ਤਾਂਬੇ ਦੀ ਧਰਤੀ. . ?
ਇਕ ਵਾਰ ਸ੍ਰੀ ਗੁਰੂ ਹਰਰਾਇ ਸਹਿਬ
ਜੀ ਵੇਲੇ ਇੱਕ ਵਾਰ ਬੜੀ ਜੋਰਦਾਰ ਹਨੇਰੀ ਝੁੱਲੀ। ਉਧਰ ਗੁਰੂ ਕੇ ਲੰਗਰ ਤਿਆਰ ਕਰਨ ਦਾ ਸਮਾ ਸੀ ਪਰ
ਹਨੇਰੀ ਕੋਈ ਪੇਸ਼ ਨਹੀ ਸੀ ਜਾਣ ਦਿੰਦੀ। ਸਾਰਾ ਮਿੱਟੀ-ਘੱਟਾ ਉੱਡ ਕੇ ਸੇਵਾਦਾਰਾਂ ਤੋਂ ਇਲਾਵਾ ਗੁਰੂ
ਕੇ ਲੰਗਰ ਵਿੱਚ ਵੀ ਪੈ ਰਿਹਾ ਸੀ। ਆਖੀਰ ਸਿੱਖਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਕ੍ਰਿਪਾ ਕਰੋ ਲੰਗਰ
ਦੀ ਵੀ ਬੇਅਦਬੀ ਹੋ ਰਹੀ ਹੈ ਇਸ ਹਨੇਰੀ ਨੂੰ ਰੋਕੋ।
ਗੁਰੂ ਸਾਹਿਬ ਨੇ ਬੱਚਨ ਕੀਤਾ ਕਿ ਭਾਈ ਇਸ ਹਨੇਰੀ ਨੂੰ ਨਹੀ ਰੋਕਿਆ ਜਾ ਸਕਦਾ ਇਹ ਹਨੇਰੀ ਕਿਸੇ
ਉਪਕਾਰ ਖਾਤਰ ਚਲ ਰਹੀ ਹੈ। ਸਿੱਖ ਬੜੇ ਹੈਰਾਨ ਹੋਏ ਤੇ ਪੁੱਛਣ ਲੱਗੇ ਕਿ ਪਾਤਸ਼ਾਹ ਇਸ ਉੱਡਦੇ
ਮਿੱਟੀ-ਘੱਟੇ ਨੇ ਕਿਸੇ ਦਾ ਕੀ ਉਪਕਾਰ ਕਰਨਾ ਹੈ ਸਿਵਾਏ ਚਲਦੇ ਕੰਮਾ ਵਿੱਚ ਵਿਘਨ ਪਾਉਂਣ ਦੇ। ਗੁਰੂ
ਸਾਹਿਬ ਕਹਿਣ ਲੱਗੇ ਕਿ ਭਾਈ ਗੁਰਸਿੱਖੋ ਇਹ ਮਿੱਟੀ-ਘੱਟਾ ਕੋਈ ਅੰਝਾਈ ਨਹੀ ਜਾ ਰਿਹਾ। ਦਰਅਸਲ
ਜਿਹੜੀਆਂ ਪਾਪੀ ਰੂਹਾਂ ਹਨ ਉਨ੍ਹਾਂ ਨੂੰ ਧਰਮਰਾਜ ਸਜਾ ਦੇਣ ਖਾਤਰ ਸੱਪ ਦੀ ਜੂਨੇ ਪਾ ਕੇ ਤੱਪਦੇ ਹੋਏ
ਤਾਂਬੇ ਦੀ ਧਰਤੀ ਉਪਰ ਛੱਡ ਦਿੰਦਾ ਹੈ। ਉਹ ਉਥੇ ਸੜਦੇ ਸਜਾ ਭੋਗਦੇ ਹਨ। ਉਥੇ ਉਨ੍ਹਾਂ ਦੇ ਖਾਣ-ਪੀਣ
ਲਈ ਕੁੱਝ ਨਹੀ ਹੁੰਦਾ ਸਿਵਾਏ ਮਿੱਟੀ-ਘੱਟਾ ਖਾ ਕੇ ਗੁਜਾਰਾ ਕਰਨ ਦੇ! ਸੋ ਉਨ੍ਹਾਂ ਦੇ ਰੁਜਗਾਰ ਲਈ
ਪ੍ਰਮੇਸ਼ਵਰ ਅਜਿਹੀਆਂ ਹਨੇਰੀਆਂ ਝੁਲਾਉਂਦਾ ਹੈ ਤਾਂ ਕਿ ਉਨ੍ਹਾਂ ਜੀਵਾਂ ਨੂੰ ਖੁਰਾਕ ਮਿਲਦੀ ਰਹੇ।
ਇਕ 24 ਘੰਟੇ ਚਲਦੇ ਰੇਡੀਓ ਪ੍ਰੋਗਰਾਮ ਤੇ ਬਾਬਾ ਫੌਜਾ ਸਿੰਘ ਨੇ ਜਦ ਇੱਕ ਸੰਪਰਦਾਈ ਦੀ ਕਥਾ ਸੁਣੀ
ਤਾਂ ਉਸ ਨੂੰ ਇੱਕ ਪੁਰਾਣੀ ਗੱਲ ਯਾਦ ਆਈ। ਬਾਬਾ ਅਪਣੇ ਇੱਕ ਰਿਸ਼ਤੇਦਾਰ ਦੇ ਗਿਆ ਤਾਂ ਬਾਬੇ ਨੇ
ਦੁਆਲੇ ਖੇਡਦੇ ਫਿਰਦੇ ਉਨ੍ਹਾਂ ਦੇ ਇੱਕ ਛੋਟੇ ਬੱਚੇ ਨੂੰ, ਜਿਹੜਾ ਹਾਲੇ ਦੂਜੀ ਕਲਾਸ ਵਿੱਚ ਜਾਣ
ਲੱਗਿਆ ਸੀ, ਸਿਰਫ ‘ਪੁੱਛਣ’ ਲਈ ਹੀ ਪੁੱਛਿਆ ਕਿ ਬੇਟਾ ਜੀ ਪੜ੍ਹਾਈ ਕਿਵੇਂ ਚਲ ਰਹੀ ਤਾਂ ਉਹ ਬੜੇ
ਚਾਅ ਨਾਲ ਉਸੇ ਦਿਨ ਮਿਲੀ ਪਲੈਨਿਟ ਬਾਰੇ ਛੋਟੀ ਜਿਹੀ ਕਿਤਾਬ ਚੁੱਕ ਲਿਆਇਆ। ਉਹ ਪੁਰਾਣੇ ਬਜ਼ੁਰਗਾਂ
ਵਾਂਗੂ, ਜਿਹੜੇ ਗੱਲਾਂ ਨਾਲ ਭਰੇ ਪਏ ਹੁੰਦੇ ਜਿਉਂ ਲੱਗਾ ਪਲੈਨਿਟ ਦੀ ਵਿਆਖਿਆ ਕਰਨ ਕਿ ਕਿਹੜੀ ਧਰਤੀ
ਤੇ ਕਿੰਨੇ ਚੰਦ ਦਿੱਸਦੇ, ਅਪਣੀ ਧਰਤੀ ਦੇ ਦੁਆਲੇ 9 ਹੋਰ ਧਰਤੀਆਂ ਹਨ, ਚੰਦ ਸਾਡੇ ਸਭ ਤੋਂ ਨੇੜੇ
ਹੈ, ਪਲੂਟੋ ਸਾਡੇ ਸਭ ਤੋਂ ਦੂਰ ਅਤੇ ਠੰਡਾ ਹੈ। ਮਰਕਰੀ ਸੂਰਜ ਦੇ ਸਭ ਤੋਂ ਨੇੜੇ ਅਤੇ ਗਰਮ ਹੈ।
ਯੂਰੇਨਿਸ ਉਪਰ ਸਭ ਤੋਂ ਜਿਆਦਾ ਚੰਦ੍ਰਮਾਂਹ ਯਾਨੀ 21 ਮੂਨ ਹਨ। ਜੂਪੀਟਰ … … ਉਹ ਐਸਾ ਉਧੜਿਆ ਕਿ ਉਸ
ਅਪਣਾ ਸਾਰਾ ਗਿਆਨ ਬਾਬੇ ਫੌਜਾ ਸਿੰਘ ਉਪਰ ਲੱਦਣਾ ਸ਼ੁਰੂ ਕਰ ਦਿੱਤਾ। ਬਾਬੇ ਦੇ ਰਿਸ਼ਤੇਦਾਰ ਨੇ ਉਸ
ਨੂੰ ਮਸੀਂ ਚੁੱਪ ਕਰਾ ਕੇ ਹੋਰ ਆਹਰੇ ਲਾਇਆ।
ਪਰ ਹੁਣ ਬਾਬਾ ਜਦ ਇਹ ਕਥਾ ਸੁਣ ਰਿਹਾ ਸੀ ਤਾਂ ਹੈਰਾਨੀ ਦੀਆਂ ਘੁੰਮਣਘੇਰੀਆਂ ਨਾਲ ਉਸ ਦਾ ਸਿਰ ਚਕਰਾ
ਰਿਹਾ ਸੀ ਕਿ ਛੋਟੇ ਛੋਟੇ ਬੱਚੇ ਅਪਣੀ ਛੱਡ ਦੁਆਲੇ ਦੀਆਂ ਧਰਤੀਆਂ ਬਾਰੇ ਵੀ ਜਾਨਣ ਲੱਗ ਪਏ ਹਨ ਪਰ
ਇਧਰ ਸਾਡੇ ਮੁਹਾਣੇ ਇਸੇ ਧਰਤੀ ਉਪਰ ਹੀ ਤਾਂਬੇ ਦੀ ਧਰਤੀ ਲੱਭਣ ਤੁਰੇ ਹੋਏ ਹਨ ਤੇ ਹੋਰ ਹੈਰਾਨੀ ਇਹ
ਕਿ ਅਜਿਹੀਆਂ ਗੱਪਾਂ ਪਾ ਵੀ ਗੁਰੂ ਸਾਹਿਬਾਨਾ ਦੇ ਮੂੰਹ ਵਿੱਚ ਪਾ ਰਹੇ ਹਨ। ਕੋਈ ਪੁੱਛਣ ਵਾਲਾ ਨਹੀ
ਕਿ ਤਾਂਬੇ ਦੀ ਧਰਤੀ ਕੀ ਸਾਡੀ ਇਸ ਧਰਤੀ ਉਪਰ ਹੀ ਹੈ ਜਾਂ ਕਿਸੇ ਇੰਦਰਪੁਰੀ ਦੇ ਏੜ-ਗੇੜ ਹੈ. . ?
ਜਾਂ ਵਿਸ਼ਨੂੰ ਜੀ ਮਹਾਰਾਜ ਦੇ ਕਿਸੇ ਖੀਰ ਸਮੁੰਦਰ ਵਿੱਚ ਹੈ. . ? ਜਾਂ ਕਿਸੇ ‘ਬ੍ਰਹਮਗਿਆਨੀ’ ਦੇ ਹੀ
ਡੇਰੇ ਵਿੱਚ ਹੈ. . ?
‘ਜਲ’
ਬਾਬਾ ਫੌਜਾ ਸਿੰਘ ਕਿਸੇ ਰਿਸ਼ਤੇਦਾਰ ਦੇ ਅੰਖਡ ਪਾਠ ਤੇ ਗਿਆ। ਪਾਠ ਦਾ ਹਾਲੇ ਵਿਚਾਲੜਾ ਦਿਨ ਸੀ।
ਗੁਰਦੁਆਰਾ ਸਾਹਿਬ ਦੇ ਭਾਈ ਜੀ ਬਾਬੇ ਨੂੰ ਕਹਿਣ ਲੱਗੇ ਕਿ ਤੁਸੀਂ ਥੋੜਾ ਚਿਰ ਪ੍ਰਸ਼ਾਦ ਤੇ ਬੈਠੋ ਮੈ
ਲੰਗਰ ਛੱਕ ਆਵਾਂ। ਮੇਨ ਹਾਲ ਵਿੱਚ ਪਾਠ ਚਲ ਰਿਹਾ ਸੀ ਬਾਬਾ ਗੁਰੂ ਜੀ ਦੀ ਬਾਣੀ ਸੁਣਨ ਲੱਗ ਪਿਆ ਨਾਲ
ਪ੍ਰਸ਼ਾਦ ਦੀ ਡਿਉਟੀ ਤੇ ਬੈਠ ਗਿਆ।
15 ਕੁ ਮਿੰਟ ਬਾਅਦ ਬਾਬੇ ਦੇਖਿਆ ਕਿ ਬਾਬਾ ਜੀ ਦੀ ਚਲਦੀ ਬਾਣੀ ਅਗੋਂ ਸਪੀਕਰ ਚੁੱਕ ਲਿਆ ਗਿਆ ਅਤੇ
ਕੀਰਤਨ ਕਰਨ ਆਏ ਰਾਗੀ ਜਥੇ ਅਗੇ ਰੱਖ ਦਿੱਤਾ ਗਿਆ। ਬਾਬੇ ਨੂੰ ਇੰਝ ਜਾਪਿਆ ਜਿਵੇਂ ਸਪੀਕਰ ਚੁੱਕਣ
ਵਾਲਾ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਕਹਿ ਰਿਹਾ ਹੋਵੇ ਕਿ ਬਾਬਾ ਜੀ ਤੁਸੀਂ ਹੁਣ ਚੁੱਪ ਕਰੋ ਸਾਡਾ
ਬਿੱਜਨੈਸ ਦਾ ਸਮਾ ਹੈ। ਨਹੀ ਤਾਂ ਕੋਈ ਕਾਰਨ ਨਹੀ ਸੀ ਕਿ ਚਲਦੀ ਬਾਣੀ ਵਿੱਚ ਬਰਬਾਰ ਤੇ ਇੱਕ ਹੋਰ
ਕੰਮ ਸ਼ੁਰੂ ਕਰ ਦਿੱਤਾ ਜਾਵੇ।
ਬਾਬਾ ਫੌਜਾ ਸਿੰਘ ਚਲੋ ਕੀਰਤਨ ਸੁਣਨ ਲੱਗ ਪਿਆ। ਥੋੜੇ ਚਿਰ ਬਾਅਦ ਇੱਕ ਸੂਟਿਡ-ਬੂਟਿਡ ਬੀਬੀ ਅਪਣੇ
10 ਕੁ ਸਾਲ ਦੇ ਬੱਚੇ ਨੂੰ ਜਿਸਦੇ ਨਿੱਕੇ ਜਿਹੇ ਮੂੰਹ ਉਪਰ ਮੋਟੀਆਂ ਐਨਕਾਂ ਲੱਗੀਆਂ ਹੋਈਆਂ ਸਨ, ਲੈ
ਕੇ ਆਈ ਅਤੇ ਪ੍ਰਸ਼ਾਦ ਲੈਣ ਤੋਂ ਬਾਅਦ ਪੁੱਛਣ ਲੱਗੀ ਕਿ ਬਾਬਾ ਜੀ ਜਲ ਕਿਥੋਂ ਮਿਲੂ? ਬਾਬਾ ਹੈਰਾਨ!
ਜਲ ਕਿਹੜਾ ਭਾਈ? ਗੱਲ ਬਾਬੇ ਦੇ ਸਮਝ ਨਾ ਆਈ।
ਜਲ? ਜਲ ਵੀ ਕਿਹੜਾ ਹੁੰਦੈ ਬਾਬਾ ਜੀ? ਬੀਬੀ ਬਾਬੇ ਦੀ ‘ਅਕਲ’ ਤੇ ਪ੍ਰੇਸ਼ਾਨ ਜਿਹੀ ਹੋ ਗਈ। ਬਾਬਾ
ਫੌਜਾ ਸਿੰਘ ਨੇ ਬੀਬੀ ਦੀ ਪ੍ਰੇਸ਼ਾਨੀ ਅਤੇ ਅਪਣੀ ‘ਬੇਅਕਲੀ’ ਨੂੰ ਸਮਝਦਿਆਂ ਕਿਹਾ ਕਿ ਬੀਬਾ ਜਲ ਵਾਲੇ
ਬਾਬਾ ਜੀ ਹੁਣੇ ਆਉਂਦੇ ਮੈਂ ਤਾਂ ਹਾਲੇ ਨਵਾਂ।
ਉਨੇ ਚਿਰ ਨੂੰ ਪ੍ਰਸ਼ਾਦ ਵਾਲੇ ਭਾਈ ਜੀ ਆ ਗਏ ਅਤੇ ਉਹ ਬੀਬੀ ਅਤੇ ਬੱਚੇ ਨੂੰ ਲੈ ਕੇ ਸ੍ਰੀ ਗੁਰੂ
ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਰੱਖੇ ਪਾਣੀ ਦੇ ਪਤੀਲੇ ਵਿੱਚੋਂ ਕੁੱਪੀ ਨਾਲ ਪਾਣੀ ਵਾਲੀ ਬੋਤਲ
ਵਿੱਚ ‘ਜਲ’ ਪਾੳਂਣ ਲੱਗ ਪਏ।
ਬਾਬਾ ਫੌਜਾ ਸਿੰਘ ਨੂੰ ਹੁਣ ‘ਜਲ’ ਦੀ ਸਮਝ ਆਈ ਕਿ ਬੀਬੀ ਕਿਹੜਾ ‘ਜਲ’ ਮੰਗ ਰਹੀ ਸੀ। ਪਰ ਬਾਬੇ ਦੀ
ਉਤਸੁਕਤਾ ਨੇ ਬਾਬੇ ਅੰਦਰ ਭੱੜਥੂ ਜਿਹਾ ਪਾ ਦਿੱਤਾ ਕਿ ਜਾਣਿਆ ਤਾਂ ਜਾਵੇ ਕਿ ਇਹ ‘ਜਲ’ ਬੀਬੀ ਨੇ ਕੀ
ਕਰਨਾ ਸੀ ਅਤੇ ਇਸ ਨਾਲ ਕੀ ਸੌਰਨ ਵਾਲਾ ਸੀ ਜਦ ਕਿ ਜਿਸ ਨਾਲ ਸੌਰਨਾ ਸੀ ਉਸ ਗੁਰੂ ਨੇੜਿਓਂ ਤਾਂ ਉਹ
ਮੱਥਾ ਟੇਕ ਇੰਝ ਦੌੜੀ ਸੀ ਜਿਵੇਂ ਗੁਰੂ ਜੀ ਨੇ ਬਦੋਬਦੀ ਫੜਕੇ ਬੈਠਾ ਲੈਣਾ ਹੋਵੇ।
ਬਾਬਾ ਫੌਜਾ ਸਿੰਘ ਬੀਬੀ ਦੇ ਮਗਰੇ ਚਲਾ ਗਿਆ ਤੇ ਲੰਗਰ ਵਿੱਚ ਉਸ ਬੀਬੀ ਨੂੰ ਬਹਾਨੇ ਨਾਲ ਖੜਾ ਕਰ
ਲਿਆ ਅਤੇ ‘ਜਲ’ ਦੀ ਕਹਾਣੀ ਪੁੱਛਣ ਲੱਗ ਪਿਆ। ਬੀਬੀ ਨੇ ਦੱਸਿਆ ਕਿ ਦਰਅਸਲ ਮੇਰੇ ਇਸ ਬੇਟੇ ਦੀਆਂ
ਅੱਖਾਂ ਬਹੁਤ ਦੁੱਖਦੀਆਂ ਅਤੇ ਨਿਗਾਹ ਘੱਟ ਰਹੀ ਹੈ ਅਸੀ ਇਥੇ ਬਾਬਾ ਜੀ ਨੂੰ ਪੁੱਛਿਆ ਸੀ ਤਾਂ ਉਹ
ਕਹਿਣ ਲੱਗੇ ਕਿ ਪਾਠ ਸ਼ੁਰੂ ਹੋਣਾ ਹੈ ਉਥੇ ਅਸੀਂ ਜਲ ਦਾ ਪਤੀਲਾ ਰੱਖਿਆ ਹੈ ਉਹ ਜਲ ਲਿਜਾ ਕੇ ਜਲ ਦੇ
ਛੱਟੇ ਰੋਜਾਨਾ ਦੋ ਵਾਰ ਇਸ ਦੀਆਂ ਅੱਖਾਂ ਵਿੱਚ ਮਾਰਨੇ ਹਨ ਠੀਕ ਹੋਜੇਗਾ। ਬਾਬਾ ਹੱਸ ਪਿਆ ਤੇ ਬੀਬੀ
ਦਾ ਜਵਾਬ ਦਿੱਤੇ ਬਿਨਾ ਬੱਚੇ ਨੂੰ ਪੁੱਛਣ ਲੱਗਾ ਕਿ ਬੇਟਾ ਟੀ. ਵੀ ਗੇਮ ਕਿੰਨਾ ਚਿਰ ਵੇਖਦੇ ਖੇਡਦੇ
ਹੋ। ਬੱਚੇ ਨੇ ਤਾਂ ਹਾਲੇ ਕੋਈ ਜਵਾਬ ਨਾ ਦਿੱਤਾ ਬੀਬੀ ਫੱਟ ਬੋਲ ਪਈ,
ਬਾਬਾ ਜੀ! ਇਸ ਨੂੰ ਸਮਝਾਓ ਇਹ ਸਾਰਾ ਦਿਨ ਟੀ. ਵੀ. ਅਗੋਂ ਨਹੀ ਉਠਦਾ ਤੇ ਟੀ. ਵੀ ਤੋਂ ਉਠ ਗੇਮ ਲੈ
ਕੇ ਬੈਠ ਜਾਂਦਾ ਦੱਸੋ ਇਸ ਦਾ ਕੀ ਕਰਾਂ? ਆਹ ਦੇਖੋ ਹੁਣ ਵੀ ਗੇਮ ਕੱਛੇ ਮਾਰੀ ਫਿਰਦਾ!
ਬੀਬੀ ਨੇ ਜਿਵੇਂ ਤਰਲਾ ਜਿਹਾ ਕੀਤਾ ਪਰ ਬਾਬੇ ਫੌਜਾ ਸਿੰਘ ਦਾ ਦਿਲ ਕੀਤਾ ਇਸ ਨੂੰ ਕਹੇ ਕਿ ਅਪਣੇ
ਬਾਬਾ ਜੀ ਨੂੰ ਪੁੱਛਕੇ ਪਤੀਲਾ ‘ਜਲ’ ਦਾ ਟੀ. ਵੀ ਨੇੜੇ ਹੀ ਰੱਖ ਦਿਆ ਕਰੇ ਤੇ ਸਾਉਂਣ ਵੇਲੇ ਬੱਚੇ
ਦੇ ਨਹੀ ਅਪਣੇ ਸਿਰ ਵਿੱਚ ਰੋਹੜ ਲਿਆ ਕਰੇ ਜਿਸ ਨੂੰ ਇਹ ਵੀ ਪਤਾ ਨਹੀ ਲੱਗ ਰਿਹਾ ਕਿ ਬੀਮਾਰੀ ਕੀ ਹੈ
ਤੇ ਇਲਾਜ ਮੈਂ ਕੀ ਕਰ ਰਹੀ ਤੇ ਜਾਂ ਇਸ ਭਾਈ ਜੀ ਦੇ ਜਿਹੜਾ ਬਕਾਇਦਾ ਕੁੱਪੀਆਂ ਲਾ ਕੇ ਬੈਠਾ ਬੋਤਲਾਂ
ਭਰ-ਭਰ ਦਈ ਜਾ ਰਿਹਾ ਜਾਂ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਜਿਹੜੇ ਜਾਣ ਦੇ ਬੁੱਝਦੇ ਵੀ ਲੁਕਾਈ ਨੂੰ
ਹਨੇਰੇ ਖੂਹ ਵਿੱਚ ਸੁਟ ਰਹੇ ਹਨ ਬਜਾਇ ਇਹ ਸਮਝਾਉਂਣ ਦੇ ਕਿ ਗੁਰੂ ਦੀ ਬਾਣੀ ਦੇ ਜੀਵਨ ਵਿੱਚ ਛੱਟੇ
ਮਾਰਿਆਂ ਮਸਲਾ ਹੱਲ ਹੁੰਦਾ ਨਾ ਕਿ ਨੇੜੇ ਰੱਖੇ ਪਾਣੀ ਦੇ।
ਤਬੀਤ
ਬਾਬਾ ਫੌਜਾ ਸਿੰਘ ਨੇ ਕਬੱਡੀ ਦੀਆਂ ਧੁੰਮਾਂ ਜਦ ਮੀਡੀਏ ਤੇ ਸੁਣੀਆਂ ਤਾਂ ਉਸ ਦਾ ਵੀ ਦਿਲ ਕੀਤਾ ਕਿ
ਕਿਉਂ ਨਾ ਐਤਕੀਂ ਕਬੱਡੀ ਦਾ ਹੀ ਲੁਤਫ ਲਿਆ ਜਾਵੇ ਉਂਝ ਵੀ ਇਸ ਵਾਰੀ ਟੂੰਰਨਾਮੈਂਟ ਮੁਫਤਾ ਸੀ।
ਗਰਮੀ ਅੱਤ ਦੀ ਧੁੱਪ ਰੜਕਾਂ ਪਈ ਕੱਢਦੀ ਸੀ ਬਾਬਾ ਵੀ ਗੁੱਠੇ ਬੈਠ ਕਬੱਡੀ ਦੇਖ ਲੱਗਾ। ਲਿਸ਼ਕਦੇ
ਪਿੰਡਿਆਂ ਤੇ ਕਮਾਏ ਜੁੱਸਿਆਂ ਵਾਲੇ ਗੱਭਰੂ ਮੈਦਾਨ ਵਿੱਚ ਉਤਰੇ। ਬਾਬੇ ਦਾ ਮਨ ਬੜਾ ਖੁਸ਼ ਹੋਇਆ ਕਿ
ਨਸ਼ਿਆਂ ਮਾਰੇ ਪੰਜਾਬ ਵਿੱਚ ਅਤੇ ਸਮਾਜ ਵਿੱਚ ਹਾਲੇ ਵੀ ਗੱਭਰੂ ਹਨ ਜੀਹਨਾ ਜਵਾਨੀ ਸਾਂਭੀ ਹੋਈ ਹੈ।
ਮੈਚ ਹੋਣ ਲੱਗਾ ਪਰ ਬਾਬਾ ਹੈਰਾਨ। ਬਹੁਤੇ ਗੱਭਰੂ ਸੂਰਜ ਵਲ ਮੂੰਹ ਕਰ ਹੱਥ ਜੋੜ ਪਤਾ ਨਹੀ ਸੂਰਜ ਜੀ
ਮਹਾਂਰਾਜ ਦੀ ਪੂਜਾ ਕਰ ਰਹੇ ਸਨ, ਹੋਰ ਜੋਰ ਮੰਗ ਰਹੇ ਸਨ ਜਾਂ ਗਰਮੀ। ਗਰਮੀ ਤਾਂ ਪਹਿਲਾਂ ਹੀ ਸੀ,
ਜੋਰ ਤਾਂ ਉਨਾ ਹੀ ਰਹਿਣਾ ਸੀ ਜਿੰਨਾ ਕਮਾਇਆ ਤਾਂ ਫਿਰ…
ਬਾਬਾ ਫੌਜਾ ਸਿੰਘ ਸਿੰਘ ਇਹ ਦੇਖ ਕੇ ਹੈਰਾਨ ਸੀ ਕਿ ਬਹੁਤਿਆਂ ਦਾ ਜਿਵੇਂ ਅਪਣੇ ਡੌਲਿਆਂ ਤੇ ਵਿਸਵਾਸ਼
ਹੀ ਨਾ ਹੋਵੇ ਤੇ ਉਹ ਡੌਲੇ ਨੂੰ ਵੀ ਤਬੀਤ, ਗਲ `ਚ ਵੀ ਤਬੀਤ, ਗੁੱਟ ਤੇ ਵੀ ਤਬੀਤ, ਹੇਠਾਂ ਗਿਟਿਆਂ
ਨੂੰ ਵੀ ਤਬੀਤ। ਹੱਦ ਹੋ ਗਈ! ਇਹਨਾਂ ਤਬੀਤਾਂ ਹੀ ਜੇ ਕਬੱਡੀ ਖੇਡਣੀ ਜਾਂ ਜਿੱਤਣੀ ਸੀ ਤਾਂ ਬਾਬੇ
ਫੌਜਾ ਸਿੰਘ ਨੇ ਬੜੀ ਗਲਤੀ ਕੀਤੀ ਕਿ ਉਸ ਨੂੰ ਵੀ ਦੋ-ਚਾਰ ਤਬੀਤ ਬੰਨ ਕੇ ਮੈਦਾਨ ਵਿੱਚ ਉਤਰ ਆਉਂਣਾ
ਚਾਹੀਦਾ ਸੀ। ਬਾਬਾ ਸੋਚ ਰਿਹਾ ਸੀ ਕਿ ਇਹ ਪੰਜਾਬ ਦੀ ਧਰਤੀ ਦੇ ਹੀ ਗੱਭਰੂ ਹਨ ਜਿਹੜਾ ਗੁਰਾਂ ਦੇ
ਨਾਂ ਤੇ ਵੱਸਦਾ ਹੈ ਕੀ ਇਹਨਾ ਨੂੰ ਹੁਣ ਉਨ੍ਹਾਂ ਕੱਬਰਾਂ ਵਾਲਿਆਂ ਦਿਆਂ ਤਬੀਤਾਂ ਤੇ ਹੀ ਵਿਸਵਾਸ਼
ਰਹਿ ਗਿਆ ਜੀਹਨਾ ਵਿੱਚੋਂ ਬਹੁਤਿਆਂ ਦੀਆਂ ਕੱਬਰਾਂ ਉੱਤੇ ਕੁੱਤੇ ਮੂਤਦੇ ਫਿਰਦੇ ਹਨ?
ਇੱਕ ਗੱਭਰੂ ਨੇ ਕਬੱਡੀ ਪਾਈ ਉਸ ਦੇ ਡੌਲੇ ਨਾਲ ਬੱਧੇ ਤਬੀਤ ਦੀ ‘ਰੱਖ’ ਕਿਸੇ ਕੰਮ ਨਾ ਆਈ ਜਦ ਅਗਲੇ
ਨੇ ਚੁੱਕ ਕੇ ਗੋਡਿਆਂ ਹੇਠ ਦੇ ਲਿਆ। ਦੂਜੀ ਵਾਰੀ ਗਿਆ ਤਾਂ ਉਹ ਆਪ ਤਾਂ ਦੌੜ ਆਇਆ ਪਰ ਡੌਲੇ ਨਾਲ
ਬੱਧਾ ਤਬੀਤ ਜਾਫੀ ਦੇ ਹੱਥ ਰਹਿ ਗਿਆ! !
ਤਬੀਤ ਵਾਲੇ ਨੇ ਵੀ ਤਬੀਤ ਦਾ ਨਹੀ ਵਿਸਾਹ ਖਾਧਾ ਉਸ ਗੁੱਟ ਨੂੰ ਬੰਨ ਲਿਆ। ਦੂਜੇ ਤੀਜੇ ਗੇੜੇ ਗੁੱਟ
ਨਾਲੋਂ ਜਦ ਝੜ ਗਿਆ ਤਾਂ ਉਸ ਨੇ ‘ਪੱਵਤਿਰ’ ਤਬੀਤ ਦੀ ‘ਬੇਅਦਬੀ’ ਕਰਦਿਆਂ ਚੁੱਕ ਕੇ ਕੱਛੇ ਵਿੱਚ
ੜੁੰਗ ਲਿਆ।
ਬਾਬਾ ਫੌਜਾ ਸਿੰਘ ਦਾ ਅਸ਼ਕੇ ਜਾਣ ਨੂੰ ਦਿਲ ਕਰਦਾ ਸੀ ਅਜਿਹੇ ਗੱਭਰੂਆਂ ਦੇ ਜਿਹੜੇ ਸੂਰਜ ਦੀ ਪੂਜਾ
ਕਰਕੇ ਖੇਡਦੇ ਅਤੇ ਤਬੀਤ ਕੋਲੋਂ ਜੋਰ ਭਾਲਦੇ ਹਨ ਤੇ ਸ਼ਾਇਦ ਇਸੇ ਕਰਕੇ ਪੰਜਾਬ ਕਬੱਡੀ ਤੋਂ ਅਗੇ ਨਹੀ
ਗਿਆ ਉਥੇ ਹੀ ਤਬੀਤ ਬੰਨਕੇ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾ ਰਿਹਾ ਹੈ।
ਡੱਡੂ ਅਤੇ ਗੱਧਾ
ਕਹਿੰਦੇ ਇੱਕ ਡੱਡੂ ਸੱਪ ਕੋਲੇ ਗਿਆ ਤੇ ਕਹਿਣ ਲੱਗਾ ਕਿ ਸੱਪ ਭਰਾ ਇਥੇ ਐਵੇਂ ਤੁੰ ਭੁੱਖ ਨਾਲ ਘੁਲਦਾ
ਰਹਿੰਦਾ ਏਂ ਚਲ ਮੈ ਤੈਨੂੰ ਇੱਕ ਅਜਿਹੀ ਥਾਂ ਲੈ ਚਲਾਂ ਜਿਥੇ ਤੇਰੇ ਖਾਣ ਲਈ ਖੁਲ੍ਹਾ ਖਾਣਾ ਤੈਨੂੰ
ਮਿਲ ਸਕਦਾ ਹੈ।
ਸੱਪ ਹੈਰਾਨ ਹੋਇਆ ਸੋਚਦਾ ਹੈ ਕਿ ਇਹ ਮੇਰੇ ਖਾਣ ਲਈ ਕੀ ਪ੍ਰਬੰਧ ਕਰੇਗਾ ਜਦ ਇਹ ਤਾਂ ਖੁਦ ਹੀ ਮੇਰਾ
ਖਾਜਾ ਹੈ! ਸੱਪ ਨੇ ਪੁੱਛਿਆ ਕਿ ਡੱਡੂ ਭਾਣਜੇ ਤੈਨੂੰ ਮੇਰਾ ਇੰਨਾ ਫਿਕਰ ਕਿਉਂ ਹੋਇਆ ਤੇ ਉਹ ਕਿਹੜੀ
ਥਾਂ ਹੈ ਜਿਥੇ ਮੇਰੇ ਖਾਣ ਲਈ ਖੁਲ੍ਹਾ ਭੋਜਨ ਮਿਲਣ ਦੀ ਆਸ ਹੈ। ਡੱਡੂ ਕਹਿਣ ਲੱਗਾ ਕਿ ਮਾਮਾ! ਦਰਅਸਲ
ਤੇਰੇ ਨਾਲ ਵਾਲੇ ਖੂਹ ਵਿੱਚ ਮੈ ਰਹਿੰਨਾ ਪਰ ਉਥੇ ਸਾਡੀ ਸ਼ਰੀਕੇ ਨਾਲ ਬੜੀ ਵੱਡੀ ਦੁਸ਼ਮਣੀ ਚਲ ਰਹੀ ਹੈ
ਪਰ ਉਹ ਕਬੀਲਾ ਸਾਡੇ ਨਾਲੋਂ ਤਗੜਾ ਹੈ ਤੇ ਉਨ੍ਹੀ ਸਾਡਾ ਜੀਣਾ ਹਰਾਮ ਕੀਤਾ ਪਿਆ ਹੈ। ਸੋ ਤੁੰ
ਕ੍ਰਿਪਾ ਕਰਕੇ ਸਾਡੇ ਵਿਰੋਧੀਆਂ ਦਾ ਸਫਾਇਆ ਕਰ। ਇੱਕ ਤਾਂ ਤੇਰਾ ਭੋਜਨ ਤੁਰੇਗਾ ਦੂਜਾ ਸਾਡੇ ਗਲੋਂ
ਬਲਾਅ ਲੱਥੇਗੀ। ਪਰ ਇੱਕ ਸ਼ਰਤ ਹੈ ਕਿ ਤੇਰਾ ਖਾਣਾ ਕੇਵਲ ਤੇ ਕੇਵਲ ਵਿਰੋਧੀ ਕਬੀਲੇ ਦਾ ਹੋਵੇਗਾ ਸਾਡੇ
ਵਿਚੋਂ ਤੂੰ ਕਿਸੇ ਨੂੰ ਨਹੀ ਛੇੜਨਾ।
ਸੱਪ, ਲੀਡਰਾਂ ਵਾਲੇ ਸਾਰੇ ਵਾਅਦੇ ਕਰਕੇ ਡੱਡੂ ਦੀ ਅਗਵਾਈ ਹੇਠ ਖੂਹ ਵਿੱਚ ਜਾ ਉਤਰਿਆ। ਉਸ ਵਿਰੋਧੀ
ਕਬੀਲੇ ਦੇ ਡੱਡੂ ਚੰਗੇ ਝਾਫੇ। ਸੱਪ ਨੂੰ ਲੈ ਕੇ ਆਉਂਣ ਵਾਲਾ ਡੱਡੂ ਅਤੇ ਉਸ ਦਾ ਕਬੀਲਾ ਵਿਰੋਧੀਆਂ
ਦੇ ‘ਤੁੜਕੇ’ ਲੱਗਦੇ ਦੇਖ ਬੜਾ ਬਾਗੋ ਬਾਗ ਹੋਇਆ ਫਿਰੇ। ਤੇ ਆਖਰ ਸੱਪ ਦੇ ਢਿੱਡ ਨੇ ਜਦ ਸਾਰੇ
ਵਿਰੋਧੀ ਹਜਮ ਕਰ ਲਏ ਤਾਂ ਉਹ ਲਿਆਉਂਣ ਵਾਲਿਆ ਤੇ ਲੱਗਾ ਹੱਥ ਫੇਰਨ। ਡੱਡੂ ਨੂੰ ਪੈ ਭਾਜੜਾਂ ਗਈਆਂ
ਕਿ ਹੁਣ ਕੀ ਬਣੇ। ਪਰ ਹੁਣ ਕੀ ਬਣਨਾ ਸੀ। ਉਸ ਸੱਪ ਨੂੰ ਕਿਹਾ ਕਿ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ
ਵਿਰੋਧੀ ਮੁੱਕ ਗਏ ਨੇ ਹੁਣ ਤੂੰ ਜਾਹ!
ਸੱਪ ਅਗੋਂ ਹੱਸਿਆ! ਕਿਹੜੇ ਵਾਅਦੇ. . ? ਮੈਂ ਕਿਹੜਾ ਆਪੇ ਆਇਆ ਸੀ ਤੂੰ ਖੁਦ ਮੈਨੂੰ ਲੈ ਕੇ ਆਇਆ ਸੀ
ਤੇ ਹੁਣ ਮੇਰੇ ਭੋਜਨ ਦਾ ਪ੍ਰਬੰਧ ਵੀ ਤੇਰੇ ਜਿੰਮੇਵਾਰੀ ਹੈ। ਮੁੱਕਦੀ ਗੱਲ ਕਿ ਨਾ ਸੱਪ ਨੇ ਜਾਣਾ ਸੀ
ਤੇ ਨਾ ਸੱਪ ਗਿਆ ਉਸ ਸਾਰੇ ਇੱਕ ਇੱਕ ਕਰਕੇ ਡੱਡੂ ਦੇ ਨਾਲ ਵਾਲੇ ਵੀ ਜਦ ਝੱਫ ਲਏ ਤਾਂ ਡੱਡੂ ਕਹਿਣ
ਲੱਗਾ ਕਿ ਦੇਖ ਮਾਮਾ! ਹੁਣ ਮੈ ਹੀ ਬੱਚਿਆ ਹਾਂ ਇਸ ਨਾਲ ਤਾਂ ਤੇਰਾ ‘ਬਰੇਕਫਾਸਟ’ ਵੀ ਨਹੀ ਹੋਣਾ ਹੁਣ
ਤੂੰ ਇੰਝ ਕਰ ਮੈਨੂੰ ਇਜਾਜਤ ਦੇਹ ਮੈ ਇੱਕ ਹੋਰ ਖੂਹ ਹੈ ਉਥੇ ਪਤਾ ਕਰਕੇ ਤੈਨੂੰ ਲੈ ਕੇ ਚਲਦਾ ਹਾਂ
ਤੇਰੇ ਚਾਰ ਦਿਨ ਹੋਰ ਸੌਖੇ ਨਿਕਲ ਜਾਣਗੇ। ਕਹਾਣੀ ਕਹਿੰਦੀ ਕਿ ਡੱਡੂ ਮੁੜ ਨਹੀ ਆਇਆ।
ਬਾਬਾ ਫੌਜਾ ਸਿੰਘ ਨੇ ਹਜਾਰਾਂ ਸਾਲ ਪਹਿਲੇ ਲਿਖੀ ਇਹ ਪੰਚਤੰਤਰ ਦੀ ਕਹਾਣੀ ਪੜੀ ਤਾਂ ਉਸ ਨੂੰ ਜਾਪਿਆ
ਜਿਵੇਂ ਇਹ ਮੇਰੀ ਹੀ ਕੌਮ ਦੀ ਕਹਾਣੀ ਹਜਾਰਾਂ ਸਾਲ ਪਹਿਲਾਂ ਹੀ ਲਿੱਖ ਗਿਆ ਹੈ।
ਅਖੀਰ ਤੇ ਬੱਚਿਆ ਡੱਡੂ ਫਿਰ ਵੀ ਸਿਆਣਾ ਨਿਕਲਿਆ ਤੇ ਅਪਣਾ ਆਪ ਬਚਾ ਗਿਆ ਪਰ ਬਾਣੀਆਂ, ਸੱਪ ਵਰਗਾ
ਮੂਰਖ ਨਹੀ ਕਿ ਆਖਰੀ ‘ਡੱਡੂ’ ਨੂੰ ਵੀ ਅਪਣੇ ਪੰਜੇ ਚੋਂ ਬਾਹਰ ਨਿਕਲਣ ਦੇਵੇਗਾ। ਤੇ ਡੱਡੂ ਵੀ ਇੰਨੇ
ਸਿਆਣੇ ਨਹੀ ਕਿ ਇੱਕ ਵਾਰ ਨਿਕਲੇ ਮੁੜ ਨਾ ਫਸਣ। ਇਹ ਨਿਕਲਦੇ ਨੇ ਮੁੜ ਫਸਣ ਲਈ। ਸ਼ੇਰਾਂ ਦੀ ਕੌਮ ਦੇ
ਗੱਧੇ ਲੀਡਰ ਤਾਂ ਹੀ ਤਾਂ ਕਹਾਣੀ ਪ੍ਰਚਲਤ ਹੋਈ ਹੈ।
ਨਹੀ ਤਾਂ ਗੱਧਾ ਮੁੜ ਕਿਉਂ ਆਉਂਦਾ। ਸ਼ੇਰ ਦੇ ਇਰਾਦਿਆ ਦਾ ਜਦ ਪਤਾ ਲੱਗ ਹੀ ਗਿਆ ਤਾਂ ਲੂੰਬੜ ਦੇ ਆਖੇ
ਲੱਗ ਫਿਰ ਜਾ ਫਸਿਆ। ਕਹਿੰਦੇ ਸ਼ੇਰ ਦੀ ਗੈਰ ਹਾਜਰੀ ਵਿੱਚ ਲੂੰਬੜ ਨੇ ਗੱਧੇ ਦਾ ਮੱਗਜ਼ ਕੱਢ ਕੇ ਖਾ
ਲਿਆ। ਵਾਪਸ ਆ ਕੇ ਸ਼ੇਰ ਬੜਾ ਲਾਲ ਪੀਲਾ ਹੋਇਆ ਕਿ ‘ਮਗਜ਼ ਕਹਾਂ ਹੈ’ ? ਲੂੰਬੜ ਹੱਸ ਪਿਆ! ਬਾਦਸ਼ਾਹ
ਸਲਾਮਤ! ਜੇ ਇਸ ਦੇ ਸਿਰ ਵਿੱਚ ਮਗਜ਼ ਹੁੰਦਾ ਤਾਂ ਇਹ ਦੁਬਾਰਾ ਕਿਉਂ ਫਸਣ ਆਉਂਦਾ?
ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਜੇ ਗੱਧਿਆਂ ਦੇ ਸਿਰ ਵਿੱਚ ਮਗਜ਼ ਹੁੰਦਾ ਤਾਂ 47 ਵੇਲੇ ਹੀ
ਕਿਉਂ ਫਸਦੇ? ਤੇ ਮੁੜ ਫਸਦੇ ਹੀ ਗਏ। ਪਾਣੀਆਂ ਦੇ ਮੁੱਦੇ ਤੇ ਫਸੇ, ਮੋਰਚਾ ਲਾ ਕੇ ਫਸੇ, ਪੰਜਾਬੀ
ਸੂਬੇ ਵੇਲੇ ਫਸੇ, 2 ਲੱਖ ਬੰਦਾ ਮਰਵਾ ਕੇ ਵੀ ਫਸੇ। ਬਾਬਾ ਹਾਲੇ ਸੋਚ ਰਿਹਾ ਸੀ ਕਿ ਇੱਕ ਗਧਾ ਆ ਕੇ
ਬਾਬੇ ਕੋਲੇ ਹੀਂਗਣ ਲੱਗ ਪਿਆ! ਬਾਬਾ ਹੈਰਾਨ ਕਿ ਇਸ ਗੱਧੇ ਨੂੰ ਕਾਹਦੀ ‘ਟੈਂਸ਼ਨ’ ਹੋਈ ਬਈ! ਉਸ
ਵਿਚਾਰੇ ਨੂੰ ‘ਟੈਂਸ਼ਨ’ ਇਹ ਸੀ ਕਿ ਤੂੰ ਸਾਡੇ ਨਾਲ ਇਨਸਾਫ ਨਹੀ ਕਰ ਰਿਹਾ, ਨਹੀ ਯਕੀਨ ਤਾਂ ਤੀਜੀ
ਵਾਰ ਸ਼ੇਰ ਨੂੰ ਕਹੋ ਮੈਨੂੰ ਫਸਾ ਕੇ ਦੇਖੇ ਪਰ ਤੇਰੇ ਵਾਲੇ ਤਾਂ ਫਸੀ ਹੀ ਜਾਂਦੇ ਨੇ ਤੇ ਤੂੰ ਇਨ੍ਹਾਂ
ਨਾਲ ਮੇਰਾ ਨਾਮ ਜੋੜ ਕੇ ਮੇਰੀ ਕੀ ਬੇਇੱਜਤੀ ਨਹੀ ਕਰ ਰਿਹਾ?
ਸਾਲੇ ‘ਜਟੂਰੀ’
ਰੱਖ ਲੇ
ਵੈਸੇ ਤਾਂ ਬਾਬਾ ਫੌਜਾ ਸਿੰਘ ਨੂੰ ਪ੍ਰਚਾਰਕਾਂ ਦੀਆਂ ਪੁਟੀਆਂ ਜਾਂਦੀਆਂ ‘ਧੂੜਾਂ’ ਅਤੇ ਹਰੇਕ
ਗੁਰਦੁਆਰੇ ਆਉਂਦੇ ਜਾਂਦੇ ਜੱਥਿਆਂ ਦੇ ਟੋਲਿਆਂ ਦੇ ਟੋਲੇ ਹੋਣ ਦੇ ਬਾਵਜੂਦ ਸਿੱਖੀ ਵਿੱਚ ਆ ਰਹੇ
ਨਿਗਾਰ ਬਾਰੇ ਕੋਈ ਭੁਲੇਖਾ ਨਹੀ ਸੀ ਅਤੇ ਬਹੁਤੇ ਪ੍ਰਰਾਚਕਾਂ ਵਲੋਂ ਕੇਵਲ ਬਾਹਰ ਆਉਂਣ ਲਈ ‘ਹੱਥ
ਸਿੱਧੇ’ ਕਰਨ ਬਾਰੇ ਵੀ ਜਾਣਕਾਰੀ ਸੀ ਅਤੇ ਇਹ ਵੀ ਪਤਾ ਸੀ ਕਿ ਭਈਏ, ਭਾਟੜੇ ਜਾਂ ਇਦਾਂ ਦੀਆਂ ਕਈ
ਹੋਰ ਨਸਲਾਂ ਨੇ ਕਿਵੇਂ ਭੇਖ ਬਦਲਕੇ ਸਿੱਖ ਸਟੇਜਾਂ ਤੇ ਕਬਜਾ ਕਰ ਲਿਆ ਹੋਇਆ ਹੈ ਜਿੰਨਾ ਦਾ ਸਿੱਖ
ਹੋਣ ਨਾਲ ਜਾਂ ਸਿੱਖੀ ਨਾਲ ਕੋਈ ਵਾਹ ਵਾਸਤਾ, ਜਾਣਕਾਰੀ, ਕੋਈ ਦਰਦ ਜਾਂ ਪੀੜਾ ਹੋਣਾ ਤਾਂ ਇੱਕ ਪਾਸੇ
ਕਈਆਂ ਨੂੰ ਇਹ ਵੀ ਪਤਾ ਨਹੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੰਨੇ ਕਿੰਨੇ ਹਨ ਜਾਂ ਜਪੁਜੀ ਦੇ
ਸਲੋਕ ਜਾਂ ਪਉਂੜੀਆਂ ਕਿੰਨੀਆਂ ਹਨ।
ਪਰ ਬਾਬੇ ਫੌਜਾ ਸਿੰਘ ਦਾ ਪੰਜਾਬ ਤੋਂ ਹੀ ਆਏ ਇੱਕ ਪ੍ਰਚਾਰਕ ਕੋਲੋਂ ਇੱਕ ਕਹਾਣੀ ਸੁਣ ਕੇ ਹੈਰਾਨੀ
ਨਾਲ ਮੂੰਹ ਅੱਡਿਆ ਗਿਆ! ਉਹ ਪਹਿਲ਼ਾਂ ਵੀ ਇੱਕ ਗੁਰਦੁਆਰਾ ਸਾਹਿਬ ਆ ਚੁੱਕਾ ਹੋਇਆ ਸੀ ਅਤੇ ਉਸ ਦੀ
ਡਿਉਟੀ ਗਰੰਥੀ ਸਿੱੰਘ ਦੀ ਹੋਣ ਕਰਕੇ ਜੱਥਿਆਂ ਨਾਲ ਉਸ ਦਾ ਸਿੱਧਾ ਵਾਹ ਪੈਂਦਾ ਹੀ ਰਹਿੰਦਾ ਸੀ। ਉਹ
ਦੱਸਣ ਲੱਗਾ ਕਿ ਰਾਤ ਦੇ ਦੀਵਾਨ ਤੋਂ ਵਿਹਲੇ ਹੋ ਕੇ ਰਾਤ ਨੂੰ ਇੱਕ ਦਿੱਲੀ ਤੋਂ ਆਇਆ ਜੱਥਾ, ਜਿਹੜਾ
ਪਹਿਲਾਂ ਪਿੱਛੋਂ ਯੂ. ਪੀ. ਤੋਂ ਸੀ ਉਸ ਦੇ ਸਾਈਡ ਵਾਲਾ ਅਪਣੇ ਘਰ ਫੋਨ ਕਰ ਰਿਹਾ ਹੈ ਤੇ ਉਹ ਅਪਣੇ
‘ਟੀਨ ਏਜਰ’ ਮੁੰਡੇ ਨੂੰ ‘ਪ੍ਰਚਾਰਕ’ ਬਣਨ ਦੀ ਪ੍ਰੇਰਨਾ ਦਿੰਦਾ ਹੋਇਆ ਕਹਿ ਰਿਹਾ ਹੈ,
“ਉਏ ਸਾਲੇ! ਜਟੂਰੀ ਰੱਖ ਲੇ ਅਰ ਛੁਰੀ ਪੇਹਨ ਲੇ ਸਰਦਾਰ ਸਾਲਾ ਪੇਸਾ ਬਹੁਤ ਦੇਤਾ ਈ” ! ! ਉਸ ਦਾ
ਭਾਵ ਸੀ ਕਿ ਵਾਲ ਰੱਖ ਕੇ ਕ੍ਰਿਪਾਨ ਪਾ ਲੈ ਸਰਦਾਰ. . ? ਦਰਅਸਲ ਉਹ ਪਹਿਲੀ ਵਾਰ ਆਏ ਸਨ ਜਦ ਡਾਲਰਾਂ
ਨਾਲ ਰੁਪਏ ਉਨ੍ਹੀ ਹਿਸਾਬ-ਕਿਤਾਬ `ਚ ਲਿਆਂਦੇ ਤਾਂ ਉਨ੍ਹਾਂ ਨੂੰ ਜਾਪਿਆ ਕਿ ਇਥੇ ਤਾਂ ਲੁੱਟ ਪਈ ਵਈ
ਐ।
ਬਾਬਾ ਫੌਜਾ ਸਿੰਘ ਨੇ ਹੋਰ ਸਮੇ ਇੱਕ ਹੋਰ ਅਜਿਹੇ ਹੀ ਦਿੱਲੀ ਤੋਂ ਆਏ ਕੀਰਤਨੀਏ ਤੋਂ ਅਪਣੀ ਘਰਵਾਲੀ
ਨੂੰ, ਜਿਸਦੇ ਬੱਚਾ ਹੋਣ ਵਾਲਾ ਸੀ ਫੋਨ ਤੇ ਹਦਾਇਤ ਦਿੰਦੇ ਹੋਏ ਸੁਣਿਆ,
“ਏ! ਕੱਲ ਕੋ ਬਾਹਰ ਮੱਤ ਨਿਕਲਨਾ ਸੂਰਜ ਗ੍ਰਹਿਣ ਏ ਨਾ, ਬੱਚੇ ਉਪਰ ਬੁਰਾ ਅਸਰ ਪੜ ਸਕਤਾ ਏ, ਹਾਂਅ!
ਆਜ ਹੀ ਮਾਂ ਕੋ ਲੇਕਰ ਮੰਦਰ ਜਾ ਕਰ ਪੂਜਾ ਕਰ ਆਨਾ” ! ! !
ਬਾਪੂ ਜੀ
ਬਾਬਾ ਫੌਜਾ ਸਿੰਘ ਪੰਜਾਬ ਗਿਆ ਤਾਂ ਉਸ ਦਾ ਗੁਆਢੀ ਅਤੇ ਪੁਰਾਣਾ ਮਿੱਤਰ ਬੜੇ ਚਾਅ ਨਾਲ ਬਾਬੇ ਨੂੰ
ਅਪਣੇ ਨਵੇਂ ਬਣਾਏ ਘਰ ਲੈ ਗਿਆ। ਘਰ ਬੜਾ ਸੋਹਣਾ ਸੀ। ਬਾਬੇ ਬੜੀ ਤਰੀਫ ਕੀਤੀ। ਪਰਿਵਾਰਕ ਮਹੌਲ ਰਿਹਾ
ਕਰਕੇ ਉਸ ਦੀ ਵਹੁਟੀ ਵੀ ਨਾਲ ਹੋ ਕੇ ਬੜੇ ਚਾਅ ਨਾਲ ਬਾਬੇ ਨੂੰ ਘਰ ਦਿਖਾ ਰਹੀ ਸੀ। ਇੱਕ ਖਾਸ ਕਮਰੇ
ਵਿੱਚ ਜਾ ਕੇ ਉਸ ਦੀ ਵਹੁਟੀ ਨੇ ਬਾਬੇ ਦਾ ਧਿਆਨ ਦਿਵਾਦਿਆਂ ਕਿਹਾ ਕਿ ਭਾਅਜੀ ਦੇਖੋ ਬਾਪੂ ਜੀ ਦੀ
ਫੋਟੋ ਅਸੀਂ ਕਿੰਨੀ ਸੋਹਣਾ ਲਾਈ ਹੈ ਇਸ ਕਮਰੇ ਵਿੱਚ ਅਸਂੀਂ ਕਿਸੇ ਨੂੰ ਨਹੀ ਵੜਨ ਦਿੰਦੇ। ਬਾਬੇ
ਫੌਜਾ ਸਿੰਘ ਨੇ ਦੇਖਿਆ ਕਿ ਵਾਕਿਆ ਹੀ ਪੂਰੇ ਹੋ ਚੁੱਕੇ ਬਜ਼ੁਰਗ ਦੀ ਫੋਟੋ ਪਰੀਵਾਰ ਨੇ ਗੁਰੁਆਂ ਦੀਆਂ
ਮੂਰਤੀਆਂ ਦੀ ਭੀੜ ਦੇ ਵਿੱਚੇ ਲਾਈ ਪਈ ਸੀ ਜਿਥੇ ਵਿੱਚੇ ਬਾਬਾ ਵਡਭਾਗ ਸਿੰਘ ਆਪਦੀਆਂ ਭੂਤਾਂ ਵੀ
ਕੱਢੀ ਜਾ ਰਿਹਾ ਸੀ। ਨਾਲ ਹੀ ਲੰਗੋਟੀ ਪਾਈ ਸਿਰੀ ਚੰਦ ਲੰਮੀ ਬਾਂਹ ਕਰਕੇ ‘ਸਵਰਗ’ ਨੂੰ ਉਡਦੇ ਜਾਂਦੇ
ਲਖਮੀ ਦਾਸ ਦੇ ਲੜਕੇ ਨੂੰ ਹੇਠਾਂ ਉਤਾਰ ਰਿਹਾ ਸੀ।
ਆਹ ਤੇ ਤੁਸੀਂ ਗੁਰੂਆਂ ਵਾਂਗ ਪੂਜਦੇ ਹੋ ਬਜ਼ੁਰਗ ਨੂੰ! ਬਈ ਬੜਾ ਸਤਿਕਾਰ ਹੈ. . ?
ਲੈ ਹੋਰ ਵੀਰ ਜੀ! ਅਸੀਂ ਸ਼ਹਿਰੋਂ ਉਚੇਚੀ ਵੱਡੀ ਕਰਾ ਕੇ ਲਿਆਂਦੀ ਸੀ ਬਾਪੂ ਜੀ ਦੀ ਫੋਟੋ। ਮੈਂ
ਇਨ੍ਹਾਂ ਕਿਹਾ ਸੀ ਬਈ ਪੈਸੇ ਜਿੰਨੇ ਮਰਜੀ ਲੱਗ ਜਾਣ ਬਾਪੂ ਜੀ ਦੀ ਫੋਟੋ ਵਧੀਆ ਕਰਾ ਕੇ ਲਾਉਂਣੀ ਹੈ।
ਬੀਬੀ ਬਾਬੇ ਦਾ ਮੱਤਲਬ ਸਮਝੇ ਬਗੈਰ ਲੋਰ ਵਿੱਚ ਕਈ ਕੁੱਝ ਦੱਸ ਗਈ। ਬਾਬੇ ਫੌਜਾ ਸਿੰਘ ਦਾ ਹਾਸਾ
ਨਿਕਲ ਗਿਆ।
ਲੈ ਭਾਅਜੀ ਤੁੰ ਹੱਸਿਆ ਕਾਹਤੋਂ? ਬਾਬਾ ਕਹਿਣ ਲੱਗਾ ਬੀਬਾ ਇਹ ਉਹੀ ਬਾਪੂ ਹੈ ਜਿਹੜਾ ਤੈਂ ਹਵੇਲੀਓਂ
ਕਦੇ ਘਰ ਨਹੀ ਸੀ ਵੜਨ ਦਿੱਤਾ। ਨਹੀ?
ਬਾਬੇ ਦੇ ਮਿੱਤਰ ਦਾ ਵੀ ਹਾਸਾ ਨਿਕਲ ਗਿਆ ਉਹ ਕਹਿਣ ਲੱਗਾ ਬਾਬਾ ਆਹ ਤੁੰ ਮਾਰੀ ਟਿਕਾਣੇ! !
ਲੈ ਭਾਅਜੀ ਬਾਪੂ ਕਿਹੜਾ ਘੱਟ ਸੀ ਘਰੇ ਟਿਕਣ ਦਿੰਦਾ ਸੀ ਕਿਸੇ ਨੂੰ ਉਹ ਮੈਂ ਹੀ ਰਾਹੇ ਪਾਇਆ ਨਹੀ
ਤਾਂ ਸਾਰੇ ਟੱਬਰ ਦਾ ਜੀਣਾ ਹਰਾਮ ਕੀਤਾ ਪਿਆ ਸੀ। ਇਹ ਤਾਂ ਅੱਗੋਂ ਐਵੇਂ ਯਈਂ ਯਈਂ ਕਰੀ ਜਾਂਦੇ ਸੀ।
ਬੀਬੀ ਕੁੱਝ ਚਿਰ ਪਹਿਲਾਂ ਵਾਲੇ ਬਾਪੂ ਜੀ ਦਾ ‘ਰਾਹੇ ਪਾਉਂਣਾ’ ਯਾਦ ਕਰਕੇ ਗੁੱਸੇ ਵਿੱਚ ਆ ਗਈ
ਜਿਵੇਂ ਫਿਰ ਬਾਪੂ ਜਿਉਂਦਾ ਹੋ ਉਠਿਆ ਸੀ।
ਪਰ ਬੀਬਾ ਹੁਣ ਤੁੰ ਸਿਆਣਪ ਕੀਤੀ। ਹੁਣ ਕਿਹੜਾ ਇਹਨੇ ਬੋਲਣਾ। ਫੋਟੋ ਭਵੇਂ ਹੋਰ ਵੱਡੀ ਕਰਾ ਕੇ ਲਾ
ਲੈ। ਆਏ ਗਏ ਤੇ ਟੌਹਰ ਪਾਉਂਣ ਲਈ ਮਾੜਾ ਨਹੀ ਕਿ ਵੇਖੋ ਬਾਪੂ ਜੀ ਦਾ ਸਤਿਕਾਰ।
ਉਹ ਕੱਚੀ ਜਿਹੀ ਹੋ ਗਈ। ਲੈ ਭਾਅਜੀ ਤੁਸੀਂ ਤਾਂ ਟਿੱਚਰਾਂ ਕਰਦੇ ਹੋ ਆਖਰ ਫਿਰ ਵੀ ਸਾਡੇ ਬਾਪੂ ਜੀ
ਸਨ! !
ਗੁਰਦੇਵ ਸਿੰਘ ਸੱਧੇਵਾਲੀਆ