.

ਸਿਖੀ ਸਿਖਿਆ ਗੁਰ ਵੀਚਾਰਿ।

(ਭਾਗ-ਤੀਜਾ)

ਪੱਟੀ/ਫਟੀ ਤੋਂ ਤਕਰੀਬਨ ਸਾਰੇ ਹੀ ਵਾਕਫ ਹਨ। ਪਹਿਲੇ ਸਮੇਂ ਵਿੱਚ ਮਾਪੇ, ਬੱਚਿਆਂ ਨੂੰ ਸਿਖਿਆ ਹਾਸਲ ਕਰਨ ਵਾਸਤੇ ਸਕੂਲ ਜਾਂ ਮਦਰੱਸੇ ਭੇਜਦੇ ਸਨ। ਮੌਲਵੀ, ਪੰਡਿਤ ਜਾਂ ਸ਼ਿਖਸ਼ਕ, ਬੱਚਿਆਂ ਨੂੰ ਲੱਕੜ ਦੀ ਫੱਟੀ ਉੱਤੇ ਅਲਫ਼ ਬੇ, ਕਾ ਖਾ, ਜਾਂ ੳ ਅ ਦੇ ਪੂਰਨੇਂ ਪਾ ਕੇ ਬੱਚੇ ਦਾ ਹੱਥ ਫੜ ਕੇ ਪੂਰਨਿਆਂ ਉੱਤੇ ਲਿਖਣਾਂ ਸਿਖਾਉਂਦੇ ਸਨ। ਜੋ ਬੱਚੇ ਹੋਸ਼ਿਆਰ ਜਾਂ ਲਾਇਕ ਹੁੰਦੇ ਸਨ/ਹਨ, ਉਹ ਜਲਦ ਵਿਦਿਆ ਹਾਸਲ ਕਰ ਲੈਂਦੇ ਸਨ। ਜੋ ਨਾਲਾਇਕ ਹੁੰਦੇ ਸਨ, ਕਈ ਸਾਲ ਗਵਾ ਕੇ ਵੀ ੳ ਅ ਤੋਂ ਅਗੇ ਨਹੀਂ ਸਨ ਲੰਘਦੇ, ਅਤੇ ਕੋਰੇ ਅਨਪੱੜ੍ਹ ਰਹਿ ਜਾਂਦੇ ਸਨ। ਗੁਰੂ ਨਾਨਕ ਦੇਵ ਜੀ ਵੀ ਆਪਾਂ ਨੂੰ, ੳ-ਊਠ, ਅ-ਅਨਾਰ, ੲ-ਇਮਲੀ, ਸ-ਸਲੇਟ, ਦੀ ਤਰਜ ਤੇ ਪੱਟੀ (ਫੱਟੀ) ਤੇ ਪੂਰਨੇਂ ਪਾਕੇ ਸਾਨੂੰ ਮੁੱਢਲੀ ਸ਼ਿਖਸ਼ਾ ਦੇਂਦੇ ਹਨ। ਅਤੇ ਸਾਨੂੰ ਸਮਝਾਉਂਦੇ ਹਨ, ਇਹਨਾਂ (ਪੱਟੀ ਵਾਲੇ) ਅੱਖਰਾਂ ਨੂੰ ਜਿਹੜਾ ਬੁੱਝ ਲਵੇਗਾ ਉਹ ਗੁਰਮੁਖ ਹੈ, ਜਾਂ ਇਹ ਕਹਿ ਲਵੋ ਕੇ ਇਹਨਾਂ ਅੱਖਰਾਂ ਨੂੰ ਕੋਈ ਗੁਰਮੁਖ ਹੀ ਬੁੱਝ ਸੱਕਦਾ ਹੈ। ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ॥ ੨॥ ਅਤੇ ਜਿਹੜਾ ਗੁਰਮੁਖ ਇਹਨਾਂ ਅੱਖਰਾਂ ਵਿੱਚ ਛੁਪੇ ਰਾਜ਼ ਨੂੰ ਬੁੱਝ ਲਵੇ ਗਾ। ਉਸ ਦਾ ਲੇਖਾ ਜਾਂ ਕਰਮਾਂ ਦੇ ਸਾਰੇ ਲੇਖ ਵੀ ਖਤਮ ਹੋ ਜਾਂਦੇ ਹਨ, ਗੁਰੂ ਨਾਨਕ ਦੇਵ ਜੀ ਨੇਂ ਇਹ ਝੂਠ ਨਹੀਂ ਕਿਹਾ। ਪਰ ਅਸੀਂ ਮੰਨਦੇ ਨਹੀਂ। ਜਿਹੜਾ ਮੰਨ ਲੈਦਾ ਹੈ, ਉਸਦਾ ਆਵਾਗਉਣ ਖਤਮ ਹੋ ਜਾਂਦਾ ਹੈ।

ਵੀਰੋ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨਿਆਂ ਤੇ ਚੱਲੀਏ (ਅਮਲ ਕਰੀਏ) ਸਿਖੀਏ। ਜਿਹੜਾ ਗੁਰੂ ਨਾਨਕ ਦੀ ਸਿੱਖਿਆ ਤੇ ਚੱਲਦਾ ਹੈ, ਉਹ ਗੁਰੂ ਨਾਨਕ ਸਿੱਖ ਹੈ। ਪਾਠਕ ਵੀਰੋ, ਸਿੱਖੀ ਕੋਈ ਰਿਸਤੇ ਦਾਰੀ ਦਾ ਨਾਂ ਨਹੀਂ ਹੈ ਜੀ। ਜੇ ਅਸੀਂ ਗੁਰੂ ਦੀ ਸਿੱਖਿਆ ਤੇ ਨਹੀਂ ਚੱਲਦੇ, ਤਾਂ ਕਿਸ ਨਾਤੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਕੀ ਬਾਬਾ ਸਿਰੀ ਚੰਦ ਜੀ ਜਾਂ ਲੱਖਮੀ ਦਾਸ ਜੀ ਸਿੱਖ ਸਨ। ਜੇ ਗੁਰੂ ਨਾਨਕ ਦੇ ਸਕੇ ਪੁਤਰ ਸਿੱਖ ਨਹੀਂ ਹੋ ਸੱਕਦੇ, ਤਾਂ ਭਰਾਉ, ਅਸੀਂ ਕਿਸ ਨਾਤੇ ਗੁਰੂ ਨਾਨਕ ਦੇ ਸਿੱਖ ਅਖਵਾਉਂਦੇ ਹਾਂ ਜੀ। ਕਿਉਂ ਕੇ ਨਾਂ ਤਾਂ ਅਸੀਂ ਗੁਰੂ ਨਾਨਕ ਦੀ ਸਿੱਖਿਆ ਲਈ, ਅਤੇ ਨਾਂ ਹੀ ਗੁਰੂ ਨਾਨਕ ਨਾਲ ਸਾਡੀ ਕੋਈ ਰਿਸਤੇ ਦਾਰੀ ਹੈ। ਗੁਰੂ ਨਾਨਕ ਦੀ ਸਿੱਖ ਤੇ ਚੱਲਣ ਵਾਲਾ ਹੀ ਸਿੱਖ ਹੈ, ਉਸ ਦਾ ਜਾਤ ਮਜ਼ਬ ਭਾਵੇਂ ਕੋਈ ਵੀ ਹੋਵੇ।

ਵੀਰੋ ਗੁਰੂ ਨਾਨਕ ਦੇਵ ਜੀ ਨੇਂ ਸਾਨੂੰ ਜੋ ਪੱਟੀ ਪੜ੍ਹਾਈ ਹੈ, ਆਉ ਪਹਿਲੇ ਆਪਾਂ ਸਾਰੇ ਉਹ ਪੱਟੀ ਪੜ੍ਹੀਏ, ਬਾਕੀ ਪੜ੍ਹਾਈ ਵੀ ਬਾਦ ਵਿੱਚ ਕਰਾਂ ਗੇ।

ਰਾਗੁ ਆਸਾ ਮਹਲਾ ੧ ਪਟੀ ਲਿਖੀ ੴ ਸਤਿਗੁਰ ਪ੍ਰਸਾਦਿ॥

ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ॥ ਸੇਵਤ ਰਹੇ ਚਿਤੁ ਜਿਨੑ ਕਾ ਲਾਗਾ ਆਇਆ ਤਿਨੑ ਕਾ ਸਫਲੁ ਭਇਆ॥ ੧॥

ਜਿਸ ਪਰਮਾਤਮਾਂ ਨੇਂ ਸ੍ਰਿਸ਼ਟੀ ਦੀ ਰਚਨਾਂ ਕੀਤੀ, ਉਹ ਇੱਕ ਹੈ। ਸ੍ਰਿਸ਼ਟੀ ਦੇ ਸੱਭ ਜੀਵ ਜੰਤੂਆਂ ਤੋਂ ਲੈਕੇ ਸੱਭ ਧਰਮਾਂ, ਸੱਭ ਜਾਤਾਂ ਦੇ, ਮਨੁੱਖਾਂ ਦਾ ਸਵਾਮੀਂ ਇਕੋ ਹੀ ਹੈ। ਜਿਹੜੇ ਉਸ ਸਾਹਿਬ ਨੂੰ ਧਿਆਉਂਦੇ ਹਨ, ਉਹਨਾਂ ਦਾ ਇਸ ਸੰਸਾਰ ਵਿੱਚ ਆਉਣਾਂ ਸਫਲ ਹੈ, ਜਾਤ ਧਰਮ ਭਾਵੇਂ ਕੋਈ ਵੀ ਹੋਵੇ।

ਮਨ ਕਾਹੇ ਭੂਲੇ ਮੂੜ ਮਨਾ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ॥ ੧॥ ਰਹਾਉ॥

ਮੂਰਖ ਮਨਾਂ ਤੂੰ ਉਸ ਸਾਹਿਬ ਕਿਉਂ ਭੁਲਾ ਦਿੱਤਾ, ਜਦੋਂ ਕਰਮਾਂ ਦਾ ਲੇਖਾ ਦੇਣਾਂ ਪਿਆ, ਤਾਂ ਭਰਾਵਾ ਫਿਰ ਪਤਾ ਲੱਗੇ ਗਾ, ਕੇ ਤੂੰ ਪੱਟੀ ਨੂੰ ਪੜ੍ਹਿਆ ਹੈ ਜਾਂ ਨਹੀ। ਜੇ ਪੜ੍ਹਿਆ ਹੈ ਤਾਂ ਕੀ ਪੜਿਆ ਹੈ।

ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ॥ ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ॥ ੨॥

ਸਾਰੀ ਸ੍ਰਿਸ਼ਟੀ ਦਾ ਸੱਚਾ ਦਾਤਾ (ਹਰ ਤਰਾਂ ਦਾ ਰਿਜ਼ਕ ਦੇਣ ਵਾਲਾ) ਉਹ ਆਦਿ ਪੁਰਖ ਆਪ ਹੀ ਹੈ। ਇਹਨਾਂ (ਪੱਟੀ ਵਾਲੇ) ਅੱਖਰਾਂ ਨੂੰ ਜਿਹੜਾ ਬੁੱਝ ਲਵੇਗਾ ਉਹ ਗੁਰਮੁਖ ਹੈ, ਅਤੇ ਜਿਹੜਾ ਗੁਰਮੁਖ ਇਹਨਾਂ ਅੱਖਰਾਂ ਨੂੰ ਬੁੱਝ ਲਵੇ ਗਾ। ਉਸ ਦੇ ਸਿਰ ਕਰਮਾਂ ਦਾ ਕੋਈ ਵੀ ਲੇਖਾ ਬਾਕੀ ਨਹੀਂ ਰਹਿੰਦਾ।

ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ॥ ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨੀੑ ਸਚੁ ਕਮਾਇਆ॥ ੩॥

ਵੀਰੋ ਉਸ ਦੀ ਉਪਮਾਂ ਕਰੋ, ਜਿਸ ਦਾ ਅੱਜ ਤੱਕ ਕਿਸੇ ਨੇਂ ਵੀ ਅੰਤ (ਪੂਰਾ ਭੇਦ) ਨਹੀਂ ਪਾਇਆ। ਜਿਨ੍ਹਾਂ ਨੇਂ ਉਸ ਦੀ ਸੇਵਾ ਕੀਤੀ, ਉਹਨਾਂ ਨੂੰ ਸੇਵਾ ਦਾ ਫਲ ਮਿਲਿਆ। ਉਸ ਅਸਲ ਸੇਵਾ ਹੈ ਸੱਚ ਦੀ ਕਮਾਈ। (ਅਤੇ ਸੱਚ ਕੀ ਹੈ, ਪਹਿਲੇ ਇਹ ਜਾਨਣਾਂ ਜਰੂਰੀ ਹੈ)

ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ॥ ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ॥ ੪॥

ਜਿਸ ਨੇ ਇਸ ਗਿਆਨ (ਸੱਚ) ਨੂੰ ਬੁੱਝ ਲਿਆ, ਉਹੀ ਪੜ੍ਹਿਆ ਸਿਆਣਾਂ ਵਿਦਵਾਨ ਹੈ। ਉਹ ਸਾਰੇ ਹੀ ਊਚ ਨੀਚ ਜੀਆਂ ਵਿੱਚ ਇਕੋ ਹੀ ਪਰਮਾਤਮਾਂ ਨੂੰ ਵੇਖਦਾ ਹੈ। ਉਸ ਦਾ ਸਾਰਾ ਹੰਕਾਰ ਖਤਮ ਹੋ ਜਾਂਦਾ ਹੈ, ਫਿਰ ਉਹ ਮੈਂ ਮੈਂ ਨੂੰ ਛੱਡ ਦੇਂਦਾ ਹੈ।

ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ॥ ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ॥ ੫॥

ਪੜ੍ਹਦੇ ਪੜਾਉਂਦੇ ਉਮਰ ਬੀਤ ਗਈ, ਵਾਲ ਸਫੇਦ ਹੋ ਗਏ। ਜਮਰਾਜੇ ਦੇ ਹੇਰੂਆਂ (ਸ਼ਿਕਾਰੀ) ਨੇਂ ਆਕੇ ਪਕੜ ਲਿਆ। ਇਧਰੋਂ ਮਾਇਆ ਦੇ ਸੰਗਲਾਂ ਵਿੱਚ ਬੱਝਾ ਹੋਇਆ ਹੈ, ਇਹ ਕੋਈ ਗਿਆਨ ਨਹੀਂ ਹੈ।

ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ॥ ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ॥ ੬॥

ਸਾਰੀ ਦੁਨੀਆਂ ਦਾ ਪਾਤਸ਼ਾਹ, ਜਿਸ ਦੇ ਹੁਕਮ ਵਿੱਚ ਸਾਰਾ ਹੀ ਜਗਤ ਬੱਝਾ ਹੋਇਆ ਹੈ, ਇੱਕ ਉਸਦਾ ਹੀ ਹੁਕਮ ਸੱਭ ਤੇ ਲਾਗੂ ਹੈ। ਤੂੰ ਉਸ ਦੀ ਖਰੀਦ ਕਰ, ਜਿਸ ਨੇਂ ਤੈਨੂੰ ਖਰਚਨ ਵਾਸਤੇ ਧਨ ਦਿੱਤਾ। ਤੂੰ ਉਸੇ ਹੀ ਧਨ ਨਾਲ ਉਸ ਸ਼ਾਹ ਨੂੰ ਹੀ ਖਰੀਦ ਲੈ।

(ਜੇ ਉਸ ਦੇ ਦਿੱਤੇ ਹੋਇ ਧਨ ਨਾਲ ਉਸ ਸ਼ਾਹ ਨੂੰ ਛੱਡ ਕੇ ਕੁੱਝ ਹੋਰ ਖਰੀਦੇਂ ਗਾ, ਤਾਂ ਤੂੰ ਗਿਆਨੀਂ ਨਹੀਂ, ਮੂਰਖ ਹੈ। ਸ਼ਾਹ ਨੂੰ ਖਰੀਦ ਲੈ, ਫਿਰ ਜੋ ਕੁੱਝ ਸ਼ਾਹ ਦਾ ਹੈ ਆਟੋਮੈਟੀਕਲੀ ਸੱਭ ਕੁੱਝ ਤੇਰਾ ਹੋ ਜਾਵੇ ਗਾ)

ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ॥ ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ॥ ੭॥

ਜਿਸ ਪਰਮਾਤਮਾਂ ਨੇ ਇਹ (ਆਵੀ) ਆਵਾਗਉਣ ਬਨਾਇਆ ਹੈ, ਜਨਮ ਮਰਨ ਦੀ ਆਵੀ (ਭੱਠੀ) ਸਾਜੀ ਹੋਈ ਹੈ। ਮਿੱਟੀ ਦੇ ਭਾਂਡਿਆਂ (ਅਸੀਂ) ਨੂੰ ਉਸ ਭੱਠੀ ਵਿੱਚ ਚਾੜ੍ਹਦਾ ਹੈ। ਢਾਹੁੰਦਾ ਹੈ ਫਿਰ ਬਨਾਉਂਦਾ ਹੈ, ਕਿਉਂ ਕੇ ਉਸ ਨੇਂ ਸਾਡੇ ਵਾਸਤੇ ਮਿੱਟੀ ਤਾਂ ਪਹਿਲੋਂ ਹੀ ਗੋ ਛੱਡੀ ਹੋਈ ਹੈ। (ਅਸੀਂ ਵਿਦਿਆ ਦੇ ਹੰਕਾਰੀ, ਗੱਲਾਂ ਨਾਲ ਹੀ ਭਾਂਡੇ ਬਨਾਉਣ ਤੋਂ ਉਸ ਦਾ ਹੱਥ ਕਿਵੇਂ ਰੋਕ ਲਵਾਂ ਗੇ।) ਅਸੀਂ ਗੱਲਾਂ ਦੇ ਹੰਕਾਰ ਨਾਲ ਹੀ ਗੋਬਿੰਦ ਨੂੰ ਸਮਝੀ ਬੈਠੇ ਹਾਂ

ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ॥ ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ॥ ੮॥

(ਮੁੰਹ ਦੀਆਂ ਗੱਲਾਂ ਅਤੇ ਵਿਦਿਆ ਖਾਲੀ ਹੰਕਾਰ ਛੱਡ ਕੇ) ਜੇ ਗੁਰੂ ਦਾ ਸੇਵਕ ਗੁਰੂ ਦੇ ਸ਼ਬਦ ਦੀ ਘਾਲਣਾਂ (ਕਰੜੀ ਮੇਹਨਤ) ਘਾਲੇ। ਹਰ ਵਕਤ ਗੁਰੂ ਦੇ ਸ਼ਬਦ ਨਾਲ ਜੁੜਿਆ ਰਹੇ। ਕੋਈ ਉਸ ਨੂੰ ਬੁਰਾ ਕਹੇ ਕੋਈ ਭਲਾ ਕਹੇ, ਦੋਹਾਂ ਨੂੰ ਸਮ ਕਰ ਕੇ ਜਾਣੇਂ। ਉਹ ਸਚਾ ਸੇਵਕ ਹੈ, ਉਹ ਇਸ ਤਰਾਂ ਬਿਨਾਂ ਕਿਸੇ ਗੱਲ ਦਾ ਦੁੱਖ ਮਨਾਇ, ਪ੍ਰਭੂ ਦੇ ਸਿਮਰਨ ਵਿੱਚ ਮਗਨ ਰਹਿੰਦਾ ਹੈ।

ਸਾਨੂੰ ਏਨੀ ਪਹਿਲੀ (ਮੁਢਲੀ) ਸਿੱਖਿਆ ਦੇ ਕੇ ਗੁਰੂ ਜੀ ਹੁਣ ਸਿੱਖਿਆ ਦੇ ਵਿਸ਼ੇ ਨੂੰ ਥੋੜਾ ਜਿਹਾ ਬਲਦੇ ਹਨ। ਅੱਗੇ ਹੁਣ ਸਾਨੂੰ ਵੇਦਾਂ ਜੁਗਾਂ ਅਤੇ ਖਾਣੀਆਂ ਦੀ ਜਾਣ ਕਾਰੀ ਦੇਂਦੇ ਹਨ

ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ॥ ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ॥ ੯॥

ਸ੍ਰਿਸ਼ਟੀ ਦੀ ਰਚਨਾਂ ਦੀ ਸ਼ੁਰੂਆਤ ਦੇ ਨਾਲ ਹੀ ਉਸ ਹਰੀ ਨੇਂ ਚਾਰ ਵੇਦਾਂ ਦੇ ਰੂਪ ਵਿੱਚ ਆਪਣਾਂ ਇੱਕ ਵਿਧਾਨ ਰਚਿਆ, ਚਾਰ ਜੁਗਾਂ ਵਿੱਚ ਸਮੇਂ ਨੂੰ ਬੱਨ੍ਹਿਆਂ, ਚਾਰੇ ਖਾਣੀਆਂ ਵਿੱਚ ਸਾਰੇ ਜੀਵਾਂ ਨੂੰ ਕੈਦ ਕਰ ਦਿੱਤਾ, ਅਤੇ ਜੁਗਾਂ ਜੁਗਾਂਤਰਾਂ ਤੋਂ, ਹੀ ਚੌਹਾਂ ਖਾਣੀਆਂ ਵਿਚਰ ਕੇ ਆਪਣੀਂ ਹੀ ਰਚੀ ਇਸ ਲੀਲਾ ਦੇ ਸਾਰੇ ਰਸ ਭੋਗ ਭੋਗ ਰਿਹਾ ਹੈ। ਆਪੇ ਹੀ ਉਹ ਭੋਗੀ ਹੈ, ਆਪੇ ਹੀ ਜੋਗੀ ਹੈ, ਆਪੇ ਈ ਪੜ੍ਹਿਆ ਹੈ, ਆਪੇ ਹੀ ਪੰਡਿਤ ਹੈ।

ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥ ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨੑ ਗੁਰੂ ਮਿਲਿਆ॥ ੧੦॥

ਉਸ ਹਰੀ ਨੇ ਛਲ ਛਾਇਆ (ਧੋਖੇ ਨਾਲ) ਸਾਰਿਆਂ ਦੇ ਅੰਦਰ ਭਰਮ ਪੈਦਾ ਕਰ ਦਿੱਤੇ ਹਨ। ਅਤੇ ਸਾਰਿਆਂ ਨੂੰ ਭਰਮਾਂ ਵਿੱਚ ਪਾ ਕੇ ਆਪ ਹੀ ਕੁਰਾਹੇ ਪਾ ਛਡਿਆ ਹੋਇਆ ਹੈ। ਜੇ ਉਸ ਹਰੀ ਦੀ ਕਿਸੇ ਜੀਅ ਤੇ ਕਿਰਪਾ ਹੋ ਜਾਵੇ, ਜੇ ਕਿਸੇ ਜੀਵ ਨੂੰ ਬਖਸ਼ਣਾਂ ਚਾਹੇ, ਤਾਂ ਉਸ ਜੀਵ ਨੂੰ ਗੁਰੂ ਨਾਲ ਮਿਲਾ ਦੇਂਦਾ ਹੈ।

ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ॥ ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ॥ ੧੧॥

ਤੇਰਾ, ਤੇਰੇ ਦਰ ਦਾ ਮੰਗਤਾ ਤੇਰੇ ਪਾਸੋਂ ਦਾਨ ਮੰਗਦਾ ਹੈ, ਚੌਰਾਸੀ ਲੱਖ ਜੀਆ ਜੂਨ ਸਾਰੇ ਹੀ ਤੇਰੇ ਭਿਖਾਰੀ ਹਨ। ਅਚੰਭਾ ਇਹ ਹੈ ਕਿ ਉਹ ਹਰੀ ਆਪ ਹੀ ਭਿਸ਼ਿਆ ਲੈਣ ਵਾਲਾ ਹੈ, ਅਤੇ ਆਪ ਹੀ ਦੇਣ ਵਾਲਾ ਹੈ, ਹੋਰ ਕੋਈ ਦੂਜਾ ਮੈਂ ਤੇ ਸੁਣਿਆਂ ਨਹੀ।

ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ॥ ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ॥ ੧੨॥

(ਇਹਨਾਂ ਕੜੀਆਂ ਨੂੰ “ਦੇਦਾ ਦੇ ਲੈਦੇ ਥਕਿ ਪਾਹਿ” ਨਾਲ ਜੋੜ ਕੇ ਪੜ੍ਹੋ) ਹਰੀ ਸੱਭ ਨੂੰ ਦੇਂਦਾ ਹੈ, ਪਰ ਸੰਤੁਸ਼ਟੀ ਅੱਜ ਤੱਕ ਕਿਸੇ ਦੀ ਨਹੀਂ ਹੋਈ, ਸੱਭ ਝੁਰ ਝੁਰ ਮਰਦੇ ਹਨ। (ਥੋੜਾ ਹੈ ਥੋੜਾ ਹੈ ਹੋਰ ਚਾਹੀਦਾ ਹੈ।) ਹਰੀ ਦੇਂਦਾ ਹੈ, ਪਰ ਜਿਨਾਂ ਜਿਨਾਂ ਕਿਸੇ ਨੂੰ ਹੁਕਮ ਹੈ ਅਤੇ ਦੇ ਦੇ ਕੇ ਵੇਖਦਾ (ਤਮਾਸ਼ਾ) ਹੈ।

ਲਖ ਚਉਰਾਸੀਹ ਜੀਅ ਉਪਾਏ॥ ਗਿਆਨੀ ਧਿਆਨੀ ਆਖਿ ਸੁਣਾਏ॥ ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਨ ਹੋਈ ਹੇ॥ ੨॥ ਰਿਜ਼ਕ ਦਾ ਸਬੰਧ ਚੌਰਾਸੀ ਨਾਲ ਹੈ, ਜੀਵ ਨੂੰ ਰਿਜ਼ਕ ਦੀ ਲੋੜ ਉਨਾਂ ਚਿਰ ਹੈ, ਜਿਨਾਂ ਚਿਰ ਉਹ ਚੌਰਾਸੀ ਵਿੱਚ ਭਟਕ ਰਿਹਾ ਹੈ। ਜੇ ਅਸੀਂ ਚੌਰਾਸੀ ਵਿਚੋਂ ਬਾਹਰ ਨਿਕਲ ਜਾਵਾਂ ਗੇ, ਤਾਂ ਸਾਨੂੰ ਰਿਜ਼ਕ ਦੀ ਲੋੜ ਨਹੀਂ ਰਹਿ ਜਾਵੇ ਗੀ। ਅਤੇ ਚੌਰਾਸੀ ਦਾ ਗੇੜ ਹੀ ਆਵਾਗਉਣ ਹੈ। ਇਸ ਵਾਸਤੇ ਮੈਂ ਪਹਿਲੇ ਆਪਣੇਂ ਇੱਕ ਪੱਤਰ ਵਿੱਚ ਲਿਖ ਚੁੱਕਾ ਹਾਂ, “ਕਿ “ਦੇਦਾ ਦੇ ਲੈਦੇ ਥਕਿ ਪਾਹਿ” ਦੀ ਕੜੀ ਵਿੱਚ ਸਾਰਾ ਆਵਾਗਉਣ ਛੁਪਿਆ ਹੋਇਆ ਹੈ)

ਜਦ ਸਾਰਾ ਸੰਸਾਰ ਹੀ (ਬਾਜੀਗਰ ਦਾ) ਤਮਾਸ਼ਾ ਹੈ, ਤਾਂ ਇਥੋਂ ਦੀ ਹਰ ਗੱਲ ਤਮਾਸ਼ਾ ਹੈ। ਸੰਸਾਰਿਕ ਰਚਨਾਂ ਦੀ ਹਰ ਚੀਜ ਤਮਾਸ਼ਾ ਹੈ। ਹਰ ਕਰਮ ਤਮਾਸ਼ਾ ਹੈ, ਬਾਣੀਂ ਤਾਂ ਇਹ ਵੀ ਕਹਿੰਦੀ ਹੈ, ਕੇ ਹਰ ਧਰਮ ਤਮਾਸ਼ਾ ਹੈ। “ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ” ਇਸ ਸੰਸਾਰ ਵਿੱਚ ਸਿਰਫ ਇਕੋ ਹੀ “ਚੀਜ” ਹੈ, ਜੋ ਤਮਾਸ਼ਾ ਨਹੀ ਹੈ, ਉਸ ਤੋਂ ਬਿਨਾਂ ਹਰ ਗਿਆਨ ਤਮਾਸ਼ਾ ਹੈ। ਉਸ ਚੀਜ ਦਾ ਨਾਂ ਸੁਣ ਕੇ ਸਾਨੂੰ ਕ੍ਰੋਧ ਚੱੜ ਜਾਂਦਾ ਹੈ, ਕਿਉਂ ਕੇ ਉਹ “ਚੀਜ” ਸਾਨੂੰ ਤਮਾਸ਼ਾ ਦੇਖਣ ਤੋਂ ਰੋਕਦੀ ਹੈ। ਅਸੀਂ ਉਸ ਪ੍ਰਭੂ ਦੇ ਤਮਾਸ਼ੇ ਨੂੰ ਦੇਖਣ ਵਿੱਚ ਮਸਤ ਹਾਂ। ਉਹ ਚੀਜ ਸਾਡੇ ਤਮਾਸ਼ੇ ਦਾ ਸਾਰਾ ਸਵਾਦ ਹੀ ਕਿਰਕਰਾ ਕਰ ਦੇਂਦੀ ਹੈ। ਉਸ ਚੀਜ ਤੋਂ ਬਿਨਾਂ ਹਰ “ਰਿਜ਼ਕ” ਤਮਾਸ਼ਾ ਹੈ, ਹਰ “ਦਾਤ” ਤਮਾਸ਼ਾ ਹੈ

(ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ॥ ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ॥ ੧੨॥ ਹਰ ਗਰੀਬ ਅਮੀਰ ਦੇ ਹੱਥ ਹਰ ਵਕਤ ਭਿਖਿਆ ਵਾਸਤੇ ਉੱਠੇ ਰਹਿੰਦੇ ਹਨ। ਕੀ ਹਰੀ ਕਿਸੇ ਦੀ ਸੰਤੁਸ਼ਟੀ ਨਹੀਂ ਕਰਾ ਸੱਕਦਾ? । ਕਿਉਂ ਨਹੀਂ ਕਰਾ ਸੱਕਦਾ! ਬਿਲਕੁਲ ਕਰਾ ਸੱਕਦਾ ਹੈ ਕੀ ਉਸ ਦੇ ਪਾਸ ਕੋਈ ਕਮੀਂ ਹੈ। ਨਹੀਂ! ਪਰ ਇਹੀ ਤਾਂ ਛੱਲ ਹੈ, ਇਹੀ ਤਾਂ ਤਮਾਸ਼ਾ ਹੈ। ਜੁਗਾਂ ਜੁਗਾਂਤਰਾਂ ਤੋਂ ਜੀਵ ਚੌਰਾਸੀ ਵਿੱਚ ਰੁਲ ਰਿਹਾ ਹੈ, ਮੰਗਤਿਆਂ ਦੀ ਤਰਾਂ ਭੀਖ ਮੰਗ ਰਿਹਾ ਹੈ, ਮੰਗਦਾ ਲੈਂਦਾ ਜੀਵ ਧੱਕ ਹਾਰ ਕੇ ਮਰ ਜਾਂਦਾ ਹੈ। (ਦੇਦਾ ਦੇ ਲੈਦੇ ਥਕਿ ਪਾਹਿ) ਆਤਮਿਕ ਮੌਤ ਨਹੀਂ, ਸੱਚ ਮੁਚ ਹੀ ਮਰ ਜਾਂਦਾ ਹੈ। ਅਤੇ ਉਸ ਹਰੀ ਨੇਂ ਸਾਡੇ ਵਾਸਤੇ ਮਿੱਟੀ ਤਾਂ ਪਹਿਲੋਂ ਹੀ ਗੋ ਛੱਡੀ ਹੋਈ ਹੈ। ਨਾਲ ਦੀ ਨਾਲ ਭਾਂਡੇ ਅਤੇ ਆਵੀ ਵੀ ਤਿਆਰ ਹੈ। ਨਵਾਂ ਜਨਮ ਮਿਲ ਜਾਂਦਾ ਹੈ, ਤੇ ਸਾਡਾ ਮੰਗਨ ਦਾ ਤੇ ਉਸ ਦੇ ਦੇਣ ਦਾ ਸਿਲਸਲਾ ਫਿਰ ਤੋਂ ਸ਼ੁਰੂ ਹੋ ਜਾਂਦਾ ਹੈ। ਕੁੱਝ ਸਾਲਾਂ ਬਾਦ ਅਸੀਂ ਮੰਗਦੇ ਮੰਗਦੇ ਥੱਕ ਕੇ ਫਿਰ ਮਰ ਜਾਂਦੇ ਹਾਂ, ਪਰ ਹਰੀ ਨਹੀਂ ਥੱਕਦਾ। ਇਸ ਤਰਾਂ ਇਹ ਸਿਲਸਲਾ, ਜੁਗਾਂ ਤੋਂ ਚਲਦਾ ਆਇਆ ਹੈ, ਅਤੇ ਚੱਲਦਾ ਹੀ ਰਹੇ ਗਾ, ਉਸ ਦੀ ਤਾਂ ਇਹ ਖੇਡ ਹੈ, ਇਹ ਉਸ ਦਾ ਤਮਾਸ਼ਾ ਹੈ। ਜੁਗਾਂ ਦੇ ਜੁਗ ਬੀਤ ਗਏ ਉਸ ਨੂੰ ਸਾਡੇ ਨਾਲ ਇਹ ਖੇਡ ਖੇਡਦਿਆਂ ਨੂੰ। ਅਤੇ ਇਸ ਖੇਡ ਦਾ ਕਦੇ ਵੀ ਅੰਤ ਨਹੀਂ ਹੋ ਸਕਦਾ ਹੈ।) ਦੇਦੇ ਤੋਟਿ ਨ ਆਵੈ ਸਾਚੇ॥ ਲੈ ਲੈ ਮੁਕਰਿ ਪਉਦੇ ਕਾਚੇ॥ ਮੂਲੁ ਨ ਬੂਝਹਿ ਸਾਚਿ ਨ ਰੀਝਹਿ ਦੂਜੈ ਭਰਮਿ ਭੁਲਾਈ ਹੇ॥ ੩॥ (੧੦੨੪) ਦੇਂਦੇ ਤੋਟ ਨਾਂ ਆਵੈ ਸਾਚੇ ਦਾ ਮੂਲ ਕੀ ਹੈ, ਇਹ ਅਸੀਂ ਨਹੀਂ ਬੁਝਦੇ।

ਪਾਠਕ ਵੀਰੋ ਪੱਟੀ ਦੇ ਸ਼ਬਦ ਦੀ ਇਹ ਪੰਗਤੀ, ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ॥ ਦੀ, ਵੀ ਦੇਦਾ ਦੇ ਲੈਦੇ ਥਕਿ ਪਾਹਿ ਦੇ ਸੰਧਰਭ ਵਿੱਚ ਵਿਚਾਰ ਕੀਤੀ ਜਾ ਸੱਕਦੀ ਹੈ। ਇਸ ਪੰਗਤੀ ਵਿੱਚ ਜਿਹੜੇ ਜਾਨ ਮੰਗਤ ਹਨ, ਉਹ ਜਾਚਦੇ ਹਨ, ਭਾਵ ਲੋਚਦੇ ਹਨ। ਜਾਚਣਾਂ ਜਾਂ ਲੋਚਣਾਂ ਦਾ ਭਾਵ ਵੀ ਮੰਗਣਾਂ ਹੀ ਹੁੰਦਾ ਹੈ। ਪਰ “ਜਜੈ ਜਾਨੁ ਮੰਗਤ ਜਨੁ ਜਾਚੈ” ਅਤੇ “ਲਖ ਚਉਰਾਸੀਹ ਭੀਖ ਭਵਿਆ” ਦੇ ਵਿਸ਼ੇ ਭਾਵ ਵਿੱਚ ਅੰਤਰ ਹੈ। ਦੋਨਾਂ ਵਿੱਚ ਮੰਗਣ ਵਾਲੇ ਅਲੱਗ ਅਲੱਗ ਨੇਚਰ ਦੇ ਹਨ। ਮੈਂ ਪਹਿਲੇ ਇੱਕ ਪੱਤਰ ਲਿਖਿਆ ਸੀ “ਕੇ ਦੇਦਾ ਦੇ ਲੈਦੇ ਥਕਿ ਪਾਹਿ” ਵਾਲੀ ਇਸ ਕੜੀ ਵਿੱਚ ਸਾਰਾ ਅਵਾਗਉਣ ਲੁਕਿਆ ਹੋਇਆ ਹੈ। ਚੌਰਾਸੀ ਲੱਖ ਜੀਆ ਜੂਨ ਆਵਾਗਉਣ ਵਿੱਚ ਹੈ, “ਲਖ ਚਉਰਾਸੀਹ ਭੀਖ ਭਵਿਆ” ਵਾਲੀ ਇਸ ਪੰਗਤੀ ਤੋਂ ਭਾਵ ਵੀ ਇਹ ਹੈ, ਕੇ ਚੌਰਾਸੀ ਦੇ ਚੱਕਰ ਵਿੱਚ ਭਟਕ ਰਿਹਾ ਜੀਵ ਭਿਖਿਆ ਮੰਗਦਾ ਫਿਰ ਰਿਹਾ ਹੈ। ਹੁਣ ਵਿਚਾਰ ਕਰੋ, ਕਿ ਚੌਰਾਸੀ ਵਾਲਾ ਜੀਵ ਪ੍ਰਭੂ ਤੋਂ ਕਿਹੜੀ ਦਾਤ ਮੰਗੇ ਗਾ? (ਨਾਮ ਤਾਂ ਮੰਗਨੋਂ ਹੀ ਰਿਹਾ) ਧਨ ਦੌਲਤ (ਮਾਇਆ) ਮੰਗੇ ਗਾ, ਖਾਣ ਨੂੰ ਰਿਜ਼ਕ ਮੰਗੇ ਗਾ, ਐਸ਼ ਦੇ ਸਾਧਨ ਮੰਗੇ ਗਾ, ਧੀਆਂ ਪੁਤ ਮੰਗੇ ਗਾ, ਆਦਿ ਆਦਿ।

ਮਨਮੁਖੁ ਜਗਤੁ ਨਿਰਧਨੁ ਹੈ ਮਾਇਆ ਨੋ ਬਿਲਲਾਇ॥ ਅਨਦਿਨੁ ਫਿਰਦਾ ਸਦਾ ਰਹੈ ਭੁਖ ਨ ਕਦੇ ਜਾਇ॥ ਸਾਂਤਿ ਨ ਕਦੇ ਆਵਈ ਨਹ ਸੁਖੁ ਵਸੈ ਮਨਿ ਆਇ॥ ਸਦਾ ਚਿੰਤ ਚਿਤਵਦਾ ਰਹੈ ਸਹਸਾ ਕਦੇ ਨ ਜਾਇ॥

ਮੰਗਦਾ ਮੰਗਦਾ ਆਖਿਰ ਮਰ ਜਾਵੇਗਾ। ਜੀਵ ਦੀਆਂ ਖਾਹਛਾਂ ਮੌਤ ਸਮੇਂ ਤੱਕ ਜਾਂ ਮੌਤ ਤੋਂ ਬਾਦ ਵੀ ਨਾਲ ਹੀ ਰਹਿੰਦੀਆਂ ਹਨ ਖਤਮ ਨਹੀਂ ਹੁੰਦੀਆਂ, ਅਧੂਰੀਆਂ ਖਾਹਸ਼ਾਂ, ਨੂੰ ਪੂਰੀਆਂ ਕਰਨ ਵਾਸਤੇ, ਮਾਲਕ ਜੀਵ ਦੀ ਉਸ ਖਾਹਸ਼ ਮੁਤਾਬਿਕ ਹੀ ਉਸ ਨੂੰ ਅਗਲਾ ਜਨਮ ਦੇਂਦਾ ਹੈ, ਜਿਥੇ ਕੇ ਉਸ ਦੀ ਖਾਹਸ਼ ਚੰਗੀ ਤਰਾਂ ਪੂਰੀ ਹੋ ਸਕੇ। (ਜਹਾਂ ਆਸਾ ਤਹਾਂ ਬਾਸਾ) ਮਿਸਾਲ ਦੇ ਤੌਰ ਤੇ, ਕਿਸੇ ਆਦਮੀਂ ਦੇ ਘਰ ਬੱਚਾ ਨਹੀਂ ਹੈ, ਇਸੇ ਹੀ ਤ੍ਰਿਸ਼ਨਾਂ ਵਿੱਚ ਉਸ ਦੀ ਮੌਤ ਜੋ ਜਾਂਦੀ ਹੈ। ਸਾਰੀ ਉਮਰ ਬੱਚੇ ਵਿੱਚ ਧਿਆਨ ਰਿਹਾ, ਬਚੇ ਦਾ ਹੀ ਸਿਮਰਨ ਕੀਤਾ, ਜੀਵ ਜਿਹਾ ਸਿਮਰਨ ਕਰਦਾ ਹੈ, ਤੇਹਾ ਫਲ ਪਾ ਲੈਂਦਾ ਹੈ, (ਜੇ ਨਾਮ ਦਾ ਸਿਮਰਨ ਕਰੇਗਾ, ਤਾਂ ਨਾਮ ਵਿੱਚ ਸਮਾਂ ਸਮਾ ਜਾਵੇ ਗਾ) ਤਾਂ ਪ੍ਰਭੂ ਉਸ ਨੂੰ ਅਜੇਹੀ ਜਗਹਾ ਜਨਮ ਦੇਂਦਾ ਹੈ ਜਿੱਥੇ ਆਦਮੀਂ ਦੀ ਬਚਿਆਂ ਵਾਲੀ ਭੁੱਖ (ਖਾਹਸ਼) ਪੂਰੀ ਹੋ ਸੱਕੇ। ਪ੍ਰਭੂ ਐਸੇ ਜੀਵਾਂ ਨੂੰ ਸੂਰ ਜਾਂ ਐਸੀ ਹੀ ਕਿਸੇ ਜੂਨੀਂ ਵਿੱਚ ਪਾ ਦੇਂਦਾ ਹੈ। ਦੇਖ ਲਵੋ ਸੂਰਨੀਂ ਇਕੋ ਸਮੇਂ ਕਿਨੇਂ ਕਿਨੇਂ ਬਚਿਆਂ ਨੂੰ ਇਕੱਠਾ ਜਨਮ ਦੇਂਦੀ ਹੈ। ਸੂਰ ਦੇ ਵੱਗਾਂ ਦੇ ਵੱਗ ਬੱਚੇ ਹੁੰਦੇ ਹਨ। (ਮੈਨੂੰ ਪਤਾ ਹੈ, ਕਈ ਵੀਰ ਇਸ ਕਹਾਣੀਂ ਨੂੰ ਲੈ ਕੇ ਝਗੜਾ ਖੜਾ ਕਰ ਸੱਕਦੇ ਹਨ, ਉਹਨਾਂ ਨੂੰ ਤਾਂ ਬੱਸ ਬਹਾਨਾਂ ਚਾਹੀਦਾ ਹੈ) ਅਗਰ ਕਿਸੇ ਵੀਰ ਦੇ ਮਨ ਵਿੱਚ ਕੋਈ ਛੱਕ ਪੈਦਾ ਹੋਵੇ, ਤਾਂ ਉਹ ਵੀਰ, ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧ ਦਾ ਅੱਗੇ ਲਿਖਿਆ ਸ਼ਬਦ ਪੱੜ੍ਹ ਸੱਕਦੇ ਹਨ।

ਗੂਜਰੀ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ॥ ੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬੇਸਵਾ ਜੋਨਿ ਵਲਿ ਵਲਿ ਅਉਤਰੈ॥ ੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸੂਕਰ ਜੋਨਿ ਵਲਿ ਵਲਿ ਅਉਤਰੈ॥ ੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ॥ ੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ ੫॥ ੨॥ (੫੨੬)

ਜੇ ਪ੍ਰਭੂ ਤੋਂ ਨਹੀਂ ਮੰਗਣਾਂ, ਤਾਂ ਜੀਵ ਹੋਰ ਕਿਸ ਤੋਂ ਮੰਗੇ? ਕਿਹੜਾ ਜੀਵ ਹੈ, ਜੋ ਪ੍ਰਭੂ ਤੋ ਧਨ ਦੌਲਤ, ਇਸਤਰੀ, ਬੱਚੇ, ਘਰ ਮਕਾਨ, ਆਦੀ ਨਹੀਂ ਮੰਗਦਾ। ਇਹ ਮੰਗ ਕੋਈ ਨਜਾਇਜ ਵੀ ਨਹੀਂ ਹੈ। ਵਿਚਾਰ ਕਰੋ ਕਿ ਦਾਤ ਮੰਗਣ ਦੇ ਬਦਲੇ ਪ੍ਰਭੂ ਸਾਨੂੰ ਕੀ ਦੇਂਦਾ ਹੈ! ਜੇ ਪੈਸੇ ਮੰਗਦੇ ਹਾਂ, ਤਾਂ ਸੱਪ ਦੀ ਜੋਨ ਦੇਂਦਾ ਹੈ। ਜੇ ਇਸਤਰੀ ਦੀ ਖਾਹਸ਼ ਕਰਦੇ ਹਾਂ, ਤਾਂ ਵੇਸਵਾ ਦੀ ਜੋਨ ਵਿੱਚ ਪਾ ਦੇਂਦਾ ਹੈ। ਜੇ ਬਚਿਆਂ ਦੀ ਖਾਹਸ਼ ਕਰਦੇ ਹਾਂ, ਤਾਂ ਸੂਰ ਦੀ ਜੋਨੀਂ ਵਿੱਚ ਪਾ ਦੇਂਦਾ ਹੈ। ਜੇ ਘਰ ਮਕਾਨ ਦੀ ਖਾਹਸ਼ ਕਰਦੇ ਹਾਂ, ਤਾਂ ਪਰੇਤ ਦੀ ਜੋਨੀ ਵਿੱਚ ਪਾ ਦੇਂਦਾ ਹੈ। ਇਸੇ ਤਰਾਂ ਬਾਕੀ ਵੀ ਹਰ ਤਰਾਂ ਦੀ ਹਰ ਛੋਟੀ ਵੱਡੀ ਖਾਹਸ਼ ਦੇ ਬਦਲੇ, ਜੂਨਾਂ ਤਿਆਰ ਹਨ। ਵਿਦਿਆਂ ਪੜ੍ਹਨਾਂ ਲਿਖਣਾਂ, ਸ਼ਰੋਮਣੀਂ ਵਿਦਵਾਨ ਬਣਨ ਦੀ ਖਾਹਸ਼ ਰਖਣਾਂ, ਵੱਡਾ ਆਗੂ ਬਣਨ ਦੀ ਖਾਹਸ਼ ਰੱਖਣਾਂ, ਸੱਭ ਤੋਂ ਵੱਡਾ ਗਿਆਨੀ ਹੋਣ ਦੀ ਖਾਹਸ਼ ਰੱਖਣਾਂ, ਵੱਡਾ ਸਮਾਜ ਸੁਧਾਰਕ ਅਖਵਾੳੇਣ ਦੀ ਖਾਹਸ਼, ਆਪਣੇਂ ਆਪ ਨੂੰ ਸੱਭ ਤੋਂ ਸਿਆਣਾਂ ਸਾਬਤ ਦੀ ਖਾਹਸ਼। ਕੁੱਝ ਵੀ ਕਰ ਕੇ ਦਿਖਾਉਣ ਦੀ ਖਾਹਸ਼। ਆਦਿ ਆਦਿ ਹਜਾਰਾਂ ਹੀ ਕਿਸਮਾਂ ਦੀਆਂ ਖਾਹਸ਼ਾਂ ਹਨ। ਜੋ ਜੀਵ ਨੂੰ ਚੌਰਾਸੀ ਦੇ ਗੇੜ ਵਿੱਚ ਪਾਈ ਰੱਖਦੀਆਂ ਹਨ। ਪ੍ਰਭੂ ਸੱਭ ਦੀਆਂ ਖਾਹਸ਼ਾਂ ਪੂਰੀਆਂ ਕਰਦਾ ਹੈ। ਸਾਰੇ ਜੀਵ ਮੰਗਤੇ ਹਨ, ਪ੍ਰਭੂ ਸੱਭ ਨੂੰ ਦੇਂਦਾ ਹੈ, ਜੀਵ ਲੈਂਦਾ ਲੈਦਾ ਥੱਕ ਜਾਂਦਾ ਹੈ। ਪ੍ਰਭੂ ਦੇ ਘਰ ਕਿਸੇ ਗੱਲ ਦੀ ਕਮੀਂ ਨਹੀਂ। ਉਹ ਤਾਂ ਕਹਿੰਦਾ ਹੈ ਮੇਰੇ ਪਾਸੋਂ ਲਵੋ, ਜੇ ਕੋਈ ਜੀਵ ਨਹੀਂ ਵੀ ਲੈਣਾਂ ਚਾਹੁੰਦਾ, ਉਸ ਨੂੰ ਸਗੋਂ ਹੋਰ ਜਿਆਦਾ ਦੇਂਦਾ ਹੈ। ਜਿਹੜੇ ਮੰਗਦੇ ਹਨ, ਉਹਨਾਂ ਨੂੰ ਤਰਸਾਉਂਦਾ ਹੈ, ਤਰਸਦਾ ਤਰਸਦਾ ਵਿਚਾਰਾ ਜੀਵ, ਆਪਣੀਂ ਤ੍ਰਿਸ਼ਣਾਂ ਪੂਰੀ ਕਰਨ ਵਾਸਤੇ, ਸਪਾਂ, ਸੂਰਾਂ, ਕੁਤਿਆਂ ਆਦਿ ਦੀ ਜੋਨੀਂ ਵਿੱਚ ਜਾ ਪੈਂਦਾ ਹੈ। ਇਹ ਹੈ ਰੱਬ ਦੀ ਨੇਚਰ, ਅਤੇ ਨੇਚਰ ਦਾ ਮਤਲਭ ਹੁੰਦਾ ਹੇ “ਕੁਦਰਤ” ਆਪੇ ਕੁਦਰਤਿ ਕਰੇ ਵੀਚਾਰਾ॥ ਆਪੇ ਹੀ ਸਚੁ ਕਰੇ ਪਸਾਰਾ॥ ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ॥ ੩॥ ੧੦੭੪

ਵੀਰੋ ਆਦਮੀ ਨਰ ਹੈ, ਅਤੇ ਔਰਤ ਮਾਦਾ ਹੈ, ਉਹ ਪ੍ਰਭੂ ਆਦਮੀ ਨੂੰ ਔਰਤ ਦੀ ਜੂਨ ਵਿੱਚ ਵੀ ਪਾ ਦੇਂਦਾ/ਸਕਦਾ ਹੈ, ਅਤੇ ਉਹ ਵੀ ਵੇਸਵਾ ਦੀ ਜੋਨ ਵਿਚ। ਕੌਣ ਟਾਲ ਸੱਕਦਾ ਹੈ ਪ੍ਰਭੂ ਦੇ ਹੁਕਮ ਨੂੰ।

ਕਲਾ ਉਪਾਇ ਧਰੀ ਜਿਨਿ ਧਰਣਾ॥ ਗਗਨੁ ਰਹਾਇਆ ਹੁਕਮੇ ਚਰਣਾ॥ ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ॥ ੧॥ ਜੀਅ ਜੰਤ ਕਉ ਰਿਜਕੁ ਸੰਬਾਹੇ॥ ਕਰਣ ਕਾਰਣ ਸਮਰਥ ਆਪਾਹੇ॥ ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ॥ ੨॥ ੧੦੭੧

ਇਹ ਸ੍ਰਿਸ਼ਟੀ ਪ੍ਰਮਾਤਮਾਂ ਦੀ ਇੱਕ ਐਸੀ ਕਲਾ ਹੈ, ਸਮਝੋ ਅੱਗ ਨੂੰ ਈਧਨ ਦੇ ਵਿੱਚ ਲੁਕੋਇਆ ਹੋਇਆ ਹੈ। (ਅੱਜ ਦੇ ਐਟਮ ਬੰਬ ਦੀ ਮਿਸਾਲ ਹੀ ਲੈ ਲਵੋ, ਪਲਾਂ ਵਿੱਚ ਸਰਬਨਾਸ਼।) ਅਤੇ ਇਸ ਅੱਗ ਅਤੇ ਤੇਲ ਦੇ ਖੇਲ ਵਿਚੋਂ ਰੱਖਣਵਾਲਾ ਵੀ ਬੱਸ ਪ੍ਰਭੂ ਹੀ ਹੈ ਭਾਈ। ਕਰਨ ਕਾਰਨ ਸਮਰੱਥ, ਸਾਰੇ ਜੀਅ ਜੰਤਾਂ ਨੂੰ ਰਿਜਕ ਦੇਂਦਾ ਹੈ, ਇੱਕ ਪਲ ਵਿੱਚ ਉਸਾਰ ਸੱਕਦਾ ਹੈ, ਦੂਜੇ ਪਲ ਢਾਹ ਵੀ ਸੱਕਦਾ ਹੈ। ਹੇ ਜੀਵ ਤੇਰੀ ਸਹਾਇਤਾ ਕਰਨ ਵਾਲਾ ਵੀ ਉਹੋ ਹੀ ਹੈ, ਹੋਰ ਕੋਈ ਵੀ ਤੇਰੀ ਸਹਾਇਤਾ ਕਰਨ ਵਾਲਾ ਨਹੀਂ ਹੈ।

ਇਹ ਕਲਾ ਹੀ ਆਵਾਗਉਣ ਦਾ ਇੱਕ ਰੂਪ ਹੈ, ਇਹੋ ਕਲਾ ਹੀਦੇਦਾ ਦੇ ਲੈਦੇ ਥਕਿ ਪਾਹਿਦਾ ਸਾਰ ਹੈ। ਪਰ ਸਾਡੀ ਜਰੂਰਤ ਇਸ ਵੇਲੇ ਇਹ ਹੈ, ਕੇ ਅਸੀਂ ਇਸ ਅੱਗ ਅਤੇ ਤੇਲ ਦੇ ਖੇਲ ਵਿਚੋਂ ਨਿਕਲਨਾਂ ਕਿਵੇਂ ਹੈ।

ਗੁਰਬਾਣੀਂ ਦੀ ਇਹ ਕੜੀ ਦੱਸਦੀ ਹੈ, ਕਿ ਜੇ ਸਾਡੀ ਸਹਾਇਤਾ ਕਰਨ ਵਾਲਾ ਵੀ ਪ੍ਰਭੂ ਆਪ ਹੈ, ਤਾਂ ਇਹ ਵੀ ਤਾਂ ਸਪੱਸ਼ਟ ਕਰ ਰਹੀ ਹੈ, ਕਿ ਸਾਨੂੰ ਇਸ ਅੱਗ ਅਤੇ ਤੇਲ ਦੇ ਖੇਲ ਵਿੱਚ ਸੁੱਟਣ ਵਾਲਾ ਵੀ ਤਾਂ ਉਹੋ ਹੀ ਪ੍ਰਭੂ ਹੈ। ਕੀ ਇਹ ਸਾਡੇ ਲਈ ਸਿੱਖਿਆ ਨਹੀਂ ਹੈ।

ਲਖ ਚਉਰਾਸੀਹ ਜੀਅ ਉਪਾਏ॥ ਗਿਆਨੀ ਧਿਆਨੀ ਆਖਿ ਸੁਣਾਏ॥ ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਨ ਹੋਈ ਹੇ॥ ੨॥

ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ॥ ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ॥ ੧੩॥

ਜੇ ਉਹ ਮੇਹਰ ਦੀ ਨਜ਼ਰ ਕਰੇ, ਤਾਂ ਅਸੀਂ ਦੇਖ ਸੱਕਦੇ ਹਾਂ, ਕਿ ਹੋਰ ਦੂਜਾ ਕੋਈ ਹੈ ਹੀ ਨਹੀਂ ਹੈ। ਇਕੋ ਹੀ ਪ੍ਰਮਾਤਮਾਂ ਸੱਭ ਦੇ ਮਨ ਵਿੱਚ ਵੱਸਿਆ ਹੋਇਆ ਹੈ, ਅਤੇ ਉਹੋ ਹੀ ਸਾਰੀਆਂ ਥਾਵਾਂ ਤੇ ਵੀ ਵਿਚਰ ਰਿਹਾ ਹੈ।

ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ॥ ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ॥ ੧੪॥

ਹੇ ਪ੍ਰਾਣੀ ਕਾਹਦੇ ਵਾਸਤੇ ਵਿਅਰਥ ਦੇ ਖਲਜਗਨ ਗਲ ਪਾਈ ਬੈਠਾ ਹੈਂ। ਘੜੀ ਕੇ ਪਲ, ਪਤਾ ਨਹੀਂ ਕਦੋਂ ਮੌਤ ਨੇਂ ਦਬੋਚ ਲੈਣਾਂ ਹੈ। ਇਸ ਕੀਮਤੀ ਜਨਮ ਨੂੰ ਐਵੇਂ ਜੂਏ ਵਿੱਚ ਨਾਂ ਹਾਰ। ਜਿਨੀਂ ਜਲਦੀ ਹੋ ਸਕੇ ਦੌੜ ਕੇ ਹਰੀ ਦੀ ਸਰਨ ਲੈ ਲਓ।

ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨੑ ਕਾ ਚਿਤੁ ਲਾਗਾ॥ ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ॥ ੧੫॥

ਜਿਨਾਂ ਦਾ ਹਰੀ ਦੇ ਚਰਨਾਂ ਵਿੱਚ ਚਿੱਤ ਲੱਗ ਗਿਆ, ਉਹਨਾਂ ਦੇ ਅੰਦਰ ਸ਼ਾਤੀ ਆ ਗਈ। ਜਿਨ੍ਹਾਂ ਦਾ ਮਨ ਹਰੀ ਦੇ ਚਰਨਾਂ ਵਿੱਚ ਜੁੜ ਗਿਆ ਉਹ ਜੰਮਣ ਮਰਨ ਦੇ ਚੱਕਰ ਤੋਂ ਬਚ ਗਏ। ਭਵਸਾਰ ਤੋਂ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਤੇਰੀ ਮੇਹਰ ਨਾਲ ਉਹ ਸੁਖੀ ਹੋ ਗਏ।

ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ॥ ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ॥ ੧੬॥

ਹੇ ਪ੍ਰਾਣੀ ਤੂੰ ਕੀ ਦਿਖਾਵੇ ਕਰ ਕਰ ਦਿਖਾਉਂਦਾ ਹੈਂ। ਸੱਭ ਕੁੱਝ ਨਾਸ ਹੋ ਜਾਣਾਂ ਹੈ। ਜੇ ਸੁਖ ਪਾਉਣਾਂ ਹੈ ਤਾਂ ਉਸ ਦਾ ਧਿਆਨ ਕਰ ਜੋ ਸੱਭ ਜੀਵਾਂ ਦੇ ਅੰਦਰ ਬਿਰਾਜਮਾਨ ਹੈ, ਉਹ ਦੂਰ ਨਹੀਂ ਹੈ।

ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ॥ ਕਰਿ ਕਰਿ ਵੇਖੈ ਹੁਕਮੁ ਚਲਾਏ ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ॥ ੧੭॥

ਉਹ ਆਪੇ ਹੀ ਜਗਤ ਨੂੰ ਉਸਾਰਦਾ ਹੈ ਆਪੇ ਹੀ ਨਾਸ ਕਰ ਦੇਂਦਾ ਹੈ। ਜਿਵੇਂ ਉਸ ਨੂੰ ਭਾਂਉਦਾ ਹੈ, ਤਿਵੇਂ ਕਰੀ ਜਾਂਦਾ ਹੈ। ਜੀਵਾਂ ਨੂੰ ਪੈਦਾ ਕਰਦਾ ਹੈ, ਦੇਖ ਰੇਖ (ਸਭਾਲ) ਵੀ ਕਰਦਾ ਹੈ, ਅਤੇ ਸੱਭ ਨੂੰ ਆਪਣੇਂ ਹੁਕਮ ਵਿੱਚ ਚਲਾਉਂਦਾ ਹੈ। ਜਿਸ ਕਿਸੇ ਤੇ ਜੇ ਮੇਹਰ ਦੀ ਨਜਰ ਕਰ ਦੇਵੇ, ਉਸ ਨੂੰ ਆਵਾਗਉਣਦੇ ਭਵਸਾਗਰ ਤੋਂ ਪਾਰ ਵੀ ਕਰ ਦੇਂਦਾ ਹੈ।

ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ॥ ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ॥ ੧੮॥

ਜਿਸ ਮਨੁੱਖ ਦੇ ਹਿਰਦੇ ਵਿੱਚ ਹਰੀ ਰਮ (ਪਰਗਟ) ਜਾਂਦਾ ਹੈ। ਹਰੀ ਦੇ ਸੱਚੇ ਗੁਣ ਸਿਰਫ ਉਹ ਹੀ ਗਾ ਸੱਕਦਾ ਹੈ। ਉਹ ਕਰਤਾ ਜੀਵ ਨੂੰ ਆਪੇ ਹੀ ਆਪਣੇਂ ਨਾਲ ਮਿਲਾ ਲੈਂਦਾ ਹੈ। ਜਿਸ ਨੂੰ ਕਰਤਾਰ ਆਪਣੇਂ ਨਾਲ ਮਿਲਾ ਲੈਂਦਾ ਹੈ, ਫਿਰ ਉਸ ਦਾ ਦੁਬਾਰਾ ਕਦੇ ਵੀ ਜਨਮ ਨਹੀਂ ਹੁੰਦਾ।

ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤੁ ਨ ਪਾਇਆ॥ ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ॥ ੧੯॥

ਸੰਸਾਰ ਦਾ ਭਵਸਾਗਰ ਦਾ ਨਕੋ ਨਕ ਭਰਿਆ ਹੋਇਆ ਹੈ। ਜਿਸ ਦੀ ਡੁੰਘਾਈ ਦੀ ਥਾਹ ਨਹੀਂ ਹੈ। ਨਾਂ ਤਾਂ ਅਸੀਂ ਤਰਨ ਜਾਣਦੇ ਹਾਂ, ਨਾਂ ਹੀ ਸਾਡੇ ਪਾਸ ਕੋਈ ਤੁਲਹਾ ਹੈ, ਅਸੀਂ ਡੁੱਬ ਰਹੇ ਹਾਂ, ਹੇ ਤਰਨ ਹਾਰੇ ਸਾਨੂੰ ਤਾਰ ਲੈ।

ਥਥੈ ਥਾਨਿ ਥਾਨμਤਰਿ ਸੋਈ ਜਾ ਕਾ ਕੀਆ ਸਭੁ ਹੋਆ॥ ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ॥ ੨੦॥

ਜਿਸ ਪ੍ਰਭੂ ਨੇਂ ਸਾਰਾ ਜਗਤ ਬਨਾਇਆ ਹੈ। ਉਹ ਹਰ ਥਾਂ ਤੇ ਮੌਜ਼ੂਦ ਹੈ। ਭਾਵੇਂ ਭਰਮਾਂ ਦਾ ਜਾਲ ਹੋਵੇ, ਜਾਂ ਮਾਇਆ ਦਾ ਪਸਾਰਾ। ਜੋ ਉਸ ਨੂੰ ਭਾਉਂਦਾ ਹੈ, ਉਸ ਨੂੰ ਭਲਾ ਹੀ ਕਹੋ।

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥ ੨੧॥

ਕਿਸੇ ਦਾ ਕੋਈ ਦੋਸ਼ ਨਹੀਂ, ਇਹ ਤਾਂ ਮੇਰੇ ਆਪਣੇਂ ਕਰਮਾਂ ਦਾ ਦੋਸ਼ ਹੈ। ਜਿਹੋ ਜਿਹਾ ਮੈਂ ਕਰਮ ਕੀਤਾ, ਉਹੋ ਜਿਹਾ ਮੈਂ ਫਲ ਪਾ ਲਿਆ। ਕਿਸੇ ਹੋਰ ਨੂੰ ਦੋਸ਼ ਨਾਂ ਦਿਉ।

ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ॥ ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ॥ ੨੨॥

ਜਿਸ ਹਰੀ ਨੇਂ ਆਪਨੀਂ ਕਲਾ (ਕੌਤਕ) ਨਾਲ ਇਹ ਰੰਗ ਬਿਰੰਗੀ ਰਚਨਾਂ ਰਚ ਰੱਖੀ ਹੈ। ਜਿਹੋ ਜਿਹਾ ਵੀ ਉਸ ਨੇਂ ਦਿੱਤਾ, ਉਸੇ ਦਾ ਹੀ ਦਿੱਤਾ ਹੋਇਆ ਸੱਭ ਜੀਵਾਂ ਨੇਂ ਲਿਆ ਹੈ, ਹੁਕਮ ਨਾਲ ਹੀ ਕਰਮ ਕੀਤੇ, ਤੇ ਕਰਮ ਕਰ ਕੇ ਫਸ ਗਿਆ। ਪਹਿਲੇ ਹੁਕਮ ਅਤੇ ਬਾਦ ਵਿੱਚ ਆਪਣੇਂ ਆਪਣੇਂ ਕਰਮ। ਸੋ ਕਿਸੇ ਦੂਜੇ ਜੀਵ ਨੂੰ ਦੋਸ਼ ਨਾਂ ਦਿਉ।

μਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮ੍ਹਲਿਆ॥ ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੈ ਮਿਲਿਆ॥ ੨੩॥

ਨਾਹ (ਖਸਮ) ਦੇ ਦਿੱਤੇ ਹੋਇ ਭੋਗਾਂ ਨੂੰ ਅੱਨ੍ਹੇ ਵਾਹ ਭੋਗਿਆ, ਨਾਂ ਕੋਈ ਸੋਚ ਕੀਤੀ ਨਾਂ ਵਿਚਾਰ ਕੀਤੀ। ਗੱਲਾਂ ਨਾਲ ਮੈਂ ਆਪਣੇਂ ਆਪ ਨੂੰ ਉਸ ਖਸਮ ਦੀ ਸੁਹਾਗਣ ਨਾਰ ਸਮਝਿਆ ਹੋਇਆ ਹੈ। ਪਰ ਭੈਣੇਂ ਸੱਚੀ ਗੱਲ ਤਾਂ ਇਹ ਹੈ, ਕਿ ਅੱਜ ਤੱਕ ਕਦੇ ਵੀ ਮੈਨੂੰ ਮੇਰਾ ਕੰਤ ਨਹੀਉਂ ਮਿਲਿਆਂ (ਇਹ ਸਾਡਾ ਹਾਲ ਹੈ)

ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ॥ ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ॥ ੨੪॥

ਮੈਂ ਉਸ ਕੰਤ ਨੂੰ, ਪਾਤਸ਼ਾਹ ਨੂੰ ਵੇਖਣ ਵਾਸਤੇ ਹਰ ਜਤਨ ਕੀਤਾ, (ਪਰ ਮਿਲਿਆ ਨਹੀ) ਜਦਿ ਕੇ ਉਹ ਪਰਮੇਸਰ ਸੱਭ ਕੁੱਝ ਦੇਖ ਰਿਹਾ ਹੈ, ਮੇਰੇ ਕੋਲ ਹੀ ਹੈ, ਸੱਭ ਕੁੱਝ ਜਾਣਦਾ ਹੈ। ਹਰ ਜੀਵ ਦੇ ਅੰਦਰ ਵੀ ਵੱਸਦਾ ਹੈ, ਅਤੇ ਬਾਹਰ ਵੀ ਹਰ ਥਾਂ ਰਵਿਆ ਹੋਇਆ ਹੈ। (ਭੈਣੇਂ ਫਿਰ ਵੀ ਨਾਂ ਮਿਲਿਆ, ਦੱਸ ਕੀ ਕਰਾਂ)

ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ॥ ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ॥ ੨੫॥

ਉਸ ਮਾਲਿਕ ਨੇਂ ਸਾਰੇ ਸੰਸਾਰ ਦੇ ਜੀਵਾਂ ਦੇ ਗਲ ਵਿੱਚ ਫਾਹੀ ਪਾਈ ਹੋਈ ਹੈ। ਅਤੇ ਜਮਾਂ ਦੀਆਂ ਬੇੜੀਆਂ ਵਿੱਚ ਜਕੜ ਰੱਖਿਆ ਹੋਇਆ ਹੈ। ਜਿਹੜੇ ਮਨੁੱਖ ਤੇ ਗੁਰੂ ਨੇ ਕਿਰਪਾ ਕਰ ਦਿੱਤੀ, (ਗੁਰੂ ਦੀ ਦਯਾ, ਗੁਰੂ ਦੇ ਗਿਆਨ ਨਾਲ ਉਸ ਨੂੰ ਸਚਾਈ ਦਾ ਪਤਾ ਲੱਗ ਗਿਆ, ਅਤੇ ਦੁੱਖਾਂ ਤਕਲੀਫਾਂ ਤੋਂ ਬਚਨ ਵਾਸਤੇ) ਉਸ ਨੇਂ ਦੌੜ ਕੇ ਹਰੀ ਦੀ ਸਰਨ ਲੈ ਲਈ, ਤੇ ਉਹਨਾਂ ਮਨੁੱਖਾਂ ਦਾ ਉਧਾਰ ਹੋ ਗਿਆ।

(ਗੁਰੂ ਨਾਨਕ ਜੀ ਨੇਂ ਸਾਨੂੰ ਸਿੱਖਿਆ ਦੇਣ (ਪਟੀ ਪੜ੍ਹਾਉਣ) ਵਿੱਚ ਕੋਈ ਕਸਰ ਨਹੀਂ ਛੱਡੀ। ਜੇ ਸਾਡੀ ਸਮਝ ਵਿੱਚ ਹੀ ਨਾਂ ਆਵੇ, ਤਾਂ ਇਸ ਵਿੱਚ ਕਿਸੇ ਦਾ ਕੀ ਦੋਸ਼। ਇਸ ਤੋਂ ਅਗਲੀ ਕੜੀ ਵਿੱਚ ਗੁਰੂ ਜੀ ਸਾਨੂੰ, ਹਰੀ ਦੀ ਇੱਕ ਹੋਰ ਤਸਵੀਰ/ਰੂਪ ਦਿਖਾਉਂਦੇ ਹਨ।) ਸਾਡੇ ਨਾਲ ਏਨਾਂ ਕੁੱਝ ਕਰਨ ਤੋਂ ਬਾਦ ਵੀ, ਅਗੇ ਹੁਣ ਸਾਡੀ ਕੀ ਦੁਰਦਿਸ਼ਾ ਹੋਣ ਵਾਲੀ ਹੈ, ਗੁਰੂ ਜੀ ਸਾਨੂੰ ਕੀ ਦੱਸਦੇ ਹਨ, ਅਗੇ ਪੱੜ੍ਹਦੇ ਹਾਂ।

ਚੌਪੜ (ਸ਼ਤਰੰਜ) ਦੀ ਖੇਡ ਰਾਈਸਾਂ, ਰਾਜਿਆਂ ਮਹਾਂ ਰਾਜਿਆਂ ਦੇ ਮਨ ਪ੍ਰਚਾਵੇ ਦੀ, ਇੱਕ ਪ੍ਰਧਾਨ ਖੇਡ ਹੈ। ਉਸ ਵਿੱਚ ਦੋ ਖਿਡਾਰੀ ਹੁੰਦੇ ਹਨ। ਦੋਵੇਂ ਬਰਾਬਰ ਦੇ ਖਿਡਾਰੀ ਹੁੰਦੇ ਹਨ। ਦੋਵੇਂ ਖਿਡਾਰੀ ਵਾਰੀ ਵਾਰੀ ਪਾਸੇ ਸੁੱਟਦੇ ਹਨ। ਦੋਨੋਂ ਹੀ ਅਪਣੀਆਂ ਆਪਣੀਆਂ ਗੋਟਾਂ ਨੂੰ ਮਰਨ ਤੋਂ ਬਚਾਉਣ ਵਾਸਤੇ ਪੂਰਾ ਜੋਰ ਲਾਉਦੇ ਹਨ। ਹੁਣ ਇਥੇ ਹਰੀ ਵੀ ਸਾਡੇ ਨਾਲ ਚਉਪੜਿ ਖੇਡਣ ਲੱਗਾ ਹੈ। ਇਥੇ ਅਸੀਂ ਖਿਡਾਰੀ ਨਹੀਂ ਹਾਂ। ਇਥੇ ਅਸੀਂ ਸਾਰੇ ਜੀਅ ਜੰਤੂ ਨਰਦਾਂ ਹਾਂ। ਅਤੇ ਖਿਡਾਰੀ ਸਿਰਫ ਇਕੱਲਾ ਪ੍ਰਮਾਤਮਾਂ ਹੈ। ਚਿੱਤ ਵੀ ਉਸੇ ਦੀ ਤੇ ਪੱਟ ਵੀ ਉਸੇ ਦੀ। ਹਰੀ ਪਾਸੇ ਢਾਲਦਾ (ਸੁਟਦਾ) ਹੈ, ਜਿਨੇਂ ਨੰਬਰ ਆਉਂਦੇ ਹਨ, ਉਹਨਾਂ ਨੰਬਰਾਂ ਦੇ ਹਿਸਾਬ ਨਾਲ ਉਹ ਸਾਨੂੰ ਅੱਗੇ ਤੋਰ ਦੇਂਦਾ ਹੈ। ਜੀਵ ਚਾਰਾਂ ਜੁਗਾਂ ਵਿੱਚ ਪਾਸੇ ਦੇ ਹਿਸਾਬ ਨਾਲ ਚਾਰਾਂ ਖਾਣੀਆਂ ਵਿੱਚ ਧੱਕੇ ਖਾਂਦਾ ਫਿਰਦਾ ਹੈ। ਸਾਡੀ ਤਰਫੋਂ ਖੇਡਨ ਵਾਲਾ ਕੋਈ ਨਹੀਂ। ਇਸ ਵਾਸਤੇ ਉਸ ਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਭਉ ਨਹੀ। ਜੇ ਸਾਡੀ ਤਰਫੌਂ ਵੀ ਖੇਡਣ ਵਾਲਾ ਕੋਈ ਹੋਵੇ, ਭਾਵੇਂ ਮਾੜਾ ਹੀ ਹੋਵੇ, ਤਾਂ ਫਿਰ ਵੀ ਘਟੋ ਘੱਟ ਖੇਡ ਦਾ ਕੋਈ ਅਸੂਲ ਤਾਂ ਹੁੰਦਾ ਹੈ। ਜਿੱਤਨਾਂ ਤਾਂ ਭਾਵੇਂ ਫਿਰ ਵੀ ਤਗੜੇ ਨੇਂ ਹੀ ਹੁੰਦਾ ਹੈ, ਪਰ ਇਥੇ ਤਾਂ ਹਾਰ ਜਿਤ ਦਾ ਸਵਾਲ ਹੀ ਨਹੀਂ, ਇਥੇ ਤਾਂ ਸਿਰਫ ਮਰਨ ਹੀ ਮਰਨ ਹੈ। ਤਗੜੇ ਦਾ ਸੱਤੀਂ ਵੀਹੀਂ ਸੌ। ਉਸ ਪ੍ਰਭੂ ਨਾਲ ਸਾਡਾ ਕੋਈ ਜੋਰ ਨਹੀਂ। ਇਸ ਵਾਸਤੇ ਗੁਰੂ ਜੀ ਸਾਨੂੰ ਸਮਝਾਉਂਦੇ ਹਨ। (ਜਿਸੁ ਸਾਹਿਬੁ ਸਿਉ ਨਾਹੀ ਚਾਰਾ ਤਾ ਕਉ ਕੀਜੈ ਸਦਿ ਨਮਸਕਾਰਾ) ਸਾਰੀ ਦੁਨੀਆਂ ਉਸ ਨੂੰ ਨਮਸਕਾਰਾਂ ਕਰਦੀ ਹੈ, ਪਰ ਉਹ ਨਮਸਕਾਰਾਂ ਕਰਦਿਆਂ ਨੂੰ ਵੀ ਨਹੀਂ ਛੱਡਦਾ। ਕਰੋੜਾਂ ਵਿਚੋਂ ਕਿਤੇ ਕਰਮਾਂ ਵਾਲੇ ਕਿਸੇ ਇੱਕ ਅੱਧੇ ਜੀਵ ਤੇ, ਜੇ ਉਸ ਨੂੰ ਤਰਸ ਆ ਜਾਵੇ ਤਾਂ, ਫਿਰ ਭਾਵੈ ਉਸ ਨੂੰ ਚਉਪੜ ਦੀ ਖੇਡ ਵਿਚੋਂ ਬਾਹਰ ਜਾਣ ਦੇਵੇ, ਨਹੀਂ ਤਾਂ ਉਹ ਕਿਸੇ ਨੂੰ ਵੀ ਨਹੀਂ ਛੱਡਦਾ। (ਇਹ ਵੀ ਆਵਾਗਉਣ ਹੀ ਹੈ) ਅੱਗੇ ਪੱੜਦੇ ਹਾਂ,

ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ (੪੩੩)॥ ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ॥ ੨੬॥

ਹੁਣ ਉਹ ਪ੍ਰਭੂ ਸਾਡੇ ਨਾਲ ਇੱਕ ਹੋਰ ਖੇਡ (ਚਉਪੜ) ਖੇਡਣ ਲੱਗਾ ਹੈ। ਚਾਰਾਂ ਜੁੱਗਾਂ ਦੇ ਪੱਲੇ ਬਨਾ ਦਿੱਤੇ (ਚਾਰਾਂ ਜੁਗਾਂ ਜਿਨੀਂ ਲੰਮੀ ਉਸ ਦੀ ਇੱਕ ਬਾਜੀ ਹੁੰਦੀ ਹੈ) ਜਿਨੇਂ ਵੀ ਜੀਵ ਜੰਤੂ ਹਨ, ਇਹ ਸੱਭ ਉਸ ਪ੍ਰਭੂ ਦੀਆਂ ਨਰਦਾਂ (ਸਾਰੀ) ਜਾਂ ਗੋਟੀਆਂ ਹਨ। ਆਪੇ ਹੀ ਪਾਸੇ ਢਾਲਦਾ ਹੈ (ਉਸ ਦਾ ਹੱਥ ਫੜਨ ਵਾਲਾ ਕੋਈ ਨਹੀਂ) ਉਸੇ ਹਿਸਾਬ ਨਾਲ ਹੀ ਸਾਨੂੰ ਚਾਰਾਂ ਖਾਨਿਆਂ ਵਿੱਚ ਭੁਆਈ ਫਿਰਦਾ ਹੈ।

ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨੑ ਕਉ ਭਉ ਪਇਆ॥ ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ॥ ੨੭॥

ਇਹ ਹਾਲ ਹੁੰਦਾ ਵੇਖ ਕੇ (ਸਾਰਿਆਂ ਨੂੰ ਤਾਂ ਇਸ ਹਾਲ ਦਾ ਵੀ ਪਤਾ ਨਹੀਂ, ਇਸ ਹਾਲ ਦਾ ਵੀ ਸਿਰਫ ਉਹਨਾਂ ਨੂੰ ਪਤਾ ਲੱਗਦਾ ਹੈ, ਜਿਨਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ।) ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਹਿਰਦੇ ਵਿੱਚ ਡਰ ਪੈਦਾ ਹੋ ਗਿਆ, ਫਿਰ ਉਹ ਛੁੱਟਣ ਦਾ ਰਸਤਾ ਭਾਲਦੇ ਹਨ, ਅਤੇ ਜਿਹੜਾ ਭਾਲਦਾ ਹੈ, ਉਸਨੂੰ ਫਲ ਵੀ ਮਿਲ ਜਾਂਦਾ ਹੈ। (ਜਿਹੜੇ ਕਹਿੰਦੇ ਹਨ, ਇਹ ਝੂਠ ਹੈ, ਜਾਂ ਸਾਨੂੰ ਨਹੀਂ ਇਸ ਦੀ ਲੋੜ, ਉਹ…।) ਮਨਮੁਖ ਲੋਕ ਗੁਰੂ ਦੀ ਸਿੱਖਿਆ ਦੀ ਪਰਵਾਹ ਨਹੀਂ ਕਰਦੇ, ਉਹ ਆਪਣੇਂ ਮਨ ਦੇ ਕਹਿਣੇਂ ਲੱਗ ਕੇ, ਉਲਟੇ ਹੀ ਪਾਸੇ ਜਾਂਦੇ ਹਨ, ਨਾਮ ਨਹੀਂ ਚੇਤਦੇ। ਇਸ ਵਾਸਤੇ ਲੱਖ ਚੌਰਾਸੀ ਦੇ ਗੇੜ ਵਿੱਚ ਪਏ ਰਹਿੰਦੇ ਹਨ।

ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ॥ ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ॥ ੨੮॥

ਮੋਹ ਦੇ ਜਾਲ ਵਿੱਚ ਫਸ ਕੇ ਮੌਤ ਦਾ ਅਤੇ ਪ੍ਰਮਾਤਮਾਂ ਦੋਹਾਂ ਦਾ ਹੀ ਚੇਤਾ ਭੁਲਾ ਦਿੱਤਾ। ਜਦ ਮੌਤ ਅੱਖਾਂ ਸਾਹਵੇਂ ਆਈ ਤਦ ਚੇਤਾ ਆਇਆ। ਜਦੋਂ ਤੱਕ ਸਰੀਰ ਕਾਇਮ ਸੀ, ਉਦੋਂ ਤੱਕ ਹੋਰਾਂ ਨੂੰ ਮੱਤਾਂ ਦੇਂਦਾ ਰਿਹਾ, ਪਰ ਖੁਦ ਮੰਮਾਂ ਅੱਖਰ (ਮੌਤ-ਪ੍ਰਮਾਤਮਾਂ) ਭੁਲਾ ਦਿੱਤਾ।

ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ॥ ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ਏਕੋ ਜਾਣੈ॥ ੨੯॥

ਜੇਕਰ ਸਚ ਦੀ ਪਛਾਣ ਆ ਜਾਵੇ, ਤਾਂ ਫਿਰ ਦੁਬਾਰਾ ਕਦੇ ਵੀ ਜਨਮ ਨਹੀਂ ਹੁੰਦਾ। (ਬਹਿਸ ਕੀਤੇ ਜਨਮ ਮਰਨ ਨਹੀਂ ਮੁੱਕਦਾ) ਗੁਰਮੁਖ ਦਾ ਕਹਿਆ ਸਿਰਫ ਗੁਰਮੁਖ ਹੀ ਸਮਝਦਾ (ਬੁੱਝ) ਸੱਕਦਾ ਹੈ। ਅਤੇ ਇੱਕ ਪਰਮਾਤਮਾਂ ਨੂੰ ਸਿਰਫ ਗੁਰਮੁਖਿ ਹੀ ਜਾਣ ਸੱਕਦਾ ਹੈ, ਹੋਰ ਕਿਸੇ ਦੀ ਤਾਕਤ ਨਹੀਂ।

ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ॥ ਜੰਤ ਉਪਾਇ ਧੰਧੈ ਸਭ ਲਾਏ ਕਰਮੁ ਹੋਆ ਤਿਨ ਨਾਮੁ ਲਇਆ॥ ੩੦॥

ਪ੍ਰਮਾਤਮਾਂ ਨੇਂ ਸ੍ਰਿਸ਼ਟੀ ਦੇ ਜਿਤਨੇਂ ਵੀ ਜੀਵ ਪੈਦਾ ਕੀਤੇ ਹਨ, ਹਰ ਇੱਕ ਦੇ ਅੰਦਰ ਖੁਦ ਵੀ ਬਿਰਾਜਮਾਨ ਹੈ। ਪ੍ਰਭੂ ਨੇਂ ਸਾਰੇ ਹੀ ਜੀਵ ਜੰਤੂਆਂ ਨੂੰ ਧੰਦਿਆਂ ਵਿੱਚ ਲਗਾ ਰਖਿਆ ਹੈ। ਜਿਸ ਕਿਸੇ ਜੀਵ ਤੇ ਉਸ ਦਾ ਰਹਿਮੋਂ ਕਰਮ ਹੋ ਜਾਵੇ, ਸਿਰਫ ਉਹ ਜੀਵ ਨਾਮ ਜਪਦਾ ਹੈ। (ਬਾਕੀਆਂ ਨੂੰ ਤਾਂ ਨਾਮ ਦਾ ਜਿਕਰ ਸੁਣ ਕੇ ਹੀ ਕਰੋਧ ਚੜ ਜਾਂਦਾ ਹੈ)

ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ॥ ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ ਪਇਆ॥ ੩੧॥

ਜਿਸ ਪ੍ਰਭੂ ਨੇਂ ਜੀਵਾਂ ਨੂੰ ਧੰਦੇ ਲਾ ਰਖਿਆ ਹੈ, ਮਾਇਆ ਦੇ ਮੋਹ ਦਾ ਮਿੱਠਾ, ਜਹਿਰ ਸਾਰਿਆਂ ਨੂੰ ਖਵਾਇਆ ਹੋਇਆ ਹੈ। ਭਾਵੇਂ ਅਮ੍ਰਿਤ ਹੈ ਭਾਵੇ ਜਹਿਰ ਹੈ, ਦੁਖ ਹੈ ਭਾਵੇਂ ਸੁਖ ਹੈ। ਸਭਿ ਉਸੇ ਹੀ ਪ੍ਰਭੂ ਦੇ ਭਾਣੇਂ ਵਿੱਚ ਹੈ, ਉਸੇ ਦੇ ਹੀ ਹੁਕਮ ਵਿੱਚ ਹੈ।

ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ॥ ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ॥ ੩੨॥

ਉਸ ਪਰਮੇਸ਼ਰ ਨੇਂ ਤਮਾਸ਼ਾ ਵੇਖਣ ਵਾਸਤੇ ਇਹ ਸੱਭ ਖੇਲ ਰਚਿਆ ਹੈ, ਉਹ ਸੱਭ ਕੁੱਝ ਵੇਖ ਰਿਹਾ ਹੈ, ਸੱਭ ਕੁੱਝ ਜਾਣਦਾ ਹੈ, ਅੰਦਰ ਵੀ ਅਤੇ ਬਾਹਰ ਵੀ, ਹਰ ਜਗਾਹ ਸਮਾਇਆ ਹੋਇਆ ਹੈ।

ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ॥ ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ॥ ੩੩॥

ਹੇ ਮੂਰਖ ਪ੍ਰਾਣੀ ਤੂੰ ਕਿਸ ਝਗੜੇ (ਬਹਿਸ) ਵਿੱਚ ਪਿਆ ਹੋਇਆ ਹੈ। ਜੇ ਅਮਰ ਹੋਣਾਂ ਚਾਹੁੰਦਾ ਹੈ, ਤਾਂ ਉਸ ਪ੍ਰਭੂ ਦੀ ਅਰਾਧਨਾਂ ਕਰ ਜੋ ਅਮਰ ਹੈ। ਉਸ ਨੂੰ ਧਿਆ ਕੇ ਫਿਰ ਤੂੰ ਉਸੇ ਦਾ ਹੀ ਰੂਪ ਹੋ ਜਾਵੇਂ ਗਾ। ਉਸ ਪ੍ਰਭੂ ਤੋਂ ਆਪਣਾਂ ਸੱਭ ਕਿਛ ਵਾਰ ਦੇ।

ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ॥ ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ॥ ੩੪॥

ਸਾਰੇ ਜੀਆਂ ਦਾ ਦਾਤਾ ਇਕੋ ਹੀ ਹੈ, ਸਾਰੇ ਜੀਅ ਇਕੋ ਹੀ ਦਾਤੇ ਨੇਂ ਪੈਦਾ ਕੀਤੇ ਹਨ, ਇਕੋ ਹੀ ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ। ਹਰੀ ਦਾ ਨਾਮ ਧਿਆਕੇ ਹਰੀ ਦੇ ਨਾਮ ਵਿੱਚ ਸਮਾ ਜਾਵੋ, ਰਾਤ ਦਿਨ ਇਹੋ ਕਮਾਈ (ਲਾਹਾ ਲਵੋ) ਕਰੋ।

ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ॥ ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ॥ ੩੫॥ ੧॥

ਜਿਸ ਪ੍ਰਮਾਤਮਾਂ ਨੇ ਇਸ ਸ੍ਰਿਸ਼ਟੀ ਦੀ ਰਚਨਾਂ ਕੀਤੀ ਹੈ, ਜੋ ਕੁੱਝ ਉਹ ਕਰਨਾਂ ਚਾਹੁੰਦਾ ਹੈ ਕਰ ਰਿਹਾ ਹੈ। ਸੱਭ ਕੁੱਝ ਆਪ ਹੀ ਕਰਦਾ ਹੈ, ਅਤੇ ਸਾਰੇ ਜੀਆਂ ਤੋਂ ਵੀ ਆਪ ਹੀ ਕਰਵਾਉਂਦਾ ਹੈ। ਉਸ ਤੋਂ ਕੁੱਝ ਵੀ ਭੁਲਾ ਹੋਇਆ ਨਹੀਂ ਹੈ, ਉਹ ਸਭ ਕਿਛ ਜਾਣਦਾ ਹੈ, ਨਾਨਕ ਸਾਇਰ (ਕਵੀ) ਨੇ ਇਸ ਤਰਾਂ, ਪ੍ਰਮਾਤਮਾਂ ਬਾਰੇ ਸੱਭ ਲਿਖ ਕੇ ਸਮਝਾ ਦਿੱਤਾ ਹੈ।

ਹੁਣ ਮੰਨਣਾਂ ਜਾਂ ਨਾਂ ਮਨਣਾਂ ਆਪਣੀਂ ਮਰਜੀ ਹੈ।

ਬਲਦੇਵ ਸਿੰਘ ੧੦/੧੦/੨੦੧੦
.