ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 14)
ਹੁਕਮੀ
ਸਹਜੇ ਸ੍ਰਿਸਟਿ ਉਪਾਈ॥ ਕਰਿ ਕਰਿ ਵੇਖੈ ਅਪਣੀ ਵਡਿਆਈ॥
ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ॥ ੧॥ (੧੦੪੩)
ਮਾਇਆ ਮੋਹੁ ਜਗਤੁ ਗੁਬਾਰਾ॥ ਗੁਰਮੁਖਿ ਬੂਝੈ ਕੋ ਵੀਚਾਰਾ॥
ਆਪੇ ਨਦਰਿ ਕਰੇ ਸੋ ਪਾਏ ਆਪੇ ਮੇਲਿ ਮਿਲਾਈ ਹੇ॥ ੨॥
ਆਪੇ ਮੇਲੇ ਦੇ ਵਡਿਆਈ॥ ਗੁਰ ਪਰਸਾਦੀ ਕੀਮਤ ਪਾਈ॥
ਮਨਮੁਖਿ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ॥ ੩॥
ਹਉਮੈ ਮਾਇਆ ਵਿਚੇ ਪਾਈ॥ ਮਨਮੁਖ ਭੂਲੇ ਪਤਿ ਗਵਾਈ॥
ਗੁਰਮੁਖਿ ਹੋਵੈ ਸੋ ਨਾਇ ਰਾਚੈ ਸਾਚੈ ਰਹਿਆ ਸਮਾਈ ਹੇ॥ ੪॥
ਗੁਰ ਤੇ ਗਿਆਨੁ ਨਾਮ ਰਤਨੁ ਪਾਇਆ॥ ਮਨਸਾ ਮਾਰਿ ਮਨ ਮਾਹਿ ਸਮਾਇਆ॥
ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ॥ ੫॥
ਸਤਿਗੁਰੁ ਸੇਵੇ ਆਪੁ ਗਵਾਏ॥ ਮਿਲਿ ਪ੍ਰੀਤਮ ਸਬਦਿ ਸੁਖੁ ਪਾਏ॥
ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ॥ ੬॥
ਦੂਖ ਨਿਵਾਰਣੁ ਗੁਰ ਤੇ ਜਾਤਾ॥ ਆਪਿ ਮਿਲਿਆ ਜਗਜੀਵਨੁ ਦਾਤਾ॥
ਜਿਸ ਨੋ ਲਾਏ ਸੋਈ ਬੂਝੈ ਭਉ ਭਰਮੁ ਸਰੀਰਹੁ ਜਾਈ ਹੇ॥ ੭॥
ਆਪੇ ਗੁਰਮੁਖਿ ਆਪੇ ਦੇਵੈ॥ ਸਚੈ ਸਬਦਿ ਸਤਿਗੁਰੁ ਸੇਵੈ॥
ਜਰਾ ਜਮੁ ਤਿਸੁ ਜੋਹਿ ਨ ਸਾਕੈ ਸਾਚੇ ਸਿਉ ਬਣਿ ਆਈ ਹੇ॥ ੮॥
ਤ੍ਰਿਸਨਾ ਅਗਨਿ ਜਲੈ ਸੰਸਾਰਾ॥ ਜਲਿ ਜਲਿ ਖਪੈ ਬਹੁਤੁ ਵਿਕਾਰਾ॥
ਮਨਮੁਖੁ ਠਉਰ ਨ ਪਾਏ ਕਬਹੂ ਸਤਿਗੁਰਿ ਬੂਝ ਬੁਝਾਈ ਹੇ॥ ੯॥
ਸਤਿਗੁਰੁ ਸੇਵਨਿ ਸੇ ਵਡਭਾਗੀ॥ ਸਾਚੈ ਨਾਮਿ ਸਦਾ ਲਿਵ ਲਾਗੀ॥
ਅੰਤਰਿ ਨਾਮੁ ਰਵਿਆ ਨਿਹਕੇਵਲੁ ਤ੍ਰਿਸਨਾ ਸਬਦਿ ਬੁਝਾਈ ਹੇ॥ ੧੦॥
ਸਚਾ ਸਬਦੁ ਸਚੀ ਹੈ ਬਾਣੀ॥ ਗੁਰਮੁਖਿ ਵਿਰਲੈ ਕਿਨੈ ਪਛਾਣੀ॥
ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ॥ ੧੧॥
ਸਬਦੁ ਬੁਝੈ ਸੋ ਮੈਲੁ ਚੁਕਾਏ॥ ਨਿਰਮਲ ਨਾਮੁ ਵਸੈ ਮਨਿ ਆਏ॥
ਸਤਿਗੁਰੁ ਅਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੇ॥ ੧੨॥
ਗੁਰ ਤੇ ਬੂਝੈ ਤਾ ਦਰੁ ਸੂਝੈ॥ ਨਾਮ ਵਿਹੂਣਾ ਕਥਿ ਕਥਿ ਲੂਝੈ॥
ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੂਖ ਗਵਾਈ ਹੇ॥ ੧੩॥
ਆਪੇ ਆਪਿ ਮਿਲੈ ਤਾ ਬੂਝੈ॥ ਗਿਆਨ ਵਿਹੂਣਾ ਕਿਛੂ ਨ ਸੂਝੈ॥
ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ॥ ੧੪॥
ਜੋ ਧੁਰਿ ਲਿਖਿਆ ਸੁ ਕਰਮ ਕਮਾਇਆ॥ ਕੋਇ ਨ ਮੇਟੈ ਧੁਰਿ ਫੁਰਮਾਇਆ॥
ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ॥ ੧੫॥
ਅਪਣੀ ਨਦਰਿ ਕਰੇ ਸੋ ਪਾਏ॥ ਸਚੈ ਸਬਦਿ ਤਾੜੀ ਚਿਤੁ ਲਾਏ॥
ਨਾਨਕ ਦਾਸੁ ਕਹੈ ਬੇਨੰਤੀ ਭੀਖਿਆ ਨਾਮੁ ਦਰਿ ਪਾਈ ਹੇ॥ ੧੬॥ ੧॥ (੧੦੪੪)
॥ ੧॥ ਹੁਕਮੀ ਸਹਜੇ ਸ੍ਰਿਸਟਿ ਉਪਾਈ॥ ਕਰਿ ਕਰਿ ਵੇਖੈ ਅਪਣੀ ਵਡਿਆਈ॥
ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ॥ ੧॥
ਹੁਕਮੀ, ਹੁਕਮ ਦੇ ਮਾਲਕ ਨੇ, ਬਿਨਾ ਕਿਸੇ ਖਾਸ, ਉਚੇਚੇ ਉਪਰਾਲੇ ਦੇ, ਸਹਿਜ ਨਾਲ ਹੀ ਸ੍ਰਿਸ਼ਟੀ ਪੈਦਾ
ਕੀਤੀ, ਫਿਰ ਇਸ ਵਿਚਲੇ ਕਾਰ ਵਿਹਾਰ ਨੂੰ ਸਹਿਜ ਵਿੱਚ ਹੀ ਹੂੰਦਾ ਵੈਖ ਰਿਹਾ ਹੈ, ਸੰਭਾਲ ਕਰ ਰਿਹਾ
ਹੈ। ਇਹੀ ਉਸ ਦੀ ਵਡਿਆਈ ਹੈ। ਉਹ ਸਭ ਕੁੱਝ ਆਪ ਹੀ ਕਰ ਰਿਹਾ ਹੈ, ਆਪ ਹੀ ਕਰਵਾ ਰਿਹਾ ਹੈ। ਉਸ ਦੇ
ਹੁਕਮ (ਜਿਸ ਅਨੁਸਾਰ ਇਸ ਸ੍ਰਿਸ਼ਟੀ ਦੀ ਹਰ ਚੀਜ਼, ਨਿਰੰਤਰ, ਨਿਰ ਵਿਘਨ ਚਲ ਰਹੀ ਹੈ) ਵਿੱਚ ਵੀ ਉਹ ਆਪ
ਹੀ ਸਮਾਇਆ ਹੋਇਆ ਹੈ, ਰਮਿਆ ਹੋਇਆ ਹੈ।
॥ ੨॥ ਮਾਇਆ ਮੋਹੁ ਜਗਤੁ ਗੁਬਾਰਾ॥ ਗੁਰਮੁਖਿ ਬੂਝੈ ਕੋ ਵੀਚਾਰਾ॥
ਆਪੇ ਨਦਰਿ ਕਰੇ ਸੋ ਪਾਏ ਆਪੇ ਮੇਲਿ ਮਿਲਾਈ ਹੇ॥ ੨॥
ਇਹ ਸੰਸਾਰ, ਮਾਇਆ ਮੋਹ ਦੇ ਗੁਬਾਰ ਨਾਲ ਭਰਪੂਰ ਹੈ, ਇਸ ਗੱਲ ਨੂੰ ਕੋਈ ਵਿਰਲਾ ਬੰਦਾ, ਗੁਰਮੁਖ ਹੋ
ਕੇ, ਗੁਰੂ ਅਨੁਸਾਰੀ ਹੋ ਕੇ, ਗੁਰ ਸ਼ਬਦ ਨੂੰ ਵਿਚਾਰਦਿਆਂ ਹੀ ਬੁਝਦਾ ਹੈ, ਸਮਝਦਾ ਹੈ ਕਿ, ਉਹੀ ਬੰਦਾ
ਪਰਮਾਤਮਾ ਨਾਲ ਮਿਲਦਾ ਹੈ, ਪ੍ਰਭੂ ਨਾਲ ਇੱਕ ਮਿਕ ਹੁੰਦਾ ਹੈ। ਉਸ ਦਾ ਹੀ ਜਨਮ ਮਰਨ ਦਾ ਗੇੜ ਮੁਕਦਾ
ਹੈ, ਜਿਸ ਤੇ ਮਿਹਰ ਕਰ ਕੇ ਕਰਤਾਰ ਆਪ ਹੀ, ਉਸ ਨੂੰ ਸ਼ਬਦ ਗੁਰੂ ਨਾਲ ਮਿਲਾ ਕੇ, ਆਪਣੇ ਨਾਲ ਮੇਲਦਾ
ਹੈ।
॥ ੩॥ ਆਪੇ ਮੇਲੇ ਦੇ ਵਡਿਆਈ॥ ਗੁਰ ਪਰਸਾਦੀ ਕੀਮਤ ਪਾਈ॥
ਮਨਮੁਖਿ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ॥ ੩॥
ਕਰਤਾਰ ਆਪ ਹੀ ਬੰਦੇ ਨੂੰ ਗੁਰ (ਸ਼ਬਦ) ਨਾਲ ਮਿਲਾ ਕੇ, ਉਸ ਨੂੰ ਵਡਿਆਈ ਬਖਸ਼ਦਾ ਹੈ। ਫਿਰ ਬੰਦਾ ਸ਼ਬਦ
ਗੁਰੂ ਦੀ ਕਿਰਪਾ ਸਦਕਾ, ਉਸ ਨੂੰ ਸਮਝਣ ਸਦਕਾ, ਮਨੁਖਾ ਜੂਨੀ ਦੀ ਕਦਰ ਸਮਝਦਾ ਹੈ, ਕਿ ਅਨੇਕਾਂ
ਜੂਨੀਆਂ ਵਿਚੋਂ ਇਹੀ ਇੱਕ ਅਜਿਹੀ ਜੂਨੀ ਹੈ, ਜਿਸ ਵਿੱਚ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ, ਇਸ
ਵਿੱਚ ਹੀ ਆਵਾ ਗਵਣ ਦਾ ਚੱਕਰ ਮੁਕਾਇਆ ਜਾ ਸਕਦਾ ਹੈ। ਮਨਮੁਖਿ, ਸ਼ਬਦ ਗੁਰੂ ਦੀ ਸਿਖਿਆ ਦੀ ਥਾਂ,
ਆਪਣੇ ਹੀ ਮਨ ਦੇ ਕਹੇ ਅਨੁਸਾਰ ਚਲਣ ਵਾਲੇ ਬੰਦੇ, ਦੂਜੈ ਭਾਇ, ਵਾਹਿਗੁਰੂ ਦੀ ਥਾਂ, ਮਾਇਆ ਨੂੰ ਪਿਆਰ
ਕਰਨ ਵਾਲੇ (ਸੰਸਾਰ ਵਿੱਚ ਇਹ ਗੱਲ ਆਮ ਵੇਖੀ ਜਾ ਸਕਦੀ ਹੈ ਕਿ ਜਿਸ (ਪ੍ਰਭੂ) ਨਾਲ ਪਿਆਰ ਪਾਉਣਾ
ਹੁੰਦਾ ਹੈ ਉਸ ਲਈ ਬੰਦਾ ਵਿਖਾਵੇ ਦੇ ਕਰਮ ਕਾਂਡ ਹੀ ਕਰਦਾ ਹੈ। ਜਿਸ (ਮਾਇਆ) ਨੂੰ ਦੁਨਿਆਵੀ ਲੋੜਾਂ
ਲਈ ਵਰਤਣਾ ਹੁੰਦਾ ਹੈ, ਜਿਸ ਨੇ ਨਾਲ ਨਹੀਂ ਜਾਣਾ, ਸਾਹ ਨਿਕਲਦਿਆਂ, ਇਸ ਸੰਸਾਰ ਵਿੱਚ ਹੀ ਦੂਸਰੇ ਦੀ
ਹੋ ਜਾਣਾ ਹੁੰਦਾ ਹੈ, ਉਸ ਨਾਲ ਦਿਲੋਂ ਪਿਆਰ ਕਰਦਾ ਹੈ।) ਬੰਦੇ, ਅਸਲੀ ਰਾਹ ਤੋਂ ਖੁੰਝ ਕੇ ਵਿਲਕਦੇ
ਫਿਰਦੇ ਹਨ, ਪਛਤਾਉਂਦੇ ਰਹਿੰਦੇ ਹਨ।
॥ ੪॥ ਹਉਮੈ ਮਾਇਆ ਵਿਚੇ ਪਾਈ॥ ਮਨਮੁਖ ਭੂਲੇ ਪਤਿ ਗਵਾਈ॥
ਗੁਰਮੁਖਿ ਹੋਵੈ ਸੋ ਨਾਇ ਰਾਚੈ ਸਾਚੈ ਰਹਿਆ ਸਮਾਈ ਹੇ॥ ੪॥
ਪਰਮਾਤਮਾ ਨੇ ਆਪ ਹੀ ਇਸ ਮਾਇਆ ਦੇ ਪਸਾਰੇ (ਸੰਸਾਰ) ਵਿੱਚ ਹਉਮੈ ਪੈਦਾ ਕੀਤੀ ਹੈ। ਆਪਣੇ ਮਨ ਦੀ ਮੱਤ
ਪਿੱਛੇ ਚਲਣ ਵਾਲੇ, ਮਨਮੁਖ ਬੰਦਿਆਂ ਨੇ, ਰਾਹੋਂ ਖੁੰਝ ਕੇ, ਕੁਰਾਹੇ ਪੈ ਕੇ ਆਪਣੀ ਇਜ਼ਤ, ਆਪ ਹੀ ਗਵਾ
ਲਈ ਹੈ। ਜਿਹੜਾ ਮਨੁੱਖ ਗੁਰਮੁਖ ਹੋ ਕੇ, ਗੁਰ ਸ਼ਬਦ ਦੀ ਸਿਖਿਆ ਅਨੁਸਾਰ ਚਲਦਾ ਹੈ, ਉਹ ਕਰਤਾਪੁਰਖ ਦੇ
ਹੁਕਮ ਵਿੱਚ ਰਚਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ। ਉਹੀ ਸੱਚ ਵਿਚ, ਪਰਮਾਤਮਾ ਵਿੱਚ ਸਮਾ ਜਾਂਦਾ
ਹੈ, ਉਸ ਨਾਲ ਹੀ, ਪਾਣੀ ਵਿੱਚ ਮਿਲਣ ਵਾਲੇ ਪਾਣੀ ਵਾਙ, ਇੱਕ ਮਿੲਕ ਹੋ ਜਾਂਦਾ ਹੈ।
॥ ੫॥ ਗੁਰ ਤੇ ਗਿਆਨੁ ਨਾਮ ਰਤਨੁ ਪਾਇਆ॥ ਮਨਸਾ ਮਾਰਿ ਮਨ ਮਾਹਿ ਸਮਾਇਆ॥
ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ॥ ੫॥
ਜਿਹੜਾ ਬੰਦਾ ਪ੍ਰਭੂ ਦੇ ਅਮੋਲਕ ਨਾਮ, ਹੁਕਮ ਬਾਰੇ ਗਿਆਨ, ਸ਼ਬਦ ਗੁਰੂ ਤੋਂ ਹਾਸਲ ਕਰ ਲੈਂਦਾ ਹੈ, ਉਹ
ਆਪਣੈ ਮਨ ਦਿਆਂ ਫੁਰਨਿਆਂ ਨੂੰ ਮਾਰ ਕੈ, ਕਾਬੂ ਵਿੱਚ ਰੱਖ ਕੇ ਆਪਣੇ ਅੰਤਰ ਆਤਮੇ ਹੀ ਲੀਨ ਰਹਿੰਦਾ
ਹੈ, ਟਿਕਿਆ ਰਹਿੰਦਾ ਹੈ।
ਹੇ ਭਾਈ, ਕਰਤਾਰ ਆਪ ਹੀ ਸ੍ਰਿਸ਼ਟੀ ਦੇ ਸਾਰੇ ਖੇਲ ਤਮਾਸ਼ੇ ਕਰਦਾ ਹੈ ਅਤੇ ਆਪ ਹੀ ਸ਼ਬਦ ਰੂਪ ਵਿੱਚ
ਇਨ੍ਹਾਂ ਬਾਰੇ ਸੋਝੀ ਦਿੰਦਾ ਹੈ।
॥ ੬॥ ਸਤਿਗੁਰੁ ਸੇਵੇ ਆਪੁ ਗਵਾਏ॥ ਮਿਲਿ ਪ੍ਰੀਤਮ ਸਬਦਿ ਸੁਖੁ ਪਾਏ॥
ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ॥ ੬॥
ਜੋ ਬੰਦਾ ਸ਼ਬਦ ਦੀ ਵਿਚਾਰ ਆਸਰੇ, ਆਪਾ ਭਾਵ ਗਵਾ ਕੇ, ਵਿਚੋਂ ਹਉਮੈ ਖਤਮ ਕਰ ਕੇ, ਸਤਿਗੁਰੁ,
ਪਰਮਾਤਮਾ ਦੀ ਸੇਵਾ ਕਰਦਾ ਹੈ, (ਇਹ ਆਪਾਂ ਪਹਿਲਾਂ ਵਿਚਾਰ ਚੁਕੇ ਹਾਂ ਕਿ ਪਰਮਾਤਮਾ ਦੀ ਸੇਵਾ, ਉਸ
ਦੇ ਹੁਕਮ ਵਿੱਚ ਚਲਣਾ ਹੀ ਹੈ)
ਉਹ ਸ਼ਬਦ ਦੀ ਬਖਸ਼ਿਸ਼ ਆਸਰੇ, ਆਪਣੇ ਪਿਆਰੇ ਪ੍ਰੀਤਮ, ਪਤੀ ਪਰਮਾਤਮਾ ਨੂੰ ਮਿਲ ਕੇ ਸਦੀਵੀ ਸੁਖ ਪਾਉਂਦਾ
ਹੈ। ਉਸ ਦਾ ਅੰਦਰ, ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਰੰਗਿਆ ਰਹਿੰਦਾ ਹੈ। ਸਹਿਜ, ਸਥਿਰ ਮੱਤ, ਅਕਲ
ਆਸਰੇ, ਉਸ ਦੀ ਪ੍ਰਭੂ ਨਾਲ ਪਰਤੀਤ, ਵਿਸ਼ਵਾਸ ਬਣਿਆ ਰਹਿੰਦਾ ਹੈ।
॥ ੭॥ ਦੂਖ ਨਿਵਾਰਣੁ ਗੁਰ ਤੇ ਜਾਤਾ॥ ਆਪਿ ਮਿਲਿਆ ਜਗਜੀਵਨੁ ਦਾਤਾ॥
ਜਿਸ ਨੋ ਲਾਏ ਸੋਈ ਬੂਝੈ ਭਉ ਭਰਮੁ ਸਰੀਰਹੁ ਜਾਈ ਹੇ॥ ੭॥
ਸ਼ਬਦ ਗੁਰੂ ਰਾਹੀਂ ਜਿਸ ਨੇ, ਦੁਖਾਂ ਨੂੰ ਦੂਰ ਕਰਨ ਵਾਲੇ ਕਰਤਾਰ ਨੂੰ ਜਾਣ ਲਿਆ, ਉਸ ਨਾਲ ਸਾਂਝ ਪਾ
ਲਈ, ਉਸ ਨੂੰ, ਜਗਤ ਨੂੰ ਸਾਰੀਆਂ ਦਾਤਾਂ ਦੇਣ ਵਾਲਾ, ਦੁਨੀਆ ਦੇ ਜੀਵਨ ਦਾ ਆਧਾਰ (ਵਾਹਿਗੁਰੂ) ਆਪ ਆ
ਮਿਲਿਆ, ਉਸ ਦੇ ਅੰਦਰ ਹੀ ਜ਼ਾਹਿਰ ਹੋ ਗਿਆ। ਜਿਸ ਬੰਦੇ ਨੂੰ ਰੱਬ ਆਪ ਆਪਣੀ ਭਗਤੀ ਨਾਲ ਜੋੜਦਾ ਹੈ,
ਉਸ ਨੂੰ ਹੀ ਜਗਤ ਰਚਨਾ ਦੀ ਖੇਡ ਬਾਰੇ ਸੋਝੀ ਹੁੰਦੀ ਹੈ, ਉਸ ਦੇ ਅੰਦਰੋਂ ਸਾਰੇ ਡਰ ਅਤੇ
ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ।
॥ ੮॥ ਆਪੇ ਗੁਰਮੁਖਿ ਆਪੇ ਦੇਵੈ॥ ਸਚੈ ਸਬਦਿ ਸਤਿਗੁਰੁ ਸੇਵੈ॥
ਜਰਾ ਜਮੁ ਤਿਸੁ ਜੋਹਿ ਨ ਸਾਕੈ ਸਾਚੇ ਸਿਉ ਬਣਿ ਆਈ ਹੇ॥ ੮॥
ਹੇ ਭਾਈ ਜਿਸ ਬੰਦੇ ਨੂੰ ਕਰਤਾਰ ਆਪ ਹੀ, ਗੁਰਮੁਖਿ ਬਣਾਉਂਦਾ ਹੈ, ਸ਼ਬਦ ਗੁਰੂ ਨਾਲ ਜੋੜ ਕੇ ਆਪਣੀ
ਭਗਤੀ ਦੀ ਬਖਸ਼ਿਸ਼ ਕਰਦਾ ਹੈ, ਉਹ ਮਨੁੱਖ ਸ਼ਬਦ ਦੀ ਵਿਚਾਰ ਰਾਹੀਂ, ਸਤਿਗੁਰੁ, ਪਰਮਾਤਮਾ ਦੀ ਸੇਵਾ
ਕਰਦਾ ਰਹਿੰਦਾ ਹੈ ਅਜਿਹੇ ਮਨੁੱਖ ਦੀ ਪਰਮਾਤਮਾ ਨਾਲ ਐਸੀ ਸਾਂਝ ਪੈ ਜਾਂਦੀ ਹੈ ਕਿ ਉਸ ਮਨੁੱਖ ਤੇ
ਫਿਰ ਕਦੀ ਵੀ ਨਾ ਬੁਢੇਪਾ ਅਤੇ ਨਾ ਹੀ ਸਰੀਰਕ ਮੌਤ ਕੋਈ ਅਸਰ ਪਾ ਸਕਦੀ ਹੈ। ਅਰਥਾਤ, ਪਰਮਾਤਮਾ ਵਿੱਚ
ਲੀਨ ਹੋ ਕੇ ਉਹ ਵੀ ਅਕਾਲ. ਸਮੇ ਦੇ ਗੇੜ ਤੋਂ ਬਾਹਰ ਅਤੇ ਅੰਮ੍ਰਿਤ, ਮੌਤ ਤੋਂ ਰਹਿਤ ਹੋ ਜਾਂਦਾ ਹੈ।
॥ ੯॥ ਤ੍ਰਿਸਨਾ ਅਗਨਿ ਜਲੈ ਸੰਸਾਰਾ॥ ਜਲਿ ਜਲਿ ਖਪੈ ਬਹੁਤੁ ਵਿਕਾਰਾ॥
ਮਨਮੁਖੁ ਠਉਰ ਨ ਪਾਏ ਕਬਹੂ ਸਤਿਗੁਰਿ ਬੂਝ ਬੁਝਾਈ ਹੇ॥ ੯॥
ਹੇ ਭਾਈ ਸੰਸਾਰ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹਿਾ ਹੈ। ਵਿਕਾਰਾਂ ਦੀ ਅੱਗ ਵਿੱਚ ਸੜ-ਸੜ ਕੇ ਬਹੁਤ
ਦੁਖੀ ਹੋ ਰਿਹਾ ਹੈ। ਮਨਮੁਖ ਬੰਦਾ, ਅਪਣੈ ਮਨ ਦੀ ਮੱਤ ਅਨੁਸਾਰ ਚਲਣ ਵਾਲਾ ਬੰਦਾ, ਇਸ ਤੋਂ ਬਚਣ ਲਈ,
ਕੋਈ ਥਾਂ ਨਹੀਂ ਲੱਭ ਪਾਉਂਦਾ, ਇਸ ਤੋਂ ਬਚਣ ਦਾ ਕੋਈ ਤਰੀਕਾ, ਉਸ ਦੀ ਸਮਝ ਵਿੱਚ ਨਹੀਂ ਆਉਂਦਾ।
ਮਨਮੁਖ ਬੰਦਾ ਸ਼ਬਦ ਗੁਰੂ ਦੀ ਸ਼ਰਨ ਤਾਂ ਲੈਂਦਾ ਨਹੀਂ, ਉਹ ਤਾਂ ਆਪਣੇ ਮਨ ਦੀ ਮੱਤ ਪਿੱਛੇ ਹੀ ਚਲਦਾ
ਹੈ। ਤ੍ਰਿਸ਼ਨਾ ਅਤੇ ਵਿਕਾਰਾਂ ਤੋਂ ਬਚਣ ਦੀ ਸੋਝੀ ਤਾਂ ਸਤਿਗੁਰ, ਸ਼ਬਦ ਗੁਰੂ ਤੋਂ ਹੀ ਹੁੰਦੀ ਹੈ।
ਮਨਮੁਖ ਇਸ ਸੋਝੀ ਤੋਂ ਵਾਞਿਆ ਹੀ ਰਹਿੰਦਾ ਹੈ।
॥ ੧੦॥ ਸਤਿਗੁਰੁ ਸੇਵਨਿ ਸੇ ਵਡਭਾਗੀ॥ ਸਾਚੈ ਨਾਮਿ ਸਦਾ ਲਿਵ ਲਾਗੀ॥
ਅੰਤਰਿ ਨਾਮੁ ਰਵਿਆ ਨਿਹਕੇਵਲੁ ਤ੍ਰਿਸਨਾ ਸਬਦਿ ਬੁਝਾਈ ਹੇ॥ ੧੦॥
ਉਹ ਬੰਦੇ ਵੱਡੇ ਭਾਗਾਂ ਵਾਲੇ ਹਨ, ਜੋ ਸਤਿਗੁਰੁ, ਕਰਤਾਰ ਦੀ ਸੇਵਾ ਕਰਦੇ ਹਨ, ਉਸ ਦੇ ਹੁਕਮ ਵਿੱਚ
ਚਲਦੇ ਹਨ।
ਉਨ੍ਹਾਂ ਦੀ ਲਿਵ, ਸੱਚੇ ਨਾਮ ਵਿਚ, ਪ੍ਰਭੂ ਦੀ ਰਜ਼ਾ ਵਿੱਚ ਜੁੜੀ ਰਹਿੰਦੀ ਹੈ। ਉਨ੍ਹਾਂ ਨੂੰ ਮਨ
ਵਿੱਚ ਹਮੇਸ਼ਾ, ਰੱਬ ਦਾ ਹੁਕਮ ਯਾਦ
ਰਹਿੰਦਾ ਹੈ। ਉਨ੍ਹਾਂ ਨੇ ਸ਼ਬਦ ਗੁਰੂ ਦੇ ਗਿਆਨ ਆਸਰੇ, ਆਪਣੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਲਿਆ
ਹੁੰਦਾ ਹੈ।
॥ ੧੧॥ ਸਚਾ ਸਬਦੁ ਸਚੀ ਹੈ ਬਾਣੀ॥ ਗੁਰਮੁਖਿ ਵਿਰਲੈ ਕਿਨੈ ਪਛਾਣੀ॥
ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ॥ ੧੧॥
ਕਿਸੇ ਵਿਰਲੇ ਬੰਦੇ ਨੇ, ਗੁਰਮੁਖ ਹੋ ਕੇ, ਸ਼ਬਦ ਵਿਚਾਰ ਰਾਹੀਂ ਇਸ ਗੱਲ ਨੂੰ ਪਛਾਣਿਆ ਹੈ, ਇਸ ਸਚਾਈ
ਨੂੰ ਜਾਣਿਆ ਹੈ ਕਿ ਸ਼ਬਦ ਸੱਚਾ, ਉਕਾਈ ਰਹਿਤ ਹੈ ਅਤੇ ਉਸ ਤੋਂ ਉਪਜਣ ਵਾਲੀ ਬਾਣੀ ਵੀ ਸੱਚੀ, ਉਕਾਈ
ਰਹਿਤ ਹੈ। ਇਸ ਨੂੰ ਹੀ ਗੁਰਬਾਣੀ ਇਵੇਂ ਦ੍ਰਿੜ੍ਹ ਕਰਵਾਉਂਦੀ ਹੈ,
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ (੬੧)
ਦੁਨੀਆਂ ਵਿੱਚ ਹਰ ਕੋਈ ਭੁਲੜ ਹੈ। ਅਭੁਲ, ਜੋ ਕਦੇ ਭੁਲਦਾ ਨਹੀਂ, ਉਹ ਸ਼ਬਦ ਗੁਰੂ ਅਤੇ ਆਪ ਕਰਤਾਰ ਹੀ
ਹੈ।
ਉਸ ਉਕਾਈ ਰਹਿਤ ਸਬਦ ਦੀ ਵਿਚਾਰ ਵਿੱਚ ਰੰਗੇ ਹੋਏ ਬੰਦੇ ਹੀ ਬੈਰਾਗੀ, ਮਾਇਆ ਤੋਂ ਉਪਰਾਮ ਹੁੰਦੇ ਹਨ,
ਉਨ੍ਹਾਂ ਦਾ ਹੀ ਆਵਣ-ਜਾਣਾ ਮੁਕ ਜਾਂਦਾ ਹੈ, ਉਨ੍ਹਾਂ ਦਾ ਹੀ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ।
॥ ੧੨॥ ਸਬਦੁ ਬੁਝੈ ਸੋ ਮੈਲੁ ਚੁਕਾਏ॥ ਨਿਰਮਲ ਨਾਮੁ ਵਸੈ ਮਨਿ ਆਏ॥
ਸਤਿਗੁਰੁ ਅਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੇ॥ ੧੨॥
ਜੋ ਬੰਦਾ ਸ਼ਬਦ ਨੂੰ ਵਿਚਾਰ ਕੇ ਸਮਝ ਲੈਂਦਾ ਹੈ, ਉਹ ਆਪਣੇ ਅੰਦਰ ਦੀ ਹਉਮੈ ਦੀ ਮੈਲ ਸਾਫ ਕਰ ਲੈਂਦਾ
ਹੈ, ਉਸ ਦੇ ਮਨ ਵਿੱਚ ਪਵਿਤ੍ਰ ਨਾਮ ਦਾ ਵਾਸਾ ਹੋ ਜਾਂਦਾ ਹੈ। ਗੁਰਬਾਣੀ ਫੁਰਮਾਨ ਹੈ,
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥ (੫੬੦)
ਹਉਮੈ ਦਾ ਪ੍ਰਭੂ ਦੇ ਨਾਮ ਨਾਲ ਵਿਰੋਧ ਹੈ, ਦੋਵੇਂ ਇੱਕ ਥਾਂ ਇਕੱਠੇ ਨਹੀਂ ਰਹਿ ਸਕਦੇ, ਜੇ ਮਨ ਵਿੱਚ
ਹਉਮੈ ਹੋਵੇਗੀ ਤਾਂ ਉਹ ਪਰਭੂ ਦੀ ਰਜ਼ਾ, ਉਸ ਦੇ ਹੁਕਮ ਨੂੰ ਨਹੀਂ ਮੰਨੇਗਾ। ਜੇ ਉਹ ਕਰਤਾਰ ਦੀ ਰਜ਼ਾ,
ਉਸ ਦੇ ਹੁਕਮ ਨੂੰ ਮੰਨੇਗਾ ਤਾਂ ਉਸ ਵਿੱਚ ਹਉਮੈ ਨਹੀਂ ਹੋਵੇਗੀ। ਜੋ ਆਪਣੇ ਸਤਿਗੁਰੁ, ਆਪਣੇ
ਵਾਹਿਗੁਰੂ ਨੂੰ ਹਮੇਸ਼ਾ ਯਾਦ ਰਖਦੇ ਹਨ, ਉਨ੍ਹਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
॥ ੧੩॥ ਗੁਰ ਤੇ ਬੂਝੈ ਤਾ ਦਰੁ ਸੂਝੈ॥ ਨਾਮ ਵਿਹੂਣਾ ਕਥਿ ਕਥਿ ਲੂਝੈ॥
ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੂਖ ਗਵਾਈ ਹੇ॥ ੧੩॥
ਹੇ ਭਾਈ ਜਦੋਂ ਬੰਦਾ ਸ਼ਬਦ ਗੁਰ ਕੋਲੋਂ, ਜੀਵਨ ਖੇਡ ਬਾਰੇ ਸਮਝ ਲੈਂਦਾ ਹੈ, ਤਾਂ ਉਸ ਨੂੰ ਕਰਤਾਰ ਦੇ
ਦਰ ਤਕ ਅਪੜਨ ਦੇ ਵਸੀਲ਼ੇ ਬਾਰੇ ਸੋਝੀ ਹੋ ਜਾਂਦੀ ਹੈ। ਨਾਮ ਤੋਂ ਸੱਖਣਾ, ਪਰਮਾਤਮਾ ਦੇ ਹੁਕਮ ਵਿੱਚ
ਚਲਣ ਤੋਂ ਖੁੰਝਿਆ, ਕਰਮ ਕਾਂਡਾਂ ਵਿੱਚ ਉਲਝਿਆ ਮਨੁੱਖ, ਦੂਸਰਿਆਂ ਨੂੰ ਤਾਂ ਪਰਭੂ ਮਿਲਾਪ ਲਈ ਕਰਮ
ਕਾਂਡਾਂ ਦੇ ਢੰਗ ਦੱਸਦਾ ਰਹਿੰਦਾ ਹੈ, ਪਰ ਆਪ ਨਾਮ ਤੋਂ ਸੱਖਣਾ ਹੋਣ ਕਰ ਕੇ, ਤ੍ਰਿਸ਼ਨਾ ਦੀ ਅੱਗ
ਵਿੱਚ ਸੜਦਾ ਰਹਿੰਦਾ ਹੈ। ਸਤਿਗੁਰ, ਸ਼ਬਦ ਗੁਰੂ ਦੀ ਸੇਵਾ (ਇਹ ਆਪਾਂ ਵਿਚਾਰ ਚੁਕੇ ਹਾਂ ਕਿ ਸ਼ਬਦ
ਗੁਰੂ ਦੀ ਸੇਵਾ, ਉਸ ਨੂੰ ਵਿਚਾਰਨਾ ਹੀ ਹੈ) ਕਰਨ ਦੀ ਇਹ ਵਡਿਆਈ ਹੈ ਕਿ ਉਸ ਨਾਲ ਬੰਦੇ ਦੇ ਅੰਦਰੋਂ
ਤ੍ਰਿਸ਼ਨਾ, ਮਾਇਆ ਦੀ ਭੁੱਖ ਕਤਮ ਹੋ ਜਾਂਦੀ ਹੈ।
॥ ੧੪॥ ਆਪੇ ਆਪਿ ਮਿਲੈ ਤਾ ਬੂਝੈ॥ ਗਿਆਨ ਵਿਹੂਣਾ ਕਿਛੂ ਨ ਸੂਝੈ॥
ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ॥ ੧੪॥
ਹੇ ਭਾਈ ਜੇ ਪਰਮਾਤਮਾ ਆਪ ਹੀ ਬਖਸ਼ਿਸ਼ ਕਰ ਕੇ ਮਿਲ ਜਾਵੇ, ਤਾਂ ਹੀ ਬੰਦੇ ਨੂੰ ਆਤਮਕ ਜੀਵਨ ਬਾਰੇ
ਸੋਝੀ ਹੁੰਦੀ ਹੈ। ਆਤਮਕ ਗਿਆਨ ਤੋਂ ਸੱਖਣੇ ਮਨੁੱਖ ਨੂੰ, ਮਾਇਆਂ ਦੀ ਤ੍ਰਿਸ਼ਨਾ ਤੋਂ ਬਗੈਰ ਹੋਰ ਕੁੱਝ
ਨਹੀਂ ਸੁਝਦਾ। ਜਿਸ ਮਨੁੱਖ ਦੇ ਮਨ ਵਿੱਚ ਸ਼ਬਦ ਗੁਰੂ ਦੇ ਗਿਆਨ ਦੀ ਦਾਤ ਹਮੇਸ਼ਾ ਟਿਕੀ ਰਹਿੰਦੀ ਹੈ,
ਉਹ ਸ਼ਬਦ ਵਿੱਚ ਜੁੜਿਆ, ਪਰਮਾਤਮਾ ਦੀ ਸਿਫਤ ਸਾਲਾਹ ਦਾ ਪ੍ਰਭਾਵ ਆਪਣੇ ਅੰਦਰ ਬਣਾਈ ਰਖਦਾ ਹੈ।
॥ ੧੫॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ॥ ਕੋਇ ਨ ਮੇਟੈ ਧੁਰਿ ਫੁਰਮਾਇਆ॥
ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ॥ ੧੫॥
ਹੇ ਭਾਈ ਸ੍ਰਿਸ਼ਟੀ ਦੀ ਸਾਰੀ ਖੇਡ ਕਰਤਾਰ ਦੀ ਰਜ਼ਾ, ਕਰਤਾਰ ਦੇ ਹੁਕਮ ਵਿੱਚ ਹੀ ਖੇਡੀ ਜਾ ਰਹੀ ਹੈ।
ਜੀਵ ਦੇ ਕੀਤੇ ਕਰਮਾਂ ਅਨੁਸਾਰ, ਜੋ ਉਸ ਦੇ ਲੇਖ ਵਿੱਚ ਲਿਖਿਆ ਹੁੰਦਾ ਹੈ, ਬੰਦਾ ਵੈਸੇ ਹੀ ਕਰਮ
ਕਰਦਾ ਹੈ, ਉਨ੍ਹਾਂ ਲੇਖਾਂ ਨੂੰ ਮਿਟਾਉਣ ਦੀ ਸਮਰਥਾ ਕਿਸੇ ਵਿੱਚ ਨਹੀਂ ਹੈ। ਅਖੌਤੀ ਸੰਤ
ਬ੍ਰਹਮਗਿਆਨੀ, ਮਹਾਂਪੁਰਸ਼ਾਂ ਦੇ ਚੇਲੇ, ਲੋਕਾਂ ਨੂੰ ਲੱਖ ਪਏ ਆਖਣ ਕਿ ਉਨ੍ਹਾਂ ਦੇ ਸੰਤ ਜੀ ਬਹੁਤ
ਕਰਨੀ ਵਾਲੇ ਹਨ, ਪਰ ਜਿਨ੍ਹਾਂ ਸੰਤਾਂ ਨੂੰ ਆਪਣੀ ਕਿਸਮਤ ਬਾਰੇ ਹੀ ਨਹੀਂ ਪਤਾ, ਉਹ ਕਿਸੇ ਦੂਸਰੇ ਦੇ
ਲੇਖ ਕੀ ਬਦਲ ਸਕਦੇ ਹਨ? ਜੇ ਸਾਧ ਧਨਵੰਤ ਸਿੰਘ ਨੂੰ ਪਤਾ ਹੁੰਦਾ ਕਿ ਉਸ ਨੂੰ ਦਸ ਸਾਲ ਦੀ ਕੈਦ ਹੋਣ
ਵਾਲੀ ਹੈ, ਤਾਂ ਉਹ ਖੇਹ ਕਿਉਂ ਖਾਂਦਾ? ਕੀ ਪੂਹਲੇ ਨੂੰ ਪਤਾ ਸੀ ਕਿ ਉਸ ਨੂੰ ਕੋਈ, ਇਸ ਤਰ੍ਹਾਂ ਸਾੜ
ਕੇ ਮਾਰ ਦੇਵੇਗਾ? ਜੇ ਪਤਾ ਸੀ ਤਾਂ ਉਸ ਤੋਂ ਬਚ ਕਿਉਂ ਨਾ ਸਕਿਆ? ਜੇ ਸੰਤ ਅਖਵਾਉਂਦਾ ਰੁਲਦਾ ਸਿੰਘ,
ਏਨਾ ਹੀ ਸਮਰੱਥ ਸੀ ਤਾਂ ਉਹ ਆਪਣੇ ਲੇਖ ਕਿਉਂ ਨਾ ਬਦਲ ਸਕਿਆ? ਇਹ ਸਭ ਆਮ ਸਿੱਖਾਂ ਦੀ ਲੁੱਟ ਦੇ ਜਾਲ
ਬੁਣਨ ਦੇ ਸਾਧਨ ਮਾਤ੍ਰ ਹੀ ਹਨ।
ਸਾਧਸੰਗਤ ਦਾ ਆਨੰਦ ਵੀ ਉਹੀ ਵਡਭਾਗੇ ਮਾਣਦੇ ਹਨ, ਜਿਨ੍ਹਾਂ ਦੇ ਲੇਖਾਂ ਵਿੱਚ ਅਜਿਹਾ, ਪ੍ਰਭੂ ਨੇ ਆਪ
ਧੁਰ ਦਰਗਾਹ ਤੋਂ ਲਿਖਿਆ ਹੈ।
॥ ੧੬॥ ਅਪਣੀ ਨਦਰਿ ਕਰੇ ਸੋ ਪਾਏ॥ ਸਚੈ ਸਬਦਿ ਤਾੜੀ ਚਿਤੁ ਲਾਏ॥
ਨਾਨਕ ਦਾਸੁ ਕਹੈ ਬੇਨੰਤੀ ਭੀਖਿਆ ਨਾਮੁ ਦਰਿ ਪਾਈ ਹੇ॥ ੧੬॥ ੧॥ (੧੦੪੪)
ਹੇ ਭਾਈ, ਜਿਸ ਮਨੁੱਖ ਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ, ਉਹੀ ਮਨੁੱਖ, ਸਤਸੰਗਤ ਵਿੱਚ
ਜੁੜਨ ਦੀ ਦਾਤ ਪਰਾਪਤ ਕਰਦਾ ਹੈ। ਉਹੀ ਮਨੁੱਖ ਸ਼ਬਦ ਦੀ ਵਿਚਾਰ ਰਾਹੀਂ, ਸਦਾ ਕਾਇਮ ਰਹਣ ਵਾਲੇ
ਵਾਹਿਗੁਰੂ ਦੀ ਸਿਫਤ ਸਾਲਾਹ, ਭਗਤੀ ਵਿੱਚ ਆਪਣਾ ਮਨ, ਇੱਕ ਰਸ ਜੋੜੀ ਰਖਦਾ ਹੈ।
ਹੇ ਭਾਈ, ਨਿਮਾਣਾ ਨਾਨਕ ਬੇਨਤੀ ਕਰਦਾ ਹੈ ਕਿ ਅਜਿਹਾ ਪਰਮਾਤਮਾ ਨਾਲ ਜੁੜਿਆ ਮਨੁੱਖ ਹੀ ਪਰਮਾਤਮਾ
ਕੋਲੋਂ ਉਸ ਦੇ ਨਾਮ ਵਿੱਚ ਚਲਣ ਦੀ ਭਿਛਿਆ, ਦਾਨ ਪਰਾਪਤ ਕਰ ਲੈਂਦਾ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:-੯੭੫੬੨ ੬੪੬੨੧