.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 11)

ਸਾਚਾ ਸਚੁ ਸੋਈ ਅਵਰੁ ਨ ਕੋਈ॥ ਜਿਨਿ ਸਿਰਜੀ ਤਿਨ ਹੀ ਫੁਨਿ ਗੋਈ॥
ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ॥ ੧॥
ਆਪਿ ਉਪਾਏ ਆਪਿ ਖਪਾਏ॥ ਆਪੇ ਸਿਰਿ ਸਿਰਿ ਧੰਦੈ ਲਾਏ॥
ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ॥ ੨॥
ਆਪੇ ਦਾਨਾ ਆਪੇ ਬੀਨਾ॥ ਆਪੇ ਆਪੁ ਉਪਾਇ ਪਤੀਨਾ॥
ਆਪੇ ਪਉਣੁ ਪਾਣੀ ਬੈਸੰਤਰੁ॥ ਆਪੇ ਮੇਲਿ ਮਿਲਾਈ ਹੇ॥ ੩॥
ਆਪੇ ਸਸਿ ਸੂਰਾ ਪੂਰੋ ਪੂਰਾ॥ ਆਪੇ ਗਿਆਨਿ ਧਿਆਨਿ ਗੁਰੁ ਸੂਰਾ॥
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ॥ ੪॥
ਆਪੇ ਪੁਰਖ ਆਪੇ ਹੀ ਨਾਰੀ॥ ਆਪੇ ਪਾਸਾ ਆਪੇ ਸਾਰੀ॥
ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ॥ ੫॥
ਆਪੇ ਭਵਰੁ ਫੁਲੁ ਫਲੁ ਤਰਵਰੁ॥ ਆਪੇ ਜਲੁ ਥਲੁ ਸਾਗਰੁ ਸਰਵਰੁ॥
ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ॥ ੬॥
ਆਪੇ ਦਿਨਸੁ ਆਪੇ ਹੀ ਰੈਣੀ॥ ਆਪਿ ਪਤੀਜੈ ਗੁਰ ਕੀ ਬੈਣੀ॥
ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸ਼ਬਦ ਰਜਾਈ ਹੇ॥ ੭॥
ਆਪੇ ਰਤਨੁ ਅਨੂਪੁ ਅਮੋਲੋ॥ ਆਪੇ ਪਰਖੇ ਪੂਰਾ ਤੋਲੋ॥
ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ॥ ੮॥
ਆਪੇ ਧਨਖੁ ਆਪੇ ਸਰਬਾਣਾ॥ ਆਪੇ ਸੁਘੜੁ ਸਰੂਪੁ ਸਿਆਣਾ॥
ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ॥ ੯॥


॥ ੧॥ ਪਹਿਲਾਂ ਪਰਮਾਤਮਾ ਦੀ ਸਿਫਤ ਸਾਲਾਹ ਕੀਤੀ ਹੈ, ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤੀ ਹੈ। ਇਹੀ ਵਾਹਿਗੁਰੂ ਦਾ ਕੀਰਤਨ, ਕੀਰਤੀ, ਵਡਿਆਈ ਹੈ। ਕਿਸੇ ਦੇ ਗੁਣਾਂ ਦੀ ਵਡਿਆਈ ਤਦ ਹੀ ਸੰਭਵ ਹੈ, ਜੇ ਉਸ ਦੇ ਗੁਣਾਂ ਦੀ ਸੋਝੀ ਹੋਵੇ। ਬਗੈਰ ਗੁਣਾਂ ਦੀ ਸੋਝੀ ਹੋਇਆਂ ਕੀਤਾ ਕੀਰਤਨ, ਵਡਿਆਈ ਨਾ ਹੋ ਕੇ, ਖਾਲੀ ਗਾਇਣ ਹੋ ਜਾਂਦਾ ਹੈ, ਜਿਸ ਬਾਰੇ ਗੁਰਬਾਣੀ ਸੇਧ ਦਿੰਦੀ ਹੈ,
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ॥ (੪੫੦)
ਹੇ ਭਾਈ, ਕੋਈ ਮਨੁੱਖ ਗਾ ਗਾ ਕੇ, ਸੰਖ ਆਦਿ ਵਜਾ ਵਜਾ ਕੇ, ਜਾਂ ਧਾਰਮਿਕ ਪੁਸਤਕਾਂ ਪੜ੍ਹ ਪੜ੍ਹ ਕੇ, ਬਹੁਤ ਤਰੀਕਿਆਂ ਨਾਲ ਵੀ ਪਰਮਾਤਮਾ ਦੇ ਗੁਣ ਗਾਉਂਦਾ ਹੋਵੇ, ਤਦ ਵੀ ਪਰਮਾਤਮਾ ਇਨ੍ਹਾਂ ਤਰੀਂਕਿਆਂ ਨਾਲ ਖੁਸ਼ ਨਹੀਂ ਹੁੰਦਾ, ਕਿਉਂਕਿ ਸ਼ਬਦ ਗੁਰੂ ਦੀ ਵਿਚਾਰ ਤੋਂ ਬਗੈਰ, ਇਹ ਗਾਣਾ ਵੀ ਰੋਣ ਬਰਾਬਰ ਹੀ ਹੈ, ਜਿਸ ਦਾ ਕੋਈ ਲਾਭ ਨਹੀਂ ਹੈ।
ਪਰਮਾਤਮਾ ਦੀ ਕੀਰਤੀ, ਕੀਰਤਨ, ਉਸਤਤ, ਵਡਿਆਈ, ਉਸ ਦੇ ਗੁਣਾਂ ਦੀ ਸਿਫਤ ਸਾਲਾਹ ਕੀ ਹੈ? ਗੁਰਬਾਣੀ ਸੇਧ ਦਿੰਦੀ ਹੈ,
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ॥
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨੑ ਪਾਇਆ॥ (੫੬੫)
ਹੇ ਭਾਈ ਮੂੰਹ ਨਾਲ ਤਾਂ ਸਾਰੇ ਵਾਹਿਗੁਰੂ-ਵਾਹਿਗੁਰੂ ਕਰਦੇ ਹਨ, ਉਸ ਦੀ ਕੀਰਤੀ, ਉਸ ਦੀ ਵਡਿਆਈ ਕਰਦੇ ਹਨ, ਪਰ ਕੋਈ ਵਿਰਲਾ ਹੀ ਅਜਿਹਾ ਹੁੰਦਾ ਹੈ, ਜਿਸ ਨੇ ਉਸ ਨੂੰ ਮਨ ਵਿੱਚ ਵਸਾਇਆ ਹੁੰਦਾ ਹੈ। ਹੇ ਨਾਨਕ ਜਿਨ੍ਹਾਂ ਦੇ ਹਿਰਦੇ ਵਿੱਚ ਕਰਤਾਰ ਦਾ ਨਾਮ ਵਸ ਜਾਂਦਾ ਹੈ, ਉਨ੍ਹਾਂ ਨੂੰ ਹੀ ਮਾਇਆ ਮੋਹ ਤੋਂ ਛੁਟਕਾਰਾ, ਜਨਮ ਮਰਨ ਦੇ ਗੇੜ ਤੋਂ ਮੁਕਤੀ ਮਿਲਦੀ ਹੈ। ਇਸ ਹਿਸਾਬ ਨਾਲ ਸਿੱਖੀ ਦੇ ਕੇਂਦਰੀ ਅਸਥਾਨ ਦੀ ਪਰੰਪਰਾ, ਕਿਸੇ ਹਲਤ ਵਿੱਚ ਵੀ, ਗੁਰਬਾਣੀ ਨੂੰ ਖਾਲੀ ਗਾਉਣ ਦੀ ਨਹੀਂ ਹੋ ਸਕਦੀ, ਭਾਵੇਂ ਉਹ ਸਾਜ਼ਾਂ ਨਾਲ ਗੁਰਬਾਣੀ ਲਈ ਨੀਅਤ ਰਾਗਾਂ ਵਿੱਚ ਹੀ ਹੋਵੇ।
ਗੁਰੂ ਸਾਹਿਬ ਸੇਧ ਦਿੰਦੇ ਹਨ ਕਿ ਉਹ ਪਰਮਾਤਮਾ ਹੀ ਸਦੀਵੀ ਸੱਚ ਹੈ, ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਉਸ ਤੋਂ ਇਲਾਵਾ, ਉਸ ਵਰਗਾ ਹੋਰ ਕੋਈ ਵੀ ਨਹੀਂ ਹੈ। ਉਹੀ ਹੈ ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ। ਇਸ ਨੂੰ ਖਤਮ ਵੀ ਉਹੀ ਕਰਦਾ ਹੈ, ਇਹ ਸਮਰਥਾ ਵੀ ਉਸ ਵਿੱਚ ਹੀ ਹੈ, ਹੋਰ ਕਿਸੇ ਵਿੱਚ ਨਹੀਂ। ਹੇ ਵਾਹਿਗੁਰੂ, ਜਿਵੇਂ ਤੈਨੂੰ ਚੰਗਾ ਲਗਦਾ ਹੈ, ਤੇਰੇ ਹੁਕਮ, ਕਾਨੂਨ ਮੁਤਾਬਕ ਹੀ ਸਾਰੇ ਜੀਵ, ਚੰਦ-ਸੂਰਜ, ਸਿਤਾਰੇ ਅਤੇ ਹੋਰ ਸਾਰੀਆਂ ਚੀਜ਼ਾਂ ਚਲਦੀਆਂ ਹਨ। ਤੇਰੇ ਹੁਕਮ ਦੀ ਉਲੰਘਣਾ ਕਰਨ ਦੀ ਸਮਰਥਾ ਕਿਸੇ ਵਿੱਚ ਨਹੀਂ ਹੈ।
॥ ੨॥ ਕਰਤਾਪੁਰਖ ਆਪ ਹੀ ਸਭ ਕੁੱਝ ਪੈਦਾ ਕਰਦਾ ਹੈ, ਆਪ ਹੀ ਉਸ ਨੂੰ ਖਤਮ ਕਰਦਾ ਹੈ। ਆਪ ਹੀ ਹਰ ਇੱਕ ਜੀਵ ਨੂੰ, ਉਸ ਦੇ ਕੀਤੇ ਕਰਮਾਂ ਅਨੁਸਾਰ, ਦੁਨਿਆਵੀ ਕਾਰ ਵਿਹਾਰ ਕਰਵਾਉਂਦਾ ਹੈ। ਆਪ ਹੀ ਜੀਵਾਂ ਦੇ ਕੀਤੇ ਕਰਮਾਂ ਨੂੰ ਵਿਚਾਰਨ ਵਾਲਾ, ਉਨ੍ਹਾਂ ਅਨੁਸਾਰ ਫੈਸਲਾ ਕਰਨ ਵਾਲਾ ਹੈ। ਆਪ ਹੀ ਜੀਵਾਂ ਨੂੰ ਸਹੀ ਰਸਤੇ ਦੀ ਸੋਝੀ ਦੇ ਕੇ, ਉਸ ਅਨੁਸਾਰ ਚਲਾ ਕੇ, ਉਨ੍ਹਾਂ ਵਿੱਚ ਗੁਣ ਪੈਦਾ ਕਰਨ ਵਾਲਾ ਹੈ॥
॥ ੩॥ ਕਰਤਾ ਪੁਰਖ ਆਪ ਹੀ ਸਭ ਬਾਰੇ ਜਾਨਣ ਵਾਲਾ ਹੈ, ਆਪ ਹੀ ਚੰਗੇ-ਮਾੜੇ ਕਰਮਾਂ ਨੂੰ ਨਖੇੜਨ ਵਾਲਾ ਹੈ। ਆਪ ਹੀ ਆਪਣੇ “੧” ਨਿਰਗੁਣ ਸਰੂਪ ਵਿਚੋਂ ਆਪਣਾ “ ਓ “ਸਰਗੁਣ ਸਰੂਪ, ਕਾਇਨਾਤ, ਕੁਦਰਤ ਪੈਦਾ ਕਰ ਕੇ, ਉਸ ਨੂੰ ਵੇਖ-ਵੇਖ ਕੇ ਖੁਸ਼ ਹੋਣ ਵਾਲਾ ਹੈ। ਉਸ ਸਰਗੁਣ ਸਰੂਪ ਵਿੱਚ ਆਪ ਹੀ ਪਉਣ (ਹਵਾ) ਹੈ, ਆਪ ਹੀ ਪਾਣੀ ਹੈ ਅਤੇ ਆਪ ਹੀ ਅੱਗ ਹੈ। ਉਸ ਨੇ ਆਪ ਹੀ ਇਨ੍ਹਾਂ ਤੱਤਾਂ ਦਾ ਸੰਜੋਗ ਕਰ ਕੇ, ਰੰਗ-ਰੰਗ ਦੀ ਕੁਦਰਤ ਪੈਦਾ ਕੀਤੀ ਹੈ।
॥ ੪॥ ਪ੍ਰਭੂ ਆਪ ਹੀ ਚੰਦਰਮਾ ਰੂਪ ਵਿੱਚ ਹੈ, ਆਪ ਹੀ ਸੂਰਜ ਰੂਪ ਵਿੱਚ ਹੈ। ਮਜ਼ੇ ਦੀ ਗੱਲ ਇਹ ਹੈ ਕਿ ਉਹ ਆਪ ਹੀ ਹਰ ਥਾਂ, ਭਾਵੇਂ ਉਹ ਪੁਲਾੜ ਹੋਵੇ, ਉਸ ਵਿਚਲੇ ਗਰਹਿ, ਤਾਰੇ, ਬਲੈਕਹੋਲ ਹੋਣ ਜਾਂ ਧਰਤੀ, ਧਰਤੀ ਦੇ ਖੰਡ, ਬਰਫ ਨਾਲ ਘਿਰੀਆਂ ਪਹਾੜਾਂ ਦੀਆਂ ਚੋਟੀਆਂ ਤੋਂ ਲੈ ਕੇ ਨੰਗੀ ਅੱਖ ਨਾਲ ਨਾ ਦਿਸਣ ਵਾਲੇ ਕਣ ਹੋਣ, ਨਾਰਥ ਅਤੇ ਸਾਊਥ ਪੋਲ ਹੋਣ ਜਾਂ ਸਮੁੰਦਰ ਅਤੇ ਸਮੁੰਦਰਾਂ ਵਿਚਲੇ ਜੀਵ ਹੋਣ। ਭਾਵੇਂ ਧਰਤੀ ਦੇ ਹਾਥੀ ਤੋਂ ਲੈ ਕੇ ਕੀੜੀ ਤਕ ਦੇ ਜੀਵ ਹੋਣ। ਉਹ ਪ੍ਰਭੂ ਸਭ ਵਿੱਚ ਪੂਰਨ ਹੈ, ਕਿਸੇ ਵਿੱਚ ਵੱਧ ਜਾਂ ਘੱਟ ਨਹੀਂ। ਉਹ ਪ੍ਰਭੂ ਆਪ ਹੀ ਗਿਆਨ ਦੇਣ ਵਾਲਾ, ਵਿਵੇਕ ਦਾ ਮਾਲਕ ਹੈ। ਆਪ ਹੀ ਧਿਆਨ ਦਾ ਮਾਲਕ, ਬੰਦੇ ਨੂੰ ਨਾਮ ਵਿੱਚ ਧਿਆਨ ਜੋੜਨ ਦੀ ਸਮਰਥਾ ਦੇਣ ਵਾਲਾ ਹੈ। ਆਪ ਹੀ ਸਭ ਦਾ ਪੂਰਨ, ਸੂਰਮਾ ਗੁਰੂ ਹੈ। ਜਿਸ ਮਨੁੱਖ ਨੇ ਉਸ ਇਕੋ ਇੱਕ ਸੱਚ ਨਾਲ ਪਿਆਰ ਸਾਂਝ ਪਾਈ ਹੈ, ਉਸ ਨੂੰ ਸਮੇ ਦੇ ਗੇੜ, ਪ੍ਰਭੂ ਵਲੋਂ ਸਿਰਜੇ, ਲੇਖਾ ਲੈਣ ਵਾਲੇ ਨਿਯਮ ਕਾਨੂਨ ਨਾਲ ਵਾਹ ਨਹੀਂ ਪੈਂਦਾ।
॥ ੫॥ ਪੰਜਵੇਂ ਪਦੇ ਵਿੱਚ ਸਮਝਾਇਆ ਹੈ ਕਿ ਉਹ ਭਗਵਾਨ, ਆਪ ਹੀ ਪੁਰਸ਼ਾਂ, ਸੰਸਾਰ ਦੇ ਨਰਾਂ ਦੇ ਰੂਪ ਵਿੱਚ ਹੈ। ਆਪ ਹੀ, ਜਨਾਨੀਆਂ, ਨਾਰੀਆਂ ਦੇ ਰੂਪ ਵਿੱਚ ਹੈ। ਜੋ ਬੰਦਾ ਏਨਾ ਹੀ ਸਮਝ ਲਵੇ, ਕੀ ਉਹ ਮਰਦਾਂ ਅਤੇ ਬੀਬੀਆਂ ਵਿੱਚ ਫਰਕ ਕਰਨ ਦੀ ਗੱਲ ਕਦੀ ਸੁਪਨੇ ਵਿੱਚ ਵੀ ਸੋਚ ਸਕਦਾ ਹੈ? ਜਿਹੜੇ ਲੋਕ ਸਿੱਖੀ ਦੇ ਠੇਕੇਦਾਰ ਬਣੇ, ਦਰਬਾਰ ਸਾਹਿਬ ਵਿੱਚ ਜਾਂ ਹੋਰ ਧਾਰਮਕ ਜਾਂ ਸਮਾਜਕ ਅਸਥਾਨਾਂ ਤੇ ਬੀਬੀਆਂ ਦੇ ਸੇਵਾ ਕਰਨ ਤੇ ਬਵੰਡਰ ਖੜਾ ਕਰ ਰਹੇ ਹਨ, ਕੀ ਉਨ੍ਹਾਂ ਨੇ ਇਹ ਤੁਕਾਂ ਕਦੀ ਨਹੀਂ ਪੜ੍ਹੀਆਂ? ਇਹ ਕਿਵੇਂ ਸੰਭਵ ਹੈ? ਸਾਰੀ ਉਮਰ ਅਖੰਡ ਪਾਠ ਕਰਨ ਵਾਲਿਆਂ ਨੇ ਇਹ ਤੁਕਾਂ ਹੀ ਨਾ ਪੜ੍ਹੀਆਂ ਹੋਣ। ਜੇ ਪੜ੍ਹੀਆਂ ਹਨ, ਅਤੇ ਵਿਹਾਰ ਵਿੱਚ ਇਨ੍ਹਾਂ ਨੂੰ ਅਣਗੌਲਿਆਂ ਕਰ ਰਹੇ ਹਨ, ਤਾਂ ਉਹ ਪਰਮਾਤਮਾ ਪ੍ਰਤੀ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਕਿੰਨੇ ਕੁ ਸਮਰਪਿਤ ਹਨ? ਜੋ ਬੰਦਾ ਪਰਮਾਤਮਾ ਅਤੇ ਗੁਰੂ ਗਰੰਥ ਸਾਹਿਬ ਨੂੰ ਹੀ ਧੋਖਾ ਦੇ ਰਿਹਾ ਹੈ, ਕੀ ਉਹ ਸਿੱਖ ਅਖਵਾਉਣ ਦਾ ਹੱਕਦਾਰ ਹੈ? ਜੋ ਬੰਦਾ ਸਿੱਖ ਅਖਵਾਉਣ ਦਾ ਹੀ ਹੱਕਦਾਰ ਨਹੀਂ ਹੈ, ਉਸ ਨੂੰ ਸਿੱਖ ਕਿਸ ਆਧਾਰ ਤੇ ਸਿਰ ਤੇ ਬਿਠਾਈ ਫਿਰਦੇ ਹਨ?
ਆਪ ਹੀ ਉਹ ਪਾਸਾ (ਖੇਡ ਵਿੱਚ ਸੁੱਟਣ ਵਾਲੀ ਗੀਟੀ) ਹੈ, ਆਪ ਹੀ ਉਸ ਪਾਸੇ ਦੇ ਆਧਾਰ ਤੇ ਆਏ ਅੰਕਾਂ ਅਨੁਸਾਰ ਚੱਲਣ ਵਾਲੀਆਂ ਨਰਦਾਂ, ਸਾਰੀ ਹੈ। ਆਪ ਹੀ ਉਹ ਪ੍ਰਭੂ, ਪਿੜ, ਅਖਾੜਾ ਲਗਾ ਕੇ, ਸੰਸਾਰ ਪੈਦਾ ਕਰ ਕੇ ਖੇਲ ਰਿਹਾ ਹੈ। ਆਪ ਹੀ ਰੈਫਰੀ ਹੋ ਕੇ, ਉਸ ਦੀ ਕੀਮਤ ਪਾ ਰਿਹਾ ਹੈ, ਉਸ ਦਾ ਫੈਸਲਾ ਕਰ ਰਿਹਾ ਹੈ।
॥ ੬॥ ਛੇਵੀਂ ਤੁਕ ਵਿੱਚ ਦੱਸਿਆ ਹੈ ਕਿ, ਹੇ ਹਰੀ ਤੂੰ ਆਪ ਹੀ, ਫੁੱਲਾਂ ਦੀ ਮਹਿਕ ਲੈਣ ਵਾਲਾ ਭਵਰਾ ਹੈਂ, ਤੂੰ ਆਪ ਹੀ ਫੁਲ ਹੈਂ, ਆਪ ਹੀ ਫਲ ਹੈਂ, ਆਪ ਹੀ ਬਿਰਖ ਹੈਂ। ਤੂੰ ਆਪ ਹੀ ਪਾਣੀ ਹੈਂ, ਆਪ ਹੀ ਧਰਤੀ ਹੈਂ। ਆਪ ਹੀ ਸਮੁੰਦਰ ਹੈਂ ਅਤੇ ਆਪ ਹੀ ਸਰੋਵਰ ਹੈਂ। ਤੂੰ ਆਪ ਹੀ ਉਨ੍ਹਾਂ ਸਰੋਵਰਾਂ, ਸਮੁੰਦਰਾਂ ਵਿੱਚ ਰਹਿਣ ਵਾਲੇ, ਮਗਰਮੱਛ, ਕੱਛੂਕੁਮੇ ਆਦਿ ਪਾਣੀ ਵਾਲੇ ਜੀਵਾਂ ਦੇ ਰੂਪ ਵਿੱਚ ਹੈਂ। ਇਹ ਸਾਰਾ ਕੁੱਝ ਸਾਮ੍ਹਣੇ ਹੋਣ ਤੇ ਵੀ ਤੇਰਾ “੧” ਨਿਰਗੁਣ ਸਰੂਪ ਵਾਲਾ ਰੂਪ ਕੀ ਹੈ? ਉਸ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਉਸ ਬਾਰੇ ਕੁੱਝ ਵੀ ਕਹਿਣਾ, ਬਿਆਨ ਤੋਂ ਬਾਹਰਾ ਹੈ।
॥ ੭॥ ਅਕਾਲਪੁਰਖ ਆਪ ਹੀ ਦਿਨ, ਦਿਨ ਦਾ ਚਾਨਣਾ ਹੈ, ਆਪ ਹੀ ਰਾਤ, ਰਾਤ ਦਾ ਹਨੇਰਾ ਹੈ। ਉਹ ਆਪ ਹੀ ਸ਼ਬਦ ਗੁਰੂ ਦੇ ਬਚਨਾਂ ਨਾਲ ਪਤੀਜਣ ਵਾਲਾ, ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚੱਲਣ ਵਾਲੇ ਤੇ ਦਇਆਵਾਨ ਹੋਣ ਵਾਲਾ ਹੈ। ਉਹ ਮੁਢਿ ਤੋਂ ਕਾਇਮ ਹੈ। ਜਦ ਸ੍ਰਿਸ਼ਟੀ ਬਣੀ, ਤਾਂ ਸਮੇ ਦਾ ਚੱਕਰ ਚਲਿਆ, ਸਮੇ ਬਾਰੇ ਹਿਸਾਬ ਕਿਤਾਬ ਰੱਖਣ ਦਾ ਹੀ ਸਾਧਨ ਹਨ, ਯੁਗ (ਜੁਗ)। ਸੋ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਕੁਦਰਤੀ ਗੱਲ ਹੈ ਕਿ ਉਹ, ਸ੍ਰਿਸ਼ਟੀ ਰਚਨਾ ਤੋਂ ਪਹਿਲਾਂ, ਸਮੇ ਦੀ ਗਿਣਤੀ ਮਿਣਤੀ ਸ਼ੁਰੂ ਹੋਣ ਤੋਂ, ਜੁਗਾਂ ਤੋਂ ਪਹਿਲਾਂ ਹੀ ਸੀ। ਉਹ ਪਹੁੰਚ ਤੋਂ ਬਾਹਰ ਹੈ, ਉਸ ਤੱਕ ਕੋਈ ਅੱਪੜ ਨਹੀਂ ਸਕਦਾ, ਉਸ ਦਾ ਭੇਦ ਨਹੀਂ ਪਾ ਸਕਦਾ। ਉਹ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਹਰ ਸਰੀਰ ਵਿਚ, ਉਸ ਰਜ਼ਾ ਦੇ ਮਾਲਕ ਦਾ ਹੀ ਸ਼ਬਦ, ਉਸ ਦੀ ਜੀਵਨ-ਰੌਂ ਚਲ ਰਹੀ ਹੈ।
॥ ੮॥ ਵਾਹਿਗੁਰੂ ਆਪ ਹੀ ਅਜਿਹਾ ਰਤਨ ਹੈ ਜਿਸ ਵਰਗਾ ਹੋਰ ਕੋਈ ਵੀ ਨਹੀਂ ਹੈ, ਜੋ ਅਮੁੱਲ ਹੈ, ਜਿਸ ਦੀ ਕੀਮਤ ਕੋਈ ਨਹੀਂ ਪਾ ਸਕਦਾ। ਉਸ ਅਮੁੱਲ ਰਤਨ ਨੂੰ ਪਰਖਣ ਵਾਲਾ, ਉਸ ਦੀ ਕਮਿਤ ਪਾਉਣ ਵਾਲਾ ਵੀ ੳੇਹ ਆਪ ਹੀ ਹੈ। ਪਰਮਾਤਮਾ ਆਪ ਹੀ ਕਿਸੇ ਜੀਵ ਨੂੰ ਕਸਵੱਟੀ ਤੇ ਲਾ ਕੇ ਚੰਗੀ ਤਰ੍ਹਾਂ ਪਰਖ ਕੇ ਪਰਵਾਨ ਕਰ ਲੈਂਦਾ ਹੈ। ਹੇ ਭਾਈ ਕਰਤਾਰ ਆਪ ਹੀ ਜੀਵਾਂ ਨੂੰ ਜੀਵਨ ਬਖਸ਼ਦਾ ਹੈ, ਫਿਰ ਆਪ ਹੀ ਉਸ ਕੋਲੋਂ ਜੀਵਨ ਵਾਪਸ ਲੈ ਲੈਂਦਾ ਹੈ।
ਅੱਜ ਦੇ ਜੋ ਅਖੌਤੀ ਵਿਦਵਾਨ, ਪਰਮਾਤਮਾ ਦੀ ਹੋਂਦ ਤੋਂ ਹੀ ਮੁਨਕਿਰ, ਰੰਗ-ਰੰਗ ਦੇ ਤਰਕ ਦੇ ਕੇ, ਸਿੱਖਾਂ ਨੂੰ ਕੁਰਾਹੇ ਪਾ ਰਹੇ ਹਨ, ਕੀ ਉਹ ਇਨ੍ਹਾਂ ਤੁਕਾਂ ਦੇ, ਆਪਣੀ ਥਿਊਰੀ ਮੁਤਾਬਕ ਕੋਈ ਹੋਰ ਅਰਥ ਕਰ ਸਕਦੇ ਹਨ? ਜਿਸ ਵਿੱਚ ਰੱਬ ਦੀ ਹਸਤੀ ਨੂੰ ਰੱਦ ਕੀਤਾ ਹੋਵੇ। ਗੁਰਮਤ ਵਿੱਚ ਆਪਣੀ ਮਨਮਤ ਵਾੜ ਕੈ, ਗੁਰਮਤ ਸਿਧਾਂਤ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰਨਾ ਹੋਰ ਗੱਲ ਹੈ, ਗੁਰਬਾਣੀ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਢਾਲਣਾ, ਅਲੂਣੀ ਸਿਲ ਚੱਟਣਾ ਹੈ।
॥ ੯॥ ਵਾਹਿਗੁਰੂ ਆਪ ਹੀ ਕਮਾਨ ਹੈ, ਆਪ ਹੀ ਤੀਰ ਅਤੇ ਆਪ ਹੀ ਤੀਰ ਚਲਾਉਣ ਵਾਲਾ ਤੀਰਅੰਦਾਜ਼ ਹੈ। ਆਪ ਹੀ ਸੁਘੜ, ਸਿਆਣਾ, ਅਤੇ ਆਪ ਹੀ ਸੋਹਣੇ ਰੂਪ ਵਾਲਾ, ਅਕਲ ਮੰਦ ਹੈ। ਆਪ ਹੀ ਚੰਗੀਆਂ ਗੱਲਾਂ ਕਹਿਣ ਵਾਲਾ, ਆਪ ਹੀ ਮਾੜੀਆਂ ਗੱਲਾਂ ਕਹਿਣ ਵਾਲਾ, ਅਤੇ ਆਪ ਹੀ ਸਾਰੀਆਂ ਚੰਗੀਆਂ-ਮਾੜੀਆਂ ਗੱਲਾਂ ਸੁਣਨ ਵਾਲਾ ਹੈ। ਉਸ ਨੇ ਆਪ ਹੀ ਇਹ ਜਗਤ ਪੈਦਾ ਕੀਤਾ ਹੈ।
ਅਮਰ ਜੀਤ ਸਿੰਘ ਚੰਦੀ




.