ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 08)
ਗੁਰਮੁਖਿ ਹਰਿ ਸਾਲਾਹਿਆ ਜਿੰਨਾ ਤਿਨ ਸਲਾਹਿ ਹਰਿ ਜਾਤਾ॥
ਵਿਚਹੁ ਭਰਮੁ ਗਇਆ ਹੈ ਦੂਜਾ ਗੁਰ ਕੈ ਸਬਦਿ ਪਛਾਤਾ॥ ੧॥
ਹਰਿ ਜੀਉ ਤੂ ਮੇਰਾ ਇਕੁ ਸੋਈ॥
ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ॥ ੧॥ ਰਹਾਉ॥
ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ॥
ਸਦਾ ਮੀਠਾ ਕਦੇ ਨਾ ਫੀਕਾ ਗੁਰ ਸਬਦੀ ਵੀਚਾਰੁ॥ ੨॥
ਜਿਨਿ ਮੀਠਾ ਲਾਇਆ ਸੋਈ ਜਾਣੇ ਤਿਸੁ ਵਿਟਹੁ ਬਲਿ ਜਾਈ॥
ਸਬਦਿ ਸਾਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ॥ ੩॥
ਸਤਿਗੁਰੁ ਮੇਰਾ ਸਦਾ ਹੈ ਦਾਤਾ ਜੋ ਇਛੈ ਸੋ ਫਲੁ ਪਾਏ॥
ਨਾਨਕ ਨਾਮੁ ਮਿਲੈ ਵਡਿਆਈ ਗੁਰ ਸਬਦੀ ਸਚੁ ਪਾਏ॥ ੪॥ (੧੩੩੩)
॥ ਰਹਾਉ॥ ਹੇ ਪ੍ਰਭੂ, ਮੇਰਾ ਤਾਂ ਸਭ ਕੁੱਝ ਇਕੋ ਇੱਕ ਤੂੰ ਹੀ ਹੈਂ। ਮੈਂ ਤੈਨੂੰ ਹੀ ਜਪਦਾ ਹਾਂ,
ਤੈਨੂੰ ਹੀ ਯਾਦ ਰਖਦਾ ਹਾਂ, ਤੇਰੀ ਹੀ ਸਿਫਤ ਸਾਲਾਹ, ਵਡਿਆਈ ਕਰਦਾ ਹਾਂ। ਕਿਉਂਕਿ ਸ੍ਰੇਸ਼ਟ ਅਕਲ ਅਤੇ
ਉਚ ਆਤਮਕ ਅਵਸਥਾ ਤੈਥੋਂ ਹੀ ਪਰਾਪਤ ਹੁੰਦੀ ਹੈ।
ਏਥੇ ਇੱਕ ਚੀਜ਼ ਖਾਸ ਧਿਆਨ ਦੇਣ ਵਾਲੀ ਹੈ ਕਿ ਜਪ, ਜ਼ਬਾਨ ਦਾ ਨਹੀਂ, ਮਨ ਦਾ ਵਿਸ਼ਾ ਹੈ, ਗੁਰ ਹੁਕਮ
ਹੈ,
ਜਪਿ ਮਨ ਸਤਿ ਨਾਮੁ॥ (੬੭੦) ਅਤੇ,
ਜਪਿ ਮਨਿ ਸਿਰੀ ਰਾਮੁ॥ (੧੨੦੨) ਅਤੇ,
ਜਪਿ ਮਨ ਹਰਿ ਹਰਿ ਹਰਿ॥ (੧੨੬੩) ਅਤੇ,
ਜਪਿ ਮਨ ਹਰਿ ਹਰਿ ਨਾਮ॥ (੬੦੫) ਅਤੇ,
ਜਪਿ ਮਨ ਹਰਿ ਹਰਿ ਨਾਮੁ॥ (੭੨੦, ੮੦੦, ੧੩੦੮, ੧੩੩੭) ਅਤੇ,
ਜਪਿ ਮਨ ਹਰਿ ਨਿਰੰਜਨ॥ (੭੨੦) ਅਤੇ,
ਜਪਿ ਮਨ ਗੋਬਿੰਦ ਏਕੈ॥ (੭੪੬) ਅਤੇ,
ਜਪਿ ਮਨ ਗੋਬਿੰਦ ਮਾਧੋ॥ (੧੨੯੭) ਅਤੇ,
ਜਪਿ ਮਨ ਗੋਬਿੰਦ ਹਰਿ॥ (੧੨੦੨) ਅਤੇ,
ਜਪਿ ਮਨ ਨਾਮੁ ਏਕੁ॥ (੫੧) ਅਤੇ ਹੋਰ ਬਹੁਤ ਕੁਝ।
ਕਿੰਨੀ ਵਿਡੰਬਣਾ ਦੀ ਗੱਲ ਹੈ ਕਿ ਜਿਸ ਬਾਣੀ ਦਾ ਨਾਮ ਹੀ, ਗੁਰੂ ਸਾਹਿਬ ਨੇ ਜਪੁ ਰਖਿਆ ਹੈ, ਜਿਸ
ਬਾਰੇ ਸਿੱਖਾਂ ਨੂੰ ਹੁਕਮ ਹੈ ਕਿ ਇਸ ਨੂੰ, ਇਸ ਦੀ ਸਿਖਿਆ ਨੂੰ ਮਨ ਵਿੱਚ ਯਾਦ ਰੱਖਣਾ ਹੈ। ਉਸ ਬਾਣੀ
ਨੂੰ ਪੁਜਾਰੀ ਲਾਣੇ ਨੇ, ਡੇਰੇਦਾਰਾਂ ਨੇ ਅਜਿਹੀ ਭਵਾਟਣੀ ਦਿੱਤੀ ਹੈ ਕਿ ਉਸ ਦਾ ਤੋਤਾ ਰਟਨ,
ਗਿਣਤੀਆਂ ਮਿਣਤੀਆਂ ਵਿੱਚ ਸ਼ੁਰੂ ਕਰਵਾ ਦਿੱਤਾ। ਏਥੋਂ ਤਕ ਕਿ ਸੰਤ ਸੁੰਦਰ ਸਿੰਘ ਜੀ ਭਿੰਡਰਾਂ
ਵਾਲਿਆਂ ਦੇ ਜੀਵਨ ਬਿਰਤਾਂਤ ਦੇ ਪੰਨਾ ੩੩ ਤੇ ਲਿਖਿਆ ਹੈ ਕਿ “ਉਹ (ਸੰਤ ਸੁੰਦਰ ਸਿੰਘ ਜੀ) ੨੫ ਜਪਜੀ
ਸਾਹਿਬ ਦੇ ਪਾਠ, ਇੱਕ ਲੱਤ ਦੇ ਭਾਰ ਖੜੇ ਹੋ ਕੇ ਰੋਜ਼, ਕੀਤਾ ਕਰਦੇ ਸਨ”। ਪੰਨਾ ੮੧ ਤੇ ਇਹ ਵੀ
ਲਿਖਿਆ ਹੈ ਕਿ ਉਨ੍ਹਾਂ ਦੇ ਦੀਵਾਨ ਵਿੱਚ ਤੀਜੇ ਪਹਿਰ “ਸੂਰਜ ਪ੍ਰਕਾਸ਼, ਜਾਂ ਨਾਨਕ ਪ੍ਰਕਾਸ਼, ਜਾਂ
ਹੋਰ ਕਿਸੇ ਸਬੰਧਤ ਗ੍ਰੰਥ ਦੀ ਕਥਾ ਹੁੰਦੀ ਰਹਿੰਦੀ ਸੀ” ਸਹਿਜੇ ਹੀ ਵਿਚਾਰਿਆ ਜਾ ਸਕਦਾ ਹੈ ਕਿ
ਇਨ੍ਹਾਂ ਟਕਸਾਲਾਂ, ਡੇਰਿਆਂ ਆਦਿ ਵਿੱਚ ਸਿੱਖੀ ਦਾ ਕਿਹੋ ਜਿਹਾ ਪਰਚਾਰ ਹੁੰਦਾ ਰਿਹਾ ਹੈ ਅਤੇ ਹੋ
ਰਿਹਾ ਹੈ।
ਇਹ ਵੀ ਵਿਚਾਰਨ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਉਲਟ ਅਜਿਹਾ ਕਿਉਂ ਹੁੰਦਾ
ਹੈ?
ਜਪਜੀ ਸਾਹਿਬ ਵਿੱਚ “ਆਦਿ ਸਚੁ” ਦੀ ਗੱਲ ਹੈ। ਡੇਰਿਆਂ, ਟਕਸਾਲਾਂ ਵਿੱਚ ਡੇਰੇਦਾਰ ਦੀ ਗੱਲ ਹੁੰਦੀ
ਹੈ। ਜਪਜੀ ਸਾਹਿਬ ਵਿੱਚ “ਸੋਚ” ਲਈ ਆਤਮਕ ਸ਼ੁਧੀ ਲਈ, ਤੀਰਥ ਇਸ਼ਨਾਨ ਨੂੰ ਰੱਦ ਕੀਤਾ ਹੈ। ਟਕਸਾਲਾਂ,
ਡੇਰਿਆਂ ਦਾ ਸਾਰਾ ਕਾਰ-ਵਿਹਾਰ ਹੀ ਮੱਸਿਆ ਦੇ ਇਸ਼ਨਾਨ ਤੇ ਟਿਕਿਆ ਹੋਇਆ ਹੈ। ਜਪਜੀ ਸਾਹਿਬ ਵਿੱਚ
ਲਿਖਿਆ ਹੈ ਕਿ ਬੰਦੇ ਦੇ ਚੁਪ ਕਰ ਰਹਿਣ ਨਾਲ, ਮਨ ਦੀ ਭਟਕਣਾ ਨਹੀਂ ਰੁਕਦੀ। ਡੇਰਿਆਂ, ਟਕਸਾਲਾਂ
ਵਿੱਚ ਗੱਲ ਹੀ ਭੋਰਿਆਂ ਦੀ, ਉਨ੍ਹਾਂ ਵਿੱਚ ਲਾਈਆਂ ਜਾਂਦੀਆਂ ਮੋਨ, ਬਗਲ ਸਮਾਧੀਆਂ ਦੀ ਹੈ। ਜਪਜੀ
ਸਾਹਿਬ ਵਿੱਚ ਰਜ਼ਾ ਦੇ ਮਾਲਕ, ਪ੍ਰਭੂ ਦੇ ਹੁਕਮ ਵਿੱਚ ਚਲਣ ਦੀ ਗੱਲ ਹੈ। ਡੇਰਿਆਂ ਵਿਚ, ਟਕਸਾਲਾਂ
ਵਿੱਚ ਡੇਰੇਦਾਰ ਦੇ ਹੁਕਮ ਵਿੱਚ ਚਲਣ ਦੀ ਗੱਲ ਹੈ। ਜਪਜੀ ਸਾਹਿਬ ਵਿੱਚ ਸੇਧ ਦਿੱਤੀ ਹੈ ਕਿ ਜੇ ਕਰ
ਸਿੱਖ ਉਸ ਪ੍ਰਭੂ ਦੇ ਹੁਕਮ ਨੂੰ ਸਮਝ ਲਵੇ ਤਾਂ ਉਸ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ। ਟਕਸਾਲਾਂ
ਡੇਰਿਆਂ ਦਾ ਢਾਂਚਾ ਹੀ ਹਉਮੈ ਤੇ ਟਿਕਿਆ ਹੋਇਆ ਹੈ।
ਇਵੇਂ ਜਪਜੀ ਸਾਹਿਬ ਵਿੱਚ ਜਿਨ੍ਹਾਂ ਕਰਮ ਕਾਂਡਾਂ ਨੂੰ ਰੱਦ ਕੀਤਾ ਹੋਇਆ ਹੈ ਉਹ ਸਾਰੇ ਕਰਮ ਕਾਂਡ
ਟਕਸਾਲਾਂ, ਡੇਰਿਆਂ, ਵਿੱਚ ਹੁੰਦੇ ਹਨ। (ਇਸ ਵੇਲੇ ਇਨ੍ਹਾਂ ਕਰਮ ਕਾਂਡਾਂ ਤੋਂ ਸ਼ਾਇਦ ਹੀ ਕੋਈ ਗੁਰੂ
ਦਾ ਦਵਾਰਾ ਬਚਿਆ ਹੋਵੇ) ਜੇ ਕਰ ਸਿੱਖ ਜਪੁ ਬਾਣੀ ਦੀ ਸਿਖਿਆ ਨੂੰ ਸਮਝਣ, ਉਸ ਨੂੰ ਮਨ ਵਿੱਚ ਧਾਰਨ
ਕਰਨ, ਤਾਂ ਟਕਸਾਲਾਂ, ਡੇਰਿਆਂ ਦੀ ਲੁੱਟ ਦਾ ਸ਼ਿਕਾਰ ਕੌਣ ਬਣੇ? ਇਸ ਕਰ ਕੇ ਡੇਰੇ ਵਾਲਿਆਂ ਲਈ ਇਹੀ
ਚੰਗਾ ਹੈ ਕਿ, ਜਪੁ ਬਾਣੀ ਤੋਂ “ਜਪਜੀ ਸਾਹਿਬ” ਬਣਾ ਕੇ, ਉਸ ਦਾ ਵੱਧ ਤੋਂ ਵੱਧ ਤੋਤਾ-ਰਟਨ ਕਰਨ ਲਈ
ਪਰੇਰਿਆ ਜਾਵੇ, ਤਾਂ ਜੋ ਗੁਰੂ ਦੀ ਸਿਖਿਆ ਅਨੁਸਾਰ ਚੱਲਣ ਬਾਰੇ ਵਿਚਾਰ ਕਰਨ ਦਾ ਵੇਹਲ ਹੀ ਨਾ ਮਿਲੇ।
ਸਾਨੂੰ ਗੁਰਬਾਣੀ ਨੂੰ ਸਮਝ ਕੇ ਉਸ ਦਾ ਜਪ, ਮਨ ਵਿੱਚ ਕਰਨ ਦੀ ਲੋੜ ਹੈ, ਗੁਰਬਾਣੀ ਦੀ ਸਿਖਿਆ ਨੂੰ
ਮਨ ਕਰ ਕੇ ਮੰਨਣ ਅਤੇ ਉਸ ਅਨੁਸਾਰ ਜੀਵਨ ਢਾਲਣ ਦੀ ਲੋੜ ਹੈ, ਤਾਂ ਹੀ ਸਾਡਾ, ਸਮੁਚੇ ਪੰਥ ਦਾ ਅਤੇ
ਇੰਸਾਨੀਅਤ ਦਾ ਕੁੱਝ ਭਲਾ ਹੋਣ ਦੀ ਆਸ ਕੀਤੀ ਜਾ ਸਕਦੀ ਹੈ।
॥ ੧॥ ਹੇ ਭਾਈ ਜਿਨ੍ਹਾਂ ਬੰਦਿਆਂ ਨੇ ਗੁਰਮੁਖ ਹੋ ਕੇ, ਗੁਰ ਸ਼ਬਦ ਦੇ ਦੱਸੇ ਢੰਗ ਨਾਲ ਪ੍ਰਭੂ ਦੀ
ਸਿਫਤ ਸਾਲਾਹ ਕੀਤੀ, ਉਨ੍ਹਾਂ ਨੇ ਹੀ ਪ੍ਰਭੂ ਦੀ ਠੀਕ ਸਿਫਤ ਸਾਲਾਹ ਕਰਨ ਦਾ ਸਹੀ ਢੰਗ ਜਾਣਿਆ ਹੈ।
ਸ਼ਬਦ ਦੀ ਵਿਚਾਰ ਰਾਹੀਂ ਜਿਨ੍ਹਾਂ ਨੇ ਅੰਦਰਲੇ ਭਰਮ-ਭੁਲੇਖਿਆਂ ਨੂੰ ਪਛਾਣਿਆ ਹੈ, ਸਮਝਿਆ ਹੈ,
ਉਨ੍ਹਾਂ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਹੋ ਜਾਂਦੀ ਹੈ।
॥ ੨॥ ਹੇ ਭਾਈ ਜਿਹੜੇ ਮਨੁੱਖ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ, ਕਰਤਾਰ ਦੀ ਵਡਿਆਈ ਕਰਦੇ ਹਨ, ਉਸ ਦੇ
ਹੁਕਮ ਵਿੱਚ ਚਲਦੇ ਹਨ, ਉਨ੍ਹਾਂ ਨੂੰ ਉਸ ਦਾ ਹੁਕਮ ਮੰਨਣ ਵਿੱਚ ਸਵਾਦ ਆਉਂਦਾ ਹੈ, ਕਿਉਂਕਿ ਉਸ ਦਾ
ਹੁਕਮ ਹੀ ਸ੍ਰੇਸ਼ਟ ਅੰਮ੍ਰਿਤ ਹੈ। ਗੁਰੂ ਦੇ ਗਿਆਨ ਦੀ ਵਿਚਾਰ ਦਾ ਰਸ ਹਮੇਸ਼ਾ ਮਿੱਠਾ ਹੁੰਦਾ ਹੈ, ਕਦੇ
ਫਿੱਕਾ ਨਹੀਂ ਹੁੰਦਾ। ਉਸ ਦਾ ਆਨੰਦ ਸਦੀਵੀ ਹੁੰਦਾ ਹੈ, ਮਾਇਆ ਦੇ ਆਨੰਦ ਵਾਙ ਖਿਣ-ਪਲ ਵਾਲਾ ਨਹੀਂ
ਹੁੰਦਾ।
॥ ੩॥ ਹੇ ਭਾਈ ਮੈਂ ਤਾਂ ਹਉਮੈ ਰਹਿਤ ਹੋ ਕੇ, ਉਸ ਹਮੇਸ਼ਾ ਸੁਖ ਦੇਣ ਵਾਲੇ ਪ੍ਰਭੂ ਦੀ ਸਿਫਤ ਸਾਲਾਹ
ਕਰਦਾ ਹਾਂ, ਉਸ ਦੇ ਹੁਕਮ ਵਿੱਚ ਚਲਦਾ ਹਾਂ। ਜਿਸ ਦੀ ਮਿਹਰ ਸਦਕਾ ਮੈਨੂੰ ਇਹ ਨਾਮ, ਇਹ ਹੁਕਮ ਮਿੱਠਾ
ਲਗਦਾ ਹੈ, ਉਹੀ ਜਾਣਦਾ ਹੈ ਕਿ ਇਹ ਨਾਮ ਕਿੰਨਾ ਕੁ ਮਿੱਠਾ ਹੈ, ਮੈਂ ਤਾਂ ਬਸ, ਉਸ ਤੋਂ ਸਦਕੇ ਜਾਂਦਾ
ਹਾਂ, ਬਲਿਹਾਰ ਜਾਂਦਾ ਹਾਂ।
॥ ੪॥ ਆਖਰੀ ਤੁਕ ਵਿੱਚ ਸਮਝਾਇਆ ਹੈ ਕਿ, ਹੇ ਭਾਈ ਮੇਰਾ ਸਤਿਗੁਰੁ, ਮੇਰਾ ਕਰਤਾਰ ਸਦਾ ਦਾਤਾਂ ਦਿੰਦਾ
ਹੈ, ਉਸ ਦੇ ਦਰ ਤੋਂ ਜਿਸ ਦੀ ਜੈਸੀ ਇੱਛਾ ਹੁੰਦੀ ਹੈ, ਉਸ ਨੂੰ ਵੈਸਾ ਹੀ ਫੱਲ ਮਿਲ ਜਾਂਦਾ ਹੈ।
ਹੇ ਨਾਨਕ, ਗੁਰ ਸ਼ਬਦ ਰਾਹੀਂ ਨਾਮ ਦੀ, ਪ੍ਰਭੂ ਦਾ ਹੁਕਮ ਮੰਨਣ ਦੀ ਵਡਿਆਈ ਮਿਲਦੀ ਹੈ, ਉਸ ਆਸਰੇ ਸੱਚ
ਨਾਲ, ਅਕਾਲਪੁਰਖ ਨਾਲ ਮਿਲਾਪ ਹੁੰਦਾ ਹੈ।
ਅਤੇ,
ਲੇਖ ਅਸੰਖ ਲਿਖਿ ਲਿਖਿ ਮਾਨੁ॥ ਮਨਿ ਮਾਨਿਐ ਸਚੁ ਸੁਰਤਿ ਵਖਾਨੁ॥
ਕਥਨੀ ਬਦਨੀ ਪੜਿ ਪੜਿ ਭਾਰੁ॥ ਲੇਖ ਅਸੰਖ ਅਲੇਖੁ ਅਪਾਰੁ॥ ੧॥
ਐਸਾ ਸਾਚਾ ਤੂੰ ਏਕੋ ਜਾਣੁ॥ ਜੰਮਣ ਮਰਣਾ ਹੁਕਮੁ ਪਛਾਣੁ॥ ੧॥ ਰਹਾਉ॥
ਮਾਇਆ ਮੋਹਿ ਜਗੁ ਬਾਧਾ ਜਮਕਾਲਿ॥ ਬਾਂਧਾ ਛੂਟੈ ਨਾਮੁ ਸਮਾੑਲਿ॥
ਗੁਰੁ ਸੁਖਦਾਤਾ ਅਵਰੁ ਨ ਭਾਲਿ॥ ਹਲਤਿ ਪਲਤਿ ਨਿਬਹੀ ਤੁਧੁ ਨਾਲਿ॥ ੨॥
ਸਬਦਿ ਮਰੈ ਤਾਂ ਏਕ ਲਿਵ ਲਾਏ॥ ਅਚਰੁ ਚਰੈ ਤਾਂ ਭਰਮੁ ਚੁਕਾਏ॥
ਜੀਵਨ ਮੁਕਤੁ ਮਨਿ ਨਾਮੁ ਵਸਾਏ॥ ਗੁਰਮੁਖਿ ਹੋਇ ਤ ਸਚਿ ਸਮਾਏ॥ ੩॥
ਜਿਨਿ ਧਰ ਸਾਜੀ ਗਗਨੁ ਆਕਾਸੁ॥ ਜਿਨਿ ਸਭ ਥਾਪੀ ਥਾਪਿ ਉਥਾਪਿ॥
ਸਰਬ ਨਿਰੰਤਰਿ ਆਪੇ ਆਪਿ॥ ਕਿਸੈ ਨ ਪੂਛੇ ਬਖਸੇ ਆਪਿ॥ ੪॥
ਤੂ ਪੁਰੁ ਸਾਗਰੁ ਮਾਣਕ ਹੀਰੁ॥ ਤੂ ਨਿਰਮਲੁ ਸਚੁ ਗੁਣੀ ਗਹੀਰੁ॥
ਸੁਖੁ ਮਾਨੇ ਭੇਟੈ ਗੁਰ ਪੀਰੁ॥ ਏਕੋ ਸਾਹਿਬੁ ਏਕੁ ਵਜੀਰੁ॥ ੫॥
ਜਗੁ ਬੰਦੀ ਮੁਕਤੇ ਹਉ ਮਾਰੀ॥ ਜਗਿ ਗਿਆਨੀ ਵਿਰਲਾ ਆਚਾਰੀ॥
ਜਗਿ ਪੰਡਿਤੁ ਵਿਰਲਾ ਵੀਚਾਰੀ॥ ਬਿਨੁ ਸਤਿਗੁਰੁ ਸਭ ਫਿਰੈ ਅਹੰਕਾਰੀ॥ ੬॥
ਜਗੁ ਦੁਖੀਆ ਸੁਖੀਆ ਜਨੁ ਕੋਇ॥ ਜਗੁ ਰੋਗੀ ਭੋਗੀ ਗੁਣ ਰੋਇ॥
ਜਗੁ ਉਪਜੈ ਬਿਨਸੈ ਪਤਿ ਖੋਇ॥ ਗੁਰਮੁਖਿ ਹੋਵੈ ਬੂਝੈ ਸੋਇ॥ ੭॥
ਮਹਘੋ ਮੋਲਿ ਭਾਰਿ ਅਫਾਰੁ॥ ਅਟਲ ਅਛਲੁ ਗੁਰਮਤੀ ਧਾਰੁ॥
ਭਾਇ ਮਿਲੈ ਭਾਵੈ ਭਇਕਾਰੁ॥ ਨਾਨਕੁ ਨੀਚੁ ਕਹੈ ਬੀਚਾਰੁ॥ ੮॥ ੩॥ (੪੧੨-੧੩)
॥ ਰਹਾਉ॥ ਹੇ ਭਾਈ, ਤੂੰ, ਲੇਖਾਂ ਤੋਂ ਬਾਹਰਾ, ਹਮੇਸ਼ਾ ਕਾਇਮ ਰਹਣ ਵਾਲਾ, ਇਕੋ ਪ੍ਰਭੂ ਨੂੰ
ਸਮਝ। ਬਾਕੀ ਸਾਰਾ ਸੰਸਾਰ ਜੰਮਣ ਮਰਨ ਦੇ ਗੇੜ ਵਿੱਚ ਹੈ, ਅਤੇ ਇਹ ਜੰਮਣ ਮਰਨਾ ਵੀ ਉਸ ਪ੍ਰਭੂ ਦਾ
ਹੁਕਮ ਹੀ ਸਮਝ।
॥ ੧॥ ਅਲੇਖ, ਲੇਖਾਂ ਤੋਂ ਬਾਹਰਾ ਪ੍ਰਭੂ ਅਪਾਰ ਹੈ, ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਉਸ ਬਾਰੇ
ਸਭ ਕੁੱਝ ਨਹੀਂ ਜਾਣਿਆ ਜਾ ਸਕਦਾ। ਉਸ ਬਾਰੇ ਵਿਦਵਾਨਾਂ ਨੇ ਅਸੰਖਾਂ, ਅਣਗਿਣਤ ਲੇਖ ਲਿਖੇ ਹਨ,
ਉਨ੍ਹਾਂ ਨਾਲ ਕਰਤਾਰ ਬਾਰੇ ਤਾਂ ਬਹੁਤਾ ਕੁੱਝ ਨਹੀਂ ਜਾਣਿਆ ਜਾ ਸਕਦਾ, ਪਰ ਲਿਖਣ ਵਾਲਿਆਂ ਦੇ ਮਨ
ਵਿੱਚ ਅਪਣੀ ਵਿਦਵਤਾ ਦਾ ਹੰਕਾਰ ਜ਼ਰੂਰ ਪੈਦਾ ਹੋ ਜਾਂਦਾ ਹੈ। ਉਸ ਦੇ ਗੁਣ ਕਹਣ ਨਾਲ, ਬੋਲਣ ਨਾਲ,
ਅਤੇ ਮੁੜ ਮੁੜ ਕੇ ਪੜ੍ਹ ਕੇ, ਰੱਟਾ ਲਾ ਕੇ ਵੀ ਹਉਮੈ ਦਾ ਭਾਰ ਹੀ ਵਧਦਾ ਹੈ। ਉਸ ਦੇ ਦਰ ਤੇ ਇਕੋ
ਚੀਜ਼ ਪਰਵਾਨ ਹੁੰਦੀ ਹੈ, ਜੇ ਮਨੁੱਖ ਦਾ ਮਨ ਪ੍ਰਭੂ ਦੇ ਗੁਣਾਂ ਨੂੰ ਮੰਨ ਜਾਵੇ ਅਤੇ ਸੁਰਤ ਵਿਚ,
ਹਮੇਸ਼ਾ ਕਾਇਮ ਰਹਣ ਵਾਲਾ ਪ੍ਰਭੂ ਟਿਕ ਜਾਵੇ।
॥ ੨॥ ਮਾਇਆ ਦੇ ਮੋਹ ਵਿੱਚ ਫਸਿਆ ਸੰਸਾਰ, ਜਨਮ ਮਰਨ ਦੇ ਗੇੜ ਵਿੱਚ ਬੱਝਾ ਹੋਇਆ ਹੈ, ਇਨ੍ਹਾਂ
ਬੰਧਨਾਂ ਤੋਂ ਤਦ ਹੀ ਛੁਟਕਾਰਾ ਹੋ ਸਕਦਾ ਹੈ, ਜੇ ਬੰਦਾ ਪ੍ਰਭੂ ਦੇ ਨਾਮ ਨੂੰ ਸੰਭਾਲੇ, ਪਰਭੂ ਦੇ
ਹੁਕਮ ਵਿੱਚ ਚਲੇ। ਹੇ ਭਾਈ ਗੁਰੁ, ਪਰਮਾਤਮਾ ਤੋਂ ਬਗੈਰ, ਹੋਰ ਕਿਸੇ ਨੂੰ ਸੁਖ ਦੇਣ ਵਾਲਾ ਨਾ ਸਮਝ,
ਹੋਰ ਕਿਸੇ ਦੀ ਭਾਲ ਨਾ ਕਰਦਾ ਫਿਰ। ਉਹੀ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਤੇਰਾ ਸਾਥ
ਦੇਵੇਗਾ।
॥ ੩॥ ਬੰਦਾ ਤਦੋਂ ਹੀ ਇਕੋ ਇੱਕ ਕਰਤਾਰ ਨਾਲ ਸੁਰਤ ਜੋੜ ਸਕਦਾ ਹੈ, ਜਦੋਂ ਸ਼ਬਦ ਦੀ ਵਿਚਾਰ ਅਨੁਸਾਰ,
ਹਉਮੈ ਵਲੋਂ ਮਰ ਜਾਵੈ। ਸ਼ਬਦ ਵਿਚਾਰ ਆਸਰੇ ਜਦ ਬੰਦਾ, ਨਾ ਵੱਸ ਕੀਤੇ ਜਾਣ ਵਾਲੇ ਪੰਜਾਂ ਨੂੰ ਵੱਸ ਕਰ
ਲਵੇ, ਤਾਂ ਉਸ ਦੇ ਭਰਮ ਭੁਲੇਖੇ ਦੂਰ ਹੋ ਜਾਂਦੇ ਹਨ। ਨਾਮ ਨੂੰ ਮਨ ਵਿੱਚ ਵਸਾਉਣ ਨਾਲ, ਹੁਕਮ ਨੂੰ
ਮਨੋ ਮੰਨਣ ਨਾਲ, ਬੰਦਾ ਏਸੇ ਜੀਵਨ ਵਿੱਚ ਹੀ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਉਹ ਗੁਰਮੁਖ
ਹੋ ਕੇ, ਗੁਰੂ ਵਲੋਂ ਦਿੱਤੇ ਗਿਆਨ ਅਨੁਸਾਰ ਜੀਵਨ ਢਾਲ ਕੇ, ਸੱਚ ਵਿੱਚ ਸਮਾ ਜਾਂਦਾ ਹੈ, ਪ੍ਰਭੂ ਨਾਲ
ਇੱਕ ਮਿਕ ਹੋ ਜਾਂਦਾ ਹੈ।
॥ ੪॥ ਹੇ ਭਾਈ ਜਿਸ ਅਕਾਲਪੁਰਖ ਨੇ ਇਹ ਆਕਾਸ਼ ਅਤੇ ਧਰਤੀ ਆਦਿ ਪੈਦਾ ਕੀਤੇ ਹਨ। ਜਿਸ ਨੇ ਸਾਰੀ
ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਨੂੰ ਨਾਸ ਕਰਨ ਦੇ ਸਮਰੱਥ ਵੀ ਉਹ ਆਪ ਹੀ ਹੈ। ਸ੍ਰਿਸ਼ਟੀ ਦੀ ਹਰ ਚੀਜ਼
ਦੇ ਵਿੱਚ ਵੀ ਉਹ, ਇੱਕ ਰਸ ਆਪ ਹੀ ਆਪ ਸਮਾਇਆ ਹੋਇਆ ਹੈ, ਸਭ ਜੀਵਾਂ ਤੇ ਵੀ ਉਹ ਆਪ ਹੀ, ਬਿਨਾ ਕਿਸੇ
ਨਾਲ ਸਲਾਹ ਮਸ਼ਵਰਾ ਕੀਂਤਿਆਂ, ਬਿਨਾ ਕਿਸੇ ਦੀ ਸਿਫਾਰਸ਼ ਮਂਨਿਆਂ, ਬਖਸ਼ਿਸ਼ ਕਰਦਾ ਹੈ।
॥ ੫॥ ਹੇ ਪ੍ਰਭੂ ਤੂੰ ਆਪ ਹੀ ਭਰਪੂਰ ਸਮੁੰਦਰ ਹੈਂ, ਆਪ ਹੀ ਇਸ ਵਿਚਲੇ ਹੀਰੇ, ਮਾਣਕ, ਮੋਤੀ ਹੈਂ।
ਤੂੰ ਹੀ ਇਕੋ ਇੱਕ ਐਸੀ ਪਵਿਤ੍ਰ ਹਸਤੀ ਹੈਂ, ਜੋ ਦੁਨੀਆਂ ਦੀ ਮੈਲ ਧੋਣ ਮਗਰੋਂ ਵੀ, ਨਿਰਮਲ ਹੀ
ਰਹਿੰਦਾ ਹੈਂ, ਹਮੇਸ਼ਾ ਕਾਇਮ ਰਹਣ ਵਾਲਾ, ਸਾਰੇ ਗੁਣਾਂ ਦਾ ਖਜ਼ਾਨਾ ਹੈਂ। ਤੂੰ ਆਪ ਹੀ ਰਾਜਾ ਹੈਂ, ਆਪ
ਹੀ ਵਜ਼ੀਰ ਹੈਂ, ਯਾਨੀ ਸਭ ਕੁੱਝ ਆਪ ਹੀ ਆਪ ਹੈਂ। ਹੇ ਪ੍ਰਭੂ, ਸੰਸਾਰ ਵਿੱਚ ਉਹੀ ਬੰਦਾ ਸੁਖ ਪਾਉਂਦਾ
ਹੈ, ਜੋ ਗੁਰ, ਸ਼ਬਦ ਰਾਹੀਂ, ਪੀਰ, ਸ਼ਬਦ ਨੂੰ ਸਮਝਾਉਣ ਵਾਲਿਆਂ ਰਾਹੀਂ, ਇਹ ਜਾਣ ਲੈਂਦਾ ਹੈ ਕਿ ਹਰ
ਚੀਜ਼ ਵਿਚ, ਹਰ ਜੀਵ ਵਿੱਚ ਤੂੰ ਆਪ ਹੀ ਆਪ ਹੈਂ।
॥ ੬॥ ਹੇ ਭਾਈ, ਇਸ ਸੰਸਾਰ ਵਿੱਚ ਸਾਰੇ ਹਉਮੈ ਦੀ ਕੈਦ ਵਿੱਚ ਹਨ, ਇਸ ਕੈਦ ਤੋਂ ਉਹੀ ਮੁਕਤ ਹੁੰਦਾ
ਹੈ, ਜਿਸ ਨੇ ਹਉਮੈ ਮਾਰ ਲਈ। ਹਉਮੈ ਮਾਰਨ ਦਾ ਢੰਗ ਗੁਰਬਾਣੀ ਇਵੇਂ ਦਸਦੀ ਹੈ,
ਗੁਰ ਕੀ ਸੇਵਾ ਸਬਦੁ ਬੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥ (੨੨੩)
ਗੁਰੂ ਦੀ ਸੇਵਾ ਸ਼ਬਦ ਦੀ ਵਿਚਾਰ ਕਰਨਾ ਹੀ ਹੈ, ਇਸ ਸ਼ਬਦ ਵਿਚਾਰ ਦੀ ਸ੍ਰੇਸ਼ਟ ਕਰਨੀ ਇਹ ਹੈ ਕਿ ਇਹ
ਬੰਦੇ ਵਿਚੋਂ ਹਉਮੈ ਮਾਰ ਦਿੰਦੀ ਹੈ। ਜਗਤ ਵਿੱਚ ਗਿਆਨਵਾਨ ਬਹੁਤ ਹਨ, ਪਰ ਵਿਰਲਾ ਹੀ ਅਜਿਹਾ ਬੰਦਾ
ਹੈ, ਜਿਸ ਦਾ ਆਚਾਰ, ਜੀਵਨ ਵਿਹਾਰ, ਗਿਆਨ ਅਨੁਸਾਰੀ ਹੋਵੇ। ਇਸ ਸੰਸਾਰ ਵਿੱਚ ਪੰਡਿਤ, ਵਿਦਵਾਨ ਬਹੁਤ
ਹਨ, ਪਰ ਵਿਰਲਾ ਹੀ ਹੈ ਜੋ ਵਿਦਿਆ ਨੂੰ ਵਿਚਾਰਦਾ ਹੋਵੇ, ਨਹੀਂ ਤਾਂ ਸਾਰੇ ਰੱਟਾ ਹੀ ਲਾਈ ਜਾਂਦੇ
ਹਨ। ਸਤਿਗੁਰੁ ਨੂੰ, ਪਰਮਾਤਮਾ ਨੂੰ ਮਿਲੇ ਬਗੈਰ ਸਾਰੇ ਹਉਮੈ ਦੇ ਹੰਕਾਰ ਵਿੱਚ ਹੀ ਕਾਰ ਵਿਹਾਰ ਕਰ
ਰਹੇ ਹਨ।
॥ ੭॥ ਇਸ ਸੰਸਾਰ ਵਿੱਚ ਪਰਮਾਤਮਾ ਨਾਲੋਂ ਟੁੱਟ ਕੇ, ਮੋਹ ਮਾਇਆ ਵਿੱਚ ਫਸੇ ਸਭ ਦੁਖੀ ਹੋ ਰਹੇ ਹਨ,
ਕੋਈ ਵਿਰਲਾ, ਜੋ ਸ਼ਬਦ ਵਿਚਾਰ ਆਸਰੇ ਪ੍ਰਭੂ ਨਾਲ ਜੁੜਦਾ ਹੈ, ਉਹ ਹੀ ਸੁਖੀ ਹੁੰਦਾ ਹੈ। ਜਗਤ, ਭੋਗਾਂ
ਅਧੀਨ ਅਪਣੇ ਗੁਣ ਗਵਾ ਕੇ, ਆਤਮਕ ਤੌਰ ਤੇ ਰੋਗੀ ਹੋਇਆ ਪਿਆ ਰੋ ਰਿਹਾ ਹੈ। ਕਰਤਾਰ ਨਾਲੋਂ ਟੁਟਿਆ
ਜਗਤ ਜੰਮਦਾ ਹੈ, ਕਰਤਾਰ ਨਾਲ ਜੁੜੇ ਬਗੈਰ, ਇਜ਼ਤ ਗਵਾ ਕੇ ਮਰ ਜਾਂਦਾ ਹੈ। ਇਵੇਂ ਹੀ ਜੰਮਦਾ ਮਰਦਾ
ਰਹਿੰਦਾ ਹੈ। ਇਹ ਸਾਰੀ ਗੱਲ ਉਹੀ ਸਮਝ ਸਕਦਾ ਹੈ, ਜੋ ਗੁਰਮੁਖ ਹੋ ਕੇ, ਸ਼ਬਦ ਗੁਰੂ ਤੋਂ ਸਿਖਿਆ ਲੈ
ਕੇ, ਜਗਤ ਖੇਡ ਨੂੰ ਸਮਝ ਲੈਂਦਾ ਹੈ।
॥ ੮॥ ਹੇ ਭਾਈ ਨਿਮਾਣਾ ਨਾਨਕ ਤੈਨੂੰ, ਅਸਲ ਵਿਚਾਰ ਦੀ ਗੱਲ ਦਸਦਾ ਹੈ ਕਿ ਪਰਮਾਤਮਾ ਨੂੰ, ਕੋਈ ਮੁੱਲ
ਤਾਰ ਕੇ ਨਹੀਂ ਖਰੀਦਿਆ ਜਾ ਸਕਦਾ। ਉਹ ਏਨਾ ਮਹਾਨ ਹੈ ਕਿ ਜੇ ਕੋਈ, ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ
ਕੇ ਉਸ ਨੂੰ ਹਾਸਲ ਕਰਨ ਦੀ ਸੋਚੇ, ਤਾਂ ਉਸ ਦੇ ਬਰਾਬਰ ਦੀ ਕੋਈ ਚੀਜ਼ ਹੈ ਹੀ ਨਹੀਂ। ਉਹ ਪ੍ਰਭੂ ਅਟੱਲ
ਹੈ, ਉਸ ਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ। ਉਹ ਅਛੱਲ ਹੈ, ਉਸ ਨੂੰ ਛਲਿਆ ਨਹੀਂ ਜਾ ਸਕਦਾ,
ਧੋਖਾ ਨਹੀਂ ਦਿੱਤਾ ਜਾ ਸਕਦਾ।
(ਇਹ ਨਹੀਂ ਕਿ ਕਿਸੇ ਦੇ ਪੁਤ੍ਰ ਦਾ ਨਾਮ ਰਾਮ ਹੋਵੇ, ਉਹ ਅਪਣੇ ਪੁਤ੍ਰ ਨੂੰ ਵਾਜ ਮਾਰਦਾ ਪੁਕਾਰ
ਰਿਹਾ ਹੋਵੇ, ਰਾਮ, ਰਾਮ। ਅਤੇ ਪਰਮਾਤਮਾ ਸਮਝ ਲਵੇ ਕਿ ਉਹ ਮੇਰੀ ਭਗਤੀ ਕਰ ਰਿਹਾ ਹੈ।)
ਪ੍ਰਭੂ ਨੂੰ ਗੁਰ, ਸ਼ਬਦ ਦੀ ਸਿਖਿਆ ਤੇ ਚਲ ਕੇ ਹੀ ਪਾਇਆ ਜਾ ਸਕਦਾ ਹੈ। ਗੁਰ ਸ਼ਬਦ ਹੀ ਸਮਝਾਉਂਦਾ ਹੈ
ਕਿ ਪ੍ਰਭੂ ਨੂੰ ਪਿਆਰ ਕਰਨ ਨਾਲ ਹੀ ਪਾਇਆ ਜਾ ਸਕਦਾ ਹੈ, ਉਸ ਨੂੰ ਬੰਦੇ ਦਾ ਕਰਤਾਰ ਦੀ ਰਜ਼ਾ ਵਿਚ,
ਪ੍ਰਭੂ ਦੇ ਹੁਕਮ ਵਿੱਚ ਚਲਣਾ ਹੀ ਭਾਉਂਦਾ ਹੈ, ਚੰਗਾ ਲਗਦਾ ਹੈ।
ਆਪਾਂ ਵੇਖਿਆ ਹੈ ਕਿ ਨਾਮ ਨੂੰ, ਕਰਤਾਰ ਦੇ ਹੁਕਮ ਨੂੰ, ਮਨ ਵਿੱਚ ਵਸਾਉਣ ਨਾਲ, ਉਸ ਅਨੁਸਾਰ ਜੀਵਨ
ਢਾਲਣ ਨਾਲ, ਇਨਸਾਨ ਇਸ ਜੀਵਨ ਵਿੱਚ ਹੀ, ਵਿਸ਼ੇ ਵਿਕਾਰਾਂ ਤੋਂ ਮੁਕਤੀ ਹਾਸਲ ਕਰ ਲੈਂਦਾ ਹੈ।
ਵਾਹਿਗੁਰੂ ਨਾਲੋਂ ਟੁੱਟਆ ਜਗਤ, ਮੁੜ ਜੰਮਦਾ ਹੈ, ਪ੍ਰਭੂ ਨਾਲ ਜੁੜੇ ਬਗੈਰ, ਇਜ਼ਤ ਗਵਾ ਕੇ ਇਸ ਸੰਸਾਰ
ਤੋਂ ਤੁਰ ਜਾਂਦਾ ਹੈ, ਫਿਰ ਜੰਮਦਾ ਹੈ। ਜਦ ਤਕ ਸ਼ਬਦ ਵਿਚਾਰ ਆਸਰੇ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ
ਕੇ, ਰੱਬ ਨਾਲ ਇਕ-ਮਿਕ ਨਹੀਂ ਹੋ ਜਾਂਦਾ, ਤਦ ਤੱਕ ਜੰਮਦਾ ਮਰਦਾ ਰਹਿੰਦਾ ਹੈ।