ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 13)
ਆਪੇ
ਧਰਤੀ ਧਉਲੁ ਆਕਾਸੰ॥ ਆਪੇ ਸਾਚੇ ਗੁਣ ਪਰਗਾਸੰ॥
ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ॥ ੧॥
ਜਿਸ ਕਰਣਾ ਸੋ ਕਰਿ ਕਰਿ ਵੇਖੈ॥ ਕੋਇ ਨ ਮੇਟੈ ਸਾਚੇ ਲੇਖੈ॥
ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ॥ ੨॥
ਪੰਚ ਚੋਰ ਚੰਚਲ ਚਿਤੁ ਚਾਲਹਿ॥ ਪਰ ਘਰ ਜੋਹਹਿ ਘਰੁ ਨਹੀ ਭਾਲਹਿ॥
ਕਾਇਆ ਨਗਰੁ ਢਹੈ ਢਹਿ ਢੇਰੀ ਬਿਨ ਸਬਦੈ ਪਤਿ ਜਾਈ ਹੇ॥ ੩॥
ਗੁਰ ਤੇ ਬੂਝੈ ਤ੍ਰਿਭਵਣੁ ਸੂਝੈ॥ ਮਨਸਾ ਮਾਰਿ ਮਨੈ ਸਿਉ ਲੂਝੈ॥
ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ॥ ੪॥
ਆਪੇ ਸੁਰਗੁ ਮਛੁ ਪਇਆਲਾ॥ ਆਪੇ ਜੋਤਿ ਸਰੂਪੀ ਬਾਲਾ॥
ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ॥ ੫॥
ਬੇਦ ਕਤੇਬੀ ਭੇਦੁ ਨ ਜਾਤਾ॥ ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ॥
ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ॥ ੬॥
ਕਰਿ ਕਰਿ ਥਾਕੀ ਮੀਤ ਘਨੇਰੇ॥ ਕੋਇ ਨ ਕਾਟੈ ਅਵਗੁਣ ਮੇਰੇ॥
ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ॥ ੭॥
ਭੂਲੇ ਚੂਕੇ ਮਾਰਗਿ ਪਾਵਹਿ॥ ਆਪਿ ਭੁਲਾਇ ਤੂਹੈ ਸਮਝਾਵਹਿ॥
ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ॥ ੮॥ (੧੦੨੧)
॥ ੧॥ ਆਪੇ ਧਰਤੀ ਧਉਲੁ ਆਕਾਸੰ॥ ਆਪੇ ਸਾਚੇ ਗੁਣ ਪਰਗਾਸੰ॥
ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ॥ ੧॥
ਪ੍ਰਭੂ ਦੀ ਵਡਿਆਈ ਨੂੰ ਹੀ ਜਾਰੀ ਰਖਦੇ, ਗੁਰੂ ਸਾਹਿਬ ਦਸਦੇ ਹਨ ਕਿ ਉਹ ਪਰਮਾਤਮਾ, ਆਪ ਹੀ ਧਰਤੀ
ਹੈ, ਆਪ ਹੀ ਉਸ ਨੂੰ ਟਿਕਾਈ ਰੱਖਣ ਵਾਲਾ, ਧਉਲਾ ਬਲਦ, ਅਟੱਲ ਨਿਯਮ ਰੂਪੀ ਆਸਰਾ ਹੈ। ਗੁਰੂ ਸਾਹਿਬ
ਨੇ ਹਿੰਦੂ ਮਿਥਿਹਾਸ (ਜੋ ਉਸ ਵੇਲੇ ਪ੍ਰਚਲਤ ਸੀ) ਦੀ ਵਰਤੋਂ ਕਰਦਿਆਂ, ਇਹ ਸੋਝੀ ਦਿੱਤੀ ਹੈ ਕਿ
ਧਰਤੀ ਨੂੰ ਆਸਰਾ ਦੇਣ ਵਾਲਾ ਕੋਈ ਧਉਲਾ ਬਲਦ ਨਹੀਂ, ਕਿਉਂ ਕਿ ਬਲਦ, ਆਪਣੇ ਸਿੰਗਾਂ ਤੇ ਕਿਨਾ ਕੁ
ਭਾਰ ਚੁਕ ਸਕਦਾ ਹੈ? ਧਰਤੀ ਤਾਂ ਬਹੁਤ ਵੱਡੀ ਚੀਜ਼ ਹੈ। ਧਰਤੀ ਨੂੰ ਉਹ ਕਰਤਾਰ, ਆਪਣੇ ਹੁਕਮ, ਅਟੱਲ
ਨਿਯਮ ਕਾਨੂਨ ਅਨੁਸਾਰ ਆਸਰਾ ਦੇ ਰਿਹਾ ਹੈ। ਜੇ ਕੋਈ ਇਹ ਕਹੇ ਕਿ ਵੇਖੋ ਜੀ ਗੁਰੂ ਗ੍ਰੰਥ ਸਾਹਿਬ
ਵਿਚ, ਧਰਤੀ ਨੂੰ ਚੁਕਣ ਵਾਲੇ ਧਉਲੇ ਬਲਦ ਦਾ ਸਾਫ ਵਰਣਨ ਹੈ, ਤਾਂ ਉਸ ਨੂੰ ਮੱਤ ਹੀਣ ਤੋਂ ਵੱਧ ਕੀ
ਕਿਹਾ ਜਾਵੇਗਾ?
ਇਵੇਂ ਹੀ ਜੋ ਇਹ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੈਂਕੜੇ ਵਾਰੀ, ਰਾਮ ਦਾ ਨਾਮ ਆਇਆ ਹੈ,
ਕ੍ਰਿਸ਼ਨ ਦਾ ਨਾਮ ਆਇਆ ਹੈ। ਇਵੇਂ ਹੀ ਦੇਵਤਿਆਂ-ਦੈਂਤਾਂ ਦਾ ਨਾਮ ਆਇਆ ਹੇ, ਤਾਂ ਉਨ੍ਹਾਂ ਦੇ ਸਮਝਣ
ਦੀ ਗੱਲ ਹੈ ਕਿ ਇਹ ਸਭ, ਉਨ੍ਹਾਂ ਮਿੱਥਾਂ ਤੋਂ ਬਾਹਰ ਕੱਢ ਕੇ ਸਮਝਾਉਣ ਦੀਆਂ ਗੱਲਾਂ ਹਨ, ਉਨ੍ਹਾਂ
ਚੀਜ਼ਾਂ ਦੀ ਪ੍ਰੌੜ੍ਹਤਾ ਦੀ ਗੱਲ ਨਹੀਂ ਹੈ। ਸਭ ਤੋਂ ਪਹਿਲਾਂ ਉਸ ਪਰਮਾਤਮਾ ਦੇ ਗੁਣ ਹੀ ਦੱਸੇ ਹਨ,
ਜਿਨ੍ਹਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਇਹ ਸ੍ਰਿਸ਼ਟੀ ਪੈਦਾ ਕਰਨ ਵਾਲਾ, ਉਸ ਦੇ ਸਾਰੇ ਕੰਮ ਕਰਨ ਵਾਲਾ
ਉਹ ਇਕੋ ਇੱਕ ਵਾਹਿਗੁਰੂ ਆਪ ਹੀ ਹੈ। ਇਹ ਸਾਰੀ ਸ੍ਰਿਸ਼ਟੀ ਉਸ ਦਾ ਆਪਣਾ ਹੀ ਰੂਪ ਹੈ, ਆਪਣਾ ਹੀ ਆਕਾਰ
ਹੈ। ਕੀ ਬੰਦਾ ਇਸ ਨੂੰ ਪੜ੍ਹੇ ਬਗੈਰ ਹੀ ਅੱਧ ਤੇ ਉਪੜ ਜਾਂਦਾ ਹੈ? ਜੇ ਅਜਿਹਾ ਹੈ ਤਾਂ ਇਹ ਹੀ
ਸਮਝਣਾ ਬਣਦਾ ਹੈ ਕਿ ਉਹ ਬੰਦਾ, ਗੁਰੂ ਗ੍ਰੰਥ ਸਾਹਿਬ ਵਿਚੋਂ ਕੁੱਝ ਸਿੱਖਣ ਲਈ ਨਹੀਂ ਪੜ੍ਹ ਰਿਹਾ,
ਬਲਕਿ ਉਸ ਵਿਚੋਂ ਕੋਈ ਅਜਿਹੀ ਗੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਆਸਰੇ ਉਹ ਆਪਣੀਆਂ ਚਤਰਾਈਆਂ
ਨੂੰ ਵਰਤਦਾ, ਸਿੱਖਾਂ ਨੂੰ ਕੁਰਾਹੇ ਪਾ ਸਕੇ। ਬੰਦੇ ਨੂੰ ਗੁਰੂ ਸਾਹਿਬ ਵਿੱਚ ਦੱਸੇ ਪਰਮਾਤਮਾ ਦੇ
ਸਰੂਪ ਨੂੰ ਧਿਆਨ ਵਿੱਚ ਰੱਖ ਕੇ ਹੀ ਅਜਿਹੀਆਂ ਉਧਾਰਣਾਂ ਦੇ ਅਰਥ ਸਮਝਣੇ ਚਾਹੀਦੇ ਹਨ। ਸੋ ਅਰਥ ਹਨ
ਕਿ ਧਰਤੀ ਨੂੰ ਆਸਰਾ ਦੇਣ ਵਾਲਾ ਵੀ ਉਹ ਪ੍ਰਭੂ ਆਪ ਹੀ ਹੈ। ਆਕਾਸ਼ ਵੀ ਉਹ ਆਪ ਹੀ ਹੈ। ਇਹ ਸਾਰਾ
ਕੁੱਝ ਉਸ ਵਿਚੋਂ ਹੀ ਨਿਕਲਿਆ ਹੈ ਅਤੇ ਉਸ ਵਿੱਚ ਹੀ ਸਮਾ ਜਾਣਾ ਹੈ।
ਸ੍ਰਿਸ਼ਟੀ ਵਿੱਚ ਉਹ ਆਪ ਹੀ ਹਮੇਸ਼ਾ ਕਾਇਮ ਰਹਿਣ ਵਾਲੇ ਗੁਣਾਂ ਦਾ ਪ੍ਰਕਾਸ਼ ਕਰਦਾ ਹੈ। ਆਪ ਹੀ ਉਹ ਜਤ
ਵਾਲਾ ਹੈ ਆਪ ਹੀ ਉਹ ਸਤ ਵਾਲਾ ਹੈ, ਆਪ ਹੀ ਉਹ ਸੰਤੋਖ ਵਾਲਾ ਹੈ। ਆਪ ਹੀ ਚੰਗੇ ਗੁਣਾਂ ਦੀ ਕਮਾਈ
ਕਰਨ ਵਾਲਾ ਹੈ।
॥ ੨॥ ਜਿਸ ਕਰਣਾ ਸੋ ਕਰਿ ਕਰਿ ਵੇਖੈ॥ ਕੋਇ ਨ ਮੇਟੈ ਸਾਚੇ ਲੇਖੈ॥
ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ॥ ੨॥ (੧੦੨੧)
ਜਿਸ ਪ੍ਰਭੂ ਨੇ ਸੰਸਾਰ ਪੈਦਾ ਕੀਤਾ ਹੈ, ਜੋ ਭਵਿੱਖ ਵਿੱਚ ਵੀ ਸਭ ਕੁੱਝ ਕਰੇਗਾ। ਸਭ ਕੁੱਝ ਕਰ ਕੇ
ਉਸ ਨੂੰ ਆਪ ਹੀ ਵੇਖ ਰਿਹਾ ਹੈ, ਆਪ ਹੀ ਉਸ ਦੀ ਸੰਭਾਲ ਕਰ ਰਿਹਾ ਹੈ। ਇਸ ਨੂੰ ਹੋਰ ਚੰਗੀ ਤਰ੍ਹਾਂ
ਸਮਝਣ ਲਈ ਇਹ ਕਿਹਾ ਜਾ ਸਕਸਾ ਹੈ ਕਿ ਉਸ ਦੇ ਨਿਯਮ ਕਾਨੂਨਾਂ ਅਨੁਸਾਰ, ਉਸ ਦੇ ਹੁਕਮ ਵਿੱਚ ਹੀ ਸਭ
ਕੁੱਝ ਹੋ ਰਿਹਾ ਹੈ। ਇਸ ਬਾਰੇ ਹੀ ਕਿਹਾ ਹੈ,
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ (੧)
ਦੁਨੀਆ ਦੀ ਹਰ ਚੀਜ਼, ਪ੍ਰਭੂ ਦੇ ਹੁਕਮ ਵਿੱਚ ਹੈ, ਉਸ ਦੇ ਹੁਕਮ ਤੋਂ ਬਾਹਰ ਸ੍ਰਿਸ਼ਟੀ ਦੀ ਕੋਈ ਚੀਜ਼
ਵੀ ਨਹੀਂ ਹੈ। ਹੇ ਨਾਨਕ ਜੇ ਕੋਈ ਬੰਦਾ, ਸ਼ਬਦ ਦੀ ਵਿਚਾਰ ਆਸਰੇ, ਪਰਭੂ ਦੇ ਹੁਕਮ ਨੂੰ ਬੁੱਝ ਲਵੇ,
ਇਹ ਜਾਣ ਲਵੇ ਕਿ ਪਰਮਾਤਮਾ ਦੇ ਹੁਕਮ ਤੋਂ ਬਾਹਰ ਕੁੱਝ ਵੀ ਨਹੀਂ ਹੈ, ਤਾਂ ਉਹ ਬੰਦਾ ਕਦੇ ਵੀ ਹਉਮੈ
ਦੀ, ਹੰਕਾਰ ਦੀ ਗੱਲ ਨਹੀਂ ਕਰੇਗਾ।
ਉਸ ਸੱਚੇ, ਹਮੇਸ਼ਾ ਕਾਇਮ ਰਹਿਣ ਵਾਲੇ ਵਾਹਿਗੁਰੂ ਦੇ ਹੁਕਮ, ਉਸ ਦੇ ਕਾਨੂਨਾਂ ਨੂੰ ਬਦਲਣ ਦੀ ਸਮਰਥਾ
ਕਿਸੇ ਵਿੱਚ ਵੀ ਨਹੀਂ ਹੈ। ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਉਸ ਦੇ ਹੁਕਮ ਤੋ ਬਾਹਰੀ ਕੋਈ ਗੱਲ,
ਕੋਈ ਕਰਾਮਾਤ, ਕਿਸੇ ਹਾਲਤ ਵਿੱਚ ਵੀ ਸੰਭਵ ਨਹੀਂ ਹੈ। ਅਰਥਾਂਤ ਕਰਾਮਾਤਾਂ ਦੀਆਂ ਸਾਰੀਆਂ ਗੱਲਾਂ,
ਗਪੌੜਿਆਂ ਤੋਂ ਵੱਧ ਕੁੱਝ ਵੀ ਨਹੀਂ ਹਨ। ਕਰਾਮਾਤ ਬਾਰੇ ਗੁਰਬਾਣੀ ਹੁਕਮ ਹੈ,
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ॥
ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ॥
ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ॥ ੨॥ (੬੫੦)
ਪਰਮਾਤਮਾ ਦੇ ਨਾਮ, ਉਸ ਦੇ ਹੁਕਮ ਵਿੱਚ ਚਲਣ ਤੋਂ ਬਗੈਰ, ਚੰਗਾ ਖਾਣਾ ਅਤੇ ਚੰਗਾ ਪਹਿਨਣਾ ਸਭ ਵਿਅਰਥ
ਹੈ, ਯਾਨੀ ਸਾਰਾ ਜੀਵਨ ਵਿਅਰਥ ਹੈ। ਨਾਮ ਤੋਂ ਬਗੈਰ, ਪ੍ਰਭੂ ਦੇ ਹੁਕਮ ਵਿੱਚ ਚਲਣ ਤੋਂ ਬਗੈਰ, ਹਰ
ਸਿੱਧੀ ਅਤੇ ਹਰ ਕਹੀ ਜਾਂਦੀ ਕਰਾਮਾਤ, ਫਿਟਕਾਰ ਜੋਗੀ ਹੈ। ਇਸ ਵਿੱਚ ਕੋਈ ਵਡਿਆਈ ਨਹੀਂ ਬਲਕਿ ਇਹ
ਤਿਰਸਕਾਰ ਜੋਗ ਹੀ ਹੈ।
ਅਸਲੀ ਸਿੱਧੀ, ਅਸਲੀ ਕਰਾਮਾਤ ਉਹੀ ਹੈ ਜੋ, ਚਿੰਤਾ ਰਹਿਤ ਪ੍ਰਭੂ, ਬੰਦੇ ਨੂੰ ਆਪਣੇ ਹੁਕਮ ਵਿੱਚ
ਚੱਲਣ ਦੀ ਦਾਤ ਬਖਸ਼ੇ। ਇਹ ਕਰਾਮਾਤ ਹੀ ਹੈ ਕਿ ਪਰਮਾਤਮਾ ਨੇ ਬੰਦੇ ਨੂੰ ਆਪਣਾ ਭਲਾ-ਬੁਰਾ ਸੋਚਣ ਦੀ
ਸਮਰਥਾ ਬਖਸ਼ੀ ਹੈ, ਜਿਸ ਦੇ ਆਧਾਰ ਤੇ ਉਹ, ਸਭ ਜੂਨਾਂ ਦਾ ਸਰਦਾਰ ਕਿਹਾ ਜਾਂਦਾ ਹੈ। ਇਹ ਹੁਣ ਬੰਦੇ
ਤੇ ਨਿਰਭਰ ਕਰਸਾ ਹੈ ਕਿ ਉਹ, ਆਪਣੀ ਅਕਲ ਦੀ ਸੁਯੋਗ ਵਰਤੋਂ ਕਰਦਿਆਂ, ਸ਼ਬਦ ਗੁਰੂ ਤੋਂ ਸਿਖਿਆ ਲੈ
ਕੇ, ਆਤਮਕ ਤੌਰ ਤੇ ਅਕਾਲ ਪੁਰਖ ਦੇ ਨੇੜੇ ਹੁੰਦਾ ਹੈ? ਜਾਂ ਆਪਣੀ ਅਕਲ ਦੀ ਦੁਰਵਰਤੋਂ ਕਰਦਿਆਂ,
ਮਾਇਆ ਮੋਹ ਵਿੱਚ ਫਸ ਕੇ ਪਰਮਾਤਮਾ ਤੋਂ ਵਿੱਥ ਬਣਾਉਂਦਾ ਹੈ?
ਹੇ ਨਾਨਕ, ਜਿਹੜਾ ਬੰਦਾ, ਆਪਣੀ ਅਕਲ ਦੀ ਯੋਗ ਵਰਤੋਂ ਕਰਦਿਆਂ, ਗੁਰਮੁਖ ਹੋ ਕੇ, ਸ਼ਬਦ ਗੁਰੂ ਤੋਂ
ਸਿਖਿਆ ਲੈ ਕੇ, ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਏ, ਮਨੋਂ ਪਰਮਾਤਮਾ ਦੇ ਹੁਕਮ ਵਿੱਚ
ਚੱਲੇ, ਉਸ ਲਈ ਪ੍ਰਭੂ ਵਲੋਂ ਬਖਸ਼ੀ ਅਕਲ, ਸਿੱਧੀ ਹੈ, ਕਰਾਮਾਤ ਹੈ। ਜਿਸ ਨੇ ਇਸ ਦੀ ਦੁਰਵਰਤੋਂ
ਕਰਦਿਆਂ ਲੋਕਾਂ ਨੂੰ ਲੁਟਣ ਦੇ ਬਾਨ੍ਹਣੂ ਬੱਨ੍ਹਣੇ ਹਨ, ਉਸ ਦੀ ਅਕਲ ਫਿਟਕਾਰ ਯੌਗ ਹੈ।
ਪਰਭੂ ਆਪ ਹੀ ਸਭ ਕੁੱਝ ਕਰ ਰਿਹਾ ਹੈ, ਆਪ ਹੀ ਸਭ ਕੁੱਝ ਕਰਵਾ ਰਿਹਾ ਹੈ, ਆਪ ਹੀ, ਜਿਸ ਨੂੰ ਚਾਹੇ,
ਵਡਿਆਈ ਦਿੰਦਾ ਹੈ। ਇਹ ਸਾਰੇ ਹੀ ਜਾਣਦੇ ਹਨ ਕਿ ਵਡਿਆਈ ਉਸ ਨੂੰ ਹੀ ਮਿਲਦੀ ਹੈ, ਜੋ ਹੁਕਮ ਵਿੱਚ
ਚਲਦਾ ਹੈ। ਜੋ ਆਪ ਹੁਦਰੀਆਂ ਕਰਦਾ ਹੈ, ਉਸ ਨੂੰ ਵਡਿਆਈ ਮਿਲਣ ਦਾ ਕੀ ਮਤਲਬ?
॥ ੩॥ ਪੰਚ ਚੋਰ ਚੰਚਲ ਚਿਤੁ ਚਾਲਹਿ॥ ਪਰ ਘਰ ਜੋਹਹਿ ਘਰੁ ਨਹੀ ਭਾਲਹਿ॥
ਕਾਇਆ ਨਗਰੁ ਢਹੈ ਢਹਿ ਢੇਰੀ ਬਿਨ ਸਬਦੈ ਪਤਿ ਜਾਈ ਹੇ॥ ੩॥
ਪੰਜ ਚੋਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜੋ ਚੰਚਲ ਹਨ। ਇਹ ਪੰਜੇ ਮਨ ਨੂੰ ਮੋਹ ਲੈਂਦੇ
ਹਨ, ਮਨ ਇਨ੍ਹਾਂ ਦੇ ਚੱਕਰ ਵਿੱਚ ਹੀ ਪਿਆ ਰਹਿੰਦਾ ਹੈ, ਇਨ੍ਹਾਂ ਦੇ ਚੱਕਰ ਵਿੱਚ ਪਿਆ ਬੰਦਾ, ਆਪਣੇ
ਘਰ ਵਿੱਚ ਵਸਦੇ ਪਰਮਾਤਮਾ ਨੂੰ ਨਹੀਂ ਖੋਜਦਾ, ਦੂਸਰਿਆਂ ਦੇ ਘਰਾਂ ਵਿੱਚ ਹੀ ਝਾਕਦਾ ਰਹਿੰਦਾ ਹੈ। ਪਰ
ਤਨ, ਕਾਮ ਲਈ। ਨੌਕਰ ਚਾਕਰ, ਕ੍ਰੋਧ ਲਈ। ਪਰਾਇਆ ਧਨ, ਲੋਭ ਲਈ। ਆਪਣੇ ਬੱਚੇ, ਰਿਸ਼ਤੇਦਾਰ, ਜਾਇਦਾਦ,
ਮੋਹ ਲਈ। ਆਪਣੇ ਪਿੱਛਲੱਗ, ਹੰਕਾਰ ਦੀ ਪੂਰਤੀ ਲਈ।
ਇੱਕ ਚੀਜ਼ ਸਮਝਣ ਵਾਲੀ ਹੈ ਕਿ ਪਰਮਾਤਮਾ ਨੈ ਸੰਸਾਰ ਵਿੱਚ ਕੋਈ ਵੀ ਚੀਜ਼, ਫਾਲਤੂ ਨਹੀਂ ਬਣਾਈ ਹੈ।
ਦੁਨੀਆ ਵਿਚਲੀ ਹਰ ਚੀਜ਼, ਸੰਸਾਰ ਦੀ ਉਤਪਤੀ, ਉਸ ਨੂੰ ਚਲਦਾ ਰੱਖਣ ਲਈ, ਉਸ ਦਾ ਵਿਨਾਸ਼ ਕਰਨ ਲਈ ਕਿਸੇ
ਨਾ ਕਿਸੇ ਰੂਪ ਵਿੱਚ ਸਹਾਈ ਹੁੰਦੀ ਹੈ। ਇਵੇਂ ਹੀ ਇਹ ਪੰਜੇ ਚੀਜ਼ਾਂ, ਸਰੀਰ ਲਈ ਅੱਤ ਲੋੜੀਂਦੀਆਂ ਹਨ।
ਕਾਮ, ਨਸਲ ਚਲਦੀ ਰੱਖਣ ਲਈ ਜ਼ਰੂਰੀ ਹੈ। ਇਹ ਦਾਤ ਕਰਤਾਰ ਨੇ, ਦੁਨੀਆਂ ਦੇ ਸਭ ਜੀਵਾਂ ਨੂੰ ਦਿੱਤੀ
ਹੈ। ਬੰਦੇ ਨੂੰ ਛੱਡ ਕੇ ਦੁਨੀਆਂ ਦੇ ਸਭ ਜੀਵ, ਇਸ ਦੀ ਲੋੜ ਅਨੁਸਾਰ ਹੀ ਵਰਤੋਂ ਕਰਦੇ ਹਨ। ਇਸ ਹੱਦ
ਤੱਕ ਇਹ ਰੱਬ ਵਲੋਂ ਦਿੱਤੀ ਦਾਤ ਹੈ। ਜਦ ਬੰਦਾ ਇਸ ਦੀ ਵਰਤੋਂ, ਚਸਕੇ ਲਈ ਲੋੜੋਂ ਵੱਧ ਕਰਦਾ ਹੈ,
ਤਾਂ ਇਹੀ ਫਿਟਕਾਰ ਯੋਗ, ਕਾਮ ਹੋ ਜਾਂਦਾ ਹੈ।
ਏਵੇਂ ਹੀ, ਕ੍ਰੋਧ ਦਾ ਹੀ ਅਸਲੀ ਰੂਪ ਹੈ, ਬਹਾਦਰੀ, ਸੂਰਮਤਾਈ, ਗੁੱਸਾ, ਜੋ ਕਿਸੇ ਤੇ ਵੀ ਜ਼ਿਆਦਤੀ
ਹੁੰਦੀ ਵੇਖ ਕੇ ਬੰਦੇ ਨੂੰ ਆਉਣਾ ਜ਼ਰੂਰੀ ਹੈ। ਇਹ ਆਪਣੇ ਅਤੇ ਮਜ਼ਲੂਮ ਦੀ ਰੱਖਿਆ ਲਈ ਜ਼ਰੂਰੀ ਹੈ। ਜਿਸ
ਦੀ ਅਣਹੋਂਦ, ਦੂਸਰਿਆਂ ਨੂੰ ਜ਼ਾਲਮ ਬਣਨ ਵਿੱਚ ਮਦਦ ਕਰ ਕੇ, ਸਮਾਜ ਨੂੰ ਨਿਘਾਰ ਵੱਲ ਲਿਜਾਣ ਦਾ ਕਾਰਨ
ਬਣਦੀ ਹੈ। ਪਰ ਇਸ ਦੀ ਜ਼ਿਆਦਤੀ, ਜੋ ਅਕਸਰ ਮਜਬੂਰ ਲੋਕਾਂ ਤੇ ਹੀ ਕੀਤਾ ਕਾਂਦਾ ਹੈ, ਨੂੰ ਕ੍ਰੌਧ
ਕਿਹਾ ਜਾਂਦਾ ਹੈ। ਜਿਸ ਦੇ ਅਧੀਨ ਬੰਦਾ ਜ਼ਾਲਮ ਬਣ ਕੇ ਸਮਾਜ ਲਈ, ਨੁਕਸਾਨ ਦੇਹ ਹੋ ਜਾਂਦਾ ਹੈ। ਇਸ
ਹਾਲਤ ਵਿੱਚ ਇਹ ਪਰਮਾਤਮਾ ਦੀ ਬਖਸ਼ਿਸ਼ ਨਾ ਰਹਿ ਕੇ, ਫਿਟਕਾਰ ਯੋਗ ਹੋ ਜਾਂਦਾ ਹੈ।
ਏਵੇਂ ਹੀ, ਲੋਭ ਦਾ ਹੀ ਅਸਲੀ ਰੂਪ ਹੈ, ਕਿਰਤ ਕਮਾਈ ਹੈ, ਜੋ ਬੰਦੇ ਦੇ ਜੀਵਨ ਨਿਰਬਾਹ ਲਈ ਅੱਤ
ਲੋੜੀਂਦੀ ਚੀਜ਼ ਹੈ, ਇਸ ਤੋਂ ਬਗੈਰ ਬੰਦੇ ਦਾ ਵਿਕਾਸ ਸੰਭਵ ਨਹੀਂ ਹੈ। ਪਰ ਜਦ ਇਹ ਕਿਰਤ ਕਮਾਈ ਤੋਂ
ਵਧ ਕੇ, ਦੂਸਰਿਆਂ ਦਾ ਹੱਕ ਮਾਰਨ ਤਕ ਪਹੁੰਚ ਜਾਵੇ, ਤਾਂ ਇਹ ਲੋਭ ਹੋ ਜਾਂਦਾ, ਜਿਸ ਬਾਰੇ ਗੁਰਬਾਣੀ
ਕਹਿੰਦੀ ਹੈ ਕਿ,
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ (੧੪੧)
ਏਵੇਂ ਹੀ, ਮੋਹ ਦਾ ਅਸਲੀ ਰੂਪ ਹੈ ਪਿਆਰ, ਜੋ ਸੰਸਾਰ ਦੀ ਹੋਂਦ ਲਈ ਅੱਤ ਲੋੜੀਂਦੀ ਚੀਜ ਹੈ। ਇਹੀ ਉਹ
ਜਜ਼ਬਾ ਹੈ ਜੋ ਪਰਮਾਤਮਾ ਨੂੰ ਮਿਲਣ ਦਾ ਵਸੀਲਾ ਬਣਦਾ ਹੈ। ਪਰ ਜਦ ਇਹੀ ਜਜ਼ਬਾ, ਸੰਸਾਰ ਵਿੱਚ ਪਿਆਰ
ਪੂਰਵਕ ਵਿਚਰਨ ਦੀ ਥਾਂ, ਕੁੱਝ ਨਿੱਜੀ ਬੰਦਿਆਂ ਤੱਕ ਹੀ ਸੀਮਤ ਹੋ ਜਾਵੇ, ਬੰਦਾ ਸਵਾਰਥੀ ਹੋ ਜਾਵੇ,
ਤਾਂ ਇਹ ਮੋਹ ਹੋ ਜਾਂਦਾ ਹੈ, ਜੋ ਪਰਮਾਤਮਾ ਦਾ ਵਰਦਾਨ ਨਾ ਰਹਿ ਕੇ, ਫਿਟਕਾਰ ਯੋਗ, ਸਰਾਪ ਬਣ ਜਾਂਦਾ
ਹੈ।
ਏਸੇ ਤਰ੍ਹਾਂ ਹੰਕਾਰ ਦਾ ਅਸਲੀ ਰੂਪ ਹੈ, ਸਵੈਮਾਨ। ਜੋ ਇਜ਼ਤ ਦੀ ਜ਼ਿੰਦਗੀ ਜੀਉਣ ਲਈ ਅੱਤ ਜ਼ਰੂਰੀ ਹੈ।
ਜਿਸ ਦੀ ਅਣਹੋਂਦ ਕਾਰਨ ਹੀ, ਹਿੰਦੁਸਤਾਨ ਨੂੰ ੧੨੦੦ ਸਾਲ ਤੱਕ ਗੁਲਾਮ ਰਹਿ ਕੇ, ਆਪਣੀਆਂ
ਧੀਆਂ-ਭੈਣਾਂ ਦੀ ਬੇਇਜ਼ਤੀ ਬਰਦਾਸ਼ਤ ਕਰਨੀ ਪਈ ਸੀ। ਜਿਸ ਬਾਰੇ ਬਾਬਾ ਨਾਨਕ ਜੀ ਨੇ ਜਾਗ੍ਰਿਤ ਕਰ ਕੇ,
ਦੇਸ਼ ਨੂੰ ਇਸ ਲਾਨ੍ਹਤ ਤੋਂ ਬਚਾਇਆ ਸੀ। ਜਿਸ ਦੀ ਅਣਹੋਂਦ ਹੀ ਅੱਜ ਸਿੱਖਾਂ ਨੂੰ, ਗੰਦੀ ਨਾਲੀ ਦੇ
ਕੀਂੜਿਆਂ ਵਾਲੀ ਜ਼ਿੰਦਗੀ ਬਿਤਾਉਣ ਲਈ ਮਜਬੂਰ ਕਰ ਰਹੀ ਹੈ। ਜਦ ਇਹ ਹੀ ਵੱਧ ਕੇ ਹੰਕਾਰ ਦਾ ਰੂਪ ਧਾਰਨ
ਕਰ ਲਵੇ, ਦੂਸਰਿਆਂ ਦੀ ਬੇਜ਼ਿਤੀ ਦਾ ਸਾਧਨ ਬਣ ਜਾਵੇ, ਹਉਮੈ ਵਿੱਚ ਬਦਲ ਜਾਵੇ, ਤਾਂ ਇਹ ਵਾਹਿਗੁਰੂ
ਦੀ ਬਖਸ਼ਿਸ਼, ਉਸ ਦਾ ਵਰਦਾਨ ਨਾ ਰਹਿ ਕੇ, ਫਿਟਕਾਰ ਯੋਗ ਸਰਾਪ ਬਣ ਜਾਂਦਾ ਹੈ।
ਇਨ੍ਹਾਂ ਪੰਜਾਂ ਦੇ ਚੱਕਰ ਵਿੱਚ ਫਸੇ ਬੰਦੇ ਦਾ ਸਰੀਰ ਰੂਪੀ ਨਗਰ, ਮੰਦਰ ਢਹਿ ਢੇਰੀ ਹੋ ਜਾਂਦਾ ਹੈ।
ਸ਼ਬਦ ਗੁਰੂ ਨਾਲ ਜੁੜੇ ਬਗੈਰ, ਸ਼ਬਦ ਦੀ ਵਿਚਾਰ ਕਰ ਕੇ, ਉਸ ਤੋਂ ਗਿਆਨ ਲਏ ਬਗੈਰ, ਜਿਸ ਦੇ ਆਸਰੇ,
ਪ੍ਰਭੂ ਦੇ ਹੁਕਮ ਵਿੱਚ ਚਲਣਾ ਸੀ। ਉਹ ਨਾ ਕਰ ਕੇ, ਵਿਸ਼ੇ ਵਿਕਾਰਾਂ ਵਿੱਚ ਬੁਰੇ ਕੰਮ ਕਰਦਿਆਂ,
ਜ਼ਿੰਦਗੀ ਬਿਤਾਉਣ ਸਦਕਾ, ਪ੍ਰਭੂ ਦੀ ਹਜ਼ੂਰੀ ਵਿੱਚ ਖੁਆਰੀ ਮਿਲਦੀ ਹੈ, ਬੇਇਜ਼ਤੀ ਹੁੰਦੀ ਹੈ।
॥ ੪॥ ਗੁਰ ਤੇ ਬੂਝੈ ਤ੍ਰਿਭਵਣੁ ਸੂਝੈ॥ ਮਨਸਾ ਮਾਰਿ ਮਨੈ ਸਿਉ ਲੂਝੈ॥
ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ॥ ੪॥
ਜੋ ਬੰਦਾ ਸ਼ਬਦ ਗੁਰੂ ਨਾਲ ਜੁੜ ਕੇ, ਸ਼ਬਦ ਦੀ ਵਿਚਾਰ ਕਰੇ, ਉਸ ਨੂੰ ਤਿੰਨਾਂ ਭਵਣਾਂ,
(ਇਹ ਤਿੰਨੋ ਭਵਨ ਇਸ ਧਰਤੀ ਨਾਲ ਹੀ ਸਬੰਧਿਤ ਹਨ, ਇਸ ਤੋਂ ਵੱਖਰੀ ਕੋਈ ਚੀਜ਼ ਨਹੀਂ ਹਨ। ਧਰਤੀ, ਜੋ
ਜੀਵਾਂ ਲਈ ਖਾਣ ਦੀਆਂ ਚੀਜ਼ਾਂ ਦਾ ਗੇੜ ਚਲਦਾ ਰੱਖਣ ਦਾ ਖਜ਼ਾਨਾ ਹੈ। ਆਕਾਸ਼, ਜੋ ਜੀਵਾਂ ਦਾ ਸਾਹ ਲੈਣ
ਲਈ, ਹਵਾ ਦਾ ਚੱਕਰ ਚਲਦਾ ਰੱਖਣ ਦਾ ਖਜ਼ਾਨਾ ਹੈ। ਪਾਤਾਲ, ਪਾਣੀ ਦਾ ਤਾਲ, ਸਮੁੰਦਰ, ਜੋ ਜੀਵਾਂ ਦੀ
ਜ਼ਿੰਦਗੀ ਦੇ ਸਾਧਨ, ਪਾਣੀ ਦਾ ਚੱਕਰ ਚਲਦਾ ਰੱਖਣ ਦਾ ਖਜ਼ਾਨਾ ਹੈ।)
ਦੀ ਸੋਝੀ, ਉਸ ਵਿੱਚ ਵਿਆਪਕ ਪ੍ਰਭੂ ਦੀ ਸੋਝੀ, ਉਸ ਦੀ ਪੈਦਾ ਕੀਤੀ ਮਾਇਆ ਦੀ ਅਸਲੀਅਤ ਸਮਝ ਆ ਜਾਂਦੀ
ਹੈ। ਉਸ ਨੂੰ ਸਮਝ ਆ ਜਾਂਦਾ ਹੈ ਕਿ ਕਰਤਾਪੁਰਖ ਦੁਨੀਆਂ ਦੀ ਹਰ ਚੀਜ਼ ਵਿੱਚ ਸੰਪੂਰਨ ਰੂਪ ਵਿੱਚ
ਮੌਜੂਦ ਹੈ। ਬੰਦੇ ਦਾ ਸਰੀਰ ਹੀ ਉਸ ਦਾ ਅਸਲੀ ਨਿਵਾਸ ਅਸਥਾਨ, ਹਰਿਮੰਦਰ ਹੈ। ਉਸ ਪ੍ਰਭੂ ਨੂੰ
ਅੰਦਰੋਂ ਹੀ ਭਾਲਣ ਦੀ ਲੋੜ ਹੈ। ਉਸ ਨੂੰ ਲੱਭਣ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਜਦ ਬੰਦੇ
ਨੂੰ ਏਨੀ ਸੋਝੀ ਹੋ ਜਾਂਦੀ ਹੈ ਤਾਂ ਉਹ ਗੁਰ ਗਿਆਨ ਦੀ ਖੜਗ ਆਸਰੇ, ਮਨ ਨਾਲ ਟਾਕਰਾ ਕਰਦਾ ਹੈ।
ਪੰਜਾਂ ਚੋਰਾਂ ਵਲੋਂ, ਮਨ ਵਿੱਚ ਪੈਦਾ ਕੀਤੀਆਂ ਤ੍ਰਿਸਨਾਵਾਂ, ਲਾਲਸਾਵਾਂ ਨੂੰ ਖਤਮ ਕਰ ਲੈਂਦਾ ਹੈ।
(ਇਹ ਸਿਰਫ ਗੁਰ ਸ਼ਬਦ ਦੇ ਗਿਆਨ ਆਸਰੇ ਹੀ ਸੰਭਵ ਹੈ।)
ਹੇ ਪ੍ਰਭੂ, ਜੋ ਸ਼ਬਦ ਗੁਰੂ ਦੇ ਗਿਆਨ ਆਸਰੇ, ਤੈਨੂੰ ਸੇਂਵਦੇ ਹਨ, ਤੇਰੀ ਸੇਵਾ ਕਰਦੇ ਹਨ, (ਗੁਰੂ ਦੀ
ਸੇਵਾ ਕੀ ਹੈ? ਇਹ ਜਾਨਣਾ ਬਹੁਤ ਜ਼ਰੂਰੀ ਹੈ। ਇਸ ਬਾਰੇ ਅਗਿਆਨਤਾ ਕਾਰਨ ਹੀ ਬੰਦਾ, ਗੁਰੂ ਨੂੰ ਛੱਡ
ਕੇ ਬੰਦਿਆਂ ਦੀ ਸੇਵਾ ਕਰਦਾ, ਉਨ੍ਹਾਂ ਬੰਦਿਆਂ ਕੋਲੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਆਰਥਿਕ, ਸਰੀਰਕ
ਅਤੇ ਮਾਨਸਿਕ ਸ਼ੋਸ਼ਣ ਕਰਵਾਉਂਦਾ, ਜ਼ਿੰਦਗੀ ਦੇ ਅਮੁਲੇ ਦਿਨ, ਅਜਾਈਂ ਗਵਾਉਂਦਾ, ਅੰਤ ਨੂੰ ਪਛਤਾਉਂਦਾ
ਇਸ ਸੰਸਾਰ ਤੋਂ ਤੁਰ ਜਾਂਦਾ ਹੈ।)
ਗੁਰ ਸ਼ਬਦ ਦੀ ਸੇਵਾ, ਉਸ ਦੀ ਵਿਚਾਰ ਕਰਨੀ, ਉਸ ਵਲੋਂ ਦਿੱਤੀ ਸੋਝੀ ਅਨੁਸਾਰ ਜੀਵਨ ਢਾਲਣਾ ਹੈ। ਨਾ
ਸ਼ਬਦ ਗੁਰੂ ਨੂੰ ਪੈਸਿਆਂ ਦੀ ਲੋੜ ਹੈ, ਨਾ ਸੋਨੇ ਜੜਤ ਚੰਦੋਇਆਂ, ਰੁਮਾਲਿਆਂ ਦੀ। ਉਸ ਲਈ ਸੌ ਰੁਪਏ
ਦਾ, ਸਾਫ-ਸਵੱਛ ਰੁਮਾਲਾ ਵੀ ਉਹੀ ਕਮਿਤ ਰੱਖਦਾ ਹੈ ਜੋ ਲੱਖਾਂ ਰੁਪਏ ਦਾ ਸੋਨੇ ਦੀਆਂ ਤਾਰਾਂ ਜੜਤ
ਰੁਮਾਲਾ ਜਾਂ ਚੰਦੋਇਆ। ਨਾ ਉਸ ਨੂੰ ਸੋਨੇ ਦੇ ਕਲਸਾਂ, ਸੋਨੇ ਦੇ ਖੰਡਿਆਂ, ਜਾਂ ਸੋਨੇ ਦੀਆਂ
ਪਾਲਕੀਆਂ ਦੀ ਹੀ ਲੋੜ ਹੈ। ਸ਼ਬਦ ਗੁਰੂ ਨੂੰ ਨਾ ਤਾਂ ਗਰਮੀਆਂ ਵਿੱਚ ਏ. ਸੀ. ਦੀ ਲੋੜ ਹੈ, ਨਾ
ਸਰਦੀਆਂ ਵਿੱਚ ਗਰਮ ਕੰਬਲਾਂ ਜਾਂ ਰਜਾਈਆਂ ਦੀ। ਉਹ ਸ਼ਬਦ ਰੂਪ ਹੈ, ਸਰਬ ਵਿਆਪਕ ਹੈ, ਸਰੀਰ ਨਹੀਂ ਹੈ।
ਏਵੇਂ ਹੀ ਗੁਰੁ ਪਰਮਾਤਮਾ ਦੀ ਸੇਵਾ, ਉਸ ਦੇ ਹੁਕਮ, ਉਸ ਦੀ ਰਜ਼ਾ, ਉਸ ਦੇ ਬਣਾਏ ਨਿਯਮ ਕਾਨੂਨਾਂ
ਅਨੁਸਾਰ ਚਲਣਾ ਹੀ ਹੈ। (ਸਭ ਕੁੱਝ ਉਸ ਵਿਚੋਂ ਹੀ ਨਿਕਲਿਆ ਹੈ, ਫਿਰ ਉਸ ਨੂੰ ਕੀ ਅਰਪਿਤ ਕੀਤਾ ਜਾ
ਸਕਦਾ ਹੈ?) ਉਸ ਦੇ ਹੁਕਮ ਵਿੱਚ ਚਲ ਕੇ ਹੀ ਬੰਦਾ ਉਸ ਦੀ ਖੁਸ਼ੀ ਹਾਸਲ ਕਰ ਕੇ ਉਸ ਨਾਲ ਇੱਕ ਮਿਕ ਹੋ
ਸਕਦਾ ਹੈ, ਜੋ ਬੰਦੇ ਦਾ ਜੀਵਨ ਮਨੋਰਥ ਹੈ।
ਦੋਵੇਂ ਉਸ ਬੰਦੇ ਦੇ ਅੰਦਰ ਵਸਦੇ ਹਨ, ਜਿਸ ਵਿੱਚ ਦੁਨੀਆਂ ਭਰ ਦਾ ਗੰਦ ਭਰਿਆ ਹੋਇਆ ਹੈ। ਬੰਦੇ ਦੇ
ਮਰਨ ਪਿਛੋਂ ਉਸ ਨਾਲ ਇੱਕ ਦਿਨ ਬਿਤਾਉਣਾ ਵੀ ਮੁਸ਼ਕਿਲ ਹੈ ਜਿਸ ਨਾਲ ਸੌ ਸਾਲ ਬਿਤਾਏ ਸਨ। ਬੰਦਾ ਇਸ
ਅਸਲੀਅਤ ਨੂੰ ਅੱਖੋਂ ਪਰੋਖੇ ਕਰ ਕੇ, ਗੁਰ ਸ਼ਬਦ ਨੂੰ ਵਿਚਾਰੇ ਅਤੇ ਗੁਰੁ ਪਰਮਾਤਮਾ ਦੇ ਹੁਕਮ ਵਿੱਚ
ਚਲੇ ਬਗੈਰ, ਸਾਰੀ ਉਮਰ, ਵਿਖਾਵਿਆਂ ਵਿੱਚ ਆਪ ਭਰਮਦਾ ਅਤੇ ਗੁਰੂ ਨੂੰ ਵੀ ਮਾਇਆ ਮੋਹ ਵਿੱਚ ਭਰਮਾਉਣ
ਦੀ ਕੋਸ਼ਿਸ਼ ਕਰਦਾ, ਇਸ ਸੰਸਾਰ ਤੋਂ ਨਿਸ਼ਫਲ ਹੀ ਚਲਾ ਜਾਂਦਾ ਹੈ।
ਪਰ ਹੇ ਵਾਹਿਗੁਰੂ, ਜੋ ਬੰਦੇ ਤੇਰੀ ਸੇਵਾ ਕਰਦੇ ਹਨ, ਤੇਰੇ ਹੁਕਮ ਵਿੱਚ ਚਲਦੇ ਹਨ, ਉਹ ਤੇਰੇ ਹੀ
ਵਰਗੇ ਹੋ ਜਾਂਦੇ ਹਨ। ਤੂੰ ਕਿਸੇ ਤੋਂ ਨਾ ਡਰਨ ਵਾਲਾ, ਉਨ੍ਹਾਂ ਦਾ ਬਾਲ-ਸਖਾ, ਨਿਆਣਿਆਂ ਵਰਗਾ
ਨਿਸ਼ਕਪਟ ਦੋਸਤ ਹੋ ਜਾਂਦਾ ਹੈਂ।
॥ ੫॥ ਆਪੇ ਸੁਰਗੁ ਮਛੁ ਪਇਆਲਾ॥ ਆਪੇ ਜੋਤਿ ਸਰੂਪੀ ਬਾਲਾ॥
ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ॥ ੫॥
ਸਾਰੀ ਸ੍ਰਿਸ਼ਟੀ ਪ੍ਰਭੂ ਤੋਂ ਹੀ ਪੈਦਾ ਹੋਈ ਹੋਣ ਕਰਕੇ, ਕਹੇ ਜਾਂਦੇ ਸਵਰਗ-ਲੋਕ ਵੀ ਉਹ ਆਪ ਹੀ ਹੈ।
ਮਾਤ-ਲੋਕ ਵੀ ਉਹ ਆਪ ਹੀ ਹੈ ਅਤੇ ਪਾਤਾਲ-ਲੋਕ ਵੀ ਉਹ ਆਪ ਹੀ ਹੈ। ਆਪ ਹੀ ਉਹ ਨਿਰਾ ਨੂਰ ਹੀ ਨੂਰ
ਹੈ, ਆਪ ਹੀ ਉਹ ਸਭ ਤੋਂ ਵੱਡਾ ਹੈ। ਆਪ ਹੀ ਉਹ ਜਟਾ-ਜੂਟ ਡਰਾਉਣੀ ਸ਼ਕਲ ਵਾਲਾ ਹੈ। ਆਪ ਹੀ ਉਹ ਸਭ
ਤੋਂ ਸੁੰਦਰ ਰੂਪ ਵਾਲਾ ਹੈ। ਫਿਰ ਵੀ ਉਸ ਦਾ ਨਾ ਕੋਈ ਖਾਸ ਰੂਪ ਹੈ, ਨਾ ਕੋਈ ਖਾਸ ਚਿਹਨ-ਚੱਕਰ ਹੈ।
॥ ੬॥ ਬੇਦ ਕਤੇਬੀ ਭੇਦੁ ਨ ਜਾਤਾ॥ ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ॥
ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ॥ ੬॥
ਨਾ ਹੀ ਹਿੰਦੂ ਧਰਮ ਦੀਆਂ, ਧਾਰਮਿਕ ਕਿਤਾਬਾਂ, ਵੇਦਾਂ ਆਦਿ ਨੇ ਅਤੇ ਨਾ ਹੀ ਮੁਸਲਮਾਨ ਧਰਮ ਦੀਆਂ
ਧਾਰਮਿਕ ਕਿਤਾਬਾਂ, ਕੁਰਾਨ ਆਦਿ ਨੇ ਪਰਮਾਤਮਾ ਦੇ ਭੇਦ ਨੂੰ ਸਮਝਿਆ ਹੈ। ਉਸ ਪ੍ਰਭੂ ਦੀ ਨਾ ਕੋਈ ਮਾਂ
ਹੈ, ਨਾ ਉਸ ਦਾ ਕੋਈ ਪਿਉ ਹੈ, ਨਾ ਹੀ ਉਸ ਦੇ ਕੋਈ ਖਾਸ ਪੁਤ੍ਰ ਹਨ ਅਤੇ ਨਾ ਹੀ ਉਸ ਦੇ ਕੋਈ ਭਰਾ
ਹਨ। ਉਹ ਜਦੋਂ ਚਾਹੇ, ਵੱਡੇ-ਵੱਡੇ ਪਹਾੜ ਆਦਿ ਪੈਦਾ ਕਰ ਕੇ ਫਿਰ ਆਪਣੇ ਵਿੱਚ ਹੀ ਸਮਾ ਲੈਂਦਾ ਹੈ,
ਆਪਣੇ ਵਿੱਚ ਹੀ ਲੀਨ ਕਰ ਲੈਂਦਾ ਹੈ। ਉਸ ਦਾ ਸਰੂਪ, ਬਿਆਨ ਤੋਂ ਬਾਹਰਾ ਹੈ, ਉਸ ਬਾਰੇ ਕੁੱਝ ਕਹਿਣਾ
ਸੰਭਵ ਨਹੀਂ ਹੈ।
॥ ੭॥ ਕਰਿ ਕਰਿ ਥਾਕੀ ਮੀਤ ਘਨੇਰੇ॥ ਕੋਇ ਨ ਕਾਟੈ ਅਵਗੁਣ ਮੇਰੇ॥
ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ॥ ੭॥
ਮੈਂ ਪਰਮਾਤਮਾ ਤੋਂ ਇਲਾਵਾ ਬਹੁਤ ਸਾਰੇ ਮਿਤ੍ਰ ਬਣਾ-ਬਣਾ ਕੇ ਹਾਰ ਗਈ ਹਾਂ। ਪਰ ਮੇਰੇ ਅੰਦਰ ਦੇ
ਔਗੁਣ, ਉਨ੍ਹਾਂ ਵਿਚੋਂ ਕੋਈ ਵੀ ਦੂਰ ਨਹੀਂ ਕਰ ਸਕਿਆ। ਉਹ ਪ੍ਰਭੂ ਹੀ ਸਾਰੇ ਦੇਵਤਿਆਂ, ਮਨੁੱਖਾਂ ਦਾ
ਖਸਮ ਹੈ, ਉਹੀ ਸਭਨਾ ਜੀਵਾਂ ਦੇ ਸਿਰ ਉਤੇ ਮਾਲਕ ਹੈ। ਜਿਸ ਨੂੰ ਉਹ ਪਿਆਰ ਪਾਉਣ ਨਾਲ ਮਿਲ ਜਾਏ, ਉਸ
ਦਾ ਸਾਰਾ ਸਹਿਮ, ਡਰ ਦੂਰ ਹੋ ਜਾਂਦਾ ਹੈ।
॥ ੮॥ ਭੂਲੇ ਚੂਕੇ ਮਾਰਗਿ ਪਾਵਹਿ॥ ਆਪਿ ਭੁਲਾਇ ਤੂਹੈ ਸਮਝਾਵਹਿ॥
ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ॥ ੮॥
ਹੇ ਪ੍ਰਭੂ ਰਾਹ ਤੋਂ ਭਟਕਿਆਂ ਹੋਇਆਂ ਨੂੰ ਤੂੰ ਆਪ ਹੀ, ਸਹੀ ਰਾਸਤੇ ਦੀ ਸੋਝੀ ਦਿੰਦਾ ਹੈਂ। ਤੂੰ ਆਪ
ਹੀ ਬੰਦਿਆਂ ਨੂੰ ਰਾਸਤੇ ਤੋਂ ਭਟਕਾਉਂਦਾ ਹੈਂ, ਫਿਰ ਆਪ ਹੀ ਉਨ੍ਹਾਂ ਨੂੰ ਸਹੀ ਰਾਸਤੇ ਬਾਰੇ ਸੋਝੀ
ਦੇਣ ਵਾਲਾ ਹੈਂ। ਤੇਰੇ ਨਾਮ, ਤੇਰੇ ਨਿਯਮਾਂ ਤੋਂ ਬਿਨਾ ਮੈਨੂੰ ਹੋਰ ਕੋਈ ਵਸੀਲਾ ਨਹੀਂ ਦਿਸਦਾ, ਜਿਸ
ਆਸਰੇ, ਤੇਰੇ ਬਾਰੇ ਜਾਣਿਆ ਜਾ ਸਕੇ। ਤੇਰੇ ਨਾਮ, ਤੇਰੇ ਹੁਕਮ ਵਿੱਚ ਚਲਿਆਂ ਹੀ ਸੋਝੀ ਹੋ ਸਕਦੀ ਹੈ
ਕਿ ਤੂੰ ਕਿਹੋ ਜਿਹਾ ਹੈਂ, ਕੇਡਾ ਬੇਅੰਤ ਹੈਂ।
ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧