.

ਅਖੌਤੀ “ਦਸਮ ਗ੍ਰੰਥ” ਬਾਰੇ ਕੁੱਝ ਸਵਾਲ
ਦਲਬੀਰ ਸਿੰਘ ਐੱਮ. ਐੱਸ. ਸੀ.

ਭੂਮਿਕਾ: ਇਹ ਗ੍ਰੰਥ ਜਦੋਂ ਤੋਂ ਹੋਂਦ ਵਿੱਚ ਆਇਆ ਹੈ ਤਦ ਤੋਂ ਹੀ ਵਿਵਾਦ ਦੇ ਘੇਰੇ ਵਿੱਚ ਫਸਿਆ ਹੋਇਆ ਹੈ। ਕੁੱਝ ਵਿਦਵਾਨ ਇਸ ਗ੍ਰੰਥ ਨੂੰ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਨਹੀਂ ਮੰਨਦੇ ਪਰ ਕੁੱਝ ਲੋਗ ਇਸ ਗ੍ਰੰਥ ਨੂੰ ਦਸਵੇਂ ਨਾਨਕ ਦੀ ਰਚਨਾ ਮੰਨਦੇ ਹਨ। ਇਸ ਗ੍ਰੰਥ ਦੀਆਂ ਫੁਟਕਲ ਰਚਨਾਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਈ ਸਾਲਾਂ ਬਾਦ ਹੋਂਦ ਵਿੱਚ ਆਈਆਂ (ਵੇਖੋ ਪਹਿਲੀ ਪੋਥੀ ਡਾ: ਰਤਨ ਸਿੰਘ ਜੱਗੀ)। ਸਵਾਰਥੀ, ਲਾਲਚੀ ਤੇ ਵਿਰੋਧੀ ਲੋਕਾਂ ਨੇ ਇਸ ਦੀ ਮਨ-ਭਾਉਂਦੀ ਕੁਵਰਤੋਂ ਕੀਤੀ।
ਸਭ ਜਾਣਦੇ ਹਨ ਕਿ ਦਸਵੇਂ ਨਾਨਕ ਜੀ ਨੇ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਦੇ ਰਚੇ ਆਦਿ ਗ੍ਰੰਥ ਵਿੱਚ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਅਤੇ ਇਸੇ ਗ੍ਰੰਥ ਨੂੰ ਸੰਨ ੧੭੦੮ ਵਿੱਚ ਗੁਰੂ ਪਦਵੀ ਪ੍ਰਦਾਨ ਕੀਤੀ। ਤਦ ਤੋਂ ਗੁਰਸਿਖ ਸ਼ਬਦ-ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਜੁਗੋ ਜੁਗ ਅਟਲ ਪੂਰਨ ਗੁਰੂ ਜਾਣ ਕੇ ਮੱਥਾ ਟੇਕਦੇ ਹਨ; ਕੇਵਲ ਇਸੇ ਗ੍ਰੰਥ ਦੀ ਬਾਣੀ ਨੂੰ ਗੁਰਬਾਣੀ ਮੰਨਦੇ/ਕਮਾਉਂਦੇ ਹਨ ਅਤੇ ਜੀਵਨ ਸਫ਼ਲਾ, ਲੋਕ-ਪਰਲੋਕ ਸੁਹੇਲਾ, ਕਰਦੇ ਹਨ।
ਕੁਝ ਲੋਗ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕਰਕੇ ਗੁਰਸਿਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨਾ ਚਾਹੁੰਦੇ ਹਨ। ਇਹ ਗ੍ਰੰਥ ਤਿੰਨ ਬ੍ਰਾਹਮਣੀ ਗ੍ਰੰਥਾਂ ਤੇ ਆਧਾਰਿਤ ਹੈ। ਇਸ ਗ੍ਰੰਥ ਵਿੱਚ ਅਨੇਕਾਂ ਪ੍ਰਸੰਗਾਂ ਦੇ ਅਖੀਰ ਤੇ ਲਿਖੇ ਸਮਾਪਤੀ ਸੰਕੇਤ “ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਾਰਕੰਡੇ ਪੁਰਾਣੇ…” (ਇਸ਼ਟ ਦੇਵੀ ਦੁਰਗਾ) ਅਤੇ “ਇਤੀ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦਸਮ ਸਕੰਧ ਪੁਰਾਣੇ. . “ (ਵਿਸ਼ਨੂ ਦੇ ੨੪ ਅਵਤਾਰਾਂ ਦਾ ਗ੍ਰੰਥ, ਦਸਮ ਸਕੰਧ ਵਿੱਚ ਕ੍ਰਿਸ਼ਨ ਕਥਾਵਾਂ, ਸਕੰਧ ਦਾ ਅਰਥ ਹੈ ਮੁਖ ਅਧਆਇ) ਸਿਧ ਕਰਦੇ ਹਨ ਕਿ ਇਹ ਗ੍ਰੰਥ (੧) ਮਾਰਕੰਡੇ ਪੁਰਾਣ: ਦੇਵੀ ਦੁਰਗਾ ਦੇ ਵਾਮ-ਮਾਰਗੀ ਪੁਜਾਰੀਆਂ ਦਾ ਗ੍ਰੰਥ,
(੨) ਸ਼ਿਵ ਪੁਰਾਣ: ਸ਼ਿਵ /ਮਹਾਕਾਲ ਦੇ ਉਪਾਸਕ ਜਾਦੂ-ਟੂਣੇ ਕਰਣ ਵਾਲੇ ਤੇ ਭੰਗ-ਸ਼ਰਾਬ ਪੀਣ ਵਾਲੇ ਤਾਂਤ੍ਰਿਕਾਂ ਦਾ ਗ੍ਰੰਥ
(੩) ਸ੍ਰੀਮਦ ਭਾਗਵਤ ਪੁਰਾਣ: ਵਿਸ਼ਨੂੰ ਪੂਜਕਾਂ ਦਾ ਗ੍ਰੰਥ, ਜਿਸ ਵਿੱਚ ਦਸਮ ਸਕੰਧ ਅਰਥਾਤ ਦਸਵੇਂ ਅਧਿਆਇ ਵਿੱਚ ਵਿਸ਼ਨੂੰ ਦੇ ਅਵਤਾਰ ‘ਕ੍ਰਿਸ਼ਨ` ਦੀ ਪੂਰੀ ਜੀਵਨ-ਕਥਾ ਲਿਖੀ ਹੈ, ਤੇ ਆਧਾਰਿਤ ਕਵੀ-ਰਚਨਾਵਾਂ ਹਨ।
ਤ੍ਰਿਯਾ ਚਰਿਤ੍ਰ/ਚਰਿਤ੍ਰੋ ਪਾਖਯਾਨ ਅਤੇ ਹਿਕਾਯਤਾਂ ਦੇ ਛਲ-ਕਪਟ-ਵਿਭਚਾਰ-ਨਸ਼ੇ-ਅਸ਼ਲੀਲਤਾ ਸਿਖਾਉਣ ਵਾਲੇ ਔਰਤਾਂ ਦੇ ਕਿੱਸੇ ਸ਼ਿਵ ਪੁਰਾਣ ਵਿੱਚ ਲਿਖੇ ਨਾਰਦ ਤੇ ਇੱਕ ਅਪਸਰਾ ਦੀ ਵਾਰਤਾਲਾਪ (ਇਸਤ੍ਰੀਯੋਂ ਕੇ ਸਵਭਾਵ) ਤੇ ਆਧਾਰਿਤ ਹਨ। ਦੇਵਤਾ ਸ਼ਿਵ (ਮਹਾਕਾਲ, ਸਰਬਕਾਲ, ਸਰਬਲੋਹ. .) ਤੇ ਸ਼ਿਵ ਦੀ ਪਤਨੀ ਦੇਵੀ ਪਾਰਵਤੀ (ਸ਼ਿਵਾ, ਦੁਰਗਾ, ਚੰਡੀ, ਭਗਉਤੀ, ਕਾਲੀ, ਭਵਾਨੀ, ਮਹਾਕਾਲੀ, ਕਾਲਕਾ, ਕਾਲ…) ਦਸਮ ਗ੍ਰੰਥ`ਚ ਪੂਜਣ-ਯੋਗ ਇਸ਼ਟ ਹਨ; ਪੜੋ ਜੀ, ਪੰਨਾ ੭੩ ਤੇ:-
ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। (ਪੂਰੇ ਗ੍ਰੰਥ ਵਿੱਚ ਇਸ਼ਟ ਦਾ ਸਰੂਪ)
ਇਸ ਗ੍ਰੰਥ ਦੀ ਅਸਲੀਯਤ ਜਾਣਨ ਲਈ ਡੂੰਘੀ ਪੜਚੋਲ ਕਰਨੀ ਅਤਿ ਜ਼ਰੂਰੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਵਿਚਾਰਧਾਰਾ (ਗੁਰਮਤਿ ਸਿਧਾਂਤ, ਕਈ ਟੀਕਾਕਾਰਾਂ ਦੇ ਟੀਕੇ) ਸਮਝਣ ਉਪਰੰਤ, ਡਾ: ਰਤਨ ਸਿੰਘ ਜੱਗੀ, ਸਾਬਕਾ ਵਾਈਸ-ਚਾਂਸਲਰ, ਪੰਜਾਬੀ ਵਰਸਿਟੀ, ਪਟਿਆਲਾ ਦੀਆਂ ਪੁਸਤਕਾਂ ‘ਗੁਰੂ ਨਾਨਕ ਵਿਚਾਰਧਾਰਾ`, ‘ਦਸਮ ਗ੍ਰੰਥ ਦਾ ਕਰਤ੍ਰਿਤਵ` ਅਤੇ ਪੰਜ ਪੋਥੀਆਂ ਵਿੱਚ ਕੀਤਾ ਇਸ ਕਹੇ ਜਾਂਦੇ ਦਸਮ ਗ੍ਰੰਥ ਦਾ ਟੀਕਾ ਅਤੇ ਉਪਰ ਲਿਖੇ ਬ੍ਰਾਹਮਣੀ ਗ੍ਰੰਥ ਹਿੰਦੀ-ਭਾਸ਼ਾ-ਅਨੁਵਾਦ-ਸਹਿਤ ਪੜ੍ਹਨ ਉਪਰੰਤ ਹੇਠ ਲਿਖੇ ਸਵਾਲ ਸ੍ਹਾਮਣੇ ਆਉਂਦੇ ਹਨ:-
ਇਕ ਮੁਢਲਾ ਸਵਾਲ: ਜਿਸ ਕਿਸੀ ਗ੍ਰੰਥ ਨੂੰ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ-ਗੱਦੀ (ਗੁਰੂ-ਪਦਵੀ) ਪ੍ਰਦਾਨ ਨਹੀ ਕੀਤੀ, ਕੀ ਉਸ ਗ੍ਰੰਥ ਦੀ ਕਿਸੇ ਰਚਨਾ ਨੂੰ ਗੁਰੂ-ਬਾਣੀ ਮੰਨਿਆ ਜਾ ਸਕਦਾ ਹੈ?
ਸਵਾਲ ਨੰ ੧:- ਜੇ ਇਸ ਗ੍ਰੰਥ ਦੀ ਹਰ ਰਚਨਾ ਗੁਰਬਾਣੀ ਹੈ ਤਾਂ ਦਸੋ, ਗੁਰਬਾਣੀ ਦਾ ਇੱਕ ਵੀ ਅੱਖਰ ਜਾਂ ਲਗ-ਮਾਤਰਾ ਘਟਾਈ, ਵਧਾਈ ਜਾਂ ਬਦਲੀ ਜਾ ਸਕਦੀ ਹੈ? (ਯਾਦ ਕਰੀਏ ਸਾਖੀ ਬਾਬਾ ਰਾਮਰਾਇ ਜੀ ਦੀ; ਗੁਰਬਾਣੀ ਦੀ ਇੱਕ ਪੰਕਤੀ ‘ਮਿਟੀ ਮੁਸਲਮਾਨ ਕੀ … ਬਦਲ ਕੇ ‘ਮਿਟੀ ਬੇਈਮਾਨ ਕੀ…` ਕਹੀ ਤਾਂ ਗੁਰੂ ਹਰਿ ਰਾਇ ਜੀ ਨੇ ਸਿੱਖੀ ਤੋਂ ਛੇਕ ਦਿੱਤਾ ਸੀ।)
ਸਵਾਲ ਨੰ: ੨:- ਇਸ ਗ੍ਰੰਥ ਦਾ ਪੂਰਬਲਾ ਨਾਂ ਬਚਿਤ੍ਰ ਨਾਟਕ ਗ੍ਰੰਥ ਹੈ; ਜੈਸਾ ਕਿ ਅਨੇਕਾਂ ਪੰਨਿਆਂ ਤੇ ਲਿਖੇ ਪ੍ਰਸੰਗਾਂ ਦੇ ਸਮਾਪਤੀ ਸੰਕੇਤ ‘ਇਤੀ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ……` ਸਿੱਧ ਕਰਦੇ ਹਨ। ਤਾਂ ਦਸੋ, ਕੀ ਕਿਸੇ ਗ੍ਰੰਥ ਜਾਂ ਪੁਸਤਕ ਦਾ ਨਾਂ ਲਿਖਾਰੀ ਦੀ ਇਜਾਜ਼ਤ ਤੋਂ ਬਿਨਾ ਬਦਲਿਆ ਜਾ ਸਕਦਾ ਹੈ? ? ਕਦੀ ਇਸ ਗ੍ਰੰਥ ਨੂੰ “ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ” ਲਿਖਦੇ ਹਨ ਤੇ ਹੁਣ “ਸ੍ਰੀ ਦਸਮ ਗ੍ਰੰਥ ਸਾਹਿਬ”। ਇਸ ਗ੍ਰੰਥ ਦਾ ਸਹੀ ਨਾਂ ਸੋਧਕ ਕਮੇਟੀ ਵੀ ਨਹੀ ਦਸ ਸਕੀ।
ਸਵਾਲ ਨੰ: ੩:- ਇੱਕ ਸੋਧਕ ਕਮੇਟੀ ਨੇ ਸੰਨ ੧੮੯੭ ਵਿੱਚ ਇਸ ਗ੍ਰੰਥ ਦੀ ਸੁਧਾਈ (?) ਮੁਕੰਮਲ ਕੀਤੀ। ੧੮੯ ਸਾਲ ਸੁਧਾਈ ਕਰਨ ਵਿੱਚ ਲਗੇ? ਸੁਧਾਈ ਹੋਈ ਕਿ ਮਿਲਾਵਟ ਜਾਂ ਹੇਰਾ-ਫੇਰੀ, ਕੋਈ ਯਕੀਨ ਨਾਲ ਕਿਵੇਂ ਕਹਿ ਸਕਦਾ ਹੈ?
ਸਵਾਲ ਨੰ: ੪:- ਕੀ ਧੁਰ ਕੀ ਬਾਣੀ ਦੀ ਸੁਧਾਈ ਕੋਈ ਸਿਖ ਜਾਂ ਕਮੇਟੀ ਕਰ ਸਕਦੇ ਹਨ? (ਬਚਿਤ੍ਰ ਨਾਟਕ ਗ੍ਰੰਥ ਨੂੰ ਸੋਧਣ ਵਾਲੇ ਖ਼ੁਦ ਆਪ ਮੰਨ ਰਹੇ ਹਨ ਕਿ ਇਸ ਗ੍ਰੰਥ ਦੀ ਬਾਣੀ ਕੱਚੀ ਬਾਣੀ ਹੈ, ਸੋਧਣ ਦਾ ਮਤਲਬ ਹੈ ਗਲਤੀਆਂ ਸੁਧਾਰਣਾ। ਭਲਾ ਦੱਸੋ, ਗੁਰੂ-ਕਰਤਾਰ ਦੀ/ਧੁਰ ਕੀ ਸੱਚੀ ਬਾਣੀ ਨੂੰ ਸੋਧਣ ਦੀ ਕਦੇ ਲੋੜ ਪੈ ਸਕਦੀ ਹੈ?
ਸਵਾਲ ਨੰ: ੫:- ਸੰਨ ੧੯੬੭ ਦੀ ਛਪੀ ਇਸ ਗ੍ਰੰਥ ਦੀ ਬੀੜ ਵਿੱਚ ‘ਅਕਾਲ ਉਸਤਤਿ` ਸਿਰਲੇਖ ਕਿਸੇ ਰਚਨਾ ਉਪਰ ਨਹੀ ਲਿਖਿਆ। ਤਾਂ ਦਸੋ, ਕਿਹੜੀ ਦੁਬਾਰਾ ਬਣੀ ਸੋਧਕ ਕਮੇਟੀ ਨੇ ਕਦੋਂ ਤੇ ਕਿਉਂ ਉਹ ਰਚਨਾ ਅਕਾਲ ਉਸਤਤਿ ਮੰਨ ਲਈ ਜਿਸ ਵਿੱਚ ੨੦ ਛੰਦ (ਨੰ: ੨੧੧ ਤੋਂ ੨੩੦ ਤਕ, ਜੈ ਜੈ ਹੋਸੀ ਮਹਿਖਾਸੁਰ ਮਰਦਨ…) ਦੇਵੀ ਦੁਰਗਾ ਦੀ ਉਸਤਤਿ ਕਰਦੇ ਹਨ?
ਸਵਾਲ ਨੰ: ੬:- ਗੁਰੂ ਗ੍ਰੰਥ ਸਾਹਿਬ ਜੀ ਵਿੱਚ ੩੩ ਥਾਂਈ ਸੰਪੂਰਣ ਮੂਲ ਮੰਤਰ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। “ ਅੰਕਿਤ ਹੈ। ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਰਜ ਨੌਵੇਂ ਨਾਨਕ ਜੀ ਦੀ ਬਾਣੀ (ਸਿਰਲੇਖ ਮਹਲਾ ੯) ਰਾਗ ਜੈਜਾਵੰਤੀ ਮਹਲਾ ੯ ਬਾਣੀ ਦੇ ਸ਼ੁਰੂ ਵਿੱਚ ਅੰਕਿਤ ਸੰਪੂਰਣ ਮੂਲ ਮੰਤਰ ਪੜ੍ਹੋ ਜੀ। ਪਰ ਸਮੁਚੇ ਬਚਿਤ੍ਰ ਨਾਟਕ ਗ੍ਰੰਥ ਵਿੱਚ ਕਿਧਰੇ ਵੀ ਸੰਪੂਰਣ ਮੂਲ ਮੰਤਰ ਨਹੀ ਲਿਖਿਆ, ਕਿਉਂ! ! ? ?
ਸਵਾਲ ਨੰ: ੭:- ਕੀ ਦਸਵੇਂ ਨਾਨਕ ਨੌਵੇਂ ਨਾਨਕ ਤਕ ਚਲੀ ਆ ਰਹੀ ਮਰਯਾਦਾ ਜਾਂ ਸੰਪੂਰਣ ਮੂਲ ਮੰਤਰ ਭੁੱਲ ਗਏ ਹੋਣਗੇ? ?
ਸਵਾਲ ਨੰ: ੮:- ਮੰਗਲਾਚਰਨ ਅਥਵਾ ਸੰਖੇਪ ਮੂਲ ਮੰਤਰ “ੴ ਸਤਿਗੁਰਪ੍ਰਸਾਦਿ।। “ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰ (ਮਹਲਾ ੧, ੩, ੪, ੫, ੯, ਜਾਂ ਭਗਤ ਦਾ ਨਾਂ) ਜਾਂ ਘਰੁ (੧, ੨, . . ਪੜਤਾਲ) ਜਾਂ ਕਿਤੇ ਰਾਗ ਬਦਲਣ ਤੇ ਸ਼ੁਰੂ ਵਿੱਚ ਅੰਕਿਤ ਕੀਤਾ ਗਿਆ ਹੈ; ਕਈ ਅੰਗਾਂ ਤੇ ਤਿੰਨ ਵਾਰੀ ਵੀ ਲਿਖਿਆ ਹੈ। ਉਚੇਚਾ ਨੋਟ ਕਰੋ ਜੀ ਕਿ ਹੋਰ ਕੋਈ ਮੂਲ-ਮੰਤਰ ਨਹੀ ਲਿਖਿਆ। ਤਾਂ ਦਸੋ, ਇਸ ਗ੍ਰੰਥ ਵਿੱਚ ਬਹੁਤ ਘਟ ਥਾਂਈਂ ੴ ਸਤਿਗੁਰਪ੍ਰਸਾਦਿ ਲਿਖਿਆ ਹੈ; ਕੁੱਝ ਕੁ ਥਾਈਂ ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ।। (ਹਾਲਾਂਕਿ ਫ਼ਤਹਿ ਬੁਲਾਉਂਦਿਆਂ ਸ੍ਰੀ ਉਚਾਰਣਾ ਪੰਜ ਪਿਆਰੇ ਮਨ੍ਹਾ ਕਰਦੇ ਹਨ) ਅਤੇ ਬੇਅੰਤ ਥਾਂਈਂ ਦੇਵੀ-ਦੁਰਗਾ-ਬੋਧਕ “ਸ੍ਰੀ ਭਗਉਤੀ ਜੀ ਸਹਾਇ।। “ ਜਾਂ “ਸ੍ਰੀ ਭਗੌਤੀ ਏ ਨਮਹ।। “ ਲਿਖਿਆ ਮਿਲਦਾ ਹੈ, ਕਿਉਂ?
ਸਵਾਲ ਨੰ: ੯:- ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਸ਼ਟ ਦਾ ਸਰੂਪ ਸੰਪੂਰਣ ਮੂਲ ਮੰਤਰ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। ਵਿੱਚ ਦਰਸਾਇਆ ਇਕੋ-ਇਕ ਇਕ-ਰਸ ਸਦਾ-ਕਾਇਮ ਨਾਮ ਵਾਲਾ ਪਰਮਾਤਮਾ, ਸ੍ਰਿਸ਼ਟੀ ਦਾ ਰਚਨਹਾਰਾ, ਸਰਬ-ਵਿਆਪਕ, ਸਰਬ ਸ਼ਕਤੀਮਾਨ, ਪ੍ਰੇਮ ਸਰੂਪ, ਸਮੇਂ ਦੇ ਪ੍ਰਭਾਵ ਅਥਵਾ ਜਨਮ ਮਰਣ ਤੋਂ ਰਹਿਤ ਹਸਤੀ; ਜਿਸਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ। ਇਸੇ ਨੂੰ ਹੀ “ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ।। ਤੂ ਮੇਰਾ ਬੰਧਪੁ ਤੂ ਮੇਰਾ ਭ੍ਰਾਤਾ।। “ (ਅੰਗ ੧੦੩) ਗੁਰਬਾਣੀ ਅਨੁਸਾਰ ਅਸੀ ਮਾਤਾ-ਪਿਤਾ ਮੰਨਦੇ ਹਾਂ। ਪਰ ਇਸ ਗ੍ਰੰਥ ਵਿੱਚ ਇਸ਼ਟ ਦਾ ਸਰੂਪ ਪੰਨਾ ੭੩ ਤੇ ਇਉਂ ਲਿਖਿਆ ਹੈ; -
ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। ਅਰਥਾਤ, ਦੇਵਤਾ-ਸਰਬਕਾਲ ਅਤੇ ਉਸਦੀ ਸੰਗਿਨੀ ਦੇਵੀ-ਕਾਲਕਾ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਂ ਗੁਰਸਿਖਾਂ ਦੇ ਇਸ਼ਟ (ਪੂਜਣ ਜਾਂ ਆਰਾਧਣ ਯੋਗ ਹਸਤੀ) ਹੋ ਸਕਦੇ ਹਨ?
ਇਹ ਤਾਂ ਸ਼ਾਕਤ-ਮਤੀਏ ਵਾਮ-ਮਾਰਗੀ ਤਾਂਤ੍ਰਿਕਾਂ (ਜਾਦੂ ਟੂਣੇ ਕਰਣ ਵਾਲਿਆਂ) ਦਾ ਇਸ਼ਟ ਹਨ।
(ਨੋਟ: ਮਹਾਕਾਲ ਕਾਲਕਾ ਦੇ ਹੋਰ ਉਪਨਾਮ ਸਰਬਕਾਲ, ਅਸਿਧੁਜ, ਖੜਗਧੁਜ, ਅਸਿਕੇਤ, ਕਾਲ, ਕਾਲੀ, ਮਹਾਕਾਲੀ, ਚੰਡੀ, ਦੁਰਗਾ, ਭਵਾਨੀ, ਭਗੌਤੀ, ਭਗਉਤੀ, ਸ਼ਿਵਾ …ਆਦਿਕ ਅਨੇਕਾਂ ਨਾਂ ਦੇਵੀ ਜਾਂ ਮਹਾਕਾਲ ਉਸਤਤਿ ਵਿੱਚ ਲਿਖੇ ਹਨ।)
ਗੁਰਬਾਣੀ ਦਾ ਨਿਰਣਾ; ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ।। (ਰਾਮਕਲੀ ਮ: ੩, ਅਨੰਦੁ, ੯੨੦) ਅਰਥਾਤ ਦੇਵਤਾ ਸ਼ਿਵ ਅਤੇ ਸ਼ਕਤਿ ਸ਼ਿਵਾ ਨੂੰ ਪਰਮਾਤਮਾ (ੴ) ਨੇ ਪੈਦਾ ਕਰੇ ਆਪਣੇ ਅਧੀਨ ਰਖਕੇ ਹੁਕਮ ਚਲਾਇਆ।
ਸਵਾਲ ਨੰ: ੧੦:- ਇਸ ਗ੍ਰੰਥ ਵਿੱਚ ਕਿਸੇ ਰਚਨਾ ਵਿੱਚ ‘ਨਾਨਕ` ਪਦ ਤਖ਼ੱਲਸ (ਰਚਨਹਾਰੇ ਦੀ ਛਾਪ) ਨਹੀ ਲਿਖਿਆ, ਅਨੇਕਾਂ ਪੰਨਿਆਂ ਤੇ ਕਬਿ ਸਯਾਮ, ਕਬਿ ਰਾਮ, ਕਵਿ ਕਾਲ ਨਾਂ ਦੇ ਕਵੀਆਂ ਦੀ ਛਾਪ ਰਚਨਹਾਰੇ ਵਜੋਂ ਲਿਖੀ ਹੈ।
ਤਾਂ ਦਸੋ ਕੀ ਦਸਮ ਨਾਨਕ ਨੇ ਨੌਵੇਂ ਨਾਨਕ ਤਕ ਚਲੀ ਆ ਰਹੀ ਨਾਨਕ-ਪਦ ਪਰੰਪਰਾ ਨੂੰ ਤੋੜਿਆ ਹੋਵੇਗਾ?
ਸਵਾਲ ਨੰ: ੧੧:- ਗੁਰੂ ਗੋਬਿੰਦ ਸਿੰਘ ਜੀ ਤਕਰੀਬਨ ਸੰਨ ੧੬੭੧ ਤੋ ੧੭੦੫ ਤਕ ਅਰਥਾਤ ੩੪ ਸਾਲ ਪੰਜਾਬ ਵਿੱਚ ਰਹੇ; ਪੰਜਾਬੀ/ਗੁਰਮੁਖੀ ਵਿੱਚ ਲਿਖੀ ਗੁਰਬਾਣੀ ਪੜ੍ਹਦੇ, ਕੀਰਤਨ ਕਰਦੇ/ਸੁਣਦੇ ਅਤੇ ਪ੍ਰਚਾਰਦੇ ਰਹੇ, ਤਾਂ ਦਸੋ, ਇਸ ਗ੍ਰੰਥ ਜਿਸ ਵਿੱਚ ਬ੍ਰਜ ਭਾਸ਼ਾ, ਰਾਜਸਥਾਨੀ ਬੋਲੀ ਡਿੰਗਲ. . ਹੋਰ ਬੋਲੀਆਂ ਪ੍ਰਧਾਨ ਕਿਉਂ? ਗੁਰਮੁਖੀ ਕਿਉਂ ਨਹੀ?
ਸਵਾਲ ਨੰ: ੧੨:- ਗੁਰੂ ਗੋਬਿੰਦ ਸਿੰਘ ਜੀ ਸਿਖਾਂ ਦੇ ਗੁਰੂ ਸੰਨ ੧੬੭੫ ਤੋਂ ੧੭੦੮ (੩੩ ਸਾਲ) ਤਕ ਰਹੇ; ਇਸ ਸਮੇਂ ਦੌਰਾਨ ਨ ਕਦੀ ਹੇਮਕੁੰਟ ਪਰਬਤ ਤੇ ਗਏ ਅਤੇ ਨ ਹੀ ਉਹਨਾਂ ਦਾ “ਮਹਾਕਾਲ ਕਾਲਕਾ ਅਰਾਧੀ” ਅਰਥਾਤ ਦੇਵੀ-ਪੂਜਨ ਸਿੱਧ ਹੁੰਦਾ ਹੈ। ਤਾਂ ਦਸੋ, ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜੀ ਪਿਛਲੇ ਕਿਸੇ ਦੇ ਤਪਸਵੀ ਦੀ ਕਥਾ “ਅਬ ਮੈ ਅਪਨੀ ਕਥਾ ਬਖਾਨੋ. . “ ਨਾਲ ਗੁਰੂ ਸਾਹਿਬ ਦਾ ਕੀ ਸੰਬੰਧ? (ਸਾਡਾ ਗੁਰੂ ਗੋਬਿੰਦ ਸਿੰਘ ਜੀ ਨਾਲ ਗੁਰੂ-ਸਿਖ ਸੰਬੰਧ ਸੰਨ ੧੬੭੫ ਤੋਂ ਪਹਿਲੋਂ ਨਹੀ)
(ਨੋਟ: ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਆਉਣ ਤੋਂ ਪਹਿਲਾਂ ਦੇਵੀ-ਪੂਜਕ ਸਨ; ਵੈਸ਼ਨੋ ਦੇਵੀ ਦੇ ਧਾਮ ਜਾਂਦੇ ਸਨ। ਪਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਆਉਣ ਤੋਂ ਬਾਦ ਨ ਦੇਵੀ ਪੂਜੀ, ਨ ਦੇਵੀ-ਧਾਮ ਗਏ। ਸਿਖਾਂ ਲਈ ਵੈਸ਼ਨੋ-ਦੇਵੀ-ਧਾਮ ਗੁਰਧਾਮ ਨਹੀ ਤਾਂ ਹੇਮਕੁੰਟ ਗੁਰਧਾਮ ਕਿਵੇਂ? ਗੁਰਬਾਣੀ ਦਾ ਨਿਰਣਾ ਹੈ: ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮਰਾਜੇ।। (ਅੰਗ ੪੫੦) ਇਹੀ ਨਿਯਮ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਧਾਮਾਂ ਲਈ ਵਰਤੀਏ।)
ਸਵਾਲ ਨੰ: ੧੩:- ਇਸ ਗ੍ਰੰਥ ਵਿੱਚ ਮਹਾਕਾਲ ਦਾ ਸਿਖ ਬਣਾਉਣ ਦੀ ਵਿਧੀ ਚਰਿਤ੍ਰ ੨੬੬ ਦਾ ਆਖਰੀ ਦੋਹਰਾ (ਪੰਨਾ ੧੨੧੦) ਇਹ ਛਲ ਸੋ ਮਿਸਰਹਿ ਛਲਾ ਪਾਹਨ ਦਏ ਬਹਾਇ।।
ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਵਾਇ।।
ਤਾਂ ਦਸੋ, ਕੀ ਛਲ ਕਰਕੇ ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਵਿੱਚ ਸ਼ਾਮਲ ਕਰਨਾ ਜਾਇਜ਼ ਹੈ? ਗੁਰਬਾਣੀ ਦਾ ਫ਼ੈਸਲਾ: ਜਉ ਤਉ ਪ੍ਰੇਮ ਖੇਲਨ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।। (ਮਹਲਾ ੧ ਅੰ: ੧੪੧੨)
ਸਵਾਲ ਨੰ: ੧੪:- ਮਹਾਕਾਲ ਦਾ ਅਰਥ ਵਾਹਿਗੁਰੂ ਕਿਵੇਂ? ਮਹਾਕਾਲ ਦਾ ਸਿਖ ਭੰਗ ਤੇ ਸ਼ਰਾਬ ਪਿਲਾ ਕੇ ਬਣਾਇਆ ਜਾਂਦਾ ਹੈ ਨ ਕਿ ਖੰਡੇ-ਬਾਟੇ ਦੀ ਪਾਹੁਲ ਛਕਾ ਕੇ। ਸਿਖ ਨੂੰ ਭੰਗ-ਸ਼ਰਾਬ ਪੀਣੀ ਗੁਰਬਾਣੀ ਉੱਕਾ ਮਨ੍ਹਾ ਕਰਦੀ ਹੈ।
(ਨੋਟ: ਮਹਾਕਾਲ ਦਾ ਜ਼ਿਕਰ ਸ਼ਿਵ-ਪੁਰਾਣ ਦੀ ਦਵਾਦਸ਼ਲਿੰਗੰ (੧੨ ਲਿੰਗਾਂ) ਦੀ ਕਥਾ ਵਿੱਚ ਆਉਂਦਾ ਹੈ; ਮਹਾਕਾਲ ਦਾ ਮੰਦਿਰ ਮੱਧ ਪ੍ਰਦੇਸ਼ ਦੇ ਸ਼ਹਰ ਉਜੈਨ ਵਿੱਚ ਹੈ, ਜਿਥੇ ਭੰਗ-ਸ਼ਰਾਬ ਦਾ ਪਰਸ਼ਾਦ ਦਿੱਤਾ ਜਾਂਦਾ ਹੈ ਅਤੇ ਜਾਨਵਰ ਦੀ ਬਲੀ ਚੜ੍ਹਾਈ ਜਾਂਦੀ ਹੈ। ਚਰਿਤ੍ਰ ਨੰ: ੪੦੫ ਵਿੱਚ ਸਪਸ਼ਟ ਲਿਖਿਆ ਹੈ ਕਿ ਮਹਾਕਾਲ ਨੂੰ ਪਸੀਨਾ ਆਉਂਦਾ ਹੈ ‘ਭਯੋ ਪ੍ਰਸੇਤਾ` ਅਰਥਾਤ ਸ਼ਰੀਰਧਾਰੀ ਹੈ। ਸੋਧਕ ਕਮੇਟੀ ਨੇ ੧੯੬੭ ਦੀ ਛਪੀ ਬੀੜ ਵਿੱਚ ਫੁਟਨੋਟ ਵਿੱਚ ਮਹਾਕਾਲ ਦਾ ਅਰਥ ਵਾਹਿਗੁਰੂ ਲਿਖਕੇ ਅਪਣੀ ਅਗਿਆਨਤਾ ਦਾ ਪ੍ਰਤੱਖ ਸਬੂਤ ਦੇ ਦਿੱਤਾ ਹੈ। ਗੁਰਬਾਣੀ ਦਾ ਫ਼ੈਸਲਾ:- ਜਪਿ ਗੋਬਿੰਦੁ ਗੋਪਾਲ ਲਾਲੁ।। ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ।। (ਰਾਮਕਲੀ ਮ: ੫, ਅੰ: ੮੮੫) ਮਹਾਕਾਲ = ਮੌਤ ਦਾ ਦੇਵਤਾ।)
ਸਵਾਲ ਨੰ: ੧੪:- ਬਚਿਤ੍ਰ ਨਾਟਕ ਗ੍ਰੰਥ ਵਿੱਚ ਰਚਨਹਾਰੇ ਲਿਖਾਰੀਆਂ ਦੇ ਨਾਂ ਕਬਿ ਸਯਾਮ, ਕਬਿ ਰਾਮ ਤੇ ਕਬਿ ਕਾਲ ਅਨੇਕਾਂ ਪੰਨਿਆਂ ਤੇ ਲਿਖੇ ਹਨ। ਕਈ ਥਾਂਈਂ ਇਹ ਕਵੀ ਲਿਖਦੇ ਹਨ ਕਿ `ਚੂਕ ਹੋਇ ਕਬਿ ਲੇਹੁ ਸੁਧਾਰੀ।। ` ਕਵੀ ਤੋਂ ਕੋਈ ਗਲਤੀ ਹੋ ਜਾਵੇ ਤਾਂ ਪਾਠਕ ਆਪੇ ਹੀ ਸੋਧ ਲਵੇ ਅਰਥਾਤ ਲਿਖਾਰੀ ਭੁਲਣਹਾਰ ਹੈ! ! ? (ਪੜੋ, ਪੰਨੇ ਨੰ: ੨੫੪, ੩੧੦, ੫੭੦, ੧੨੭੩)
ਜੇ ਲਿਖਾਰੀ ਕਵਿ ਦਸਮ ਨਾਨਕ ਮੰਨੀਏ, ਤਾਂ ਦਸੋ ਕੀ ਦਸਮ ਨਾਨਕ ਨੂੰ ਭੁਲਣਹਾਰ ਮੰਨ ਲਈਏ?
ਗੁਰਬਾਣੀ ਦਾ ਫ਼ੈਸਲਾ: ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।। (ਅੰ: ੬੧), ਤਾਂ ਦਸੋ, ਇਹ ਗ੍ਰੰਥ ਗੁਰੂ ਰਚਿਤ ਕਿਵੇਂ?
ਸਵਾਲ ਨੰ: ੧੫:- ਗੁਰੂ ਗ੍ਰੰਥ ਸਾਹਿਬ ਵਿੱਚ ਸਭ ਥਾਂਈਂ ਨਾਨਕ-ਬਾਣੀ ਦਾ ਸਿਰਲੇਖ ਮਹਲਾ ੧, ਮਹਲਾ ੨… ਮਹਲਾ ੫, ਮਹਲਾ ੯ ਲਿਖਿਆ ਹੈ; ਮਹਲਾ ਦਾ ਅਰਥ ਹੈ ਸ਼ਰੀਰ। (ਸ਼ਰੀਰ ਬਦਲਦੇ ਰਹੇ ਪਰ ਜੋਤ ਜੁਗਤਿ ਨਹੀ ਬਦਲੇ।) ਪਰ ਬਚਿਤ੍ਰ ਨਾਟਕ ਗ੍ਰੰਥ/ਦਸਮ ਗ੍ਰੰਥ ਵਿੱਚ ਪਾਤਸ਼ਾਹੀ ੧੦ ਲਿਖਿਆ ਹੈ, ਮਹਲਾ ੧੦ ਕਿਉਂ ਨਹੀ?
(ਨੋਟ; ਪਾਤਸ਼ਾਹੀ ੧੦ ਸਿਖਾਂ ਨੂੰ ਧੋਖਾ ਦੇਣ ਲਈ ਲਿਖਿਆ ਗਿਆ ਹੈ। ਪੰਨਾ ੧੫੫ ਤੇ ਪਾਤਸ਼ਾਹੀ ੧੦ ਲ਼ਿਖਣ ਉਪਰੰਤ ਪੰਕਤੀ ‘ਬਰਨਤ ਸਯਾਮ ਜਥਾ ਮਤ ਭਾਈ।। ` ਸਪਸ਼ਟ ਕਰਦੀ ਹੈ ਕਿ ਸਯਾਮ ਕਵਿ ਹੀ ਪਾਤਸ਼ਾਹੀ ੧੦ ਅਖਵਾ ਰਿਹਾ ਹੈ।)
ਸਿਖ ਸੰਗਤਾਂ ਸਤਿਕਾਰ ਵਜੋਂ ਗੁਰੂ ਸਾਹਿਬ ਨੂੰ ਪਾਤਸ਼ਾਹ, ਸੱਚੇ ਪਾਤਸ਼ਾਹ ਆਖਦੀਆਂ ਸਨ ਪਰ ਗੁਰੂ ਸਾਹਿਬ ਹਲੀਮੀ ਵਿੱਚ ਨਾਨਕੁ ਨੀਚੁ, ਨਾਨਕੁ ਗਰੀਬੁ. . ਬਾਣੀ ਵਿੱਚ ਲਿਖਦੇ ਹਨ। ‘ਪਾਤਸ਼ਾਹੀ ੧੦` ਕਿਸੇ ਅਗਿਆਨੀ ਜਾਂ ਸ਼ਰਾਰਤੀ ਨੇ ਲਿਖਿਆ ਹੈ।
ਸਵਾਲ ਨੰ: ੧੬:- ਇਸ ਗ੍ਰੰਥ ਵਿੱਚ ਇਸਤ੍ਰੀ ਬਾਰੇ ‘ਸਜਿ ਪਛਤਾਨਿਓ ਇਨ ਕਰਤਾਰਾ।। `, ਅਰਥਾਤ ਰੱਬ ਵੀ ਔਰਤ ਨੂੰ ਸਾਜ ਕੇ ਪਛਤਾਇਆ। ਐਸੀਆਂ ਕਈ ਹੋਰ ਇਸਤ੍ਰੀ-ਨਿੰਦਕ ਪੰਕਤੀਆਂ (ਆਧਾਰ ਸ਼ਿਵ ਪੁਰਾਣ), ਗੁਰੂ ਲਿਖਤ ਕਿਵੇਂ? ਗੁਰਬਾਣੀ ਦਾ ਫ਼ੈਸਲਾ: ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ। . . ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ।। (ਵਾਰ ਆਸਾ: ੪੭੩)
ਸਵਾਲ ਨੰ: ੧੭:-ਸ੍ਰਿਸ਼ਟੀ ਕਾਲ ਨੇ ਕੰਨਾਂ ਚੋਂ ਮੈਲ ਕੱਢ ਕੇ ਰਚੀ! ? (ਪੰਨਾ ੪੭) ਕੰਨ ਸ਼ਰੀਰਧਾਰੀ ਦੇ ਹੁੰਦੇ ਹਨ, ਕਾਲ ਨਿਰੰਕਾਰ ਕਿਵੇਂ? (ਪ੍ਰਿਥਮ ਕਾਲ ਜਬ ਕਰਾ ਪਸਾਰਾ।। ……ਏਕ ਸ੍ਰਵਣ ਤੇ ਮੈਲ ਨਿਕਾਰਾ।। ਤਾਂਤੇ ਮਧੁਕੀਟਭ ਤਨ ਧਾਰਾ।। ਦੁਤੀਆ ਕਾਨ ਤੇ ਮੈਲੁ ਨਿਕਾਰੀ।। ਤਾ ਤੇ ਭਈ ਸ੍ਰਿਸਟਿ ਸਾਰੀ।। (ਪੰਨਾ ੪੭) ਤਾਂ ਦਸੋ, ਕੀ ਗੁਰਸਿਖ ਇਹ ਗੁਰਵਾਕ ਮੰਨਣੇ ਛੱਡ ਦੇਣ? ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।। ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤ ਸਮੋਇ।। (ਅੰ: ੧੯, ਗੁਰੂ ਗ੍ਰੰਥ ਸਾਹਿਬ) ਅਤੇ, ਅਰਬਦ ਨਰਬਦ ਧੁੰਧੂਕਾਰਾ।। ਧਰਣਿ ਨ ਗਗਨਾ ਹੁਕਮੁ ਅਪਾਰਾ।। ……।। ਬ੍ਰਹਮਾ ਬਿਸਨੁ ਮਹੇਸੁ ਨ ਕੋਈ।। ਅਵਰੁ ਨ ਦੀਸੈ ਏਕੋ ਸੋਈ।। (ਅੰ: ੧੦੩੫, ਗੁਰੂ ਗ੍ਰੰਥ ਸਾਹਿਬ)
(੧੮) ਇਤਿਹਾਸਕ ਭੁਲਾਂ ਕਿਉਂ? (ੳ) “ਤਿਲਕ ਜੰਞੂ ਰਾਖਾ ਪ੍ਰਭ ਤਾ ਕਾ।। … ਰਚਨਾ ਵਿੱਚ ਨੌਵੇਂ ਗੁਰੂ ਸਾਹਿਬ ਦਾ ਜ਼ਿਕਰ ਹੈ ਪਰ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਦਾ ਗ੍ਰੰਥ`ਚ ਕਿਤੇ ਜ਼ਿਕਰ ਨਹੀ, ਕਿਉਂ?
(ਅ) ਭਗਤ ਰਾਮਾਨੰਦ ਪਹਿਲੋ ਸੰਸਾਰ ਵਿੱਚ ਆਏ ਤੇ ਹਜ਼ਰਤ ਮੁਹੰਮਦ ਬਾਦ ਵਿਚ? ਐਸੀਆਂ ਕਈ ਭੁਲਾਂ…
(੧੯) ਅਨਹੋਣੀਆਂ ਗੱਲਾਂ ਕਿਉਂ? ਸਤਿਜੁਗ ਵਿੱਚ ਮਹਾਕਾਲ ਦੀ ਦੈਂਤਾਂ ਨਾਲ ਜੰਗ (ਚਰਿਤ੍ਰ ੪੦੫) ਵਿਚ
(ੳ) ਦੈਂਤਾਂ ਦੇ ਮੂੰਹੋਂ ਨਿਕਲੀ ਅੱਗ ਚੋਂ ਧਨੁਖਧਾਰੀ ਪਠਾਨ ਪੈਦਾ ਹੋ ਗਏ! ! ?
(ਅ) ਦੈਂਤਾਂ ਨੇ ਸਵਾਸ ਛੱਡੇ ਤਾਂ ਸੈਯਦ ਤੇ ਸ਼ੇਖ ਮੁਗਲ ਪੈਦਾ ਹੋ ਕੇ ਮਹਾਕਾਲ ਨਾਲ ਲੜਨ ਲਗੇ! ! ? (ਚੌਪਈ ੧੯੮-੧੯੯), ਲੱਖਾਂ ਸਾਲ ਪਹਿਲਾਂ ਮੁਗਲ ਤੇ ਪਠਾਨ ਕਿਥੋਂ ਆਏ? ?
(ਨੋਟ: ਇਸੇ ਜੰਗ ਵਿਚ, ਚਰਿਤ੍ਰ ੪੦੫, ਮਹਾਕਾਲ ਨੂੰ ਗੁੱਸਾ ਆਉਂਦਾ ਹੈ, ਧਨੁਖ-ਕਿਰਪਾਨ ਹੱਥਾਂ ਵਿੱਚ ਫੜ ਕੇ ਲੜਦਾ ਹੈ, ਲੜਦਿਆਂ ਮਹਾਕਾਲ ਨੂੰ ਪਸੀਨਾ ਆਂਦਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਮਹਾਕਾਲ ਸ਼ਰੀਰਧਾਰੀ ਹੈ। ਸੋਦਰੁ ਰਹਿਰਾਸ ਵਿੱਚ ਪੜ੍ਹੀ ਜਾਂਦੀ ਚੌਪਈ ‘ਹਮਰੀ ਕਰੋ ਹਾਥ ਦੈ ਰਛਾ।। ` (੩੭੭ ਤੋਂ ੪੦੧ = ੨੫ ਚੋਪਈਆਂ) ਇਸੇ ਸ਼ਰੀਰਧਾਰੀ ਮਹਾਕਾਲ ਅੱਗੇ ਕੀਤੀ ਬੇਨਤੀ ਕਬਿ ਸਯਾਮ ਨੇ ਲਿਖੀ ਹੈ: ਕਬਯੋ ਬਾਚ।। ਬੇਨਤੀ।। ੩੦ ਪੰਨਿਆਂ ਦੇ ਇਸ ੪੦੫ਵੇਂ ਚਰਿਤ੍ਰ ਵਿੱਚ ਕਿਤੇ ਵੀ ਪਾਤਸ਼ਾਹੀ ੧੦ ਨਹੀ ਲਿਖਿਆ ਪਰ ਗੁਟਕਿਆਂ ਵਿੱਚ ਕਿਸੇ ਨੇ ਮਨ-ਮਰਜ਼ੀ ਨਾਲ ਛਾਪ ਦਿੱਤਾ ਹੈ, ਕਿਉਂ? ?)
(੨੦) ਹਰ ਪ੍ਰਸੰਗ ਵਿੱਚ ਦੇਵੀ ਦੁਰਗਾ/ਕਾਲ/ਕਾਲਕਾ/ਭਗਉਤੀ/ਚੰਡੀ/ਸ਼ਿਵਾ/ਮਹਾਕਾਲ ਦੀ ਹੀ ਉਸਤਤਿ ਕਿਉਂ? (ੳ) ਕਹੀ ਜਾਂਦੀ ਅਕਾਲ ਉਸਤਤਿ (?) ਰਚਨਾ ਵਿੱਚ ੨੦ ਛੰਦ (ਛੰਦ ਨੰ: ੨੧੧ ਤੋ ੨੩੦) ਜੈ ਜੈ ਹੋਸੀ ਮਹਿਖਾਸੁਰ ਮਰਦਨ…… ਅਰਥਾਤ ਭੈਂਸੇ (ਮਹਿਖ) ਵਰਗੇ ਦੈਂਤ ਨੂੰ ਮਾਰਣ ਵਾਲੀ ਦੇਵੀ ਦੁਰਗਾ, ਤੇਰੀ ਜੈ ਜੈਕਾਰ ਹੋਵੇ।
(ਅ) ਚੰਡੀ ਚਰਿਤ ੧ ਅਤੇ ਦੂਜਾ; ਵਾਰ ਭਗਉਤੀ ਕੀ… “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।।
(ਨੋਟ: ‘ਵਾਰ ਦੁਰਗਾ ਕੀ` ਦੀ ਪਹਿਲੀ ਪਉੜੀ। ਵਾਰ ਸ੍ਰੀ ਭਗਉਤੀ (ਅਸਲ ਪਾਠ ਦੁਰਗਾ) ਕੀ।। …” ਪ੍ਰਿਥਮ ਭਗੌਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ। . . ।। ੧।। “ ਗੁਰਸਿਖ ਗੁਰੂ ਤੋਂ ਬੇਮੁਖ ਹੋ ਕੇ ਦੇਵੀ ਅੱਗੇ ਅਰਦਾਸ ਕਿਉਂ ਕਰੇ? ? ਗੁਰਸਿਖ ਲਈ ਹੁਕਮ ਹੈ –” ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।। (ਗੁਰੂ ਗ੍ਰੰਥ ਸਾਹਿਬ, ੫੧੯)
ਤਾਂ ਦਸੋ, ਦਸਮ ਨਾਨਕ ਜੀ ਦੇ ਗੁਰਗੱਦੀ ਬੈਠਣ ਸਮੇ ਤਕ ਅਰਦਾਸ ਕਿਵੇਂ ਹੁੰਦੀ ਸੀ?
(ੲ) ਮੁੰਡ ਕੀ ਮਾਲ…।। . . ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ।। ਛੰਦ ੧੭।। (ਪੰਨਾ ੮੧੦ ਤੇ ਲਿਖੀ ਦੇਵੀ ਉਸਤਤਿ ਵਿਚੋਂ) ਭਾਵ, ਗਲੇ ਵਿੱਚ ਖੋਪੜੀਆਂ ਦੀ ਮਾਲਾ ਪਾਣ ਵਾਲਾ…ਭਿਆਨਕ ਸ਼ਰੀਰਧਾਰੀ ਕਾਲ ਹੈ ਤੁਹਾਡਾ ਪਾਲਣਹਾਰ ਹੈ! ਕਿਵੇਂ?
(ਸ) ਦੇਹ ਸ਼ਿਵਾ ਬਰ ਮੋਹਿ ਇਹੈ…… (ਪੰਨਾ ੯੯: ਸ਼ਿਵਾ, ਦੁਰਗਾ, ਚੰਡੀ ਤੋਂ ਵਰ ਮੰਗਣਵਾਲਾ ਗੁਰੂ ਜਾਂ ਗੁਰਸਿਖ ਕਿਵੇਂ?)
(ਹ) ਚਰਿਤ੍ਰ ੪੦੫: ਛੰਦ ੯੧ ਤੋਂ ੧੦੦ ਤਕ ਮਹਾਕਾਲ/ ਕਾਲ/ ਦੁਰਗਾ ਨੂੰ ਰੱਬੀ-ਗੁਣਾ ਵਾਲਾ ਦਰਸਾ ਕੇ ਕੀਤੀ ਉਸਤਤਿ,
(੨੧) ਜ਼ਫ਼ਰਨਾਮਾ:- ਕੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੀ ਵਡਿਆਈ ਕੀਤੀ ਹੋਵੇਗੀ? ਪੜੋ ਜੀ, ਸ਼ੇਅਰ ਨੰ: ੮੯, ੯੦, ੯੧, ੯੨, ੯੩: ਚੰਗੀ ਜ਼ਮੀਰ ਵਾਲਾ, ਦੇਵਤਿਆਂ ਵਰਗੀਆਂ ਸਿਫ਼ਤਾਂ, ਬਖ਼ਸ਼ਿਸ਼ ਕਰਣ ਵਾਲਾ. . ।
(੨੨) ਚਰਿਤ੍ਰੋ ਪਾਖਯਾਨ ਤੇ ਹਿਕਾਯਤਾਂ ਦੇ ਅਸ਼ਲੀਲ ਕਿੱਸੇ ਤੇ ਅਸ਼ਲ਼ੀਲ ਸ਼ਬਦਾਵਲੀ ਕੀ ਗੁਰੂ-ਲਿਖਤ ਹੋ ਸਕਦੇ ਹਨ? ਇਸਲਾਮੀ ਸੁੰਨਤ ਪਰਥਾਂਇ: ਪ੍ਰੀਤ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਨ ਭੀਜਤ ਲਾਂਡ ਕਟਾਏ।। (ਕਾਲ ਉਸਤਤਿ, ਪੰਨਾ ੪੬) ਅਤੇ ਚਰਿਤ੍ਰਾਂ ਵਿਚੋਂ: ਕੈ ਤੋਹਿ ਕਾਟ ਕਰੋ ਸਤ ਖੰਡਾ (ਸੌ ਟੁਕੜੇ)।। ਕੈ ਦੈ ਮੋਰਿ ਭਗ ਬਿਖੈ ਲੰਡਾ।। (ਪੰਨਾ ੧੨੬੭) ਅਤੇ ਪੰਨਾ ੧੩੫੮ ਤੇ:
ਲਿੰਗ ਦੇਤ ਤਿਹ ਭਗ ਮੋ ਭਏ।। ਭਗ ਮੋ ਲਿੰਗ ਦੀਯੋ ਰਾਜਾ ਜਬ।। ਰੁਚਿ ਉਪਜੀ ਤਰੁਨੀ ਕੇ ਜਿਯ ਤਬ।।
(੨੩) ਦਸਮ ਨਾਨਕ ਗੁਰਗੱਦੀ ਤੇ ਬੈਠਣ ਤਕ (ਨਵੰਬਰ ੧੬੭੫) ਕਿਹੜੀਆਂ ਬਾਣੀਆਂ ਦਾ ਨਿਤਨੇਮ ਪਾਠ ਕਰਦੇ ਸਨ? ਤਾਂ ਦਸੋ, ਕੀ ਅਜ ਉਹਨਾਂ ਬਾਣੀਆਂ ਦਾ ਨਿਤਨੇਮ-ਪਾਠ ਕਰਣ ਵਾਲੇ ਸਿਖ ਗੁਰੂ ਤੋਂ ਬੇਮੁਖ ਕਹੇ ਜਾਣਗੇ?
ਸਵਾਲ ਨੰ: ੨੪:- ਕੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਨਹੀ ਹਨ?
(ਨੋਟ: ਪੂਰਨ ਗੁਰੂ ਦੀ ਖ਼ਾਸ ਪਹਿਚਾਨ: ਆਪਿ ਮੁਕਤੁ ਮੋਕਉ ਪ੍ਰਭੁ ਮੇਲੇ ਐਸੋ ਕਹਾ ਲਹਾ।। ਗੁਰੂ ਗ੍ਰੰਥ ਸਾਹਿਬ, ਅੰ: ੧੦੦੩)
ਹਮਰਾ ਝਗਰਾ ਰਹਾ ਨ ਕੋਊ।। ਪੰਡਿਤ ਮੁਲਾਂ ਛਾਡੇ ਦੋਊ।। … ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।। (ਗੁਰੂ ਗ੍ਰੰਥ ਸਾਹਿਬ, ਅੰਗ ੧੧੫੯)
ਅਸਲ ਗੁਰਸਿਖ ਓਹੀ ਹਨ ਜਿਨੑਾਂ ਨੇ ਪੰਡਿਤਾਂ ਦੇ ਲਿਖੇ ਗ੍ਰੰਥ ਵੇਦ-ਪੁਰਾਣ-ਸਿਮ੍ਰਿਤੀਆਂ ਅਤੇ ਉਹਨਾਂ ਤੇ ਆਧਾਰਿਤ ਗ੍ਰੰਥ ਬਚਿਤ੍ਰ ਨਾਟਕ ਗ੍ਰੰਥ/ਸਰਬਲੋਹ ਗ੍ਰੰਥ ਆਦਿਕ ਤਿਆਗ ਦਿੱਤੇ ਹਨ।}
ਸਵਾਲ ਨੰ: ੨੫:- ਕੀ ਬਚਿਤ੍ਰ ਨਾਟਕ ਗ੍ਰੰਥ/ਸਰਬਲੋਹ ਗ੍ਰੰਥ ਆਦਿਕ ਗ੍ਰੰਥਾਂ ਬਿਨਾ ‘ਆਤਮਾ ਪਰਾਤਮਾ ਏਕੋ ਕਰੈ।। ` ਸੰਭਵ ਨਹੀ? ਫਿਰ ਦੱਸੋ, ਦਸਮ ਪਾਤਸ਼ਾਹ ਤਕ ਗੁਰੂਆਂ ਅਤੇ ਗੁਰਸਿਖਾਂ ਦਾ ਪ੍ਰਭੂ-ਮਿਲਾਪ ਕਿਵੇਂ ਹੋਇਆ ਹੋਵੇਗਾ?
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਹਰ ਰਚਨਾ ਦਾ ਪਿਛੋਕੜ ਮੁਖ ਰਖ ਕੇ ਵੀਚਾਰਿਆਂ ਪਤਾ ਚਲਦਾ ਹੈ ਕਿ ਬਚਿਤ੍ਰ ਨਾਟਕ ਗ੍ਰੰਥ/ਕਹੇ-ਜਾਂਦੇ ਦਸਮ ਗ੍ਰੰਥ ਦੀਆਂ ਰਚਨਾਵਾਂ ਸੱਚੀ ਬਾਣੀ ਨਹੀ ਹਨ। ਇਸ ਗ੍ਰੰਥ ਵਿੱਚ ਯਕੀਨ ਰਖਣ ਵਾਲੇ ਬ੍ਰਾਹਮਣੀ-ਗ੍ਰੰਥਾਂ ਨੂੰ ਮੰਨਣ ਵਾਲੇ ਹੀ ਹਨ। ਗੁਰੂ-ਬਾਣੀ ਸਮਝਾਉਂਦੀ ਹੈ:
ਗੁਰਪਰਸਾਦੀ ਏਕੋ ਜਾਣੈ ਤਾਂ ਦੂਜਾ ਭਾਉ ਨ ਹੋਈ।। (ਗੁਰੂ ਗ੍ਰੰਥ ਸਾਹਿਬ, ੪੪੧)
ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ।। (ਗੁਰੂ ਗ੍ਰੰਥ ਸਾਹਿਬ; ੧੦੮੭)
ਨਿਰੰਕਾਰੁ ਨਿਰਵੈਰੁ ਅਵਰੁ ਨਹੀ ਦੂਸਰ ਕੋਈ।। ਭੰਜਨ ਗੜ੍ਹਨ ਸਮਥੁ ਤਰਣ ਤਾਰਣ ਪ੍ਰਭੁ ਸੋਈ।। (੧੪੦੪)

ਬਚਿਤ੍ਰ ਨਾਟਕ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਮੰਨਣ ਵਾਲਓ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇਵੀ-ਪੂਜਕ ਆਖ ਕੇ ਬਦਨਾਮ ਕਰਣ ਵਾਲਿਓ
(੧) ਸਿਧ ਕਰੋ ਕਿ ਇਸ ਗ੍ਰੰਥ ਬਾਰੇ ਉਪਰੋਕਤ ਤੱਥ ਅਤੇ ਨਿਰਣੇ ਗਲਤ (ਗੁਰਮਤਿ ਵਿਰੁਧ) ਹਨ।
(੨) ਸਿਧ ਕਰੋ ਕਿ ਇਹ ਗ੍ਰੰਥ ਬ੍ਰਾਹਮਣੀ ਗ੍ਰੰਥਾਂ ਤੇ ਆਧਾਰਿਤ ਨਹੀਂ।
(੩) ਉਪਰੋਕਤ ਸਵਾਲਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਦੇ ਕੇ ਸਿਧ ਕਰੋ ਕਿ ਇਹ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।
(੪) ਸਿਧ ਕਰੋ ਕਿ ਇਸ ਗ੍ਰੰਥ ਦੇ ਬਿਨਾ ਬ੍ਰਹਮਗਿਆਨੀ/ਜੀਵਨ ਮੁਕਤ ਅਵਸਥਾ ਪ੍ਰਾਪਤ ਨਹੀ ਹੋ ਸਕਦੀ।
(੫) ਸਿਧ ਕਰੋ ਕਿ ਇਸ ਗ੍ਰੰਥ ਦੇ ਬਿਨਾ ਗੁਰਮਤਿ-ਗਿਆਨ ਅਧੂਰਾ ਹੈ।




.