.

ੴ ਸਤਿਗੁਰ ਪ੍ਰਸਾਦਿ
15 ਅਗਸਤ – ਕਿਹਦੀ ਪ੍ਰਤਿਗਿਆ -? ਕਿਸਨੂੰ ਮੁਬਾਰਕ -?
ਰਾਮ ਸਿੰਘ, ਗ੍ਰੇਵਜ਼ੈਂਡ

15 ਅਗਸਤ ਦਾ ਦਿਨ 1947 ਤੋਂ ਪਹਿਲਾਂ ਭੀ ਆਉਂਦਾ ਸੀ। ਪਤਾ ਨਹੀਂ ਕਿੰਨੇ ਆਏ। 15 ਅਗਸਤ 1947 ਦਾ ਭੀ ਆਇਆ। ਕਿੱਦਾਂ ਦੀ ਖੁਸ਼ੀ ਦਾ ਆਇਆ? ਉਸਦੀ ਕਿੱਦਾਂ ਦੀ ਖੁਸ਼ੀ ਮਨਾਈ ਗਈ? ਤੇ ਕਿਨ੍ਹਾਂ ਤੋਂ ਪੁਛੀਏ? ਉਹ ਕਿੱਦਾ ਦੱਸਣ? ਉਹ! ਉਨ੍ਹਾਂ ਤੋਂ ਤਾਂ ਕੋਈ ਪੁਛਦਾ ਹੀ ਨਹੀ! ਫਿਰ ਭੀ 15 ਅਗਸਤ ਦਾ ਹੀ ਨਹੀ ਇਸ ਤੋਂ ਬਾਅਦ ਭੀ ਕਈ ਆਏ ਅਤੇ ਹੁਣ ਭੀ ਆਇਆ…ਕੋਈ ਸਨੇਹਾ ਲੈ ਕੇ!
ਚਾਨਣੀਆਂ ਤਾਣ ਕੇ, ਕਨਾਤਾਂ ਲਾ ਕੇ, ਉੱਚੇ ਚਬੂਤਰੇ ਬਣਾ ਕੇ, ਮੇਜ ਕੁਰਸੀਆਂ ਸਜਾ ਕੇ, ਉੱਥੇ ਕਿਹਦੇ ਦਰਸ਼ਨ? ਉਨ੍ਹਾਂ ਦੇ ਦਰਸ਼ਨ ਬੜੇ ਦੁਰਲਭ ਹਨ, ਕਿਉਂ? ਉਹ ਇਸ ਸ਼ਾਨਦਾਰ ਪੰਡਾਲ ਦੇ ਮਾਲਕ ਜੁ ਹੋਏ! ਉਹ ਥਾਂ ਰੋਂਦੇ ਦਿਲਾਂ ਨੂੰ ਹੋਰ ਰੁਲਾ ਦੇਣਗੇ। ਕੋਈ ਪੁੱਛੇ ਕਾਹਦੇ ਵਾਸਤੇ ਰੁਲਾ ਦੇਣਗੇ? ਹੋਰ ਕੁਰਬਾਨੀਆਂ ਦੇਣ ਲਈ –ਹੋਰ ਸੁਨੇਹਾ ਹੈ ਹੀ ਕੀ? ਕੀ ਕਿਹਾ ਜੀ? ਹਾਂ ਜੀ ਸੱਚ ਤਾਂ ਕਿਹਾ ਹੈ। ਸੁਨੇਹਾ “ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਤੇ ਦੱਤ ਫਾਂਸੀਆਂ ਤੇ ਚੜ੍ਹ ਗਏ, ਸੁਭਾਸ ਚੰਦਰ ਨੇ ਬਨਵਾਸ ਕੱਟਿਆ। ਪਰ ਉਂਨ੍ਹਾਂ ਨੇ ਇਨ੍ਹਾਂ ਮੁਸੀਬਤਾਂ ਵਿੱਚ ਪਿਆਂ ਨੇ ਉਫ ਤਕ ਨਹੀ ਕਹੀ। ਇਹ ਆਗੂ ਸਨ ਸਾਨੂੰ ਅਜ਼ਾਦੀ ਲੈ ਕੇ ਦੇਣ ਵਾਲੇ। ਅਸੀ ਇਨ੍ਹਾਂ ਦੇ ਪੈਰੋਕਾਰ ਹਾਂ। ਤੁਸੀਂ ਭੀ ਉਨ੍ਹਾਂ ਦੇ ਪੈਰੋਕਾਰ ਹੋ ਤੇ ਉਨ੍ਹਾਂ ਤੋਂ ਘੱਟ ਨਹੀਂ ਅਤੇ ਤੁਹਾਡੇ ਵਿੱਚ ਕੁਰਬਾਨੀ ਦੇਣ ਦਾ ਮਾਦਾ ਘੱਟ ਨਹੀਂ। ਇਹ ਦੇਸ਼ ਹੈ ਹੀ ਤੁਹਾਡੇ ਸਹਾਰੇ।” ਕੀ ਇੱਦਾਂ ਦੇ ਤਾਰੀਫ ਭਰੇ ਲਫਜ਼ ਰੋਦਿਆਂ ਦਿਲਾਂ ਨੂੰ ਹੁਰ ਨਹੀਂ ਰੁਆਂ ਦੇਣਗੇ। ਇਹ ਰੋਣ ਭੀ ਕਿਉਂ ਨਾ? ਇਨ੍ਹਾਂ ਨੂੰ ਤਾਂ ਦੇਸ਼ ਪਿਆਰਾ ਹੈ। ਉਹਨਾਂ ਲਈ 15 ਅਗਸਤ ਆਵੇ ਜਾ ਨਾ ਆਵੇ, ਉਹਨਾਂ ਨੂੰ ਅਜ਼ਾਦੀ ਦੇ ਪਰਵਾਨਿਆਂ ਦੇ ਕਿੱਸੇ ਸੁਣਾਏ ਜਾਣ ਜਾ ਨਾਂ, ਉਹ ਤਾਂ ਪਹਿਲਾਂ ਹੀ ਅਜ਼ਾਦੀ ਲਈ ਨਹੀਂ, ਹਰ ਕੁਰਬਾਨੀ ਲਈ ---------!
“ਕਮਰ ਬਾਂਧੇ ਚਲਨੇ ਕੋ ਜਾਂ ਸਭ ਯਾਰ ਬੈਠੇ ਹੈ। ਬਹੁਤ ਆਗੇ ਗਏ, ਬਾਕੀ ਜੋ ਹੈ ਤਿਆਰ ਬੈਠੇ ਹੈ।” ਉਹ ਮਤਵਾਲੇ ਤਾਂ ਕੱਫਨ ਮੋਢੇ ਤੇ ਰੱਖੀ ਹਰ ਸੰਘਰਸ਼ ਵਿਚ, ਇਸਨੂੰ ਖੇਲ੍ਹ ਸਮਝਕੇ, ਕੁਦਣ ਲਈ, ਟੈਕਸਾਂ ਦਾ ਬੋਝ ਸਹਾਰਨ ਲਈ (ਕਮਰ ਭਾਵੇਂ ਮੁੜ ਕੇ ਦੋਹਰੀ ਹੀ ਨਹੀਂ ਭਾਵੇਂ ਟੁਟ ਹੀ ਜਾਵੇ), ਦੇਸ਼ ਦੀ ਤਰੱਕੀ ਦੇ ਕੰਮਾਂ ਵਿੱਚ ਵਫਦਾਰੀ ਤੋਂ ਭੀ ਉਤਾਂਹ ਉੱਠ ਕੇ ਤਨ, ਮਨ ਤੇ ਧਨ ਦੀ ਬਾਜ਼ੀ ਲਾਉਣ ਲਈ, ਦੇਸ਼ ਲਈ ਗੈਰਤ ਤੇ ਇੱਜ਼ਤ ਤੇ ਆਨ ਦੀ ਸ਼ਮ੍ਹਾਂ ਤੇ ਪ੍ਰਵਾਨਿਆਂ ਦੀ ਖੇਲ੍ਹ ਖੇਲ੍ਹਣ ਲਈ, ਮੌਕੇ ਦੀ ਤਾੜ ਵਿੱਚ ਰਹਿੰਦੇ ਹਨ।
ਤਦ ਫਿਰ ਇਹ 15 ਅਗਸਤ ਦਾ ਦਿਨ ਕਿਸਨੂੰ ਲਲਕਾਰਨ ਲਈ ਆਇਆ ਹੈ ਤੇ ਆਉਂਦਾ ਹੈ? ਆਓ ਜੀ, ਸੱਚ ਹੀ ਕਹਿ ਦੇਈਏ। ਹਾਂ ਜੀ, ਇਸ ਸਜੇ ਪੰਡਾਲ ਵਿੱਚ ਦਰਸ਼ਨ ਦੇ ਕੇ ਉਲਟੇ ਲੋਕਾਂ ਨੂੰ ਸੁਨੇਹਾ ਦੇਣ ਵਾਲਿਆਂ ਲਈ। ਇਨ੍ਹਾਂ ਨੂੰ ਅਪਣੇ ਅੰਦਰ ਝਾਕ ਪਾਉਣ ਲਈ। ਇਨ੍ਹਾਂ ਨੂੰ ਆਪਣੀ ਮੂਰਖਤਾ ਤੇ ਠੰਢੇ ਦਿਲ ਨਾਲ ਸੋਚ ਵਿਚਾਰ ਕਰਨ ਲਈ! ਕਿਉਂਕਿ ਕੁਰਬਾਨੀ ਜਿਨ੍ਹਾਂ ਦੀ ਰਗਾਂ ਵਿੱਚ ਪਹਿਲਾਂ ਹੀ ਵਸੀ ਹੋਈ ਹੈ ਇਨ੍ਹਾਂ ਨੂੰ ਇਸ ਬਾਰੇ ਇਹ ਮੂਰਖ ਕੀ ਸਬਕ ਦੇਣਗੇ? ਇਹ ਇਹ ਹੀ ਕਹਿਣਗੇ, ਅਜ਼ਾਦੀ ਇੱਦਾਂ ਲਈ ਗਈ, ਇਸ ਲਈ ਇੱਦਾਂ ਕੁਰਬਾਨੀਆਂ ਕੀਤੀਆਂ ਗਈਆਂ, ਹੁਣ ਇਸਨੂੰ ਬਰਕਰਾਰ ਰੱਖਣ ਲਈ ਇੱਦਾਂ ਹੀ ਹੋਰ ਕੁਰਬਾਨੀਆਂ ਦੇਣੀਆਂ ਪੈਣਗੀਆਂ ਭਲ੍ਹਾ ਜੀ ਇਨ੍ਹਾਂ ਗੱਲਾਂ ਤੋਂ ਕੌਣ ਮੁਨਕਰ ਹੈ? ਇਸ ਅਜ਼ਾਦੀ ਦੀ ਗੋਦ ਵਿੱਚ ਪਏ ਅਨਗਿਣਤ ਵੱਡਮੁੱਲੇ ਹੀਰੇ ਚਮਕਦੇ ਹੋਏ ਆਪਣੇ ਆਪ ਹੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਮਜਬੂਰ ਕਰ ਰਹੇ ਹਨ।
ਪਰ ਸ਼ਾਇਦ ਇਨ੍ਹਾਂ ਉਪਦੇਸ਼ਕਾਂ ਨੂੰ ਉਨ੍ਹਾਂ ਦੀ ਕੁਰਬਾਨੀ ਬਾਰੇ ਕੋਈ ਸ਼ੱਕ ਹੈ, ਨਹੀ ਤਾਂ ਇਨ੍ਹਾਂ ਨੂੰ ਇਹ ਦੱਸਣ ਦੀ ਕੋਈ ਤਕਲੀਫ ਹੀਨਾ ਕਰਨੀ ਪੈਂਦੀ। ਇਹ ਤਾਂ, “ਅਵਰ ਉਪਦੇਸੈ ਆਪਿ ਨ ਕਰੈ॥” ਵਾਲੀ ਗੱਲ ਹੀ ਹੋਈ ਨਾ। ਇਹ ਲੋਕ ਆਪਣੇ ਆਪ ਨੂੰ ਇਹ ਸਭ ਕੁੱਛ ਦੱਸ ਲੈਣ। ਲੋਕਾਂ ਨੇ ਤਾਂ ਇਨ੍ਹਾਂ ਦੇ ਪੈਰ ਚਿਨ੍ਹਾਂ ਤੋਂ ਹੀ ਸਭ ਕੁਛ ਸਿੱਖ ਲਿਆ ਹੁੰਦਾ। ਅਫਸੋਸ! ਕਿ ਇਨ੍ਹਾਂ ਦੇ ਦਿਲਾਂ ਵਿੱਚ ਸ਼ਹੀਦਾ ਦੇ ਸੁਨੇਹੇ ਨੁੰ ਸੁਣਨ ਲਈ ਦਿਲਾਂ ਵਿੱਚ ਕੋਈ ਥਾਂ ਹੁੰਦੀ। ਕੀ ਇਹ ਪੰਦਰਾਂ ਅਗਸਤ ਇਨ੍ਹਾਂ ਦੇ ਦਿਲਾਂ ਵਿੱਚ ਅਹਿਸਾਸ ਪੈਦਾ ਕਰੇਗਾ? ਲਗਦਾ ਹੈ, ਨਹੀ ਕਿਉਂਕਿ ਪੱਥਰ ਦਿਲਾਂ ਵਿੱਚ ਅਹਿਸਾਸ ਪੈਦਾ ਹੋਣਾ ਮੁਮਕਨ (ਸੰਭਵ) ਨਹੀਂ।
ਇਨ੍ਹਾਂ ਲਈ ਤਾਂ ਇਹ ਦਿਨ ਐਸੀ ਖੁਸ਼ੀ ਦਾ ਦਿਨ ਹੈ ਜਿਸ ਦੀ ਇਹ ਸਾਰਾ ਸਾਲ ਉਡੀਕ ਕਰਦੇ ਰਹਿੰਦੇ ਹਨ। ਕੋਈ ਪੁੱਛੇ ਇਹ ਕਿਵੇਂ? ਭਲੇ ਮਾਣਸੋ, ਇਹ ਇਸ ਲਈ ਤਾਕਿ ਸਾਰੇ ਸਾਲ ਵਿੱਚ ਕੀਤੀਆਂ ਗਈਆਂ ਬੁਰਿਆਈਆਂ ਅਤੇ ਗਲਤੀਆਂ ਨੂੰ ਛਪਾਉਣ ਲਈ ਸ਼ਹੀਦਾਂ ਦੀ ਯਾਦ ਦੀ ਓਟ ਲੈਕੇ ਸ਼ੇਰਾਂ ਦੀ ਮਾਰ ਨੂੰ ਗਿੱਦੜਾਂ ਦੀ ਤਰ੍ਹਾਂ ਇੱਕ ਸਾਲ ਹੋਰ ਖਾਣ ਦੀ ਅਸ਼ੀਰਵਾਦ ਵਫਾਦਾਰ ਰੋ ਰਹੀਆਂ ਅੱਖਾਂ ਪਾਸੋਂ ਲੈ ਸਕਣ। ਕਿਉਂਕਿ ਸ਼ਹੀਦਾ ਦੀ ਯਾਦ ਆਮ ਲੋਕਾਂ ਦੇ ਜ਼ਖਮਾਂ ਨੂੰ ਤਾਜ਼ਾ ਭਾਵੇਂ ਕਰ ਦੇਣ ਅਤੇ ਕਰ ਭੀ ਦਿੰਦੀ ਹੈ, ਪਰ ਇਨ੍ਹਾਂ ਉਪਦੇਸ਼ਕਾਂ ਦੇ ਦਿਲ ਤਾਂ ਬਿੱਲਿਆਂ ਵਾਂਗ ਉੱਛਲ ਰਹੇ ਹੁੰਦੇ ਹਨ, ਜਦ ਇਹ ਆਮ ਲੋਕਾਂ ਦੇ ਮਨਾਂ ਨੂੰ ਰੁਲਾ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਮਿੱਟੀ ਪਾ ਰਹੇ ਹੁੰਦੇ ਹਨ। ਦੇਸ਼ ਦੇ ਮਤਵਾਲੇ, ਦੇਸ਼ ਤੇ ਮਰ ਮਿਟਣ ਵਾਲੇ ਸ਼ਹੀਦਾਂ ਦੇ ਮਰ ਮਿਟਣ ਨਾਲ ਤਾਂ ਇਹ ਲੋਕ ਅਪਣਾ ਕਾਰਜ ਸਿੱਧ ਹੋਇਆ ਸਮਝਦੇ ਹਨ। ਉਨ੍ਹਾਂ ਦੇ ਜੀਊਂਦੇ ਰਹਿਣ ਨੂੰ ਤਾਂ ਇਹ ਅਪਣੇ ਰਾਹ ਵਿੱਚ ਰੁਕਾਵਟ ਸਮਝਦੇ ਸਨ। ਕਿਉਂ ਜੀ? ੀੲਸ ਲਈ ਕਿ ਉਨ੍ਹਾਂ ਨੇ ਤਾਂ ਦੇਸ਼ ਦੇ ਕਰੋੜਾਂ ਬੰਦਿਆਂ ਨੂੰ ਅਜ਼ਾਦੀ ਦਾ ਅਸਲੀ ਫਲ ਚਖਾਉਣਾ ਸੀ! ਪਰ ਹੁਣ----------!
ਹੁਣ ਕੀ? ਇਨ੍ਹਾਂ ਲਈ ਇੱਕ ਅਲਹਾਮੀ ਸੰਦੇਸ਼ ਹੈ:-ਸ਼ਹੀਦਾਂ ਦੀ ਯਾਦ ਦੀ ਓਟ ਵਿੱਚ ਮਗਰਮਛ ਦੇ ਆਂਸੂ ਬਹਾਓ, ਚਾਰ ਇਧਰ ਦੀਆਂ, ਚਾਰ ਉਧਰ ਦੀਆਂ ਬਣਾ ਕੇ ਲੈਕਚਰ ਦੇ ਕੇ ਅਜ਼ਾਦੀ ਲਈ ਸ਼ਹੀਦੀ ਦੇ ਡਰਾਮੇ ਰਾਹੀਂ ਦੇਸ਼ ਦੇ ਉਸਾਰੂਆਂ ਦੀਆਂ ਅੱਖਾਂ ਵਿਚੋ ਅਥਰੂ ਬਹਾਓ, ਪਰ ਆਪ ਅਮਲ ਦੇ ਮੈਦਾਨ ਵਿੱਚ ਜੰਗੀ ਤੇ ਤਬਾਹੀ ਦਾ ਸਮਾਨ ਬੇਚ ਕੇ ਅਪਣਾ ਪੇਟ ਪਾਲਣ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਅਤੇ ਉਂਗਲੀਆਂ ਤੇ ਨਚਾਉਣ ਵਾਲਿਆਂ ਪਾਸੋ ਸੇਧ ਲਵੋ ਅਤੇ ਉਨ੍ਹਾਂ ਦੀ ਪਾਉਣ ਵਾਲੀ ਨੀਤੀ ਨਾਲ ਆਮ ਲੋਕਾਂ (ਦੇਸ਼ ਦੀ ਜਾਨ ਵਿੱਚ ਜਾਨ ਰੱਖਣ ਵਾਲੇ ਲੋਕਾਂ) ਨੂੰ ਮਜ਼ਬ ਬੋਲੀ, ਹਦਬੰਦੀ ਅਤੇ ਹੋਰ ਇੱਦਾ ਦੀ ਗੰਦੀ ਸਿਆਅਤ ਵਿੱਚ ਉਲਝਾ ਤੇ ਫਸਾ ਕੇ, ਦੇਸ ਦੇ ਉਸਾਰੂ ਕੰਮਾਂ ਤੋਂ ਪਰੇ ਰੱਖੋ। ਪਾਰਟੀ ਨੂੰ ਦੇਸ਼ ਤੇ ਕੌਮ ਨਾਲੋ ਤਰਜੀਹ ਦਿੰਦੇ ਹੋਏ ਆਪਣੇ ਆਪ ਲਈ ਆਰਜ਼ੀ ਤੇ ਅਸਥਾਈ ਐਸ਼ ਦਾ ਹਰ ਤਰਾਂ ਦਾ ਸਮਾਨ ਪ੍ਰਾਪਤ ਕਰਨ ਵਿੱਚ ਲੱਗੇ ਰਹੋ ਆਦਿ।”
ਇਧਰ ਬਚਾਰੇ ਅਖਬਾਰ ਨਵੀਸ ਹੋਣਗੇ ਜਿਨ੍ਹਾਂ ਨੂੰ ਇਹ ਖਬਰਾਂ ਛਾਪਣੀਆਂ ਪੈਣਗੀਆਂ “ਫਲਾਂ ਜਾ ਅਮਕੇ ਸ਼ਹਿਰ ਵਿੱਚ 15 ਅਗਸਤ ਦਾ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਬੜੇ ਬੜੇ ਉਦ ਅਧਿਕਾਰੀਆਂ………. ਨੇ ਭਾਗ ਲਿਆ ਤੇ ਬੜੇ ਭਾਵ ਪੂਰਕ ਲੈਕਚਰ ਕੀਤੇ, ਅਦਿ ਅਦਿ।” ਉਥੇ ਕੀ ਕੁਛ ਕਰਨ ਦੀ ਪ੍ਰਤਿਗਿਆਂ ਕੀਤੀ ਗਈ ਅਤੇ ਕਿਸ ਕਿਸ ਨੇ ਕੀਤੀ? ਆਖਰ ਇਹ ਧੂਮ ਧਾਮ ਅਤੇ ਦਿਖਾਵੇ ਕਦ ਤਕ?
ਕੀ ਹਨ ਇਹ ਪ੍ਰੇਡਾਂ ਦੇ ਦਿਖਾਵੇ ਤੇ ਨਮੂਨੇ ਦੇ ਦਰਸ਼ਨ? ਆਖਰ ਅਸਲੀਅਤ ਕਿਥੇ ਛੁਪੀ ਹੋਈ ਹੈ ਮੇਰੇ ਪ੍ਰਮਾਤਮਾਂ? ਤੇਰੀ ਜੰਤਾ ਦਾ ਕੀ ਹਾਲ ਹੈ ਤੇ ਕੈਸੀ ਹਾਲਤ ਹੈ ਇਨ੍ਹਾਂ ਦੀ? ਇਹ ਤਾਂ ਕੌਮਾਂ ਤੇ ਮੁਲਕਾਂ ਦੇ ਉਸਾਰੂ ਹਨ ਤੇ ਇਨ੍ਹਾਂ ਦੇ ਸ੍ਰੀਰ ਹਨ ਕੁਰਬਾਨੀ ਲਈ ਹਰ ਸਮੇਂ ਤਿਆਰ ਹਨ। ਇੱਕ ਪਾਸੇ ਤਾਂ ਪ੍ਰਤਿਗਿਆ ਦਾ ਪਾਲਣ ਕਰਨ ਲਈ ਤਨ, ਮਨ ਤੇ ਧਨ ਭੀ ਹਾਜ਼ਰ ਤੇ ਦੂਜੇ ਪਾਸੇ ਸਿਰਫ ਦਿਖਾਵੇ! ਕਿਉਂ ਨਹੀ ਪ੍ਰਤਿਗਿਆ ਕਰਵਾਉਣ ਵਾਲੇ ਇਸ ਮੁਬਾਰਕ ਦਿਹਾੜੇ ਤੇ ਆਪ ਸੱਚੇ ਘੁਟਾਲੇ ਕਰਨੇ ਦਿਲੋਂ ਪ੍ਰਤਿਗਿਆ ਕਰ ਲੈਂਦੇ ਕਿ, “ਆਮ ਲੋਕਾਂ ਦਾ ਖੁਨ ਚੂਸਣਾ, ਬਦੇਸ਼ੀ ਕਾਤਲ ਕਰਜ਼ੇ ਲੈਣੇ, ਠੇਕੇਦਾਰਾ ਪਾਸੋਂ ਚੜ੍ਹਾਵੇ ਲੈਣੇ ਆਦਿ ਛੱਡ ਕੇ ਆਪਣੀਆਂ ਨਾਜਾਇਜ਼ ਜਾਇਦਾਦਾਂ ਤੇ ਸੋਨਾ ਉੱਗਲ ਕੇ ਦੇਸ਼ ਤੇ ਪਏ ਬਾਹਰਲੇ ਕਰਜ਼ਿਆਂ ਦਾ ਭਾਰ ਹਲਕਾ ਕਰਕੇ ਬੇਗਰਜ ਹੋ ਕੇ ਈਮਾਨਦਾਰੀ ਨਾਲ ਦੇਸ਼ ਦੀ ਬਿਹਤਰੀ ਦੇ ਕੰਮਾਂ ਵਿੱਚ ਜੁਟ ਜਾਵਾਂਗੇ ਅਤੇ ਸੋਲਾਂ ਅਗਸਤ ਤੋਂ ਅਗਲੇ ਸਾਲ ਦੀ 14 ਅਗਸਤ ਤਕ ਇਹ ਪ੍ਰਤਿਗਿਆ ਪ੍ਰਵਾਨ ਚੜ੍ਹਾ ਕੇ ਅਗਲੇ ਪੰਦਰਾਂ ਅਗਸਤ ਨੂੰ ਇਸਦਾ ਅਸਲੀ ਦਿਖਾਵਾ ਕਰਾਂਗੇ” ਜੇਕਰ ਉਪਦੇਸ਼ਕ ਸੱਜਨ ਇਹ ਪ੍ਰਤਿਗਿਆ ਕਰਨ ਦੀ ਕਸਮ ਖਾਂਦੇ ਹਨ ਤਾਂ ਇਸ ਦਿਨ ਨੂੰ ਖੁਸ਼ੀ ਨਾਲ ਮਨਾਓ, ਹਜ਼ਾਰਾਂ ਖੁਸ਼ੀਆਂ ਨਾਲ ਮਨਾਓ, ਅਤੇ ਮੁਬਾਰਕ ਹੋਵੇ ਇਹ ਦਿਨ…. . ਇਹ ਨਾ ਕਹਿਣਾ ਪਵੇ ਕਿ ਕਿਸ ਨੂੰ ……. . ? ਸਾਰਿਆਂ ਨੂੰ ਕਿਉਂ ਨਹੀਂ? -----
.