.

ਸੰਗਮਰਮਰ ਦੀ ਡਿਉਢੀ

ਸੱਠਵਿਆਂ ਵਿੱਚ ਪੰਜਾਬ ਸਰਕਾਰ ਨੇ ਪਿੰਡਾਂ ਨੂੰ ਜੋੜਨ ਲਈ ਲਿੰਕ ਸੜਕਾਂ ਬਣਾਉਣ ਦਾ ਕੰਮ ਜੰਗੀ ਪੱਧਰ ਉਪਰ ਕੀਤਾ। ਇਨ੍ਹਾਂ ਸੜਕਾਂ ਸਦਕਾ ਕਈ ਪਿੰਡ ਬੱਸ ਸੇਵਾ ਨਾਲ ਵੀ ਜੁੜੇ। ਭਾਵੇਂ ਕਿ ਇਹ ਸੜਕਾਂ ਮੁਰੰਮਤ ਦੁਖੋਂ ਟੁੱਟ-ਭੱਜ ਗਈਆਂ ਹਨ ਪਰ ਫੇਰ ਵੀ ਇਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ।
ਮੈਂ ਜਿਸ ਪਿੰਡ ਦੀ ਗੱਲ ਕਰਨ ਲੱਗਾ ਹਾਂ ਇਹਦੇ ਬਿਲਕੁਲ ਲਾਗਿਉਂ ਇੱਕ ਛੋਟਾ ਜਿਹਾ ਚੋਅ (ਬਰਸਾਤੀ ਨਦੀ) ਵਗਦਾ ਹੈ। ਵਗਦਾ ਕਹਿਣਾ ਹੁਣ ਉਚਿਤ ਨਹੀਂ ਕਿਉਂਕਿ ਅੱਜ ਕੱਲ ਸਿਰਫ਼ ਬਰਸਾਤਾਂ ਦੇ ਦਿਨੀਂ ਹੀ ਇਸ ਵਿੱਚ ਪਾਣੀ ਆਉਂਦਾ ਹੈ ਬਾਕੀ ਸਾਰਾ ਸਾਲ ਇਹ ਸੁੱਕਾ ਹੀ ਰਹਿੰਦਾ ਹੈ। ਕੰਢੀ ਦੇ ਇਲਾਕੇ ਵਿੱਚ ਛੋਟੇ ਛੋਟੇ ਡੈਮ ਬਣਨ ਤੋਂ ਪਹਿਲਾਂ ਇਸ ਵਿੱਚ ਸਾਰਾ ਸਾਲ ਹੀ ਚਾਂਦੀ ਰੰਗਾ ਪਾਣੀ ਵਗਿਆ ਕਰਦਾ ਸੀ।
ਜਦੋਂ ਇਨ੍ਹਾਂ ਪਿੰਡਾਂ ਨੂੰ ਜੋੜਨ ਵਾਲੀ ਸੜਕ ਬਣ ਰਹੀ ਸੀ ਤਾਂ ਇਸ ਚੋਅ ਦੇ ਦੋਨੋਂ ਪਾਸੇ ਮਿੱਟੀ ਪਾ ਕੇ ਸੜਕ ਉਚੀ ਕੀਤੀ ਗਈ ਤਾਂ ਕਿ ਇਸ ਉਪਰ ਪੁਲੀ ਦਾ ਨਿਰਮਾਣ ਕੀਤਾ ਜਾ ਸਕੇ। ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਸੀ। ਠੇਕੇਦਾਰ ਨੇ ਸੀਮੈਂਟ ਦੇ ਦੋ ਵੱਡੇ ਵੱਡੇ ਪਾਈਪ ਲਿਆ ਕੇ ਪੁਲੀ ਵਾਲੀ ਥਾਂ ਉੱਪਰ ਇਸ ਤਰ੍ਹਾਂ ਰੱਖੇ ਕਿ ਪਾਣੀ ਦਾ ਵਹਾਅ ਹੋਰ ਪਾਸੇ ਅਤੇ ਪਾਈਪਾਂ ਦਾ ਮੂੰਹ ਹੋਰ ਪਾਸੇ। ਉਥੋਂ ਲੰਘਣ ਵਾਲੇ ਲੋਕ ਬੜੇ ਅਚੰਭੇ ਨਾਲ ਦੇਖ਼ਦੇ ਪਰ ਸਰਕਾਰੀ ਕੰਮ `ਚ ਕੌਣ ਦਖ਼ਲ ਦੇਵੇ? ਬਰਸਾਤ ਦਾ ਪਹਿਲਾ ਹੀ ਮੀਂਹ ਬੜੇ ਜ਼ੋਰ ਦਾ ਆਇਆ ਅਤੇ ਪਾਈਪਾਂ ਨੂੰ ਨਾਲ ਹੀ ਰੋੜ੍ਹ ਕੇ ਲੈ ਗਿਆ। ਠੇਕੇਦਾਰ ਨੇ ਸਰਕਾਰੀ ਅਫ਼ਸਰਾਂ ਦੀ ਮਿਲੀ-ਭੁਗਤ ਨਾਲ ਹੜ੍ਹ `ਚ ਰੁੜ੍ਹੇ ਦੋ ਪਾਈਪਾਂ ਨੂੰ ਹੀ ਲੱਖਾਂ ਦਾ ਬਿਲਡਿੰਗ ਮਟੀਰੀਅਲ ਦੱਸ ਕੇ ਚੰਗੀ ਮੋਟੀ ਰਕਮ ਕਲੇਮ ਕਰ ਲਈ। ਬੱਸ ਉਸੇ ਦਿਨ ਤੋਂ ਹੀ ਇਸ ਪੁਲੀ ਦੇ ਭਾਗ ਮੁੜ ਨਹੀਂ ਜਾਗੇ। ਵਖੋ ਵਖਰੀਆਂ ਪਾਰਟੀਆਂ ਦੇ ਲੀਡਰ ਕਈ ਵਾਰੀ ਵਾਅਦੇ ਕਰ ਚੁੱਕੇ ਹਨ। ਦੋ ਤਿੰਨ ਵਾਰੀ ਤਾਂ ਨੀਂਹ-ਪੱਥਰ ਵੀ ਰੱਖੇ ਗਏ ਪਰ ਬੇਵਫ਼ਾ ਸਨਮ ਦੇ ਵਾਅਦਿਆਂ ਵਾਂਗ ਕਦੀ ਵੀ ਵਫ਼ਾ ਨਾ ਹੋਏ ਇਹ ਵਾਅਦੇ। ਲੋਕ ਨੀਂਹ-ਪੱਥਰਾਂ ਦੀਆਂ ਇੱਟਾਂ ਤੱਕ ਵੀ ਪੁੱਟ ਕੇ ਲੈ ਗਏ। ਸੁਣਿਆਂ ਹੈ ਕਿ ਸੰਗ ਮਰਮਰ ਦਾ ਇੱਕ ਨੀਂਹ-ਪੱਥਰ ਤਾਂ ਨੇੜਲੇ ਪਿੰਡ ਦੇ ਇੱਕ ਅਮਲੀ ਦੀ ਡੰਗਰਾਂ ਦੀ ਖੁਰਲੀ ਦੀ ਸ਼ੋਭਾ ਵਧਾ ਰਿਹਾ ਹੈ।
ਬਰਸਾਤਾਂ ਦੇ ਦਿਨੀਂ ਆਵਾਜਾਈ ਬਹੁਤ ਪ੍ਰਭਾਵਿਤ ਹੁੰਦੀ ਹੈ। ਕੁੱਝ ਪਿੰਡਾਂ ਨੂੰ ਜੋੜਨ ਵਾਲੀ ਬੱਸ ਸਰਵਿਸ ਜਾਂ ਤਾਂ ਬਿਲਕੁਲ ਹੀ ਬੰਦ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਦੋਨਾਂ ਪਾਸਿਆਂ ਦੀਆਂ ਸਵਾਰੀਆਂ ਨੂੰ ਚੋਅ ਦੇ ਕੰਢਿਆਂ `ਤੇ ਹੀ ਉਤਾਰ ਦਿੱਤਾ ਜਾਂਦਾ ਹੈ। ਕਈ ਮਨਚਲੇ ਡਰਾਈਵਰ ਸ਼ੇਖ਼ੀ `ਚ ਆਏ ਆਪਣੇ ਵਾਹਨਾਂ ਦਾ ਨੁਕਸਾਨ ਵੀ ਕਰਵਾ ਚੁੱਕੇ ਹਨ ਕਿਉਂਕਿ ਚੋਅ ਦੀ ਡੂੰਘਾਈ ਜ਼ਿਆਦਾ ਹੋਣ ਕਰ ਕੇ ਵਾਹਨ ਵਿਚੇ ਹੀ ਫ਼ਸ ਜਾਂਦੇ ਹਨ। ਹੁਣ ਤਾਂ ਸੜਕ ਵੀ ਦੋਨਾਂ ਪਾਸਿਆਂ ਤੋਂ ਟੁੱਟ ਕੇ ਕਾਫ਼ੀ ਖ਼ਰਾਬ ਹੋ ਚੁੱਕੀ ਹੈ।
ਪਿੰਡ ਦੇ ਬਾਹਰ-ਵਾਰ ਚੋਅ ਦੇ ਨੇੜੇ ਹੀ ਇੱਕ ਗੁਰਦੁਆਰਾ ਹੈ ਜਿਸ ਦੀ ਬੜੀ ਆਲੀਸ਼ਾਨ ਇਮਾਰਤ ਬਣੀ ਹੋਈ ਹੈ। ਆਲੇ-ਦੁਆਲੇ ਦੇ ਪਿੰਡਾਂ `ਚ ਇਸ ਗੁਰਦੁਆਰੇ ਦੀ ਕਾਫ਼ੀ ਮਾਨਤਾ ਹੋਣ ਕਰ ਕੇ ਚੜ੍ਹਾਵਾ ਵੀ ਬਹੁਤ ਚੜ੍ਹਦਾ ਹੈ। ਪਿੰਡ ਦੇ ਕੁੱਝ “ਮੋਹਤਬਰ” ਬੰਦੇ ਚੁਣੀ ਹੋਈ ਕਮੇਟੀ ਬਣਾਉਣ ਦੇ ਹੱਕ ਵਿੱਚ ਨਹੀਂ ਹਨ। ਕਈ ਸਾਲਾਂ ਤੋਂ ਇਨ੍ਹਾਂ ਪਰਿਵਾਰਾਂ ਦਾ ਹੀ ਗੁਰਦੁਆਰੇ ਉੱਪਰ ਕਬਜ਼ਾ ਹੈ। ਉਹ ਆਪਣੀ ਮਰਜ਼ੀ ਦਾ ਸਾਧ ਲਿਆ ਕੇ ਗੁਰਦੁਆਰੇ ਬਿਠਾ ਦਿੰਦੇ ਹਨ ਜੋ ਇਨ੍ਹਾਂ ਦੇ ਇਸ਼ਾਰਿਆਂ ਉੱਪਰ ਚਲਦਾ ਹੈ।
ਤਿੰਨ ਕੁ ਸਾਲ ਹੋਏ ਇਸ ਪਿੰਡ ਦਾ ਇੱਕ ਵਿਅਕਤੀ ਕਈ ਸਾਲਾਂ ਬਾਅਦ ਆਸਟਰੇਲੀਆ ਤੋਂ ਪਰਤਿਆ ਅਤੇ ਉਹਨੇ ਪਿੰਡ ਦੀ ਭਲਾਈ ਲਈ ਕੁੱਝ ਰਕਮ ਖ਼ਰਚ ਕਰਨ ਦਾ ਵਿਚਾਰ ਆਪਣੇ ਘਰ ਵਾਲਿਆਂ ਨੂੰ ਦੱਸਿਆ। ਉਹਦੇ ਭਰਾ ਨੇ ਝੱਟ ਇਹ ਸੂਚਨਾ “ਮੋਹਤਬਰ” ਬੰਦਿਆਂ ਨੂੰ ਜਾ ਦੱਸੀ। ਉਹ ਸਾਰੇ ਉੇਸੇ ਵੇਲੇ ਹੀ ਗੁਰਦੁਆਰੇ ਦੇ ਸਾਧ ਸਮੇਤ ਆ ਗੱਜੇ ਅਤੇ ਉਨ੍ਹਾਂ ਨੇ ਆਸਟਰੇਲੀਅਨ ਭਾਈਬੰਦ ਨੂੰ ਸਲਾਹ ਦਿੱਤੀ ਕਿ ਉਹ ਗੁਰਦੁਆਰੇ ਦੇ ਅੱਗੇ ਸੰਗਮਰਮਰ ਦੀ ਡਿਉਢੀ ਬਣਵਾ ਦੇਵੇ। ਆਸਟਰੇਲੀਅਨ ਭਾਈਬੰਦ ਦੇ ਕੁੱਝ ਬੋਲਣ ਤੋਂ ਪਹਿਲਾਂ ਹੀ ਮੋਹਤਬਰਾਂ ਦਾ ਇਸ਼ਾਰਾ ਪਾ ਕੇ ਸਾਧ ਨੇ ਗਲ਼ ਵਿੱਚ ਪੱਲਾ ਪਾਇਆ ਤੇ ਉਹਦੇ ਨਾਂ ਦੀ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ। ਸਾਧ ਨੇ ਅਰਦਾਸ ਵਿੱਚ ਆਸਟਰੇਲੀਅਨ ਭਾਈਬੰਦ ਲਈ ਇਸ ਤਰ੍ਹਾਂ ਦੇ ਵਿਸ਼ੇਸ਼ਣ ਵਰਤੇ ਕਿ ਉਹ ਗਦ ਗਦ ਹੋ ਉਠਿਆ।
ਦੋ ਕੁ ਦਿਨਾਂ ਵਿੱਚ ਹੀ ਇਹ ਖ਼ਬਰ ਚਾਰੇ ਪਾਸੇ ਫ਼ੈਲ ਗਈ। ਇਲਾਕੇ ਦੇ ਕੁੱਝ ਸੂਝਵਾਨ ਸੱਜਣ ਆਸਟਰੇਲੀਅਨ ਭਾਈਬੰਦ ਪਾਸ ਆਏ ਤੇ ਉਨ੍ਹਾਂ ਨੇ ਬੇਨਤੀ ਕੀਤੀ ਕਿ ਉਹ ਡਿਉਢੀ ਦੀ ਬਜਾਇ ਚੋਅ ਉੱਪਰ ਪੁਲੀ ਬਣਵਾ ਦੇਵੇ। ਇਲਾਕੇ ਦੇ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਜ਼ਿਕਰ ਉਨ੍ਹਾਂ ਨੇ ਬੜੇ ਵਿਸਥਾਰ ਨਾਲ ਕੀਤਾ। ਉਨ੍ਹਾਂ ਨੇ ਸਿੱਖ ਇਤਿਹਾਸ ਵਿਚੋਂ ਮਿਸਾਲਾਂ ਦੇ ਦੇ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਸਿੱਖ ਗੁਰੂ ਸਾਹਿਬਾਨ ਨੇ ਪਿਆਸਿਆਂ ਵਾਸਤੇ ਖੂਹ ਅਤੇ ਬਾਉਲੀਆਂ, ਰਾਹੀ ਮੁਸਾਫ਼ਿਰਾਂ ਲਈ ਸਰਾਵਾਂ ਅਤੇ ਰੋਗੀਆਂ ਲਈ ਸ਼ਫ਼ਾਖ਼ਾਨੇ ਬਣਵਾਏ ਸਨ, ਪਰ ਉਹ ਇਕੋ ਗੱਲ ਕਹੀ ਜਾਂਦਾ ਸੀ ਕਿ ਹੁਣ ਅਰਦਾਸ ਹੋ ਚੁੱਕੀ ਸੀ ਅਤੇ ਹੁਣ ਕੁੱਝ ਨਹੀਂ ਸੀ ਹੋ ਸਕਦਾ।
ਮੋਹਤਬਰਾਂ ਨੇ ਬੜੀ ਚਾਲਾਕੀ ਨਾਲ ਆਸਟਰੇਲੀਅਨ ਭਾਈਬੰਦ ਨੂੰ ਆਪਣੇ ਜਾਲ ਵਿੱਚ ਫ਼ਸਾ ਲਿਆ ਸੀ।
ਮਹੀਨੇ ਕੁ ਬਾਅਦ ਹੀ ਆਸਟਰੇਲੀਅਨ ਭਾਈਬੰਦ ਇਨ੍ਹਾਂ ਮੋਹਤਬਰ ਬੰਦਿਆਂ ਨੂੰ ਡਿਉਢੀ ਦੀ ਉਸਾਰੀ ਦੇ ਇੰਚਾਰਜ ਬਣਾ ਕੇ ਵਾਪਿਸ ਚਲਿਆ ਗਿਆ।
ਇਸ ਗੱਲ ਨੂੰ ਤਿੰਨ ਸਾਲ ਬੀਤ ਚੁੱਕੇ ਹਨ। ਡਿਉਢੀ ਅਜੇ ਵੀ ਬਣ ਰਹੀ ਹੈ। ਸੁਣਿਆ ਹੈ ਕਿ ਡਿਉਢੀ ਦੇ ਬੱਜਟ ਵਿੱਚ ਸ਼ੈਤਾਨ ਦੀ ਆਂਤ ਵਾਂਗ ਵਾਧਾ ਹੋਈ ਜਾ ਰਿਹਾ ਹੈ। ਆਸਟਰੇਲੀਅਨ ਭਾਈਬੰਦ ਦਾ ਭਰਾ ਵੀ ਹੁਣ ਮੋਹਤਬਰਾਂ ਦੇ ਟੋਲੇ ਵਿੱਚ ਸ਼ਾਮਲ ਹੈ।
ਪਿਛਲੇ ਦੋ ਦਿਨਾਂ ਤੋਂ ਬਹੁਤ ਜ਼ੋਰ ਦੀ ਬਾਰਸ਼ ਹੋ ਰਹੀ ਸੀ। ਸੜਕ ਦੀ ਆਵਾਜਾਈ ਬੰਦ ਸੀ। ਮੋਹਤਬਰ ਬੰਦਿਆਂ `ਚੋਂ ਹੀ ਇੱਕ ਦੀ ਨ੍ਹੂੰਹ ਨੂੰ ਬੱਚਾ ਬੱਚੀ ਹੋਣ ਵਾਲਾ ਸੀ ਤੇ ਉਹ ਪ੍ਰਸੂਤ-ਪੀੜਾਂ ਨਾਲ ਕਰਾਹ ਰਹੀ ਸੀ। ਪਿੰਡ ਦੀ ਦਾਈ ਨੇ ਜਵਾਬ ਦੇ ਦਿੱਤਾ ਸੀ ਕਿ ਕੇਸ ਉਸ ਦੇ ਵੱਸ ਤੋਂ ਬਾਹਰ ਹੋ ਗਿਆ ਸੀ ਤੇ ਉਹਨੇ ਜੱਚਾ ਨੂੰ ਛੇਤੀ ਤੋਂ ਛੇਤੀ ਕਿਸੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਸੀ। ਚੋਅ ਪਾਰ ਕਰ ਕੇ ਤਾਂ ਹਸਪਤਾਲ ਨੇੜੇ ਹੀ ਸੀ ਪਰ ਪਾਣੀ ਚੜ੍ਹਿਆ ਹੋਣ ਕਰ ਕੇ ਲੰਘਣਾ ਅਸੰਭਵ ਸੀ। ਦੂਸਰੇ ਪਾਸਿਉਂ ਘੁੰਮ ਕੇ ਜਾਣਾ ਪੈਣਾ ਸੀ ਅਤੇ ਸਫ਼ਰ ਵੀ ਵਧੇਰੇ ਪੈਂਦਾ ਸੀ। ਮਿੰਟਾਂ ਸਕਿੰਟਾਂ ਨੇ ਹੀ ਜ਼ਿੰਦਗੀ ਤੇ ਮੌਤ ਦਾ ਫ਼ੈਸਲਾ ਕਰਨਾ ਸੀ।
ਉਹੋ ਹੀ ਗੱਲ ਹੋਈ ਜਿਸ ਦਾ ਡਰ ਸੀ, ਹਸਪਤਾਲ ਤੱਕ ਪਹੁੰਚਦਿਆਂ ਪਹੁੰਚਦਿਆਂ ਜੱਚਾ ਅਤੇ ਹੋਣ ਵਾਲਾ ਬੱਚਾ ਦੋਵੇਂ ਹੀ ਰੱਬ ਨੂੰ ਪਿਆਰੇ ਹੋ ਚੁੱਕੇ ਸਨ।
ਅੱਜ ਦੋ ਦਿਨਾਂ ਬਾਅਦ ਧੁੱਪ ਨਿਕਲੀ ਸੀ। ਡਿਉਢੀ ਦਾ ਸੰਗਮਰਮਰ ਧੁੱਪ ਵਿੱਚ ਲਿਸ਼ਕਾਂ ਮਾਰ ਰਿਹਾ ਸੀ ਤੇ ਪੁਲੀ-ਹੀਣ ਸੜਕ ਦਾ ਮੂੰਹ ਚਿੜ੍ਹਾ ਰਿਹਾ ਸੀ।
ਨਿਰਮਲ ਸਿੰਘ ਕੰਧਾਲਵੀ
.