ਬੱਕਰੇ ਹੇਠਾਂ ਦੁੱਧ?
ਬਾਬਾ ਫੌਜਾ ਸਿੰਘ ਨੇ ਵੈਸੇ ਤਾਂ
‘ਸੰਤਾਂ ਦੇ ਕੌਤਕ’ ਬੜੇ ਅਜੀਬੋ ਗਰੀਬ ਪੜੇ ਸੁਣੇ ਸਨ ਪਰ ਬੱਕਰੇ ਦੇ ਦੁੱਧ ਵਾਲਾ ਕੌਤਕ ਪੜ੍ਹਕੇ
ਬਾਬਾ ਸੋਚ ਰਿਹਾ ਸੀ ਕਿ ਬ੍ਰਹਾਮਣ ਨੂੰ ਸਿੱਖ ਐਵੇਂ ਭੰਡੀ ਜਾਂਦੇ ਕਿ ਉਸ ਪੁਰਾਣਾ ਵਿੱਚ ਮਿਥਿਹਾਸ
ਲਿਖਿਆ ਜਾਂ ਗੱਪਾਂ ਨੂੰ ਵੀ ਸ਼ਰਮਿੰਦਾ ਕੀਤਾ ਜੇ ਕਿਤੇ ਉਹ ਸਾਡੇ ਬਾਬਿਆਂ ਦੇ ਕੌਤਕ ਪੜ੍ਹ-ਸੁਣ ਲਵੇ
ਤਾਂ ਮੁਕਾਬਲੇ ਲਈ ਉਸ ਨੂੰ ਹੋਰ ਪੁਰਾਣ ਲਿਖਣੇ ਪੈਣਗੇ ਜਾਂ ਬਾਬਿਆਂ ਅਗੇ ਹਾਰ ਮੰਨਣੀ ਪਵੇਗੀ। ਜਾਂ
ਘੱਟੋ ਘੱਟ ਅਸ਼-ਅਸ਼ ਕਰਨੋ ਨਹੀ ਰਹਿ ਸਕੇਗਾ।
ਪਰ ਫਿਰ ਬਾਬਾ ਆਪ ਹੀ ਸੋਚਦਾ ਕਿ ਗੱਪ ਕਾਹਦੀ ਹੋਈ ਜੇ ਪੜਨ ਸੁਣਨ ਵਾਲਾ ਸ਼ਰਮਿੰਦਾ ਨਾ ਹੋਇਆ ਵੈਸੇ
ਵੀ ਜਿਸ ਵੱਡੇ ਭਾਈ (ਬ੍ਰਹਾਮਣ) ਦੇ ਇਹ ਯਾਰ ਬੇਲੀ ਨੇ ਉਸ ਦੇ ਪੁਰਾਣਾਂ ਕੁੱਝ ਤਾਂ ਅਸਰ ਪਾਉਣਾ ਹੀ
ਸੀ।
ਗੱਲ ਇੰਦਾ ਹੋਈ ਕਿ ਇੱਕ ਬਾਬੇ ਜੀ ਦੇ ਡੇਰੇ ਕੋਈ ਪ੍ਰੇਮੀ ਬੱਕਰੇ ਚੜ੍ਹਾ ਗਿਆ। ਬਾਬਾ ਜੀ ਕਿਉਂਕਿ
ਆਪ ਵੈਸ਼ਨੋ ਸਨ ਤੇ ਉਨ੍ਹੀ ਉਹ ਬੱਕਰੇ ਅਨੰਦਪੁਰ ਸਾਹਬ ਭੇਜ ਦਿੱਤੇ। ਬਾਬਾ ਜੀ ਵੀ ਜਦ ਕਿਤੇ ਜੀਵਾਂ
ਦਾ ‘ਕਲਿਆਣ’ ਕਰਦੇ-ਕਰਦੇ ਅਨੰਦਪੁਰ ਸਾਹਬ ਪਹੁੰਚੇ ਤਾਂ ਉਨ੍ਹਾਂ ਕੀ ਦੇਖਿਆ ਕਿ ਬੱਕਰੇ ਧੁੱਪੇ ਬੱਧੇ
ਹੋਏ ਹਨ। ਉਨ੍ਹੀ ਸੇਵਾਦਾਰ ਨੂੰ ਆਵਾਜ ਮਾਰੀ ਕਿ ਆਹ ਬੱਕਰੇ ਧੁੱਪੇ ਕਾਹਤੋਂ ਬੱਧੇ ਹੋਏ ਹਨ।
ਸੇਵਾਦਾਰ ਕਹਿਣ ਲੱਗਾ ਕਿ ਬਾਬਾ ਜੀ ਇਨ੍ਹਾ ਦਾ ਕਿਹੜਾ ਦੁੱਧ ਸੁੱਕ ਚਲਿਆ?
ਬਾਬਾ ਜੀ ਵਿਸ਼ਵਾ ਮਿੱਤਰ ਵਾਂਗ ਕ੍ਰੋਧ ਵਿੱਚ ਆ ਗਏ ਤੇ ਬੱਚਨ ਕੀਤਾ ਤੈਂ ਦੁੱਧ ਨਾ ਹੋਣ ਕਰਕੇ ਧੁੱਪੇ
ਬੱਧੇ ਨੇ ਚੰਗਾ ਬੈਠ ਹੇਠਾਂ ਦੇਖ ਦੁੱਧ ਦਿੰਦੇ ਕਿ ਨਹੀ! !
ਤੇ ਕਿਸੇ ਦੀ ਜੁਅਰਤ ਹੈ ਇਹ ਸੋਚਣ ਦੀ ਕਿ ਬਾਬਾ ਜੀ ਨੇ ਬੱਚਨ ਕੀਤਾ ਹੋਵੇ ਤੇ ਬੱਕਰੇ ਦੁੱਧ ਨਾ
ਦੇਣ? ਸੋ ਭਾਈ ਕੱਲਯੁਗ ਵਿੱਚ ਵੀ ਅਜਿਹੇ ‘ਮਹਾਂ+ਪੁਰਖ’ ਹੈਨ ਜੀਹਨਾ ਦੇ ਬੱਚਨਾ ਨਾਲ ਬੱਕਰੇ ਦੁੱਧ
ਦੇ ਸਕਦੇ ਹਨ। ਪੰਡਤ ਕਰੇ ਮੁਕਾਬਲਾ ਸਾਡੇ ਬਾਬਿਆਂ ਦਾ। ਹੈ ਹਿੰਮਤ?
ਅਸਲੀ ਉਮਰ।
ਬਾਬਾ ਫੌਜਾ ਸਿੰਘ ਨੇ ਇੱਕ ਕਥਾਵਾਚਕ ਕਥਾ ਕਰਦਿਆਂ ਇੱਕ ਕਹਾਣੀ ਸੁਣਾ ਰਿਹਾ ਸੀ ਕਿ ਇੱਕ ਵਾਰ
ਕਹਿੰਦੇ ਰੱਬ ਜੀ ਉਮਰ ਵੰਡ ਰਹੇ ਸਨ ਤੇ ਸਭ ਤੋਂ ਪਹਿਲਾਂ ਬੰਦਾ ਜਾ ਹਾਜਰ ਹੋਇਆ ਕਿ ਰੱਬ ਜੀ ਸੁਣਿਆ
ਤੁਸੀਂ ਉਮਰ ਵੰਡ ਰਹੇ ਹੋ ਮੇਰੇ ਤੇ ਵੀ ਕਰੋ ਕ੍ਰਿਪਾ। ਰੱਬ ਜੀ ਕਹਿਣ ਲੱਗੇ ਆਹ ਚੱਕ 40 ਸਾਲ!
ਹਜੂਰ ਤੇ ਬੜੀ ਥੋੜੀ ਉਮਰ ਹੈ ਹੋਰ ਕ੍ਰਿਪਾ ਕਰੋ। ਰੱਬ ਜੀ ਕਹਿਣ ਲਗੱੇ ਕਿ ਦੇਖ ਭਾਈ ਤੇਏ ਹਿੱਸੇ ਦੀ
ਇੰਨੀ ਹੈ ਪਰ ਜੇ ਜਿਆਦਾ ਚਾਹੀਦੀ ਤਾਂ ਇੰਝ ਕਰ ਇਥੇ ਬੈਠ ਜਾ ਜੇ ਕਿਸੇ ਹੋਰ ਨੂੰ ਜਿਆਦਾ ਨਾ ਚਾਹੀਦੀ
ਹੋਈ ਤਾਂ ਤੈਨੂੰ ਦੇ ਦਿਆਂਗਾ।
ਉਪਰੰਤ ਗੱਧਾ ਆ ਗਿਆ ਕਿ ਰੱਬ ਜੀ ਉਮਰ ਵੰਡ ਰਹੇ ਹੋ ਕਰੋ ਕ੍ਰਿਪਾ। ਆਹ ਚੱਕ 40 ਸਾਲ। ਰੱਬ ਜੀ ਕਹਿਣ
ਲੱਗੇ।
ਪਰ ਮੈ 40 ਸਾਲ ਵਿੱਚ ਕਰਨਾ ਕੀ ਹੈ ਕ੍ਰਿਪਾ ਕਰਕੇ ਇਹ ਵੀ ਦੱਸੋ। ਰੱਬ ਜੀ ਕਹਿਣ ਲੱਗੇ ਬੜਾ ਸਿਆਣਾ
ਗੱਧਾ ਬਈ ਘੱਟੋ ਘੱਟ ਪੁਛਿਆ ਤਾਂ ਸਹੀ ਕੀ ਮੈ ਕਰਨਾ ਕੀ ਬੰਦੇ ਨੇ ਤਾਂ ਇਹ ਵੀ ਨਹੀ ਪੁੱਛਿਆ ਪਰ ਉਮਰ
ਹੋਰ ਮੰਗੀ ਜਾ ਰਿਹਾ।
ਰੱਬ ਜੀ ਕਹਿਣ ਲੱਗੇ ਕਿ ਆਹ ਬੰਦਾ ਬੈਠਾ ਇਸ ਦਾ ਭਾਰ ਢੋਣਾ ਤੈਂ 40 ਸਾਲ। ਗੱਧਾ ਕਹਿੰਦੇ ਹੱਥ ਜੋੜ
ਕੇ ਖੜ ਗਿਆ ਕਿ ਕ੍ਰਿਪਾ ਕਰੋ 20 ਕੁ ਸਾਲ ਕਰ ਦਿਓ। ਇੰਨਾ ਚਿਰ ਐਂਵੇ ਭਾਰ ਚੁੱਕਦਾ ਮਰਜਾਂਗਾ। ਤੇ
ਰੱਬ ਜੀ ਨੇ 20 ਸਾਲ ਗੱਧੇ ਦੀ ਕਰਕੇ ਉਸ ਵਾਲੀ ਬੱਚਦੀ 20 ਸਾਲ ਬੰਦੇ ਨੂੰ ਦੇ ਦਿੱਤੀ ਕਿ ਲੈ 60
ਹੋਗੀ ਹੁਣ ਜਾਹ।
ਬੰਦੇ ਨੂੰ ਹਾਲੇ ਥੋੜੀ ਜਾਪੀ ਤਾਂ ਰੱਬ ਜੀ ਕਹਿਣ ਲਗੱੇ ਹੋਰ ਠਹਿਰ ਲਾ। ਉਪਰੰਤ ਕੁੱਤਾ ਆਇਆ। ਰੱਬ
ਜੀ ਕਹਿਣ ਲੱਗੇ ਚੱਕ 40 ਸਾਲ! ਸ਼ਵਾਲ ਫਿਰ ਉਹੀ ਕਿ ਮੈਂ ਕਰਨਾ ਕੀ ਹੋਵੇਗਾ ਤਾਂ ਰੱਬ ਜੀ ਕਹਿਣ ਲੱਗੇ
ਆਹ ਬੰਦਾ ਬੈਠਾ ਤੈਂ ਇਸ ਦੇ ਦਰਵਾਜੇ ਤੇ ਰਾਖੀ ਕਰਨੀ ਤੇ ਆਏ ਗਏ ਨੂੰ ਭਉਂਕਣਾ। ਉਹ ਵੀ ਬੇਨਤੀ ਕਰਦਾ
ਹੈ ਕਿ ਨਹੀ 20 ਸਾਲ ਬਹੁਤ ਹੈ। ਰੱਬ ਜੀ ਬੰਦੇ ਨੂੰ ਕਹਿਣ ਲੱਗੇ ਕਿ ਆਹ ਕੁੱਤੇ ਵਾਲੇ 20 ਵੀ ਤੇਰੇ
ਹੋਏ ਹੁਣ ਜਾਹ।
ਨਹੀ ਹਾਲੇ ਵੀ ਥੋੜੀ ਜਦ ਕਿਹਾ ਤਾਂ ਰੱਬ ਜੀ ਕਹਿਣ ਲੱਗੇ ਹੋਰ ਠਹਿਰ ਲਾ। ਕਹਿੰਦੇ ਫਿਰ ਆਇਆ ਉੱਲੂ।
ਉਸ ਨੂੰ ਜਦ 40 ਸਾਲ ਕਿਹਾ ਤਾਂ ਉਸ ਵੀ ਕੰਮ ਪੁੱਛਿਆ ਤਾਂ ਰੱਬ ਜੀ ਕਹਿਣ ਲੱਗੇ ਕਿ ਤੇਰੇ ਕਰਨ ਵਾਲਾ
ਕੁੱਝ ਨਹੀ ਇਸ ਧਰਤੀ ਤੇ। ਤੇਰੀ ਸ਼ਕਲ ਮੈਂ ਇੰਨੀ ਮਨਹੂਸ ਕਰ ਦੇਣੀ ਹੈ ਕਿ ਤੂੰ ਕੇਵਲ ਰਾਤ ਨੂੰ ਹੀ
ਬਾਹਰ ਨਿਕਲ ਸਕਿਆ ਕਰੇਗਾ ਦਿਨੇ ਜੇ ਤੂਂ ਕਿਸੇ ਮੱਥੇ ਲੱਗ ਗਿਆ ਤਾਂ ਲੋਕ ਰਾਹ ਛੱਡ ਜਾਇਆ ਕਰਨਗੇ।
ਵੈਸੇ ਵੀ ਦਿਨ ਤੈਨੂੰ ਦਿਸਣਾ ਕੁੱਝ ਨਹੀ।
ਕਹਾਣੀ ਨਚੋੜ ਇਹ ਹੈ ਕਿ ਬੰਦੇ ਦੀ ਅਪਣੀ ਉਮਰ ਕੇਵਲ 40 ਸਾਲ ਹੀ ਹੈ। ਉਸ ਤੋਂ ਬਾਅਦ ਗੱਧੇ ਵਾਲੀ
ਸ਼ੁਰੂ ਹੋ ਜਾਂਦੀ ਜਿਉਂ ਲੱਗਦਾ ਸਮਾਨ ਇਕੱਠੇ ਕਰਨ ਤੇ ਨਿਆਣਿਆਂ ਦੇ ਭਾਰ ਢੋਣ ਕਿ ਪਤਾ ਹੀ ਉਦੋਂ
ਲੱਗਦਾ ਕਦ ਕੁੱਤੇ ਵਾਲੇ 60 ਸ਼ੁਰੂ ਹੋ ਜਾਂਦੇ ਹਨ। ਹੁਣ ਨਿਆਣੇ ਜਵਾਨ ਹੋ ਚੁੱਕੇ ਹੁੰਦੇ ਕੋਈ ਸੁਣਦਾ
ਹੈ ਨਹੀ ਪਰ ਸਾਰੀ ਉਮਰ ਕੀਤੀ ਹਕੂਮਤ ਕਾਰਨ ਅੰਦਰੋਂ ਖਿੱਝਦਾ, ਬੋਲਦਾ ਤੇ ਰੌਲਾ ਪਾਉਂਦਾ ਜਾਂ ਘਰ ਦੀ
ਅਤੇ ਨਿਆਣਿਆਂ ਦੀ ਰਾਖੀ ਲਈ ਛੱਡ ਦਿੱਤਾ ਜਾਂਦਾ ਹੈ। ਅਗੇ ਆ ਗਈ ਉੱਲੂ ਵਾਲੀ ਦਿੱਸਣੋ ਕਰੀਬਨ ਬੰ ਦ
ਹੋ ਜਾਂਦਾ ਨੂੰਹਾਂ ਪੁੱਤ ਜਾਂ ਪੋਤਰੇ ਚਾਹੁੰਦੇ ਕਿਸੇ ਖੁੱਡੇ ਮੰਜਾ ਕਰ ਦਿਓ ਐਂਵੇਂ ਮੱਥੇ ਲੱਗਦਾ
ਫਿਰੂ, ਪਿਛੋਂ ਅਵਾਜ ਮਾਰੂ ਤੇ ਬਣਦਾ ਕੰਮ ਵੀ ਜਾਊ।
ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਵੈਸੇ ਜੀਹਨੇ ਕੁੱਝ ਕਰਨਾ 40 ਸਾਲ ਵਿੱਚ ਹੀ ਬੜਾ ਕੁੱਝ ਕਰ
ਸਕਦਾ। ਟੌਹਰੀ ਉਮਰ ਤਾਂ ਬੰਦੇ ਦੀ 40 ਸਾਲ ਹੀ ਹੈ ਕੀ ਬਹੁਤ ਨਹੀ?
ਗੁਰਦੇਵ
ਸਿੰਘ ਸੱਧੇਵਾਲੀਆ