.

ਸੁੱਖਣਾ ਅਤੇ ਗੁਰਮਤਿ

ਸੁੱਖਣਾ ਦਾ ਗੁਰਮਤਿ ਵਿੱਚ ਸੰਕਲਪ ਦੇਖਣ/ਸਮਝਣ ਤੋਂ ਪਹਿਲਾਂ ਸੁੱਖਣਾ ਤੋਂ ਕੀ ਭਾਵ ਹੈ, ਇਸ ਦੀ ਸੰਖੇਪ ਜੇਹੀ ਚਰਚਾ ਕਰਨੀ ਕੁਥਾਵੀਂ ਨਹੀਂ ਹੋਵੇਗੀ। “ਸੁਖ ਦੀ ਪ੍ਰਾਪਤੀ ਅਤੇ ਕਸ਼ਟ ਦੂਰ ਕਰਨ ਲਈ ਕਿਸੇ ਦੇਵੀ ਦੇਵਤਾ ਤੋਂ ਵਰ ਲੈਣ ਵਾਸਤੇ ਕਿਸੇ ਭੇਟਾ ਦੇਣ ਦੀ ਪ੍ਰਤਿਗਯਾ ਕਰਨੀ, ‘ਸੁਖਣਾ’ ਅਥਵਾ ‘ਮੰਨਤ’ ਅਖਾਉਂਦੀ ਹੈ।” ਇਸ ਤਰ੍ਹਾਂ ਸੁੱਖ ਮਨਾਉਣ/ਮੰਨਤ/ਮਨੌਤ ਕਰਨਾ/ਮੰਨਣਾ ਅਥਵਾ ਸੁੱਖਣਾ ਸੁੱਖਣ ਵਾਲਾ ਮਨੁੱਖ ਆਪਣੇ ਇਸ਼ਟ ਨਾਲ ਇੱਕ ਤਰ੍ਹਾਂ ਨਾਲ ਸੌਦੇਬਾਜੀ ਕਰਦਾ ਹੋਇਆ ਆਖਦਾ ਹੈ ਕਿ ਜੇਕਰ ਤੁਸੀਂ ਮੇਰੀ ਇੱਛਾ ਨੂੰ ਪੂਰੀ ਕਰ ਦਿਓਗੇ ਤਾਂ ਮੈਂ ਅਮਕੀ ਵਸਤੂ ਭੇਟ ਕਰਾਂਗਾ, ਅਖੰਡ ਪਾਠ ਕਰਾਵਾਂਗਾ, ਗੁਰਦੁਆਰੇ ਦੇਗ਼ ਕਰਾਵਾਂਗਾ, ਦਾਨ ਪੁੰਨ ਕਰਾਂਗਾ, ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾਵਾਂਗਾ ਇਤਿਆਦਿ। ਜੇਕਰ ਵਿਅਕਤੀ ਦੀ ਕਾਮਨਾ ਪੂਰੀ ਹੋ ਜਾਵੇ ਤਾਂ ਮਨੁੱਖ ਆਪਣੇ ਇਸ਼ਟ ਨਾਲ ਕੀਤੇ ਹੋਏ ਵਾਅਦੇ ਮੁਤਾਬਕ ਪਾਠ, ਦਾਨ–ਪੁੰਨ ਆਦਿ ਕਰਦਾ ਹੈ।
ਆਮ ਤੌਰ `ਤੇ ਸੁੱਖਣਾ ਮਨੁੱਖ ਉਸ ਸਮੇਂ ਹੀ ਸੁੱਖਦਾ ਹੈ ਜਦ ਕਦੀ ਇਹ ਕਿਸੇ ਤਰ੍ਹਾਂ ਦੀ ਕਾਮਨਾ ਦੀ ਪੂਰਤੀ ਦੀ ਇੱਛਾ ਕਰਦਾ ਹੈ ਜਾਂ ਮੁਸੀਬਤ ਆਦਿ ਵਿੱਚ ਘਿਰਿਆ ਹੁੰਦਾ ਹੈ। ਅਜਿਹੀ ਪਰਿਸਥਿੱਤੀ ਵਿੱਚ ਇਹ ਆਪਣੇ ਇਸ਼ਟ ਅੱਗੇ ਜੋਦੜੀ ਕਰਦਾ ਹੋਇਆ ਇਹ ਪ੍ਰਣ ਕਰਦਾ ਹੈ ਕਿ ਜੇਕਰ ਮੇਰੀ ਇਹ ਗੱਲ ਪੂਰੀ ਹੋ ਗਈ ਤਾਂ ਬਦਲੇ ਵਿੱਚ ਅਮਕੇ ਅਮਕੇ ਕਰਮ ਕਰਾਂਗਾ। ਜੇਕਰ ਸੁੱਖਣਾ ਸੁੱਖਣ ਵਾਲੇ ਦਾ ਕੰਮ ਹੋ ਜਾਵੇ ਤਾਂ ਉਹ ਸਮਝਦਾ ਹੈ ਕਿ ਉਸ ਦੀ ਸੁੱਖਣਾ ਕਾਰਨ ਹੀ ਇਹ ਕੰਮ ਨੇਪਰੇ ਚੜ੍ਹਿਆ ਹੈ ਜਾਂ ਬੀਮਾਰੀ ਆਦਿ ਤੋਂ ਛੁਟਕਾਰਾ ਮਿਲਿਆ ਹੈ। ਕਾਰਜ ਦੀ ਸੰਪੂਰਨ ਹੋਣ `ਤੇ ਮਨੁੱਖ ਕੀਤੇ ਹੋਈ ਪ੍ਰਤਿਗਯਾ ਮੁਤਾਬਕ ਪਾਠ, ਪ੍ਰਸ਼ਾਦਿ, ਦਾਨ-ਪੁੰਨ ਆਦਿ ਕਰਦਾ ਹੈ। ਜੇਕਰ ਇੱਛਾ ਪੂਰੀ ਨਾ ਹੋਵੇ ਤਾਂ ਫਿਰ ਅਜਿਹਾ ਕੁੱਝ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ; ਚੂੰਕਿ ਇਹ ਤਾਂ ਇੱਕ ਹੱਥ ਲੈ ਕੇ ਦੂਜੇ ਹੱਥ ਲੈਣ ਦੀ ਖੇਡ ਹੈ। ਕਈ ਪ੍ਰਾਣੀ ਤਾਂ ਮੰਨਤ ਪੂਰੀ ਨਾ ਹੋਣ `ਤੇ ਆਪਣੇ ਇਸ਼ਟ ਤੋਂ ਹੀ ਮੂੰਹ ਮੋੜ ਕੇ ਕਿਸੇ ਹੋਰ ਦੀ ਸਰਨ ਵਿੱਚ ਚਲੇ ਜਾਂਦੇ ਹਨ।
ਉਂਜ ਤਾਂ ਮਨੁੱਖ ਜਿੱਥੇ ਕਿਤੇ ਵੀ ਲੋੜ –ਥੁੜ ਆਦਿ ਮਹਿਸੂਸ ਕਰਦਾ ਹੈ, ਸੁੱਖਣਾ ਸੁੱਖ ਲੈਂਦਾ ਹੈ, ਪਰ ਆਮ ਤੌਰ `ਤੇ ਧਾਰਮਿਕ ਸਥਾਨਾਂ `ਤੇ ਹੀ ਸੁੱਖਣਾ ਸੁੱਖੀ ਜਾਂਦੀ ਹੈ। ਇਸ ਲਈ ਹੀ ਕਈ ਧਾਰਮਿਕ ਸਥਾਨਾਂ ਦਾ ਪ੍ਰਬੰਧ ਕਰਨ ਵਾਲੇ ਸੱਜਣ ਉਸ ਧਾਰਮਿਕ ਸਥਾਨ ਬਾਰੇ ਸਟੇਜ ਤੋਂ ਇਹ ਪ੍ਰਚਾਰ ਕਰਦੇ ਹਨ ਕਿ ਇਸ ਥਾਂ `ਤੇ ਜੇਹੜਾ ਵੀ ਮਾਈ ਭਾਈ ਸੁੱਖਣਾ ਸੁੱਖਦਾ ਹੈ ਉਸ ਦੀ ਸੁੱਖਣਾ ਅਵੱਸ਼ ਪੂਰੀ ਹੋ ਜਾਂਦੀ ਹੈ। ਕਈ ਥਾਂਈ ਬੋਰਡ ਆਦਿ ਤੇ ਲਿੱਖ ਕੇ ਵੀ ਲਗਾਇਆ ਹੋਇਆ ਹੈ। ਜਦ ਕਿਸੇ ਧਾਰਮਿਕ ਸਥਾਨ `ਤੇ ਅਜਿਹਾ ਲਿਖਿਆ ਹੋਇਆ ਜਾਂ ਧਾਰਮਿਕ ਸਥਾਨਾਂ ਦੀਆਂ ਸਟੇਜਾਂ ਤੋਂ ਸੰਗਤਾਂ ਇਹ ਸੁਣਦੀਆਂ ਹਨ ਤਾਂ ਇਸ ਨੂੰ ਸੱਚ ਮੰਨ ਲੈਂਦੀਆਂ ਹਨ। ਚੂੰਕਿ ਸੰਗਤਾਂ ਇਹ ਸੋਚ ਵੀ ਨਹੀਂ ਸਕਦੀਆਂ ਕਿ ਹਾਜ਼ਰਾ ਹਜ਼ੂਰ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਕੋਈ ਪ੍ਰਾਣੀ (ਖ਼ਾਸ ਤੌਰ `ਤੇ ਧਾਰਮਿਕ ਪ੍ਰਾਣੀ) ਝੂਠ ਬੋਲ ਸਕਦਾ ਹੈ? ਸਿਟੇ ਵਜੋਂ ਸੰਗਤਾਂ ਉਸ ਸਥਾਨ `ਤੇ ਜਾ ਕੇ ਜਾਂ ਜਿੱਥੇ ਵੀ ਉਹਨਾਂ ਨੂੰ ਇਹੋ ਜੇਹੀ ਲੋੜ ਮਹਿਸੂਸ ਹੁੰਦੀ ਹੈ, ਸੁੱਖਣਾ ਸੁੱਖਣੋਂ ਨਹੀਂ ਚੂਕਦੀਆਂ। ਜੇਕਰ ਸਬੱਬੀਂ ਕਿਸੇ ਦੀ ਕੋਈ ਕਾਮਨਾ ਪੂਰੀ ਹੋ ਜਾਵੇ, ਤਾਂ ਉਹ ਇਸ ਪ੍ਰਾਪਤੀ ਦੇ ਪਿੱਛੇ ਉਸ ਥਾਂ ਜਾਂ ਬਾਬੇ ਆਦਿ ਦੀ ਮਹਿਮਾ/ਚਮਤਕਾਰ ਸਮਝਦਾ ਹੈ ਅਤੇ ਜੇਕਰ ਪੂਰੀ ਨਾ ਹੋਵੇ ਤਾਂ ਆਪਣੇ ਭਾਗਾਂ ਨੂੰ ਕੋਸਨ ਲੱਗ ਪੈਂਦਾ ਹੈ ਜਾਂ ਕਿਸੇ ਹੋਰ ਥਾਂ ਜਾਂ ਕਿਸੇ ਮਹਾਂਪੁਰਖ (?) ਦੀ ਭਾਲ ਵਿੱਚ ਜੁੱਟ ਜਾਂਦਾ ਹੈ।
ਸੁੱਖਣਾ ਦਾ ਗੁਰਮਤਿ ਵਿੱਚ ਸਥਾਨ: ਗੁਰਮਤਿ ਵਿੱਚ ਇਸ ਤਰ੍ਹਾਂ ਦੇ ਪ੍ਰਣ ਅਥਵਾ ਸੁੱਖਣਾ ਦਾ ਕੋਈ ਥਾਂ ਨਹੀਂ ਹੈ। ਗੁਰਬਾਣੀ ਮਨੁੱਖ ਨੂੰ ਕੁਦਰਤ ਦੇ ਅਟੱਲ ਨਿਯਮ ਦੀ ਸੋਝੀ ਕਰਾਉਂਦੀ ਹੈ। ਪ੍ਰਾਣੀ ਨੂੰ ਅਕਾਲ ਪੁਰਖ ਦੇ ਹੁਕਮ ਨੂੰ ਪਛਾਣਨ ਦੀ ਸੋਝੀ ਪ੍ਰਦਾਨ ਕਰਦੀ ਹੈ। ਪ੍ਰਭੂ ਹੁਕਮ ਦੀ ਸੋਝੀ ਕਰਵਾ ਕੇ ਹੁਕਮੀ ਬੰਦਾ ਬਣਨ ਲਈ ਉਤਸ਼ਾਹਤ ਕਰਦੀ ਹੈ। ਇਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗੁਰਸਿੱਖ ਜਿਸ ਤਰ੍ਹਾਂ ਹਰੇਕ ਤਰ੍ਹਾਂ ਦੇ ਵਹਿਮ ਭਰਮ, ਕਰਮ ਕਾਂਡ ਆਦਿ ਤੋਂ ਉਪਰ ਉੱਠ ਗਏ ਸਨ, ਉਸੇ ਤਰ੍ਹਾਂ ਸੁੱਖਣਾ ਸੁੱਖਣ ਵਾਲੇ ਭਰਮ ਤੋਂ ਵੀ ਉਪਰ ਉੱਠ ਚੁਕੇ ਸਨ। ਸੁੱਖਣਾ ਸੁੱਖਣ ਨੂੰ ਵੀ ਗੁਰੂ ਕੇ ਸਿੱਖ ਉਸ ਨਿਗਾਹ ਨਾਲ ਹੀ ਦੇਖਦੇ ਸਨ ਜਿਵੇਂ ਮੂਰਤੀ ਪੂਜਾ, ਵਰਤ ਆਦਿ ਨੂੰ। ਗੁਰਮਤਿ ਦੇ ਇਸ ਨਿਆਰੇ ਸਿਧਾਂਤ ਨੂੰ ਸਮਝਣ ਵਾਲੇ ਗੁਰਸਿੱਖ ਸੁੱਖਣਾ ਨੂੰ ਗੁਰਮਤਿ ਵਿਰੋਧੀ ਕਰਮ ਸਮਝਦਿਆਂ ਹੋਇਆਂ ਇਸ ਦਾ ਪੂਰਨ ਰੂਪ ਵਿੱਚ ਤਿਆਗ ਕਰ ਚੁਕੇ ਸਨ। ਰਹਿਤਨਾਮਿਆਂ ਵਿੱਚ ਵੀ ਇਸ ਤਰ੍ਹਾਂ ਦੀ ਹਿਦਾਇਤ ਕੀਤੀ ਗਈ ਹੈ, “ਗੁਰੂ ਕਾ ਸਿੱਖ ਮਟ, ਬੁਤ, ਤੀਰਥ, ਦੇਵੀ, ਦੇਵਤਾ, ਬਰਤ ਪੂਜਾ ਅਰਚਾ, ਮੰਤ੍ਰ, ਜੰਤ੍ਰ, ਪੀਰ, ਬ੍ਰਾਹਮਣ, ਪੁੱਛਣਾ, ਸੁਖਣਾ, ਤਰਪਨ, ਗਾਯਤ੍ਰੀ, ਕਿਤੇ ਵਲ ਚਿਤ ਦੇਵੈ ਨਾਹੀ।” (ਭਾਈ ਦਯਾ ਸਿੰਘ ਜੀ)
ਭਾਂਵੇ ਇਨ੍ਹਾਂ ਰਹਿਤਨਾਮਿਆਂ ਵਿੱਚ ਬਹੁਤ ਕੁੱਝ ਅਜਿਹਾ ਲਿਖਿਆ ਹੋਇਆ ਹੈ ਜਿਸ ਦਾ ਗੁਰਮਤਿ ਦੇ ਸਿਧਾਂਤ ਨਾਲ ਕਿਸੇ ਤਰ੍ਹਾਂ ਦਾ ਵੀ ਸਬੰਧ ਨਹੀਂ ਹੈ। ਪਰ ਮੰਨਤ ਮੰਨਣ ਵਾਲੀ ਮਨਮਤ ਦਾ ਇਨ੍ਹਾਂ ਵਿੱਚ ਸਪਸ਼ਟ ਸ਼ਬਦਾਂ ਵਿੱਚ ਮਨ੍ਹਾਂ ਕੀਤਾ ਹੋਇਆ ਹੈ। ਇਸ ਭਾਵ ਵਾਲੀਆਂ ਲਿਖਤਾਂ ਇਸ ਗੱਲ ਦਾ ਵੀ ਲਖਾਇਕ ਹਨ ਕਿ ਇਸ ਸਮੇਂ ਤੱਕ ਖ਼ਾਲਸਾ ਪੰਥ ਇਹੋ ਜੇਹੀਆਂ ਕੁਰੀਤੀਆਂ ਤੋਂ ਬਚਿਆ ਹੋਇਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਾਫ਼ੀ ਸਮਾਂ ਬਾਅਦ ਵਿਚ, ਜਦ ਖ਼ਾਲਸੇ ਨੇ ਗੁਰਮਤਿ ਦੇ ਤੱਤ ਗਿਆਨ ਤੋਂ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ ਸੀ ਤਦੋਂ ਇਹਨਾਂ ਕੁਰੀਤੀਆਂ ਨੇ ਮੁੜ ਖ਼ਾਲਸਾ ਪੰਥ ਵਿੱਚ ਪ੍ਰਵੇਸ਼ ਕਰ ਲਿਆ, ਜਿਨ੍ਹਾਂ ਦਾ ਅੱਜ ਤਕ ਸਿੱਖ ਬੁਰੀ ਤਰ੍ਹਾਂ ਸ਼ਿਕਾਰ ਹੋਇਆ ਪਿਆ ਹੈ। ਜ਼ੁੰਮੇਵਾਰ ਸੱਜਣਾਂ ਨੂੰ ਚਾਹੀਦਾ ਹੈ ਕਿ ਉਹ ਸੰਗਤਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਣ ਦੀ ਬਜਾਏ ਗੁਰਮਤਿ ਦੇ ਗਿਆਨ ਤੋਂ ਜਾਣੂੰ ਕਰਾਉਣ। ਜ਼ੁਮੇਵਾਰ ਸੱਜਣ/ਸੰਸਥਾਵਾਂ ਨੂੰ ਸੰਗਤਾਂ ਨੂੰ ਇਸ ਪੱਖੋਂ ਸੁਚੇਤ ਕਰਨ ਦੀ ਲੋੜ ਹੈ ਕਿ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਵਿਚਾਰ ਕੇ ਇਸ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਸਮਝ ਕੇ ਅਪਣਾਉਣਾ ਹੈ। ਪਰ ਜੇਕਰ ਗੁਰਦੁਆਰਿਆਂ ਵਿੱਚ ਸੰਗਤਾਂ ਨੂੰ ਗੁਰਬਾਣੀ ਵਿਚਲੀ ਜੀਵਨ-ਜੁਗਤ ਸਮਝਾਉਣ ਦੀ ਥਾਂ ਇਹੋ ਜਿਹੇ ਵਹਿਮਾਂ ਭਰਮਾਂ ਦਾ ਸ਼ਿਕਾਰ ਬਣਾਉਣ ਦਾ ਹੀ ਜ਼ੁਮੇਵਾਰ ਸੱਜਣਾਂ ਨੇ ਕਰਮਕੱਸਾ ਕਰੀ ਰੱਖਿਆ ਤਾਂ ਇਹ ਗ਼ੁਨਾਹ ਬਖ਼ਸ਼ਣਜੋਗ ਨਹੀਂ ਹੋਵੇਗਾ। ਨਿਰਸੰਦੇਹ ਅਸੀਂ ਗੁਰੂ ਦੇ ਦੇਣਦਾਰ ਹੋਵਾਂਗੇ।
ਮੰਨਤ ਮੰਨਣ ਵਾਲੀ ਧਾਰਨਾ ਨਾਲ ਗੁਰਬਾਣੀ ਵਿਚਲੀ ਜੀਵਨ-ਜੁਗਤ ਨੂੰ ਅਪਣਾਉਣੋਂ ਅਸਮਰਥ ਹੋ ਜਾਈਦਾ ਹੈ। ਚੂੰਕਿ ਸੁੱਖਣਾ ਸੁੱਖਣ ਦੀ ਧਾਰਨਾ ਨੂੰ ਅਪਣਾਇਆਂ ਅਸੀਂ ਕਦੇ ਵੀ ਵਾਹਿਗੁਰੂ ਜੀ ਦਾ ਹੁਕਮੀ ਬੰਦਾ ਨਹੀਂ ਬਣ ਸਕਦੇ। ਗੁਰੂ/ਪ੍ਰਭੂ ਵਿੱਚ ਸੱਚੀ ਪਰਤੀਤ ਨਹੀਂ ਲਿਆ ਸਕਦੇ ਅਤੇ ਭਰੋਸੇ ਵਿੱਚ ਪ੍ਰਪਕੱਤਾ ਨਾ ਹੋਣ ਕਾਰਨ ਪ੍ਰਭੂ ਨਾਲ ਪਕੇਰੀ ਸਾਂਝ ਪਾਉਣ ਵਿੱਚ ਕਾਮਯਾਬ ਨਹੀਂ ਸਕਦੇ। ਗੁਰਬਾਣੀ ਦਾ ਫ਼ਰਮਾਨ ਹੈ: ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ॥ ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ॥ (ਪੰਨਾ 1378) ਅਰਥ: ਹੇ ਫਰੀਦ! ਜੇ (ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ) ਲਾਲਚ ਹੈ, ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ। (ਜਦ ਤਕ) ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ। ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਭਾਵ, ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ)।
ਗੁਰੂ ਗ੍ਰੰਥ ਸਾਹਿਬ ਵਿੱਚ ਭਾਂਵੇਂ ‘ਸੁਖ ਸੁਖੇਦੀ’ ਦਾ ਵਰਣਨ ਕਰਦਿਆਂ ਹੋਇਆਂ ਫਿਰ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ‘ਸਾ ਮੈ ਪਾਈ’ ਪਰੰਤੂ ਅਜਿਹਾ ਕਹਿੰਦਿਆਂ ਇਸ ਦੇ ਬਦਲੇ ਵਿੱਚ ਕਿਸੇ ਦੁਨਿਆਵੀ ਵਸਤੂ ਜਾਂ ਧਾਰਮਕਿ ਕਾਂਡ (ਪੂਜਾ–ਪਾਠ ਆਦਿ) ਦੇ ਕਰਨ ਦਾ ਵਰਣਨ ਨਹੀਂ ਕੀਤਾ ਗਿਆ। ਇੱਥੇ ਇਹ ਸ਼ਬਦ ਆਤਮਕ ਜੀਵਨ ਦੀ ਪ੍ਰਾਪਤੀ ਲਈ ਆਪਣੇ ਇਸ਼ਟ ਅੱਗੇ ਲਿਆ ਗਏ ਤਰਲੇ ਦਾ ਹੀ ਲਖਾਇਕ ਹੈ, ਨਾ ਕਿ ਜੋ ਆਮ ਸੁੱਖਣਾ ਤੋਂ ਭਾਵ ਲਿਆ ਜਾਂਦਾ ਹੈ, ਉਸ ਤੋਂ। ਇਸ ਭਾਵ ਨੂੰ ਸਾਰੇ ਸ਼ਬਦ ਨੂੰ ਧਿਆਨ ਨਾਲ ਪੜ੍ਹਿਆਂ ਵਿਚਾਰਿਆਂ ਸਹਿਜੇ ਹੀ ਦੇਖ ਸਕੀਦਾ ਹੈ। ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ॥ ਵਰੁ ਲੋੜੀਦਾ ਆਇਆ ਵਜੀ ਵਾਧਾਈ॥ ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ॥ ਵਡ ਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ॥ ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ॥ ਬਿਨਵੰਤਿ ਨਾਨਕੁ ਸੁਖ ਸੁਖੇਦੀ ਸਾ ਮੈ ਗੁਰ ਮਿਲਿ ਪਾਈ॥ ਪੰਨਾ 704) ਅਰਥ: ਹੇ ਸਤਸੰਗੀ ਸੱਜਣ! ਜੇਹੜੀ ਸੁੱਖਣਾ ਮੈਂ ਸਦਾ ਸੁੱਖਦੀ ਰਹਿੰਦੀ ਸਾਂ, ਉਹ (ਸੁੱਖਣਾ) ਮੈਂ ਪਾ ਲਈ ਹੈ (ਮੇਰੀ ਉਹ ਮੁਰਾਦ ਪੂਰੀ ਹੋ ਗਈ ਹੈ)। ਜਿਸ ਪ੍ਰਭੂ –ਪਤੀ ਨੂੰ ਮੈਂ (ਚਿਰਾਂ ਤੋਂ) ਲੱਭਦੀ ਆ ਰਹੀ ਸਾਂ, ਉਹ (ਮੇਰੇ ਹਿਰਦੇ ਵਿਚ) ਆ ਵੱਿਸਆ ਹੈ, ਹੁਣ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਵਾਜੇ ਵੱਜ ਰਹੇ ਹਨ। ਸਦਾ ਨਵੇਂ ਪ੍ਰੇਮ –ਰੰਗ ਵਾਲਾ ਤੇ ਦਇਆ ਦਾ ਸੋਮਾ ਪ੍ਰਭੂ –ਪਤੀ (ਮੇਰੇ ਅੰਦਰ ਆ ਵੱਿਸਆ ਹੈ, ਹੁਣ ਮੇਰੇ ਅੰਦਰ) ਬੜਾ ਆਨੰਦ ਤੇ ਉਤਸ਼ਾਹ ਬਣ ਰਿਹਾ ਹੈ। ਹੇ ਸਤਸੰਗੀ ਸੱਜਣ! ਵੱਡੀ ਕਿਸਮਤ ਨਾਲ ਉਹ ਪ੍ਰਭੂ –ਪਤੀ ਮੈਨੂੰ ਲੱਭਾ ਹੈ, ਗੁਰੂ ਨੇ ਮੈਨੂੰ ਸਾਧ ਸੰਗਤਿ ਵਿੱਚ (ਉਸ ਨਾਲ) ਮਿਲਾ ਦਿੱਤਾ ਹੈ। (ਗੁਰੂ ਨੇ) ਮੇਰਾ ਆਪਾ ਪਿਆਰੇ ਦੇ ਅੰਕ ਵਿੱਚ ਮਿਲਾ ਦਿੱਤਾ ਹੈ, ਮੇਰੀ ਹਰੇਕ ਆਸ ਮੁਰਾਦ ਪੂਰੀ ਹੋ ਗਈ ਹੈ। ਨਾਨਕ ਬੇਨਤੀ ਕਰਦਾ ਹੈ, ਜੇਹੜੀ ਸੁੱਖਣਾ ਮੈਂ (ਸਦਾ) ਸੁੱਖਦੀ ਰਹਿੰਦੀ ਸਾਂ, ਗੁਰੂ ਨੂੰ ਮਿਲ ਕੇ ਉਹ (ਸੁੱਖਣਾ) ਮੈਂ ਹਾਸਲ ਕਰ ਲਈ ਹੈ।
ਜਾਂ: ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ॥ ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ॥ ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ॥ ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ॥ (ਪੰਨਾ 249) ਅਰਥ: (ਹੇ ਸਹੇਲੀਏ! ਮੈਂ ਸਦਾ ਤਾਂਘ ਕਰਦੀ ਰਹਿੰਦੀ ਹਾਂ ਤੇ ਸੁੱਖਣਾ ਸੁੱਖਦੀ ਰਹਿੰਦੀ ਹਾਂ (ਕਿ) ਹੇ ਪ੍ਰਭੂ! ਮੇਰੀ ਆਸ ਪੂਰੀ ਕਰ, ਮੈਂ ਤੇਰੇ ਦਰਸਨ ਲਈ ਉਤਾਵਲੀ ਹੋਈ ਸਾਰੇ ਥਾਂ ਵੇਖਦੀ ਫਿਰਦੀ ਹਾਂ। (ਹੇ ਸਹੇਲੀਏ! ਪ੍ਰਭੂ ਦੀ) ਖੋਜ ਕਰ ਕਰ ਕੇ ਮੈਂ ਸੰਤ ਜਨਾਂ ਦਾ ਸਾਥ (ਜਾ) ਲੱਭਦੀ ਹਾਂ (ਸਾਧ ਸੰਗਤਿ ਹੀ ਉਸ ਪ੍ਰਭੂ ਦਾ) ਮੇਲ ਕਰਾਂਦੀ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਜੋ ਸਭ ਵਿੱਚ ਵਿਆਪਕ ਹੈ। ਹੇ ਨਾਨਕ! (ਆਖ) —ਹੇ ਮਾਂ! (ਜੇਹੜੇ ਮਨੁੱਖ ਸਾਧ ਸੰਗਤਿ ਵਿੱਚ ਮਿਲਦੇ ਹਨ) ਉਹਨਾਂ ਨੂੰ ਹੀ ਦੇਵ-ਲੋਕ ਦਾ ਮਾਲਕ ਤੇ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲਦਾ ਹੈ ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ।
ਸੁੱਖਣਾ ਸਬੰਧੀ ਗੁਰਮਤਿ ਦਾ ਸਪਸ਼ਟ ਦ੍ਰਿਸ਼ਟੀਕੋਣ ਹੋਣ ਦੇ ਬਾਵਜੂਦ ਜੇਕਰ ਸਾਨੂੰ ਇਤਿਹਾਸ ਵਿੱਚ ਕੁੱਝ ਅਜੇਹੀਆਂ ਸਾਖੀਆਂ ਲਿਖੀਆਂ ਹੋਈਆਂ ਮਿਲਦੀਆਂ ਹਨ ਜਿਨ੍ਹਾਂ `ਚ ਕੁੱਝ ਕੁ ਗੁਰਸਿੱਖਾਂ ਵਲੋਂ ਸੁੱਖਣਾ ਸੁੱਖਣ ਦਾ ਜ਼ਿਕਰ ਕੀਤਾ ਗਿਆ ਹੈ, ਤਾਂ ਇਨ੍ਹਾਂ ਲਿਖਤਾਂ ਨੂੰ ਲੇਖਕਾਂ ਦੀ ਆਪਣੀ ਕਲਪਣਾ ਦਾ ਹੀ ਸਿੱਟਾ ਮੰਨਣਾ ਚਾਹੀਦਾ ਹੈ। ਨਿਰਸੰਦੇਹ ਇਨ੍ਹਾਂ ਲੇਖਕਾਂ ਨੇ ਗੁਰਮਤਿ ਦੀ ਵਿਚਾਰਧਾਰਾ ਨੂੰ ਨਜ਼ਰ–ਅੰਦਾਜ਼ ਕਰਕੇ ਹੀ ਇਸ ਤਰ੍ਹਾਂ ਦੀਆਂ ਸਾਖੀਆਂ ਲਿਖਣ ਦਾ ਹੀਆ ਕੀਤਾ ਹੈ। ਭਾਈ ਮੱਖਨ ਸ਼ਾਹ ਆਦਿ ਨਾਲ ਜੋੜੀਆਂ ਹੋਈਆਂ ਸਾਖੀਆਂ ਇਸ ਦੀ ਉਦਾਹਰਣ ਹਨ। ਕਈ ਸੱਜਣ ਕਈ ਵਾਰ ਇਹ ਤਰਕ ਦੇਂਦੇ ਹਨ ਕਿ ਜੀ ਕੀ ਇਤਿਹਾਸ ਵਿੱਚ ਝੂਠ ਲਿਖਿਆ ਹੋਇਆ ਹੈ? ਇਹੋ ਜੇਹੀ ਸੋਚ ਰੱਖਣ ਵਾਲੇ ਸੱਜਣਾਂ ਨੂੰ ਸਨਿਮਰ ਬੇਨਤੀ ਹੈ ਕਿ ਅਸੀਂ ਅਗਵਾਈ ਗੁਰੂ ਗਰੰਥ ਸਾਹਿਬ ਕੋਲੋਂ ਲੈਣੀ ਹੈ, ਇਤਿਹਾਸ ਤੋਂ ਨਹੀਂ; ਸਾਡਾ ਗੁਰੂ ਸ਼ਬਦ/ਗੁਰਬਾਣੀ ਹੈ ਨਾ ਕਿ ਇਤਿਹਾਸ। ਸਤਿਗੁਰੂ ਜੀ ਨੇ ਸਾਨੂੰ ਸ਼ਬਦ ਦੇ ਲੜ ਲਾਇਆ ਹੈ ਨਾ ਕਿ ਇਤਿਹਾਸ ਦੇ। ਪਰ ਹਾਂ, ਜੇਕਰ ਇਤਿਹਾਸ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਕਿਸੇ ਘਟਨਾ ਦਾ ਵਰਣਨ ਹੈ ਤਾਂ ਉਸ ਨੂੰ ਮੰਨਣ ਵਿੱਚ ਕੋਈ ਵੀ ਕਿੰਤੂ-ਪ੍ਰੰਤੂ ਨਹੀਂ ਹੈ, ਪਰ ਜੇਹੜੀ ਗੱਲ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਨਹੀਂ, ਉਸ ਨੂੰ ਕਿਵੇਂ ਮੰਨਿਆ ਜਾ ਸਕਦਾ ਹੈ? ਅਸੀਂ ਗੁਰੂ ਸਾਹਿਬ ਦੇ ਆਪਣੇ ਮੁਖ਼ਾਰਬਿੰਦ `ਚੋਂ ਨਿਕਲੇ ਹੋਏ ਬਚਨਾਂ ਨੂੰ ਆਧਾਰ ਬਣਾਉਣਾ ਹੈ ਜਾਂ ਉਹਨਾਂ ਬਾਰੇ ਲਿਖਣ ਵਾਲਿਆਂ ਦੀ ਲਿਖਤਾਂ ਨੂੰ? ਜਦ ਅਸੀਂ ਇਸ ਗੱਲ ਨੂੰ ਸਾਹਮਣੇ ਰੱਖਾਂਗੇ ਤਾਂ ਯਕੀਨਨ ਅਸੀਂ ਗੁਰਬਾਣੀ ਵਿਚਲੀ ਜੀਵਨ-ਜੁਗਤ ਨੂੰ ਹੀ ਗੁਰਮਤਿ ਸਮਝਾਂਗੇ।
ਗੁਰਬਾਣੀ ਵਿੱਚ ਦਰਸਾਈ ਜੀਵਨ-ਜਾਚ ਨੂੰ ਨਜ਼ਰ-ਅੰਦਾਜ਼ ਕਰਕੇ ਇਤਿਹਾਸ ਦੀ ਇਹੋ ਜਿਹੀਆਂ ਕਹਾਣੀਆਂ ਨੂੰ ਆਧਾਰ ਬਚਾਉਣ ਦਾ ਹੀ ਇਹ ਨਤੀਜਾ ਹੈ ਕਿ ਗੁਰਦੁਆਰਿਆਂ ਵਿਖੇ ਆਮ ਹੀ ਇਸ ਤਰ੍ਹਾਂ ਦੀਆਂ ਅਰਦਾਸਾਂ ਹੁੰਦੀਆਂ ਦੇਖੀਆਂ/ਸੁਣੀਆਂ ਜਾ ਸਕਦੀਆਂ ਹਨ। ਭਾਈ ਕਾਨ੍ਹ ਸਿੰਘ ਨਾਭਾ ਗੁਰੁਮਤ ਮਾਰਤੰਡ ਵਿੱਚ ਇਸ ਸਬੰਧ ਵਿੱਚ ਲਿਖਦੇ ਹਨ, “ਸਿੱਖਾਂ ਵਿੱਚ ਭੀ ਕਈ ਅਗਯਾਨੀ ਦੇਖੀਦੇ ਹਨ, ਜੋ ਅਰਦਾਸ ਕਰਦੇ ਹਨ ਕਿ ਮੇਰਾ ਅਮੁਕਾ ਕੰਮ ਗੁਰੂ ਕਰ ਦੇਵੇ, ਤਦ ਮੈਂ ਇਤਨੇ ਰੁਪਯੇ ਦਾ ਕੜਾਹ ਪ੍ਰਸਾਦ ਕਰਾਵਾਂਗਾ, ਗੁਰੂ ਗਰੰਥ ਸਾਹਿਬ ਦੇ ਭੋਗ ਪਵਾਵਾਂਗਾ, ਮੰਦਿਰ ਚਿਣਵਾਵਾਂਗਾ, ਸਿਖਾਂ ਨੂੰ ਪ੍ਰਸਾਦ ਛਕਾਵਾਂਗਾ, ਆਦਿਕ। ਪਰ ਐਸਾ ਕਰਨਾ ਸਿੱਖੀ ਦੇ ਨਿਯਮ ਤੋਂ ਵਿਰੁੱਧ ਹੈ। ਸ਼ੋਕ ਹੈ ਉਨ੍ਹਾਂ ਸਵਾਰਥੀ ਆਗੂਆਂ ਤੇ ਜੋ ਟਕੇ ਦੇ ਲਾਲਚ ਐਸੀਆਂ ਅਰਦਾਸਾਂ ਕਰਦੇ ਹਨ।” ਭਾਈ ਸਾਹਿਬ ਫਿਰ ਲਿਖਦੇ ਹਨ, “ਜੋ ਮੁਕਦਮਾ ਜਿੱਤਣ, ਵੈਰੀ ਨੂੰ ਵਿਪਦਾ ਵਿੱਚ ਪਾਣ, ਮੰਦ ਮਨੋਰਥਾਂ ਦੀ ਸਫਲਤਾ ਲਈ ਕੜਾਹ ਪ੍ਰਸਾਦ ਭੇਟਾ ਆਦਿ ਸੁੱਖਦੇ ਹਨ, ਉਹ ਗੁਰੁਬਾਣੀ ਦੇ ਗਯਾਨ ਤੋਂ ਸੱਖਣੇ ਹਨ, ਇਤਿਹਾਸਕਾਰਾਂ ਨੇ ਗੁਰੁਮਤ ਵਿਰੁੱਧ ਸੁੱਖਣਾ ਸੁਖਣ ਦੀਆਂ ਸਾਖੀਆਂ ਲਿਖ ਘੜੀਆਂ ਹਨ, ਜੋ ਵਿਸਵਾਸ਼ ਯੋਗਯ ਨਹੀਂ।”
ਕਈ ਅਜਿਹੇ ਗੁਰਦੁਆਰੇ ਹਨ ਜੇਹੜੇ ਕਿਸੇ ਗੁਰਸਿੱਖ ਦੀ ਯਾਦ ਆਦਿ ਵਿੱਚ ਬਣੇ ਹੋਏ ਹਨ, ਅਤੇ ਉਸ ਸਥਾਨ ਬਾਰੇ ਇਹ ਵਿਸ਼ਵਾਸ ਬਣਿਆ ਹੋਇਆ ਹੈ ਕਿ ਉਸ ਥਾਂ `ਤੇ ਸੁੱਖੀ ਹੋਈ ਸੁੱਖਣਾ ਅੱਵਸ਼ ਪੂਰੀ ਹੁੰਦੀ ਹੈ। ਆਮ ਤੌਰ `ਤੇ ਇਹ ਦੇਖਣ /ਸੁਣਨ ਵਿੱਚ ਆਉਂਦਾ ਹੈ ਕਿ ਅਜਿਹੇ ਗੁਰਦੁਆਰਾ ਸਾਹਿਬਾਨ ਵਿਖੇ ਅਰਦਾਸ ਵੀ ਉਸ ਗੁਰਸਿੱਖ ਨੂੰ ਹੀ ਮੁਖ਼ਾਤਬ ਹੋ ਕੇ ਕੀਤੀ ਜਾਂਦੀ ਹੈ। ਉਸ ਹਸਤੀ ਬਾਰੇ ਹੀ ਇਹ ਮੰਨਿਆ ਜਾਂਦਾ ਹੈ ਕਿ ਉਹ ਮਨੁੱਖ ਦੀਆਂ ਕਾਮਨਾਂ ਪੂਰੀਆਂ ਕਰਨ ਵਾਲੀ ਹੈ। ਇਹਨਾਂ ਵਿੱਚ ਕਈ ਅਜਿਹੇ ਗੁਰਸਿੱਖਾਂ ਨਾਲ ਸਬੰਧਤ ਸਥਾਨ ਹਨ, ਜਿਨ੍ਹਾਂ ਗੁਰਸਿੱਖਾਂ ਨੇ ਆਪਣਾ ਸਾਰਾ ਜੀਵਨ ਗੁਰਮਤਿ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਚਾਰਨ ਵਿੱਚ ਹੀ ਲਾਇਆ ਹੁੰਦਾ ਹੈ। ਆਪਣੇ ਜੀਵਨ ਵਿੱਚ ਉਨ੍ਹਾਂ ਨੇ ਸੰਗਤਾਂ ਨੂੰ ਕੇਵਲ ਤੇ ਕੇਵਲ ਗੁਰਬਾਣੀ ਦੇ ਲੜ ਹੀ ਲਾਇਆ ਹੁੰਦਾ ਹੈ। ਪਰ ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੇ ਸ਼ਰਧਾਲੂ, ਉਨ੍ਹਾਂ ਨੂੰ ਹੀ ਕਾਮਨਾ ਪੂਰੀਆਂ ਕਰਨ ਦੇ ਸਮਰੱਥ ਸਮਝ ਕੇ ਉਨ੍ਹਾਂ ਅੱਗੇ ਹੀ ਅਰਦਾਸਾਂ ਕਰਨ ਲੱਗ ਪਏ ਹਨ। ਅਜਿਹੇ ਸਥਾਨਾਂ ਦੀ ਇਸ ਤਰ੍ਹਾਂ ਦੀ ਮਹਿਮਾ ਦਰਸਾ ਕੇ ਅਜਿਹੇ ਸੱਜਣ ਜਾਣੇ-ਅਣਜਾਣੇ ਸੰਗਤਾਂ ਨੂੰ ਗੁਰਬਾਣੀ ਨਾਲੋਂ ਤੋੜ ਕੇ ਸਥਾਨਾਂ/ਵਿਅਕਤੀਆਂ ਨਾਲ ਜੋੜਨ ਦਾ ਕੁ-ਚੇਸ਼ਟਾ ਕਰਕੇ ਨਿਰਸੰਦੇਹ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਅਜਿਹੇ ਵੀਰਾਂ/ਭੈਣਾਂ ਨੂੰ ਗੁਰਦੇਵ ਦੇ ਇਹਨਾਂ ਬਚਨਾਂ ਨੂੰ ਪੜ੍ਹ/ਵਿਚਾਰ ਕੇ ਇਸ ਗ਼ੁਨਾਹ ਤੋਂ ਤੋਬਾ ਕਰਕੇ ਆਪਣੀ ਭੁੱਲ ਨੂੰ ਸੁਧਾਰ ਲੈਣਾ ਚਾਹੀਦਾ ਹੈ: ਨਾਨਕ ਅਗੈ ਊਤਮ ਸੇਈ ਜਿ ਪਾਪਾ ਪੰਦਿ ਨ ਦੇਹੀ॥ (ਪੰਨਾ 91) ਅਰਥ: ਹੇ ਨਾਨਕ! ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਗਿਣੇ ਜਾਂਦੇ ਹਨ।
ਕਈ ਸੱਜਣ ਇਹ ਦਲੀਲ ਪੇਸ਼ ਕਰਦੇ ਹਨ ਕਿ ਚਲੋ ਇਸ ਬਹਾਨੇ ਨਾਲ ਲੋਕੀਂ ਪਾਠ/ਕੀਰਤਨ ਆਦਿ ਕਰਵਾ ਲੈਂਦੇ ਹਨ। ਇਸ ਵਿੱਚ ਮਾੜਾ ਵੀ ਕੀ ਹੈ? ਐਸਾ ਕਹਿਣ ਲਗਿਆਂ ਅਸੀਂ ਇਹ ਨਹੀਂ ਵਿਚਾਰਦੇ ਕਿ ਸਤਿਗੁਰੂ ਜੀ ਨੇ ਇਸ (ਸਿੱਖ) ਮਤ ਦੀ ਨੀਂਹ ਸੱਚ `ਤੇ ਰੱਖੀ ਹੈ। ਗੁਰਦੇਵ ਨੇ ਗੁਰਮਤਿ ਰਾਂਹੀਂ ਮਨੁੱਖ ਨੂੰ ਵਾਹਿਗੁਰੂ ਜੀ ਦੀ ਹੁਕਮੀ ਖੇਡ ਦੀ ਸੋਝੀ ਕਰਵਾ ਕੇ ਹੁਕਮੀ ਬੰਦਾ ਬਣਨ ਦੀ ਜੁਗਤੀ ਦਰਸਾਈ ਹੈ। ਜੇਕਰ ਅਸੀਂ (ਸਿੱਖ ਅਖਵਾਉਣ ਵਾਲੇ) ਹੀ ਇਹੋ ਜੇਹੀਆਂ ਥੋਥੀਆਂ ਦਲੀਲ਼ਾਂ ਰਾਂਹੀ ਇਹੋ ਜਿਹੇ ਕਰਮਾਂ ਨੂੰ ਠੀਕ ਦਰਸਾਉਣ ਲੱਗ ਪਈਏ ਤਾਂ ਗੁਰਮਤਿ ਦੀਆਂ ਕਦਰਾਂ–ਕੀਮਤਾਂ ਨੂੰ ਕਿਸ ਮੂੰਹ ਨਾਲ ਸ੍ਰੇਸ਼ਟ ਆਖਾਂਗੇ।
ਅਸੀਂ ਇਹ ਨਹੀਂ ਵਿਚਾਰਦੇ ਕਿ ਜੇਕਰ ਇਹਨਾਂ ਗੱਲਾਂ ਵਿੱਚ ਸਚਾਈ ਹੁੰਦੀ ਤਾਂ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ੁਲਮ ਦੇ ਵਿਰੁੱਧ ਤਲਵਾਰ ਉਠਾਉਣ ਦੀ ਕੀ ਲੋੜ ਸੀ? ਜੇਕਰ ਇਸ ਤਰ੍ਹਾਂ ਸੰਭਵ ਹੁੰਦਾ ਤਾਂ ਮਨੁੱਖਤਾ ਦੇ ਸੱਚੇ ਹਮਦਰਦ ਯੁਧ ਆਦਿ ਰਾਂਹੀ ਖੂਨ ਵਹਾਉਣ ਤੋਂ ਅਵੱਸ਼ ਸੰਕੋਚ ਕਰਦੇ। ਜੇਕਰ ਦਸਮੇਸ਼ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਸਿੰਘ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਆਪਣੀ ਹੋਂਦ ਨੂੰ ਬਚਾਉਣ ਲਈ ਦਰ – ਬਦਰ ਹੋਕੇ ਵੀ ਇਹ ਬੋਲ ਦੁਹਰਾਉਂਦੇ ਸਨ ਕਿ “ਕੋਊ ਕਿਸੀ ਕੋ ਰਾਜ ਨਾ ਦੇਹਿ ਹੈਂ ਜੋ ਲੇਹਿ ਹੈ ਨਿਜ ਬਲ ਸੇ ਲੇਹਿ ਹੈਂ” ਤਾਂ ਇਹ ਉਹਨਾਂ ਸੂਰਬੀਰ ਯੋਧਿਆਂ ਦੀ ਗੁਰਮਤਿ ਸਿਧਾਂਤ ਪ੍ਰਤੀ ਸੁਚੇਚਤਾ ਹੀ ਸਮਝਣੀ ਚਾਹੀਦੀ ਹੈ। ਜੇ ਅਜਿਹਾ ਨਾ ਹੁੰਦਾ ਤਾਂ ਉਹ ਵੀ ਕੇਵਲ ਪ੍ਰਭੂ ਚਰਨਾਂ ਵਿੱਚ ਅਰਦਾਸ ਕਰਕੇ ਇਹ ਸੁੱਖਣਾ ਹੀ ਸੁੱਖ ਲੈਂਦੇ ਕਿ ਵਾਹਿਗੁਰੂ ਜੀ ਇਹਨਾਂ ਦੁਸ਼ਮਨਾਂ ਦਾ ਨਾਸ਼ ਕਰ ਦਿਓ, ਦੁਸ਼ਮਨਾਂ ਦੇ ਨਾਸ਼ ਉਪਰੰਤ ਅਸੀਂ ਇਤਨੇ ਪਾਠ/ਦਾਨ ਪੁੰਨ ਆਦਿ ਕਰਮ ਕਰਾਂਗੇ। ਅਜਿਹਾ ਹੋਣ ਨਾਲ ਸਿੰਘਾਂ ਨੂੰ ਨਾ ਤਾਂ ਅਕਹਿ ਤੇ ਅਸਹਿ ਕਸ਼ਟ ਸਹਾਰਨੇ ਪੈਂਦੇ ਅਤੇ ਨਾ ਹੀ ਇਨੀਆਂ ਸ਼ਹੀਦੀਆਂ ਦੇਣੀਆਂ ਪੈਂਦੀਆਂ। ਫਿਰ ਤਾਂ ਗੁਰੂ ਤੇਗ ਬਹਾਦਰ ਜੀ ਵੀ ਸ਼ਹਾਦਤ ਦੇਣ ਦੀ ਥਾਂ ਕੇਵਲ ਮੰਨਤ ਹੀ ਮੰਨ ਲੈਂਦੇ ਕਿ ਐ ਪ੍ਰਭੂ ਜੀਓ! ਔਰੰਗਜ਼ੇਬ ਨੂੰ ਸੁਮੱਤ ਬਖ਼ਸ਼ੋ ਤਾਂ ਕਿ ਇਹ ਜ਼ੁਲਮ ਨਾ ਕਰੇ। ਇਸ ਤਰ੍ਹਾਂ ਮੰਨਤ ਕਰਨ ਨਾਲ ਔਰੰਗਜ਼ੇਬ ਦਾ ਮਨ ਬਦਲ ਜਾਂਦਾ ਜਾਂ ਉਸ ਦੀ ਮੌਤ ਹੋ ਜਾਂਦੀ। ਸਤਿਗੁਰੂ ਜੀ ਨੇ ਨਾਂ ਆਪ ਕਦੀ ਇਸ ਤਰ੍ਹਾਂ ਦੀ ਸੁੱਖਣਾ ਸੁੱਖੀ ਅਤੇ ਨਾ ਹੀ ਸਿੱਖਾਂ ਨੂੰ ਸੁੱਖਣ ਦੀ ਹਿਦਾਇਤ ਕੀਤੀ ਹੈ। ਖ਼ਾਲਸਾ ਪੰਥ ਉੱਤੇ ਲੱਖਾਂ ਮਾਰੂ ਝੱਖੜ ਝੁੱਲੇ ਪਰ ਕਦੇ ਵੀ ਖ਼ਾਲਸਾ ਪੰਥ ਨੇ ਇਹੋ ਜਿਹੀ ਮੰਨਤ ਨਹੀਂ ਮੰਨੀ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਚੂੰਕਿ ਸਿੱਖ ਗੁਰਮਤਿ ਦੇ ਸਿਧਾਂਤ ਨੂੰ ਸਮਝਦੇ ਸਨ; ਇਸ ਸਮਝ ਦੀ ਬਦੌਲਤ ਹੀ ਸਿੰਘਾਂ ਨੇ ਹੱਸਦਿਆਂ ਹੋਇਆਂ ਆਪਣਾ ਆਪ ਵਾਰਿਆ ਸੀ। ਗੁਰੂ ਕਾਲ ਤੋਂ ਬਾਅਦ ਵਿੱਚ ਹੀ ਸੁੱਖਣਾ ਸੁੱਖਣ ਦੀਆਂ ਇਹੋ ਜਿਹੀਆਂ ਸਾਖੀਆਂ ਸਾਡੇ ਇਤਿਹਾਸ ਦਾ ਅੰਗ ਬਣੀਆਂ।
ਸੋ, ਸੰਖੇਪ ਵਿੱਚ ਅਸੀ ਕਹਿ ਸਕਦੇ ਹਾਂ ਕਿ ਗੁਰਮਤਿ ਵਿੱਚ ਕਸ਼ਟ ਆਦਿ ਸਮੇਂ ਆਤਮਕ ਬਲ ਹਾਸਲ ਕਰਨ ਲਈ ਅਰਦਾਸ ਦਾ ਵਿਧਾਨ ਤਾਂ ਹੈ ਪਰੰਤੂ ਬਦਲੇ ਵਿੱਚ ਕਿਸੇ ਕਰਮ ਕਾਂਡੀ ਕਰਮ ਦੇ ਕਰਨ ਦਾ ਕੌਲ ਕਰਾਰ ਦਾ ਨਹੀਂ ਹੈ। ਆਪਣੀਆਂ ਕਮਜ਼ੋਰੀਆਂ ਆਦਿ ਤੋਂ ਉਪਰ ਉਠਨ ਲਈ ਆਤਮਕ ਬਲ ਦੀ ਮੰਗ ਤਾਂ ਜ਼ਰੂਰ ਹੈ ਪਰ ਇਸ ਦੇ ਬਦਲੇ ਵਿੱਚ ਕਿਸੇ ਤਰ੍ਹਾਂ ਦੇ ਇਵਜ਼ਾਨਾ (ਰਸਮੀ ਧਰਮ–ਕਰਮ ਦੇ ਰੂਪ ਵਿਚ) ਦੇਣ ਦੀ ਰਵਾਇਤ ਨਹੀਂ ਹੈ। ਗੁਰਮਤਿ ਵਿੱਚ ਜਦ ਮਨੁੱਖ ਕਿਸੇ ਪ੍ਰਾਪਤੀ `ਤੇ ਖ਼ੁਸ਼ੀ ਮਹਿਸੂਸ ਕਰਦਾ ਹੈ ਤਾਂ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਅਰਦਾਸ, ਪਾਠ, ਲੰਗਰ ਆਦਿ ਤਾਂ ਕਰਨ/ਕਰਾਉਣ ਦੀ ਪਰੰਪਰਾ ਤਾਂ ਹੈ, ਪਰ ਇਸ ਖ਼ੁਸ਼ੀ ਦੀ ਪ੍ਰਾਪਤੀ ਲਈ ਅਗਾਊਂ ਕੋਈ ਸ਼ਰਤ ਆਦਿ ਤਹਿ ਕਰਨ ਦੀ ਪਰੰਪਰਾ ਨਹੀਂ ਹੈ। ਲੋੜਾਂ–ਥੁੜਾਂ, ਸੰਕਟ ਆਦਿ ਸਮੇਂ ਅਰਦਾਸ ਦੀ ਪਰੰਪਰਾ ਹੈ ਪਰ ਸੁੱਖਣਾ/ਮੰਨਤ ਆਦਿ ਦਾ ਵਿਧਾਨ ਨਹੀਂ ਹੈ।

ਜਸਬੀਰ ਸਿੰਘ ਵੈਨਕੂਵਰ
.