.

ਸਿਖੀ ਸਿਖਿਆ ਗੁਰ ਵੀਚਾਰਿ।

(ਭਾਗ-੧)

ਸ੍ਰੀ ਗੁਰੂ ਰਾਮਦਾਸ ਜੀ ਦੇ ਸ਼ਬਦ ਦੀ ਵਿਚਾਰ

ਗੁਰੂ ਸ੍ਰੀ ਗੁਰੂ ਰਾਮ ਦਾਸ ਜੀ, ਸਾਨੂੰ ਇਸ ਸ਼ਬਦ ਵਿਚੋਂ ਇੱਕ ਸੱਚੇ ਸਿੱਖ ਦੇ ਸਰੂਪ ਦੇ ਦਰਸ਼ਨ ਕਰਵਾਉਂਦੇ ਹਨ। ਇਸ ਸ਼ਬਦ ਦੇ ਅਰਥ ਤਾਂ ਸਾਰੇ ਹੀ ਜਾਣਦੇ ਹਨ, ਪਰ ਜਰੂਰਤ ਹੈ ਤਾਂ ਸਿਰਫ ਇਸ ਗੱਲ ਨੂੰ ਮੰਨਣ ਦੀ, ਕਿ ਇਹ ਜੋ ਲਿਖਿਆ ਹੈ ਉਹ ਸੱਚ ਹੈ। ਬਾਣੀਂ ਤਾਂ ਇਕੋ ਹੈ, ਅਤੇ ਇੱਕ ਹੀ ਰਹਿਣੀਂ ਹੈ। ਜੇ ਸਾਡੇ ਟੀਕੇ ਜਾਂ ਅਰਥ ਵੱਖ ਵੱਖ ਹਨ, ਤਾਂ ਇਸ ਦਾ ਮਤਲਬ ਇਹ ਹੈ ਕੇ ਅਸੀਂ ਗਲਤ ਹਾਂ, ਕਿਉਂ ਕੇ ਬਾਣੀਂ ਤਾਂ ਬਦਲ ਨਹੀਂ ਸੱਕਦੀ। ਗੁਰੂ ਜੀ ਨੇਂ ਇਸ ਸ਼ਬਦ ਰਾਹੀਂ ਸਾਨੂੰ ਜੋ ਸਿੱਖਿਆ ਦਿੱਤੀ ਹੈ, ਜੇ ਉਸ ਸਿੱਖਿਆ ਤੇ ਅਸੀਂ ਆਪ ਅਮਲ ਨਹੀਂ ਕਰਨਾਂ, ਉਸ ਗੁਰੂ ਦੀ ਮੱਤ ਵਿਚੋਂ ਆਪ ਕੁੱਝ ਮੱਤ ਨਹੀਂ ਲਈ, ਤਾਂ ਦੂਜਿਆਂ ਨੂੰ ਗੁਰਮਤ ਦਾ ਕੀ ਪਾਠ ਪੜ੍ਹਾਵਾਂ ਗੇ, ਕੀ ਉਪਦੇਸ਼ ਦੇਵਾਂ ਗੇ।

ਸ੍ਰੀ ਗੁਰੂ ਰਾਮ ਦਾਸ ਜੀ ਮਹਾਂਰਾਜ ਸਾਡੀ ਤਰਫੌਂ ਬਾਣੀਂ ਬੋਲ ਕੇ ਸਾਨੂੰ ਸਮਝਾਉਂਦੇ ਹਨ। ਪਰ ਅਸੀਂ ਸਮਝਦੇ ਹਾਂ, ਇਹ ਸਾਨੂੰ ਨਹੀਂ ਕਿਸੇ ਹੋਰ ਨੂੰ ਕਹਿ ਰਹੇ ਹਨ, ਇਸ ਵਾਸਤੇ ਅਸੀਂ ਗੁਰੂ ਦਾ “ਬਚਨ” ਸੁਣਦੇ ਹੀ ਨਹੀਂ। ਬਾਣੀਂ ਦੀ ਅੱਨਮੋਲ ਪੂੰਜੀ ਜੋ ਗੁਰੂ ਸਾਹਿਬਾਂ ਨੇਂ ਸਾਡੇ ਵਾਸਤੇ ਰਚੀ ਸੀ, ਸਾਨੂੰ ਦਿੱਤੀ ਸੀ। ਅਸਾਂ ਨੇਂ ਸਾਰੀ ਦੀ ਸਾਰੀ ਦੂਸਰਿਆ ਨੂੰ ਸਮਝਾਉਣ ਵਾਸਤੇ ਖਰਚ ਕਰ ਦਿੱਤੀ। ਆਪਣੇਂ ਵਾਸਤੇ ਅਸਾਂ ਕੁੱਝ ਵੀ ਬਚਾ ਕੇ ਨਹੀਂ ਰੱਖੀ। ਅਤੇ ਅਖੀਰ ਸੁੰਞੇ ਘਰ ਦੇ ਕਾਂ ਦੀ ਤਰਾਂ ਅਸੀਂ ਬਿਨਾਂ ਕੁੱਝ ਹਾਸਲ ਕੀਤੇ ਖਾਲੀ ਦੇ ਖਾਲੀ ਤੁਰ ਜਾਂਦੇ ਹਾਂ।

ਗੂਜਰੀ ਮਹਲਾ ੪॥ ਗੁਰਮੁਖਿ ਸਖੀ ਸਹੇਲੀ ਮੇਰੀ ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ॥ ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨਾੑ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ॥ ੧॥

ਹੇ ਮੇਰੀ ਗੁਰਮੁੱਖ ਸਖੀਉ ਮੈਨੂੰ ਮੇਰੇ ਮੁਰਦਾ ਪ੍ਰਾਣਾਂ ਨੂੰ ਜਿੰਦਾ ਕਰਨ ਵਾਲੇ ਨਾਮ ਦਾ ਦਾਨ ਦੇ ਦੇਵੋ। ਜਿਹੜੇ ਗੁਰ ਸਿੱਖ ਰਾਤ ਦਿਨ ਪ੍ਰਭੂ ਦੇ ਨਾਮ ਦਾ ਸਿਮਰਨ ਧਿਆਨ ਕਰਦੇ ਹਨ, ਅਸੀਂ ਉਹਨਾਂ ਦੇ ਦਾਸ ਹਾਂ, ਅਸੀਂ ਉਹਨਾਂ ਦੇ ਗੁਲਾਮ ਹਾਂ।

ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ॥ ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ॥ ੧॥ ਰਹਾਉ॥

ਅਤੇ ਮੇਰੇ ਮਨ ਤਨ ਦੇ ਅੰਦਰ, ਐਸੇ ਗੁਰਸਿੱਖਾਂ ਦੇ ਚਰਨਾਂ ਦਾ ਬਹੁਤ ਵੈਰਾਗ ਪੈਦਾ ਹੋ ਗਿਆ ਹੈ। ਹੇ ਮੇਰੇ ਪ੍ਰਾਣ ਪਿਆਰੇ ਮਿੱਤਰ, ਮੈਨੂੰ ਕੋਈ ਐਸਾ ਉਪਦੇਸ਼, ਕੋਈ ਸਿੱਖਿਆ, ਕੋਈ ਮੱਤ ਦੇਵੋ, ਜਿਸ ਨਾਲ ਕੇ ਮੇਰਾ ਹਰਿ ਨਾਲ ਮਿਲਾਪ ਹੋ ਜਾਵੇ।

ਜਾ ਹਰਿ ਪ੍ਰਭ ਭਾਵੈ ਤਾ ਗੁਰਮੁਖਿ ਮੇਲੇ ਜਿਨੑ ਵਚਨ ਗੁਰੂ ਸਤਿਗੁਰ ਮਨਿ ਭਾਇਆ॥ ਵਡਭਾਗੀ ਗੁਰ ਕੇ ਸਿਖ ਪਿਆਰੇ ਹਰਿ ਨਿਰਬਾਣੀ ਨਿਰਬਾਣ ਪਦੁ ਪਾਇਆ॥ ੨॥

ਪਰ ਜੇ ਹਰੀ ਨੂੰ ਭਾਵੇ ਗਾ, ਤਾਂ ਹੀ ਸਾਡਾ ਮੇਲਾ ਕਿਸੇ ਐਸੇ ਗੁਰਮੁੱਖ ਨਾਲ ਹੋਵੇਗਾ, ਜਿਸ (ਗੁਰਮੁੱਖ) ਦੇ ਮਨ ਨੂੰ ਕੇ ਸਤਿਗੁਰੂ ਦਾ ਬਚਨ ਚੰਗਾ ਲੱਗਦਾ ਹੋਵੇ ਗਾ। ਜਿਨ੍ਹਾਂ ਵਡੇ ਭਾਗਾਂ ਵਾਲਿਆਂ ਸਿੱਖਾਂ ਨੂੰ ਗੁਰੂ ਦਾ ਬਚਨ ਪਿਆਰਾ ਲੱਗੇ ਗਾ, ਉਹ ਪ੍ਰਭੂ ਦੇ ਨਿਰਬਾਣ ਪਦ ਨੂੰ ਪ੍ਰਾਪਤ ਕਰ ਲੈਣ ਗੇ। ਬਾਕੀ ਸੱਭ ਖਾਲੀ ਰਹਿ ਜਾਣ ਗੇ।

ਸਤਸੰਗਤਿ ਗੁਰ ਕੀ ਹਰਿ ਪਿਆਰੀ ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ॥ ਜਿਨ ਸਤਿਗੁਰ ਸੰਗਤਿ ਸੰਗੁ ਨ ਪਾਇਆ ਸੇ ਭਾਗਹੀਣ ਪਾਪੀ ਜਮਿ ਖਾਇਆ॥ ੩॥

ਸੱਚੀ ਸੰਗਤਿ ਗੁਰੂ ਦੀ ਹੈ, ਜਿਨ੍ਹਾਂ ਸੰਗਤਾਂ ਦੇ ਮਨ ਨੂੰ ਹਰੀ ਦਾ ਨਾਮ ਮਿੱਠਾ ਲੱਗਦਾ ਹੈ। ਉਹ ਸੰਗਤ ਹਰੀ ਨੂੰ ਬਹੁਤ ਪਿਆਰੀ ਲੱਗਦੀ ਹੈ। ਜਿਨ੍ਹਾਂ ਨੇ ਸਤਿਗੁਰੂ ਦਾ ਜਾਂ ਸਤਿਗੁਰ ਦੀ ਸੰਗਤ ਦਾ ਸੰਗ ਨਹੀਂ ਪਾਇਆ, ਉਹ ਖੋਟੇ ਭਾਗਾਂ ਵਾਲੇ ਹਨ। ਉਹ ਪਾਪੀ ਹਨ, ਤੇ ਉਹਨਾਂ ਨੂੰ ਜਮ ਪਕੜ/ਮਾਰ ਖਾਣ ਗੇ।

ਆਪਿ ਕ੍ਰਿਪਾਲੁ ਕ੍ਰਿਪਾ ਪ੍ਰਭੁ ਧਾਰੇ ਹਰਿ ਆਪੇ ਗੁਰਮੁਖਿ ਮਿਲੈ ਮਿਲਾਇਆ॥ ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ॥ ੪॥ ੫॥ (੪੯੩)

ਗੁਰੂ ਨਾਲ ਸਾਡਾ ਮੇਲਾ ਵੀ ਤਾਂ ਹੀ ਹੋਣਾਂ ਹੈ, ਜੇ ਉਹ ਪ੍ਰਭੂ ਕ੍ਰਿਪਾਲ ਹੋਵੇ ਗਾ। ਜਦੋਂ ਪ੍ਰਭੁ ਕ੍ਰਿਪਾ ਧਾਰੇ ਗਾ ਤਾਂ ਫਿਰ ਉਹ ਆਪੇ ਹੀ ਸਾਡਾ ਮਿਲਾਪ ਕਿਸੇ ਗੁਰਮੁਖ ਨਾਲ ਕਰਵਾਏਗਾ। ਪ੍ਰਭੂ ਦਾ ਦਾਸ ਨਾਨਕ, ਪ੍ਰਭੂ ਦੇ, ਗੁਰਮੁਖ ਦੇ, ਗੁਰਸਿੱਖ ਦੇ, ਗੁਰੂ ਦੇ ਬਚਨ ਦੇ, ਸਤਸੰਗਤਿ ਅਤੇ ਨਾਂਮ ਅਦਿ ਦੇ ਗੁਣਾਂ ਵਾਲੀ ਬਾਣੀਂ ਬੋਲ ਕੇ ਦਸ ਰਿਹਾ ਹੈ। ਗੁਰਬਾਣੀਂ ਗੁਰੂ ਦਾ ਬਚਨ ਹੈ, ਜਿਸ ਨੂੰ ਮੰਨ ਕੇ ਹੀ ਹਰੀ ਦੇ ਨਾਂਮ ਨਾਲ ਹਰੀ ਵਿੱਚ ਸਮਾਣਾਂ, ਹਰੀ ਨਾਲ ਮਿਲਾਪ ਕਰਨਾਂ ਹੈ।

ਪਾਠਕ ਵੀਰੋ ਪੂਰੇ ਸ਼ਬਦ ਦੇ ਦੇ ਅਰਥ, ਤਕਰੀਬਨ ਉਨੀਆਂ ਕੂ ਲਾਈਨਾਂ ਵਿੱਚ ਹੀ ਹੋ ਗਏ ਹਨ, ਜਿਨੀਆਂ ਕੂ ਕਿ ਪੰਗਤੀਆਂ ਸ਼ਬਦ ਦੀਆਂ ਹਨ। ਅੱਖਰ ਦੇ ਧੱਲੇ ਅੱਖਰ ਲਿਖਿਆ ਹੋਇਆ ਹੈ, ਇਸ ਵਾਸਤੇ ਕੋਈ ਗਲਤ ਵੀ ਨਹੀਂ ਕਰ ਸੱਕਦਾ। ਜੇ ਵਿਆਖਿਆ ਜਾਂ ਅਰਥਾਂ ਵਾਲੀਆਂ ਲਾਈਨਾਂ ਨੂੰ, ਗੁਰਬਾਣੀਂ ਦੀਆਂ ਪੰਗਤੀਆਂ ਨਾਲੋਂ ਵੱਖਰੀਆਂ ਕਰ ਕੇ ਲਿਖ ਦੇਈਏ, ਜਿਵੇਂ ਕਿ ਨੀਚੇ ਨੀਲੇ ਅੱਖਰਾਂ ਵਿੱਚ ਬਿਨਾਂ ਕੋਈ ਲਗ ਮਾਤਰ ਬਦਲਣ ਦੇ ਲਿਖਿਆ ਹੈ। ਤਾਂ ਇਹ ਇਸ ਤਰਾਂ ਲੱਗੇ ਗਾ, ਜਿਵੇਂ ਮੇਰੇ ਕਿਸੇ ਪੱਤਰ ਦਾ ਇੱਕ ਪਹਿਰਾ ਹੋਵੇ। ਮੇਰੇ ਸਾਰੇ ਪੱਤਰਾਂ ਦੀ ਭਾਸ਼ਾ ਜਾਂ ਲਿਖਣ ਸ਼ੈਲੀ ਐਸੀ ਹੁੰਦੀ ਹੈ, ਕਿ ਤਕਰੀਬਨ ਹਰ ਲਾਈਨ ਨਾਲ ਗੁਰਬਾਣੀਂ ਦੀ ਕੜੀ ਜੋੜੀ ਜਾ ਸੱਕਦੀ ਹੈ। (ਜਦਿ ਕੇ ਆਮ ਲਿਖਾਰੀ ਖਿੱਚ-ਧੁਹ ਕਰਕੇ ਗੁਰਬਾਣੀਂ ਨੂੰ ਆਪਣੇਂ ਮਤਲਬ ਲਈ ਵਰਤਦੇ ਹਨ, ਜਿਸਦਾ ਨਤੀਜਾ ਹੈ ਝਗੜਾ) ਭਾਵ ਮੇਰੀ ਲਿਖੀ ਹਰ ਗੱਲ ਦਾ ਪ੍ਰਮਾਣ ਬਾਣੀਂ ਵਿਚੋਂ ਦਿੱਤਾ ਜਾ ਸੱਕਦਾ ਹੈ। ਜਿਵੇਂ ਕਿ ਪਹਿਲੇ ਕਈ ਵਾਰ ਹੋ ਵੀ ਚੁੱਕਾ ਹੈ, ਕਿ ਮੇਰੀ ਕਿਸੇ ਗੱਲ ਤੇ ਕਿੰਤੂ ਹੋਇਆ, ਤਾਂ ਉਸ ਦਾ ਪ੍ਰਮਾਣ ਗੁਰਬਾਣੀਂ ਵਿਚੋਂ ਦੇ ਕੇ ਤਸੱਲੀ ਕਰਾਈ ਗਈ। ਫਿਰ ਵੀ ਗੱਲ ਨੂੰ ਵਿਚਾਰਨ ਦੀ ਬਜਾਏ, ਮੈਨੂੰ ਬਹ੍ਰਮ ਗਿਆਨੀ ਹੋਣ ਜਾਂ ਆਪਣੇਂ ਆਪ ਨੂੰ ੧੦੦% ਸਮਝਣ/ਹੋਣ ਆਦੀ ਦੇ ਤਾਹਨੇਂ ਮਾਰੇ ਗਏ।

ਹੇ ਮੇਰੀ ਗੁਰਮੁੱਖ ਸਖੀਉ ਮੈਨੂੰ ਮੇਰੇ ਮੁਰਦਾ ਪ੍ਰਾਣਾਂ ਨੂੰ ਜਿੰਦਾ ਕਰਨ ਵਾਲੇ ਨਾਮ ਦਾ ਦਾਨ ਦੇ ਦੇਵੋ। ਜਿਹੜੇ ਗੁਰ ਸਿੱਖ ਰਾਤ ਦਿਨ ਪ੍ਰਭੂ ਦੇ ਨਾਮ ਦਾ ਸਿਮਰਨ ਧਿਆਨ ਕਰਦੇ ਹਨ, ਅਸੀਂ ਉਹਨਾਂ ਦੇ ਦਾਸ ਹਾਂ, ਅਸੀਂ ਉਹਨਾਂ ਦੇ ਗੁਲਾਮ ਹਾਂ। ਅਤੇ ਮੇਰੇ ਮਨ ਤਨ ਦੇ ਅੰਦਰ, ਐਸੇ ਗੁਰਸਿੱਖਾਂ ਦੇ ਚਰਨਾਂ ਦਾ ਬਹੁਤ ਵੈਰਗ ਪੈਦਾ ਹੋ ਗਿਆ ਹੈ। ਹੇ ਮੇਰੇ ਪ੍ਰਾਣ ਪਿਆਰੇ ਮਿੱਤਰ, ਮੈਨੂੰ ਕੋਈ ਐਸਾ ਉਪਦੇਸ਼, ਕੋਈ ਸਿੱਖਿਆ, ਕੋਈ ਮੱਤ ਦੇਵੋ, ਜਿਸ ਨਾਲ ਕੇ ਹਰਿ ਨਾਲ ਮੇਰਾ ਮਿਲਾਪ ਹੋ ਜਾਵੇ। ਪਰ ਜੇ ਹਰੀ ਨੂੰ ਭਾਵੇ ਗਾ, ਤਾਂ ਹੀ ਸਾਡਾ ਮੇਲਾ ਕਿਸੇ ਐਸੇ ਗੁਰਮੁੱਖ ਨਾਲ ਹੋਵੇਗਾ, ਜਿਸ (ਗੁਰਮੁਖ) ਦੇ ਮਨ ਨੂੰ ਸਤਿਗੁਰੂ ਦਾ ਬਚਨ ਚੰਗਾ ਲੱਗਦਾ ਹੋਵੇ ਗਾ। ਜਿਨ੍ਹਾਂ ਵਡੇ ਭਾਗਾਂ ਵਾਲਿਆਂ ਸਿੱਖਾਂ ਨੂੰ ਗੁਰੂ ਦਾ ਬਚਨ ਪਿਆਰਾ ਲੱਗੇ ਗਾ, ਉਹ ਪ੍ਰਭੂ ਦੇ ਨਿਰਬਾਣ ਪਦ ਨੂੰ ਪ੍ਰਾਪਤ ਕਰ ਲੈਣ ਗੇ। ਬਾਕੀ ਸੱਭ ਖਾਲੀ ਰਹਿ ਜਾਣ ਗੇ। ਸੱਚੀ ਸੰਗਤਿ ਗੁਰੂ ਦੀ ਹੈ, ਜਿਨ੍ਹਾਂ ਸੰਗਤਾਂ ਦੇ ਮਨ ਨੂੰ ਹਰੀ ਦਾ ਨਾਮ ਮਿੱਠਾ ਲੱਗਦਾ ਹੈ। ਉਹ ਸੰਗਤ ਹਰੀ ਨੂੰ ਬਹੁਤ ਪਿਆਰੀ ਲੱਗਦੀ ਹੈ। ਜਿਨ੍ਹਾਂ ਨੇ ਸਤਿਗੁਰੂ ਦਾ ਜਾਂ ਸਤਿਗੁਰ ਦੀ ਸੰਗਤ ਦਾ ਸੰਗ ਨਹੀਂ ਪਾਇਆ, ਉਹ ਖੋਟੇ ਭਾਗਾਂ ਵਾਲੇ ਹਨ। ਉਹ ਪਾਪੀ ਹਨ, ਤੇ ਉਹਨਾਂ ਨੂੰ ਜਮ ਪਕੜ/ਮਾਰ ਖਾਣ ਗੇ। ਗੁਰੂ ਨਾਲ ਸਾਡਾ ਮੇਲਾ ਵੀ ਤਾਂ ਹੀ ਹੋਣਾਂ ਹੈ, ਜੇ ਉਹ ਪ੍ਰਭੂ ਕ੍ਰਿਪਾਲ ਹੋਵੇ ਗਾ। ਜਦੋਂ ਪ੍ਰਭੁ ਕ੍ਰਿਪਾ ਧਾਰੇ ਗਾ ਤਾਂ ਫਿਰ ਉਹ ਆਪੇ ਹੀ ਸਾਡਾ ਮਿਲਾਪ ਕਿਸੇ ਗੁਰਮੁਖ ਨਾਲ ਕਰਵਾਏਗਾ। ਪ੍ਰਭੂ ਦਾ ਦਾਸ ਨਾਨਕ, ਪ੍ਰਭੂ ਦੇ, ਗੁਰਮੁਖ ਦੇ, ਗੁਰਸਿੱਖ ਦੇ, ਗੁਰੂ ਦੇ ਬਚਨ ਦੇ, ਸਤਸੰਗਤਿ ਅਤੇ ਨਾਂਮ ਅਦਿ ਦੇ ਗੁਣਾਂ ਵਾਲੀ ਬਾਣੀਂ ਬੋਲ ਕੇ ਦਸਦਾ ਹੈ। ਗੁਰਬਾਣੀਂ ਗੁਰੂ ਦਾ ਬਚਨ ਹੈ, ਜਿਸ ਨੂੰ ਮੰਨ ਕੇ ਹੀ ਹਰੀ ਦੇ ਨਾਂਮ ਨਾਲ ਹਰੀ ਵਿੱਚ ਸਮਾਣਾਂ, ਹਰੀ ਨਾਲ ਮਿਲਾਪ ਕਰਨਾਂ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਂ ਏਨੀ ਸਰਲ ਹੈ, ਕੇ ਕੋਈ ਸਧਾਰਨ ਪੜ੍ਹਿਆ ਹੋਇਆ ਆਦਮੀ (ਬਾਣੀਂ ਤਾਂ ਬਿਲਕੁਲ ਅਨਪੜਾਂ ਦਾ ਨਾਂ ਵੀ ਲੈਂਦੀ ਹੈ) ਵੀ ਇਸ ਵਿਚੋਂ ਪ੍ਰਭੂ ਦੇ ਮਿਲਾਪ ਦਾ ਰਸਤਾ ਖੋਜ ਸੱਕਦਾ ਹੈ। ਪਰ ਸਾਡੇ ਮਸ਼ੀਨਾਂ (ਕੰਪਿਉਟਰ) ਵਰਗੇ ਵਿਦਵਾਨਾਂ ਨੇਂ ਇਸ ਨੂੰ ਇੱਕ ਮਸ਼ੀਨੀਂ ਭਾਸ਼ਾ ਵਿੱਚ ਤਬਦੀਲ ਕਰ ਦਿੱਤਾ ਹੈ। ਮਸ਼ੀਨੀ ਭਾਸ਼ਾ ਨੂੰ ਸਿਰਫ ਮਸ਼ੀਨ ਹੀ ਸਮਝ ਸੱਕਦੀ ਹੈ ਆਦਮੀ ਨਹੀਂ। ਇਸੇ ਤਰਾਂ ਆਦਮੀਂ ਦੀ ਭਾਸ਼ਾ ਨੂੰ ਮਸ਼ੀਨ ਨਹੀਂ ਸਮਝ ਸੱਕਦੀ। ਗੁਰਬਾਣੀਂ ਆਦਮੀਆਂ ਵਾਸਤੇ ਹੈ, ਮਸ਼ੀਨਾਂ ਵਾਸਤੇ ਨਹੀਂ।

ਪਾਠਕ ਵੀਰੋ, ਗੁਰਬਾਣੀਂ ਦੀ ਵਿਚਾਰ ਤਾਂ ਭਾਵੇਂ ਸਾਰੇ ਹੀ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਦੀ ਇੱਕ ਸਿਰੇ ਤੋਂ ਵੀ ਕਰਨੀ ਠੀਕ ਹੈ। ਲਿਖਦੇ ਪੱੜ੍ਹਦੇ ਸਾਨੂੰ ਥੱਕਣਾਂ ਨਹੀਂ ਚਾਹੀਦਾ। ਪਰ ਇਹ ਕੰਮ ਬਹੁਤ ਔਖਾ ਹੈ। ਫਿਰ ਵੀ ਸਾਨੂੰ ਚਾਹੀਦਾ ਹੈ ਜਿਸ ਵੀ ਸ਼ਬਦ ਦੀ ਕਿਸੇ ਪੰਗਤੀ ਦੇ ਭਾਵ ਨੂੰ ਪੂਰੀ ਤਰਾਂ ਸਮਝਣਾ ਹੈ ਤਾਂ ਪੂਰੇ ਸ਼ਬਦ ਦੀ ਵਿਚਾਰ ਵੀ ਜਰੂਰ ਕਰ ਲੈਣੀਂ ਚਾਹੀਦੀ ਹੈ। ਅਤੇ ਕਿਸੇ ਵੀ ਸ਼ਬਦ ਦੇ ਅਰਥਾਂ ਦਾ ਭਾਵ ਸਾਰੇ ਰਾਗੁ ਦੇ ਸਾਰੇ ਸ਼ਬਦਾਂ ਨਾਲ ਸਬੰਧ ਰੱਖਦਾ ਹੁੰਦਾ ਹੈ। ਪਹਿਲੇ ਤਾਂ ਮੇਰਾ ਇਰਾਦਾ ਸਿਰਫ ਇੱਕ ਸ਼ਬਦ ਦੀ ਵਿਚਾਰ ਦਾ ਸੀ, ਪਰ ਉਹ ਤਾਂ ਇੱਕ ਪਹਿਰੇ ਵਿੱਚ ਹੀ ਪੂਰੀ ਹੋ ਗਈ ਕਿਉਂ ਕੇ ਇਸ ਵਿੱਚ ਮਨਮੱਤ ਨਹੀਂ ਮਿਲਾਈ ਸੀ। ਇਸ ਵਾਸਤੇ ਹੁਣ ਆਪਾਂ ਇਸ ਊਪਰ ਵਾਲੇ ਸ਼ਬਦ ਦੇ ਨਾਲ ਵਾਲਾ ਅਗਲਾ ਸ਼ਬਦ ਵੀ ਪੱੜ੍ਹ ਲੈਂਦੇ ਹਾਂ।

ਗੂਜਰੀ ਮਹਲਾ ੪॥ ਜਿਨ ਸਤਿਗੁਰੁ ਪੁਰਖੁ ਜਿਨਿ ਹਰਿ ਪ੍ਰਭੁ ਪਾਇਆ ਮੋ ਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ॥ ਮਨੁ ਤਨੁ ਸੀਤਲੁ ਸਭ ਹਰਿਆ ਹੋਆ ਵਡਭਾਗੀ ਹਰਿ ਨਾਮੁ ਧਿਆਵੈ॥ ੧॥

ਸ੍ਰੀ ਗੁਰੂ ਰਾਮਦਾਸ ਜੀ ਮਹਾਂਰਾਜ ਕਹਿੰਦੇ ਹਨ, ਕੇ ਮੇਰਾ ਮਨ ਚਾਹੁੰਦਾ ਹੈ ਕੇ ਮੈਨੂੰ ਕੋਈ ਐਸਾ ਸਤਿਗੁਰੂ ਪੁਰਖ ਮਿਲ ਜਾਵੇ ਜਿਸ ਨੇ ਹਰੀ ਨੂੰ ਪਾ ਲਿਆ ਹੋਵੇ, ਉਹ ਮੈਨੂੰ ਵੀ ਹਰੀ ਦਾ ਉਪਦੇਸ਼ ਕਰੇ, ਹਰੀ ਦੀਆਂ ਮਿੱਠੀਆਂ ਗੱਲਾਂ ਸੁਨਾਵੇ। ਵੱਡਿਆਂ ਭਾਗਾਂ ਵਾਲੇ ਹਰੀ ਦਾ ਨਾਮ ਧਿਆਉਂਦੇ ਹਨ। ਨਾਂਮ ਦੀਆਂ ਫੁਹਾਰਾਂ ਨਾਲ ਉਹਨਾਂ ਦੇ ਤਨ ਮਨ ਸੀਤਲ ਹੁੰਦੇ ਹਨ ਤੇ ਹਿਰਦਾ ਹਰਿਆ ਭਰਿਆ ਹੋ ਜਾਂਦਾ ਹੈ।

ਭਾਈ ਰੇ ਮੋ ਕਉ ਕੋਈ ਆਇ ਮਿਲੈ ਹਰਿ ਨਾਮੁ ਦ੍ਰਿੜਾਵੈ॥ ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਦੇਵਾ ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ॥ ੧॥ ਰਹਾਉ॥

ਹੇ ਮੇਰੇ ਭਾਈ ਜੇ ਮੈਨੂੰ ਵੀ ਕੋਈ ਐਸਾ ਪੁਰਖ ਮਿਲ ਜਾਵੇ, ਜਿਹੜਾ ਮੈਨੂੰ ਹਰੀ ਦਾ ਨਾਮ ਜਪਾਵੇ। ਜਿਹੜਾ ਮੈਨੂੰ ਪ੍ਰਭੂ ਦੀ ਗੱਲ ਸੁਨਾਵੇ, ਮੈਂ ਆਪਣਾਂ ਤਨ, ਮਨ, ਜਾਨ, ਪ੍ਰਾਨ ਸੱਭ ਕੁੱਝ ਹੀ ਉਸ ਨੂੰ ਦੇ ਦੇਵਾਂ।

ਧੀਰਜੁ ਧਰਮੁ ਗੁਰਮਤਿ ਹਰਿ ਪਾਇਆ ਨਿਤ ਹਰਿ ਨਾਮੈ ਹਰਿ ਸਿਉ ਚਿਤੁ ਲਾਵੈ॥ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ॥ ੨॥

ਗੁਰੂ ਦੇ ਬਚਨ ਨਾਲ ਧੀਰਜ, ਧਰਮ, ਅਤੇ ਹਰੀ ਨੂੰ ਵੀ ਪਾ ਲਿਆ। ਅਤੇ ਨਿਤ ਨਿਤ ਹਰੀ ਦਾ ਨਾਮ ਜੱਪ ਕੇ ਸਾਡਾ ਮਨ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਸਤਿਗੁਰੂ ਦੀ ਬਾਣੀਂ ਅਮ੍ਰਿਤ ਹੁੰਦੀ ਹੈ, ਸਤਿਗੁਰੂ ਜੋ ਵੀ ਬਚਨ ਬੋਲਦੇ ਹਨ, ਮਾਨੋ ਸਾਡੇ ਮੂੰਹ ਵਿੱਚ ਅਮ੍ਰਿਤ ਦੀ ਧਾਰ ਚੋ ਰਹੇ ਹਨ।

ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ ਗੁਰਮਤਿ ਨਾਮੁ ਜਪੈ ਲਿਵ ਲਾਵੈ॥ ਨਾਮੁ ਪਦਾਰਥੁ ਜਿਨ ਨਰ ਨਹੀ ਪਾਇਆ ਸੇ ਭਾਗਹੀਣ ਮੁਏ ਮਰਿ ਜਾਵੈ॥ ੩॥

ਨਾਮ ਨੂੰ ਮੈਲ ਨਹੀਂ ਲੱਗਦੀ, ਗੁਰੂ ਦੀ ਮਤਿ ਨਾਲ ਨਾਮ ਜੱਪ ਕੇ ਪ੍ਰਭੂ ਨਾਲ ਲਿਵ ਲੱਗ ਜਾਂਦੀ ਹੈ। ਐਸਾ ਨਾਮ ਪਦਾਰਥ ਜਿਨ੍ਹਾਂ ਮਨੁੱਖਾਂ ਨੇ ਨਹੀਂ ਪਾਇਆ, ਉਹ ਮੰਦੇ ਭਾਗਾਂ ਵਾਲੇ ਹਨ। ਉਹਨਾਂ ਨੂੰ ਜਿਉਂਦੇ ਨਾਂ ਸਮਝੋ, ਉਹ ਮਰੇ ਹੋਇ ਹਨ। (ਮੁਰਦਾ ਬੋਲੇ ਗਾ ਤਾਂ ਕੀ ਕਰੇ ਗਾ?)

ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ॥ ਤੂੰ ਦਾਤਾ ਜੀਅ ਸਭਿ ਤੇਰੇ ਜਨ ਨਾਨਕ ਗੁਰਮੁਖਿ ਬਖਸਿ ਮਿਲਾਵੈ॥ ੪॥ ੬॥

(ਸਾਨੂੰ ਇਹ ਸਿਖਿਆ ਦੇ ਕੇ, ਅਖੀਰ ਤੇ ਗੁਰੂ ਜੀ ਸਰਬੱਤ ਦੇ ਭਲੇ ਵਾਸਤੇ ਪ੍ਰਭੂ ਪਾਸ ਬੇਨਤੀ ਕਰਦੇ ਹਨ।) ਹੇ ਅਨੰਦ ਸਰੂਪ, ਸਾਰੇ ਜਗਤ ਦੇ ਦਾਤੇ, ਸਭ ਜੀਆਂ ਤੇ ਕਿਰਪਾ ਕਰੋ, ਕਿ ਸਾਰੇ ਹੀ ਤੇਰਾ ਨਾਮ ਧਿਆਉਣ। ਸਾਰੇ ਹੀ ਜੀਅ ਤੇਰੇ ਹਨ, ਮੈ ਵੀ ਤੇਰਾ ਦਾਸ ਹਾਂ, ਸਾਡੇ ਤੇ ਕਿਰਪਾ ਕਰ, ਕਿ ਕੋਈ ਗੁਰਮੁਖ ਸਾਨੂੰ ਬਖਸ਼ ਕੇ ਤੇਰੇ ਨਾਲ ਮਿਲਾ ਦੇਵੇ।

ਰਾਗੁ ਗੂਜਰੀ ਵਿੱਚ ਮਹਲਾ ੪ ਦੇ ਪਹਿਲੇ ਘਰੁ ਦੇ ਛੇ ਸ਼ਬਦ ਹਨ। ਜਿਨਾਂ ਵਿਚੋਂ ਪੰਜਵੇ ਅਤੇ ਛੇਵੇਂ ਸ਼ਬਦ ਦੇ ਅਰਥਾਂ ਨੂੰ ਆਪਾਂ ਵਿਚਾਰ ਚੁੱਕੇ ਹਾਂ। ਅਗੇ ਇਸ ਲੜੀ ਦੇ ਪਹਿਲੇ ਸ਼ਬਦ ਦੀ ਵਿਚਾਰ ਵੀ ਕਰ ਲਈਏ।

ੴ ਸਤਿਗੁਰ ਪ੍ਰਸਾਦਿ॥ ਰਾਗੁ ਗੂਜਰੀ ਮਹਲਾ ੪ ਚਉਪਦੇ ਘਰੁ ੧॥

ਹਰਿ ਕੇ ਜਨ ਸਤਿਗੁਰ ਸਤ ਪੁਰਖਾ ਹਉ ਬਿਨਉ ਕਰਉ ਗੁਰ ਪਾਸਿ॥ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ॥ ੧॥

ਹੇ ਹਰੀ ਦੇ ਸੱਚੇ ਭਗਤ, ਸਤਿਗੁਰੂ, ਹੇ ਸਤ ਪੁਰਖ ਜੀਓ, ਮੈਂ ਤੁਹਾਡੇ ਪਾਸ ਬੇਨਤੀ ਕਰਦਾ ਹਾਂ। ਕਿ ਮੈਂ ਕੀੜਿਆਂ ਕਿਰਮਾਂ ਵਰਗਾ ਸੀ। ਹੁਣ ਮੈਂ ਸਤਿਗੁਰੂ (ਤੁਹਾਡੀ) ਦੀ ਸਰਨ ਵਿੱਚ ਆ ਗਿਆ ਹਾਂ। ਦਇਆ ਕਰ ਕੇ ਮੇਰੇ ਹਿਰਦੇ ਵਿੱਚ ਨਾਮ ਦਾ ਪਰਗਾਸ ਕਰ ਦੇਵੋ।

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ॥ ੧॥ ਰਹਾਉ॥

ਮੇਰੇ ਸੱਜਣ ਸਤਿਗੁਰ ਜੀਓ ਮੈਨੂੰ ਪ੍ਰਭੂ ਦੇ ਨਾਮ ਦਾ ਪ੍ਰਕਾਸ਼ ਦੇ ਦੇਵੋ। ਤੁਹਾਡੀ ਦਿੱਤੀ ਮੱਤ ਤੁਹਾਡਾ ਨਾਮ ਮੇਰਾ ਪ੍ਰਾਣ ਸਖਾ ਸਾਥੀ ਹੈ। ਹਰੀ ਦੇ ਨਾਮ ਦੀ ਕਿਰਤ ਮੇਰੀ ਰਸਤੇ ਦੀ ਪੂਜੀ ਹੈ।

ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ॥ ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ॥ ੨॥

ਹਰੀ ਦੇ ਉਹ ਦਾਸ ਬਹੁਤ ਹੀ ਵੱਡੇ ਭਾਗਾਂ ਵਾਲੇ ਹਨ, ਜਿਨਾਂ ਨੂੰ ਹਰੀ ਤੇ ਸਰਧਾ ਹੈ, ਹਰੀ ਦੇ ਦਰਸ਼ਨਾਂ ਦੀ ਪਿਆਸ ਹੈ। ਹਰੀ ਦੇ ਨਾਮ ਨਾਲ ਹੀ ਉਹਨਾਂ ਦੀ ਪਿਆਸ ਬੁਝਦੀ ਹੈ। ਸੱਚੀ ਸੰਗਤ ਨਾਲ ਮਿਲਕੇ ਉਹਨਾਂ ਦੇ ਹਿਰਦੇ ਵਿੱਚ ਗੁਣਾਂ (ਗਿਆਨ) ਦਾ ਪ੍ਰਕਾਸ਼ ਹੋ ਜਾਂਦਾ ਹੈ।

ਜਿਨੑ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ॥ ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ॥ ੩॥

ਪਰ ਜਿਨ੍ਹਾਂ ਮਨੁੱਖਾਂ ਨੇਂ ਹਰੀ ਦੇ ਨਾਮ ਦਾ ਰਸ ਨਹੀਂ ਪਾਇਆ ਉਹ ਮੰਦੇ ਭਾਗਾਂ ਵਾਲੇ ਹਨ। ਜਿਹੜੇ ਸਤਿਗੁਰੂ ਦੀ ਸਰਨ ਵਿੱਚ ਨਹੀਂ ਆਏ, ਜਿਨ੍ਹਾਂ ਨੇਂ ਸਤਿਗੁਰੂ ਦੀ ਸੰਗਤ ਨਹੀਂ ਕੀਤੀ, ਉਹਨਾਂ ਦੇ ਇਸ ਦੁਨੀਆਂ ਵਿੱਚ ਆਉਂਣ ਤੇ ਹੀ ਧ੍ਰਿਗ ਲਾਹਨਤ ਹੈ। ਉਹਨਾਂ ਦੇ ਜੀਵਨ (ਜੋ ਉਹਨਾਂ ਜੀਵਿਆ ਹੈ) ਨੂੰ ਵੀ ਧ੍ਰਿਗ ਹੈ, ਅਤੇ ਉਹਨਾਂ ਦੇ ਬਾਕੀ ਜਿਉਣ ਨੂੰ ਵੀ ਫਿਟਕਾਰ ਹੈ।

ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ॥ ਧੰਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਨਾਨਕ ਨਾਮੁ ਪਰਗਾਸਿ॥ ੪॥ ੧॥

ਜਿਨ੍ਹਾਂ ਦੇ ਮੱਥੇ ਵਿੱਚ ਹਰੀ ਨੇਂ ਧੁਰੋਂ ਹੀ ਲਿਖ ਦਿੱਤਾ, ਸਿਰਫ ਉਹਨਾਂ ਨੂੰ ਸਤਿਗੁਰੂ ਦਾ ਸੰਗ ਮਿਲੇ ਗਾ। ਧੰਨ ਹੈ ਸਤਿਸੰਗਤਿ ਧੰਨ ਹੈ, ਜਿਸ ਦੁਆਰਾ ਹਰਿ ਰਸ ਦਾ ਪਤਾ ਲੱਗਾ। ਜਿਸ ਨੂੰ ਮਿਲਿ ਕੇ ਮੇਰੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਗਿਆ। ਇਹ ਨਾਨਕ ਦਾ ਕਹਿਣਾਂ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀਂ ਸਾਡੇ ਵਾਸਤੇ ਹੈ, ਕੋਈ ਵੀਰ ਇੱਕ ਅੱਖਰ ਵੀ ਸਾਬਤ ਕਰੇ ਜੋ ਸਾਡੇ ਵਾਸਤੇ ਨਹੀਂ ਹੈ। ਇਹ ਕੋਈ ਸਬਜੀ ਦੀ ਦੁਕਾਨ ਨਹੀਂ ਹੈ, ਕਿ ਜਿਸ ਵਿਚੋਂ ਚੰਗੀ ਚੰਗੀ (ਆਪਣੇਂ ਮਤਲਬ ਦੀ) ਅਸੀਂ ਆਪਣੇਂ ਵਾਸਤੇ ਸ਼ਾਂਟ ਲਈਏ, ਬਾਕੀ ਜਿਹੜੀ ਲਾਹਣਤਾਂ ਪਾਉਂਦੀ ਹੋਵੇ, ਉਹ ਦੂਜਿਆਂ ਵਾਸਤੇ ਛੱਡ ਦੇਈਏ। ਜਾਂ ਸੜੇ ਆਂਡਿਆਂ ਦੀ ਤਰਾਂ ਦੂਜਿਆਂ ਨੂੰ ਮਾਰੀਏ। ਜਾਂ ਫਿਰ ਬਾਣੀਂ ਵਿੱਚ ਵੰਡੀਆਂ ਪਾਕੇ (ਬਹਾਨਾਂ ਬਨਾ ਕੇ, ਕਿ ਇਹ ਬਾਣੀਂ ਤਾਂ ਜੀ ਫਲਾਣੇਂ ਤਬਕੇ ਜਾਂ ਇਹਨੂੰ ਜਾਂ ਉਹਨੂੰ ਸਮਝਾਉਣ ਵਾਸਤੇ ਲਿਖੀ ਹੈ) ਸਚਾਈ ਨੂੰ ਤੋੜ ਮਰੋੜ ਕੇ…। ਕੁੱਝ ਪਹਿਲੇ ਨੇਂ ਮਰੋੜੀ, ਕੁੱਝ ਦੂਜੇ ਨੇਂ ਮਰੋੜੀ, ਤੀਜੇ ਨੇਂ ਕੁੱਝ ਹੋਰ ਮਰੋੜ ਦਿੱਤੀ। ਚੌਥਾ ਆਇਆ ਉਸ ਨੇਂ ਵੱਟ ਚੜਾ ਚੜਾ ਕੇ ਰੱਸੀ ਬਨਾ ਦਿੱਤੀ, ਤੰਦ ਤਾਣੀਂ ਹੀ ਉਲਝਾ ਦਿੱਤੀ। ਅਤੇ ਵੀਰੋ ਰੱਸੀ ਕਿਸ ਕੰਮ ਵਾਸਤੇ ਵਰਤੀ ਜਾਂਦੀ ਹੈ, ਤੁਸੀਂ ਖੁਦ ਸੋਚ ਸੱਕਦੇ ਹੋ।

ਇਸ ਵਾਸਤੇ ਮੇਰੇ ਮਨ ਵਿੱਚ ਖਿਆਲ ਆਇਆ ਕੇ ਗੁਰਬਾਣੀਂ ਨੂੰ, ਬਿਨਾਂ ਕਿਸੇ ਤੋੜ ਮਰੋੜ ਦੇ, ਬਿਨਾਂ ਕਿਸੇ ਮਸਾਲੇ ਦੇ, ਇਸ ਦੇ ਕਵਿਤਾ ਰੂਪ ਨੂੰ ਸਿਰਫ, ਅੱਖਰ ਤੋਂ ਅੱਖਰ ਵਾਰਤਾ ਰੂਪ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ। ਹੋ ਸੱਕਦਾ ਹੈ ਇਸ (ਬਨ ਚੁਕੀ ਰਸੀ) ਦੇ ਕੁੱਝ ਵੱਟ ਲਹਿ ਸੱਕਣ।

ਧਨਵਾਦ

ਬਲਦੇਵ ਸਿੰਘ।
.