.

ਤੱਤ ਗੁਰਮਤਿ ਪਰਚਾਰਕਾਂ ਦੀ ਏਕਤਾ

ਖਾਲਸਾਨਿਊਜ਼ ਵੈਬਸਾਈਟ ਦੇ ਸੰਪਾਦਕ ਨੇ 08. 09. 2010 ਨੂੰ ਤੱਤ ਗੁਰਮਤਿ ਪਰਚਾਰਕਾਂ ਦੀ ਏਕਤਾ ਸਬੰਧੀ ਜਿਹੜੀ ਆਪਣੀ ਰਾਇ ਦਿੱਤੀ ਹੈ ਉਹ ਵੱਡਮੁਲੀ ਹੈ। ਅਜਿਹੀ ਏਕਤਾ ਦੀ ਅਜ ਫੌਰੀ ਲੋੜ ਹੈ ਅਤੇ ਅਜਿਹੀ ਏਕਤਾ ਰਾਹੀਂ ਹੀ ਸਿੱਖ ਕੌਮ ਦੀ ਭਲਾਈ ਲਈ ਕੁੱਝ ਕੀਤਾ ਜਾ ਸਕਦਾ ਹੈ। ਸਿੱਖ ਕੌਮ ਦੀਆਂ ਵਿਰੋਧੀ ਧਿਰਾਂ ਕੇਵਲ ਰਾਸ਼ਟਰੀ ਹੀ ਨਹੀਂ ਸਗੋਂ ਅੰਤਰ-ਰਾਸ਼ਟਰੀ ਪੱਧਰ ਦੀਆਂ ਏਜੰਸੀਆਂ ਰਾਹੀਂ ਕੰਮ ਕਰ ਰਹੀਆਂ ਹਨ। ਉਹਨਾਂ ਕੋਲ ਇਸ ਮਨੋਰਥ ਲਈ ਅਥਾਹ ਧਨ ਵੀ ਹੈ ਅਤੇ ਨਿਪੁੰਨ ਪ੍ਰਬੰਧਕੀ ਢਾਂਚਾ ਵੀ ਹੈ ਜੋ ਘਟੋ-ਘਟ ਇੱਕ ਸੌ ਸਾਲ ਦੀ ਅਗਾਊਂ ਵਿਉਂਤਬੰਦੀ ਨਾਲ ਆਪਣਾ ਕਾਰਜ ਉਲੀਕ ਅਤੇ ਨਿਭਾ ਰਿਹਾ ਹੈ। ਇਸ ਦੇ ਮੁਕਾਬਲੇ ਤੇ ਤੱਤ ਗੁਰਮਤਿ ਪਰਚਾਰਕਾਂ ਦੇ ਕੋਲ ਵਾਜਬ ਸਾਧਨਾਂ ਦੀ ਵੀ ਘਾਟ ਹੈ, ਸਾਂਝਾ ਪ੍ਰਬੰਧਕੀ ਅਧਾਰ ਵੀ ਮੌਜੂਦ ਨਹੀਂ ਅਤੇ ਆਪਸੀ ਏਕਤਾ ਵੀ ਨਹੀਂ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੱਤ ਗੁਰਮਤਿ ਵਿਚਾਰਧਾਰਾ ਵਾਲੇ ਸਿੱਖਾਂ ਦਾ ਸੰਗਠਨ ਹੀ ਤਿਆਰ ਕੀਤਾ ਸੀ ਜਿਸ ਨੂੰ ਉਹਨਾਂ ਨੇ ‘ਖਾਲਸਾ’ ਦਾ ਨਾਮ ਦਿੱਤਾ। ਇਸ ਸੰਗਠਨ ਦਾ ਮਜਬੂਤ ਪ੍ਰਬੰਧਕੀ ਢਾਂਚਾ ਉਹਨਾਂ ਦੀ ਆਪਣੀ ਦੇਖ-ਰੇਖ ਹੇਠ ਕਾਮਯਾਬੀ ਨਾਲ ਚਲਦਾ ਰਿਹਾ। ਦਸਵੇਂ ਗੁਰੂ ਜੀ ਤੋਂ ਬਾਦ ਖਾਲਸੇ ਲਈ ਉਪਜੇ ਅਤੀ ਔਖੇ ਹਾਲਾਤ ਵਿੱਚ ਵੀ ਇਸ ਸੰਗਠਨ ਦਾ ਪ੍ਰਬੰਧਕੀ ਅਧਾਰ ਕਾਇਮ ਰਿਹਾ ਅਤੇ ਇਹ ਅਠਾਰ੍ਹਵੀਂ ਸਦੀ ਦੇ ਲਗ-ਭਗ ਦੂਸਰੇ ਅੱਧ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਮੇਂ ਤਕ ਠੀਕ ਚਲਦਾ ਰਿਹਾ। ਮਿਸਲਾਂ ਰਾਹੀਂ ਸਿੱਖਾਂ ਨੂੰ ਰਾਜ-ਭਾਗ ਮਿਲਣ ਨਾਲ ਇਹ ਅਧਾਰ ਖੁਰਨਾ ਸ਼ੁਰੂ ਹੋ ਗਿਆ ਅਤੇ ਰਣਜੀਤ ਸਿੰਘ ਦੇ ਹੱਥ ਪੰਜਾਬ ਦੇ ਬਹੁਤੇ ਹਿੱਸੇ ਦਾ ਰਾਜ ਆ ਜਾਣ ਦੇ ਸਮੇਂ ਖਾਲਸਾ ਪ੍ਰਬੰਧਕੀ ਢਾਂਚਾ ਪ੍ਰਸ਼ਾਸਕੀ ਪ੍ਰਬੰਧਕੀ ਢਾਂਚੇ ਵਿੱਚ ਬਦਲ ਗਿਆ। ਸਿੱਟੇ ਵਜੋਂ ਤੱਤ ਗੁਰਮਤਿ ਵਿਚਾਰਧਾਰਾ ਲਈ ਅੰਦਰੋਂ ਅਤੇ ਬਾਹਰੋਂ ਵੰਗਾਰਾਂ ਪੇਸ਼ ਆਉਣ ਲਗੀਆਂ। ਸਮਾਂ ਬੀਤਣ ਨਾਲ ਇਹ ਵੰਗਾਰਾਂ ਵਧਦੀਆਂ ਹੀ ਗਈਆਂ ਹਨ। ਜਿਸ ਦੌਰ ਵਿੱਚੋਂ ਅਜ-ਕਲ ਸਿੱਖ ਕੌਮ ਲੰਘ ਰਹੀ ਹੈ ਉਸ ਬਾਰੇ ਹਰ ਸੋਚਵਾਨ ਸਿੱਖ ਭਲੀ-ਭਾਂਤ ਵਾਕਿਫ ਹੈ।
ਅਜ ਇਹ ਵੇਖ ਕੇ ਕੁੱਝ ਤਸੱਲੀ ਵੀ ਹੁੰਦੀ ਹੈ ਕਿ ਸਿੱਖ ਕੌਮ ਦੀਆਂ ਸਮਸਿਆਵਾਂ ਸਬੰਧੀ ਖੁੱਲ੍ਹੇ-ਆਮ ਵਿਚਾਰ-ਚਰਚਾ ਕਰਵਾਉਣ ਅਤੇ ਵਿਚਾਰਵਾਨ ਸਿੱਖਾਂ ਨੂੰ ਉਭਾਰਨ ਹਿਤ ਕਾਫੀ ਗਿਣਤੀ ਵਿੱਚ ਵੈਬਸਾਈਟ ਸਥਾਪਤ ਹੋ ਗਏ ਹਨ। ਇਹਨਾਂ ਵੈਬਸਾਈਟਾਂ ਰਾਹੀਂ ਦੇਸ਼-ਵਿਦੇਸ਼ ਵਿੱਚ ਸਿੱਖ ਕੌਮ ਸਬੰਧੀ ਵਾਪਰ ਰਹੀਆਂ ਚੰਗੀਆਂ-ਮਾੜੀਆਂ ਘਟਨਾਵਾਂ ਦੀ ਜਾਣਕਾਰੀ ਤੁਰੰਤ ਪਰਾਪਤ ਹੋ ਜਾਂਦੀ ਹੈ ਅਤੇ ਸਿੱਖ ਕੌਮ ਨਾਲ ਸਬੰਧ ਰੱਖਣ ਵਾਲੇ ਮਸਲਿਆਂ ਉਤੇ ਵਿਚਾਰਵਾਨਾਂ ਅਤੇ ਵਿਦਵਾਨਾਂ ਦੇ ਵਿਚਾਰ ਵੀ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ।
ਕੁਝ ਵੈਬਸਾਈਟ ਅਜਿਹੇ ਵੀ ਹਨ ਜੋ ਸਿੱਖ ਕੌਮ ਦੇ ਹਿਤਾਂ ਦੇ ਵਿਰੋਧ ਵਿੱਚ ਪਰਚਾਰ ਕਰਨ ਦੇ ਮਨੋਰਥ ਨਾਲ ਹੀ ਸਥਾਪਤ ਕੀਤੇ ਹੋਏ ਹਨ। ਅਜਿਹੇ ਵੈਬਸਾਈਟਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਥੇ ਅਸੀਂ ਕੇਵਲ ਉਹਨਾਂ ਵੈਬਸਾਈਟਾਂ ਦੀ ਗੱਲ ਕਰਨੀ ਹੈ ਜਿਹੜੇ ਤੱਤ ਗੁਰਮਤਿ ਵਿਚਾਰਧਾਰਾ ਲਈ ਸਮਰਪਿਤ ਹਨ। ਪਰੰਤੂ ਇਹਨਾਂ ਵੈਬਸਾਈਟਾਂ ਵਿਚੋਂ ਇਹ ਪਰਭਾਵ ਉਪਜਦਾ ਹੈ ਕਿ ਇਹਨਾਂ ਵਿੱਚ ਛਪਣ ਵਾਲੇ ਵਿਦਵਾਨਾਂ ਦਾ ਸਿਧਾਂਤਕ ਪੱਧਰ ਤੇ ਕੋਈ ਆਪਸੀ ਟਕਰਾਓ ਹੈ ਜਾਂ ਫਿਰ ਕਿ ਇਹ ਵੈਬਸਾਈਟਾਂ ਆਪਸ ਵਿੱਚ ਹੀ ਖਹਿਬੜ ਰਹੀਆਂ ਹਨ। ਇਹ ਦੋਵੇਂ ਰੁਝਾਨ ਤੱਤ ਗੁਰਮਤਿ ਪਰਚਾਰਕਾਂ ਦੀ ਏਕਤਾ ਨੂੰ ਭੰਗ ਕਰਨ ਵਾਲੇ ਹਨ।
ਸਿੱਖੀ ਦੇ ਵਿਰੋਧ ਕਰਨ ਵਾਲੀਆਂ ਤਾਕਤਾਂ ਤਾਂ ਗੁਰੂ ਸਾਹਿਬਾਨ ਦੇ ਸਮੇਂ ਹੀ ਪੈਦਾ ਹੋ ਗਈਆਂ ਸਨ ਪਰੰਤੂ ਉਹ ਕੇਵਲ ਛੋਟੇ, ਜਾਤੀ ਅਤੇ ਅਣਸੰਗਠਿਤ ਪੱਧਰ ਤੇ ਹੀ ਕਾਰਜਸ਼ੀਲ ਸਨ। ਇਸ ਲਈ ਗੁਰੂ ਸਾਹਿਬਾਨ ਨੇ ਇਹਨਾਂ ਨੂੰ ਅਣਗੌਲਿਆਂ ਹੀ ਕਰੀ ਰਖਿਆ। ਸੰਗਠਿਤ ਤੌਰ ਤੇ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਵਿਰੋਧੀ ਕਾਰਵਾਈਆਂ ਅੰਗਰੇਜ਼ੀ ਰਾਜ ਦੇ ਸਮੇਂ ਤੋਂ ਹੀ ਸ਼ੁਰੂ ਹੋਈਆਂ ਹਨ। ਸਮਾਂ ਬੀਤਣ ਨਾਲ ਇਹਨਾਂ ਕਾਰਵਾਈਆਂ ਦਾ ਘੇਰਾ ਅਤੇ ਪਰਭਾਵ ਵਧਦਾ ਹੀ ਗਿਆ ਹੈ।
ਅਜੋਕੇ ਸਮੇਂ ਵਿੱਚ ਸਿੱਖ ਵਿਰੋਧੀ ਏਜੰਸੀਆਂ ਵੱਲੋਂ ਅਪਣਾਏ ਜਾ ਰਹੇ ਏਜੰਡੇ ਦਾ ਮੁੱਢਲਾ ਨਿਸ਼ਾਨਾ ਸਿੱਖ ਧਰਮ ਦੀ ਨਿਵੇਕਲੀ ਹੋਂਦ ਨੂੰ ਸਮਾਪਤ ਕਰਨਾ ਹੈ। ਇਸ ਮਕਸਦ ਦੀ ਪੂਰਤੀ ਲਈ ਜੋ ਕਾਰਜ ਅਪਣਾਏ ਗਏ ਹਨ ਉਹਨਾਂ ਵਿੱਚੋਂ ਮੁੱਖ ਇਸ ਪ੍ਰਕਾਰ ਹਨ:-
ਇਹੋ ਜਿਹੇ ਮਸਲੇ ਖੜੇ ਕਰਨਾ ਜਿਹਨਾਂ ਨਾਲ ਸਿੱਖਾਂ ਵਿੱਚ ਦੁਬਿਧਾ ਪੈਦਾ ਹੋਵੇ।
ਸਿੱਖ ਫਲਸਫੇ ਨੂੰ ਧੁੰਦਲਾਉਣਾਂ।
ਸਿੱਖ ਧਰਮ ਵਿੱਚ ਬ੍ਰਾਹਮਣਵਾਦੀ ਰੀਤਾਂ-ਰਸਮਾਂ ਦਾ ਪਰਵੇਸ਼ ਕਰਨਾ।
ਸਿੱਖੀ ਦੀ ਦਿੱਖ ਵਾਲੀਆਂ ਅੱਡ-ਅੱਡ ਨਕਲੀ ਸੰਪਰਦਾਵਾਂ ਚਲਾਉਣੀਆਂ।
ਸਿੱਖਾਂ ਨੂੰ ਸਿੱਖ ਮੁੱਖ-ਧਾਰਾ ਨਾਲੋਂ ਤੋੜ ਕੇ ਨਕਲੀ ਸੰਪਰਦਾਵਾਂ ਦੇ ਨਾਲ ਜੋੜਨਾ।
ਸਿੱਖ ਧਰਮ ਦੀ ਇਕੋ ਇੱਕ ਧਾਰਮਿਕ ਪੁਸਤਕ ਸ੍ਰੀ ਗੰਥ ਸਾਹਿਬ ਵਿੱਚ ਦਰਜ ਗੁਰਬਾਣੀ ਬਾਰੇ ਸ਼ੰਕੇ ਪੈਦਾ ਕਰਨੇ।
ਸ੍ਰੀ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥ ਖੜੇ ਕਰਨੇ।
ਸਿੱਖ ਰਹਿਤ ਮਰਯਾਦਾ ਨੂੰ ਵਿਗਾੜਨਾ।
ਸਿੱਖ ਇਤਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨਾ।
ਨਕਲੀ ਸਾਧ-ਸੰਤ ਪੈਦਾ ਕਰਕੇ ਸਿੱਖ ਕੌਮ ਦੇ ਵਿਹੜੇ ਸੇਹ ਦੇ ਤੱਕਲੇ ਗੱਡਣੇ।
ਤੱਤ ਗੁਰਮਤਿ ਦੇ ਵਿਰੋਧ ਵਿੱਚ ਕੂੜ ਪਰਚਾਰ ਲਈ ਕਿਤਾਬਾਂ, ਰਸਾਲੇ, ਵੈਬਸਾਈਟਾਂ, ਟੀਵੀ ਪ੍ਰਸਾਰਣ ਆਦਿਕ ਦਾ ਪ੍ਰਬੰਧ ਕਰਨਾ।
ਨਕਲੀ ਗੁਰਦੁਆਰੇ ਉਸਾਰਨੇ।
ਵੱਖ-ਵੱਖ ਚੈਨਲਾਂ ਤੇ ਤੱਤ ਗੁਰਮਤਿ ਦੇ ਵਿਰੁਧ ਪਰਚਾਰ ਲਈ ਪਰਵਚਨ ਕਰਾਉਣੇ।
ਨਕਲੀ ਗ੍ਰੰਥੀ, ਪਾਠੀ, ਕੀਰਤਨੀਏਂ, ਪਰਚਾਰਕ ਅਤੇ ਕਥਾਕਾਰ ਪੈਦਾ ਕਰਨੇ।
ਸਿੱਖ ਨੌਜਵਾਨਾਂ ਵਿੱਚ ਨਸ਼ੇ, ਪਤਿਤਪੁਣਾ, ਅਸ਼ਲੀਲਤਾ ਆਦਿਕ ਨੂੰ ਪਰਚਲਤ ਕਰਨਾ।
ਨਕਲੀ ਸਿੱਖ ਵਿਦਵਾਨ ਪੈਦਾ ਕਰਕੇ ਕਿਤਾਬਾਂ, ਲੇਖ, ਪਰਵਚਨ ਆਦਿਕ ਲਿਖਵਾਉਣੇ।
ਸਿੱਖ ਸੰਸਥਾਵਾਂ ਉਤੇ ਨਕਲੀ ਸਿੱਖਾਂ ਰਾਹੀਂ ਕਾਬਜ਼ ਹੋਣਾ।
ਪੰਜਾਬੀ ਭਾਸ਼ਾ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨੀ।

ਉਪਰੋਕਤ ਦੱਸੇ ਕਾਰਜ ਨੂੰ ਆਰ. ਐਸ. ਐਸ. ਵਰਗੀ ਕੇਵਲ ਇੱਕ ਹੀ ਜਥੇਬੰਦੀ ਨਹੀਂ ਨਿਭਾ ਰਹੀ। ਹੋਰ ਵੀ ਕਈ ਜਥੇਬੰਦੀਆਂ ਹਨ ਅਤੇ ਉਹਨਾਂ ਦੀਆਂ ਅਗੇ ਉਪ-ਜਥੇਬੰਦੀਆਂ ਹਨ। ਜ਼ਮੀਨੀ ਪੱਧਰ ਤੇ ਇਹਨਾਂ ਵਿਚੋਂ ਕਈ ਆਜ਼ਾਦਾਨਾਂ ਤੌਰ ਤੇ ਕੰਮ ਕਰਦੀਆਂ ਹਨ, ਉਪਰੋਂ ਭਾਵੇਂ ੳਹਨਾਂ ਉਤੇ ਕੰਟਰੋਲ ਕਿਸੇ ਇੱਕ ਤਾਕਤ ਦਾ ਹੀ ਹੋਵੇ। ਇਹ ਏਜੰਸੀਆਂ ਬਕਾਇਦਾ ਖੋਜ ਕਰਕੇ ਲੰਬੇਰੇ ਭਵਿਖ ਲਈ ਅਗਾਊਂ ਪ੍ਰੋਗਰਾਮ ਉਲੀਕਦੀਆਂ ਹਨ ਅਤੇ ਉਸ ਪ੍ਰੋਗਰਾਮ ਨੂੰ ਵਿਧੀਵਤ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਲਗੀਆਂ ਹੋਈਆਂ ਹਨ।
ਸਿੱਖ ਕੌਮ ਦੇ ਕੁੱਝ ਅੰਦਰੂਨੀ ਮਸਲੇ ਹਨ ਜਿਹੜੇ ਦੋ ਪਰਕਾਰ ਦੇ ਹਨ:
1. ਜੋ ਅਸਲੀ ਮੁੱਦੇ ਹਨ ਅਤੇ ਜਿਹਨਾਂ ਦਾ ਹਲ ਜਲਦੀ ਕਰਨ ਦੀ ਜ਼ਰੂਰਤ ਹੈ।
2. ਜੋ ਮਸਲੇ ਵਿਰੋਧੀ ਤਾਕਤਾਂ ਨੇ ਸਿੱਖਾਂ ਵਿੱਚ ਦੁਬਿਧਾ ਅਤੇ ਭੰਬਲਭੂਸਾ ਪੈਦਾ ਕਰਨ ਲਈ ਖੜ੍ਹੇ ਕੀਤੇ ਹੁੰਦੇ ਹਨ।
ਉਪੱਰ ਨੰਬਰ 1. ਤੇ ਦੱਸੇ ਅਸਲੀ ਮੁੱਦਿਆਂ ਦਾ ਫੌਰੀ ਹਲ ਇਸ ਲਈ ਜ਼ਰੂਰੀ ਹੈ ਕਿ ਦੇਰੀ ਹੋਣ ਨਾਲ ਇਹ ਮੁੱਦੇ ਵਿਰੋਧੀ ਧਿਰ ਵੱਲੋਂ ਸਿੱਖ ਕੌਮ ਦਾ ਨੁਕਸਾਨ ਕਰਨ ਹਿਤ ਵਰਤੇ ਜਾ ਸਕਦੇ ਹਨ। ਪਰੰਤੂ ਜਦੋਂ ਕੋਈ ਸੁਹਿਰਦ ਵਿਦਵਾਨ ਇਹਨਾਂ ਮਸਲਿਆਂ ਬਾਰੇ ਵਿਚਾਰ-ਚਰਚਾ ਛੇੜਦਾ ਹੈ ਤਾਂ ਤੱਤ ਗੁਰਮਤਿ ਪਰਚਾਰਕਾਂ ਵਿਚੋਂ ਹੀ ਕੁੱਝ ਸੱਜਣ ਜਾਣੇ-ਅਣਜਾਣੇ ਉਸ ਦਾ ਵਿਰੋਧ ਕਰਨ ਲਗ ਪੈਂਦੇ ਹਨ। ਇਸ ਨਾਲ ਤੱਤ ਗੁਰਮਤਿ ਪਰਚਾਰਕਾਂ ਦੀ ਏਕਤਾ ਭੰਗ ਹੋ ਜਾਂਦੀ ਹੈ। ਕਈ ਵਾਰ ਤਾਂ ਗੱਲ ਦੂਸਣਬਾਜ਼ੀ, ਜਾਤੀ ਹਮਲੇ ਅਤੇ ਗਾਲੀਗਲੋਚ ਤਕ ਵੀ ਪਹੁੰਚ ਜਾਦੀ ਹੈ। ਅਜਿਹੇ ਸੱਜਣ ਇਹ ਭੁੱਲ ਜਾਂਦੇ ਹਨ ਕਿ ਅਜਿਹਾ ਕਰਕੇ ਉਹ ਖੁਦ ਹੀ ਤੱਤ ਗੁਰਮਤਿ ਵਿਚਾਰਧਾਰਾ ਦੇ ਉਲਟ ਕਾਰਵਾਈ ਕਰ ਬੈਠਦੇ ਹਨ।
ਅਜਿਹੀ ਸਥਿਤੀ ਵਿੱਚ ਜੇ ਕਰ ਕੋਈ ਸੁਹਿਰਦ ਵਿਦਵਾਨ ਅਤੇ ਵਿਚਾਰਵਾਨ ਸਿੱਖ ਧਰਮ ਸਬੰਧੀ ਕਿਸੇ ਅਸਲ਼ੀ ਮਸਲੇ ਵੱਲ ਧਿਆਨ ਦਿਵਾਉਂਦਾ ਹੈ ਤਾਂ ਉਸ ਦਾ ਸੁਆਗਤ ਹੋਣਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਦਾ ਹੀ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਅਵਾਜ਼ ਉਠਾਈ ਹੈ। ਉਹਨਾਂ ਦੇ ਪੈਰੋਕਾਰ ਅਖਵਾਉਂਦੇ ਹੋਏ ਸਾਨੂੰ ਦੂਸਰਿਆਂ ਨੂੰ ਪਰਾਪਤ ਵਿਚਾਰ ਪਰਗਟ ਕਰਨ ਦੇ ਮਨੁੱਖੀ ਅਧਿਕਾਰ ਉਤੇ ਪਾਬੰਦੀ ਨਹੀਂ ਲਗਾਉਣੀ ਚਾਹੀਦੀ। ਦੂਸ਼ਣਬਾਜ਼ੀ ਕਰਨ ਨਾਲੋਂ ਬਿਹਤਰ ਹੈ ਕਿ ਅਸੀਂ ਆਪਣੇ ਆਪ ਨੂੰ ਇਤਨੇ ਕੁ ਸਮਰੱਥ ਬਣਾ ਲਈਏ ਕਿ ਅਸੀਂ ਆਪਣੇ ਅਤੇ ਪਰਾਏ ਦੇ ਫਰਕ ਨੂੰ ਪਛਾਣ ਸਕੀਏ ਅਤੇ ਸੁਚੱਜੀ ਦਲੀਲਬਾਜ਼ੀ ਰਾਹੀਂ ਹਰ ਕਿਸੇ ਦੀ ਪੂਰੀ ਸੰਤੁਸ਼ਟੀ ਕਰਵਾ ਸਕੀਏ। ਗੁਰਬਾਣੀ ਦੇ ਆਦੇਸ਼ ਹਨ:
ਜਬ ਲਗ ਦੁਨੀਆਂ ਰਹੀਐ ਨਾਨਕ ਕੁਛ ਸੁਣੀਐ ਕੁਛ ਕਹੀਐ।।
ਅਤੇ
ਰੋਸ ਨਾ ਕੀਜੈ ਉਤਰ ਦੀਜੈ।।
ਗੁਰਬਾਣੀ ਦਾ ਸੰਦੇਸ਼ ਇਹ ਵੀ ਹੈ:
“ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ”।
ਜੇਕਰ ਹਰੇਕ ਵਿਚਾਰ-ਚਰਚਾ ਵਿੱਚ ਪਾਠਕਾਂ/ਵਿਦਵਾਨਾਂ ਦਾ ਪ੍ਰਤੀਕਰਮ ਗੁਰਬਾਣੀ ਦੇ ਉਪਰੋਕਤ ਸੰਦੇਸ਼ ਅਨੁਸਾਰ ਹੋਇਆ ਕਰੇ ਤਾਂ ਬਹੁਤ ਹੀ ਚੰਗਾ ਰਹੇਗਾ।
ਹੁਣ ਵੇਖੋ, ਖਾਲਸਾਨਿਊਜ਼ ਵੈਬਸਾਈਟ ਦੇ ਸੰਪਾਦਕ ਨੇ ਸਿੱਖਮਾਰਗ ਵੈਬਸਾਈਟ ਬਾਰੇ ਟਿੱਪਣੀ ਦੇਣ ਲਗਿਆਂ
ਖੁਦ ਵੀ ਉਹੋ ਗਲਤੀ ਕਰ ਦਿੱਤੀ ਹੈ ਜਿਸਦਾ ਇਲਜ਼ਾਮ ਉਹ ਸਿੱਖਮਾਰਗ ਵੈਬਸਾਈਟ ਤੇ ਲਗਾ ਰਹੇ ਹਨ।
ਉਨਾਂ ਨੇ ਕੁੱਝ ਇਤਰਾਜ਼ਯੋਗ ਸ਼ਬਦਾਵਲੀ ਵਰਤ ਲਈ ਹੈ ਜਿਵੇਂ “ਗੈਰ ਜ਼ਿੰਮੇਵਾਰ ਰਵੈਯਾ”, “ਲੱਤਾਂ ਖਿਚਣੀਆਂ”, “ਇੱਟ ਕੁੱਤੇ ਦਾ ਵੈਰ”, “ਚਿੱਕੜ ਸੁੱਟਣਾ”, “ਢੰਡੋਰਾ ਪਿੱਟਣਾ (ਨੇਕੀ ਕੀਤੀ ਦਾ) “ਅਤੇ “ਨਾਜਾਇਜ਼ ਫਾਇਦਾ”। ਇਹ ਵਿਦਵਤਾ ਦੀ ਭਾਸ਼ਾ ਨਹੀਂ ਅਤੇ ਨਾ ਹੀ ਇਹ ਗੁਰਬਾਣੀ ਦੀ ਭਾਵਨਾਂ ਦੇ ਅਨੁਕੂਲ ਹੈ।
ਸਿਖਮਾਰਗ ਵੈਬਸਾਈਟ ਸੁਹਿਰਦਤਾ ਨਾਲ ਤੱਤ ਗੁਰਮਤਿ ਵਿਚਾਰਧਾਰਾ ਦੇ ਹੱਕ ਵਿੱਚ ਖੜ੍ਹੀ ਹੈ। ਇਸ ਵਿੱਚ ਕੋਈ ਪੱਖ-ਪਾਤ ਵੇਖਣ ਨੂੰ ਨਹੀਂ ਮਿਲਦਾ ਅਤੇ ਨਾ ਹੀ ਸੰਪਾਦਕ ਵੱਲੋਂ ਬੇਲੋੜੀ ਦਖਲਅੰਦਾਜ਼ੀ ਹੀ ਵਿਖਾਈ ਜਾਂਦੀ ਹੈ। ਇਸ ਵੈਬਸਾਈਟ ਵੱਲੋਂ ਬੜੇ ਵਿਵਾਦਤ ਅਤੇ ਸੰਵੇਦਨਸ਼ੀਲ ਸਮਝੇ ਜਾਂਦੇ ਵਿਸ਼ਿਆਂ ਤੇ ਵੀ ਵਿਚਾਰ-ਚਰਚਾ ਸੁਚੱਜੇ ਢੰਗ ਨਾਲ ਕਰਵਾਈ ਗਈ ਹੈ। ਸਿਖਮਾਰਗ ਵੈਬਸਾਈਟ ਦਾ ਨਿਸ਼ਾਨਾ ਹੈ ਕਿ ਸਭਿਅਕ ਭਾਸ਼ਾ ਵਿੱਚ ਗੁਰਬਾਣੀ ਅਧਾਰਤ ਵਿਚਾਰ-ਚਰਚਾ ਕੀਤੀ ਜਾਵੇ ਤਾਂ ਕਿ ਸਿੱਖ ਧਰਮ ਨੂੰ ਲਾਭ ਪਹੁੰਚੇ ਅਤੇ ਸਿੱਖ ਕੌਮ ਜਾਗਰੂਕ ਹੋ ਸਕੇ। ਜੇਕਰ ਇਸ ਵੈਬਸਾਈਟ ਦੇ ਪ੍ਰਬੰਧਕ ਭੱਦੀ ਸ਼ਬਦਾਵਲੀ ਬਰਦਾਸ਼ਤ ਨਹੀਂ ਕਰਦੇ ਤਾਂ ਇਹ ਤੱਤ ਗੁਰਮਤਿ ਵਿਚਾਰਧਾਰਾ ਦੇ ਅਨੁਸਾਰ ਹੀ ਹੈ ਅਤੇ ਇਸ ਦੀ ਸ਼ਲਾਘਾ ਹੋਣੀ ਚਾਹੀਦੀ ਹੈ। ਜੇਕਰ ਕੋਈ ਇਸ ਕਾਰਵਾਈ ਦਾ ਵਿਰੋਧ ਵੀ ਕਰੇ ਅਤੇ ਏਕਤਾ ਦਾ ਪਾਠ ਵੀ ਪੜ੍ਹਾਵੇ ਤਾਂ ਇਸਨੂੰ ਦੋਗਲਾਪਣ ਹੀ ਕਿਹਾ ਜਾਵੇਗਾ। ‘ਤੁਹਾਡੇ ਪੱਤਰ ਮਿਲੇ’ ਇਸ ਵੈਬਸਾਈਟ ਦਾ ਬਹੁਤ ਹੀ ਉਪਯੋਗੀ ਉਪਰਾਲਾ ਹੈ ਅਤੇ ਇਸ ਵਿੱਚ ਬਹੁਤ ਹੀ ਲਾਹੇਵੰਦ ਵਿਚਾਰ-ਚਰਚਾ ਪੜ੍ਹਨ ਨੂੰ ਮਿਲਦੀ ਰਹੀ ਹੈ। ਤੱਤ ਗੁਰਮਤਿ ਵਿਚਾਰਧਾਰਾ ਨੂੰ ਸਮਰਪਿਤ ਵੈਬਸਾਈਟਾਂ ਵਿਚੋਂ ਕਿਸੇ ਇੱਕ ਵੱਲੋਂ ਦੂਸਰੇ ਦੀ ਆਪਣੇ ਵੈਬਸਾਈਟ ਉਤੇ ਤਿੱਖੀ ਸੁਰ ਵਿੱਚ ਆਲੋਚਨਾ ਕਰਨੀ ਵੀ ਏਕਤਾ ਨੂੰ ਭੰਗ ਕਰਨ ਦੀ ਹੀ ਕਾਰਵਾਈ ਬਣਦੀ ਹੈ। ਆਪਸੀ ਏਕਤਾ ਅਤੇ ਇਕਸੁਰਤਾ ਬਣਾਈ ਰੱਖਣ ਲਈ ਸਾਰੇ ਤੱਤ ਗੁਰਮਤਿ ਪਰਚਾਰਕ ਆਪਣੀ-ਆਪਣੀ ਪਹੁੰਚ ਅਤੇ ਪਛਾਣ ਨੂੰ ਬਰਕਰਾਰ ਰੱਖਦੇ ਹੋਏ ਇੱਕ ਸਾਂਝਾ ਪ੍ਰਬੰਧਕੀ ਢਾਂਚਾ ਕਾਇਮ ਕਰ ਲੈਣ ਅਤੇ ਇੱਕ ਸਾਂਝੀ ਨਿਯਮਾਵਲੀ
(code of conduct) ਨਿਰਧਾਰਤ ਕਰ ਲੈਣ। ਜੇਕਰ ਸਾਂਝਾ ਪ੍ਰਬੰਧਕੀ ਢਾਂਚਾ ਅਤੇ ਏਕਤਾ ਕਾਇਮ ਰਹੇ ਤਾਂ ਸਾਧਨਾਂ ਦੀ ਘਾਟ ਇਤਨੀ ਨਹੀਂ ਰੜਕਦੀ।
ਕੁਝ ਵੀ ਹੋਵੇ ਸਿੱਖਮਾਰਗ ਉਤੇ ਚਲਦੀ ‘ਤੁਹਾਡੇ ਪੱਤਰ ਮਿਲੇ ‘ਵਰਗੀ ਵਿਚਾਰ-ਚਰਚਾ ਸਾਰੇ ਵੈਬਸਾਈਟਾਂ ਉਤੇ ਚਾਲੂ ਹੋਣੀ ਚਾਹੀਦੀ ਹੈ। ਅੱਜ ਸਿੱਖਾਂ ਵਿੱਚ ਐਸੇ ਸੁਹਿਰਦ ਅਤੇ ਯੋਗ ਵਿਦਵਾਨ ਮੌਜੂਦ ਹਨ ਜੋ ਵਿਰੋਧੀਆਂ ਵੱਲੋਂ ਉਪਜਾਏ ਊਲ-ਜਲੂਲ ਸ਼ੰਕਿਆਂ ਦਾ ਸਹਿਜੇ ਹੀ ਜਵਾਬ ਦੇ ਸਕਦੇ ਹਨ। ਅਜਿਹੇ ਵਿਦਵਾਨ ਖੁਲ੍ਹੀ ਵਿਚਾਰ-ਚਰਚਾ ਦੇ ਮਾਹੌਲ ਨੇ ਹੀ ਪੈਦਾ ਕੀਤੇ ਹਨ। ਇਕੱਲਿਆਂ ਸੋਚ-ਸੋਚ ਕੇ ਬੁੱਧੀ ਦਾ ਯੋਗ ਵਿਕਾਸ ਨਹੀਂ ਹੁੰਦਾ। ਵਿਚਾਰਾਂ ਦੇ ਆਦਾਨ-ਪਰਦਾਨ ਰਾਹੀਂ ਬੁੱਧੀ ਪ੍ਰਚੰਡ ਹੁੰਦੀ ਹੈ, ਗਿਆਨ ਵਿੱਚ ਵਾਧਾ ਹੁੰਦਾ ਹੈ, ਦਲੀਲਬਾਜ਼ੀ ਦਾ ਹੁਨਰ ਪਨਪਦਾ ਹੈ ਅਤੇ ਭਾਸ਼ਾ ਤੇ ਪਕੜ ਮਜ਼ਬੂਤ ਹੁੰਦੀ ਹੈ। ਇਹ ਗੁਣ ਕੌਮ ਦੇ ਸੁਹਿਰਦ ਵਿਦਵਾਨਾ ਵਿੱਚ ਹੋਣੇ ਜ਼ਰੂਰੀ ਹਨ ਤਾਂ ਜੋ ਵਿਰੋਧੀਆਂ ਵੱਲੋਂ ਖੜੇ ਕੀਤੇ ਸ਼ੰਕਿਆਂ ਦਾ ਢੁੱਕਵਾਂ ਜੁਆਬ ਦਿੱਤਾ ਜਾ ਸਕੇ। ਅਜ ਕਲਮਾਂ ਦੇ ਯੁੱਧ ਦਾ ਜ਼ਮਾਨਾ ਹੈ। ਸਾਨੂੰ ਆਪਣੀਆਂ ਕਲਮਾਂ ਨੂੰ ਮਾਹਿਰ ਅਤੇ ਮਜ਼ਬੂਤ ਬਣਾ ਕੇ ਰਖਣਾ ਚਾਹੀਦਾ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਖੁਲ੍ਹੀ ਵਿਚਾਰ-ਚਰਚਾ ਨੂੰ ਉਤਸਾਹਿਤ ਕਰੀਏ। ਦੱਸਵੇਂ ਗੁਰੂ ਜੀ ਸ਼ਿਕਾਰ ਖੇਡਣ ਰਾਹੀਂ, ਗੱਤਕੇ ਨੂੰ ਪਰਚਲਤ ਕਰ ਕੇ ਅਤੇ ਹੋਲਾ-ਮਹੱਲਾ ਚਾਲੂ ਕਰਕੇਂ ਸਿੱਖਾਂ ਨੂੰ ਜੰਗ ਦੀ ਸਿਖਲਾਈ ਦਿੰਦੇ ਰਹੇ ਹਨ। ਖੁਲ੍ਹੀ ਵਿਚਾਰ-ਚਰਚਾ ਵਿਦਵਤਾ ਦੇ ਖੇਤਰ ਵਿੱਚ ਸਿਖਲਾਈ ਦਾ ਕੰਮ ਕਰਦੀ ਹੈ। ਆਪਣੇ ਵਿਦਵਾਨਾਂ ਅਤੇ ਵਿਚਾਰਵਾਨਾਂ ਨੂੰ ਚੁੱਪ ਕੀਤੇ ਰਹਿਣ ਲਈ ਮਜਬੂਰ ਕਰਨਾ ਕੌਮ ਦੇ ਬਿਲਕੁਲ ਵੀ ਹਿਤ ਵਿੱਚ ਨਹੀਂ। ਚੰਗੇ ਉਪਰਾਲੇ ਹੁੰਦੇ ਹੀ ਰਹਿਣੇ ਚਾਹੀਦੇ ਹਨ, ਨਾਲ ਹੀ ਦੁਸ਼ਮਣ ਵੱਲੋਂ ਹੋਣ ਵਾਲੇ ਵਾਰ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਉਸ ਦਾ ਮੁਕਾਬਲਾ ਕਰਨ ਦੀ ਤਿਆਰੀ ਵੀ ਹੁੰਦੀ ਰਹਿਣੀ ਚਾਹੀਦੀ ਹੈ। ਇੱਕ ਚੰਗੀ ਸਿਖਲਾਈ ਪਰਾਪਤ ਸਿਪਾਹੀ ਹੀ ਦੁਸ਼ਮਣ ਦੇ ਭੈੜੇ ਮਨਸੂਬਿਆਂ ਨੂੰ ਮਾਤ ਦੇ ਸਕਦਾ ਹੈ।
ਇਸੇ ਤਰ੍ਹਾਂ ਖੋਜ-ਕਾਰਜ ਨੂੰ ਵੀ ਨਿਰਉਤਸਾਹਿਤ ਨਹੀਂ ਕਰਨਾ ਚਾਹੀਦਾ। ਕਿਸੇ ਸਥਾਪਿਤ ਵਿਦਵਾਨ ਦੇ ਕਿਸੇ ਮੱਤ ਨਾਲ ਸਹਿਮਤ ਨਾਂ ਹੋਣਾ ਜਾਂ ਉਸ ਦੀ ਪਹੁੰਚ ਦੇ ਕਿਸੇ ਵਿਸ਼ੇਸ਼ ਪਹਿਲੂ ਨੂੰ ਉਜਾਗਰ ਕਰ ਦੇਣਾ ਉਸ ਦੀ ਵਿਦਵਤਾ ਤੇ ਕਿੰਤੂ ਕਰਨਾ ਨਹੀਂ ਹੁੰਦਾ। ਇਹ ਉਸ ਵੱਲੋਂ ਕੀਤੇ ਕੰਮ ਨੂੰ ਅੱਗੇ ਵੱਲ ਤੋਰਨਾ ਹੁੰਦਾ ਹੈ। ਸ਼ੋਧ-ਕਾਰਜ ਦੀ ਇਹੋ ਵਿਧੀ ਹੈ। ਸਿੱਖ ਖੇਤਰ ਵਿੱਚ ਕਈ ਨਾਮਵਰ ਵਿਦਵਾਨ ਹੋਏ ਹਨ ਜਿਹਨਾਂ ਦਾ ਸਿੱਖ ਧਰਮ, ਸਿੱਖ ਇਤਹਾਸ ਅਤੇ ਪੰਜਾਬੀ ਸਭਿਆਚਾਰ ਦੇ ਸੰਦਰਭ ਵਿੱਚ ਕੀਤਾ ਗਿਆ ਖੋਜ-ਕਾਰਜ ਉੱਚ ਪਾਇ ਦਾ ਹੈ। ਪ੍ਰੰਤੂ ਇਹ ਮੰਨ ਲੈਣਾ ਕਿ ਕਦੀ ਉਹਨਾਂ ਦੀ ਕਿਸੇ ਲੱਭਤ, ਧਾਰਨਾ ਜਾਂ ਵਿਆਖਿਆ ਨਾਲ ਅਸਹਿਮਤ ਹੀ ਨਹੀਂ ਹੋਇਆ ਜਾ ਸਕਦਾ, ਤਰਕਸੰਗਤ ਧਾਰਨਾ ਨਹੀਂ। ਜੇਕਰ ਅਜਿਹੀ ਧਾਰਨਾ ਸਹੀ ਹੁੰਦੀ ਤਾਂ ਵਿਗਿਆਨ ਨੇ ਕਦੀ ਉਨੱਤੀ ਹੀ ਨਹੀਂ ਸੀ ਕਰਨੀ। ਖੋਜ-ਕਾਰਜ ਨੇ ਸਦਾ ਅੱਗੇ ਵੱਲ ਵਧਣਾ ਹੁੰਦਾ ਹੈ। ਵਿਦਵਾਨਾਂ ਨੂੰ ਆਪਣੇ ਵਿੱਚ ਦੂਸਰੇ ਦੇ ਵਿਚਾਰਾਂ ਨੂੰ ਸਹਿਣ ਕਰਨ ਦੀ ਸ਼ਕਤੀ ਵੀ ਪੈਦਾ ਕਰਨੀ ਚਾਹੀਦੀ ਹੈ। ਅਸਹਿਮਤੀ ਹੋਣ ਤੇ ਆਪਣੇ ਵਿਚਾਰ ਸਭਿਅਕ ਭਾਸ਼ਾ ਰਾਹੀਂ ਜ਼ਰੂਰ ਪਰਗਟ ਕਰ ਦੇਣੇ ਚਾਹੀਦੇ ਹਨ।
ਅਖੀਰ ਵਿੱਚ ਸਿੱਖਮਾਰਗ ਵੈਬਸਾਈਟ ਦੇ ਪ੍ਰਬੰਧਕਾਂ ਅੱਗੇ ਬੇਨਤੀ ਹੈ ਕਿ ਉਹ ਅਜਿਹੇ ਲੇਖਕਾਂ/ਸੰਪਾਦਕਾਂ ਪ੍ਰਤੀ ਜ਼ਿਆਦਾ ਸਖਤ ਰਵੱਈਆ ਅਖਤਿਆਰ ਨਾ ਕਰਨ ਜੋ ਕਿਸੇ ਕਾਰਨ ਉਹਨਾਂ ਦੀਆਂ ਉਮੀਦਾਂ ਤੇ ਪੂਰੇ ਨਹੀਂ ਉਤਰ ਸਕੇ। ਉਨਾਂ ਨੂੰ ਆਪ ਵੀ ਉਪਰੋਕਤ ਦੱਸੇ ਗੁਰਬਾਣੀ ਸੰਦੇਸ਼ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਹਨਾਂ ਚਾਹੀਦਾ ਹੈ ਕਿ ਉਹ ਉਹਨਾਂ ਸ਼ਭਨਾਂ ਨੂੰ ਨਾਲ ਲੈ ਕੇ ਹੀ ਚਲਣ ਜੋ ਤੱਤ ਗੁਰਮਤਿ ਵਿਚਾਰਧਾਰਾ ਪ੍ਰਤੀ ਸੱਚੇ ਦਿਲੋਂ ਸਮਰਪਿਤ ਹਨ। ਇਸੇ ਵਿੱਚ ਹੀ ਸਿੱਖ ਕੌਮ ਦੀ ਭਲਾਈ ਹੈ। ਹਰ ਇੱਕ ਨੂੰ ਪਹਿਲਾਂ ਨਾਲੋਂ ਬਿਹਤਰ ਕਾਰਗੁਜ਼ਾਰੀ ਵਿਖਾਉਣ ਦਾ ਮੌਕਾ ਦਿੰਦੇ ਰਹਿਣਾ ਚਾਹੀਦਾ ਹੈ। ਗੁਰਬਾਣੀ ਦਾ ਫੁਰਮਾਨ ਇਸ ਪ੍ਰਕਾਰ ਵੀ ਹੈ:
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾਂ ਨਾ ਮਾਰੇ ਘੁੰਮਿ।।
ਆਪਨੜੈ ਘਰਿ ਜਾਈਐ ਪੈਰ ਤਿਨ੍ਹਾਂ ਦੇ ਚੁੰਮਿ।।

ਇਕੋ ਨਿਸ਼ਾਨੇ ਦੀ ਸੇਧੇ ਚੱਲ ਰਹੇ ਕਾਫਿਲੇ ਵਿੱਚ ਏਕਾ ਬਣਾਈ ਰੱਖਣ ਲਈ ਇਸ ਤੋਂ ਵਧੀਆ ਫਾਰਮੂਲਾ ਕੋਈ ਹੋਰ ਨਹੀਂ ਹੋ ਸਕਦਾ।
ਇਕਬਾਲ ਸਿੰਘ ਢਿੱਲੋ (ਡਾ.)
ਚੰਡੀਗੜ੍ਹ।




.