.

ਵਾਹਿਗੁਰੂ ਸ਼ਬਦ ਦਾ ਸ਼ੁੱਧ ਉਚਾਰਣ

ਦਾਸ ਨੇ ਆਪਣੇ ਜੀਵਨ ਕਾਲ ਵਿੱਚ ਬੇਅੰਤ ਹੀ ਪਾਠੀ ਸੱਜਣਾਂ ਕੋਲੋ ਗੁਰਬਾਣੀ ਦਾ ਪਾਠ ਸ੍ਰਵਣ ਕੀਤਾ ਹੈ। ਅਤੇ ਇਸ ਗੱਲ ਨੂੰ ਉਚੇਚੇ ਤੌਰ ਤੇ ਅਨੁਭਵ ਕੀਤਾ ਹੈ ਕਿ “ਹ” ਅਖਰ ਦੇ ਉਚਾਰਣ ਵਾਸਤੇ ਉਨ੍ਹਾਂ ਕੋਲ ਕੋਈ ਸਪੱਸ਼ਟ ਸੇਧ ਨਹੀਂ ਹੈ। ਜਿਆਦਾਤਰ ਪਾਠੀ ਸੱਜਣ ਜਾਣੇ ਅਣਜਾਣੇ ੳਨ੍ਹਾਂ ਅੱਖਰਾਂ, ਜਿਨ੍ਹਾਂ ਵਿੱਚ “ਹ” ਪਿਛੇਤਰ ਵਿੱਚ ਔਂਕੜ ਜਾਂ ਸਿਹਾਰੀ ਲੱਗ ਮਾਤ੍ਰ ਵਰਤੀ ਗਈ ਹੋਵੇ, ਦਾ ਗੱਲਤ ਉਚਾਰਣ ਕਰ ਜਾਂਦੇ ਹਨ। “ਯ” ਅੱਖਰ ਦੇ ਬਾਰੇ ਵੀ ਇਹੋ ਹੀ ਰੀਤ ਪ੍ਰਚਲਤ ਹੈ। ਗੁਰੂ ਦੀ ਬਖਸ਼ੀ ਹੋਈ ਅਲਪ ਬੁੱਧੀ ਦੇ ਆਧਾਰ ਤੇ ਇਸ ਲੇਖ ਵਿੱਚ ਪਿਛੇਤਰ ਤੌਰ ਤੇ “ਹਾਹਾ” ਵਾਲੇ ਅੱਖਰਾਂ ਦੇ ਬਾਰੇ ਗੁਝੀ ਵਿਚਾਰ ਕੀਤੀ ਜਾਵੇਗੀ। ਉਮੀਦ ਰੱਖਦੇ ਹਾਂ ਕਿ ਸਰਬ ਸਿੱਖ ਸੰਗਤ ਇਸ ਜਾਣਕਾਰੀ ਤੋਂ ਲਾਭ ਲੈਣਗੇ।

ਵਾਹਿਗੁਰੂ ਸ਼ਬਦ: ਵਾਹਿਗੁਰੂ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਵਾਹਿ “ਵਾਹ” ਅਤੇ ਸੰਸਕ੍ਰਿਤ ਭਾਸ਼ਾ ਦੇ ਸ਼ਬਦ “ਗੁਰੂ” ਦੇ ਸੁੰਦਰ ਸੁਮੇਲ ਨਾਲ ਹੋਂਦ ਵਿੱਚ ਆਇਆ ਹੈ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 49ਵੀਂ ਪੌੜੀ ਵਿੱਚ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਇਹ ਅੱਖਰ ਚਾਰੇ ਜੁਗਾਂ ਦੇ ਚਾਰੇ ਅਵਤਾਰਾਂ ਦੇ ਪਹਿਲੇ ਅਖਰਾਂ ਦੇ ਮਿਲਾਪ ਤੋਂ ਹੋਂਦ ਵਿੱਚ ਆਇਆ ਹੈ ਜਿਵੇਂ ਕਿ (ਵਾਸਦੇਵ, ਰਾਮ, ਹਰਿਕ੍ਰਿਸ਼ਨ, ਗੋਬਿੰਦ) ਤੋਂ ‘ਵਾ, ਰਾ, ਹ, ਗੋ ਚਾਰ ਅੱਖਰ ਲਿੱਤੇ ਹਨ ਤਾਂ ਸ਼ਬਦ ਦਾ ਰੂਪ “ਵਾਰਾਹਗੋ” ਬਣਿਆ, ‘ਵਾਹਿਗੁਰੂ’ ਨਾਂ ਬਣਿਆ, ਜੇ ਦੁਵਾਪਰ ਤ੍ਰੇਤੇ ਦਾ ਕ੍ਰਮ ਬਦਲ ਲਈਅੇ ਤਾਂ ਵੀ ‘ਵਾਹਰਾਗੋ’ ਬਣਦਾ ਹੈ। ਅਜੀਹੀ ਭੁੱਲ ਭਾਈ ਗੁਰਦਾਸ ਜੀ ਵਰਗੇ ਗੁਰਮੱਤ ਦੇ ਤੱਤ ਗਿਆਨੀ ਤਾਂ ਕਦੇ ਵੀ ਨਹੀਂ ਕਰ ਸਕਦੇ ਸਨ, ਨਿਰਣਾ ਏਹ ਹੋਇਆ ਕਿ ਇਨ੍ਹਾਂ ਵਾਰਾਂ ਵਿੱਚ ਜਰੂਰ ਕੁੱਝ ਨ ਕੁੱਝ ਮਿਲਾਵਟ ਦਾ ਤੱਤ ਮੌਜੁਦ ਹੈ। ਭਾਈ ਗੁਰਦਾਸ ਜੀ ਨੇ ਇਸ ਸ਼ਬਦ ਨੂੰ 13ਵੀ ਵਾਰ ਦੀ ਦੁਸਰੀ ਪੌੜੀ ਵਿੱਚ ਗਰੁਮੰਤ੍ਰ ਵੀ ਲਿਖਆ ਹੈ। “ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ” ਇਥੇ ਅਜੇ ਸਾਡਾ ਵਿਸ਼ਾਂ ਸ਼ਬਦ ਦੀ ਬਣਤਰ ਅਤੇ ਉਚਾਰਣ ਦਾ ਹੈ। ਭਾਈ ਗੁਰਦਾਸ ਜੀ ਦਿਆਂ ਵਾਰਾਂ ਵਿੱਚ ਨੇ ਇਸ ‘ਵਾਹਿਗੁਰੂ’ ਸ਼ਬਦ ਨੂੰ “ਹ” ਅੱਖਰ ਤੇ ਸਿਹਾਰੀ ਦੀ ਵਰਤੋਂ ਕਰ ਕੇ ਹੀ ਲਿਖਿਆ ਹੈ।

ਗੁਰੂ ਸ਼ਬਦ: ਸ਼੍ਰੀ ਆਦਿ ਗ੍ਰੰਥ ਜੀ ਦੀ ਬਾਣੀ ਅੰਦਰ ਸਵਤੰਤਰ ਤੌਰ ਤੇ “ਗੁਰੂ” ਸ਼ਬਦ 302 ਵਾਰ ਦਰਜ਼ ਹੋਇਆ ਮਿਲਦਾ ਹੈ। ਗੁਰੂ ਸ਼ਬਦ ਪਰਮੇਸ਼ਰ ਯਾ ਅਕਾਲ ਪੁਰਖ ਦਾ ਸੰਕੇਤਕ ਹੈ। ਅਤੇ ਇਸ ਦੇ ਸਮਾਨੰਤਰ “ਗੁਰ” ਸ਼ਬਦ ਨੂੰ ਇਸ ਸ਼ਬਦ ਦਾ ਪਰਿਆਇਵਾਚੀ (Synonyms) ਰੂਪ ਸਮਝਣਾ ਇੱਕ ਬਹੁਤ ਵੱਡੀ ਭੁੱਲ ਹੋਵੇਗੀ। ਗੁਰ ਸ਼ਬਦ ਗਿਆਨ ਯਾ ਬ੍ਰਹਮ ਗਿਆਨ ਦਾ ਸੰਕੇਤਕ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਅਤੇ ਸਤਿਗੁਰ ਅਖੱਰ ਦੇ ਭੇਦ ਨੂੰ ਸਮਝਣਾ ਹੈ ਅਤੇ ਅਪਣੇ ਹਿਰਦੇ ਵਿੱਚ ਦ੍ਰਿੜ ਕਰਣਾ ਹੈ। ਇਸ ਨਾਲ ‘ਗੁਰਬਾਣੀ’ ਨਾਂ ਕੀ ਗੁਰੂਬਾਣੀ ਦੇ ਅਰਥ ਸਮਝਣ ਵਿੱਚ ਬਹੁਤ ਹੀ ਸੌਖ ਹੋਵੇਗੀ। ਗੁਰ ਯਾ ਸਤਿਗੁਰ ਸ਼ਬਦ ਪ੍ਰਕਰਣ ਦੇ ਅਨੁਸਾਰ ਵੱਖ ਵੱਖ ਰੂਪਾਂ ਵਿੱਚ ਦਰਜ਼ ਹੋਇ ਮਿਲਦੇ ਹਨ।

ਗੁਰ 3155 ਵਾਰੀ, ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ (ਪੰਨਾ 2)

ਗੁਰੁ 736 ਵਾਰੀ, ਮੰਨੈ ਤਰੈ ਤਾਰੇ ਗੁਰੁ ਸਿਖ॥ (ਪੰਨਾ 3)

ਗੁਰਿ 581 ਵਾਰੀ, ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ॥ (ਪੰਨਾ 44)

ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ “ਨਾਂਵ” ਹੋਣ ਕਰਕੇ, ਇਹ “ਗੁਰ” ਅੱਖਰ ਤਿੰਨ ਵੱਖਰੇ ਵੱਖਰੇ ਰੁਪਾਂ ਜਿਸ ਵਿਚ

“ਰਾਰਾ ਮੁਕਤਾ”, “ਰਾਰਾ ਔਕੜ” ਅਤੇ “ਰਾਰਾ ਸਿਹਾਰੀ” ਅੰਤ ਨਾਲ ਦਰਜ ਕੀਤਾ ਹੋਇਆ ਹੈ।

ਤਿੰਨੇ ਰੁਪਾਂ ਦੇ ਉਚਾਰਣ ਵਿੱਚ ਕੋਈ ਫਰਕ ਨਹੀਂ। ਸਿਰਫ ਅਰਥਾਂ ਨੂੰ ਨਿਖੇੜਨ ਵਾਸਤੇ ਇਸ ਬਿਧੀ ਦਾ ਪ੍ਰਯੋਗ ਹੋਇਆ ਹੈ।

ਵਾਹ ਸ਼ਬਦ: ਆਓ ਹੁਣ ਆਦਿ ਗ੍ਰੰਥ ਜੀ ਦੀ ਬਾਣੀ ਅੰਦਰ ਵਾਹ ਅੱਖਰ ਦੇ ਭਿੰਨ ਭਿੰਨ ਰੂਪਾਂ ਬਾਰੇ ਖੋਜ ਕਰੀਏ।

ਵਾਹ ਸ਼ਬਦ “ਹ” ਮੁਕਤਾ ਅੰਤ ਸਵਤੰਤਰ ਤੌਰ ਤੇ ਸਿਰਫ ਦੋ ਵਾਰ ਹੀ ਦਰਜ਼ ਹੋਇਆ ਮਿਲਦਾ ਹੈ।

ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥ (ਜਪੁ, ਪੰਨਾ 5)

ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ॥ (ਆਸਾ ਮ: 1, ਪੰਨਾ 439)

ਇਹ ਅੱਖਰ ਨੂੰ ਕੇਵਲ ਗੁਰ ਨਾਨਕ ਸਾਹਿਬ ਨੇ ਹੀ ਵਰਤਿਆ ਹੈ ਅਤੇ ਦੋਵੇ ਥਾਵਾਂ ਤੇ ਹੀ ਇਸ ਦਾ ਅਰਥ ਛੋਟੀ ਨਦੀ ਯਾ ਨਾਲਾ ਹੈ। ਅਤੇ ਉਚਾਰਣ ਹੋਇਗਾ “ਵਾਹ”।

ਅਜੋਕੀ ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦੇ ਅਰਥ “ਯਤਨ” ਦੇ ਵੀ ਹੋ ਸਕਦੇ ਹਨ।

ਵਾਹੇ ਸ਼ਬਦ: ਇਹ ਸ਼ਬਦ ਕੇਵਲ ਗੁਰ ਨਾਨਕ ਸਾਹਿਬ ਨੇ ਹੀ ਵਰਤਿਆ ਹੈ। ਸਿਰਫ ਇੱਕ ਵਾਰ ਹੀ ਦਰਜ਼ ਹੋਇਆ ਮਿਲਦਾ ਹੈ।

ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ॥ ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ॥ 1॥ (ਸਲੋਕ ਮ: 1, ਪੰਨਾ 854)

ਅਰਥ ਹੋਵੇਗਾ ਬੀਜ ਨੂੰ ਧਰਤੀ ਵਿੱਚ ਬੀਜਣਾ (plants the seed) ਅਤੇ ਉਚਾਰਣ ਹੋੇਏਗਾ “ਵਾਹੇ”।

ਵਾਹਿ ਸ਼ਬਦ “ਹ” ਸਿਹਾਰੀ ਅੰਤ ਸਵਤੰਤਰ ਤੌਰ ਤੇ ਸਿਰਫ ਚਾਰ ਬਾਰ ਹੀ ਦਰਜ਼ ਹੋਇਆ ਮਿਲਦਾ ਹੈ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ (ਸਵਈਏ ਮਹਲੇ ਚਉਥੇ ਕੇ, ਗਯੰਦ ਪੰਨਾ 1402)

ਕੇਵਲ ਇਸ ਹੀ ਸਵਈਏ ਵਿੱਚ ਚਾਰ ਬਾਰ ਇਹ ਸ਼ਬਦ ਦਰਜ਼ ਹੋਇਆ ਮਿਲਦਾ ਹੈ।

ਵਿਚਾਰਣ ਯੋਗ ਗੱਲ ਇਹ ਹੈ ਕਿ ਜਦੋਂ ਪਦ ਛੇਦ ਕਰ ਕੇ ਬੀੜਾਂ ਦੀ ਛਪਾਈ ਕੀਤੀ ਗਈ ਵਾਹਿਗੁਰੂ ਸ਼ਬਦ ਨੂੰ ਸਮਾਸੀ (Compound) ਸ਼ਬਦ ਦਾ ਰੂਪ ਦੇ ਦਿਤਾ ਗਇਆ ਜੋ ਠੀਕ ਨਹੀਂ ਜਾਪਦਾ। ਇਸ ਦਲੀਲ ਦਾ ਪਰਮਾਣ ਇਸ ਸ਼ਬਦ ਵਿੱਚ ਹੀ ਹੈ। “ਵਾਹਿ” ਸ਼ਬਦ ਅਤੇ “ਜੀਉ” ਸ਼ਬਦ ਸਵਤੰਤਰ ਤੌਰ ਤੇ ਵੀ ਦਰਜ਼ ਹਨ। ਉਪਰੋਕਤ ਤੁੱਕ ਨੂੰ ਇਸ ਪ੍ਰਕਾਰ ਵੀ ਪਦਛੇਦ ਕਰਕੇ ਲਿਖਯਾ ਜਾ ਸਕਦਾ ਹੈ।

ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ॥

ਇਸ ਪਦਛੇਦ ਨਾਲ ਅਰਥਾਂ ਵਿੱਚ ਕੋਈ ਅੰਤਰ ਨਹੀਂ ਆਉਂਦਾ ਪਰ ਇਹ ਦ੍ਰਿੜ ਹੋ ਜਾਂਦਾਂ ਹੈ ਕਿ ਵਾਹਿ ਫਾਰਸੀ ਭਾਸ਼ਾ ਦਾ ਵਿਸਮਾਦਮਕ (Interjection) ਸ਼ਬਦ ਹੈ। ਅਤੇ ਗੁਰੂ ਸ਼ਬਦ ਦੀ ਵਿਸ਼ੇਸ਼ਤਾਈ ਨੂੰ ਦਰਸ਼ਾਉਂਦਾ ਹੈ। ਇਸ ਦਾ ਉਚਾਰਣ “ਵਾਹ” ਹੈ। ਫਾਰਸੀ ਭਾਸ਼ਾ ਦੇ ਸ਼ਬਦ ਗੁਰਬਾਣੀ ਵਿਆਕਰਣ ਦੇ ਨੇਮ ਅਨੁਸਾਰ ਅੰਤਮ ਅੱਖਰ ਉਤੇ ਸਿਹਾਰੀ ਲਗਾ ਕੇ ਲਿਖੇ ਜਾਂਦੇ ਹਨ ਜਿਵੇਂ ਕਿ ਅਰਦਾਸਿ, ਕੀਮਤਿ, ਕੁਦਰਤਿ, ਅਕਲਿ, ਇਲਤਿ, ਕਰਾਮਾਤਿ, ਸਲਾਮਤਿ, ਖਰੀਦਿ, ਤਰੀਕਤਿ, ਗਰਦਨਿ, ਨਉਬਤਿ, ਦਉਲਤਿ, ਗੈਰਤਿ, ਹਕੀਕਤਿ, ਆਦਿ।

ਵਾਹੁ ਸ਼ਬਦ: “ਹ” ਔਕੜ ਅੰਤ ਸਵਤੰਤਰ ਤੌਰ ਤੇ 158 ਵਾਰ ਦਰਜ਼ ਹੋਇਆ ਮਿਲਦਾ ਹੈ।

ਵਿਚਾਰਣ ਯੋਗ ਗੱਲ ਇਹ ਹੈ ਕਿ “ਵਾਹੁ ਵਾਹੁ” ਅਖੱਰ ਜੋੜੇ ਦੇ ਤੌਰ ਤੇ 70 ਵਾਰ ਦਰਜ਼ ਹੈ ਜਿਵੇ ਕਿ ਤੇ

ਵਾਹੁ ਵਾਹੁ ਸਾਚੇ ਮੈ ਤੇਰੀ ਟੇਕ॥ (ਪੰਨਾ 143)

ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ॥ (ਪੰਨਾ 478)

ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ॥॥ (ਪੰਨਾ 515)

ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ॥ 2॥ 12॥ (ਪੰਨਾ 1403)

ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧ੍ਯ੍ਯਾਇਯਉ॥ (ਪੰਨਾ 1403)

ਇਸੇ ਤਰ੍ਹਾਂ ਦੇ ਕੁੱਝ ਹੋਰ ਜੋੜੇ ਦੇ ਤੌਰ ਦੇ ਸ਼ਬਦ “ਜੁਗੁ ਜੁਗੁ” “ਲਖੁ ਲਖੁ” “ਰਾਮੁ ਰਾਮੁ” ਆਦ ਵੀ ਵਰਤੇ ਗਏ ਹਨ। ਇਨ੍ਹਾਂ ਸ਼ਬਦਾਂ ਨੂੰ ਕੋਈ ਵੀ ਜੁਗੋ, ਲਖੋ ਜਾਂ ਰਾਮੋ ਆਦਿ ਨਹੀਂ ਉਚਾਰਦਾ, ਔਂਕੜ ਦੀ ਮਾਤ੍ਰਾ ਪਦਛੇਦ ਵਿੱਚ ਵੀ ਸਹਾਈ ਹੁੰਦੀ ਹੈ।

‘ਵਾਹੁ ਵਾਹੁ’ ਆਖਣ ਦੇ ਅਰਥ ਇੱਕ ਤਰ੍ਹਾਂ ਦੀ ‘ਸਿਫਤ ਸਾਲਾਹ’ ਕਰਣ ਯਾ ‘ਧੰਨ ਧੰਨ’ ਕਹਣ ਦੇ ਸੰਕੇਤ ਵੱਜੋ ਦਰਜ਼ ਹਨ। ‘ਵਾਹੁ’ ਸ਼ਬਦ ਨੂੰ ‘ਵਾਹਿਗੁਰੂ’ ਦਾ ਸੰਖੇਪ ਆਖਣਾ ਵੀ ਗਲੱਤੀ ਹੈ। ਅਤੇ ਇਸ ਸ਼ਬਦ ਦਾ “ਵਾਹੋ” ਕਰ ਕੇ ਪੜ੍ਹਿਆ ਜਾਣਾ ਅਸ਼ੁਧ ਹੈ। ਇਸ ਨੂੰ “ਵਾਹ” ਪੜ੍ਹਨਾ ਚਾਹੀਦਾ ਹੈ।

ਵਾਹਗੁਰੂ ਸ਼ਬਦ: ਭੱਟ ਗਯੰਦ ਜੀ ਨੇ ਪੰਨਾ 1403-1404 ਉਤੇ, ਦਰਜ਼ ਅੰਤਲੇ ਸਵਈਏ ਮਹਲੇ ਚਉਥੇ ਕੇ ਵਿੱਚ “ਵਾਹਗੁਰੂ” ਸ਼ਬਦ ਦਾ ਸਮਾਸ ਰੂਪ ਅਤੇ ਸਵਤੰਤਰ ਰੂਪ “ਵਾਹਿ ਗੁਰੂ” ਲਿਖ ਕੇ ਇਸ ਉਚਾਰਣ ਨੂੰ ਹ+ਰ ਵੀ ਸਪਸ਼ਟ ਕਰ ਦਿੱਤਾ ਹੈ। ਅਤੇ ਇਹ ਵੀ ਦਰਸ਼ਾ ਦਿੱਤਾ ਹੈ ਕੇ ਗੁਰਬਾਣੀ ਆਪ ਹੀ ਆਪਣੀ (Dictionary) ਕੋਸ਼ਕਾਰੀ ਹੈ।

ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿ ਗੁਰੂ ਤੇਰੀ ਸਭ ਰਚਨਾ॥ ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ॥

ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ॥

ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ॥

ਕੀਆ ਖੇਲੁ ਬਡ ਮੇਲੁ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ॥ 3॥ 13॥ 42॥

ਵਿਚਾਰਣ ਯੋਗ ਗੱਲਾਂ ਇਹ ਹਨ ਕਿ ਸ਼੍ਰੀ ਗੁਰੂ ਗ੍ਰਥ ਸਾਹਿਬ ਜੀ ਦੀ ਬਾਣੀ ਅੰਦਰ “ਵਾਹਗੁਰੂ” ਸ਼ਬਦ ਦਾ ਪ੍ਰਯੋਗ ਕੇਵਲ ਭੱਟ ਗਯੰਦ ਜੀ ਨੇ ਪੰਨਾ 1403-1404 ਉਤੇ, ਦਰਜ਼ ਸਵਈਏ ਮਹਲੇ ਚਉਥੇ ਕੇ ਵਿੱਚ ਹੀ ਹੋਇਆ ਮਿਲਦਾ ਹੈ। ਪਹਿਲਾਂ 6ਵੇਂ ਸਵਈਏ ਵਿੱਚ 12 ਵਾਰੀ ਅਤੇ ਫਿਰ ਇੱਕ ਵਾਰੀ 13ਵੇਂ ਸਵਈਏ ਵਿੱਚ “ਵਾਹਿ ਗੁਰੂ” ਸ਼ਬਦ ਦਰਜ਼ ਹੈ, ਅਤੇ 11ਵੇਂ ਸਵਈਏ ਵਿੱਚ ਦੋ ਵਾਰੀ ਅਤੇ ਇੱਕ ਵਾਰੀ 13ਵੇਂ ਸਵਈਏ ਵਿੱਚ “ਵਾਹ ਗੁਰੂ” ਸ਼ਬਦ ਦਰਜ਼ ਹੈ। ਸੋ ਕੇਵਲ ਤਿੰਨ ਸਵਈਆਂ ਵਿੱਚ ਕੁਲ 16 ਵਾਰ ਇਹ ਸ਼ਬਦ ਦਰਜ਼ ਹੋਇਆ ਮਿਲਦਾ ਹੈ। ਅਤੇ ਇਸ ਸ਼ਬਦ ਦਾ ਉਚਾਰਣ “ਵਾਹਗੁਰੂ” ਹੀ ਹੋਇਗਾ। ਪਰ ਇਸ ਉਚਾਰਣ ਨੂੰ ਲਾਗੂ ਕਰਣ ਵਾਸਤੇ ਹਰ ਇੱਕ ਸਿੱਖ ਪ੍ਰਚਾਰਕ ਨੂੰ ਸਜੱਗ ਹੋਣਾ ਪਵੇਗਾ।

ਇਸ ਤੱਥ ਨੂੰ ਦਮਦਮੀ ਟਕਸਾਲ ਦਵਾਰਾ ਰਚਿਤ ਪੁਸਤਕ ਗੁਰਬਾਣੀ ਪਾਠ ਦਰਪਣ ਦੇ 196 ਉਤੇ ਵੀ ਸਪਸ਼ਟ ਤੋਰ ਤੇ ਦਰਸ਼ਾਇਆ ਗਇਆ ਹੈ। “‘ਵਾਹਿਗੁਰੂ ਤੇਰੀ ਸਭ ਰਚਨਾ’ ਇਹ ਤਿੰਨੇ ਭੇਦ ਜਿਹੜੇ ਹਨ (ਵਾਹੁ) ਪ੍ਰੇਰਕ ਹੈ ਤੂੰ ਅਤੇ (ਵਾਹ) ਤੇਰਾ ਸੱਚੇ ਪਾਤਿਸ਼ਾਹ ਜੀ ਵਿਸਮਾਦ ਹੈ ਸਰੂਪ ਅਤੇ (ਵਾਹਿ) ਅਸਚਰਜ ਰੂਪ ਹੈ। ਵਾਹ ਤੇ ਵਾਹਿ ਸਿਹਾਰੀ ਤੇ ਮੁਕਤਾ ਲਘੂ ਮਾਤ੍ਰਾ ਹੈ। ਇਸ ਕਰਕੇ ਇਨਹਾਂ ਦਾ ਅਰਥ ਇਕੋ ਹੈ।”

ਸੁਭਾਵਕ ਤੌਰ ਤੇ ਜੇ ਇਨ੍ਹਾਂ ਸ਼ਬਦਾਂ ਦਾ ਅਰਥ ਇਕੋ ਹੈ ਤਾਂ ਉਚਾਰਣ ਵੀ “ਵਾਹ” ਹੀ ਹੋਇਗਾ। ਭਾਈ ਗੁਰਦਾਸ ਸਿੰਘ ਨੇ ਵੀ “ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥” ਲਿਖ ਕੇ ਵਾਹ ਸ਼ਬਦ ਦੇ ਉਚਾਰਣ ਨੂੰ ਸੇਧ ਪਰਦਾਨ ਕੀਤੀ ਹੈ।

ਇਕ ਹੋਰ ਪੁਰਾਤਨ ਕਿਤਾਬ (Sketch of the Sikhs) ਜੋ ਕਿ 1812 ਵਿੱਚ ਪ੍ਰਕਾਸ਼ਤ ਹੋਈ ਸੀ ਦੇ ਪੰਨਾ 48 ਤੇ ਇਸ ਦਾ ਲੇਖਕ (Lieutenant-Colonel Malcolm) ਸਪਸ਼ਟ ਤੌਰ ਤੇ (Wa! Guruji ka khalsah! Wa! Guruji ki futteh!) ਲਿਖ ਕੇ ਇਸ ਪ੍ਰਮਾਣ ਵੱਜੋ ਇਸ ਸਚਾਈ ਦੀ ਹੋਰ ਪ੍ਰੌੜਤਾ ਕੀਤੀ ਹੈ। ਇਉਂ ਜਾਪਦਾ ਹੈ ਕਿ ਇਸ ਸ਼ਬਦ ਨੂੰ ਗਾਵਣ ਰੂਪ ਵਿੱਚ ਵਰਤਣ ਕਰ ਕੇ ਇਸ ਸ਼ਬਦ ਦੇ ਉਚਾਰਣ ਦਾ ਰੂਪ ਬਦਲ ਗਇਆ ਹੈ। ਅਤੇ ਬਿਬੇਕ ਬੁਧੀ ਦੀ ਵਿਚਾਰ ਸਦਕਾ ਪੁਰਜੋਰ ਕੋਸ਼ਿਸ ਕਰ ਕੇ ਹੀ ਅਸੀਂ ਇਸ ਨੂੰ ਸ਼ੁੱਧ ਉਚਾਰਣ ਦਾ ਰੂਪ ਦੇ ਸਕਾਂਗੇ।

ਵਾਹਿਗੁਰੂ ਸ਼ਬਦ ਅਤੇ ਨਾਮ: ਸ਼੍ਰੀ ਆਦਿ ਗ੍ਰੰਥ ਦੇ ਬ੍ਰਹਮ ਗਿਆਨ ਰੂਪੀ ਸਮੁੰਦਰ ਦਿਆਂ ਵੱਖ ਵੱਖ ਇਕਾਈਆਂ ਜਿਵੇ ਕੇ ਸ਼ਬਦ, ਸ਼ਲੋਕ, ਛੰਤ, ਪੌੜੀਆਂ ਆਦਿ ਅਤੇ ਹੋਰ ਰਚਨਾਵਾਂ ਜੀਵੇ ਕੇ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਅੰਨਦ ਸਾਹਿਬ, ਬਾਵਨ ਅੱਖਰੀ ਸਿੱਧ ਗੋਸਟ ਆਦਿ (ਕੇਵਲ ਰਾਗ ਮਾਲਾ ਤੋਂ ਇਲਾਵਾ) ਦਾ ਸਾਰ, ਨਾਮ ਵਸਤੂ ਦੀ ਖੋਜ ਤੇ ਪ੍ਰਾਪਤੀ ਦੀ ਪ੍ਰਰਣਾ ਦੇਣ ਦਾ ਹੈ। ਕਿ ਗੁਰਸਿੱਖ ਨੇ ਨਾਮ ਦੀ ਪ੍ਰਾਪਤੀ ਕਰਨੀ ਹੈ ਜਾਂ ਕਹੀਏ ਨਾਮ ਧੰਨ ਦੇ ਆਸਰੇ ਤੇ ਹੀ ਆਤਮਿਕ ਜੀਵਨ ਜਿਉਣਾ ਹੈ ਅਤੇ ਭਵਸਾਗਰ ਤੋਂ ਪਾਰ ਲੰਗਣਾ ਹੈ। ਵਾਹਿਗੁਰੂ ਸ਼ਬਦ ਜੋ ਕਿ ਪਰਮੇਸ਼ਰ ਦੇ ਜੱਸ ਦਾ ਸੰਕੇਤਕ ਹੈ ਨੂੰ ਨਿਰੋਲ ਨਾਮ ਸਮਝ ਲੈਣ ਨਾਲ ਉਕਾਈ ਖਾਦੀ ਜਾ ਰਹੀ ਹੈ। ਕੇਵਲ ਭਾਈ ਗੁਰਦਾਸ ਜੀ ਇੱਕ ਵਾਰ ਦੀ ਇੱਕ ਪੌੜੀ ਦੀ ਇੱਕ ਪੰਕਤੀ ਨੂੰ ਇਸ ਤੱਥ ਦਾ ਆਧਾਰ ਮੰਨ ਕੇ “ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ” ਇਸ ਨਤੀਜੇ ਤੇ ੳਪੜਨਾ ਸਾਡੀ ਸਮਝ ਅਤੇ ਖੋਜ ਦੀ ਕਾਣ ਨੂੰ ਦਰਸ਼ਾ ਰਹੀ ਹੈ। ਪਹਿਲੀ ਪ੍ਰਮੁਖ ਭੁੱਲ ਗੁਰਮੰਤ੍ਰ ਸ਼ਬਦ ਨੂੰ ਨਾਮ ਅਰਥਾਵਣ ਦੀ ਹੈ ਇਸ ਦਾ ਅਰਥ ਗੁਰ ਅਥਵਾ ਗਿਆਨ ਤੋਂ ਉਪਦੇਸ਼ ਲੈਣ ਦੇ ਹਨ। ਜਿਵੇਂ ਕੇ ਸਹਸਕ੍ਰਿਤੀ ਸ਼ਲੋਕ ਵਿੱਚ ਵੀ ਇਸ ਨੇਮ ਵੱਲ ਇਸ਼ਾਰਾ ਹੈ “ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ॥” ਅਰਥਾਤ ਜੋ ਬ੍ਰਹਮ ਗਿਆਨ ਦੇ ਉਪਦੇਸ਼ ਤੋਂ ਵਾਝਾਂ ਹੈ ਓਹ ਲਾਨ੍ਹਤ ਮਾਰਿਆ ਅਤੇ ਪਲੀਤ ਜੀਵਨ ਵਾਲਾ ਹੈ।

ਦੁਸਰੀ ਪ੍ਰਮੁਖ ਭੁੱਲ “ਜਪਿ” ਸ਼ਬਦ ਦੇ ਅਰਥ ਕੇਵਲ ਜੀਭਾ ਨਾਲ ਵਾਰ ਵਾਰ ਉਚਾਰਣ ਦੇ ਮੰਨ ਲੈਣ ਦੇ ਹਨ। “ਜਪ” ਸ਼ਬਦ ਦੇ ਸਹੀ ਅਰਥ ਸਮਝਣ ਤੇ ਵਿਚਾਰਣ ਦੇ ਹਨ। ਗੌੜੀ ਰਾਗ ਦੇ ਪੰਨਾ 192 ਤੇ ਦਰਜ ਰਹਾਉ ਵਾਲੀ ਪੰਕਤੀ ਵਿੱਚ ਇਹ ਅਰਥ ਹੋਰ ਵੀ ਸਪਸ਼ਟ ਹੋ ਜਾਂਦੇ ਹਨ “ਜਪਿ ਮਨ ਮੇਰੇ ਗੋਵਿੰਦ ਕੀ ਬਾਣੀ॥” ਅਰਥਾਤ ਹੇ ਮੇਰੇ ਮਨ ਸਮੁਚੀ ਗੁਰਬਾਣੀ ਨੂੰ ਵਿਚਾਰ ਅਤੇ ਸਮਝ ਅਤੇ ਆਪਣਾ ਜੀਵਨ ਸਫਲ ਕਰ। ਨਹੀ ਤਾਂ ਸਮੁਚੀ ਬਾਣੀ ਨੂੰ ਕਿਸ ਤਰੀਕੇ ਨਾਲ ਵਾਰ ਵਾਰ ਰਟੇਆ ਜਾਵੇਗਾ। ਜਪੁਜੀ ਸਾਹਿਬ ਦੀ ਦੂਸਰੀ ਪੌੜੀ ਅੰਦਰ “ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ 2॥” ਹਉਮੇ ਨੂੰ ਮੇਟਣ ਦਾ ਤਰੀਕਾ ਹੁਕਮ ਨੂੰ ਬੁਝਣ ਦਵਾਰਾ ਸਮਝਾਇਆ ਗਇਆ ਹੈ। ਕਿਸੇ ਵੀ ਅੱਖਰ ਦੇ ਰਟਣ ਨੂੰ ਜਪੁਜੀ ਸਾਹਿਬ ਦੀ 32ਵੀ ਪੌੜੀ ਵਿੱਚ ਖੰਡਿਤ ਕੀਤਾ ਗਇਆ ਹੈ ਅਤੇ ਉਪਦੇਸ਼ ਦੀਤਾ ਹੈ ਕਿ “ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ॥ 32॥” ਅਰਥਾਤ ਹੇ ਨਾਨਕ, ਵਾਹਿਗੁਰ ਤਾਂ ਉਸਦੀ ਮਿਹਰ ਸਦਕਾ ਪ੍ਰਾਪਤ ਹੁੰਦਾ ਹੈ ਵਾਰ ਵਾਰ ਕਿਸੇ ਅਖਰ ਦੇ ਰਟਣ ਨਾਲ ਨਹੀਂ। ਉਸ ਮੇਹਰ ਦੀ ਪ੍ਰਾਪਤੀ ਉਸ ਦੇ ਹੁਕਮ ਅਥਵਾ ਨਾਮ ਨੂੰ ਗਾਰਬਾਣੀ ਵਿਚੋ ਹੀ ਖੋਜਣਾ ਹੈ ਅਤੇ ਇਹ ਇਸ਼ਾਰਾ ਕਰ ਕੇ ਸੁਚੇਤ ਕੀਤਾ ਹੈ ਕਿ “ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥” (ਪੰਨਾ 148) ਕੇਵਲ ਪੜ੍ਹਨ ਨਾਲ ਨਹੀ, ਪ੍ਰੰਤੂ ਸਮਝਣ ਰਾਹੀ ਸਾਹਿਬ ਦਾ ਭੇਤ ਪਾਇਆ ਜਾਂਦਾ ਹੈ।

ਆਦਿ ਗ੍ਰਥ ਵਿੱਚ ਇਸ ਗੱਲ ਵੱਲ ਵੀ ਇਸ਼ਾਰੇ ਹਨ ਕਿ ਗੁਰਬਾਣੀ ਹੀ ਨਾਮ ਹੈ “ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ” (ਪੰਨਾ 494) ਅਰਥਾਤ ਗੁਰਬਾਣੀ ਦੀ ਬਰਕਤਿ ਨਾਲ ਪ੍ਰਾਣੀ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।” ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ॥ 10॥” (ਪੰਨਾ 759) ਗੁਰ ਦੀ ਦਰਸਾਈ ਹੋਈ ਬ੍ਰਹਮ ਵੀਚਾਰ ਅੰਦਰ ਹੀ ਪਰਮੇਸ਼ਰ ਦੇ ਨਾਮ ਦੀ ਦੌਲਤ ਹੈ। ਇਸ ਵਾਹਿਗੁਰੂ ਸ਼ਬਦ ਦੇ ਸੰਗਤ ਰੂਪ ਉਚਾਰਣ ਨੂੰ ਸੁਣ ਕੇ ਕੂਝ ਸ਼ਰਾਰਤੀ ਹਿੰਦੂ ਸੰਪਰਦਾਵਾਂ ਨੇ ਇਹ ਪਰਚਾਰਣਾ ਸ਼ੁਰੂ ਕਰ ਦਿੱਤਾ ਹੈ ਕਿThere is much in common between Sikhism and Vaishnavism. To begin with, they are the two fundamental prongs of the Bhakti Movement. Both consider chanting the holy name of the Supreme as the primary path to salvation.” (ਸਿੱਖਾਂ ਵਿੱਚ ਕਿਸੇ ਨਾਮ ਦਾ ਉਚਾਰਣ ਹੀ ਮੁਕਤੀ ਦਾ ਵਸੀਲਾ ਹੈ)

ਜਦੋਂ ਕਿ ਗੁਰਬਾਣੀ ਵਿੱਚ ਅਨੇਕਾਂ ਸ਼ਬਦਾਂ ਵਿੱਚ ਅਤੇ ਖਾਸ ਤੌਰ ਤੇ ਪੰਨਾ 1158 ਤੇ ਇਹ ਸਾਫ ਤੌਰ ਤੇ ਅੰਕਿਤ ਹੈ। “ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥ 1॥ ਰਹਾਉ॥” ਅਰਥਾਤ ਗੁਰਮਤ ਦੇ ਨਾਮ ਧੰਨ ਦੇ ਆਧਾਰ ਤੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਕਰਮ ਕਾਂਡ ਅਤੇ ਸ਼ਰਾ ਦੇ ਨੇਮ ਬਿਲਕੁਲ ਹੀ ਤੁੰਛ ਹਨ। ਇਸ ਸਾਰੀ ਵਿਚਾਰ ਦਾ ਸਿੱਟਾ ਕਿਸੇ ਦੇ ਹਿਰਦੇ ਨੂੰ ਠੇਸ ਜਾਂ ਚੋਟ ਪਾਚਾਉਣ ਦਾ ਨਹੀਂ, ਨਾਂ ਹੀ ਕਿਸੇ ਸੰਪਰਦਾ ਦੀ ਨਿਖੇਦੀ ਕਰਣ ਦਾ ਹੈ। ਗੁਰਮਤ ਦੀ ਰੋਸ਼ਨੀ ਵਿੱਚ ਸੱਚ ਦੀ ਮੰਜ਼ਿਲ ਤੱਕ ਪੁੱਜਣ ਦਾ ਨਿਮਾਣਾ ਜਿਹਾ ਯਤਨ ਹੈ। ਨਾਮ ਸ਼ਬਦ ਦੀ ਬਹੁਤ ਡੂੰਗੀ ਵਿਚਾਰ ਦੀ ਲੋੜ ਭਾਸਦੀ ਹੈ। ਸਤਿਗੁਰ ਦੀ ਕਿਰਪਾ ਸੱਦਕੇ ਦਾਸ ਜਲਦੀ ਹੀ ਆਪਣੀ ਤੁਛ ਬੁਧੀ ਅਨੁਸਾਰ ਇਸ ਵਿਸ਼ੇ ਤੇ ਰੋਸ਼ਨੀ ਪਾਉਣ ਦਾ ਨਿਮਾਣਾ ਜਿਹਾ ਯਤਨ ਜਰੂਰ ਕਰੇਗਾ।

ਵਾਹਿਗੁਰੂ ਸ਼ਬਦ ਅਤੇ ਸਿਮਰਨ: ਸਮੁੱਚੇ ਸਿੱਖ ਜਗਤ ਵਿੱਚ ਸਿਮਰਨ ਸ਼ਬਦ ਦੇ ਅਰਥਾਂ ਵਾਰੇ ਵੀ ਕੋਈ ਸਪਸ਼ਟ ਸੇਧ ਨਹੀਂ ਜਾਪਦੀ। ਜਿਯਾਦਾਤਰ ਇਸ ਵਾਹਿਗੁਰੂ ਸ਼ਬਦ ਦੇ ਮੁੜ ਮੁੜ ਕੇ ਉਚਾਰਣ ਨੂੰ ਹੀ ਸਿਮਰਣ ਸਮਝ ਲਿਆ ਗਇਆ ਹੈ। ਕੁਝਕੂ ਗੁਰਅਸਥਾਨਾ ਤੇ ਤਾਂ ਬਕਾਇਦਾ ਹਨੇਰਾ ਕਰ ਕੇ ਯਾ 2 ਤੋਂ 24 ਘੰਟੇ ਤਕ ਵੀ ਇਹ ਕਿਰਿਆ ਨੂੰ ਕੀਤਾ ਜਾਂਦਾ ਹੈ। ਯੋਗ ਮਤ ਵਿੱਚ ਇਹ ਤਰੀਕਾ ਆਮ ਹੀ ਪ੍ਰਚਲਤ ਸੀ। ਅਜੋਕੇ ਸਾਇੰਸ ਦਾਨਾ ਨੇ ਵੀ ਕਿਸੇ ਇੱਕ ਅੱਖਰ ਦੇ ਵਾਰ ਵਾਰ ਉਚਾਰਣ ਦੇ ਪ੍ਰਯੋਗ ਕੀਤੇ ਹਨ ਅਤੇ ਦਸਿਆ ਹੈ ਕਿ ਇਸ ਕ੍ਰਿਆ ਨਾਲ ਦਿਮਾਗ ਵਿਸ ਖੁਨ ਦਾ ਦੌਰਾ ਵੱਧ ਜਾਂਦਾ ਹੈ। ਅਤੇ ਭੁਲੜ ਜੋਗੀ ਇਸ ਨੂੰ ਬੁਧੀ ਵਿਕਾਸ ਦਾ ਵਸੀਲਾ ਸਮਝਦੇ ਹੋਣਗੇ। ਸਿੱਧ ਗੋਸਟਿ ਨਾਮਕ ਬਾਣੀ ਵਿੱਚ ਇਨ੍ਹਾਂ ਵਸੀਲੇਆਂ ਦਾ ਭਰਪੂਰ ਖੰਡਣ ਕੀਤਾ ਹੋਇਆ ਹੈ। ਗੁਰਮਤ ਤਾਂ ਕੇਵਲ “ਗੁਰ ਕੀ ਮਤਿ ਤੂੰ ਲੇਹਿ ਇਆਨੇ” (ਪੰਨਾ 288) ਵਾਲੇ ਸਿਧਾੰਤ ਨੂੰ ਹੀ ਤਰਬੀਅਤ ਦੇਂਦੀ ਹੈ। ਗੁਰ ਤੋਂ ਪ੍ਰਾਪਤ ਗਿਆਨ ਤੋਂ ਹੀ ਬੁਧੀ ਦਾ ਵਿਕਾਸ ਕਰਨਾ ਹੈ ਅਤੇ ਸਬ ਤੋਂ ਪਹਿਲਾਂ ਭਰਮਾਂ ਦਾ ਨਾਸ਼ ਕਰਨਾ ਹੈ। ਅਤੇ ਸਿਮਰਨ ਸ਼ਬਦ ਦੇ ਸਹੀ ਅਰਥ ਕਿਸੀ ਬਿਸਰੀ ਹੋਇ ਗੱਲ ਨੂੰ ਯਾਦ ਆ ਜਾਣ ਦੇ ਹਨ ਨਾਂ ਕੇ ਯਾਰ ਕਰੀ ਜਾਣ ਦੇ ਹਨ।

ਹਾਹਾ ਅਖੱਰ ਦੇ ਉਚਾਰਣ ਸੰਬਧੀ ਕੁੱਝ ਹੋਰ ਵਿਚਾਰਾਂ: ਗੁਰਬਾਣੀ ਦੀ ਲਿੱਖਤ ਅੰਦਰ “ਹ” ਅਖੱਰ ਦਾ ਉਚਾਰਣ ਬਹੁਤ ਹੀ ਸੂਝ ਦਾ ਵਿਸਾਂ ਹੈ। ਖਾਸ ਕਰਕੇ ਜਦ ਇਸ ਅੱਖਰ ਨੂ ਸ਼ਬਦ ਦੇ ਵਿਚਕਾਰ ਯਾ ਪਿਛਲੇਤਰ ਤੇ ਲਗਾਇਆ ਜਾਵੇ ਤੇ ਇਸ ਤੇ “ਸਿਹਾਰੀ” ਯਾ “ਔਂਕੜ” ਮਾਤ੍ਰਾ ਵੀ ਲੱਗੀ ਹੋਵੇ।

ਇਕ ਵਚਨ ਨਾਉਂ ਸ਼ਬਦਾਂ ਨਾਲ ਔਂਕੜ ਦੀ ਵਰਤੋਂ: ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ ਜੇ ਸ਼ਬਦ ਨਾਉਂ ਪੁਲਿੰਗ ਹੋਵੇ ਤਾਂ ਔਂਕੜ ਆਮ ਤੌਰ ਤੇ ਇੱਕ ਵਚਨ ਬਨਾਉਣ ਲਈ ਲਗਾਇਆ ਜਾਂਦਾ ਹੈ। ਜੇ ਕਰ ਅੰਤਲੇ ਅੱਖਰ ਨਾਲੋਂ ਔਂਕੜ ਉਤਾਰ ਲਿਆ ਜਾਵੇ ਤਾਂ ਫਿਰ ਉਹੀ ਸ਼ਬਦ ਬਹੁ ਵਚਨ ਬਣ ਜਾਂਦਾ ਹੈ। ਜੋ ਕਿ ਅਰਥ ਕਰਣ ਵਿੱਚ ਸਹਾਇਕ ਹੁੰਦਾ ਹੈ। ਉਸ ਦਾ ਉਚਾਰਣ ਨਾਲ ਕੋਈ ਸੰਬੰਧ ਨਹੀਂ ਹੈ।

ਰਾਹੁ (16 ਵਾਰੀ) = ਰਾਹ (13 ਵਾਰੀ)

ਹੁਕਮੀ ਹੁਕਮੁ ਚਲਾਏ ਰਾਹੁ॥ (ਪੰਨਾ 2), ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ॥ (ਪੰਨਾ 87)

ਮਾਹੁ (7 ਵਾਰੀ) = ਮਾਹ (10 ਵਾਰੀ)

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥ (ਪੰਨਾ 4), ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥ (ਪੰਨਾ 136)

ਸਾਹੁ (56 ਵਾਰੀ) = ਸਾਹ (53 ਵਾਰੀ)

ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ॥ 1॥ (ਪੰਨਾ 22), ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ॥ (ਪੰਨਾ 5)

ਰਾਹੁ ਦਾ ਰਾਹੋ, ਮਾਹੁ ਦਾ ਮਾਹੋ ਅਤੇ ਸਾਹੁ ਦਾ ਸ਼ਾਹੋ ਪੜ੍ਹਿਆ ਜਾਣਾ ਅਸ਼ੁੱਧ ਹੈ।

‘ਹ’ ਅੱਖਰ ਦਾ ਸਵਰ ਕਰਕੇ ਵਰਤਿਆ ਜਾਣਾ: ਜਦੋਂ ਕਿਸੇ ਸ਼ਬਦ ਦੇ ਅੰਤ ਵਿੱਚ ‘ਹ’ ਸਵਰ ਕਰਕੇ ਵਰਤਿਆ ਜਾਂਦਾ ਹੈ, ਤਾਂ ਔਂਕੜ ਉਸ ਨਾਲ ਮਿਲ ਕੇ ਹੋੜੇ ਦੀ ਥਾਂ ਆਉਂਦਾ ਹੈ।

ਅੰਦਰਹੁ = ਅੰਦਰੋਂ, ਵਿਚਹੁ = ਵਿਚੋਂ, ਭੰਡਹੁ = ਭੰਡੋਂ, ਕਪਾਹਹੁ = ਕਪਾਹੋਂ, ਨਾਵਹੁ = ਨਾਵੋਂ

ਅਤੇ ਹੋੜਾ ਉਸ ਨਾਲ ਮਿਲ ਕੇ ਓ ਦੀ ਥਾਂ ਆਉਂਦਾ ਹੈ।

ਸਹੇਲੀਹੋ = ਸਹੇਲੀਓ, ਪਿਆਰਿਹੋ = ਪਿਆਰਿਓ, ਵਡਭਾਗੀਹੋ = ਵਡਭਾਗੀਓ, ਭਾਈਹੋ = ਭਾਈਓ

ਇਸ ਵਿਸ਼ੇ ਤੇ ਖੁੱਲੀ ਵਿਚਾਰ ਦਾਸ ਨੇ ਆਪਣੀ ਵੈਬੱ ਸਾਇਟ (http://members.optusnet.com.au/gurbaniviakaran/) ਤੇ ਕੀਤੀ ਹੋਈ ਹੈ ਅਤੇ ਪਾਠਕਾਂ ਨੂੰ ਬੇਨਤੀ ਹੈ ਕਿ ਓਹ ਇਸ ਨੂੰ ਜਰੂਰ ਪੜ੍ਹਨ।

ਫਤਿਹ ਸ਼ਬਦ ਦਾ ਸਹੀ ਸਰੂਪ: ਗੁਰਮਤ ਸੰਬੰਧੀ ਲਿਖਤਾਂ ਵਿੱਚ ਫਤਿਹ ਸ਼ਬਦ ਆਮ ਪੜ੍ਹਨ ਨੂੰ ਮਿਲਦਾ ਹੈ ਅਤੇ ਇਹ ਵੀ ਸਮਝ ਵਿੱਚ ਆਉਂਦਾ ਹੈ ਕੇ ਜਿਯਾਦਾਤਰ ਤੇ ਲੇਖਕ ਸੱਜਣ “ਫਤਿਹ” ਸ਼ਬਦ ਨੂੰ “ਫਤਹਿ” ਯਥਾ ਤੱਤੇ ਅੱਖਰ ਤੇ ਸਿਹਾਰੀ ਦੀ ਬਜਾਏ ਹਾਹੇ ਅੱਖਰ ਤੇ ਸਿਹਾਰੀ ਵਰਤ ਕੇ ਲਿਖਣ ਨੂੰ ਵੱਧ ਅਹਮੀਅਤ ਦੇਂਦੇ ਹਨ। ਆਦਿ ਗ੍ਰਥ ਦੀ ਬਾਣੀ ਅੰਦਰ ਇਹ ਸ਼ਬਦ ਕੇਵਲ ਇੱਕ ਵਾਰੀ ਹੀ ਪੰਨਾ 258 ਤੇ ਵਰਤਿਆ ਹੈ। “ਸਲੋਕੁ॥ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ॥ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ॥ 1॥” ਦਾਸ ਦੀ ਇਹ ਬੇਨਤੀ ਹੈ ਕਿ ਇਸ ਸ਼ਬਦ ਨੂੰ ਗੁਰਮਤ ਦੀ ਭਾਸਾਂ ਅਨੁਸਾਰ ਹੀ ਲਿਖਆ ਜਾਵੇ।

ਅੰਤ ਵਿੱਚ ਦਾਸ ਇਸ ਗੱਲ ਦੀ ਉਮੀਦ ਰਖਦਾ ਹੈ ਕਿ ਜਗਿਯਾਸੁ ਸੱਜਣ ਇਸ ਗਿਆਨ ਦੇ ਸਮੁੰਦਰ “ਧੁਰ ਕੀ ਬਾਣੀ, ਮਹਾ ਪੁਰਖ ਕੀ ਬਾਣੀ” ਦੀ ਭਰਪੂਰ ਖੋਜ ਕਰਕੇ ਗੁਰਮਤ ਦੀ ਰੌਸ਼ਨੀ ਦੇ ਅਨੁਕੂਲ “ਜਪ, ਜਾਪ ਨਾਮ, ਸਿਮਰਨ, ਜਸ, ਗੁਰ, ਗੁਰੂ, ਦਸਮ ਦੁਆਰ, ਭਗਤੀ” ਆਦ ਸ਼ਬਦਾ ਦੇ ਮੌਲਿਕ ਭਾਵਾਂ ਨੂੰ ਸਮਝਣ ਅਤੇ ਹੋਰਨਾ ਨਾਲ ਵੀ ਜਰੂਰ ਸਾਝੇ ਕਰਣ।

ਵੈਬਸਟਰ ਜੋ ਕੀ ਦੁਨੀਆ ਦਾ ਇੱਕ ਪ੍ਰਸਿੱਧ ਸ਼ਬਦ ਕੋਸ਼ ਹੈ। ਜਪ (Meditate) ਸ਼ਬਦ ਦੇ ਅਰਥ ਡੂੰਗੀ ਸਮਝ ਤੇ ਵਿਚਾਰ ਦੇ ਹੀ ਕਰਦੀ ਹੈ।

According to Webster Dictionary: The words Ponder, Meditate and Ruminate are synonyms and mean to consider or examine attentively or deliberately. PONDER implies a careful weighing of a problem or, often, prolonged inconclusive thinking about a matter; MEDITATE implies a definite focusing of one’s thoughts on something as to understand it deeply.

ਭੁੱਲ ਚੁੱਕ ਮੂਆਫ

ਵਾਹ ਗੁਰੂ ਜੀ ਕਾ ਖਾਲਸਾ। ਵਾਹ ਗੁਰੂ ਜੀ ਕੀ ਫਤਿਹ।

ਗੁਰਜੀਤ ਸਿੰਘ ਬੈਂਸ ਆਸਟ੍ਰੇਲੀਆ




.