.

ਪਾਰਜਾਤ

ਬਾਣੀਕਾਰਾਂ ਨੇ ਜਨ-ਸਾਧਾਰਨ ਤੱਕ ਬਾਣੀ ਦਾ ਸੱਚ ਅਪੜਾਉਣ ਲਈ ਕੇਵਲ ਲੋਕ-ਕਾਵਿ ਰੂਪਾਂ ਨੂੰ ਹੀ ਨਹੀਂ ਸਗੋਂ ਅਨ ਧਰਮਾਂ ਦੀ ਪ੍ਰਚਲਤ ਸ਼ਬਦਾਵਲੀ ਨੂੰ ਵੀ ਮਾਧਿਅਮ ਬਣਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਿੰਨ ਭਿੰਨ ਕਾਵਿ-ਰੂਪਾਂ ਵਿੱਚ ਰਚਿਤ ਬਾਣੀ ਇਸ ਪੱਖ ਨੂੰ ਭਲੀ ਪ੍ਰਕਾਰ ਉਜਾਗਰ ਕਰਦੀ ਹੈ। ਇਸ ਸ਼ਬਦਾਵਲੀ ਦੀ ਵਰਤੋਂ ਦਾ ਇਹ ਹਰਗ਼ਿਜ਼ ਭਾਵ ਨਹੀਂ ਹੈ ਕਿ ਬਾਣੀਕਾਰਾਂ ਨੇ ਪ੍ਰਚਲਤ ਸ਼ਬਦਾਵਲੀ ਦੇ ਭਾਵਾਰਥ ਨੂੰ ਉਸੇ ਰੂਪ ਵਿੱਚ ਸਵੀਕਾਰਿਆ ਹੈ, ਜਿਸ ਵਿੱਚ ਇਹ ਪ੍ਰਚਲਤ ਸੀ। ਇਸ ਪੱਖੋਂ ਗੁਰਬਾਣੀ ਵਿੱਚ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ ਹੈ। ਬਾਣੀਕਾਰਾਂ ਵਲੋਂ ਦਰਸਾਈ ਜੀਵਨ-ਜੁਗਤ ਇੱਕ ਹੀ ਹੈ, ਇਸ ਵਿੱਚ ਕਿਸੇ ਤਰ੍ਹਾਂ ਦੀ ਭਿੰਨਤਾ ਨਹੀਂ ਹੈ। ਇਸ ਲਈ ਕਰਤੇ ਦੀ ਕੁਦਰਤ ਦੇ ਨਿਯਮ ਇਕਸਾਰ ਤੁਰੇ ਆ ਰਹੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੁਰਾਣਿਕ ਸਾਹਿਤ ਦੇ ਅਨੇਕਾਂ ਸ਼ਬਦਾਂ ਵਿਚੋਂ ਇੱਕ ਸ਼ਬਦ ‘ਪਾਰਜਾਤ’ ਵੀ ਹੈ। ਬਾਣੀਕਾਰਾਂ ਨੇ ਜਿਸ ਤਰ੍ਹਾਂ ਪੁਰਾਣ ਸਾਹਿਤ ਦੇ ਹੋਰ ਅਨੇਕਾਂ ਸ਼ਬਦਾਂ ਨੂੰ ਉਨ੍ਹਾਂ ਦੇ ਪ੍ਰਚਲਤ ਭਾਵਾਰਥ ਵਿੱਚ ਨਹੀਂ ਵਰਤਿਆ ਹੈ, ਇਸੇ ਤਰ੍ਹਾਂ ਇਸ ਸ਼ਬਦ ਦੇ ਵੀ ਪ੍ਰਚਲਤ ਭਾਵਾਰਥ ਨੂੰ ਨਹੀਂ ਸਵੀਕਾਰਿਆ ਹੈ। ਗੁਰਬਾਣੀ ਵਿੱਚ ‘ਪਾਰਜਾਤ’ ਸ਼ਬਦ ਭਾਵਾਰਥ ਨੂੰ ਦੇਖਣ ਤੋਂ ਪਹਿਲਾਂ ਸੰਖੇਪ ਵਿੱਚ ਪੁਰਾਣ ਸਾਹਿਤ ਵਿੱਚ ਇਸ ਸਬੰਧੀ ਧਾਰਨਾ ਦੀ ਚਰਚਾ ਕਰ ਰਹੇ ਹਾਂ।
ਸੁਰਗ ਦੇ ਪੰਜ ਰੁੱਖਾਂ ਵਿਚੋਂ ਇੱਕ ਦਾ ਨਾਮ ‘ਪਾਰਜਾਤ’ ਹੈ। ਇਸ ਬ੍ਰਿਛ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਹ ਮਨੋਕਾਮਨਾਵਾਂ ਪੂਰੀਆਂ ਕਰਨ ਦੇ ਸਮਰਥ ਹੈ। ਭਾਈ ਕਾਨ੍ਹ ਸਿੰਘ ਨਾਭਾ ‘ਪਾਰਜਾਤ’ ਸਬੰਧੀ ਲਿਖਦੇ ਹਨ, “ਪਾਰਜਾਤ ਸੰ: ਪਾਰਿਜਾਤ। ਸੰਗਯਾ-ਪਾਰਿ (ਸਮੁੰਦਰ) ਤੋਂ ਪੈਦਾ ਹੋਇਆ ਸਮੁੰਦਰ ਤੋਂ ਪੈਦਾ ਹੋਇਆ ਦੇਵਤਿਆਂ ਦਾ ਇੱਕ ਬਿਰਛ। ਪੁਰਾਣ ਕਥਾ ਹੈ ਕਿ ਸਮੁੰਦਰ ਰਿੜਕਨ ਸਮੇ ਇਹ ਦਰਖ਼ਤ ਨਿਕਲਿਆ ਅਤੇ ਇੰਦ੍ਰ ਨੂੰ ਦਿੱਤਾ ਗਿਆ। (ਮਹਾਨ ਕੋਸ਼) ਇੰਦ੍ਰ ਨੇ ਇਹ ਬ੍ਰਿਛ ਆਪਣੀ ਇਸਤ੍ਰੀ ਸਚੀ ਦੇ ਬਾਗ ਵਿੱਚ ਲਾ ਦਿੱਤਾ ਸੀ। ਕ੍ਰਿਸ਼ਨ ਜੀ ਨੇ ਆਪਣੀ ਇਸਤ੍ਰੀ ਸਤਯਭਾਮਾ ਦੀ ਇੱਛਾ ਨੂੰ ਪੂਰਿਆਂ ਕਰਨ ਲਈ ਇੰਦ੍ਰ ਨੂੰ ਜੁੱਧ ਵਿੱਚ ਹਰਾ ਕੇ ਪਾਰਜਾਤ ਦਰਖਤ ਨੂੰ ਬਿੰਦਰਾਬਨ ਵਿੱਚ ਲੈ ਆਂਦਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਕ੍ਰਿਸ਼ਨ ਜੀ ਦੇ ਚਲਾਣੇ ਉਪਰੰਤ ਇਹ ਬ੍ਰਿਛ ਫਿਰ ਸੁਰਗ ਲੋਗ ਚਲਾ ਗਿਆ ਸੀ। (ਧਿਆਨ ਰਹੇ ਗੁਰਬਾਣੀ ਵਿੱਚ ਨਾ ਤਾਂ ਅਜਿਹੇ ਕਿਸੇ ਸੁਰਗ ਲੋਕ ਦੀ, ਨਾ ਹੀ ਇੰਦ੍ਰ ਦੇਵਤੇ ਆਦਿ ਦੀ ਹੋਂਦ ਨੂੰ ਮੰਨਿਆ ਗਿਆ ਹੈ।)
‘ਪਾਰਜਾਤ’ ਬਾਰੇ ਪ੍ਰਚਲਤ ਧਾਰਨਾ ਦਾ ਜ਼ਿਕਰ ਕਰਨ ਉਪਰੰਤ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸਬੰਧੀ ਜੋ ਧਾਰਨਾ ਹੈ, ਉਸ ਦਾ ਜ਼ਿਕਰ ਕਰ ਰਹੇ ਹਾਂ। ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿੱਚ ਇਹ ਸ਼ਬਦ ਆਇਆ ਹੈ:-
(ੳ) ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ॥ ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ॥ (ਪੰਨਾ 52) ਅਰਥ: ਗੁਰੂ (ਹੀ ਅਸਲ) ਤੀਰਥ ਹੈ, ਗੁਰੂ (ਹੀ) ਪਾਰਜਾਤ ਰੁੱਖ ਹੈ, ਗੁਰੂ ਹੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ। ਗੁਰੂ ਹੀ (ਉਹ) ਦਾਤਾ ਹੈ (ਜੋ) ਪਰਮਾਤਮਾ ਦਾ ਨਾਮ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਸਾਰਾ ਸੰਸਾਰ (ਵਿਕਾਰਾਂ ਤੋਂ) ਬਚਦਾ ਹੈ।
(ਅ) ਚਾਰਿ ਪਦਾਰਥ ਹਰਿ ਕੀ ਸੇਵਾ॥ ਪਾਰਜਾਤੁ ਜਪਿ ਅਲਖ ਅਭੇਵਾ॥ ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ॥ (ਪੰਨਾ 108) ਅਰਥ: (ਹੇ ਭਾਈ!) ਪਰਮਾਤਮਾ ਦੀ ਸੇਵਾ-ਭਗਤੀ ਹੀ (ਦੁਨੀਆ ਦੇ ਪ੍ਰਸਿਧ) ਚਾਰ ਪਦਾਰਥ ਹਨ। (ਹੇ ਭਾਈ!) ਅਲੱਖ ਅਭੇਵ ਪ੍ਰਭੂ ਦਾ ਨਾਮ ਜਪ, ਇਹੀ ਪਾਰਜਾਤ (-ਰੁੱਖ ਮਨੋਕਾਮਨਾ ਪੂਰੀਆਂ ਕਰਨ ਵਾਲਾ) ਹੈ। ਜਿਸ ਮਨੁੱਖ (ਦੇ ਅੰਦਰੋਂ) ਗੁਰੂ ਨੇ ਕਾਮ ਦੂਰ ਕਰ ਦਿੱਤਾ ਹੈ ਕ੍ਰੋਧ ਦੂਰ ਕਰ ਦਿੱਤਾ ਜਿਸ ਦੇ ਸਾਰੇ ਪਾਪ ਗੁਰੂ ਨੇ ਕੱਟ ਦਿੱਤੇ ਹਨ, ਉਸ ਦੀ (ਹਰੇਕ ਕਿਸਮ ਦੀ) ਆਸਾ ਪੂਰੀ ਹੋ ਗਈ।
(ੲ) ਪਾਰਜਾਤੁ ਇਹੁ ਹਰਿ ਕੋ ਨਾਮ॥ (ਪੰਨ 265) ਅਰਥ: ਪ੍ਰਭੂ ਦਾ ਇਹ ਨਾਮ (ਹੀ) “ਪਾਰਜਾਤ” ਰੁੱਖ ਹੈ।
(ਸ) ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ॥ ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ॥ (ਪੰਨਾ 503) ਅਰਥ: (ਇਹ ਸਾਰਾ ਜਗਤ ਜਿਸ ਪਾਰਜਾਤ-ਪ੍ਰਭੂ ਦਾ) ਫੁੱਲ ਪੱਤਰ ਡਾਲੀਆਂ ਆਦਿਕ ਪਸਾਰਾ ਹੈ, ਜੋ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਜਿਸ ਦੀ ਜੋਤਿ ਸਭ ਜੀਵਾਂ ਵਿਚ ਪਸਰ ਰਹੀ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹ (ਸਰਬ-ਇੱਛਾ-ਪੂਰਕ) ਪਾਰਜਾਤ (-ਪ੍ਰਭੂ) ਮੇਰੇ ਹਿਰਦੇ-ਆਂਗਨ ਵਿਚ ਪਰਗਟ ਹੋ ਗਿਆ ਹੈ (ਤੇ ਮੇਰੇ ਅੰਦਰੋਂ ਮਾਇਆ ਵਾਲੇ ਜੰਜਾਲ ਮੁੱਕ ਗਏ ਹਨ) । (ਹੇ ਭਾਈ! ਤੁਸੀ ਭੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉ, ਇਸ ਤਰ੍ਹਾਂ) ਮਾਇਆ ਦੇ ਬਹੁਤੇ ਜੰਜਾਲ ਛੱਡ ਸਕੋਗੇ।
(ਹ) ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ॥ ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ॥ (ਪੰਨਾ 717) ਅਰਥ: ਹੇ ਮਾਂ! ਚਾਰ ਪਦਾਰਥ (ਦੇਣ ਵਾਲਾ), ਅੱਠ ਵੱਡੀਆਂ ਕਰਾਮਾਤੀ ਤਾਕਤਾਂ (ਦੇਣ ਵਾਲਾ) ਪਰਮਾਤਮਾ ਆਪ ਹੀ ਹੈ। ਪਰਮਾਤਮਾ ਆਪ ਹੀ ਹੈ ਕਾਮਧੇਨ; ਪਰਮਾਤਮਾ ਆਪ ਹੀ ਹੈ ਪਾਰਜਾਤ ਰੁੱਖ। ਹੇ ਨਾਨਕ! (ਆਖ-ਹੇ ਮਾਂ! ਜਿਸ ਮਨੁੱਖ ਨੇ) ਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲੈ ਲਿਆ, ਉਸ ਨੂੰ ਜਨਮ ਮਰਨ ਦੇ ਗੇੜ ਦਾ ਫ਼ਿਕਰ, ਜੂਨਾਂ ਵਿਚ ਪੈਣ ਦਾ ਫ਼ਿਕਰ ਨਹੀਂ ਰਹਿੰਦਾ।
(ਕ) ਬਿਰਖੁ ਜਮਿਓ ਹੈ ਪਾਰਜਾਤ॥ ਫੂਲ ਲਗੇ ਫਲ ਰਤਨ ਭਾਂਤਿ॥ ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ॥ ਜਨ ਨਾਨਕ ਹਰਿ ਹਰਿ ਹਰਿ ਧਿਆਇ॥ (ਪੰਨਾ 1180) ਅਰਥ: ਹੇ ਭਾਈ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮੇਰੇ ਅੰਦਰੋਂ, ਮਾਨੋ, ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਸਵਰਗੀ) ਪਾਰਜਾਤ ਰੁੱਖ ਉੱਗ ਪਿਆ ਹੈ, ਜਿਸ ਨੂੰ ਭਾਂਤ ਭਾਂਤ ਦੇ ਕੀਮਤੀ ਫੁੱਲ ਤੇ ਫਲ ਲੱਗੇ ਹੋਏ ਹਨ। ਹੇ ਦਾਸ ਨਾਨਕ! (ਆਖ—ਹੇ ਭਾਈ!) ਸਦਾ ਪਰਮਾਤਮਾ ਦਾ ਨਾਮ ਸਿਮਰ ਕੇ, ਸਦਾ ਹਰੀ ਦੇ ਗੁਣ ਗਾ ਗਾ ਕੇ (ਮਨੁੱਖ ਮਾਇਆ ਦੇ ਮੋਹ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ।
(ਖ) ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ॥ ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ॥ (ਪੰਨਾ 1215) ਅਰਥ: ਹੇ ਪ੍ਰਭੂ! ਤੂੰ ਹੀ (ਮੇਰੇ ਵਾਸਤੇ) ਖ਼ਜ਼ਾਨਾ ਹੈਂ, ਤੂੰ ਹੀ ਮੇਰਾ ਧਨ-ਦੌਲਤ ਹੈਂ, ਤੂੰ ਹੀ (ਮੇਰੇ ਲਈ) ਮੋਤੀ ਹੀਰੇ ਹੈਂ। ਤੂੰ ਹੀ (ਸਵਰਗ ਦਾ) ਪਾਰਜਾਤ ਰੁੱਖ ਹੈਂ। ਹੇ ਨਾਨਕ! (ਆਖ—ਹੇ ਪ੍ਰਭੂ!) ਜਦੋਂ ਤੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈਂ, ਤਦੋਂ ਪ੍ਰਸੰਨ-ਚਿੱਤ ਹੋ ਜਾਈਦਾ ਹੈ।
ਇਨ੍ਹਾਂ ਉਪਰੋਕਤਾਂ ਪੰਗਤੀਆਂ ਵਿੱਚ ‘ਪਾਰਜਾਤ’ ਨੂੰ ਪ੍ਰਚਲਤ ਅਰਥਾਂ ਵਿੱਚ ਨਹੀਂ ਆਇਆ ਹੈ। ਜਿਸ ਤਰ੍ਹਾਂ ਨਾਲ ਇਸ ਤਰ੍ਹਾਂ ਦੀ ਪ੍ਰਚਲਤ ਸ਼ਬਦਾਵਲੀ ਦੇ ਭਾਵਾਰਥ ਤੋਂ ਮਨੁੱਖ ਨੂੰ ਉਪਰ ਉਠਾਉਣ ਲਈ ਬਾਣੀਕਾਰਾਂ ਨੇ ਕਿਧਰੇ ਇਨ੍ਹਾਂ ਨੂੰ ਪ੍ਰਚਲਤ ਅਰਥਾਂ ਵਿੱਚ ਹੀ ਨਾਮ ਦੀ ਮਹਿਮਾਂ ਜਾਂ ਪ੍ਰਭੂ ਦੀ ਬੇਅੰਤਤਾ ਆਦਿ ਦਰਸਾਉਣ ਲਈ ਦ੍ਰਿਸ਼ਟਾਂਤ ਦਿੱਤਾ ਹੈ ਅਤੇ ਕਿਧਰੇ ਇਸ ਸਬੰਧੀ ਆਪਣਾ ਨਿਰਣਾਇਕ ਫ਼ੈਸਲਾ ਦੇਂਦਿਆਂ ਹੋਇਆਂ ਇਨ੍ਹਾਂ ਦੀ ਹੋਂਦ ਨੂੰ ਇਸ ਰੂਪ ਵਿੱਚ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਹੈ, ਉਸੇ ਤਰ੍ਹਾਂ ‘ਪਾਰਜਾਤ’ ਸ਼ਬਦ ਦੀ ਵੀ ਵਰਤੋਂ ਕੀਤੀ ਹੈ। ਨਿਮਨ ਲਿਖਤ ਪੰਗਤੀਆਂ ਵਿੱਚ ‘ਪਾਰਜਾਤ’ ਦਾ ਹਵਾਲਾ ਇਸੇ ਪ੍ਰਸੰਗ ਵਿੱਚ ਆਉਂਦਾ ਹੈ:-
(ੳ) ਪਾਰਜਾਤੁ ਲੋੜਹਿ ਮਨ ਪਿਆਰੇ॥ ਕਾਮਧੇਨੁ ਸੋਹੀ ਦਰਬਾਰੇ॥ ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ ਨਾਮੁ ਕਮਾਇ ਰਸਾਇਣਾ॥ (ਪੰਨਾ 1078) ਅਰਥ: ਹੇ ਪਿਆਰੇ ਮਨ! ਜੇ ਤੂੰ (ਸੁਰਗ ਦਾ) ਪਾਰਜਾਤ (ਰੁੱਖ) ਹਾਸਲ ਕਰਨਾ ਚਾਹੁੰਦਾ ਹੈਂ, ਜੇ ਤੂੰ ਚਾਹੁੰਦਾ ਹੈਂ ਕਿ ਕਾਮਧੇਨ ਤੇਰੇ ਬੂਹੇ ਉਤੇ ਸੋਭ ਰਹੀ ਹੋਵੇ, ਤਾਂ ਪੂਰੇ ਗੁਰੂ ਦੀ ਸਰਨ ਪਿਆ ਰਹੁ, ਗੁਰੂ ਪਾਸੋਂ ਪੂਰਨ ਸੰਤੋਖ ਪ੍ਰਾਪਤ ਕਰ, (ਗੁਰੂ ਦੇ ਰਾਹੇ ਤੁਰ ਕੇ) ਨਾਮ-ਸਿਮਰਨ ਦੀ ਕਮਾਈ ਕਰ, ਹਰਿ-ਨਾਮ ਹੀ ਸਾਰੇ ਰਸਾਂ ਦਾ ਸੋਮਾ ਹੈ।
(ਅ) ਬਿਰਖੁ ਜਮਿਓ ਹੈ ਪਾਰਜਾਤ॥ ਫੂਲ ਲਗੇ ਫਲ ਰਤਨ ਭਾਂਤਿ॥ (ਪੰਨਾ 1180) ਅਰਥ: ਹੇ ਭਾਈ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮੇਰੇ ਅੰਦਰੋਂ, ਮਾਨੋ, ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਸਵਰਗੀ) ਪਾਰਜਾਤ ਰੁੱਖ ਉੱਗ ਪਿਆ ਹੈ, ਜਿਸ ਨੂੰ ਭਾਂਤ ਭਾਂਤ ਦੇ ਕੀਮਤੀ ਫੁੱਲ ਤੇ ਫਲ ਲੱਗੇ ਹੋਏ ਹਨ।
(ੲ) ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ॥ (ਪੰਨਾ 470) ਅਰਥ: ਕ੍ਰਿਸ਼ਨ ਨੇ ਆਪਣੀ ਗੋਪੀ (ਸਤ੍ਯਭਾਮਾ) ਦੀ ਖ਼ਾਤਰ ਪਾਰਜਾਤ ਰੁੱਖ (ਇੰਦਰ ਦੇ ਬਾਗ਼ ਵਿਚੋਂ) ਲੈ ਆਂਦਾ ਅਤੇ ਜਿਸ ਨੇ ਬਿੰਦ੍ਰਾਬਨ ਵਿੱਚ ਕੌਤਕ ਵਰਤਾਇਆ। (ਨੋਟ: ਇਸ ਪੰਗਤੀ ਵਿੱਚ ਉਸ ਪ੍ਰਚਲਤ ਕਥਾ ਵਲ ਇਸ਼ਾਰਾ ਹੈ ਜਿਸ ਅਨੁਸਾਰ ਕ੍ਰਿਸ਼ਨ ਜੀ ਨੇ ਇੰਦ੍ਰ ਨੂੰ ਯੁੱਧ ਵਿੱਚ ਹਰਾ ਕੇ ਇਹ ਦਰਖ਼ਤ ਆਪਣੀ ਰਾਣੀ ਸਤਯਭਾਮਾ ਦੇ ਵੇਹੜੇ ਲਾ ਦਿੱਤਾ ਸੀ।)
(ਸ) ਅਨਿਕ ਬਸੁਧਾ ਅਨਿਕ ਕਾਮਧੇਨ॥ ਅਨਿਕ ਪਾਰਜਾਤ ਅਨਿਕ ਮੁਖਿ ਬੇਨ॥ ਅਨਿਕ ਅਕਾਸ ਅਨਿਕ ਪਾਤਾਲ॥ ਅਨਿਕ ਮੁਖੀ ਜਪੀਐ ਗੋਪਾਲ॥ (ਪੰਨਾ 1236) ਅਰਥ: (ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਅਸਚਰਜ ਹੈ, ਉਸ ਦੀਆਂ ਪੈਦਾ ਕੀਤੀਆਂ) ਅਨੇਕਾਂ ਧਰਤੀਆਂ ਅਤੇ ਅਨੇਕਾਂ ਹੀ ਮਨੋ-ਕਾਮਨਾ ਪੂਰੀਆਂ ਕਰਨ ਵਾਲੀਆਂ ਸੁਵਰਗ ਦੀਆਂ ਗਾਂਈਆਂ ਹਨ, ਅਨੇਕਾਂ ਹੀ ਪਾਰਜਾਤ ਰੁੱਖ ਅਤੇ ਅਨੇਕਾਂ ਹੀ ਕ੍ਰਿਸ਼ਨ ਹਨ, ਅਨੇਕਾਂ ਹੀ ਆਕਾਸ਼ ਅਤੇ ਅਨੇਕਾਂ ਹੀ ਪਾਤਾਲ ਹਨ। ਹੇ ਸੰਤ ਜਨੋ! ਉਸ ਗੋਪਾਲ ਨੂੰ ਅਨੇਕਾਂ ਮੂੰਹਾਂ ਦੀ ਰਾਹੀਂ ਜਪਿਆ ਜਾ ਰਿਹਾ ਹੈ। (ਅਨੇਕਾਂ ਜੀਵ ਉਸ ਦਾ ਨਾਮ ਜਪਦੇ ਹਨ)।
ਸੋ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਪਾਰਜਾਤ’ ਤੋਂ ਭਾਵ ਪ੍ਰਭੂ/ਸਤਿਗੁਰੂ ਹੀ ਹੈ। ਪੁਰਾਣ ਸਾਹਿਤ ਵਿਚਲੇ ‘ਪਾਰਜਾਤ’ ਵਿੱਚ ਬਾਣੀਕਾਰਾਂ ਦਾ ਵਿਸ਼ਵਾਸ ਨਹੀਂ ਹੈ। ਅੰਤ ਵਿੱਚ ਪਾਠਕਾਂ ਦਾ ਧਿਆਨ ਭਾਈ ਗੁਰਦਾਸ ਜੀ ਦੀ ਇਸ ਲਿਖਤ ਵਲ ਦੁਆਇਆ ਜਾ ਰਿਹਾ ਹੈ:-
ਸਤਿਗੁਰ ਪੂਰਾ ਪਾਰਜਾਤ ਪਾਰਜਾਤ ਲਖ ਸਫਲ ਧਿਆਏ॥ (ਵਾਰ 15, ਪਉੜੀ 2) ਅਰਥ: ਸਤਿਗੁਰੂ ਪੂਰਨ ਪਾਰਜਾਤ ਬ੍ਰਿੱਛ ਹਨ, ਜਿਨ੍ਹਾਂ ਨੂੰ ਲੱਖਾਂ ਫਲਾਂ ਵਾਲੇ ਪਾਰਜਾਤ ਬ੍ਰਿੱਛ ਧਿਆਉਂਦੇ ਹਨ।
ਜਸਬੀਰ ਸਿੰਘ ਵੈਨਕੂਵਰ




.