ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 10)
ਸਤਿਗੁਰੁ ਮੇਰਾ ਬੇਮੁਹਤਾਜੁ॥ ਸਤਿਗੁਰ ਮੇਰੇ ਸਚਾ ਸਾਜ॥
ਸਤਿਗੁਰੁ ਮੇਰਾ ਸਭਸ ਕਾ ਦਾਤਾ॥ ਸਤਿਗੁਰੁ ਮੇਰਾ ਪੁਰਖੁ ਬਿਧਾਤਾ॥ ੧॥
ਗੁਰ ਜੈਸਾ ਨਾਹੀ ਕੋ ਦੇਵ॥ ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ॥ ੧॥ ਰਹਾਉ॥
ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ॥ ਸਤਿਗੁਰੁ ਮੇਰਾ ਮਾਰਿ ਜੀਵਾਲੈ॥
ਸਤਿਗੁਰ ਮੇਰੇ ਕੀ ਵਡਿਆਈ॥ ਪ੍ਰਗਟੁ ਭਈ ਹੈ ਸਭਨੀ ਥਾਈ॥ ੨॥
ਸਤਿਗੁਰੁ ਮੇਰਾ ਤਾਣਿ ਨਿਤਾਣਿ॥ ਸਤਿਗੁਰੁ ਮੇਰਾ ਘਰਿ ਦੀਬਾਣੁ॥
ਸਤਿਗੁਰ ਕੈ ਹਉ ਸਦ ਬਲਿ ਜਾਇਆ॥ ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ॥ ੩॥
ਜਿਨਿ ਗੁਰੁ ਸੇਵਿਆ ਤਿਸੁ ਭਉ ਨ ਬਿਆਪੈ॥ ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ॥
ਨਾਨਕ ਸੌਧੇ ਸਿੰਮ੍ਰਿਤਿ ਬੇਦ॥ ਪਾਰਬ੍ਰਹਮ ਗੁਰ ਨਾਹੀ ਭੇਦ॥ ੪॥ (੧੧੪੨)
॥ ਰਹਾਉ॥ ਗੁਰ ਜੈਸਾ, ਸ਼ਬਦ ਜੈਸਾ, ਗਿਆਨ ਜੈਸਾ ਹੋਰ ਕੋਈ ਦੇਵਤਾ ਨਹੀਂ ਹੈ। ਜਿਸ ਬੰਦੇ ਦੇ ਮੱਥੇ
ਤੇ, ਉਸ ਦੇ ਕੀਤੇ ਚੰਗੇ ਕਰਮਾਂ ਅਨੁਸਾਰ, ਪ੍ਰਭੂ ਨੇ ਉਸ ਦਾ ਮਿਲਾਪ, ਸ਼ਬਦ ਗੁਰੂ ਨਾਲ ਲਿਖਿਆ ਹੈ,
ਉਹੀ ਸ਼ਬਦ ਗੁਰੂ ਨੂੰ ਮਿਲ ਕੇ, ਉਸ ਦੀ ਸੇਵਾ ਵਿੱਚ ਲਗਦਾ ਹੈ। ਗੁਰੂ ਦੀ ਸੇਵਾ ਕੀ ਹੈ?
ਗੁਰ ਕੀ ਸੇਵਾ ਸਬਦੁ ਬੀਚਾਰੁ॥ (੨੨੩)
ਸ਼ਬਦ ਦੀ ਵਿਚਾਰ ਹੀ ਗੁਰ ਦੀ, ਸ਼ਬਦ ਦੀ ਸੇਵਾ ਹੈ। ਉਸ ਨਾਲ ਕੀ ਹੁੰਦਾ ਹੈ?
ਹਉਮੈ ਮਾਰੇ ਕਰਣੀ ਸਾਰੁ॥ (੨੨੩)
ਸ਼ਬਦ ਦੀ ਵਿਚਾਰ ਆਸਰੇ ਬੰਦੇ ਨੂੰ ਸ੍ਰਿਸ਼ਟੀ ਰਚਨਾ ਦੀ ਖੇਡ, ਮਾਇਆ ਅਤੇ ਪਰਮਾਤਮਾ ਬਾਰੇ ਸੋਝੀ
ਹੁੰਦੀ ਹੈ। ਉਸ ਨੂੰ ਇਸ ਖੇਡ ਵਿੱਚ ਆਪਣੀ ਨਿਮਾਣੀ ਜਿਹੀ ਹਸਤੀ ਦਾ ਗਿਆਨ ਹੁੰਦਾ ਹੈ, ਜਿਸ ਆਸਰੇ ਉਸ
ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਇਹੀ ਸ਼ਬਦ ਵਿਚਾਰ ਦੀ ਸ੍ਰੇਸ਼ਟ, ਉਤਮ, ਵਧੀਆ ਕਰਣੀ ਹੈ।
(ਅਕਸਰ ਮਹਿਸੂਸ ਕਰਦਾ ਹਾਂ ਕਿ ਮੈਂ ਕੁੱਝ ਸਿਧਾਂਤਕ ਗੱਲਾਂ ਬਹੁਤ ਵਾਰ ਦੁਹਰਾ ਦਿੰਦਾ ਹਾਂ, ਪਰ ਕੀ
ਕਰਾਂ? ਜਿਨ੍ਹਾਂ ਗੱਲਾਂ ਨੂੰ ਪੁਜਾਰੀ ਲਾਣੇ ਨੇ, ਇੱਕ ਘੰਟੇ ਦੀ ਕਥਾ ਵਿੱਚ ਹੀ ਕਈ-ਕਈ ਵਾਰ ਦੁਹਰਾ
ਕੇ, ਸਦੀਆਂ ਵਿੱਚ ਸਿੱਖਾਂ ਦੀ ਮਾਨਸਿਕਤਾ ਵਿੱਚ ਭਰਿਆਂ ਹੈ, ਉਨ੍ਹਾਂ ਨੂੰ ਉਸ ਮਾਨਸਿਕਤਾ ਵਿਚੋਂ
ਕੱਢਣ ਲਈ ਵੀ ਬਹੁਤ ਵਾਰ ਹੀ ਦੁਹਰਾਉਣ ਦੀ ਲੋੜ ਹੈ, ਜੇ ਕਿਸੇ ਵੀਰ ਨੂੰ ਇਸ ਬਾਰੇ ਕੁੱਝ ਬੁਰਾ ਲੱਗੇ
ਤਾਂ, ਉਹ ਮੇਰੀ ਮਜਬੂਰੀ ਸਮਝਣ ਦੀ ਕੋਸ਼ਿਸ਼ ਕਰੇ।)
ਪਰ ਸਿੱਖਾਂ ਨੂੰ, ਅਣਅਿਧਕਾਰਤ ਸਥਾਪਤ ਹੋਏ ਪੁਜਾਰੀ ਲਾਣੇ ਨੇ ਅਜਿਹਾ ਕੁਰਾਹੇ ਪਾਇਆ ਹੈ ਕਿ ਸਿੱਖ,
ਹਰ ਰੋਜ਼ ਕਈ-ਕਈ ਬਾਣੀਆਂ ਦਾ ਤੋਤਾ ਰਟਨ ਤਾਂ ਕਰਦੇ ਹਨ, ਪਰ ਸ਼ਬਦ ਵਿਚਾਰ ਬਾਰੇ ਕਦੇ ਸੁਪਨੇ ਵਿੱਚ ਵੀ
ਨਹੀਂ ਸੋਚਦੇ। ਉਨ੍ਹਾਂ ਲਈ ਸ਼ਬਦ ਸਭ ਤੋਂ ਵੱਡਾ ਦੇਵਤਾ ਨਾ ਹੋ ਕੇ, ਰੱਟਾ ਲਾਉਣ ਦੀ ਇੱਕ ਵਸਤੂ ਮਾਤਰ
ਹੈ। ਪੁਜਾਰੀ ਉਨ੍ਹਾਂ ਨੂੰ ਇਸ ਸ਼ਿਕੰਜੇ ਵਿੱਚ ਹਰ ਰੋਜ਼, ਹੋਰ ਕੱਸਦੇ ਜਾ ਰਹੇ ਹਨ। ਸਿੱਖਾਂ ਨੂੰ ਹਰ
ਰੋਜ਼ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ, ਮਾਇਕ ਪਦਾਰਥਾਂ ਦੀ ਪਰਾਪਤੀ
ਹੀ ਹੈ, ਜਿਸ ਲਈ ਸੁੱਖਾਂ ਸੁਖੀਆਂ ਜਾਂਦੀਆਂ ਹਨ। (ਰੱਬ ਨਾਲ ਸੌਦੇਬਾਜ਼ੀ ਕੀਤੀ ਜਾਂਦੀ ਹੈ)
ਇੱਕ ਵੀਰ ਨੇ ਮੇਰੀ ਹਾਲਤ ਤੇ ਤਰਸ ਖਾਂਦਿਆਂ, ਮੈਨੂੰ ਸਮਝਾਇਆ ਕਿ ਮੈਂ ਇਹ ਤੁਕ,
ਤਿਚਰੁ ਮੂਲਿ ਨ ਥੁੜੀਂਦੋ ਜਿਚਰੁ ਆਪਿ ਕ੍ਰਿਪਾਲੁ॥
ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ॥ (੧੪੨੬)
ਦਿਨ ਵਿੱਚ ਕਈ-ਕਈ ਵਾਰ ਪੜ੍ਹਦਾ ਰਹਿੰਦਾ ਹਾਂ, ਜਿਸ ਆਸਰੇ ਮੇਰੇ ਘਰ ਵਿਚ, ਮਾਇਆ ਦੀ ਰੇਲ-ਪੇਲ ਹੋ
ਗਈ ਹੈ, ਤੂੰ ਵੀ ਰੋਜ਼ ਪੜ੍ਹਿਆ ਕਰ। ਮੈਂ ਸੋਚਦਾ ਹਾਂ ਇਹ ਤਾਂ ਸ਼ਬਦ ਦੀ ਗੱਲ ਹੋ ਰਹੀ ਹੈ, ਨਾਮ ਧਨ
ਦੀ ਗੱਲ ਹੋ ਰਹੀ ਹੈ, ਇਸ ਦਾ ਮਾਇਆ ਨਾਲ ਕੀ ਸਬੰਧ? ਪਰ ਜ਼ਰਾ ਧਿਆਨ ਨਾਲ ਵੇਖੋ, ਪੁਜਾਰੀ ਲਾਣੇ ਨੇ
ਅਜਿਹੀ ਤੁਕ ਛਾਂਟ ਕੇ ਕੱਢੀ ਹੈ, ਜਿਸ ਵਿਚੋਂ “ਸ਼ਬਦ” ਲਫਜ਼ ਨੂੰ ਗੋਲ ਕੀਤਿਆਂ, ਇਸ ਵਿਚੋਂ ਪਰਤੱਖ
ਮਾਇਆ ਦਾ ਹੀ ਝਲਕਾਰਾ ਪੈਂਦਾ ਹੈ, ਅਤੇ ਜਿਸ ਬੰਦੇ ਦੇ ਮਨ ਵਿੱਚ ਹੀ ਮਾਇਆ ਦੀ ਭੁੱਖ ਹੋਵੇ, ਉਸ ਨੇ
ਸ਼ਬਦ ਲਫਜ਼ ਨੂੰ ਵਿਚਾਰਨਾ ਹੀ ਕਿਉਂ ਹੋਇਆ?
ਸੋਚਦਾ ਹਾਂ, ਕੀ ਬੰਦੇ ਦਾ ਜੀਵਨ ਮਨੋਰਥ ਦੁਨਿਆਵੀ ਪਦਾਰਥ ਇਕੱਠੇ ਕਰਨਾ ਹੀ ਹੈ? ਜੇ ਇਸ ਤੁਕ ਦੇ
ਰਟਨ ਨਾਲ ਹੀ ਮਾਇਆ ਦੀ ਰੇਲ-ਪੇਲ ਹੋ ਜਾਂਦੀ ਹੈ, ਤਾਂ ਦੁਨੀਆਂ ਨੂੰ ਕਾਰ ਵਿਹਾਰ ਕਰਨ ਦੀ ਕੀ ਲੋੜ
ਹੈ? ਬੇਈਮਾਨੀਆਂ ਕਰਨ ਦੀ ਕੀ ਲੋੜ ਹੈ? ਦੂਸਰੇ ਦਾ ਹੱਕ ਮਾਰ ਕੇ ਗੰਦ ਖਾਣ ਦੀ ਕੀ ਲੋੜ ਹੈ? ਪਰ ਗੱਲ
ਮੇਰੇ ਸੋਚਣ ਨਾਲ ਨਹੀਂ ਬਣਨੀ। ਪੁਜਾਰੀ ਲਾਣੇ ਦਾ ਮਕਸਦ ਤਾਂ ਪ੍ਰਤੱਖ ਪੂਰਨ ਹੋ ਰਿਹਾ ਹੈ। ਸਿੱਖ,
ਗੁਰੂ ਅੱਗੇ ਸਿਰ ਝੁਕਾਉਂਦਾ ਹੈ, ਮਨ ਵਿੱਚ ਮਾਇਆ ਦੀ ਮੰਗ ਹੁੰਦੀ ਹੈ। ਕਾਰੋਬਾਰ ਕਰਦਾ ਹੈ ਤਾਂ, ਉਸ
ਵਿੱਚ ਮਾਇਆ ਦੀ ਚਾਹ ਕਾਰਨ ਬੇਈਮਾਨੀ ਕਰਦਾ ਹੈ, ਦੂਸਰੇ ਦਾ ਹੱਕ ਮਾਰਦਾ ਹੈ।
ਡੇਰਿਆਂ ਵਿੱਚ ਧੱਕੇ ਖਾਂਦਾ ਹੈ, ਮਨ ਵਿੱਚ ਵਿਚਾਰ ਹੁੰਦਾ ਹੈ ਕਿ ਇਹ ਤਾਂ ਰੱਬ ਤੱਕ ਅਪੜਿਆ ਹੋਇਆ
ਹੈ, ਇਸ ਦੇ ਥਾਪੜੇ ਨਾਲ, ਇਸ ਦੀ ਸਿਫਾਰਸ਼ ਨਾਲ ਪਰਮਾਤਮਾ ਕਿਰਪਾਲ ਹੋ ਕੇ ਮੇਰੇ ਘਰ ਵਿੱਚ ਮਾਇਆ ਦੀ
ਰੇਲ-ਪੇਲ ਕਰ ਦੇਵੇਗਾ। (ਇਹ ਨਹੀਂ ਜਾਣਦਾ ਕਿ ਇਹ ਤਾਂ ਮੇਰੇ ਘਰ ਵਾਲੇ ਪੈਸੇ ਨੂੰ ਹਥਿਆਉਣ ਲਈ ਜਾਲ
ਵਿਛਾਇਆ ਹੋਇਆ ਹੈ) ਅਜਿਹੇ ਕਰਮਾਂ ਸਦਕਾ ਹੀ ਅੱਜ ਸਿੱਖ, ਕਰਤਾਰ ਦਾ ਸ਼ੁਕਰ ਕਰਨ ਵਾਲਾ ਸੰਤੋਖੀ ਨਾ
ਰਹਿ ਕੇ, ਫੁਟ ਪਾਥਾਂ ਤੇ ਪੈਸੇ ਮੰਗਣ ਵਾਲਿਆਂ ਵਾਙ, ਮਾਇਆ ਦਾ ਮੰਗਤਾ ਬਣ ਚੁੱਕਾ ਹੈ। ਫਰਕ ਸਿਰਫ
ਇਹ ਹੈ ਕਿ ਉਹ ਮੰਗਤਾ ਮੂੰਹੋਂ ਪੈਸੇ ਮੰਗਦਾ ਹੈ, ਦਿਲੋਂ ਪਰਮਾਤਮਾ ਦਾ ਸ਼ੁਕਰ ਕਰਦਾ ਹੈ। ਅੱਜ ਦਾ
ਸਿੱਖ, ਮੂੰਹੋਂ ਵਿਖਾਵੇ ਲਈ ਪਰਮਾਤਮਾ ਦਾ ਸ਼ੁਕਰ ਕਰਦਾ ਹੈ, ਪਰ ਮਨ ਵਿੱਚ ਮਾਇਆ ਦੀ ਭੁੱਖ ਕਾਰਨ,
ਮਾਇਆ ਦੀ ਕਲਪਿਤ ਦੇਵੀ ਲਕਸ਼ਮੀ ਕੋਲੋਂ, ਮਾਇਆ ਮੰਗ ਰਿਹਾ ਹੁੰਦਾ ਹੈ। ਇਸ ਤੋਂ ਨੀਵਾਂ ਹੋਰ ਕੀ ਡਿਗ
ਸਕਦਾ ਹੈ?
ਏਵੇਂ ਹੀ ਗੁਰੂ ਗ੍ਰੰਥ ਸਾਹਿਬ ਵਿਚੋਂ ਛਾਂਟ ਕੇ, ਬਾਣੀ ਸੁਖਮਨੀ ਦਾ ਪ੍ਰਚਲਨ ਸ਼ੁਰੂ ਕੀਤਾ ਹੈ। ਉਸ
ਦਾ ਮਹੱਤਵ ਪਰਚਾਰਿਆ ਜਾਂਦਾ ਹੈ ਕਿ ਬੰਦਾ ਦਿਨ ਵਿੱਚ ਜਿੰਨੇ ਸਾਹ ਲੈਂਦਾ ਹੈ, ਸੁਖਮਨੀ ਵਿੱਚ ਉਤਨੇ
ਹੀ ਅੱਖਰ ਹਨ। ਇੱਕ ਵਾਰੀ ਸੁਖਮਨੀ ਦਾ ਪਾਠ (ਤੋਤਾ ਰਟਨ) ਕਰਨ ਨਾਲ, ਸਾਰੇ ਦਿਨ ਦੇ ਸਵਾਸ ਸਫਲ ਹੋ
ਜਾਂਦੇ ਹਨ। ਯਾਨੀ ਕਿ ਦਿਨ ਵਿੱਚ ਇੱਕ ਵਾਰ ਬਾਣੀ ਸੁਖਮਨੀ ਦਾ ਪਾਠ ਕਰ ਲਵੋ, ਫਿਰ ਸਾਰਾ ਦਿਨ, ਜੋ
ਮਰਜ਼ੀ ਕੁਕਰਮ ਕਰਦੇ ਰਹੋ। ਜਦ ਕਿ ਗੁਰਬਾਣੀ ਹਰ ਪਲ, ਹਰ ਸਾਹ ਦੇ ਨਾਲ ਪਰਮਾਤਮਾ ਨੂੰ ਯਾਦ ਰੱਖਣ ਦੀ
ਗੱਲ ਕਰਦੀ ਹੈ,
ਬਾਣੀ ਸੁਖਮਨੀ ਵਿੱਚ ਹੀ ਸੇਧ ਦਿੱਤੀ ਹੈ,
ਸੇਵਕ ਕਉ ਸੇਵਾ ਬਨਿ ਆਈ॥ ਹੁਕਮੁ ਬੂਝਿ ਪਰਮ ਪਦੁ ਪਾਈ॥
ਇਸ ਤੇ ਊਪਰਿ ਨਹੀ ਬੀਚਾਰੁ॥ ਜਾ ਕੈ ਮਨਿ ਬਸਿਆ ਨਿਰੰਕਾਰੁ॥ (੨੯੨)
ਅਰਥਾਤ, ਸੇਵਕ ਨੂੰ, ਸਿੱਖ ਨੂੰ, ਸੇਵਾ ਪਰਾਪਤ ਹੋਈ, ਉਸ ਨੇ ਸੇਵਾ ਕੀਤੀ, (ਆਪਾਂ ਇਹੀ ਵਿਚਾਰ ਰਹੇ
ਹਾਂ ਕਿ ਗੁਰੂ ਦੀ ਸੇਵਾ. ਸ਼ਬਦ ਦੀ ਵਿਚਾਰ ਹੀ ਹੈ) ਉਸ ਸੇਵਾ ਵਿਚੋਂ, ਸ਼ਬਦ ਵਿਚਾਰ ਆਸਰੇ ਉਸ ਨੂੰ
ਸੋਝੀ ਹੋਈ ਕਿ ਕਰਤਾਰ ਦਾ ਹੁਕਮ ਮੰਨਣਾ ਹੀ ਬੰਦੇ ਲਈ ਧੁਰ ਤੋਂ ਲਿਖਿਆ ਕਰਮ ਹੈ,
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (੧)
ਬੰਦੇ ਨੇ ਹੁਕਮ ਨੂੰ ਬੁੱਝ ਕੇ, ਹੁਕਮ ਅਨੁਸਾਰ ਚਲ ਕੇ ਹੀ ਪਰਮ ਪਦਵੀ, ਵਾਹਿਗੁਰੂ ਨਾਲ ਮਿਲਾਪ ਹਾਸਲ
ਕਰ ਲਿਆ। ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾਇਆ ਹੈ, ਪ੍ਰਭੂ ਨਾਲ ਸਾਂਝ ਪਾਈ ਹੈ, ਉਹ
ਜਾਣਦੇ ਹਨ ਕਿ ਸ਼ਬਦ ਵਿਚਾਰ ਵਿਚ, ਇਸ ਤੋਂ ਉਪਰ ਹੋਰ ਕੋਈ ਵਿਚਾਰ ਨਹੀਂ ਹੈ ਕਿ ਪ੍ਰਭੂ ਦੇ ਹੁਕਮ
ਵਿੱਚ ਚੱਲ, ਉਸ ਨੂੰ ਆਪਣੇ ਮਨ ਦਾ ਵਾਸੀ ਬਣਾ।
ਇਹ ਉਪਦੇਸ਼ ਉਹ ਬਾਣੀ ਦਿੰਦੀ ਹੈ, ਜਿਸ ਬਾਰੇ ਪੁਜਾਰੀ ਲਾਣਾ ਕਹਿੰਦਾ ਹੈ ਕਿ, ਉਸ ਬਾਣੀ ਦੇ ਤੋਤਾ
ਰਟਨ ਨਾਲ ਸਵਾਸ ਸਫਲੇ ਹੋ ਜਾਂਦੇ ਹਨ। ਪੁਜਾਰੀ ਲਾਣੇ ਦਾ ਮਕਸਦ, ਨਾ ਤਾਂ ਗੁਰਬਾਣੀ ਦੀ ਮਹੱਤਤਾ
ਦਰਸਾਉਣਾ ਹੈ, ਅਤੇ ਨਾ ਹੀ ਸਿੱਖਾਂ ਦੇ ਸਵਾਸ ਸਫਲੇ ਕਰਨਾ ਹੈ। ਉਨ੍ਹਾਂ ਦਾ ਮਕਸਦ ਤਾਂ ਸਿੱਖਾਂ ਦੀ
ਮਾਨਸਿਕਤਾ ਵਿਚ, ਇਹ ਪੱਕਿਆਂ ਕਰਨਾ ਹੈ ਕਿ, ਜਿਸ ਦੇ ਨਾਮ ਨਾਲ ਸੰਤ ਲਫਜ਼ ਲੱਗਾ ਹੈ, ਜੋ ਬਗਲੇ ਵਰਗਾ
ਚਿੱਟਾ ਹੈ, ਉਹ ਜੋ ਮਰਜ਼ੀ ਕੁਕਰਮ ਕਰਦਾ ਰਹੇ, ਤੁਸੀਂ ਉਸ ਬਾਰੇ ਸੱਚ ਨਹੀਂ ਬੋਲਣਾ, ਕਿਉਂਕਿ ਉਹ
ਨਿੰਦਾ ਹੈ ਅਤੇ ਸੰਤ ਦੀ ਨਿੰਦਾ ਕਰਨ ਨਾਲ ਕੀ ਪਾਪ ਲਗਦੇ ਹਨ? ਉਹ ਤੁਸੀਂ ਰੋਜ਼, ਕਈ-ਕਈ ਵਾਰ
ਗੁਰਬਾਣੀ ਵਿਚੋਂ ਪੜ੍ਹਦੇ ਹੋ।
ਇਸ ਵਿਚਾਰ ਨੂੰ ਸੁਖਮਨੀ ਬਾਣੀ ਰਾਹੀਂ, ਸਿੱਖਾਂ ਦੀ ਮਾਨਸਿਕਤਾ ਵਿੱਚ ਸਥਾਪਤ ਕਰਨ ਵਿੱਚ ਪੁਜਾਰੀ
ਪੂਰੀ ਤਰ੍ਹਾਂ ਸਫਲ ਹੈ,
ਹਰ ਬੀਤਦੇ ਦਿਨ, ਇਹ ਵਿਚਾਰ ਸਿੱਖਾਂ ਦੀ ਮਾਨਸਿਕਤਾ ਵਿੱਚ ਹੋਰ ਦ੍ਰਿੜ੍ਹ ਹੋ ਰਿਹਾ ਹੈ। ਜਿਸ ਆਸਰੇ
ਉਹ ਇਨ੍ਹਾਂ ਡੇਰੇਦਾਰਾਂ ਹੱਥੋਂ ਆਪਣੀ ਖੂਨ ਪਸੀਨੇ ਦੀ ਕਮਾਈ, ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ
ਲੁਟਾਉਂਦਾ ਵੀ ਚੁੱਪ ਰਹਿਣ ਲਈ ਮਜਬੂਰ ਹੈ। ਸਵੈਮਾਨ ਰਹਿਤ ਜ਼ਿੰਦਗੀ ਜੀਉਣ ਲਈ ਮਜਬੂਰ ਹੈ। ਹਰ ਵਿਹਲੜ
ਦਾ ਸੰਗੇਮਰਮਰ ਨਾਲ ਮੜ੍ਹਿਆ, ਏਕੜਾਂ ਵਿੱਚ ਫੈਲਿਆ ਆਪਣਾ ਨਿੱਜੀ ਡੇਰਾ ਹੈ, ਜਦ ਕਿ ਕਿਰਤੀ ਸਿੱਖ
ਆਰਥਿਕ ਪੱਖੋਂ ਮਜਬੂਰ ਹੋ ਕੇ ਖੁਦ ਕੁਸ਼ੀਆਂ ਕਰ ਰਹੇ ਹਨ। ਇਹ ਹੈ ਸ਼ਬਦ ਵਿਚਾਰ ਨਾਲੋਂ ਟੁੱਟ ਕੇ,
ਗਿਣਤੀ-ਮਿਣਤੀ ਦੇ ਰੱਟੇ ਲਾਉਣ ਦਾ ਫਲ। ਲੋੜ ਹੈ ਸਿੱਖਾਂ ਨੂੰ ਮੁੜ ਗੁਰਬਾਣੀ ਨਾਲ ਜੋੜਨ ਦੀ, ਸ਼ਬਦ
ਵਿਚਾਰ ਆਸਰੇ, ਉਨ੍ਹਾਂ ਨੂੰ ਵਿਚਾਰ ਵਾਨ ਬਨਾਉਣ ਦੀ।
ਗੱਲ ਚਲ ਰਹੀ ਸੀ ਰਹਾਉ ਦੀ ਤੁਕ ਦੀ ਕਿ, ਕਰਤਾਰ ਜਿਸ ਦੇ ਮੱਥੇ ਤੇ ਸ਼ਬਦ ਗੁਰੂ ਦਾ ਮਿਲਾਪ ਲਿਖਦਾ
ਹੈ, ਉਹ ਗੁਰੂ ਦੀ ਸੇਵਾ, ਸ਼ਬਦ ਦੀ ਵਿਚਾਰ ਕਰਦਾ ਹੈ।
॥ ੧॥ ਪਹਿਲੀ ਤੁਕ ਵਿੱਚ ਸਮਝਾਇਆ ਹੈ ਕਿ ਮੇਰਾ ਸਤਿਗੁਰੁ, ਵਾਹਿਗੁਰੂ ਕਿਸੇ ਦਾ ਮੁਤਾਜ ਨਹੀਂ ਹੈ,
ਉਸ ਨੇ ਆਪ ਹੀ, ਇਹ ਸਾਰੀ ਸ੍ਰਿਸ਼ਟੀ ਦੀ ਖੇਡ ਰਚੀ ਹੈ। ਆਪਹੀ ਹਰ ਚੀਜ਼ ਵਿੱਚ ਵਿਆਪਕ ਹੋ ਕੇ ਇਸ ਖੇਡ,
ਤਮਾਸ਼ੇ ਨੂੰ ਵੇਖ ਰਿਹਾ ਹੈ। ਉਸ ਦੇ ਬਣਾਏ ਕਾਨੂਨਾਂ ਅਨੁਸਾਰ, ਉਸ ਦੇ ਹੁਕਮ ਵਿਚ, ਤੱਤਾਂ ਦੇ ਮੇਲ
ਨਾਲ ਚੀਜ਼ਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਉਸ ਦੀ ਰਜ਼ਾ ਵਿੱਚ ਹੀ ਤੱਤਾਂ ਤੋਂ ਖੁਰਾਕ ਲੈ ਕੇ
ਪਲਦੀਆਂ ਰਹਿੰਦੀਆਂ ਹਨ। ਉਸ ਦੇ ਨਿਯਮ ਅਨੁਸਾਰਾ ਹੀ ਤੱਤ ਵਿਖਰ ਕੇ, ਮੂਲ ਤੱਤਾਂ ਵਿੱਚ ਵਿਲੀਨ ਹੋ
ਕੇ ਖਤਮ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਕੰਮਾਂ ਵਿੱਚ ਉਸ ਦਾ ਕੋਈ ਸਹਿਯੋਗੀ ਨਹੀਂ, ਕੋਈ
ਸਲਾਹਕਾਰ, ਕੋਈ ਕਾਰਿੰਦਾ ਨਹੀਂ ਹੈ। ਪੁਜਾਰੀ ਸ਼੍ਰੇਣੀ ਵਲੋਂ ਮਿਥੇ ਯਮਰਾਜ, ਯਮਦੂਤ, ਸਵਰਗ-ਨਰਕ,
ਦੇਵੀ ਦੇਵਤੇ ਨਰੋਲ ਕਲਪਣਾ ਦੀ ਉਪਜ ਹਨ। ਗੁਰਬਾਣੀ ਅਨੁਸਾਰ,
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ॥
ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ॥ (੫੩)
ਪ੍ਰਭੂ ਨਾ ਕਿਸੇ ਨੂੰ ਪੁੱਛ ਕੇ ਇਸ ਜਗਤ ਦੀ ਰਚਨਾ ਕਰਦਾ ਹੈ, ਨਾ ਹੀ ਕਿਸੇ ਨੂੰ ਪੁੱਛ ਕੇ ਇਸ ਨੂੰ
ਖਤਮ ਕਰਦਾ ਹੈ। ਨਾ ਹੀ ਉਹ ਕਿਸੇ ਨੂੰ ਪੁੱਛ ਕੇ, ਕਿਸੇ ਦੀ ਸਫਾਰਸ਼ ਨਾਲ, ਕਿਸੇ ਨੂੰ ਕੋਈ ਚੀਜ਼
ਦਿੰਦਾ ਹੈ। ਅਤੇ ਨਾ ਹੀ ਕਿਸੇ ਨੂੰ ਪੁੱਛ ਕੇ, ਕਿਸੇ ਦੇ ਕਰੋਪ ਹੋਣ ਨਾਲ, ਕਿਸੇ ਕੋਲੋਂ ਕੋਈ ਚੀਜ਼
ਵਾਪਸ ਖੋਹ ਲੈਂਦਾ ਹੈ। ਸਪੱਸ਼ਟ ਰੂਪ ਵਿੱਚ ਹਰ ਮਿੱਥ ਨੂੰ ਰੱਦ ਕੀਤਾ ਹੈ। ਉਹ ਕਾਦਰ ਆਪਣੀ ਕੁਦਰਤ
ਬਾਰੇ ਆਪ ਹੀ ਜਾਣਦਾ ਹੈ, ਸਭ ਕੁੱਝ ਕਰਨ ਵਾਲਾ ਵੀ ਉਹ ਆਪ ਹੀ ਹੈ।
ਮੇਰੇ ਸਤਿਗੁਰ, ਸ਼ਬਦ ਗੁਰੂ ਦੀ ਸਿਖਿਆ ਵਿੱਚ ਵੀ ਕੋਈ ਉਕਾਈ ਨਹੀਂ ਹੈ, ਉਸ ਦੀ ਸਿਖਿਆ ਬਿਲਕੁਲ ਸੱਚ
ਹੈ। ਮੇਰਾ ਸਤਿਗੁਰੁ, ਪਰਮਾਤਮਾ, ਸਾਰੀ ਸ੍ਰਿਸ਼ਟੀ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਇਹ ਸਾਰੀ
ਸ੍ਰਿਸ਼ਟੀ ਪੈਦਾ ਕਰਨ ਵਾਲਾ ਵੀ ਮੇਰਾ ਸਤਿਗੁਰੁ, ਕਰਤਾਰ ਹੀ ਹੈ, ਉਹੀ ਦੁਨੀਆਂ ਵਿੱਚ ਇਕੋ ਇੱਕ ਪੁਰਖ
ਹੈ,
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰ ਸਬਾਈ॥ (੫੯੧)
ਦੂਸਰੀ ਤੁਕ ਵਿੱਚ ਸੇਧ ਦਿੱਤੀ ਹੈ, ਮੇਰਾ ਸਤਿਗੁਰੁ, ਮੇਰਾ ਵਾਹਿਗੁਰੂ ਹੀ ਸਭ ਦੀ ਪਾਲਣਾ ਕਰਦਾ ਹੈ
ਅਤੇ ਵਾਹਿਗੁਰੂ ਹੀ ਅਜਿਹੀ ਹਸਤੀ ਹੈ, ਜੋ ਮਨੁੱਖ ਨੂੰ ਤ੍ਰਿਸ਼ਨਾਵਾਂ ਵਲੋਂ ਮਾਰ ਕੇ, ਉਸ ਦੀਆਂ
ਤ੍ਰਿਸ਼ਨਾਵਾਂ ਨੂੰ ਖਤਮ ਕਰ ਕੈ, ਉਸ ਨੂੰ ਆਤਮਕ ਜੀਵਨ ਦਿੰਦਾ ਹੈ। ਇਹ ਮੇਰੇ ਸਤਿਗੁਰ, ਸ਼ਬਦ ਗੁਰੂ ਦੀ
ਹੀ ਵਡਿਆਈ ਹੈ ਜਿਸ ਆਸਰੇ ਦੁਂੀਆਂ ਦੇ ਹਰ ਕਣ ਵਿੱਚ ਪਰਮਾਤਮਾ ਪਰਗਟ ਤੌਰ ਤੇ ਦਿੱਖ ਰਿਹਾ ਹੈ।
ਤੀਸਰੀ ਤੁਕ ਵਿੱਚ ਦੱਸਿਆ ਹੈ ਕਿ, ਮੇਰਾ ਸਤਿਗੁਰੁ, ਅਕਾਲਪੁਰਖ ਨਿਆਸਰਿਆਂ ਦਾ ਆਸਰਾ ਹੈ। ਮੇਰਾ
ਸਤਿਗੁਰੁ, ਜੋ ਸਭ ਦਾ ਹਾਕਮ ਹੈ, ਉਹ ਤਾਂ ਮੇਰੇ ਘਰ, ਮੇਰੇ ਹਿਰਦੇ ਵਿੱਚ ਹੀ ਹੈ। ਮੈਂ ਸਤਿਗੁਰ,
ਸ਼ਬਦ ਗੁਰੂ ਤੋਂ ਸਦਾ ਬਲਹਿਾਰ ਜਾਂਦਾ ਹਾਂ, ਜਿਸ ਨੇ ਮੈਨੂੰ ਰੱਬ ਨੂੰ ਮਿਲਣ ਦਾ ਇਹ ਮਾਰਗ, ਇਹ ਢੰਗ,
ਜ਼ਾਹਰਾ ਤੌਰ ਤੇ ਵਿਖਾ ਦਿੱਤਾ ਹੈ, ਸਮਝਾ ਦਿੱਤਾ ਹੈ।
ਚੌਥੀ ਤੁਕ ਵਿੱਚ ਸੇਧ ਦਿੱਤੀ ਹੇ ਕਿ, ਜਿਸ ਬੰਦੇ ਨੇ ਗੁਰੁ, ਪਾਰਬ੍ਰਹਮ ਦੀ ਸੇਵਾ ਕੀਤੀ ਹੈ, ਉਸ ਦੇ
ਹੁਕਮ ਨੂੰ ਖਿੜੇ ਮੱਥੈ ਮੰਨਿਆ, ਉਸ ਨੂੰ ਕਿਸੇ ਤੋਂ ਡਰ ਨਹੀਂ ਲਗਦਾ। ਜਿਸ ਨੇ ਪ੍ਰਭੂ ਦੀ ਸੇਵਾ
ਕੀਤੀ, (ਇਹ ਆਪਾਂ ਬਹੁਤ ਵਾਰ ਵਿਚਾਰ ਚੁੱਕੇ ਹਾਂ ਕਿ ਗੁਰ, ਸ਼ਬਦ ਦੀ ਸੇਵਾ, ਉਸ ਦਾ ਵਿਚਾਰ ਕਰਨਾ ਹੈ
ਅਤੇ ਗੁਰੁ ਪਰਮਾਤਮਾ ਦੀ ਸੇਵਾ, ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੈ)
ਉਸ ਨੂੰ ਦੁਖ ਨਹੀਂ ਸਤਾਉਂਦੇ। (ਇਹ ਨਹੀਂ ਲਿਖਿਆ ਕਿ ਉਸ ਨੂੰ ਦੁਖ ਨਹੀਂ ਆਉਂਦੇ)
ਹੇ ਨਾਨਕ ਆਖ, ਹੇ ਭਾਈ, ਮੈਂ ਸਾਰੇ ਧਰਮ ਗ੍ਰੰਥ ਖੋਜ ਵੇਖੇ ਹਨ, ਪਾਰਬ੍ਰਹਮ ਅਤੇ ਸ਼ਬਦ ਗੁਰੂ ਵਿੱਚ
ਕੋਈ ਫਰਕ ਨਹੀਂ ਹੈ।
ਅਮਰ ਜੀਤ ਸਿੰਘ ਚੰਦੀ