.

ਈਸ਼ਵਰ-ਸੁੰਨ ਅਤੇ ‘ਸਟੀਫ਼ਨ ਹਾਕਿਂਸ’

ਹਰਦੇਵ ਸਿੰਘ, ਜੰਮੂ-09419184990

ਇਹ ਲੇਖ ਮੈਂ ਅਪਣੀ ਅਗਲੀ ਕਿਤਾਬ ਲਈ ਲਗਭਗ ਤਿੰਨ ਮਹੀਨੇ ਪਹਿਲਾਂ ‘ਸੁੰਨ’ ਸਿਰਲੇਖ ਹੇਠ ਲਿਖਿਆ ਸੀ। ਇਸ ਵਿੱਚ ਮੈਂ ਕਾਯਨਾਤ ਦੀ ਹੋਂਦ ਸਬੰਧੀ ਗੁਰੂ ਨਾਨਕ ਪਾਤਿਸ਼ਾਹ ਦੇ ਦਰਸ਼ਨ ਦੀ ਵਿਚਾਰ ਕਰਣ ਦੀ ਕੋਸ਼ੀਸ਼ ਕੀਤੀ ਸੀ। ਇਹ ਇੱਕ ਇੱਤਫਾਕ ਹੀ ਹੋਈਆ ਕਿ ਮੇਰਾ ਇਹ ਲਿਖਿਆ ਲੇਖ ਮਸ਼ਹੂਰ ਵਿਗਿਆਨੀ ਸਟੀਫ਼ਨ ਹਾਕਿਂਸ ਜੀ ਦੀ ਰਲੀਜ਼ ਵਾਲੀ ਇੱਕ ਨਵੀਂ ਕਿਤਾਬ ਦੇ ਵਿਸ਼ੇ ਨਾਲ ਸਬੰਧਿਤ ਹੋ ਗਿਆ। ਸੰਧਰਭ ਠੀਕ ਕਰਨ ਲਈ ਸਿਰਲੇਖ ਸਮੇਤ ਕੁੱਝ ਛੋਟੇ ਜਿਹੇ ਬਦਲਾਵਾਂ ਨਾਲ ਇਹ ਲੇਖ ਪਾਠਕਾਂ ਦੀ ਜਾਣਕਾਰੀ ਲਈ ਇਥੇ ਦੇ ਰਿਹਾ ਹਾਂ।

ਕਲ ਹੀ ਅਖਬਾਰਾਂ ਦੀਆਂ ਸੁਰਖਿਆਂ ਰਾਹੀਂ ਸੰਸਾਰ ਦੇ ਇੱਕ ਮਹਾਨ ਵਿਗਿਆਨੀ ਸਟੀਫਨ ਹਾਕਿਂਸ ਜੀ ਨੇ ਦੱਸਿਆ ਕਿ ਪਰਮਾਤਮਾ ਨੇ ਕੁਦਰਤ ਦੀ ਰਚਨਾ ਨਹੀਂ ਕੀਤੀ ਬਲਕਿ ਇਹ ਤਾਂ ਕੇਵਲ ਭੋਤਕੀ (Physics) ਦਾ ਕਰਿਸ਼ਮਾ ਹੈ। ਪੜ ਕੇ ਅਫਸੋਸ ਹੋਈਆ ਕਿ ਅਸੀਂ ਇਸ ਵਿਸ਼ੇਸ਼ ਸੰਧਰਭ ਵਿੱਚ ਦਿਤੇ ਗੁਰੂ ਨਾਨਕ ਦੇ ਫ਼ਲਸਫ਼ੇ ਬਾਰੇ ਸਹੀ ਜਾਣਕਾਰੀ ਸੰਸਾਰ ਦੇ ਸ੍ਹਾਮਣੇ ਨਹੀਂ ਰਖ ਸਕੇ। ਐਸਾ ਇਸ ਲਈ ਵੀ ਨਹੀਂ ਹੋ ਸਕਿਆ ਕਿਉਂਕਿ ਅਸੀਂ ਆਪ ਹੀ ਪਰਮਾਤਮਾ ਅਤੇ ਕੁਦਰਤ ਸਬੰਧੀ ਗੁਰੂ ਨਾਨਕ ਦੇ ਦਰਸ਼ਨ ਨੂੰ ਸਮਝਣ ਦੀ ਸਹੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਹੋਰ ਹੀ ਵਿਵਾਦਾਂ-ਸੰਵਾਦਾਂ ਵਿੱਚ ਫੱਸੇ ਹੋਏ ਹਾਂ।

ਨਿਰ ਸੰਦੇਹ ਸਟੀਫ਼ਨ ਜੀ ਨੇ ਇਹ Hypothiesis ਉਨ੍ਹਾਂ ਧਾਰਮਿਕ ਧਾਰਨਾਵਾਂ ਦੇ ਅਧਾਰ ਤੇ ਪੇਸ਼ ਕੀਤਾ ਹੈ ਜੋ ਅਤਰਕ ਪੁਰਣ ਢੰਗ ਨਾਲ ਪਰਮਾਤਮਾ ਅਤੇ ਕੁਦਰਤ ਨਾਲ ਉਸਦੇ ਸਬੰਧ ਨੂੰ ਬਿਆਨ ਕਰਦੀਆਂ ਆਇਆਂ ਹਨ। ਪਰ ਕੀ ਸਟੀਫ਼ਨ ਪਰਮਾਤਮਾ ਦੇ ਸਵਰੂਪ ਬਾਰੇ ਨਾਨਕ ਦੇ ਦਰਸ਼ਨ ਤੋਂ ਵਾਕਿਫ ਹਨ? ਇਹ ਸਵਾਲ ਮਹੱਤਵ ਅਤੇ ਦਿਲਚਸਪ ਹੈ। ਨਿਰ-ਸੰਦੇਹ ਸਟੀਫ਼ਨ ਜੀ ਨੇ ਗੁਰੂ ਨਾਨਕ ਦੇ ਦਰਸ਼ਨ ਨੂੰ ਨਹੀਂ ਪੜੀਆ। ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ। ਉਹ ਇਸ ਤੋਂ ਅਨਜਾਣ ਹਨ ਅਤੇ ਇਸ ਵਿੱਚ ਸਾਡੀ ਅਪਣੀ ਕਮੀ ਹੈ। ਹਾਲਾਂਕਿ ਕਿਸੇ ਵੀ ਭੋਤਿਕ ਵਿਗਿਆਨੀ ਲਈ ਪਰਮਾਤਮਾ ਦੀ ਹੋਂਦ ਪ੍ਰਤੀ ਟਿੱਪਣੀ ਤੋਂ ਪਹਿਲਾਂ ਜਾਂ ਬਾਦ ਵਿੱਚ ਇਹ ਵੀ ਸਮਝਣਾਂ ਚਾਹੀਦਾ ਹੈ ਕਿ ਕਿਧਰੇ ਕਿਸੇ ਪਾਸੇ ਕਿਸੇ ਦਰਸ਼ਨ ਵਿੱਚ ਕੁੱਝ ਐਸਾ ਤਾਂ ਨਹੀਂ ਜੋ ਪਰਮਾਤਮਾ ਦੀ ਹੋਂਦ ਬਾਰੇ ਕੁਛ ਅਲਗ ਅਤੇ ਤਰਕਪੁਰਨ ਗਲ ਵੱਲ ਇਸ਼ਾਰਾ ਕਰਦਾ ਹੋਵੇ?

ਪਰਮਾਤਮਾ ਦੀ ਸਮਝ ਮਨੁੱਖ ਲਈ ਪਰਮਾਤਮਾ ਦੇ ਸਵਰੂਪ ਤੋਂ ਹਟ ਕੇ ਸਮਝਣ ਦੀ ਵਿਸ਼ਾ ਨਹੀਂ। ਪਰਮਾਤਮਾ ਦੀ ਸਮਝ ਉਸ ਦੀ ਨਿਰਾਕਾਰ ਹੋਦ ਤੋਂ ਉਸ ਦੇ ਕ੍ਰਿਤ ਸਮਸਤ ਰੂਪਾਂ ਤਕ ਦੀ ਗਲ ਹੈ। ਪਰਮਾਤਮਾ ਸਰਵਉੱਚ ਹੈ। ਉਹ ਅਲਗ ਨਹੀਂ ਸਰਵ ਵਿਆਪਕ ਹੈ। ਉਹ ਭੋਤਕੀ ਅਤੇ ਉਸਦੇ ਆਕਰਸ਼ਣ (Physics and Gravity) ਤੋਂ ਬਾਹਰ ਨਹੀ ਬਲਕਿ ਇਹ ਸਾਰੇ ਨਿਯਮ ਅਤੇ ਉਨ੍ਹਾਂ ਦੇ ਪ੍ਰਭਾਵ ਉਸਦੇ ਵਿੱਚ ਹੀ ਹਨ। ਇਹ ਗੁਰੂ ਨਾਨਕ ਦੇ ਦਰਸ਼ਨ ਦੀ ਗਹਿਰੀ ਗਲ ਹੈ। ਜੇਕਰ ਸਟੀਫਨ ਜੀ ਗੁਰੂ ਨਾਨਕ ਦੁਆਰਾ ਦੱਸੀ ਪਰਮਾਤਮਾ ਦੇ ਪਰਿਭਾਸ਼ਾ ਅਤੇ ਉਸਦੇ ਸਵਰੂਪ ਨੂੰ ਪੜ ਸਕਦੇ ਤਾਂ ਨਿਰ ਸੰਦੇਹ ਉਹ ਇਸ ਬਾਰੇ ਸੋਚਣ ਤੇ ਮਜਬੂਰ ਹੁੰਦੇ।

(ਪਰਮਾਤਮਾ ਦੇ ਇਸ ਸਵਰੂਪ ਦਾ ਬਿਆਨ ਗੁਰੂ ਨਾਨਕ ਨੇ ਅਪਣੀ ਬਾਣੀ ਦੇ ‘ਮੂਲ ਮੰਤਰ’ (Basic Understanding) ਵਿੱਚ ਕੀਤਾ ਹੈ ਜਿਸ ਦਾ ਅਰਥ ਦਾਸ ਅਪਣੇ ਪਿਛਲੇ ਲੇਖ ‘ਮੂਲ ਮੰਤਰ‘ (Basic Understanding) ਰਾਹੀਂ ਕੀਤਾ ਸੀ। ਇਹ ਲੇਖ ਸਿੱਖ ਮਾਰਗ. ਕਾਮ ਅਤੇ ਤੱਤ ਗੁਰਮਤਿ ਪਰਿਵਾਰ. ਕਾਮ ਉਤੇ ਤਿੰਨ-ਚਾਰ ਹਫਤੇ ਪਹਿਲਾਂ ਆਈਆ ਸੀ। ਬੇਨਤੀ ਹੈ ਕਿ ਪਾਠਕ ਉਸ ਲੇਖ ਨੂੰ ਇਸ ਲੇਖ ਦੇ ਸੰਧਰਭ ਨਾਲ ਜੋੜ ਕੇ ਦੁਬਾਰਾ ਪੜਨ ਦੀ ਖੇਚਲ ਕਰਨ)

ਹਾਲਾਂਕਿ ਸਟੀਫਨ ਹਾਕਿਂਸ ਜੀ ਦੀ ਕਿਤਾਬ ਅਜੇ ਰਲੀਜ਼ ਨਹੀਂ ਹੋਈ ਪਰ ਖਬਰਾਂ ਰਾਹੀਂ ਪਤਾ ਚਲੀਆ ਕਿ ਉਹ ਕਹਿਂਦੇ ਨੇ ਕਿ:

“Because there is a law such as gravity, the universe can and will create itself from nothing,”

ਸੁੰਨ (Void/Nothingness) ਸ਼ਬਦ ਗੁਰਬਾਣੀ ਵਿੱਚ ਵਰਤਿਆ ਗਿਆ ਇੱਕ ਮਹੱਤਵ ਪੁਰਨ ਸ਼ਬਦ ਹੈ। ਇਸ ਨੂੰ ਵੱਖ-ਵੱਖ ਸੰਧਰਭਾਂ ਵਿੱਚ ਇਸਤੇਮਾਲ ਕੀਤਾ ਗਿਆ ਹੈ। ਪਰ ਇਸ ਚਰਚਾ ਵਿੱਚ ਅਸੀਂ ਇਸ ਸ਼ਬਦ ਨੂੰ ਉਸ ਵਿਸ਼ੇਸ਼ ਅਵਸਥਾ ਦੇ ਅਰਥ ਦੇ ਅਧਾਰ ਤੇ ਪੜਚੋਲਾਂ ਗੇ ਜਿਸ ਅਨੁਸਾਰ ਇਸ ਨੂੰ ਇੱਕ ਐਸੀ ਅਵਸਥਾ ਕਿਹਾ ਗਿਆ ਹੈ ਜਿਸ ਵੇਲੇ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ। ਯਾਨੀ ਕਿ ਇੱਕ ਐਸੀ ਅਵਸਥਾ ਜਿਸ ਵੇਲੇ ਕੁੱਝ ਵੀ ਨਹੀਂ ਸੀ। ਮੁਕੰਮਲ ਅਣਹੋਂਦ ਦੀ ਅਵਸਥਾ। ਯਾਨੀ ਕਿ ਪਦਾਰਥ ਅਤੇ ਉਸ ਨਾਲ ਜੁੜੀ ਕਿਸੇ ਵੀ ਸ਼ੈਅ ਦੀ ਮੁਕਮੱਲ ਅਣਹੋਂਦ। ਗੁਰੂ ਨਾਨਕ ਜੀ ਦਾ ਫੁਰਮਾਨ ਹੈ:

ਮਾਰੂ ਮਹਲਾ੧ ॥ ਸੁੰਨ ਕਲਾ ਅਪਰੰਪਰਿ ਧਾਰੀ ॥ ਆਪਿ ਨਿਰਾਲਮੁ ਅਪਰਅਪਾਰੀ ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥੧॥

Meaning: - In the celestial Void (Nothingness), the Infinite Lord assumed His Power. He Himself is unattached, infinite and incomparable. He Himself exercised His Creative Power, and He gazes upon His creation; from the celestial Void, He formed the mind soul. ||1||

ਇਸੇ ਸਬਦ ਵਿੱਚ ਅੱਗੇ ਜਾ ਕੇ ਗੁਰੂ ਨਾਨਕ ਲਿਖਦੇ ਹਨ:

ਸੁੰਨਹੁ ਧਰਤਿ ਅਕਾਸੁ ਉਪਾਏ ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥ ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥੬॥ਸੁੰਨਹੁ ਖਾਣੀ ਸੁੰਨਹੁ ਬਾਣੀ ॥ ਸੁੰਨਹੁ ਉਪਜੀ ਸੁੰਨਿ ਸਮਾਣੀ ॥

Meaning:-From this celestial Void (Nothingness), the earth and the skies were created. He supports them without any visible support, by exercising His True Power. He fashioned the three worlds, and the rope of Maya; He Himself creates and destroys. ||6|| From this Void, came the four sources of creation, and the power of speech. They were created from the Void, and they will merge into the Void.

ਵਿਗਿਆਨ ਨੇ ਕੁਦਰਤ ਦੇ ਕਈ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ ਨਾਲ ਹੀ ਪਹਿਲੇ ਤੋਂ ਹੀ ਮੋਜੂਦ ਪਦਾਰਥ ਦੇ ਉਪਯੋਗ ਨਾਲ ਕਈ ਪ੍ਰਕਾਰ ਦੇ ਸਾਧਨਾ ਨੂੰ ਤਿਆਰ ਕੀਤਾ ਹੈ। ਚਾਹੇ ਮਨੁੱਖ ਨੇ ਕਈ ਨਵੇਂ ਪ੍ਰਕਾਰ ਦੇ ਸਾਧਨਾਂ ਨੂੰ ਇਜਾਦ ਕੀਤਾ ਹੈ ਪਰ ਇਸ ਲਈ ਉਸ ਨੇ ਪੁਰਨ ਰੂਪ ਵਿੱਚ ਪਹਿਲੇ ਤੋਂ ਹੀ ਮੋਜੂਦ ਕੁਦਰਤੀ ਸਾਧਨਾਂ ਦਾ ਹੀ ਉਪਯੇਗ ਕੀਤਾ ਹੈ। ਜਿਥੋਂ ਤਕ ਵਿਗਿਆਨ ਦੀ ਖੋਜ ਦਾ ਸਵਾਲ ਹੈ ਤਾਂ ਇਸ ਵਿੱਚ ਵੀ ਕੋਈ ਸੰਦੇਹ ਨਹੀਂ ਕਿ ਐਸੀਆਂ ਖੋਜਾਂ ਨੇ ਕਈ ਧਾਰਮਿਕ ਵਿਸ਼ਵਾਸਾ ਨੁੰ ਗਲਤ ਸਾਬਤ ਕੀਤਾ ਹੈ। ਧਰਤੀ ਦੇ ਆਲੇ-ਦੂਆਲੇ ਸੂਰਜ ਨਹੀਂ ਘੁੰਮਦਾ ਦੱਸ ਕੇ ਤਰਕ ਨੇ ਇਹ ਸਾਬਤ ਕੀਤਾ ਹੈ ਕਿ ਇਸ ਪ੍ਰਤੀ ਖੜਾ ਕੀਤਾ ਗਿਆ ਦਾਵਾ (ਸੂਰਜ ਧਰਤੀ ਦੂਆਲੇ ਘੁੰਮਦਾ ਹੈ) ਗਲਤ ਸੀ। ਇਸ ਨਾਲ ਧਰਮ ਨਾਲ ਜੁੜੀ ਇੱਕ ਅਗਿਆਨਤਾ ਦੂਰ ਹੋਈ। ਪਰ ਇੱਕ ਤਰਕਸ਼ੀਲ ਧਾਰਮਿਕ ਵਿਅਕਤੀ ਇਸ ਨੂੰ ਸਵੀਕਾਰ ਕਰਦੇ ਹੋਏ ਇਹ ਮੰਨਦਾ ਹੈ ਕਿ ਰੱਬੀ ਕੁਦਰਤ ਵਿੱਚ ਧਰਤੀ ਸੂਰਜ ਦੇ ਆਲੇ-ਦੂਆਲੇ ਘੁੰਮਦੀ ਹੈ। ਇਹ ਕਰਤੇ ਦਾ ਨਿਜ਼ਾਮ ਹੈ। ਧਰਤੀ ਦੇ ਸੂਰਜ ਦੇ ਆਲੇ-ਦੂਆਲੇ ਚੱਕਰ ਲਗਾਊਣ ਦਾ ਪਤਾ ਚਲ ਜਾਂਣ ਦਾ ਮਤਲਬ ਇਹ ਨਹੀ ਕਿ ਰੱਬ ਨਹੀਂ ਹੈ ਬਲਕਿ ਕੁਦਰਤ ਪ੍ਰਤੀ ਐਸੀ ਸਮਝ ਰਾਹੀਂ ਇਹ ਸਮਝ ਆਉਂਦੀ ਹੈ ਕਿ ਰੱਬ ਕੀ ਹੈ ਅਤੇ ਕੀ ਨਹੀ ਹੈ।

ਧਰਮ ਨਾਲ ਜੋੜੀਆਂ ਅਤਰਕ ਪੁਰਨ ਵਿਆਖਿਆਵਾਂ ਅਤੇ ਮਾਨਤਾਵਾਂ ਦਾ ਮਜ਼ਾਕ ਉਢਾਉਂਦੇ ਧਰਮ ਦੇ ਅਸਲੀ ਤਰਕ ਤੋਂ ਅੱਖਾਂ ਮੀਟ ਲੇਣਾਂ ਰੱਬ ਦੇ ਵਿਚਾਰ ਦਾ ਵਿਰੋਧ ਕਰਨ ਵਾਲਿਆਂ ਦੀ ਸੋਚ ਹੈ, ਤਰਕੀਬ ਹੈ, ਅਗਿਆਨਤਾ ਹੈ ਅਤੇ ਕਈ ਵਾਰ ਮਜਬੂਰੀ ਵੀ। ਲੇਕਿਨ ਉਨ੍ਹਾਂ ਲਈ ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ ਕਿ ਕੁੱਝ ਅਤਰਕ ਪੁਰਨ ਵਿਆਖਿਆਵਾਂ ਦਾ ਮਤਲਬ ਧਰਮ ਨਹੀਂ। ਗਲ ਵਿਗਿਆਨ, ਧਰਮ, ਰਾਜਨੀਤੀ ਦੀ ਹੋਵੇ ਜਾਂ ਫਿਰ ਅਰਥਸ਼ਾਸਤਰ ਦੀ, ਇਨਾਂ ਸਾਰਿਆਂ ਦੀ ਵਰਤੋਂ ਅਤੇ ਦੁਰਵਰਤੋਂ ਹੋ ਸਕਦੀ ਹੈ। ਮੱਨੁਖਾ ਸੰਘਰਸ਼ ਤਾਂ ਕੇਵਲ ਇਨ੍ਹਾਂ ਸਹੀ ਵਰਤੋਂ ਦਾ ਸੰਘਰਸ਼ ਹੈ ਨਾ ਕਿ ਇਨ੍ਹਾਂ ਦੇ ਵਿਨਾਸ਼ ਦਾ।

ਵਿਗਿਆਨਕ ਤੋਰ ਤੇ ਬ੍ਰਹਮਾੰਡ ਦਾ ਆਰੰਭ ਕਰੀਬ 15 ਅਰਬ ਸਾਲ ਪਹਿਲੇ ਤੋਂ ਮੰਨਿਆ ਜਾਂਦਾ ਹੈ ਅਤੇ ਆਰੰਭ ਇੱਕ ‘ਨਾ ਹੋਂਣ‘ ਦੀ ਅਵਸਥਾ ਦਾ ਸੂਚਕ ਵੀ ਹੁੰਦਾ ਹੈ। ਮੇਰੀ ਹੋਂਦ ਦਾ ਆਰੰਭ ਇਸ ਗਲ ਦੀ ਪੂਸ਼ਟੀ ਕਰਦਾ ਹੈ ਕਿ ਇੱਕ ਸਮੇਂ ਮੈਂ ਨਹੀਂ ਸੀ। ਹਾਂ, ਨਿਰਸੰਦੇਹ ਮੇਰੀ ਹੋਂਦ ਦੀ ਸੂਰੂਆਤ ਦੇ ਕਾਰਣ ਮੌਜੂਦ ਸਨ। ਨਾ ਹੋਣਾਂ ਹੀ ਆਰੰਭ ਦਾ ਵਜੂਦ ਸਾਬਤ ਕਰਦਾ ਹੈ। ਵਿਗਿਆਨੀ ਇਸ ਗਲ ਤੇ ਵੀ ਸਹਿਮਤ ਹਨ ਕਿ ਬ੍ਰਹਮੰਡ ਫੈਲਦਾ ਜਾ ਰਿਹਾ ਹੈ। ਜੇਕਰ ਇਸ ਫੈਲਾਵ ਦੀ ਕ੍ਰਿਆ ਦੇ ਸਬੂਤ ਵਿਹਿਆਨ ਦੀ ਪਰਖ ਦੇ ਅਧਾਰ ਤੇ ਟਿਕੇ ਹਨ ਤਾਂ ਬੇਸ਼ਕ ਫੈਲਦਾ ਹੋਇਆ ਬ੍ਰਹਮੰਡ ਇਸ ਗਲ ਦਾ ਅੱਕਟ ਸਬੂਤ ਹੈ ਕਿ ਇਸ ਫੈਲਾਵ ਦੀ ਕ੍ਰਿਆ ਦਾ ਇੱਕ ਨਿਸ਼ਚਤ ਆਰੰਭ ਹੈ ਹੀ ਸੀ ਕਿਉਂਕਿ ਜੇਕਰ ਇਸ ਫੈਲਦੇ ਹੋਏ ਪਸਾਰੇ ਦੇ ਫੈਲਣ ਦੀ ਕ੍ਰਿਆ ਨੂੰ ਅਸੀਂ ਉਲਟਾ ਕਰਦੇ ਵਿਚਾਰ ਕਰੀਏ ਤਾਂ ਇਹ ਫੈਲਾਵ ਵਾਪਿਸ ਹੁੰਦਾ ਹੋਇਆ ਨਿਰਸੰਦੇਹ ਇੱਕ ਸੂਰੁਆਤੀ ਨੁਕਤੇ ਤੇ ਆ ਰੁਕੇਗਾ। ਇਹ ਨੁਕਤਾ ਇਸ ਬ੍ਰਹਮੰਡ ਦੇ ਮੌਜੂਦਾ ਸਵਰੂਪ ਦੇ ਅਗਾਜ਼ ਦਾ ਸਬੂਤ ਹੋਵੇਗਾ ਅਤੇ ਨਾਲ ਹੀ ਇਸ ਗਲ ਦਾ ਸਬੂਤ ਵੀ ਕਿ ਇਸ ਦੇ ਆਰੰਭ ਤੋਂ ਪਹਿਲਾਂ ਇਹ ਵੀ ਨਹੀਂ ਸੀ। ਫਿਰ ਨਿਸ਼ਚਤ ਤੋਰ ਤੇ ਇਸਦੇ ਆਰੰਭ ਦਾ ਜੋ ਕਾਰਣ ਸੀ ਉਹੀ ਕਾਰਣ Cause and Effect ਦੀ ਕੁਲ ਸ਼੍ਰੰਖਲਾ (Chain) ਦਾ ਪਹਿਲਾ ਕਾਰਣ ਸੀ ਯਾਨੀ ਕਿ ਉਹ ਕਾਰਣ ਜੋ ਅਪਣੇ ਆਪ ਤੋਂ ਆਪ ਸੀ। ਇਸ ਨੁਕਤੇ ਦਾ ਆਰੰਭ ਵਿਕਾਸਕ੍ਰਮ ਇਸ ਦੇ ਵਰਤਮਾਨ ਪਸਾਰੇ ਦਾ ਹਿੱਸਾ ਹੈ ਜੋ ਕਿ ਜਾਰੀ ਹੈ। ਇਹ ਵਿਕਾਸ ਹਰ ਚੀਜ਼ ਦਾ ਵਿਕਾਸ ਨਹੀਂ ਬਲਕਿ ਇਸ ਵਿਕਾਸ ਦੇ ਅੰਦਰ ਕਈ ਚੀਜਾਂ ਦਾ ਵਿਨਾਸ਼ ਵੀ ਹੈ। ਇਹ ਵਿਕਾਸ ਸਕਾਰਾਤਮਕ ਦੇ ਨਾਲ ਨਕਾਰਾਤਮਕ ਵੀ ਹੈ। ਇਹ ਕੋਈ ਅਣਹੋਣੀ ਗਲ ਨਹੀਂ।

ਇਸ ਫੈਲਦੇ ਹੋਏ ਬ੍ਰਹਮੰਡ ਦੇ ਆਰੰਭ ਦੀ ਪੜਚੋਲ ਵਿੱਚ ਜਾਂਣ ਦੇ ਜਤਨਾਂ ਨੇ Big Bang ਅਤੇ ਬਲੇਕ ਹੋਲ (Black Hole) ਦੀ ਹੋਂਦ ਨੂੰ ਮਨਿਆਂ ਹੈ। ਪਰ ਬਲੇਕ ਹੋਲ ਦੀ ਹੋਂਦ ਪ੍ਰਤੀ ਕੀਤਾ ਜਾ ਰਿਹਾ ਵਿਸ਼ਲੇਸ਼ਣ ਇਸ ਸਵਾਲ ਦਾ ਜਵਾਬ ਵੀ ਲੱਭਦਾ ਹੈ ਕਿ ਬਲੇਕ ਹੋਲ ਜਿਸ ਪਦਾਰਥ ਤੋਂ ਬਣਿਆਂ ਉਹ ਕੀ ਬਲੇਕ ਹੋਲ ਦਾ ਪੁਰਵਵਰਤੀ (Before Black Hole) ਨਹੀਂ ਸੀ? ਬਲੇਕ ਹੋਲ ਨੂੰ ਆਰੰਭ ਕਹਿਣ ਵੇਲੇ ਵਿਗਿਆਨਕਾਂ ਨੂੰ ਇਸ ਸਵਾਲ ਪ੍ਰਤੀ ਵੀ ਸੁਚੇਤ ਹੋਣਾ ਚਾਹੀਦਾ ਹੈ। ਹਾਲਾਂਕਿ ਇਹ ਵਿਚਾਰ ਅਜੇ ਤਕ ਪ੍ਰਾਕਲਪਨਾ (Hypothesis) ਦੇ ਪੱਦਰ ਤਕ ਹਨ ਲੇਕਿਨ ਮਨੁਖ ਦੀ ਵਿਚਾਰ ਸ਼ਕਤੀ ਬਿੱਗ ਬੇਂਗ ਦੇ ਵਾਪਰਣ ਜਾਂ ਬਲੇਕ ਹੋਲ ਦੀ ਹੋਂਦ ਨੂੰ ਭਾਂਪਦੇ ਹੋਏ ਉਸ ਦੀ ਹੋਂਦ ਦੀ ਪਿਛਲੀ ਅਵਸਥਾ ਦੀ ਕਲਪਨਾ ਤਕ ਤਾਂ ਜਾਏਗੀ ਹੀ ਅਤੇ ਜਦ ਐਸਾ ਹੁੰਦਾ ਹੈ ਤਾਂ ਤਰਕ ਇੱਕ ਐਸੀ ਅਵਸਥਾ ਵੱਲ ਇਸ਼ਾਰਾ ਕਰਦਾ ਹੈ ਜਿਸ ਨੂੰ ਗੁਰਬਾਣੀ ਵਿੱਚ ਸੁੰਨ (Nothingness) ਦੀ ਅਵਸਥਾ ਕਿਹਾ ਜਾਂਦਾ ਹੈ ਯਾਨੀ ਕਿ ਪਦਾਰਥ ਅਤੇ ਉਸ ਨਾਲ ਜੁੜੀ ਕਿਸੇ ਵੀ ਸ਼ੇਅ ਦੀ ਮੁਕਮੱਲ ਅਣਹੋਂਦ। ਨਾ ਪਦਾਰਥ, ਨਾ ਸਮਾਂ ਨਾ ਸਪੇਸ (ਇਥੇ ਸਪੇਸ ਦਾ ਅਰਥ ਚੀਜਾਂ ਦਰਮਿਆਨ ਫਾਸਲੇ ਲਿਆ ਜਾਏ) ਇਸ ਬਾਰੇ ਸਿੱਧ ਗੋਸ਼ਟਿ ਵਿੱਚ ਗੁਰੂ ਨਾਨਕ ਨੇ ਸਿੱਧਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਕੁੱਝ ਬੇਹਦ ਮਹੱਤਵ ਪੁਰਨ ਗੱਲਾਂ ਕਹਿਆਂ ਸਨ:-

ਸ੍ਰਸ਼ਟੀ ਰਚਨਾ ਬਾਰੇ ਸਿੱਧਾਂ ਦਾ ਸਵਾਲ: ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨਕਹਾ ਘਰ ਵਾਸੋ ॥(p940)

Question:-What can you tell us about the beginning? In what home did the absolute void dwell then?

ਗੁਰੂ ਨਾਨਕ ਜੀ ਦਾ ਜਵਾਬ:- ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ (940)

Answer:-We can only express a sense of wonder about the beginning. The absolute void abided endlessly deep within Himself then.

ਅਤੇ

ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ॥ (940)

From His state of absolute existence, He assumed the immaculate form; from formless, He assumed the supreme form.

ਇਥੇ ਪਦਾਰਥ, ਸਮਾਂ ਅਤੇ ਸਪੇਸ ਨੂੰ ਸਮਝਣ ਦੀ ਲੋੜ ਹੈ। ਗੁਰੂ ਨਾਨਕ ਜੀ ਨੇ ਪਦਾਰਥ, ਸਮਾਂ ਅਤੇ ਸਪੇਸ ਤੋਂ ਪਹਿਲੇ ਈਸ਼ਵਰ ਦੀ ਹੋਂਦ ਵਲ ਇਸ਼ਾਰਾ ਕੀਤਾ ਹੈ। ਜੇਕਰ ਅਸੀਂ ਮਨੁੱਖ ਅਪਣੇ ਚੇਤਨ ਰਾਹੀਂ ਇੱਕ ਐਸੀ ਅਵਸਥਾ ਦੀ ਵਿਚਾਰ ਕਰ ਰਹੇ ਹੋਈਏ ਜਿਸ ਵੇਲੇ ਪਦਾਰਥ ਨਹੀਂ ਸੀ ਤਾਂ ਸਾਨੂੰ ਇਹ ਮੰਨਣਾਂ ਪਵੇਗਾ ਕਿ ਉਸ ਵੇਲੇ ਸਮਾਂ ਵੀ ਸੀ ਅਤੇ ਸਪੇਸ (ਇਥੇ ਸਪੇਸ ਦਾ ਅਰਥ ਚੀਜਾਂ ਦਰਮਿਆਨ ਫਾਸਲੇ ਨਹੀਂ ਬਲਕਿ ਪੁਰਣ ਰੁਪ ਵਿੱਚ ਖਾਲੀ ਜਗਹ ਹੈ) ਵੀ ਜਿਸਨੇ ਅਕਾਰਾਂ ਦੀ ਹੋਂਦ ਅਤੇ ਉਨ੍ਹਾਂ ਵਿਚਲੇ ਫਾਸਲਿਆਂ ਪ੍ਰਤੀ ਸਾਡੀ ਸਮਝ ਨੂੰ ਜਨਮ ਦਿੱਤਾ। ਬੇਸ਼ਕ ਸਮੇਂ ਅਤੇ ਸਪੇਸ (ਫਾਸਲੇ) ਦਾ ਅਗਾਜ਼ ਬ੍ਰਹਮੰਡ ਦੀ ਉਤਪਤਿ ਨਾਲ ਹੀ ਜੁੜਿਆ ਹੋਈਆ ਹੈ ਜਿਸ ਤੋਂ ਤੁਰਦੇ ਸਟੀਫਨ ਹਾਕਿਂਸ ਜੀ ਵਰਗੇ ਵਿਗਿਆਨੀ ਸ੍ਰਿਸ਼ਟੀ ਰਚਨਾ ਸਬੰਧੀ ਅਪਣੇ ਵਿਗਿਆਨਕ ਤੱਥਾਂ ਅਤੇ ਅਨੁਮਾਨਾਂ ਰਾਹੀ ਚਿੰਤਨ ਕਰਦੇ ਹਨ। ਪਰ ਚੇਤਨ ਜਦ ਹੋਂਦ (Universe) ਦੇ ਨਾਂ ਹੋਂਣ ਦੀ ਅਵਸਥਾ ਤਕ ਪਹੁੰਚੜ ਦੀ ਗਲ ਸੋਚਦਾ ਹੈ ਤਾਂ ਉਹ ਅਪਣੇ ਆਪ ਨੂੰ ਇੱਕ ਸਮੇਂ ਅਤੇ ਇੱਕ ਖਾਲੀ ਸਪੇਸ ਵਿੱਚ ਖੜਾ ਮਹਸੂਸ ਕਰਦਾ ਹੈ। ਇਕ ਐਸੇ ‘ਸਮੇਂ‘ ਵਿੱਚ ਜਿਸਦੇ ਹੋਰ ਪਿੱਛੇ ਜਾਂਣ ਲਈ ਕੋਈ ਹੋਰ ਅਧਾਰ ( Reference) ਨਹੀਂ ਅਤੇ ਇੱਕ ਐਸੀ ‘ਖਾਲੀ ਜਗਹ’ ਵਿੱਚ ਜਿਸ ਵਿੱਚ ਕੋਈ ਵੀ ਅਕਾਰ ਨਹੀਂ। ਇਹ ਇੱਕ ‘ਅਕਾਲ‘ ਅਤੇ ‘ਨਿਰਾਕਾਰ‘ ਰੂਪੀ ਅਵਸਥਾ ਦੀ ਹੋਂਦ ਗਲ ਹੈ। ਉਸ ਵੇਲੇ ਸਾਰੀ ਮੋਜੂਦਾ ਹੋਂਦ (Existence) ਇੱਕ ‘ਅਕਾਲ ਅਤੇ ਨਿਰਾਕਾਰ‘ ਦੇ ਅਭੇਦ ਵਿਸਮਾਦ ਦੀ ਘੜੀ (Watch) ਦੇ ਅੰਦਰ ਘੁੰਮਣ ਵਾਲੀਆਂ ਛੋਟਿਆਂ ਸੁਈਆਂ ਪ੍ਰਤੀਤ ਹੁੰਦੀਆਂ ਹਨ ਜੋ ਕੇਵਲ ‘ਅਕਾਲ‘ ਦੇ ਅੰਦਰ ਦੇ ਪਲਾਂ (ਕਾਲ) ਦਾ ਪ੍ਰਗਟਾਵਾ ਹਨ। ਜਿਸ ਵੇਲੇ ਵਿਗਿਆਨੀ ਸਾਬਤ ਕਰਦੇ ਹਨ ਕਿ ਬ੍ਰ੍ਹਮੰਡ 15 ਅਰਬ ਸਾਲ ਪਹਿਲਾਂ ਆਰੰਭ ਹੋਇਆਂ ਤਾਂ ਉਹ ਇੱਕ ‘ਅਕਾਲ‘ ਦੇ ਅੰਦਰ ਇੱਕ ਕਾਲ ਅਤੇ ਅਕਾਰ (Time Span and existence) ਦੇ ਸੰਧਰਭ ਦੀ ਗਲ ਕਰਦੇ ਪ੍ਰਤੀਤ ਹੁੰਦੇ ਹਨ। ਪਰ ਜੇਕਰ ਗਲ 30 ਅਰਬ ਸਾਲ ਦੀ ਕਰੀਏ ਤਾਂ ਉਹ ਸਮਾਂ ਕਿਸੇ ਅਕਾਰ ਨਾਲ ਨਾ ਜੁੜਨ ਕਾਰਣ ਅਕਾਲ ਸਾਬਤ ਹੁੰਦਾ ਹੈ ਕਿਉਂਕਿ ਉਸ ਸਮੇਂ ਦੇ ਬਰਾਬਰ ਕਿਸੇ ਹੋਂਦ ਦਾ ਕੋਈ ਸੰਧਰਭ (Reference) ਵਿਸ਼ਲੇਸ਼ਣ ਲਈ ਨਹੀ ਮਿਲਦਾ। ਇਹ ਅਵਸਥਾ ਇੱਕ ਸੁੰਨ ਦੀ ਅਵਸਥਾ ਹੈ। ਇਹ ਸੁੰਨ ਨਿਰੰਤਰ ਹੈ ਕਿਉਂਕਿ ਕੇਵਲ ਇਹੀ ਕਾਲ ਤੋਂ ਬਾਹਿਰ ਹੈ। ਇਹ ‘ਸੁੰਨ‘ ਅਕਾਲ ਅਤੇ ਨਿਰਾਕਾਰ ਹੁੰਦੇ ਹੋਏ ਵੀ ਕਾਲ ਅਤੇ ਸਕਾਰ ਰੂਪਾਂ ਦੇ ਪ੍ਰਗਟਾਵੇ ਦੀ ਸਮਰਥਾ ਰੱਖਦਾ ਹੈ। ਇਸ ਸਮਰਥਾ ਦਾ ‘ਇਕੋ‘ ਕਾਰਣ ਹੈ ਪਹਿਲਾ ਕਾਰਣ। ਯਾਨੀ ਬਾਦ ਦੇ ਸਾਰੇ ਕਾਰਣਾ ਦਾ ਕਾਰਣ। ਉਹ ਕਾਰਣ ਜਿਸ ਨੂੰ ਗੁਰਬਾਣੀ ਵਿੱਚ ਪਰਮਾਤਮਾ ਅਤੇ ਉਸਦਾ ਹੁਕਮ ਕਿਹਾ ਗਿਆ ਹੈ। ਗੁਰੂ ਨਾਨਕ ਜੀ ਫੁਰਮਾਉਂਦੇ ਹਨ:-

ਤੁਧੁ ਆਪੇ ਕਾਰਣੁ ਆਪੇ ਕਰਣਾ ॥ (563)

Meaning: - You yourself are the Cause of causes, You Yourself are the Creator.

ਤੂ ਅਚਰਜੁ ਕੁਦਰਤਿ ਤੇਰੀ ਬਿਸਮਾ॥੧॥ (563)

Meaning:-You are wonderful! Your creative potency is amazing!

ਜਿਸ ਵੇਲੇ ਕੁੱਝ ਨਹੀਂ ਸੀ ਤਾਂ ਉਹ ਅਵਸਥਾ ਸੁੰਨ ਸੀ। ਮੁਕੰਮਲ ਖਾਲੀਪਨ। ਲੇਕਿਨ ਵਿਚਾਰ ਦੀ ਲੋੜ ਹੈ ਕਿ ਉਹ ਕਿਹੜੀ ਸਮਰਥਾ ਸੀ ਜਿਸ ਅੰਦਰ ਮੁਕੰਮਲ ਖਾਲੀ ਗਰਭ ਵਿੱਚ ਕੁੱਝ ੳਤਪੰਨ ਕਰਨ ਦੀ ਸਮਰਥਾ ਸੀ? ਵਿਗਿਆਨ ਇਸ ਵਿਸ਼ੇ ਤੇ ਕੁੱਝ ਸਥਾਪਿਤ ਕਰਣ ਦੀ ਹਾਲਤ ਵਿੱਚ ਨਹੀਂ ਕਿਉਂਕਿ ਵਿਗਿਆਨ ਪਾਸ ਇੱਕ ਅਣਹੋਂਦ ਵਰਗੀ ਅਵਸਥਾ ਦੇ ਪ੍ਰਤੀ ਕੋਈ ਐਸਾ ਅਧਾਰ ਨਹੀਂ ਜਿਸ ਦੇ ਵਿਗਿਆਨਕ ਵਿਸ਼ਲੇਸ਼ਣ ਰਾਹੀਂ ਉਹ ਕੋਈ ਠੋਸ ਨਿਰਨਾ ਦੇ ਸਕੇ। ਵਿਗਿਆਨ ਨੂੰ ਤਾਂ ਵਿਸ਼ਲੇਸ਼ਣ ਲਈ ਅਧਾਰ ਚਾਹੀਦਾ ਹੈ ਜੋ ਕਿ ਸਮਪੁਰਣ ਅਣਹੋਂਦ ਦੀ ਸਥਿਤੀ ਵਿੱਚ ਤਾਂ ਮੌਜੂਦ ਹੀ ਨਹੀਂ। ਇਥੇ ਵਿਗਿਆਨ ਨੂੰ ਅਗੇ ਤੁਰਨ ਲਈ ਆਪ ਤਰਕ ਅਧਾਰਤ ਫ਼ਲਸਫ਼ੇ ਦੀ ਲੋੜ ਹੈ ਜੋ ਉਸ ਨੂੰ ਅਜੇ ਤਕ ਨਾ ਸਮਝ ਵਿੱਚ ਆ ਸਕਣ ਵਾਲੇ ਭੇਦਾਂ ਦੀ ਪੜਚੋਲ ਵਾਸਤੇ ਜਿੰਦਾ ਰੱਖ ਸਕੇ। ਤਰਕ ਵਿਗਿਆਨ ਦਾ ਜਨਮ ਦਾਤਾ ਹੈ। ਸੁੰਨ ਅਵਸਥਾ ਦੀ ਹੋਂਦ ਅਤੇ ਉਸ ਦੇ ਗਰਬ ਵਿੱਚ ਹੋਂਦ (Universe) ਨੂੰ ਉਤਪਨ ਕਰਨ ਦੀ ਸਮਰਥਾ ਨੂੰ ਲੇਕੇ ਅਗੇ ਦੀ ਵਿਚਾਰ ਪ੍ਰਤੀ ਤਰਕ ਦਾ ਤਿਆਗ ਵਿਗਿਆਨ ਦੀ ਇਸ ਪੱਖੀ ਮੋਤ ਦੇ ਐਲਾਨ ਵਰਗੀ ਗਲ ਹੋਵੇਗੀ। ਕੀ ਸਟੀਫਨ ਹਾਕਿਂਸ ਇਸ ਨੂੰ ਪਸੰਦ ਕਰਨ ਗੇ?

ਤੇ ਫਿਰ ਨਾਲ ਹੀ ਇਹ ਸਵਾਲ ਕਿ ਜੇਕਰ ਉਸ ਵੇਲੇ ਵੀ ਪਦਾਰਥ ਆਪ ਅਪਣੇ ਆਪ ਤੋਂ ਹੀ ਕਿਸੀ ਰੂਪ ਵਿੱਚ ਮੋਜੂਦ ਸੀ ਤਾਂ ਕੀ ਉਸ ਵਿੱਚ ਹੀ ਉਹ ਚੇਤਨ ਸੀ ਜਿਸ ਨੇ ਬ੍ਰਹਮੰਡ ਦੇ ਵਿਕਾਸ ਕ੍ਰਮ ਦਾ ਅਗਾਜ਼ ਕੀਤਾ? ਜੇਕਰ ਨਿਰੋਲ ਪਧਾਰਥਵਾਦ ਪ੍ਰਤੀ ਆਸਥਾ ਦੀ ਗਲ ਕਰੀਏ ਤਾਂ ਇੱਕ ਪਧਾਰਥਵਾਦੀ ਨੂੰ ਇਸ ਸਵਾਲ ਤੇ ਡੂੰਗੇ ਚਿੰਤਨ ਦੀ ਲੋੜ ਹੈ ਕਿ ਪਦਾਰਥ ਦੇ ਮੂਲ ਦਾ ‘ਵਿਵਹਾਰ‘ ਕੀ ਪਧਾਰਥ ਦਾ ਮੂਲ ਚੇਤਨ ਤਾਂ ਨਹੀਂ ਸੀ? ਕੀ ਇਹ ਇੱਕ ਐਸੇ ਅਵਿਕਸਤ ਚੇਤਨ ਦਾ ਬੀਜ ਨਹੀਂ ਸੀ ਜਿਸਨੇ ਅਪਣੀ ਚਰਮ ਸੀਮਾ ਤੇ ਜਾ ਕੇ ਮਨੁੱਖਾ ਚੇਤਨ ਦਾ ਵਿਕਾਸ ਪ੍ਰਾਪਤ ਕੀਤਾ? ਨਿਸਚਤ ਤੋਰ ਤੇ ਅਸੀਂ ਪਧਾਰਥ ਦੇ ਵਿਵਹਾਰ ਤੋਂ ਇਨਕਾਰੀ ਨਹੀਂ ਹੋ ਸਕਦੇ। ਐਟਮ ਵੀ ਇੱਕ ਵਿਵਹਾਰ ਵਿੱਚ ਬੱਜਿਆ ਹੋਇਆ ਹੈ। ਇਹ ਪਦਾਰਥ ਦਾ ਵਿਵਹਾਰ ਹੀ ਹੈ ਜਿਹੜਾ ਕਿ ਵਿਕਾਸ ਜਾਂ ਵਿਨਾਸ ਦੀ ਲਾਜ਼ਮੀ ਸ਼ਰਤ ਬਣਦਾ ਹੋਇਆ ਦੋਹਾਂ ਨੂੰ ਸੰਘਠਿਤ ਕਰਦਾ ਹੈ। ਤਾਂ ਫਿਰ ਇਹ ਸਵਾਲ ਕਿ ਕੀ ਵਿਵਹਾਰ ਪਹਿਲੇ ਸੀ ਜਾਂ ਫਿਰ ਪਦਾਰਥ ਇੱਕ ਨਵੀਂ ਚੁਨੋਤੀ ਨੂੰ ਸਾਡੇ ਸ੍ਹਾਮਣੇ ਖੜਾ ਕਰਦਾ ਹੈ। ਇਸ ਨੁਕਤੇ ਤੇ ਪਧਾਰਥ ਪਹਿਲੇ ਜਾਂ ਭੋਤਿਕ ਅਕਰਸ਼ਨ (Gravity) ਵਰਗੇ ਸਵਾਲ ਦੀ ਪੜਚੋਲ ਜਰੂਰੀ ਬਣਦੀ ਹੈ। ਕੀ ਭੋਤਿਕ ਆਕਰਸ਼ਨ (Gravitational Force) ਨੇ ਸਭ ਕੁੱਝ ਕੀਤਾ ਜਾਂ ਪਰਮਾਤਮਾ ਨੇ ਭੋਤਿਕ ਆਕਰਸ਼ਨ ਰਾਹੀ ਕੁੱਝ ਵਾਪਰ ਜਾਂਣ ਦੀ ਸਮਰਥਾ ਬਖਸ਼ੀ?

ਮੱਨੁਖਾ ਚੇਤਨ (Mind/Soul) ਵਰਗੀ ਪੱਧਰ ਦੀ ਪ੍ਰਾਪਤੀ ਸਰੀਰ ਰਾਹੀਂ ਹੀ ਸੰਭਵ ਹੈ ਇਸ ਵਿੱਚ ਸ਼ਕ ਨਹੀਂ। ਇਸ ਪ੍ਰਾਪਤੀ ਦਾ ਅਧਾਰ ਮਨੁੱਖਾ ਸਰੀਰ ਹੈ। ਪਰ ਐਟਮ ਦੇ ਵਿਵਹਾਰ ਦਾ ਅਧਾਰ ਕੀ ਹੈ? ਇਸ ਪੇਚੀਦਾ ਸਵਾਲ ਦੇ ਹਲ ਦਾ ਇੱਕ ਸੰਭਾਵਿਤ (Expected) ਉੱਤਰ ਇਹ ਹੋ ਸਕਦਾ ਹੈ ਕਿ ਐਟਮ ਅਤੇ ਉਸਦਾ ਵਿਵਹਾਰ ਇੱਕ ਦੂਜੇ ਤੇ ਨਿਰਭਰ ਹਨ। ਯਾਨੀ ਕਿ ਜੇਕਰ ਐਟਮ ਨਹੀ ਤਾਂ ਵਿਵਹਾਰ ਨਹੀ ਅਤੇ ਜੇ ਕਰ ਵਿਵਹਾਰ ਨਹੀਂ ਤਾਂ ਐਟਮ ਨਹੀਂ। ਇਸ ਜਵਾਬ ਵਿੱਚ ਐਟਮ ਅਤੇ ਉਸਦੇ ਵਿਵਹਾਰ ਦੀ ਸਮਸਿਆ ਦਾ ਜਵਾਬ ਤਾਂ ਪ੍ਰਤੀਤ ਹੁੰਦਾ ਹੈ ਪਰ ਪਦਾਰਥ ਨੂੰ ਅਪਣੇ ਆਪ ਤੋਂ ਆਪ ਕਹਿ ਕੇ ਪਧਾਰਥ ਵਾਦੀ ਅਪਣੇ ਦੂਆਰਾ ਆਪ ਰੱਬ ਦੀ ਹੋਦ ਦੇ ਖ਼ਿਲਾਫ ਵਰਤੇ ਜਾਂਦੇ Casue ਅਤੇ Effect ਦੇ ਹਥਿਆਰ ਨੂੰ ਸੁੱਟ ਦਿੰਦੇ ਹਨ।

ਪਰ ਗੁਰਬਾਣੀ ਦੇ ਸੁਤਰ ਇੱਕ ਤਰਕ ਪੁਰਣ ਅਵਸਥਾ ਵੱਲ ਇਸ਼ਾਰਾ ਕਰਦੇ ਹਨ ਜਿਸਦੀ ਪੜਚੋਲ ਕਰਦੇ ਸਾਨੂੰ ਇੱਕ ਐਸੀ ਸੁੰਨ ਦੀ ਅਵਸਥਾ ਦਾ ਸੰਕੇਤ ਮਿਲਦਾ ਹੈ ਜਿਸ ਵਿੱਚ ਪਦਾਰਥ ਦੀ ਕੋਈ ਹੋਂਦ ਨਹੀਂ ਸੀ ਪਰ ਨਿਸ਼ਚਤ ਤੋਰ ਤੇ ਉਸ ਸੁੰਨ ਦੇ ਗਰਭ ਵਿੱਚ ਇੱਕ ਐਸੀ ਚੇਤਨਾ ਸੀ ਜੋ ਪਦਾਰਥ ਤੋਂ ਬਾਹਿਰ ਸੀ ਅਤੇ ਜਿਸ ਵਿੱਚ ‘ਨਿਰਾਕਾਰ ਅਤੇ ਅਕਾਲ ਸੁੰਨ‘ ਵਿੱਚ ਪਦਾਰਥ ਦੀ ਉਤਪਤਿ ਦਾ ਸਮਰਥ ਸੀ। ਸੁੰਨ ਅਤੇ ਸੁੰਨ ਦੀ ਚੇਤਨਾ ਇੱਕ ਅਕਾਰ ਹੀਣ ਅਵਸਥਾ ਸੀ ਜੋ ਕਿ ਸਮੇਂ ਦੇ ਉਸ ਮਾਪਦੰਡ ਤੋਂ ਬਾਹਿਰ ਸੀ ਜਿਸਦਾ ਅਗਾਜ਼ ਪਦਾਰਥ ਦੀ ਹੋਂਦ ਪ੍ਰਤੀ ਮਨੁੱਖਾ ਸਮਝ ਤੋਂ ਆਰੰਭ ਹੁੰਦਾ ਹੈ। ਇਸ ਲਈ ਇਹ ਅਕਾਲ ਹੈ ਕਿਉਂਕਿ ਇਸ ਦੇ ਹੋਂਣ ਦੀ ਅਵਸਥਾ ਪ੍ਰਤੀ ਤਾਂ ਅਸੀਂ ਸੁਚੇਤ ਹੋ ਸਕਦੇ ਹਾਂ ਪਰ ਸਾਨੂੰ ਇਸ ਅਵਸਥਾ ਦੇ ਆਰੰਭ ਦੀ ਕੋਈ ਜਾਣਕਾਰੀ ਨਹੀਂ ਹੋ ਸਕਦੀ। ਅਸੀਂ ਕੇਵਲ ਉਸ ਸੁੰਨ ਦੇ ਚੇਤਨ ਰਾਹੀਂ ਉਪਜੇ ਅਕਾਰਾਂ ਤੋਂ ਉਸ ਦੀ ਸ਼ਿਨਾਖਤ ਕਰਦੇ ਹੋਏ ਉਸ ਦੀ ਹੋਂਦ ਦੇ ਸਬੂਤ ਨੂੰ ਸਵੀਕਾਰ ਕਰ ਸਕਦੇ ਹਾਂ। ਅਤੇ ਨਿਸਚਤ ਤੋਰ ਤੇ ਗੁਰੁ ਨਾਨਕ ਦੀ ਇਸ ਗਲ ਨੂੰ ਸਵੀਕਾਰ ਸਕਦੇ ਹਾਂ ਕਿ:

ਤੂ ਅਚਰਜੁ ਕੁਦਰਤਿ ਤੇਰੀ ਬਿਸਮਾ॥੧॥ (563)

Meaning:-You are wonderful! Your creative potency is amazing!

ਇਥੇ ਤਰਕ ਇੱਕ ਅਕਾਲ, ਨਿਰਾਕਾਰ ਅਤੇ ਇਨਾਂ ਦੋਹਾਂ ਨੂੰ ਨਿਯੰਤ੍ਰਤ (Control) ਕਰਦੀ ਰੱਬੀ ਚੇਤਨਾ ਦੀ ਹੋਂਦ ਦੇ ਹੋਂਣ ਵੱਲ ਇਸ਼ਾਰਾ ਕਰਦਾ ਹੈ। ਇਹ ਹੋਂਦ ਅਜੂਨੀ ਹੈ ਲੇਕਿਨ ਸਮਸਤ ਅਕਾਰਾਂ ਦੇ ਪ੍ਰਗਟਾਵੇ ਵਿੱਚ ਸਮਰਥ ਹੈ।

ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ॥ (940)

From His state of absolute existence, He assumed the immaculate form; from formless, He assumed the supreme form.

ਇਹ ਪਰਮਾਤਮਾ ਦੀ ਹੀ ਹੋਂਦ ਹੈ ਜਿਸਦੇ ਰੂਪ ਨੂੰ ਉਸਦੇ ਸਬੂਤ ਵਜੋਂ ਗੁਰੂ ਨਾਨਕ ਨੇ ਇੰਝ ਬਿਆਨ ਕੀਤਾ ਹੈ।

ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥{ਪੰਨਾ 141}

Meaning:-O Nanak, the True One is the Giver of all; He is to be recognized through His All-powerful Creative Nature. ||8||

ਰੱਬ ਹੈ ਅਤੇ ਉਸਦੀ ਹੋਂਦ ਦੀ ਸ਼ਿਨਾਖਤ ਇਹ ਕੁਦਰਤ ਹੈ ਜੋ ਪੈਦਾ ਕਰਦੀ ਹੈ, ਪਾਲਦੀ ਹੈ ਅਤੇ ਵਿਨਾਸ ਵੀ ਕਰਦੀ ਹੈ। ਕੀ ਸਟੀਫਨ ਹਾਕਿਂਸ ਜੀ ਇਸ ਤੋਂ ਇਨਕਾਰੀ ਹੋ ਸਕਦੇ ਹਨ? ਨਿਰ-ਸੰਦੇਹ ਨਹੀਂ।

ਸਿੱਖ ਫ਼ਲਸਫ਼ੇ ਵਿੱਚ ਇਹ ਪਰਮਾਤਮਾ ਦਾ ਸਬੂਤ ਹੈ ਜਿਸ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ। ਇਸ ਸ਼ਿਨਾਖਤ ਤੋਂ ਬਾਹਿਰ ਵੀ ਪਰਮਾਤਮਾ ਹੈ ਜਰੂਰ ਪਰ ਵਿਸਮਾਦ ਹੈ। ਅਸੀਂ ਕੇਵਲ ਉਸ ਦੇ ਚੇਤਨ ਦੀ ਹੋਂਦ ਨੂੰ ਮਹਸੂਸ ਕਰ ਸਕਦੇ ਹਾਂ ਜਿਸ ਨੇ ਸੁੰਨ ਦੇ ਖਾਲੀ ਗਰਭ ਵਿੱਚ ਹੋਂਦ ਦੇ ਹੋਣ ਦਾ ਸਮਰਥ ਪ੍ਰਧਾਨ ਕੀਤਾ ਹੈ। ਕੀ ਸਟੀਫਨ ਹਾਕਿਂਸ ਜੀ ਇਸ ਤੋਂ ਇਨਕਾਰੀ ਹੋ ਸਕਦੇ ਹਨ? ਨਿਰ-ਸੰਦੇਹ ਨਹੀਂ।

ਇਸ ਵਿਸ਼ੇ ਤੇ ਗੁਰਮਤਿ ਅਨੁਸਾਰ ਬਾਕੀ ਦੀ ਟਿੱਪਣੀ ਸਟੀਫਨ ਹਾਕਿਂਸ ਜੀ ਦੀ ਕਿਤਾਬ ਪੜਨ ਦੇ ਬਾਦ ਦੇਂਣ ਦਾ ਜਤਨ ਕਰਾਂਗਾ।

ਹਰਦੇਵ ਸਿੰਘ, ਜੰਮੂ

(ਨੋਟ:- ਹਰਦੇਵ ਸਿੰਘ ਦਾ ਕਹਿਣਾ ਹੈ ਕਿ ਉਹ ‘ਸਿੱਖ ਮਾਰਗ’ ਤੇ ਨੋਟ ਪੜ੍ਹਨ ਤੋਂ ਪਹਿਲਾਂ ਇਹ ਲੇਖ ਹੋਰ ਥਾਵਾਂ ਤੇ ਵੀ ਭੇਜ ਚੁੱਕਾ ਸੀ, ਇਸ ਲਈ ਇਸ ਲੇਖ ਨੂੰ ਪਾ ਰਹੇ ਹਾਂ-ਸੰਪਾਦਕ)




.