.

ਉਦਮੁ ਕਰੇਦਿਆ ਜੀਉ ਤੂੰ…”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਹੱਥਲੇ ਗੁਰਮਤਿ ਪਾਠ ਦਾ ਮਕਸਦ ਇਸ ਸਚਾਈ ਨੂੰ ਪ੍ਰਗਟ ਕਰਣਾ ਹੈ ਕਿ ਗੁਰਬਾਣੀ `ਚ ਉੱਦਮ ਦੇ ਅਰਥ ਸਧਾਰਣ ਆਹਰ ਕਰਣਾ ਜਾਂ ਧੰਦਾ ਅਥਵਾ ਮੇਹਨਤ ਕਰਣ ਆਦਿ ਨਹੀਂ ਹਨ ਬਲਕਿ ਇਸ ਦੇ ਅਰਥ ਵਿਸ਼ੇਸ਼ ਹਨ। ਗੁਰਬਾਣੀ ਅਨੁਸਾਰ ਤੁਧੁ ਸੰਸਾਰੁ ਉਪਾਇਆ॥ ਸਿਰੇ ਸਿਰਿ ਧੰਧੇ ਲਾਇਆ ਭਾਵ ਪ੍ਰਭੂ ਆਪਣੀ ਰਚਨਾ ਦੇ ਹਰੇਕ ਜੀਵ ਨੂੰ, ਜੂਨੀ ਅਨੁਸਾਰ ਰਿਜ਼ਕ ਜ਼ਰੂਰ ਦਿੰਦਾ ਹੈ ਤੇ ਉਸ ਨੇ ਢੰਗ-ਢੰਗ ਨਾਲ ਹਰੇਕ ਜੀਵ ਨੂੰ ਧੰਦੇ ਵੀ ਲਾਇਆ ਹੋਇਆ ਹੈ। ਪ੍ਰਭੂ ਦੀਆਂ ਇਹਨਾ ਦੋਨਾਂ ਦਾਤਾਂ ਦੇ ਮਿਲਾਪ ਤੋਂ ਹੀ ਹਰੇਕ ਜੀਵ ਦਾ ਜੀਵਨ ਅਰੰਭ ਤੋਂ ਅੰਤ ਤੱਕ ਚਲਦਾ ਹੈ।

ਫ਼ਿਰ ਵੀ ਗੁਰਬਾਣੀ `ਚ ਮਨੁੱਖ ਦੇ ਕੇਵਲ ਉਸੇ ਧੰਦੇ ਜਾਂ ਆਹਰ ਨੂੰ ਹੀ ਉੱਦਮ ਕਿਹਾ ਹੈ ਜਿਸ ਧੰਦੇ ਦੀ ਦੌੜ ਸਫ਼ਲ ਜੀਵਨ ਦੀ ਪ੍ਰਾਪਤੀ ਵੱਲ ਹੈ। ਨਹੀਂ ਤਾਂ, ਦੂਜੀਆਂ ਜੂਨੀਆਂ ਸਮੇਤ ਮਨੁੱਖ ਵੀ ਉਨੀਂ ਦੇਰ ਕੇਵਲ ਧੰਦਾ ਜਾਂ ਆਹਰ ਹੀ ਕਰਦਾ ਹੈ (ਉੱਦਮ ਨਹੀਂ) ਜਦੋਂ ਤੱਕ ਉਸ ਦਾ ਧੰਦਾ ਅਥਵਾ ਆਹਰ, ਪ੍ਰਭੂ ਮਿਲਾਪ ਵਾਲੇ ਪਾਸੇ ਨਹੀਂ ਟੁਰਦਾ ਜਾਂ ਟੁਰ ਪੈਂਦਾ।

ਮਨਮੁਖ ਦੇ ਧੰਦੇ ਨੂੰ ਗੁਰਬਾਣੀ ਨੇ ਉੱਦਮ ਨਹੀਂ ਮੰਨਿਆ। ਗੁਰਬਾਣੀ ਅਨੁਸਾਰ ਮਨੁੱਖਾ ਜੀਵਨ `ਚ ਅਜਿਹਾ ਧੰਦਾ ਹੀ ਉੱਦਮ ਹੈ ਜਿਸ ਤੋਂ ਆਨੰਦੁ ਆਨੰਦੁ ਸਭੁ ਕੋ ਕਹੈ, ਆਨੰਦੁ ਗੁਰੂ ਤੇ ਜਾਣਿਆ (ਪੰ: ੨੦੬) ਵਾਲੇ ਸਦੀਵੀ ਅਨੰਦ ਵੱਲ ਵੱਧਦਾ ਹੋਵੇ। ਅਜਿਹੀ ਪ੍ਰਾਪਤੀ ਵੱਲ ਵਧੇ ਬਿਨਾ, ਮਨੁੱਖ ਵੀ ਉੱਦਮ ਨਹੀਂ ਬਲਕਿ ਸਿਰੇ ਸਿਰਿ ਧੰਧੇ ਲਾਇਆ ਦੀ ਸੀਮਾ ਤੱਕ ਹੀ ਹੈ। ਇਹ ਵੀ ਉਸੇ ਤਰ੍ਹਾਂ ਹੀ ਧੰਦਾ ਕਰ ਰਿਹਾ ਹੈ, ਜਿਵੇਂ ਬਾਕੀ ਜੂਨੀਆਂ। ਬਲਕਿ ਬਾਕੀ ਜੂਨੀਆਂ ਤਾਂ ਫ਼ਿਰ ਵੀ, ਪ੍ਰਭੂ ਵੱਲੋਂ ਨਿਯਤ ਧੰਦੇ ਵਾਲੀ ਆਪਣੀ ਸੀਮਾਂ `ਚ ਬੱਝੀਆਂ ਹੁੰਦੀਆਂ ਹਨ। ਜਦਕਿ, ਕਰਤੇ ਨੂੰ ਵਿਸਾਰ ਕੇ ਮਨੁੱਖ ਰਾਹੀਂ ਕੀਤੇ ਜਾ ਰਹੇ ਧੰਦੇ, ਜੀਵਨ ਨੂੰ ਚਿੰਤਾਂਵਾਂ, ਭਟਕਣਾ, ਤ੍ਰਿਸ਼ਨਾ, ਵਿਕਾਰਾਂ ਤੇ ਕੂੜ ਦੀ ਭੱਠੀ ਬਨਾਂਦੇ ਹਨ। ਇਸ ਦੇ ਨਾਲ ਹੀ ਫ਼ਿਰ ਤੋਂ ਜਨਮਾਂ ਤੇ ਜੂਨਾਂ ਦੇ ਗੇੜ ਦਾ ਕਾਰਨ ਵੀ ਬਣਦੇ ਹਨ।

ਨਾਨਕ ਉਤਰੀ ਚਿੰਤ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੫੨੨ `ਤੇ ਗੂਜਰੀ ਕੀ ਵਾਰ ਮਹਲਾ ੫ ਦੀ ਪਉੜੀ ਨੰ: ੧੭ ਦੇ ਨਾਲ ਸਲੋਕ ਹੈ ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ ਉਤਰੀ ਚਿੰਤ॥ ੧ ॥ ਇਥੇ ਖਾਸ ਗੱਲ ਇਹ ਹੈ ਕਿ ਇਸ ਸਲੋਕ ਦਾ ਉਚਾਰਣ ਤਾਂ ਬਹੁਤੀਆਂ ਸੰਗਤਾਂ ਕਰਦੀਆਂ ਹਨ, ਸਾਡੇ ਪ੍ਰਚਾਰਕ ਤੇ ਕਥਾਵਾਚਕ ਵੀ ਸਲੋਕ ਨੂੰ ਮਿਸਾਲਾਂ `ਚ ਵਰਤਦੇ ਹਨ, ਫ਼ਿਰ ਵੀ ਇਸ ਦਾ ਜੋ ਅਰਥ-ਪ੍ਰਭਾਵ ਦਿੱਤਾ ਜਾਂ ਲਿਆ ਜਾ ਰਿਹਾ ਹੁੰਦਾ ਹੈ, ਬਹੁਤਾ ਕਰਕੇ ਉਸ ਤੋਂ ਸਲੋਕ ਦੇ ਅਰਥ ਘਟ-ਵਧ ਹੀ ਉਘੜਦੇ ਹਨ। ਇਸ ਦੇ ਉਲਟ ਜੇ ਪੂਰੀ ਤਰ੍ਹਾਂ ਗੁਰਬਾਣੀ ਸਿਧਾਂਤ ਦੇ ਦਾਇਰੇ `ਚ ਰਹਿ ਕੇ ਤੇ ਕੁੱਝ ਗਹਿਰਾਈ `ਚ ਜਾ ਕੇ ਅਰਥ ਕਰਣ ਦਾ ਯਤਣ ਕਰੀਏ ਤਾਂ ਇਸ `ਚੋਂ ਸਿੱਖੀ ਜੀਵਨ ਦਾ ਪੂਰਾ ਤੇ ਵਿਸ਼ੇਸ਼ ਪੱਖ ਵੀ ਉਘੜੇ ਗਾ।

ਇਕੋ ਲੜੀ `ਚ - ਦਰਅਸਲ ਸਲੋਕ ਦੇ ਅਰਥਾਂ `ਚ ਬਹੁਤਾ ਫ਼ਰਕ ਕੇਵਲ ਦੋ ਹੀ ਕਾਰਨਾਂ ਕਰ ਕੇ ਪੈ ਰਿਹਾ ਹੈ। ਪਹਿਲਾ, ਇਥੇ ਉਦਮੁ, ਕਮਾਵਦਿਆ, ਸੁਖ ਭੁੰਚੁ, ਧਿਆਇਦਿਆ ਤੇ ਉਤਰੀ ਚਿੰਤ ਪੰਜਾਂ ਲਫ਼ਜ਼ਾਂ ਦੇ ਅਰਥ ਬਹੁਤਾ ਕਰਕੇ ਅੱਡ-ਅੱਡ ਕਰਕੇ ਲਏ ਜਾਂਦੇ ਹਨ। ਦੂਜਾ, ਬਹੁਤੇ ਸੱਜਨ ਇਹਨਾ ਦੇ ਗੁਰਮਤਿ ਅਰਥ ਲੈਣ ਦੀ ਬਜਾਏ, ਸਾਧਾਰਣ ਅਰਥ ਹੀ ਲੈ ਲੈਂਦੇ ਹਨ, ਜਿਸ ਕਰਕੇ ਸਲੋਕ ਤੋਂ ਗੁਰਮਤਿ ਸੇਧ ਤੇ ਗੁਰਮਤਿ ਆਦੇਸ਼ ਜੋ ਪ੍ਰਗਟ ਹੋਣਾ ਚਾਹੀਦਾ ਹੈ, ਉਹ ਨਹੀਂ ਹੁੰਦਾ।

ਦਰਅਸਲ ਸਲੋਕ `ਚ ਪੰਜੇ ਲਫ਼ਜ਼ ਉਦਮੁ, ਕਮਾਵਦਿਆ, ਧਿਆਇਦਿਆ, ਸੁਖ ਭੁੰਚ, ਉਤਰੀ ਚਿੰਤ ਇੱਕ ਤੋਂ ਬਾਅਦ ਦੂਜਾ ਲੜੀਵਾਰ ਹਨ। ਠੀਕ ਉਸੇ ਤਰ੍ਹਾਂ ਜਿਵੇਂ ਪਉੜੀਆਂ ਚੜ੍ਹਣ ਸਮੇਂ ਮਨੁੱਖ ਇੱਕ ਤੋਂ ਬਾਅਦ ਦੂਜੀ ਪਉੜੀ `ਤੇ ਪੈਰ ਰਖਦਾ ਹੋਇਆ ਛੱਤ ਤੱਕ ਪੁੱਜ ਜਾਂਦਾ ਹੈ। ਦੂਜੀ ਗੱਲ, ਸਤਿਗੁਰੂਾਂ ਰਾਹੀਂ ਸਲੋਕ `ਚ ਦਿੱਤੇ ਆਦੇਸ਼ਾਂ ਨੂੰ ਸਮਝਣ ਲਈ ਇਹਨਾ ਚੋਂ ਇੱਕ-ਇੱਕ ਲਫ਼ਜ਼ ਦੇ ਅਰਥ, ਗੁਰਬਾਣੀ `ਚੋਂ ਲੈਣੇ ਹਨ, ਲਫ਼ਜ਼ਾਂ ਦੇ ਪ੍ਰਚਲਤ ਜਾਂ ਬਾਹਿਰੋਂ ਅਰਥ ਨਹੀਂ ਲੈਣੇ।

ਦਰਅਸਲ ਸਲੋਕ ਦਾ ਮੁੱਖ ਵਿਸ਼ਾ ਹੀ ਉਦੱਮ ਹੈ। ਇਸ ਲਈ ਸਲੋਕ ਦੇ ਮੂਲ ਅਰਥਾਂ ਨੂੰ ਸਮਝਣ ਲਈ ਪਹਿਲਾਂ ਗੁਰਮਤਿ ਅਨੁਸਾਰ ਉੱਦਮ ਦੇ ਅਰਥਾਂ ਨੂੰ ਹੀ ਸਮਝਣਾ ਜ਼ਰੂਰੀ ਹੈ। ਕਿਉਂਕਿ ਜਦੋਂ ਤੱਕ ਉੱਦਮ ਦੇ ਅਰਥ ਗੁਰਮਤਿ ਅਨੁਸਾਰ ਨਹੀਂ ਖੁਲਣ ਗੇ, ਉਦੋਂ ਤੱਕ ਸਲੋਕ ਦੇ ਅਰਥ, ਅਸਲ ਦਿਸ਼ਾ ਵੱਲ ਟੁਰ ਹੀ ਨਹੀਂ ਸਕਦੇ। ਉਪ੍ਰੰਤ, ਬਾਕੀ ਲਫ਼ਜ਼ਾਂ ਦੇ ਅਰਥ ਵੀ ਗੁਰਬਾਣੀ ਚੋਂ ਹੀ ਲੈਣੇ ਹਨ।

ਮਾਟੀ ਏਕ ਸਗਲ ਸੰਸਾਰਾ - ਦਰਅਸਲ ਵਿਸ਼ੇ `ਤੇ ਅੱਗੇ ਵਧਣ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੋ ਕਿ ਗੁਰਬਾਣੀ ਅਨੁਸਾਰ ਜੀਵਾਂ ਦੇ ਸਰੀਰਾਂ ਦਾ ਅਰੰਭ ਕਿਥੋਂ ਹੁੰਦਾ ਹੈ? ਫ਼ੁਰਮਾਨ ਹੈ ਮਾਟੀ ਏਕ ਸਗਲ ਸੰਸਾਰਾ॥ ਬਹੁ ਬਿਧਿ ਭਾਂਡੇ ਘੜੈ ਕੁਮਾੑਰਾ॥ ੩ ॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ…” (ਪੰ: ੧੧੮੭) ਭਾਵ ਜੂਨ ਕੋਈ ਵੀ ਹੋਵੇ, ਸਾਰੇ ਸਰੀਰ ਇਕੋ ਮਿੱਟੀ ਤੇ ਉਹਨਾਂ ਹੀ ਪੰਜ ਤੱਤਾਂ ਤੋਂ ਬਣੇ ਹਨ। ਠੀਕ ਇਸੇ ਤਰ੍ਹਾਂ ਜਿਵੇਂ ਕੁੰਭਾਰ ਇੱਕੋ ਮਿੱਟੀ ਤੋਂ ਭਿੰਨ ਭਿੰਨ ਭਾਂਡੇ, ਇੱਟਾਂ ਆਦਿ ਬਨਾਉਂਦਾ ਹੈ। ਉਪ੍ਰੰਤ ਮਾਟੀ ਅੰਧੀ ਸੁਰਤਿ ਸਮਾਈ (ਪੰ: ੧੦੦) ਤੇ ਏਕੋ ਪਵਣੁ ਮਾਟੀ ਸਭ ਏਕਾ, ਸਭ ਏਕਾ ਜੋਤਿ ਸਬਾਈਆ (ਪੰ: ੯੬) ਭਾਵ ਬੇਜਾਣ (ਅੰਧੀ) ਮਿਟੀ `ਚ ਪ੍ਰਭੂ, ਪਵਣ ਦੇ ਯੋਗ ਨਾਲ ਸੁਰਤ ਨੂੰ ਟਿਕਾਉਂਦਾ ਹੈ। ਇਨਾਂ ਹੀ ਨਹੀਂ, ਉਸ ਮਿਟੀ ਤੇ ਸੁਰਤ ਵਾਲੇ ਯੋਗ `ਚ ਵੀ ਸਭ ਏਕਾ ਜੋਤਿ ਸਬਾਈਆ (ਪੰ: ੯੬) ਵਾਲਾ ਵਿਸ਼ਾ ਹੀ ਪ੍ਰਮੁੱਖ ਹੈ। ਇਸੇ ਤੋਂ ਸੁਰਤ ਤੇ ਮਿੱਟੀ ਦੇ ਯੋਗ `ਚ ਹਿਲ-ਜੁਲ ਤੇ ਮਹਿਸੂਸ ਕਰਣ ਦੀ ਤਾਕਤ ਪੈਦਾ ਹੁੰਦੀ ਹੈ। ਇਸ ਤਰ੍ਹਾਂ ਹਰੇਕ ਜੀਵ ਅੰਦਰ ਮੂਲ ਰੂਪ `ਚ ਪ੍ਰਭੂ ਦਾ ਨੂਰ ਹੀ ਮੁੱਖ ਹੈ। ਜੇ ਅਜਿਹਾ ਨਾ ਹੋਵੇ ਤਾਂ ਮਿੱਟੀ, ਮਿੱਟੀ ਹੀ ਰਵੇਗੀ। ਠੀਕ ਉਸੇ ਤਰ੍ਹਾਂ ਜਿਵੇਂ ਪ੍ਰਭੂ ਦਾ ਨੂਰ ਅੱਡ ਹੋਣ `ਤੇ ਸਾਰੇ ਸਰੀਰ ਫ਼ਿਰ ਤੋਂ ਮਿੱਟੀ ਹੀ ਹੋ ਜਾਂਦੇ ਹਨ।

ਰਿਜ਼ਕ ਤੇ ਧੰਦਾ -ਪ੍ਰਭੂ ਦੇ ਨੂਰ ਕਾਰਨ ਹਿਲਜੁਲ ਤੇ ਮਹਿਸੂਸ ਕਰਣ ਦੀ ਤਾਕਤ ਪੈਦਾ ਹੋ ਜਾਣ `ਤੇ ਇਸ ਮਿੱਟੀ ਤੇ ਸੁਰਤ ਦੇ ਮਿਲਾਪ ਨੇ ਅੱਗੇ ਵੱਧਣਾ ਹੈ। ਇਸ ਦੇ ਲਈ ਪ੍ਰਭੂ ਨੇ ਜੀਵ ਨੂੰ ਦੋ ਦਾਤਾਂ ਬਖ਼ਸ਼ੀਆਂ ਹਨ; ਇੱਕ ਰਿਜ਼ਕ ਤੇ ਦੂਜਾ ਧੰਦਾਰਿਜ਼ਕ ਹਰੇਕ ਜੂਨੀ `ਚ ਸਰੀਰ ਦੇ ਵਾਧੇ ਲਈ ਤਾਕਤ ਤੇ ਖ਼ੁਰਾਕ ਦੀ ਲੋੜ ਪੂਰੀ ਕਰਦਾ ਹੈ। ਧੰਦਾ ਉਸ ਖ਼ੁਰਾਕ ਨੂੰ ਹਜ਼ਮ ਕਰਵਾ ਕੇ ਸਰੀਰਾਂ ਲਈ ਜੀਵਨ ਭਰ ਵਾਧੇ ਦਾ ਕੰਮ ਕਰਦਾ ਹੈ। ਮਨੁੱਖ ਸਮੇਤ ਜੀਵ ਚਾਹੇ ਕਿਸੇ ਵੀ ਜੂਨ ਦਾ ਹੋਵੇ, ਰਿਜ਼ਕ ਤੇ ਧੰਦੇ ਤੱਕ ਸਾਰਿਆਂ ਦਾ ਮੂਲ ਇਕੋ ਹੀ ਹੈ। ਇਸੇ ਧੰਦੇ ਤੇ ਰਿਜ਼ਕ ਵਾਲੀ ਸਾਂਝ ਤੋਂ ਹਰੇਕ ਜੂਨੀ `ਚ ਗਰਭ ਕਾਲ, ਜਨਮ, ਬਚਪਣ, ਜੁਆਨੀ, ਬਢੇਪਾ ਅਦਿ ਤਬਦੀਲੀਆਂ ਆਉਂਦੀਆਂ ਹਨ।

ਇਸ ਤਰ੍ਹਾਂ ਗੁਰਬਾਣੀ ਅਨੁਸਾਰ, ਮਨਮੁਖ ਤੇ ਕੁਕਰਮੀ ਮਨੁੱਖ ਸਮੇਤ ਹਰੇਕ ਜੂਨੀ `ਚ ਰਿਜ਼ਕ ਤੇ ਧੰਦਾ, ਪ੍ਰਭੂ ਵੱਲੋਂ ਹਰੇਕ ਨੂੰ ਪ੍ਰਾਪਤ ਹੁੰਦਾ ਹੈ। ਉਪ੍ਰੰਤ ਗੁਰਬਾਣੀ ਅਨੁਸਾਰ ਇਸੇ ਰਿਜ਼ਕ ਤੇ ਧੰਦੇ ਤੋਂ ਉਭਰੇ ਕਿਸੇ ਗੁਰਮੁਖ ਦੇ ਧੰਦੇ ਲਈ ਹੀ, ਗੁਰਦੇਵ ਨੇ ਉਚੇਚਾ ਲਫ਼ਜ਼ ਉੱਦਮ ਵਰਤਿਆ ਹੈ। ਇਸ ਦੇ ਉਲਟ ਕਿਸੇ ਮਨਮੁਖ ਦੇ ਧੰਦੇ ਲਈ ਲਫ਼ਜ਼ ਉੱਦਮ ਕਿਧਰੇ ਨਹੀਂ ਆਇਆ। ਇਸ ਲਈ ਉੱਦਮ ਵਾਲੀ ਸੀੜ੍ਹੀ ਚੜ੍ਹਣ ਤੋਂ ਪਹਿਲਾਂ ਗੁਰਬਾਣੀ ਵਿਚਲੀ ਪ੍ਰਭੂ ਦੀ ਧੰਦੇ ਤੇ ਰਿਜ਼ਕ ਵਾਲੀ ਦੇਣ ਨੂੰ ਪਹਿਚਾਨਣ ਦੀ ਲੋੜ ਹੈ। ਕਿਉਂਕਿ ਗੁਰਮੁਖ ਦੇ ਉੱਦਮ ਦਾ ਆਧਾਰ ਵੀ, ਇਹੀ ਰਿਜ਼ਕ ਤੇ ਧੰਦਾ ਹੀ ਹੈ ਜਿਵੇਂ ਬਾਕੀਆਂ ਲਈ।

ਰਿਜ਼ਕ ਤੇ ਧੰਦਾ ਹਰੇਕ ਜੂਨ `ਚ- ਚੂੰਕਿ ਮਨੁੱਖ ਸਮੇਤ, ਛੋਟੇ ਤੋਂ ਛੋਟੇ ਜੀਵ ਤੋਂ ਲੈਕੇ ਵੱਡੇ ਤੋਂ ਵੱਡਾ ਸਰੀਰ ਵੀ ਜੂਨਾਂ ਅਨੁਸਾਰ ਰਿਜ਼ਕ ਤੇ ਧੰਦੇ `ਤੇ ਹੀ ਖੜਾ ਹੈ। ਇਸੇ ਤੋਂ ਹਰੇਕ ਸਰੀਰ ਗਰਭ-ਅਵਸਥਾ ਤੋਂ ਅਰੰਭ ਹੋ ਕੇ ਜਨਮ, ਬਚਪਣ, ਜੁਆਨੀ, ਬੁਢਾਪਾ ਤੇ ਅੰਤ ਤੱਕ ਪੁੱਜਦਾ ਹੈ। ਫ਼ੁਰਮਾਨ ਹੈ ਆਪਿ ਉਪਾਏ ਧੰਧੈ ਲਾਏ॥ ਲਖ ਚਉਰਾਸੀ ਰਿਜਕੁ ਆਪਿ ਅਪੜਾਏ (ਮ: ੩-ਪੰ:: ੧੧੨) ਭਾਵ ਪ੍ਰਭੂ ਹਰੇਕ ਜੂਨ ਲਈ ਰਿਜ਼ਕ ਤੇ ਧੰਦੇ ਵਾਲੀਆਂ ਲੋੜਾਂ ਆਪ ਹੀ ਪੂਰੀਆਂ ਕਰਦਾ ਹੈ। ਇਥੋ ਤੱਕ ਕਿ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ਅਤੇ ਊਡੇ ਊਡਿ ਆਵੈ ਸੈ ਕੋਸਾ, ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ, ਮਨ ਮਹਿ ਸਿਮਰਨੁ ਕਰਿਆ (ਪੰ: ੧੦) ਜਾਂ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ (ਪੰ: ੯੫੫) ਹੋਰ ਜੀਅ ਜੰਤ ਸਭਿ ਪਾਛੈ ਕਰਿਆ, ਪ੍ਰਥਮੇ ਰਿਜਕੁ ਸਮਾਹਾ (ਪੰ: ੧੨੩੫) ਜਾਂ ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ (ਪੰ: ੧੩੦)।

ਇਸੇ ਤਰ੍ਹਾਂ ਕੇਵਲ ਰਿਜ਼ਕ ਹੀ ਨਹੀਂ, ਧੰਦਿਆਂ ਬਾਰੇ ਵੀ ਜਿਵੇਂ ਤੁਧੁ ਸੰਸਾਰੁ ਉਪਾਇਆ॥ ਸਿਰੇ ਸਿਰਿ ਧੰਧੇ ਲਾਇਆ॥ ਵੇਖਹਿ ਕੀਤਾ ਆਪਣਾ, ਕਰਿ ਕੁਦਰਤਿ ਪਾਸਾ ਢਾਲਿ ਜੀਉ (ਮ: ੧-ਪੰ: ੭੧) ਸਪਸ਼ਟ ਹੈ, ਪ੍ਰਭੂ ਰਿਜ਼ਕ ਦੇ ਨਾਲ ਨਾਲ ਹਰੇਕ ਨੂੰ ਜੂਨੀ ਮੁਤਾਬਕ ਸਿਰੇ ਸਿਰਿ ਧੰਦਿਆਂ `ਚ ਵੀ ਲਗਾਉਂਦਾ ਹੈ। ਇਸ ਤੋਂ ਵੱਧ ਕਿ ਸਾਰੇ ਜੀਵਾਂ ਦੀ ਸੰਭਾਲ ਵੀ ਆਪ ਹੀ ਕਰਦਾ ਹੈ।

ਮਨੁਖਾ ਜੂਨ ਤੋਂ ਇਲਾਵਾ? -ਦੇਖ ਚੁੱਕੇ ਹਾਂ ਕਿ ਮਨੁੱਖਾ ਜੂਨ ਤੱਕ ਰਿਜ਼ਕ ਤੇ ਧੰਦਾ, ਦਾਤੇ ਦੀਆਂ ਦੋਵੇਂ ਦਾਤਾਂ ਹਰੇਕ ਜੂਨ `ਚ ਹਰ ਕਿਸੇ ਨੂੰ ਪ੍ਰਾਪਤ ਹਨ। ਫ਼ਿਰ ਵੀ ਮਨੁਖਾ ਜੂਨ `ਚ ਧੰਦਿਆਂ ਦੇ ਦੋ ਰੁਖ ਹੁੰਦੇ ਹਨ ਜਿਸ ਦਾ ਵੇਰਵਾ ਅੱਗੇ ਚੱਲ ਕੇ ਦੇਖਾਂਗੇ। ਇਸ ਦੇ ਉਲਟ ਬਾਕੀ ਜਨੀਆਂ ਜੂਨੀਆਂ `ਚ ਅਜਿਹਾ ਸੰਭਵ ਹੀ ਨਹੀਂ। ਕਾਰਨ, ਬਾਕੀ ਜੂਨੀਆਂ ਕੇਵਲ ਪਿਛਲੇ ਮਨੁੱਖਾ ਜਨਮ ਸਮੇਂ ਕੀਤੇ ਚੰਗੇ-ਮਾੜੇ ਕਮਾਂ ਦਾ ਲੇਖਾ ਜੋਖਾ ਹੀ ਹੁੰਦੀਆਂ ਹਨ, ਇਸ ਤੋਂ ਵੱਧ ਨਹੀਂ। ਇਸ ਲਈ ਹਰੇਕ ਜੂਨ, ਆਪਣੇ ਕਰਮਾਂ-ਸੰਸਕਾਰਾਂ ਮੁਤਾਬਕ ਇੱਕ ਅਜਿਹੀ ਕੋਠਰੀ (Cell) ਹੀ ਹੁੰਦੀ ਹੈ ਜਿਸ `ਚ ਜੀਵ ਬੰਦ ਹੋ ਕੇ ਸਜ਼ਾ ਹੀ ਭੋਗ ਰਿਹਾ ਹੁੰਦਾ ਹੈ ਤੇ ਉਸ `ਚ ਟੱਸ ਤੋਂ ਮੱਸ ਨਹੀਂ ਹੋ ਸਕਦਾ। ਉਥੇ ਜਿਸ ਜੀਵ ਦਾ ਜੋ ਰਿਜ਼ਕ ਨਿਯਤ ਹੈ ਉਸ ਨੇ ਖਾਣਾ ਹੈ ਤੇ ਉਸ ਲਈ ਜੋ ਰਹਿਣੀ ਜਾਂ ਧੰਦਾ ਨਿਯਤ ਹੈ ਉਸ ਨੂੰ ਉਸੇ `ਚ ਜਨਮ ਬਤੀਤ ਕਰਣਾ ਹੈ। ਜਿਵੇਂ ਬਗੁਲਾ ਕਾਗੁ ਨ ਰਹਈ ਸਰਵਰਿ, ਜੇ ਹੋਵੈ ਅਤਿ ਸਿਆਣਾ॥ ਓਨਾ ਰਿਜਕੁ ਨ ਪਇਓ ਓਥੈ, ਓਨਾੑ ਹੋਰੋ ਖਾਣਾ (ਪੰ: ੯੫੬) ਜਾਂ ਕਾਗ ਬਤਨ ਬਿਸਟਾ ਮਹਿ ਵਾਸ (ਪੰ: ੨੩੯) ਚੰਦਨ ਲੇਪੁ ਉਤਾਰੈ ਧੋਇ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ (ਪੰ: ੨੬੭)।

ਮਨੁਖਾ ਜੂਨ `ਚ ਧੰਦੇ ਦੇ ਦੋ ਰੁਖ- ਮਨੁੱਖ ਕੋਲ ਮਨ ਹੁੰਦਾ ਹੈ ਜਿਹੜਾ ਬਾਕੀ ਜੂਨਾਂ `ਚ ਨਹੀਂ ਹੁੰਦਾ। ਉਪ੍ਰੰਤ ਇਸ ਮਨ ਦੇ ਦੋ ਰੁਖ ਹੁੰਦੇ ਹਨ। ਇਸੇ ਕਰਕੇ ਮਨੁੱਖਾ ਜੂਨ `ਚ ਧੰਦਾ ਵੀ ਦੋ ਵਿਰੋਧੀ ਰੁਖਾਂ ਨੂੰ ਹੁੰਦਾ ਹੈ। ਫ਼ੁਰਮਾਨ ਹੈ ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ (ਪੰ: ੧੧੬੭) ਭਾਵ ਮਨੁੱਖ ਦੇ ਧੰਦਿਆਂ ਦਾ ਹੀ ਰੁਖ ਹੁੰਦਾ ਹੇ ਜਦੋਂ ਧੰਦੇ ਰਸਤੇ ਹੀ ਮਨੁੱਖ ਪ੍ਰਭੂ ਨਾਲ ਜੁੜ ਕੇ ਆਪਣਾ ਜਨਮ ਸਫ਼ਲਾ ਕਰ ਲੈਂਦਾ ਹੈ। ਦਰਅਸਲ ਗੁਰਬਾਣੀ `ਚ ਅਜਿਹੇ ਧੰਦੇ ਦੇ ਉੱਤਮ ਰੂਪ ਨੂੰ ਹੀ ਉੱਦਮ ਕਿਹਾ ਹੈ। ਅਜਿਹਾ ਮਨੁੱਖ ਜੀਉਂਦੇ ਜੀਅ ਹੀ ਪ੍ਰਭੂ `ਚ ਅਭੇਦ ਹੋ ਜਾਂਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ, ਪ੍ਰਭੂ ਨਾਲ ਇੱਕਮਿਕ ਹੋ ਜਾਂਦਾ ਹੈ। ਅਜਿਹੇ ਮਨੁੱਖ ਨੂੰ ਗੁਰਬਾਣੀ `ਚ ਗੁਰਮੁਖ, ਸਚਿਆਰਾ ਆਦਿ ਵੀ ਕਿਹਾ ਹੈ।

ਮਨੁੱਖ ਦੇ ਧੰਦਿਆਂ ਦਾ ਦੂਜਾ ਰੂਪ ਹੈ ਜਦੋਂ ਮਨੁੱਖ ਇਹਨਾ ਧੰਦਿਆਂ ਕਾਰਨ ਹੀ ਮੋਹ ਮਾਇਆ, ਦੁਨੀਆਦਾਰੀ `ਚ ਹੀ ਨਹੀਂ ਬਲਕਿ ਬਹੁਤ ਵਾਰੀ ਤਾਂ ਵਿਕਾਰਾਂ-ਗੁਨਾਹਾਂ `ਚ ਡੁੱਬਾ ਰਹਿ ਕੇ ਵੀ ਜਨਮ ਬਿਰਥਾ ਕਰ ਲੈਂਦਾ ਹੈ। ਜਿਵੇਂ ਹਉਮੈ ਵਿਚਿ ਸਭੁ ਜਗੁ ਬਉਰਾਨਾ॥ ਦੂਜੈ ਭਾਇ ਭਰਮਿ ਭੁਲਾਨਾ॥ ਬਹੁ ਚਿੰਤਾ ਚਿਤਵੈ ਆਪੁ ਨ ਪਛਾਨਾ॥ ਧੰਧਾ ਕਰਤਿਆ ਅਨਦਿਨੁ ਵਿਹਾਨਾ (ਮ: ੩-੧੫੯) ਭਾਵ ਪ੍ਰਭੂ ਨੂੰ ਵਿਸਾਰ ਕੇ ਸੰਸਾਰ, ਹਉਮੈ ਕਾਰਨ ਹੀ ਪਾਗ਼ਲ ਹੋਇਆ ਰਹਿੰਦਾ ਹੈ। ਇਸੇ ਤੋਂ ਮਨੁੱਖ ਆਪਣੇ ਜੀਵਨ ਦੀ ਅਸਲੀਅਤ ਨੂੰ ਪਛਾਨਣ ਦੇ ਯੋਗ ਨਹੀਂ ਰਹਿੰਦਾ। ਉਸੇ ਦਾ ਨਤੀਜਾ, ਦਿਨ ਤੇ ਰਾਤ ਕਰਕੇ ਮਨੁੱਖ ਦਾ ਪੂਰਾ ਜੀਵਨ, ਇਹਨਾ ਧੰਦਿੇਆਂ `ਚ ਖੱਚਤ ਰਹਿ ਕੇ ਹੀ ਬਰਬਾਦ ਹੋ ਜਾਂਦਾ ਹੈ। ਅਜਿਹੇ ਮਨੁੱਖ ਨੂੰ ਹੀ ਗੁਰਬਾਣੀ `ਚ ਮਨਮੁੱਖ ਕਿਹਾ ਹੈ। ਮਨਮੁਖ ਦੇ ਸਾਰੇ ਧੰਦੇ ਦੂਜੀਆਂ ਜੂਨੀਆਂ ਵਾਂਗ ਧੰਦਾ ਤੇ ਆਹਰ ਹੀ ਰਹਿੰਦੇ ਹਨ, ਗੁਰਬਾਣੀ ਦੀ ਕਸਵੱਟੀ `ਤੇ ਉੱਦਮ ਨਹੀਂ ਅਖਵਾ ਸਕਦੇ।

ਮਨੁੱਖਾ ਜਨਮ ਦੇ ਧੰਦਿਆਂ ਦੇ ਦੋ ਰੁਖਾਂ ਨੂੰ ਸਪਸ਼ਟ ਕਰਣ ਲਈ ਕੁੱਝ ਹੋਰ ਗੁਰਬਾਣੀ ਫ਼ੁਰਮਾਨ ਇਸ ਤਰ੍ਹਾਂ ਹਨ(i) ਮੇਰੇ ਮਨ ਏਕਸ ਸਿਉ ਚਿਤੁ ਲਾਇ॥ ਏਕਸ ਬਿਨੁ ਸਭ ਧੰਧੁ ਹੈ, ਸਭ ਮਿਥਿਆ ਮੋਹੁ ਮਾਇ (ਪੰ: ੫-੪੪) () ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ (ਮ: ੫-੧੩੩) (i) ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ॥ ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ (ਪੰ: ੧੯) (iv) ਧੰਧਾ ਥਕਾ ਹਉ ਮੁਈ, ਮਮਤਾ ਮਾਇਆ ਕ੍ਰੋਧੁ॥ ਕਰਮਿ ਮਿਲੈ ਸਚੁ ਪਾਈਐ, ਗੁਰਮੁਖਿ ਸਦਾ ਨਿਰੋਧੁ (ਪੰ: ੧-੧੯)

ਮਨ ਤੂੰ ਜੋਤਿ ਸਰੂਪੁ ਹੈ - ਬਾਕੀ ਜੂਨਾਂ ਦੇ ਮੁਕਾਬਲੇ ਮਨੁਖਾ ਜਨਮ `ਚ ਮਨ ਵਾਲੀ ਦਾਤ ਵਾਧੂ ਹੁੰਦੀ ਹੈ, ਜਦਕਿ ਬਾਕੀ ਕਿਸੇ ਜੂਨ `ਚ ਇਹ ਦਾਤ ਨਹੀਂ ਮਿਲਦੀ। ਮਨ, ਆਪਣੇ ਆਪ `ਚ ਵਿਚਾਰਾਂ-ਸੰਸਕਾਰਾਂ ਦਾ ਸਮੂਹ ਹੁੰਦਾ ਹੈ। ਇਹ ਇਸ ਲਈ ਮਿਲਦਾ ਹੈ ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ (ਪੰ: ੪੪੧) ਇਸੇ ਤਰ੍ਹਾਂ ਤਨ ਮਹਿ ਮਨੂਆ, ਮਨ ਮਹਿ ਸਾਚਾ॥ ਸੋ ਸਾਚਾ ਮਿਲਿ, ਸਾਚੇ ਰਾਚਾ (ਪੰ: ੬੮੬) ਤਾ ਕਿ ਮਨੁੱਖ ਸਾਧਸੰਗਤ `ਚ ਆ ਕੇ ਤੇ ਗੁਰੂ-ਗੁਰਬਾਣੀ ਦੀ ਸਿਖਿਆ `ਤੇ ਚੱਲ ਕੇ ਆਪਣਾ ਜੀਵਨ ਸਫ਼ਲਾ ਕਰੇ।

ਇਸ ਦੇ ਉਲਟ, ਇਸੇ ਮਨ ਕਾਰਨ ਮਨੁੱਖ ਜਦੋਂ ਇਹੁ ਮਨੂਆ ਦਹ ਦਿਸਿ ਧਾਵਦਾ, ਦੂਜੈ ਭਾਇ ਖੁਆਇਆ॥ ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ, ਬਿਰਥਾ ਜਨਮੁ ਗਵਾਇਆ (ਪੰ: ੫੯੯) ਭਾਵ ਮਨਮਤੀਆਂ ਬਣ ਕੇ ਜੀਵਨ ਅੰਦਰ ਹੂੜਮੱਤਾਂ, ਆਪਹੁਦਰਾਪਣ, ਦੁਰਮੱਤਾਂ, ਵਿਕਾਰਾਂ ਆਦਿ ਨੂੰ ਜਨਮ ਦੇ ਦਿੰਦਾ ਹੈ ਤਾਂ ਪ੍ਰਾਪਤ ਜਨਮ ਨੂੰ ਵੀ ਗੰਦਾ ਤੇ ਬਿਰਥਾ ਕਰ ਲੈਂਦਾ ਹੈ। ਇਸ ਨੂੰ ਮੁੜ ਜੂਨਾਂ ਦੇ ਗੇੜ੍ਹ `ਚ ਧੱਕੇ ਖਾਣੇ ਪੈਂਦੇ ਹਨ। ਗੁਰਬਾਣੀ `ਚ ਇਹੀ ਹੈ ਮਨਮੁਖ ਤੇ ਗੁਰਮੁਖ ਵਾਲੀ ਵੰਡ ਜੋ ਸਮੁਚੇ ਮਨੁੱਖ ਮਾਤ੍ਰ `ਤੇ ਇਕੋ ਜਿਹੀ ਲਾਗੂ ਹੁੰਦੀ ਹੈ। ਮਨਮੁਖ ਦਾ ਜੀਵਨ ਧੰਦਿਆਂ `ਚ ਹੀ ਖੁਆਰ ਹੁੰਦਾ ਹੈ ਜਦਕਿ ਗੁਰਮੁਖ ਦਾ ਧੰਦਾ ਹੀ ਉੱਦਮ ਬਣ ਕੇ, ਪ੍ਰਭੂ ਮਿਲਾਪ ਦਾ ਸਾਧਨ ਬਣ ਜਾਂਦਾ ਹੈ।

ਗੁਰਮੁਖ ਦਾ ਧੰਦਾ, ਉੱਦਮ ਕਿਵੇਂ ਬਣਦਾ ਹੈ? ਗੁਰਦੇਵ ਫ਼ੁਰਮਾਉਂਦੇ ਹਨ, ਸਾਧ ਸੰਗਤ `ਚ ਆ ਕੇ ਜਿਸ `ਚੋਂ ਹਉਮੈ ਦਾ ਨਿਵਾਰਣ ਹੋ ਜਾਂਦਾ ਹੈ। ਉਸ ਨੂੰ ਸੋਝੀ ਹੋ ਜਾਂਦੀ ਹੈ ਉਦਮੁ ਸੋਈ ਕਰਾਇ ਪ੍ਰਭ, ਮਿਲਿ ਸਾਧੂ ਗੁਣ ਗਾਉ (ਮ: ੫. ਪ: ੧੩੭) ਉਸ ਦਾ ਜੀਵਨ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ, ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ…” ਉਸੇ ਦਾ ਨਤੀਜਾ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ (ਪੰ: ੩੦੬) ਭਾਵ ਉਸ ਦੇ ਜੀਵਨ `ਚ ਸਦਗੁਣਾ ਦਾ ਵਾਸਾ ਤੇ ਅਵਗੁਣਾ ਦਾ ਨਾਸ ਹੁੰਦਾ ਜਾਂਦਾ ਹੈ, ਜਿਸ ਤੋਂ ਉਸ ਦਾ ਜੀਵਨ ਹੀ ਬਦਲ ਜਾਂਦਾ ਹੈ।

ਇਕੁ ਰਥੁ ਇਕੁ ਰਥਵਾਹੁ - ਇਸ ਤਰ੍ਹਾਂ ਮਨੁੱਖਾ ਸਰੀਰ `ਚ ਮਨ ਹੀ ਹੈ ਜੋ ਮਨੁੱਖਾ ਸਰੀਰ ਨੂੰ ਦੋ ਭਾਗਾਂ `ਚ ਵੰਡਦਾ ਹੈ। ਫ਼ੁਰਮਾਨ ਹੈ ਨਾਨਕ ਮੇਰੁ ਸਰੀਰ ਕਾ, ਇਕੁ ਰਥੁ ਇਕੁ ਰਥਵਾਹੁ (ਪੰ: ੪੭੦)। ਭਾਵ ਮਨੁਖਾ ਸਰੀਰ ਦੇ ਮੂਲ ਰੂਪ `ਚ ਦੋ ਭਾਗ ਹਨ ਇੱਕ ਸਰੀਰ ਤੇ ਦੂਜਾ ਇਸ ਨੂੰ ਜੋ ਹਾਂਕਦਾ ਹੈ, ਉਹ ਹੁੰਦਾ ਹੈ ਇਸ ਦਾ ਮਨ। ਇਸ ਲਈ ਜਿਸ ਤਰ੍ਹਾਂ ਦੀ ਕਿਸੇ ਦੇ ਮਨ ਦੀ ਤਿਆਰੀ ਹੁੰਦੀ ਹੈ, ਉਸੇ ਤਰ੍ਹਾਂ ਹੀ ਮਨੁੱਖ ਦਾ ਜੀਵਨ ਉਘੜਦਾ ਹੈ। ਉਪ੍ਰੰਤ ਇਸ ਮਨ ਦੇ ਦੋ ਵਿਰੋਧੀ ਬਣਦੇ ਹਨ। ਜੇਕਰ ਮਨ ਦੀ ਤਿਆਰੀ ਸਾਧਸੰਗਤ `ਚ ਆ ਕੇ ਗੁਰੂ-ਗੁਰਬਾਣੀ ਨਾਲ ਹੁੰਦੀ ਹੈ ਤਾਂ ਜੀਵਨ ਸਫ਼ਲ ਹੋ ਜਾਂਦਾ ਹੈ। ਇਸ ਦੇ ਉਲਟ, ਜੇ ਮਨ ਕੁਰਾਹੇ ਪੈ ਜਾਂਦਾ ਹੈ ਤਾਂ ਜੀਵਨ `ਚ ਹਉਮੈ, ਵਿਕਾਰ, ਅਉਗੁਣ ਆਪਣੀ ਜਗ੍ਹਾ ਬਣਾ ਲੈਂਦੇ ਹਨ। ਇਸ ਤਰ੍ਹਾਂ ਜਨਮ ਬਰਬਾਦ ਹੋ ਜਾਂਦਾ ਹੈ।

ਮਨ ਦੀ ਇਸੇ ਕੁਵਰਤੋਂ ਜਾਂ ਸੁਵਰਤੋਂ ਤੋਂ ਹੀ ਮਨੁੱਖ ਦੇ ਜੀਵਨ ਅੰਦਰ ਰਿਜ਼ਕ ਤੇ ਧੰਦਾ ਵੀ ਦੋ ਵਿਰੋਧੀ ਰੁਖ ਲੈ ਲੈਂਦੇ ਹਨ। ਉਪ੍ਰੰਤ, ਗੁਰਬਾਣੀ `ਚ ਮਨੁੱਖ ਦੇ ਧੰਦੇ ਨੂੰ ਉਦੋਂ ਹੀ ਉੱਦਮ ਕਿਹਾ ਹੈ ਜਦੋਂ ਮਨੁੱਖ ਗੁਰਬਾਣੀ ਸਿਖਿਆ `ਤੇ ਚੱਲ ਕੇ ਜੀਵਨ ਦੀ ਸਫ਼ਲਤਾ ਵਾਲੇ ਪਾਸੇ ਟੁਰਦਾ ਹੈ। ਨਹੀਂ ਤਾਂ ਉਦੋਂ ਤੱਕ ਦੂਜੀਆਂ ਜੂਨਾਂ ਵਾਂਗ ਮਨੁੱਖ ਵੀ ਧੰਦਾ ਹੀ ਕਰਦਾ ਹੈ, ਉੱਦਮ ਨਹੀਂ ਕਰਦਾ।

ਤਰਵਰੁ ਕਾਇਆ ਪੰਖਿ ਮਨ- ਮਨੁੱਖਾ ਜੀਵਨ ਦੇ ਇਹਨਾ ਦੋ ਵਿਰੋਧੀ ਰਸਤਿਆਂ ਨੂੰ ਇਸ ਤਰ੍ਹਾਂ ਵੀ ਪਛਾਣਿਆ ਜਾ ਸਕਦਾ ਹੈ। ਫ਼ੁਰਮਾਨ ਹੈ ਤਰਵਰੁ ਕਾਇਆ ਪੰਖਿ ਮਨੁ, ਤਰਵਰਿ ਪੰਖੀ ਪੰਚ॥ ਤਤੁ ਚੁਗਹਿ ਮਿਲਿ ਏਕਸੇ, ਤਿਨ ਕਉ ਫਾਸ ਨ ਰੰਚ॥ ਉਡਹਿ ਤ ਬੇਗੁਲ ਬੇਗੁਲੇ, ਤਾਕਹਿ ਚੋਗ ਘਣੀ॥ ਪੰਖ ਤੁਟੇ ਫਾਹੀ ਪੜੀ, ਅਵਗੁਣਿ ਭੀੜ ਬਣੀ (ਪੰ: ੯੩੪) ਅਰਥ ਹਨ, ਜੇ ਮੰਨ ਲਿਆ ਜਾਵੇ ਕਿ ਮਨੁੱਖਾ ਸਰੀਰ ਇੱਕ ਪੇੜ ਹੈ। ਉਪ੍ਰੰਤ, ਇਸ ਸਰੀਰ ਰੂਪੀ ਪੇੜ ਅੰਦਰ ਇੱਕ ਪੰਛੀ ਦਾ ਵਾਸਾ ਹੈ ਜਿਸ ਦਾ ਨਾਮ ਹੈ ਮਨ ਫ਼ਿਰ ਇਸੇ ਸਰੀਰ ਰੂਪੀ ਪੇੜ੍ਹ ਅੰਦਰ ਪੰਜ ਪੰਛੀ ਹੋਰ ਵਸਦੇ ਹਨ ਤੇ ਇਹ ਹਨ ਪੰਜ ਗਿਆਨ ਇੰਦਰੇ। ਜਦਕਿ ਇਹ ਪੰਜੇ ਪੰਛੀ (ਗਿਆਨ ਇੰਦਰੇ) ਮਨ ਰੂਪੀ ਪੰਛੀ ਅਧੀਨ ਹੋ ਕੇ ਇਕੱਠੇ ਤੇ ਇਕੋ ਪਾਸੇ ਹੀ ਉਡਦੇ ਹਨ, ਵੱਖ ਵੱਖ ਹੋ ਕੇ ਤੇ ਭਿੰਨ ਭਿੰਨ ਦਿਸ਼ਾਵਾਂ ਨੂੰ ਨਹੀਂ ਚਲਦੇ।

ਇਸ ਤਰ੍ਹਾਂ ਜੇ ਮਨ ਦੇ ਅਧੀਨ ਪੰਜੇ ਗਿਆਨ ਇੰਦਰੇ, ਜੀਵਨ ਦੇ ਸੱਚ ਭਾਵ ਅਕਾਲਪੁਰਖ ਨਾਲ ਜੁੜ ਕੇ ਚਲਦੇ ਹਨ ਤਾਂ ਜੀਵਨ `ਤੇ ਵਿਕਾਰ ਭਾਰੁ ਨਹੀਂ ਹੋ ਸਕਦੇ, ਜੀਵਨ ਸਫ਼ਲ ਹੋ ਜਾਂਦਾ ਹੈ। ਇਸ ਦੇ ਉਲਟ ਜੇ ਇਹੀ ਗਿਆਨ ਇੰਦਰੇ ਅਸੀਮਤ ਤ੍ਰਿਸ਼ਨਾ ਦਾ ਸ਼ਿਕਾਰ ਹੋ ਜਾਣ ਤਾਂ ਜੀਵਨ ਨੂੰ ਵਿਕਾਰਾਂ ਦੀ ਭਠੀ ਬਣਾ ਦਿੰਦੇ ਹਨ। ਮਨੁੱਖ ਦਾ ਪੂਰਾ ਜੀਵਨ ਮੁੱਕ ਜਾਂਦਾ ਹੈ ਪਰ ਉਸ ਦੀ ਤ੍ਰਿਸ਼ਨਾ ਵਾਲੀ ਅੱਗ ਸ਼ਾਂਤ ਨਹੀਂ ਹੁੰਦੀ। ਮਨੁੱਖ ਜੀਵਨ ਭਰ ਆਸ਼ਾ, ਤ੍ਰਿਸ਼ਨਾ, ਭਟਕਣਾ, ਵਿਕਾਰਾਂ `ਚ ਹੀ ਸੜਦਾ ਹੈ। ਉਪ੍ਰੰਤ ਸਰੀਰ ਤਿਆਗਣ ਬਾਅਦ ਵੀ ਜੂਨਾਂ ਤੇ ਜਨਮਾਂ ਦੇ ਗੇੜ੍ਹ `ਚ ਹੀ ਪੈਂਦਾ ਹੈ।

ਗੁਰਮਤਿ ਅਨੁਸਾਰ ਉੱਦਮ? -ਹੁਣ ਤੱਕ ਦੇ ਵੇਰਵੇ ਤੋਂ ਸਪਸ਼ਟ ਹੈ ਕਿ ਗੁਰਮੁਖ ਦੇ ਜੀਵਨ `ਚ ਹੋ ਰਹੇ ਧੰਦੇ ਨੂੰ ਹੀ ਗੁਰਬਾਣੀ `ਚ ਉੱਦਮ ਕਿਹਾ ਹੈ। ਜਦਕਿ ਇਸ ਦੇ ਉਲਟ ਮਨਮੁਖ ਤੇ ਦੂਜੀਆਂ ਜੂਨਾਂ ਦੇ ਸਾਰੇ ਧੰਦੇ, ਧੰਦੇ ਜਾਂ ਆਹਰ ਹੀ ਅਖਵਾਉਂਦੇ ਹਨ। ਗੁਰਮਤਿ ਅਨੁਸਾਰ ਉਹ ਧੰਦੇ, ਉੱਦਮ ਦੀ ਪ੍ਰੀਭਾਸ਼ਾ `ਚ ਨਹੀਂ ਆਉਂਦੇ। ਇਸ ਲਈ ਗੁਰਮਤਿ ਅਨੁਸਾਰ ਉੱਦਮ ਕੀ ਹੈ ਇਸ ਦੀ ਪ੍ਰੌੜਤਾ `ਚ ਕੁੱਝ ਗੁਰਬਾਣੀ ਪ੍ਰਮਾਣ (i) ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ॥ ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ, ਦੂਖੁ ਦਰਦੁ ਭ੍ਰਮੁ ਜਾਇ (ਮ. ੫-ਪੰ੪੫੬) () ਉਦਮੁ ਕਰਿ ਹਰਿ ਜਾਪਣਾ, ਵਡਭਾਗੀ ਧਨੁ ਖਾਟਿ॥ ਸੰਤਸੰਗਿ ਹਰਿ ਸਿਮਰਣਾ, ਮਲੁ ਜਨਮ ਜਨਮ ਕੀ ਕਾਟਿ (ਮ. ੫-੪੮) (i) ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ॥ ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ (ਮ. ੫-੬੪੮)

ਇਸ ਤਰ੍ਹਾਂ ਸਬੰਧਤ ਸਲੋਕ ਦੇ ਮੂਲ ਲਫ਼ਜ਼ ਉਦਮੁ ਕਰੇਦਿਆ ਦੇ ਗੁਰਬਾਣੀ ਅਨੁਸਾਰ ਅਰਥ ਸਾਧਾਰਣ, ਮਨਮਰਜ਼ੀ ਦੇ ਜਾਂ ਅਦਲ-ਬਦਲ ਹੋਣ ਵਾਲੇ ਅਰਥ ਨਹੀਂ ਹੋ ਸਕਦੇ, ਬਲਕਿ ਇਸ ਦੇ ਅਰਥ ਵਿਸ਼ੇਸ਼ ਹਨ। ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਸਲੋਕ ਵਿਚਲੇ ਬਾਕੀ ਲਫ਼ਜ਼ਾਂ ਕਮਾਵਦਿਆ ਸੁਖ ਭੁੰਚੁ ਧਿਆਇਦਿਆ ਤੂੰ ਪ੍ਰਭੂ ਮਿਲੁ ਤੇ, ਨਾਨਕ ਉਤਰੀ ਚਿੰਤੁ ਦੇ ਅਰਥ ਵੀ ਉਹੀ ਹੋਣਗੇ ਜੋ ਗੁਰਬਾਣੀ ਕਸਵੱਟੀ `ਤੇ ਪੂਰੇ ਉਤਰਦੇ ਹੋਣ।

ਕਮਾਵਦਿਆ ਸੁਖ ਭੁੰਚੁ - ਇਸ ਤਰ੍ਹਾਂ ਜਦੋਂ ਸਲੋਕ ਦਾ ਵਿਸ਼ਾ ਹੀ ਉਦਮੁ ਕਰੇਦਿਆ ਹੈ ਅਤੇ ਇਸ ਦੇ ਨਾਲ ਇਹ ਵੀ ਸਪਸ਼ਟ ਹੋ ਗਿਆ ਕਿ ਗੁਰਬਾਣੀ ਅਨੁਸਾਰ ਉਦੱਮ ਦੇ ਅਰਥ ਵੀ ਧੰਦਾ ਜਾਂ ਸਾਧਾਰਣ ਆਹਰ ਨਹੀਂ ਬਲਕਿ ਵਿਸ਼ੇਸ਼ ਹਨ। ਤਾ ਉਸੇ ਆਧਾਰ `ਤੇ ਇਹ ਵੀ ਸਮਝਣਾ ਹੈ ਕਿ ਇਥੇ ਕਮਾਵਦਿਆ ਦਾ ਅਰਥ ਵੀ ਸੰਸਾਰਿਕ ਧੰਨ ਪਦਾਰਥਾਂ ਜਾਂ ਰੁਤਬਿਆਂ ਦੀ ਕਮਾਈ ਤੱਕ ਸੀਮਿਤ ਨਹੀਂ। ਉਹ ਕਮਾਈਆਂ ਨਹੀਂ ਜਿਸ ਦੇ ਲਈ ਗੁਰਦੇਵ ਫ਼ੁਰਮਾਅ ਰਹੇ ਹਨ ਸਹਸ ਖਟੇ ਲਖ ਕਉ ਉਠਿ ਧਾਵੈ॥ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ॥ ਅਨਿਕ ਭੋਗ ਬਿਖਿਆ ਕੇ ਕਰੈ॥ ਨਹ ਤ੍ਰਿਪਤਾਵੈ ਖਪਿ ਖਪਿ ਮਰੈ (ਪੰ: ੨੭੯) ਜਾਂ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ (ਬਾਣੀ ਜਪੁ)।

ਬਲਕਿ ਇਥੇ ਕੇਵਲ ਉਸ ਕਮਾਈ ਹੀ ਦੀ ਗੱਲ ਹੋ ਰਹੀ ਜਿਸ ਲਈ ਗੁਰਬਾਣੀ ਸੇਧ ਦੇ ਰਹੀ ਹੈ ਮਨੁ ਹਾਲੀ ਕਿਰਸਾਣੀ ਕਰਣੀ, ਸਰਮੁ ਪਾਣੀ ਤਨੁ ਖੇਤ॥ ਨਾਮੁ ਬੀਜੁ ਸੰਤੋਖੁ ਸੁਹਾਗਾ, ਰਖੁ ਗਰੀਬੀ ਵੇਸੁ (ਪੰ: ੫੯੫) ਤੇ ਜਾ ਕਉ ਆਏ ਸੋਈ ਬਿਹਾਝਹੁ, ਹਰਿ ਗੁਰ ਤੇ ਮਨਹਿ ਬਸੇਰਾ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ, ਬਹੁਰਿ ਨ ਹੋਇਗੋ ਫੇਰਾ (ਪੰ: ੧੩) ਬਲਕਿ ਵਣਜੁ ਕਰਹੁ ਵਣਜਾਰਿਹੋ, ਵਖਰੁ ਲੇਹੁ ਸਮਾਲਿ॥ ਤੈਸੀ ਵਸਤੁ ਵਿਸਾਹੀਐ, ਜੈਸੀ ਨਿਬਹੈ ਨਾਲਿ॥ ਅਗੈ ਸਾਹੁ ਸੁਜਾਣੁ ਹੈ, ਲੈਸੀ ਵਸਤੁ ਸਮਾਲਿ॥ ੧ ॥ ਭਾਈ ਰੇ! ਰਾਮੁ ਕਹਹੁ ਚਿਤੁ ਲਾਇ॥ ਹਰਿ ਜਸੁ ਵਖਰੁ ਲੈ ਚਲਹੁ, ਸਹੁ ਦੇਖੈ ਪਤੀਆਇ (ਪੰ: ੨੨) ਭਾਵ ਵਣਜ ਵਾਲੀ ਸ਼ਬਦਾਵਲੀ ਵਰਤ ਕੇ ਵੀ ਇਸ ਕਮਾਈ ਦੀ ਗੱਲ ਹੀ ਕੀਤੀ ਹੈ।

ਇਸੇ ਤਰ੍ਹਾਂ ਸੁਖ ਭੁੰਚੁ `ਚ ਵੀ ਉਸੇ ਉਦਮ ਤੇ ਕਮਾਈ ਦੇ ਆਧਾਰ `ਤੇ ਕਿਸੇ ਆਤਮਕ ਸੁੱਖ ਦੀ ਗੱਲ ਹੋ ਰਹੀ ਹੈ। ਇਥੇ ਕਿਸੇ ਸੰਸਾਰਕ ਸੁੱਖ ਦੀ ਗੱਲ ਨਹੀਂ ਹੋ ਰਹੀ। ਬਲਕਿ ਇਥੇ ਉਸ ਆਤਮਕ ਸੁਖ ਦੀ ਗੱਲ ਹੋ ਰਹੀ ਹੈ ਜਿਸ ਸੁਖ ਨੂੰ ਸਰਹੰਦ ਦੀਆਂ ਦਿਵਾਰਾਂ ਨਾ ਡੋਲਾ ਸਕੀਆਂ, ਜਿਸ ਸੁਖ ਨੂੰ ਆਰੇ ਤੇ ਚਲਖੜੀਆਂ ਦੇ ਦੰਦੇ, ਰੰਬੀਆਂ, ਗਰਮ ਜਮੂਰ, ਬੰਦ ਬੰਦ ਦਾ ਕੱਟਿਆ ਜਾਣਾ, ਮੀਰ ਮਨੂੰ ਦੀ ਕਚਿਹਰੀ ਵੀ ਡੋਲਾਣ `ਚ ਅਸਮਰਥ ਰਹੀ। ਇਹ ਸੁਖ, ਉਹ ਹੈ ਜਿਸ ਬਾਰੇ ਫ਼ੁਰਮਾਨ ਹਨ ਸਰਬ ਸੁਖਾ, ਸੁਖੁ ਸਾਚਾ ਏਹੁ॥ ਗੁਰ ਉਪਦੇਸੁ ਮਨੈ ਮਹਿ ਲੇਹੁ (ਪੰ: ੧੭੮) ਅਤੇ ਗੁਰ ਸੇਵਾ ਤੇ ਸੁਖੁ ਊਪਜੈ, ਫਿਰਿ ਦੁਖੁ ਨ ਲਗੈ ਆਇ॥ ਜੰਮਣੁ ਮਰਣਾ ਮਿਟਿ ਗਇਆ, ਕਾਲੈ ਕਾ ਕਿਛੁ ਨ ਬਸਾਇ (ਪੰ: ੬੫੧)।

ਧਿਆਇਦਿਆ ਤੂੰ ਪ੍ਰਭੂ ਮਿਲ - ਦੇਖਣਾ ਹੈ ਕਿ ਇਥੇ ਧਿਆਇਦਿਆ ਤੂੰ ਪ੍ਰਭੂ ਮਿਲ `ਚ ਤਾਂ ਗੁਰਦੇਵ ਨੇ ਬਿਲਕੁਲ ਹੀ ਸਾਫ਼ ਕਰ ਦਿੱਤਾ ਹੈ। ਭਾਵ ਅਜਿਹਾ ਧਿਆਨ ਲਗਾਉਣਾ ਹੈ, ਅਜਿਹੀ ਆਤਮਕ ਅਵਸਥਾ ਤਿਆਰ ਕਰਣੀ ਹੈ ਜੋ ਨਿਰੋਲ ਪ੍ਰਭੂ ਮਿਲਾਵੀ ਹੀ ਹੋਵੇ। ਅਜਿਹੀ ਅਵਸਥਾ ਅਤੇ ਧਿਆਨ ਟਿਕਾਉਣ ਲਈ ਹੀ ਗੁਰਬਾਣੀ `ਚ ਬੇਅੰਤ ਫ਼ੁਰਮਾਨ ਹਨ ਜਿਵੇਂ ਦਮਿ ਦਮਿ ਸਦਾ ਸਮਾਲਦਾ, ਦੰਮੁ ਨ ਬਿਰਥਾ ਜਾਇ (ਪੰ: ੫੫੬) ਜਾਂ ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ, ਤਾ ਕਾ ਹਿਰਦੈ, ਧਰਿ ਮਨ ਧਿਆਨੁ (ਪੰ: ੮੨੯) ਹੋਰ ਜਹ ਜਹ ਦੇਖਉ ਤਹ ਤਹ ਰਾਮਾ॥ ਹਰਿ ਕੇ ਚਰਨ ਨਿਤ ਧਿਆਵੈ ਨਾਮਾ (ਪੰ: ੮੭੯) ਤਾਂ ਫ਼ਿਰ ਚਰਨ ਧਿਆਉਣੇ ਕੀ ਹਨ? ਉਹ ਚਰਨ ਹਨ ਨਾਮਾ ਕਹੈ ਤਿਲੋਚਨਾ, ਮੁਖ ਤੇ ਰਾਮੁ ਸੰਮਾੑਲਿ॥ ਹਾਥ ਪਾਉ ਕਰਿ ਕਾਮੁ ਸਭੁ, ਚੀਤੁ ਨਿਰੰਜਨੁ ਨਾਲਿ (ਪੰ: ੧੩੭੫) ਅਤੇ ਊਠਤ ਬੈਠਤ ਸੋਵਤ ਜਾਗਤ, ਇਹੁ ਮਨੁ ਤੁਝਹਿ ਚਿਤਾਰੈ (ਪੰ: ੮੨੦) ਆਦਿ।

ਚਿੰਤਾ ਕੀ ਹੈ? ਤੇ ਚਿੰਤਾ ਦੀ ਬੁਨਿਆਦ ਕਿਥੇ ਹੈ? - ਸਲੋਕ `ਚ ਫ਼ੈਸਲਾ ਹੈ ਕਿ ਇਸ ਤਰ੍ਹਾਂ ਗੁਰੂ ਦੀ ਸਿਖਿਆ ਅਨੁਸਾਰ ਜੀਵਨ ਦਾ ਉੱਦਮ ਮਨੁੱਖ ਨੂੰ ਉਤਰੀ ਚਿੰਤ ਵਾਲੀ ਅਵਸਥਾ `ਚ ਲੈ ਆਉਂਦਾ ਹੈਤਾਂ ਤੇ ਇਹ ਦੇਖਣ ਦੀ ਵੀ ਲੋੜ ਹੈ ਕਿ ਆਖਿਰ, ਚਿੰਤਾ ਹੈ ਕੀ? ਦਰਅਸਲ ਇਹ ਚਿੰਤਾ ਹੀ ਹੈ ਜੋ ਮਨੁੱਖਾ ਜੀਵਨ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਇਸੇ ਚਿੰਤਾ ਰੋਗ ਤੋਂ ਹੀ ਮਨੁੱਖ ਨੂੰ ਮਾਨਸਿਕ ਤਨਾਵ (Mental tentions), ਦਿਲ ਦੇ ਰੋਗ (heart Troubles), ਰਕਤ-ਚਾਪ (Blood pressure), ਜੋੜਾਂ ਦੇ ਦਰਦ, ਆਤਮਹੀਣਤਾ (Depression) ਖੂਨ ਦੀ ਕਮੀ (Animia-Homeoclobin) ਆਦਿ ਲਗਭਗ ੯੯% ਸਰੀਰਕ ਤੇ ਮਾਨਸਿਕ ਰੋਗ, ਪ੍ਰਭੂ ਵੱਲੋਂ ਨਹੀਂ ਬਲਕਿ ਚਿੰਤਾ ਤੋਂ ਹੀ ਪੈਦਾ ਹੁੰਦੇ ਹਨ। ਇਸ ਲਈ ਇਹ ਦੇਖਣਾ ਹੋਰ ਵੀ ਜ਼ਰੂਰੀ ਹੈ ਕਿ ਗੁਰਬਾਣੀ ਅਨੁਸਾਰ ਚਿੰਤਾ ਦੀ ਬੁਨਿਆਦ ਕਿੱਥੇ ਹੈ ਤੇ ਇਸ ਦਾ ਨਿਵਾਰਣ ਕਿਵੇਂ ਹੋਣਾ ਹੈ? ਦਰਅਸਲ ਗੁਰਬਾਣੀ `ਚ ਇੱਕ-ਦੋ ਵਾਰੀ ਨਹੀਂ, ਬੇਅੰਤ ਵਾਰ ਦ੍ਰਿੜ ਕਰਵਾਇਆ ਹੈ ਕਿ ਮਨੁੱਖ ਦੇ ਜੀਵਨ `ਚ ਚਿੰਤਾ ਅਕਾਲਪੁਰਖ ਨੇ ਨਹੀਂ ਪਾਈ ਬਲਕਿ ਕਰਤੇ ਦੀ ਸੋਝੀ ਬਾਰੇ ਅਗਿਆਨਤਾ ਦੀ ਹੀ ਉਪਜ ਹੈ।

ਕਾਹੇ ਰੇ ਮਨ ਚਿਤਵਹਿ ਉਦਮੁ - ਕਰਤੇ ਨੇ ਅਰਬਾਂ-ਖਰਬਾਂ ਜੂਨੀਆਂ ਘੜੀਆਂ ਹਨ ਪਰ ਚਿੰਤਾ ਵਾਲਾ ਮਸਲਾ ਕੇਵਲ ਮਨੁੱਖ ਨੂੰ ਛੱਡ ਕੇ ਕਿਸੇ ਵੀ ਜੂਨ `ਤੇ ਲਾਗੂ ਨਹੀਂ ਹੁੰਦਾ। ਬੇਸ਼ੱਕ ਮਨੁੱਖਾ ਜੀਵਨ `ਚ ਚਿੰਤਾ ਰੋਗ ਦੇ ਕੁੱਝ ਹੋਰ ਕਾਰਨ ਵੀ ਹਨ ਪਰ ਮਨੁੱਖਾ ਜੂਨ `ਚ ਇਸ ਦਾ ਮੁੱਖ ਕਾਰਨ ਰੋਟੀ-ਰੋਜ਼ੀ ਦਾ ਮਸਲਾ ਹੀ ਹੁੰਦਾ ਹੈ ਜਿਸ ਦਾ ਮੁੱਖ ਕਾਰਣ ਮਨੁੱਖ ਅੰਦਰ ਗੁਰਬਾਣੀ ਸੋਝੀ ਦਾ ਨਾ ਹੋਣਾ ਹੈ। ਗੁਰਦੇਵ ਨੇ ਉਚੇਚੇ ਰੋਟੀ-ਰੋਜ਼ੀ ਦੇ ਮਸਲੇ ਨੂੰ ਆਧਾਰ ਬਣਾ ਕੇ ਹੀ ਗੁਰਬਾਣੀ `ਚ ਅਨੇਕਾਂ ਵਾਰ ਸਪਸ਼ਟ ਕੀਤਾ ਹੈ ਜੇਕਰ ਮਨੁੱਖ ਆਪਣੇ ਧੰਦਿਆਂ ਤੇ ਆਹਰਾਂ ਨੂੰ ਉੱਦਮ `ਚ ਬਦਲ ਦੇਵੇ ਤਾਂ ਸਮਝ ਆ ਜਾਵੇਗੀ ਕਿ ਮਨੁੱਖ ਦੇ ਜੀਵਨ ਦਾ ਮਕਸਦ ਹੀ ਉੱਦਮ ਹੈ, ਨਾ ਕਿ ਚਿੰਤਾ।

ਫ਼ੁਰਮਾਨ ਹੈ ਆਹਰ ਸਭਿ ਕਰਦਾ ਫਿਰੈ, ਆਹਰੁ ਇਕੁ ਨ ਹੋਇ॥ ਨਾਨਕ ਜਿਤੁ ਆਹਰਿ ਜਗੁ ਉਧਰੈ, ਵਿਰਲਾ ਬੂਝੈ ਕੋਇ (ਮ. ੫-੯੬੫)। ਤਾਂ ਫ਼ਿਰ ਮਨੁੱਖ ਲਈ ਉਹ ਕਿਹੜਾ ਆਹਰ ਸੀ ਜਿਸ ਤੋਂ ਕੇਵਲ ਕਿਸੇ ਇੱਕ ਮਨੁੱਖ ਦਾ ਨਹੀਂ ਬਲਕਿ ਸੰਸਾਰ ਭਰ ਦਾ ਉਧਾਰ ਹੋ ਸਕਦਾ ਸੀ? ਉਹ ਆਹਰ ਉਹੀ ਹੈ ਜਿਸ ਨੂੰ ਪਾਤਸ਼ਾਹ ਨੇ ਉਦੱਮ ਕਿਹਾ ਹੈ। ਚਿੰਤਾ ਤੇ ਇਸ ਦੀ ਜੜ੍ਹ ਰੋਟੀ-ਰੋਜ਼ੀ ਦਾ ਮਸਲਾ ਭਾਵ ਰਿਜ਼ਕ ਬਾਰੇ ਤਾਂ ਗੁਰਦੇਵ ਨੇ ਅਨੇਕਾਂ ਵਾਰੀ ਪੱਕਾ ਕੀਤਾ ਹੈ ਕਿ ਚਿੰਤਾ, ਮਨੁੱਖ! ਦਾ ਵਿਸ਼ਾ ਹੈ ਹੀ ਨਹੀਂ ਜਿਵੇਂ ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ . ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ (ਪੰ: ੯੫੫) ਬਲਕਿ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ॥ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ॥ ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ॥ ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ॥ ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ॥ ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ॥ ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ . (ਪੰ: ੪੬੭)

ਇਸੇ ਤਰ੍ਹਾਂ ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥ ੨ ॥ ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ . (ਪੰ: ੧੦) ਗੁਰਦੇਵ ਇਥੇ ਵੀ ਚੇਤਾਅ ਰਹੇ ਹਨ ਮਨੁੱਖ! ਤੂੰ ਚਿੰਤਾ ਵਾਲਾ ਉੱਦਮ ਕਿਉਂ ਕਰਦਾ ਹੈ? ਤੇਰਾ ਕੰਮ ਕੇਵਲ ਉੱਦਮ ਕਰਣਾ ਹੈ ਨਾ ਕਿ ਚਿੰਤਾ ਤੇ ਅੱਗੇ ਮਿਸਾਲਾਂ ਦਿੱਤੀਆਂ ਹਨ ਕਿ ਪ੍ਰਭੂ ਕਿਵੇਂ ਜੀਵਾਂ ਨੂੰ ਹਰੇਕ ਜਗ੍ਹਾ `ਤੇ ਰਿਜ਼ਕ ਆਪ ਪਹੁੰਚਾਉਦਾ ਹੈ। ਇਸ ਲਈ ਤੇਰਾ ਕੰਮ ਵੀ ਇਸ ਦੇ ਲਈ ਕੇਵਲ ਉੱਦਮ ਕਰਣਾ ਹੈ, ਚਿੰਤਾ ਨਹੀਂ।

ਪ੍ਰਥਮੇ ਰਿਜਕੁ ਸਮਾਹਾ -ਬਲਕਿ ਮਨੁੱਖ ਦੀ ਚਿੰਤਾ ਦੀ ਜੜ੍ਹ ਰਿਜ਼ਕ ਬਾਰੇ ਤਾਂ ਗੁਰਦੇਵ ਨੇ ਇਥੋਂ ਤੱਕ ਦ੍ਰਿੜ ਕੀਤਾ ਹੈ ਜੀਅ ਜੰਤ ਸਭਿ ਪਾਛੈ ਕਰਿਆ, ਪ੍ਰਥਮੇ ਰਿਜਕੁ ਸਮਾਹਾ (ਪੰ: ੧੨੩੫) ਅਤੇ ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ (ਪੰ: ੧੩੦)। ਇਸ ਦੇ ਬਾਵਜੂਦ ਜੇਕਰ ਮਨੁੱਖ ਚਿੰਤਾਵਾਂ `ਚ ਹੀ ਪਿਆ ਰਹਿੰਦਾ ਹੈ। ਗੁਰੂ-ਗੁਰਬਾਣੀ ਦੇ ਚਰਨਾਂ `ਚ ਆ ਕੇ ਆਪਣੇ ਧੰਦਿਆਂ-ਆਹਰਾਂ ਨੂੰ ਉੱਦਮ `ਚ ਨਹੀਂ ਬਦਲਦਾ ਤਾਂ ਇਸ ਦੇ ਲਈ ਦੋਸ਼ੀ ਕੌਣ?

ਉਦਮੁ ਕਰੇਦਿਆ . ਉਤਰੀ ਚਿੰਤ - ਤਾਂ ਤੇ ਦੇਖਣਾ ਕਿ ਸਬੰਧਿਤ ਸਲੋਕ `ਚ ਗੁਰਦੇਵ ਸਪਸ਼ਟ ਕਰ ਰਹੇ ਹਨ, ਭਾਈ! ਜੇ ਤੂੰ ਆਪਣੇ ਧੰਦੇ ਨੂੰ ਉੱਦਮ `ਚ ਬਦਲ ਲਵੇਂਗਾ ਤਾਂ ਤੇਰਾ ਅਜਿਹਾ ਉੱਦਮ ਹੀ ਤੇਰੇ ਜੀਵਨ ਦੀ ਆਪਣੇ ਆਪ ਕਮਾਈ ਵੀ ਬਣ ਜਾਵੇਗਾ। ਇਸ ਤੋਂ ਇਲਾਵਾ ਅਜਿਹੇ ਉੱਦਮ ਦਾ ਨਤੀਜਾ ਹੋਵੇਗਾ ਕਿ ਦੁਨੀਆਦਾਰੀ, ਕਾਰ ਵਿਹਾਰ ਤੇ ਹਰੇਕ ਸੰਸਾਰਕ ਫ਼ਰਜ਼ਾ ਨੂੰ ਨਿਭਉਂਦੇ ਹੋਏ ਵੀ ਤੇਰਾ ਚਿੱਤ, ਤੇਰੀ ਸੁਰਤ, ਤੇਰਾ ਧਿਆਨ ਹਰ ਸਮੇ ਪ੍ਰਭੂ ਚਰਨਾਂ `ਚ ਹੀ ਟਿਕਿਆ ਰਵੇਗਾ। ਇਸ ਤਰੀਕੇ ਤੈਨੂੰ ਸੁਚੱਜਾ ਤੇ ਮਾਨਸਿਕ ਟਿਕਾਅ ਵਾਲਾ ਜੀਵਨ ਪ੍ਰਾਪਤ ਹੋ ਜਾਵੇਗਾ। ਨਾਨਕ ਉਤਰੀ ਚਿੰਤ ਤੇਰੇ ਜੀਵਨ ਦੀ ਦੁਸ਼ਮਣ, ਚਿੰਤਾ ਤਾਂ ਤੇਰੇ ਨੇੜੇ ਵੀ ਨਹੀਂ ਫਟਕ ਸਕੇਗੀ; ਦਰਅਸਲ ਇਹੀ ਹਨ ਇਸ ਸਲੋਕ ਦੇ ਗੁਰਬਾਣੀ ਅਨੁਸਾਰ ਅਰਥ। ਹੁਣ ਤੱਕ ਇਹ ਵੀ ਸਾਬਤ ਕਰ ਚੁੱਕੇ ਹਾਂ ਕਿ ਸਬੰਧਤ ਸਲੋਕ ਦੇ ਗੁਰਬਾਣੀ ਅਨੁਸਾਰ, ਗੁਰਮਤਿ ਅਰਥ ਤਾਂ ਹੀ ਖੁੱਲ ਸਕਦੇ ਹਨ ਜਦੋਂ ਸਾਨੂੰ ਉੱਦਮ ਦੇ ਗੁਰਮਤਿ ਅਰਥ ਸਪਸ਼ਟ ਹੋਣ, ਉਸ ਤੋਂ ਪਹਿਲਾਂ ਨਹੀਂ। #206s10.03s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ਗੁਰਮਤਿ ਪਾਠਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ਗੁਰੂ ਗ੍ਰੰਥ ਦਰਪਣ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 173

ਅਰਥ ਨਿਖਾਰ-ਸਾਸੁ ਕੀ ਦੁਖੀ, ਸਸੁਰ ਕੀ ਪਿਆਰੀ

For all the Gurmat Lessons written upon Self Learning base by Principal Giani Surjit Singh Sikh Missionary, Delhi, all the rights are reserved with the writer, but easily available for Distribution within Guru Ki Sangat with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies. (+P&P.Extra) From Gurmat Education Centre, Delhi, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.