.

‘ਗੁਰਬਾਣੀ ਅਤੇ ਭਗਤ`

ਹਰਦੇਵ ਸਿੰਘ, ਜੰਮੂ

ਗੁਰਬਾਣੀ ਵਿੱਚ ਗੁਰੂਆਂ ਅਤੇ ਭਗਤਾਂ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਕਿਉਂਕ ਇਹ ਸ਼ਬਦ ਗੁਰੂ ਦਾ ਸੋਮਾਂ ਹੈ। ਅਕਸਰ ਇੱਕ ਵਿਚਾਰ ਉੱਠਦਾ ਹੈ ਕਿ ਗੁਰਬਾਣੀ ਵਿੱਚ ਦਰਜ ਭਗਤ ਬਾਣੀ ਦਾ ਸਥਾਨ ਕੀ ਹੈ? ਸਪਸ਼ਟ ਜਵਾਬ ਹੈ ਕਿ ਸ਼ਬਦ ਗਿਆਨ ਸਾਡਾ ਗੁਰੂ ਹੈ ਭਗਤ ਬਾਣੀ ਵੀ ਸ਼ਬਦ ਗੁਰੂ ਦਾ ਹਿੱਸਾ ਹੈ। ਬਾਣੀ ਲਿੱਖਣ ਵਾਲੇ ਗੁਰੂ ਤਾਂ ਗੁਰੂ ਕਿਹੇ ਜਾਂਦੇ ਹਨ ਪਰ ਭਗਤਾਂ ਨੂੰ ਗੁਰੂ ਨਹੀ ਕਿਹਾ ਜਾਂਦਾ ਜਦਕਿ ਭਗਤਾਂ ਦੀ ਬਾਣੀ ਗੁਰੁਬਾਣੀ ਦਾ ਦਰਜਾ ਰੱਖਦੀ ਹੈ। ਕਿਉਂ? ਇਹ ਸਵਾਲ ਤਿਬਰਤਾ ਨਾਲ ਕਿਸੇ ਵਿਚਾਰਕ ਜਾਂ ਜਿਗਿਆਸੂ ਦੇ ਚਿੱਤ ਵਿੱਚ ਉੱਠ ਸਕਦਾ ਹੈ। ਉਪਰੀ ਤੋਰ ਤੇ, ਕਿਸੇ ਨੂੰ ਇਹ ਇੱਕ ਵਿਰੋਧਾਭਾਸ ਜਿਹਾ ਪ੍ਰਤੀਤ ਹੋ ਸਕਦਾ ਹੈ। ਪਰ ਇਹ ਉਂਝ ਹੈ ਨਹੀਂ। ਆਉ ਇਸ ਦੀ ਸੰਖੇਪ ਜਿਹੀ ਪੜਚੋਲ ਕਰੀਏ।

ਗੁਰੂ ਨਾਨਕ ਜੀ ਦੇ ਆਗਮਨ ਤੋਂ ਸਿੱਖੀ ਦੇ ਦਰਸ਼ਨ ਦਾ ਆਰੰਭ ਹੁੰਦਾ ਹੈ। ਉਨ੍ਹਾਂ ਨੂੰ ਰੱਬੀ ਗਿਆਨ ਦੀ ਬਖ਼ਸ਼ੀਸ਼ ਪ੍ਰਾਪਤ ਹੋਈ ਜਿਸ ਨੂੰ ਉਹ ਕਲਮਬੱਧ ਕਰਦੇ ਰਿਹੇ। ਉਨ੍ਹਾਂ ਦੇ ਦੱਸੇ ਹੋਏ ਗਿਆਨ ਦੀ ਵਿਆਖਿਆਂ ਅਤੇ ਪ੍ਰੋੜਤਾ ਵਿੱਚ ਬਾਦ ਦੇ ਗੁਰੂਆਂ ਨੇ ਵੀ ਰੱਬੀ ਬਾਣੀ ਉੱਚਾਰੀ ਅਤੇ ਕਲਮਬੱਧ ਕੀਤੀ। ਹੁਣ ਭਗਤਾਂ ਆਦਿ ਦੀ ਬਾਣੀ ਵੀ ਦਰਜ਼ ਹੋਈ ਅਤੇ ਪ੍ਰਚਾਰੀ ਵੀ ਗਈ। ਇਹ ਬਾਣੀ ਗੁਰਬਾਣੀ ਦਾ ਦਰਜਾ ਦਾ ਪ੍ਰਾਪਤ ਕਰ ਗਈ ਪਰ ਭਗਤਾਂ ਨੂੰ ਬਾਣੀ ਵਿੱਚ ਭਗਤ ਹੀ ਲਿਖਿਆ ਗਿਆ ਗੁਰੂ ਨਹੀਂ। ਕਲਮ ਗੁਰੂਆਂ ਦੇ ਹੱਥ ਸੀ ਇਹ ਉਨ੍ਹਾਂ ਦਾ ਨਿਰਨਾ ਸੀ। ਉਹ ਗੁਰੂ ਨਾ ਸਵੀਕਾਰੇ ਗਏ। ਇਸ ਦਾ ਇੱਕ ਕਾਰਣ ਸੀ। ਭਗਤਾਂ ਦੀ ਬਾਣੀ ਤਾਂ ਹੀ ਬਾਣੀ ਪ੍ਰਵਾਣਤ ਹੋ ਸਕੀ ਕਿਉਂਕਿ ਉਹ ਗੁਰੂਆਂ ਦੇ ਮਾਰਫ਼ਤ ਸਿੱਖੀ ਦੇ ਦਰਸ਼ਨ ਵਿੱਚ ਸਵੀਕਾਰੀ ਗਈ ਸੀ। ਆਉ ਹੋਰ ਵਿਚਾਰ ਕਰੀਏ।

ਭਗਤਾਂ ਦੀ ਬਾਣੀ ਗੁਰੂਆਂ ਦੁਆਰਾ ਸਵੀਕਾਰੇ ਗਏ ਉਹ ਹਵਾਲੇ (References) ਸਨ ਜਿਨ੍ਹਾਂ ਨੂੰ ਸਿੱਖੀ ਤੇ ਤੁਰਨ ਵਾਲਿਆਂ ਨੇ ਗੁਰੂਆਂ ਦੇ ਕਹਿਣ ਤੇ, ਨਤਮਸਤਕ ਹੋ ਗੁਰੂਬਾਣੀ ਦੇ ਹੀ ਰੂਪ ਵਿੱਚ ਸਵੀਕਾਰ ਕੀਤਾ। ਭਗਤਾਂ ਆਦਿ ਦੇ ਸ਼ਬਦ ਗੁਰੂਆਂ ਦੇ ਸਵੀਕ੍ਰਤ ਹਵਾਲੇ ਹਨ ਜਿਸ ਰਾਹੀਂ ਭਗਤ ਬਾਣੀ ਗੁਰਬਾਣੀ ਦਾ ਦਰਜਾ ਪ੍ਰਾਪਤ ਕਰਦੀ ਹੈ ਪਰ ਇਸ ਦੇ ਵਿਪਰੀਤ ਗੁਰੂਆਂ ਦੀ ਬਾਣੀ ਭਗਤਾਂ ਦੀ ਪਰਵਾਣਗੀ ਨਹੀਂ। ਇਹੀ ਗੱਲ ਭੱਟਾਂ ਆਦਿ ਦੀਆਂ ਰਚਨਾਵਾਂ ਦੇ ਸੰਧਰਭ ਵਿੱਚ ਲਾਗੁ ਹੁੰਦੀ ਹੈ। ਗੁਰੂ ਨਾਨਕ ਭਗਤ ਬਾਣੀ ਨੂੰ ਦਰਜਾ ਦੇਂਣ ਵਾਲਾ ਹੈ ਭਗਤਾਂ ਤੋਂ ਦਰਜਾ ਲੇਂਣ ਵਾਲਾ ਨਹੀਂ। ਉਹ ਅਨੁਮਤੀ ਦੇਂਣ ਵਾਲਾ ਹੈ ਅਨੁਮਤੀ ਲੇਂਣ ਵਾਲਾ ਨਹੀਂ। ਉਸ ਕੋਲ ਗੁਰੂ ਅੰਗਦ ਅਤੇ ਸਿੱਖਾਂ ਨੂੰ ਆਦੇਸ਼ ਦੇਂਣ ਦਾ ਅਧਿਕਾਰ (Authority) ਸੀ ਜਦ ਕਿ ਭਗਤ ਗੁਰੂਆਂ ਅਤੇ ਸਿੱਖਾਂ ਨੂੰ ਆਦੇਸ਼ ਕਰਨ ਦੀ ਸਥਿਤੀ ਵਿੱਚ ਖੜੇ ਨਜ਼ਰ ਨਹੀਂ ਆਉਂਦੇ।

ਗੁਰੂ ਨਾਨਕ ਤੋਂ ਗੁਰੂ ਗੋਬਿਂਦ ਸਿੰਘ ਜੀ ਦੀ ਗੁਰੁਤਾ ਦਾ ਸੰਧਰਭ ਸਿੱਖੀ ਦੇ ਆਚਰਨ ਨੂੰ ਦਿਸ਼ਾ ਦੇਂਣ ਦਾ ਸੰਧਰਭ ਹੈ ਜਿਸ ਨਾਲ ਉਸ ਵੇਲੇ ਤੋਂ ਅੱਜ ਤਕ ਅਸੀਂ ਸ਼ਬਦ ਗੁਰੂ ਦੇ ਮਾਰਗ ਦੇ ਪਾਂਧੀ ਹਾਂ। ਸ਼ਬਦ ਗੁਰੂ ਉਹ ਰਸਤਾ ਹੈ ਜੋ ਨਾ ਕੇਵਲ ਗੁਰੂਆਂ ਨੇ ਸਾਨੂੰ ਵਖਾਇਆ ਬਲਕਿ ਆਪਣੇ ਆਚਰਣ ਰਾਹੀਂ ਸਾਡੀਆਂ ਉਂਗਲੀਆ ਪਕੜਦੇ ਹੋਏ ਸਾਨੂੰ ਉਸ ਮਾਰਗ ਤੇ ਤੁਰਨਾ ਵੀ ਸਿਖਾਇਆ। ਭਗਤ ਕਦੇ ਵੀ ਉਸ ਸਥਿਤੀ ਵਿੱਚ ਨਹੀਂ ਰਹੇ। ਅਸੀਂ ਗੁਰੂਆਂ ਰਾਹੀਂ ਮਹਾਨ ਭਗਤਾਂ ਨਾਲ ਪਰਿਚਤ ਹੇਏ ਭਗਤਾਂ ਰਾਹੀਂ ਗੁਰੂਆਂ ਨਾਲ ਨਹੀਂ।

ਸਪਸ਼ਟ ਹੁੰਦਾ ਹੈ ਕਿ ਭਗਤ ਬਾਣੀ ਗੁਰਬਾਣੀ ਹੈ ਪਰ ਭਗਤ ਸਾਡੇ ਲਈ ਮਹਾਨ ਭਗਤ ਹਨ ਗੁਰੂ ਨਹੀਂ।

ਗੁਰੂ ਨਾਨਕ ਦੇ ਅਧਿਕਾਰ (prerogative) ਨੇ ਜਿਸ ਨੂੰ ਸ਼ਬਦ ਆਖਿਆ ਸਿੱਖਾਂ ਨੇ ਉਸੇ ਨੂੰ ਸ਼ਬਦ ਸਵੀਕਾਰ ਕੀਤਾ ਬਿਨ੍ਹਾਂ ਇਹ ਸਵਾਲ ਕੀਤੇ ਕਿ ਜੇ ਆਪ ਗੁਰੂ ਹੋ ਤਾਂ ਭਗਤ ਗੁਰੂ ਕਿਉਂ ਨਹੀ? ਗੁਰਤਾ ਤਾਂ ਸਵੀਕਾਰ ਕਰਣ ਦੀ ਗੱਲ ਸੀ ਅਤੇ ਹੈ ਵੀ। ਇਨਕਾਰ ਵਿੱਚ ਤਾਂ ਗੁਰੂ ਬਣਦਾ ਹੀ ਨਹੀਂ। ਗੁਰੂ ਨਾਨਕ ਦੇ ਦਰਸ਼ਨ ਦੇ ਸਮੁੱਚੇ ਭਾਵ ਨੂੰ ਅਸੀਂ ਬਾਦ ਦੇ ਗੁਰੂਆਂ ਨਾਲੋਂ ਜਿਆਦਾ ਚੰਗੀ ਤਰ੍ਹਾਂ ਨਹੀਂ ਜਾਣਦੇ। ਗੁਰੂ ਕਈ ਪੱਖੋਂ ਅਧਿਕਾਰੀ (Authority) ਹੁੰਦਾ ਹੈ। ਉਸ ਦੇ ਅਧਿਕਾਰ ਅਸੀਂ ਨੂੰ ਆਪਣੇ ਹੱਥ ਨਹੀਂ ਲੇ ਸਕਦੇ। ਭੂਤਕਾਲ ਵਿੱਚ ਕੀਤੇ ਗੁਰੂਆਂ ਦੇ ਫ਼ੈਸਲਿਆਂ ਤਕ ਸਾਡੀ ਸੋਚ ਜਾ ਸਕਦੀ ਹੈ ਸਾਡੇ ਹੱਥ ਨਹੀਂ।

ਗਿਆਨ ਪ੍ਰਕਾਸ ਵਾੰਗ ਹੁੰਦਾ ਹੈ। ਪ੍ਰਕਾਸ਼ ਵਿੱਚ ਮਾਰਗ ਦਾ ਦਰਸ਼ਨ ਹੁੰਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ। ਇਹ ਤਾਂ ਇੱਕ ਵਾਜਬ ਤਰਕ ਹੈ। ਪਰ ਕੀ ਤਰਕ ਇਹ ਨਹੀਂ ਆਖਦਾ ਕਿ ਪ੍ਰਕਾਸ਼ ਦਾ ਸੋਮਾਂ ਪ੍ਰਕਾਸ਼ ਤੋਂ ਅਲਗ ਨਹੀਂ ਹੋ ਸਕਦਾ? ਭੌਤਕੀ ਦੇ ਵਿਗਿਆਨੀ ਦੱਸਦੇ ਹਨ ਕਿ ਬ੍ਰਮਾਂਡ ਵਿੱਚ ਫ਼ੈਲੇ ਤਾਰੀਆਂ ਦਾ ਪ੍ਰਕਾਸ਼ ਧਰਤੀ ਤਕ ਸੈਕੜੇ ਪ੍ਰਕਾਸ਼ ਵਰਿਆਂ (Light years) ਬਾਦ ਪਹੁੰਚਦਾ ਹੈ। ਉਹ ਇਹ ਵੀ ਦੱਸਦੇ ਹਨ ਕਿ ਤਾਰਿਆਂ ਵਿਚੋਂ ਕੁੱਝ ਤਾਰਿਆਂ ਦੇ ਜਿਸ ਪ੍ਰਕਾਸ ਜਿਸ ਨੂੰ ਅਜ ਅਸੀਂ ਅਪਣੀ ਅੱਖੀ ਦੇਖਦੇ ਹਾਂ ਉਹ ਪ੍ਰਕਾਸ਼ ਅਰਬਾਂ ਸਾਲਾਂ ਪਹਿਲਾਂ ਐਸੇ ਤਾਰਿਆਂ ਤੋਂ ਚਲਿਆ ਸੀ ਜੋਕਿ ਹੁਣ ਸਮਾਪਤ ਹੋ ਚੁਕੇ ਹਨ। ਪਿੱਛੇ ਬਚੇ ਹੀ ਨਹੀਂ। ਪਰ ਕੀ ਧਰਤੀ ਤਕ ਪਹੁੰਚਣ ਵਾਲੇ ਪ੍ਰਕਾਸ਼ ਦਾ, ਆਪਣਾ ਜੀਵਨ ਕਾਲ ਪੁਰਾ ਕਰ ਚੁੱਕੇ, ਉਨ੍ਹਾਂ ਤਾਰਿਆਂ ਨਾਲ ਕੋਈ ਸਬੰਧ ਨਹੀਂ? ਅਗਰ ਐਸਾ ਹੋ ਸਕੇ ਕਿ ਉਹ ਪ੍ਰਕਾਸ਼ ਬੋਲ ਸਕੇ ਤਾਂ ਉਹ ਇਸ ਗੱਲ ਨੂੰ ਤਾਂ ਜਰੂਰ ਮੰਨੇਗਾ ਕਿ ਹਾਂ ਮੈਂ ਉਨ੍ਹਾਂ ਤਾਰਿਆਂ ਤੋਂ ਹੀ ਜੰਮਿਆ ਸੀ ਜੋ ਕਿ ਅੱਜ ਨਹੀਂ ਰਹੇ ਪਰ ਮੈਂਨੂ ਛੱਡ ਗਏ। ਇਹ ਕ੍ਰਿਤਿਗਯਤਾ ਦਾ ਭਾਵ ਹੈ। ਇਹ ਸਬੰਧ ਅਤੇ ਅੰਤਰ ਬੋਧ ਦਿਆਂ ਸੱਚਾਇਆਂ ਹਨ ਜਿਸ ਨੂੰ ਸਮਝਣਾ ਚਾਹੀਦਾ ਹੈ।

ਗੁਰੂ ਅਤੇ ਗ੍ਰੰਥ`

ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੀ ਨਿਸ਼ਾਨ ਦੇਹੀ ਹੈ ਜੋ ਕਿ ਗ੍ਰੰਥ ਸਵਰੂਪ ਤੋਂ ਹੱਟ ਕੇ ਹੈ। ਲੇਕਿਨ ਗ੍ਰੰਥ ਸਵਰੂਪ ਦਾ ਵੀ ਅਪਣਾ ਵਿਸ਼ੇਸ਼ ਮੱਹਤਵ ਹੈ। ਗ੍ਰੰਥ ਸਵਰੂਪ ਵਿੱਚ ਗੁਰਬਾਣੀ ਦਾ ਬੰਧ ਬੰਨਿਆ ਗਿਆ ਹੈ ਤਾਂ ਕਿ ਲੋਕਾਈ ਨੂੰ ਪਹਿਲਾਂ ਇਹ ਤਾਂ ਪਤਾ ਚਲ ਸਕੇ ਕਿ ਸ਼ਬਦ ਗਿਆਨ ਦਾ Meter ਕੀ ਹੈ? ਇਸ ਵਿੱਚ ਸੰਦੇਹ ਨਹੀਂ ਕਿ ਸ਼ਬਦ ਗੁਰੂ ਦੇ ਭਾਵ ਅਰਥਾਂ ਵਿੱਚ ਸਮੁੱਚੇ ਮਾਨਵਤਾਵਾਦੀ ਗਿਆਨ ਦਾ ਬੋਧ ਹੈ ਪਰ ਇਸਦੇ ਨਾਲ ਹੀ ਇਸ ਤਰਤੀਬ ਨੂੰ ਪਰਤਦੇ ਹੋਏ ਇਹ ਵੀ ਯਾਦ ਰਖਣਾ ਜਰੂਰੀ ਹੈ ਕਿ ਸਮੁੱਚੇ ਮਾਨਵਤਾਵਾਦੀ ਗਿਆਨ ਨੂੰ ਸ਼ਬਦ ਗਿਆਨ ਦੇ ਸੋਮੇਂ ਦੇ Meter ਗੁਰੂ ਗ੍ਰੰਥ ਸਾਹਿਬ ਵਿੱਚ ਬੰਨਿਆ ਗਿਆ ਹੈ ਤਾਂ ਕਿ ਸ਼ਬਦ ਗੁਰੂ ਦੀ ਪਛਾਂਣ ਸਦੀਵੀਂ ਬਣੀ ਰਹੇ। ਕੋਈ ਘਾਟਾ-ਵਾਦਾ ਜਾਂ ਭੁਲੇਖਾ ਖੜਾ ਨਾ ਹੋ ਸਕੇ। ਗੁਰੂ ਗ੍ਰੰਥ ਤੋਂ ਬਾਹਿਰ ਕਿੱਧਰੇ ਵੀ ਕੋਈ ਗੁਰਮਤਿ ਅਨੁਸਾਰੀ ਗੱਲ ਲਿਖੀ ਹੋ ਸਕਦੀ ਹੈ। ਅਸੀਂ ਉਸ ਗੱਲ ਦੇ ਭਾਵ ਤੋਂ ਸਹਿਮਤ ਹੋ ਸਕਦੇ ਹਾਂ। ਪਰ ਕਿਸੇ ਵੀ ਸੂਰਤ ਵਿੱਚ ਉਹ ਚੰਗੀ ਅਤੇ ਗੁਰਮਤਿ ਅਨੁਸਾਰੀ ਗੱਲ ਗੁਰੂ ਗ੍ਰੰਥ ਦੇ ਅੰਦਰ ਦਰਜ ਨਹੀਂ ਹੋ ਸਕਦੀ ਕਿੳਂਕਿ ਸ਼ਬਦ ਗੁਰੂ ਦਾ ਬੰਨ ਗੁਰੂਆਂ ਦੁਆਰਾ ਇਸੇ ਲਈ ਬੰਨਿਆ ਗਿਆ ਹੈ।

ਇਹ ਅਤਿ ਮੱਹਤਵਪੁਰਣ ਨੁਕਤਾ ਹੈ। ਅੱਜ ਜੇਕਰ ਕਿਸੇ ਥਾਂ ਕਿਸੇ ਪੁਸਤਕ ਵਿੱਚ ਕਿਸੇ ਇੱਕ ਗੁਰੂ ਦੀ ਬਾਣੀ ਜਾਂ ਕਿਸੇ ਭਗਤ ਆਦਿ ਦੀ ਬਾਣੀ ਲਿਖ ਦਿਤੀ ਜਾਵੈ ਤਾਂ ਉਸ ਪੁਸਤਕ ਨੂੰ ਅਸੀਂ ਗੁਟਕਾ ਜਾਂ ਪੋਥੀ ਦੀ ਸੰਗਿਆ ਦਿੰਦੇ ਇਹ ਕਹਿ ਸਕਦੇ ਹਾਂ ਕਿ ਇਸ ਵਿੱਚ ਬਾਣੀ ਲਿਖੀ ਹੈ। ਪਰ ਨਿਰਸੰਦੇਹ ਉਸ ਸਵਰੂਪ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਉਸਦਾ ਉਂਝ ਪ੍ਰਕਾਸ ਨਹੀਂ ਕੀਤਾ ਜਾ ਸਕਦਾ ਜਿਵੇਂ ਕੀ ਗੁਰੂ ਅਰਜਨ ਪਾਤਿਸ਼ਾਹ ਜੀ ਨੇ ਦਰਬਾਰ ਸਾਹਿਬ ਵਿੱਚ ਆਰੰਭ ਕੀਤਾ ਸੀ। ਕਿਸੇ ਵੀ ਚਿੰਤਕ ਨੂੰ ਇਹ ਨੁਕਤਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਗੁਰੂ ਨਾਨਕ ਜੀ ਦੁਆਰਾ ਬਾਣੀ ਨੂੰ ਦਰਜ ਕਰਨ ਦਾ ਕੰਮ ਆਰੰਭ ਕਰਨਾ ਅਤੇ ਫਿਰ ਗੁਰੂ ਅਰਜਨ ਪਾਤਿਸ਼ਾਹ ਜੀ ਦਾ ਆਦਿ ਗ੍ਰੰਥ ਸਵਰੂਪ ਵਿੱਚ ਬਾਣੀ ਸੰਕਲਨ ਕਰਨਾ ਇੱਕ ਐਸਾ ਕੰਮ ਸੀ ਜਿਵੇਂ ਕਿ ਸ਼ਬਦ ਗਿਆਨ ਦੇ ਅਮ੍ਰਿਤ ਲਈ ਇੱਕ ਸਰੋਵਰ ਤਿਆਰ ਕਰਨਾ। ਇਸ ਜੁਗਤ ਨਾਲ ਬਾਣੀ ਦੇ ਇਸ ਸਰੋਵਰ ਦੀ ਸ਼ਿਨਾਖ਼ਤ ਅਤੇ ਹੱਦ ਬੰਦੀ ਸੁਨਿਸ਼ਚਤ ਕੀਤੀ ਗਈ। ਇਹ ਉਸ ਸ਼ਬਦ ਗਿਆਨ ਦੀ ਹਦ ਬੰਦੀ ਸੀ ਜਿਸ ਦੇ ਭਾਵ ਅਰਥ ਸਾਡੇ ਲਈ ਅਥਾਹ ਹਨ, ਅਤੁੱਲ ਹਨ! ਸ਼ਬਦ ਦੀ ਹਦ ਹੈ ਪਰ ਭਾਵਅਰਥਾਂ ਰਾਹੀਂ ਉਹ ਪਵਨ ਵਾਂਗ ਪਸਰਿਆ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਦ ਵਿੱਚ ਹੀ ਉਸ ਹਦ ਤੋਂ ਬਾਹਿਰ ਦੇ ਖਰੇ-ਖੋਟੇ ਵਿਚਾਰ ਦੀ ਪਛਾਂਣ ਹੈ।

ਗੁਰੂ ਨਾਨਕ ਤੋਂ ਗੁਰੂ ਗ੍ਰੰਥ ਸਾਹਿਬ ਤਕ, ਸਿੱਖੀ ਦੇ ਦਰਸ਼ਨ ਨੂੰ ਇਸਦੇ ਆਰੰਭਕ ਕੇਂਦਰ (ਗੁਰੂ ਨਾਨਕ) ਤੋਂ ਇਸ ਦੀ ਹੱਦ ਬੰਦੀ (ਗੁਰੂ ਗ੍ਰੰਥ ਸਾਹਿਬ ਜੀ) ਤਕ ਸਮਝਣ ਦੀ ਗੱਲ ਹੈ। ਇਸ ਰੂਪ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ‘ਅਮ੍ਰਿਤਸਰ` ਹਨ ਅਤੇ ਹੋਰ ਥਾਵਾਂ ਲਿਖੀ ਘੱਟ ਬਾਣੀ ਇਸ ਅਮ੍ਰਿਤ ਦੇ ਸਰੋਵਰ ਦਾ ਹਿੱਸਾ ਹੀ ਕਹੀਆਂ ਜਾ ਸਕਦੀ ਹੈ ‘ਅਮ੍ਰਿਤਸਰ` ਨਹੀਂ। ਯਾਨਿ ਗੁਰੂ ਗ੍ਰੰਥ ਸਾਹਿਬ ਨਹੀਂ!

ਹਰਦੇਵ ਸਿੰਘ, ਜੰਮੂ




.