.

ਗੁਰਮਤਿ ਵਿੱਚ ਬਰਸੀ ਦਾ ਸੰਕਲਪ

ਬਰਸੀ ਦਾ ਅਰਥ ਹੈ ਕਿਸੇ ਦੀ ਯਾਦਗਾਰ ਵਜੋਂ ਹਰ ਸਾਲ ਮਨਾਇਆ ਜਾਂਦਾ ਦਿਹਾੜਾ। ਲਗਭਗ ਹਰੇਕ ਧਰਮ ਵਿੱਚ ਹੀ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਸਬੰਧੀ ਕਿਸੇ ਨਾ ਕਿਸੇ ਰੂਪ ਵਿੱਚ ਕਰਮ ਧਰਮ ਪ੍ਰਚਲਤ ਹਨ। ਵੱਖ-ਵੱਖ ਧਰਮਾਂ ਦੇ ਇਹਨਾਂ ਕਰਮ ਧਰਮਾਂ ਵਿੱਚ ਕੁੱਝ ਪੱਖਾਂ `ਚ ਸਮਾਨਤਾ ਹੁੰਦਿਆਂ ਹੋਇਆਂ ਵੀ ਕਈ ਤਰ੍ਹਾਂ ਦੀ ਭਿੰਨਤਾ ਦੇਖੀ ਜਾਂਦੀ ਹੈ। ਕੋਈ ਧਾਰਮਿਕ ਮੰਦਰਾਂ, ਕੋਈ ਘਰਾਂ ਆਦਿ ਵਿੱਚ ਧਾਰਮਿਕ ਰਹੁ ਰੀਤਾਂ ਨਾਲ, ਕੋਈ ਕਬਰਾਂ `ਤੇ ਜਾਕੇ ਖਾਣ-ਪਾਣ ਕਰਨ ਦੇ ਨਾਲ ਨਾਚ ਕੁਦ ਕਰਕੇ, ਕੋਈ ਆਪਣੇ ਘਰ ਵਿਖੇ ਹੀ ਰਿਸ਼ਤੇਦਾਰਾਂ, ਸੱਜਣਾਂ ਨੂੰ ਬੁਲਾ ਕੇ ਇਕੱਠੇ ਹੋ ਕੇ ਖਾਣ–-ਪਾਣ ਆਦਿ ਤੱਕ ਹੀ ਸੀਮਤ ਰਹਿ ਕੇ ਯਾਦ ਕਰਦੇ ਹਨ। ਯਾਦ ਕਰਨ ਪਿੱਛੇ ਕਿਸੇ ਦਾ ਮਨੋਰਥ ਆਪਣੇ ਵਡੇਰਿਆਂ ਦਾ ਧੰਨਵਾਦ ਕਰਨ ਦਾ ਅਤੇ ਕਿਸੇ ਦਾ ਉਹਨਾਂ ਵਡੇਰਿਆਂ ਨੂੰ ਤ੍ਰਿਪਤ ਕਰਕੇ ਉਹਨਾਂ ਦੀ ਪ੍ਰਸੰਨਤਾ ਹਾਸਲ ਕਰਕੇ ਉਹਨਾਂ ਦੀ ਕ੍ਰੋਪੀ ਤੋਂ ਬਚਨ ਆਦਿ ਦਾ ਹੈ। ਪਿਤਰਾਂ ਨਮਿਤ ਅਜਿਹਾ ਕਰਮ ਕਰਨ ਵਾਲਿਆਂ ਦਾ ਇਹ ਵਿਸਵਾਸ਼ ਹੈ ਕਿ ਮਰਨ ਮਗਰੋਂ ਵੀ ਮਨੁੱਖ ਭੁੱਖ ਪਿਆਸ, ਦੁੱਖ-ਸੁਖ ਮਹਿਸੂਸ ਕਰਦਾ ਹੈ। ਉਹਨਾਂ ਦੀ ਖ਼ੁਸ਼ੀ ਗ਼ਮੀ ਉਹਨਾਂ ਦੀ ਪਿੱਛੇ ਰਹਿ ਰਹੀ ਸੰਤਾਨ ਤੇ ਨਿਰਭਰ ਕਰਦੀ ਹੈ। ਕਈਆਂ ਦੀ ਤਾਂ ਇਹ ਵੀ ਧਾਰਨਾ ਹੈ ਕਿ ਪਿੱਛੇ ਰਹਿ ਰਹੇ ਪਰਵਾਰਕ ਮੈਂਬਰਾਂ ਦੇ ਜੀਵਨ ਨੂੰ ਸਾਡੇ ਪਿਤਰ ਪ੍ਰਭਾਵਤ ਕਰਦੇ ਹਨ। ਇਸ ਵਿਸਵਾਸ਼ ਕਾਰਨ ਹੀ ਕਈਆਂ ਦਾ ਇਹ ਮੰਨਣਾ ਹੈ ਕਿ ਜੇਕਰ ਪ੍ਰਾਣੀ ਦੇ ਪਿੱਛੇ ਇਹ ਕਰਮ ਨਾ ਕੀਤੇ ਜਾਣ ਤਾਂ ਉਹ ਸਰਾਪ ਦੇ ਦੇਂਦੇ ਹਨ। ਕੁੱਝ ਇਹਨਾਂ ਕਾਰਨਾਂ ਕਰਕੇ ਹੀ ਕਿਸੇ ਨਾ ਕਿਸੇ ਰੂਪ ਵਿੱਚ ਲਗਭਗ ਸਾਰੇ ਹੀ ਧਰਮਾਂ ਦੇ ਪੈਰੋਕਾਰ ਆਪਣੇ ਵਡੇਰਿਆਂ ਨਮਿਤ ਕਿਸੇ ਨਾ ਕਿਸੇ ਰੂਪ ਵਿੱਚ ਆਪੋ ਆਪਣੇ ਢੰਗ ਨਾਲ ਉਹਨਾਂ ਦੇ ਨਮਿਤ ਕਰਮ ਕਰਦੇ ਹਨ। ਕੁੱਝ ਧਰਮਾਂ ਦੇ ਲੋਕਾਂ ਨੇ ਸਾਲ ਵਿੱਚ ਇੱਕ ਦਿਨ ਪਿਤਰਾਂ ਦੀ ਯਾਦ ਨੂੰ ਸਮਰਪਣ ਕੀਤਾ ਹੋਇਆ ਹੈ। ਕਈਆਂ ਨੇ ਬਜ਼ੁਰਗਾਂ ਲਈ ਵੱਖਰਾ ਅਤੇ ਬਚਿੱਆ ਲਈ ਵੱਖਰਾ ਦਿਨ ਮੁਕੱਰਰ ਕੀਤਾ ਹੋਇਆ ਹੈ। (ਨੋਟ: ਪੁਰਾਣਾਂ ਅਤੇ ਸਿਮ੍ਰਿਤੀਆਂ ਤੋਂ ਪ੍ਰਭਾਵਿਤ ਸਾਡੇ ਵੀ ਕੁੱਝ ਲੇਖਕਾਂ ਨੇ ਗੁਰੂ ਸਾਹਿਬਾਨ ਦੇ ਮੁੱਖੋਂ ਅਜਿਹੇ ਸ਼ਬਦ ਅਖਵਾਏ ਹਨ, ਜਿਨ੍ਹਾਂ ਵਿੱਚ ਪਿਤਰਾਂ ਬਾਰੇ ਇਸ ਤਰ੍ਹਾਂ ਦੀ ਧਾਰਨਾ ਦਾ ਪ੍ਰਗਟਾਵਾ ਕੀਤਾ ਹੋਇਆ ਹੈ। ਉਦਾਹਰਣ ਦੇ ਤੌਰ `ਤੇ ਭਾਈ ਸੰਤੋਖ ਸਿੰਘ ਦੀ ਇਸ ਲਿਖਤ ਨੂੰ ਦੇਖਿਆ ਜਾ ਸਕਦਾ ਹੈ:- ਜਬ ਪਿਤਰਨ ਕੋ ਦਿਨ ਚਲ ਆਵੈ। ਤਿਨ ਹਿਤ ਕਰ ਭੋਜਨ ਜੋ ਖਵਾਵੈ। ਪਿਤਰ ਬਰਨ ਚਾਰਨ ਸਮਦਾਇ। ਬਿਪ੍ਰਨਿ ਬਿਖੈ ਪਰਵੇਸਹਿ ਆਇ। ਸਿਖਨ ਕੇ ਗਨ ਪਿਤਰ ਜੁ ਅਹੈ। ਸੋ ਸਿਖਨ ਮਹਿ ਬਾਸੋ ਲਹੈ। …ਪਿਤਰ ਦੇਵਤਾ ਜੋ ਸਭ ਕੇਰੇ। ਲੇ ਲੇ ਸੋ ਅਹਾਰ ਤਿਸ ਬੇਰੇ। ਸਵਰਗ ਕੇ ਨਰਕ ਜੂਨ ਕੇ ਮਾਹੀ। ਸੁਰ ਜੇ ਪਿਤਰ ਪਹੁੰਚਾਵਹਿ ਤਾਹੀ। (ਸੂਰਜ ਪ੍ਰਕਾਸ਼, ਰਾਸਿ ੩। ਅੰਸੂ ੬੨) ਪਰੰਤੂ ਭਾਈ ਸਾਹਿਬ ਦੀ ਇਹ ਲਿਖਤ ਗੁਰਬਾਣੀ ਦੇ ਆਸ਼ੇ ਅਨੁਕੂਲ ਨਹੀਂ ਹੈ। ਗੁਰਮਤਿ ਨੂੰ ਸਮਝਣ ਲਈ ਸੇਧ ਕੇਵਲ ਤੇ ਕੇਵਲ ਗੁਰਬਾਣੀ `ਚੋਂ ਹੀ ਲੈਣੀ ਬਣ ਆਈ ਹੈ। ਗੁਰਬਾਣੀ ਹੀ ਗੁਰੂ ਸਾਹਿਬਾਨ ਦੇ ਮੁੱਖੋਂ ਨਿਕਲੇ ਹੋਏ ਬੋਲ ਹਨ।

ਜਿਹੜੇ ਲੋਕ ਰੱਬ ਦੀ ਹਸਤੀ ਵਿੱਚ ਵੀ ਵਿਸ਼ਵਾਸ ਨਹੀਂ ਕਰਦੇ, ਉਹ ਵੀ ਅਕਾਲ ਚਲਾਣੇ ਕਰ ਚੁਕੇ ਪ੍ਰਾਣੀ ਨੂੰ ਆਪੋ ਆਪਣੇ ਢੰਗ ਨਾਲ ਇਕੱਠੇ ਹੋ ਕੇ ਯਾਦ ਕਰਦੇ ਹਨ। ਪਰ ਅਜਿਹੇ ਪ੍ਰਾਣੀਆਂ ਦਾ ਇਸ ਤਰ੍ਹਾਂ ਇਕੱਠੇ ਹੋਣਾ ਕਿਸੇ ਧਾਰਮਕਿ ਵਿਸ਼ਵਾਸ ਕਾਰਨ ਨਹੀਂ ਹੈ।

ਜਿੱਥੋਂ ਤਕ ਸਿੱਖ ਧਰਮ ਦਾ ਸਵਾਲ ਹੈ ਇਸ ਵਿੱਚ ਇਸ ਤਰ੍ਹਾਂ ਦੀ ਕਿਸੇ ਵੀ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਕਿ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਕਿਸੇ ਤਰ੍ਹਾਂ ਨਾਲ ਪਿਛੇ ਪ੍ਰਵਾਰ ਨੂੰ ਪ੍ਰਭਾਵਤ ਕਰ ਸਕਦੇ ਹਨ ਜਾਂ ਅਸੀਂ ਆਪਣੇ ਕਿਸੇ ਕਰਮ ਰਾਂਹੀ ਉਹਨਾਂ ਨੂੰ ਪ੍ਰਭਾਵਤ ਕਰ ਸਕਦੇ ਹਾਂ। ਭਾਵ, ਪਿਤਰਾਂ ਨੂੰ ਪ੍ਰਸੰਨ ਜਾਂ ਨਰਾਜ਼ਗੀ ਵਾਲੀ ਧਾਰਨਾ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਹੈ। ਜਿੱਥੋਂ ਤੱਕ ਪਿਤਰਾਂ ਨੂੰ ਭੁੱਖ ਪਿਆਸ ਲਗਣ ਦਾ ਸਬੰਧ ਹੈ, ਬਾਣੀ ਵਿੱਚ ਇਸ ਸਬੰਧੀ ਇਉਂ ਕਿਹਾ ਗਿਆ ਹੈ:-

ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ॥ ੧॥ ਕਉਨੁ ਮੂਆ ਰੇ ਕਉਨੁ ਮੂਆ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ॥ ੧॥ ਰਹਾਉ॥ ਅਗਲੀ ਕਿਛੁ ਖਬਰਿ ਨ ਪਾਈ॥ ਰੋਵਨਹਾਰੁ ਭਿ ਊਠਿ ਸਿਧਾਈ॥ ਭਰਮ ਮੋਹ ਕੇ ਬਾਂਧੇ ਬੰਧ॥ ਸੁਪਨੁ ਭਇਆ ਭਖਲਾਏ ਅੰਧ॥ ੨॥ ਇਹੁ ਤਉ ਰਚਨੁ ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰਿ॥ ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗੁ॥ ੩॥ ਜੋ ਇਹੁ ਜਾਣਹੁ ਸੋ ਇਹੁ ਨਾਹਿ॥ ਜਾਨਣਹਾਰੇ ਕਉ ਬਲਿ ਜਾਉ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ ਨਾ ਕੋਈ ਮਰੈ ਨ ਆਵੈ ਜਾਇਆ॥ ੪॥ (ਪੰਨਾ ੮੮੫)

ਅਰਥ: ਹੇ ਭਾਈ! (ਅਸਲ ਵਿਚ) ਕੋਈ ਭੀ ਜੀਵਾਤਮਾ ਮਰਦਾ ਨਹੀਂ, ਇਹ ਪੱਕੀ ਗੱਲ ਹੈ। ਜੇਹੜਾ ਕੋਈ ਗੁਰਮੁਖਿ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੂੰ ਮਿਲ ਕੇ (ਬੇ-ਸ਼ੱਕ) ਵਿਚਾਰ ਕਰ ਲਵੋ, (ਜੰਮਣ ਮਰਨ ਵਾਲੀ ਤਾਂ) ਇਹ ਇਕ ਖੇਡ ਬਣੀ ਹੋਈ ਹੈ।੧।ਰਹਾਉ।

(ਹੇ ਭਾਈ! ਜਦੋਂ ਅਸੀ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ, ਅਸਲ ਵਿਚ ਇਹ ਹੁੰਦਾ ਹੈ ਕਿ ਉਸ ਦੇ ਪੰਜ-ਤੱਤੀ ਸਰੀਰ ਵਿਚੋਂ) ਸੁਆਸ ਹਵਾ ਵਿਚ ਮਿਲ ਜਾਂਦਾ ਹੈ, (ਸਰੀਰ ਦੀ) ਮਿੱਟੀ (ਧਰਤੀ ਦੀ) ਮਿੱਟੀ ਨਾਲ ਮਿਲ ਜਾਂਦੀ ਹੈ, ਜੀਵਾਤਮਾ (ਸਰਬ-ਵਿਆਪਕ) ਜੋਤਿ ਨਾਲ ਜਾ ਰਲਦਾ ਹੈ। (ਮੁਏ ਨੂੰ) ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਂਦਾ ਹੈ।੧।

(ਹੇ ਭਾਈ! ਕਿਸੇ ਦੇ ਸਰੀਰਕ ਵਿਛੋੜੇ ਤੇ ਰੋਣ ਵਾਲਾ ਪ੍ਰਾਣੀ ਉਸ ਵੇਲੇ) ਅਗਾਂਹ (ਸਦਾ) ਬੀਤਣ ਵਾਲੀ ਗੱਲ ਨਹੀਂ ਸਮਝਦਾ ਕਿ ਜੇਹੜਾ (ਹੁਣ ਕਿਸੇ ਦੇ ਵਿਛੋੜੇ ਤੇ) ਰੋ ਰਿਹਾ ਹੈ (ਆਖ਼ਰ) ਉਸ ਨੇ ਭੀ ਇਥੋਂ ਕੂਚ ਕਰ ਜਾਣਾ ਹੈ। (ਹੇ ਭਾਈ! ਜੀਵਾਂ ਨੂੰ) ਭਰਮ ਅਤੇ ਮੋਹ ਦੇ ਬੰਧਨ ਬੱਝੇ ਹੋਏ ਹਨ, (ਜੀਵਾਤਮਾ ਅਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗ ਹੈ, ਇਹ ਆਖ਼ਰ) ਸੁਪਨਾ ਹੋ ਕੇ ਬੀਤ ਜਾਂਦਾ ਹੈ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ (ਵਿਅਰਥ ਹੀ) ਬਰੜਾਂਦਾ ਹੈ।੨।

ਹੇ ਭਾਈ! ਇਹ ਜਗਤ ਤਾਂ ਕਰਤਾਰ ਨੇ ਇਕ ਖੇਡ ਰਚੀ ਹੋਈ ਹੈ। ਉਸ ਕਰਤਾਰ ਦੇ ਕਦੇ ਖ਼ਤਮ ਨਾਹ ਹੋਣ ਵਾਲੇ ਹੁਕਮ ਵਿਚ ਹੀ ਜੀਵ ਇਥੇ ਆਉਂਦੇ ਰਹਿੰਦੇ ਹਨ ਤੇ ਇਥੋਂ ਜਾਂਦੇ ਰਹਿੰਦੇ ਹਨ। ਉਂਞ ਕੋਈ ਭੀ ਜੀਵਾਤਮਾ ਕਦੇ ਮਰਦਾ ਨਹੀਂ ਹੈ, ਕਿਉਂਕਿ ਇਹ ਮਰਨ-ਜੋਗਾ ਹੀ ਨਹੀਂ। ਇਹ ਜੀਵਾਤਮਾ ਕਦੇ ਨਾਸ ਨਹੀਂ ਹੁੰਦਾ, ਇਸ ਦਾ ਅਸਲਾ ਜੁ ਸਦਾ ਕਾਇਮ ਰਹਿਣ ਵਾਲਾ ਹੀ ਹੋਇਆ।੩।

ਹੇ ਭਾਈ! ਤੁਸੀ ਇਸ ਜੀਵਾਤਮਾ ਨੂੰ ਜਿਹੋ ਜਿਹਾ ਸਮਝ ਰਹੇ ਹੋ, ਇਹ ਉਹੋ ਜਿਹਾ ਨਹੀਂ ਹੈ। ਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ, ਜਿਸ ਨੇ ਇਹ ਅਸਲੀਅਤ ਸਮਝ ਲਈ ਹੈ। ਹੇ ਨਾਨਕ! ਆਖ-ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ।੪।

ਗੁਰਮਤਿ ਵਿੱਚ ਜਿਊਂਦੇ ਮਾਤਾ-ਪਿਤਾ ਦੀ ਸੇਵਾ ਕਰਨ ਦਾ ਸੰਕਲਪ ਹੈ। ਪਰ ਜੇਕਰ ਕਿਸੇ ਨੇ ਜਿਊਂਦੇ ਮਾਤਾ-ਪਿਤਾ ਦੀ ਬਾਤ ਤੱਕ ਨਾ ਪੁੱਛੀ ਹੋਵੇ ਅਤੇ ਉਹ ਪਾਣੀ ਦੇ ਘੁੱਟ ਤੋਂ ਤਰਸਦੇ ਹੋਏ ਇਸ ਸੰਸਾਰ ਤੋਂ ਚਲੇ ਗਏ ਹੋਣ, ਪਰੰਤੂ ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ ਕਈ ਤਰ੍ਹਾਂ ਦੇ ਧਰਮ ਕਰਮ/ਅਡੰਬਰਾਂ ਦੁਆਰਾ ਉਹਨਾਂ ਨੂੰ ਖਾਣ-ਪੀਣ ਆਦਿ ਦੇ ਪਦਾਰਥ ਪਹੁੰਚਾਉਣ ਦੇ ਉਦਮ ਕਰਨ ਵਾਲਿਆਂ ਬਾਰੇ ਗੁਰੂ ਗਰੰਥ ਸਾਹਿਬ ਵਿੱਚ ਆਖਿਆ ਹੈ:

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥ (ਪੰਨਾ ੩੩੨) ਅਰਥ: ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ। ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ। ੧।

ਮਨੁੱਖ ਨੂੰ ਵਹਿਮਾਂ ਭਰਮਾਂ ਵਿਚੋਂ ਬਾਹਰ ਕੱਢ ਕੇ ਤੱਤ ਗਿਆਨ ਦੀ ਸੋਝੀ ਕਰਾਉਂਦਿਆ ਫਿਰ ਆਖਿਆ ਹੈ:. . ਉਡਿਆ ਹੰਸੁ ਦਸਾਏ ਰਾਹ॥ ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ (ਪੰਨਾ ੧੩੭) ਅਰਥ: ਜੀਵਾਤਮਾ (ਸਰੀਰ ਵਿਚੋਂ) ਨਿਕਲ ਕੇ (ਅਗਾਂਹ ਦੇ) ਰਾਹ ਪੁੱਛਦਾ ਹੈ। ਜੀਵ ਜਗਤ ਵਿੱਚ ਆਇਆ ਤੇ ਤੁਰ ਗਿਆ, (ਜਗਤ ਵਿੱਚ ਉਸ ਦਾ) ਨਾਮ ਭੀ ਭੁੱਲ ਗਿਆ, (ਉਸ ਦੇ ਮਰਨ) ਪਿਛੋਂ ਪੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁੱਝ ਨਹੀਂ ਅੱਪੜਦਾ)।

ਇਸ ਦਾ ਇਹ ਅਰਥ ਨਹੀਂ ਕਿ ਅਸੀਂ ਅਕਾਲ ਚਲਾਣਾ ਕਰ ਚੁਕੇ ਦੇ ਸਬੰਧ ਆਦਿ ਦੇ ਪਿੱਛੇ ਕੋਈ ਕਰਮ ਨਹੀਂ ਕਰਦੇ। ਅਸੀਂ ਗੁਰੂ ਗਰੰਥ ਸਾਹਿਬ ਦਾ ਪਾਠ ਕਰਦੇ/ਕਰਾਉਂਦੇ ਹਾਂ। ਪਰੰਤੂ ਇਸ ਪਾਠ ਦਾ ਵਿੱਛੜੇ ਪ੍ਰਾਣੀ ਦੀ ਕਲਿਆਣ ਅਥਵਾ ਗਤੀ ਨਾਲ ਕੋਈ ਸਬੰਧ ਨਹੀਂ ਹੈ। ਗੁਰੂ ਗਰੰਥ ਸਾਹਿਬ ਦਾ ਪਾਠ ਅਕਾਲ ਪੁਰਖ ਦੀ ਰਜ਼ਾ ਨੂੰ ਸਮਝਕੇ, ਪ੍ਰਵਾਰ ਅਤੇ ਸਬਧੀਆਂ ਆਦਿ ਦੇ ਮਨ ਨੂੰ ਵਾਹਿਗੁਰੂ ਦੇ ਭਾਣੇ ਵਿੱਚ ਲਿਆਉਣ ਲਈ ਕੀਤਾ ਜਾਂਦਾ ਹੈ। (ਨੋਟ: ਭਾਂਵੇਂ ਆਮ ਤੌਰ `ਤੇ ਇਹ ਹੀ ਸਮਝਿਆ ਜਾਂਦਾ ਹੈ ਕਿ ਇਹ ਪਾਠ ਵਿੱਛੜੇ ਪ੍ਰਾਣੀ ਦੀ ਕਲਿਆਣ ਲਈ ਹੀ ਕੀਤਾ ਜਾਂਦਾ ਹੈ, ਪਰ ਸਾਡਾ ਅਜਿਹਾ ਸੋਚਣਾ ਜਾਂ ਸਮਝਣਾ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਨਹੀਂ ਹੈ।) ਗੁਰਮਤਿ ਦੀ ਵਿਚਾਰਧਾਰਾ ਸਾਨੂੰ ਜਿਊਂਦਿਆਂ ਮਾਪਿਆਂ ਦੀ ਸੇਵਾ ਕਰਨ ਦੀ ਪ੍ਰੇਰਨਾ ਕਰਦੀ ਹੈ। ਗੁਰਮਤਿ ਵਿੱਚ ਪਿਤਰਾਂ ਸਬੰਧੀ ਪ੍ਰਚਲਤ ਧਾਰਨਾਵਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਗੁਰੂ ਸਾਹਿਬਾਨ ਦੀ ਬਖਸ਼ੀ ਇਹੋ ਜਿਹੀ ਨਿਆਰੀ ਅਤੇ ਨਿਰਮਲ ਰਹਿਣੀ ਵਿੱਚ ਹੀ ਤਾਂ ਖ਼ਾਲਸੇ ਦਾ ਨਿਆਰਾਪਣ ਹੈ ਜਿਸ ਨੂੰ ਅਸੀਂ ਹੋਰ ਕਰਮ ਕਾਂਡਾਂ ਵਿੱਚ ਪੈ ਕੇ, ਗੁਰਮਤਿ ਰਹਿਣੀ ਦੇ ਬਹੁਤ ਸਾਰੇ ਪਹਿਲੂਆਂ ਨੂੰ ਭੁਲਾਈ ਬੈਠੇ ਹਾਂ। ਇਸ ਕਾਰਨ ਹੀ ਕਈ ਵਾਰ ਦੇਖਾ ਦੇਖੀ ਪਿਤਰਾਂ ਨੂੰ ਤ੍ਰਿਪਤ ਕਰਨ ਆਦਿ ਦੇ ਵਹਿਮ ਕਾਰਨ, ਆਰਥਕ ਪੱਖੋਂ ਕਮਜ਼ੋਰ ਹੋਣ `ਤੇ ਵੀ ਕਰਜ਼ਾ ਆਦਿ ਲੈ ਕੇ ਇਹੋ ਜਿਹੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ। ਕਈ ਤਾਂ ਪਿਤਰਾਂ ਦੀ ਕਲਿਆਣ ਲਈ ਇਨ੍ਹਾਂ ਕਰਮਾਂ ਨੂੰ ਕਰਨਾ ਜ਼ਰੂਰੀ ਸਮਝਦੇ ਹਨ ਅਤੇ ਕਈ ਬਰਾਦਰੀ ਭਾਈਚਾਰੇ ਦੀ ਨੁਕਤਾ ਚੀਨੀ ਤੋਂ ਘਬਰਾ ਕੇ ਅਜਿਹਾ ਕਰਨ ਲਈ ਮਜਬੂਰ ਹੁੰਦੇ ਹਨ। ਸਾਡੇ ਵਲੋਂ ਉਠਾਏ ਹੋਏ ਇਸ ਕਦਮ ਬਾਰੇ ਸਾਡੀ ਅਗਿਆਨਤਾ, ਬੇਸਮਝੀ, ਅਣਗਹਿਲੀ ਜਾਂ ਫਿਰ ਗੁਰੂ ਦੀ ਮੱਤ ਤੋਂ ਬੇਮੁੱਖਤਾ ਹੀ ਕਿਹਾ ਜਾ ਸਕਦਾ ਹੈ।

ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧ ਵਿੱਚ ਇਉਂ ਲਿਖਿਆ ਹੋਇਆ ਹੈ, “ਦੁਸਹਿਰੇ ੇ ਪਿੱਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ।”

ਦੁਸਹਿਰੇ ਤੋਂ ਭਾਵ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਦੇ ਦਸਵੇਂ ਦਿਨ ਤੋਂ ਹੀ ਨਹੀਂ ਸਮਝਣਾ ਚਾਹੀਦਾ। ਇਹ ਦਿਨ ਕੋਈ ਵੀ ਹੋ ਸਕਦਾ ਹੈ ਜੋ ਪਰਵਾਰ ਅਤੇ ਸਬੰਧੀਆਂ ਆਦਿ ਲਈ ਯੋਗ ਹੈ। ਹਾਂ, ਜੇਕਰ ਦਸਮੀ ਦਾ ਦਿਹਾੜਾ ਹੀ ਸੁਵਿਧਾ ਪੂਰਵਕ ਹੈ ਤਾਂ ਦਸਮੀ ਨੂੰ ਸਮਾਪਤੀ ਕਰ ਲੈਣੀ ਉਚਿਤ ਹੈ। ਦੁਸਹਿਰੇ ਨੂੰ ਪਾਠ ਦੀ ਸਮਾਪਤੀ ਪਿੱਛੇ ਕਿਸੇ ਤਰ੍ਹਾਂ ਦੇ ਵਹਿਮ ਭਰਮ ਵਿੱਚ ਪੈਣ ਦੀ ਲੋੜ ਨਹੀਂ ਹੈ। ਇਹ ਤਾਂ ਕੇਵਲ ਸੁਵਿਧਾ ਨੂੰ ਮੁੱਖ ਰੱਖ ਕੇ ਹੀ ਅਜਿਹਾ ਕੀਤਾ ਜਾਂਦਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧ ਵਿੱਚ ਇਸ ਤਰ੍ਹਾਂ ਸੇਧ ਦਿੱਤੀ ਗਈ ਹੈ, “ਇਸ ਪਾਠ ਦੀ ਸਮਾਪਤੀ ਦਸਵੇਂ ਦਿਨ ਹੋਵੇ। ਜੇ ਦਸਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੇ ਸੌਖ ਨੂੰ ਮੁੱਖ ਰੱਖ ਕੇ ਨੀਯਤ ਕੀਤਾ ਜਾਵੇ।” ਇਸ ਲਈ ਸਾਨੂੰ ਪਾਠ ਦੀ ਸਮਾਪਤੀ ਦੇ ਦਿਨ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵੀ ਵਹਿਮ ਭਰਮ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ। ਹਰੇਕ ਤਰ੍ਹਾਂ ਦੇ ਵਹਿਮ ਭਰਮ ਤੋਂ ਰਹਿਤ ਹੋ ਕੇ ਵਿਚਰਨ ਵਿੱਚ ਹੀ ਤਾਂ ਖ਼ਾਲਸੇ ਦਾ ਨਿਆਰਾਪਣ ਹੈ।

ਗੁਰਮਤਿ ਵਿੱਚ ਡਾਵਾਂ ਡੋਲ ਹੋਏ ਮਨ ਨੂੰ ਧਰਵਾਸ ਦੇਣ, ਪ੍ਰਭੂ ਦੀ ਰਜ਼ਾ ਆਦਿ ਨੂੰ ਸਮਝਣ ਲਈ ਗੁਰਬਾਣੀ ਦਾ ਆਸਰਾ ਲੈਣ ਦੀ ਪਰੰਪਰਾ ਤਾਂ ਹੈ, ਪਰੰਤੂ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਦੀ ਕਲਿਆਣ ਆਦਿ ਦੇ ਭਾਵ ਦੀ ਨਹੀਂ ਹੈ। ਹਾਂ, ਜੇਕਰ ਕੋਈ ਸੱਜਣਾਂ ਜਾਂ ਪਰਵਾਰਾਂ ਵਲੋਂ ਗੁਰੂ ਗਰੰਥ ਸਾਹਿਬ ਦਾ ਪਾਠ/ਕੀਰਤਨ ਆਦਿ ਇਸ ਮਨੋਰਥ ਨਾਲ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਬਾਣੀ ਤੋਂ ਅਗਵਾਈ ਲੈਕੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ, ਆਪਣੇ ਡਾਵਾਂ-ਡੋਲ ਹੋਏ ਮਨ ਨੂੰ ਧਰਵਾਸ ਦੇਣੀ ਹੈ ਤਾਂ ਇਹ ਉੱਦਮ ਲਾਭਦਾਇਕ ਹੈ। ਇਸ ਉਪਰਾਲੇ ਨੂੰ ਗੁਰਮਤਿ ਵਿਰੋਧੀ ਨਹੀਂ ਆਖਿਆ ਜਾ ਸਕਦਾ। ਪਰ ਆਮ ਦੇਖਣ ਵਿੱਚ ਜੋ ਆਉਂਦਾ ਹੈ ਕਿ ਪਾਠ ਪ੍ਰਾਰੰਭ ਕਰਨ ਉਪਰੰਤ ਅਸੀਂ ਪਾਠ ਦੀ ਸਮਾਪਤੀ ਸਮੇਂ ਹੀ ਗੁਰੂ ਗਰੰਥ ਸਾਹਿਬ ਪਾਸ ਆ ਕੇ ਬੈਠਦੇ ਹਾਂ। ਸਾਡਾ ਇਹ ਉਪਰਾਲਾ ਕਿੰਨਾ ਕੁ ਗੁਰ ਆਸ਼ੇ ਅਨੁਕੂਲ ਹੈ? ਇਸ ਵਲ ਧਿਆਨ ਦੇਣ ਦੀ ਲੋੜ ਹੈ। ਗੁਰਮਤਿ ਵਿਚ, ਮਨੁੱਖਾ ਜਨਮ ਦਾ ਮਨੋਰਥ ਸਮਝ ਕੇ, ਇਸ ਮਨੋਰਥ ਦੀ ਪ੍ਰਾਪਤੀ ਲਈ ਯਤਨਸ਼ੀਲ ਹੁੰਦਿਆਂ ਹੋਇਆਂ ਗੁਰਮੁੱਖਾਂ ਵਾਲੀ ਜ਼ਿੰਦਗੀ ਜਿਊਂਣਾ ਅਤੇ ਪ੍ਰਵਾਰ, ਬੱਚਿਆਂ ਆਦਿ ਦੀ ਚੰਗੀ ਤਰ੍ਹਾਂ ਨਾਲ ਦੇਖ-ਭਾਲ ਕਰਦਿਆਂ ਇਹਨਾਂ ਦੀ ਪਾਲਣ-ਪੋਸ਼ਣ ਕਰਦਿਆਂ ਹੋਇਆਂ, ਇਹਨਾਂ ਨੂੰ ਬਲ, ਵਿਦਿਆ, ਹੁਨਰ ਆਦਿ ਵਿੱਚ ਨਿਪੁੰਨ ਬਣਾਉਣਾ ਹੀ ਸਹੀ ਅਰਥਾਂ ਵਿੱਚ ਪਿਤਰਾਂ ਨੂੰ ਯਾਦ ਕਰਨ ਦਾ ਸਤਿਕਾਰਤ ਰੂਪ ਹੈ।

ਸੋ, ਬਰਸੀ ਮਣਾਉਣ ਪਿੱਛੇ ਜੋ ਪ੍ਰ੍ਰਚਲਤ ਧਾਰਨਾ ਹੈ ਉਸਦਾ ਗੁਰਮਤਿ ਵਿੱਚ ਕੋਈ ਵਿਸ਼ਵਾਸ ਨਹੀਂ ਹੈ। ਗੁਰਮਤਿ ਵਿੱਚ ਇਹੋ ਜਿਹੀ ਕੋਈ ਪਰੰਪਰਾ ਨਹੀਂ ਹੈ ਅਤੇ ਸਿੱਖੀ ਵਿੱਚ ਇਸ ਭਾਵਨਾ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਕਿਸੇ ਵੀ ਸਮੇਂ, ਚਾਹੇ ਉਹ ਖ਼ੁਸ਼ੀ ਦਾ ਹੈ ਜਾਂ ਗ਼ਮੀ ਦਾ ਹੈ, ਉਸ ਲਈ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜਨਾ ਹੀ ਗੁਰੂ ਦੀ ਮੱਤ ਅਨੁਸਾਰੀ ਹੈ। ਪਰ ਜੇਕਰ ਸਾਡਾ ਅਜਿਹਾ ਆਸ਼ਾ ਨਹੀਂ ਤਾਂ ਇਸ ਨੂੰ ਭਾਈ ਚਾਰਕ/ਸਮਾਜਕ ਰਸਮ ਤਾਂ ਕਿਹਾ ਜਾ ਸਕਦਾ ਹੈ, ਧਾਰਮਿਕ ਨਹੀਂ; ਕਿਉਂਕਿ ਉਸ ਦਾ ਗੁਰਮਤਿ ਦੀ ਰਹਿਣੀ ਨਾਲ ਕੋਈ ਸਬੰਧ ਨਹੀਂ ਹੈ। ਚੂੰਕਿ ਗੁਰੂ ਗਰੰਥ ਸਾਹਿਬ ਦੇ ਪਾਠ ਦਾ ਮਨੋਰਥ ਗੁਰਬਾਣੀ ਨੂੰ ਸਮਝ ਕੇ, ਇਸ ਨੂੰ ਧਾਰਨ ਕਰਨਾ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਵਹਿਮ ਭਰਮ ਕਾਰਨ ਜਾਂ ਕਿਸੇ ਦੀ ਕਥਿਤ ਕਲਿਆਣ ਆਦਿ ਦਾ। ਜੇਕਰ ਗੁਰੂ ਗਰੰਥ ਸਾਹਿਬ ਦਾ ਪਾਠ ਸਾਡੇ ਵਹਿਮ ਭਰਮ ਨੂੰ ਵਧਾਉਣ ਦਾ ਕਾਰਨ ਬਣ ਰਿਹਾ ਹੈ ਤਾਂ ਸਾਡੀ ਇਸ ਨਾਲੋਂ ਹੋਰ ਕੀ ਬਦ ਕਿਸਮਤੀ ਹੋ ਸਕਦੀ ਹੈ? ਜੇਕਰ ਗਿਆਨ ਦੇ ਸਾਗਰ ਪਾਸ ਆਕੇ ਵੀ ਸਾਡੀ ਪਿਆਸ ਨਾ ਬੁੱਝੀ ਅਤੇ ਅਸੀਂ ਪਿਆਸ ਨਾਲ ਹੀ ਤੜਪਦੇ ਰਹੇ ਤਾਂ ਫਿਰ ਸਾਡੀ ਇਹ ਪਿਆਸ ਕਿੱਥੋਂ ਬੁਝੇਗੀ। ਇਸ ਗੱਲ ਦੀ ਵਿਚਾਰ ਅਸੀਂ ਆਪ ਹੀ ਕਰਨੀ ਹੈ।

ਜਸਬੀਰ ਸਿੰਘ ਵੈਨਕੂਵਰ
.