.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 15)

ਏਕੋ ਏਕੁ ਵਰਤੈ ਸਭੁ ਸੋਈ॥ ਗੁਰਮੁਖਿ ਵਿਰਲਾ ਬੂਝੈ ਕੋਈ॥
ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ॥ ੧॥ (੧੦੪੪)
ਲਖ ਚਉਰਾਸੀਹ ਜੀਅ ਉਪਾਏ॥ ਗਿਆਨੀ ਧਿਆਨੀ ਆਖਿ ਸੁਣਾਏ॥
ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਨ ਹੋਈ ਹੇ॥ ੨॥
ਮਾਇਆ ਮੋਹੁ ਅੰਧੁ ਅੰਧਾਰਾ॥ ਹਉਮੈ ਮੇਰਾ ਪਸਰਿਆ ਪਾਸਾਰਾ॥
ਅਨਦਿਨੁ ਜਲਤ ਰਹੈ ਦਿਨੁ ਰਾਤੀ ਗੁਰ ਬਿਨੁ ਸਾਂਤਿ ਨ ਹੋਈ ਹੇ॥ ੩॥
ਆਪੇ ਜੋੜਿ ਵਿਛੋੜੇ ਆਪੇ॥ ਆਪੇ ਥਾਪਿ ਉਥਾਪੇ ਆਪੇ॥
ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਨ ਹੋਈ ਹੇ॥ ੪॥
ਆਪੇ ਲਾਇ ਲਏ ਸੋ ਲਾਗੈ॥ ਗੁਰ ਪਰਸਾਦੀ ਜਮ ਕਾ ਭਉ ਭਾਗੈ॥
ਅੰਤਰਿ ਸਬਦੁ ਸਦਾ ਸੁਖਦਾਤਾ ਗੁਰਮੁਖਿ ਬੂਝੈ ਕੋਈ ਹੇ॥ ੫॥
ਆਪੇ ਮੇਲੇ ਮੇਲਿ ਮਿਲਾਏ॥ ਪੁਰਬਿ ਲਿਖਿਆ ਸੋ ਮੇਟਣਾ ਨ ਜਾਏ॥
ਅਨਦਿਨੁ ਭਗਤਿ ਕਰੇ ਦਿਨੁ ਰਾਤੀ ਗੁਰਮੁਖਿ ਸੇਵਾ ਹੋਈ ਹੇ॥ ੬॥
ਸਤਿਗੁਰੁ ਸੇਵਿ ਸਦਾ ਸੁਖੁ ਜਾਤਾ॥ ਆਪੇ ਆਇ ਮਿਲਿਆ ਸਭਨਾ ਕਾ ਦਾਤਾ॥
ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ ਸਬਦੁ ਚੀਨਿ ਸੁਖੁ ਹੋਈ ਹੇ॥ ੭॥
ਕਾਇਆ ਕੁਟੰਬੁ ਮੋਹੁ ਨ ਬੂਝੈ॥ ਗੁਰਮੁਖਿ ਹੋਵੈ ਤ ਆਖੀ ਸੂਝੈ॥
ਅਨਦਿਨੁ ਨਾਮੁ ਰਵੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਹੋਈ ਹੇ॥ ੮॥
ਮਨਮੁਖ ਧਾਤੁ ਦੂਜੈ ਹੈ ਲਾਗਾ॥ ਜਨਮਤ ਕੀ ਨ ਮੂਓ ਆਭਾਗਾ॥
ਆਵਤ ਜਾਤ ਬਿਰਥਾ ਜਨਮੁ ਗਵਾਇਆ ਬਿਨੁ ਗੁਰ ਮੁਕਤਿ ਨ ਹੋਈ ਹੇ॥ ੯॥
ਕਾਇਆ ਕਸੁਧੁ ਹਉਮੈ ਮਲੁ ਲਾਈ॥ ਜੇ ਸਉ ਧੋਵਹਿ ਤਾ ਮੈਲੁ ਨ ਜਾਈ॥
ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੂਲ ਨ ਹੋਈ ਹੇ॥ ੧੦॥
ਪੰਚ ਦੂਤ ਕਾਇਆ ਸੰਘਾਰਹਿ॥ ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ॥
ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਨ ਹੋਈ ਹੇ॥ ੧੧॥
ਇਕਿ ਪੰਚਾ ਮਾਰਿ ਸਬਦਿ ਹੈ ਲਾਗੇ॥ ਸਤਿਗੁਰੁ ਆਇ ਮਿਲਿਆ ਵਡਭਾਗੇ॥
ਅੰਤਰਿ ਸਾਚੁ ਰਵਹਿ ਰੰਗਿ ਰਾਤੇ ਸਹਜਿ ਸਮਾਵੈ ਸੋਈ ਹੇ॥ ੧੨॥
ਗੁਰ ਕੀ ਚਾਲ ਗੁਰੂ ਤੇ ਜਾਪੈ॥ ਪੂਰਾ ਸੇਵਕੁ ਸਬਦਿ ਸਿਞਾਪੈ॥
ਸਦਾ ਸਬਦੁ ਰਵੈ ਘਟ ਅੰਤਰਿ ਰਸਨਾ ਰਸ ਚਾਖੈ ਸਚੁ ਸੋਈ ਹੇ॥ ੧੩॥
ਹਉਮੈ ਮਾਰੇ ਸਬਦਿ ਨਿਵਾਰੇ॥ ਹਰਿ ਕਾ ਨਾਮੁ ਰਖੈ ਉਰਿ ਧਾਰੇ॥
ਏਕਸੁ ਬਿਨੁ ਹਉ ਹੋਰੁ ਨ ਜਾਣਾ ਸਹਜੇ ਹੋਇ ਸੁ ਹੋਈ ਹੇ॥ ੧੪॥
ਬਿਨੁ ਸਤਿਗੁਰ ਸਹਜੁ ਕਿਨੈ ਨਹੀ ਪਾਇਆ॥ ਗੁਰਮੁਖਿ ਬੂਝੈ ਸਚਿ ਸਮਾਇਆ॥
ਸਚਾ ਸੇਵਿ ਸਬਦਿ ਸਚ ਰਾਤੇ ਹਉਮੈ ਸਬਦੇ ਖੋਈ ਹੇ॥ ੧੫॥
ਆਪੇ ਗੁਣਦਾਤਾ ਬੀਚਾਰੀ॥ ਗੁਰਮੁਖਿ ਦੇਵਹਿ ਪਕੀ ਸਾਰੀ॥
ਨਾਨਕ ਨਾਮਿ ਸਮਾਵਹਿ ਸਾਚੈ ਸਾਚੇ ਤੇ ਪਤਿ ਹੋਈ ਹੇ॥ ੧੬॥ ੨॥ (੧੦੪੫)

॥ ੧॥ ਏਕੋ ਏਕੁ ਵਰਤੈ ਸਭੁ ਸੋਈ॥ ਗੁਰਮੁਖਿ ਵਿਰਲਾ ਬੂਝੈ ਕੋਈ॥
ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ॥ ੧॥ (੧੦੪੪)
ਹੇ ਭਾਈ ਇੱਕ ਉਹੀ ਕਰਤਾਰ ਹੀ ਸਭ ਥਾਵਾਂ ਵਿੱਚ ਵਰਤ ਰਿਹਾ ਹੈ, ਸਭ ਕੰਮ ਕਰ ਰਿਹਾ ਹੈ। ਗੁਰ (ਸ਼ਬਦ) ਦੇ ਕਹੇ ਅਨੁਸਾਰ ਚਲਣ ਵਾਲਾ ਕੋਈ ਵਿਰਲਾ ਗੁਰਮੁਖ ਹੀ ਇਸ ਗੱਲ ਨੂੰ ਬੁਝਦਾ ਹੈ, ਸਮਝਦਾ ਹੈ ਕਿ ਪਰਮਾਤਮਾ ਹੀ ਸਭ ਚੀਜ਼ਾਂ, ਜੀਵਾਂ ਵਿੱਚ ਵਿਆਪਕ ਹੋ ਕੇ ਰਮਿਆ ਹੋਇਆ ਹੈ। ਉਸ ਤੋਂ ਬਿਨਾ ਹੋਰ ਕੋਈ ਅਜਿਹਾ ਨਹੀਂ ਹੈ।

॥ ੨॥ ਲਖ ਚਉਰਾਸੀਹ ਜੀਅ ਉਪਾਏ॥ ਗਿਆਨੀ ਧਿਆਨੀ ਆਖਿ ਸੁਣਾਏ॥
ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਨ ਹੋਈ ਹੇ॥ ੨॥
ਗੁਰੂ ਸਾਹਿਬ ਸੇਧ ਦਿੰਦੇ ਹਨ ਕਿ ਗਿਆਨੀ (ਗਿਆਨਵਾਨ) ਅਤੇ ਧਿਆਨੀ (ਧਿਆਨ ਜੋੜਨ ਵਾਲੇ, ਸਮਾਧੀਆਂ ਲਾਉਣ ਵਾਲੇ)
ਇਹ ਆਖ ਕੇ ਸੁਣਾ ਗਏ ਹਨ ਕਿ ਧਰਤੀ ਤੇ ਚੌਰਾਸੀ ਲੱਖ ਜੂਨਾਂ ਹਨ। (ਇਹ ਇੱਕ ਮਿੱਥ, ਮਿਥੀ ਹੋਈ, ਕਿਆਸ ਕੀਤੀ ਹੋਈ ਗੱਲ ਹੈ, ਜੋ ਕਿਸੇ ਹਾਲਤ ਵਿੱਚ ਵੀ ਬਿਲਕੁਲ ਠੀਕ ਨਹੀਂ ਹੋ ਸਕਦੀ। ਕਈ ਪਿਛਲੇ ਜੀਵ, ਖਤਮ ਹੋ ਜਾਂਦੇ ਹਨ, ਨਵੇਂ ਜੀਵ, ਜੀਵਾਣੂ-ਕਿਟੳਣੂ ਪੈਦਾ ਹੋ ਜਾਂਦੇ ਹਨ। ਇਹ ਇੱਕ ਅੰਦਾਜ਼ਾ ਮਾਤ੍ਰ ਹੀ ਹੈ, ਅਤੇ ਅੰਦਾਜ਼ੇ ਕਦੀ ਪੂਰਨ ਸੱਚ ਨਹੀਂ ਹੁੰਦੇ।) ਗੁਰੂ ਸਾਹਿਬ ਸਪੱਸ਼ਟ ਕਰਦੇ ਹਨ ਕਿ, ਪਰਮਾਤਮਾ ਵਲੋਂ ਕੀਤੇ ਕੰਮ, ਪੈਦਾ ਕੀਤੇ ਜੀਵ ਗਿਣਤੀ-ਮਿਣਤੀ ਵਿੱਚ ਨਹੀਂ ਹਨ, ਉਨ੍ਹਾਂ ਨੂੰ ਅਣਗਿਣਤ ਹੀ ਕਿਹਾ ਜਾ ਸਕਦਾ ਹੈ। ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਇਨ੍ਹਾਂ ਸਭ ਨੂੰ ਪੈਦਾ ਕਰਨ ਵਾਲਾ, ਪਰਮਾਤਮਾ ਆਪ ਹੀ ਹੈ, ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਉਨ੍ਹਾਂ ਸਭ ਜੀਵਾਂ ਨੂੰ ਵਾਹਿਗੁਰੂ ਆਪ ਹੀ ਰਿਜ਼ਕ ਅਪੜਾਂਦਾ ਹੈ, ਹੋਰ ਕੋਈ ਅਜਿਹੀ ਹਸਤੀ ਨਹੀਂ ਹੇ ਜਿਸ ਨੂੰ ਪ੍ਰਭੂ ਦੇ ਬਰਾਬਰ ਸਮਝਿਆ ਜਾ ਸਕੇ।

॥ ੩॥ ਮਾਇਆ ਮੋਹੁ ਅੰਧੁ ਅੰਧਾਰਾ॥ ਹਉਮੈ ਮੇਰਾ ਪਸਰਿਆ ਪਾਸਾਰਾ॥
ਅਨਦਿਨੁ ਜਲਤ ਰਹੈ ਦਿਨੁ ਰਾਤੀ ਗੁਰ ਬਿਨੁ ਸਾਂਤਿ ਨ ਹੋਈ ਹੇ॥ ੩॥
ਸੰਸਾਰ ਵਿੱਚ ਸਭ ਥਾਂ, ਮਾਇਆ ਦੇ ਮੋਹ ਦਾ ਘੁੱਪ ਹਨੇਰਾ ਹੈ, ਉਸ ਵਿੱਚ ਹੀ ਹਉਮੈ, ਹੰਕਾਰ ਅਤੇ ਮਮਤਾ ਦਾ ਪਸਾਰਾ ਪਸਰਿਆ ਹੋਇਆ ਹੈ। ਜਗਤ ਹਰ ਵੇਲੇ, ਰਾਤ ਦਿਨ, ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਹੈ। ਗੁਰ (ਸ਼ਬਦ) ਦੀ ਸਰਨ ਲਏ ਬਗੈਰ, ਸ਼ਬਦ ਨੂੰ ਵਿਚਾਰ ਕੇ ਸੋਝੀ ਪਰਾਪਤ ਕੀਤੇ ਬਗੈਰ, ਸ਼ਾਂਤੀ ਨਹੀਂ ਮਿਲਦੀ, ਮਨ ਸ਼ਾਂਤ ਨਹੀਂ ਹੁੰਦਾ।

॥ ੪॥ ਆਪੇ ਜੋੜਿ ਵਿਛੋੜੇ ਆਪੇ॥ ਆਪੇ ਥਾਪਿ ਉਥਾਪੇ ਆਪੇ॥
ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਨ ਹੋਈ ਹੇ॥ ੪॥
ਪਰਮਾਤਮਾ ਆਪ ਹੀ ਤੱਤਾਂ ਨੂੰ ਜੋੜ ਕੇ ਜੀਵਾਂ ਨੂੰ ਬਣਾਉਂਦਾ ਹੈ, ਫਿਰ ਤੱਤਾਂ ਨੂੰ ਵਿਛੋੜ ਕੇ, ਉਨ੍ਹਾਂ ਜੀਵਾਂ ਨੂੰ ਆਪ ਹੀ ਖਤਮ ਕਰ ਦਿੰਦਾ ਹੈ। ਇਵੇਂ ਹੀ ਤੱਤਾਂ ਦੇ ਮੇਲ ਨਾਲ ਚੀਜ਼ਾਂ ਬਣਾ ਕੇ ਉਨ੍ਹਾਂ ਦੀ ਸਥਾਪਨਾ ਕਰਦਾ ਹੈ, ਫਿਰ ਆਪ ਹੀ ਉਨ੍ਹਾਂ ਦੇ ਤੱਤ ਅਲੱਗ ਕਰ ਕੇ ਉਨ੍ਹਾਂ ਨੂੰ ਖਤਮ ਕਰ ਦਿੰਦਾ ਹੈ। ਹੇ ਭਾਈ ਪਰਮਾਤਮਾ ਦਾ ਹੁਕਮ ਹੀ ਅਟੱਲ ਹੈ, ਅਤੇ ਉਸ ਦੇ ਹੁਕਮ ਵਿੱਚ ਬਣਿਆ ਇਹ ਸੰਸਾਰ ਵੀ ਸਚ ਮੁਚ ਹੋਂਦ ਵਾਲਾ ਹੈ, ਕਿਉਂਕਿ ਇਸ ਸੰਸਾਰ ਵਿੱਚ ਕੀਤੇ ਕੰਮ ਹੀ ਬੰਦੇ ਨੂੰ ਪਰਮਾਤਮਾ ਨਾਲ ਇਕ-ਮਿਕ ਕਰ ਦੇਂਦੇ ਹਨ। ਇਸ ਸੰਸਾਰ ਵਿੱਚ ਕੀਤੇ ਕੰਮ ਹੀ ਬੰਦੇ ਨੂੰ ਪਰਮਾਤਮਾ ਨਾਲੋਂ ਵਿਛੋੜ ਕੇ, ਚੌਰਾਸੀ ਲੱਖ (ਅਣਗਿਣਤ) ਜੂਨਾਂ ਵਿੱਚ ਭਟਕਾ ਦਿੰਦੇ ਹਨ। ਇਸ ਸੰਸਾਰ ਵਿੱਚ ਕਿਸੇ ਹੋਰ ਦਾ ਅਜਿਹਾ ਹੁਕਮ ਨਹੀਂ ਚਲ ਸਕਦਾ। (ਫਿਰ ਵੀ ਸਿੱਖ, ਸ਼ਬਦ ਗੁਰੂ ਨੂੰ ਆਪਣਾ ਗੁਰੂ ਕਹਿੰਦੇ, ਉਸ ਤੋਂ ਗਿਆਨ ਲੈ ਕੇ ਉਸ ਅਨੁਸਾਰ ਜੀਵਨ ਢਾਲਣ ਦੀ ਥਾਂ, ਵਿਖਾਵੇ ਦੇ ਕਰਮ-ਕਾਂਡ ਕਰਦਿਆਂ, ਪਰਮਾਤਮਾ ਨਾਲੌਂ ਟੁੱਟ ਕੇ, ਮਾਇਆ ਨਾਲ ਜੁੜਦੇ ਹਨ। ਮਾਇਆ ਖਾਤਰ ਕੀਤੇ ਕੁਕਰਮਾਂ ਦਾ ਫੱਲ ਭੁਗਤਣ ਤੋਂ ਬਚਣ ਲਈ, ਆਵਾਰਾ ਕੁੱਤੇ ਵਾਙ ਜਣੇ-ਖਣੇ, ਮਿੱਟੀ ਦੇ ਪੁਤਲਿਆਂ ਪਿੱਛੈ ਪੂਛ ਹਿਲਾਉਂਦੇ, ਉਨ੍ਹਾਂ ਦੀ ਸੇਵਾ ਕਰਦੇ, ਆਪਣਾ ਸਭ ਕੁਛ ਲੁਟਾ ਕੇ ਦੁਖੀ ਹੁੰਦੇ ਹਨ।)

॥ ੫॥ ਆਪੇ ਲਾਇ ਲਏ ਸੋ ਲਾਗੈ॥ ਗੁਰ ਪਰਸਾਦੀ ਜਮ ਕਾ ਭਉ ਭਾਗੈ॥
ਅੰਤਰਿ ਸਬਦੁ ਸਦਾ ਸੁਖਦਾਤਾ ਗੁਰਮੁਖਿ ਬੂਝੈ ਕੋਈ ਹੇ॥ ੫॥
ਜਿਸ ਬੰਦੇ ਨੂੰ ਰੱਬ ਆਪ ਹੀ, ਆਪਣੇ ਨਾਲ ਜੋੜਦਾ ਹੈ, ਉਹੀ ਬੰਦਾ ਪ੍ਰਭੂ ਦੀ ਭਗਤੀ ਨਾਲ ਜੁੜਦਾ ਹੈ। ਗੁਰ ਸ਼ਬਦ ਦੇ ਗਿਆਨ ਆਸਰੇ, ਨਿਰਭਉ ਨਾਲ ਜੁੜਿਆਂ ਉਸ ਬੰਦੇ ਦੇ ਅੰਦਰੋਂ ਮੌਤ ਦਾ ਡਰ ਦੂਰ ਹੋ ਜਾਂਦਾ ਹੈ। ਉਸ ਦੇ ਅੰਦਰ, ਸਦਾ ਸੁਖ ਦੇਣ ਵਾਲਾ ਗਿਆਨ ਵਸਿਆ ਰਹਿੰਦਾ ਹੈ। ਪਰ ਇਸ ਭੇਦ ਨੂੰ ਕੋਈ ਵਿਰਲਾ ਹੀ ਸਮਝਦਾ ਹੈ, ਜੋ ਗੁਰਮੁਖ ਹੋ ਕੇ, ਗੁਰੂ ਦੀ ਆਗਿਆ ਵਿੱਚ ਚਲਦਾ ਹੈ।

॥ ੬॥ ਆਪੇ ਮੇਲੇ ਮੇਲਿ ਮਿਲਾਏ॥ ਪੁਰਬਿ ਲਿਖਿਆ ਸੋ ਮੇਟਣਾ ਨ ਜਾਏ॥
ਅਨਦਿਨੁ ਭਗਤਿ ਕਰੇ ਦਿਨੁ ਰਾਤੀ ਗੁਰਮੁਖਿ ਸੇਵਾ ਹੋਈ ਹੇ॥ ੬॥
ਪਰਮਾਤਮਾ ਬੰਦੇ ਦੇ ਕੀਤੇ ਚੰਗੇ ਕਰਮਾਂ ਦੇ ਆਧਾਰ ਤੇ, ਲਿਖੇ ਪੂਰਬਲੇ ਲੇਖਾਂ ਅਨੁਸਾਰ ਹੀ ਬੰਦੇ ਨੂੰ ਸ਼ਬਦ ਗੁਰੂ ਨਾਲ ਮਿਲਾ ਕੇ ਆਪਣੇ ਨਾਲ ਮਿਲਣ ਦੀ ਵਿਧ ਬਣਾਉSਦਾ ਹੇ। ਇਹ ਪੂਰਬ ਲਿਖੇ ਲੇਖ ਕਿਸੇ ਕੋਲੋਂ ਮਿਟਾਏ ਨਹੀਂ ਜਾ ਸਕਦੇ, ਬਦਲੇ ਨਹੀਂ ਜਾ ਸਕਦੇ।
(ਭਾਵੇਂ ਬ੍ਰਾਹਮਣ ਦੀ ਤਰਜ਼ ਤੇ, ਸਿੱਖਾਂ ਵਿੱਚ ਵੀ ਹਜ਼ਾਰਾਂ ਰੱਬ ਦੇ ਸ਼ਰੀਕ ਜੰਮ ਪਏ ਹਨ, ਜੋ ਅਕਾਲਪੁਰਖ ਤੋਂ ਵੀ ਵੱਡੇ ਬਣਦੇ, ਵਾਹਿਗੁਰੂ ਵਲੋਂ ਕੀਤੀਆਂ ਗਲਤੀਆਂ ਨੂੰ ਸੁਧਾਰਨ ਦੇ ਦਾਅਵੇ ਕਰਦੇ ਆਮ ਵੇਖੇ ਜਾ ਸਕਦੇ ਹਨ)
ਇਨ੍ਹਾਂ ਬੁਰੇ ਲੇਖਾਂ ਨੂੰ ਮਿਟਾਉਣ ਦਾ ਇਕੋ ਇੱਕ ਢੰਗ ਹੈ, ਗੁਰਮੁਖ ਹੋ ਕੇ, ਸ਼ਬਦ ਗੁਰੂ ਦੀ ਸੇਵਾ ਕਰ ਕੇ, ਸ਼ਬਦ ਦੀ ਵਿਚਾਰ ਕਰ ਕੇ, ਉਸ ਤੋਂ ਉਪਜੇ ਗਿਆਨ ਅਨੁਸਾਰ, ਰਾਤ ਦਿਨ, ਹਰ ਵੇਲੇ ਭਗਤੀ ਕਰਨਾ, ਪ੍ਰਭੂ ਦੇ ਹੁਕਮ ਵਿੱਚ ਚਲਣਾ ਹੈ।

॥ ੭॥ ਸਤਿਗੁਰੁ ਸੇਵਿ ਸਦਾ ਸੁਖੁ ਜਾਤਾ॥ ਆਪੇ ਆਇ ਮਿਲਿਆ ਸਭਨਾ ਕਾ ਦਾਤਾ॥
ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ ਸਬਦੁ ਚੀਨਿ ਸੁਖੁ ਹੋਈ ਹੇ॥ ੭॥
ਸ਼ਬਦ ਗੁਰੂ ਨੂੰ ਪਛਾਣ ਕੇ, ਵਿਚਾਰ ਕੇ, ਉਸ ਦੀ ਸਿਖਿਆ ਅਨੁਸਾਰ ਚਲ ਕੇ ਅੰਦਰੋਂ ਹਉਮੈ ਨੂੰ ਮਾਰਿਆਂ ਅਤੇ ਤ੍ਰਿਸ਼ਨਾ ਦੀ ਅੱਗ ਨੂੰ ਖਤਮ ਕਰਨ ਨਾਲ ਹਮੇਸ਼ਾ ਸੁਖ ਜਾਪਦਾ ਹੈ, ਸੁਖ ਮਹਿਸੂਸ ਹੁੰਦਾ ਹੈ।
ਸਤਿਗੁਰੁ (ਪਰਮਾਤਮਾ) ਦੀ ਸੇਵਾ ਕਰਨ ਨਾਲ, ਉਸ ਦੇ ਹੁਕਮ ਵਿੱਚ ਚਲਣ ਨਾਲ (ਹੁਕਮ ਵਿੱਚ ਚੱਲੇ ਬਗੈਰ ਪਰਮਾਤਮਾ ਦੀ ਸੇਵਾ ਦਾ ਹੋਰ ਕੋਈ ਢੰਗ ਨਹੀਂ ਹੈ) ਸਾਰਿਆਂ ਨੂੰ ਦਾਤਾਂ ਦੇਣ ਵਾਲਾ ਆਪੇ ਹੀ ਮਿਹਰ ਕਰ ਕੇ ਆ ਮਿਲਦਾ ਹੈ, ਇਵੇਂ ਆਤਮਕ ਆਨੰਦ, ਸਦੀਵੀ ਸੁਖ ਮਾਣਿਆ ਜਾ ਸਕਦਾ ਹੈ।

॥ ੮॥ ਕਾਇਆ ਕੁਟੰਬੁ ਮੋਹੁ ਨ ਬੂਝੈ॥ ਗੁਰਮੁਖਿ ਹੋਵੈ ਤ ਆਖੀ ਸੂਝੈ॥
ਅਨਦਿਨੁ ਨਾਮੁ ਰਵੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਹੋਈ ਹੇ॥ ੮॥
ਜੋ ਬੰਦਾ ਸਰੀਰ ਦੇ, ਪਰਿਵਾਰ ਦੇ ਮੋਹ ਵਿੱਚ ਫਸਿਆ ਹੋਇਆ ਹੈ, ਉਹ ਜੀਵਨ ਖੇਡ ਨੂੰ ਨਹੀਂ ਸਮਝਦਾ। ਜੇ ਉਹ ਬੰਦਾ ਗੁਰਮੁਖ ਹੋ ਕੇ, ਸ਼ਬਦ ਦੀ ਵਿਚਾਰ ਕਰੇ, ਤਾਂ ਉਸ ਨੂੰ ਪਰਤੱਖ ਸਭ ਕੁੱਝ ਸਮਝ ਆ ਜਾਂਦਾ ਹੈ। ਫਿਰ ਉਹ, ਹਰ ਵੇਲੇ ਨਾਮ ਨੂੰ ਸਿਮਰ ਕੇ, ਪ੍ਰਭੂ ਦੀ ਰਜ਼ਾ, ਪ੍ਰਭੂ ਦੇ ਹੁਕਮ ਵਿੱਚ ਚਲ ਕੇ, ਪਰਮਾਤਮਾ ਨੂੰ ਮਿਲ ਕੇ ਸੁਖ ਪਾਉਂਦਾ ਹੈ।


॥ ੯॥ ਮਨਮੁਖ ਧਾਤੁ ਦੂਜੈ ਹੈ ਲਾਗਾ॥ ਜਨਮਤ ਕੀ ਨ ਮੂਓ ਆਭਾਗਾ॥
ਆਵਤ ਜਾਤ ਬਿਰਥਾ ਜਨਮੁ ਗਵਾਇਆ ਬਿਨੁ ਗੁਰ ਮੁਕਤਿ ਨ ਹੋਈ ਹੇ॥ ੯॥
ਪਿਛਲੇ ਪਦੇ ਵਿੱਚ ਗੁਰਮੁਖ ਦੀ ਗੱਲ ਕੀਤੀ ਸੀ, ਇਸ ਵਿੱਚ ਮਨਮੁਖ ਦੀ ਗੱਲ ਹੈ। ਮਨਮੁਖ, ਆਪਣੇ ਮਨ ਦੀ ਮਰਜ਼ੀ ੳਨੁਸਾਰ ਚਲਣ ਵਾਲਾ ਬੰਦਾ, ਪਰਮਾਤਮਾ ਨੂੰ ਛੱਡ ਕੇ, ਮਾਇਆ ਦੇ ਆਹਰ ਵਿੱਚ ਲੱਗਾ ਰਹਿੰਦਾ ਹੈ, ਅਜਿਹਾ ਅਭਾਗਾ, ਬਦ ਨਸੀਬ ਬੰਦਾ, ਜੰਮਦਾ ਹੀ ਕਿਉਂ ਨਾ ਮਰ ਗਿਆ? ਉਸ ਨੇ ਆਪਣਾ ਸਾਰਾ ਜਨਮ ਸ਼ਬਦ ਗੁਰੂ ਤੋਂ ਸਿਖਿਆ ਲਏ ਬਗੈਰ ਵਿਅਰਥ ਗਵਾ ਲਿਆ, ਜਿਸ ਦੇ ਸਿੱਟੇ ਵਜੋਂ ਉਹ ਮੁੜ-ਮੁੜ ਕੇ ਆਉਂਦਾ ਜਾਂਦਾ, ਜੰਮਦਾ ਮਰਦਾ ਰਹਿੰਦਾ ਹੈ। ਹੇ ਭਾਈ ਸ਼ਬਦ ਗੁਰੂ ਦੇ ਗਿਆਨ ਤੋਂ ਬਗੈਰ, ਇਸ ਆਵਾ-ਗਵਣ ਦੇ ਗੇੜ ਤੋਂ ਛੁਟਕਾਰਾ ਨਹੀਂ ਹੁੰਦਾ।

॥ ੧੦॥ ਕਾਇਆ ਕਸੁਧੁ ਹਉਮੈ ਮਲੁ ਲਾਈ॥ ਜੇ ਸਉ ਧੋਵਹਿ ਤਾ ਮੈਲੁ ਨ ਜਾਈ॥
ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੂਲ ਨ ਹੋਈ ਹੇ॥ ੧੦॥
ਉਹ ਸਰੀਰ ਅਪਵਿਤਰ ਹੈ, ਜਿਸ ਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ, ਜੇ ਅਜਿਹਾ ਬੰਦਾ, ਅਠਾਹਟ ਛੱਡ ਕੇ ਸੌ ਤੀਰਥਾਂ ਦਾ ਵੀ ਇਸ਼ਨਾਨ ਕਰਦਾ ਫਿਰੇ, ਤਾਂ ਵੀ ਇਹ ਹਉਮੈ ਦੀ ਮੈਲ ਨਹੀਂ ਲਥਦੀ। ਅਜਿਹੀ ਮੈਲ ਸਿਰਫ ਸ਼ਬਦ ਗੁਰੂ ਦੀ ਵਿਚਾਰ ਆਸਰੇ ਹੀ ਸਾਫ ਹੁੰਦੀ ਹੈ। ਇੱਕ ਵਾਰੀ ਸ਼ਬਦ ਨਾਲ ਜੁੜ ਕੇ ਮਨ ਸਾਫ ਕਰ ਲਿਆ ਜਾਵੇ, ਤਾਂ ਫਿਰ ਇਹ ਮੈਲ ਸਰੀਰ ਨੂੰ ਗੰਦਿਆਂ ਨਹੀਂ ਕਰ ਸਕਦੀ।

॥ ੧੧॥ ਪੰਚ ਦੂਤ ਕਾਇਆ ਸੰਘਾਰਹਿ॥ ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ॥
ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਨ ਹੋਈ ਹੇ॥ ੧੧॥
ਜਿਹੜੇ ਬੰਦੇ ਆਪਣੇ ਮਨ ਵਿਚ, ਸ਼ਬਦ ਗੁਰੂ ਦੀ ਵਿਚਾਰ ਨਹੀਂ ਕਰਦੇ, ਉਸ ਅਨੁਸਾਰ ਜੀਵਨ ਨਹੀਂ ਢਾਲਦੇ, ਕਾਮ ਆਦਿ ਪੰਜੇ ਵਿਕਾਰ ਉਨ੍ਹਾਂ ਦੇ ਸਰੀਰ ਨੂੰ ਗਾਲਦੇ ਰਹਿੰਦੇ ਹਨ। ਇਵੇਂ ਉਹ ਮਰ-ਮਰ ਕੇ ਫਿਰ ਜੰਮਦੇ ਰਹਿੰਦੇ ਹਨ। (ਏਥੇ ਵਿਚਾਰਨ ਵਾਲੀ ਗੱਲ ਹੈ ਕਿ ਜੋ ਬੰਦਾ ਜੰਮਿਆ ਹੈ ਉਸ ਨੇ ਤਾਂ ਮਰਨਾ ਹੀ ਹੈ। ਪਰ ਜੋ ਬੰਦਾ ਇਸ ਜਨਮ ਵਿਚ, ਸ਼ਬਦ ਗੁਰੂ ਤੋਂ ਸੇਧ ਲੈ ਕੇ ਉਸ ਅਨੁਸਾਰ ਜੀਵਨ ਨਹੀਂ ਢਾਲਦਾ ਉਹ ਮਰ ਕੇ ਫਿਰ ਜਨਮ ਲੈਂਦਾ ਹੈ। ਜੋ ਜੰਮੇਗਾ ਉਹ ਫਿਰ ਮਰੇਗਾ। ਦੁਬਾਰਾ ਜਨਮ ਲੈਣ ਤੋਂ ਉਹੀ ਮੁਕਤ ਹੁੰਦਾ ਹੈ, ਜੌ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ, ਪਰਮਾਤਮਾ ਦੀ ਰਜ਼ਾ, ਉਸ ਦੇ ਹਕਮ ਵਿੱਚ ਚਲਦਾ ਹੈ। ਜੋ ਇਸ ਉਦਮ ਨੂੰ ਭੁੱਲ ਕੇ, ਪੰਜਾਂ ਵਿਕਾਰਾਂ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ ਉਹ ਫਿਰ ਜੰਮਦੇ ਅਤੇ ਮਰਦੇ ਰਹਿੰਦੇ ਹਨ। ਉਨ੍ਹਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਪਸਰਿਆ ਰਹਿੰਦਾ ਹੈ, ਉਨ੍ਹਾਂ ਨੂੰ ਆਪਣੇ ਆਪ ਦੀ ਸੁੱਧ, ਸੋਝੀ ਨਹੀਂ ਹੁੰਦੀ, ਉਹ ਇਵੇਂ ਹੁੰਦੇ ਹਨ ਜਿਵੇਂ ਸੁਪਨੇ ਵਿੱਚ ਵਿਚਰ ਰਹੇ ਹੋਣ।

॥ ੧੨॥ ਇਕਿ ਪੰਚਾ ਮਾਰਿ ਸਬਦਿ ਹੈ ਲਾਗੇ॥ ਸਤਿਗੁਰੁ ਆਇ ਮਿਲਿਆ ਵਡਭਾਗੇ॥
ਅੰਤਰਿ ਸਾਚੁ ਰਵਹਿ ਰੰਗਿ ਰਾਤੇ ਸਹਜਿ ਸਮਾਵੈ ਸੋਈ ਹੇ॥ ੧੨॥
ਪਿਛਲੇ ਪਦੇ ਵਿੱਚ ਉਨ੍ਹਾਂ ਦੀ ਗੱਲ ਸੀ ਜੋ ਪੰਜਾਂ ਦੂਤਾਂ ਦੇ ਵੱਸ ਵਿੱਚ ਫਸੇ ਆਪਣਾ ਜੀਵਨ ਬਰਬਾਦ ਕਰ ਰਹੇ ਸਨ, ਇਾਸ ਪਦੇ ਵਿੱਚ ਉਨ੍ਹਾਂ ਦੀ ਗੱਲ ਹੈ, ਜਿਨ੍ਹਾਂ ਨੇ ਪੰਜਾਂ ਵਿਕਾਰਾਂ ਨੂੰ ਆਪਣੇ ਵੱਸ ਵਿੱਚ ਕਰ ਕੇ ਸ਼ਬਦ ਗੁਰੂ ਦੀ ਸਰਨ ਲਈ ਹੈ।
ਕੁੱਝ ਬੰਦੇ ਅਜਿਹੇ ਵੀ ਹੁੰਦੇ ਹਨ ਜੋ ਸ਼ਬਦ ਗੁਰੂ ਨਾਲ ਜੁੜ ਕੇ, ਉਸ ਦੀ ਸਿਖਿਆ ਅਨੁਸਾਰ ਪੰਜਾਂ ਵਿਕਾਰਾਂ ਨੂੰ ਵੱਸ ਵਿੱਚ ਕਰ ਲੈਂਦੇ ਹਨ। ਉਨ੍ਹਾਂ ਵੱਡੇ ਭਾਗਾਂ ਵਾਲਿਆਂ ਨੂੰ ਸਤਿਗੁਰੁ, ਪਰਮਾਤਮਾ ਆ ਮਿਲਦਾ ਹੈ। ਉਹ ਆਪਣੇ ਹਿਰਦੇ ਵਿਚ, ਸਦਾ
ਕਾਇਮ ਰਹਿਣ ਵਾਲੇ ਕਰਤਾਰ ਨੂੰ ਹਮੇਸ਼ਾ ਯਾਦ ਕਰਦੇ ਰਹਿੰਦੇ ਹਨ। ਉਹ ਪ੍ਰਭੂ ਦੇ ਪ੍ਰੇਮ-ਰੰਗ ਵਿੱਚ ਹਮੇਸ਼ਾ ਰੰਗੇ ਰਹਿੰਦੇ ਹਨ। ਜਿਹੜਾ ਬੰਦਾ ਪ੍ਰਭੂ ਦੇ ਪ੍ਰੇਮ-ਰੰਗ ਵਿੱਚ ਰੰਗਿਆ ਜਾਂਦਾ ਹੈ, ਉਹੀ ਸਹਿਜ ਵਿਚ, ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ।

॥ ੧੩॥ ਗੁਰ ਕੀ ਚਾਲ ਗੁਰੂ ਤੇ ਜਾਪੈ॥ ਪੂਰਾ ਸੇਵਕੁ ਸਬਦਿ ਸਿਞਾਪੈ॥
ਸਦਾ ਸਬਦੁ ਰਵੈ ਘਟ ਅੰਤਰਿ ਰਸਨਾ ਰਸ ਚਾਖੈ ਸਚੁ ਸੋਈ ਹੇ॥ ੧੩॥
ਸ਼ਬਦ ਗੁਰੂ ਵਾਲੀ ਜੀਵਨ ਜਾਂਚ ਤਾਂ ਗੁਰੂ ਕੋਲੋਂ ਹੀ ਸਿਖੀ ਜਾ ਸਕਦੀ ਹੈ। ਪੂਰਾ ਸੇਵਕ ਉਸ ਜੁਗਤ ਨੂੰ, ਸ਼ਬਦ ਵਿਚਾਰ ਨਾਲ ਸਮਝ ਲੈਂਦਾ ਹੈ। ਅਜਿਹਾ ਮਨੁੱਖ ਹੀ ਆਪਣੇ ਹਿਰਦੇ ਵਿਚ, ਸ਼ਬਦ ਨੂੰ ਸਦਾ ਵਸਾਈ ਰਖਦਾ ਹੈ, ਅਤੇ ਆਪਣੀ ਰਸਨਾ ਨਾਲ, ਸਦਾ ਥਿਰ ਨਾਮ ਰਸ ਦਾ ਆਨੰਦ ਮਾਣਦਾ ਰਹਿੰਦਾ ਹੈ।
(ਏਥੇ ਇੱਕ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਰਸਨਾ ਕੀ ਹੈ?
੧, ਖਾਣ-ਪੀਣ ਵਾਲੇ ਦੁਨਿਆਵੀ ਪਦਾਰਥਾਂ ਦਾ ਰਸ ਮਾਨਣ ਵਾਲੀ ਰਸਨਾ = ਜੀਭ, ਜ਼ਬਾਨ।
੨, ਸੁੰਦਰਤਾ ਦਾ ਰਸ ਮਾਨਣ ਵਾਲੀ ਰਸਨਾ = ਅੱਖਾਂ, ਨੇਤਰ।
੩, ਸੁਣਨ ਦਾ ਰਸ ਮਾਨਣ ਵਾਲੀ ਰਸਨਾ = ਕੰਨ।
੪, ਖੁਸ਼ਬੂ, ਸੁਗੰਧੀ ਦਾ ਰਸ ਮਾਨਣ ਵਾਲੀ ਰਸਨਾ = ਨੱਕ।
੫, ਸਪੱਰਸ਼ ਦਾ ਰਸ ਮਾਨਣ ਵਾਲੀ ਰਸਨਾ = ਚਮੜੀ, ਤਵਚਾ।
੬, ਆਤਮਕ, ਨਾਮ, ਰਜ਼ਾ, ਹੁਕਮ ਦਾ ਰਸ ਮਾਨਣ ਵਾਲੀ ਰਸਨਾ = ਹਿਰਦਾ, ਮਨ।)
ਨਾਮ ਨੂੰ ਹਿਰਦੇ ਨਾਲੋਂ ਤੋੜ ਕੇ, ਜ਼ਬਾਨ ਨਾਲ ਜੋੜਨ ਦੇ ਦੁਸ਼ਕਰਮ ਵਜੋਂ, ਨਾਮ, ਰਜ਼ਾ, ਹੁਕਮ ਨੂੰ ਹਿਰਦੇ ਵਿੱਚ ਵਿਚਾਰਨ, ਉਸ ਅਨੁਸਾਰ ਜੀਵਨ ਢਾਲਣ ਨਾਲੋਂ ਤੋੜ ਕੇ, ਤੋਤਾ ਰਟਨ ਬਨਾਉਣ ਦੇ ਮਨੋਰਥ ਨਾਲ ਹੀ ਹਰ ਰਸਨਾ ਨੂੰ ਜ਼ਬਾਨ ਬਣਾ ਦਿੱਤਾ ਗਿਆ ਹੈ।

॥ ੧੪॥ ਹਉਮੈ ਮਾਰੇ ਸਬਦਿ ਨਿਵਾਰੇ॥ ਹਰਿ ਕਾ ਨਾਮੁ ਰਖੈ ਉਰਿ ਧਾਰੇ॥
ਏਕਸੁ ਬਿਨੁ ਹਉ ਹੋਰੁ ਨ ਜਾਣਾ ਸਹਜੇ ਹੋਇ ਸੁ ਹੋਈ ਹੇ॥ ੧੪॥
ਹੇ ਭਾਈ, ਪੂਰਾ ਸੇਵਕ, ਸ਼ਬਦ ਵਿਚਾਰ ਆਸਰੇ ਆਪਣੇ ਅੰਦਰੋਂ ਹਉਮੈ ਮਾਰ ਕੇ, ਆਪਾ ਭਾਵ ਖਤਮ ਕਰ ਲੈਂਦਾ ਹੈ। ਹਰੀ ਦੇ ਨਾਮ, ਹੁਕਮ ਨੂੰ ਆਪਣੇ ਹਿਰਦੇ ਵਿੱਚ ਵਸਾਈ ਰਖਦਾ ਹੈ। ਉਹ ਪੂਰੇ ਯਕੀਨ ਨਾਲ, ਆਪਣੇ ਹਿਰਦੇ ਵਿੱਚ ਇਸ ਗੱਲ ਤੇ ਵਿਸ਼ਵਾਸ ਰਖਦਾ ਹੈ ਕਿ ਮੈਂ, ਪਰਮਾਤਮਾ ਤੋਂ ਬਗੈਰ ਕਿਸੇ ਹੋਰ ਨੂੰ ਉਸ ਵਰਗਾ ਨਹੀਂ ਸਮਝਣਾ, ਜੋ ਕੁੱਝ ਉਸ ਦੀ ਰਜ਼ਾ, ਉਸ ਦੇ ਹੁਕਮ ਵਿੱਚ ਹੋ ਰਿਹਾ ਹੈ, ਉਹੀ ਮੇਰੇ ਲਈ ਸਭ ਤੋਂ ਵਧੀਆਂ ਕੰਮ ਹੈ।

॥ ੧੫॥ ਬਿਨੁ ਸਤਿਗੁਰ ਸਹਜੁ ਕਿਨੈ ਨਹੀ ਪਾਇਆ॥ ਗੁਰਮੁਖਿ ਬੂਝੈ ਸਚਿ ਸਮਾਇਆ॥
ਸਚਾ ਸੇਵਿ ਸਬਦਿ ਸਚ ਰਾਤੇ ਹਉਮੈ ਸਬਦੇ ਖੋਈ ਹੇ॥ ੧੫॥
ਸ਼ਬਦ ਗੁਰੂ ਦੀ ਸ਼ਰਨ ਲੈਣ ਤੋਂ ਬਗੈਰ, ਕਿਸੇ ਮਨੁੱਖ ਨੇ ਸਹਿਜਤਾ, ਆਤਮਕ ਅਡੋਲਤਾ ਪਰਾਪਤ ਨਹੀਂ ਕੀਤੀ। ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚੱਲਣ ਵਾਲਾ ਬੰਦਾ ਹੀ ਇਸ ਗੱਲ ਨੂੰ ਸਮਝਦਾ ਹੈ, ਅਤੇ ਸ੍ਰਿਸ਼ਟੀ ਦੇ ਇਕੋ ਇੱਕ ਸੱਚ, ਸਿਰਜਣਹਾਰ ਵਿੱਚ ਵਿਲੀਨ ਰਹਿੰਦਾ ਹੈ। ਸੱਚੇ ਸ਼ਬਦ ਦੀ ਸੇਵਾ ਕਰ ਕੇ (ਇਹ ਆਪਾਂ ਪਹਿਲਾਂ ਵਿਚਾਰਿਆ ਹੈ ਕਿ ਸ਼ਬਦ ਦੀ ਸੇਵਾ, ਉਸ ਦਾ ਵਿਚਾਰ ਕਰਨਾ ਅਤੇ ਉਸ ਅਨੁਸਾਰ ਜੀਵਨ ਢਾਲਣਾ ਹੈ।) ਆਪਣੇ ਮਨ ਵਿਚੋਂ ਹਉਮੈ ਦੂਰ ਕਰ ਕੇ, ਸਚ, ਪਰਮਾਤਮਾ ਦੇ ਰੰਗ ਵਿਚ, ਰੰਗੇ ਰਹਿੰਦੇ ਹਨ।

॥ ੧੬॥ ਆਪੇ ਗੁਣਦਾਤਾ ਬੀਚਾਰੀ॥ ਗੁਰਮੁਖਿ ਦੇਵਹਿ ਪਕੀ ਸਾਰੀ॥
ਨਾਨਕ ਨਾਮਿ ਸਮਾਵਹਿ ਸਾਚੈ ਸਾਚੇ ਤੇ ਪਤਿ ਹੋਈ ਹੇ॥ ੧੬॥ ੨॥ (੧੦੪੫)
ਹੇ ਵਾਹਿਗੁਰੂ, ਤੂੰ ਆਪ ਹੀ ਵਿਚਾਰਦਾ ਹੈਂ ਕਿ ਕੌਣ ਕਿਸ ਚੀਜ਼ ਦਾ ਹੱਕਦਾਰ ਹੈ? ਤੇਰਾ ਕੋਈ ਸਰੀਕ ਜਾਂ ਸਲਾਹਕਾਰ ਨਹੀਂ ਹੈ। ਹੱਕਦਾਰਾਂ ਨੂੰ ਗੁਣਾਂ ਦੀ ਦਾਤ ਦੇਣ ਵਾਲਾ ਵੀ ਤੂੰ ਆਪ ਹੀ ਹੈਂ। ਜਿਨ੍ਹਾਂ ਨੂੰ ਤੂੰ ਸ਼ਬਦ ਗੁਰੂ ਦੀ ਰਾਹੀਂ ਆਪਣੇ ਗੁਣਾਂ ਦੀ ਦਾਤ ਦਿੰਦਾ ਹੈਂ, ਉਹ ਇਸ ਜੀਵਨ ਖੇਡ ਵਿੱਚ ਪੁੱਗ ਜਾਂਦੇ ਹਨ, ਆਵਾ ਗਵਣ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਹਨ।
ਹੇ ਨਾਨਕ, ਜਿਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ, ਉਸ ਦੇ ਹੁਕਮ ਵਿੱਚ ਚਲਦੇ ਹਨ, ਉਨ੍ਹਾਂ ਨੂੰ ਹੀ ਪਰਮਾਤਮਾ ਵਲੋਂ ਇਜ਼ਤ ਮਿਲਦੀ ਹੈ, ਅਤੇ ਫਿਰ ਉਹ ਪ੍ਰਭੂ ਵਿੱਚ ਹੀ ਸਮਾ ਜਾਂਦੇ ਹਨ।

ਅਮਰ ਜੀਤ ਸਿੰਘ ਚੰਦੀ




.