.

“ਆਪੈ ਦੋਸੁ ਨ ਦੇਈ ਕਰਤਾ…”
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਭਾਰਤ `ਚ ਲੰਮੇ ਸਮੇਂ ਤੋਂ ਵਿਸ਼ਵਾਸ ਦਿੱਤਾ ਗਿਆ ਹੈ ਕਿ “ਜਦੋਂ ਜਦੋਂ ਧਰਤੀ `ਤੇ ਪਾਪ ਹੁੰਦਾ ਹੈ, ਪ੍ਰਮਾਤਮਾ ਆਪ ਜਨਮ ਧਾਰ ਕੇ ਸੰਸਾਰ `ਚ ਆਉਂਦਾ ਹੈ”। ਸ੍ਰੀ ਕਿਸ਼ਨ, ਸ੍ਰੀ ਰਾਮ ਆਦਿ ਦੀਆਂ ਕਥਾਵਾਂ ਇਸੇ ਵਿਸ਼ਵਾਸ ਦੀ ਹੀ ਪ੍ਰੌੜਤਾ `ਚ ਹਨ।
ਦੂਜੇ ਪਾਸੇ ਗੁਰਬਾਣੀ ਅਨੁਸਾਰ “ਜਨਮ ਮਰਣ ਤੇ ਰਹਤ ਨਾਰਾਇਣ” (ਪੰ: 1136) ਭਾਵ ਅਕਾਲਪੁਰਖ ਜਨਮ ਮਰਨ `ਚ ਨਹੀਂ ਆਉਂਦਾ। ਗੁਰਬਾਣੀ ਅਨੁਸਾਰ ਕਰਤਾ ਅਜੂਨੀ ਹੈ। ਇਸ ਬਾਰੇ ਗੁਰਦੇਵ ਇਥੋਂ ਤੱਕ ਫ਼ੁਰਮਾਉਂਦੇ ਹਨ “ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ” (ਪੰ: 1136)। ਹੋਰ ਤਾਂ ਹੋਰ, ਗੁਰਬਾਣੀ ਅਨੁਸਾਰ ਤਾਂ ਪ੍ਰਭੂ ਸੈਭੰ ਵੀ ਹੈ, ਉਹ ਆਪਣੇ ਆਪ ਤੋਂ ਹੈ ਤੇ ਉਸ ਨੂੰ ਕਿਸੇ ਪੈਦਾ ਵੀ ਨਹੀਂ ਕੀਤਾ। ਗੁਰਬਾਣੀ `ਚ ਇਥੋਂ ਤੱਕ ਸਪਸ਼ਟ ਕੀਤਾ ਗਿਆ ਹੈ ਕਿ “ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ” (ਪੰ: 1136) ਭਾਵ ਕਰਤਾ ਅਕਾਲਪੁਰਖ ਤਾਂ ਹੈ ਹੀ ਸਰਵ ਵਿਆਪਕ। ਉਹ ਤਾਂ ਰਚਨਾ ਦੇ ਜ਼ਰੇ ਜ਼ਰੇ `ਚ ਅਤੇ ਹਰ ਸਮੇਂ ਮੌਜੂਦ ਹੈ। ਇਸ ਲਈ ਜਦੋਂ ਪ੍ਰਭੂ ਹੈ ਹੀ ਜ਼ਰੇ ਜ਼ਰੇ `ਚ, ਸਰਵ ਵਿਆਪਕ ਤੇ ਹਰੇਕ ਜੀਵ ਅੰਦਰ ਵੀ ਉਹੀ ਹੈ ਤਾਂ ਉਸ ਨੇ ਆਉਣਾ ਕਿਥੋਂ ਹੈ? ਗੁਰਬਾਣੀ ਆਧਾਰ `ਤੇ ਇਹ ਵਿਸ਼ਵਾਸ ਹੀ ਆਪਣੇ ਆਪ `ਚ ਫੋਕਟ ਹੈ ਕਿ ‘ਪ੍ਰਮਾਤਮਾ, ਜਨਮ ਧਾਰ-ਧਾਰ ਕੇ ਸਮੇਂ ਸਮੇਂ `ਤੇ ਸੰਸਾਰ `ਚ ਆਉਂਦਾ ਹੈ। ਸਪਸ਼ਟ ਹੈ ਗੁਰਬਾਣੀ ਰਾਹੀਂ ਗੁਰਦੇਵ ਨੇ ਅਜਿਹੇ ਵਿਸ਼ਵਾਸ਼ਾਂ ਦਾ ਸਦਾ ਲਈ ਹੀ ਭੋਗ ਪਾ ਦਿੱਤਾ ਹੈ। ਦਰਅਸਲ ਗੁਰਬਾਣੀ ਆਧਾਰ `ਤੇ ਅਜਿਹੇ ਵਿਸ਼ਵਾਸਾਂ ਦਾ ਕਾਰਨ, ਮਨੁੱਖ ਨੂੰ ਪ੍ਰਭੂ ਦੀ ਪਹਿਚਾਣ ਦਾ ਨਾ ਹੋਣਾ ਤੇ ਪ੍ਰਭੂ ਬਾਰੇ ਅਗਿਆਨਤਾ ਹੈ। ਤਾਂ ਤੇ ਗੁਰੂ ਕੇ ਸਿੱਖ ਲਈ ਅਜਿਹੇ ਵਿਸ਼ਵਾਸਾਂ ਦਾ ਮਤਲਬ ਹੈ ਕਿ ਉਸ ਅੰਦਰ ਗੁਰਬਾਣੀ ਦੀ ਸੋਝੀ ਦਾ ਨਾ ਹੋਣਾ।
“ਆਪੈ ਦੋਸੁ ਨ ਦੇਈ ਕਰਤਾ” - ਗੁਰਬਾਣੀ `ਚ ਅਜਿਹੇ ਪ੍ਰਮਾਣ ਬਹੁਤ ਹਨ ਜੋ ਸਾਬਤ ਕਰਦੇ ਹਨ-ਅਕਾਲਪੁਰਖ ਦਾ ਮੁੱਢ-ਕਦੀਮੀ ਸੁਭਾਅ ਹੈ ਕਿ ਪ੍ਰਭੂ ਆਪਣੇ ਪਿਆਰਿਆਂ ਦੀ ਬਹੁੜੀ ਆਪ ਕਰਦਾ ਹੈ। ਇਹ ਵੱਖਰੀ ਗੱਲ ਹੈ ਕਿ ਸਮੇਂ ਸਮੇਂ ਨਾਲ ਕੋਈ ਨਾ ਕੋਈ ਬਹਾਨਾ ਜੋੜ ਦਿੰਦਾ ਹੈ ਜਿਵੇਂ ਬਾਬਰ ਦੇ ਹਮਲੇ ਸਮੇਂ “ਜਮੁ ਕਰਿ ਮੁਗਲੁ ਚੜਾਇਆ” (ਪੰ: ੩੬੦) ਭਾਵ ਮੁਗ਼ਲਾਂ ਨੂੰ ਕੁਰਾਹੇ ਪਿਆਂ ਦੀ ਮੌਤ ਬਣਾ ਕੇ ਭੇਜ ਦਿੱਤਾ। ਇਸੇ ਇਲਾਹੀ ਨਿਯਮ ਨੂੰ ਪ੍ਰਗਟ ਕਰਣ ਲਈ ਗੁਰਦੇਵ ਨੇ ਉਚੇਚੇ ਤੌਰ `ਤੇ ਇਥੇ ਬਾਬਰ ਦੇ ਹਮਲੇ ਦਾ ਹਵਾਲਾ ਦਿੱਤਾ ਹੈ। ਉਸ ਸਬੰਧ `ਚ ਗੁਰਬਾਣੀ `ਚ ਚਾਰ ਸ਼ਬਦ ਹਨ।
ਇਨ੍ਹਾਂ ਚਾਰਾਂ ਸ਼ਬਦਾਂ `ਚ ਗੁਰਦੇਵ ਨੇ ਇਸੇ ਰੱਬੀ ਸੱਚ ਨੂੰ ਸਮਝਾਉਣ ਲਈ; ਸਮੂਚੇ ਤੌਰ `ਤੇ ਮਨੁੱਖ ਸਮਾਜ ਨੂੰ ਤਿੰਨ ਭਾਗਾਂ `ਚ ਵੰਡਿਆ ਹੈ। ਇਹ ਤਿੰਨ ਭਾਗ ਹਨ (੧) ਰਾਜਸੀ ਆਗੂ (੨) ਧਾਰਮਕ ਆਗੂ (੩) ਲੋਕਾਈ ਜਾਂ ਪ੍ਰਜਾ। ਇਸ ਦੇ ਨਾਲ ਇਹ ਵੀ ਚੇਤੇ ਰਹੇ ਕਿ ਗੁਰਬਾਣੀ, ਇਤਿਹਾਸ ਨਹੀਂ ਤੇ ਨਾ ਹੀ ਗੁਰਦੇਵ ਨੇ ਇਹ ਚਾਰ ਸ਼ਬਦ ਬਾਬਰ ਦੇ ਹਮਲੇ ਦਾ ਇਤਿਹਾਸ ਬਿਆਣ ਕਰਣ ਲਈ ਦਿੱਤੇ ਹਨ। ਇਹ ਸ਼ਬਦ ਕੇਵਲ ਗੁਰਬਾਣੀ ਸਿਧਾਂਤ ਦੀ ਪ੍ਰੋੜਤਾ ਲਈ ਹਵਾਲਾ ਮਾਤ੍ਰ ਹੀ ਹਨ।
ਬਾਬਰ ਦੇ ਹਮਲੇ ਨਾਲ ਸਬੰਧਤ ਚਾਰ ਸ਼ਬਦ-ਇਹ ਸ਼ਬਦ ਹਨ:-
1. ਤਿਲੰਗ ਮਹਲਾ ੧॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ… (ਪੰ: 722)
2. “ਆਸਾ ਮਹਲਾ ੧॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ …. . (ਪੰ: 360)
3. ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ੴ ਸਤਿ ਗੁਰਪ੍ਰਸਾਦਿ॥ ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿੑ ਗਲ ਵਿਚਿ ਆਵੈ ਧੂੜਿ…. . (ਪੰ: 417)
4. ਆਸਾ ਮਹਲਾ ੧॥ ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ…. . (ਪੰ: 417)

“ਖਸਮੈ ਸਾ ਪੁਰਸਾਈ” - ਬਾਬਰ ਦੇ ਹਮਲੇ ਨਾਲ ਸਬੰਧਤ ਇਨ੍ਹਾਂ ਸ਼ਬਦਾਂ ਰਾਹੀਂ ਗੁਰਦੇਵ ਨੇ ਸਪਸ਼ਟ ਕੀਤਾ ਕਿ ਸਮਾਜ ਦੇ ਇਹ ਤਿੰਨੇ ਵਰਗ ਜਦੋਂ ਕਰਤੇ ਸਿਰਜਣਹਾਰ ਪ੍ਰਭੂ ਨੂੰ ਵਿਸਾਰ ਕੇ ਜੀਵਨ ਪੱਖੋਂ ਕੁਰਾਹੇ ਪੈ ਜਾਂਦੇ ਹਨ ਤਾਂ ਸਮਾਜ ਦੇ ਇਨ੍ਹਾਂ ਤਿੰਨਾ ਵਰਗਾਂ ਵਿਚਾਲੇ ਇੱਕ ਚੌਥੇ ਵਰਗ ਦੀ ਹੋਂਦ ਵੀ ਬਣ ਆਉਂਦੀ ਹੈ। ਤਾਂ ਫ਼ਿਰ ਇਹ ਚੌਥਾ ਵਰਗ ਕਿਹੜਾ ਹੁੰਦਾ ਹੈ? ਇਸ ਤਰ੍ਹਾਂ ਇਨ੍ਹਾਂ ਤਿੰਨਾਂ ਵਰਗਾਂ ਵਿਚਾਲੇ, ਜੋ ਚੌਥਾ ਵਰਗ ਬਣ ਜਾਂਦਾ ਹੈ, ਉਸ ਦਾ ਵਜੂਦ ਮੂਲ ਰੂਪ `ਚ, ਸਮਾਜ ਦੇ ਇਨ੍ਹਾਂ ਤਿੰਨਾਂ ਵਰਗਾਂ `ਚ ਹੀ ਫੈਲਿਆ ਹੁੰਦਾ ਹੈ ਅਤੇ ਪਹਿਚਾਣ ਲਈ ਉਨ੍ਹਾਂ ਤੋਂ ਕਿਧਰੇ ਵੱਖਰਾ ਦਿਖਾਈ ਨਹੀਂ ਦਿੰਦਾ।
ਦਰਅਸਲ ਰਾਜਸੀ ਆਗੂ, ਧਾਰਮਿਕ ਆਗੂ ਤੇ ਸਾਧਾਰਣ ਪ੍ਰਜਾ, ਇਨ੍ਹਾਂ ਤਿੰਨਾਂ ਵਿਚਕਾਰ ਵੱਸ ਰਿਹਾ ਇਹ ਚੌਥਾ ਵਰਗ ਆਪਣੇ ਅਮੁਲੇ ਮਨੁੱਖਾ ਜਨਮ ਦੀ ਅਸਲੀਅਤ ਤੋਂ ਵਾਕਿਫ਼ ਹੁੰਦਾ ਹੋਇਆ ਵੀ ਆਪਣੇ ਆਪ `ਚ ਬੇ-ਬੱਸ ਹੋ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਉਹ ਹੁੰਦੇ ਹਨ ਜੋ ਸਮਾਜਿਕ ਪੱਖੋਂ ਕਮਜ਼ੋਰ, ਦਲਿਤ, ਮਜ਼ਲੂਮ ਤੇ ਪਛੜੇ ਲੋਕ ਦਬਾਏ ਤੇ ਲਿਤਾੜੇ ਜਾ ਰਹੇ ਹੁੰਦੇ ਹਨ। ਦਰਅਸਲ ਇਨ੍ਹਾਂ ਸਾਰਿਆਂ ਦੇ ਚੌਗਿਰਦੇ ਦਾ ਵਾਤਾਵਰਣ ਹੀ ਆਪਹੁਦਰੇ, ਹੂੜਮੱਤੀ, ਗੁਣਹਗਾਰਾਂ ਤੇ ਮਨਮਤੀਆਂ ਆਦਿ ਦਾ ਬਣਿਆ ਹੁੰਦਾ ਹੈ। ਇਸੇ ਕਾਰਨ ਪ੍ਰਭੂ ਪਿਆਰੇ, ਤੇ ਉਨ੍ਹਾਂ ਦੇ ਨਾਲ ਨਾਲ ਇਹ ਦਲਿਤ, ਕਮਜ਼ੋਰ ਤੇ ਪਛੜੇ ਵਰਗਾਂ ਦੇ ਲੋਕ ਵੀ ਘੁੱਟਣ ਭਰਿਆ ਜੀਵਨ ਬਤੀਤ ਕਰਣ ਨੂੰ ਮਜਬੂਰ ਹੋ ਗਏ ਹੁੰਦੇ ਹਨ। ਸਪਸ਼ਟ ਹੈ ਕਿ ਇਸ ਚੌਥੇ ਵਰਗ ਦੀ ਹੋਂਦ ਕਿਧਰੋਂ ਬਾਹਰੋਂ ਨਹੀਂ ਬਲਕਿ ਇਨ੍ਹਾਂ ਵਿਚੋਂ ਹੀ ਹੁੰਦੀ ਹੈ।
ਸਬੰਧਤ ਸ਼ਬਦਾਂ `ਚ ਗੁਰਦੇਵ ਸਪਸ਼ਟ ਕਰਦੇ ਹਨ ਕਿ ਇਸ ਤਰ੍ਹਾਂ ਮਨੁੱਖ ਸਮਾਜ ਦੇ ਬਣ ਚੁੱਕੇ ਚਾਰ ਵਰਗਾਂ ਦੇ ਲੋਕਾਂ `ਚੋਂ ਜਦੋਂ ਪਹਿਲੇ ਤਿੰਨੇ ਵਰਗ, ਆਪਣੇ-ਆਪਣੇ ਇਲਾਹੀ ਫ਼ਰਜ਼ਾਂ ਨੂੰ ਭੁਲਾਅ ਕੇ ਜੀਵਨ ਦੇ ਪੁੱਠੇ ਰਾਹ ਪਏ ਹੁੰਦੇ ਹਨ ਤਾਂ ਅਜਿਹੇ ਬਿਖੜੇ ਸਮੇਂ ਉਪ੍ਰੋਕਤ ਤਿੰਨਾਂ ਵਰਗਾਂ ਵਿਚਕਾਰ ਫ਼ਸੇ ਪ੍ਰਭੂ ਪਿਆਰਿਆਂ ਤੇ ਇਸ ਦੇ ਨਾਲ ਮਜ਼ਲੂਮਾਂ-ਦਲਿਤਾਂ-ਪਛੜਿਆਂ ਦੀ ਬਹੁੜੀ ਵੀ ਪ੍ਰਭੂ ਆਪ ਹੀ ਕਰਦਾ ਹੈ। ਅਜਿਹੇ ਸਾਮਾਜਿਕ ਹਾਲਾਤ ਸਮੇਂ ਪ੍ਰਭੂ ਕੋਈ ਨਾ ਕੋਈ ਅਜਿਹੀ ਖੇਡ ਵਰਤਾਅ ਦਿੰਦਾ ਹੈ ਜਿਸ ਤੋਂ ਮੁਖੀ ਤਿੰਨਾਂ ਵਰਗਾਂ ਨੂੰ ਆਪਣੇ ਕੀਤੇ ਦੀ ਸਜ਼ਾ ਆਪਣੇ ਆਪ ਮਿਲ ਜਾਂਦੀ ਹੈ ਅਤੇ ਚੌਥੇ ਵਰਗ ਭਾਵ ਪ੍ਰਭੂ ਪਿਆਰਿਆਂ ਤੇ ਮਜ਼ਲੂਮਾਂ ਆਦਿ ਦੀ ਰਾਖੀ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਹਜ਼ਾਰਾਂ ਸਾਲਾਂ ਤੋਂ ਦਿੱਤੇ ਜਾ ਰਹੇ ਵਿਸ਼ਵਾਸ ਕਿ ਸਮੇਂ ਸਮੇਂ ਨਾਲ ਪ੍ਰਭੂ ਆਪ ਜਨਮ ਧਾਰ ਕੇ ਸੰਸਾਰ `ਚ ਆਉਂਦਾ ਹੈ, ਉਸ ਨੂੰ ਗੁਰਮੱਤ ਪ੍ਰਵਾਣ ਨਹੀਂ ਕਰਦੀ।
“ਅਗੋ ਦੇ ਜੇ ਚੇਤੀਐ…” - ਇਹ ਵੀ ਸਮਝਣ ਦੀ ਲੋੜ ਹੈ ਕਿ ਪਹਿਲੇ ਤਿੰਨਾ ਵਰਗਾਂ ਦੇ ਉਹ ਕਿਹੜੇ ਫ਼ਰਜ਼ ਹਨ ਜਿਨ੍ਹਾਂ ਦੀ ਕੋਤਾਹੀ ਦਾ ਹਵਾਲਾ ਦੇ ਕੇ ਗੁਰਦੇਵ ਚੇਤਾਵਨੀ ਦੇ ਰਹੇ ਹਨ। ਇਸ ਦੇ ਨਾਲ ਇਹ ਵੀ ਫ਼ੁਰਮਾਅ ਰਹੇ ਹਨ, “ਅਗੋ ਦੇ ਜੇ ਚੇਤੀਐ ਤਾਂ, ਕਾਇਤੁ ਮਿਲੈ ਸਜਾਇ” (ਪੰ: ੪੧੭) ਭਾਵ ਰਾਜਸੀ ਆਗੂ, ਧਾਰਮਕ ਆਗੂ ਤੇ ਪ੍ਰਜਾ-ਇਹ ਤਿੰਨੇ ਵਰਗ ਜੇਕਰ ਆਪਣੇ ਆਪਣੇ ਫ਼ਰਜ਼ਾਂ ਲਈ ਸੁਚੇਤ ਹੋ ਕੇ ਚੱਲਣ ਤਾਂ ਬਾਬਰ ਦੇ ਹਮਲੇ ਵਰਗੀਆਂ ਤੱਬਾਹੀਆਂ ਤੋਂ ਸਦਾ ਹੀ ਬਚਿਆ ਜਾ ਸਕਦਾ ਹੈ। ਉਹ ਤੱਬਾਹੀਆਂ ਜਿਨ੍ਹਾਂ ਦਾ ਵੇਰਵਾ ਬਾਬਰ ਦੇ ਹਮਲੇ ਨਾਲ ਸਬੰਧਤ ਸ਼ਬਦਾਂ `ਚ ਖੁੱਲ ਕੇ ਆਇਆ ਹੈ।
ਇਤਿਹਾਸ ਨਹੀਂ, ਇਤਿਹਾਸਕ ਹਵਾਲਾ-ਧਿਆਨ ਦੇਣਾ ਹੈ ਕਿ ਇਨ੍ਹਾਂ ਚਾਰਾਂ ਸ਼ਬਦਾਂ `ਚ ਗੁਰਦੇਵ ਇਤਿਹਾਸ ਨਹੀਂ ਬਲਕਿ “ਪਰਥਾਇ ਸਾਖੀ ਮਹਾ ਪੁਰਖ ਬੋਲਦੇ, ਸਾਝੀ ਸਗਲ ਜਹਾਨੈ” (ਪੰ: ੬੪੭) ਅਨੁਸਾਰ ਸਬੰਧਤ ਰੱਬੀ ਸਿਧਾਂਤ ਨੂੰ ਕੇਵਲ ਬਾਬਰ ਦੇ ਹਮਲੇ ਵਾਲਾ ਇਤਿਹਾਸਕ ਹਵਾਲਾ ਦੇ ਕੇ ਪ੍ਰਗਟ ਕਰ ਰਹੇ ਹਨ। ਗੁਰਬਾਣੀ ਉਹ ਰੱਬੀ ਨਿਯਮ ਹਨ ਜੋ ਰਹਿੰਦੀ ਦੁਨੀਆਂ ਤੱਕ ਸਦੀਵ ਕਾਲ ਲਈ ਤੇ ਜੁਗੋ ਜੁਗ ਅਟੱਲ ਹਨ। ਇਸ ਦੇ ਉਲਟ ਇਤਿਹਾਸ ਕਦੇ ਵੀ ਇੱਕ ਨਹੀਂ ਰਹਿੰਦਾ ਅਤੇ ਪਲ ਪਲ ਬਦਲਦਾ ਹੈ। ਦਰਅਸਲ ਇਥੇ ਵੀ ਰੱਬੀ ਤੇ ਸਦੀਵਕਾਲੀ ਨਿਯਮਾਂ `ਚੋਂ ਹੀ ਇੱਕ ਰੱਬੀ ਨਿਯਮ ਨੂੰ ਹੀ ਸਪਸ਼ਟ ਕੀਤਾ ਹੈ। ਦਸਿਆ ਹੈ ਕਿ ਜਦੋਂ ਕਦੇ ਸਮਾਜ ਦੇ ਇਹ ਤਿੰਨੇ ਵਰਗ ਕੁਰਾਹੇ ਪੈ ਜਾਣ। ਪ੍ਰਭੂ ਨੂੰ ਵਿਸਾਰ ਕੇ ਆਪਹੁਦਰੀਆਂ ਤੇ ਮਨਮਾਣੀਆਂ `ਤੇ ਉਤਰ ਆਉਣ ਤਾਂ ਅਕਾਲਪੁਰਖ ਕੋਈ ਨਾ ਕੋਈ ਅਜਿਹੀ ਖੇਡ ਵਰਤਦਾ ਹੈ ਜਿਸ ਤੋੰ ਸਮਾਜ ਦੇ ਤਿੰਨਾਂ ਹੀ ਵਰਗਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲਦੀ ਹੈ। ਇਨਾਂ ਹੀ ਨਹੀਂ ਬਲਕਿ ਪ੍ਰਭੂ ਦੇ ਉਸੇ ਵਰਤਾਵੇ ਤੋਂ ਚੌਥੇ ਵਰਗ ਦੀ ਬਹੁੜੀ ਵੀ ਹੋ ਜਾਂਦੀ ਹੈ।
ਸਮਾਜ ਦੇ ਤਿੰਨਾਂ ਵਰਗਾਂ ਦੇ ਫ਼ਰਜ਼?

 (1) ਰਾਜਸੀ ਆਗੂ- ਪ੍ਰਭੂ ਨੇ ਰਾਜਸੀ ਆਗੂਆਂ ਨੂੰ ਇਸ ਪੱਦਵੀ ਤੀਕ ਇਸ ਲਈ ਪੁਹੰਚਾਇਆ ਹੁੰਦਾ ਹੈ, ਤਾ ਕਿ ਜਨਤਾ ਦੀ ਹਰ ਤਰੀਕੇ ਸੰਭਾਲ ਤੇ ਰਾਖੀ ਹੋਵੇ। ਲੋਕਾਂ ਦੀਆਂ ਜ਼ਰੂਰਤਾਂ, ਖਾਣ-ਪਾਣ ਤੇ ਸਮਾਜ `ਚ ਨਿੱਤ ਪੈਦਾ ਹੋਣ ਵਾਲੀਆਂ ਸਮਸਿਆਵਾਂ ਦਾ ਸਮਾਧਾਨ ਨਾਲੋ ਨਾਲ ਹੋਵੇ ਤੇ ਹਮਦਰਦੀ ਭਰੇ ਢੰਗ ਨਾਲ ਕਰਣ। ਪ੍ਰਜਾ ਵਿਚਕਾਰ ਚਾਹੇ ਕਿਸੇ ਵੀ ਧਰਮ ਜਾਂ ਵਿਸ਼ਵਾਸ ਦੇ ਲੋਕ ਹੋਣ, ਉਨ੍ਹਾਂ ਦੇ ਆਪਸੀ ਭਾਈਚਾਰੇ ਤੇ ਪਿਆਰ `ਚ ਨਿੱਤ ਵਾਧਾ ਕਰਣ। ਜੇਕਰ ਦੇਸ਼ ਜਾਂ ਇਲਾਕੇ `ਤੇ ਬਾਹਰੋਂ ਕੋਈ ਜਰਵਾਨਾ, ਹਮਲਾਵਰ ਹੋ ਕੇ ਆਵੇ ਤਾਂ ਮਜ਼ਬੂਤੀ ਨਾਲ, ਬਲਕਿ ਆਪਣੀਆਂ ਜਾਨਾਂ ਹੂਲ ਕੇ ਵੀ ਉਸ ਦਾ ਟਾਕਰਾ ਅਤੇ ਪ੍ਰਜਾ ਦੀ ਰਾਖੀ ਕਰਣ।
(2) ਧਾਰਮਕ ਆਗੂ- ਧਾਰਮਕ ਆਗੂਆਂ ਨੂੰ ਕਰਤਾਰ ਨੇ ਸਮਾਜ `ਚ ਜੋ ਰੁੱਤਬਾ ਤੇ ਸਤਿਕਾਰ ਬਖ਼ਸ਼ਿਆ ਹੁੰਦਾ ਹੈ; ਉਹ ਇਸ ਲਈ, ਤਾ ਕਿ ਇਹ ਲੋਕ, ਲੋਕਾਈ ਦੀ ਸਦਾਚਾਰਕ ਤੇ ਆਚਰਣ ਪੱਖੋਂ ਸੰਭਾਲ ਕਰਣ। ਖੁਦ ਵੀ ਕਰਤਾਰ ਦੇ ਨੁਮਾਇੰਦੇ ਬਣ ਕੇ ਨੇਕਦਿਲੀ ਨਾਲ ਕੰਮ ਕਰਣ ਤੇ ਲੋਕਾਈ ਦੇ ਜੀਵਨ ਨੂੰ ਵੀ ਉੱਚਾ ਚੁੱਕਣ ਅਤੇ ਸਦਾਚਾਰਕ ਬਨਾਉਣ। ਲੋਕਾਈ ਅੰਦਰ ਰੱਬੀ ਗੁਣਾਂ ਦੀ ਸਿੰਚਾਈ ਕਰਣ। ਲੋਕਾਈ ਨੂੰ ਵਹਿਮਾ-ਭਰਮਾਂ ਤੋਂ ਬਚਾਉਣ ਤੇ ਨਿਹਫਲ ਕਰਮਕਾਡਾਂ `ਚ ਨਾ ਉਲਝਣ ਦੇਣ। ਸੁਚੇਤ ਰਹਿਣ ਤਾ ਕਿ ਪ੍ਰਜਾ ਫੋਕਟ ਵਿਸ਼ਵਾਸਾਂ ਤੇ ਕਰਮਕਾਂਡਾਂ `ਚ ਉਲਝ ਕੇ ਅਮੁੱਲੇ ਮਨੁੱਖਾ ਜਨਮ ਨੂੰ ਬਿਰਥਾ ਨਾ ਕਰੇ। ਆਪਣੇ ਤੇ ਪ੍ਰਜਾ ਦੇ ਮਨੁੱਖਾ ਜਨਮ ਨਾਲ ਕਿਸੇ ਤਰ੍ਹਾਂ ਦਾ ਵੀ ਖਿਲਵਾੜ ਨਾ ਹੋਣ ਦੇਣ। ਧਾਰਮਕ ਆਗੂ, ਪ੍ਰਭੂ ਤੇ ਲੋਕਾਈ ਵਿਚਕਾਰ ਆਪਸੀ ਮਿਲਾਵੇ ਬਣਕੇ ਜੀਊਣ। ਆਪ ਵੀ ਪ੍ਰਭੂ ਦੇ ਨਿਰਮਲ ਭਉ `ਚ ਰਹਿਣ ਤੇ ਦੂਜਿਆਂ ਨੂੰ ਵੀ ਸੱਚ ਧਰਮ ਦੇ ਮਾਰਗ `ਤੇ ਚਲਾਉਣ। ਅਜਿਹਾ ਨਾ ਹੋਵੇ ਕਿ ਧਾਰਮਕ ਆਗੂ ਆਪ ਹੀ ਪ੍ਰਜਾ ਦੀ ਲੁੱਟ-ਖੋਹ ਤੇ ਸ਼ੋਸ਼ਣ ਲਈ ਭਿੰਨ ਭਿੰਨ ਢੋਂਗ ਰਚਦੇ ਰਹਿਣ। ਇਹ ਲੋਕ, ਲੋਕਾਈ ਤੇ ਰੱਬ ਵਿਚਕਾਰ ਰਬ ਦੇ ਸ਼ਰੀਕ ਬਣ ਕੇ, ਆਪ ਹੀ ਖੜੇ ਨਾ ਹੋ ਜਾਣ ਜਾਂ ਖ਼ੁਦ ਹੀ ਰੱਬ ਨਾ ਬਣ ਬੈਠਣ। ਦਰਅਸਲ ਧਾਰਮਕ ਆਗੂਆਂ ਦੇ ਅਜਿਹੇ ਕਾਰਿਆਂ ਨੇ ਹੀ ਅੱਜ ਮਾਰਕਸ ਵਾਦ ਤੇ ਲੈਨਿਨਵਾਦ ਭਾਵ ਨਾਸਤਿਕ ਵਾਦ ਨੂੰ ਜਨਮ ਦਿੱਤਾ ਹੈ।
(3) ਪ੍ਰਜਾ- ਕਿਉਂਕਿ ਕਰਤੇ ਦੀ ਦਰਗਾਹ ਅਤੇ ਉਸ ਦੇ ਨਿਆਂ `ਚ ਹਰੇਕ ਮਨੁੱਖ ਨੂੰ ਅਪਣਾ ਲੇਖਾ ਆਪ ਦੇਣਾ ਹੈ। ਉਥੇ ਤਾਂ “ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” ਦਾ ਸਿਧਾਂਤ ਹੈ। ਉਥੇ ਕਿਸੇ ਦੀ ਕਰਣੀ ਲਈ, ਕੋਈ ਦੂਜਾ ਜੁਆਬਦੇਹ ਨਹੀਂ। ਇਸ ਲਈ ਫ਼ਰਜ਼ਾਂ ਪੱਖੋਂ ਸੰਭਾਲ ਦੀ ਗੱਲ ਵੀ ਰਾਜਸੀ ਜਾਂ ਧਾਰਮਕ ਆਗੂਆਂ ਤੱਕ ਹੀ ਸੀਮਤ ਨਹੀਂ। ਮਨੁੱਖਾ ਜਨਮ ਹੋਣ ਦੇ ਨਾਤੇ ਲੋਕਾਈ ਚੋਂ ਵੀ ਹਰੇਕ ਦਾ ਫ਼ਰਜ਼ ਹੈ ਬਣਦਾ ਕਿ ਅਮੁੱਲੇ ਮਨੁੱਖਾ ਜਨਮ ਦੀ ਖੁਦ ਸੰਭਾਲ ਕਰੇ। ਜੇਕਰ ਰਾਜਸੀ ਤੇ ਧਾਰਮਕ ਆਗੂ, ਇਹ ਦੋਵੇਂ ਵਰਗ ਆਪਣੇ-ਆਪਣੇ ਫ਼ਰਜ਼ਾਂ ਦੀ ਪਹਿਚਾਣ ਨਾ ਕਰਣ ਤਾਂ ਘਟੋ ਘੱਟ ਪ੍ਰਜਾ ਆਪਣਾ ਫ਼ਰਜ਼ ਪਹਿਚਾਨਣ ਲਈ ਹਰ ਸਮੇਂ ਖੁਦ ਤਤਪਰ ਰਵੇ ਅਤੇ ਆਪਣੀ ਸੰਭਾਲ ਆਪ ਕਰੇ, ਇਸ ਪੱਖੋਂ ਲਾਪਰਵਾਹ ਨਾ ਰਵੇ।
ਤਾਂ ਫ਼ਿਰ ਤਿੰਨਾਂ ਵਰਗਾਂ ਦਾ ਕੁਰਾਹੇ ਪੈਣਾ ਕੀ ਹੈ? -
(੧) ਰਾਜਸੀ ਆਗੂ- ਇਨ੍ਹਾਂ ਲੋਕਾਂ ਕੋਲ ਆਪਣੇ ਰਾਜਸੀ ਫ਼ਰਜ਼ਾਂ ਨੂੰ ਨਿਭਾਉਣ ਲਈ ਅਕਾਲਪੁਰਖ ਵਲੋਂ ਬੇਅੰਤ ਵਸੀਲੇ ਤੇ ਸਾਧਨ ਪ੍ਰਾਪਤ ਹੁੰਦੇ ਹਨ। ਕੁਰਾਹੇ ਪੈ ਚੁੱਕੇ ਅਜਿਹੇ ਲੋਕ, ਪ੍ਰਭੂ ਵੱਲੋਂ ਪ੍ਰਾਪਤ ਉਨ੍ਹਾਂ ਵਸੀਲਿਆਂ ਤੇ ਸਾਧਨਾਂ ਦੀ ਕੁਵਰਤੋਂ ਕਰਣ ਲੱਗ ਜਾਂਦੇ ਹਨ। ਉਨ੍ਹਾਂ ਦੇ ਜੀਵਨ `ਚ ਐਸ਼ੋ-ਇਸ਼ਰਤ, ਵਿੱਭਚਾਰ; ਵੱਡੀ ਖੋਰੀ, ਗ਼ਰੀਬਾਂ-ਮਜ਼ਲੂਮਾ ਨਾਲ ਜ਼ੁਲਮ-ਧੱਕਾ; ਉਨ੍ਹਾਂ ਦਾ ਸ਼ੋਸ਼ਣ; ਉਨ੍ਹਾਂ ਦੀ ਲੁੱਟ-ਖਸੁਟ, ਆਦਿ ਅਉਗੁਣ ਪ੍ਰਵੇਸ਼ ਕਰ ਜਾਂਦੇ ਹਨ। ਬੱਸ ਇਹੀ ਬਣ ਜਾਂਦਾ ਹੈ, ਇਨ੍ਹਾਂ ਦਾ ਜੀਵਨ। ਅਜਿਹੇ ਕੁਰਾਹੇ ਪਿਆਂ ਲਈ ਹੀ ਸਬੰਧਤ ਸ਼ਬਦਾਂ `ਚ ਗੁਰਦੇਵ ਫ਼ੁਰਮਾਉਂਦੇ ਹਨ “ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ” (ਪੰ: 360)।
ਇਸ ਦੌੜ `ਚ ਰਾਜਸੀ ਤਾਕਤਾਂ ਤੇ ਰੁੱਤਬਿਆਂ ਦੇ ਮਾਲਿਕ, ਕਰਤਾਰ ਦੀਆਂ ਦਾਤਾਂ ਨੂੰ ਮਾਨੋ ਆਪਣੀ ਜਾਗੀਰ ਤੇ ਤਾਕਤ ਮੰਨ ਕੇ ਹੀ, ਇਨ੍ਹਾਂ ਦੀ ਕੁਵਰਤੋਂ ਕਰਦੇ ਹਨ। ਇਸੇ ਕਾਰਨ ਉਹ ਲੋਕ ਕੁਰਾਹੇ ਪੈ ਚੁੱਕੇ ਹੁੰਦੇ ਹਨ। ਤਾਕਤਾਂ ਦੇ ਨਸ਼ੇ `ਚ ਮਨਮਾਨੀਆਂ ਹੀ ਉਨ੍ਹਾਂ ਦਾ ਜੀਵਨ ਬਣ ਚੁੱਕਾ ਹੁੰਦਾ ਹੈ। ਉਨ੍ਹਾਂ ਦੇ ਹਰਮਾਂ ਦੀਆਂ ਉਚਾਈਆਂ ਤੇ ਰੰਗੀਨੀਆਂ ਇਨੀਂਆਂ ਉਚੀਆ ਹੋ ਜਾਂਦੀਆ ਹਨ ਕਿ “ਇਕੁ ਲਖੁ ਲਹਨਿੑ ਬਹਿਠੀਆ, ਲਖੁ ਲਹਨਿੑ ਖੜੀਆ॥ ਗਰੀ ਛੁਹਾਰੇ ਖਾਂਦੀਆ, ਮਾਣਨਿੑ ਸੇਜੜੀਆ” (ਪੰਨਾ: 417) ਅਤੇ ਹੋਰ ਬਹੁਤ ਕੁਝ, ਜਿਸ ਦਾ ਵਰਨਣ ਗੁਰਦੇਵ ਨੇ ਇਨ੍ਹਾਂ ਸ਼ਬਦਾਂ `ਚ ਕੀਤਾ ਹੈ। ਗੁਰਦੇਵ ਫ਼ੁਰਮਾਉਂਦੇ ਹਨ, ਜਦੋਂ-ਜਦੋਂ ਵੀ ਸਮਾਜ `ਚ ਅਜਿਹੇ ਹਾਲਾਤ ਪੈਦਾ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਟੀ: ਸੀ ਤੇ ਪੁੱਜ ਚੁੱਕਾ ਹੰਕਾਰ “ਜਿਸ ਨੋ ਆਪਿ ਖੁਆਏ, ਕਰਤਾ ਖੁਸਿ ਲਏ ਚੰਗਿਆਈ’ (ਪੰ: 417) ਅਨੁਸਾਰ ਕਰਤੇ ਦੇ ਨਿਆਂ `ਚ ਟੁੱਟਣ ਦੇ ਕਗਾਰ ਤੇ ਹੀ ਹੈ। ਯਕੀਨਣ ਇਸ ਦੇ ਲਈ ਕਰਤੇ ਦੀ ਕੋਈ ਨਾ ਕੋਈ ਖੇਡ ਵਰਤਣ ਹੀ ਵਾਲੀ ਹੈ। (ਜਿਵੇਂ ਇਥੇ ਬਾਬਰ ਦਾ ਹਮਲਾ)
(੨) ਧਾਰਮਕ ਆਗੂ- ਜਦੋਂ ਧਾਰਮਕ ਆਗੂ ਵੀ ਲੋਕਾਈ ਵਿੱਚਕਾਰ ਆਪਣੇ ਬਣ ਚੁੱਕੇ ਵਿਸ਼ਵਾਸ-ਸ਼ਰਧਾ ਲਾਭ ਲੈ ਕੇ, ਇਸ ਦੀ ਕੁਵਰਤੋਂ ਕਰਦੇ ਹਨ। ਸੁਆਰਥ ਵੱਸ, ਲੋਕਾਈ ਨੂੰ ਜੀਵਨ ਦੇ ਉਲਟੇ ਰਾਹ ਪਾਉਣਾ ਸ਼ੁਰੂ ਕਰ ਦਿੰਦੇ ਹਨ। ਲੁੱਟ-ਖੋਹ `ਚ ਪੈ ਕੇ ਮਜ਼ਲੂਮਾ, ਗ਼ਰੀਬਾਂ ਦਾ ਖੂਨ ਚੂਸਦੇ ਹਨ। ਲੋਕਾਈ `ਚੋਂ ਅਗਿਆਨਤਾ ਦਾ ਨਾਸ ਕਰਣ ਤੇ ਉਨ੍ਹਾਂ ਦੇ ਜੀਵਨ `ਚ ਗਿਆਨ ਦਾ ਪ੍ਰਕਾਸ਼ ਕਰਨ ਦੀ ਬਜਾਏ, ਲੋਕਾਈ ਅੰਦਰ ਡੱਰ-ਸਰਾਪ-ਕ੍ਰੋਪੀਆਂ ਤੇ ਵਹਿਮਾਂ-ਭਰਮਾਂ ਦੇ ਜਾਲ ਬੁੰਣਦੇ ਹਨ। ਆਪਣੇ ਇਲਾਹੀ ਫ਼ਰਜ਼ਾਂ ਤੋਂ ਉਲਟ, ਲੋਕਾਈ ਵਿਚਾਲੇ ਅਗਿਆਨਤਾ ਦਾ ਬੋਲਬਾਲਾ ਕਰਣ ਲਈ ਸਭ ਤੋਂ ਅਗਲੀ ਕੱਤਾਰ `ਚ ਇਹ ਲੋਕ ਆਪ ਹੀ ਖੜੇ ਹੁੰਦੇ ਹਨ। ਉਸ ਸਮੇਂ ਇਹ ਧਾਰਮਕ ਆਗੂ ਨਾ ਰਹਿ ਕੇ, ਆਪਣੇ ਆਪ `ਚ ਕਈ ਵਾਰ ਤਾਂ ਲੋਕਾਈ ਲਈ ਡਾਕੂਆਂ-ਲੁਟੇਰਿਆਂ ਤੋਂ ਵੀ ਖਤਰਨਾਕ ਸਾਬਤ ਹੋ ਰਹੇ ਹੁੰਦੇ ਹਨ। ਅਜਿਹੇ ਧਾਰਮਕ ਆਗੂਆਂ ਕਾਰਨ ਹੀ ਬਹੁਤ ਵਾਰੀ, ਲੋਕਾਈ `ਚ ਵਹਿਮਾ-ਭਰਮਾ-ਕ੍ਰੋਪੀਆਂ-ਕਰਮਕਾਂਡਾਂ ਦਾ ਬੋਲ ਬਾਲਾ ਵੀ ਸ਼ਿਖਰਾਂ ਤੇ ਪੁੱਜ ਰਿਹਾ ਹੁੰਦਾ ਹੈ।
ਤਾਂਤੇ ਇਸ ਵਿਸ਼ੇ `ਤੇ ਬਾਬਰ ਦੇ ਹਮਲੇ ਨਾਲ ਸਬੰਧਤ ਸ਼ਬਦਾਂ `ਚੋਂ ਹੀ ਦੇਖ ਲਵੀਏ ਤਾਂ ਵਿਸ਼ਾ ਸਪਸ਼ਟ ਹੁੰਦੇ ਦੇਰ ਨਹੀਂ ਲਗੇ ਗੀ। ਅਜਿਹੇ ਨਾਜ਼ੁਕ ਸਮੇਂ ਜਦਕਿ ਜਰਵਾਣਿਆ ਵੱਲੋਂ ਭਿਆਨਕ ਹਮਲਾ ਹੋਣ ਵਾਲਾ ਹੈ, ਸਾਰੇ ਪਾਸੇ ਹਾ ਹਾ ਕਾਰ ਮੱਚੀ ਪਈ ਹੈ। ਬਜਾਇ ਇਸ ਦੇ ਕਿ ਇਹ ਧਾਰਮਕ ਆਗੂ ਲੋਕਾਂ ਅੰਦਰੋਂ ਕਾਇਰਤਾ ਦਾ ਨਾਸ ਕਰ ਕੇ ਉਨ੍ਹਾਂ ਅੰਦਰ ਨਿਰਭੈਤਾ `ਤੇ ਦਲੇਰੀ ਪੈਦਾ ਕਰਣ ਲਈ ਸਾਹਮਣੇ ਆਉਂਦੇ। ਉਲਟਾ ਇਹ ਲੋਕ ਆਪਣੀ ਹੀ ਲੁੱਟ-ਖੋਹ ਦਾ ਬਜ਼ਾਰ ਗਰਮ ਕਰਣ `ਚ ਮੱਸਤ ਸਨ। ਇਹ ਪਾਖੰਡੀ ਇਥੋਂ ਤੱਕ ਆਫਰੇ ਪਏ ਤੇ ਕਹੀ ਫ਼ਿਰਦੇ ਸਨ ਕਿ ਜਾਓ ਅਸੀਂ ਤੁਹਾਡੇ ਲਈ, ਸ਼ਾਂਤੀ ਆਦਿ ਯਗ ਕਰ ਦੇਵਾਂਗੇ, ਤੁਸੀਂ ਦਾਨ-ਦੱਛਣਾ ਤੇ ਯੱਗਾਂ ਦੇ ਖਰਚੇ ਲਈ ਪ੍ਰਬੰਧ ਕਰੋ। ਬਦਲੇ `ਚ ਸ਼ਾਂਤੀ ਬਣੀ ਰਵੇ ਇਸ ਦੇ ਲਈ ਅਸ਼ੀਂ ਤੁਹਾਡੇ ਵੱਲੋਂ ਇਨੇਂ ਲੱਖ ਮੰਤ੍ਰਾਂ ਦੇ ਜਾਪ ਤੇ ਇਨੇਂ ਲਖ ਫ਼ਲਾਣੇ ਮੰਤ੍ਰਾ ਦੇ ਜਾਪ ਕਰ ਦੇਵਾਂਗੇ: ਤੁਹਾਡੀ ਭਲਾਈ ਲਈ ਹਵਣ ਕਰਾਂਗੇ, ਤੁਹਾਡੇ ਲਈ ਪਾਠ ਕਰ ਦੇਵਾਂਗੇ, ਤੱਸਬੀਆ ਪੜ੍ਹ ਦੇਵਾਂਗੇ ਤੇ ਅਜਿਹੇ ਹੋਰ ਬਹੁਤੇਰੇ ਖੇਖਣ।
ਅਜਿਹੇ ਹਾ-ਹਾ-ਕਾਰ ਅਤੇ ਤ੍ਰਾਸਦੀ ਵਾਲੇ ਸਮੇਂ, ਅਲਾ ਤਾਅਲਾ ਤੇ ਰਾਮ-ਰਹੀਮ ਦੇ ਠੇਕੇਦਾਰ ਬਣੇ ਬੈਠੇ ਇਹ ਧਾਰਮਕ ਆਗੂਆਂ ਦੇ ਰੂਪ `ਚ ਡਕੈਤ ਤੇ ਠੱਗ, ਲੋਕਾਂ ਨੂੰ ਕਹੀ ਫ਼ਿਰਦੇ ਹਨ, ਤੁਸੀਂ ਸਾਡੇ ਲਈ ਇੰਜ ਕਰ ਦੇਵੋ ਤੇ ਸਾਡੇ ਲਈ ਉਂਜ ਕਰ ਦੇਵੋ। ਅਸੀਂ ਰੱਬ, ਅਲ੍ਹਾ, ਰਾਮ, ਖੁਦਾ ਤੇ ਦੇਵੀਆਂ-ਦੇਵਤਿਆਂ ਅੱਗੇ ਤੁਹਾਡੇ ਲਈ ਦੁਆ ਕਰ ਦੇਵਾਂਗੇ। ਇਸ ਤਰ੍ਹਾਂ ਤੁਸੀਂ ਚਿੰਤਾ ਨਾ ਕਰੋ, ਸਭ ਆਪਣੇ ਆਪ ਠੀਕ ਹੋ ਜਾਵੇ ਗਾ। ਮੁਗ਼ਲ ਸੀਮਾਂ ਵੀ ਪਾਰ ਨਹੀਂ ਕਰ ਸਕਣਗੇ ਅਤੇ ਸੀਮਾਂ `ਤੇ ਹੀ ਅੰਨੇ ਹੋ ਜਾਣਗੇ ਆਦਿ। ਗੁਰਦੇਵ ਇਨ੍ਹਾਂ ਲੁਟੇਰਿਆਂ ਦੇ ਪਾਜ ਨੂੰ ਵੀ ਇਨ੍ਹਾਂ ਸ਼ਬਦਾਂ `ਚ ਉਘੇੜਦੇ ਹਨ ਜਿਵੇਂ “ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ” (ਪੰ: 417)।
ਇਥੋਂ ਤੱਕ ਕਿ ਇਨ੍ਹਾਂ ਧਾਰਮਕ ਠੱਗਾਂ ਨੂੰ ਅਜਿਹੇ ਨਾਜ਼ੁਕ ਸਮੇਂ ਵੀ, ਸਮਾਜ ਦੀਆਂ ਬੱਚੀਆਂ ਤੇ ਬਚਿਆਂ ਦੇ ਵਿਆਹ-ਨਿਕਾਹ ਕਰਵਾਉਣ `ਚ ਗ਼ਰੀਬਾਂ-ਅਮੀਰਾਂ ਲਈ ਤਮੀਜ਼ ਭੁੱਲੀ ਪਈ ਸੀ। ਕਿਧਰੇ ਤਾਰੇ ਡੁੱਬੇ-ਚੜ੍ਹੇ ਦੇ ਢੋਂਗ ਸਨ ਕਿਧਰੇ ਕੁੱਝ ਹੋਰ। ਹਮਲਾ ਸਿਰ `ਤੇ ਸੀ ਪਰ ਇਨ੍ਹਾਂ ਨੂੰ ਕੀ? ਇਹ ਤਾਂ ਸਾਹਿਆਂ, ਮਹੂਰਤਾਂ, ਕੁੰਡਲਣੀਆਂ ਦੇ ਆਡੰਬਰ ਖੜੇ ਕਰਕੇ, ਲੁੱਟ-ਖੋਹ ਵਾਲਾ ਬਾਜ਼ਾਰ ਗਰਮ ਕਰੀ ਬੈਠੇ ਸਨ। ਇਸ `ਤੇ ਵੀ ਗੁਰਦੇਵ ਵੱਲੋਂ ਚੇਤਾਵਣੀ ਦਿੱਤੀ ਗਈ ਕਿ, “ਐ ਧਾਰਮਕ ਆਗੂਓ! ਅਜੇ ਵੀ ਸਮਾਂ ਹੈ ਤਾ ਕਿ ਸੰਭਲ ਜਾਵੋ। ਨਹੀਂ ਤਾਂ ਸਮਾਂ ਆ ਰਿਹਾ ਹੈ ਜਦੋਂ ਤੁਹਾਡੀ ਵੀ “ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ” (ਪੰ: 722) ਵਾਲੀ ਹਾਲਤ ਹੋ ਜਾਵੇਗੀ। ਇਹ ਨਿਕਾਹ-–ਵਿਆਹ ਵੀ ਮਾਨੋਂ ਸ਼ੈਤਾਨ ਦੇ ਰੂਪ `ਚ ਆ ਕੇ ਜਰਵਾਣੇ ਹੀ ਪੜਾਉਣਗੇ ਤੇ ਉਥੇ ਤੁਹਾਡੇ ਇਹ ਢੋਂਗ ਕਿਸੇ ਕੰਮ ਨਹੀਂ ਆਉਣਗੇ।
(੩) ਆਮ ਲੋਕਾਈ ਅਥਵਾ ਪ੍ਰਜਾ-ਅਜਿਹੇ ਨਾਜ਼ੁਕ ਹਾਲਾਤਾਂ `ਚ ਜਦੋਂ ਰਾਜਸੀ ਤੇ ਧਾਰਮਕ ਆਗੂ, ਭਾਵ ਦੋਵੇਂ ਆਪਣੇ ਆਪਣੇ ਫ਼ਰਜ਼ਾਂ ਤੋਂ ਕੁਰਾਹੇ ਪੈ ਜਾਣ। ਤਾਂ ਦੇਖਣਾ ਹੈ ਕਿ ਸਾਧਾਰਨ ਪ੍ਰਜਾ ਕਿੱਥੇ ਖੜੀ ਹੈ? ਉਥੇ ਵੀ ਕਿਸੇ ਨੂੰ ਚੇਤਾ ਨਹੀਂ ਕਿ ਮਨੁੱਖਾ ਜਨਮ ਕਿਨਾਂ ਅਮੋਲਕ ਤੇ ਦੁਲਭ ਹੈ ਤੇ ਇਸ ਦੀ ਸੰਭਾਲ ਵੀ ਆਪ ਹੀ ਕਰਣੀ ਹੈ। ਪ੍ਰਭੂ ਦਰ `ਤੇ ਕਿਸੇ ਦੇ ਨਿਜੀ ਜੀਵਨ ਲਈ ਉਤਰਦਾਈ ਨਾ ਕੋਈ ਧਾਰਮਕ ਆਗੂ ਹੈ ਤੇ ਨਾ ਕੋਈ ਰਾਜਸੀ ਆਗੂ। ਆਪਣੇ ਜੀਵਨ ਦੀ ਸੰਭਾਲ ਤਾਂ “ਜਿਸ ਕੇ ਜੀਅ ਪਰਾਣ ਹਹਿ, ਕਿਉ ਸਾਹਿਬੁ ਮਨਹੁ ਵਿਸਾਰੀਐ॥ ਆਪਣ ਹਥੀ ਆਪਣਾ ਆਪੇ, ਹੀ ਕਾਜੁ ਸਵਾਰੀਐ” (ਪੰ: 474) ਅਤੇ “ਮਤੁ ਕੋ ਜਾਣੈ ਜਾਇ, ਅਗੈ ਪਾਇਸੀ॥ ਜੇਹੇ ਕਰਮ ਕਮਾਇ, ਤੇਹਾ ਹੋਇਸੀ” (ਪੰ: 730) ਗੁਰਬਾਣੀ `ਚ ਸੈਂਕੜੇ ਪ੍ਰਮਾਣ ਹਨ ਜੋ ਇਸ ਰੱਬੀ ਸੱਚ ਨੂੰ ਪ੍ਰਗਟ ਕਰ ਰਹੇ ਹਨ। ਜਦਕਿ ਉਥੇ ਵੀ ਰੰਗ ਬੱਝਾ ਪਿਆ ਸੀ, ਉਹ ਰੰਗ ਜਿਨ੍ਹਾਂ ਨੂੰ ਇਨ੍ਹਾਂ ਸ਼ਬਦਾਂ `ਚ ਗੁਰਦੇਵ ਨੇ ਤੱਬਾਹੀ ਤੋਂ ਬਾਅਦ ਵਾਲੇ ਦ੍ਰਿਸ਼ ਦੇ ਤੌਰ `ਤੇ ਬਿਆਣਿਆਂ ਹੈ ਜਿਵੇਂ “ਧਨੁ ਜੋਬਨੁ ਦੁਇ ਵੈਰੀ ਹੋਏ ਜਿਨੀੑ ਰਖੇ ਰੰਗੁ ਲਾਇ॥ ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ” (ਪੰ: 417)।
ਰਤਨ ਵਿਗਾੜਿ ਵਿਗੋਏ ਕੁਤੀਂ- ਇਨ੍ਹਾਂ ਸ਼ਬਦਾਂ `ਚ ਗੁਰਦੇਵ ਦਾ ਫ਼ੈਸਲਾ ਹੈ ਕਿ ਇਸ ਸਾਰੀ ਤੱਬਾਹੀ ਦਾ ਕਾਰਨ ਇੱਕੌ ਹੁੰਦਾ ਹੈ, ਬਹੁਤੇ ਨਹੀਂ; ਉਹ ਹੈ “ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ” (ਪੰ: 417)। ਭਾਵ ਜਦੋਂ ਮਨੁੱਖ ਨੂੰ ਸਮਝ ਹੀ ਨਹੀਂ ਰਹਿੰਦੀ ਕਿ ਅਨੇਕਾਂ ਜੂਨਾਂ `ਚੋਂ ਕਢ ਕੇ, ਪ੍ਰਭੂ ਨੇ, ਸਾਨੂੰ ਮਨੁੱਖਾ ਜਨਮ ਦਿੱਤਾ ਹੈ ਤਾਂ ਕਿਸ ਪ੍ਰਾਪਤੀ ਲਈ? ਹੀਰੇ, ਜਵਾਹਰਾਤਾਂ, ਰਤਨਾਂ ਤੋਂ ਮਹਿੰਗੇ ਇਸ ਅਮੁਲੇ ਜਨਮ ਨੂੰ ਜਦੋਂ ਮਨੁੱਖ, ਕੁਰਾਹੇ ਪੈ ਕੇ ਕੁੱਤੇ ਗਵਾਈਂ ਖ਼ਤਮ ਕਰ ਦਿੰਦਾ ਹੈ ਤਾਂ ਸਰੀਰ ਤਿਆਗਣ ਬਾਅਦ ਪ੍ਰਭੂ ਦੀ ਦਰਗਾਹ `ਚ ਵੀ ਇਸ ਦਾ ਕੌਡੀ ਮੁੱਲ ਨਹੀਂ ਪੈਂਦਾ। ਇਸ ਦੇ ਲਈ ਫ਼ਿਰ ਤੋਂ ਜਨਮਾਂ ਦਾ ਚੱਕਰ ਹੀ ਚਾਲੂ ਹੋ ਜਾਂਦਾ ਹੈ, ਪ੍ਰਭੂ `ਚ ਅਭੇਦ ਨਹੀਂ ਹੋ ਸਕਦਾ।
ਇਸ ਤਰ੍ਹਾਂ ਇਹ ਤਿੰਨੇ ਵਰਗ (੧) ਰਾਜਸੀ ਆਗੂ (੨) ਧਾਰਮਕ ਆਗੂ (੩) ਪ੍ਰਜਾ (ਲੋਕਾਈ) ਆਪਣੇ ਮਨੁੱਖਾ ਜਨਮ ਦੀ ਅਸਲੀਅਤ ਤੋਂ ਪਰੇ ਜਾ ਚੁੱਕੇ ਖੜਮਸਤੀਆਂ ਕਰ ਰਹੇ ਜੀਵਨ ਅਜ਼ਾਈਂ ਬਤੀਤ ਕਰ ਰਹੇ ਹੁੰਦੇ ਹਨ। ਅਜਿਹੇ ਬੱਦਤਰ ਹਾਲਾਤ `ਚ ਇਨ੍ਹਾਂ `ਚੋਂ ਹੀ ਚੌਥਾ ਵਰਗ ਵੀ ਪਣਪਦਾ ਹੈ। ਬੇਸ਼ੱਕ ਉਸ ਵਰਗ ਦਾ ਵਾਸਾ ਤਿੰਨਾਂ ਵਰਗਾਂ `ਚ ਹੁੰਦਾ ਪਰ ਅਜਿਹੇ ਬਣ ਚੁੱਕੇ ਸਾਮਾਜਿਕ ਹਾਲਾਤ `ਚ ਉਨ੍ਹਾਂ ਦਾ ਦੰਮ ਘੁੱਟ ਰਿਹਾ ਹੁੰਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ:
(ੳ) “ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ” (ਪੰ: 360) ਇਹ ਇਵੇਂ ਹੈ ਜਿਵੇਂ ਗਊਆਂ ਦੇ ਝੁੰਡ `ਤੇ ਜੇ ਕੋਈ ਸ਼ੇਰ ਹਮਲਾ ਕਰ ਦੇਵੇ ਤਾਂ ਗੁਰਦੇਵ ਦਸਦੇ ਹਨ, ਤਾਂ ਉਸ ਦੇ ਮਾਲਿਕ ਦਾ ਫ਼ਰਜ਼ ਬਣਦਾ ਹੈ ਕਿ ਆਪਣੀਆਂ ਕਮਜ਼ੋਰ ਗਊਆਂ ਦੀ ਰਾਖੀ ਕਰੇ। ਇਸੇ ਤਰ੍ਹਾਂ ਸਮਾਜ ਦੇ ਤਿੰਨੇ ਵਰਗ ਜਦੋਂ ਪ੍ਰਭੂ ਪਿਆਰਿਆਂ ਅਤੇ ਉਨ੍ਹਾਂ ਦੇ ਨਾਲ ਹੀ ਮਜ਼ਲੂਮਾਂ-ਕਮਜ਼ੋਰਾਂ ਲਈ ਆਪਣੇ ਆਪਣੇ ਢੰਗ ਨਾਲ ਖੁੰਖਾਰ ਭੇੜੀਏ ਬਣ ਜਾਂਦੇ ਹਨ ਤਾਂ ਅਕਾਲਪੁਰਖ ਕੋਈ ਨਾ ਕੋਈ ਬਾਨ੍ਹਣ ਬੰਨ ਦਿੰਦਾ ਹੈ ਜਿਸ ਤੋਂ ਭੂਤਰੇ ਇਨ੍ਹਾਂ ਤਿੰਨਾਂ ਵਰਗਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲਦੀ ਹੈ। ਉਪ੍ਰੰਤ ਪ੍ਰਭੂ ਪਿਆਰਿਆਂ ਅਤੇ ਉਨ੍ਹਾਂ ਕਮਜ਼ੋਰਾਂ-ਨਿਤਾਣਿਆਂ ਦੀ ਹਿਫ਼ਾਜ਼ਤ ਵੀ ਹੋ ਜਾਂਦੀ ਹੈ, ਉਹ ਵੀ ਸੁੱਖ ਦਾ ਸਾਹ ਲੈਂਦੇ ਹਨ।
(ਅ) ਇਸ ਦੇ ਉਲਟ ਜਿਵੇਂ ਮੰਨਿਆਂ ਜਾ ਰਿਹਾ ਹੈ ਕਿ ਭਗਵਾਨ ਸਮੇਂ ਸਮੇਂ ਨਾਲ ਜਨਮ ਲੈ ਕੇ ਧਰਤੀ `ਤੇ ਆਪ ਆਉਂਦਾ ਹੈ, ਗੁਰਬਾਣੀ ਅਨੁਸਾਰ ਇਹ ਧਾਰਣਾ ਬਿਲਕੁਲ ਨਿਰਮੂਲ ਹੈ।
(ੲ) ਚੂੰਕਿ ਅਜਿਹੀਆਂ ਤੱਬਾਹੀਆਂ ਲਈ ਦੋਸ਼ੀ ਸਮਾਜ ਖੁਦ ਹੁੰਦਾ ਹੈ ਇਸ ਲਈ ਅਜਿਹੀਆਂ ਤੱਬਾਹੀਆਂ ਲਈ ਕਰਤਾਰ ਆਪਣੇ ਉਪਰ ਦੋਸ਼ ਕਿਉਂ ਲਵੇ? ਭਾਵ ਪ੍ਰਭੂ ਆਪਣੇ `ਤੇ ਦੋਸ਼ ਨਹੀਂ ਲੈਂਦਾ। ਇਥੇ ਵੀ “ਆਪੈ ਦੋਸੁ ਨ ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ” (ਪੰ: 360) ਜਿਵੇਂ ਇਥੇ ਉਸ ਨੇ ਸਮਾਜ ਦੇ ਤਿੰਨਾਂ ਵਰਗਾਂ ਨੂੰ ਆਪਣੇ ਕੀਤੇ ਦੀ ਸਜ਼ਾ ਦੇਣ ਲਈ ਖੁਰਾਸਾਨ ਤੋਂ ਮੁਗ਼ਲਾਂ ਨੂੰ, ਇਨ੍ਹਾਂ ਦੀ ਮੌਤ ਬਣਾ ਕੇ, ਭੇਜ ਦਿੱਤਾ ਇਸ ਤਰ੍ਹਾਂ ਇਹੀ ਨਿਯਮ ਰਹਿੰਦੀ ਦੁਨੀਆਂ ਤੱਕ ਲਾਗੂ ਹੁੰਦਾ ਹੈ।
(ਸ) ਦਰ ਅਸਲ ਇਨ੍ਹਾਂ ਵਰਗਾਂ ਦੇ ਕੁਰਾਹੇ ਪੈਣ ਦਾ ਤੇ ਜੀਵਨ ਦੀ ਅਸਲੀਅਤ ਤੋਂ ਪਰੇ ਜਾਣ ਦਾ ਕਾਰਨ ਵੀ “ਇਸੁ ਜਰ ਕਾਰਣਿ ਘਣੀ ਵਿਗੁਤੀ, ਇਨਿ ਜਰ ਘਣੀ ਖੁਆਈ॥ ਪਾਪਾ ਬਾਝਹੁ ਹੋਵੈ ਨਾਹੀ, ਮੁਇਆ ਸਾਥਿ ਨ ਜਾਈ” (ਪੰ: 417) ਹੁੰਦਾ ਹੈ ਭਾਵ ਘਟੀਆ, ਗ਼ਲੀਚ ਤੇ ਜ਼ਾਲਮਾਨਾ ਤ੍ਰੀਕਿਆਂ ਨਾਲ ਇਕੱਠੀ ਕੀਤੀ ਧੰਨ-ਦੌਲਤ ਤੇ ਤਾਕਤ। ਇਸ ਨੇ ਮਨੁੱਖ ਅੰਦਰੋਂ ਚੰਗੇ ਮੰਦੇ ਦੀ ਪਹਿਚਾਣ ਹੀ ਮੁਕਾਅ ਦਿੱਤੀ ਹੁੰਦੀ ਹੈ। ਇਹੀ ਕਾਰਨ ਸੀ ਕਿ ਬਾਬਰ ਦੇ ਹਮਲੇ ਨਾਲ ਅਜਿਹੀ ਭਿਅੰਕਰ ਤੱਬਾਹੀ ਹੋਈ, ਜਿਸ ਦਾ ਵਰਨਣ ਇਨ੍ਹਾਂ ਸ਼ਬਦਾਂ `ਚ ਆਇਆ ਹੈ।
(ਹ) ਇਹ ਵੀ ਕਰਤੇ ਦੀ ਹੀ ਖੇਡ ਹੈ ਕਿ “ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ” (ਪੰ: 417) ਤਾਂ ਜਿਸ ਮਨੁੱਖ ਜਾਂ ਸਮਾਜ ਨੂੰ ਕੋਈ ਸਜ਼ਾ ਦੇਣੀ ਹੋਵੇ ਤਾਂ ਕਰਤਾ ਉਸ ਅੰਦਰੋਂ ਬਾਕੀ ਚੰਗੇ ਗੁਣ ਵੀ ਆਪ ਹੀ ਖੋਹ ਲੈਂਦਾ ਹੈ। ਇਸ ਤਰ੍ਹਾਂ ਕੀਤੇ ਦੀ ਸਜ਼ਾ ਦੇਣ ਲਈ ਉਸ ਦੀ ਅਥਵਾ ਉਨ੍ਹਾਂ ਦੀ ਮੱਤ ਨੂੰ ਹੀ ਪੁੱਠੇ ਪਾਸੇ ਪਾ ਦਿੰਦਾ ਹੈ। #202s10.03.10#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
Including this Self Learning Gurmat Lesson No 202
“ਆਪੈ ਦੋਸੁ ਨ ਦੇਈ ਕਰਤਾ…”
For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808
web site- www.gurbaniguru.org
.