ਧੌਲਾ ਬਲਦ
ਬਾਬਾ ਫੌਜਾ ਸਿੰਘ ਇੱਕ ਦਿਨ ਘਰ
ਨੇੜਲੇ ਪਾਰਕ ਸੈਰ ਕਰਨ ਨਿਕਲਿਆ ਤਾਂ ਇੱਕ ਅੱਧਖੜ ਉਮਰ ਦੀ ਬੀਬੀ ਉਸ ਨਾਲ ਗੱਲੀਂ ਲਗ ਪਈ। ਦਰਅਸਲ ਉਹ
ਕਿਸੇ ਰੋਂਦੇ ਅਤੇ ਗੁਆਚੇ ਹੋਏ ਬੱਚੇ ਦੀ ਮਾਂ ਨੂੰ ਲੱਭ ਰਹੀ ਸੀ ਤੇ ਉਸ ਨੂੰ ਜਾਪਿਆ ਕਿ ਸ਼ਾਇਦ ਬਾਬਾ
ਹੀ ਇਸ ਬੱਚੇ ਨਾਲ ਸਬੰਧਤ ਨਾ ਹੋਵੇ ਪਰ ਛੇਤੀ ਹੀ ਉਸ ਦੀ ਮਾਂ ਆ ਕੇ ਬੱਚੇ ਨੂੰ ਲੈ ਗਈ।
ਬੱਚਿਆਂ ਤੋਂ ਹੀ ਗੱਲ ਚਲਦੀ ਇਲਾਕਾ, ਪਰੀਵਾਰ, ਘਰ ਆਦਿ ਦੀਆਂ ਗੱਲਾਂ ਤੋਂ ਬਾਅਦ ਬਾਬੇ ਨੂੰ ਪਤਾ
ਲੱਗਾ ਕਿ ਉਸ ਦਾ ਪਤੀ ਚੜ੍ਹਾਈ ਕਰ ਗਿਆ ਸੀ ਤੇ ਉਹ ਨਵੀਂ-ਨਵੀਂ ਹੀ ਕੰਨ `ਚ ਫੂਕ ਵਾਲਿਆਂ ਦੀ ਚੇਲੀ
ਬਣੀ ਸੀ ਤੇ ਨਵੇਂ ਬਣੇ ਨਮਾਜੀ ਦੇ ਜੋਰ ਲਾ ਕੇ ਬਾਂਗ ਦੇਣ ਵਾਂਗ ਉਹ ਕੁੱਝ ਜਿਆਦਾ ਹੀ ਅਪਣੇ ਬਾਬਾ
ਜੀ ਦੀ ਵਡਿਆਈ ਨੂੰ ਅੱਡੀਆਂ ਚੁੱਕ ਚੁੱਕ ਗਾ ਰਹੀ ਸੀ।
ਚਲੋ ਇਹ ਉਸ ਦਾ ਅਪਣਾ ਵਿਸ਼ਾ ਸੀ ਪਰ ਬਾਬੇ ਨੂੰ ਹੈਰਾਨੀ ਉਦੋਂ ਹੋਈ ਜਦ ਉਸ ਦੱਸਿਆ ਕਿ ਉਸ ਨੂੰ ਹਾਲੇ
ਬਹੁਤਾ ਚਿਰ ਨਹੀ ਹੋਇਆ ‘ਨਾਮ’ ਲਿਆਂ ਕਿ ਉਸ ਨੂੰ ਤਾਰਕਾ ਮੰਡਲ ਦੇ ਦਰਸ਼ਨ ਵੀ ਹੋ ਗਏ ਹਨ!
ਉਹ ਕਿਵੇਂ? ਬਾਬੇ ਨੇ ਹੈਰਾਨੀ ਵਰਗੀ ‘ਐਕਟਿੰਗ’ ਕਰਦਿਆਂ ਪੁੱਛਿਆ। ਬਾਬੇ ਨੂੰ ਵਿਸ਼ਾ ਦਿਲਚਸਪ
ਜਾਪਿਆ।
ਮੈਨੂੰ ‘ਮਹਾਰਾਜ’ ਨੇ ‘ਜੁਗਤੀ’ ਦੱਸੀ। ਉਸ ਅਨੁਸਾਰ ਜਦ ਮੈਂ ਅਭਿਆਸ ਸ਼ੁਰੂ ਕੀਤਾ ਤਾਂ ਇੱਕ ਰਾਤ
ਮੈਨੂੰ ਸ਼ਿਵ ਭਗਵਾਨ ਮਿਲੇ। ਉਨ੍ਹਾਂ ਮੈਨੂੰ ਅਪਣੀ ਹਥੇਲੀ ਉਪਰ ਹੀ ਸਭ ਕੁੱਝ ਦਿਖਾ ਦਿੱਤਾ। ਐਹ ਪੂਰੇ
ਪਾਰਕ ਜਿੱਡੀ ਵੱਡੀ ਉਨ੍ਹਾਂ ਦੀ ਹਥੇਲੀ ਸੀ ਤੇ ਪਤਾ ਨਹੀ ਕਿਥੇ ਕਿਥੇ ਮੈਨੂੰ ਉਹ ਅਪਣੀ ਹਥੇਲੀ ਤੇ
ਬਿਠਾ ਕੇ ਲੈ ਗਏ। ਅਜਿਹੀ ਦੁਨੀਆਂ ਤਾਂ ਪਹਿਲੇ ਕਦੇ ਮੈਂ ਦੇਖੀ ਹੀ ਨਹੀ ਸੀ! ਉਸ ਪਾਰਕ ਵਲ ਹੱਥ
ਕਰਕੇ ਗੋਲ ਚੱਕਰ ਬਣਾ ਕੇ ਹਥੇਲੀ ਦਾ ਜਿਵੇਂ ਮਾਪ ਦੱਸਿਆ।
ਬਾਬਾ ਫੌਜਾ ਸਿੰਘ ਨੂੰ ਸਮਝ ਨਾ ਆਵੇ ਕਿ ਇਸ ਨੂੰ ਕਿਵੇਂ ਸਮਝਾਵੇ ਕਿ ਬੀਬਾ ਅਪਣਾ ਇਲਾਜ ਕਰਵਾ ਤੈਂ
ਕਿਸੇ ਵੱਡੀ ਮੁਸ਼ਕਲ ਵਿੱਚ ਪੈ ਜਾਣਾ ਹੈ। ਪਰ ਬਾਬੇ ਨੂੰ ਸਕੀਮ ਸੁੱਝੀ। ਉਸ ਬੀਬੀ ਵਾਲਾ ਹੀ ਪੈਂਤੜਾ
ਮਾਰਦਿਆਂ ਕਿਹਾ ਬੀਬਾ ਤੂੰ ਵਾਕਿਆ ਹੀ ਧੰਨ ਹੈ, ਤੇਰੀ ਸ਼ਰਧਾ ਵੀ ਧੰਨ ਹੈ। ਤੇਰੇ ਵਰਗੇ ਕਰਮਾ ਵਾਲੇ
ਜੀਵ ਵਿਰਲੇ-ਵਾਂਝੇ ਹੀ ਹੁੰਦੇ ਹਨ।
ਵਡਿਆਈ ਸੁਣਕੇ ਬੀਬੀ ਨਿਹਾਲੋ-ਨਿਹਾਲ ਹੋ ਗਈ ਉਸ ਨੂੰ ਜਾਪਿਆ ਮੇਰਾ ਤੀਰ ਵਾਕਿਆ ਹੀ ਬਾਬੇ ਦੀ ਹਿੱਕ
ਵਿੱਚ ਵੱਜਾ ਹੈ ਤੇ ਇਹ ਕਮਲਾ ਝੱਟ ਮੇਰੀ ਮੰਨ ਗਿਆ ਹੈ। ਪਰ ਬਾਬੇ ਨੇ ਅਪਣੀ ਕਹਾਣੀ ਸੁਣਾਦਿਆਂ ਕਿਹਾ
ਕਿ ਬੀਬਾ ਮੇਰੇ ਨਾਲ ਵੀ ਇੱਕ ਵਾਰ ਇੰਝ ਹੀ ਹੋਈ ਸੀ। ਮੈਂ ਕੋਈ ਜੁਗਤੀ ਤਾਂ ਨਹੀ ਕੋਈ ਵਰਤੀ ਪਰ ਮੈਂ
ਅਪਣੀ ਬਾਰੀ ਵਿੱਚਦੀ ਦਿੱਸਦੇ ਖਿੜੇ ਹੋਏ ਚੰਨ ਨੂੰ ਦੇਖਦਾ-ਦੇਖਦਾ ਰਾਤ ਜਦ ਸੌ ਗਿਆ ਤਾਂ ਅੱਧੀ ਰਾਤ
ਕੀ ਦੇਖਦਾ ਹਾਂ ਕਿ ਮੇਰੀ ਬਾਰੀ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਪਿਆ ਦਿੱਸੇ। ਮੇਰੀਆਂ ਅੱਖਾਂ ਚੁੰਧਿਆ
ਗਈਆਂ। ਇੰਨਾ ਚਾਨਣ ਕਿ ਮੇਰੇ ਜੋਰ ਪਾਉਂਣ ਤੇ ਵੀ ਅੱਖਾਂ ਮੇਰੀਆਂ ਨਾ ਖੁਲ੍ਹਣ। ਤੇ ਆਖਰ ਜਦ ਚਾਨਣ
ਥੋੜਾ ਨਰਮ ਪਿਆ ਤਾਂ ਮੈਂ ਕੀ ਦੇਖਦਾ ਹਾਂ ਸ਼ਿਵ ਜੀ ਮਾਹਰਾਜ ਧੌਲੇ ਬਲਦ ਉਪਰ ਚੜ੍ਹੇ ਦੇ ਚੜ੍ਹੇ ਹੀ
ਮੇਰੇ ਕਮਰੇ ਵਿੱਚ ਆਣ ਦਾਖਲ ਹੋਏ।
ਕਹਿਣ ਲੱਗੇ ਭਗਤਾ ਤੂੰ ਰਾਤ ਦਾ ਟਿੱਕ-ਟਿੱਕੀ ਲਾ ਕੇ ਮੈਨੂੰ ਲੱਭਦਾ ਲੱਭਦਾ ਸਉਂ ਗਿਆ ਦੱਸ ਕੀ
ਮੰਗਦਾ? ਮੈਂ ਬਥੇਰਾ ਕਿਹਾ ਮਹਾਰਾਜ ਮੈਂ ਤਾਂ ਚੰਨ ਦੇਖਦਾ ਸੀ, ਮੇਰੀ ਪਤਨੀ ਜਾਗ ਜਾਵੇਗੀ ਕ੍ਰਿਪਾ
ਕਰਕੇ ਅਪਣਾ ਬਲਦ ਬਾਹਰ ਲੈ ਜਾਵੋ ਤਾਜੀ ਕੀਤੀ ਸਫਾਈ ਤੋਂ ਬਾਅਦ ਤਾਂ ਇਹ ਚਿੜੀ ਨਹੀ ਫਕਰਣ ਦਿੰਦੀ
ਤੁਹਾਡਾ ਬਲਦ ਕਿਵੇਂ ਬਰਦਾਸ਼ਤ ਕਰੇਗੀ।
ਸ਼ਿਵ ਜੀ ਹੱਸ ਪਏ! ਭਗਤਾ ਚੰਨ ਤਾਂ ਮੇਰੇ ਹੀ ਮੱਥੇ ਤੇ ਸੀ! ਫਿਕਰ ਨਾ ਕਰ ਮੇਰੀਆਂ ‘ਡਾਕਣੀਆਂ’
ਵੈਕਿਉਮ ਕਰਕੇ ਜਾਣਗੀਆਂ। ਸੋ ਬੀਬਾ ਉਸ ਰਾਤ ਬੜੇ ਖੁਲ੍ਹੇ ਬੱਚਨ-ਬਿਲਾਸ ਹੋਏ ਸ਼ਿਵ ਜੀ ਮਹਾਰਾਜ ਨਾਲ।
ਪਰ ਉਹੋ ਗੱਲ ਹੋਈ ਜਾਣ ਲੱਗਾ ਬਲਦ ਮੇਰੇ ਕਮਰੇ ਵਿੱਚ ਹੀ ਫੋਸ ਕਰ ਗਿਆ। ਸ਼ਿਵ ਜੀ ਪਰ ਜਾਣ ਲੱਗੇ ਵਰ
ਦੇ ਗਏ ਕਿ ਭਗਤਾ ਇਹ ਫੋਸ ਨਾ ਸਮਝ ਇਸ ਨੂੰ ਸਾਂਭ ਲੈ ਕਿਸੇ ਵੀ ਦਰਦ ਜੋੜ ਜਾਂ ਕਿਸੇ ਵੀ ਬੀਮਾਰੀ ਲਈ
ਔਸ਼ਧੀ ਹੈ! ਸੋ ਬੀਬਾ ਘਰ ਵਿੱਚ ਨਉਂਨਿੱਧਾਂ ਹੋ ਗਈਆਂ ਹਨ ਉਦੋਂ ਦੀਆਂ। ਜਿਹੜੀ ਚੀਜ ਨੂੰ ਹੱਥ
ਲਾਉਂਦਾ ਸੋਨੇ ਵਰਗੀ ਹੋ ਜਾਂਦੀ। ਜਿਹੜਾ ਕੰਮ ਕਰਦਾਂ ਰਿਧੀਆਂ-ਸਿੱਧੀਆਂ ਹੋ ਜਾਂਦੀਆਂ। ਆਹ ਦੇਖ ਲੈ
ਹੁਣ ਮੈਂ ਕੰਮ ਨਹੀ ਕਰਦਾ ਤੇਰੇ ਸਾਹਵੇਂ ਪਾਰਕ ਵਿੱਚ ਸੈਰਾਂ ਕਰ ਰਿਹਾਂ ਹਾਂ. . ?
ਸੋ ਬੀਬਾ ਮੇਰੇ ਕੋੇਲੇ ਹਾਲੇ ਵੀ ਸ਼ਿਵ ਜੀ ਦੇ ਬਲਦ ਦਾ ਫੋਸ ਪਿਆ ਵਿਆ ਬੜੀਆਂ ਬੀਮਾਰੀਆਂ ਦੇ ਕੰਮ
ਆਉਂਦਾ ਮੈਂ ਤਾਂ ਆਪ ਧੰਨ ਹੋ ਗਿਆ ਹਾਂ! ਜੇ ਕਹੇਂ ਤਾਂ ਤੈਨੂੰ ਵੀ ਥੋੜਾ ‘ਪ੍ਰਸਾਦ’ ਵਜੋਂ ਦੇ ਸਕਦਾ
ਹਾਂ ਉਂਝ ਸ਼ਿਵ ਭਗਵਾਨ ਨੇ ਇਸ ਮੁਲਾਕਾਤ ਬਾਰੇ ਕਿਸੇ ਨੂੰ ਵੀ ਨਾ ਦੱਸਣ ਬਾਰੇ ਕਿਹਾ ਸੀ ਪਰ ਕਿਉਂਕਿ
ਤੂੰ ਤਾਂ ਭਾਈ ਖੁਦ ਸ਼ਿਵ ਜੀ ਮਹਾਰਾਜ ਨੂੰ ਮਿਲ ਕੇ ਧੰਨ ਹੋਈ ਹੋਈ ਹੈਂ ਇਸ ਲਈ ਮੈਨੂੰ ਜਾਪਿਆ ਤੈਨੂੰ
ਦੱਸਣ ਨਾਲ ਸ਼ਿਵ ਜੀ ਨਰਾਜ ਨਹੀ ਹੋਣਗੇ।
ਬੀਬੀ ਬਾਬੇ ਦੇ ਮੂੰਹ ਵਲ ਇੰਝ ਦੇਖਦੀ ਸੀ ਜਿਵੇਂ ਬਾਬਾ ਕੋਈ ਚੁਟਕਲਾ ਸੁਣਾ ਕੇ ਹੱਟਿਆ ਹੋਵੇ।
ਬੇਸ਼ਕ ਇਹ ‘ਕੌੜਾ ਸੱਚ’ ਬੀਬੀ ਦੇ ਹਲਕ ਹੇਠੋਂ ਨਹੀ ਸੀ ਲੰਘ ਰਿਹਾ ਪਰ ਉਸ ਨੂੰ ਇਹ ਹੁਣ ਨਿਗਲਣਾ
ਪੈਣਾ ਸੀ ਨਹੀ ਤਾਂ ਉਸ ਦਾ ਅਪਣਾ ‘ਸੱਚ’ ਝੂਠ ਹੋ ਜਾਣਾ ਸੀ। ਉਸ ਬਾਬੇ ਨੂੰ ਵਾਪਸ ਧੰਨ ਤਾਂ ਨਹੀ
ਕਿਹਾ ਪਰ ਅੰਣਮੰਨੇ ਜਿਹੇ ਮਨ ਨਾਲ ਕਹਿਣ ਲਗੀ, ‘ਭਾਈ ਭਗਵਾਨ ਦੀ ਲੀਲ੍ਹਾ ਭਗਵਾਨ ਹੀ ਜਾਣੇ’। ਪਰ ਉਸ
ਅਪਣੀਆਂ ਅਗਲੀਆਂ ਕਹਾਣੀਆਂ ਦਾ ਚੈਪਟਰ ਬੰਦ ਕਰ ਬਾਬੇ ਨੂੰ ਅਲਵਿਦਾ ਆਖ ਦਿੱਤੀ।
ਉਸ ਦੀ ਮਾਨਸਿਕਤਾ ਤੋਂ ਬਾਬੇ ਫੌਜਾ ਸਿੰਘ ਨੂੰ ਇੱਕ ਬੜੀ ਪ੍ਰਚਲਤ ਕਹਾਣੀ ਯਾਦ ਆਈ। ਕਹਿੰਦੇ ਕੁੱਝ
ਬੰਦੇ ਇੱਕ ਰਾਜੇ ਦੇ ਦਰਬਾਰ ਗਏ ਤੇ ਕਹਿਣ ਲੱਗੇ ਮਹਾਰਾਜ ਅਸੀਂ ਇੱਕ ਅਜਿਹਾ ਕੱਪੜਾ ਬੁਣਨ ਦੀ ਕਾਢ
ਕੱਢੀ ਹੈ ਕਿ ਉਹ ਕੱਪੜਾ ਮੂਰਖ ਬੰਦੇ ਨੂੰ ਨਹੀ ਦਿੱਸਦਾ ਕੇਵਲ ਸਿਆਣਾ ਤੇ ਸੂਝਵਾਨ ਹੀ ਉਸ ਨੂੰ ਦੇਖ
ਸਕਦਾ ਹੈ।
ਰਾਜੇ ਨੇ ਸੋਚਿਆ ਕਿ ਅਜਿਹਾ ਕੱਪੜਾ ਬੁਨਣ ਵਾਲੇ ਜਰੂਰ ਕੋਲ ਰੱਖਣੇ ਚਾਹੀਦੇ ਜਿਹੜਾਂ ਬੰਦਾ ਨੌਕਰ
ਰੱਖਣਾ ਉਸ ਦੀ ਪਛਾਣ ਤੇ ਸੂਝ ਕੱਪੜੇ ਤੋਂ ਹੀ ਹੋ ਜਾਇਆ ਕਰੇਗੀ। ਤੇ ਰਾਜੇ ਨੇ ਅਜਿਹਾ ਕੱਪੜਾ ਬੁਨਣ
ਵਾਲੇ ਲਾ ਦਿੱਤੇ। ਉਹਨਾ ਬਕਾਇਦਾ ਖੱਡੀਆਂ ਲਾਈਆਂ। ਸਮ੍ਹਾਨ ਮੰਗਵਾਇਆ ਪਰ ਵਿੱਚ ਕੁੱਝ ਨਹੀ ਸੀ
ਸਿਵਾਏ ਐਕਟਿੰਗ ਕਰਨ ਦੇ ਕਿ ਉਹ ਕੱਪੜਾ ਬੁਣ ਰਹੇ ਹਨ। ਰਾਜੇ ਨੇ ਵਜੀਰ ਨੂੰ ਭੇਜਿਆ ਕਿ ਦੇਖ ਕਿ ਕੀ
ਕਰਦੇ ਜਾਂ ਐਵੇਂ ਪੈਸਾ ਹੀ ਲੁੱਟ ਰਹੇ ਨੇ।
ਵਜੀਰ ਗਿਆ। ਉਥੇ ਕੁੱਝ ਵੀ ਨਹੀ ਸੀ ਪਰ ਜਾਪਦਾ ਸੀ ਜਿਵੇਂ ਉਹ ਕੁੱਝ ਕਰ ਰਹੇ ਹਨ। ਹੁਣ ਵਜੀਰ ਸੋਚੀਂ
ਪਿਆ ਕਿ ਜੇ ਕਿਹਾ ਇਥੇ ਕੁੱਝ ਨਹੀ ਤਾਂ ਮੂਰਖਾਂ ਦੀ ਲਿਸਟ ਵਿੱਚ ਆ ਕੇ ਨੌਕਰੀਉਂ ਜਾਂਦਾ ਰਹਾਂਗਾ।
ਸੋ ਉਸ ‘ਕੱਪੜੇ’ ਦੀ ਬੜੀ ਸਿਫਤ ਸਲਾਹ ਕੀਤੀ ਤੇ ‘ਸਿਆਣਾ’ ਬਣ ਕੇ ਵਾਪਸ ਆ ਗਿਆ। ਇਹੀ ਕਹਾਣੀ ਬਾਕੀ
ਅਹਿਲਕਾਰਾਂ ਨਾਲ ਵਾਪਰੀ। ਕੋਈ ਮੂਰਖ ਨਹੀ ਸੀ ਬਣਨਾ ਚਾਹੁੰਦਾ।
ਤੇ ਆਖਰ ਜਦ ਰਾਜੇ ਦੀ ਵਾਰੀ ਆਈ ਤਾਂ ਰਾਜਾ ਹੈਰਾਨ ਕਿ ਇਹ ਕੀ? ਇਥੇ ਤਾਂ ਕੁੱਝ ਵੀ ਨਹੀ। ਪਰ ਹੁਣ
ਸਾਰੇ ਅਮਲੇ-ਫੈਲੇ ਸਾਹਵੇਂ ਮੂਰਖ ਕਿਵੇਂ ਬਣੇ। ਤੇ ਉਸ ਵੀ ਕੌੜਾ-ਘੁੱਟ ਭਰਕੇ ‘ਕੱਪੜੇ’ ਦੀ ਸਿਫਤ ਕਰ
ਦਿੱਤੀ।
ਹੁਣ ਜਲੌ ਨਿਕਲਣਾ ਸੀ। ਤੇ ਫੈਸਲਾ ਹੋਇਆ ਕਿ ਰਾਜੇ ਨੂੰ ਨਵੇਂ ਬੁਣੇ ਗਏ ‘ਕੱਪੜੇ’ ਪਾਏ ਜਾਣ। ਨਤੀਜਾ
ਇਹ ਹੋਇਆ ਕਿ ਰਾਜੇ ਦਾ ਚਲਾਕ ਠੱਗਾਂ ਨੇ ਨੰਗਾ ਕਰਕੇ ਜਲੂਸ ਕੱਢਿਆ।
ਬਾਬੇ ਫੌਜਾ ਸਿੰਘ ਨੂੰ ਜਾਪਿਆ ਕਿ ਇਵੇਂ ਹਰੇਕ ਡੇਰੇ ਵਿੱਚ ਰੀਸੋ ਰੀਸੀ ਕੋਈ ਕਿਸੇ ਤਾਰਕਾ ਮੰਡਲ
ਦੀਆਂ ਸੈਰਾਂ ਕਰੀ ਜਾ ਰਿਹਾ ਹੈ, ਕਿਸੇ ਨੂੰ ਸ਼ਿਵ ਪੁਰੀ ਦੇ ਦਰਸ਼ਨ ਹੋਈ ਜਾ ਰਹੇ ਹਨ, ਕੋਈ ਗੱਲਾਂ
ਨਾਲ ਹੀ ਕਿਸੇ ਧਾਮ ਤੁਰਿਆ ਫਿਰਦਾ ਹੈ। ਹਰੇਕ ਜਣਾ ਮੂਰਖ ਬਣਨ ਦੇ ਡਰੋਂ ਕੋਈ ਨਾ ਕੋਈ ਕਹਾਣੀ ਜੋੜ
ਦਿੰਦਾ ਹੈ ਅਤੇ ਕੋਈ ਕਿਸੇ ਦੂਜੇ ਨੂੰ ਟੋਕਦਾ ਨਹੀ ਕਿਉਂਕਿ ਜੇ ਉਹ ਦੂਜੇ ਦੀ ਕਹਾਣੀ ਨੂੰ ਝੂਠ
ਆਖੇਗਾ ਤਾਂ ਉਸ ਦੀ ਅਪਣੀ ਝੂਠੀ ਹੋ ਜਾਣੀ ਹੈ। ਮਸਲਨ ਜੇ ਬੀਬੀ ਬਾਬੇ ਦੀ ਕਹਾਣੀ ਨੂੰ ਕਹਿ ਦਿੰਦੀ
ਕਿ ਲੈ ਬਲਦ ਕੋਈ ਜਹਾਜ ਸੀ ਜਿਹੜਾ ਉੱਡ ਕੇ ਤੇਰੀ ਬਾਰੀ ਵਿੱਚਦੀ ਆਣ ਵੜਿਆ ਤਾਂ ਉਸ ਦੀ ਸ਼ਿਵ ਜੀ ਦੀ
ਪਾਰਕ ਜਿੱਡੀ ਹਥੇਲੀ ਦਾ ਬਣਦਾ।
ਗੁਰਦੇਵ ਸਿੰਘ ਸੱਧੇਵਾਲੀਆ