.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 01)

ਗੁਰਬਾਣੀ ਮਨੁੱਖੀ ਜੀਵਨ-ਜਾਚ ਦਾ ਮਹਾਨ ਖ਼ਜ਼ਾਨਾ ਹੈ। ਇਸ ਲਈ ਇਸ ਵਿਚੋਂ ਮਨੁੱਖ ਨੂੰ ਸੱਚਾ-ਸੁੱਚਾ ਜੀਵਨ ਜਿਊਂਣ ਦੀ ਪ੍ਰੇਰਨਾ ਹੀ ਮਿਲਦੀ ਹੈ। ਪਰ ਬਾਣੀ ਵਿਚਲੀ ਜੀਵਨ-ਜੁਗਤ ਦੇ ਧਾਰਨੀ ਗੁਰਬਾਣੀ ਉੱਤੇ ਕੇਵਲ ਸ਼ਰਧਾ ਰੱਖਿਆਂ ਜਾਂ ਰਸਮੀ ਗਿਣਤੀ ਦੇ ਪਾਠ ਕਰਨ ਨਾਲ ਹੀ ਨਹੀਂ ਬਣ ਸਕੀਦਾ ਹੈ। ਇਸ ਜੀਵਨ-ਜਾਚ ਦੇ ਧਾਰਨੀ ਤਾਂ ਬਾਣੀ ਨੂੰ ਧਿਆਨ ਨਾਲ ਪੜ੍ਹ ਸੁਣ ਅਤੇ ਵਿਚਾਰ ਕੇ, ਇਸ ਅਨੁਸਾਰ ਆਪਣਾ ਆਚਰਣ ਬਣਾਉਣ ਨਾਲ ਹੀ ਬਣਿਆ ਜਾ ਸਕਦਾ ਹੈ।
ਪਰੰਤੂ ਆਮ ਤੌਰ `ਤੇ ਅੱਜ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਸੁਣ ਕੇ ਇਸ ਵਿਚਲੇ ਭਾਵ ਨੂੰ ਹਿਰਦੇ ਵਿੱਚ ਵਸਾ ਕੇ, ਆਪਣੇ ਆਚਰਣ ਦੀ ਸੁੰਦਰ ਘਾੜਤ ਘੜਣ ਦੀ ਬਜਾਏ, ਇਸ ਦੇ ਰਸਮੀ ਪਾਠ ਨਾਲ ਮਨ-ਇੱਛਤ ਫਲ ਪ੍ਰਾਪਤ ਹੋਣ ਦੀ ਧਾਰਨੀ ਪ੍ਰਚਲਤ ਹੋ ਰਹੀ ਹੈ। ਇਸ ਧਾਰਨਾ ਕਾਰਨ ਹੀ ਗੁਰਬਾਣੀ ਦੀ ਵਰਤੋਂ ਮਾਇਕ ਲਾਭ, ਬੀਮਾਰੀ, ਮੁਸੀਬਤ ਆਦਿ ਤੋਂ ਛੁਟਕਾਰਾ ਪਾਉਣ ਲਈ ਹੀ ਕਰਨ ਲੱਗ ਪਏ ਹਾਂ। ਇਸ ਤਰ੍ਹਾਂ ਦੀ ਸੋਚ ਕਾਰਨ ਅਸੀਂ ਆਪਣਾ ਨਿਆਰਾਪਣ ਬੁਰੀ ਤਰ੍ਹਾਂ ਗਵਾ ਬੈਠੇ ਹਾਂ। ਗੁਰਮਤਿ ਦੀ ਰਹਿਣੀ ਤੋਂ ਸੱਖਣੇ ਹੋਣ ਕਾਰਨ ਹੀ ਸਾਡੇ ਵਿੱਚ ਕਰਮ ਕਾਂਡ, ਵਹਿਮ-ਭਰਮ ਆਦਿ ਘਟਣ ਦੀ ਬਜਾਏ ਦਿਨ-ਪ੍ਰਤੀਦਿਨ ਵੱਧ ਰਹੇ ਹਨ। ਸਾਡੀ ਇਸ ਕਮਜ਼ੋਰੀ ਦਾ ਹੀ ਲਾਭ ਉਠਾਉਂਦਿਆਂ ਹੋਇਆਂ ਕਈ ਲੋਕਾਂ ਨੇ ਗੁਰਬਾਣੀ ਦੇ ਕੁੱਝ ਸ਼ਬਦਾਂ ਬਾਰੇ ਇਹ ਆਖਣਾ/ਪਰਚਾਰਨਾ ਸ਼ੁਰੂ ਕਰ ਦਿੱਤਾ ਹੈ ਕਿ ਅਮਕੇ ਸ਼ਬਦ ਨੂੰ ਪੜ੍ਹਨ ਦਾ ਇਹ ਫਲ ਹੈ, ਅਮਕੇ ਸ਼ਬਦ ਨੂੰ ਪੜ੍ਹਨ ਦਾ ਆ ਫਲ ਹੈ। ਬਾਜ਼ਾਰ ਵਿੱਚ ਕੁੱਝ ਅਜਿਹੀਆਂ ਕਿਤਾਬਾਂ ਵੀ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕੁੱਝ ਸ਼ਬਦ ਲਿਖੇ ਹੋਏ ਹਨ ਅਤੇ ਨਾਲ ਹੀ ਇਨ੍ਹਾਂ ਸ਼ਬਦਾਂ ਦਾ ਭਿੰਨ ਭਿੰਨ ਮਹਾਤਮ ਲਿਖਿਆ ਹੋਇਆ ਹੈ। ਇਹ ਪੁਸਤਕਾਂ ਹਨ: ਸ਼ਰਧਾ ਪੂਰਨ ਗ੍ਰੰਥ, ਸੰਕਟ ਮੋਚਨ, ਦੁੱਖ ਭੰਜਨੀ ਸਾਹਿਬ ਆਦਿ।
ਇਨ੍ਹਾਂ ਪੁਸਕਤਾਂ ਤੋਂ ਇਲਾਵਾ ਕਈ ਗੁਟਕਿਆਂ ਵਿੱਚ ਵੀ ‘ਰੱਖਿਆ ਦੇ ਸ਼ਬਦ’ ਦੇ ਸਿਰਲੇਖ ਹੇਠਾਂ ਇਹ ਸ਼ਬਦ ਲਿਖੇ ਹੋਏ ਹਨ: ਸਿਰ ਮਸ੍ਤਕ ਰਖ੍ਯ੍ਯਾ ਪਾਰਬ੍ਰਹਮੰ ਹਸ੍ਤ ਕਾਯਾ ਰਖ੍ਯ੍ਯਾ ਪਰਮੇਸ੍ਵਰਹ॥ . . ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ॥ (ਪੰਨਾ 1358); ਘੋਰ ਦੁਖ੍ਯ੍ਯੰ ਅਨਿਕ ਹਤ੍ਯ੍ਯੰ ਜਨਮ ਦਾਰਿਦ੍ਰੰ ਮਹਾ ਬਿਖ੍ਯ੍ਯਾਦੰ॥ ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ॥ 18॥ (ਪੰਨਾ 1355); ਗੁਰ ਕਾ ਸਬਦੁ ਰਖਵਾਰੇ॥ ਚਉਕੀ ਚਉਗਿਰਦ ਹਮਾਰੇ॥ ਰਾਮ ਨਾਮਿ ਮਨੁ ਲਾਗਾ॥ ਜਮੁ ਲਜਾਇ ਕਰਿ ਭਾਗਾ॥ (ਪੰਨਾ 626); ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ॥ ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ॥ (ਪੰਨਾ 819); ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ॥ ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ॥ (ਪੰਨਾ 256); ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ॥ ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ॥ (ਪੰਨਾ 519) ਇਨ੍ਹਾਂ ਸ਼ਬਦਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਪੜ੍ਹਨ ਨਾਲ ਸਾਡੀ ਅਕਾਲ ਪੁਰਖ ਰੱਖਿਆ ਕਰਦਾ ਹੈ। ਇਨ੍ਹਾਂ ਸ਼ਬਦਾਂ ਨੂੰ ਤੰਤ੍ਰ ਸ਼ਾਸ਼ਤ੍ਰ ਦੀ ਵਿਧੀ ਅਨੁਸਾਰ ਜਪਣ ਦੀ ਪ੍ਰੇਰਨਾ ਕੀਤੀ ਹੋਈ ਹੈ। ਤੰਤ੍ਰ ਸ਼ਾਸ਼ਤ੍ਰ ਉਹ ਸ਼ਾਸ਼ਤ੍ਰ ਹੈ, ਜਿਸ ਵਿੱਚ ਜਾਦੂ ਟੂਣੇ ਅਤੇ ਮੰਤ੍ਰਾਂ ਦੀ ਸ਼ਕਤੀ ਦਾ ਵਰਣਨ ਹੈ। ਇਸ ਵਿੱਚ ਸ਼ਕਤੀ ਦੀ ਉਪਾਸ਼ਨਾ ਪ੍ਰਧਾਨ ਹੈ।
ਕਈ ਸੱਜਣਾਂ ਨੇ ਕੁੱਝ ਬਾਣੀਆਂ ਬਾਰੇ ਇਹ ਪਰਚਾਰਨਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਬਾਣੀ ਪੜ੍ਹਨ ਨਾਲ ਅਮਕਾ ਅਮਕਾ ਫਲ ਮਿਲਦਾ ਹੈ। ਉਦਾਹਰਣ ਵਜੋਂ; ਸੋਹਿਲੇ ਦੀ ਬਾਣੀ ਸਬੰਧੀ ਕਿਹਾ ਜਾ ਰਿਹਾ ਹੈ ਕਿ ਇਸ ਬਾਣੀ ਬਾਰੇ ਗੁਰੂ ਨਾਨਕ ਸਾਹਿਬ ਨੇ ਆਖਿਆ ਹੈ ਕਿ ਜਿੱਥੇ ਕੋਈ ਪ੍ਰੇਮ ਨਾਲ ਇਸ ਦਾ ਪਾਠ ਕਰਦਾ ਹੈ, ਅਸੀਂ ਉਸ ਦੇ ਨਜ਼ਦੀਕ ਹੋ ਕੇ ਸਹਾਇਤਾ ਕਰਦੇ ਹਾਂ। ਗੁਰਬਾਣੀ ਬਾਰੇ ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲਿਆਂ ਵਲੋਂ ਆਏ ਦਿਨ ਕੋਈ ਨਾ ਕੋਈ ਨਵਾਂ ਸ਼ੋਸ਼ਾ ਛੱਡਿਆ ਜਾ ਰਿਹਾ ਹੈ।
ਇਸ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅਕਾਰ ਦੀਆਂ ਪੋਥੀਆਂ ਬਣਾਈਆਂ ਹੋਈਆਂ ਹਨ, ਜਿਨ੍ਹਾਂ ਵਿੱਚ ਕੇਵਲ ਜਪੁਜੀ ਜਾਂ ਸੁਖਮਨੀ ਹੀ ਵਾਰ ਵਾਰ ਲਿਖੀ ਹੋਈ ਹੈ। ਕਈ ਥਾਈਂ ਤਾਂ ਇਨ੍ਹਾਂ ਪੋਥੀਆਂ ਦਾ ਗੁਰੂ ਗ੍ਰੰਥ ਸਾਹਿਬ ਵਾਂਗੂ ਪ੍ਰਕਾਸ਼ ਕਰਕੇ ਉਪਰ ਚਾਨਣੀ ਲਗਾਈ ਜਾਂਦੀ ਹੈ; ਸੁਖਮਨੀ ਦਾ ਅਖੰਡ ਪਾਠ ਵੀ ਪ੍ਰਾਰੰਭ ਹੋ ਗਿਆ ਹੈ। ਪਹਿਲਾਂ ਤਾਂ ਕਈ ਵਲੋਂ ਇਹ ਪ੍ਰਚਾਰ ਹੀ ਕੀਤਾ ਰਿਹਾ ਸੀ ਕਿ ਇਤਨੇ ਸੁਖਮਨੀ ਅਤੇ ਜਪੁਜੀ ਦੇ ਪਾਠ ਕਰਨ ਸਹਿਜ ਪਾਠ ਦਾ ਫਲ ਮਿਲਦਾ ਹੈ ਅਤੇ ਇਤਨੇ ਪਾਠ ਕਰਨ ਨਾਲ ਅਖੰਡ ਪਾਠ ਦਾ ਫਲ ਮਿਲਦਾ ਹੈ। ਪਰ ਹੁਣ ਇਹ ਪਰਚਾਰਿਆ ਜਾ ਰਿਹਾ ਹੈ ਕਿ ਸੁਖਮਨੀ ਦੇ ਅਖੰਡ-ਪਾਠ ਨਾਲ ਹਰੇਕ ਤਰ੍ਹਾਂ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ।
ਇਸ ਤਰ੍ਹਾਂ ਦੀਆਂ ਪੁਸਤਕਾਂ ਛਾਪਣ ਅਤੇ ਛਪਵਾਉਣ ਵਾਲਿਆਂ ਨੇ ਆਪਣਾ ਨਾਮ ਲਿਖਣ ਦੀ ਬਜਾਏ ਗੁਰੂ ਸਾਹਿਬਾਨ ਜਾਂ ਗੁਰੁ ਘਰ ਦੇ ਨਿਟਕ ਵਰਤੀ ਸਿੱਖਾਂ ਦਾ ਲਿਖਿਆ ਹੈ। ‘ਸੰਕਟ ਮੋਚਨ’ ਪੁਸਤਕ ਬਾਰੇ ਸੰਗ੍ਰਹਿ ਕਰਤਾ ਗਿਆਨੀ ਗੁਰਚਰਨ ਸਿੰਘ ਨੇ ਲਿਖਿਆ ਹੈ ਕਿ, “ਬਾਬਾ ਬੁੱਢਾ ਜੀ ਦੀ ਵੰਸ਼ ਦੇ ਇੱਕ ਬਜ਼ੁਰਗ ਮਹਾਂ ਪੁਰਸ਼ ਜੀ ਨੇ ਇਹ ਪਵਿੱਤਰ ਗੁਰ ਸ਼ਬਦਾਂ ਦੀ ਅਮੋਲਕ ਦਾਤ ਜਗਤ ਜਲੰਦੇ ਦੀ ਸ਼ਾਤੀ ਲਈ ਅਪਾਰ ਕਿਰਪਾ ਕਰਕੇ ਬਖਸ਼ਿਸ ਕੀਤੀ ਹੈ।” ਸੰਗ੍ਰਹਿ ਕਰਤਾ ਨੇ ਮਹਾਂ ਪੁਰਸ਼ ਦਾ ਨਾਮ ਨਹੀਂ ਲਿਖਿਆ ਕੇਵਲ ਬਾਬਾ ਬੁੱਢਾ ਜੀ ਦਾ ਵੰਸ਼ੀ ਹੀ ਆਖਿਆ ਹੈ। ਪਰੰਤੂ ‘ਸ਼ਰਧਾ ਪੂਰਨ ਗ੍ਰੰਥ’ ਸੰਗ੍ਰਹਿ ਕਰਤਾ ਸੋਢੀ ਤੇਜਾ ਸਿੰਘ ਨੇ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਭਾਈ ਮਨੀ ਸਿੰਘ ਜੀ ਦੀ ਲਿਖਤ ਹੈ। ਇਤਨਾ ਹੀ ਨਹੀਂ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਸਭ ਤੋਂ ਵੱਡਾ ਅਸਲੀ ਤੇ ਪੁਰਾਤਨ ਹੈ। ਆਮ ਸੰਗਤਾਂ ਲੇਖਕ ਦੇ ਇਸ ਦਾਅਵੇ ਕਾਰਨ ਇਸ ਪੁਸਤਕ ਨੂੰ ਭਾਈ ਮਨੀ ਸਿੰਘ ਜੀ ਦੀ ਕ੍ਰਿਤ ਹੀ ਸਮਝਦੀਆਂ ਹਨ।
ਇਸ ਪੁਸਤਕ ਦੇ ਮੁੱਖ ਪੰਨੇ ਤੇ ਲਿਖਿਆ ਹੈ, ‘ਸ੍ਰੀ ਮਾਨ ਭਾਈ ਮਨੀ ਸਿੰਘ ਜੀ ਵਾਲਾ ਸਭ ਤੋਂ ਵੱਡਾ ਅਸਲੀ ਤੇ ਪੁਰਾਤਨ ਗ੍ਰੰਥ।’ ਇਸ ਪੁਸਤਕ ਬਾਰੇ ਸਭ ਤੋਂ ਵੱਡਾ, ਅਸਲੀ ਤੇ ਪੁਰਾਤਨ ਸ਼ਬਦ ਹੀ ਇਸ ਗੱਲ ਵਲ ਸੰਕੇਤ ਕਰ ਰਹੇ ਹਨ ਕਿ ਦਾਲ ਵਿੱਚ ਕੁੱਝ ਕਾਲਾ ਹੈ। (ਨੋਟ: ਭਾਈ ਬਾਲੇ ਵਾਲੀ ਜਨਮ ਸਾਖੀ ਬਾਰੇ ਵੀ ਹਰੇਕ ਪ੍ਰਕਾਸ਼ਕ ਨੇ ਮੋਟੇ ਅੱਖਰਾਂ ਵਿੱਚ ਵੀ ਅਜਿਹਾ ਹੀ ਲਿਖਿਆ ਹੁੰਦਾ ਹੈ ਕਿ ਇਹ ਸਭ ਤੋਂ ਵੱਡੀ ਤੇ ਅਸਲ ਜਨਮ ਸਾਖੀ ਹੈ। ਜਾਗਰੂਕ ਸੰਗਤਾਂ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂ ਹਨ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਕਿਸ ਤਰ੍ਹਾਂ ਨਾਲ ਸਮੇਂ ਸਮੇਂ ਵਾਧੇ ਘਾਟੇ ਹੁੰਦੇ ਰਹੇ ਹਨ ਅਤੇ ਅਜੇ ਵੀ ਹੋ ਰਹੇ ਹਨ।) ਭਾਈ ਮਨੀ ਸਿੰਘ ਜੀ ਦੇ ਨਾਮ ਨਾਲ ਇੱਕ ‘ਜਨਮ ਸਾਖੀ’ (ਗਿਆਨ ਰਤਨਾਵਲੀ) ਅਤੇ ਦੂਜੀ ‘ਸਿੱਖਾਂ ਦੀ ਭਗਤਮਾਲਾ’ ਨਾਮੀ ਦੋ ਪੁਸਤਕਾਂ ਸੰਬੰਧਿਤ ਦੱਸੀਆਂ ਜਾਂਦੀਆਂ ਹਨ। ਕਿਸੇ ਵੀ ਭਰੋਸੇਯੋਗ ਪੁਸਤਕ `ਚ ਇਸ ਗੱਲ ਦਾ ਵਰਣਨ ਨਹੀਂ ਹੈ ਕਿ ਭਾਈ ਮਨੀ ਸਿੰਘ ਜੀ ਨੇ ਕੋਈ ‘ਸ਼ਰਧਾ ਪੂਰਨ’ ਪੁਸਤਕ ਵੀ ਲਿਖੀ ਹੈ। ਇਸ ਪੁਸਤਕ ਦਾ ਪਤਾ ਕੇਵਲ ਸੋਢੀ ਤੇਜਾ ਸਿੰਘ ਜੀ ਨੂੰ ਹੀ ਲੱਗਾ? ਇਹ ਗੱਲ ਹੈਰਾਨੀ ਵਾਲੀ ਤਾਂ ਹੈ ਹੀ, ਇਸ ਦੇ ਨਾਲ ਵਿਚਾਰਨ ਵਾਲੀ ਵੀ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਪੁਸਤਕਾਂ ਹਨ, ਜਿਨ੍ਹਾਂ ਦੇ ਲੇਖਕਾਂ ਨੇ ਆਪਣੀਆਂ ਲਿਖਤਾਂ ਨੂੰ ਪ੍ਰਮਾਣਿਕ ਦਰਸਾਉਣ ਲਈ, ਉਨ੍ਹਾਂ ਪੁਸਤਕਾਂ ਦਾ ਲੇਖਕ ਗੁਰੂ ਸਾਹਿਬ ਜਾਂ ਉੱਘੇ ਸਿੱਖਾਂ ਨੂੰ ਦਰਸਾਇਆ ਹੈ। ਇਨ੍ਹਾਂ ਵਿਚੋਂ ਕਈ ਪੁਸਤਕਾਂ ਨੂੰ ਅਜੇ ਤੀਕ ਕਈ ਸੱਜਣ ਗੁਰੂ ਸਾਹਿਬਾਨ ਜਾਂ ਭਾਈ ਮਨੀ ਸਿੰਘ ਜੀ ਆਦਿ ਗੁਰਸਿੱਖਾਂ ਦੀਆਂ ਲਿਖਤਾਂ ਹੀ ਸਮਝਦੇ ਹਨ। ਡਾਕਟਰ ਕਰਤਾਰ ਸਿੰਘ ਜੀ ਨੇ ਵੀ ਆਪਣੀ ਪੁਸਤਕ “ਗੁਰਮੱਤਿ ਦੇ ਮੂਲਿਕ ਸਿਧਾਂਤ” ਵਿੱਚ ਇੱਕ ਅਜਿਹੀ ਹੀ ਕਿਤਾਬ ਦਾ ਜ਼ਿਕਰ ਕੀਤਾ ਹੈ। ਇਸ ਕਿਤਾਬ ਵਿੱਚ ਥਿਤਾਂ ਵਾਰਾਂ ਦੇ ਭਰਮਾਂ ਦਾ ਵਰਣਨ ਕੀਤਾ ਹੋਇਆ ਹੈ ਕਿ ਨਵਾਂ ਮਕਾਨ ਬਣਾਨ ਲਈ ਅਮਕਾ ਦਿਨ ਸ਼ੁਭ ਹੈ। ਇਸ ਦਿਨ ਨੀਂਹ ਰਖਣੀ, ਮਕਾਨ ਬਣਨ ਤੋਂ ਮਗਰੋਂ ਪ੍ਰਵੇਸ਼ ਫ਼ਲਾਣੇ ਦਿਨ ਕਰਨਾ ਹੈ। ਕੇਸੀ ਇਸ਼ਨਾਨ ਕੇਵਲ ਅਮਕੇ ਦਿਹਾੜੇ ਹੀ ਕਰਨਾ ਹੈ। ਆਦਿ। ਇਸ ਪੁਸਤਕ ਦੀ ਭੂਮਿਕਾ ਵਿੱਚ ਵੀ ਲੇਖਕ ਨੇ ਇਹ ਲਿਖਿਆ ਹੈ ਕਿ ਦਸਮੇਸ਼ ਪਾਤਸ਼ਾਹ ਜੀ ਨੇ ਇਹ (ਕਿਤਾਬ ਵਿਚਲਾ) ਉਪਦੇਸ਼ ਭਾਈ ਮਨੀ ਸਿੰਘ ਜੀ ਨੂੰ ਦਿੱਤਾ ਸੀ। ਡਾਕਟਰ ਕਰਤਾਰ ਸਿੰਘ ਲਿਖਦੇ ਹਨ ਕਿ ਇਸ ਪੁਸਤਕ ਬਾਰੇ ਉਨ੍ਹਾਂ ਨੂੰ ਇੱਕ ਸੱਜਣ ਨੇ ਦੱਸਿਆ ਕਿ ਇਸ ਪੁਸਤਕ ਦਾ ਲੇਖਕ ਪੰਜਾਹ ਕੁ ਸਾਲ ਪਹਿਲਾਂ ਉਨ੍ਹਾਂ ਦੇ ਡੇਰੇ ਆਇਆ ਸੀ। ਉਸ ਸੱਜਣ ਨੇ ਕਰਤਾਰ ਸਿੰਘ ਹੁਰਾਂ ਨੂੰ ਦੱਸਿਆ ਕਿ ਇਸ ਪੁਸਤਕ ਦੇ ਲੇਖਕ ਨੂੰ ਉਨ੍ਹਾਂ ਨੇ ਕਿਹਾ ਸੀ ਕਿ ਉਹ (ਲੇਖਕ) ਮੁਖਬੰਦ ਵਿੱਚ ਲਿਖੀ ਇਸ ਗੱਲ ਨੂੰ ਕੱਢ ਦੇਵੇ ਕਿ ਇਹ ਉਪਦੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਦਿੱਤਾ ਹੈ। ਪਰ ਲੇਖਕ ਨੇ ਇਹ ਕਹਿਦਿੰਆਂ ਇਨਕਾਰ ਕਰ ਦਿੱਤਾ ਕਿ ਜੇਕਰ ਉਹ ਇਸ ਗੱਲ ਨੂੰ ਕੱਢ ਦੇਵੇ ਤਾਂ ਫਿਰ ਇਸ ਪੁਸਤਕ ਦੇ ਲੇਖਾਂ ਨੂੰ ਕੌਣ ਮੰਨੇਗਾ।
ਇਸ ਤਰ੍ਹਾਂ ਦੀਆਂ ਕਈ ਪੁਸਤਕਾਂ ਹਨ, ਜਿਨ੍ਹਾਂ ਬਾਰੇ ਇਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਹਨ। ਪਰ ਸਾਨੂੰ ਕਿਸੇ ਵੀ ਪ੍ਰਾਣੀ ਵਲੋਂ ਅਜਿਹਾ ਦਾਅਵਾ ਕਰਨ `ਤੇ ਹੀ, ਕਿਸੇ ਵੀ ਲਿਖਤ ਨੂੰ ਗੁਰੂ ਸਾਹਿਬਾਨ ਦੀ ਜਾਂ ਕਿਸੇ ਗੁਰੂ ਘਰ ਦੇ ਨਿਕਟ ਵਰਤੀ ਸਿੱਖ ਦੀ ਰਚਨਾ ਨਹੀਂ ਮੰਨ ਲੈਣਾ ਚਾਹੀਦਾ। ਸਾਡੇ ਪਾਸ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਜਿਨ੍ਹਾਂ ਬਾਰੇ ਅਸੀਂ ਦਾਅਵੇ ਨਾਲ ਆਖ ਸਕਦੇ ਹਾਂ ਕਿ ਇਹ ਗੁਰੂ ਸਾਹਿਬਾਨ ਦੇ ਮੁਖ਼ਾਰਬਿੰਦ ਵਿੱਚ ਨਿਕਲੇ ਹੋਏ ਬੋਲ ਹਨ। ਕਿਸੇ ਵੀ ਹੋਰ ਲਿਖਤ ਬਾਰੇ ਅਜਿਹੇ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ। ਸਾਨੂੰ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਹੀ ਲਾਇਆ ਹੈ। ਇਸ ਲਈ ਸਾਨੂੰ ਹਰੇਕ ਗੱਲ/ਲਿਖਤ ਗੁਰਬਾਣੀ ਦੀ ਕਸਵੱਟੀ ਉੱਤੇ ਹੀ ਪਰਖਣ ਦੀ ਲੋੜ ਹੈ। ਜੇਕਰ ਕਿਸੇ ਦੀ ਕੋਈ ਗੱਲ ਜਾਂ ਲਿਖਤ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਹੈ ਤਾਂ ਉਸ ਨੂੰ ਜ਼ਰੂਰ ਮੰਨ ਲੈਣਾ ਚਾਹੀਦਾ ਹੈ, ਪਰ ਜੇਕਰ ਉਹ ਗੁਰ ਆਸ਼ੇ ਦੇ ਅਨੁਕੂਲ ਨਹੀਂ ਤਾਂ ਉਹ ਗੱਲ ਜਾਂ ਲਿਖਤ ਤਿਆਗਣ ਜੋਗ ਹੈ। ਸਾਡਾ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਹੀ ਅਤੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ-ਜਾਚ ਅਨੁਸਾਰ ਹੀ ਸਿੱਖ ਨੂੰ ਜੀਵਨ ਬਿਤਾਉਣ ਦੀ ਲੋੜ ਹੈ।
ਇਸ ਸੰਖੇਪ ਜਿਹੀ ਚਰਚਾ ਉਪਰੰਤ ਪਾਠਕਾਂ ਦਾ ਧਿਆਨ ਗੁਰ ਸ਼ਬਦ ਸਿੱਧੀ ਅਰਥਾਤ ਸ਼ਰਧਾ ਪੂਰਨ ਤਥਾ ਸੰਕਟ ਮੋਚਨ ਪੁਸਤਕ ਵਲ ਦਿਵਾ ਰਹੇ ਹਾਂ। ਇਸ ਪੁਸਤਕ ਦੇ ਪ੍ਰਕਾਸ਼ਕ ਭਾਈ ਚਤੁਰ ਸਿੰਘ ਜੀਵਨ ਸਿੰਘ (ਅੰਮ੍ਰਿਤਸਰ ਵਾਲੇ) ਹਨ ਅਤੇ ਸੰਗ੍ਰਹਿ ਕਰਤਾ ਹਨ: ਸੋਢੀ ਤੇਜਾ ਸਿੰਘ। ਨੋਟ: ‘ਸੰਕਟ ਮੋਚਨ ਸ਼ਬਦ’ ਨਾਮਕ ਪੁਸਤਕ ਦੇ ਪ੍ਰਕਾਸ਼ਕ ਵੀ ਇਹੀ ਸ਼੍ਰੀ ਮਾਨ ਜੀ ਹਨ।
‘ਸ਼ਰਧਾ ਪੂਰਨ’ ਪੁਸਤਕ ਦੇ ਤੀਜੇ ਸਫ਼ੇ ਤੇ ਪ੍ਰਕਰਣਾਂ ਦਾ ਵੇਰਵਾ ਦਿੱਤਾ ਹੋਇਆ ਹੈ ਅਤੇ ਫਿਰ ਅਗਲੇ ਸਫੇ (4) ਤੇ ‘ਇਸ ਨੂੰ ਕਿਵੇਂ ਪੜ੍ਹੀਏ?’ ਦੇ ਸਿਰਲੇਖ ਹੇਠਾਂ ਲਿਖਿਆ ਹੈ, “ਸੂਰਜ ਚੰਦ ਤਾਰੇ ਦਿਨ ਰਾਤ ਚਾਨਣਾ ਪੱਖ ਗਰਮੀ ਸਰਦੀ ਆਦਿਕ ਰੁਤਾਂ ਸਭ ਕੁੱਝ ਨਿਯਮ ਨਾਲ ਹੀ ਚਲਕੇ ਸ਼ੋਭਾ ਪਾਉਂਦੇ ਹਨ। ਪੁਰਸ਼ ਦਾ ਕੰਮ ਕਾਜ ਖਾਣਾ ਪੀਣਾ ਸੌਣਾ ਜਾਗਣਾ ਆਦਿਕ ਵੀ ਜੇ ਨਿਯਮ ਵਿੱਚ ਹੀ ਹੋਵੇ ਤਾਂ ਲਾਭਦਾਇਕ ਹੁੰਦਾ ਹੈ, ਨਹੀਂ ਤਾਂ ਖਪਣ ਖਪਾਣ ਹੀ ਹੁੰਦਾ ਹੈ। ਇਸੇ ਤਰ੍ਹਾਂ ਪਾਠ ਪੂਜਾ, ਭਗਤੀ ਆਦਿਕ ਵੀ ਨਿਯਮ ਨਾਲ ਹੀ ਕੀਤਾ ਜਾਵੇ ਤਾਂ ਪ੍ਰਵਾਨ ਹੁੰਦਾ ਹੈ। ਨਹੀਂ ਤਾਂ ‘ਜੁਗਤਿ ਵਿਹੂਣਾ ਵਿਕਹੁ ਜਾਇ।’ (ਜੁਗਤਿ ਤੋਂ ਬਿਨਾਂ ਬੇਅਰਥ ਜਾਂਦਾ ਹੈ) ਵਾਲੀ ਗਲ ਹੁੰਦੀ ਹੈ। ਇਸ ਕਰਕੇ ਇਸ ਗ੍ਰੰਥ ਵਿੱਚ ਜਿਹੜੇ ਸ਼ਬਦਾਂ ਦਾ ਪਾਠ ਲਿਖਕੇ ਉਹਨਾਂ ਦੇ ਫਲ ਦਸੇ ਹਨ ਉਹ ਤਦ ਹੀ ਸਫਲਤਾ ਨੂੰ ਪ੍ਰਾਪਤ ਕਰ ਸਕਦੇ ਹਨ ਜੇਕਰ ਪਾਠ ਨੂੰ ਵਿਧੀ ਪੂਰਬਕ ਕੀਤਾ ਜਾਵੇ। ਆਪਣੀ ਮਨੋ-ਕਾਮਨਾ ਦੀ ਪੂਰਤੀ ਵਾਸਤੇ ਕਿਸੇ ਸ਼ਬਦ ਦਾ ਪਾਠ, ਵਿਧੀ ਅਤੇ ਹੋਰ ਸਬੰਧਤ ਨਿਯਮ ਹੇਠ ਲਿਖੇ ਅਨੁਸਾਰ ਚਾਹੀਦੇ ਹਨ।
1. ਅਕਾਲ ਪੁਰਖ ਵਾਹਿਗੁਰੂ, ਗੁਰੂ ਸਾਹਿਬ ਦਸਾਂ ਪਾਤਿਸ਼ਾਹੀਆਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਤੇ ਪੂਰਨ ਸ਼ਰਧਾ ਅਤੇ ਨਿਸ਼ਚਾ।
2. ਪੰਜ ਬਾਣੀਆਂ ਦੇ ਪਾਠ ਨੇਮ ਅਤੇ ਰਹਿਤ ਬਹਿਤ ਦੇ ਪੂਰੇ ਹੋਣਾ।
3. ਦਸਾਂ ਨਵ੍ਹਾਂ ਦੀ ਕਿਰਤ ਵਿਰਤ ਕਰਕੇ ਆਪਣਾ ਅਤੇ ਬਾਲ ਬਚੇ ਦਾ ਨਿਰਬਾਹ ਕਰਨ ਵਾਲਾ ਹੋਣਾ।
4. ਕਿਸੇ ਉਤ ਜ਼ੋਰ ਜ਼ੁਲਮ ਕਰਕੇ ਆਪਣੇ ਭਲੇ ਵਾਸਤੇ ਉਸ ਨੂੰ ਦੁਖੀ ਕਰਕੇ ਬਦਅਸੀਸਾਂ ਨਾ ਲੈਣਾ।
5. ਸ਼ਬਦ ਸਿੱਧੀ ਕਿਸੇ ਦੀ ਬੁਰਿਆਈ ਵਾਸਤੇ ਨਾ ਕਰਨੀ।
6. ਜਦ ਸ਼ਬਦ ਦਾ ਪਾਠ ਕੀਤਾ ਜਾਵੇ ਉਹ ਲਗਾਤਾਰ ਇੱਕ ਨਿਯਤ ਸਮੇਂ ਅਤੇ ਅਸਥਾਨ ਉਤੇ ਹੀ ਹੋਵੇ।
7. ਪਾਠ ਵਾਸਤੇ ਜਗ੍ਹਾ ਇਕਾਂਤ, ਸਾਫ ਅਤੇ ਸਵੱਛ ਹੋਵੇ। ਹੇਠਾਂ ਬੈਠਣ ਵਾਸਤੇ ਸਾਫ ਸੁਥਰਾ ਪਵਿੱਤ੍ਰ ਆਸਣ ਦਾ ਕਪੜਾ ਹੋਵੇ।
8. ਪਾਠ ਸਮੇਂ ਸਰੀਰ ਕਰਕੇ ਅਤੇ ਕਪੜਿਆਂ ਕਰਕੇ ਸਾਫ ਹੋਵੇ। ਮੈਲਾ ਨਾ ਹੋਵੇ ਗੰਦਾ ਨਾ ਹੋਵੇ, ਸੁਚੇਤ ਹੋ ਕੇ ਪਾਠ ਕਰੇ, ਪੇਸ਼ਾਬ ਕਰਕੇ ਹਥ ਪਾਣੀ ਚੰਗੀ ਤਰ੍ਹਾਂ ਕਰਕੇ ਸ਼ੁੱਧ ਹੋਵੇ।
9. ਪਾਠ ਸਮੇਂ ਧੁਪ ਧੁਖਾ ਕੇ ਪਾਸ ਪਾਣੀ ਦੀ ਗੜਵੀ ਗਲਾਸ ਕੋਈ ਬਰਤਨ ਰਖਣਾ ਅਤੇ ਹੱਥ ਵਿੱਚ ਪਾਠ ਦੀ ਗਿਣਤੀ ਵਾਸਤੇ 101 ਮਣਕੇ ਵਾਲੀ ਉਨ ਦੀ ਜਾਂ ਲੋਹੇ ਦੀ ਮਾਲਾ ਰਖਣੀ। ਇਸ ਮਾਲਾ ਨੂੰ ਪਾਠ ਕਰਨ ਤੋਂ ਪਹਿਲਾਂ ਪਵਿੱਤ੍ਰ ਜਲ ਨਾਲ ਧੋ ਲੈਣਾ ਅਤੇ ਭੋਗ ਉਪਰੰਤ ਮਥਾ ਟੇਕ ਕੇ ਅਰਦਾਸ ਕਰਕੇ ਕਿਸੇ ਚੰਗੇ ਸਾਫ ਕਪੜੇ ਜਾਂ ਗੁੱਥੀ ਆਦਿਕ ਵਿੱਚ ਪਾ ਕੇ ਰੱਖਣਾ।
10. ਪਾਠ ਕਿਸ ਵੇਲੇ ਕਰਨੇ ਹਨ ਅਤੇ ਕਿਸ ਪਾਸੇ ਮੂੰਹ ਕਰਕੇ ਕਰਨੇ ਹਨ ਇਹ ਲਗਭਗ ਸਾਰੇ ਸ਼ਬਦਾਂ ਦੇ ਮਹਾਤਮ ਵਿੱਚ ਲਿਖਿਆ ਹੀ ਹੋਇਆ ਹੈ, ਪਰ ਜਿਥੇ ਕੁਛ ਨਹੀਂ ਲਿਖਿਆ, ਉਥੇ ਇਉਂ ਸਮਝ ਲੈਣਾ ਕਿ ਪਾਠ ਅੰਮ੍ਰਿਤ ਵੇਲੇ ਕਰਨਾ ਹੈ ਅਤੇ ਮੂੰਹ ਚੜ੍ਹਦੇ ਪਾਸੇ ਰਖਣਾ ਹੈ।
11. ਸ਼ਬਦ ਦਾ ਪਾਠ ਆਰੰਭ ਕਰਨ ਤੋਂ ਪਹਿਲਾਂ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰਕੇ ਪਾਠ ਦਾ ਮੰਤਵ ਦਸ ਕੇ ਉਸ ਦੀ ਸਫਲਤਾ ਵਾਸਤੇ ਬੇਨਤੀ ਕਰਨੀ।
ਇਸ ਪੁਸਤਕ ਵਿੱਚ ਜਪੁ ਜੀ ਦੀ ਹਰੇਕ ਪਉੜੀ ਦਾ ਜੋ ਭਿੰਨ ਭਿੰਨ ਮਹਾਤਮ ਲਿਖਿਆ ਹੋਇਆ ਹੈ, ਇਸ ਬਾਰੇ ਕਈ ਸੱਜਣਾਂ ਦਾ ਇਹ ਕਹਿਣਾ ਹੈ ਕਿ ਲੇਖਕ ਕੇਵਲ ਬਾਣੀ ਪੜ੍ਹਨ ਲਈ ਹੀ ਤਾਂ ਆਖ ਰਿਹਾ ਹੈ? ਇਸ ਬਹਾਨੇ ਨਾਲ ਲੋਕੀਂ ਬਾਣੀ ਪੜ੍ਹਨ ਲੱਗ ਪੈਂਦੇ ਹਨ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਪਹਿਲੀ ਗੱਲ ਇਹ ਹੈ ਕਿ ਗੁਰਬਾਣੀ ਸਾਨੂੰ ਪ੍ਰਭੂ ਦੀ ਰਜ਼ਾ ਦੀ ਸੋਝੀ ਪ੍ਰਦਾਨ ਕਰਕੇ ਹੁਕਮੀ ਬੰਦਾ ਬਣਾਉਂਦੀ ਹੈ। ਦੂਜੀ ਗੱਲ ਇਹ ਹੈ ਕਿ ਗੁਰਬਾਣੀ ਮਨੁੱਖ ਦੀਆਂ ਸਮਸਿੱਆਵਾਂ ਤੋਂ ਛੁਟਕਾਰਾ ਨਹੀਂ ਸਗੋਂ ਇਨ੍ਹਾਂ ਦਾ ਸਾਹਮਣਾ ਕਰਦਿਆਂ ਹੋਇਆਂ ਵੀ ਇਨਸਾਨੀਅਤ ਤੋਂ ਮੂੰਹ ਨਾ ਮੋੜਨ ਦੀ ਪ੍ਰੇਰਨਾ ਦੇਣ ਦੇ ਨਾਲ ਆਤਮਕ ਬਲ ਬਖ਼ਸ਼ਸ਼ ਕਰਦੀ ਹੈ। ਤੀਜੀ ਗੱਲ ਇਹ ਹੈ ਕਿ ਇਸ ਤਰ੍ਹਾਂ ਨਾਲ ਬਾਣੀ ਨਾਲ ਜੋੜਨ ਦਾ ਗੁਰਮਤਿ ਦਾ ਅਦਰਸ਼ ਹੁੰਦਾ ਤਾਂ ਸਿੱਖ ਇਤਿਹਾਸ ਆਪਾ-ਵਾਰਨ ਵਾਲਿਆਂ ਦੀ ਵੀਰ ਗਥਾਵਾਂ ਨਾਲ ਭਰਪੂਰ ਨਾ ਹੁੰਦਾ। ਕਿਸੇ ਅਜਿਹੀ ਗ਼ਰਜ਼ ਨਾਲ ਬਾਣੀ ਪੜ੍ਹਨ ਵਾਲੇ, ਬਾਣੀ ਨਾਲ ਨਹੀਂ ਬਲਕਿ ਆਪਣੀ ਗ਼ਰਜ਼ ਨਾਲ ਹੀ ਜੁੜੇ ਹੁੰਦੇ ਹਨ। ਗ਼ਰਜ਼ ਨਾਲ ਜੁੜਨ ਵਾਲੇ ਉਤਨਾ ਚਿਰ ਹੀ ਬਾਣੀ ਨੂੰ ਸ਼ਰਧਾ ਨਾਲ ਪੜ੍ਹਦੇ ਹਨ ਜਿਤਨਾ ਚਿਰ ਸਭ ਕੁੱਝ ਉਨ੍ਹਾਂ ਦੀ ਸੋਚ ਅਨੁਸਾਰ ਹੋ ਰਿਹਾ ਹੈ। ਜਿਸ ਦਿਨ ਉਨ੍ਹਾਂ ਦੀ ਸੋਚ ਅਨੁਸਾਰ ਕੰਮ ਨਾ ਹੋਇਆ, ਉਸੇ ਦਿਨ ਹੀ ਉਨ੍ਹਾਂ ਦਾ ਵਿਸ਼ਵਾਸ ਡਗਮਗਾ ਜਾਂਦਾ ਹੈ। ਇਸ ਸਥਿੱਤੀ ਵਿੱਚ ਉਹ ਕਿਸੇ ਹੋਰ ਦਾ ਆਸਰਾ ਭਾਲਣ ਲੱਗ ਪੈਂਦੇ ਹਨ। ਚਉਗਿਰਦੇ ਵਲ ਨਜ਼ਰ ਮਾਰਿਆਂ ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਣਾਂ ਮਿਲਦੀਆਂ, ਜਿਹੜੇ ਪਹਿਲਾਂ ਪੱਕੇ ਨਿਤਨੇਮੀ ਸਨ ਪਰ ਜਦ ਉਨ੍ਹਾਂ ਦੀ ਕਾਮਨਾ ਪੂਰੀ ਨਾ ਹੋਈ ਤਾਂ ਉਨ੍ਹਾਂ ਨੇ ਕੇਵਲ ਬਾਣੀ ਪੜ੍ਹਨ ਤੋਂ ਹੀ ਮੂੰਹ ਨਹੀਂ ਫੇਰਿਆ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਮੂੰਹ ਫੇਰ ਲਿਆ। ਗੁਰੂ ਗ੍ਰੰਥ ਸਾਹਿਬ ਜੀ ਇਹੋ ਜਿਹੀ ਸ਼ਰਧਾ ਅਥਵਾ ਵਿਸ਼ਵਾਸ ਸਬੰਧੀ ਹੀ ਤਾਂ ਸਾਡਾ ਮਾਰਗ ਦਰਸ਼ਨ ਕਰਦਿਆਂ ਹੋਇਆਂ ਇਹ ਸਪਸ਼ਟ ਕਰਦੇ ਹਨ:-ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ॥ ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ॥ 18॥ (ਪੰਨਾ 1378) ਅਰਥ: ਹੇ ਫਰੀਦ! ਜੇ (ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ) ਲਾਲਚ ਹੈ, ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ। (ਜਦ ਤਕ) ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ। ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਭਾਵ, ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ)।
ਕਿਸੇ ਵੀ ਪ੍ਰਾਣੀ ਦੀ ਅਜਿਹੀ ਸ਼ਰਧਾ ਭੰਗ ਹੁੰਦਿਆਂ ਦੇਰ ਨਹੀਂ ਲਗਿਆ ਕਰਦੀ। ਅਸੀਂ ਜਦ ਆਪਣੇ ਪੁਰਾਤਨ ਇਤਿਹਾਸ ਵਲ ਨਜ਼ਰ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਅਨੇਕਾਂ ਹੀ ਸਿੰਘਾਂ ਸਿੰਘਣੀਆਂ ਨੇ ਅਕਹਿ ਤੇ ਅਸਹਿ ਤਸੀਹੇ ਸਹਿ ਕੇ ਵੀ ਜੇਕਰ ਸਿਦਕ ਨਹੀਂ ਹਾਰਿਆ ਤਾਂ ਇਸ ਦਾ ਅਧਾਰ ਕਿਸੇ ਤਰ੍ਹਾਂ ਦਾ ਕੋਈ ਦੁਨਿਆਵੀ ਲਾਲਚ ਜਾਂ ਡਰ ਨਹੀਂ ਸੀ। ਇਸ ਦਾ ਆਧਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਅਤੇ ਇਸ ਉੱਤੇ ਅਤੁੱਟ ਭਰੋਸਾ ਹੀ ਸੀ। ਇਸ ਗਿਆਨ ਅਤੇ ਭਰੋਸੇ ਦੀ ਬਦੌਲਤ ਹੀ ਭਾਵੇਂ ਖ਼ਾਲਸਾ ਪੰਥ ਉੱਤੇ ਲੱਖਾਂ ਮਾਰੂ ਝੱਖੜ ਝੁੱਲੇ ਪਰ ਖ਼ਾਲਸਾ ਅਡੋਲ ਰਿਹਾ। ਇਸ ਲਈ ਜਿਸ ਸਿਦਕ ਦੀ ਨੀਂਹ ਲਾਲਚ ਆਦਿ ਉੱਤੇ ਟਿਕੀ ਹੋਵੇ, ਉਹ ਬਹੁਤੀ ਦੇਰ ਤਕ ਕਾਇਮ ਨਹੀਂ ਰਹਿ ਸਕਦਾ; ਮਾੜੇ ਜੇਹੇ ਹਵਾ ਦੇ ਬੁਲ੍ਹੇ ਨਾਲ ਹੀ ਉੱਡ-ਪੁੱਡ ਜਾਂਦਾ ਹੈ।
ਇਸ ਪੁਸਤਕ ਬਾਰੇ ਗੁਰਮਤਿ ਮਾਰਤੰਡ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ, “ਤੰਤ੍ਰ ਸ਼ਾਸਤ੍ਰਾਂ ਦੀ ਨਕਲ ਕਰਕੇ ਕਿਸੇ ਤਾਂਤ੍ਰਿਕ ਸਿੱਖ ਦਾ ਗੁਰੂ ਸਾਹਿਬ ਦੇ ਨਾਮ ਤੋਂ ਲਿਖਿਆ ਗ੍ਰੰਥ, ਜਿਸ ਦਾ ਸੰਖੇਪ ਹਾਲ ਇਉਂ ਹੈ:-ਭਾਈ ਨੰਦ ਲਾਲ ਨੇ ਪ੍ਰਸ਼ਨ ਕੀਤਾ ਕਿ ਮੰਤ੍ਰ ਜੰਤ੍ਰ ਅਧੋਗਤੀ ਨੂੰ ਲੈ ਜਾਂਦੇ ਹਨ, ਆਪ ਸਿੱਖਾਂ ਲਈ ਕੋਈ ਅਜੇਹੀ ਜੁਗਤਿ ਦਸੋ, ਜੋ ਕਾਮਨਾ ਭੀ ਪੂਰੀ ਕਰੇ ਅਤੇ ਮੁਕਤਿ ਭੀ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੁਰਮਾਇਆ ਕਿ ਗੁਰੁਬਾਨੀ ਮਹਾ ਮੰਤ੍ਰ ਹੈ, ਇਹ ਦੋਵੇਂ ਕਾਰਜ ਸਾਰਦੀ ਹੈ।” ਭਾਈ ਕਾਨ੍ਹ ਸਿੰਘ ਜੀ ਸਬੰਧ ਵਿੱਚ ਲਿਖਦੇ ਹਨ, “ਵਿਚਾਰਵਾਨ ਗੁਰੁ ਸਿਖ, ਤਾਂਤ੍ਰਿਕ ਪ੍ਰਪੰਚੀਆਂ ਦੇ ਦਸੇ ਹੋਏ ਸ਼ਬਦਾਂ ਦੇ ਜਪ ਅਤੇ ਫਲ ਪੜ੍ਹ ਕੇ, ਫੇਰ ਗੁਰੁਬਾਣੀ ਦੇ ਭਾਵ ਵੱਲ ਵਿਚਾਰ ਕਰਨ, ਤਾਂ ਆਪ ਹੀ ਪਤਾ ਲਗ ਜਾਂਦਾ ਹੈ ਕਿ ਇਹ ਗ੍ਰੰਥ ਕਿਤਨਾ ਗੁਰੁਮਤ ਤੋਂ ਦੂਰ ਲੈ ਜਾਣ ਵਾਲਾ ਹੈ।” (ਗੁਰੁਮਤ ਮਾਰਤੰਡ)
ਨੋਟ: ਬਜ਼ਾਰ ਵਿੱਚ ਅੱਜ ਕਲ ਜੋ ਸ਼ਰਧਾ ਪੂਰਨ ਗ੍ਰੰਥ ਵਿਕ ਰਿਹਾ ਹੈ, ਇਸ ਦਾ ਲੇਖਕ ਭਾਈ ਨੰਦ ਲਾਲ ਜੀ ਦੀ ਥਾਂ ਭਾਈ ਮਨੀ ਸਿੰਘ ਜੀ ਨੂੰ ਦਰਸਾਇਆ ਹੋਇਆ ਹੈ।
ਜਸਬੀਰ ਸਿੰਘ ਵੈਨਕੂਵਰ
.