.

ਹਰਿ ਕੀਰਤਨ
(ਗੁਰੂ ਬਾਬੇ ਦੀ ਵਿਸਮਾਦੀ ਬਖਸ਼ਿਸ਼)
ਮਹਿੰਦਰ ਸਿੰਘ ਡਿਡਨ

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਕੀਰਤਨ ਪਰੰਪਰਾ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਅੱਗੇ ਤੋਰਿਆ ਅਤੇ ਨਿਭਾਇਆ। ਉਹ ਇੱਕ ਮਹਾਨ ਸੰਗੀਤਕਾਰ ਸਨ ਅਤੇ ਗੁਰਬਾਣੀ ਸੰਗੀਤ ਵਿੱਚ ਉਨ੍ਹਾਂ ਦਾ ਇੱਕ ਮਹੱਤਵਪੂਰਨ ਸਥਾਨ ਹੈ। ਉਨਾਂ ਨੇ ਗੁਰਮਤਿ ਸੰਗੀਤ ਨੂੰ ਸਿਧਾਂਤਕ ਅਤੇ ਵਿਵਹਾਰਕ ਰੂਪ ਵਿੱਚ ਸੁਦ੍ਰਿੜ ਸਰੂਪ ਪ੍ਰਦਾਨ ਕਰਵਾਇਆ। ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਗੁਰਮਤਿ ਸੰਗੀਤ ਪਰੰਪਰਾ ਨੂੰ ਸਥਾਈ ਰੂਪ ਵਿੱਚ ਸਦਾ ਲਈ ਸਥਾਪਿਤ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗੀਤ ਪ੍ਰਬੰਧ ਹੈ ਵੀ ਲਾਸਾਨੀ ਅਤੇ ਏਸ ਤੋ ਆਧਾਰਿਤ ਕੀਰਤਨ ਪਰੰਪਰਾ ਵੀ ਭਾਰਤੀ ਸੰਗੀਤ ਦੇ ਖੇਤਰ ਵਿੱਚ ਆਪਣਾ ਇੱਕ ਵਿਲੱਖਣ ਸਥਾਨ ਰੱਖਦੀ ਹੈ। ਭਾਰਤੀ ਸੰਗੀਤ ਕਲਾ ਦੇ ਸੰਦਰਭ ਵਿੱਚ ਇਸ ਸੰਗੀਤ ਨੂੰ ਗੁਰਬਾਣੀ ਸੰਗੀਤ ਦਾ ਨਾਉ ਦਿੱਤਾ ਗਿਆ ਹੈ। ਜੋ ਪੂਰਨ ਰੂਪ ਵਿੱਚ ਅਧਿਆਤਮਿਕ ਸੰਗੀਤ ਪੱਧਤੀ ਹੈ। ਇਹ ਸੰਗੀਤ ਅਕਾਲ ਪੁਰਖ ਦੀ ਆਪਣੀ ਭਾਸ਼ਾ ਹੈ ਜਿਸ ਵਿੱਚ ਮਨ ਨੂੰ ਵੱਸ ਕਰਨ ਅਤੇ ਆਤਮਿਕ ਖੇੜਾ ਲਿਆਉਣ ਦੀ ਪੂਰਨ ਸਮਰੱਥਾ ਹੈ। ਕੀਰਤਨ ਦਾ ਸੱਭ ਤੋਂ ਵਧੇਰੇ ਪ੍ਰਚਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੀ ਹੋਇਆ। ਗੁਰੂ ਜੀ ਨੇ ਕੀਰਤਨ ਦੀ ਪਰੰਪਰਾ ਨੂੰ ਆਮ ਸਿੱਖਾਂ ਵਿੱਚ ਪ੍ਰਚਾਰਿਆ ਅਤੇ ਗੁਰਬਾਣੀ ਕੀਰਤਨ ਲਈ ਪ੍ਰੇਰਿਆ ਜਿਸ ਨਾਲ ਸਿੱਖਾਂ ਵਿੱਚ ਗੁਰਮਤਿ ਸੰਗੀਤ ਦਾ ਪ੍ਰਚਾਰ ਹੋਰ ਵਧਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਤੋ ਲੈਕੇ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਕੀਰਤਨਕਾਰ ਮਰਾਸੀ ਜਾਂ ਡੂਮ ਹੀ ਹੋਇਆ ਕਰਦੇ ਸਨ। ਕਿਉਂ ਕਿ ਮਿਰਾਸਿਆਂ ਦਾ ਇਹ ਕਿਤਾ ਹੁੰਦਾ ਸੀ ਅਤੇ ਉਹ ਰਾਗ ਵਿਦਿਆ ਵਿੱਚ ਬੜ੍ਹੇ ਨਿਪੁੰਨ ਹੁੰਦੇ ਸਨ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ ਵੀ ਮਰਾਸੀ ਹੀ ਸਨ ਅਤੇ ਉਨ੍ਹਾਂ ਦੇ ਸਤਿਕਾਰ ਨੂੰ ਮੁੱਖ ਰਖ ਕੇ ਹੀ ਰਬਾਬੀਆਂ ਨੂੰ ਕੀਰਤਨ ਦੀ ਸੇਵਾ ਤੇ ਲਾਇਆ ਜਾਂਦਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਤਕ ਸਮੂਹ ਗੁਰੂ ਸਾਹਿਬਾਨ ਨੇ ਆਪਣੇ ਗੁਰਦਰਬਾਰ ਵਿੱਚ ਰਬਾਬੀ ਕੀਰਤਨਕਾਰਾਂ ਨੂੰ ਵਿਸ਼ੇਸ਼ ਸਰਪ੍ਰਸਤੀ ਦਿੱਤੀ ਜਿਸ ਦੁਆਰਾ ਕੀਰਤਨਕਾਰਾਂ ਦੀ ਇੱਕ ਵਿਸ਼ੇਸ਼ ਸ਼੍ਰੇਣੀ ਹੋਂਦ ਵਿੱਚ ਆਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਾਲ ਵਿੱਚ ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕਾਲ ਵਿੱਚ ਭਾਈ ਸਜਾਦਾ, ਭਾਈ ਸ਼ਦੂ, ਭਾਈ ਬਾਦੂ, ਭਾਈ ਰਜ਼ਾਦਾ, ਸ੍ਰੀ ਗੁਰੂ ਅਮਰ ਦਾਸ ਜੀ ਦੇ ਸਮੇਂ ਭਾਈ ਸੱਤਾ, ਭਾਈ ਬਲਵੰਡ, ਭਾਈ ਪਾਂਧਾ, ਭਾਈ ਬੂਲਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਵਿੱਚ ਭਾਈ ਸੱਤਾ, ਭਾਈ ਬਲਵੰਡ ਕੀਰਤਨੀਏ ਗੁਰੂ ਘਰ ਦੀ ਸੇਵਾ ਕਰਦੇ ਰਹੇ।
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਰਬਾਬੀ ਭਾਈ ਸੱਤਾ ਅਤੇ ਭਾਈ ਬਲਵੰਡ ਦੇ ਰੁਸ ਜਾਣ ਕਾਰਣ ਗੁਰਮਤ ਸੰਗੀਤ ਦੇ ਪ੍ਰਚਾਰ, ਪ੍ਰਸਾਰ ਵਿੱਚ ਨਵਾਂ ਮੋੜ ਆਇਆ, ਜਿਸ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਸੰਗਤਾਂ ਨੂੰ ਕੀਰਤਨ ਕਰਨ ਹਿੱਤ ਉਤਸਾਹਿਤ ਕੀਤਾ। ਗੁਰੂ ਜੀ ਦੇ ਏਸ ਸਚੇਤ ਯਤਨ ਦੇ ਨਾਲ ਸਿੱਖ ਸੰਗਤਾਂ ਵਿੱਚ ਕੀਰਤਨ ਕਰਨ, ਗਾਇਨ ਅਤੇ ਸਾਜਾਂ ਦੀ ਸਿਖਲਾਈ ਦਾ ਅਤੇ ਕੀਰਤਨ ਗਾਇਨ ਦੇ ਲੋਕ ਸੰਗੀਤਕ ਪ੍ਰਵਾਹ ਦਾ ਪ੍ਰਾਰੰਭ ਹੋਇਆ। ਇਸ ਤਰ੍ਹਾਂ ਗੁਰਮਤਿ ਸੰਗੀਤ ਵਿੱਚ ਨਿਸ਼ਕਾਮ ਕੀਰਤਨ ਦੀ ਇਹ ਪ੍ਰਥਾ ਸਥਾਪਿਤ ਹੋ ਗਈ। ਇਨ੍ਹਾਂ ਨਿਸ਼ਕਾਮ ਕੀਰਤਨੀਆਂ ਵਿਚੋਂ ਭਾਈ ਦੀਪਾ, ਭਾਈ ਰੁਲਾ, ਭਾਈ ਨਾਰਾਇਣ ਦਾਸ, ਭਾਈ ਉਗਰਸੈਨ, ਭਾਈ ਝਾਜੂ, ਭਾਈ ਮੁਕੰਦ, ਭਾਈ ਕੇਦਾਰਾ ਆਦਿ ਉਸ ਸਮੇਂ ਦੇ ਇਤਿਹਾਸਕ ਤੋਰ ਤੇ ਵਰਣਨਯੋਗ ਕੀਰਤਨੀਏ ਹਨ।
ਗੁਰਮਤਿ ਕੀਰਤਨ ਦਾ ਆਨੰਦ ਵੀ ਇੱਕ ਅਦੁਤੀ ਅਨੰਦ ਹੈ, ਕਿੁਂੳ ਜੋ ਰਾਗ ਤੇ ਸ਼ਬਦ ਦਾ ਕੁਦਰਤੀ ਸੰਜੋਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਸਮੇਂ ਸਮੁੱਚੀ ਗੁਰਬਾਣੀ ਨੂੰ ਰਾਗ ਬੱਧ ਅਤੇ ਸੰਗੀਤ ਬੱਧ ਕਰਕੇ ਸ਼ਬਦ ਅਤੇ ਰਾਗ ਨੂੰ ਇਕਸੁਰ ਕਰ ਦਿੱਤਾ ਹੈ। ਜ਼ਿੰਦਗੀ ਦਾ ਸਾਜ਼ ਇੱਕ ਸੁਰ ਕਰਨ ਲਈ ਰਾਗ ਅਤੇ ਸ਼ਬਦ ਦੀ ਇਕਸੁਰਤਾ ਅਤਿਅਵਸ਼ਕ ਅਤੇ ਲਾਭਕਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਬੱਧਤਾ ਦੇ ਵਿਧਾਨ ਵੇਲੇ ਸਮੇਂ, ਸਥਾਨ, ਪ੍ਰਭਾਵ, ਪ੍ਰਸੰਗ ਆਦਿ ਦਾ ਵਿਸ਼ੇਸ਼ ਖਿਆਲ ਰਖਿਆ ਗਿਆ ਹੈ ਅਤੇ ਸਾਰੀ ਦੀ ਸਾਰੀ ਬਾਣੀ ਅਧਿਆਤਮਕ ਹੈ ਅਤੇ ਏਸ ਵਿੱਚ ਅਨੁਭਵੀ ਸਾਹਿਤ ਦਾ ਪ੍ਰਕਾਸ਼ਨ ਕੀਤਾ ਹੋਇਆ ਹੈ। ਜਿਸ ਸਤਿ ਦਾ ਅਨੂਭਵ ਗੁਰੂ ਸਾਹਿਬਾਨ ਨੂੰ ਹੋਇਆ ਸੀ ਉਸੇ ਦਾ ਪ੍ਰਕਾਸ਼ਨ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿੱਚ ਕੀਤਾ। ਏਸ ਲਈ ਇਸ ਬਾਣੀ ਦੇ ਕੀਰਤਨ ਨੂੰ ਹਰਿ ਕੀਰਤਨ ਕਿਹਾ ਜਾਂਦਾ ਹੈ। ਹਰਿ ਕੀਰਤਨ ਵਿੱਚ ਗੁਰਬਾਣੀ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਤੋਂ ਅਲਾਵਾ ਹੋਰ ਕੱਚੀ ਬਾਣੀ ਪੜ੍ਹਨ ਦੀ ਆਗਿਆ ਨਹੀਂ ਹੈ। ਹਰਿ ਕੀਰਤਨ ਚੰਚਲਤਾ ਪੈਦਾ ਨਹੀਂ ਕਰਦਾ, ਕੋਲਾਹਲ ਪੈਦਾ ਨਹੀਂ ਕਰਦਾ। ਹਰਿ ਕੀਰਤਨ ਵਿੱਚ ਸ਼ਾਂਤ ਰਸ ਹੀ ਪ੍ਰਧਾਨ ਹੁੰਦਾ ਹੈ। ਇਹ ਭੜਕੀਲਾ ਨਹੀਂ ਹੁੰਦਾ, ਹਰਿ ਕੀਰਤਨ ਈਰਖਾ ਦਵੈਸ਼ ਤੋਂ ਮੁਕਤ ਕਰਦਾ ਹੈ, ਹਉਮੈ ਦੀ ਨਵਿਰਤੀ ਕਰਦਾ ਹੈ। ਇਹ ਆਤਮਿਕ ਸ਼ਾਂਤੀ ਦਾ ਸ੍ਰੋਤ ਹੈ ਅਤੇ ਸੁਰਤ ਨੂੰ ਉਚਾ ਰਖਦਾ ਹੈ। ਹਰਿ ਕੀਰਤਨ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਅਤੇ ਈਸ਼ਵਰ ਨਾਲ ਅਭੇਦ ਹੋਣ ਦਾ ਪਰਮ ਸਾਧਨ ਹੈ। ਸੰਗੀਤ ਵਿੱਚ ਹਿਰਦੈ ਨੂੰ ਟੁੰਬਣ, ਮਨ ਨੂੰ ਇਕਰਾਰ ਕਰਨ ਜਾਂ ਮੁਗਧ ਕਰਨ ਦੀ ਸ਼ਕਤੀ ਹੁੰਦੀ ਹੈ। ਰਾਗ ਰਹਿਤ ਮਨੁੱਖ ਪ੍ਰਭੂ ਦਾ ਹੁਕਮ ਬੁਝਣ ਲਈ ਅਸਮਰਥ ਹੁੰਦਾ ਹੈ। ਉਹ ਏਸ ਲਈ ਕਿਉਂ ਜੋ ਪਰਮਾਤਮਾ ਨੂੰ ਸਮਝਣ ਲਈ ਉਸ ਨਾਲ ਇੱਕ ਸੁਰ ਹੋਣਾ ਪੈਂਦਾ ਹੈ ਅਤੇ ਉਹ ਇੱਕ ਸੁਰਤਾ ਅਤੇ ਪਿਆਰ ਰਾਗ ਜੀ ਕੀਰਤਨ ਦੁਆਰਾ ਹੀ ਆ ਸਕਦੀ ਹੈ।
ਧਿਆਨ ਦੇਣ ਯੋਗ ਗੱਲ ਇਹ ਹੈ ਕਿ ਕੀਰਤਨ ਸ਼ਬਦਾਂ ਦਾ ਰਾਗ ਦੁਆਰਾ ਮਸ਼ੀਨੀ ਉਚਾਰਨ ਜਾਂ ਆਲਾਪ ਨਹੀਂ ਹੈ। ਇਹ ਆਲਾਪ ਪ੍ਰੇਮ ਭਾਵਨਾ ਵਿੱਚ ਗੁੱਧਾ ਹੋਣ ਕਰਕੇ ਹੀ ਕੀਰਤਨ ਬਣਦਾ ਹੈ। ਕੀਰਤਨ ਨਿਰੀ ਰਾਗ ਕਲਾ ਨਹੀਂ ਹੈ, ਨਾ ਹੀ ਨਿਰੀ ਸੰਗੀਤ ਕਲਾ ਯੋਗਤਾ ਦੀ ਪ੍ਰਦਰਸ਼ਨੀ ਹੈ। ਸ਼ਬਦਾਰਥ ਵਿੱਚ ਜੁੜ ਕੇ ਅਤੇ ਲਕਸ਼ ਨਾਲ ਇੱਕ ਸੁਰ ਹੋ ਕੇ ਕੀਤੇ ਕੀਰਤਨ ਦਾ ਪ੍ਰਭਾਵ ਨਿਸਚੇ ਹੀ ਕੀਰਤਨੀਏ ਅਤੇ ਸ੍ਰੋਤਿਆ ਨੂੰ ਉਚੇਰੀ ਅਵਸਥਾ ਵਿੱਚ ਲੈ ਜਾਂਦਾ ਹੈ।
ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ॥
(ਅੰਕ 91)
ਹਰਿ ਕੀਰਤਨ ਗਾਉਣ ਦੇ ਅਨੇਕਾਂ ਹੀ ਲਾਭ ਹਨ, ਜਿਸਨੂੰ ਗੁਰਬਾਣੀ ਵਿੱਚ ਬੜੇ ਹੀ ਸੁਚੱਜੇ ਢੰਗ ਨਾਲ ਗੁਰੂ ਜੀ ਨੇ ਬਿਆਨ ਕੀਤਾ ਹੈ। ਗੁਰੂ ਤੇਗ ਬਹਾਦਰ ਜੀ ਨੇ ਕੀਰਤਨ ਨਾ ਗਾਉਣ ਵਾਲੇ ਦਾ ਜਨਮ ਅਜਾਂਈ ਜਾਂਦਾ ਦਸਿਆ ਹੈ।
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ॥
(ਅੰਕ 1426)
ਗੁਰੂ ਸਾਹਿਬਾਨ ਨੂੰ ਮਨੁੱਖ ਦੀ ਮਾਨਸਿਕਤਾ ਦੀ ਪੂਰੀ ਜਾਣਕਾਰੀ ਸੀ ਏਸ ਲਈ ਉਹ ਸਮਝਦੇ ਸਨ ਕਿ ਮਨੁੱਖ ਕੇਵਲ ਉਹੀ ਕੰਮ ਕਰਦਾ ਹੈ ਜਿਸ ਦੇ ਕਰਨ ਨਾਲ ਇਸ ਦਾ ਫ਼ਾਇਦਾ ਹੁੰਦਾ ਹੋਵੇ। ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਏਸ ਲਈ ਬੜੇ ਹੀ ਸਪਸ਼ਟ ਅਤੇ ਸੁਚੱਜੇ ਢੰਗ ਨਾਲ ਕੀਰਤਨ ਜਾ ਪ੍ਰਭੂ ਦੇ ਗੁਣ ਗਾਉਣ ਦੀ ਮਹਤੱਤਾ ਅਤੇ ਲਾਭ ਦਸੇ ਹਨ ਟੂਕ ਮਾਤ੍ਰ ਕੁੱਝ ਤੁਕਾਂ ਗੁਰਬਾਣੀ ਦੀਆਂ ਹੇਠ ਲਿਖੀਆਂ ਹਨ, ਜਿਨਾਂ ਨੂੰ ਧਿਆਨ ਨਾਲ ਪੜ੍ਹਿਆ ਅਤੇ ਵਿਚਾਰਿਆਂ ਪ੍ਰਭੂ ਦੇ ਗੁਣ ਗਾਇਨ ਕਰਨ ਦੀ ਤਾਂਗ ਪੈਦਾ ਹੋ ਜਾਂਦੀ ਹੈ।
* ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ॥
(ਅੰਕ 48)
* ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ॥ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ॥
(ਅੰਕ 1300)
* ਗੁਨ ਗਾਵਤ ਤੇਰੀ ਉਤਰਸਿ ਮੈਲੁ॥ ਬਿਨਸਿ ਜਾਇ ਹਉਮੈ ਬਿਖੁ ਫੈਲੁ॥
(ਅੰਕ 289)
* ਗਾਵਤ ਗਾਵਤ ਪਰਮ ਗਤਿ ਪਾਈ॥ ਗੁਰ ਪ੍ਰਸਾਦਿ ਨਾਨਕ ਲਿਵ ਲਾਈ॥
(ਅੰਕ 892)
* ਕੀਰਤਨੰ ਸਾਧਸੰਗੇਣ ਨਾਨਕ ਨਹ ਦ੍ਰਿਸਟੰਤਿ ਜਮਦੂਤਨਹ॥
(ਅੰਕ 1357)

ਮਨੁੱਖ ਨੂੰ ਇਹ ਵੀ ਗੁਰਬਾਣੀ ਰਾਹੀਂ ਸਮਝਾਇਆ ਗਿਆ ਹੈ ਕਿ ਮਨ ਬਾਂਛਤ ਫਲ ਪਰਮਾਤਮਾ ਅਤੇ ਗੁਰੂ ਦੀ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਏਸ ਲਈ ਉਸ ਦੀ ਕਿਰਪਾ ਦੇ ਪਾਤਰ ਬਣਨ ਲਈ ਵੀ ਕੀਰਤਨ ਕਰਨਾ ਅਤੇ ਸੁਣਨਾ ਅਤਿ ਆਵਸ਼ਕ ਹੈ। ਗੁਰੂ ਜੀ ਦਾ ਫ਼ਰਮਾਨ ਹੈ
ਗੁਰ ਪ੍ਰਸਾਦਿ ਨਾਨਕ ਫਲੁ ਪਾਵੈ॥
(ਅੰਕ 285)
ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ॥
(ਅੰਕ 818)
.