.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਦਾੜੀ ਹੋਈ ਭੂਰ

ਜਵਾਨੀ ਵਲ ਨੂੰ ਵੱਧਦਿਆਂ ਜਦੋਂ ਬੱਚਾ ਗ਼ਲਤੀ ਕਰਦਾ ਹੈ, ਤਾਂ ਘਰਦਾ ਸਿਆਣਾ ਪੁਰਸ਼ ਕਹਿ ਦੇਂਦਾ ਹੈ, ਕਿ ਵੇਖ ਤੇਰੇ ਮੂੰਹ `ਤੇ ਹੁਣ ਦਾੜੀ ਆ ਗਈ ਹੈ ਤੂੰ ਅਜੇ ਵੀੌ ਗਲਤੀਆਂ ਕਰਨੋਂ ਨਹੀਂ ਹੱਟਦਾ। ਹਾਣੀਆਂ ਨਾਲ ਰਲ਼ ਕੇ ਖੇਢਣ ਦੀ ਵੀ ਇੱਕ ਉੱਮਰ ਹੈ। ਮੂੰਹ `ਤੇ ਦਾੜੀ ਆ ਗਈ ਹੋਵੇ ਤਾਂ ਫਿਰ ਛੋਟੀ ਉਮਰ ਵਾਲੀਆਂ ਖੇਢਾਂ ਨਹੀਂ ਖੇਢੀਆਂ ਜਾਂਦੀਆਂ। ਮਾਪੇ ਬੱਚਿਆਂ ਨੂੰ ਸਿਆਣਾ ਬਣਾਉਣ ਦੀ ਚਾਹਨਾ ਰੱਖਦਿਆਂ ਕਹਿ ਦੇਂਦੇ ਹਨ, ਵੇਖ ਵੇਖ ਤੇਰੇ ਮੂੰਹ `ਤੇ ਕਿਨੀ ਕਿਨੀ ਦਾੜੀ ਆ ਗਈ ਏ ਤੁੰ ਅਜੇ ਵੀ ਬੱਚਿਆਂ ਵਾਂਗ ਸ਼ਰਰਾਤਾਂ ਹੀ ਕਰੀ ਜਾਂਦੈਂ। ਜਵਾਨ ਹੁੰਦੇ ਬੱਚੇ ਨੂੰ ਦੇਖ ਮਾਪੇ ਫ਼ਕਰ ਨਾਲ ਕਹਿਣਗੇ ਹੁਣ `ਤੇ ਸਾਡੇ ਮੁੰਡੇ ਨੂੰ ਸੁਖ ਨਾਲ ਦਾੜੀ ਆ ਗਈ ਹੈ। ਆਂਢੀਆਂ ਗਵਾਂਢੀਆਂ ਤੇ ਆਪਣੇ ਨਿਗਦੇ ਰਿਸ਼ਤੇਦਾਰਾਂ ਨੂੰ ਬੱਚੇ ਦਾ ਵਿਆਹ ਕਰਨ ਲਈ ਚੰਗੇ ਪਰਵਾਰ ਦੀ ਲੜਕੀ ਲੱਭਣ ਲਈ ਕਹਿੰਦੇ ਹਨ।
ਬਾਬਾ ਫ਼ਰੀਦ ਜੀ ਨੇ ਦਾੜੀ ਦਾ ਪ੍ਰਤੀਕ ਲੈ ਕੇ ਇੱਕ ਖ਼ਿਆਲ ਦਿੱਤਾ ਹੈ---
ਦੇਖੁ ਫਰੀਦਾ ਜੁ ਥੀਆ, ਦਾੜੀ ਹੋਈ ਭੂਰ॥
ਅਗਹੁ ਨੇੜਾ ਆਇਆ, ਪਿਛਾ ਰਹਿਆ ਦੂਰਿ॥ 9॥
ਸਲੋਕ ਫ਼ਰੀਦ ਜੀ ਪੰਨਾ੧੩੭੮

ਅੱਖ਼ਰੀਂ ਅਰਥ---ਹੇ ਫਰੀਦ! ਵੇਖ ਜੋ ਕੁੱਝ (ਹੁਣ ਤਕ) ਹੋ ਚੁਕਿਆ ਹੈ (ਉਹ ਇਹ ਹੈ ਕਿ) ਦਾੜ੍ਹੀ ਚਿੱਟੀ ਹੋ ਗਈ ਹੈ, ਮੌਤ ਵਾਲੇ ਪਾਸਿਓਂ ਸਮਾਂ ਨੇੜੇ ਆ ਰਿਹਾ ਹੈ, ਤੇ ਪਿਛਲਾ ਪਾਸਾ (ਜਦੋਂ ਜੰਮਿਆਂ ਸੈਂ) ਦੂਰ (ਪਿਛਾਂਹ) ਰਹਿ ਗਿਆ ਹੈ, (ਸੋ ਹੁਣ ਅੰਞਾਣਾਂ ਵਾਲੇ ਕੰਮ ਨਾਹ ਕਰ, ਤੇ ਅਗਾਂਹ ਦੀ ਤਿਆਰੀ ਲਈ ਕਮਾਈ ਕਰ)
ਅੱਖ਼ਰੀਂ ਅਰਥ ਤਾਂ ਏਹੀ ਬਣਦੇ ਹਨ ਜੋ ਉਪਰਲੀਆਂ ਸੱਤਰਾਂ ਵਿੱਚ ਆਏ ਹਨ। ਹੁਣ ਇਸ ਸਲੋਕ ਤੋਂ ਇਹ ਦੇਖਣਾ ਹੈ ਕਿ ਲੁਕਾਈ ਨੂੰ ਕੀ ਉਪਦੇਸ਼ ਮਿਲਦਾ ਹੈ। ਜਿੰਨ੍ਹਾਂ ਨੂੰ ਦਾੜੀ ਨਹੀਂ ਆਈ ਹੁੰਦੀ ਕੀ ਉਹਨਾਂ `ਤੇ ਇਹ ਸਲੋਕ ਨਹੀਂ ਢੁੱਕਦਾ? ਹੱਥਲੇ ਸਲੋਕ ਵਿੱਚ ਦਾੜੀ ਦੇ ਪ੍ਰਤੀਕ ਨੂੰ ਸਮਝਣ ਦਾ ਯਤਨ ਜਾਏਗਾ।
ਗਉੜੀ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਫਰਮਾਇਆ ਹੈ ਕਿ ਜੋ ਮਨੁੱਖ ਕਿਸੇ ਨਾਲ ਵਧੀਕੀ ਕਰਦਾ ਹੈ ਉਹ ਆਪ ਵੀ ਤਾਂ ਕ੍ਰੋਧ ਦੀ ਅੱਗ ਵਿੱਚ ਸੜਦਾ ਹੈ, ਜੇਹਾ ਕਿ—
ਗਰੀਬਾ ਉਪਰਿ ਜਿ ਖਿੰਜੈ ਦਾੜੀ॥
ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ॥
ਗਉੜੀ ਮਹਲਾ ੫ ਪੰਨਾ ੧੯੯

ਕਦੇ ਕਿਸੇ ਨੇ ਕਿਸ ਮਨੁੱਖ ਨੂੰ ਏਦਾਂ ਕਰਦਿਆਂ ਨਹੀਂ ਤੱਕਿਆ ਹੋਣਾ ਕਿ ਉਹ ਆਪਣੀ ਦਾੜੀ ਖਿਚ ਖਿਚ ਕੇ ਦੂਸਰਿਆਂ `ਤੇ ਗੁੱਸਾ ਕੱਢ ਰਿਹਾ ਹੋਵੇ। ‘ਗਰੀਬਾ ਉਪਰਿ ਜਿ ਖਿੰਜੈ ਦਾੜੀ’ ਦਾ ਭਾਵ ਅਰਥ ਹੈ ਆਪਣੀ ਅਕਲ਼ ਦੁਆਰਾ ਦੂਸਰਿਆਂ ਨਾਲ ਧੱਕਾ ਕਰਨਾ ਹੈ। ਇਹ ਕੁਦਰਤੀ ਗੱਲ ਹੈ ਜਦੋਂ ਦੂਸਰੇ ਪ੍ਰਤੀ ਨਫ਼ਰਤ ਦੀ ਭਾਵਨਾ ਜਨਮ ਲੈਂਦੀ ਹੈ ਤਾਂ ਕੁਦਰਤੀ ਨਿਯਮਾਂ ਤਹਿਤ ਕ੍ਰੋਧ, ਈਰਖਾ ਦੀ ਅਗਨੀ ਧੁਖਣੀ ਸ਼ੁਰੂ ਹੁੰਦੀ ਹੈ— ‘ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ’ ਅੱਖਰੀਂ ਅਰਥ ਤਾਂ ਏਹੀ ਬਣਦੇ ਹਨ ਕਿ ਦੂਜਿਆਂ `ਤੇ ਵਧੀਕੀ ਕਰਨ ਵਾਲੇ ਦੀ ਦਾੜੀ ਪਾਰਬ੍ਰਹਮ ਨੇ ਆਪ ਸਾੜ ਦਿੱਤੀ। ਇਸ ਸਾਰੀ ਵਿਚਾਰ ਦਾ ਭਾਵ ਅਰਥ ਹੈ ਕਿ ਜਦੋਂ ਅਸੀਂ ਕਿਸੇ ਨਾਲ ਧੱਕਾ ਕਰ ਰਹੇ ਹੁੰਦੇ ਹਾਂ ਇੱਕ ਵਾਰ ਤਾਂ ਸਾਡੀ ਆਤਮਾ ਲਾਹਨਤ ਪਉਂਦੀ ਹੈ ਮੰਨੀਏ ਭਾਂਵੇਂ ਨਾ ਮੰਨੀਏ ਇਹ ਸਾਡੀ ਮਰਜ਼ੀ ਹੈ। ਏੱਥੇ ਦਾੜੀ ਤੋਂ ਭਾਵ ਆਪਣੀ ਅਕਲ ਦਾ ਗੁੱਸਾ ਦੂਸਰੇ `ਤੇ ਪ੍ਰਗਟ ਕਰਨ ਲਈ ਜਿੱਥੇ ਜ਼ਬਾਨ ਦੇ ਬੋਲਾਂ ਦੀ ਵਰਤੋਂ ਖੁਲ੍ਹ ਕੇ ਕੀਤੀ ਜਾਂਦੀ ਹੈ ਓੱਥੇ ਕਈ ਵਾਰੀ ਹੱਥਾਂ ਤੇ ਡਾਂਗ ਸੋਟੇ ਨਾਲ ਲੜਾਈ ਦੀ ਨੌਬਤ ਵੀ ਆ ਜਾਂਦੀ ਹੈ। ਕਈ ਅਫ਼ਸਰ ਆਪਣੀ ਕਲਮ ਦੀ ਲਿਖਤ ਦੁਆਰਾ ਕਿਸੇ ਦਾ ਨੁਕਸਾਨ ਕਰਕੇ ਆਪਣੇ ਸੜੇ ਹੋਏ ਮਨ ਨੂੰ ਧਰਵਾਸ ਦੇਂਦੇ ਹਨ। ਸੁ ਦਾੜੀ ਦਾ ਭਾਵ ਅਰਥ ਅੰਦਰਲੀ ਅਕਲ ਜਿਸ ਰਾਂਹੀ ਦੁਜਿਆਂ `ਤੇ ਰੋਹਬ ਪਉਂਦੇ ਹਾਂ ਪਰ ਉਸ ਰੁਹਬ ਦਾਬ ਦੇ ਥੱਲੇ ਸਾਡਾ ਹੰਕਾਰ ਪ੍ਰਤੱਖ ਝਲਕਦਾ ਹੁੰਦਾ ਦਿਸਦਾ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਪੰਡਤ ਨੂੰ ਸੰਬੋਧਨ ਹੁੰਦਿਆ ਸਾਰੀ ਮਨੁੱਖਤਾ ਨੂੰ ਸੁਨੇਹਾਂ ਦਿੱਤਾ ਹੈ ਕਿ ਜਿਹੜਾ ਵੀ ਮਨੁੱਖ ਆਪਣੀਆਂ ਗਿਆਨ ਇੰਦ੍ਰੀਆਂ ਨੂੰ ਸੰਜਮ ਵਿੱਚ ਨਹੀਂ ਰੱਖਦਾ ਉਸ ਦੀ ਦਾੜੀ ਵਿੱਚ ਨਿੱਤ ਥੁੱਕ ਪੈਂਦਾ ਹੈ। ਭਾਵ ਉਸ ਨੂੰ ਆਤਮਕ ਤਲ ਉੱਤੇ ਪਰਵਾਰ ਅਤੇ ਸਮਾਜ ਵਿੱਚ ਜ਼ਲੀਲ ਹੋਣਾ ਪੈਂਦਾ ਹੈ—
ਤਗੁ ਨ ਇੰਦ੍ਰੀ ਤਗੁ ਨ ਨਾਰੀ॥ ਭਲਕੇ ਥੁਕ ਪਵੈ ਨਿਤ ਦਾੜੀ॥
ਸਕੋਲ ਮ: ੧ ਪੰਨਾ ੪੭੧

ਗੁਰੂ ਅਮਰਦਾਸ ਜੀ ਦਾ ਸਲੋਕ ਵਾਰਾਂ ਤੇ ਵਧੀਕ ਵਿੱਚ ਪਿਆਰਾ ਵਾਕ ਹੈ ਕਿ ਉਹ ਦਾੜੀਆਂ ਸਤਿਕਾਰ ਯੋਗ ਹਨ ਜੋ ਗੁਰੂ ਦੀ ਚਰਨੀ ਪੈਂਦੀਆਂ ਹਨ—
ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿੑ॥
ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨਿੑ॥
ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨਿੑ॥
ਸਲੋਕ ਮ: ੩ ਪੰਨਾ ੧੪੧੯

ਇਸ ਸਲੋਕ ਦਾ ਭਾਵ ਅਰਥ ਹੈ ਕਿ ਉਹ ਮਤ ਜੋ ਗੁਰੂ ਜੀ ਦੀ ਚਰਨੀ ਲੱਗਦੀ ਹੈ ਭਾਵ ਆਪਣੀ ਮਤ ਤਿਆਗ ਕੇ ਗੁਰੂ ਦੀ ਮਤ ਲੈ ਕੇ ਹਰ ਵੇਲੇ ਅਨੰਦ ਵਿੱਚ ਰਹਿੰਦੀ ਹੈ ਤੇ ਅੰਦਰੋਂ ਬਾਹਰੋਂ ਇਕੋ ਜੇਹੀ ਹੋ ਜਾਂਦੀ ਹੈ।
ਹੁਣ ਲਈਏ ਸ਼ੇਖ਼ ਫਰੀਦ ਜੀ ਦੇ ਸਲੋਕ ਦੀ ਵਿਚਾਰ ਕਿ ‘ਦਾੜੀ ਹੋਈ ਭੂਰ’ ਦਾ ਸਾਨੂੰ ਕੀ ਉਪਦੇਸ਼ ਮਿਲਦਾ ਹੈ। ਚਿੱਟੀ ਦਾੜੀ ਦਾਨੇਪਨ ਦੀ ਨਿਸ਼ਾਨੀ ਹੈ। ਜਿਸ ਤਰ੍ਹਾਂ ਦਾੜੀ ਉਤਰਨ ਨਾਲ ਬਚਪਨੇ ਤੋਂ ਜਵਾਨੀ ਵਲ ਨੂੰ ਵੱਧਣ ਦਾ ਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਏਸੇ ਤਰ੍ਹਾਂ ਹੀ ਦਾੜੀ ਹੋਈ ਭੂਰ ਸਿਆਣਪ ਆਉਣ ਦੀ ਨਿਸ਼ਾਨੀ ਹੈ। ਚਿੱਟੀ ਦਾੜੀ ਭਰੋਸਗੀ, ਇਤਬਾਰ, ਜ਼ਿੰਦਗੀ ਦਾ ਲੰਬਾ ਤਜਰਬਾ ਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ।
ਫ਼ਰੀਦ ਜੀ ਕਹਿੰਦੇ ਹਨ ਕਿ ਮੈਨੂੰ ਅਹਿਸਾਸ ਹੋ ਗਿਆ ਹੈ ‘ਦੇਖੁ ਫਰੀਦਾ ਜੁ ਥੀਆ’ ਭਾਵ ਇੱਕ ਤਬਦੀਲੀ ਆ ਗਈ ਹੈ- ‘ਦਾੜੀ ਹੋਈ ਭੂਰ’ ਆਤਮਕ ਸੂਝ ਆ ਗਈ ਹੈ। ਕਈ ਵਾਰੀ ਮਨੁੱਖ ਜ਼ਿੰਦਗੀ ਦੇ ਹਕੀਕੀ ਤਜਰਬੇ ਦੀ ਗੱਲ ਕਰਦਿਆਂ ਕਹਿ ਦੇਂਦਾ ਹੈ ਮੈਨੂੰ ਐਵੇਂ ਧੁੱਪ ਵਿੱਚ ਚਿੱਟੇ ਨਹੀਂ ਆਏ ਭਾਵ ਮੈਨੂੰ ਇਸ ਕੰਮ ਦਾ ਪੂਰਾ ਤਜਰਬਾ ਹੈ। ਗੁਰ-ਗਿਆਨ ਦੁਆਰਾ ਆਤਮਕ ਸੂਝ ਆਉਂਦਿਆਂ ਹੀ ਮਨੁੱਖ ਵਿਕਾਰਾਂ ਵਲੋਂ ਪਾਸਾ ਵੱਟ ਜਾਂਦਾ ਹੈ।
ਮੰਨ ਲਓ ਕਿਸੇ ਆਦਮੀ ਨੇ ਦਿੱਲੀ ਤੋਂ ਅੰਮ੍ਰਿਤਸਰ ਵਲ ਨੂੰ ਆਉਣਾ ਹੈ। ਉਹ ਜਿਵੇਂ ਜਿਵੇਂ ਦਿੱਲੀ ਵਲੋਂ ਅੰਮ੍ਰਿਤਸਰ ਵਲ ਨੂੰ ਜਾਏਗਾ ਤਿਵੇਂ ਤਿਵੇਂ ਦਿੱਲੀ ਦੂਰ ਹੁੰਦੀ ਜਾਏਗੀ ਤੇ ਅੰਮ੍ਰਿਤਸਰ ਨੇੜੇ ਆਉਂਦਾ ਜਾਏਗਾ। ਏਸੇ ਤਰ੍ਹਾਂ ਹੀ ਦਾੜੀ ਹੋਈ ਭੂਰ ਸ਼ੁਭ ਗੁਣਾਂ ਵਾਲੀ ਅਕਲ ਜਨਮ ਲੈਂਦੀ ਹੈ ਤਾਂ ਵਿਕਾਰਾਂ ਵਲੋਂ ਦੂਰੀ ਵੱਧਣੀ ਸ਼ੁਰੂ ਹੋ ਜਾਂਦੀ ਹੈ। ਇਸ ਦੂਰੀ ਨੂੰ ਸ਼ੇਖ਼ ਫਰੀਦ ਜੀ ਆਖਦੇ ਹਨ- ‘ਅਗਹੁ ਨੇੜਾ ਆਇਆ’ ਭਾਵ ਸ਼ੁਭ ਗੁਣਾਂ ਵਾਲੇ ਰੱਬ ਜੀ ਦਾ ਘਰ ਨੇੜੇ ਆਇਆ ਹੈ ਤੇ ਵਿਕਾਰਾਂ ਵਾਲੀ ਸੋਚ ਹੁਣ ਦੂਰ ਹੁੰਦੀ ਜਾ ਰਹੀ ਹੈ— ‘ਪਿਛਾ ਰਹਿਆ ਦੂਰਿ’ ਵਿਕਾਰੀ, ਈਰਖਾਲੀ, ਨਿੰਦਿਆ, ਕ੍ਰੋਧ ਤੇ ਚੁਗਲੀ ਵਾਲੀ ਸੋਚ ਨੂੰ ਹਮੇਸ਼ਾਂ ਲਈ ਤਿਆਗ ਪੱਤਰ ਦੇ ਦਿੱਤਾ ਹੈ।
ਸਮੁੱਚੇ ਤੌਰ `ਤੇ ਕਿਹਾ ਜਾ ਸਕਦਾ ਹੈ ਕਿ ਫਰੀਦ ਜੀ ਨੇ ਸਾਡੀ ਅੰਦਰਲੀ ਸੋਚ ਨੂੰ ਘੜਦਿਆਂ ਹੋਇਆ ਸਮਝਾਇਆ ਹੈ ਕਿ ਜਦੋਂ ਆਤਮਕ ਸੂਝ ਦਾ ਜਨਮ ਹੁੰਦਾ ਹੈ ਤਾਂ ਓਦੋਂ ਸਚਾਈ ਵਾਲੀ ਨਵੀਂ ਸੋਚ ਜਨਮ ਲੈਂਦੀ ਹੈ ਜਿਸ ਨਾਲ ਵਿਕਾਰਾਂ ਦਾ ਪਿੱਛਾ ਛੱਡਦਿਆਂ ਹੋਇਆਂ ਇਹਨਾਂ ਵਲੋਂ ਜਿੱਥੇ ਦੂਰੀ ਬਣਦੀ ਹੈ ਓੱਥੇ ਸੇਵਾ ਭਾਵਨਾ ਵਲ ਨੂੰ ਨੇੜਤਾ ਵੱਧਦੀ ਹੈ।
ਇਸ ਦਾ ਭਾਵ ਇਹ ਨਹੀਂ ਕਿ ਗੁਰਬਾਣੀ ਦਾ ਭਾਵ ਕੇਵਲ ਦਾੜੀ ਵਾਲਿਆਂ ਤੇ ਹੀ ਢੁੱਕਦਾ ਹੈ ਤੇ ਜਿਨ੍ਹਾਂ ਨੂੰ ਦਾੜੀ ਨਹੀਂ ਆਈ ਜਾਂ ਬੀਬੀਆਂ ਤੇ ਇਹ ਸਲੋਕ ਨਹੀਂ ਢੁੱਕਦਾ। ਗੁਰਬਾਣੀ ਤਾਂ ਹਰ ਮਨੁੱਖ ਮਾਤਰ ਨੂੰ ਸੁੱਖ ਸੁਨੇਹਾਂ ਦੇਂਦੀ ਹੈ।
.