.

ਗੁਰੂ ਕੀ ਗੋਲਕ!

ਗੋਲਕ ਦਾ ਅਰਥ ਹੈ, “ਉਹ ਸੰਦੂਕੜੀ ਜਿਸ ਵਿੱਚ ਰੁਪਏ ਪੈਸੇ ਜਮ੍ਹਾ ਕੀਤੇ ਜਾਣ, ਗੱਲਾ; 2. ਚੜ੍ਹਾਵੇ ਦੀ ਗੋਲਕ ਵਿਚੋਂ ਨਿਕਲੀ ਰਕਮ।” ਅਤੇ ਗੋਲਕ ਰੱਖਣ ਤੋਂ ਭਾਵ ਹੈ, “ਕਰਤਾਰ ਅਤੇ ਗੁਰੂ ਵਾਸਤੇ ਇੱਕ ਬਰਤਨ ਵਿੱਚ ਦਸਵੰਧ ਆਦਿ ਦਾ ਧਨ ਜਮ੍ਹਾ ਕਰਨਾ।” (ਪੰਜਾਬੀ ਕੋਸ਼) ਭਾਈ ਕਾਨ੍ਹ ਸਿੰਘ ਨਾਭਾ ਗੁਰੂ ਕੀ ਗੋਲਕ ਬਾਰੇ ਲਿਖਦੇ ਹਨ, “ਧਰਮ ਕਿਰਤ ਕਰ ਕੇ ਕਮਾਏ ਪਦਾਰਥ ਦਾ ਦਸਵਾਂ ਹਿੱਸਾ (ਦਸਵੰਧ) ਪਾਤ੍ਰ ਵਿੱਚ ਜਮਾਂ ਕਰਣ ਦਾ ਨਾਉਂ ‘ਗੁਰੂ ਦੀ ਗੋਲਕ’ ਹੈ, ਇਹ ਧਨ ਵਰ੍ਹੇ ਅਥਵਾ ਛੀ ਮਹੀਨਿਆਂ ਪਿਛੋਂ ਪੰਥ ਦੇ ਅਰਪਣ ਕਰਨਾ ਚਾਹੀਯੇ, ਜਿਸਨੂੰ ਪੰਥ ਕੌਮੀ ਕੰਮਾਂ ਲਈ ਖਰਚਣ ਦਾ ਪੂਰਾ ਅਧਿਕਾਰ ਰਖਦਾ ਹੈ। ਅੱਜ ਕੱਲ ਗੁਰਦੁਆਰਿਆਂ ਵਿੱਚ ਸੰਦੂਕੜੀ ਅਥਵਾ ਗਾਗਰ ਦੇਖੀ ਜਾਂਦੀ ਹੈ, ਜਿਸ ਨੂੰ ਗੁਰੂ ਦੀ ਗੋਲਕ ਆਖਦੇ ਹਨ। (ਗੁਰੁਮਤ ਮਾਰਤੰਡ) (ਨੋਟ: ਅੱਜ ਪੰਥ ਸ਼ਬਦ ਦੀ ਜਿਤਨੀ ਦੁਰਵਰਤੋਂ ਹੋ ਰਹੀ ਹੈ ਸ਼ਾਇਦ ਇਤਨੀ ਪਹਿਲਾਂ ਕਦੀ ਨਹੀਂ ਹੋਈ ਹੈ। ਅੱਜ ਪੰਥਕ ਅਖਵਾਉਣ ਵਾਲਿਆਂ ਵਿੱਚ ਜ਼ਿਆਦਾਤਰ ਗਿਣਤੀ ਉਨ੍ਹਾਂ ਦੀ ਹੈ, ਜਿਨ੍ਹਾਂ ਨੇ ਖ਼ਾਲਸਾ ਪੰਥ ਦੇ ਨਿਆਰੇਪਣ ਨੂੰ ਮਿਟਾਉਣ ਦੀ ਸਹੁੰ ਖਾਧੀ ਹੋਈ ਹੈ। ਇਸ ਤਰ੍ਹਾਂ ਦੀਆਂ ਅਖੌਤੀ ਪੰਥਕ ਜਥੇਬੰਦੀਆਂ ਪੰਥਕ ਬੁਰਕਾ ਪਹਿਨ ਕੇ ਖ਼ਾਲਸਾ ਪੰਥ ਦੀ ਹਸਤੀ ਨੂੰ ਨੇਸਤੋ-ਨਾਬੂਦ ਕਰਨ ਲਈ ਪੂਰਾ ਵਾਹ ਲਾ ਰਹੀਆਂ ਹਨ। ਪੰਥ ਦੀ ਵਾਗ-ਡੋਰ ਅਖੌਤੀ ਪੰਥਕ ਜਥੇਬੰਦੀਆਂ ਦੇ ਹੀ ਹੱਥ ਵਿੱਚ ਹੋਣ ਕਰਕੇ ਗੋਲਕ ਦੀ ਮਾਇਆ ਨਾਲ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ। ਅਜਿਹੇ ਹਲਾਤਾਂ ਵਿੱਚ ਹਰੇਕ ਸਿੱਖ ਦੀ ਇਹ ਨੈਤਿਕ ਜ਼ੁਮੇਵਾਰੀ ਹੈ ਕਿ ਉਹ ਕੇਵਲ ਉਨ੍ਹਾਂ ਜਥੇਬੰਦੀਆਂ ਨੂੰ ਹੀ ਪੰਥਕ ਜਥੇਬੰਦੀਆਂ ਸਮਝਣ ਜਿਹੜੀਆਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਮਰਪਤ ਹਨ।)
ਰਹਿਤਨਾਮਿਆਂ ਵਿਖੇ ਹਰੇਕ ਸਿੱਖ ਨੂੰ ਗੁਰੂ ਕੀ ਗੋਲਕ ਰੱਖਣ ਦੀ ਪ੍ਰੇਰਨਾ ਕੀਤੀ ਹੋਈ ਹੈ। ਇਸ ਮਾਇਆ ਨੂੰ ਪੰਥਕ ਕਾਰਜਾਂ ਲਈ ਸਾਂਝੇ ਫੰਡ ਵਿੱਚ ਪਾਉਣ ਅਥਵਾ ਜਮ੍ਹਾ ਕਰਾਉਣ ਦੀ ਤਾਕੀਦ ਕੀਤੀ ਗਈ ਹੈ। ਪਰੰਤੂ ਅੱਜ ਕਲ ਗੁਰਦੁਆਰਾ ਸਾਹਿਬ ਵਿਖੇ ਰੱਖੀ ਸੰਦੂਕੜੀ ਲਈ ਹੀ ਆਮ ਤੌਰ `ਤੇ ਇਹ ਸ਼ਬਦ ਵਰਤਿਆ ਜਾਂਦਾ ਹੈ। ਗੁਰਦੁਆਰਾ ਸਾਹਿਬ ਵਿਖੇ ਰੱਖੀ ਹੋਈ ਗੋਲਕ ਜਾਂ ਰਸੀਦ ਆਦਿ ਕਟਾ ਕੇ ਇਹ ਮਾਇਆ ਅਰਪਣ ਕਰਕੇ ਸਮਝਿਆ ਜਾਂਦਾ ਹੈ ਕਿ ਗੁਰੂ ਕੀ ਗੋਲਕ ਵਿੱਚ ਅਸੀਂ ਆਪਣਾ ਯੋਗਦਾਨ ਪਾ ਦਿੱਤਾ ਹੈ। ਸਿੱਖ ਸੰਗਤਾਂ ਨੂੰ ਇਹ ਜਾਣਨ ਸਮਝਣ ਵਿੱਚ ਕੋਈ ਰੁਚੀ ਨਹੀਂ ਹੁੰਦੀ ਕਿ ਇਹ ਗੁਰੂ ਕੀ ਗੋਲਕ ਦੀ ਵਰਤੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲੇ ਸੱਜਣ ਕਿਸ ਤਰ੍ਹਾਂ ਨਾਲ ਕਰਦੇ ਹਨ। ਆਮ ਸਿੱਖ ਦੀ ਇਹ ਸੋਚ ਹੈ ਕਿ ਅਸੀਂ ਤਾਂ ਆਪਣੇ ਵਲੋਂ ਗੁਰੂ ਕੀ ਗੋਲਕ ਵਿੱਚ ਮਾਇਆ ਪਾਈ ਹੈ, ਜੇਕਰ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲੇ ਇਸ ਮਾਇਆ ਦੀ ਦੁਰਵਰਤੋਂ ਕਰਦੇ ਹਨ ਤਾਂ ਉਹ ਆਪਣਾ ਕੀਤਾ ਆਪ ਹੀ ਭੋਗਣਗੇ। ਇਹ ਅਖਾਣ ਆਮ ਹੀ ਦੁਹਰਾਇਆ ਜਾਂਦਾ ਹੈ, “ਜੋ ਕਰਨ ਕੇ ਸੋ ਭਰਨ ਗਏ”। ਆਮ ਸਿੱਖ ਦੀ ਅਜਿਹੀ ਧਾਰਨਾ ਕਾਰਨ ਹੀ ਅੱਜ ਗੁਰਦੁਆਰੇ ਜੁੱਧ ਦਾ ਅਖਾੜਾ ਬਣੇ ਹੋਏ ਹਨ। ਇਹ ਗੱਲ ਕੋਈ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਗੁਰਦੁਆਰਿਆਂ ਵਿੱਚ ਜ਼ਿਆਦਾਤਰ ਲੜਾਈ ਝਗੜਿਆਂ ਦਾ ਕਾਰਨ ਗੋਲਕ ਹੀ ਬਣੀ ਹੋਈ ਹੈ। ਇਹਨਾਂ ਲੜਾਈ ਝਗੜਿਆਂ ਦੇ ਕਾਰਨ ਸੰਗਤਾਂ ਮਿਹਨਤ ਦੀ ਕਮਾਈ ਨਾਲ ਵਕੀਲਾਂ ਆਦਿ ਦੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ। ਆਪਣੇ ਚਹੇਤਿਆਂ ਨੂੰ ਵਿੰਗੇ ਢੇਢੇ ਢੰਗ ਨਾਲ ਮਾਇਆ ਦੇ ਖੁਲ੍ਹੇ ਗੱਫੇ ਬਖ਼ਸ਼ੇ ਜਾ ਰਹੇ ਹਨ। (ਨੋਟ: ਅਸੀਂ ਉਹਨਾਂ ਪ੍ਰਬੰਧਕ ਸੱਜਣਾਂ, ਜਿਹੜੇ ਗੁਰੂ ਦੀ ਭੈ ਭਾਵਨੀ ਵਿੱਚ ਰਹਿੰਦੇ ਹੋਏ, ਗੁਰੂ ਕੀ ਗੋਲਕ ਨੂੰ ਪੰਥ ਦੀ ਅਮਾਨਤ ਸਮਝ ਕੇ ਇਸ ਦੀ ਸੁਵਰਤੋਂ ਕਰਦੇ ਹਨ, ਉਹਨਾਂ ਦੀ ਨਿਸ਼ਕਾਮਨਾ ਵਾਲੀ ਭਾਵਨਾ ਅੱਗੇ ਸੀਸ ਝੁਕਾਉਂਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਅਜਿਹੇ ਵਿਅਕਤੀਆਂ ਦੇ ਮਨਾਂ ਵਿੱਚ ਇਸੇ ਤਰ੍ਹਾਂ ਆਪਣੀ ਭੈ ਭਾਵਨੀ ਬਣਾਈ ਰੱਖਣ, ਅਤੇ ਸੰਗਤਾਂ ਨੂੰ ਇਹੋ ਜੇਹੇ ਸੇਵਾਦਾਰਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕਰਦੇ ਹਾਂ ਤਾਂ ਕਿ ਇਹੋ ਜੇਹੇ ਸੇਵਾਦਾਰ ਗੁਰੂ ਕੀ ਗੋਲਕ ਨਾਲ ਸਿੱਖੀ ਦਾ ਪ੍ਰਚਾਰ ਅਤੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਦਮ ਕਰਦੇ ਰਹਿਣ।) ਚੌਧਰ ਦੇ ਭੁੱਖੇ ਅਤੇ ਸਵਾਰਥੀ ਰੁਚੀਆਂ ਦੇ ਧਾਰਨੀ ਪ੍ਰਬੰਧਕ ਸੱਜਣਾਂ ਦੀ ਬਦੌਲਤ ਅੱਜ ਗੁਰੂ ਕੀ ਗੋਲਕ ਕੇਵਲ ਖ਼ਾਲਸਾ ਪੰਥ ਦੀ ਅਧੋਗਤੀ ਦਾ ਕਾਰਨ ਹੀ ਨਹੀਂ ਬਣ ਰਹੀ ਬਲਕਿ ਨੌਜਵਾਨ ਪੀੜੀ ਨੂੰ ਧਰਮ ਤੋਂ ਦੂਰ ਕਰਨ ਦੇ ਕਾਰਨ ਦੇ ਨਾਲ ਸਿੱਖ ਜਗਤ ਦੀ ਨਮੋਸ਼ੀ ਦਾ ਕਾਰਨ ਵੀ ਬਣ ਰਹੀ ਹੈ।
ਗੁਰਦੁਆਰੇ ਗੋਲਕ ਵਿੱਚ ਮਾਇਆ ਪਾਉਣ ਦਾ ਮਨੋਰਥ ਤਾਂ ਇਤਨਾ ਹੀ ਸੀ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲੇ ਸੱਜਣ, ਇਸ ਮਾਇਆ ਨਾਲ ਗੁਰਬਾਣੀ ਦਾ ਸੰਦੇਸ਼ ਲੋਕਾਈ ਤੱਕ ਪਹੁੰਚਾ ਕੇ, ਗੁਰਮਤਿ ਦੀਆਂ ਕਦਰਾਂ-ਕੀਮਤਾਂ ਨੂੰ ਪਰਚਾਰ ਸਕਣ। ਇਸ ਦੇ ਨਾਲ ਲੰਗਰ ਆਦਿ ਦਾ ਪ੍ਰਬੰਧ, ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨਾਲ ਸਬੰਧਤ ਖ਼ਰਚਿਆਂ ਦੇ ਨਾਲ ਨਾਲ ਹੋਰ ਕਮਿਊਨਿਟੀ ਦੀ ਨੁਹਾਰ ਸੰਵਾਰਨ ਲਈ ਇਸ ਮਾਇਆ ਨੂੰ ਵਰਤ ਸਕਣ। ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਦੇ ਪ੍ਰਬੰਧ ਕਰਨ ਵਾਲਿਆਂ ਨੂੰ ਇਸ (ਮਾਇਆ) ਪੱਖੋਂ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਨਾ ਆਵੇ। ਇਸ ਤੋਂ ਇਲਾਵਾ ਇਸ ਮਾਇਆ ਨਾਲ ਹਸਪਤਾਲ, ਸਕੂਲ, ਕਾਲਜ ਖੋਲਣੇ ਲੋਕਾਈ ਦੀ ਕਲਿਆਣ ਲਈ ਸੜਕਾਂ, ਪੁਲਾਂ ਆਦਿ ਨੂੰ ਬਣਾਉਣਾ ਵੀ ਸ਼ਾਮਲ ਹੈ।
ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜਿਸ ਸਥਾਨ `ਤੇ ਗੁਰਮਤਿ ਦੀਆਂ ਕਦਰਾਂ–ਕੀਮਤਾਂ ਦਾ ਪ੍ਰਚਾਰ ਹੋ ਰਿਹਾ ਹੈ, ਉਸ ਥਾਂ ਤੇ ਪਾਇਆ ਹੋਇਆ ਯੋਗਦਾਨ ਹੀ ਗੁਰੂ ਕੀ ਗੋਲਕ `ਚ ਹੋਇਆ ਯੋਗਦਾਨ ਹੈ। ਜੇਕਰ ਇਹ ਜਾਣਦਿਆਂ/ ਦੇਖਦਿਆਂ ਹੋਇਆਂ ਵੀ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲੇ ਕਿਸ ਤਰ੍ਹਾਂ ਨਾਲ ਗੁਰੂ ਕੀ ਗੋਲਕ ਦੀ ਦੁਰਵਰਤੋਂ ਕਰਦੇ ਹਨ, ਅਸੀਂ ਗੁਰਦੁਆਰਿਆਂ ਵਿੱਚ ਰੱਖੀ ਹੋਈ ਗੋਲਕ ਨੂੰ ਹੀ ਗੁਰੂ ਕੀ ਗੋਲਕ ਸਮਝ ਕੇ ਮਾਇਆ ਭੇਟ ਕਰੀ ਜਾਂਦੇ ਹਾਂ, ਤਾਂ ਅਸੀਂ ਗੋਲਕ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਜਾਣੇ-ਅਣਜਾਣੇ ਉਤਸ਼ਾਹਤ ਕਰ ਰਹੇ ਹਾਂ।
ਇਸ ਲਈ ਜਿਸ ਸਥਾਨ `ਤੇ ਗੋਲਕ ਦੀ ਮਾਇਆ ਨਾਲ ਗੁਰਬਾਣੀ ਦਾ ਪਰਚਾਰ ਕਰਨ ਦੀ ਥਾਂ ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰ, ਖ਼ਾਲਸਾ ਪੰਥ ਨੂੰ ਨੁਕਸਾਨ ਪਹੁੰਚਾਉਣ, ਖ਼ਾਲਸੇ ਦੀ ਆਨ-ਸ਼ਾਨ ਨੂੰ ਖ਼ੋਰਾ ਲਾਉਣ, ਮਨਮਤ ਦਾ ਬੋਲਬਾਲਾ ਕਰਾਉਣ, ਆਪਣੀਆਂ ਚੌਧਰਾਂ ਨੂੰ ਬਰਕਰਾਰ ਰੱਖਣ ਜਾਂ ਆਪਣੇ ਵਿਰੋਧੀਆਂ ਨੂੰ ਭੰਡਣ ਆਦਿ ਵਿੱਚ ਖ਼ਰਚ ਕੀਤਾ ਜਾ ਰਿਹਾ ਹੋਵੇ, ਉਸ ਨੁੰ ਗੁਰੂ ਕੀ ਗੋਲਕ ਨਹੀਂ ਆਖਿਆ ਜਾ ਸਕਦਾ।
ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦ ਮਸੰਦਾਂ ਨੇ ਸੰਗਤਾਂ ਵਲੋਂ ਗੁਰੂ ਘਰ ਲਈ ਭੇਟ ਕੀਤੀ ਹੋਈ ਮਾਇਆ ਨੂੰ ਆਪਣੇ ਐਸ਼–ਆਰਾਮ ਲਈ ਖ਼ਰਚਣਾ/ਵਰਤਣਾ ਸ਼ੁਰੂ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੋਸ਼ੀ ਮਸੰਦਾਂ ਨੂੰ ਸਜ਼ਾ ਦੇ ਕੇ, ਮਸੰਦ ਪ੍ਰਥਾ ਨੂੰ ਵੀ ਬੰਦ ਕਰ ਦਿੱਤਾ ਸੀ। ਹਜ਼ੂਰ ਇਹ ਹਰਗ਼ਿਜ਼ ਬਰਦਾਸ਼ਤ ਨਹੀਂ ਸਨ ਕਰ ਸਕਦੇ ਕਿ ਕੋਈ ਸੰਗਤਾਂ ਵਲੋਂ ਗੁਰੂ ਨਮਿਤ ਭੇਟ ਕੀਤੀ ਮਾਇਆ ਨੂੰ ਗੁਰੂ ਕੋਲ ਅਪੜਾਉਣ ਦੀ ਬਜਾਏ ਇਸ ਨੂੰ ਆਪਣੇ ਐਸ਼-ਅਰਾਮ ਲਈ ਖ਼ਰਚੇ। ਗੁਰੂ ਕਾਲ ਵਿੱਚ ਵੀ ਸੰਗਤਾਂ ਵਲੋਂ ਭੇਟ ਕੀਤੀ ਗਈ ਮਾਇਆ ਦਾ ਬਕਾਇਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਸੰਗਤਾਂ ਵਲੋਂ ਅਰਪਣ ਕੀਤੀ ਗਈ ਮਾਇਆ ਦੀ ਦੁਰਵਰਤੋਂ ਕਰਨ ਵਾਲੇ ਨੂੰ ਮੁਆਫ਼ ਨਹੀਂ ਸੀ ਕੀਤਾ ਜਾਂਦਾ, ਉਸ ਨੂੰ ਬਕਾਇਦਾ ਸਜ਼ਾ ਮਿਲਦੀ ਸੀ।
ਜੇਕਰ ਸੰਗਤਾਂ ਇਸ ਗਲੋਂ ਸੁਚੇਤ ਹੋ ਜਾਣ ਤਾਂ ਸੰਗਤਾਂ ਦੀ ਹੱਡ-ਭੰਨਵੀਂ ਮਿਹਨਤ ਨਾਲ ਕਮਾਈ ਹੋਈ ਮਾਇਆ ਸੱਚ–ਮੁੱਚ ਹੀ ਗੁਰੂ ਕੀ ਗੋਲਕ ਵਿੱਚ ਪੈ ਸਕਦੀ ਹੈ ਅਤੇ ਇਸ ਗੁਰੂ ਕੀ ਗੋਲਕ ਨਾਲ ਖ਼ਾਲਸਾ ਪੰਥ ਦੇ ਅਨੇਕਾਂ ਕੰਮ ਨੇਪਰੇ ਚੜ੍ਹਾਉਣ ਵਿੱਚ ਆਸਾਨੀ ਹੋ ਸਕਦੀ ਹੈ। ਇਸ ਦੇ ਨਾਲ ਗੁਰਦੁਆਰਿਆਂ ਦੇ ਪਰਬੰਧ ਨੂੰ ਲੈ ਕੇ ਨਿਤ ਹੋਣ ਵਾਲੀਆਂ ਲੜਾਈਆਂ-ਝਗੜਿਆਂ ਨੂੰ ਵੀ ਖ਼ਤਮ ਕੀਤਾ ਜਾ ਸਕਦਾ ਹੈ।
ਸੋ ਗੱਲ ਕੀ, ਉਹ ਹੀ ਗੁਰੂ ਕੀ ਗੋਲਕ ਹੈ ਜਿਸ ਵਿਚਲੀ ਮਾਇਆ ਪੰਥਕ (ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਪਰਪਤ ਜਥੇਬੰਦੀਆਂ) ਕਾਰਜਾਂ ਲਈ ਖ਼ਰਚ ਕੀਤੀ ਜਾ ਰਹੀ ਹੋਵੇ। ਜਿਸ ਮਾਇਆ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲੇ ਆਪਣੀਆਂ ਪਰਧਾਨਗੀਆਂ, ਸੱਕਤਰੀਆਂ ਮੈਂਬਰੀਆਂ ਆਦਿ ਨੂੰ ਬਰਕਰਾਰ ਰੱਖਣ, ਆਪਣੇ ਵਿਰੋਧੀਆਂ ਨੂੰ ਭੰਡਨ, ਗੁਰਮਤਿ ਦੀਆਂ ਕਦਰਾਂ-ਕੀਮਤਾਂ ਨੂੰ ਛੁਟਿਆਉਣ, ਜਾਂ ਵਕੀਲਾਂ ਆਦਿ ਦੀ ਫ਼ੀਸ ਲਈ ਵਰਤੋਂ ਕੀਤੀ ਜਾ ਰਹੀ ਹੋਵੇ, ਉਸ ਨੂੰ ਗੁਰੂ ਕੀ ਗੋਲਕ ਨਹੀਂ ਆਖਿਆ ਜਾ ਸਕਦਾ। ਸਾਨੂੰ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਵਾਲਾ ਗੁਰਮਤਿ ਦਾ ਸੁਨਹਿਰੀ ਸਿਧਾਂਤ ਚੇਤੇ ਰੱਖ ਕੇ ਇਸ ਉਤੇ ਅਮਲ ਕਰਨ ਦੀ ਲੋੜ ਹੈ। ਇਸ ਅਮਲ ਰਾਂਹੀ ਹੀ ਅਸੀਂ ਆਪਣੀ ਮਾਇਆ ਨੂੰ ਸਫਲ ਕਰਕੇ ਗੁਰੂ ਦੀਆਂ ਖ਼ੁਸ਼ੀਆਂ ਦੇ ਪਾਤਰ ਬਣਨ ਦੇ ਨਾਲ ਖ਼ਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾ ਸਕਦੇ ਹਾਂ।
ਹਰੇਕ ਸਿੱਖ ਆਪਣੇ ਤੌਰ `ਤੇ ਆਪਣੀ ਦਸਵੰਧ ਦੀ ਮਾਇਆ ਇਕੱਤਰ ਕਰਦਾ ਰਹੇ; ਜਦ ਵੀ ਸੰਭਵ ਹੋਵੇ, ਜਿਹੜੀਆਂ ਜਥੇਬੰਦੀਆਂ ਈਮਾਨਦਾਰੀ ਨਾਲ ਸਿੱਖੀ ਦੇ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ, ਉਹਨਾਂ ਨੂੰ ਅਪੜਾਵੇ। ਇਸ ਦਾ ਇੱਕ ਲਾਭ ਤਾਂ ਇਹ ਹੋਵੇਗਾ ਕਿ ਸਾਡੀ ਦਸਵੰਧ ਦੀ ਮਾਇਆ ਦੀ ਠੀਕ ਵਰਤੋਂ ਹੋਵੇਗੀ, ਦੂਜਾ ਗੁਰਦੁਆਰਿਆਂ ਵਿੱਚ ਲੜਾਈ ਝਗੜਿਆਂ ਵਿੱਚ ਕਮੀ ਆਵੇਗੀ। ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਫਿਰ ਉਹ ਸੱਜਣ ਹੀ ਅੱਗੇ ਆਉਣਗੇ ਜਿਨ੍ਹਾਂ ਦੇ ਮਨ ਵਿੱਚ ਸੱਚ–ਮੁੱਚ ਸੇਵਾ ਦਾ ਜਜ਼ਬਾ ਹੈ, ਪੰਥ ਲਈ ਕੁੱਝ ਕਰਨ ਦਾ ਚਾਉ/ਉਤਸ਼ਾਹ ਹੈ।
ਆਓ! ਅਸੀਂ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ ਅਤੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਪਾ ਕੇ ਧਾਰਮਿਕ ਸਥਾਨਾਂ `ਚ ਹੋ ਰਹੇ ਨਿਤ ਦੇ ਲੜਾਈ ਝਗੜਿਆਂ ਨੂੰ ਖ਼ਤਮ ਕਰਨ ਦੇ ਨਾਲ ਨਾਲ ਆਪਣੇ ਧਨ ਨੂੰ ਵੀ ਸਫਲਿਆਂ ਕਰੀਏ। ਉਹਨਾਂ ਜਥੇਬੰਦੀਆਂ/ਸੰਸਥਾਵਾਂ ਨੂੰ ਜਿਹੜੀਆਂ ਨਿਰੋਲ ਗੁਰਮਤਿ ਦੀਆਂ ਕਦਰਾਂ-ਕੀਮਤਾਂ ਵਿੱਚ ਹੀ ਵਿਸ਼ਵਾਸ ਰੱਖਦੀਆਂ ਹਨ ਅਤੇ ਤਨ ਮਨ ਧਨ ਰਾਹੀਂ ਸੇਵਾ ਕਰ ਰਹੀਆਂ ਹਨ, ਉਹਨਾਂ ਤੱਕ ਅਪੜਾ ਕੇ ਪੰਥ ਦੀ ਚੜ੍ਹਦੀ ਕਲਾ ਵਿੱਚ ਆਪਣਾ ਵੀ ਯੋਗਦਾਨ ਪਾਈਏ।
ਅੰਤ ਵਿੱਚ ਪਾਠਕਾਂ ਦਾ ਧਿਆਨ ਡਾਕਟਰ ਗੁਰਸ਼ਰਨਜੀਤ ਸਿੰਘ ਦੇ ਨਿਮਨ ਅੰਕਤ ਲਿਖਤ ਵਲ ਦੁਆ ਰਹੇ ਹਾਂ, “ਜੇਕਰ ਅਸੀਂ ਆਪਣੇ ਗੁਰੂ–ਘਰਾਂ ਦੀ ਗੋਲਕ ਦੀ ਸਦਵਰਤੋਂ ਕਰਨ ਲਗ ਪਈਏ ਤਾਂ ਅਸੀਂ ਖ਼ਾਲਸੇ ਦੇ ਬੋਲਬਾਲੇ ਕਰਨ ਵਿੱਚ ਬਹੁਤ ਛੇਤੀ ਸਫਲ ਹੋ ਜਾਵਾਂਗੇ। ਪਰ ਸਿੱਖ ਵਿਰੋਧੀ ਏਜੰਸੀਆਂ ਇਸ ਪੈਸੇ ਦਾ ਉਜਾੜਾ ਕਰਾ ਰਹੀਆਂ ਹਨ। ਜਿਥੇ ਅਤੇ ਜਿਵੇਂ ਇਹ ਪੈਸਾ ਖਰਚਿਆ ਜਾਣਾ ਚਾਹੀਦਾ ਸੀ, ਉਸ ਤਰ੍ਹਾਂ ਹੋ ਨਹੀਂ ਰਿਹਾ। ਜੇ ਇਸ ਪਾਸੇ ਸੁਧਾਰ ਨਾ ਹੋਇਆ ਤਾਂ ਸਿੱਖਾਂ ਨੂੰ ਚਾਹੀਦਾ ਹੈ ਕਿ ਆਪਣੀ ਸੱਚੀ–ਸੁੱਚੀ ਕਿਰਤ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ, ਗੁਰੂ–ਘਰਾਂ ਦੀਆਂ ਗੋਲਕਾਂ ਅਤੇ ਕਾਰ ਸੇਵਾ ਵਾਲਿਆਂ ਦੀਆਂ ਟੋਕਰੀਆਂ ਭਰਨੀਆਂ ਬੰਦ ਕਰ ਦੇਣ।”
ਜਸਬੀਰ ਸਿੰਘ ਵੈਨਕੂਵਰ




.