.

ਗੁਰਮੁਖੀ ਬਾਣਾ

ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਇਹ ਆਮ ਹੀ ਸੁਣਨ ਵਿੱਚ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ ਹੈ। ਕਈ ਵਿਦਵਾਨ ਤਾਂ ਇਸ ਸਬੰਧ ਵਿੱਚ ਚਰਚਾ ਕਰਦਿਆਂ ਇੱਥੋਂ ਤੱਕ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਬਾਣਾ ਬਖ਼ਸ਼ਿਆ, ਫਿਰ ਖੰਡੇ ਦੀ ਪਾਹੁਲ ਅਤੇ ਅੰਤ ਵਿੱਚ ਰਹਿਤ ਪ੍ਰਦਾਨ ਕੀਤੀ ਹੈ। ਗੁਰੂ ਸਾਹਿਬ ਵਲੋਂ ਬਾਣੀ ਨਾਲ ਜੋੜਨ ਅਥਵਾ ਲੜ ਲਾਉਣ ਵਾਲੀ ਗੱਲ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਹਨ ਪਰੰਤੂ ਬਾਣੇ ਨਾਲ ਜੋੜਨ ਵਾਲੀ ਗੱਲ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਨਹੀਂ ਹੈ। ਖੰਡੇ ਦੀ ਪਾਹੁਲ ਛਕਣ ਵਾਲਿਆਂ ਨੂੰ ਪੰਜ ਕਕਾਰਾਂ ਦੀ ਰਹਿਤ ਧਾਰਨ ਕਰਨ ਦੀ ਤਾਕੀਦ ਹੈ ਪਰੰਤੂ ਕਿਸੇ ਵਿਸ਼ੇਸ਼ ਤਰ੍ਹਾਂ ਦੇ ਲਿਬਾਸ ਦੀ ਨਹੀਂ। ਜਿਹੜੇ ਸੱਜਣ ਬਾਣੇ ਨਾਲ ਜੋੜਨ ਦੀ ਗੱਲ ਕਰਦੇ ਹਨ ਉਹ ਬਾਣੇ ਤੋਂ ਭਾਵ ਲਿਬਾਸ ਤੋਂ ਹੀ ਲੈਂਦੇ ਹਨ। ਬਾਣੇ ਦਾ ਅਰਥ ਕਿਸੇ ਵੀ ਕੋਸ਼ ਵਿੱਚ ਪੰਜ ਕਕਾਰਾਂ ਨੂੰ ਧਾਰਨ ਕਰਨ ਤੋਂ ਨਹੀਂ ਹੈ। ਬਾਣੇ ਦਾ ਅਰਥ ਲਿਬਾਸ; ਭੇਸ ਹੀ ਹੈ।
ਭਾਈ ਕਾਨ੍ਹ ਸਿੰਘ ਜੀ ਇਸ ਸਬੰਧ ਵਿੱਚ ਲਿਖਦੇ ਹਨ, “ਦਸਤਾਰ ਅਤੇ ਕੱਛ ਨੂੰ ਨਾ ਤਯਾਗਕੇ, ਕਿਸੇ ਪ੍ਰਕਾਰ ਦਾ ਲਿਬਾਸ ਪਹਿਨਿਆ ਜਾਵੇ ਉਸ ਪੁਰ ਕੋਈ ਤਰਕ ਨਹੀਂ ਹੋ ਸਕਦੀ। …ਸਿਮ੍ਰਿਤੀਆਂ ਵਿੱਚ ਜਿਵੇਂ ਗਲ ਅਤੇ ਪੈਰ ਥਾਣੀ ਜੋ ਵਸਤ੍ਰ ਪਹਿਨੇ ਜਾਂਦੇ ਹਨ, ਉਨ੍ਹਾਂ ਦਾ ਦਿਵਜਾਂ ਲਈ ਤਯਾਗ ਕਰਨਾ ਲਿਖਿਆ ਹੈ, ਤਿਵੇਂ ਸਿੱਖ ਧਰਮ ਵਿੱਚ ਲਿਬਾਸ ਵਾਸਤੇ ਕੋਈ ਨਿਯਮ ਨਹੀਂ ਠਹਿਰਾਯਾ ਗਿਆ …ਕਿਸੇ ਸਮੇਂ ਸਿੰਘ ਗਲਤੀਆ (ਗਾਤੀਆ, ਗਿਲਤੀਆਂ) ਰਖਦੇ ਸੇ, ਪਜਾਮਾ ਨਹੀਂ ਪਹਿਨਦੇ ਸਨ, ਫੇਰ ਤਣੀਦਾਰ ਕੁੜਤੀਆਂ ਪਹਿਰਨ ਲੱਗੇ, ਇਸ ਪਿਛੋਂ ਅੰਗ ਰਖੇ, ਚੋਗੇ, ਕੋਟ ਪਤਲੂਨ ਆਦਿ ਦਾ ਯਥਾ ਕ੍ਰਮ ਪ੍ਰਚਾਰ ਹੋ ਗਿਆ। …ਆਮ ਤੌਰ ਤੇ ਸਿੱਖਣੀਆਂ ਦਾ ਲਿਬਾਸ ਚੁੰਨੀ ਕੁੜਤੀ ਕੱਛ ਖੁਲ੍ਹੀ–ਸਲਵਾਰ ਹੀ ਮੁੱਢ ਤੋਂ ਰਿਹਾ ਹੈ ਸਮੇਂ ਦੇ ਫੇਰ ਨਾਲ ਜੋ ਤਬਤੀਲੀ ਪੋਸ਼ਾਕ ਵਿੱਚ ਕੇਸ਼ ਰੱਖਯਾ ਨੂੰ ਮੁੱਖ ਰੱਖਕੇ ਕੀਤੀ ਜਾਵੇ ਉਹ ਧਰਮ ਵਿਰੁੱਧ ਨਹੀਂ …ਆਮ ਤੌਰ ਤੇ ਜੋ ਅਨੇਕ ਸਿੱਖ ਭਾਈਆਂ ਨੇ ਸੁਤੰਤਰ ਹੋ ਕੇ ਸੰਤ ਲਿਬਾਸ ਥਾਪ ਲਿਆ ਹੈ, ਅਰਥਾਤ ਛੋਟੀ ਪੱਗ, ਲੰਮਾ ਕੁੜਤਾ ਜਾਂ ਚੋਲਾ, ਚਾਦਰ ਦੀ ਗਿਲਤੀ, ਕੰਬਲ ਦਾ ਪਹਿਰਨਾ ਅਤੇ ਪਜਾਮੇ ਅਰ ਕੋਟ ਦਾ ਤਯਾਗ, ਜੁੱਤੀ ਦੀ ਥਾਂ ਖੜਾਵਾਂ, ਇਸ ਦਾ ਸ਼ੁਮਾਰ ਪਾਖੰਡ ਭੇਸ ਵਿੱਚ ਹੈ। ਜੇ ਮਨ ਦੀ ਲਗਣ ਨਾਲ ਹੈ ਤਾਂ ਠੀਕ ਹੈ।” (ਗੁਰੁਮਤ ਮਾਰਤੰਡ)
ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧ `ਚ ਲਿਖਿਆ ਹੈ, “ਸਿੱਖ ਲਈ ਕਛਹਿਰੇ ਤੇ ਦਸਤਾਰ ਤੋਂ ਛੁਟ ਪੁਸ਼ਾਕ ਸੰਬੰਧੀ ਬਾਕੀ ਕੋਈ ਪਾਬੰਦੀ ਨਹੀਂ।”
ਪਰੰਤੂ ਅਨਮਤੀ ਪ੍ਰਭਾਵ ਕਾਰਨ ਸਾਡੇ ਵਿੱਚ ਕਈ ਸੱਜਣ ਧਰਮੀ ਮਨੁੱਖੀ ਲਈ ਖ਼ਾਸ ਤਰ੍ਹਾਂ ਦਾ ਲਿਬਾਸ ਪਹਿਣਨਾ ਜ਼ਰੂਰੀ ਸਮਝਦੇ ਹਨ। ਗੁਰਬਾਣੀ ਵਿਚਲੀ ਵਿਚਾਰਧਾਰਾ ਲਿਬਾਸ ਨੂੰ ਧਰਮ ਨਾਲ ਨਹੀਂ ਜੋੜਦੀ। ਪਰ ਅਨਮਤਾਂ ਦੀ ਰੀਸੇ ਅਸੀਂ ਵੀ ਇਸ ਤਰ੍ਹਾਂ ਦੀ ਸੋਚ ਦੇ ਧਾਰਨੀ ਬਣ ਗਏ ਹਾਂ। ਇਸ ਸੋਚ ਦਾ ਹੀ ਇਹ ਸਿੱਟਾ ਹੈ ਕਿ ਕਈ ਰਸਮਾਂ ਨਿਭਾਉਣ ਲਈ ਖ਼ਾਸ ਲਿਬਾਸ ਪਹਿਨਣਾ ਜ਼ਰੂਰੀ ਸਮਝਿਆ ਜਾਣ ਲੱਗ ਪਿਆ ਹੈ।
ਪਰੰਪਰਾਗਤ ਰੂਪ ਵਿੱਚ ਭਾਵੇਂ ਗ੍ਰੰਥੀ/ਰਾਗੀ/ਸੇਵਾਦਾਰ ਆਦਿ ਕੁੜਤਾ ਪਜਾਮਾ ਹੀ ਪਹਿਣਦੇ ਹਨ, ਪਰ ਇਹ ਕੋਈ ਸ਼ਰਤ ਨਹੀਂ ਹੈ ਕਿ ਅਜਿਹੀ ਸੇਵਾ ਨਿਭਾਉਣ ਵਾਲਾ ਕੇਵਲ ਇਹ ਪਹਿਰਾਵਾ ਪਹਿਣਕੇ ਹੀ ਇਹ ਸੇਵਾ ਨਿਭਾ ਸਕਦਾ ਹੈ। ਗੁਰਮਤਿ ਵਿੱਚ ਜਦ ਪਰੋਹਤ ਜਮਾਤ ਦੀ ਹੋਂਦ ਨੂੰ ਹੀ ਸਵੀਕਾਰ ਨਹੀਂ ਕੀਤਾ ਗਿਆ ਤਾਂ ਫਿਰ ਪਹਿਰਾਵੇ (ਚੋਲੇ, ਕੁੜਤੇ ਪਜਾਮੇ) ਵਾਲੀ ਗੱਲ ਨੂੰ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ? ਖ਼ਾਲਸਾ ਪੰਥ ਵਿੱਚ ਪਰੋਹਤ ਜਮਾਤ ਦੇ ਕਾਇਮ ਹੋਣ ਦੇ ਕਈ ਕਾਰਨਾਂ ਵਿਚੋਂ ਇੱਕ ਇਹ ਵੀ ਹੈ ਕਿ ਅਸੀਂ ਪਹਿਰਾਵੇ ਨੂੰ ਇਸ ਤਰ੍ਹਾਂ ਦੀ ਅਹਿਮੀਅਤ ਦੇਣ ਲੱਗ ਪਏ ਹਾਂ। ਪਹਿਰਾਵੇ ਦੀ ਇਸ ਅਹਿਮੀਅਤ ਕਾਰਨ ਹੀ ਅਸੀਂ ਆਮ ਗੁਰਸਿੱਖ/ਗੁਰਸਿੱਖਾਂ ਨੂੰ ਜਦ ਆਮ ਕਪੜਿਆਂ ਵਿੱਚ ਇਹ ਸੇਵਾਵਾਂ ਨਿਭਾਉਂਦਿਆਂ ਦੇਖਦੇ ਹਾਂ ਤਾਂ ਅਸੀਂ ਉਹਨਾਂ ਦੇ ਪਹਿਰਾਵੇ ਬਾਰੇ ਕਿੰਤੂ –ਪ੍ਰੰਤੂ ਕਰਨ ਲੱਗ ਪੈਂਦੇ ਹਾਂ। ਇਸ ਕਿੰਤੂ–ਪ੍ਰੰਤੂ ਦਾ ਮੁੱਖ ਕਾਰਨ ਇਹ ਹੀ ਹੈ ਕਿ ਅਸੀਂ ਇਹ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਇੱਕ ਖ਼ਾਸ ਪਹਿਰਾਵੇ ਦੇ ਰੂਪ ਵਿੱਚ ਹੀ ਦੇਖਣ ਦੇ ਆਦੀ ਹੋ ਗਏ ਹੋਏ ਹਾਂ। ਚੂੰਕਿ ਕਈਆਂ ਮਤਾਂ ਵਿੱਚ ਧਾਰਮਿਕ ਰਸਮਾਂ ਨਿਭਾਉਣ ਲਈ ਖ਼ਾਸ ਪਹਿਰਾਵਾ ਪਹਿਣਨਾ ਜ਼ਰੂਰੀ ਹੈ, ਅਸੀਂ ਵੀ ਉਹਨਾਂ ਤੋਂ ਇਹ ਪ੍ਰਭਾਵ ਗ੍ਰਹਿਣ ਕਰ ਲਿਆ ਹੋਇਆ ਹੈ। ਇਸ ਅਨਮਤੀ ਪ੍ਰਭਾਵ ਕਾਰਨ ਹੀ ਅਸੀਂ ਖ਼ਾਸ ਤਰ੍ਹਾਂ ਦੇ ਲਿਬਾਸ ਨੂੰ ਗੁਰਮੁਖੀ ਬਾਣਾ ਆਖ ਕੇ ਪਹਿਰਾਵੇ ਦਾ ਸਬੰਧ ਧਰਮ ਨਾਲ ਜੋੜ ਦਿੱਤਾ ਹੈ। ਲਿਬਾਸ ਦਾ ਸਬੰਧ ਧਰਮ ਨਾਲ ਨਹੀਂ ਬਲਕਿ ਸਭਿੱਆਚਾਰ ਨਾਲ ਹੁੰਦਾ ਹੈ। ਇਸ ਧਾਰਨਾ ਕਾਰਨ ਹੀ ਕਈ ਸੱਜਣ ਜਦ ਕਦੀ ਕਿਸੇ ਨੂੰ ਖ਼ਾਸ ਪਹਿਰਾਵੇ ਵਿੱਚ ਦੇਖਦੇ ਹਨ ਤਾਂ ਕਹਿੰਦੇ ਹਨ ਕਿ ਉਸ/ਉਨ੍ਹਾਂ ਨੇ ਗੁਰਮੁੱਖਾਂ ਵਾਲਾ ਬਾਣਾ ਪਹਿਨਿਆ ਹੋਇਆ ਹੈ। ਸਿੱਖੀ ਵਿੱਚ ਗੁਰਮੁੱਖਤਾ ਜਾਂ ਮਨਮੁੱਖਤਾ ਵਾਲਾ ਭਾਵ ਪਹਿਰਾਵੇ ਵਿੱਚ ਨਹੀਂ, ਮਨੁੱਖ ਦੀ ਜੀਵਨ-ਜੁਗਤ ਵਿੱਚ ਹੈ। ਜੇਕਰ ਕਿਸੇ ਨੇ ਧਾਰਮਿਕ ਲਿਬਾਸ ਤਾਂ ਪਹਿਨਿਆ ਹੈ ਪਰ ਧਾਰਮਿਕਤਾ ਤੋਂ ਕੋਹਾਂ ਦੂਰ ਹੈ ਉਸ ਨੂੰ ਗੁਰਮੁੱਖ ਨਹੀਂ ਬਲਕਿ ਮਨਮੁਖ/ਭੇਖੀ ਆਖਿਆ ਹੈ। ਕੇਵਲ ਭੇਖ ਨੂੰ ਬਾਣੀ ਵਿੱਚ ਕਿਸੇ ਵੀ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ। ਇਸ ਲਈ ਹੀ ਸਿੱਖੀ ਨੂੰ ਕਿਸੇ ਖ਼ਾਸ ਇਲਾਕੇ ਦੇ ਲਿਬਾਸ ਦਾ (ਨੋਟ: ਦਸਤਾਰ ਅਤੇ ਕਛਹਿਰੇ ਤੋਂ ਛੁੱਟ) ਮੁਥਾਜ਼ ਨਹੀਂ ਬਣਾਇਆ ਹੈ। ਗੁਰਮਤਿ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ, ਇਸ ਲਈ ਇਸ ਵਿੱਚ ਕਿਸੇ ਇੱਕ ਵਿਸ਼ੇਸ਼ ਸਭਿਆਚਾਰ ਦੀ ਪ੍ਰਧਾਨਤਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਸਿੱਖ ਲਹਿਰ ਦੀ ਕਰਮ ਖੇਤੀ ਮੁੱਖ ਰੂਪ ਵਿੱਚ ਪੰਜਾਬ ਦੀ ਧਰਤੀ ਹੀ ਹੋਣ ਕਾਰਨ ਅਸੀਂ ਪੰਜਾਬ ਦੇ ਸਭਿਆਚਾਰ ਨਾਲ ਵਿਸ਼ੇਸ਼ ਤੌਰ `ਤੇ ਜੁੜੇ ਹੋਏ ਹਾਂ। ਸ਼ਾਇਦ ਇਸ ਕਾਰਨ ਹੀ ਆਮ ਤੌਰ `ਤੇ ਕਈ ਪੰਜਾਬ ਦੇ ਕਲਚਰ ਨੂੰ ਹੀ ਸਿੱਖ ਕਲਚਰ ਸਮਝ ਲੈਂਦੇ ਹਨ। ਪਰ ਸਿੱਖ ਕਲਚਰ ਦੀ ਆਪਣੀ ਗੌਰਵਤਾ ਅਤੇ ਪਰੰਪਰਾ ਹੈ। ਇਸ ਦਾ ਆਧਾਰ ਗੁਰਮਤਿ ਦੀਆਂ ਕਦਰਾਂ-ਕੀਮਤਾਂ ਹਨ ਨਾ ਕਿ ਧਰਤੀ ਦੇ ਕਿਸੇ ਵਸ਼ੇਸ਼ ਭਾਗ/ਪਰਦੇਸ ਵਿੱਚ ਰਹਿਣ ਵਾਲੇ ਲੋਕਾਂ ਦਾ ਰਹਿਣ-ਸਹਿਣ, ਆਦਿ।
ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਚੌਰ ਕਰਨ ਜਾਂ ਪਾਠ ਆਦਿ ਕਰਨ ਲਈ ਕਿਸੇ ਖ਼ਾਸ ਲਿਬਾਸ (ਪਜਾਮਾ ਕਮੀਜ਼, ਚੋਲਾ ਆਦਿ) ਦੀ ਜ਼ਰੂਰਤ ਨਹੀਂ ਹੈ। ਹਾਂ, ਇਹ ਜ਼ਰੂਰੀ ਹੈ ਕਿ ਸੰਗਤ ਵਿੱਚ ਇਹ ਸੇਵਾਵਾਂ ਨਿਭਾਉਣ ਵਾਲੇ ਵਿੱਚ ਇਹਨਾਂ ਸੇਵਾਵਾਂ ਨੂੰ ਨਿਭਾਉਣ ਦੀ ਯੋਗਤਾ ਹੋਵੇ। ਸਿੱਖ ਰਹਿਤ ਮਰਯਾਦਾ ਵਿੱਚ ਕੇਵਲ ਇਤਨਾ ਹੀ ਲਿਖਿਆ ਹੋਇਆ ਹੈ, “ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ।” ਜਾਂ “ਦੀਵਾਨ ਸਮੇਂ ਸੰਗਤ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਤਾਬਿਆ ਕੇਵਲ ਸਿੱਖ (ਮਰਦ ਜਾਂ ਤੀਵੀਂ) ਹੀ ਬੈਠਣ ਦਾ ਅਧਿਕਾਰੀ ਹੈ।” ਸਿੱਖ ਰਹਿਤ ਮਰਯਾਦਾ ਵਿੱਚ ਸ਼ਬਦ ਸਿੱਖ ਮਰਦ/ ਤੀਵੀਂ ਹੀ ਵਰਤਿਆ ਹੈ; ਕਿਸੇ ਵਿਸ਼ੇਸ਼ ਬਾਣੇ/ ਪਹਿਰਾਵੇ ਨੂੰ ਪਹਿਣਨ ਦੀ ਗੱਲ ਨਹੀਂ ਕੀਤੀ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਖੀ ਦੀ ਮੁੱਢਲੀ ਸ਼ਰਤ ਸਤਿਗੁਰੂ ਦੀ ਬਖ਼ਸ਼ਿਸ਼ ਕੀਤੀ ਹੋਈ ਜੀਵਨ–ਜੁਗਤ ਨੂੰ ਧਾਰਨ ਕਰਨ ਦੀ ਹੀ ਹੈ। ਇਸ ਲਈ ਬਾਣੀ ਦੇ ਨਿਮਨ ਲਿਖਤ ਫ਼ਰਮਾਨ ਨੂੰ ਹਮੇਸ਼ਾਂ ਹੀ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਕਿ:-ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ 16) ਅਰਥ: ਹੇ ਭਾਈ! ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿੱਚ ਭੀ ਭੈੜੇ ਖ਼ਿਆਲ ਤੁਰ ਪੈਣ, ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ।
ਅਜਿਹੀ ਪਰਸਥਿੱਤੀ ਭਾਂਵੇਂ ਕੁੜਤਾ ਪਜਾਮਾ ਪੈ ਕੇ ਹੋਵੇ, ਚਾਹੇ ਲੰਮਾ ਚੋਲਾ ਪਾ ਕੇ ਜਾਂ ਪੈਂਟ ਕਮੀਜ ਆਦਿ ਪਾ ਕੇ।
ਗੁਰੂ ਗ੍ਰੰਥ ਸਾਹਿਬ ਵਿੱਚ ਖ਼ਾਸ ਤਰ੍ਹਾਂ ਦੇ ਪਹਿਰਾਵੇ ਬਾਰੇ, ਜਿਸ ਨੂੰ ਦੇਖ ਕੇ ਇੰਜ ਪ੍ਰਤੀਤ ਹੋਵੇ ਕਿ ਇਹ ਮਨੁੱਖ ਗੁਰਮੁਖ ਹੈ, ਪਰ ਗੁਰਮੁਖਤਾਈ ਤੋਂ ਕੋਹਾਂ ਦੂਰ ਹੋਵੇ, ਲੋਕਾਂ ਨੂੰ ਭੁਲੇਖੇ `ਚ ਰੱਖਣ ਦਾ ਕਾਰਨ ਜ਼ਰੂਰ ਦਰਸਾਇਆ ਗਿਆ ਹੈ:- ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ 1॥ (ਪੰਨਾ 476) ਅਰਥ: (ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿੱਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ।
ਅਥਵਾ: ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ॥ ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ॥ (ਪੰਨਾ 1381) ਅਰਥ:- ਹੇ ਫਰੀਦ! (ਮੇਰੇ ਅੰਦਰ ਰੁੱਖਾਂ ਵਾਲੀ ਜੀਰਾਂਦ ਨਹੀਂ ਹੈ ਜੋ ਫ਼ਕੀਰ ਦੇ ਅੰਦਰ ਚਾਹੀਦੀ ਸੀ ਫ਼ਕੀਰਾਂ ਵਾਂਗ) ਮੇਰੇ ਕੱਪੜੇ (ਤਾਂ) ਕਾਲੇ ਹਨ, ਮੇਰਾ ਵੇਸ ਕਾਲਾ ਹੈ (ਪਰ ‘ਵਿਸੁ ਗੰਦਲਾਂ’ ਦੀ ਖ਼ਾਤਰ ‘ਭਰਾਂਦਿ’ ਦੇ ਕਾਰਨ) ਮੈਂ ਗੁਨਾਹਾਂ ਨਾਲ ਭਰਿਆ ਹੋਇਆ ਫਿਰਦਾ ਹਾਂ ਤੇ ਜਗਤ ਮੈਨੂੰ ਫ਼ਕੀਰ ਆਖਦਾ ਹੈ।
ਸਿੱਖ ਰਹਿਤ ਮਰਯਾਦਾ ਵਿੱਚ ਇਹ ਸ਼ਰਤ ਨਹੀਂ ਲਗਾਈ ਗਈ ਕਿ ਕੇਵਲ ਪਜਾਮਾ ਪਾ ਕੇ ਹੀ ਕੋਈ ਤਾਬਿਆ ਬੈਠ ਸਕਦਾ ਜਾਂ ਕੀਰਤਨ ਕਰ ਸਕਦਾ ਹੈ। ਭਾਈ ਕਾਨ੍ਹ ਸਿੰਘ ਜੀ ਦੇ ਇਹ ਸ਼ਬਦ ਵਿਚਾਰਨ ਯੋਗ ਹਨ, “ਅੰਮ੍ਰਿਤ ਤਿਆਰ ਕਰਨ ਵੇਲੇ, ਕੜਾਹ ਪ੍ਰਸ਼ਾਦ ਲੰਗਰ ਵਰਤਾਣ ਵੇਲੇ, ਅਖੰਡ ਪਾਠ ਕਰਨ ਸਮੇਂ ਕਈ ਸਿੱਖ ਪਜਾਮਾ ਉਤਾਰ ਦੇਂਦੇ ਹਨ, ਪਰ ਇਹ ਰੀਤਿ ਮਨ ਕਲਪਿਤ ਹੈ …ਪਜਾਮਾ ਨਿੰਦਤ ਵਸਤੂ ਨਹੀਂ ਹੈ, ਹਾਂ ਖੁਲ੍ਹਾ ਪਜਾਮਾ, ਦਾਲਾ ਆਦਿ ਨਾਲ ਲਿਬੜ ਜਾਣ ਦੇ ਡਰ ਨਾਲ ਲਾਹ ਲੈਣਾ ਅੱਛਾ ਹੈ।”
ਭਾਈ ਕਾਨ੍ਹ ਸਿੰਘ ਜੀ ਨੇ ਜਦ ਇਹ ਲਿਖਿਆ ਸੀ ਉਸ ਸਮੇਂ ਕਈ ਸੱਜਣ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਪਜਾਮਾ ਉਤਾਰ ਕੇ ਬੈਠਨ ਵਿੱਚ ਹੀ ਸਤਿਗੁਰੂ ਜੀ ਦਾ ਸਤਿਕਾਰ ਮੰਨਦੇ ਸਨ। (ਕਈ ਥਾਂਈ ਤਾਂ ਅੱਜ ਵੀ ਅਜਿਹਾ ਕੀਤਾ ਜਾਂਦਾ ਹੈ) ਅਜਿਹੀ ਸੋਚ ਰੱਖਣ ਵਾਲੇ ਸੱਜਣ ਹੁਣ ਪਜਾਮੇ ਦੀ ਥਾਂ ਪੈਂਟ ਪਾ ਕੇ ਬੈਠਣ `ਚ ਬੇਅਦਬੀ ਵਾਲਾ ਭਾਵ ਸਮਝਦੇ ਹਨ। ਆਪਣੇ ਤੌਰ `ਤੇ ਜੇਕਰ ਕੋਈ ਪ੍ਰਾਣੀ ਅਜਿਹਾ ਕਰ ਰਿਹਾ ਹੈ ਤਾਂ ਉਸ ਨੂੰ ਮੁਬਾਰਕ ਹੈ, ਪਰ ਜੇਕਰ ਉਹ ਇਹ ਆਖੇ ਕਿ ਪੈਂਟ ਪਾ ਕੇ ਅਜਿਹਾ ਕਰਨ ਵਾਲਾ ਬੇਅਦਬੀ ਕਰ ਰਿਹਾ ਹੈ ਤਾਂ ਇਹ ਉਸ ਪ੍ਰਾਣੀ ਦੀ ਆਪਣੀ ਸੋਚ ਹੀ ਆਖੀ ਜਾ ਸਕਦੀ ਹੈ। ਰਹਿਤ ਮਰਯਾਦਾ ਵਿੱਚ ਇਸ ਗੱਲ ਦਾ ਵੀ ਜ਼ਿਕਰ ਨਹੀਂ ਕੀਤਾ ਗਿਆ ਕਿ ਦਾੜੀ ਖੁਲ੍ਹੀ ਰੱਖ ਕੇ ਅਜਿਹੀਆਂ ਸੇਵਾਵਾਂ ਨੂੰ ਨਿਭਾਇਆ ਜਾ ਸਕਦਾ ਹੈ ਦਾੜੀ ਬੰਨ੍ਹ ਕੇ ਨਹੀਂ। ਸਾਨੂੰ ਰਹਿਤ ਮਰਯਾਦਾ ਵਿੱਚ ਵਰਣਨ ਉਪਰੋਕਤ ਸ਼ਬਦਾਂ ਨੂੰ ਹੀ ਧਿਆਨ ਵਿੱਚ ਰੱਖਣ ਦੀ ਲੋੜ ਹੈ। ਪਰ ਅਸੀਂ ਆਪੋ ਆਪਣੀ ਮਤ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੇ ਮਾਨ ਸਤਿਕਾਰ ਦੇ ਮਾਪਦੰਡ ਮੁਕਰੱਰ ਕੀਤੇ ਹੋਏ ਹਨ। ਕੋਈ ਕਿਸੇ ਗੱਲ ਵਿੱਚ ਸਤਿਗੁਰੂ ਜੀ ਦਾ ਸਤਿਕਾਰ ਸਮਝੀ ਬੈਠਾ ਹੈ ਕੋਈ ਕਿਸੇ ਗੱਲ ਵਿਚ।
ਅੰਤ ਵਿੱਚ ਅਸੀਂ ਪਾਠਕਾਂ ਦਾ ਧਿਆਨ ਹਰਿੰਦਰ ਸਿੰਘ ਮਹਿਬੂਬ ਹੁਰਾਂ ਦੇ ਲਿਖੇ ਇਨ੍ਹਾਂ ਸ਼ਬਦਾਂ ਵਲ ਦੁਆ ਰਹੇ ਹਾਂ:- ਉਂਝ ਤਾਂ ਖ਼ਾਲਸੇ ਦੇ ਬੱਚਿਆਂ ਨੂੰ ਉਹ ਸਭ ਪੁਸ਼ਾਕਾਂ ਪਹਿਨਣ ਦੀ ਇਜਾਜ਼ਤ ਹੈ, ਜਿਹੜੀਆਂ ਕਿ ਕਿਸੇ ਪ੍ਰਕਾਰ ਦੀ ਅਸ਼ਲੀਲਤਾ ਪ੍ਰਗਟ ਨਾਂਹ ਕਰਨ, ਪਰ ਉਹ ਪੁਸ਼ਾਕ ਪਹਿਨਣੀ ਸਭ ਤੋਂ ਚੰਗੀ ਗੱਲ ਹੈ, ਜਿਹੜੀ ਕਿ ਖ਼ਾਲਸਾ–ਸਭਿਆਚਾਰ ਦੇ ਅਨੁਕੂਲ ਹੋਵੇ। ਪੁਸ਼ਾਕ ਦੀ ਚੋਣ ਸਮੇਂ ਮੌਲਿਕ ਸੋਚਣੀ ਵਰਤਣੀ ਚਾਹੀਦੀ ਹੈ। ਪੁਸ਼ਾਕ ਦਾ ਸੁਹਜ-ਸੁਆਦ ਰਿਵਾਜ ਦੇ ਅਧੀਨ ਨਹੀਂ ਹੋਣਾ ਚਾਹੀਦਾ। ਖ਼ਾਲਸਾ ਇਸਤ੍ਰੀਆਂ ਨੂੰ ਅੰਗਾਂ ਦੀ ਨੁਮਾਇਸ਼ ਕਰਨ ਵਾਲੇ ਬਸਤਰ ਪਹਿਨਣੇ ਉਚਿਤ ਨਹੀਂ ਹਨ। ਜਿਹੜੇ ਬਸਤਰ ਇਸਤ੍ਰੀ ਦੇ ਸੁਹਜ ਦੀ ਕੋਮਲਤਾ ਘਟਾਉਂਦੇ ਹਨ, ਅਤੇ ਉਸ ਦੇ ਇਸਤ੍ਰੀਪਣ ਨੂੰ ਕਮਜ਼ੋਰ ਕਰਕੇ ਇਸ ਨੂੰ ਮਰਦ-ਰੂਪ ਦੇ ਨੇੜੇ ਲਿਜਾਂਦੇ ਹਨ, ਉਹਨਾਂ ਦੀ ਵਰਤੋਂ ਕਰਨ ਨਾਲ ਇਸਤ੍ਰੀ ਦੀ ਕੁਦਰਤੀ ਪ੍ਰਤਿਭਾ ਦਾ ਵਿਕਾਸ ਰੁਕ ਜਾਵੇਗਾ।
ਖ਼ਾਲਸੇ ਦੇ ਬੱਚੇ ਬੱਚੀਆਂ ਬੇਸ਼ਕ ਸੋਹਣੀ ਤੋਂ ਸੋਹਣੀ ਪੁਸ਼ਾਕ ਪਹਿਨਣ, ਪਰ ਪੁਸ਼ਾਕ ਦਾ ਸੁਆਦ ਐਨਾ ਨਹੀਂ ਵਧਣਾ ਚਾਹੀਦਾ, ਕਿ ਉਹਨਾਂ ਦੇ ਦਿਲੋ–ਦਿਮਾਗ ਉੱਤੇ ਛਾ ਜਾਵੇ; ਉਹਨਾਂ ਦੇ ਸੁਹਜ –ਸੁਆਦ ਦੀ ਮੌਲਿਕਤਾ ਦੇ ਇੱਕ ਵੱਡੇ ਭਾਗ ਨੂੰ ਹੀ ਮੱਲ ਬੈਠੇ ਅਤੇ ਉਹਨਾਂ ਦੀ ਗੁਰੂ-ਲਿਵ ਨਾਲੋਂ ਇਸ ਦਾ ਧਿਆਨ ਵਧੇਰੇ ਪਰਬਲ ਹੋਵੇ।” (ਸਹਿਜੇ ਰਚਿਓ ਖ਼ਾਲਸਾ ਚੋਂ)।
ਜਸਬੀਰ ਸਿੰਘ ਵੈਨਕੂਵਰ
.