.

ਗੁਰਮੁਖ ਅਤੇ ਮਨਮੁਖ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ, ਮੈਂਬਰ ਧਰਮ ਪ੍ਰਚਾਰ ਕਮੇਟੀ. ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ

ਮਨੁੱਖ ਇੱਕੋ ਪਰ ਜ਼ਿੰਦਗੀ ਦੇ ਦੋ ਰੂਪ-ਗੁਰਬਾਣੀ ਦੀ ਗਹੁ ਨਾਲ ਵਿਚਾਰ ਕਰੋ, ਸਪਸ਼ਟ ਹੁੰਦੇ ਦੇਰ ਨਹੀਂ ਲਗਦੀ ਕਿ ਗੁਰਦੇਵ ਨੇ ਸੰਸਾਰ ਭਰ ਦੇ ਮਨੁੱਖ ਨੂੰ ਕੇਵਲ ਦੋ ਹੀ ਭਾਗਾਂ `ਚ ਵੰਡਿਆ ਹੈ-ਪਹਿਲਾ ਗੁਰਮੁਖ ਤੇ ਦੂਜਾ ਮਨਮੁਖ। ਗੁਰਮੁਖ ਉਹ ਹਨ, ਜੋ ਗੁਰੂ-ਗੁਰਬਾਣੀ ਦੀ ਆਗਿਆ-ਆਦੇਸ਼ਾਂ ਅਨੁਸਾਰ ਜੀਵਨ ਦੀ ਸੰਭਾਲ ਕਰਦੇ ਹਨ। ਦੂਜੇ ਮਨਮੁਖ ਹਨ, ਜੋ ਆਪਣੇ ਮਨ ਪਿਛੇ ਟੁਰਦੇ ਹਨ, ਗੁਰਬਾਣੀ `ਚ ਉਨ੍ਹਾਂ ਨੂੰ ਮਨਮਤੀਏ ਵੀ ਕਿਹਾ ਹੈ। ਅਜਿਹੇ ਮਨਮਤੀਏ, ਅਣਜਾਣੇ `ਚ ਜੀਵਨ ਅੰਦਰ ਨਿੱਤ ਮਨਮੱਤਾਂ ਦੇ ਹੋ ਰਹੇ ਵਿਸਤਾਰ ਕਾਰਨ, ਅਣਮੱਤਾਂ, ਹੂੜਮੱਤਾਂ, ਆਪਹੁੱਦਰੇਪਣ, ਦੁਰਮੱਤਾ ਆਦਿ `ਚ ਆਪਣੇ ਜੀਵਨ ਨੂੰ ਬਤੀਤ ਕਰ ਦਿੰਦੇ ਹਨ। ਕਈ ਵਾਰ ਤਾਂ ਛੋਟੇ ਨਹੀਂ ਬਲਕਿ ਭਿਅੰਕਰ ਗੁਣਾਹਾਂ ਤੱਕ ਦੀ ਭੱਠੀ `ਚ ਜਾ ਡਿਗਦੇ ਹਨ, ਜਿਥੋਂ ਜੀਵਨ ਭਰ ਨਿਕਲਣਾ ਤਾਂ ਦੂਰ, ਉਨ੍ਹਾਂ ਦੀ ਜ਼ਿੰਦਗੀ ਦੇ ਆਖਿਰੀ ਪਲ ਵੀ ਕਾਲ-ਕੋਠਰੀਆਂ `ਚ ਹੀ ਬੀਤਦੇ ਹਨ।

ਗੁਰਮੁਖ ਤੇ ਮਨਮੁਖ, ਗੁਰਬਾਣੀ ਦੇ ਮੁਖ ਅੰਗ ਹਨ- ਗੁਰਬਾਣੀ ਦੇ ਅਰੰਭ ਤੋਂ “ਤਨੁ, ਮਨੁ ਥੀਵੈ ਹਰਿਆ” ਭਾਵ ਸਮਾਪਤੀ ਤੱਕ, ਗੁਰਬਾਣੀ `ਚ ਮਨੁੱਖਾ ਜੀਵਨ ਦੇ ਇਨ੍ਹਾਂ ਦੋਨਾਂ ਪੱਖਾਂ ਦੀ ਵਿਸਤਾਰ ਭਰਪੂਰ ਵਿਆਖਿਆ ਮਿਲਦੀ ਹੈ। ਇਸ ਲਈ ਇਹ ਗੁਰਮੱਤ ਦਾ ਮੁੱਖ ਵਿਸ਼ਾ ਹੋਣ ਕਾਰਨ, ਅਸਾਂ ਇਸ ਨੂੰ ਨਿਰੋਲ ਗੁਰਬਾਣੀ ਆਧਾਰ `ਤੇ ਪਰ ਅਤੀ ਸੰਖੇਪ `ਚ ਸਮਝਣ ਦਾ ਜ਼ਰੂਰ ਯਤਣ ਕਰਣਾ ਹੈ। ਉਹ ਇਸ ਲਈ, ਤਾ ਕਿ ਸਾਡੀ ਅਜਿਹੀ ਜਾਗ੍ਰਿਤੀ ਹੀ ਅੱਗੇ ਜਾ ਕੇ ਗੁਰਬਾਣੀ ਦੀ ਮੂਲ ਵਿਚਾਰਧਾਰਾ ਨੂੰ ਸਮਝਣ `ਚ ਸਾਡੇ ਲਈ ਵੱਡੀ ਮਦਦਗਾਰ ਸਾਬਤ ਹੋ ਸਕਦੀ ਹੈ।

“ਵਿਚਿ ਪੜਦਾ ਹਉਮੈ ਪਾਈ” -ਗੁਰਬਾਣੀ ਵਿਚਲੇ ਗੁਰਮੁਖ ਤੇ ਮਨਮੁਖ ਵਾਲੇ ਵਿਸ਼ੇ ਵੱਲ ਅੱਗੇ ਵਧਣ ਤੋਂ ਪਹਿਲਾਂ, ਗੁਰਬਾਣੀ ਰਾਹੀਂ ਪ੍ਰਗਟ ਵਿਕਾਰਾਂ ਨੂੰ ਵੀ ਪਹਿਚਾਨਣ ਦੀ ਲੋੜ ਹੈ। ਗੁਰਬਾਣੀ `ਚ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਵਿਕਾਰਾਂ ਦੀ ਗਿਣਤੀ ਪੰਜ ਦਿੱਤੀ ਗਈ ਹੈ। ਉਪ੍ਰੰਤ ਇਨ੍ਹਾਂ ਵਿਕਾਰਾਂ ਚੋਂ ਵੀ ਸਭ ਤੋਂ ਪ੍ਰਮੁੱਖ ਵਿਕਾਰ ਹਉਮੈ ਅਥਵਾ ਹੰਕਾਰ ਨੂਂ ਸਾਬਤ ਕੀਤਾ ਹੈ। ਜੀਵ ਚੂੰਕਿ ਪ੍ਰਭੂ ਦਾ ਅੰਸ਼ ਹੈ, ਇਸ ਲਈ ਜਦੋਂ ਤੱਕ ਜੀਵ ਤੇ ਪ੍ਰਭੂ ਵਿਚਕਾਰ ਹਉਮੈ ਦਾ ਪਰਦਾ ਕਾਇਮ ਰਹਿੰਦਾ ਹੈ, ਤੱਦ ਤੱਕ ਪ੍ਰਭੂ ਤੇ ਜੀਵ ਦਾ ਆਪਸੀ ਮਿਲਾਪ ਹੀ ਸੰਭਵ ਨਹੀਂ। ਉਪ੍ਰੰਤ ਮਨੁੱਖ ਰਾਹੀਂ ਗੁਰੂ-ਗਿਆਨ `ਚ ਵਿਚਰ ਕੇ ਜਦੋਂ ਉਸੇ ਜੀਵ ਅੰਦਰੋਂ ਹਉਮੈ ਵਾਲਾ ਇਹ ਪਰਦਾ ਟੁੱਟ ਜਾਂਦਾ ਹੈ ਤਾਂ ਪ੍ਰਭੂ ਤੇ ਜੀਵ ਵਿਚਲੀ ਇਹ ਵਿੱਥ ਵੀ ਆਪਣੇ ਆਪ ਹੀ ਖ਼ਤਮ ਹੋ ਜਾਂਦੀ ਹੈ।

ਫ਼ੁਰਮਾਨ ਹੈ ਧਨ ਪਿਰ ਕਾ ਇੱਕ ਹੀ ਸੰਗਿ ਵਾਸਾ, ਵਿਚਿ ਹਉਮੈ ਭੀਤਿ ਕਰਾਰੀ॥ ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ” (ਪੰ: ੧੨੬੩) ਅਥਵਾ ਅੰਤਰਿ ਅਲਖੁ ਨ ਜਾਈ ਲਖਿਆ, ਵਿਚਿ ਪੜਦਾ ਹਉਮੈ ਪਾਈ” (ਪੰ: ੨੦੫)। ਬੱਸ ਇਹੀ ਫ਼ਾਸਲਾ ਹੈ ਮਨਮੁਖ ਤੇ ਗੁਰਮੁਖ ਦੇ ਜੀਵਨ ਵਿਚਕਾਰ। ਇਸ ਤਰ੍ਹਾਂ ਜੇਕਰ ਜੀਵਨ ਅੰਦਰੋਂ ਹਉਮੈ ਵਾਲਾ ਪਰਦਾ ਟੁੱਟ ਜਾਵੇ ਤਾਂ ਇਸ ਅਵਸਥਾ `ਚ ਹੰਕਾਰ ਸਮੇਤ, ਪੰਜਾਂ ਚੋਂ ਇੱਕ ਵੀ ਵਕਾਰ ਮਨੁੱਖ ਦੇ ਨੇੜੇ ਨਹੀਂ ਫਟਕਦਾ।

ਗੁਰਮੁਖ ਦਾ ਅਨੰਦਮਈ ਜੀਵਨ- ਫ਼ੁਰਮਾਨ ਹੈ “ਗੁਰਮੁਖਿ ਵਿਚਹੁ ਆਪ ਗਵਾਇ॥ ਹਰਿ ਰੰਗਿ ਰਾਤੇ ਮੋਹੁ ਚੁਕਾਇ॥ ਅਤਿ ਨਿਰਮਲੁ ਗੁਰ ਸਬਦ ਵੀਚਾਰ॥ ਨਾਨਕ ਨਾਮਿ ਸਵਾਰਣਹਾਰ” (ਪੰ: ੩੬੨) ਭਾਵ ਅਜਿਹੇ ਜੀਊੜੇ ਦੇ ਜੀਵਨ ਅੰਦਰ ਮਾਨਸਿਕ ਟਿਕਾਅ, ਸੰਤੋਖ, ਪਰੳਪਕਾਰ ਆਦਿ ਇਲਾਹੀ ਗੁਣ ਸੁਭਾਵਕ ਹੀ ਉਗਮ ਆਉਂਦੇ ਹਨ। ਜੀਵਨ ਸਦਾਚਾਰਕ, ਉੱਚ ਆਚਰਣ ਵਾਲਾ ਤੇ ਅਨੰਦਮਈ ਬਣ ਜਾਂਦਾ ਹੈ। ਅਜਿਹੇ ਸਫ਼ਲ ਜੀਵਨ ਮਨੁੱਖ, “ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ॥ ਜਨਮ ਮਰਣ ਦੋਊ ਦੁਖ ਭਾਗੇ” (ਪੰ: ੧੧੭੮) ਭਾਵ ਮੌਤ ਤੋਂ ਬਾਅਦ ਪ੍ਰਭੂ `ਚ ਹੀ ਅਭੇਦ ਹੋ ਜਾਂਦੇ ਹਨ, ਮੁੜ ਜਨਮ-ਮਰਣ ਦੇ ਗੇੜ੍ਹ `ਚ ਨਹੀਂ ਆਉਂਦੇ। ਅਜਿਹੇ ਜੀਵਨ ਅੰਦਰ ਤ੍ਰਿਸ਼ਨਾ, ਭਟਕਣਾ, ਚਿੰਤਾ, ਨਿਰਾਸ਼ਾ, ਹਾਇ ਤੋਬਾ ਵਰਗੇ ਉਖਾੜ ਰਹਿੰਦੇ ਹੀ ਨਹੀਂ। ਗੁਣਾਹ ਤਾਂ ਅਜਿਹੇ ਜੀਵਨ ਦਾ ਹਿੱਸਾ ਹੀ ਨਹੀਂ ਰਹਿ ਜਾਂਦੇ। ਅਜਿਹੇ ਜੀਵਨ ਨੂੰ ਹੀ ਗੁਰਬਾਣੀ `ਚ ਗੁਰਮੁਖ ਤੇ ਸਫ਼ਲ ਜੀਵਨ ਕਿਹਾ ਹੈ। ਅਜਿਹੇ ਜੀਵਨ ਲਈ ਹੀ ਗੁਰਬਾਣੀ `ਚ ਸੁਚਿਆਰਾ, ਭਗਵਤੀ, ਵਡਭਾਗੀ ਆਦਿ ਸ਼ਬਦਾਵਲੀ ਵੀ ਆਈ ਹੈ। ਦਰਅਸਲ ਇਹੀ ਹੈ ਮਨੁੱਖਾ ਜੂਨ ਮਿਲਣ ਦਾ ਅਸਲ ਮਕਸਦ ਜਿਸ ਲਈ ਅਕਾਲਪੁਰਖ ਨੇ ਸਾਨੂੰ ਅਨੇਕਾਂ ਜੂਨਾਂ `ਚੋਂ ਕਢਕੇ ਮਨੁੱਖਾ ਜੂਨ ਵਾਲਾ ਅਵਸਰ ਬਖ਼ਸ਼ਿਆ ਹੁੰਦਾ ਹੈ।

ਮਨਮੁਖ ਦਾ ਜੀਵਨ? -ਦੂਜੇ ਪਾਸੇ ਮਨਮੁਖ ਬਾਰੇ ਫ਼ੁਰਮਾਨ ਹੈ “ਮਨਮੁਖ ਮਾਇਆ ਮੋਹੁ ਹੈ, ਨਾਮਿ ਨ ਲਗੋ ਪਿਆਰੁ॥ ਕੂੜੁ ਕਮਾਵੈ ਕੂੜੁ ਸੰਗ੍ਰਹੈ, ਕੂੜੁ ਕਰੇ ਆਹਾਰੁ॥ ਬਿਖੁ ਮਾਇਆ ਧਨੁ ਸੰਚਿ ਮਰਹਿ, ਅੰਤੇ ਹੋਇ ਸਭੁ ਛਾਰੁ॥ ਕਰਮ ਧਰਮ ਸੁਚ ਸੰਜਮ ਕਰਹਿ, ਅੰਤਰਿ ਲੋਭੁ ਵਿਕਾਰੁ॥ ਨਾਨਕ ਜਿ ਮਨਮੁਖੁ ਕਮਾਵੈ, ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ” (ਪੰ: ੫੫੨) ਅਤੇ ਕਾਰਨ ਹੁੰਦਾ ਹੈ “ਹਉਮੈ ਵਿਚਿ ਪ੍ਰਭੁ ਕੋਇ ਨ ਪਾਏ॥ ਮੂਲਹੁ ਭੁਲਾ ਜਨਮੁ ਗਵਾਏ” (ਪੰ: ੬੬੪) ਅਜਿਹਾ ਮਨੁੱਖ ਹਊਮੈ ਕਾਰਨ ਅੰਦਰ ਵੱਸ ਰਹੇ ਪ੍ਰਭੂ ਨੂੰ ਤਾਂ ਪਛਾਣਦਾ ਹੀ ਨਹੀਂ। ਕਿਉਂਕਿ ਮਨਮੁਖਿ ਸਬਦੁ ਨ ਭਾਵੈ, ਬੰਧਨਿ ਬੰਧਿ ਭਵਾਇਆ॥ ਲਖ ਚਉਰਾਸੀਹ ਫਿਰਿ ਫਿਰਿ ਆਵੈ, ਬਿਰਥਾ ਜਨਮੁ ਗਵਾਇਆ” (ਪੰ: ੬੯) ਇਸ ਤਰ੍ਹਾਂ ਮਨਮੁਖ, ਜੀਵਨ ਭਰ ਆਪਣੇ ਮੂਲ, ਪ੍ਰਭੂ ਤੋਂ ਟੁੱਟਾ ਰਹਿਕੇ ਗੁਮਰਾਹ ਤੇ ਕੁਰਾਹੇ ਪਿਆ ਰਹਿੰਦਾ ਹੈ। ਉਪ੍ਰੰਤ, ਸਰੀਰ `ਚ ਹੁੰਦੇ ਵੀ ਉਹ ਆਤਮਕ ਮੌਤੇ ਮਰਿਆ ਹੁੰਦਾ ਤੇ ਸਰੀਰਕ ਮੌਤ ਬਾਅਦ ਵੀ ਫ਼ਿਰ ਤੋਂ ਜੂਨਾਂ-ਜਨਮਾਂ ਦੇ ਗੇੜ੍ਹ `ਚ ਹੀ ਪੈਂਦਾ ਹੈ। ਅਜਿਹੇ ਜੀਵਨ ਨੂੰ ਹੀ ਗੁਰਬਾਣੀ `ਚ ਅਸਫ਼ਲ ਜੀਵਨ, ਅਭਾਗਾ ਤੇ ਮਨਮਤੀਆ ਜੀਵਨ ਵੀ ਕਿਹਾ ਹੈ।

ਮਨਮਤੀਏ ਦਾ ਜੀਵਨ ਕਿਸ ਤਰ੍ਹਾਂ ਚਲਦਾ ਹੈ ਗੁਰਦੇਵ ਫ਼ੁਰਮਾਉਂਦੇ ਹਨ “ਬੁਰੇ ਕਾਮ ਕਉ ਊਠਿ ਖਲੋਇਆ॥ ਨਾਮ ਕੀ ਬੇਲਾ ਪੈ ਪੈ ਸੋਇਆ॥ ॥ ਅਉਸਰੁ ਅਪਨਾ ਬੂਝੈ ਨ ਇਆਨਾ॥ ਮਾਇਆ ਮੋਹ ਰੰਗਿ ਲਪਟਾਨਾ” (ਪੰ: ੭੩੮) ਕਿਉਂਕਿ “ਸਤਿਗੁਰੁ ਜਿਨੀ ਨ ਸੇਵਿਓ, ਸੇ ਕਿਤੁ ਆਏ ਸੰਸਾਰਿ॥ ਜਮ ਦਰਿ ਬਧੇ ਮਾਰੀਅਹਿ, ਕੂਕ ਨ ਸੁਣੈ ਪੂਕਾਰ॥ ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ” (ਪੰ: ੬੯) ਇਸ ਦਾ ਮੁਖ ਕਾਰਨ ਹੀ ਪ੍ਰਭੂ ਤੇ ਮਨੁੱਖ ਵਿਚਾਲੇ ਹਉਮੈ ਦਾ ਪਰਦਾ ਹੁੰਦਾ ਹੈ ਜਿਸ ਤੋਂ ਉਸ ਦਾ ਜੀਵਨ ਕਰਮਾਂ ਦਾ ਜਾਲ ਬਣ ਕੇ ਹੀ ਰਹਿ ਜਾਂਦਾ ਹੈ। ਇਥੋਂ ਤੱਕ ਕਿ ਉਸ ਦੇ ਧਾਰਮਕ ਕਰਮ ਵੀ ਉਸ ਨੂੰ ਜਨਮ-ਮਰਣ ਦੇ ਗੇੜ੍ਹ ਵੱਲ ਹੀ ਧੱਕਦੇ ਹਨ ਜਿਵੇਂ “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ” (੨੭੮) ਜਾਂ “ਤੀਰਥ ਬਰਤ ਅਰੁ ਦਾਨ ਕਰਿ, ਮਨ ਮੈ ਧਰੈ ਗੁਮਾਨੁ॥ ਨਾਨਕ ਨਿਹਫਲੁ ਜਾਤ ਤਿਹ ਜਿਉ ਕੁੰਚਰ ਇਸਨਾਨ” (੧੪੨੮) ਤੇ “ਲਖ ਨੇਕੀਆ ਚੰਗਿਆਈਆ, ਲਖ ਪੁੰਨਾ ਪਰਵਾਣੁ॥ ਲਖ ਤਪ ਉਪਰਿ ਤੀਰਥਾਂ, ਸਹਜ ਜੋਗ ਬੇਬਾਣ॥ ਲਖ ਸੂਰਤਣ ਸੰਗਰਾਮ, ਰਣ ਮਹਿ ਛੁਟਹਿ ਪਰਾਣ॥ ਲਖ ਸੁਰਤੀ ਲਖ ਗਿਆਨ ਧਿਆਨ, ਪੜੀਅਹਿ ਪਾਠ ਪੁਰਾਣ॥ ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ॥ ਨਾਨਕ ਮਤੀ ਮਿਥਿਆ. .”, “ਕਰਮੁ ਸਚਾ ਨੀਸਾਣੁ” (ਪੰ੪੬੭) ਕਿਉਂਕਿ ਮਨੁੱਖ ਨੂੰ ਗੁਰਮੁਖ ਹੋਣ ਲਈ ਜਿਸ ਪ੍ਰਭੂ ਦੀ ਬਖ਼ਸ਼ਿਸ਼ ਦੀ ਲੋੜ ਹੁੰਦੀ ਹੈ ਉਹ “ਮਤੀ ਮਿਥਿਆ” ਰਾਹੀਂ ਭਾਵ ਆਪਣੀ ਹਉਮੈ ਤੋਂ ਸਿਰਜੇ ਕਰਮਾ ਨਾਲ ਪ੍ਰਾਪਤ ਨਹੀਂ ਹੋ ਸਕਦੀ। #56Gs10.2s10#

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮੱਤ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮੱਤ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ Phone 011-26236119, 9811292808 Web site gurbaniguru.org
.