.

ਰੋਸੁ ਨਾ ਕੀਜੈ ਉਤਰੁ ਦੀਜੈ
ਡਾ. ਗੁਰਮੀਤ ਸਿੰਘ ‘ਬਰਸਾਲ’ਕੈਲੇਫੋਰਨੀਆਂ

ਇਹ ਗੁਰਵਾਕ ਸਿੱਧਾਂ ਨਾਲ ਵਿਚਾਰ-ਵਿਟਾਂਦਰੇ ਦੌਰਾਨ ਵਰਤਿਆ ਗਿਆ ਸੀ । ਅੱਜ ਕੱਲ ਇਸਦੀ ਵਰਤੋਂ ਅਕਸਰ ਹੀ ਵਿਚਾਰਾਂ ਦੇ ਅਦਾਨ-ਪ੍ਰਦਾਨ ਵੇਲੇ ਕੀਤੀ ਜਾਂਦੀ ਹੈ । ਵਿਦਵਾਨਾਂ ਦੀ ਚਰਚਾ ਮੁੱਢ ਕਦੀਮੋ ਹੀ ਚਲਦੀ ਆਈ ਹੈ । ਗੁਰੂ ਸਾਹਿਬ ਨੇ ਹੀ ਅਸਲ ਵਿਚ ਸਿਖਾਂ ਅੰਦਰ ਇਹ ਵਿਚਾਰ ਚਰਚਾ ਦਾ ਮੁੱਢ ਬੰਨਿਆ । ਸੰਸਾਰ ਵਿਚ ਸੋਚਣੀ ਦਾ ਪੱਧਰ ਕਦੇ ਵੀ ਇੱਕ ਨਹੀਂ ਹੋਇਆ। ਸੋਚਣੀ ਦੇ ਵੱਖਰੇ-ਵੱਖਰੇ ਪੱਧਰ ਮੁੱਢੋਂ ਹੀ ਵਿਚਾਰ-ਵਟਾਂਦਰਿਆਂ ਦਾ ਅਧਾਰ ਬਣਦੇ ਆਏ ਹਨ । ਵਿਚਾਰਾਂ ਰਾਹੀਂ ਇੱਕ ਦੂਜੇ ਨੂੰ ਨੀਵਾਂ ਦਿਖਾਣ ਦੀ ਪਿਰਤ ਵੀ ਬਹੁਤ ਪੁਰਾਣੀ ਹੈ । ਕਮਜੋਰ ਵਿਚਾਰਾਂ ਵਾਲੇ ਦਾ ਅਗਲਾ ਹਮਲਾ ਵਿਰੋਧੀ ਦੀ ਨਿੱਜੀ ਜਿੰਦਗੀ ਹੀ ਹੁੰਦਾ ਹੈ । ਅਸਲ ਵਿੱਚ ਅਜਿਹਾ ਕਰਕੇ ਉਹ ਆਪਣੇ ਹੀ ਕਮਜੋਰ ਵਿਚਾਰਾਂ ਦੀ ਪ੍ਰੋੜਤਾ ਕਰ ਰਿਹਾ ਹੁੰਦਾ ਹੈ । ਮਜ਼ਹਬੀ ਮਨੁੱਖ ਲਈ ਮਜ਼ਹਬੀ ਵਿਚਾਰ ਪਹਿਲਾਂ ਹੁੰਦੇ ਹਨ ਬਾਕੀ ਬਾਅਦ ਵਿੱਚ, ਜਦ ਕਿ ਰਾਜਨੀਤਿਕ ਲਈ ਕੇਵਲ ਰਾਜਨੀਤੀ ਨੂੰ ਹੀ ਉੱਪਰ ਰੱਖਣਾ ਹੁੰਦਾ ਹੈ । ਗੁਰੂ ਨਾਨਕ ਸਾਹਿਬ ਦੇ ਰਸਤੇ ਤੇ ਚਲਣ ਵਾਲਾ ਕੇਵਲ ਤੇ ਕੇਵਲ ਸੱਚ ਲਈ ਤੁਰਦਾ ਹੈ । ਉਸਦਾ ਮਜ਼ਹਬ ਤੇ ਰਾਜਨੀਤੀ ਦੋਵੇਂ ਸੱਚ ਧਰਮ ਲਈ ਹੀ ਹੁੰਦੇ ਹਨ ।
ਕਲਮ ਦੀ ਤਾਕਤ ਸਦਾ ਤਲਵਾਰ ਨਾਲੋਂ ਜਿਆਦਾ ਮੰਨੀ ਗਈ ਹੈ । ਲੱਖਾਂ ਸ਼ਹਾਦਤਾਂ ਨਾਲ ਲਈ ਅਜਾਦੀ ਨੂੰ ਕੁਝ ਲੋਕਾਂ ਨੇ ਕਿੰਝ ਕਲਮ ਨਾਲ ਗੁਲਾਮੀ ਵਿੱਚ ਬਦਲ ਦਿੱਤਾ ਹੈ ਸਭ ਜਾਣਦੇ ਹਨ । ਪਰ ਕਦੇ ਕਦੇ ਸੱਚ ਦੀ ਤੜਫ ਰੱਖਣ ਵਾਲੀਆਂ ਕਲਮਾਂ ਆਪਸ ਵਿੱਚ ਟਕਰਾ ਜਾਂਦੀਆਂ ਹਨ । ਗੱਲ ਕੇਵਲ ਸਿਧਾਂਤ ਨੂੰ ਸਮਝਣ ਲਈ ਵਰਤੇ ਗਏ ਆਪੋ ਆਪਣੇ ਦ੍ਰਿਸ਼ਟੀ ਕੋਣ ਅਤੇ ਮਾਪਦੰਡ ਦੀ ਹੁੰਦੀ ਹੈ । ਕਈ ਵਾਰ ਤਾਂ ਪਾਣੀ ਦੇ ਅੱਧੇ ਭਰੇ ਗਿਲਾਸ ਨੂੰ ਅੱਧਾ ਖਾਲੀ ਜਾਂ ਅੱਧਾ ਭਰਿਆ ਕਹਿਣਾ ਹੁੰਦਾ ਹੈ । ਸ਼ਬਦਾਵਲੀ ਭਾਵਨਾ ਤੇ ਨਿਰਭਰ ਕਰਦੀ ਹੈ । ਵਿਰੋਧੀ ਵਿਚਾਰਾਂ ਨੇ ਤਾਂ ਟਕਰਾਉਣਾ ਹੀ ਹੁੰਦਾ ਹੈ, ਕਈ ਵਾਰ ਇੱਕੋ ਭਾਵਨਾ ਵਾਲੇ ਵਿਚਾਰ ਵੀ ਟਕਰਾਉਂਦੇ ਜਾਪਦੇ ਹਨ । ਅਜਿਹੇ ਸਮੇਂ ਇੱਕ ਦੂਜੇ ਪ੍ਰਤੀ ਅਸਿਹਮਤੀ ਅਤੇ ਭਾਵਨਾਤਮਿਕ ਅਵਿਸ਼ਵਾਸ ਨਿੱਜੀ ਕਾਰਣਾ ਦਾ ਪ੍ਰਗਟਾਵਾ ਹੁੰਦਾ ਹੈ । ਕਦੇ-ਕਦੇ ਇੱਕ ਕਲਮ ਆਪਣੀ ਠੇਕੇਦਾਰੀ ਸਥਾਪਿਤ ਕਰ ਰਹੀ ਪਰਤੀਤ ਹੁੰਦੀ ਹੈ । ਕਈ ਵਾਰੀ ਦੋ ਵਿਰੋਧੀ ਵਿਚਾਰਾਂ ਨੂੰ ਕਾਟ ਕਰ ਰਹੀ ਤੀਜੀ ਕਲਮ ਕਿਸੇ ਨਤੀਜੇ ਤੇ ਨਾਂ ਪਹੁੰਚਾ ਕੇਵਲ ਆਪਣੀ ਸਥਾਪਤੀ ਦਾ ਅਹਿਸਾਸ ਕਰਵਾਉਣ ਦਾ ਪ੍ਰਗਟਾਵਾ ਕਰਦੀ ਹੀ ਮਹਿਸੂਸ ਹੁੰਦੀ ਹੈ । ਕਈ ਵਾਰ ਜਦੋਂ ਇੱਕ ਕਲਮ ਦੀ ਸੁਰ ਦੂਜੀ ਕਲਮ ਨਾਲ ਨਹੀਂ ਮਿਲਦੀ ਤਾਂ ਝੱਟ ਵਿਰੋਧੀ ਕਲਮ ਤੇ ਧਰਮ ਵਿਰੋਧੀ ਅਤੇ ਸਮਾਜ ਵਿਰੋਧੀ ਹੋਣ ਦਾ ਦੋਸ਼ ਮੜਦੀ ਹੋਈ ਉਸਨੂੰ ਕਿਸੇ ਵੱਖਰੀ ਵਿਚਾਰਧਾਰਾ ਬਿਆਨ ,ਖੁਦ ਨੂੰ ਸੱਚ ਧਰਮ ਅਤੇ ਸਮਾਜ ਪੱਖੀ ਹੋਣ ਦੀ ਚੇਸਠਾ ਰੱਖਦੀ ਜਾਪਦੀ ਹੈ ।
ਭੁਲਣ ਅੰਦਰ ਸਭੁ ਕੋ ਅਭੁਲੁ ਗੁਰੂ ਕਰਤਾਰੁ(ਪੰਨਾ61) ਦੇ ਮਹਾਂਵਾਕ ਦੇ ਵਿਰੁੱਧ ਜਾ ਕਈ ਕਲਮਾਂ ਕਿਸੇ ਵਿਅੱਕਤੀ ਵਿਸੇਸ਼ ਜਾਂ ਸਖਸ਼ੀਅਤ ਨੂੰ ਗੁਰੂ ਵਾਂਗ ਹੀ ਅਭੁੱਲ ਮੰਨ ਬੈਠਦੀਆਂ ਹਨ । ਉਸਦਾ ਕਿਸੇ ਖਾਸ ਖੇਤਰ ਵਿੱਚ ਕੀਤਾ ਹੋਇਆ ਕੰਮ ਵੀ ਅਭੁੱਲ ਜਾਪਦਾ ਹੈ । ਕਦੇ ਕਦੇ ਕਿਸੇ ਖਾਸ ਖੇਤਰ ਦੀ ਮੁਹਾਰਤ ਪ੍ਰਾਪਤ ਵਿਅੱਕਤੀ ਵਿਸ਼ੇਸ਼ ਨੂੰ ਸਰਬ ਖੇਤਰਾਂ ਦਾ ਆਦਰਸ਼ ਮਾਡਲ ਆਗੂ ਮੰਨ ਲਿਆ ਜਾਂਦਾ ਹੈ । ਜਿਵੇਂ ਇੱਕ ਮਹਾਨ ਯੋਧੇ ਨੂੰ ਮਹਾਨ ਵਿਦਵਾਨ ਜਾਂ ਇੱਕ ਖਾਸ ਖੇਤਰ ਦੇ ਵਿਦਵਾਨ ਨੂੰ ਸਰਬ ਖੇਤਰੀ ਵਿਦਵਾਨ । ਅਸੀਂ ਸਭ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਰੱਬੀ ਬਾਣੀ ਦੇ ਸੌ ਪ੍ਰਤੀਸ਼ਤ ਸਹੀ ਅਰਥ ਕਰ ਸਕਣਾ ਅਤੇ ਉਹਨਾ ਅਰਥਾਂ ਦੇ ਸੌ ਪ੍ਰਤੀਸ਼ਤ ਠੀਕ ਹੋਣ ਦਾ ਦਾਅਵਾ ਕਰ ਸਕਣਾ ਵੀ ਸੰਭਵ ਨਹੀਂ ਹੁੰਦਾ, ਹਾਲਾਂ ਕਿ ਗੁਰਗਿਆਨ ਦੇ ਕਾਫੀ ਨਜਦੀਕ ਪੁੱਜ ਸਕਣਾ ਅਸੰਭਵ ਨਹੀਂ । ਇਸੇ ਤਰਾਂ ਪ੍ਰੋ.ਸਾਹਿਬ ਸਿੰਘ ਜੀ ਦੇ ਕੀਤੇ ਅਰਥ, ਹੁਣ ਤੱਕ ਦੇ ਕੀਤੇ ਅਰਥਾਂ ਵਿੱਚੋਂ ਸੱਚ ਦੀ ਖੋਜ ਲਈ ਕੀਤੇ ਯਤਨਾ ਵਿੱਚ ਸਭ ਤੋਂ ਵੱਧ ਮਹੱਤਵਪੂਰਣ ਸਥਾਨ ਰੱਖਦੇ ਹਨ । ਪਰ ਇਹ ਕਹਿਣਾ ਕਿ ਉਹਨਾ ਨੇ ਕੰਮ ਕਰਦੇ ਸਮੇ ਕਦੇ ਟਪਲਾ ਖਾਦਾ ਹੀ ਨਹੀਂ ,ਵੀ ਗੁਰਸਿਧਾਂਤ ਦੇ ਖਿਲਾਫ ਹੈ । ਇਸੇ ਤਰਾਂ ਭਾਈ ਕਾਹਨ ਸਿੰਘ ਨਾਭਾ ਦਾ ਕੀਤਾ ਕੰਮ ਵੀ ਗੁਰਮਿਤ ਖੋਜੀਆਂ ਲਈ ਜਿੱਥੇ ਚਾਨਣ ਮੁਨਾਰਾ ਹੈ ਉੱਥੇ ਉਹਨਾ ਦੇ ਵੀ ਕਿਤੇ ਭੁਲੇਖਾ ਖਾ ਸਕਣ ਦੀ ਗੁੰਜਾਇਸ਼ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ । ਭਾਈ ਰਣਧੀਰ ਸਿੰਘ ਜੀ ਨੇ ਜਿਸ ਕਸਵੱਟੀ ਨਾਲ ਰਾਗਮਾਲਾ ਨੂੰ ਗੁਰੂ ਕ੍ਰਿਤ ਹੋਣ ਤੋਂ ਇਨਕਾਰ ਕੀਤਾ ਉਸੇ ਕਸਵੱਟੀ ਨਾਲ ਉਹਨਾਂ ਦਸਮ ਗ੍ਰੰਥ ਨੂੰ ਨਹੀਂ ਵਿਚਾਰਿਆ । ਗੁਰਬਾਣੀ ਅਨੁਸਾਰ ਖੁਦ ਕਰਤਾਰ ਜਾਂ ਗੁਰੂ ਤੋਂ ਬਿਨਾ ਕਿਸੇ ਨੂੰ ਵੀ ਅਭੁੱਲ ਨਹੀਂ ਕਿਹਾ ਜਾ ਸਕਦਾ । ਭੁੱਲ ਹੋਣ ਦੇ ਡਰੋਂ ਸ਼ਬਦ ਖੋਜ ਵਿਚਾਰ ਰੁੱਕ ਵੀ ਨਹੀਂ ਸਕਦੀ । ਪੁਰਾਣੀਆਂ ਸਖਸ਼ੀਅਤਾਂ ਤੋਂ ਸੇਧ ਲੈ ਉਹਨਾਂ ਦੇ ਹੀ ਤੋਰੇ ਮਾਰਗ ਤੇ ਚਲਕੇ ਇਸ ਖੋਜ-ਵਿਚਾਰ ਦੀ ਪਿਰਤ ਨੂੰ ਅੱਗੇ ਲਜਾਣਾ ਹੈ । ਖੋਜ ਸਮੇ ਜੇ ਕਿਸੇ ਸਥਾਪਿਤ ਸਖਸ਼ੀਅਤ ਨਾਲ ਵਿਚਾਰ ਮੇਲ ਨਹੀਂ ਖਾਂਦੇ ਤਾਂ ਉਸ ਸਖਸ਼ੀਅਤ ਤੇ ਹਮਲਾ ਨਹੀਂ ਮਨਿਆ ਜਾ ਸਕਦਾ । ਸ਼ਬਦ ਵਿਚਾਰ ਵਿੱਚ ਵੱਖਰੇ-ਵੱਖਰੇ ਦ੍ਰਿਸ਼ਟੀਕੋਣ ਹੋ ਸਕਦੇ ਹਨ । ਜਰੂਰੀ ਨਹੀਂ ਕਿ ਹਰ ਦ੍ਰਿਸ਼ਟੀਕੋਣ ਹਰ ਇੱਕ ਦੀ ਪਹੁੰਚ ਵਿੱਚ ਹੋਵੇ । ਕਈ ਕਲਮਾਂ ਸਿਰਫ ਸ਼ਾਬਦਿਕ ਅਰਥ ਹੀ ਕਰਦੀਆਂ ਹਨ । ਕਈ ਇੱਕ ਜਾਂ ਦੋ ਪੰਗਤੀਆਂ ਨਾਲ ਅਰਥ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਹਨ । ਕਈ ਪੂਰੇ ਸ਼ਬਦ ਤੋਂ ਬਿਨਾਂ ਅਰਥ ਸਮਝ ਆ ਜਾਣਾ ਅਸੰਭਵ ਮੰਨਦੀਆਂ ਹਨ । ਕਈ ਕਲਮਾਂ ਪੂਰੇ ਪ੍ਰਕਰਣ ਦੇ ਸਮੁੱਚੇ ਸ਼ਬਦਾਂ ਤੋਂ ਸਾਂਝੇ ਅਰਥ ਲੈਕੇ ਅੱਗੇ ਵਧਦੀਆਂ ਹਨ । ਕਈ ਵੱਧ ਤੋਂ ਵੱਧ ਸਮਝ ਆ ਚੁੱਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਅਨੁਸਾਰ ਉੱਸਰੇ ਭਵਿਖ-ਮੁਖੀ ਸੰਪੂਰਨ ਮਨੁੱਖ ਦੇ ਆਦਰਸ਼ ਮਾਡਲ ਅਨੁਸਾਰ ਹੀ ਵਿਰੋਧਾਭਾਸ ਵਾਲੇ ਸ਼ਬਦਾਂ ਦੇ ਅਰਥ ਕਰਨਾ ਗੁਰਮਤਿ ਅਨੁਸਾਰੀ ਅਤੇ ਮਨੁੱਖਤਾ ਦੇ ਭਲੇ ਵਿੱਚ ਗਿਣਦੀਆਂ ਹਨ । ਇਸੇ ਸੋਚ ਨੇ ਤੱਤ ਗੁਰਮਤਿ ਲਹਿਰ ਨੂੰ ਬਲ ਬਖਸ਼ਿਆ ਹੈ ।
ਕਈ ਵਾਰ ਵਿਚਾਰਾਂ ਦੀ ਅਸਹਿਮਤੀ ਬੇਚੈਨੀ ਪੈਦਾ ਕਰਦੀ ਹੈ । ਬੇਚੈਨ ਕਲਮ ਫਿਰ ਆਪਣੀ ਆਵਾਜ਼ ਉੱਚੀ ਕਰਨ ਲਈ ਉਹਨਾਂ ਸਟੇਜਾਂ ਤੇ ਵੀ ਜਾ ਪਹੁੰਚਦੀ ਹੈ, ਜਿੱਥੇ ਉਸ ਵਿਚਾਰ ਵਾਰੇ ਕੋਈ ਕੁਝ ਵੀ ਨਹੀਂ ਜਾਣਦਾ ਹੁੰਦਾ । ਵਿਚਾਰਾਂ ਦੀ ਅਸਿਹਮਤੀ ਕਾਰਣ ਹੀ ਵਿਰੋਧੀ ਕਲਮ ਤੇ ਸਰਕਾਰੂ,ਵਿਕੀ ਹੋਈ,ਕੌਮ ਧਰੋਹੀ,ਪੰਥ ਵਿਰੋਧੀ,ਨਾਸਤਿਕ ਵਰਗੇ ਇਲਜਾਮ ਲਗਾਉਂਦੀ ਹੋਈ ਆਪਣੇ ਆਪ ਨੂੰ ਪੰਥ ਪ੍ਰਸਤ ਸਾਬਤ ਕਰਨ ਦਾ ਯਤਨ ਕਰਦੀ ਹੈ ।
ਕਿਸੇ ਕਲਮ ਦਾ ਖਿਆਲ ਹੈ ਕਿ ਜਿਨੀਆਂ ਸੱਮਸਿਆਵਾਂ ਘੱਟ ਹੋਣਗੀਆਂ ਉਹਨਾ ਹੀ ਉਹਨਾ ਦੇ ਹੱਲ ਹੋਣ ਦੀਆਂ ਸੰਭਾਵਨਾਵਾਂ ਜਿਆਦਾ ਹੋਣਗੀਆਂ । ਕਈ ਕਲਮਾਂ ਦਾ ਖਿਆਲ ਹੈ ਕਿ ਸੱਮਸਿਆਵਾਂ ਭਾਵੇਂ ਕਿੰਨੀਆਂ ਵੀ ਕਿਓਂ ਨਾ ਹੋਣ ਜੇ ਕਸਵੱਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇ ਤਾਂ ਸਭ ਸਮਸਿਆਂਵਾਂ ਤੁਰੰਤ ਹਲ ਹੋ ਸਕਦੀਆਂ ਹਨ । ਜਿਸ ਤਰਾਂ ਹਾਥੀ ਦੀ ਪੈੜ ਵਿੱਚ ਸਭ ਸਮਾਅ ਜਾਂਦਾ ਹੈ ਉਸੇ ਤਰਾਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤਮਾਮ ਸਮਸਿਆਵਾਂ ਦਾ ਹੱਲ ਕਰਦੀ ਹੈ । ਕਈ ਕਲਮਾਂ ਦਾ ਖਿਆਲ ਹੈ ਕਿ ਵਾਰ-ਵਾਰ ਇਕੱਲੇ-ਇਕੱਲੇ ਮੁੱਦੇ ਤੇ ਵਿਚਾਰ ਧਾਰਕ ਲੜਾਈ ਨਾਲੋਂ ਇੱਕੋ ਵਾਰ ਸੰਘਰਸ਼ ਕੀਤਾ ਜਾਵੇ । ਸਮੱਸਿਆਵਾਂ ਦੇ ਬੱਦਲ਼ ਕਿੰਨੇ ਵੀ ਗ੍ਹਾੜੇ ਕਿਉਂ ਨਾ ਹੋਣ ਸੱਚ ਨੂੰ ਸਦਾ ਲਈ ਛੁਪਾਇਆ ਨਹੀਂ ਜਾ ਸਕਦਾ । ਸੱਚ ਦੇ ਸੂਰਜ ਨੇ ਤਾਂ ਆਖਿਰ ਚਮਕਣਾ ਹੀ ਹੈ । ਇਹ ਵਾਹਿਗੁਰੂ ਦੀ ਅਪਾਰ ਕੁਦਰਤ ਦਾ ਅਟੱਲ ਨਿਯਮ ਹੈ ।
ਕਈ ਵਾਰ ਪੰਥ ਪਰਵਾਣਕਤਾ ਦਾ ਸਵਾਲ ਕਲਮਾਂ ਨੂੰ ਰੋਕ ਦੇਂਦਾ ਹੈ । ਕੁਝ ਕਲਮਾ ਪੰਥ ਪਰਵਾਣਿਕਤਾ ਦੀ ਆੜ ਵਿੱਚ ਹੱਦ ਬੰਦੀ ਨਿਸ਼ਚਿਤ ਕਰ ਲੈਂਦੀਆਂ ਹਨ ਪਰ ਕੁਝ ਉਸ ਪਰਵਾਣਿਕਤਾ ਦਾ ਸਮਾਂ, ਕਾਰਣ , ਹਾਲਾਤਾਂ ਅਤੇ ਉਸ ਪਰਵਾਣਿਤ ਰੂਪ ਤੇ ਨਜਰਸ਼ਾਨੀ ਕਰਦੀਆਂ ਅਜੋਕੇ ਸਮੇ ਉਸ ਰੂਪ ਦੀ ਗੁਰਮਿਤ ਲਈ ਪ੍ਰਤੀਬੱਧਤਾ ਨੂੰ ਅਨੁਕੂਲਤਾ ਅਤੇ ਪ੍ਰਤੀਕੂਲਤਾ ਵਿਚਾਰ ਕੇ ਭਵਿੱਖਮੁਖੀ ਸੰਸਾਰ ਲਈ ਸਾਰਿਥਕ ਹੋਂਦ ਨੂੰ ਸਵੀਕਾਰਦੀਆਂ ਹਨ । ਪਰ ਸੱਚ ਤਾਂ ਆਦਿ ਵੀ ਸੀ ਅਤੇ ਹੋਸੀ ਭੀ ਰਹੇਗਾ । ਇਸ ਗੱਲ ਨੂੰ ਸਮਝਣ ਦੀ ਲੋੜ ਹੈ । ਇਹ ਕਿਸੇ ਕਾਗਜ਼, ਕਲਮ, ਸਿਹਾਰੀਆਂ- ਬਿਹਾਰੀਆਂ ਦਾ ਮੁਹਤਾਜ ਨਹੀਂ । ਨਾ ਤਾਂ ਦਰੁਸਤੀਆਂ ਕਰਕੇ ਅਤੇ ਨਾਂ ੳਵੇਂ ਛੱਡਕੇ ਸੱਚ ਨੂੰ ਫਰਕ ਪੈਣਾ ਹੈ । ਜਿਸ ਤਰਾਂ ਗਲੀਲੀਓ ਨੇ ਸਾਰੇ ਸੰਸਾਰ ਦੇ ਖਿਲਾਫ ਹੋਕੇ ,ਮਜ਼ਹਬੀ ਆਗੂਆਂ ਤੋਂ ਮਰਨ ਦੀ ਸਜਾ ਪਾਣ ਵੇਲੇ ਕਿਹਾ ਸੀ ਕਿ ਮੌਤ ਦੀ ਸਜਾ ਦੇ ਡਰੋਂ ਮੇਰੇ ਮੁਕਰ ਜਾਣ ਤੇ ਧਰਤੀ ਨੇ ਘੁਮਣੋ ਨਹੀਂ ਹਟ ਜਾਣਾ । ਆਖਿਰ ਸੱਚ ਨੇ ਪਰਗਟ ਹੋਣਾ ਹੀ ਹੁੰਦਾ ਹੈ । ਲੰਬਾ ਸੋਚਣ ਵਾਲੇ ਬਦਲ ਰਹੇ ਸਮੇ,ਸਿਧਾਂਤ ਅਤੇ ਭਵਿੱਖ ਨੂੰ ਧਿਆਨ ਵਿੱਚ ਰਖਦੇ ਹਨ ।
ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰ ਅਨੁਸਾਰ ਗੁਰਮਤਿ ਗਿਆਨ ਅਤੇ ਫਲਸਫੇ ਨੂੰ ਸਮਝਕੇ ਗੁਰੂ ਦੇ ਦਰਸ਼ਨ ਕਰ ਰਹੀਆਂ ਕਲਮਾ ਕਈ ਵਾਰ ਆਪਣੀ ਨਜਰ ਦੀ ਹੱਦ ਤੱਕ ਪਹੁੰਚ ਨੂੰ ਪੰਥਕ ਤੇ ਉਸ ਤੋਂ ਪਰੇ ਨੂੰ ਪੰਥ ਵਿਰੋਧੀ ਕਹਿਣ ਦਾ ਲੇਵਲ ਤਿਆਰ ਰੱਖਦੀਆਂ ਹਨ ,ਜਦ ਕਿ ਕਈ ਕਲਮਾਂ ਹਰ ਉਸ ਝੀਤ ਨੂੰ ਬੰਦ ਕਰਨ ਲਈ ਬਜਿਦ ਜਾਪਦੀਆਂ ਹਨ ਜਿਥੋਂ ਕਿਤੇ ਉਹਨਾ ਨੂੰ ਬਿਪਰਵਾਦ ਜਾਂ ਕਿਸੇ ਵੀ ਵਿਰੋਧੀ ਦੇ ਕਿੰਤੂ-ਪਰੰਤੂ ਦੇ ਪਰਵੇਸ਼ ਦੀ ਸ਼ੰਕਾ ਜਾਪਦੀ ਹੈ । ਪਰ ਕੁਝ ਕਲਮਾਂ ਅਜਿਹੀ ਸੋਚ ਨੂੰ ਵੀ ਕਿੰਤੂ ਹੀ ਸਮਝਦੀਆਂ ਹਨ । ਸਭ ਤੋਂ ਵੱਡੀ ਗੱਲ ਇਹ ਹੈ ਕਿ ਚੇਤਨਾ ਅੰਗੜਾਈ ਲੈ ਚੁੱਕੀ ਹੈ । ਵਿਚਾਰਾਂ ਦੀ ਕਰਾਂਤੀ ਪਰਮਸੱਚ ਦੇ ਮਾਰਗ ਤੇ ਜੀਵਾਤਮਾਂ ਦੇ ਵਿਕਾਸ ਵਿੱਚ “ਇੱਕ” ਤੋਂ “ਇੱਕ” ਤੱਕ ਦੇ ਸਫਰ ਵਿੱਚ ਸਹਾਈ ਹੋਣ ਜਾ ਰਹੀ ਹੈ ।
ਜੀ ਐਸ ਬਰਸਾਲ
@ਜੀ ਮੇਲ.ਕਾਮ
408-209-7072
.