.

ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਰਾਹ-ਦਰਸਾਊ ਕੁਦਰਤ
ਡਾ: ਦਲਵਿੰਦਰ ਸਿੰਘ ਗਰੇਵਾਲ

ਭਾਈ ਗੁਰਦਾਸ ਜੀ ਦੀ ਰਚਨਾ ਨੂੰ ‘ਸ੍ਰੀ ਗ੍ਰੰਥ ਸਾਹਿਬ ਦੀ ਕੁੰਜੀ` ਕਿਹਾ ਜਾਂਦਾ ਹੈ। ਆਪ ਨੇ ਰਚਨਾ ਵਿੱਚ ਗੁਰਬਾਣੀ ਦੀ ਅਤਿ ਸੁੰਦਰ ਵਿਆਖਿਆ ਕੀਤੀ ਹੈ, ਇਸ ਨੂੰ ਪੜ੍ਹਣ ਨਾਲ ਗੁਰਮਤ ਤੇ ਗੁਰਬਾਣੀ ਦੇ ਕਈ ਗੁਝੇ ਭਾਵ ਅਪਣੇ ਆਪ ਪਾਠਕਾਂ ਦੇ ਹਿਰਦੇ ਵਿੱਚ ਬਹਿ ਜਾਂਦੇ ਹਨ। ਗੁਰਬਾਣੀ ਕਾਦਰ-ਕੁਦਰਤ ਦੇ ਸੁਮੇਲ ਦਾ ਅਨੂਠਾ ਵਰਨਣ ਹੈ। ਜਿਸ ਨੂੰ ਭਾਈ ਗੁਰਦਾਸ ਨੇ ਬੜੀ ਹੀ ਸੂਝ ਤੇ ਸ਼ਪਸ਼ਟ ਸ਼ਬਦਾਂ ਵਿੱਚ ਵਿਆਖਿਆ ਕਰਦਿਆਂ ਕਾਦਰ ਨੂੰ ਮਿਲਣ ਤੇ ਚੰਗਾ ਜਿਉਣ ਦਾ ਰਾਹ ਦਰਸਾਇਆ ਹੈ। ਪਸੂ ਪੰਛੀ, ਬ੍ਰਿਛ, ਫਲ, ਫੁਲ, ਗਲ ਕੀ ਹਰ ਪੱਖ ਨੂੰ ਬੜੀ ਬਖੂਬੀ ਨਾਲ ਵਰਤੋਂ ਕਰਕੇ ਮਾਨਵੀ ਜੀਵਨ ਨੂੰ ਅਪਣੇ ਅਸਲੀ ਮਕਸਦ ਪ੍ਰਮਾਤਮਾ ਪ੍ਰਾਪਤੀ ਵਲ ਮੋੜਣ ਲਈ ਵਰਤਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਦਾ ਕੁਦਰਤ-ਪ੍ਰੇਮ ਡੁਲ੍ਹ ਡੁਲ੍ਹ ਪੈਂਦਾ ਹੈ। ਕਈ ਵਾਰ ਤਾਂ ਇਉਂ ਲਗਦਾ ਹੈ ਕਿ ਜਿਵੇਂ ਭਾਈ ਸਾਹਿਬ ਖੁਦ ਕੁਦਰਤ ਹੋ ਗਏ ਹੋਣ। ਕੁਦਰਤ ਦੀ ਰਚਨਾ ਦਾ ਵਰਨਣ ਕਰਦਿਆਂ ਜਗਤ ਉਤਪਤੀ ਦੇ ਕਾਰਨ ਦ ਬਖੂਬੀ ਵਿਆਖਿਆ ਕਰਦੇ ਹਨ:-
ਉਅੰਕਾਰ ਆਕਾਰੁ ਕਓ ਏਕ ਕਵਾਉ ਪਸਾਉ ਪਾਸਾਰਾ।
ਪੰਜ ਤਤ ਪਰਵਾਣ ਕਰਿ ਘਟਿ ਘਟਿ ਅੰਦਰਿ ਤ੍ਰਿਭਵਣ ਸਾਰਾ।
ਕਾਦਰੁ ਕਿਨੇ ਨ ਲਖਿਆ ਕੁਦਰਤਿ ਸਾਜਿ ਕੀਆ ਅਵਤਾਰਾ।
ਇਕ ਦੂ ਕੁਦਰਤਿ ਲਖ ਕਰਿਲਖ ਬਿਅੰਤ ਅਸੰਖ ਪਾਸਾਰਾ।
ਰੋਮ ਰੋਮ ਵਿੱਚ ਰਖਿਓਨਿ ਕਰਿ ਬ੍ਰਹਿਮੰਡ ਕਰੋੜਿ ਸੁਮਾਰਾ।
ਇਕਸ ਇਕਸ ਬ੍ਰਹਿਮੰਡ ਵਿੱਚ ਦਸ ਦਸ ਕਰਿ ਅਵਿਤਾਰ ਉਤਾਰਾ।
ਕੇਤੇ ਬੇਦ ਬਿਆਸ ਕਰਿ ਕਈ ਕਤੇਬ ਮੁਹੰਮਦ ਯਾਰਾ।
ਕੁਦਰਤ ਇਕੁ ਏਤਾ ਪਾਸਾਰਾ। (ਭਾਈ ਗੁਰਦਾਸ, ਵਾਰ 1 ਪਓੜੀ 4)
ਇਸ ਤੋਂ ਜ਼ਾਹਿਰ ਹੈ ਕਿ ਪ੍ਰਮਾਤਮਾ ਅਦ੍ਰਿਸ਼ਟ ਹੋਣ ਕਰਕੇ ਉਸ ਨੇ ਅਪਣੇ ਆਪ ਨੂੰ ਜ਼ਾਹਿਰ ਕਰਨ ਲਈ ਕੁਦਰਤ ਦਾ ਪਾਸਾਰਾ ਕੀਤਾ ਤੇ ਕੁਦਰਤ ਦੇ ਹਰ ਅੰਗ ਅੰਗ ਵਿਚ, ਹਰ ਰੋਮ ਰੋਮ ਵਿੱਚ ਵਸ ਗਿਆ। ਭਾਵ ਇਹ ਕਿ ਸਾਰੀ ਕੁਦਰਤ, ਸਾਰੀ ਬਨਸਪਤੀ ਉਸ ਪ੍ਰਮਾਤਮਾ ਦਾ ਹੀ ਰੂਪ ਹੈ, ਇਸ ਨੂੰ ਉਸ ਪ੍ਰਮਾਤਮਾ ਤੋਂ ਭਿੰਨ ਨਹੀਂ ਮੰਨਣਾ ਚਾਹੀਦਾ। ਇਸ ਦੀ ਥਾਹ ਵੀ ਨਹੀਂ ਪਾਈ ਜਾ ਸਕਦੀ ਕਿਉਂਕਿ ਪ੍ਰਮਾਤਮਾ ਦੀ ਵੀ ਕੋਈ ਥਾਹ ਨਹੀਂ ਪਾ ਸਕਦਾ। ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਕੁਦਰਤ ਰੂਪੀ ਰਚਨਾ ਦਾ ਪਾਸਾਰਾ ਬੇਅੰਤ ਹੈ ਆਦਮੀ ਦੀ ਸਮਝ ਤੋਂ ਪਰੇ ਹੈ ਜਿਸ ਨੂੰ ਕੋਈ ਪਹੁੰਚਿਆ ਹੋਇਆ ਗੁਰੂ ਹੀ ਸਮਝਾ ਸਕਦਾ ਹੈ।
ਚੰਦ ਸੂਰਜ ਲਖ ਚਾਨਣੇ ਤਿਲ ਨੇ ਪੁਜਨਿ ਸਤਿਗੁਰ ਮਤੀ।
ਲਖ ਪਾਤਾਲ ਆਕਾਸ ਲਖ ਉਚੀ ਨੀਵੀ ਕਿਰਣ ਨ ਰਤੀ।
ਲਖ ਪਾਣੀ ਲਖ ਪਾਉਣ ਮਿਲਿ ਰੰਗ ਬਿਰੰਗਨ ਤਰੰਗਨ ਵਡੀ (ਵਾਰ 40, ਪਉੜੀ 14)
ਇਕ ਕਵਾਉ ਪਸਾਉ ਕਰਿ ਓਅੰਕਾਰ ਅਨੇਕ ਅਕਾਰਾ।
ਪਉਣ ਪਾਣੀ ਬੈਸਤਿਰੋ ਧਰਤਿ ਅਗਾਸਿ ਨਿਵਾਸੁ ਵਿਥਾਰਾ।
ਜਲ ਥਲ ਤਰਵਰ ਪਰਬਤਾਂ ਜੀਅ ਜੰਤ ਅਗਣਾਤ ਅਪਾਰਾ।
ਇਕ ਵਰਭੰਡ ਅਖੰਡ ਹੈ ਲਖ ਵਰਭੰਡ ਪਲਕ ਪਲਕਾਰਾ।
ਕੁਦਰਤਿ ਕੀਮ ਨ ਜਾਣੀ ਐ ਕੇਵਡੁ ਕਾਦਰੁ ਸਿਰਜਣਹਾਰਾ।
ਅੰਤ ਬੇਅੰਤ ਨ ਪਾਰਾਵਾਰਾ। (ਵਾਰ 18, ਪਉੜੀ 1)
ਸੂਰਜ, ਚੰਦ, ਸਿਤਾਰੇ, ਧਰਤੀਆਂ ਏਨੀ ਰਚੀਆਂ ਹਨ ਕਿ ਉਨ੍ਹਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ।
ਕਾਦਰੁ ਨੋ ਕੁਰਬਾਣੁ ਕੀਮ ਨ ਜਾਣੀਐ।
ਕੇਵਡੁ ਵਡਾ ਹਾਣੁ ਆਖਿ ਵਖਾਣੀਐ।
ਕੇਵਡੁ ਆਖਾ ਤਾਣੁ ਮਾਣੁ ਨਿਮਾਣੀਐ।
ਲਖ ਜਿਮੀ ਅਸਮਾਣ ਤਿਲੁ ਨ ਤੁਲਾਣੀਐ।
ਕੁਦਰਤ ਲਖ ਜਹਾਨੁ ਹੋਇ ਹੈਰਾਣੀਐ।
ਸੁਲਤਾਨਾ ਸੁਲਤਾਨ ਹੁਕਮ ਨੀਸਾਣੀਐ।
ਲਖ ਸਾਇਰ ਨੈਸਾਣ ਬੂੰਦ ਸਮਾਣੀਐ।
ਕੂੜ ਅਖਾਣ ਵਖਾਣ ਅਕਯ ਕਹਾਣੀਐ। (ਵਾਰ 22 ਪਉੜੀ 15)
ਪੰਜ ਤਤਾਂ ਤੋਂ ਬੇਅੰਤ ਸ੍ਰਿਸ਼ਟੀ ਸਾਜੀ ਹੈ ਪਰ ਸਾਰੀ ਰਚਨਾ ਇੱਕ ਸਿਸਟਮ ਵਿੱਚ ਹੈ ਇੱਕ ਹੁਕਮ ਵਿੱਚ ਹੈ।
ਪੰਜ ਤਤੁ ਪਰਵਾਣੁ ਕਰ ਖਾਣੀ ਚਾਰੇ ਜਗਤ ਉਪਾਇਆ।
ਲਖ ਚਉਰਾਸੀ ਜੂਨਿ ਵਿੱਚ ਆਵਾਗਵਣ ਚਲਤੁ ਵਰਤਾਇਆ।
ਇਕਸ ਇਕਸ ਜੂਨ ਵਿਚਿ ਜੀਅ ਜੰਤ ਅਣਗਣਤ ਵਧਾਇਆ।
ਲੇਖੈ ਅੰਦਰ ਸਭ ਕੋ ਸਭਨਾ ਮਸਤਕਿ ਲੇਖੁ ਲਿਖਾਇਆ।
ਲੇਖੈ ਸਾਸ ਗਿਰਾਸਦੇ ਲੇਖ ਲਿਖਾਰੀ ਅੰਤ ਨ ਪਾਇਆ।
ਆਪਿ ਅਲੇਖੁ ਨ ਅਲਖ ਲਖਾਇਆ। (ਵਾਰ 18, ਪਉੜੀ 4)
ਉਸ ਦੇ ਹੁਕਮ ਵਿੱਚ ਸਾਰੀ ਦੁਨੀਆਂ ਅੱਗੇ ਵਧੀ ਜਾਂਦੀ ਹੈ ਕੋਈ ਵੀ ਜੀਵ ਕਿਤੇ ਵੀ ਰੁਕਦਾ ਨਹੀਂ। ਲਗਾਤਾਰ ਬਦਲਣਾ ਇਸ ਕੁਦਰਤ ਦਾ ਵਿਵਹਾਰ ਹੈ,
ਭੈ ਵਿੱਚ ਧਰਤਿ ਆਗਾਸੁ ਹੈ ਨਿਰਾਧਾਰ ਭੈ ਭਾਰ ਧਰਾਇਆ।
ਪਉਣ ਪਾਣੀ ਬੈਸੰਤਰੋ ਭੈ ਵਿੱਚ ਰਖੈ ਮੇਲਿ ਮਿਲਾਇਆ।
ਪਾਣੀ ਅੰਦਰਿ ਧਰਤਿ ਧਰਿ ਵਿਣੁ ਥੰਮਾਂ ਆਗਾਸ ਰਹਾਇਆ।
ਕਾਠੈ ਅੰਦਰਿ ਅਗਨਿ ਧਰਿ ਕਰ ਪਰਫੁਲਤੁ ਸੁਫਲ ਫਲਾਇਆ।
ਨਵੀ ਦੁਆਰੀ ਪਵਣੁ ਧਰਿ ਭੈ ਵਿੱਚ ਸੂਰਜ ਚੰਦ ਚਲਾਇਆ।
ਨਿਰਭਉ ਆਪ ਨਿਰੰਜਨੁ ਗਇਅ। (ਵਾਰ 18, ਪਉੜੀ 5)
ਸਾਰਾ ਬ੍ਰਹਿਮੰਡ ਪ੍ਰਮਾਤਮਾ ਦੀ ਸ਼ਕਤੀ ਸੰਗ ਹੀ ਵਿਚਰਦਾ ਵਧਦਾ ਹੈ ਜਿਸ ਨੂੰ ਅਸੀਂ ਜੋਤ ਜਾਂ ਰੋਸ਼ਨੀ ਵਿੱਚ ਵੇਖਦੇ ਅਨੁਭਵ ਕਰਦੇ ਹਾਂ:-
ਸਿਵ ਸਕਤੀ ਦਾ ਰੂਪ ਕਰਿ ਸੂਰਜ ਚੰਦ ਚਰਾਗ ਬਲਾਇਆ।
ਰਾਤੀ ਤਾਰੇ ਚਮਕਦੇ ਘਰਿ ਘਰਿ ਦੀਪਕ ਜੋਤਿ ਜਗਾਇਆ।
ਸੂਰਜ ਏਕੰਕਾਰ ਦਿਹੁ ਤਾਰੇ ਦੀਪਕ ਰੂਪ ਲੁਕਾਇਆ।
ਲਖ ਦਰੀਆਉ ਕਵਾਉ ਵਿੱਚ ਤੋਲ-ਅਤੋਲ ਨ ਭੋਲਿ ਭੁਲਾਇਆ।
(ਵਾਰ 37 ਪਉੜੀ 2)
ਪਹਿਲਾਂ ਪਉਣ, ਪਾਣੀ ਤੇ ਫਿਰ ਬ੍ਰਹਿਮੰਡ ਦੀਆਂ ਧਰਤੀਆਂ (ਸੂਰਜ, ਤਾਰੇ, ਚੰਦ) ਪੈਦਾ ਕੀਤੇ।
ਪਉਣ ਪਾਣੀ ਬੈਸੰਤਰੋ ਧਰਤਿ ਅਕਾਸੁ ਉਲੰਘਿ ਪਇਆਣਾ। (ਵਾਰ) ਪਉੜੀ 5) ਇਸਦਾ ਵਰਨਣ ਅੱਗੇ ਬਖੂਬੀ ਕੀਤਾ ਹੈ।
ਇਕ ਕਵਾਉ ਆਕਾਰ ਕਰਿ ਓਅੰਕਾਰ ਅਕਾਰ ਬਨਾਇਆ।
ਅੰਬਰਿ ਧਰਤਿ ਵਿਛੋੜਕੈ, ਵਿਣੁ ਥੰਮਾਂ ਆਕਾਸਿ ਰਹਾਇਆ।
ਜਲ ਵਿੱਚ ਧਰਤੀ ਰਖੀਅਨਿ, ਧਰਤੀ ਅੰਦਰਿ ਨੀਰੁ ਧਰਾਇਆ।
ਕਾਠੈ ਅੰਦਰਿ ਅਗੁ ਧਰਿ ਅਗੀ ਹੋਂਦੀ ਸੁਫਲੁ ਫਲਾਇਆ।
ਪਉਣ ਪਾਣੀ ਬੈਸੰਤਰੋ ਤਿੰਨੇ ਵੈਰੀ ਮੇਲੁ ਮਿਲਾਇਆ।
ਰਾਜਸ ਸਾਤਕ ਤਾਮਸੋ ਬ੍ਰਹਮਾ ਬਿਸਨੁ ਮਹੇਸੁ ਉਪਾਇਆ।
ਚੋਜ ਵਿਡਾਣੁ ਚਲਿਤੁ ਵਰਤਾਇਆ। (ਵਾਰ 3) ਪਉੜੀ 1)
ਗੁਰੂ ਸਾਹਿਬ ਨੇ ਨਿਮ੍ਰਤਾਂ ਨੂੰ ਬਹੁਤ ਮਹੱਤਵ ਦਿਤਾ ਹੈ ਜਿਸਦੀ ਵਿਆਖਿਆ ਭਾਈ ਸਾਹਿਬ ਨੇ ਚੌਥੀ ਵਾਰ ਵਿੱਚ ਜੀਵਾਂ ਰਾਹੀ ਬਿਆਨੀ ਹੈ। ਸਭ ਤੋਂ ਨੀਵੀਂ ਧਰਤੀ ਹੈ ਜਿਸ ਤੋਂ ਸਾਨੂੰ ਨਿਮ੍ਰਤਾ ਤੇ ਨੀਵੇਂ ਰਹਿ ਕੇ ਵੱਡੇ ਭਾਰ ਸਹਿਣ ਦਾ ਸਬਕ ਮਿਲਦਾ ਹੈ ਤੇ ਧੀਰਜੁ, ਧਰਮ, ਸੰਤੋਖ ਤੇ ਸਰਬਤ ਦੇ ਭਲੇ ਲਈ ਆਪਾ ਵਾਰਨ ਦੀ ਉਦਾਹਰਣ ਮਿਲਦੀ ਹੈ।
ਸਭਦੂ ਨੀਵੀਂ ਧਰਤਿ ਹੈ ਆਪੁ ਗਵਾਇ ਹੋਈ ਓਡੀਣੀ।
ਧੀਰਜੁ ਧਰਮੁ ਸੰਤੋਖ ਦਿੜੁ ਪੈਰਾ ਹੇਠਿ ਰਹੈ ਲਿਖਲੀਣੀ।
ਸਾਧ ਜਨਾ ਦੇ ਚਰਣ ਛੁਹਿ ਆਢੀਣੀ ਹੋਇ ਲਾਖੀਣੀ।
ਅੰਮ੍ਰਿਤ ਬੂੰਦ ਸੁਹਾਵਣੀ ਛਹਬਰ ਛਲਕ ਰੇਣ ਹੋਇ ਰੀਣੀ।
ਮਿਲਿਆ ਮਾਣ ਨਿਮਾਣੀ ਐ ਪਿਰਮ ਪਿਆਲਾ ਪਾਇ ਪਤੀਣੀ।
ਜੋ ਬੀਜੇ ਸੋਈ ਸੂਣੇ ਸਭੁ ਕਸ ਬਹੁ ਰੰਗ ਰੰਗੀਣੀ।
ਗੁਰਮੁਖਿ ਸੁਖ ਫਲੁ ਹੈ ਮਸਕੀਣੀ।। (2) (ਵਾਰ 4, ਪਉੜੀ 2)
ਧਰਤਿ, ਸਮੁੰਦਰ ਤੇ ਦਰਿਆਵਾਂ ਦੀਆਂ ਧਾਰਾਂ-ਤਰੰਗਾਂ ਵਹਿ ਤੁਰੀਆਂ ਪਰ ਸਾਰਿਆਂ ਨੇ ਉਸ ਦੇ ਹੁਕਮ ਵਿੱਚ ਰਹਿਣਾ ਹੈ ਤੇ ਉਸ ਦੀ ਪ੍ਰਾਪਤੀ ਲਈ ਬੰਦਗੀ ਕਰਨੀ ਹੈ ਪਰ ਬੰਦਗੀ ਵਿੱਚ ਬੜੇ ਥੋੜੇ ਹੀ ਨਿਤਰਦੇ ਹਨ।
ਇਕਸ ਲਹਰ ਤਰੰਗ ਕਵਾਉ ਵਿੱਚ ਲਖ ਲਖ ਲਹਿਰ ਤਰੰਗ ਉਠੰਦੇ।
ਇਕਸ ਇਕਸ ਦਰੀਆਉ ਵਿੱਚ ਲਖ ਅਵਤਾਰ ਆਕਾਰ ਫਿਰੰਦੇ।
ਮਛ ਕਛ ਮਰਜੀਵੜੇ ਅਗਮ ਅਥਾਹ ਨ ਲਹੰਦੇ।
ਪਰਵਰਦਗਾਰ ਅਪਾਰ ਹੈ ਪਾਰਵਾਰ ਨ ਲਹਿਰ ਤਰੰਦੇ।
ਅਜਗਵਰ ਸਤਿਗੁਰੁ ਪੁਰਖੁ ਗੁਰਮਤਿ ਗੁਰ ਸਿਖ ਅਜਰ ਜਰੰਦੇ।
ਕਰਨ ਬੰਦਗੀ ਵਿਰਲੇ ਬੰਦੇ।
ਸਾਰਾ ਬ੍ਰਹਿਮੰਡ ਪ੍ਰਮਾਤਮਾ ਦੀ ਦਿਤੀ ਸ਼ਕਤੀ ਵਿੱਚ ਜਿਉਂਦਾ, ਮਰਦਾ, ਵਧਦਾ ਚਲਦਾ ਹੈ।
ਸ਼ਿਵ ਸ਼ਕਤੀ ਨੋ ਸਾਧਿਕੈ ਚੰਦੁ ਸੂਰਜੁ ਦਿਹੁੰ ਰਾਤਿ ਸਧਾਏ।। (ਵਾਰ 7 ਪਉੜੀ 2)
ਸ਼ਿਵ ਸ਼ਕਤੀ ਦਾ ਰੂਪ ਕਰਿ ਸੂਰਜ ਚੰਦ ਚਰਾਗ ਬਲਾਇਆ। (ਵਾਰ 37 ਪਉੜੀ 2)
ਪਹਿਲਾਂ ਪਉਣ, ਪਉਣੇ ਪਾਣੀ ਤੇ ਫਿਰ ਬੈਸੰਤਰ ਪੈਦਾ ਕਰਕੇ ਧਰਤੀ ਪੈਦਾ ਕੀਤੀ।
ਪਉਣ ਪਾਣੀ ਬੈਸੰਤਰੋ ਧਰਤਿ ਅਕਾਸੁ ਉਲੰਘਿ ਪਇਆਣਾ।। (ਵਾਰ 7, ਪਉੜੀ 5)
ਭਾਈ ਸਾਹਿਬ ਜਦ ਕਿਸੇ ਪ੍ਰਮੁਖ ਗੁਣ ਦੀ ਵਿਆਖਿਆ ਕਰਦੇ ਹਨ ਤਾਂ ਕੁਦਰਤ ਤੇ ਉਸ ਦੀ ਕਿਰਤ ਦਾ ਭਰਪੂਰ ਇਸਤੇਮਾਲ ਕਰਦੇ ਹਨ ਤੇ ਉਨ੍ਹਾਂ ਵਿਚਲੇ ਗੁਣਾਂ ਦੀ ਵਿਆਖਿਆ ਕਰਕੇ ਸਮਝਾਉਂਦੇ ਹਨ ਕਿ ਸਾਨੂੰ ਕੁਦਰਤ ਤੋਂ ਸਿਖਿਆ ਲੈਣੀ ਹੈ। ਜਲ, ਕੀੜੀ-ਮਕੜੀ, ਘਾਹ, ਤਿਲ, ਵੜੇਵਾਂ, ਅਨਾਰਦਾਨ, ਖਸਖਸ, ਸਵਾਤੀ ਬੂੰਦ ਸਿੱਘ, ਹੀਰਾ ਕਣੀ, ਵਾਲ, ਗੁੱਲਰ ਆਦਿ ਸਭ ਭਾਵੇਂ ਸਰੀਰਿਕ ਤੌਰ ਤੇ ਛੋਟੇ ਹਨ ਪਰ ਉਨ੍ਹਾਂ ਵਿਚਲੇ ਵੱਡੇ ਗੁਣ ਸਾਨੂੰ ਬੜੀਆਂ ਸਿਖਿਆਵਾਂ ਦਿੰਦੇ ਹਨ, ਜਿਨ੍ਹਾਂ ਦੀਆਂ ਮਿਸਾਲਾਂ ਨਾਲ ਚਉਥੀ ਵਾਰ ਭਰੀ ਪਈ ਹੈ: ਮਿਸਾਲ ਦੇ ਤੌਰ ਤੇ ਉਦਾਹਰਨਾ ਪੇਸ਼ ਹਨ:-
ਕੀੜੀ ਮਕੜੀ ਮੱਖੀ ਪਟ ਦਾ ਕੀੜਾ
ਕੀੜੀ ਨਿਕੜੀ ਚਲਤ ਕਰ ਭ੍ਰਿੰਗੀ ਨੋ ਮਿਲ ਭ੍ਰਿੰਗੀ ਹੋਵੈ।।
ਨਿਕੜੀ ਦਿਸੈ ਮਕੜੀ ਸੂਤੁ ਮੁਹਹੁ ਕਢਿ ਫਿਰਿ ਸੰਗੋਵੈ।।
ਨਿਕੜੀ ਮਖਿ ਵਖਾਣੀਐ ਮਾਖਿਓ ਮਿਠਾ ਭਾਗਠੁ ਹੋਵੈ।।
ਨਿਕੜਾ ਕੀੜਾ ਆਖੀਐ ਪਟ ਪਟੋਲੇ ਕਰਿ ਢੰਗ ਢੋਵੈ।। (ਵਾਰ4, ਪਉੜੀ 7)
ਘਾਹ ਦੀ ਨਿਮ੍ਰਤਾ ਤਾਂ ਕਮਾਲ ਦਾ ਸਬਕ ਸਿਖਾਉਦੀ ਹੈ ਕਿ ਆਪ ਵਾਰ ਕੇ ਪਰਉਪਕਾਰ ਕਰਕੇ ਘਾਹ ਕਿਵੇਂ ਸ਼ਿਸ਼ਟ ਦੇ ਪਸਾਰੇ ਵਿੱਚ ਅਪਣਾ ਮਹਤਵਪੂਰਨ ਰੋਲ ਅਦਾ ਕਰਦਾ ਹੈ ਤੇ ਪਸਾਰੇ ਨੂੰ ਵਧਾਉਦਾ ਫੈਲਾਉਦਾ ਹੈ।
ਲਤਾਂ ਹੇਠ ਲਤਾੜੀਏ ਘਾਹ ਨਾ ਕਢੇ ਸਾਹੁ ਵਿਚਾਰਾ।
ਗੋਰਸੁ ਦੇ ਖੜ ਖਾਇਕੈ ਗਾਇ ਗਰੀਬੀ ਪਰਉਪਕਾਰਾ।
ਦੁਧਹੁ ਦਹੀ ਜਮਾਈਐ ਦਹੀਅਹੁ ਮਖਣੁ ਛਾਹਿ ਪਿਆਰਾ।
ਘਿਅ ਤੇ ਹੋਵਨਿ ਹੋਮ ਜਗ ਢੰਗ ਸੁਆਰਥ ਚਜ ਅਚਾਰਾ।
ਧਰਮ ਪਉਲ ਪਰਗਟਿ ਹੋਇ ਧੀਰਜਿ ਵਹੈ ਸਹੈ ਸਿਰ ਭਾਰਾ।।
ਇਕੁ ਇਕੁ ਜਾਉ ਜਣੇਦਿਆਂ ਚਹੁ ਚਕਾਂ ਵਿੱਚ ਵਗ ਹਜਾਰਾ।
ਤ੍ਰਿਣ ਅੰਦਰ ਵਡਾ ਪਾਸਾਰਾ।। (ਵਾਰ 4, ਪਉੜੀ 8)
ਤਿਲ ਦੀ ਵਡਿਆਈ ਉਸ ਦੀ ਛੁਟਿਆਈ ਵਿਚੋਂ ਬਖੂਬੀ ਨਿਖਾਰੀ ਹੈ ਤੇ ਦਸਿਆ ਹੈ ਕਿ ਛੋਟੇ ਨੂੰ ਛੋਟਾ ਨਾ ਸਮਝੋ ਇਹ ਤਾਂ ਕੁਦਰਤ ਦਾ ਪਸਾਰੇ ਦਾ, ਕਾਦਰ ਦੀ ਕੁਦਰਤ ਦਾ ਮਹਤਵਪੂਰਨ ਅੰਗ ਹੈ।
ਲਹੁੜਾ ਤਿਲ ਹੋਇ ਜੰਮਿਆ ਨੀਚਹੁ ਨੀਚੁ ਨ ਆਪੁ ਗਣਾਇਆ।
ਫੁਲਾ ਸੰਗਤਿ ਵਸਿਆ ਹੋਇ ਨਿਰਗੰਧੁ ਸੁਗੰਧੁ ਸੁਹਾਇਆ।
ਕੋਲ ਪਾਇ ਪੀੜਾਇਆ ਹੋਇ ਫੁਲੇਲੁ ਖੇਲ ਵਰਤਾਇਆ।
ਪਤਿਤ ਪਵਿਤ੍ਰ ਚਲਿਤ੍ਰ ਕਰਿ ਪਤਿਸਾਹ ਸਿਰਿ ਧਰਿ ਸੁਖ ਪਾਇਆ।
ਦੀਵੈ ਪਾਇ ਜਲਾਇਆ, ਕੁਲ ਦੀਪਕੁ ਜਗੁ ਬਿਰਦੁ ਸਦਾਇਆ।
ਕਜਲੁ ਹੋਆ ਦੀਵਿਅਹੁ ਅਖੀ ਅੰਦਰਿ ਜਾਇ ਸਮਾਇਆ।
ਬਾਲਾ ਹੋਇ ਨ ਵਡਾ ਕਹਾਇਆ। (ਵਾਰ 4 ਪਉੜੀ 9)
ਇਸੇ ਤਰ੍ਹਾਂ ਵੜੇਵੇਂ ਦਾ ਪਰਉਪਕਾਰੀ ਜੀਵਨ ਹਰ ਜੀਵ ਲਈ ਬੜੀ ਮਹਤਵਪੂਰਨ ਸਿਖਿਆ ਦਿੰਦਾ ਹੈ। ਕਿ ਆਪਾ ਵਾਰ ਕੇ ਵੀ ਜਗ ਦਾ ਭਲਾ ਕਰਦੇ ਜਾਣ ਹੈ।
ਹੋਇ ਵੜੇਵਾਂ ਜਗ ਵਿਚਿ ਬੀਜੇ ਤਨੁ ਖੇਹ ਨਾਲਿ ਰਲਾਇਆ।
ਬੂਟੀ ਹੋਇ ਕਪਾਹ ਦੀ ਟੀਂਡੇ ਹਸਿ ਹਸਿ ਆਪ ਖਿੜਾਇਆ।
ਦੁਹੁ ਮਿਲਿ ਵੇਲਣੁ ਵੇਲਿਆ ਲੂੰ ਲੂੰ ਕਰਿ ਤੁੰਬੁ ਤੁੰਬਾਇਆ।
ਪਿੰਵਣਿ ਪਿੰਙ ੳਡਾਇਆ ਕਰਿ ਕਰਿ ਗੋੜੀ ਸੂਤ ਕਤਾਇਆ।
ਤਣਿ ਵੁਣਿ ਖੁੰਬਿ ਚੜਾਇਕੈ ਦੇ ਦੇ ਦੁਖੁ ਧੁਆਇ ਰੰਗਾਇਆ।
ਕੈਚੀ ਕਟਣਿ ਕਟਿਆ ਸੂਈ ਧਾਗੇ ਜੋੜਿ ਸੀਵਾਇਆ।
ਲਜਣੁ ਕਜਣੁ ਹੋਇ ਕਜਾਇਆ। (ਵਾਰ 4 ਪਉੜੀ 10)
ਅਨਾਰਦਾਨੇ ਦਾ ਨੀਵਾਂ ਹੋਕੇ ਰਹਿਣਾ ਤੇ ਉਹ ਕੁੱਝ ਕਰਨਾ ਜੋ ਆਮ ਆਦਮੀ ਸੋਚਦਾ ਵੀ ਨਹੀਂ, ਇਨਸਾਨਾਂ ਲਈ ਬੜਾ ਡੂੰਘਾ ਸਬਕ ਪੇਸ਼ ਕਰਦਾ ਹੈ ਤੇ ਗੁਰਮਤ ਮਾਰਗ ਦਾ ਧਾਰਨੀ ਬਣਾਉਦਾ ਹੈ।
ਦਾਣਾ ਹੋਇ ਅਨਾਰ ਦਾ ਹੋਇ ਧੂੜਿ ਧੂੜੀ ਵਿਚਿ ਧਸੈ।
ਹੋਇ ਬਿਰਖੁ ਹਰੀਆਵਲਾ ਲਾਲ ਗੁਲਾਲਾ ਫੁਲ ਵਿਗਸੈ।
ਇਕਤੁ ਬਿਰਖ ਸਹਸ ਫੁਲ, ਫੁਲ ਫਲ ਇੱਕ ਦੂ ਇੱਕ ਸਰਸੈ।
ਇਕਦੂ ਦਾਣੇ ਲਖ ਹੋਇ ਫਲ ਫਲ ਦੇ ਮਨ ਅੰਦਰ ਵਸੈ।
ਤਿਸੁ ਫਲ ਤੋਟਿ ਨ ਆਵਈ, ਗੁਰਮੁਖਿ ਸੁਖੁ ਫਲੁ ਅੰਮ੍ਰਿਤ ਰਸੈ।
ਜਿਉ ਜਿਉ ਲਯਨਿ ਤੋੜਿ ਫਲਿ ਤਿਉ ਤਿਉ ਫਿਰ ਫਿਰ ਫਲੀਐ ਹਸੈ।
ਨਿਵ ਚਲਣੁ ਗੁਰ ਮਾਰਗੁ ਦਸੈ।। (ਵਾਰ 4, ਪਉੜੀ 11)
ਇਸੇ ਤਰ੍ਹਾਂ ਖਸਖਸ ਦਾ ਦਾਣਾ ਵੀ ਦੂਸਰਿਆਂ ਦਾ ਉਪਕਾਰ ਕਰਦਾ ਹੈ ਤੇ ਆਪਾ ਖਾਕ ਵਿੱਚ ਰੂਲੌਣੋ ਨਹੀਂ ਝਕਦਾ-ਡਰਦਾ।
ਖਸ ਖਸ ਦਾਣਾ ਹੋਇ ਕੈ ਖਾਕ ਅੰਦਰ ਹੋਏ ਖਾਕ
ਦੋਸਤੁ ਪੋਸਤ ਬੂਟ ਹੋਇ ਰੰਗ ਬਿਰੰਗ ਫੁਲ ਖਿੜਵੈ।
ਸੂਲੀ ਉਪਰਿ ਖੇਲਣਾਂ ਪਿਛੋਂ ਦੇ ਸਿਰਿ ਛਤ੍ਰ ਧਰਾਵੈ। (ਵਾਰ 5, ਪਉੜੀ 13)
ਕਮਾਦ ਦੀ ਜਿੰਦਗੀ ਰਾਹੀਂ ਸ਼ੁਧਤਾ, ਮਿਠਾਸ ਤੇ ਪਰਉਪਕਾਰੀ ਭਾਵਨਾ ਦਾ ਬੜਾ ਸੁਹਣਾ ਸਬਕ ਦਿਤਾ ਗਿਆ ਹੈ।
ਰਸ ਭਰਿਆ ਰਸੁ ਰਖਦਾ ਬੋਲਣ ਅਣਬੋਲਣ ਅਭਰਿਠਾ।
ਇਕਦੂ ਬਾਹਲੇ ਬੂਟ ਹੋਇ ਸਿਰ ਤਲਵਾਇਆ ਇਠਹੁ ਇਠਾ।
ਦੁਹੁ ਖੁੰਢਾਂ ਵਿਚਿ ਪੀੜੀਐ ਟੋਟੇ ਲਾਹੇ ਇਤੁ ਗੁਣਿ ਮਿਠਾ।
ਮੰਨੈ ਗੰਨੈ ਵਾਂਗੁ ਸੁਧਿਠਾ।। (ਵਾਰ 5, ਪਉੜੀ 14)
ਸਵਾਤੀ ਬੂੰਦ ਤੇ ਸਿੱਪੀ ਦੀ ਕਹਾਣੀ ਬਿਆਨਦਿਆਂ ਜੀਵਨ ਜੀਵਨ ਨੁੰ ਪਰਉਪਕਾਰੀ ਰਾਹੀਂ ਸਫਲ ਕਰਨ ਦਾ ਅਨੂਠਾ ਰਾਹ ਦਰਸਾਇਆ ਗਿਆ ਹੈ।
ਘਣਹਰ ਬੂੰਦ ਸੁਹਾਵਣੀ ਨੀਵੀ ਹੋਇ ਅਗਾਸਹੁ ਆਵੈ।
ਆਪੁ ਗਵਾਇ ਸਮੁੰਦ ਵੇਖਿ ਸਿਪੈ ਦੇ ਮੁਹ ਵਿਚਿ ਸਮਾਵੈ।
ਲੈਦੋ ਹੀ ਮੁਹਿ ਬੂੰਦ ਸਿਪੁ ਚੁੰਭੀ ਮਾਰਿ ਪਤਾਲਿ ਲੁਕਾਵੈ।
ਫੜਿ ਕਢੈ ਮਰਜੀਵੜਾ ਪਰ ਕਾਰਜ ਨੋ ਆਪ ਫੜਾਵੈ।
ਪਰ ਵਸਿ ਪਰਉਪਕਾਰ ਨੋ ਪਰ ਹਥਿ ਪਥਰ ਦੰਦ ਭਨਾਵੈ।
ਭੁਲਿ ਅਭੁਲਿ ਅਮੁਲ ਦੇ ਮੋਤੀ ਦਾਨ ਨ ਪਛੋਤਾਵੈ।।
ਸਫਲੁ ਜਨਮੁ ਕੋਈ ਵਰੁਸਾਵੈ।। (ਵਾਰ 5, ਪਉੜੀ 15)
ਧਰਤੀਆਂ ਉਪਰ ਜੀਵਾਂ, ਜੰਤੂ ਬਿਰਛਾਂ ਆਦਿ ਦੇ ਪਸਾਰੇ ਦਾ ਵਰਨਣ ਕਰਦਿਆਂ ਭਾਈ ਸਾਹਿਬ ਲਿਖਦੇ ਹਨ:
ਪੰਜ ਤਤੁ ਪਰਵਾਣੁ ਕਰਿ ਖਾਣੀ ਚਾਰੇ ਜਗਤ ਉਪਾਇਆ।
ਲਖ ਚਉਰਾਸੀ ਜੂਨਿ ਵਿੱਚ ਆਵਾਗਵਣ ਚਲਤੁ ਵਰਤਾਇਆ।
ਇਕਸ ਇਕਸ ਜੂਨਿ ਵਿੱਚ ਜੀਅ ਜੰਤ ਅਣਗਣਤ ਵਧਾਇਆ।
ਲੇਖੈ ਅੰਦਰਿ ਸਭ ਕੋ ਸਭਨਾ ਮਸਤਕਿ ਲੇਖੁ ਲਿਖਾਇਆ।
ਲੇਖੈ ਸਾਸਿ ਗਿਰਾਸ ਦੇ ਲੇਖ ਲਿਖਾਰੀ ਅੰਤੁ ਨ ਪਾਇਆ।।
ਆਪਿ ਅਲੇਖੁ ਨ ਅਲਖ ਲਿਖਾਇਆ।। (ਵਾਰ 18, ਪਉੜੀ 4)
ਕੁਦਰਤ ਦੀ ਕਾਰੀਗਰੀ ਦੇ ਕਮਾਲ ਦਾ ਵਰਨਣ ਕਰਦਿਆਂ ਭਾਈ ਸਾਹਿਬ ਉਚਾਰਦੇ ਹਨ।
ਜੀਉ ਪਾਇ ਤਨ ਸਾਜਿਆ ਮੁਹੁ ਅਖੀ ਨਨੁ ਕੰਨ ਸਵਾਰੈ।
ਹਥ ਪੈਰ ਦੇ ਦਾਤਿ ਕਰਿ ਸਬਦ ਸੁਰਤਿ ਸੁਭ ਦਿਸਟਿ ਦੁਆਰੇ।
ਕਿਰਤਿ ਵਿਰਤਿ ਪਰਕਿਰਤਿ ਬਹੁ ਸਾਸਿ ਗਿਰਾਸਿ ਨਿਵਾਸੁ ਸੰਜਾਰੇ।
ਰਾਗ ਰੰਗ ਰਸ ਪਰਸ ਦੇ ਗੰਧ ਸੁਗੰਧਿ ਸੰਧਿ ਪਰਕਾਰੇ।
ਛਾਦਨ ਭੋਜਨ ਬੁਧਿ ਬਲੁ ਟੇਕ ਬਿਬੇਕ ਵੀਚਾਰ ਵੀਚਾਰੇ।
ਦਾਨੇ ਕੀਮਤਿ ਨ ਪਵੈ ਬੇਸੁਮਾਰ ਦਾਤਾਰ ਪਿਆਰੇ।
ਲੇਖ ਅਲੇਖ ਅਸੰਖ ਅਪਾਰੇ।। (ਵਾਰ 18 ਪਉੜੀ 3)
ਕੋਈ ਨ ਕਿਸ ਹੀ ਜੇਹਾਂ ਦੇ ਵਾਰ ਅਨੁਸਾਰ ਰੰਗ ਬਿਰੰਗੀ ਸ਼੍ਰਿਸਟੀ ਸਾਜਕੇ ਉਸ ਉਪਰ ਜੋ ਜੀਵ ਸਾਜੇ ਹਨ ਉਨ੍ਹਾਂ ਵਿਚੋਂ ਕੋਈ ਵੀ ਦੂਸਰੇ ਵਰਗਾ ਨਹੀਂ।
‘ਕਿਸੈ ਜਿਵੇਹਾ ਨਾਹਿ ਕੋ ਦੁਬਿਧਾ ਅੰਦਰ ਮੰਦੀ ਚੰਗੀ` (ਵਾਰ 18 ਪਉੜੀ 10)
ਸਾਰਿਆਂ ਨੂੰ ਪੈਦਾ ਕਰਕੇ ਉਨ੍ਹਾਂ ਦਾ ਖਿਆਲ ਵੀ ਉਹ ਖੁਦ ਹੀ ਕਰਦਾ ਹੈ।
ਰਾਜਿਕ ਰਿਜਕੁ ਸਬਾਹਿਦਾਂ ਸਭਨਾਂ ਦਾਤਿ ਕਰੇ ਅਣਮੰਗੀ। (ਵਾਰ 18 ਪਉੜੀ 10)
ਇਹ ਸਾਰੀ ਰਚਨਾ ਇੱਕ ਖੇਲ ਦੇ ਰੂਪ ਵਿੱਚ ਰਚਾਈ ਗਈ ਹੈ। ਪੰਜਾਂ ਤੱਤਾਂ ਵਿਚੋਂ ਚਾਰ ਖਾਣੀਆਂ ਰਚਕੇ ਤ੍ਰੈਗੁਣਾਂ ਵਿੱਚ ਲਪੇਟਕੇ ਜਗਤ ਅਖਾੜੇ ਵਿੱਚ ਰੁਤਾਂ, ਮਹੀਨਿਆਂ, ਦਿਨ-ਰਾਤਾਂ ਦੇ ਖੇਲ੍ਹ ਖੇਲਦਿਆਂ ਇਹ ਜਗਤ ਇੱਕ ਸਿਸਟਮ ਅਨੁਸਾਰ ਲਗਾਤਾਰ ਅੱਗੇ ਵਧ ਰਿਹਾ ਹੈ। ਉਸ ਸੱਚੇ ਦੀ ‘ਨਦਰ` ਪ੍ਰਾਪਤੀ ਲਈ।
ਤ੍ਰੈਗਣੀ ਮਾਇਆ ਖੇਲਿ ਕਰਿ ਦੇਖਾਲਿਆ।
ਖਾਣੀ ਬਾਣੀ ਚਾਰਿ ਚਲਤੁ ਉਠਾਲਿਆ।
ਪੰਜਿ ਤਤ ਉਤਪਤਿ ਬੰਧਿ ਬਹਾਲਿਆ।
ਛਿਹ ਰੁਤਿ ਬਾਰਹ ਮਾਹ ਸਿਰਜਿ ਸਮ੍ਹਾਲਿਆ।
ਅਹਿਨਿਸਿ ਸੂਰਜ ਚੰਦੁ ਦੀਵੇ ਬਾਲਿਆ।
ਇਕ ਕਵਾਉ ਪਸਾਉ ਨਦਰਿ ਨਿਹਾਲਿਆ। (ਵਾਰ 21 ਪਉੜੀ 17)
ਸਾਗਰਾਂ ਦਰਿਆਵਾਂ ਵਿੱਚ ਜਲ-ਜੀਵਾਂ ਦਾ ਵਰਨਣ ਕਰਦਿਆਂ ਭਾਈ ਸਾਹਿਬ ਮਗਰਮਛਾ, ਮਛਲੀਆਂ, ਡੱਡੂਆਂ, ਕਛੂ-ਕੁਮਾਂ, ਸਿਪਾ, ਜੋਕਾਂ ਨਾਗਾਂ ਆਦਿ ਦੇ ਬਿੰਬ ਵਰਤਕੇ ਸਿਖਿਆਵਾਂ ਦਿੰਦੇ ਹੋਏ ਸਮਝਾਉਂਦੇ ਹਨ।




.