.

ਨਾਮ ਕੋਈ ਗੋਰਖ ਧੰਧਾ ਨਹੀ

ਸੰਸਾਰ ਵਿੱਚ ਜਿਤਨੇ ਵੀ ਪਰਮਾਤਮਾ ਦੇ ਨਾਮ ਹਨ ਉਹ ਸਭ ਮਨੁਖ ਦੇ ਹੀ ਦਿਤੇ ਹੋਏ ਹਨ, ਇਸ ਲਈ ਮਨੁਖ ਦਾ ਦਿਤਾ ਕੋਈ ਵੀ ਇੱਕ ਨਾਮ ਦੂਸਰੇ ਦਿਤੇ ਨਾਮ ਨਾਲੋਂ ਵਿਸ਼ੇਸ਼ ਨਹੀ ਹੋ ਸਕਦਾ। ਪਰਮਾਤਮਾਂ ਦੇ ਅਸੰਖ ਨਾਮ ਤਾਂ ਹਨ (ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ॥ ਮ: 4 …. 1319) ਪਰ ਇਹਨਾਂ ਵਿਚੋਂ ਕੋਈ ਇੱਕ ਨਾਮ ਦੂਸਰੇ ਨਾਮ ਨਾਲੋਂ ਵਿਸ਼ੇਸ਼ ਨਹੀ ਹੋ ਸਕਦਾ ਕਿਉਂਕਿ ਕਿਸੇ ਇੱਕ ਨਾਮ ਦੀ ਵਿਸ਼ੇਸ਼ਤਾ ਦੂਸਰੇ ਨਾਮ ਦੀ ਖੰਡਨਤਾ ਆਪਣੇ ਆਪ ਹੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਗੁਰਬਾਣੀ ਵਿੱਚ ਪਰਮਾਤਮਾ ਨੂੰ ਅਨੇਕਾਂ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ।

1. ਮੁਕੰਦ ਮੁਕੰਦ ਜਪਹੁ ਸੰਸਾਰਾ … … … … … ਰਵਿਦਾਸ-875

2. ਨਾਰਾਇਣ ਕਹਤੇ ਨਰਕਿ ਨਾ ਜਾਹਿ … …. ਮ: 5-868

3. ਰਾਮ ਰਾਮ ਬੋਲਿ ਰਾਮ ਰਾਮ … … … … … …. ਮ: 5 -1182

4. ਭਜਹੁ ਗ+ਬਿੰਦ ਭੂਲਿ ਮਤ ਜਾਹੁ … … … …. ਕਬੀਰ -1159

5. ਅਲਹੁ ਨ ਵਿਸਰੈ ਦਿਲ ਜੀਅ ਪਰਾਨ … …. ਮ: 5-1138

ਪਰਮਾਤਮਾਂ ਇੱਕ ਵਿੱਚ ਹੀ ਨਹੀ ਵਸਦਾ, ਬਲਿਕੇ ਸਮੁਚਤਾ ਵਿੱਚ ਵਸਦਾ ਹੈ, ਇਸ ਲਈ ਸਮੁਚਤਾ ਦੇ ਦਿਤੇ, ਅਸੰਖ ਨਾਮ, ਤਾਂ ਪਰਮਾਤਮਾਂ ਦੇ ਹੋ ਸਕਦੇ ਹਨ, ਪਰ ਕੋਈ ਖਾਸ ਇੱਕ ਨਾਮ ਪਰਮਾਤਮਾਂ ਦਾ ਨਹੀ ਹੋ ਸਕਦਾ। ਇਸੇ ਤਰਾਂ ਉਸਦਾ ਕੋਈ ਇੱਕ ਖਾਸ ਥਾਂ, ਬੋਲੀ ਜਾਂ ਗੁਣ ਵੀ ਨਹੀਂ ਹੋ ਸਕਦਾ। ਉਸ “ਅਗਮ ਅਗਮ ਹਰਿ ਰਾਇਆ” ਨੂੰ ਕਿਸੇ ਇੱਕ ਖਾਸ ਨਾਮ, ਥਾਂ, ਬੋਲੀ ਜਾਂ ਗੁਣ ਨਾਲ ਜੋੜਨਾ ਸੁਲਤਾਨ ਨੂੰ ਮੀਆਂ ਕਹਿਣ ਵਾਲੀ ਗਲ ਹੋਵੇਗੀ। ਗੁਰਬਾਣੀ ਫੁਰਮਾਨ ਹੈ:-

1. ਤਉ ਕਾਰਣਿ ਸਾਹਿਬਾ ਰੰਗਿ ਰਤੇ॥ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ॥ (ਮ: 1-358)

ਉਸਦੇ ਅਨੇਕਾਂ ਨਾਮ, ਅਨੰਤ ਰੂਪ ਤੇ ਬੇਅੰਤ ਗੁਣ ਤਾਂ ਹੋ ਸਕਦੇ ਹਨ, ਪਰ ਉਸਨੂੰ ਕਿਸੇ ਇੱਕ ਨਾਮ, ਰੂਪ ਜਾਂ ਇੱਕ ਗੁਣ ਨਾਲ ਜੋੜਨਾਂ ਉਸਦੀ ਵਡਿਆਈ ਨਹੀਂ ਬਲਿਕੇ ਛੁਟਿਆਈ ਹੋਵੇਗੀ।

2. ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਕ ਕਿਸੁ ਕੇਰਾ॥ … … ਕਬੀਰ 1349

ਉਹ ਕਿਸੇ ਇੱਕ ਥਾਂ (ਮਸੀਤ, ਮੰਦਰ, ਚਰਚ ਜਾਂ ਗੁਰਦੁਆਰੇ) ਵਿੱਚ ਹੀ ਨਹੀਂ ਬਲਿਕੇ ਸਭ ਥਾਵਾਂ ਤੇ ਰਮਿਆਂ ਹੋਇਆ ਹੈ।

3. ਸਭੈ ਘਟਿ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ॥ (ਨਾਮਦੇਵ-988)

ਸਭਨਾਂ ਵਿੱਚ ਬੋਲਣ ਵਾਲਾ ਇੱਕ ਉਹੀ ਹੈ ਇਸ ਲਈ ਸਭ ਬੋਲੀਆਂ ਉਸਦੀਆਂ ਹੀ ਹਨ। ਹੁਣ ਉਸ ਬੇਅੰਤ, ਅਥਾਹ, ਤੇ ਅਗਮ ਨੂੰ ਕਿਸੇ ਇੱਕ ਨਾਮ, ਗੁਣ, ਥਾਂ ਜਾਂ ਬੋਲੀ ਨਾਲ ਜੋੜਨਾ ਉਸਦੀ ਵਡਿਆਈ ਨਹੀ ਹੋ ਸਕਦੀ। ਇਸ ਲਈ ਕਿਸੇ ਇੱਕ ਨਾਮ ਦਾ ਜਾਪ ਉਸ ਬੇਅੰਤ ਦਾ ਜਾਪ ਨਹੀ ਹੋ ਸਕਦਾ। ਹੁਣ ਗੁਰਬਾਣੀ ਵਿਚੋਂ ਵੇਖਣਾ ਹੈ ਕਿ “ਨਾਮ” ਅਤੇ “ਜਪਣ” ਦੀ ਵਿਆਖਿਆ ਕੀ ਹੈ?

1. ਸਤਸੰਗਤਿ ਕੈਸੀ ਜਾਣੀਐ ਜਿਥੇ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (ਮ: 1-72). ਇਥੇ ਨਾਮ ਦੀ ਵਿਆਖਿਆ “ਹੁਕਮ” ਕੀਤੀ ਗਈ ਹੈ। ਸਤਿਗੁਰੂ ਨੇ ਸੂਝ ਬਖਸ਼ ਕੇ ਸਮਝਾ ਦਿਤਾ ਕਿ (ਪਰਮਾਤਮਾ ਦਾ) ਨਾਮ (ਉਸਦਾ) “ਹੁਕਮ” ਹੈ।

2. ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ॥ (ਮ: 5-639)

ਇਥੇ ਨਾਮ ਨੂੰ “ਪ੍ਰੇਮ” ਆਖਿਆ ਹੈ। ਜਿਸ ਮਨੁਖ ਦੇ ਮਨ ਅੰਦਰ ਪਰਮਾਤਮਾਂ ਦਾ ਪਿਆਰ (ਨਾਮ ਧਨ) ਹੈ ਉਸਦੇ ਅੰਦਰੋਂ ਮਾਇਆ ਦਾ ਮੋਹ ਨਾਸ ਹੋ ਜਾਂਦਾ ਹੈ।

3. ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ॥ ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ॥ (1239)

ਜਿਸਦੀ ਪਰਮਾਤਮਾ ਨਾਲ ਸਾਂਝ ਪੈ ਜਾਵੇ (ਮਿਲਾਪ ਹੋ ਜਾਵੇ) ਉਹ ਗੁਰਮੁਖ ਹੈ ਤੇ ਉਸਦੀ ਉਚਾਰੀ ਬਾਣੀ (ਉਪਦੇਸ਼, ਗਿਆਨ) ਨਾਮ ਹੈ ਜਿਸ ਤੇ ਚਲਿਆਂ ਪੰਛੀ ਵਾਂਗ ਉਡਦੀ ਮਤ ਨੂੰ ਵਸ ਕੀਤਾ ਜਾ ਸਕਦਾ ਹੈ।

4. ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ॥ ਗੁਰ ਪਰਸਾਦੀ ਘਟਿ ਚਾਨਣਾ ਆਨ੍ਹੇਰ ਗਵਾਇਆ॥ (1244)

ਸਤ = ਪਰਮਾਤਮਾ ਜਾਂ ਗੁਰੂ (ਗੁਰਬਾਣੀ) ਹੈ, ਤੇ ਸੰਗਤ = ਉਸ ਨਾਲ ਮੇਲ ਜਾਂ ਸਾਂਝ ਹੈ, ਇਸ ਲਈ ਪਰਮਾਤਮਾ (ਗੁਰੂ) ਨਾਲ ਮੇਲ (ਗੁਰਬਾਣੀ ਤੇ ਚਲਣਾ) ਹੀ ਸਤਸੰਗਤਿ ਹੈ। ਪਰਮਾਤਮਾ ਹੀ ਨਾਮ (ਦਾ ਖਜ਼ਾਨਾ) ਹੈ ਤੇ ਉਸ ਨਾਲ ਮੇਲ (ਸਤਸੰਗਤਿ) ਨਾਮ ਦੀ ਪ੍ਰਾਪਤੀ ਹੈ।

5. ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ॥ (ਮ: 4-759)

ਇਥੇ ਨਾਮ ਨੂੰ “ਗਿਆਨ” ਆਖਿਆ ਹੈ। ਗੁਰੂ ਦਾ ਗਿਆਨ (ਸ਼ਬਦ, ਉਪਦੇਸ਼, ਹੁਕਮ, ਮਤ, ਸਿਖਿਆ, ਬਾਣੀ) ਹੀ ਨਾਮ ਹੈ, ਤੇ ਗੁਰੂ, ਇਹੀ ਹਿਰਦੇ ਵਿੱਚ ਪੱਕਾ ਕਰਦਾ ਹੈ। ਗੁਰੂ ਦੇ ਚਰਨੀ ਲਗਣ ਦਾ ਭਾਵ ਵੀ ਗੁਰੂ ਦੀ ਸਿਖਿਆ ਤੇ ਚਲਣ ਤੋਂ ਹੀ ਹੈ। ਓਪਰੀ ਨਜ਼ਰ ਨਾਲ ਵੇਖਣ ਨੂੰ ਨਾਮ ਦੀਆਂ ਭਾਵੇਂ ਪੰਜ ਵਖਰੀਆਂ ਵਿਆਖਿਆ ਲਗਦੀਆਂ ਹਨ ਪਰ ਅਸਲ ਵਿੱਚ ਇਹਨਾਂ ਸਾਰੀਆਂ ਦਾ ਭਾਵ ਗੁਰਬਾਣੀ (ਗੁਰਸ਼ਬਦ, ਗੁਰਮਤ, ਗੁਰਗਿਆਨ, ਗੁਰੳਪਦੇਸ਼, ਗੁਰਸਿਖਿਆ, ਗੁਰਬਚਨ, ਆਦਿਕ) ਹੀ ਹੈ। ਸਤਿਗੁਰੂ ਦਾ ਹੁਕਮ, ਸਤਿਗੁਰ ਨਾਲ ਪਿਆਰ, ਰੱਬੀ ਗੁਣ ਤੇ ਸਤਿਗੁਰ ਦਾ ਗਿਆਨ, ਇਹਨਾ ਸਭਨਾ ਦੀ ਸੂਝ ਗੁਰਬਾਣੀ ਦੁਆਰਾ ਹੀ ਸੰਭਵ ਹੈ, ਇਸ ਲਈ ਸਪੱਸ਼ਟ ਹੈ ਕਿ ਗੁਰਬਾਣੀ (ਗੁਰੂ) ਹੀ ਨਾਮ ਹੈ। ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਅ ਨਾਮੁ ਨਿਧਾਨੁ॥ ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ॥ (26) ਭਾਵ: ਜਿਨਾ ਨੇ ਸਤਿਗੁਰ (ਸਚੇ ਗਿਆਨ) ਦੀ ਸ਼ਰਨ ਲਈ ਹੈ (ਸਤਿਗੁਰ ਦਾ ਹੁਕਮ ਜਾਂ ਉਪਦੇਸ਼ ਮੰਨਿਆ ਹੈ) ਉਹਨਾ ਨੇ ਹੀ ਸਭ ਪਦਾਰਥਾਂ ਦਾ ਖਜ਼ਾਨਾ, ਪ੍ਰਭੂ ਨਾਮ ਪ੍ਰਾਪਤਿ ਕੀਤਾ ਹੈ। ਉਹਨਾ ਦੇ ਹਿਰਦੇ ਵਿੱਚ ਨਾਮ ਰਸ (ਉਪਦੇਸ਼) ਰਚ ਗਿਆ ਹੈ ਤੇ ਮਨ ਵਿਚੋਂ ਹੰਕਾਰ ਦੂਰ ਹੋ ਗਿਆ ਹੈ। ਇਸ ਪਰਥਾਇ ਹੋਰ ਅਨੇਕਾਂ ਗੁਰ ਪ੍ਰਮਾਣ ਦਿਤੇ ਜਾ ਸਕਦੇ ਹਨ ਪਰ ਆਉ ਹੁਣ, ਜਪਣ ਦੇ ਅਰਥ ਵੀ ਗੁਰਬਾਣੀ ਵਿਚੋਂ ਹੀ ਵੇਖ ਲਈਏ। ਗੁਰ ਫੁਰਮਾਨ ਹੈ:-

1. ਐਸਾ ਗਿਆਨੁ ਜਪਹੁ ਮਨ ਮੇਰੇ। ਹੋਵਹੁ ਚਾਕਰ ਸਾਚੇ ਕੇਰੇ॥ (ਮ: 1-728) ਸਮੂਹ ਗੁਰਬਾਣੀ ਗੁਰੂ ਦਾ ਗਿਆਨ ਹੈ ਤੇ ਗੁਰਬਾਣੀ ਨੂੰ ਜਪਿਆ ਨਹੀਂ, ਵਿਚਾਰ ਨਾਲ ਜਾਣਿਆ ਜਾਂਦਾ ਹੈ। ਗੁਰਬਾਣੀ ਨੂੰ ਇਕੱਲਾ ਪੜੀ ਹੀ ਨਹੀ ਜਾਣਾ, ਉਸਦੇ ਭਾਵ ਨੂੰ ਜਾਣ ਕੇ ਮਨ ਵਸਾਉਣਾ ਹੀ ਨਾਮ ਜਪਣਾ ਹੈ।

2. ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ। ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ॥ (ਮ: 5-827) ਹਰੀ ਦੇ ਚਰਨ ਗੁਰ ਸਿਖਿਆ ਹਨ ਤੇ ਗੁਰ ਸਿਖਿਆ ਨੂੰ ਜਪਿਆ ਨਹੀ ਬਲਿਕੇ ਜਾਣਿਆ ਜਾਂਦਾ ਹੈ। ਗੁਰੂ ਦਾ ਹਿਰਦੇ ਵਿੱਚ ਧਿਆਨ ਕਰਨ ਤੋਂ ਭਾਵ ਹੀ ਉਸਦੀ ਸਿਖਿਆ ਨੂੰ ਧਿਆਨ ਨਾਲ ਬੁਝ ਕੇ ਹਿਰਦੇ ਵਿੱਚ ਵਸਾਉਣਾ ਹੈ।

3. ਜਪਿ ਮਨ ਮੇਰੇ ਗੋਵਿੰਦ ਕੀ ਬਾਣੀ। ਸਾਧੂ ਜਨ ਰਾਮੁ ਰਸਨ ਵਖਾਣੀ॥ (192) ਗੋਬਿੰਦ ਦੀ ਬਾਣੀ (ਗੁਰਬਾਣੀ) ਨੂੰ ਜਪਿਆ ਨਹੀ ਬਲਿਕੇ ਜਾਣਿਆ ਜਾਂਦਾ ਹੈ।

4. ਜਾ ਕੈ ਦੁਖੁ ਸੁਖੁ ਸਮ ਕਰਿ ਜਾਪੈ॥ ਤਾ ਕਉ ਕਾੜਾ ਕਹਾ ਬਿਆਪੈ॥ (186) ਇਥੇ ਦੁਖ ਸੁਖ ਨੂੰ ਇਕੋ ਜਿਹਾ ਜਾਨਣਾ ਹੈ, ਜਪਣਾ ਨਹੀ।

5. ਸਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ। (ਮ: 3-1087) ਸਚੇ ਉਪਦੇਸ਼ ਨੂੰ ਜਾਣਿਆ ਜਾਂਦਾ ਹੈ, ਜਪਿਆ ਨਹੀ। ਗੁਰਪ੍ਰਮਾਣ ਸਪੱਸ਼ਟ ਕਰਦੇ ਹਨ ਕਿ ਜਪਣ ਦੇ ਅਰਥ ਜਾਨਣਾ ਹਨ। ਇਸ ਲਈ ਹੁਣ ਜੇ ਨਾਮ ਦੇ ਅਰਥ “ਗੁਰਬਾਣੀ “ਹਨ ਤੇ ਜਪਣ ਦੇ ਅਰਥ “ਜਾਨਣਾਂ “ਹਨ ਤਾਂ ਸਪਸ਼ਟੀਂ “ਨਾਮ ਜਪਣ” ਦੇ ਅਰਥ ਗੁਰਬਾਣੀ ਨੂੰ ਜਾਨਣਾਂ ਹੀ ਹੋ ਸਕਦੇ ਹਨ। ਅਗਰ ਕਿਸੇ ਇੱਕ ਸ਼ਬਦ ਦੇ ਰੱਟਣ ਨਾਲ ਮਨ ਦੀ ਮੈਲ ਉਤਰ ਸਕਦੀ ਹੈ, ਸ਼ੁਭ ਗੁਣਾਂ ਦੀ ਪ੍ਰਾਪਤੀ ਹੋ ਸਕਦੀ ਹੈ, ਪਰਮਾਤਮਾ ਨਾਲ ਸਾਂਝ ਪੈ ਸਕਦੀ ਹੈ, ਪਰਮਾਤਮਾ ਜਾਂ ਗੁਰੂ ਦੇ ਹੁਕਮ ਦੀ ਪਛਾਣ ਹੋ ਸਕਦੀ ਹੈ ਤਾਂ ਗੁਰਬਾਣੀ (ਪੜਨੀ, ਵਿਚਾਰਨੀ ਤੇ ਮਨ ਵਸਾਉਣੀ) ਦਾ ਮਨੋਰਥ ਹੀ ਨਿਸਫਲ ਹੋ ਜਾਂਦਾ ਹੈ। ਇਹ ਤਾਂ ਗੁਰੂ ਦੀ ਬੇਅਦਬੀ ਹੈ, ਗੁਰ ਫੁਰਮਾਨ ਤਾਂ ਇਹ ਹੈ ਕਿ

ਗੁਰਬਾਣੀ (ਗੁਰੂ) ਦੁਆਰਾ ਹੀ ਪਰਮਾਤਮਾਂ ਨਾਲ ਪ੍ਰੇਮ (ਸਾਂਝ) ਪੈਣਾ ਹੈ:-

ਗੁਰਮਤੀ ਭਉ ਊਪਜੈ ਭਾਈ ਭਉ ਕਰਣੀ ਸਚੁ ਸਾਰੁ॥ ਪ੍ਰੇਮ ਪਦਾਰਥੁ ਪਾਈਐ ਭਾਈ ਸਚੁ ਨਾਮੁ ਆਧਾਰੁ॥ (ਮ: 3 …. . 638)।

ਗੁਰਬਾਣੀ ਦੁਆਰਾ ਹੀ ਹੁਕਮ ਦੀ ਸੂਝ (ਜਾਣ ਪਛਾਣ) ਹੋਵੇਗੀ।

ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ॥ (ਮ: 1 … 636)

ਗੁਰਬਾਣੀ ਦੁਆਰਾ ਹੀ ਪਰਮਾਤਮਾ (ਗੁਣਾਂ ਦੇ ਖਜ਼ਾਨੇ) ਦੀ ਪ੍ਰਾਪਤੀ ਹੋਵੇਗੀ।

ਏ ਮਨ ਗੁਰ ਕੀ ਸਿਖ ਸੁਣਿ ਪਾਇਹਿ ਗੁਣੀ ਨਿਧਾਨੁ॥ (ਮ: 3 … 851)

ਗੁਰਬਾਣੀ ਦੁਆਰਾ ਹੀ ਗਿਆਨ ਪ੍ਰਾਪਤ ਹੋਵੇਗਾ।

ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖ ਵਸੈ ਮਨਿ ਆਇ॥ (ਮ: 3 … 650)

ਗੁਰੂ ਦੀ ਮੱਤ, (ਸਿਖਿਆ, ਉਪਦੇਸ਼, ਗਿਆਨ ਜਾਂ ਹੁਕਮ) ਤੇ ਚਲ ਕੇ ਗੁਣਾਂ ਨੂੰ ਧਾਰਨ ਕੀਤੇ ਬਿਨਾ ਪਰਮਾਤਮਾ ਨਾਲ ਮੇਲ (ਨਾਮ ਦੀ ਪ੍ਰਾਪਤੀ) ਸੰਭਵ ਨਹੀ ਹੈ। ਗੁਰ ਪ੍ਰਮਾਣਾਂ ਦੁਆਰਾ ਵੇਖਿਆ ਜਾ ਸਕਦਾ ਹੈ ਕਿ ਜਿਨ੍ਹਾ ਨੇ ਪਰਮਾਤਮਾ ਨੂੰ ਪਾਇਆ, ਉਹਨਾ ਕਿਹੜਾ ਨਾਮ ਤੇ ਕਿਵੇਂ ਜਪਿਆ?

1. ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ॥ (ਮ: 1, 17) ਪਰਮਾਤਮਾ ਨਾਲ ਮੇਲ ਹਾਸਲ ਕਰਨ ਵਾਲਿਆਂ ਨੂੰ ਗੁਰਬਾਣੀ ਸੋਹਾਗਣਿ ਮੰਨਦੀ ਹੈ। ਭਾਵ: ਸੋਹਾਗਣਾਂ ਨੂੰ ਪੁਛ ਵੇਖੋ ਕਿ ਤੁਸੀਂ ਪਰਮਾਤਮਾ ਨੂੰ ਕਿਵੇਂ ਪਾਇਆ? ਤਾਂ ਜਵਾਬ ਇਹ ਮਿਲਦਾ ਹੈ:-

ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥ ਪਿਰੁ ਰਿਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ॥ ਇਥੇ ਕਿਸੇ ਇੱਕ ਨਾਮ ਨੂੰ ਜਪਣ ਦੇ ਕਰਮ ਕਾਂਡ ਦਾ ਵਰਨਨ ਨਹੀਂ ਹੋਇਆ। ਪਿਛੇ ਵੇਖ ਆਏ ਹਾਂ ਕਿ ਗੁਣਾਂ ਦੀ ਸਮੁਚਤਾ ਨਾਮ ਹੈ ਤੇ ਗੁਣਾਂ ਨੂੰ ਧਾਰਨ ਕਰਨਾਂ ਹੀ ਨਾਮ ਜਪਣਾਂ ਹੈ। ਕਿਸੇ ਵੀ ਕਰਮ ਕਾਂਡ ਕੀਤੇ ਤੋਂ ਬਿਨਾਂ ਹੀ ਨਾਮ ਜਪਿਆ ਗਿਆ। ਗੁਰਸਿਖਿਆ ਤੇ ਚਲ ਕੇ ਸਹਜ, ਗੁਣਾਂ ਤੇ ਮਿਠੇ ਬੋਲਾਂ ਨੂੰ ਧਾਰਨ ਕਰਨ ਨਾਲ ਹੀ ਪ੍ਰਭੂ ਨਾਲ ਮੇਲ (ਨਾਮ) ਹਾਸਲ ਹੋ ਗਿਆ।

2. ਕਵਣੁ ਸੁ ਅਖਰੁ ਕਵਣੁ ਗੁਨ ਕਵਣੁ ਸੁ ਮਣੀਆ ਮੰਤੁ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ॥ (ਫਰੀਦ … 1384)

ਇਥੇ ਫੇਰ ਸਵਾਲ ਸਿਧਾ ਤੇ ਸਪਸ਼ਟ ਹੈ ਕਿ:- ਕਿਹੜੇ ਅਖਰ ਦਾ ਜਾਪ ਕਰਾਂ? ਕਿਹੜੇ ਗੁਨ ਨੂੰ ਧਾਰਨ ਕਰਾਂ? ਕਿਹੜੇ ਮੰਤ੍ਰ ਨੂੰ ਜਪਾਂ? ਕਿਹੜੇ ਵੇਸ ਨੂੰ ਧਾਰਨ ਕਰਾਂ? ਜਿਸ ਕਾਰਨ ਪਰਮਾਤਮਾ ਨਾਲ ਮੇਲ ਹੋ ਜਾਵੇ? ਅਗਰ ਕਿਸੇ ਮੰਤ੍ਰ ਦੇ ਜਾਪ ਨਾਲ ਪਾਇਆ ਜਾ ਸਕਦਾ ਹੁੰਦਾ ਤਾਂ ਇਥੇ ਅਵੱਸ਼ ਉਸਦਾ ਜ਼ਿਕਰ ਹੋਣਾ ਸੀ ਪਰ ਜਵਾਬ ਵਿੱਚ ਲਿਖਿਆ ਹੈ:-

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥ ਏ ਤ੍ਰੈ ਭੈਣੇ ਵੇਸ ਕਰਿ ਤਾ ਵਸਿ ਆਵੀ ਕੰਤੁ॥

ਨਿਮਰਤਾ ਨੂੰ ਅਖਰ ਬਣਾ, ਖਿਮਾ ਦਾ ਗੁਣ ਧਾਰਨ ਕਰ, ਅਤੇ ਮਿਠ ਬੋਲਣ ਨੂੰ ਮੰਤ੍ਰ ਬਣਾ। ਇਹਨਾਂ ਤਿਨਾਂ ਗੁਣਾਂ ਦਾ ਵੇਸ ਕਰਨ ਨਾਲ ਪਰਮਾਤਮਾ ਦਾ ਮੇਲ (ਨਾਮ) ਹਾਸਲ ਹੋ ਜਾਵੇਗਾ। ਇਥੇ ਫੇਰ ਕਿਸੇ ਕਰਮ ਕਾਂਡ ਦੀ ਗਲ ਨਹੀਂ ਕੇਵਲ ਗੁਣਾਂ ਨੂੰ ਧਾਰਨ ਕਰਨ ਦਾ ਹੀ ਉਪਦੇਸ਼ ਹੈ ਕਿਉਂਕਿ ਗੁਣਾਂ ਦੀ ਸਮੁਚਤਾ ਹੀ ਨਾਮ ਹੈ।

3. ਕਵਨ ਰੂਪੁ ਤੇਰਾ ਅਰਾਧਉ॥ (ਤੇਰੇ ਕਿਹੜੇ ਰੂਪ ਦੀ ਅਰਾਧਨਾ ਕਰਾਂ?)

ਕਵਨ ਜੋਗ ਕਾਇਆ ਲੇ ਸਾਧਉ॥ (ਸਰੀਰ ਦੀ ਸਾਧਨਾਂ ਕਿਵੇਂ ਕਰਾਂ?)

ਕਵਨ ਗੁਨੁ ਜੋ ਤੁਝੁ ਲੈ ਗਾਵਉ॥ (ਕਿਹੜਾ ਗੁਣ ਗਾ ਕੇ ਤੇਰਾ ਜਸ ਕਰਾਂ?)

ਕਵਨ ਬੋਲ ਪਾਰਬ੍ਰਹਿਮ ਰੀਝਾਵਉ॥ (ਕਿਹੜੇ ਬੋਲਾਂ ਨਾਲ ਪਰਮਾਤਮਾ ਨੂੰ ਰਿਝਾਵਾਂ?)

ਕਵਨ ਸੁ ਪੂਜਾ ਤੇਰੀ ਕਰਉ॥ (ਤੇਰੀ ਪੂਜਾ ਕਿਵੇਂ ਕਰਾਂ?)

ਕਵਨ ਸੁ ਬਿਧਿ ਜਿਤੁ ਭਵਜਲ ਤਰਉ॥ (ਵਿਕਾਰਾਂ ਦੇ ਭਵਜਲ ਤੋਂ ਕਿਵੇਂ ਤਰਾਂ?)

ਕਵਨ ਸੁ ਤਪੁ ਜਿਤੁ ਤਪੀਆ ਹੋਇ॥ (ਕਿਹੜੇ ਤਪ ਨਾਲ ਤੇਰਾ ਤਪੀਆ ਬਣਾਂ?)

ਕਵਨ ਸੁ ਨਾਮੁ ਹਉਮੈ ਮਲੁ ਖੋਇ॥ (ਕਿਹੜੇ ਨਾਮ ਨਾਲ ਹਉਮੈ ਦੀ ਮੈਲ ਦੂਰ ਹੋਵੇ?)

ਇਹਨਾਂ ਅਠਾਂ ਸਵਾਲਾਂ ਦਾ ਜਵਾਬ ਕੇਵਲ ਦੋ ਪੰਗਤੀਆਂ ਵਿੱਚ ਹੀ ਦਿੰਦੇ ਹਨ।

ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲਿ॥ ਜਿਸੁ ਕਰਿ ਕਿਰਪਾ ਸਤਿਗੁਰੁ ਮਿਲੇ ਦਇਆਲਿ॥ (ਮ: 5-186)

ਗੁਣਾਂ ਨੂੰ ਪੂਜਾ ਬਣਾ, ਗਿਆਨ ਨੂੰ ਧਿਆਨ ਬਣਾ, ਕੇਵਲ ਇਹੀ ਘਾਲਣਾਂ ਘਾਲਣੀ ਹੈ ਜਿਸ ਨਾਲ ਉਹਦੀ ਕਿਰਪਾ ਦਾ ਪਾਤਰ ਬਣੇਂਗਾ ਤੇ ੳਹਦੇ ਨਾਲ ਮਿਲਾਪ ਹੋ ਜਾਵੇਗਾ। ਇਥੇ ਫੇਰ ਕਿਸੇ ਨਾਮ ਜਪਣ ਦੇ ਕਰਮ ਕਾਂਡ ਦਾ ਜ਼ਿਕਰ ਨਹੀ ਪਰ ਗੁਣਾਂ ਤੇ ਗਿਆਨ ਦੁਆਰਾ ਪ੍ਰਭੂ ਮਿਲਾਪ (ਨਾਮ ਪ੍ਰਾਪਤ) ਹੋ ਗਿਆ ਕਿਉਂਕਿ ਗੁਰਮਤ ਵਿੱਚ ਇਹੀ (ਗੁਣ, ਗਿਆਨ) ਨਾਮ ਹਨ।

4. ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਿਗੁਰ ਪੂਛਉ ਜਾਇ॥ (ਮ: 3-34)

ਅਗਰ ਕਿਸੇ ਇੱਕ ਨਾਮ ਦਾ ਜਾਪ ਨਾਮ ਸਿਮਰਨ ਜਾਂ ਨਾਮ ਜਪਣਾਂ ਹੁੰਦਾ ਤਾਂ ਇਸ ਸਵਾਲ ਦੇ ਜਵਾਬ ਵਿੱਚ ਉਸਦਾ ਜ਼ਰੂਰ ਵਰਨਨ ਹੋਣਾਂ ਚਾਹੀਦਾ ਸੀ ਪਰ ਐਸਾ ਨਹੀ ਹੋਇਆ। ਸਵਾਲ ਇਹ ਸੀ ਕਿ ਸਤਿਗੁਰ ਕੋਲੋਂ ਇਹ ਪੁਛਿਆ ਕਿ ਮੈ ਕਿਸਦੀ ਸੇਵਾ ਕਰਾਂ ਤੇ ਕਿਹੜਾ ਜਾਪ ਕਰਾਂ? ਜਵਾਬ ਵਿੱਚ ਇਹ ਫੁਰਮਾਨ ਹੋਇਆ: -

ਸਤਿਗੁਰ ਕਾ ਭਾਣਾ ਮੰਨਿ ਲਈ ਵਿਚੋਂ ਆਪੁ ਗਵਾਇ॥ ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ॥ ਜਵਾਬ ਵਿੱਚ “ਹੁਕਮ ਰਜਾਈ” ਚਲਣ ਦੀ ਤਾਕੀਦ ਹੈ।

ਗੁਰਬਾਣੀ ਅਨੁਸਾਰ, “ਨਾਮ” ਹੁਕਮ ਹੈ, ਤੇ ਹੁਕਮ ਵਿੱਚ ਚਲ ਕੇ ਗੁਣਾਂ ਦੀ ਪ੍ਰਾਪਤੀ ਹੀ ਨਾਮ ਦੀ ਪ੍ਰਾਪਤੀ ਹੈ ਜੋ ਕੋਈ ਕਰਮ ਕਾਂਡ ਨਹੀ ਹੈ।

5. ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ॥ (ਮ: 4-40)

ਸਤਿਗੁਰ ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ ਪਰ ਉਸ ਜਹਾਜ਼ ਵਿੱਚ ਕਿਵੇਂ ਚੜਿਆ ਜਾਇ? ਅਗਰ ਇਸ ਨਾਮ ਦੇ ਜਹਾਜ਼ ਵਿੱਚ ਕਿਸੇ ਜਾਪ (ਦੇ ਕਰਮ ਕਾਂਡ) ਨਾਲ ਚੜਿਆ ਜਾ ਸਕਦਾ ਹੁੰਦਾ ਤਾਂ ਅਵੱਸ਼ ਉਸ ਨਾਮ ਅਤੇ ਨਾਮ ਜਪਣ ਦੀ ਵਿਧੀ ਦਾ ਵਰਨਨ ਹੋਣਾਂ ਸੀ ਪਰ ਜਵਾਬ ਵਿੱਚ ਫੁਰਮਾਨ ਹੈ:-

ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ॥

ਜੋ ਮਨੁਖ ਸਤਿਗੁਰ ਦੇ ਹੁਕਮ (ਸ਼ਬਦ, ਸਿਖਿਆ, ਮਤ, ਗਿਆਨ) ਤੇ ਤੁਰਦਾ ਹੈ ਉਹੀ ਨਾਮ ਦੇ ਜਹਾਜ਼ ਤੇ ਸਵਾਰ ਹੁੰਦਾ ਹੈ। “ਹੁਕਮ” ਨਾਮ ਹੈ ਤੇ “ਹੁਕਮ ਰਜਾਈ ਚਲਣਾ” ਨਾਮ ਦੀ ਪ੍ਰਾਪਤੀ ਹੈ। ਸਪਸ਼ਟੀਕਰਨ ਲਈ ਅਨੇਕਾਂ ਗੁਰਪ੍ਰਮਾਣਾਂ ਵਿਚੋਂ ਕੁੱਝ ਕੁ ਗੁਰਫੁਰਮਾਨ ਹੋਰ ਹਾਜ਼ਰ ਹਨ।

1. ਰਸਨਾ ਨਾਮੁ ਸਭੁ ਕੋਈ ਕਹੈ॥ ਸਤਿਗੁਰੁ ਸੇਵੇ ਤਾ ਨਾਮੁ ਲਹੈ॥ (ਮ: 3-1265) ਰਸਨਾਂ ਨਾਲ ਨਾਮ ਤਾਂ ਸਭ ਕੋਈ ਕਹਿੰਦਾ ਹੈ ਪਰ ਨਾਮ ਦੀ ਪ੍ਰਾਪਤੀ ਤਾਂ ਸਤਿਗੁਰ ਦੀ ਸ਼ਰਨ ਪੈਣ ਨਾਲ ਹੀ ਹੁੰਦੀ ਹੈ। ਸ਼ਰਨ ਪੈਣਾਂ ਹੀ “ਹੁਕਮ ਰਜਾਈਂ” ਚਲਣਾਂ ਹੈ ਤੇ ਇਹੀ ਨਾਮ ਦੀ ਪ੍ਰਾਪਤੀ ਹੈ। ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾ, (ਗੁਰਬਾਣੀ ਤੇ ਚਲੇ ਬਿਨਾ) ਕਿਸੇ ਨਾਮ ਦਾ ਰਸਨਾ ਨਾਲ ਰਟਣ ਨਿਸਫਲ ਹੈ।

2. ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥ (ਮ: 3-555)

ਜੇ ਰਾਮ (ਜਾਂ ਕੋਈ ਹੋਰ ਇੱਕ ਨਾਮ) ਦੇ ਜਪਣ ਨਾਲ ਪਰਮਾਤਮਾ ਪਾਇਆ ਜਾ ਸਕਦਾ ਹੁੰਦਾ ਤਾਂ ਇਹ ਕਰਮ ਕਾਂਡ ਤਾਂ ਸਾਰਾ ਜਗਤ ਕਰਿ ਰਿਹਾ ਹੈ, ਪਰ ਇਸ ਤਰਾਂ ਪਰਮਾਤਮਾ ਨਹੀ ਮਿਲਦਾ। ਏਸੇ ਸ਼ਬਦ ਵਿੱਚ ਅੱਗੇ ਚਲਕੇ ਲਿਖਿਆ ਹੈ- ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ॥ ਗੁਰ ਕੈ ਸਬਦਿ ਭੇਦਿਅ ਇਨ ਬਿਧਿ ਵਸਿਆ ਮਨਿ ਆਇ॥ ਸਪਸ਼ਟ ਕਰ ਦਿੱਤਾ ਕਿ ਗੁਰੂ ਦੇ ਸਬਦ (ਹੁਕਮ) ਤੇ ਚਲਿਆਂ ਹੀ ਨਾਮ ਮਨ ਵਿੱਚ ਵਸਣਾ ਹੈ ਕਿਉਂਕਿ “ਹੁਕਮ” ਹੀ “ਨਾਮ” ਹੈ।

3. ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ॥ ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ॥ (ਮ: 1-422) ਤੇਰੇ ਨਾਮ ਲੈਣ ਦਾ ਕਰਮ ਕਾਂਡ ਤਾਂ ਹਰ ਕੋਈ ਕਰ ਰਿਹਾ ਹੈ ਪਰ ਤੇਰੇ ਨਾਮ ਦੀ ਸੂਝ, ਤੇਰੇ ਹੁਕਮ ਵਿੱਚ ਚਲਣ ਵਾਲੇ ਗੁਰਮੁਖਿ ਨੂੰ ਹੀ ਪੈਂਦੀ ਹੈ, ਬਾਕੀ ਹੋਰ (ਮਨਮੁਖ) ਅੇਵੇਂ ਭਟਕਦੇ ਫਿਰਦੇ ਹਨ।

4. ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ॥ ਪੂਰੇ ਗੁਰ ਕੈ ਸਬਦਿ ਪਛਾਤਾ॥ (127)

ਹਰੀ ਦੇ ਨਾਮ ਬਾਰੇ ਕਿਸੇ ਵਿਰਲੇ ਨੂੰ ਹੀ ਪਤਾ ਹੈ। ਇਸ ਨਾਮ ਦੀ ਸੂਝ ਪੂਰੇ ਗੁਰੂ ਦੀ ਸਿਖਿਆ (ਮਤ, ਗਿਆਨ, ਗੁਰਬਾਣੀ ਹੁਕਮ, ਬਚਨ) ਦੁਆਰਾ ਹੀ ਮਿਲਦੀ ਹੈ, ਕਿਉਂਕਿ ਗੁਰੂ ਦੀ ਸਿਖਿਆ ਹੀ ਨਾਮ ਹੈ ਤੇ ਸਿਖਿਆ ਤੇ ਚਲਣਾਂ ਹੀ ਨਾਮ ਜਪਣਾਂ ਜਾਂ ਨਾਮ ਸਿਮਰਨਾ ਹੈ।

5. ਕਾਹੂ ਬੋਲ ਨ ਪਹੁਚਤ ਪ੍ਰਾਨੀ॥ ਅਗਮ ਅਗੋਚਰ ਪ੍ਰਭ ਨਿਰਬਾਨੀ॥ (ਮ: 5-287)

ਮਨੁਖ ਕਿਸੇ ਵੀ ਬੋਲਾਂ ਰਾਹੀਂ ਪਰਮਾਤਮਾ ਨੂੰ ਨਹੀ ਪਾ ਸਕਦਾ ਕਿਉਂਕਿ ਉਹ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਹੈ। ਫਿਰ ਮੂੰਹ ਨਾਲ ਜਪਿਆ ਕਰਮ ਕਾਂਡ ਨਾਮ ਜਪਣਾ ਜਾਂ ਨਾਮ ਸਿਮਰਨਾ ਕਿਵੇਂ ਹੋ ਸਕਦਾ ਹੈ? ਗੁਰੂ ਸੂਚਤ ਕਰਦਾ ਹੈ:-

1. ਅੰਤਰਿ ਗਿਆਨ ਨ ਆਇਉ, ਜਿਤੁ ਕਿਛੁ ਸੋਝੀ ਪਾਇ॥ ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ॥ ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ॥ (ਮ: 3-646)

ਜਿਸ ਗਿਆਨ ਦੁਆਰਾ ਪਰਮਾਤਮਾ ਦੀ ਕੁਛ ਸੂਝ ਪੈਣੀ ਸੀ, ਉਹ ਤਾਂ ਅੰਦਰ ਪ੍ਰਗਟ ਨਹੀਂ ਹੋਇਆ, ਫਿਰ ਜਿਸ ਹਰੀ ਨੂੰ ਕਦੇ ਵੇਖਿਆ ਨਹੀਂ ਉਸਦੀ ਉਸਤਤ ਕਿਵੇਂ ਹੋ ਸਕੇ? ਅਗਿਆਨੀ ਅਗਿਆਨਤਾ ਦੀ ਹੀ ਕਮਾਈ ਕਰਦਾ ਹੈ। ਜੇ ਸਬਦ (ਗੁਰਬਾਣੀ, ਗੁਰਸਿਖਿਆ, ਗੁਰਮਤ, ਗੁਰਗਿਆਨ, ਗੁਰਬਚਨ) ਨੂੰ ਪਛਾਣੀਏ (ਭਾਵ ਗੁਰਉਪਦੇਸ਼ ਤੇ ਚਲੀਏ) ਤਾਂ ਹਰੀ ਦਾ ਨਾਮ ਮਨ ਵਿੱਚ ਆ ਵਸਦਾ ਹੈ ਕਿਉਂਕਿ ਗੁਰਸਿਖਿਆ ਹੀ ਨਾਮ ਹੈ। 2. ਬਿਨੁ ਗੁਰ ਦੀਖਿਆ ਕੈਸੇ ਗਿਆਨੁ॥ ਬਿਨੁ ਪੇਖੇ ਕਹੁ ਕੈਸੋ ਧਿਆਨੁ॥ (1140)

ਗੁਰੂ ਦੇ ਉਪਦੇਸ਼ (ਗਿਆਨ) ਤੋਂ ਬਿਨਾਂ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ। ਹਰੀ ਨੂੰ ਵੇਖੇ ਬਿਨਾ ਉਸਦਾ ਧਿਆਨ ਕਿਵੇਂ ਹੋ ਸਕਦਾ ਹੈ? ਗੁਰਗਿਆਨ ਨੂੰ ਮਨ ਵਸਾਉਣਾ ਹੀ ਉਸਦਾ ਧਿਆਨ ਕਰਨਾ ਹੈ।

1. ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ॥ ਨਾਨਕ ਜਿਨਿ ਅਖੀ ਲ਼ੀਤੀਆ ਸੋਈ ਸਚਾ ਦੇਇ॥ (ਮ: 3-83)

ਪਤੀ ਪਰਮਾਤਮਾ ਨੂੰ ਵੇਖੇ ਬਿਨਾ (ਗਿਆਨ ਦੁਆਰਾ ਉਸਨੂੰ ਜਾਣੇ ਬਿਨਾ) ਉਸ ਨਾਲ ਪ੍ਰੀਤ ਨਹੀ ਪੈ ਸਕਦੀ। ਜਿਸ ਪ੍ਰਭੂ ਨੇ ਅੱਖਾਂ ਲੈ ਲਈਆਂ (ਭਾਵ ਗਿਆਨ ਤੋਂ ਸੱਖਣਾ ਰਖਿਆ) ਉਹੀ ਅਖਾਂ ਦੇਵੇਗਾ (ਭਾਵ ਗਿਆਨ ਦੇਵੇਗਾ) ਸੋ ਸਪਸ਼ਟ ਹੈ ਕਿ ਪਰਮਾਤਮਾ ਨੂੰ ਵੇਖੇ ਬਿਨਾ (ਗਿਆਨ ਦੁਆਰਾ ਜਾਣੇ ਬਿਨਾ) ਨਾਂ ਉਸਦੀ ਉਸਤਤ ਹੋ ਸਕਦੀ ਹੈ, ਨਾਂ ਹੀ ਉਸਦਾ ਧਿਆਨ ਹੋ ਸਕਦਾ ਹੈ, ਨਾਂ ਹੀ ਉਸ ਨਾਲ ਪ੍ਰੀਤ ਪੈ ਸਕਦੀ ਹੈ ਅਤੇ ਨਾ ਹੀ ਉਸਨੂੰ ਜਪਿਆ ਜਾ ਸਕਦਾ ਹੈ। ਗੁਰਮਤਿ ਪੁਰਜ਼ੋਰ ਸੁਚੇਤ ਕਰਦੀ ਹੈ ਕਿ:-

1. ਸਬਦੇ ਹੀ ਨਾਉ ਉਪਜੈ ਸਬਦੇ ਮੇਲਿ ਮਿਲਾਇਆ॥ (ਮ: 3-643)

2. ਮੋਲਿ ਕਿਤਹੀ ਨਾਮੁ ਪਾਈਐ ਨਾਹੀ ਨਾਮੁ ਪਾਈਐ ਗੁਰ ਬੀਚਾਰਾ॥ (754)

3. ਮਨ ਮੇਰੇ ਗੁਰਸਬਦੀ ਹਰਿ ਪਾਇਆ ਜਾਇ॥ (ਮ: 3-600)

4. ਸਾਚੁ ਨਾਮੁ ਗੁਰਸਬਦਿ ਵੀਚਾਰਿ॥ (ਮ: 1-355)

5. ਸਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ॥ (ਮ: 3-1087)

ਗੁਰਸਬਦਿ (ਗੁਰਗਿਆਨ, ਗੁਰਮਤਿ, ਗੁਰਬਾਣੀ, ਗੁਰਸਿਖਿਆ, ਗੁਰਉਪਦੇਸ) ਬਿਨਾ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਗੁਰਸਬਦ ਹੀ ਨਾਮ ਹੈ ਤੇ ਗੁਰਸਬਦ ਤੇ ਚਲਣਾਂ ਹੀ ਨਾਮ ਸਿਮਰਨ ਜਾਂ ਨਾਮ ਜਪਣਾਂ ਹੈ। ਬੇਅੰਤ ਗੁਰਪ੍ਰਮਾਣ ਇਸ ਦਾ ਸਪਸ਼ਟੀਕਰਨ ਕਰਦੇ ਹਨ:-

1. ਜਿਨਿ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨ ਧਿਆਇਆ ਹਰਿ ਸੋਇ॥ ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲ ਹੋਇ॥ (ਮ: 3-27)

ਜੋ ਗੁਰਬਾਣੀ ਨੂੰ ਸੁਣ ਕੇ ਮੰਨ ਲੈਂਦੇ ਹਨ (ਭਾਵ ਉਸਤੇ ਚਲਦੇ ਹਨ) ਉਹੀ ਅਸਲ ਵਿੱਚ ਹਰਿ ਨਾਮ ਧਿਆਉਂਦੇ ਹਨ। ਏਸੇ ਭਗਤੀ ਵਿੱਚ ਰਾਤ ਦਿਨ ਰਤਿਆਂ ਮਨ ਤਨ ਨਿਰਮਲ ਹੋ ਜਾਂਦਾ ਹੈ।

2. ਗੁਰਸਬਦੀ ਮਨਿ ਨਾਮੁ ਨਿਵਾਸੁ॥ ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ॥ (ਮ: 3-158)

ਗੁਰਸਬਦ (ਗੁਰਬਾਣੀ) ਦੁਆਰਾ ਹੀ ਮਨ ਵਿੱਚ ਨਾਮ ਦਾ ਨਿਵਾਸ ਹੋਣਾਂ ਹੈ। ਹੇ ਨਾਨਕ ਉਹ ਸੱਚਾ ਭਾਂਡਾ (ਸਰੀਰ) ਹੈ ਜਿਸ ਅੰਦਰਿ ਗੁਰੂ ਦੇ ਸਬਦ (ਸਿਖਿਆ, ਗਿਆਨ)) ਦੀ ਪਿਆਸ ਹੈ।

3. ਗੁਰਮਤਿ ਨਾਮੁ ਪ੍ਰਾਪਤਿ ਹੋਇ॥ ਵਡਿਭਾਗੀ ਹਰਿ ਪਾਵੈ ਸੋਇ॥ (ਮ: 3-1175) ਗੁਰਮਤ (ਗੁਰਬਾਣੀ) ਦੁਆਰਾ ਹੀ ਨਾਮ ਦੀ ਪ੍ਰਾਪਤੀ ਮੁਮਕਿਨ ਹੈ ਤੇ ਇਹ ਕਿਸੇ ਵਡੇ ਭਾਗਾਂ (ਉਦਮ ਕਰਨ) ਵਾਲੇ ਨੂੰ ਹੀ ਨਸੀਬ ਹੁੰਦੀ ਹੈ।

ਗੁਰਪਰਮਾਣਾਂ ਤੋਂ ਬਿਲਕੁਲ ਸਪਸ਼ਟ ਹੈ ਕਿ ਨਾਮ ਸਿਮਰਨ ਜਾਂ ਨਾਮ ਜਪਣਾਂ ਕੋਈ ਗੋਰਖ ਧੰਧਾ ਨਹੀ ਬਲਿਕੇ ਗੁਰਬਾਣੀ ਤੇ ਚਲ ਕੇ ਗੁਣਾਂ ਨੂੰ ਧਾਰਨ ਕਰਨਾ ਹੀ ਹੈ। ਅੱਖਾਂ ਬੰਦ ਕਰਕੇ, ਚੌਂਕੜਾ ਮਾਰ ਕੇ ਕਿਸੇ ਇੱਕ ਨਾਮ ਦੇ ਜਪਣ ਜਾਂ ਸਿਮਰਨ ਦੀ ਵਿਧੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਵੀ ਅੰਕਤ ਨਹੀ ਹੈ ਪਰ ਇਸ ਕਰਮ ਕਾਂਡ ਦੀ ਨਿਖੇਦੀ ਜ਼ਰੂਰ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ (ਯੂ. ਕੇ)
.