.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 12)

ਪਉਣ ਗੁਰੂ ਪਾਣੀ ਪਿਤ ਜਾਤਾ॥ ਉਦਰ ਸੰਜੋਗੀ ਧਰਤੀ ਮਾਤਾ॥
ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ॥ ੧੦॥
ਆਪੇ ਮਛੁਲੀ ਆਪੇ ਜਾਲਾ॥ ਆਪੇ ਗਊ ਆਪੇ ਰਖਵਾਲਾ॥
ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ॥ ੧੧॥
ਆਪੇ ਜੋਗੀ ਆਪੇ ਭੋਗੀ॥ ਆਪੇ ਰਸੀਆ ਪਰਮ ਸੰਜੋਗੀ॥
ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ॥ ੧੨॥
ਖਾਣੀ ਬਾਣੀ ਤੁਝਹਿ ਸਮਾਣੀ॥ ਜੋ ਦੀਸੈ ਸਭ ਆਵਣ ਜਾਣੀ॥
ਸੇਈ ਸਾਹ ਸਚੇ ਵਾਪਾਰੀ ਸਤਿਗੁਰਿ ਬੂਝ ਬੁਝਾਈ ਹੇ॥ ੧੩॥
ਸਬਦੁ ਬੁਝਾਏ ਸਤਿਗੁਰੁ ਪੂਰਾ॥ ਸਰਬ ਕਲਾ ਸਾਚੇ ਭਰਪੂਰਾ॥
ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲ ਨ ਤਮਾਈ ਹੇ॥ ੧੪॥
ਕਾਲੁ ਬਿਕਾਲੁ ਭਏ ਦੇਵਾਨੇ॥ ਸਬਦੁ ਸਹਜ ਰਸੁ ਅੰਤਰਿ ਮਾਨੇ॥
ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ॥ ੧੫॥
ਆਪਿ ਨਿਰਾਲਮੁ ਗੁਰ ਗਮ ਗਿਆਨਾ॥ ਜੋ ਦੀਸੈ ਤੁਝ ਮਾਹਿ ਸਮਾਨਾ॥
ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ॥ ੧੬॥ ੧॥ (੧੦੨੧)
॥ ੧੦॥ ਪਉਣ ਗੁਰੂ ਪਾਣੀ ਪਿਤ ਜਾਤਾ॥ ਉਦਰ ਸੰਜੋਗੀ ਧਰਤੀ ਮਾਤਾ॥
ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ॥ ੧੦॥

ਜਿਵੇਂ ਸਰੀਰ ਲਈ ਹਵਾ ਦੀ ਲੋੜ ਹੈ ਹਵਾ ਤੋਂ ਬਗੈਰ ਸਰੀਰ ਵਧਣਾ-ਫੁਲਣਾ ਤਾਂ ਇੱਕ ਪਾਸੇ, ਜਿਉਂਦਾ ਵੀ ਨਹੀਂ ਰਹਿ ਸਕਦਾ। ਉਸੇ ਤਰ੍ਹਾਂ ਸ਼ਬਦ ਗੁਰੂ ਤੋਂ ਬਗੈਰ, ਬੰਦੇ ਦੀ ਆਤਮਕ ਮੌਤ ਹੋ ਜਾਂਦੀ ਹੈ। ਜਿਵੇਂ ਪਿਤਾ ਤੋਂ ਬਗੈਰ ਸਰੀਰ ਨਹੀਂ ਬਣ ਸਕਦਾ, ਓਵੇਂ ਹੀ ਪਾਣੀ ਤੋਂ ਬਗੈਰ, ਧਰਤੀ ਚੋਂ ਪੈਦਾ ਹੋਣ ਵਾਲੇ ਰੰਗ-ਬਰੰਗੇ ਆਕਾਰਾਂ ਦਾ ਬਣਨਾ ਸੰਭਵ ਨਹੀਂ ਹੈ। ਜਿਵੇਂ ਪਿਤਾ ਦੇ ਸੰਜੋਗ ਨਾਲ, ਮਾਤਾ ਦੇ ਗਰਭ ਵਿੱਚ ਬੱਚਾ ਪਲਦਾ ਹੈ, ਓਸੇ ਤਰ੍ਹਾਂ ਪਾਣੀ ਦੇ ਸੰਜੋਗ ਨਾਲ, ਧਰਤੀ ਦੇ ਗਰਭ ਵਿਚੌਂ ਚੀਜ਼ਾਂ ਪੈਦਾ ਹੁੰਦੀਆਂ ਹਨ, ਏਸੇ ਲਈ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਜੋ ਕੰਮ ਬੱਚੇ ਨੂੰ ਪਾਲਣ ਲਈ, ਖਿਡਾਵੀ ਅਤੇ ਖਿਡਾਵਾ ਕਰਦੇ ਹਨ, ਉਹੀ ਕੰਮ ਸ੍ਰਿਸ਼ਟੀ ਦੀ ਪਾਲਣਾ ਲਈ ਦਿਨ ਰਾਤ ਕਰਦੇ ਹਨ। ਇਹ ਸਾਰੀ ਸ੍ਰਿਸ਼ਟੀ ਰਚਨਾ ਦੀ ਖੇਡ ਉਹ ਪ੍ਰਭੂ ਆਪ ਹੀ ਖੇਡ ਰਿਹਾ ਹੈ, ਆਪ ਹੀ ਖਿਡਾ ਰਿਹਾ ਹੈ। ਸਭ ਕੁੱਝ ਪਰਮਾਤਮਾ ਆਪ ਹੀ ਆਪ ਹੈ।
॥ ੧੧॥ ਆਪੇ ਮਛੁਲੀ ਆਪੇ ਜਾਲਾ॥ ਆਪੇ ਗਊ ਆਪੇ ਰਖਵਾਲਾ॥
ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ॥ ੧੧॥
ਹੇ ਪ੍ਰਭੂ, ਤੂੰ ਆਪ ਹੀ ਮੱਛੀ ਹੈਂ, ਆਪ ਹੀ ਉਸ ਨੂੰ ਫੜਨ ਵਾਲਾ ਜਾਲ ਹੈਂ। ਤੂੰ ਆਪ ਹੀ ਗਊ ਹੈਂ, ਆਪ ਹੀ ਉਸ ਦਾ ਰਖਵਾਲਾ ਹੈਂ। ਗਊਆਂ ਦੀ ਰਾਖੀ ਕਰਨ ਦਾ ਇਹ ਮਤਲਬ ਨਹੀਂ ਕਿ ਇਹ ਕੋਈ ਧਾਰਮਿਕ ਕੰਮ ਹੈ, ਬਲਕਿ ਪੁਰਾਣੇ ਜ਼ਮਾਨੇ ਵਿੱਚ ਗਊਆਂ ਜੰਗਲ ਵਿੱਚ ਚਰਾਈਆਂ ਜਾਂਦੀਆਂ ਸਨ, ਜਿੱਥੇ ਉਨ੍ਹਾਂ ਨੂੰ ਜੰਗਲੀ ਜਾਨਵਰਾਂ ਦਾ ਖਤਰਾ ਹੁੰਦਾ ਸੀ। ਰਖਵਾਲੇ ਦਾ ਫਰਜ਼ ਹੁੰਦਾ ਸੀ ਕਿ ਉਹ ਗਊਆਂ ਨੂੰ, ਜੰਗਲੀ ਜਾਨਵਰਾਂ ਤੋਂ ਬਚਾ ਕੇ ਰੱਖੇ, ਤਾਂ ਜੋ ਬੰਦਿਆਂ ਲਈ ਦੁੱਧ ਅਤੇ ਜ਼ਮੀਨ ਦੀ ਵਾਹੀ ਦਾ ਕੰਮ ਨਿਰੰਤਰ ਚਲਦਾ ਰਹੇ। ਸਮਾ ਪਾ ਕੇ ਇਹੀ ਗਊ ਅਤੇ ਗਊ ਨੂੰ ਚਰਾਉਣ ਵਾਲੇ ਦੀ ਮਾਨਤਾ ਦਾ ਕਾਰਨ ਬਣਿਆ। ਹੇ ਪ੍ਰਭੂ ਸੰਸਾਰ ਦੇ ਸਾਰੇ ਜੀਵਾਂ ਵਿੱਚ ਤੇਰੀ ਹੀ ਜੀਵਨ ਰੌਂ (ਜੋਤ) ਹੈ ਅਤੇ ਉਹ ਸਾਰੇ ਤੇਰੇ ਹੀ ਹੁਕਮ ਵਿੱਚ ਚਲਦੇ ਹਨ।
॥ ੧੨॥ ਆਪੇ ਜੋਗੀ ਆਪੇ ਭੋਗੀ॥ ਆਪੇ ਰਸੀਆ ਪਰਮ ਸੰਜੋਗੀ॥
ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ॥ ੧੨॥
ਕਰਤਾਰ ਆਪ ਹੀ ਸੰਸਾਰ ਦੇ ਝਮੇਲਿਆਂ ਤੋਂ ਭਗੌੜਾ, ਜੋਗੀ ਹੈ, ਕਿਉਂਕਿ ਨਿਰਲੇਪਤਾ ਓਸੇ ਦਾ ਹੀ ਗੁਣ ਹੈ। ਆਪੇ ਹੀ ਸਾਰੇ ਜਗਤ ਨੂੰ ਭੋਗਣ ਵਾਲਾ ਹੈ, ਹਰ ਸਰੀਰ ਵਿਚ, ਹਰ ਚੀਜ਼ ਵਿੱਚ ਰਮਿਆ ਹੋਇਆ, ਉਹ ਆਪ ਹੀ ਸਭ ਨੂੰ ਭੋਗ ਰਿਹਾ ਹੈ। ਉਹ ਆਪ ਹੀ ਵੱਡਾ ਸੰਜੋਗੀ, ਸੰਜੋਗ ਰਾਹੀਂ ਜਗਤ ਰਚਨਾ ਕਰ ਕੇ, ਉਸ ਦੇ ਕਣ-ਕਣ ਵਿੱਚ ਪੱਕੀ ਤਰ੍ਹਾਂ ਵਸਿਆ ਹੋਇਆ ਹੈ। ਇਸ ਤਰ੍ਹਾਂ ਦੁਨੀਆ ਦੇ ਸਾਰੇ ਰਸ ਉਹ ਆਪ ਹੀ ਮਾਣ ਰਿਹਾ ਹੈ॥ ਆਪ ਹੀ ਉਹ ਜੰਗਲ ਵਾਸੀ ਹੋ ਕੇ, ਕੁਦਰਤ ਦਾ ਆਨੰਦ ਮਾਨਣ ਵਾਲਾ ਹੈ, ਅਤੇ ਆਪ ਹੀ ਉਹ ਆਪਣੇ ਨਿਰਾਕਾਰ ਰੂਪ ਵਿਚ, ਸੰਸਾਰ ਦੇ ਝਮੇਲਿਆਂ ਤੋਂ ਦੂਰ, ਆਪਣੇ ਆਪ ਵਿੱਚ ਮਸਤ, ਬੇਫਿਕਰ ਹੋ ਕੇ ਸਮਾਧੀ ਲਾਈ ਬੈਠਾ ਹੈ।
॥ ੧੩॥ ਖਾਣੀ ਬਾਣੀ ਤੁਝਹਿ ਸਮਾਣੀ॥ ਜੋ ਦੀਸੈ ਸਭ ਆਵਣ ਜਾਣੀ॥
ਸੇਈ ਸਾਹ ਸਚੇ ਵਾਪਾਰੀ ਸਤਿਗੁਰਿ ਬੂਝ ਬੁਝਾਈ ਹੇ॥ ੧੩॥
ਹੇ ਪ੍ਰਭੂ, ਜੀਵ ਉਤਪਤੀ ਦੇ ਸਾਰੇ ਸਾਧਨ ਅਤੇ ਆਵਾਜ਼ ਪੈਦਾ ਕਰਨ ਵਾਲੇ ਸਾਰੇ ਸਾਧਨ, ਸਭ ਤੇਰੇ ਵਿੱਚ ਹੀ ਸਮਾ ਜਾਣੇ ਹਨ, ਕਿਉਂਕਿ ਇਹ ਸਭ ਤੇਰੇ ਵਿਚੋਂ ਹੀ ਪੈਦਾ ਹੋਏ ਹਨ, ਇਸ ਕਰ ਕੇ ਹੀ ਗੁਰੂ ਸਾਹਿਬ ਨੇ ਇਨ੍ਹਾਂ ਨੂੰ ਤੇਰਾ ਹੀ ਆਕਾਰ, ਤੇਰਾ ਹੀ ਰੂਪ (ੴ) ਆਖਿਆ ਹੈ। ਇਹ ਸਾਰੀਆਂ ਚੀਜ਼ਾਂ, ਜੋ ਦਿਸਦੀਆਂ ਹਨ, ਆਉਣ-ਜਾਣ ਵਾਲੀਆਂ ਹਨ, ਨਾਸ਼ਵਾਨ ਹਨ। ਸੰਸਾਰ ਵਿੱਚ ਉਹੀ ਬੰਦੇ, ਸੱਚਾ ਵਪਾਰ ਕਰਨ ਵਾਲੇ ਹਨ, ਸੱਚ ਦੇ ਸ਼ਾਹ ਹਨ, ਜਿਨ੍ਹਾਂ ਨੂੰ ਸਤਿਗੁਰ ਨੇ, ਸ਼ਬਦ ਗੁਰੂ ਨੇ, ਇਸ ਸੰਸਾਰ ਰਚਨਾ ਦੀ ਖੇਡ ਬਾਰੇ ਠੀਕ ਸੋਝੀ ਦੇ ਕੇ ਸੱਚ ਦਾ ਮਾਰਗ ਵਿਖਾਇਆ ਹੈ, ਅਤੇ ਉਹ ਉਸ ਸੱਚ ਦੇ ਮਾਰਗ ਤੇ, ਪ੍ਰਭੂ ਦੇ ਹੁਕਮ ਵਿੱਚ ਚਲਦੇ ਹਨ।
॥ ੧੪॥ ਸਬਦੁ ਬੁਝਾਏ ਸਤਿਗੁਰੁ ਪੂਰਾ॥ ਸਰਬ ਕਲਾ ਸਾਚੇ ਭਰਪੂਰਾ॥
ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲ ਨ ਤਮਾਈ ਹੇ॥ ੧੪॥
ਹੇ ਭਾਈ ਸ਼ਬਦ ਹੀ, ਸਾਰੀਆਂ ਤਾਕਤਾਂ ਦੇ ਮਾਲਕ, ਸਦਾ ਕਾਇਮ ਰਹਿਣ ਵਾਲੇ, ਸਤਿਗੁਰੁ, ਪਰਮਾਤਮਾ ਬਾਰੇ ਸੋਝੀ ਦਿੰਦਾ ਹੈ। ਹੇ ਪ੍ਰਭੂ ਤੂੰ ਹੀ ਅਟੱਲ ਹੁਕਮ ਦਾ ਮਾਲਕ ਹੈਂ, ਸਾਰੇ ਸੰਸਾਰ ਦਾ ਪ੍ਰਬੰਧ ਕਰਦਿਆਂ ਵੀ ਤੂੰ ਸਦਾ ਨਿਸਚਿੰਤ ਰਹਿੰਦਾ ਹੈਂ, ਕਿਉਂਕਿ ਤੇਰੇ ਬਣਾਏ ਨਿਯਮ, ਉਕਾਈ ਰਹਿਤ ਹਨ, ਉਨ੍ਹਾਂ ਅਨੁਸਾਰ ਦੁਨੀਆ ਦਾ ਕਾਰ-ਵਿਹਾਰ ਨਿਰਵਿਘਨ ਚਲ ਰਿਹਾ ਹੈ। ਹੇ ਭਾਈ ਏਨਾ ਕੁੱਝ ਹੋਣ ਤੇ ਵੀ ਉਸ ਪਰਮਾਤਮਾ ਨੂੰ ਇੱਕ ਤਿਲ ਮਾਤ੍ਰ ਦਾ ਵੀ ਲਾਲਚ ਨਹੀਂ ਹੈ, ਕਿਉਂਕਿ ਸਭ ਕੁੱਝ ਉਸ ਵਿਚੋਂ ਹੀ ਨਿਕਲਿਆ ਹੈ ਅਤੇ ਉਸ ਵਿੱਚ ਹੀ ਸਮਾ ਜਾਣਾ ਹੈ। ਲਾਲਚ ਕਿਸੇ ਨੂੰ ਉਸ ਚੀਜ਼ ਦਾ ਹੁੰਦਾ ਹੈ, ਜੋ ਉਸ ਨੂੰ ਆਪਣੀ ਪਹੁੰਚ ਤੋਂ ਬਾਹਰ ਜਾਪਦੀ ਹੋਵੇ। ਕਰਤਾਰ ਦੇ ਮਾਮਲੇ ਵਿੱਚ ਅਜਿਹਾ ਕੁੱਝ ਨਹੀਂ ਹੈ।
॥ ੧੫॥ ਕਾਲੁ ਬਿਕਾਲੁ ਭਏ ਦੇਵਾਨੇ॥ ਸਬਦੁ ਸਹਜ ਰਸੁ ਅੰਤਰਿ ਮਾਨੇ॥
ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ॥ ੧੫॥
ਜੋ ਬੰਦਾ ਸ਼ਬਦ ਦੇ ਗਿਆਨ ਆਸਰੇ, ਕਰਤਾਰ ਨੂੰ ਮਨੋ ਮੰਨਦਾ ਹੈ, ਸਹਿਜ ਵਿੱਚ ਹੀ ਉਸ ਦੇ ਅੰਮ੍ਰਿਤ ਰਸ ਦਾ ਆਨੰਦ ਮਾਣਦਾ ਹੈ, ਜਨਮ ਮਰਨ ਦਾ ਗੇੜ, ਉਸ ਤੋਂ ਦੂਰ ਰਹਿੰਦਾ ਹੈ। ਪਰਮਾਤਮਾ ਨੂੰ ਬੰਦੇ ਦਾ ਮਨੋਂ ਭਗਤੀ ਭਾਵ ਹੀ ਭਾਉਂਦਾ ਹੈ। ਕਰਤਾਰ ਆਪ ਹੀ ਤ੍ਰਿਪਤੀ ਦਾ, ਤ੍ਰਿਸ਼ਨਾਵਾਂ ਵਲੋਂ ਤ੍ਰਿਪਤੀ ਦਾ ਅਤੇ ਜਨਮ ਮਰਨ ਦੇ ਗੇੜ ਵਲੋਂ ਮੁਕਤੀ ਦਾ ਵਰ ਦੇਣ ਵਾਲਾ ਹੈ, ਇਸ ਲਈ ਸ਼ਬਦ ਗਿਆਨ ਆਸਰੇ ਬੰਦਾ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਕੇ, ਪ੍ਰਭੂ ਨਾਲ ਇੱਕ ਮਿਕ ਹੋ ਜਾਂਦਾ ਹੈ।
॥ ੧੬॥ ਆਪਿ ਨਿਰਾਲਮੁ ਗੁਰ ਗਮ ਗਿਆਨਾ॥ ਜੋ ਦੀਸੈ ਤੁਝ ਮਾਹਿ ਸਮਾਨਾ॥
ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ॥ ੧੬॥ ੧॥ (੧੦੨੧)
ਹੇ ਵਾਹਿਗੁਰੂ ਤੂੰ ਆਪ ਹੀ ਸਾਰੇ ਸੰਸਾਰ ਵਿੱਚ ਰਮਿਆ ਹੋਣ ਦੇ ਬਾਵਜੂਦ ਵੀ ਸਭ ਤੋਂ ਨਿਰਲੇਪ ਹੈਂ। ਤੇਰੇ ਬਾਰੇ ਸੋਝੀ, ਗੁਰ, ਸ਼ਬਦ ਰਾਹੀਂ ਹੀ ਹੁੰਦੀ ਹੈ। ਗੁਰ ਸ਼ਬਦ ਰਾਹੀਂ ਹੀ ਗਿਆਨ ਹੁੰਦਾ ਹੈ ਕਿ ਜੋ ਕੁੱਝ ਦਿਸਦਾ ਹੈ, ਸਭ ਤੇਰੇ ਵਿੱਚ ਹੀ ਸਮਾ ਜਾਣਾ ਹੈ, ਖਤਮ ਹੋ ਜਾਣਾ ਹੈ। ਏਸੇ ਕਰ ਕੇ ਹੀ ਨਿਮਾਣਾ ਨਾਨਕ, ਤੇਰੇ ਦਰ ਤੋਂ ਭਿਖਿਆ ਮੰਗਦਾ ਹੈ ਕਿ ਇਨ੍ਹਾਂ ਨਾਸ਼ਵਾਨ ਚੀਜ਼ਾਂ ਦੇ ਮੋਹ ਤੋਂ ਬਚਾਉਂਦਿਆਂ, ਮੈਨੂੰ ਆਪਣੇ ਨਾਮ ਦੀ, ਆਪਣੇ ਹੁਕਮ ਵਿੱਚ ਚੱਲਣ ਦੀ ਹੀ ਵਡਿਆਈ ਬਖਸ਼। ਮੈਂ ਹਮੇਸ਼ਾ ਤੇਰੇ ਹੁਕਮ ਵਿੱਚ ਹੀ ਚਲ ਕੇ ਖੁਸ਼ ਰਹਾਂ।
ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਅਕਾਲ ਪੁਰਖ ਦੀਆਂ ਵਡਿਆਈਆਂ ਦੀ ਵਿਚਾਰ ਕੀਤੀ ਹੈ। ਉਹ ਪ੍ਰਭੂ ਆਪ ਹੀ ਇਕੋ-ਇਕ ਸਦੀਵੀ ਹਸਤੀ ਹੈ। ਇਹ ਸਾਰਾ ਸੰਸਾਰ ਵੀ ਉਸ ਦਾ ਆਪਣਾ ਹੀ ਰੂਪ ਹੈ, ਆਪਣਾ ਹੀ ਆਕਾਰ ਹੈ। ਉਸ ਨੂੰ ਸਿਰਫ ਤੇ ਸਿਰਫ, ਸ਼ਬਦ ਦੇ ਗਿਆਨ ਆਸਰੇ ਹੀ ਜਾਣਿਆ ਜਾ ਸਕਦਾ ਹੈ। ਜਿਸ ਵਿੱਚ ਸਪੱਸ਼ਟ ਕਿਹਾ ਹੈ ਕਿ ਇਸ ਸ੍ਰਿਸ਼ਟੀ ਨੂੰ ਪਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ। (ਕੋਈ ਬ੍ਰਹਮਾ, ਇਸ ਨੂੰ ਬਨਾਉਣ ਵਾਲਾ ਨਹੀਂ ਹੈ) ਪ੍ਰਭੂ ਆਪ ਹੀ ਇਸ ਦੀ ਪਾਲਣਾ ਕਰਨ ਵਾਲਾ ਹੈ। (ਕੋਈ ਵਿਸ਼ਨੂ ਇਸ ਦੀ ਪਾਲਣਾ ਕਰਨ ਵਾਲਾ ਨਹੀਂ ਹੈ) ਉਹ ਆਪ ਹੀ ਇਸ ਦਾ ਨਾਸ਼ ਕਰਨ ਵਾਲਾ ਹੈ। (ਕੋਈ ਸ਼ਿਵ ਜੀ ਇਸ ਨੂੰ ਖਤਮ ਕਰਨ ਦੇ ਸਮਰੱਥ ਨਹੀਂ ਹੈ)
ਉਸ ਨੂੰ ਜਿਵੇਂ ਭਾਉਂਦਾ ਹੈ, ਉਸ ਦੇ ਨਿਯਮ ਕਾਨੂਨ ਅਨੁਸਾਰ ਹੀ ਦੁਨੀਆ ਚਲ ਰਹੀ ਹੈ, ਉਸ ਦੀ ਹੁਕਮ ਅਦੂਲੀ ਕਰਨ ਦੀ ਤਾਕਤ ਕਿਸੇ ਵਿੱਚ ਨਹੀਂ ਹੈ। (ਕੋਈ ਦੇਵੀ-ਦੇਵਤਾ, ਕੋਈ ਅਵਤਾਰ, ਕੋਈ ਪੀਰ ਪੈਗੰਬਰ, ਕੋਈ ਸੰਤ-ਮਹਾਂਪੁਰਸ਼, ਕੋਈ ਅਖੌਤੀ ਬ੍ਰਹਮਗਿਆਨੀ ਉਸ ਦੇ ਹੁਕਮ ਦੀ ਅਵੱਗਿਆ ਕਰਨ ਦੇ ਸਮਰੱਥ ਨਹੀਂ ਹੈ। ਫਿਰ ਸਿੱਖ ਕਿਸ ਆਧਾਰ ਤੇ, ਉਸ ਦੇ ਅਟੱਲ ਨਿਯਮਾਂ ਨੂੰ ਬਦਲ ਕੇ ਕਰਾਮਾਤਾਂ ਕਰਨ ਦਾ ਪਖੰਡ ਕਰਨ ਵਾਲਿਆਂ ਨੂੰ ਮਾਨਤਾ ਦੇ ਰਹੇ ਹਨ?)
ਦੁਨੀਆ ਦੀ ਹਰ ਚੀਜ਼ ਵਿੱਚ ਉਹ ਆਪ ਹੀ ਨਹੀਂ, ਹਰ ਚੀਜ਼, ਉਹ ਆਪ ਹੀ ਹੈ। ਹਰ ਕੰਮ ਕਰਨ ਵਾਲਾ ਉਹ ਆਪ ਹੀ ਹੈ, ਉਸ ਤੋਂ ਬਾਹਰ ਕੁੱਝ ਵੀ ਨਹੀਂ ਹੈ। (ਫਿਰ ਸਿੱਖ ਉਸ ਦੇ ਹੁੰਦਿਆਂ, ਦੂਸਰੀਆਂ ਨਾਸ਼ਵਾਨ ਚੀਜ਼ਾਂ ਨੂੰ ਕਿਵੇਂ ਰੱਬ ਤੋਂ ਵੀ ਉਪਰ ਕਰ ਕੇ ਮੰਨ ਰਹੇ ਹਨ? ਕੀ ਇਹ ਉਨ੍ਹਾਂ ਦੇ ਮਾਇਆ ਮੋਹ, ਤ੍ਰਿਸ਼ਨਾਵਾਂ ਵਿੱਚ ਫਸੇ ਹੋਣ ਦਾ ਸਬੂਤ ਨਹੀਂ ਹੈ? ਜਿਸ ਆਸਰੇ ਉਹ ਦੂਜਿਆਂ ਵਿੱਚ ਹਉਮੈ ਪੈਦਾ ਕਰ ਕੇ, ਉਨ੍ਹਾਂ ਨੂੰ ਵੀ ਰੱਬ ਨਾਲੋਂ ਤੋੜਨ ਦੇ ਦੋਸ਼ੀ ਬਣਦੇ ਹਨ।) ਗੁਰੂ ਸਾਹਿਬ ਦਸਦੇ ਹਨ ਕਿ ਉਸ ਬਾਰੇ ਸੋਝੀ ਹਾਸਲ ਕਰਨ ਦਾ ਇਕੋ ਇੱਕ ਵਸੀਲਾ, ਸ਼ਬਦ ਵਿਚਾਰ ਅਤੇ ਉਸ ਤੋਂ ਪਰਾਪਤ ਗਿਆਨ ਅਨੁਸਾਰ ਜੀਵਨ ਢਾਲਣਾ ਹੈ, ਪਰ ਸਿੱਖ ਸ਼ਬਦ ਵਿਚਾਰ ਨਾਲੋਂ ਬਿਲਕੁਲ ਟੁੱਟ ਚੁੱਕੇ ਹਨ। ਖਾਲੀ ਗਾਉਣ ਦਾ ਹੀ ਬੋਲ ਬਾਲਾ ਹੈ।
ਗੁਰੂ ਸਾਹਿਬ ਉਸ ਦੇ ਦਰ ਤੋਂ, ਉਸ ਦੇ ਹੁਕਮ ਵਿੱਚ ਚੱਲਣ ਦੀ ਵਡਿਆਈ ਦੀ ਭਿਖਿਆ ਮੰਗਦੇ ਹਨ। (ਜਦ ਕਿ ਅੱਜ ਦਾ ਸਿੱਖ, ਡੇਰੇਦਾਰਾਂ, ਅਖੌਤੀ ਸਿੰਘ ਸਾਹਿਬਾਂ, ਜਥੇਦਾਰਾਂ ਦੇ ਹੁਕਮ ਵਿੱਚ ਚਲਦਿਆਂ, ਗੁਰੂ ਗ੍ਰੰਥ ਸਾਹਿਬ, ਸ਼ਬਦ ਗੁਰੂ ਦੇ ਗਿਆਨ ਨੂੰ ਅਣ ਗੌਲਿਆਂ ਕਰ ਕੇ, ਪਰਮਾਤਮਾ ਦੇ ਹੁਕਮ ਦੀ ਅਵੱਗਿਆ ਕਰ ਕੇ, ਖਾਲੀ ਤੋਤਾ ਰਟਣ ਨੂੰ ਹੀ, ਪ੍ਰਭੂ ਪਰਾਪਤੀ ਦਾ ਵਸੀਲਾ ਮਿਥੀ ਬੈਠੇ ਹਨ। ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਆਮ ਗੁਰਦਵਾਰਿਆਂ ਤੱਕ ਏਸੇ ਗਾਉਣ, ਏਸੇ ਤੋਤਾ ਰਟਣ ਦਾ ਹੀ ਬੋਲ ਬਾਲਾ ਹੈ, ਕਿਸ ਆਧਾਰ ਤੇ? ਖਾਲਸਾ ਜੀ ਵਿਚਾਰੋ, ਸੁਚੇਤ ਹੋਵੋ, ਸ਼ਬਦ ਗੁਰੂ ਨਾਲ ਜੁੜੋ, ਸਿੱਖ ਬਣੋ।
ਅਮਰ ਜੀਤ ਸਿੰਘ ਚੰਦੀ




.