.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 09)

ਕਰਮੁ ਹੋਵੈ ਤਾ ਸਤਿਗੁਰੁ ਪਾਈਐ ਵਿਣ ਕਰਮੈ ਪਾਇਆ ਨ ਜਾਇ॥
ਸਤਿਗੁਰੁ ਮਿਲਿਐ ਕੰਚਨ ਹੋਈਐ ਜਾਂ ਹਰਿ ਕੀ ਹੋਇ ਰਜਾਇ॥ ੧॥
ਮਨ ਮੇਰੇ ਹਰਿ ਹਰਿ ਨਾਮ ਚਿਤੁ ਲਾਇ॥
ਸਤਿਗੁਰ ਤੇ ਹਰਿ ਪਾਈਐ ਸਾਚਾ ਹਰਿ ਸਿਉ ਰਹੈ ਸਮਾਇ॥ ੧॥ ਰਹਾਉ॥
ਸਤਿਗੁਰ ਤੇ ਗਿਆਨੁ ਉਪਜੈ ਤਾਂ ਇਹ ਸੰਸਾ ਜਾਇ॥
ਸਤਿਗੁਰ ਤੇ ਹਰਿ ਬੁਝੀਐ ਗਰਭ ਜੋਨੀ ਨ ਪਾਇ॥ ੨॥
ਗੁਰ ਪਰਸਾਦੀ ਜੀਵਤ ਮਰੈ ਮਰਿ ਜੀਵੈ ਸਬਦ ਕਮਾਇ॥
ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ॥ ੩॥
ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ॥
ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ॥ ੪॥
ਧਾਤੁਰ ਬਾਜੀ ਸੰਸਾਰੁ ਅਚੇਤੁ ਹੈ ਚਲੈ ਮੂਲ ਗਵਾਇ॥
ਲ਼ਾਹਾ ਹਰਿ ਸਤਸੰਗਤਿ ਪਾਈਐ ਕਰਮੀ ਪਲੈ ਪਾਇ॥ ੫॥
ਸਤਿਗੁਰ ਵਿਣੁ ਕਿਨੈ ਨ ਪਾਇਆ ਮਨਿ ਵੇਖਹੁ ਰਿਦੈ ਬੀਚਾਰਿ॥
ਵਡਭਾਗੀ ਗੁਰੁ ਪਾਇਆ ਭਵਜਲੁ ਉਤਰੇ ਪਾਰਿ॥ ੬॥
ਹਰਿ ਨਾਮਾਂ ਹਰਿ ਟੇਕ ਹੈ ਹਰਿ ਹਰਿ ਨਾਮੁ ਅਧਾਰੁ॥
ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ ਪਾਵਉ ਮੋਖ ਦੁਆਰੁ॥ ੭॥
ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਮੇਟਣਾ ਨ ਜਾਇ॥
ਨਾਨਕ ਸੇ ਜਨ ਪੂਰਨ ਹੋਏ ਜਿਨ ਹਰਿ ਭਾਣਾ ਭਾਇ॥ ੮॥ (੧੨੭੬)
ਇਸ ਅਸ਼ਟਪਦੀ ਦੀ ਰਹਾਉ ਦੀ ਤੁਕ ਵਿੱਚ ਮਨ ਨੂੰ ਸੰਬੋਧਨ ਕਰ ਕੇ ਸਮਝਾਇਆ ਹੈ ਕਿ (ਮੁੜ-ਮੁੜ ਕੇ ਯਾਦ ਰੱਖਣ ਦੀ ਗੱਲ ਹੈ ਕਿ ਸੰਸਾਰ ਵਿੱਚ ਦੋ ਸ਼ਕਤੀਆਂ ਹਨ ੧, ਪਰਮਾਤਮਾ ਆਪ, ਜੋ ਸੰਸਾਰ ਦੇ ਖਾਤਮੇ ਮਗਰੋਂ ਵੀ ਕਾਇਮ ਰਹਿਣਾ ਹੈ, ਜੋ ਸਦੀਵੀ ਸੱਚ ਹੈ, ਜੋ ਸਭ ਕੁੱਝ ਦਾ ਕਰਤਾ ਹੈ। ੨, ਉਸ ਪ੍ਰਭੂ ਦੀ ਪੈਦਾ ਕੀਤੀ ਮਾਇਆ, ਜੋ ਸੰਸਾਰ ਦਾ ਕਾਰ-ਵਿਹਾਰ ਚਲਾਉਣ ਲਈ, ਅੱਤ ਲੋੜੀਂਦੀ ਵਸਤੂ ਹੈ, ਏਸੇ ਨੂੰ ਦਰਸਾਉਂਦੀ, ਗੁਰਬਾਣੀ ਦੀ ਤੁਕ ਹੈ,
ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ (੨੯੪)
ਪਰ ਜਦ ਬੰਦਾ ਇਸ ਨੂੰ ਸਰੀਰਕ ਲੋੜ ਤੋਂ ਵੱਧ ਮਹੱਤਤਾ ਦਿੰਦਾ, ਇਸ ਨੂੰ ਪ੍ਰਭੂ ਨਾਲੋਂ ਜ਼ਿਆਦਾ ਮਾਨਤਾ ਦੇਣ ਲਗ ਜਾਵੇ, ਤਾਂ ਇਹ ਮੋਹ-ਮਾਇਆ ਹੋ ਨਿਬੜਦੀ ਹੈ ਜਿਸ ਬਾਰੇ ਗੁਰਬਾਣੀ ਕਹਿੰਦੀ ਹੈ,
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥
ਇਸ ਕੀ ਜੋ ਸੇਵਾ ਕਰੇ ਤਿਸ ਹੀ ਕਉ ਫਿਰਿ ਖਾਇ॥ (੫੧੦)
ਉਹੀ ਸਰੀਰਕ ਲੋੜਾਂ ਦੀ ਪੂਰਤੀ ਕਰਨ ਵਾਲੀ ਮਾਇਆ, ਉਸ ਨਾਲ ਮੋਹ ਕਰਨ ਵਾਲੇ ਲਈ ਨਾਗਣ ਬਣ ਜਾਂਦੀ ਹੈ, ਅਤੇ ਜਿਵੇਂ ਨਾਗਣ ਆਪਣੇ ਬੱਚਿਆਂ ਨੂੰ ਹੀ ਖਾ ਜਾਂਦੀ ਹੈ, ਇਵੇਂ ਹੀ ਮਾਇਆ ਆਪਣੇ ਭਗਤਾਂ ਨੂੰ ਖਾ ਜਾਂਦੀ ਹੈ, ਉਨ੍ਹਾਂ ਦਾ ਆਤਮਕ ਜੀਵਨ ਬਰਬਾਦ ਕਰ ਦਿੰਦੀ ਹੈ।
ਧਿਆਨ ਦੇਣ ਵਾਲੀ ਗੱਲ ਹੈ ਕਿ ਮਾਇਆ ਸਰੀਰ ਨਾਲ ਸਬੰਧਤ ਹੈ ਅਤੇ ਸਰੀਰਕ ਕਿਰਿਆਵਾਂ ਮਾਇਆ ਨਾਲ ਸਬੰਧਤ ਹਨ। ਮਾਇਆ ਕਮਾਉਣ ਲਈ ਸਰੀਰਕ ਕਿਰਤ ਕਰਨੀ ਹੀ ਪਵੇਗੀ, ਆਤਮਕ ਤਰੀਂਕਿਆਂ ਨਾਲ ਮਾਇਆ ਨਹੀਂ ਕਮਾਈ ਜਾ ਸਕਦੀ। ਆਤਮਕ ਕਿਰਿਆਵਾਂ ਮਨ ਨਾਲ ਸਬੰਧਤ ਹਨ, ਮਨ ਦੀਆਂ ਕਿਰਿਆਵਾਂ ਆਤਮਕ ਉਨਤੀ ਜਾਂ ਆਤਮਕ ਗਿਰਾਵਟ ਦਾ ਕਾਰਨ ਬਣਦੀਆਂ ਹਨ। ਜਿਵੇਂ ਮਨ ਵਿੱਚ ਪ੍ਰਭੂ ਦਾ ਨਾਮ ਸਿਮਰਿਆਂ, ਸਰੀਰਕ ਸਫਾਈ ਨਹੀਂ ਹੋ ਸਕਦੀ, ਉਸ ਲਈ ਇਸ਼ਨਾਨ ਕਰਨਾ ਹੀ ਪਵੇਗਾ। ਇਵੇਂ ਹੀ ਇਸ਼ਨਾਨ ਆਦਿ ਨਾਲ, ਜਾਂ ਸਰੀਰ ਨਾਲ ਕੀਤੇ ਕਰਮ ਕਾਂਡਾਂ ਨਾਲ ਮਨ ਦੀ ਮੈਲ ਨਹੀਂ ਉਤਰ ਸਕਦੀ, ਉਸ ਲਈ, ਅਕਾਲਪੁਰਖ ਦੀ ਰਜ਼ਾ, ਸ੍ਰਿਸ਼ਟੀ ਨੂੰ ਸਹੀ ਢੰਗ ਨਾਲ ਚਲਦਾ ਰੱਖਣ ਲਈ ਬਣਾਏ ਨਿਯਮਾਂ ਦੀ ਪਾਲਣਾ ਕਰਨੀ ਹੀ ਪਵੇਗੀ। ਆਪਣੇ ਹੱਥੀਂ ਹੀ ਆਪਣਾ ਆਤਮਕ ਕਾਰਜ ਸਵਾਰਨਾ ਪਵੇਗਾ। ਜਦ ਇੱਕ ਬੰਦੇ ਦੇ ਕੀਤੇ ਇਸ਼ਨਾਨ ਨਾਲ ਦੂਸਰੇ ਬੰਦੇ ਦੇ ਸਰੀਰ ਦੀ ਮੈਲ ਨਹੀਂ ਉਤਰ ਸਕਦੀ ਤਾਂ, ਪੈਸੇ ਦੇ ਕੇ ਕਰਾਏ ਅਖੰਡ ਪਾਠਾਂ ਆਸਰੇ ਕਿਵੇਂ ਕੋਈ ਦੂਸਰਾ, ਕਰਤਾਰ ਦੀ ਦਰਗਾਹ ਵਿੱਚ ਕਬੂਲ ਹੋ ਜਾਵੇਗਾ? ਵਿਚਾਰਨ ਵਾਲੀ ਗੱਲ ਹੈ।
ਮਨ ਨੂੰ ਪ੍ਰਭੂ ਦੇ ਨਾਮ ਵਿੱਚ ਜੋੜਿਆਂ, ਮਾਇਆ ਨਹੀਂ, ਮਾਇਆ ਦੀ ਭੁੱਖ, ਤ੍ਰਿਸ਼ਨਾਵਾਂ ਤੋਂ ਛੁਟਕਾਰਾ ਮਿਲਦਾ ਹੈ, ਜੋ ਸਾਰੀ ਦੁਨੀਆਂ ਦੀ ਦੌਲਤ ਇਕੱਠੀ ਕੀਂਤਿਆਂ ਵੀ ਸੰਭਵ ਨਹੀਂ ਹੈ। ਮਨ ਅਤੇ ਤਨ ਦੋਵਾਂ ਦੇ ਆਪੋ ਆਪਣੇ ਕੰਮ ਹਨ, ਦੋਵਾਂ ਨੂੰ ਰਲਗੱਡ ਨਹੀਂ ਕੀਤਾ ਜਾ ਸਕਦਾ। ਖਾਲੀ ਸਰੀਰਕ ਕਿਰਿਆਵਾਂ ਨਾਲ ਪ੍ਰਭੂ ਨਹੀਂ ਮਿਲ ਸਕਦਾ। ਗੁਰਬਾਣੀ ਪੜ੍ਹਨ, ਸੁਣਨ, ਗਾਉਣ ਦਾ ਤਦ ਹੀ ਲਾਭ ਹੈ ਜੇ ਇਸ ਵਿੱਚ ਮਨ ਵੀ ਸ਼ਾਮਲ ਹੋਵੇ। ਮਨ ਦੇ ਸ਼ਾਮਲ ਹੋਣ ਤੋਂ ਬਗੈਰ ਇਹ ਸਰੀਰਕ ਕਿਰਿਆਵਾਂ, ਵਿਖਾਵੇ ਦੇ ਕਰਮ ਕਾਂਡਾਂ ਤੋਂ ਵੱਧ ਕੁੱਝ ਵੀ ਨਹੀਂ ਹਨ। ਮਨ ਜੋੜਿਆਂ ਹੀ ਗੁਰੂ ਦੀ ਸਿਖਿਆ ਸਮਝ ਆਉਂਦੀ ਹੈ, ਜਿਸ ਨੂੰ ਜਵਿਨ ਵਿੱਚ ਢਾਲਿਆਂ ਹੀ ਖੇਡ ਬਣਦੀ ਹੈ।
ਹੇ ਮੇਰੇ ਮਨ, ਹਮੇਸ਼ਾ ਹਰੀ ਦੇ ਨਾਮ, ਹਰੀ ਦੇ ਹੁਕਮ ਵਿੱਚ ਸੁਰਤ ਜੋੜੀ ਰੱਖ। (ਇਸ ਨਾਲ ਹੀ ਸਰੀਰ ਪ੍ਰਭੂ ਦੇ ਹੁਕਮ ਅਨੁਸਾਰ ਕੰਮ ਕਰੇਗਾ) ਸੱਚੇ ਗੁਰੂ (ਸ਼ਬਦ) ਦੀ ਵਿਚਾਰ ਰਾਹੀਂ ਹੀ, ਸੱਚੇ, ਹਮੇਸ਼ਾ ਕਾਇਮ ਰਹਿਣ ਵਾਲੇ ਹਰੀ ਬਾਰੇ ਸੋਝੀ ਹੁੰਦੀ ਹੈ, ਫਿਰ ਉਸ ਹਰੀ ਵਿੱਚ ਹੀ ਸਮਾਏ ਰਹੀਦਾ ਹੈ। ਉਸ ਨਾਲ ਇੱਕ ਮਿਕ ਹੋਏ ਰਹੀਦਾ ਹੈ।
॥ ੧॥ ਅਸ਼ਟਪਦੀ ਦੇ ਪਹਿਲੇ ਪਦੇ ਵਿੱਚ ਸਮਝਾਇਆ ਹੈ ਕਿ, ਹੇ ਭਾਈ ਜੇ ਕਰ ਉਸ ਪਰਮਾਤਮਾ ਦੀ ਬਖਸ਼ਿਸ਼ ਹੋਵੇ, ਤਾਂ ਹੀ ਉਸ ਨਾਲ ਮਿਲਾਪ ਸੰਭਵ ਹੈ, ਉਸ ਦੀ ਬਖਸ਼ਿਸ਼ ਤੋਂ ਬਗੈਰ ਅਜਿਹਾ ਸੰਭਵ ਨਹੀਂ ਹੈ। (ਏਥੇ ਸਿੱਖੀ ਦੇ ਸਿਧਾਂਤ ਨੂੰ ਇੱਕ ਵਾਰੀ ਫਿਰ ਦੁਹਰਾਈਏ, ਫਿਰ ਯਾਦ ਕਰੀਏ। ਗੁਰਮਤਿ ਦੂਸਰੇ ਧਰਮਾਂ ਵਾਙ, ਸਿੱਖ ਨੂੰ ਕੋਈ ਲਾਰਾ ਨਹੀਂ ਲਾਉਂਦੀ, ਕਿਸੇ ਸਬਜ਼ ਬਾਗ ਵਿੱਚ ਨਹੀਂ ਭਟਕਾਉਂਦੀ। ਨਾ ਹਿੰਦੂ ਧਰਮ ਵਾਙ, ਕੀਤੇ ਕਰਮਾਂ ਦੇ ਫਲ ਨਿਸਚਿਤ ਕਰਦੀ ਹੈ।
ਜਦ ਇਹ ਟਕਸਾਲਾਂ ਵਾਲੇ, ਡੇਰਿਆਂ ਵਾਲੇ ਪੁਜਾਰੀ, ਇਹ ਪਰਚਾਰ ਕਰਦੇ ਹਨ ਕਿ ਅਖੰਡ ਪਾਠ ਕਰਵਾਉਣ ਦਾ ਇਹ ਫਲ ਹੈ, ਸੰਪਟ ਅਖੰਡ ਪਾਠ ਕਰਵਾਉਣ ਦਾ ਇਹ ਫਲ ਹੈ, ਸਾਧਾਰਨ ਪਾਠ ਕਰਵਾਉਣ ਦਾ ਇਹ ਫਲ ਹੈ। ਸੁਖਮਨੀ ਸਾਹਿਬ ਨੂੰ ਦਿਨ ਵਿੱਚ ਇੱਕ ਵਾਰ ਪੜ੍ਹਿਆਂ ਇਹ ਫਲ਼ ਹੈ, ਦਸ ਵਾਰ ਪੜ੍ਹਿਆਂ ਇਹ ਫਲ਼ ਹੈ। ਜਪਜੀ ਸਾਹਿਬ ਨੂੰ ੨੫ ਵਾਰੀ ਪੜ੍ਹਿਆਂ ਇਹ ਫਲ਼ ਹੈ ਸੌ ਵਾਰੀ ਪੜ੍ਹਿਆਂ ਇਹ ਫਲ ਹੈ। (ਹੁਣ ਤਾਂ ਗੱਲ ਲੱਖਾਂ ਵਾਰੀ ਪੜ੍ਹਨ ਤੇ ਪਹੁੰਚ ਗਈ ਹੈ, ਇੱਕ ਸ਼ਹਿਰ ਦੇ ਕੁੱਝ ਵਾਸੀ ਇਹ ਫਲ ਲੈਣ ਲਈ, ਆਪਸ ਵਿੱਚ ਵੰਡ ਕੇ, ਲੱਖ ਪਾਠ ਕਰਨ ਦਾ ਉਪ੍ਰਾਲਾ ਕਰਦੇ ਹਨ।) ਦਾਨ ਦੇਣ ਦਾ, ਲੰਗਰ ਲਾਉਣ ਦਾ, ਰੁਮਾਲਾ ਚੜ੍ਹਾਉਣ ਦਾ, ਗਰਜ਼ ਕਿ ਹਰ ਕੰਮ ਦੇ ਫਲ ਮਿਥਦੇ ਹਨ, ਤਾਂ ਇਹ ਗੁਰਮਤ ਨਹੀਂ, ਬ੍ਰਾਹਮਣਵਾਦ ਦਾ ਪਰਚਾਰ ਕਰਦੇ ਹਨ।
ਨਾ ਗੁਰਮਤਿ ਸਵਰਗ ਦੇ ਲਾਰੇ ਲਾਉਂਦੀ ਹੈ, ਨਾ ਨਰਕਾਂ ਦਾ ਡਰਾਵਾ ਦਿੰਦੀ ਹੈ। ਨਾ ਗੁਰ ਵਿਅਕਤੀਆਂ ਵਲੋਂ ਕਿਸੇ ਸਿਫਾਰਸ਼ ਦਾ ਭਰੋਸਾ ਦਿਵਾਉਂਦੀ ਹੈ। ਗੁਰਮਤਿ ਦਾ ਸਪੱਸ਼ਟ ਸਿਧਾਂਤ ਹੈ ਕਿ ਹਰ ਬੰਦੇ ਨੇ ਆਪਣੇ ਕੀਤੇ ਕਰਮਾਂ ਦਾ ਲੇਖਾ ਆਪ ਹੀ ਦੇਣਾ ਹੈ। ਗੁਰਮਤਿ ਦਾ ਸਿਧਾਂਤ ਹੈ ਕਿ ਜੇ ਬੰਦੇ ਦੇ ਕਰਮ ਚੰਗੇ ਹੋਣ, ਉਹ ਪਰਮਾਤਮਾ ਦੇ ਹੁਕਮ ਵਿੱਚ ਚਲਿਆ ਹੋਵੇ ਤਾਂ ਪਰਮਾਤਮਾ ਖੁਸ਼ ਹੋ ਕੇ, ਉਸ ਨੂੰ ਸ਼ਬਦ ਗੁਰੂ ਨਾਲ ਮਿਲਾਉਂਦਾ ਹੈ। ਸ਼ਬਦ ਗੁਰੂ ਉਸ ਨੂੰ ਪਰਭੂ ਨੂੰ ਮਿਲਣ ਦੇ ਢੰਗ, ਪ੍ਰਭੂ ਦੇ ਹੁਕਮ ਵਿੱਚ ਚਲਣ ਦੀ ਸੋਝੀ ਦਿੰਦਾ ਹੈ। ਕੋਈ ਲਾਰਾ ਨਹੀਂ ਲਾਉਂਦਾ ਕਿ ਜੇ ਤੂੰ ਕਰਤਾਰ ਦੇ ਹੁਕਮ ਵਿੱਚ ਚਲੇਂਗਾ ਤਾਂ, ਤੂੰ ਜ਼ਰੂਰ ਪਰਮਾਤਮਾ ਨਾਲ ਇੱਕ ਮਿਕ ਹੋ ਜਾਵੇਂਗਾ। ਬਲਕਿ ਸਪਸ਼ਟ ਕਰਦੀ ਹੈ ਕਿ ਉਸ ਦੇ ਹੁਕਮ ਵਿੱਚ ਚਲਿਆਂ ਜੇ ਉਸ ਦੀ ਮਿਹਰ ਹੋਵੇਗੀ ਤਾਂ ਉਸ ਨਾਲ ਮਿਲਾਪ ਹੋ ਜਾਵੇਗਾ।
ਏਥੇ ਕੁੱਝ ਲੋਕ ਸਵਾਲ ਖੜਾ ਕਰਨਗੇ ਕਿ ਜੇ ਕਰ ਪਰਮਾਤਮਾ ਦੇ ਹੁਕਮ ਵਿੱਚ ਚਲਿਆਂ ਵੀ ਕੁੱਝ ਨਹੀਂ ਮਿਲਣਾ ਤਾਂ ਉਸ ਦੇ ਹੁਕਮ ਵਿੱਚ ਚਲਣ ਦੀ ਲੋੜ ਕੀ ਹੈ? ਇਸ ਬਾਰੇ ਗੁਰਮਤਿ ਦਾ ਸਪੱਸ਼ਟ ਨਿਰਣਾ ਹੈ ਕਿ ਜਦ ਬੰਦਾ ਪ੍ਰਭੂ ਦੇ ਹੁਕਮ ਵਿੱਚ ਚਲਦਾ ਹੈ ਤਾਂ, ਉਸ ਦੀ ਰੁਚੀ ਬੁਰੇ ਕੰਮਾਂ ਵਲੋਂ ਹਟੇਗੀ, ਉਹ ਚੰਗੇ ਕੰਮ ਕਰੇਗਾ। ਉਸ ਦੇ ਮਨ ਤੋਂ ਬੁਰੇ ਕੰਮਾਂ ਦੀ ਮੈਲ ਉਤਰੇਗੀ, ਇਸ ਨੂੰ ਹੀ ਪਾਪਾਂ ਦਾ ਖਤਮ ਹੋਣਾ ਕਿਹਾ ਜਾਂਦਾ ਹੈ।
(ਜੋ ਸਿੱਖ ਗੁਰਦਵਾਰੇ ਜਾ ਕੇ, ਪਿਛਲੀਆਂ ਭੁੱਲਾਂ ਦੀ ਮਾਫੀ ਮੰਗਦੇ ਹਨ, ਪਰ ਅੱਗੋਂ ਸਿੱਧੇ ਰਸਤੇ ਨਹੀਂ ਚਲਦੇ, ਉਹ ਬ੍ਰਾਹਮਣੀ ਕਰਮ ਹੀ ਕਰਦੇ ਹਨ। ਬੰਦੇ ਨੂੰ ਸੁਭਾਉ ਬਦਲਣ ਨਾਲ ਮਨ ਦੀ ਸ਼ਾਨਤੀ ਮਿਲਦੀ ਹੈ, ਉਸ ਦੀਆਂ ਤ੍ਰਿਸ਼ਨਾਵਾਂ ਮੁਕਦੀਆਂ ਹਨ, ਉਹ ਸਹਿਜ ਵਿੱਚ ਟਿਕ ਜਾਂਦਾ ਹੈ। ਕੀ ਅੱਜ ਦੀ ਤ੍ਰਿਸ਼ਨਾਵਾਂ ਵਿੱਚ ਸੜਦੀ ਦੁਨੀਆਂ ਵਿਚ, ਇਹ ਪਰਾਪਤੀ ਥੋੜੀ ਹੈ? ਇਸ ਦੀ ਸਾਰ ਉਹੀ ਜਾਣ ਸਕਦਾ ਹੈ ਜਿਸ ਨੂੰ ਇਸ ਦੀ ਪਰਾਪਤੀ ਹੋ ਗਈ ਹੋਵੇ। ਵੈਸੇ ਪਰਮਾਤਮਾ ਦੀ ਬਖਸ਼ਿਸ਼ ਪਰਾਪਤ ਕਰਨ ਲਈ ਇਹ ਗੁਣ ਜ਼ਰੂਰੀ ਹੈ। ਬਖਸ਼ਿਸ਼ ਬਾਰੇ ਬ੍ਰਾਹਮਣ ਦੀਆਂ ਘੜੀਆਂ ਕਹਾਣੀਆਂ ਦਾ ਕੋਈ ਆਧਾਰ ਨਹੀਂ ਹੈ।)
ਪ੍ਰਭੂ ਦੀ ਬਖਸ਼ਿਸ਼ ਲਈ ਜ਼ਰੂਰੀ ਹੈ ਕਿ ਸੜੇ ਲੋਹੇ ਵਰਗਾ ਬੰਦਾ, ਸ਼ਬਦ ਗੁਰੂ ਰੂਪੀ ਪਾਰਸ ਨੂੰ ਮਿਲ ਕੇ, ਉਸ ਦੀ ਸਿਖਿਆ ਅਨੁਸਾਰ ਚਲਦਾ ਸੋਨਾ ਬਣ ਚੁੱਕਾ ਹੋਵੇ।
॥ ੨॥ ਦੂਸਰੇ ਪਦੇ ਵਿੱਚ ਬਖਸ਼ਿਸ਼ ਕੀਤੀ ਹੈ ਕਿ ਜੇ ਸਤਿਗੁਰ ਕੋਲੋਂ, ਸ਼ਬਦ ਗੁਰੂ ਕੋਲੋਂ ਗਿਆਨ ਦੀ ਪਰਾਪਤੀ ਹੋ ਜਾਵੇ, ਇਸ ਸੰਸਾਰ ਰਚਨਾ ਬਾਰੇ ਸੋਝੀ ਹੋ ਜਾਵੇ ਤਾਂ ਮਨ ਵਿਚਲਾ ਸੰਸਾ, ਦੁਬਿਧਾ ਦੂਰ ਹੋ ਜਾਂਦੀ ਹੈ। ਸਮਝ ਆ ਜਾਂਦੀ ਹੈ ਕਿ ਇਹ ਮਾਇਆ, ਇਹ ਸੰਸਾਰਕ ਵਸਤਾਂ, ਜਿਨ੍ਹਾਂ ਨੂੰ ਇਕੱਠਾ ਕਰਨ ਲਈ ਅਸੀਂ ਅਨੇਕਾਂ ਪਰਪੰਚ ਕਰਦੇ ਹਾਂ, ਉਹ ਇਸ ਦੁਨੀਆਂ ਵਿੱਚ ਵਰਤ ਹੋਣ ਵਾਲੀਆਂ, ਸਰੀਰਕ ਵਰਤੋਂ ਦੀਆਂ ਵਸਤਾਂ ਹਨ, ਇਨ੍ਹਾਂ ਦਾ ਸਾਡੇ ਆਤਮਕ ਜੀਵਨ ਨਾਲ ਕੋਈ ਸਬੰਧ ਨਹੀਂ ਹੈ, ਕਰਤਾਰ ਦੇ ਦਰਬਾਰ ਵਿੱਚ ੲਨ੍ਹਾਂ ਦਾ ਕੋਈ ਮੁੱਲ ਨਹੀਂ ਹੈ। ਜਦ ਬੰਦਾ ਇਸ ਸੰਸਾਰ ਤੋਂ ਵਿਦਾ ਹੁੰਦਾ ਹੈ, ਤਾਂ ਇਨ੍ਹਾਂ ਵਿਚੋਂ ਕੁੱਝ ਵੀ ਨਾਲ ਨਹੀਂ ਜਾਂਦਾ।
ਸਾਡੇ ਸਾਮ੍ਹਣੇ ਰੋਜ਼ ਅਨੇਕਾਂ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਤੋਂ ਬੰਦੇ ਨੂੰ ਸਬਕ ਲੈਣਾ ਬਣਦਾ ਹੈ, ਪਰ ਮਾਇਆ ਦੇ ਪ੍ਰਭਾਵ ਥਲੇ, ਰੱਬ ਨੂੰ ਭੁਲੇ, ਅਸੀਂ ਕਦੀ ਵੀ ਇਨ੍ਹਾਂ ਘਟਨਾਵਾਂ ਬਾਰੇ ਵਿਚਾਰ ਨਹੀਂ ਕਰਦੇ। ਸਾਡੇ ਸਾਮ੍ਹਣੇ ਇੱਕ ਘਰ ਹੈ, ਉਸ ਦਾ ਮਾਲਕ ੪੨, ੪੩ ਸਾਲ ਦਾ ਸੀ। ਕੰਮ ਸੀ ਵਿਆਜ ਦਾ, ਜਿਸ ਵਿੱਚ ਉਹ ਪੰਜ ਤੋਂ ਦਸ % ਦੀ ਵਿਆਜ ਲੈਂਦਾ ਸੀ। ਕੁੱਝ ਸਕੀਮਾਂ ਤਾਂ ਉਸ ਦੀਆਂ ਅਜਿਹੀਆਂ ਸਨ ਜਿਨ੍ਹਾਂ ਵਿੱਚ ਉਹ ਪੰਦਰਾਂ % ਤੋਂ ਵੀ ਵੱਧ ਵਿਆਜ ਵਸੂਲਦਾ ਸੀ। ਕਿਉਂਕਿ ਏਨਾ ਤਕੜਾ ਵਿਆਜ, ਕਦੇ ਵੀ ਕੋਈ ਖੁਸ਼ੀ ਨਾਲ ਨਹੀਂ ਦਿੰਦਾ, ਇਸ ਲਈ ਅਕਸਰ ਝਗੜਾ ਹੋ ਜਾਂਦਾ ਸੀ, ਉਹ ਹਰ ਵੇਲੇ ਝਗੜੇ ਲਈ ਤਿਆਰ ਰਹਿੰਦਾ ਸੀ।
ਕਲ ਰਾਤ ੯ ਵਜੇ ਮਗਰੋਂ ਉਸ ਦੀ ਤਬੀਅਤ ਖਰਾਬ ਹੋਈ, ਅੱਧੇ ਘੰਟੇ ਵਿੱਚ ਉਹ ਪਰਲੋਕ ਸੁਧਾਰ ਗਿਆ। ਅੱਜ ਇੱਕ ਵਜੇ ਕਰੀਬ ਉਸ ਦਾ ਸਸਕਾਰ ਵੀ ਕਰ ਦਿੱਤਾ ਗਿਆ। ਮੈਂ ਸ਼ਾਮ ਨੂੰ ਛੱਤ ਤੇ ਬੈਠਾ, ਕੁਦਰਤ ਦਾ ਨਜ਼ਾਰਾ ਵੇਖ ਰਿਹਾ ਸੀ ਕਿ ਅਚਾਨਕ ਉਸ ਦੇ ਮਕਾਨ ਤੇ ਨਜ਼ਰ ਪੈ ਗਈ। ਇੱਕ ਦਮ ਖਿਆਲ ਆਇਆ, ਕੱਲ ਇਸ ਦਾ ਮਾਲਕ ਕੌਣ ਸੀ? ਅੱਜ ਉਹ ਕਿੱਥੇ ਹੈ? ਗਰੀਬ ਲੋਕਾਂ ਦਾ ਖੂਨ ਚੂਸ ਕੇ ਇਕੱਠੀ ਕੀਤੀ ਮਾਇਆ ਤਾਂ ਸਾਰੀ ਏਥੇ ਹੀ ਰਹਿ ਗਈ, ਉਸ ਦੇ ਨਾਲ ਤਾਂ ਕੁੱਝ ਵੀ ਨਹੀਂ ਗਿਆ। ਪਰ ਜੋ ਉਹ ਕਰਦਾ ਰਿਹਾ ਹੈ, ਉਸ ਦਾ ਲੇਖਾ ਤਾਂ ਉਸ ਨੂੰ ਦੇਣਾ ਹੀ ਪੈਣਾ ਹੈ। ਮਾਇਆ ਦੀ ਅਨੈਤਕ ਦੌੜ ਵਿੱਚ ਫਸੇ ਅਸੀਂ ਕਦੀ ਵੀ, ਇਨ੍ਹਾਂ ਰੋਜ਼ ਵਾਪਰਦੀਆਂ ਘਟਨਾਵਾਂ ਤੋਂ ਸਬਕ ਨਹੀਂ ਲੈਂਦੇ।
ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੇ ਭਾਈ, ਸ਼ਬਦ ਗੁਰੂ ਦੀ ਕਿਰਪਾ ਸਦਕਾ ਮਨ ਮਾਇਆ ਦੇ ਪ੍ਰਭਾਵ ਵਿਚੋਂ ਨਿਕਲ ਕੇ ਦੁਨਿਆਵੀ ਖੇਡ ਬਾਰੇ ਸਮਝਦਾ ਹੈ। ਪਰਮਾਤਮਾ ਬਾਰੇ ਉਸ ਨੂੰ ਸੋਝੀ ਹੁੰਦੀ ਹੈ, ਪਰਮਾਤਮਾ ਨਾਲ ਪਿਆਰ ਪਾਉਣ ਸਦਕਾ ਬੰਦੇ ਦਾ ਜਨਮ-ਮਰਨ ਦਾ ਗੇੜ ਖਤਮ ਹੋ ਜਾਂਦਾ ਹੈ, ਮੁਕਤ ਹੋ ਜਾਂਦਾ ਹੈ, ਇਹੀ ਬੰਦੇ ਦੀ ਜ਼ਿੰਦਗੀ ਦਾ ਮਕਸਦ ਹੈ।
॥ ੩॥ ਤੀਸਰੇ ਪਦੇ ਵਿੱਚ ਦ੍ਰਿੜ੍ਹ ਕਰਵਾਇਆ ਹੈ ਕਿ, ਸ਼ਬਦ ਗੁਰੂ ਦੀ ਮਿਹਰ ਸਦਕਾ, ਸ਼ਬਦ ਵਿਚਾਰ ਕਰਨ ਅਤੇ ਉਸ ਅਨੁਸਾਰ ਜੀਵਨ ਢਾਲਣ ਨਾਲ ਬੰਦਾ ਇਸ ਸੰਸਾਰ ਵਿੱਚ ਜੀਉਂਦਿਆਂ, ਸੰਸਾਰ ਦੇ ਕਾਰ ਵਿਹਾਰ ਕਰਦਿਆਂ ਹੀ ਮਾਇਆ ਮੋਹ ਵਲੋਂ ਮਰ ਜਾਂਦਾ ਹੈ, ਮਾਇਕ ਤ੍ਰਿਸ਼ਨਾਵਾਂ ਤੋਂ ਮੁਕਤ ਹੋ ਜਾਂਦਾ ਹੈ। ਸ਼ਬਦ ਦੀ ਕਮਾਈ ਆਸਰੇ, ਸ਼ਬਦ ਨੂੰ ਵਿਚਾਰ ਕੇ, ਉਸ ਅਨੁਸਾਰ ਚਲਿਆਂ, ਉਹ ਮਾਇਕ ਤ੍ਰਿਸ਼ਨਾਵਾਂ ਵਲੋਂ ਮਰ ਕੇ, ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, ਪਰਮਾਤਮਾ ਨਾਲ ਜੁੜ ਜਾਂਦਾ ਹੈ। ਪਰ ਮੁਕਤੀ ਦਾ ਦੁਆਰਾ ਉਹੀ ਪਾ ਸਕਦਾ ਹੈ, ਪਰਮਾਤਮਾ ਨਾਲ ਪਿਆਰ ਉਹੀ ਪਾਉਂਦਾ ਹੈ, ਜੋ ਹਿਰਦੇ ਵਿਚੋਂ ਆਪਾ ਭਾਵ, ਹਉਮੈ ਦੂਰ ਕਰ ਲੈਂਦਾ ਹੈ।
॥ ੪॥ ਚੌਥੇ ਪਦੇ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੇ ਭਾਈ ਸ਼ਬਦ ਗੁਰੂ ਦੇ ਵਿਚਾਰ ਦੀ ਮਿਹਰ ਸਦਕਾ ਮਨੁੱਖ ਹਿਰਦੇ ਵਿਚੋਂ, ਮਾਇਆ ਮੋਹ ਦਾ ਪ੍ਰਭਾਵ ਖਤਮ ਕਰ ਕੇ, ਪ੍ਰਭੂ ਦੇ ਘਰ ਵਿੱਚ ਜੰਮਦਾ ਹੈ, ਕਰਤਾਰ ਨਾਲ ਪਿਆਰ ਪਾਉਂਦਾ ਹੈ। ਗੁਰੂ ਵਲੋਂ ਮਿਥੇ, ਕਰਤਾਰ ਦੇ ਹੁਕਮ ਵਿੱਚ ਚਲਣ ਦਾ ਕੰਮ ਸ਼ੁਰੂ ਕਰਦਾ ਹੈ। ਇਸ ਤਰ੍ਹਾਂ ਸ਼ਬਦ ਗੁਰੂ ਦੇ ਗਿਆਨ ਅਨੁਸਾਰ ਚਲਿਆਂ ਅਮੋੜ੍ਹ ਮਨ ਨੂੰ ਸਿੱਧੇ ਪਾਸੇ ਲਾ ਕੇ ਵਿਵੇਕ ਬੁੱਧ, ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਹਾਸਲ ਕਰ ਕੇ, ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਵਿਲੀਨ ਕਰ ਲੈਂਦਾ ਹੈ। ਪ੍ਰਭੂ ਵਿੱਚ ਅਭੇਦ ਹੋ ਜਾਂਦਾ ਹੈ।
॥ ੫॥ ਪੰਜਵੇਂ ਪਦੇ ਵਿੱਚ ਬਖਸ਼ਿਸ਼ ਕੀਤੀ ਹੈ ਕਿ ਇਹ ਜਗਤ ਖੇਡ, ਇਹ ਦੁਨੀਆ ਦਾ ਪਸਾਰਾ, ਨਾਸ਼ ਹੋਣ ਵਾਲਾ ਹੈ। ਬੰਦਾ ਆਪਣੇ ਜੀਵਨ ਵਿਚ, ਉਸ ਜੂਨ ਵਿਚ, ਜੋ ਪਰਭੂ ਨੂੰ ਮਿਲਣ ਦਾ ਇਕੋ ਇੱਕ ਮੌਕਾ ਹੈ, ਸ਼ਬਦ ਦੀ ਵਿਚਾਰ ਤੋਂ ਬਗੈਰ ਇਸ ਨੂੰ ਨਾ ਸਮਝਦਾ, ਸਾਰੀ ਉਮਰ ਨਾਸ਼ਵਾਨ ਮਾਇਕ ਪਦਾਰਥ ਹੀ ਇਕੱਠੇ ਕਰਦਾ ਰਹਿੰਦਾ ਹੈ, ਜੋ ਅੰਤ ਵੇਲੇ, ਉਸ ਦੇ ਕਿਸੇ ਕੰਮ ਨਹੀਂ ਆਉਂਦੇ, ਇਸ ਸੰਸਾਰ ਵਿੱਚ ਹੀ ਦੂਸਰਿਆਂ ਦੇ ਹੋ ਕੇ ਰਹਿ ਜਾਂਦੇ ਹਨ। ਇਸ ਤਰ੍ਹਾਂ ਉਹ ਆਪਣੇ ਆਤਮਕ ਜੀਵਨ ਵਿੱਚ ਕੰਮ ਆਉਣ ਵਾਲੇ ਨਾਮ ਪਦਾਰਥ ਦੀ ਕਮਾਈ ਕੀਤੇ ਬਗੈਰ, ਮਨੁੱਖਾ ਜਨਮ ਵਿਅਰਥ ਗਵਾ ਕੇ ਇਸ ਸੰਸਾਰ ਤੋਂ ਚਲਾ ਜਾਂਦਾ ਹੈ।
ਹੇ ਭਾਈ ਮਨੁੱਖਾ ਜਨਮ ਦਾ ਲਾਹਾ, ਹਰੀ ਨਾਮ ਦੀ ਕਮਾਈ ਸਤਸੰਗਤਿ ਵਿੱਚ ਹੁੰਦੀ ਹੈ। ਗੁਰ ਉਪਦੇਸ਼ ਹੈ,
ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (੭੨)
ਪਹਿਲਾਂ ਸਵਾਲ ਕੀਤਾ ਹੈ ਕਿ ਕਿਹੋ ਜਿਹੀ ਸੰਗਤ ਨੂੰ ਸਤਸੰਗਤ ਕਿਹਾ ਜਾ ਸਕਦਾ ਹੈ? ਫਿਰ ਜਵਾਬ ਦਿੱਤਾ ਹੈ ਕਿ ਉਹੀ ਸੰਗਤ ਸੱਚੀ ਸੰਗਤ ਹੈ, ਸਤਸੰਗਤ ਹੈ ਜਿਸ ਵਿੱਚ ਸਿਰਫ ਨਾਮ ਦੀ ਹੀ ਵਿਚਾਰ ਚਰਚਾ ਹੁੰਦੀ ਹੋਵੇ। ਅੱਗੇ ਨਾਮ ਦਾ ਵੀ ਵਿਸਲੇਸ਼ਨ, ਖੁਲਾਸਾ ਕੀਤਾ ਹੈ ਕਿ ਸ਼ਬਦ ਗੁਰੂ ਨੇ ਮੈਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ, ਸੋਝੀ ਦੇ ਦਿੱਤੀ ਹੈ ਕਿ ਉਸ ਪ੍ਰਭੂ ਦਾ ਹੁਕਮ ਹੀ ਉਸ ਦਾ ਇਕੋ ਇੱਕ ਨਾਮ ਹੈ, ਉਸ ਦੇ ਹੁਕਮ ਨੂੰ ਮੰਨਣਾ, ਉਸ ਦੀ ਰਜ਼ਾ ਵਿੱਚ ਚਲਣਾ ਹੀ, ਉਸ ਦਾ ਨਾਮ ਜਪਣਾ ਹੈ। ਨਾਮ ਦਾ ਲਾਹਾ, ਸ਼ਬਦ ਵਿਚਾਰ ਦੀ ਬਖਸ਼ਿਸ਼ ਆਸਰੇ ਹੀ ਬੰਦੇ ਦੇ ਪੱਲੇ ਪੈਂਦਾ ਹੈ, ਉਸ ਦੇ ਭਾਗਾਂ ਵਿੱਚ ਹੁੰਦਾ ਹੈ।
॥ ੬ ਛੇਵੇਂ ਪਦੇ ਵਿੱਚ ਸਮਝਾਇਆ ਹੈ ਕਿ ਆਪਣੇ ਹਿਰਦੇ ਵਿਚ, ਚੰਗੀ ਤਰ੍ਹਾਂ ਵਿਚਾਰ ਕੇ ਵੇਖੋ ਕਿ ਇਹ ਸੋਝੀ, ਮਨ ਦੀ ਮੱਤ ਪਿੱਛੇ ਚਲਿਆਂ ਨਹੀਂ ਹੁੰਦੀ, ਮਨ ਚਲਾਇਮਾਨ ਹੈ, ਹਰ ਵੇਲੇ ਮਾਇਆ ਦੀ ਚਮਕ ਦਮਕ ਵਿੱਚ ਲੁਭਾਇਆ ਜਾਂਦਾ ਹੈ। ਮਨ ਦੀ ਭਟਕਣਾ ਸਿਰਫ ਗੁਰ ਸ਼ਬਦ ਦੀ ਵਿਚਾਰ ਨਾਲ ਹੀ ਰੁਕਦੀ ਹੈ, ਉਹ ਨਾਮ ਵਿੱਚ ਜੁੜਦਾ ਹੈ। ਇਸ ਦਾ ਵਸੀਲ਼ਾ ਸ਼ਬਦ ਵਿਚਾਰ ਤੋਂ ਬਗੈਰ ਹੋਰ ਦੂਸਰਾ ਕੋਈ ਨਹੀਂ ਹੈ। ਫਿਰ ਜਿਸ ਦੇ ਭਾਗ ਚੰਗੇ ਹੋਣ, ਜਿਸ ਤੇ ਪ੍ਰਭੂ ਦੀ ਰਹਿਮਤ ਦੀ ਨਦਰ ਹੋ ਜਾਵੇ, ਉਹ ਹੀ, ਗੁਰੁ, ਪ੍ਰਭੂ ਨੂੰ ਮਿਲ ਕੇ ਸੰਸਾਰ ਦੀ ਘੁਮਣ-ਘੇਰੀ, ਭਵਜਲ ਤੋਂ ਪਾਰ ਲੰਘ ਜਾਂਦਾ ਹੈ। ਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ।
॥ ੭॥ ਸਤਵੇਂ ਪਦੇ ਵਿੱਚ ਸੋਝੀ ਦਿੱਤੀ ਹੈ, ਹੇ ਭਾਈ ਹਰੀ ਦਾ ਨਾਮ, ਹਰੀ ਦਾ ਹੁਕਮ ਹੀ ਬੰਦੇ ਦੇ ਜੀਵਨ ਦਾ ਮੂਲ ਆਧਾਰ ਹੈ। ਇਸ ਲਈ ਹਰੀ ਦਾ ਨਾਮ ਜਪਣਾ, ਹਰੀ ਦੇ ਹੁਕਮ ਵਿੱਚ ਚਲਣਾ ਹੀ, ਹਰੀ ਦਾ ਆਸਰਾ ਲੈਣਾ ਹੈ। ਹੇ ਪਰਮਾਤਮਾ (ਗੁਰੁ) ਕਿਰਪਾ ਕਰ ਕੇ ਮੈਨੂੰ ਆਪਣੇ ਨਾਲ ਮੇਲ ਲਵੋ, ਤਾਂ ਜੋ ਮੈਂ ਮੁਕਤੀ ਦਾ ਦਵਾਰ ਪਾ ਲਵਾਂ, ਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਜਾਵਾਂ।
॥ ੮॥ ਅਠਵੇਂ ਪਦੇ ਵਿੱਚ ਸਮਝਾਇਆ ਹੈ, ਹੇ ਭਾਈ, ਜਿਸ ਬੰਦੇ ਦੇ ਮੱਥੇ ਤੇ, ਉਸ ਦੇ ਕੀਤੇ ਚੰਗੇ ਕਰਮਾਂ ਅਨੁਸਾਰ, ਪ੍ਰਭੂ ਨੇ ਗੁਰ ਸ਼ਬਦ ਦੇ ਮਿਲਾਪ ਦਾ ਲੇਖ ਲਿਖ ਦਿੱਤਾ ਹੋਵੇ, ਉਹ ਕਿਸੇ ਕੋਲੋਂ ਮਿਟਾਇਆ ਨਹੀਂ ਜਾ ਸਕਦਾ, ਉਸ ਦਾ ਮਿਲਾਪ ਸ਼ਬਦ ਗੁਰੂ ਨਾਲ ਹੋਣਾ ਹੀ ਹੋਣਾ ਹੈ। ਇਸ ਤੋਂ ਅੱਗੇ ਪ੍ਰਭੂ ਮਿਲਾਪ ਦਾ ਉਦਮ, ਉਸ ਨੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਆਪ ਕਰਨਾ ਹੁੰਦਾ ਹੈ। ਇਹ ਕੋਈ ਅਜਿਹਾ ਕੰਮ ਨਹੀਂ ਹੈ, ਜੋ ਕਿਸੇ ਦੀ ਸ਼ਕਲ ਵੇਖਿਆਂ, ਜੋ ਕਿਸੇ ਅਸਲੀ ਜਾਂ ਅਖੌਤੀ ਮਹਾਂ ਪੁਰਸ਼ ਨੂੰ ਮੱਥਾ ਟੇਕਿਆਂ, ਜਾਂ ਉਸ ਦੇ ਪੈਰ ਫੜਿਆਂ, ਕਿਸੇ ਡੇਰੇਦਾਰ ਦੈ ਥਾਪੜੇ ਨਾਲ ਜਾਂ, ਪੈਸੇ ਦੇ ਕੇ ਕਿਸੇ ਪੁਜਾਰੀ ਕੋਲੋਂ ਅਰਦਾਸ ਕਰਵਾਉਣ ਨਾਲ, ਜਾਂ ਪੈਸੇ ਦੇ ਕੇ ਪਾਠ ਕਰਵਾਉਣ ਨਾਲ, ਕੁੱਝ ਦਾਨ ਕਰਨ ਨਾਲ, ਲੰਗਰ ਜਾਂ ਛਬੀਲ ਲਗਾਉਣ ਨਾਲ, ਜੋਤਾਂ ਜਗਾਉਣ ਨਾਲ ਜਾਂ, ਨਾਰੀਅਲ, ਕੁੰਭ, ਆਦਿ ਰੱਖਣ ਨਾਲ, ਨੰਗੇ ਪੈਰੀਂ ਧਰਮ ਸਾਲ (ਗੁਰਦਵਾਰੇ, ਮੰਦਰ, ਮਸਜਿਦ) ਜਾਣ ਨਾਲ, ਜਾਂ ਅਹਿੰਸਾ ਆਦਿ ਫੋਕਟ ਕਰਮਾਂ ਆਸਰੇ ਹੋ ਜਾਵੇ।
ਹੇ ਨਾਨਕ ਆਖ ਜਿਨ੍ਹਾਂ ਪੁਰਸ਼ਾਂ ਨੂੰ ਗੁਰੂ ਗਿਆਨ ਆਸਰੇ, ਪ੍ਰਭੂ ਦੀ ਰਜ਼ਾ, ਪ੍ਰਭੂ ਦਾ ਹੁਕਮ ਪਿਆਰਾ ਲੱਗਣ ਲਗ ਪਿਆ, ਉਨ੍ਹਾਂ ਨੂੰ ਕਰਤਾਰ ਦੇ ਭਾਣੇ ਵਿੱਚ ਚਲਣਾ ਚੰਗਾ ਲੱਗਣ ਲਗ ਪਿਆ, ਉਹ ਵਾਹਿਗੁਰੂ ਦੇ ਹੁਕਮ ਵਿੱਚ ਚਲ ਕੇ, ਆਤਮਕ ਪਖੌਂ ਪੂਰੇ ਹੋ ਜਾਂਦੇ ਹਨ। ਮਾਇਆ ਵਿੱਚ ਵਿਚਰਦਿਆਂ, ਦੁਨੀਆਂ ਦੇ ਸਾਰੇ ਕਾਰ ਵਿਹਾਰ ਕਰਦਿਆਂ ਵੀ ਉਨ੍ਹਾਂ ਦੀ ਲਿਵ ਹਮੇਸ਼ਾ ਅਕਾਲ ਪੁਰਖ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਹੈ
(ਚਰਨਾਂ ਵਿੱਚ ਲਿਵ ਲੱਗੀ ਰਹਿਣ ਦਾ ਇਹ ਮਤਲਬ ਨਹੀਂ ਹੈ ਕਿ ਪਰਮਾਤਮਾ ਕੋਈ ਦੇਹ ਧਾਰੀ ਬੰਦਾ ਹੈ, ਜਿਸ ਦੇ ਪੈਰਾਂ ਵਿੱਚ ਉਨ੍ਹਾਂ ਦਾ ਧਿਆਨ ਲੱਗਾ ਰਹਿੰਦਾ ਹੈ। ਬਲਕਿ ਇਸ ਦਾ ਅਰਥ ਹੈ ਕਿ ਨਿਮਰਤਾ ਸਹਿਤ, ਉਹ ਮਨ ਵਿੱਚ ਕਰਤਾਰ ਨੂੰ ਯਾਦ ਰਖਦੇ ਹਨ। ਜਦ ਅਸੀਂ ਕਿਸੇ ਅਜਿਹੇ ਬੰਦੇ ਨੂੰ ਵੇਖਦੇ ਹਾਂ, ਜੋ ਸਾਡੇ ਨਾਲੋਂ ਵੱਡਾ ਹਵੇ, ਤਾਂ ਸਾਡੀ ਨਿਗਾਹ ਉਸ ਦੇ ਮੂੰਹ ਤੇ ਨਹੀਂ ਜਾਂਦੀ ਬਲਕਿ ਸਿਰ ਝੁਕਾ ਕੇ ਸਾਡੀ ਨਿਗਾਹ ਉਸ ਦੇ ਪੈਰਾਂ ਵਲ ਜਾਂਦੀ ਹੈ। ਇਵੇਂ ਹੀ ਜਦ ਅਸੀਂ ਕਿਸੇ ਅਜਿਹੇ ਬੰਦੇ ਨੂੰ ਮਿਲਦੇ ਹਾਂ, ਜਿਸ ਨੂੰ ਅਸੀਂ ਆਪਣੇ ਤੋਂ ਛੋਟਾ ਸਮਝਦੇ ਹਾਂ, ਤਾਂ ਆਕੜ ਵਿੱਚ ਸਾਡੀ ਨਿਗਾਹ ਉਸ ਦੇ ਚਿਹਰੇ ਤੇ ਜਾਂਦੀ ਹੈ)
ਅਮਰ ਜੀਤ ਸਿੰਘ ਚੰਦੀ




.