.

ਸਿਖੀ ਸਿਖਿਆ ਗੁਰ ਵੀਚਾਰਿ।

(ਭਾਗ-ਦੂਜਾ)

ਪਾਠਕ ਵੀਰੋ ਜਿਵੇਂ ਕੇ ਸਾਰੇ ਜਾਣਦੇ ਹਨ, ਇਸ ਗੂਜਰੀ ਰਾਗ ਦੇ ਛੇ ਸ਼ਬਦ ਹਨ। ਗੁਰਬਾਣੀਂ ਦੀ ਇੱਕ ਤੁਕ ਦੇ ਅਰਥਾਂ ਨੂੰ ਥੋੜਾ ਵਿਸਥਾਰ ਨਾਲ ਦੱਸਣ ਦੇ ਮਕਸਦ ਨਾਲ, ਇਸ ਲੜੀ ਦੇ ਇੱਕ ਸ਼ਬਦ ਦਾ ਹਵਾਲਾ ਦੇਣਾਂ ਪਿਆ। ਨਾਲ ਲੱਗਦੇ ਹੀ ਬਾਦ ਵਿੱਚ ਇਸੇ ਲੜੀ ਦੇ ਦੋ ਹੋਰ ਸ਼ਬਦਾ ਦੀ ਆਪਾਂ ਵਿਚਾਰ ਵੀ ਆਪਾਂ ਕਰ ਲਈ ਹੈ। ਮੈਂ ਚਾਹੁੰਦਾ ਹਾਂ, ਕੁੱਝ ਹੋਰ ਲਿਖਣ ਤੋਂ ਪਹਿਲਾਂ ਆਪਾਂ ਇਸ ਲੜੀ ਦੇ ਬਾਕੀ ਰਹਿੰਦੇ ਤਿੰਨ ਸ਼ਬਦਾਂ ਦੀ ਵਿਚਾਰ ਵੀ ਕਰ ਹੀ ਲਈਏ, ਤਾਂ ਜੋ ਇੱਕ ਲੜੀ ਪੂਰੀ ਹੋ ਜਾਏ।

ਪਾਠਕਾਂ ਨੂੰ ਬੇਨਤੀ ਹੈ ਜੀ ਕਿ ਇਹਨਾਂ ਲੇਖਾਂ ਨੂੰ ਲਿਖਣ ਦਾ ਮੇਰਾ ਇੱਕ ਮਕਸਦ ਇਹ ਵੀ ਹੈ ਜੀ, ਕਿ ਗੁਰਬਾਣੀਂ ਦੇ ਅਰਥਾਂ ਨੂੰ ਸਧਾਰਨ ਬੋਲੀ, ਅਤੇ ਘੱਟ ਤੋਂ ਘੱਟ ਅਤੇ ਸਿੱਧੇ ਸਿੱਧੇ ਲਫਜ਼ਾਂ ਵਿੱਚ ਬਿਆਨ ਕਰ ਸਕਾਂ। ਤਾਂ ਜੋ ਸਾਰੇ ਪਾਠਕ ਬਿਨਾਂ ਕਿਸੇ ਭੁਲੇਖੇ ਜਾਂ ਉਲਝਣ ਦੇ ਪਹਿਲੇ ਅਸਲ ਅਰਥਾਂ ਨੂੰ, ਅਤੇ ਬਾਦ ਵਿੱਚ ਭਾਵ ਨੂੰ ਜਾਣ ਸੱਕਣ। ਹੋ ਸਕਦਾ ਹੈ ਸਾਡਾ ਗੁਰਬਾਣੀਂ ਦੇ ਅਰਥਾਂ ਵਾਲਾ ਝਗੜਾ ਵੀ ਹੱਲ ਹੋ ਜਾਵੇ। ਮੇਰੇ ਲਿਖੇ ਅਰਥਾਂ ਬਾਰੇ ਠੀਕ ਜਾਂ ਗਲਤ ਦਾ ਨਿਰਨਾਂ ਕਰਨ ਵਾਸਤੇ ਮੈਂ ਆਪ ਸੱਭ ਨੂੰ ਇੱਕ ਆਸਾਨ ਤਰੀਕਾ ਦੱਸਦਾ ਹਾਂ ਜੀ, ਕਿ ਪਹਿਲਾਂ ਗੁਰਬਾਣੀਂ ਦੀ ਕੜੀ ਨੂੰ ਪੜ੍ਹੋ, ਤੇ ਫਿਰ ਅਰਥਾਂ ਨੂੰ ਪੱੜ੍ਹੋ। ਅਰਥਾਂ ਨੂੰ ਪੜ੍ਹਨ ਤੋਂ ਬਾਦ ਵਿੱਚ ਫਿਰ, ਕੀਤੇ ਹੋਇ ਅਰਥਾਂ ਨੂੰ ਦਿਮਾਗ ਵਿੱਚ ਰੱਖ ਕੇ, ਦੁਬਾਰਾ ਗੁਰਬਾਣੀਂ ਦੀ ਕੜੀ ਨੂੰ ਪੱੜ੍ਹੋ, ਅਤੇ ਆਪਸ ਵਿੱਚ ਮਿਲਾਉ। ਇਸ ਤਰਾਂ ਬਾਣੀਂ ਨੂੰ ਸਮਝਣ ਦੇ ਨਾਲ ਨਾਲ, ਜੇ ਕਿਤੇ ਕੋਈ ਗਲਤੀ ਦਿੱਸੇ ਤਾਂ, ਕਿਰਪਾ ਕਰਕੇ ਧਿਆਨ ਵਿੱਚ ਲਿਆਉਣ ਦੀ ਕਿਰਪਾ ਕਰਨਾਂ ਜੀ, ਤਾਂ ਜੋ ਗਲਤੀ ਸੁਧਾਰੀ ਜਾ ਸਕੇ ਜੀ।

ਸੰਤਾਂ ਨੇ ਪਿਆਰ ਵਿੱਚ ਪ੍ਰਮਾਤਮਾਂ ਦੇ ਕਈ ਨਾਂ ਰੱਖੇ ਹਨ, ਲੱਫਜੀ ਨਾਂ ਚਾਹੇ ਕੋਈ ਵੀ ਹੋਵੇ। ਇਸ ਝਗੜੇ ਵਿੱਚ ਨਹੀਂ ਪੈਣਾਂ ਚਾਹੀਦਾ। ਗੋਵਿੰਦ ਹੋਵੇ, ਗੋਪਾਲ ਹੋਵੇ, ਬੀਠਲ ਹੋਵੇ ਰਾਮ ਹੋਵੇ ਜਾਂ ਕੁੱਝ ਹੋਰ, ਸਾਰੇ ਇੱਕ ਹੀ ਪ੍ਰਮਾਤਮਾਂ ਦੇ ਨਾਂ ਹਨ ਜੀ। ਇਸ ਸ਼ਬਦ ਵਿੱਚ ਚੌਥੇ ਨਾਨਕ ਸ੍ਰੀ ਗੁਰੂ ਰਾਮ ਦਾਸ ਜੀ ਮਹਾਂਰਾਜ ਅਕਾਲ ਪੁਰਖ ਨੂੰ ਗੋਵਿੰਦ ਕਹਿ ਕੇ ਸੰਬੋਧਨ ਕਰਦੇ ਹਨ।

ਗੂਜਰੀ ਮਹਲਾ ੪॥ ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ॥ ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ॥ ੧॥

ਹੇ ਸਾਰੇ ਸੰਸਾਰ ਦੇ ਰਾਖੇ ਪਾਲਣ ਹਾਰ ਪ੍ਰੀਤਮ ਮੇਰੇ ਪਿਆਰੇ ਪ੍ਰੀਤਮ, ਸੱਚੀ ਸੰਗਤ ਨਾਲ ਮਿਲ ਕੇ ਸਾਡੇ ਮਨ ਨੂੰ ਸ਼ਬਦ ਦੇ ਮਿੱਠੇ ਰਸ ਨੇਂ ਮੋਹ ਲਿਆ ਹੈ। ਹੇ ਗੋਵਿੰਦ ਜਿਹੋ ਜਿਹੀ ਕਿਰਪਾ ਤੂੰ ਮੇਰੇ ਤੇ ਕੀਤੀ ਹੈ। ਐਸੀ ਕਿਰਪਾ ਦਾ ਦਾਨ ਸਾਰਿਆਂ ਨੂੰ ਹੀ ਦੇ ਦਿਉ, ਤਾਂ ਜੋ ਅਸੀਂ ਸਾਰੇ ਹੀ ਤੇਰਾਂ ਨਾਂਮ ਧਿਆਈਏ। (ਸਰਬੱਤ ਦਾ ਭਲਾ ਮੰਗਦੇ ਹਨ)

ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ॥ ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧਸੰਗਤਿ ਜਨੁ ਸੋਹੈ॥ ੧॥ ਰਹਾਉ॥

ਹੇ ਮੇਰੇ ਭਾਈ ਜਨੋਂ ਮੇਰੇ ਮਨ ਨੂੰ ਤਾਂ ਪ੍ਰਭੂ ਨੇਂ ਮੋਹ ਲਿਆ ਹੈ। ਗੁਰੂ ਦੀ ਸਾਧਸੰਗਤ ਨਾਲ ਮਿਲ ਕੇ ਹੀ ਸਾਰਿਆਂ ਦੀ ਸੋਭਾ ਹੁੰਦੀ ਹੈ। ਮੈਂ ਵੀ ਗੁਰੂ ਦੀ ਸਾਧਸੰਗਤ ਨਾਲ ਮਿਲਕੇ ਗੋਵਿੰਦ ਨੂੰ ਧਿਆਉਦਾ ਹਾਂ।

ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ॥ ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ॥ ੨॥

ਗੁਰੂ ਨੇ ਸਾਨੂੰ ਇਹ ਮੱਤ ਦਿੱਤੀ ਹੈ, ਕਿ ਹਰੀ ਦੀ ਭਗਤੀ ਸੁਖਾਂ ਦਾ ਸਾਗਰ ਹੈ, ਜਿਸ ਨਾਲ ਕੇ ਮਾਇਆ (ਲੱਛਮੀ) ਅਤੇ ਰਿਧੀਆਂ ਸਿੱਧੀਆਂ (ਕਰਾਮਾਤਾਂ) ਤਾਂ ਚਰਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਹਨ। (ਪਰ ਹਰੀ ਦੇ ਭਗਤ ਇਹਨਾਂ ਵੱਲ ਅਕਰਸ਼ਤ ਨਹੀਂ ਹੁੰਦੇ) ਹਰੀ ਦੇ ਭਗੱਤਾਂ ਨੂੰ ਤਾਂ ਸਿਰਫ ਨਾਮ ਦਾ ਹੀ ਆਧਾਰ ਹੁੰਦਾ ਹੈ, ਅਤੇ ਉਹ ਨਾਮ ਜੱਪ ਕੇ ਹਰੀ ਦੇ ਦਰਬਾਰ ਵਿੱਚ ਸੋਭਾ ਪਾਉਂਦੇ ਹਨ।

ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ॥ ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ॥ ੩॥

ਪਰ ਭੈੜੀ ਮੱਤ ਵਾਲੇ ਅਭਾਗੇ ਮਨੁੱਖ, ਜਿਨ੍ਹਾਂ ਨੂੰ ਅਕਲ ਨਹੀਂ। ਨਾਮੁ ਦਾ ਨਾਂ ਸੁਣ ਕੇ ਹੀ ਉਹ ਕ੍ਰੋਧ ਵਿੱਚ ਆ ਜਾਂਦੇ ਹਨ। ਜਿਸ ਤਰਾਂ ਕਾਂ ਦੇ ਅਗੇ ਜੇ ਕੋਈ ਸੁਆਦਲਾ ਭੋਜਨ ਰੱਖੀਏ, ਤਾਂ ਉਹ ਉਸ ਨੂੰ ਛੱਡ ਕੇ ਗੰਦਗੀ ਵਿੱਚ ਹੀ ਚੁੰਝ ਮਾਰੇਗਾ। ਉਸ ਦੀ ਤ੍ਰਿਪਤੀ ਵਿਸਟਾ ਖਾ ਕੇ ਹੀ ਹੁੰਦੀ ਹੈ।

ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥ ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨੑ ਗੁਰਮਤਿ ਨਾਮੁ ਰਿਦੈ ਮਲੁ ਧੋਹੈ॥ ੪॥ ੨॥

ਸਤਿਗੁਰੂ ਤਾਂ ਅਮ੍ਰਿਤ ਦਾ ਭਰਿਆ ਐਸਾ ਸਰੋਵਰ ਹੈ, ਜਿਸ ਵਿੱਚ ਨਹਾ ਕੇ, ਕਾਂ ਵੀ ਹੰਸ ਬਨ ਜਾਂਦੇ ਹਨ। ਗੁਰੂ ਰਾਮਦਾਸ ਜੀ ਮਹਾਂਰਾਜ ਕਹਿੰਦੇ ਹਨ, ਧੰਨ ਹਨ ਉਹ ਵੱਡੇ ਭਾਗਾਂ ਵਾਲੇ, ਜਿਨ੍ਹਾਂ ਨੇ ਗੁਰੂ ਦੀ ਸਿਖਿਆ ਲਈ ਹੈ। ਨਾਮ ਨੇਂ ਉਹਨਾਂ ਦੇ ਹਿਰਦੇ ਦੀਆਂ ਸਾਰੀਆਂ ਮੈਲਾਂ (ਪਾਪ) ਧੋ ਕੇ ਸਾਫ ਕਰ ਦਿੱਤੀਆਂ।

______________

ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਜੋ ਸਿੱਖਿਆ ਦੇਂਦੇ ਹਨ, ਮੈਨੂੰ ਤਾਂ ਸੋਚ ਕੇ ਹੀ ਡਰ ਲੱਗਦਾ ਹੈ। ਮੇਰਾ ਤਾਂ ਸੋਚ ਕੇ ਹੀ ਜੀ ਘਬਰਾਉਂਦਾ ਹੈ, ਕੇ ਕੀ ਅਸੀਂ ਸੱਚਮੁੱਚ ਐਸੇ ਹਾਂ। ਫਿਰ ਮੈਂ ਆਪਣੇਂ ਮਨ ਨੂੰ ਕਈ ਤਰਾਂ ਦੀਆਂ ਝੂਠੀਆਂ ਤਸੱਲੀਆਂ ਦੇਣ ਦੀ ਕੋਸ਼ਿਸ਼ ਕਰਦਾ ਹਾਂ (ਜਿਵੇਂ ਕੇ ਸਾਰੇ ਕਰਦੇ ਹਨ)। ਪਰ ਗੁਰਬਾਣੀਂ ਦੇ ਇਸ ਸ਼ਬਦ ਦੀ ਕਦੇ ਕੋਈ ਗੱਲ, ਤੇ ਕਦੇ ਕੋਈ ਗੱਲ ਦਿਮਾਗ ਤੇ ਹਾਵੀ ਹੋ ਜਾਂਦੀ ਹੈ। ਜਦੋਂ ਮੈਂ ਇਹ ਸੋਚਦਾ ਹਾਂ ਕੇ ਜੇ ਗੁਰੂ ਜੀ ਆਪਣੇਂ ਆਪ ਨੂੰ ਪਾਪੀ ਕਹਿੰਦੇ ਹਨ, ਤਾਂ ਫਿਰ ਅਸੀਂ ਕਿਸ ਭਲੇਖੇ ਵਿੱਚ ਤੁਰੇ ਫਿਰਦੇ ਹਾਂ। ਜੇ ਆਪ ਨੂੰ ਪਾਪੀ ਨਹੀਂ ਕਹਿੰਦੇ ਤਾਂ ਫਿਰ ਕਿਸ ਨੂੰ ਕਹਿੰਦੇ ਹਨ, ਮੈਨੂੰ ਜਾਂ ਕਿਸੇ ਹੋਰ ਨੂੰ? । ਫਿਰ ਮੈਂ ਇਹ ਵਿਚਾਰ ਕਰਕੇ ਆਪਣੇਂ ਮਨ ਨੂੰ ਕੁੱਝ ਝੂਠਾ ਜਿਹਾ ਸਹਾਰਾ ਦੇ ਲੈਂਦਾ ਹਾਂ। ਕੇ ਇਹ ਤਾਂ ਐਵੇਂ ਦੂਜਿਆਂ ਨੂੰ (ਉਸ ਵੇਲੇ ਦੇ ਜਾਂ ਇਸ ਵੇਲੇ ਦੇ ਜੇਹੜੇ ਲੋਕ ਸਿੱਖ ਨਹੀਂ ਸਨ/ਹਨ) ਸਮਝਾਉਣ ਵਾਸਤੇ ਗੁਰੂ ਜੀ ਨੇਂ ਲਿਖ ਦਿੱਤਾ ਹੋਵੇ ਗਾ। ਮੈਂ ਤਾਂ ਸਿੱਖ ਹਾਂ, ਨਾਲੇ ਮੈਂ ਤਾਂ ਐਨੀਂ ਬਾਣੀਂ ਪੜ੍ਹਦਾ ਹਾਂ, ਟੀਕੇ ਵੀ ਕਰ ਲੈਦਾ, ਲੋਕਾਂ ਨੂੰ ਵੀ ਬਾਣੀਂ ਸਮਝਾ ਲੈਂਦਾ ਹਾਂ, ਮੈਂ ਤਾਂ ਗੁਰਮੁਖਾਂ ਵਰਗਾ ਹਾਂ। ਨਹੀਂ ਨਹੀਂ ਮੈਂ ਉਹਨਾਂ ਲੋਕਾਂ ਵਿਚੋਂ ਨਹੀਂ ਹਾਂ, ਜਿਨ੍ਹਾਂ ਨੂੰ ਬਾਣੀਂ ਅਭਾਗੇ ਕਹਿੰਦੀ ਹੈ। ਐ ਮੇਰੇ ਵੀਰੋ! ਮੈਂ ਦਿਨ ਰਾਤ ਇਸੇ ਹੀ ਦੁਬਿਦਾ ਵਿੱਚ ਪਿਆ ਰਹਿੰਦਾ ਹਾਂ। ਕੋਈ ਮੈਨੂੰ ਸਮਝਾਉ, ਕੋਈ ਮੇਰੀ ਇਸ ਦੁਬਿਦਾ ਦਾ ਹੱਲ ਦੱਸੋ। ਜਿਵੇਂ ਬਾਣੀਂ ਦੱਸਦੀ ਹੈ, ਜੇ ਮੈਂ ਵੀ ਇਸ ਭਵ ਸਾਗਰ ਤੋਂ ਪਾਰ ਜਾਣਾਂ ਚਾਹਵਾਂ ਤਾਂ ਮੈਂ ਕੀ ਕਰਾਂ। ਐਨੀ ਮੁਸ਼ੱਕਤ ਨਾਲ ਰਾਤਾਂ ਨੂੰ ਜਾਗ ਜਾਗ (ਜਦ ਲੋਕ ਨਿੱਘੀ ਨੀਂਦ ਦਾ ਸੁਖ ਲੈ ਰਹੇ ਹੁੰਦੇ ਹਨ) ਕੇ ਜੋ ਮੈਂ ਦੂਜਿਆਂ ਨੂੰ ਸਮਝਾਉਣ ਦਾ ਕੰਮ ਕਰ ਰਿਹਾ ਹਾਂ, ਕੀ ਇਸ ਤਰਾਂ ਮੈਂ ਵੀ ਗੁਰਮੁਖ ਬਣ ਜਾਵਾਂ ਗਾ। ਜੇ ਮੈਂ ਸੌ ਦੋ ਸੌ ਲੇਖ ਲਿਖ ਦੇਵਾਂ, ਦੱਸ ਵੀਹ ਕਿਤਾਬਾਂ ਵੀ ਲਿਖ ਦੇਵਾਂ, ਪੀ. ਐਚ. ਡੀ. ਵੀ ਕਰ ਲਵਾਂ, ਵਿਦਿਆ ਦੇ ਬਲ ਨਾਲ ਹਰ ਤਰਾਂ ਦੀ ਬਹਿਸ ਵੀ ਕਰ ਸੱਕਦਾ ਹੋਵਾਂ, ਹਰ ਤਰਾਂ ਦੀ ਭਾਸ਼ਾ ਦਾ ਗਿਆਨ ਵੀ ਸਿੱਖ ਲਵਾਂ, ਜੇ ਸਾਰੇ ਮੈਨੂੰ ਚੰਗਾ ਕਹਿਣ, ਸਾਰੀ ਦੁਨੀਆਂ ਤੇ ਮੇਰਾ ਜੱਸ ਹੋਵੇ, ਮੇਰੇ ਪਹਿਰਾਵੇ ਜਾਂ ਬਾਹਰੀ ਕੰਮਾਂ ਨੂੰ ਵੇਖ ਕੇ ਸਾਰੇ ਮੈਨੂੰ ਗਰਮੁਖ ਕਹਿਣ, ਤਾਂ ਕੀ ਵਾਕਿਆ ਹੀ ਇਸ ਤਰਾਂ ਮੈਂ ਗੁਰਮੁਖ ਬਣ ਜਾਵਾਂ ਗਾ। ਮੈਨੂੰ ਕਿਵੇਂ ਤਸੱਲੀ ਹੋਵੇ ਕੇ ਮੈਂ ਹੁਣ ਗੁਰਮੁਖ ਬਣ ਗਿਆ ਹਾਂ, ਤੇ ਮਰਨ ਤੋਂ ਬਾਦ ਮੈਂ ਸੱਚਮੁਚ ਹੀ ਆਵਾਗਉਣ ਤੋਂ ਮੁਕਤ ਹੋ ਜਾਵਾਂ ਗਾ। ਕਈ ਵਾਰ ਤਾਂ ਇਸ ਚਿੰਤਾ ਵਿੱਚ ਹੀ ਸਾਰੀ ਰਾਤ ਲੰਘ ਜਾਂਦੀ ਹੈ। ਕੋਈ ਵੀਰ ਮੇਰੀ ਸਹਾਇਤਾ ਕਰੇ ਮੈਨੂੰ ਸਮਝਾਏ। ਮੈਂ ਉਸ ਨੂੰ ਆਪਣਾਂ ਤਨ ਮਨ ਧਨ ਜਿੰਦ ਜਾਨ ਸੱਭ ਕੁੱਝ ਦੇ ਦੇਵਾਂ ਗਾ, ਜੋ ਮੈਨੂੰ ਪ੍ਰਭੂ ਨਾਲ ਮਿਲਾਪ ਦਾ ਰਸਤਾ (ਤਰੀਕਾ) ਦੱਸ ਦੇਵੇ।

ਗੂਜਰੀ ਮਹਲਾ ੪॥ ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ॥ ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ॥ ੧॥

ਹਰੀ ਦੇ ਸੰਤ ਭਗਤ ਸੱਭ ਤੋਂ ਉਚੇ ਸੁੱਚੇ ਹੁੰਦੇ ਹਨ, ਉਹਨਾਂ ਦੀ ਬਾਣੀਂ ਵੀ ਉੱਚੀ ਸੁੱਚੀ ਹੁੰਦੀ ਹੈ। ਉਹ ਮੁੱਖ ਤੋਂ ਜੋ ਵੀ ਬੋਲਦੇ ਹਨ, ਸਿਰਫ ਪਰਉਪਕਾਰ ਵਾਸਤੇ ਬੋਲਦੇ ਹਨ। ਜੋ ਜੀਅ ਉਹਨਾਂ ਦੇ ਬਚਨਾਂ, ਨੂੰ ਸਰਧਾ ਅਤੇ ਭਗਤੀ ਭਾਵ ਨਾਲ ਸੁਣਦੇ ਹਨ, ਪ੍ਰਭੂ ਕਿਰਪਾ ਕੇ ਉਹਨਾਂ ਜੀਆਂ ਨੂੰ ਭਵ ਸਾਗਰ ਤੋਂ ਪਾਰ ਲੰਘਾ ਦੇਂਦਾ ਹੈ।

ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ॥ ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ ਹਮ ਪਾਪੀ ਗੁਰਿ ਨਿਸਤਾਰੇ॥ ੧॥ ਰਹਾਉ॥

ਹੇ ਪ੍ਰਭੂ ਮੈਨੂੰ ਵੀ ਐਸੇ ਆਪਣੇਂ ਪਿਆਰੇ ਸੰਤਾਂ ਨਾਲ ਮਿਲਾ ਦੇ। ਪ੍ਰਭੂ ਨੇਂ ਸਾਡੀ ਅਰਜ ਸੁਣੀਂ, ਸਾਨੂੰ ਪਾਪੀਆਂ ਨੂੰ ਸਾਡੇ ਪ੍ਰਾਣ ਪਿਆਰੇ ਪੂਰੇ ਸਤਿਗੁਰੂ ਨੇਂ, ਸੰਸਾਰ ਦੇ ਸਾਗਰ ਤੋਂ ਪਾਰ ਲੰਘਾ ਦਿੱਤਾ।

ਗੁਰਮੁਖਿ ਵਡਭਾਗੀ ਵਡਭਾਗੇ ਜਿਨ ਹਰਿ ਹਰਿ ਨਾਮੁ ਅਧਾਰੇ॥ ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ॥ ੨॥

ਗੁਰਮੁਖਿ ਬਹੁਤ ਹੀ ਉੱਚੇ ਸੁੱਚੇ ਭਾਗਾਂ ਵਾਲੇ ਹੁੰਦੇ ਹਨ, ਉਹਨਾਂ ਨੂੰ ਸਿਰਫ ਹਰੀ ਦੇ ਨਾਮ ਦਾ ਹੀ ਆਸਰਾ ਹੁੰਦਾ ਹੈ। ਅੰਮ੍ਰਿਤ ਰਸ ਹਰੀ ਦਾ ਨਾਮ ਹੈ। ਜਿਹੜੇ ਗੁਰੂ ਦੀ ਮੱਤ ਲੈ ਕੇ ਪ੍ਰਭੂ ਦੀ ਭਗਤੀ ਕਰਦੇ ਹਨ, ਹਰੀ ਰਸ ਨਾਲ ਉਹਨਾਂ ਦੇ ਭੰਡਾਰੇ ਭਰ ਜਾਂਦੇ ਹਨ।

ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ॥ ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ॥ ੩॥

ਜਿਨ੍ਹਾਂ ਮਨੁੱਖਾਂ ਨੇਂ ਸਤ ਪੁਰਖ ਰੂਪ ਸਤਿਗੁਰੂ ਦਾ ਦਰਸ਼ਨ ਨਹੀਂ ਪਾਇਆ, ਉਹਨਾਂ ਅਭਾਗੇ ਮਨੁੱਖਾਂ ਨੂੰ ਜਮਾਂ ਦੀ ਮਾਰ ਸਹਿਣੀਂ ਪਵੇਗੀ। ਉਹ ਮਹਾਂ ਹਤਿਆਰੇ ਹਨ। ਉਹ ਕੁੱਤਿਆਂ, ਸੂਰਾਂ, ਅਤੇ ਗਧਿਆ ਦੀ ਗਰਭ ਜੂਨੀ ਵਿੱਚ ਪਾਏ ਜਾਣ ਗੇ। ਕਦੇ ਕਿਸੇ ਜੂਨ ਵਿਚ, ਕਦੇ ਕਿਸੇ ਜੂਨ ਵਿੱਚ ਪਾਏ ਜਾਣ ਗੇ ਤੇ ਮਹਾਂ ਹਤਿਆਰੇ ਵਾਗੂੰ ਸਜਾ ਭੋਗਣ ਗੇ, ਬਾਰ ਬਾਰ ਮਾਰੇ ਜਾਣ ਗੇ।

ਦੀਨ ਦਇਆਲ ਹੋਹੁ ਜਨ ਊਪਰਿ ਕਰਿ ਕਿਰਪਾ ਲੇਹੁ ਉਬਾਰੇ॥ ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ॥ ੪॥ ੩॥

ਹੇ ਪ੍ਰਭੂ ਮੈਂ ਐਸੀਆਂ ਸਜਾਵਾਂ ਤੋਂ ਡਰਦਾ ਹੋਇਆ ਦੀਨ ਹੋ ਕੇ ਬੇਨਤੀ ਕਰਦਾ ਹਾਂ, ਕਿ ਅਸੀਂ ਤੇਰੇ ਦਾਸ ਹਾਂ, ਸਾਡੇ ਤੇ ਕਿਰਪਾ ਕਰੋ, ਸਾਡਾ ਉਧਾਰ ਕਰੋ। ਹੇ ਪ੍ਰਭੂ ਮੈਂ ਤੇਰੀ ਸਰਨ ਵਿੱਚ ਆ ਗਿਆ ਹਾਂ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਸਾਡਾ ਪਾਰ ਉਤਾਰਾ ਕਰ ਦੇ।

ਗੂਜਰੀ ਮਹਲਾ ੪॥ ਹੋਹੁ ਦਇਆਲ ਮੇਰਾ ਮਨੁ ਲਾਵਹੁ ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ॥ ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ॥ ੧॥

ਹੇ ਪ੍ਰਭੂ ਕ੍ਰਿਪਾ ਕਰੋ, ਮੇਰੇ ਮਨ ਨੂੰ ਆਪਣੇਂ ਚਰਨਾਂ ਨਾਲ ਜੋੜ ਲਵੋ। ਮੈਂ ਰਾਤ ਦਿਨ ਨਿਤ ਹੀ ਤੇਰਾ ਨਾਮ ਧਿਆਵਾਂ। ਤੇਰਾ ਨਾਮ ਜਪਨ ਨਾਲ ਸਾਰੇ ਸੁਖ, ਸਾਰੀਆਂ ਚੰਗਿਆਈਆਂ, ਸਾਰੇ ਖਜ਼ਾਨੇਂ ਮਿਲ ਜਾਂਦੇ ਹਨ। ਸਾਰੇ ਦੁਖ ਬਿਮਾਰੀਆਂ ਦੂਰ ਹੋ ਜਾਂਦੇ ਹਨ, ਸੱਭ ਭੁੱਖਾਂ ਲਹਿ ਜਾਂਦੀਆਂ ਹਨ।

ਮਨ ਮੇਰੇ ਮੇਰਾ ਰਾਮ ਨਾਮੁ ਸਖਾ ਹਰਿ ਭਾਈ॥ ਗੁਰਮਤਿ ਰਾਮ ਨਾਮੁ ਜਸੁ ਗਾਵਾ ਅੰਤਿ ਬੇਲੀ ਦਰਗਹ ਲਏ ਛਡਾਈ॥ ੧॥ ਰਹਾਉ॥

ਮੇਰੇ ਮਨਾਂ ਪ੍ਰਭੂ ਦਾ ਨਾਮ ਹੀ ਮਿੱਤਰ ਹੈ, ਹੋਰ ਕੋਈ ਵੀ ਮਿਤਰ ਨਹੀਂ। ਪ੍ਰਭੂ ਦਾ ਜੱਸ, ਗੁਰੂ ਦੀ ਮੱਤ ਗੁਰੂ ਦੀ ਸਿਖਿਆ ਨਾਲ ਹੀ ਗਾਇਆ ਜਾ ਸੱਕਦਾ ਹੈ। ਸਿਰਫ ਐਸਾ ਜੱਸ ਹੀ ਅੰਤ ਵੇਲੇ ਦਰਗਾਹ ਵਿੱਚ ਬੇਲੀ ਬਨ ਕੇ ਛੁਡਾਉਂਦਾ ਹੈ।

ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ ਲੋਚ ਮੇਰੈ ਮਨਿ ਲਾਈ॥ ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ॥ ੨॥

ਹੇ ਦਾਤਾ, ਹੇ ਪ੍ਰਭੂ, ਹੇ ਅੰਤਰਜਾਮੀ, ਤੂੰ ਆਪ ਹੀ ਕਿਰਪਾ ਕਰ ਕੇ ਮੇਰੇ ਮਨ ਵਿੱਚ ਆਪਣੇਂ ਪਿਆਰ ਦੀ ਤਾਂਘ ਪੈਦਾ ਕੀਤੀ ਹੈ। ਮੇਰੇ ਤਨ ਮਨ ਵਿੱਚ ਪ੍ਰਭੂ ਦੀ ਪੈਦਾ ਹੋਈ ਇਹ ਤਾਂਘ ਕੌਣ ਪੂਰੀ ਕਰੇ। ਹਰੀ ਨੂੰ ਮਿਲਣ ਦੀ ਇਹ ਤਾਂਘ ਸਤਿਗੁਰੂ ਦੀ ਸਰਣ ਲੈ ਕੇ ਪੂਰੀ ਹੁੰਦੀ ਹੈ।

ਮਾਣਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਬਿਰਥਾ ਜਾਈ॥ ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੂਕ ਮੁਖਿ ਪਾਈ॥ ੩॥

ਮਨੁਖਾ ਜਨਮ ਪਿਛਲੇ ਜਨਮਾਂ ਦੇ ਕੀਤੇ ਪੁਨਾਂ ਕਰਕੇ ਮਿਲਿਆ ਹੈ। ਹੁਣ ਨਾਮ ਦੀ ਵਾਰੀ ਸੀ, ਪਰ ਨਾਮ ਤੋਂ ਬਿਨਾਂ ਬਿਰਥਾ ਜਨਮ ਗਵਾ ਲਿਆ, ਧ੍ਰਿਗ ਹੈ ਐਸੇ ਜਨਮ ਨੂੰ। ਨਾਮ ਨਾਂ ਖਾਧਾ, ਹੋਰ ਰਸ ਕਸ ਖਾਧੇ, ਹੰਕਾਰ ਵਿੱਚ ਆ ਕੇ ਬੁਰਾ ਬੋਲ ਬੋਲਿਆ। ਨਤੀਜਾ! ਮੂਹੋਂ ਮੰਹੂ ਥੁਕਾਂ ਲਾਹਨਤਾਂ ਪੈਦੀਆਂ ਹਨ।

ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ ਤਿਨ ਦਰਗਹ ਹਰਿ ਹਰਿ ਦੇ ਵਡਿਆਈ॥ ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ॥ ੪॥ ੪॥

ਜਿਹੜੇ ਜੀਅ ਪ੍ਰਭੂ ਦੀ ਸਰਨ ਪਕੜ ਲੈਂਦੇ ਹਨ, ਪ੍ਰਭੂ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਵਡਿਆਈ ਬਖਸ਼ਦਾ ਹੈ। ਪ੍ਰਭੂ ਉਹਨਾਂ ਨੂੰ ਸ਼ਾਬਾਸ਼ ਕਹਿੰਦਾ ਹੈ, ਧੰਨ ਧੰਨ ਕਹਿਦਾ ਹੈ, ਪਿਆਰ ਨਾਲ ਆਪਣੇਂ ਗਲ ਨਾਲ ਲਾ ਲੈਦਾ ਹੈ।।

---੦---

ਪ੍ਰਭੂ ਆਪਣੇਂ ਸੇਵਕ ਜਨਾਂ ਨੂੰ ਧੰਨ ਧੰਨ ਕਹੇ, ਇਹ ਕੋਈ ਮਮੂਲੀ ਗੱਲ ਨਹੀਂ ਹੈ। ਪ੍ਰਭੂ ਸੱਚ ਮੁਚ ਹੀ ਧੰਨ ਧੰਨ ਕਹਿੰਦਾ ਹੈ, ਇਹ ਵੀ ਕੋਈ ਝੂਠ ਨਹੀਂ ਹੈ। ਆਉ ਆਪਣੇਂ ਅੰਦਰ ਝਾਤੀ ਮਾਰ ਕੇ ਵੇਖੀਏ, ਕਿ ਕੀ ਸਾਡੇ ਵਿੱਚ ਕੋਈ ਐਸੀ ਕਰਤੂਤ ਹੈ, ਜੋ ਪ੍ਰਭੂ ਸਾਨੂੰ ਧੰਨ ਧੰਨ ਕਹੇ।

ਪ੍ਰਭੂ ਕੋਈ ਝੂਠਾ ਜਾਂ ਐਵੇਂ ਹੀ ਧੰਨ ਧੰਨ ਨਹੀਂ ਕਰਦਾ, ਉਹ ਉਹਨਾਂ ਨੂੰ ਧੰਨ ਕਹਿੰਦਾ ਹੈ, ਜਿਹੜੇ ੳਸ ਦੇ ਦਰਬਾਰ ਵਿੱਚ ਪਹੁੰਚ ਜਾਂਦੇ ਹਨ। ਉਸ ਦੇ ਦਰਬਾਰ ਵਿੱਚ ਪਹੁੰਚਣਾਂ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਇਸੇ ਕਰਕੇ ਹੀ ਸਾਡੇ ਵਿਦਾਵਨ ਤਾਂ ਇਹ ਕਹਿ ਕੇ ਅਖਾਂ ਬੰਦ ਕਰ ਲੈਦੇ ਹਨ। ਕੇ ਉਸ ਦਾ ਦਰਬਾਰ ਤਾਂ ਕੋਈ ਹੈ ਹੀ ਨਹੀਂ ਹੈ। ਇਹ ਇਹ ਤਾਂ ਮਹਿਜ਼ ਐਵੇਂ ਇੱਕ ਅਵਸਥਾ ਹੈ। ਕੋਈ ਸੱਚ ਖੰਡ ਨਹੀਂ ਹੈ। ਕੋਈ ਪਰਮਾਤਮਾਂ ਦਾ ਰੂਪ ਨਹੀ ਹੈ। ਕੋਈ ਉਸ ਨੂੰ ਦੇਖ ਨਹੀਂ ਸੱਕਦਾ। ਕੀ ਇਹ ਗੱਲਾਂ ਬ੍ਰਾਹਮਣੀਂ ਕੁਫਰ ਵਾਦ ਨਾਲੋਂ ਘੱਟ ਹਨ, ਜੋ ਗੁਰਬਾਣੀਂ ਨੂੰ ਹੀ ਝੂਠਾ ਕਰੀ ਜਾਂਦੇ ਹਨ। ਕੀ ਇਹ ਅਸਲੀ ਬ੍ਰਾਹਮਣ ਵਾਦ ਨਹੀਂ ਹੈ। ਗੁਰੂ ਨਾਨਕ ਜੀ ਨੇ ਭੁੱਲੇ ਭਟਕੇ ਬ੍ਰਾਹਮਣਾਂ ਨੂੰ ਰੱਬ ਦਾ ਘਰ ਦਿਖਾਇਆ, ਜਾਂ ਦਿਖਾਉਣ ਵਾਸਤੇ ਮੱਤ ਦਿੱਤੀ ਸੀ, ਜਿਹੜੇ ਕੇ ਉਸ ਵੇਲੇ ਰੱਬ ਦੇ ਘਰ ਨੂੰ ਨਹੀਂ ਜਾਣਦੇ ਸਨ। ਉਹ ਸਿਰਫ ਦੇਵੀ ਦੇਵਤਿਆਂ ਨੂੰ ਜਾਣਦੇ (ਮੰਨਦੇ) ਸਨ। ਇਸੇ ਤਰਾਂ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਰੱਬ ਦੇ ਘਰ ਦਾ ਭੇਦ ਖੋਲ ਖੋਲ ਕੇ ਸਮਝਾਉਂਦਾ ਹੈ (ਕਿਉਂ ਕੇ ਅਸੀਂ ਵੀ ਰੱਬ ਦੇ ਘਰ ਨੂੰ ਨਹੀਂ ਜਾਣਦੇ ਹਾਂ)। ਪਰ ਅਸੀਂ ਵੀ ਉਸ ਵਕਤ ਦੇ ਬ੍ਰਾਹਮਣਾਂ ਵਾਂਗੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਰ ਸਿੱਖਿਆ ਨੂੰ ਸਿਰਫ ਇੱਕ ਆਤਮਿਕ ਅਵਸਥਾ ਤੋਂ ਵੱਧ ਕੁੱਝ ਨਹੀਂ ਮੰਨਦੇ (ਜਿਵੇਂ ਕੇ ਬ੍ਰਾਹਮਣ ਦੇਵਤਿਆਂ ਨੂੰ ਮੰਨਦੇ ਸਨ, ਪਰ ਗੁਰੂ ਨਾਨਕ ਦੇ ਦੱਸੇ “ਇਕ” ਨੂੰ ਨਹੀਂ ਸਨ ਮੰਨਦੇ)। ਸੱਚ ਦੀ ਮੌਤ ਨੂੰ ਵੀ ਮਹਿਜ਼ ਇੱਕ ਆਤਮਿਕ ਮੌਤ ਕਹਿ ਕੇ ਆਪਣਾਂ ਮਨ ਪਰਚਾ ਰਹੇ ਹਾਂ। (ਆਮ ਕਰਕੇ ਆਤਮਿਕ ਲਫਜ਼ ਨੂੰ ਅਸੀਂ ਇਸ ਤਰਾਂ ਵਰਤਦੇ ਹਾਂ ਕਿ ਜੋ ਸੱਚ ਹੈ, ਅਤੇ ਸਾਡੇ ਨਾਲ ਜੁੜਿਆ ਹੋਇਆਂ ਹੈ, ਉਹ ਨੂੰ ਮਹਿਜ ਇੱਕ ਆਤਮਿਕ ਖਿਆਲ ਕਹਿ ਕੇ ਆਪ ਉਸ ਸੱਚ ਤੋਂ ਸੁਰਖਰੂ ਹੋ ਜਾਂਦੇ ਹਾਂ) ਜੇ ਸਜਾ ਦੀ ਗੱਲ ਆਉਂਦੀ ਹੈ ਤਾਂ ਅਸੀਂ ਕਹਿੰਦੇ ਹਾਂ ਜਦੋਂ ਜੰਮ ਹੀ ਨਹੀਂ ਹੁੰਦੇ ਤਾਂ ਸਾਨੂੰ ਸਜਾ ਕੌਣ ਦੇ ਸੱਕਦਾ ਹੈ। ਨਾਮ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਗੁੱਸਾ ਚੜ੍ਹ ਜਾਂਦਾ ਹੈ। ਰੱਬ ਦੇ ਸਾਰੇ ਫੈਸਲੇ ਅਸੀਂ ਆਪੇ ਹੀ ਕਰੀ ਜਾਂਦੇ ਹਾਂ। ਤੇ ਦੂਜਿਆਂ ਨੂੰ ਵੀ ਆਪਣੇਂ ਫੈਸਲੇ ਸਮਝਾਈ ਜਾਂਦੇ ਹਾਂ।

ਰੱਬ ਦੇ ਘਰ ਕੋਈ ਵਿਰਲਾ ਹੀ ਸੂਰਮਾਂ ਪਹੁੰਚੇ ਗਾ, ਅਤੇ ਧੰਨ ਧੰਨ ਦੇ ਹੱਕਦਾਰ ਸਿਰਫ ਸੂਰਮੇਂ ਹੀ ਹੁੰਦੇ ਹਨ। ਆਪਾਂ ਅਜੇ ਰੱਬ ਦੇ ਬਾਰੇ ਜਾਣਿਆਂ ਹੀ ਕੀ ਹੈ, ਕੇ ਉਹ ਕਿਡਾ ਸਖਤ ਹੈ। ਭਾਵ ਉਸਦੇ ਘਰ ਦਾ ਰਾਹ ਕਿਤਨਾਂ ਦੁਸ਼ਵਾਰ ਹੈ। ਬਾਣੀਂ ਵਿੱਚ ਉਹਨਾਂ ਦਾ ਹਾਲ ਵੀ ਲਿਖਿਆ ਹੋਇਆ ਹੈ, ਜਿਨਾਂ ਨੇਂ ਰੱਬ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕੀਤੀ। ਰੱਬ ਦੇ ਰਾਹ ਤੇ ਚਲਣ ਵਾਲਿਆਂ ਨੂੰ ਕਿਨ੍ਹਾਂ ਕਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾਂ ਕਰਨਾਂ ਪਿਆ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ। ਕਬੀਰ ਸਾਹਿਬ ਜੀ ਆਪਣੀਂ ਬਾਣੀਂ ਵਿੱਚ ਸਮਝਾਉਂਦੇ ਹਨ, ਜਦੋਂ ਤੱਕ ਤਾਂ ਅਸੀਂ ਰੱਬ ਦੇ ਬਾਰੇ ਕੁੱਝ ਨਹੀਂ ਸੀ ਜਾਣਦੇ ਜਾਂ ਜਿਹੜੇ ਰੱਬ ਦੇ ਬਾਰੇ ਕੁੱਝ ਨਹੀਂ ਜਾਣਦੇ, ਉਹ ਸੁਖ ਦੀ ਨੀਂਦ ਸੌਂਦੇ ਹਨ। ਪਰ ਜਦੋਂ ਅਸੀਂ ਇਹ ਬੁਝਾਰਤ ਬੁੱਝੀ ਜਾਂ ਜਦੋਂ ਸਾਨੂੰ ਇਸ ਬੁਝਾਰਤ ਦੀ ਸਮਝ ਆਈ, ਤਾਂ ਪਤਾ ਲੱਗਾ ਕਿ ਇਹ ਤਾਂ ਬਾਬਾ ਬੜੀ ਵੱਡੀ ਬਲਾ ਗਲ ਪਾ ਲਈ ਹੈ, ਵੱਡੀ ਬਲਾ ਨਾਲ ਮੱਥਾ ਲੱਗ ਗਿਆ, ਹੁਣ ਕੀ ਕਰੀਏ। ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ॥ ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ॥ ੧੮੧॥ ਤੇ ਫਿਰ ਨੀਂਦਰਾਂ ਹੀ ਉੱਡ ਗਈਆਂ। ਅਤੇ ਜਿਹੜੇ ਸੱਚੇ ਮਨੋਂ ਰੱਬ ਦੇ ਬਾਰੇ ਜਾਨਣਾਂ ਚਾਹੁੰਣ ਗੇ, ਜਾਂ ਜਿਵੇਂ ਜਿਵੇਂ ਜਾਨਣ ਗੇ, ਉੱਡ ਨੀਂਦਰਾਂ ਸਾਰਿਆਂ ਦੀਆਂ ਹੀ ਜਾਣ ਗੀਆਂ। ਵੀਰੋ ਫਿਰ ਕਲਮਾਂ ਵੀ ਹਥੋਂ ਡਿਗ ਪੈਣ ਗੀਆਂ, ਕਲਮ ਚੁੱਕਣ ਦੀ ਤਾਕਤ ਵੀ ਨਹੀਂ ਰਹਿਣੀਂ। ਇਸ ਵਾਸਤੇ ਉਨਾਂ ਚਿਰ ਹੀ ਠੀਕ ਹੈ, ਜਿਨਾਂ ਚਿਰ ਸਾਨੂੰ ਸੱਚ ਦਾ ਪਤਾ ਨਹੀਂ ਲੱਗਦਾ। ਜੇ ਤਾਂ ਸੁਖੀ ਜੀਵਨ ਬਿਤਾਉਣਾਂ ਚਾਹੁੰਦੇ ਹੋ, ਤਾਂ ਸੱਚ ਤੋਂ ਦੂਰ ਹੀ ਰਹਿਣਾਂ ਠੀਕ ਹੈ, ਮਰਨ ਤੋਂ ਬਾਦ ਕਿਹੜਾ ਕਿਸੇ ਨੇ ਵੇਖਣਾਂ ਹੈ। ਏਨਾਂ ਤਾਂ ਸਪੱਸ਼ਟ ਹੈ, ਕੇ ਸੱਚ ਕਿਸੇ ਦਾ ਲਿਹਾਜ ਨਹੀਂ ਕਰਦਾ। ਸੱਚ ਦੇ ਸਾਹਮਣੇਂ ਕੋਈ ਆਪਣਾਂ ਨਹੀਂ ਹੁੰਦਾ, ਕੋਈ ਪਰਾਇਆ ਨਹੀਂ ਹੁੰਦਾ।

ਨੀਂਦ ਉਨਾਂ ਚਿਰ ਹੀ ਆਵੇ ਗੀ ਜਦ ਤੱਕ ਅਸੀਂ ਝੂਠ ਦੀ ਛਾਵੇਂ ਬੈਠੇ ਹੋਇ ਹਾਂ, ਜਦੋਂ ਸੱਚ ਦਾ ਸੇਕ ਲੱਗਾ, ਨੀਂਦਰਾਂ ਉਡ ਜਾਣ ਗੀਆਂ। ਸੱਚ ਦਾ ਸੇਕ ਦੋ ਤਰੀਕਿਆਂ ਨਾਲ ਲੱਗਦਾ ਹੈ। ਇੱਕ ਸੇਕ ਤਾਂ ਮਰਨ ਤੋਂ ਬਾਦ ਲੱਗਦਾ ਹੈ, ਅਤੇ ਦੂਜਾ ਸੇਕ ਜਿਉਂਦੇ ਜੀ ਲੱਗਦਾ ਹੈ। ਜਿਨ੍ਹਾਂ ਨੂੰ ਇਹ ਸੇਕ ਜਿਉਂਦੇ ਜੀ ਲੱਗਾ, ਅਤੇ ਜਿਨ੍ਹਾਂ ਨੇਂ ਸੱਚ ਦਾ ਸੇਕ ਝੱਲ ਲਿਆ, ਉਹ ਵੱਡੇ ਭਾਗਾਂ ਵਾਲੇ ਹਨ। ਜਿਸ ਤਰਾਂ ਕੁਠਾਲੀ ਦੀ ਅੱਗ ਨਾਲ ਸੋਨਾਂ ਕੁੰਦਨ ਬਣ ਜਾਂਦਾ ਹੈ, ਇਸ ਤਰਾਂ ਉਹ ਭਾਗਾਂ ਵਾਲੇ ਜੀਅ ਸੱਚ ਦੀ ਕੁਠਾਲੀ ਵਿੱਚ ਤਪ ਕੇ ਗੁਰਮੁਖ ਬਣ ਜਾਂਦੇ ਹਨ।

ਮਰਨ ਤੋਂ ਬਾਦ ਵਾਲਾ ਸੇਕ ਮਨਮੁਖਾਂ ਨੂੰ ਲੱਗਦਾ ਹੈ। ਜਿਵੇਂ ਕੇ ਊਪਰ ਵਾਲੇ ਸ਼ਬਦਾਂ ਵਿਚ, ਗੁਰੂ ਜੀ ਨੇਂ ਸਮਝਾਇਆ ਹੈ, ਐਸੇ ਮਨੁੱਖ ਕਾਵਾਂ ਕੁਤਿਆਂ ਸੂਰਾਂ ਗਧਿਆਂ ਆਦੀ ਦੀਆਂ ਜੂਨੀਆਂ ਦੀ ਗਰਭ ਦੀ ਭੱਠੀ ਵਿੱਚ ਵੀ ਸਾੜੇ ਜਾਣ ਗੇ, ਅਤੇ ਜੂਨੀਆਂ ਦੇ ਦੁੱਖ ਵੀ ਭੋਗਨ ਗੇ। ਗਰਭ ਦਾ ਦੁੱਖ ਕੁੰਭੀ ਨਰਕ ਦੇ ਬਰਾਬਰ ਹੈ, ਜੀਵ ਉਲਟਾ ਲਟਕਿਆ ਹੁੰਦਾ ਹੈ, ਗੰਦਗੀ ਪਖਾਨਾਂ ਮੂੰਹ ਦੇ ਨਾਲੋਂ ਖਹਿ ਕੇ ਲੰਘਦਾ ਹੈ। ਬੰਦੇ ਜੂਨ ਦੇ ਗਰਭ ਦੀ ਤਾਂ ਕੀ ਗੱਲ ਕਰਨੀਂ ਹੈ, ਅੰਦਾਜ਼ਾਂ ਲਗਾਉ ਕੁਤਿਆਂ ਸੂਰਾਂ ਗਧਿਆਂ ਅਤੇ ਹੋਰ ਜੂਨੀਆਂ ਦੇ ਗਰਭ ਵਿੱਚ ਜਾਕੇ ਜੀਵ ਦਾ ਕੀ ਹਾਲ ਹੁੰਦਾ ਹੋਵੇਗਾ।

ਜੇ ਪੁੰਨਾਂ ਕਰਮਾਂ ਨਾਲ ਜੀਵ, ਜੂਨੀਆਂ ਦੇ ਨਰਕ ਤੋਂ ਕਿਸੇ ਤਰਾਂ ਬੱਚ ਵੀ ਜਾਂਦਾ ਹੈ। ਅਤੇ ਰੱਬ ਦੀ ਭਗਤੀ (ਮਨਮੱਤ ਦੀ ਭਗਤੀ) ਵੱਲ ਵੀ ਲੱਗ ਜਾਂਦਾ ਹੈ, ਤਾਂ ਜੀਵ ਦੀ ਪਰਖ ਦਾ ਬਹਾਨਾਂ ਬਨਾਕੇ ਪ੍ਰਮਾਤਮਾਂ ਨੇਂ ਜੀਵ ਦੇ ਰਸਤੇ ਵਿੱਚ ਵੱਡੇ ਵੱਡੇ ਬਜਰ ਕਵਾੜ ਲਾਏ ਹੋਇ ਹਨ, ਮਾਇਆ ਦੇ ਵੱਡੇ ਵੱਡੇ ਜਾਲ (ਜਿਨ੍ਹਾਂ ਨੂੰ ਕੋਈ ਵੀ ਸਮਝ ਨਹੀਂ ਸੱਕਦਾ) ਰਸਤੇ ਵਿੱਚ ਵਿਛਾਏ ਹੋਇ ਹਨ। ਐਸੀਆਂ ਐਸੀਆਂ ਰੁਕਾਵਟਾਂ ਰਸਤੇ ਵਿੱਚ ਲਾਈਆਂ ਹੋਈਆਂ ਹਨ, ਜਿਨ੍ਹਾਂ ਦਾ ਬਿਆਨ ਨਹੀਂ ਕੀਤਾ ਜਾ ਸੱਕਦਾ। ਜਿਵੇਂ ਕੋਈ ਮਨੁੱਖ ਪ੍ਰਮਾਤਮਾਂ ਦੀ ਕੁਦਰਤ ਨੂੰ ਨਹੀਂ ਸਮਝ ਸੱਕਦਾ, ਇਸੇ ਹੀ ਤਰਾਂ ਕੋਈ ਵੀ ਮਨੁਖ ਇਹਨਾਂ ਰੁਕਾਵਟਾਂ ਨੂੰ ਨਹੀਂ ਸਮਝ ਸੱਕਦਾ। ਜਾਂ ਇਹ ਸਮਝ ਲਵੋ ਕੇ ਰੁਕਾਵਟ ਦਾ ਹੀ ਦੂਜਾ ਨਾਮ ਕੁਦਰਤ ਹੈ। ਹੁਣ ਕੁਦਰਤ ਨੂੰ ਕੌਣ ਜਿੱਤ ਸੱਕਦਾ ਹੈ। ਅਤੇ ਜਿਹੜਾ ਸੂਰਮਾਂ (ਗੁਰਮੁਖ) ਪ੍ਰਮਾਤਮਾਂ ਦੀ ਕੁਦਰਤ ਨੂੰ ਜਿਤ ਕੇ ਹਰੀ ਦੇ ਘਰ ਪਹੁੰਚਦਾ ਹੈ। ਪ੍ਰਭੂ ਉਸ ਨੂੰ ਧੰਨ ਧੰਨ ਕਹਿੰਦਾ ਹੈ, ਸਾਡੇ ਵਰਗਿਆਂ ਨੂੰ ਨਹੀਂ। (ਕਿਉਂ ਕੇ ਉਸ ਨੇਂ ਧੰਨ ਧੰਨ ਵਾਲਾ ਕੰਮ ਕਰ ਵਿਖਾਇਆ ਹੁੰਦਾ ਹੈ) ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ॥ ਗੁਰੂ ਜੀ ਨੇਂ ਇਹ ਕੜੀ ਗੁਰਮੁਖਾਂ ਵਾਸਤੇ ਲਿਖੀ ਹੈ। ਇਹ ਕੜੀ ਸਾਡੇ ਵਾਸਤੇ ਨਹੀਂ ਹੈ, ਪਰ ਅਸੀਂ ਇਸ ਨੂੰ ਆਪਣੇਂ ਤੇ ਘਟਾਈ ਜਾਂਦੇ ਹਾਂ। ਫਿਲ ਹਾਲ ਤਾਂ ਸਾਡੇ ਵਾਸਤੇ ਉਹ ਕੁਤਿਆਂ ਸੂਰਾਂ ਵਾਲੀਆਂ ਕੜੀਆਂ ਹਨ। ਹਾਂ ਇਹ ਧੰਨ ਧੰਨ ਵਾਲੀਆਂ ਕੜੀਆਂ ਸਾਡੀਆਂ ਹੋ ਜਰੂਰ ਸੱਕਦੀਆਂ ਹਨ, ਜੇ ਕਰ ਅਸੀਂ ਵੀ ਗੁਰਮੁਖ ਬਣ ਜਾਈਏ, ਜੇ ਕਰ ਅਸੀਂ ਵੀ ਕੁਦਰਤ ਤੇ ਜਿਤ ਹਾਸਲ ਕਰ ਲਈਏ। ਐਵੇਂ ਜੁਬਾਨੀਂ ਜ਼ੁਬਾਨੀਂ ਸਾਡੀ ਜੁਬਾਨ ਕਿਸੇ ਨੇਂ ਨਹੀਂ ਚੱਲਣ ਦੇਣੀਂ। ਫਿਰ ਤਾਂ ਜਬਾਨ (ਹੁਕਮ) ਸਿਰਫ ਰੱਬ ਦੀ ਚੱਲਣੀਂ ਹੈ। ਉਸ ਨੇਂ ਸਾਨੂੰ ਕਿੱਥੇ ਸੁਟਣਾਂ ਹੈ, ਇਹ ਕੋਈ ਨਹੀਂ ਜਾਣਦਾ।

(ਵੀਰੋ ਜੇ ਤਾਂ ਰੱਬ ਦੀ ਧੰਨ ਧੰਨ ਕਰਾਉਣੀਂ ਹੈ, ਤਾਂ ਸ੍ਰੀ ਗੁਰੂ ਰਾਮ ਦਾਸ ਜੀ ਦੀ ਸਿੱਖਿਆ ਤੇ ਅਮਲ ਕਰਨਾਂ ਹੀ ਪਵੇਗਾ। ਨਹੀਂ ਤਾਂ ਵੇਖ ਲਵੋ, ਰੱਬ ਆਪਣੀਂ ਸਾਰਿਆਂ ਧੰਨ ਧੰਨ ਕਰਾ ਦੇਵੇ ਗਾ) ਵੀਰੋ ਇਹ ਬਰੈਕਟ ਵਾਲੀ ਲਾਈਨ ਮੈਂ ਕੁੱਝ ਮਜ਼ਾਹੀਆ ਲਹਿਜ਼ੇ ਵਿੱਚ ਲਿਖੀ ਹੈ। ਤਾਂ ਜੋ ਤੁਹਾਡੇ ਮੂਡ ਵਿੱਚ ਥੋੜਾ ਹਾਸਾ ਜਿਹਾ ਆ ਜਾਵੇ, ਕਿਉਂ ਕੇ ਧੰਨ ਧੰਨ ਕਰਾੳਣੀਂ ਇੱਕ ਪੰਜਾਬੀ ਅਖਾਣ ਵੀ ਹੈ। ਪਰ ਇਹ ਹੈ ਸੱਚ, ਵੀਰੋ ਇਹ ਕੋਈ ਔਖਾ ਕੰਮ ਵੀ ਨਹੀਂ ਹੈ। ਆਪਾਂ ਤਾਂ ਸਿਰਫ ਗੁਰੂ ਦਾ ਹੁਕਮ ਮੰਨਣਾਂ ਹੈ। ਜੇ ਅਸੀਂ ਗੁਰੂ ਦੇ ਆਖੇ ਲੱਗ ਕੇ ਕਾਰ ਕਰਾਂ ਗੇ ਤਾਂ, ਫਿਰ ਗੁਰੂ ਦੀ ਜੁੰਮੇ ਵਾਰੀ ਹੋ ਜਾਂਦੀ ਹੈ। ਜੇ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ, ਫਿਰ ਗੁਰੂ ਕੋਈ ਜੁਮੇਵਾਰ ਨਹੀਂ ਹੈ। ਰੱਬ ਚਾਹੇ ਜਿੱਥੇ ਮਰਜੀ ਹੈ ਸੁੱਟ ਦੇਵੇ, ਭਾਵੇਂ ਕੁੱਤੀ ਦੇ ਗਰਭ ਵਿੱਚ ਸੁਟ ਦੇਵੇ, ਤੇ ਭਾਵੇਂ ਗਧੀ ਦੇ ਪੇਟ ਵਿੱਚ ਪਾ ਦੇਵੇ। ਇਸ ਵਾਸਤੇ ਗੁਰੂ ਰਾਮਦਾਸ ਜੀ ਮਹਾਂਰਾਜ ਜੀ ਵੀ ਉਹਨਾਂ ਨੂੰ ਧੰਨ ਅਤੇ ਵੱਡੇਭਾਗਾਂ ਵਾਲੇ ਕਹਿੰਦੇ ਹਨ, ਜੋ ਗੁਰੂ ਦੀ ਮੱਤ ਲੈ ਲੈਂਦੇ ਹਨ। ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨੑ ਗੁਰਮਤਿ ਨਾਮੁ ਰਿਦੈ ਮਲੁ ਧੋਹੈ॥ ੪॥ ੨॥

ਬਲਦੇਵ ਸਿੰਘ
.