਤਮਕ ਮੌਤੇ ਮਰ ਚੁਕਾ ਹੋਵੇ, ਉਸ ਨੂੰ ਮੂਰਖ ਕਹੀਦਾ ਹੈ। ਮਾਇਆ ਦੀ ਮਸਤੀ ਅਤੇ ਅਹੰਕਾਰ ਵਿੱਚ ਜੋ ਕੁੱਝ ਕੀਤਾ ਜਾਂਦਾ ਹੈ, ਉਸ ਆਸਰੇ ਸਦਾ ਦੁਖ ਹੀ ਪਰਾਪਤ ਹੁੰਦਾ ਹੈ, ਸਦਾ ਦੁਖੀ ਹੀ ਰਹੀਦਾ ਹੈ।
(ਅੱਜ ਕਲ ੯੯ % ਤੋਂ ਵੱਧ ਗੁਰਦਵਾਰਿਆਂ ਦੇ ਪ੍ਰਬੰਧਕ ਏਸੇ ਸ਼੍ਰੇਣੀ ਵਿੱਚ ਆਉਂਦੇ ਹਨ।)
ਫਿਰ ਇਹ ਪ੍ਰਬੰਧਕ, ਮੂਰਖਾਂ ਦੇ ਆਖੇ ਲਗ ਕੇ ਕੀ ਕਰਦੇ ਹਨ? ਗੁਰੂ ਸਾਹਿਬ ਕਹਿੰਦੇ ਹਨ,
ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ॥
ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ॥ (੯੫੪)
ਹੇ ਨਾਨਕ ਪੁਜਾਰੀ ਲਾਣੇ ਦਾ ਕੀਤਾ ਅੰਨ੍ਹਾ, ਜੇ ਗੁਰਬਾਣੀ ਵਿਚਲੇ ਰਤਨ (ਲਾਲ, ਜਵਾਹਰ, ਮਾਣਕ) ਪਰਖਣ ਲਗ ਪਵੇ, ਉਹ ਰਤਨਾ ਦੀ ਸਾਰ, ਰਤਨਾ ਦੀ ਪਰਖ ਤਾਂ ਜਾਣਦਾ ਨਹੀਂ, ਪਰ ਆਪਣੀ ਔਕਾਤ ਜ਼ਾਹਰ ਕਰ ਦਿੰਦਾ ਹੈ। ਗੁਰਦਵਾਰੇ ਵਿੱਚ ਆਪਣੀ ਅਕਲ ਮੁਤਾਬਕ, ਗੁਰਬਾਣੀ ਸਿਧਾਂਤਾਂ ਨੂੰ ਲਾਗੂ ਕਰਵਾਉਣ ਦੇ ਚੱਕਰ ਵਿਚ, ਗੁਰਦਵਾਰਿਆਂ ਵਿਚੋਂ ਹੀ ਬ੍ਰਾਹਮਣੀ ਕਰਮ ਕਾਂਡ ਕਰਵਾਉਣੇ ਸ਼ੁਰੂ ਕਰ ਦਿੰਦਾ ਹੈ। ਇਹ ਗੱਲ ਵਖਰੀ ਹੈ ਕਿ, ਗੁਰਦਵਾਰਿਆਂ ਵਿਚਲੀ ਸੰਗਤ ਆਪ ਹੀ ਗੁਰਮਤ ਸਿਧਾਂਤਾਂ ਤੋਂ ਅਣਜਾਣ ਹੋਣ ਕਾਰਨ, ਉਨ੍ਹਾਂ ਕਰਮ-ਕਾਂਡਾਂ ਨੂੰ ਹੀ ਗੁਰਮਤਿ ਵਜੋਂ ਮਾਨਤਾ ਦਿੰਦੀ ਰਹਿੰਦੀ ਹੈ। ਏਸੇ ਆਸਰੇ ਅੱਜ ਗੁਰਦਵਾਰੇ, ਸਿੱਖੀ ਦਾ ਘਾਣ ਕਰਨ ਦੇ ਅੱਡੇ ਬਣੇ ਹੋਏ ਹਨ।
ਗੱਲ ਚਲ ਰਹੀ ਸੀ ਅਤਿ ਪਿਆਰਾ ਪਵੈ ਖੂਹਿ ਕਿਹੁ ਸੰਨਮੁ ਕਰਣਾ॥
ਮਾਇਆ ਦਾ ਬਹੁਤ ਵੱਡਾ ਚਾਹਵਾਨ, ਮਾਇਆ ਮੋਹ ਦੇ ਖੂਹ ਵਿੱਚ ਡਿਗਿਆ ਰਹਿੰਦਾ ਹੈ, ਉਸ ਦੇ ਬਚਾਉ ਦਾ ਕਿਹੜਾ ਉਦਮ ਕੀਤਾ ਜਾ ਸਕਦਾ ਹੈ? ਜਿਹੜਾ ਮਨੁੱਖ ਸ਼ਬਦ ਗੁਰੂ ਦੀ ਸਰਨ ਪੈ ਕੇ ਸ਼ਬਦ ਦੀ ਵਿਚਾਰ ਕਰਦਾ ਰਹਿੰਦਾ ਹੈ, ਉਹ ਇਸ ਮਾਇਆ ਮੋਹ ਦੇ ਖੂਹ ਤੋਂ ਬਚਿਆ ਰਹਿੰਦਾ ਹੈ। ਅਜਿਹਾ ਬੰਦਾ ਪ੍ਰਭੂ ਦਾ ਨਾਮ ਜਪਦਾ, ਪ੍ਰਭੂ ਦੇ ਹੁਕਮ ਵਿੱਚ ਚਲਦਾ, ਮਾਇਆ ਮੋਹ ਤੋਂ ਆਪ ਤਾਂ ਬਚਦਾ ਹੀ ਹੈ, ਆਪਣੇ ਸਤਸੰਗੀਆਂ ਨੂੰ ਵੀ ਇਸ ਖੂਹ ਵਿੱਚ ਡੁੱਬਣ ਤੋਂ ਬਚਾ ਲੈਂਦਾ ਹੈ।
ਹੇ ਨਾਨਕ, ਜੋ ਕੁੱਝ ਪ੍ਰਭੂ ਨੂੰ ਭਾਉਂਦਾ ਹੈ, ਉਹੀ ਉਹ ਕਰਦਾ ਹੈ, ਜੋ ਦੁਖ-ਸੁਖ ਪ੍ਰਭੂ ਦੇਂਦਾ ਹੈ, ਉਹੀ ਖੁਸ਼ੀ ਨਾਲ ਬਰਦਾਸ਼ਤ ਕਰਦਾ ਹੈ।
ਮੁੜਦੇ ਹਾਂ, ਮਰ-ਮਰ ਕੇ ਜੰਮਣ ਵੱਲ।
ਸਿੱਖੀ ਅਨੁਸਾਰ ਇਹ ਸਰੀਰ ਮਿਲਿਆ ਹੀ, ਪਰਮਾਤਮਾ ਨੂੰ ਮਿਲਣ, ਪਰਮਾਤਮਾ ਨਾਲ ਜੁੜਨ, ਪਰਮਾਤਮਾ ਨਾਲ ਇੱਕ ਮਿਕ ਹੋ ਕੇ, ਜਨਮ ਮਰਨ ਦੇ ਗੇੜ ਤੋਂ ਮੁਕਤੀ ਪਾਉਣ ਲਈ ਹੈ, ਗੁਰਬਾਣੀ ਇਸ ਬਾਰੇ ਇਵੇਂ ਸੇਧ ਦਿੰਦੀ ਹੈ,
ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (੩੭੮)
ਹੇ ਭਾਈ, ਤੈਨੂੰ ਮਨੁੱਖਾ ਜਨਮ ਵਿੱਚ ਸੋਹਣੇ, ਸਮਰੱਥ ਸਰੀਰ ਦੀ ਪਰਾਪਤੀ ਹੋਈ ਹੈ। ਸਾਰੀਆਂ ਜੂਨੀਆਂ ਵਿਚੋਂ ਇਹ ਜੂਨੀ ਹੀ ਤੇਰੇ ਲਈ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ, ਮੌਕਾ ਹੇ।
ਦੂਸਰੇ ਧਰਮਾਂ ਵਿਚ, ਅੰਮ੍ਰਿਤ (ਤਰਲ ਪਦਾਰਥ) ਨੂੰ ਹੀ, ਇਸ ਸਰੀਰ ਨੂੰ ਅਮਰ ਕਰਨ, ਜਨਮ ਮਰਨ ਦੇ ਗੇੜ ਤੋਂ ਮੁਕਤੀ ਪਰਾਪਤ ਕਰਨ ਦੇ ਸਾਧਨ ਵਜੋਂ ਮੰਨਿਆ ਜਾਂਦਾ ਹੈ, ਜਿਸ ਆਸਰੇ ਬੰਦੇ ਦੀ, ਪਰਮਾਤਮਾ ਨਾਲੋਂ ਵਖਰੀ ਹੋਂਦ ਬਣੀ ਰਹੇ। ਏਸੇ ਆਧਾਰ ਤੇ ਉਨ੍ਹਾਂ ਦੇ ਹਜ਼ਾਰਾਂ, ਲੱਖਾਂ ਸਾਲ ਪਹਿਲਾਂ ਮਰ-ਖਪ ਗਏ ਬਜ਼ੁਰਗ, ਅੱਜ ਵੀ ਕਿਸੇ ਨਾ ਕਿਸੇ ਸਾਖੀ ਰਾਹੀਂ, ਓਸੇ ਸਰੀਰ ਵਿੱਚ ਜਿਊਂਦੇ ਪਰਚਾਰੇ ਅਤੇ ਪੂਜੇ ਜਾਂਦੇ ਹਨ। (ਬੇਦੀਆਂ ਨੇ ਵੀ ਆਪਣੀ ਪੂਜਾ ਦਾ ਵਸੀਲਾ ਬਣਾਉਂਦਿਆਂ, ਸਿੱਖਾਂ ਵਿੱਚ ਅੰਨ੍ਹੀ ਸ਼ਰਧਾ ਅਧੀਨ, ਬਾਬਾ ਨਾਨਕ ਜੀ ਨੂੰ ਵੀ, ਸਰੀਰ ਸਮੇਤ, ਸੱਚ ਖੰਡ ਚਲੇ ਗਏ ਪਰਚਾਰਿਆ ਹੈ। ਏਸੇ ਦੀ ਰੀਸ ਕਰਦਿਆਂ ਸੋਢੀਆਂ ਨੇ, ਦਸਵੇਂ ਨਾਨਕ ਨੂੰ, ਸਰੀਰ ਦੇ ਨਾਲ ਨਾਲ ਘੋੜੇ ਅਤੇ ਬਾਜ ਸਮੇਤ ਸਚ-ਖੰਡ ਚਲੇ ਗਏ ਪਰਚਾਰਿਆ ਹੈ। ਇਹ ਸਾਰੀਆਂ ਕਹਾਣੀਆਂ ਬੇਦੀਆਂ ਅਤੇ ਸੋਢੀਆਂ ਵਲੋਂ, ਸਿੱਖਾਂ ਨੂੰ ਨਾਨਕ ਜੀ ਦੇ ਸਿਧਾਂਤ ਨਾਲੋਂ ਤੋੜ ਕੇ ਆਪਣੇ ਨਿੱਜ ਨਾਲ ਜੋੜਨ ਦੇ ਸਾਧਨ ਵਜੋਂ ਘੜੀਆਂ ਗਈਆਂ ਹਨ)
ਅਸਲੀਅਤ ਵਿੱਚ ਸਿੱਖੀ ਅਨੁਸਾਰ, ਇਹ ਕੁੱਝ ਵੀ ਸੰਭਵ ਨਹੀਂ ਹੈ। ਸਿੱਖੀ ਅਨੁਸਾਰ, ਗੁਰ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਤੋਂ ਸਿਖਿਆ ਲੈ ਕੇ ਪਰਮਾਤਮਾ ਦੇ ਨਾਮ, ਪਰਮਾਤਮਾ ਦੀ ਰਜ਼ਾ, ਵਾਹਿਗੁਰੂ ਦੇ ਹੁਕਮ ਬਾਰੇ ਸੋਝੀ ਲੈ ਕੇ, ਉਸ ਅਨੁਸਾਰ ਜੀਵਨ ਢਾਲਣ ਆਸਰੇ, ਪ੍ਰਭੂ ਨਾਲ ਹੋਏ ਮਿਲਾਪ, ਤ੍ਰਿਸ਼ਨਾਵਾਂ ਤੋਂ ਹੋਈ ਖਲਾਸੀ ਹੀ ਜੀਵਨ ਮੁਕਤੀ ਹੈ। ਇਸ ਆਸਰੇ ਇਹ ਨਹੀਂ ਹੁੰਦਾ ਕਿ ਬੰਦਾ ਮਰਦਾ ਨਹੀਂ, ਸਰੀਰ ਤਾਂ ਨਾਸਵਾਨ ਹੈ, ਉਸ ਨੇ ਕੁੱਝ ਸਮੇ ਵਿੱਚ ਨਾਸ ਹੋ ਹੀ ਜਾਣਾ ਹੈ। ਮਰਨ ਪਿਛੋਂ ਜਨਮ ਨਾ ਲੈਣਾ, ਪਰਮਾਤਮਾ ਨਾਲ ਇਕ-ਮਿਕ ਹੋ ਕੇ ਅਮਰ ਹੋ ਜਾਣਾ ਹੀ, ਜੀਵਨ ਮੁਕਤ (ਜੀਵਨ ਤੋਂ ਮੁਕਤੀ ਹੈ, ਮੌਤ ਤੋਂ ਨਹੀਂ) ਹੋਣਾ ਹੈ। ਜਦ ਬੰਦਾ ਮਰ ਕੇ ਫਿਰ ਜੰਮ ਪੈਂਦਾ ਹੈ ਤਾਂ ਉਸ ਨੇ ਮਰਨਾ ਤਾਂ ਅਵੱਸ਼ ਹੈ। ਇਸ ਲਈ ਹੀ ਇਸ ਨੂੰ ਜਨਮ- ਮਰਨ ਦਾ ਗੇੜ ਕਿਹਾ ਜਾਂਦਾ ਹੈ। ਮਰਨ-ਜਨਮ ਦਾ ਗੇੜ ਨਹੀਂ ਕਿਹਾ ਜਾਂਦਾ। ਗੁਰੂ ਸਾਹਿਬ ਕਹਿੰਦੇ ਹਨ ਕਿ ਮਨਮੁਖ ਬੰਦਾ ਮਰ ਕੇ ਜੰਮਦਾ ਰਹਿੰਦਾ ਹੈ। ਇਸ ਤਰ੍ਹਾਂ ਉਹ, ਮੁਕਤ ਹੋਣ ਦੇ ਸਾਧਨ ਵਜੋਂ ਮਿਲਿਆ ਮਨੁਖਾ ਜਨਮ ਵਿਅਰਥ ਗਵਾ ਜਾਂਦਾ ਹੈ।
ਜਦ ਕਿ ਗੁਰਮੁਖ ਬੰਦੇ, ਜੋ ਸ਼ਬਦ ਗੁਰੂ ਦੇ ਉਪਦੇਸ਼ ਅਨੁਸਾਰ ਚਲਦਿਆਂ, ਪਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ, ਉਹ ਆਨੰਦ ਮਾਣਦੇ ਹਨ। ਆਤਮਕ ਅਡੋਲਤਾ ਵਿਚ, ਹਰ ਵੇਲੇ ਸਦਾ ਥਿਰ ਅਕਾਲਪੁਰਖ ਨਾਲ ਜੁੜੇ ਰਹਿੰਦੇ ਹਨ।
॥ ੪॥ ਧੰਧੈ ਧਾਵਤ ਮਨੁ ਭਇਆ ਮਨੂਰਾ॥ ਫਿਰ ਹੋਵੈ ਕੰਚਨੁ ਭੇਟੈ ਗੁਰੁ ਪੂਰਾ॥
ਆਪੇ ਬਖਸਿ ਲਏ ਸੁਖੁ ਪਾਏ ਪੂਰੈ ਸਬਦਿ ਮਿਲਾਈ ਹੇ॥ ੪॥
ਹੇ ਭਾਈ, ਦੁਨੀਆ ਦੇ ਝਮੇਲਿਆਂ ਵਿੱਚ ਦੌੜ-ਭੱਜ ਕਰਦਿਆਂ ਮਨੁੱਖ ਦਾ ਮਨ, ਏਵੇਂ ਸੜਿਆ ਰਹਿੰਦਾ ਹੈ ਜਿਵੇਂ ਸੜਿਆ ਹੋਇਆ ਲੋਹਾ, ਪਰ ਜੇ ਉਹ ਪੂਰੇ ਗੁਰੁ, ਪਰਮਾਤਮਾ ਨਾਲ ਜੁੜ ਜਾਵੇ ਤਾਂ ਉਹ ਫਿਰ ਸ਼ੁੱਧ ਸੋਨਾ ਹੋ ਜਾਂਦਾ ਹੈ।
ਹੇ ਭਾਈ, ਜਿਸ ਮਨੁੱਖ ਉਤੇ ਪਰਮਾਤਮਾ ਆਪ ਬਖਸ਼ਿਸ਼ ਕਰਦਾ ਹੈ, ਉਹ ਮਨੁੱਖ ਸ਼ਬਦ ਗੁਰੂ ਨਾਲ ਜੁੜਦਾ ਹੈ। ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲ ਕੇ ਉਹ ਬੰਦਾ ਕਰਤਾਰ ਨਾਲ ਜੁੜਿਆ ਆਤਮਕ ਸੁਖ ਪਾਉSਦਾ ਹੈ।

ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧




.