.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 07)

ਗੁਰ ਕੀ ਮੂਰਤਿ ਮਨ ਮਹਿ ਧਿਆਨੁ॥ ਗੁਰ ਕੈ ਸਬਦਿ ਮੰਤ੍ਰ ਮਨੁ ਮਾਨ॥
ਗੁਰ ਕੇ ਚਰਨ ਰਿਦੈ ਲੈ ਧਾਰਉ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ॥ ੧॥
ਮਤ ਕੋ ਭਰਮਿ ਭੁਲੈ ਸੰਸਾਰਿ॥ ਗੁਰ ਬਿਨੁ ਕੋਇ ਨ ਉਤਰਸਿ ਪਾਰਿ॥ ੧॥ ਰਹਾਉ॥
ਭੂਲੇ ਕਉ ਗੁਰਿ ਮਾਰਗਿ ਪਾਇਆ॥ ਅਵਰ ਤਿਆਗਿ ਹਰਿ ਭਗਤੀ ਲਾਇਆ॥
ਜਨਮ ਮਰਨ ਕੀ ਤ੍ਰਾਸ ਮਿਟਾਈ॥ ਗੁਰ ਪੂਰੇ ਕੀ ਬੇਅੰਤ ਵਡਾਈ॥ ੨॥
ਗੁਰ ਪ੍ਰਸਾਦਿ ਊਰਧ ਕਮਲ ਬਿਗਾਸ॥ ਅੰਧਕਾਰ ਮਹਿ ਭਇਆ ਪ੍ਰਗਾਸ॥
ਜਿਨਿ ਕੀਆ ਸੋ ਗੁਰ ਤੇ ਜਾਨਿਆ॥ ਗੁਰ ਕਿਰਪਾ ਤੇ ਮੁਗਧ ਮਨੁ ਮਾਨਿਆ॥ ੩॥
ਗੁਰੁ ਕਰਤਾ ਗੁਰੁ ਕਰਣੈ ਜੋਗੁ॥ ਗੁਰੁ ਪਰਮੇਸਰੁ ਹੈ ਭੀ ਹੋਗੁ॥
ਕਹੁ ਨਾਨਕ ਪ੍ਰਭਿ ਇਹੈ ਜਨਾਈ॥ ਬਿਨੁ ਗੁਰ ਮੁਕਤਿ ਨ ਪਾਈਐ ਭਾਈ॥ ੪॥ ੫॥ (੮੬੪)

॥ ਰਹਾਉ॥ ਰਹਾਉ ਦੀ ਤੁਕ ਵਿੱਚ ਦੱਸਿਆ ਹੈ ਕਿ ਹੇ ਭਾਈ, ਸੰਸਾਰ ਵਿੱਚ ਮਤਾਂ ਕੋਈ ਮਨੁੱਖ ਭਰਮ ਭੁਲੇਖੇ ਵਿੱਚ ਹੋਵੇ ਕਿ ਉਹ ਗੁਰ (ਸ਼ਬਦ) ਦੀ ਸਿਖਿਆ ਤੋਂ ਬਗੈਰ, ਗਿਆਨ ਹਾਸਲ ਕੀਤੇ ਬਗੈਰ, ਸੰਸਾਰ ਭਵਜਲ ਨੂੰ ਪਾਰ ਕਰ ਜਾਵੇਗਾ, ਅਜਿਹਾ ਬਿਲਕੁਲ ਵੀ ਸੰਭਵ ਨਹੀਂ ਹੈ। ਗੁਰ (ਸ਼ਬਦ) ਤੋਂ ਗਿਆਨ ਹਾਸਲ ਕੀਤੇ ਬਗੈਰ ਕੋਈ ਵੀ ਮਨੁੱਖ, ਮਾਇਆ ਦੀ ਘੁੱਮਣ ਘੇਰੀ ਤੋਂ ਪਾਰ ਨਹੀਂ ਹੋ ਸਕਦਾ, ਮਾਇਆ ਦੀਆਂ ਛੱਲਾਂ, ਤ੍ਰਿਸ਼ਨਾਵਾਂ ਤੋਂ ਬਚ ਨਹੀਂ ਸਕਦਾ।
ਏਥੇ ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਕੋਈ ਜੀਵ, ਕੋਈ ਬੰਦਾ, ਕੋਈ ਅਖੌਤੀ ਸੰਤ, ਅਖੌਤੀ ਮਹਾਂਪੁਰਸ਼, ਅਖੌਤੀ ਬ੍ਰਹਮਗਿਆਨੀ, ਕਿਸੇ ਬੰਦੇ ਨੂੰ ਮਾਇਆ ਦੀ ਘੁਮਣਘੇਰੀ ਵਿਚੋਂ ਕੱਢਣ ਦੇ ਸਮਰੱਥ ਨਹੀਂ ਹੈ। ਜਿਨ੍ਹਾਂ ਦੀ ਆਪਣੀ ਜ਼ਿੰਦਗੀ ਦੀ ਦੌੜ-ਭੱਜ ਹੀ ਮਾਇਆ ਦੁਆਲੇ ਹੈ, ਜੋ ਆਪ ਹੀ ਤ੍ਰਿਸ਼ਨਾਵਾਂ ਦੇ ਜਾਲ ਵਿੱਚ ਫਸੇ ਹੋਏ ਹਨ, ਉਨ੍ਹਾਂ ਨੇ ਦੂਸਰਿਆਂ ਨੂੰ, ਇਸ ਜਾਲ ਵਿਚੋਂ ਕੀ ਕੱਢਣਾ ਹੈ?
ਸਟੇਜ ਤੇ ਬੈਠ ਕੇ, ਸੰਗਤ ਨੂੰ ਮਾਇਆ ਨਾਗਣੀ ਤੋਂ ਬਚਣ ਦਾ ਉਪਦੇਸ਼ ਦੇਣ ਵਾਲੇ, ਸਟੇਜ ਤੋਂ ਉਤਰਨ ਵੇਲੇ, ਹੋਰ ਤਾਂ ਭਾਵੇਂ ਸਭ ਕੁੱਝ ਭੁੱਲ ਜਾਣ, ਪਰ ਸਟੇਜ ਤੇ ਪਈ ਮਾਇਆ ਸਮੇਟ ਕੇ, ਬੋਝੇ ਵਿੱਚ ਜਾਂ ਬੈਗ ਵਿੱਚ ਪਾਉਣਾ ਨਹੀਂ ਭੁਲਦੇ, ਕਿਉਂਕਿ ਇਹ ਕਥਾ ਕੀਰਤਨ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਸਾਧਨ ਹੈ, ਉਨ੍ਹਾਂ ਦੀ ਦੌੜ ਭੱਜ ਹੀ ਮਾਇਆ ਲਈ ਹੁੰਦੀ ਹੈ। ਇਹ ਸਿਰਫ ਗਿਆਨ ਗੁਰੂ, ਸ਼ਬਦ ਗੁਰੂ ਹੀ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ। ਜੋ ਆਪ ਨਿਰਲੇਪ ਹੋਵੇਗਾ, ਉਹ ਹੀ ਸੰਸਾਰ ਦੀ ਇਕੋ ਇੱਕ ਮਾਇਆ ਤੋਂ ਨਿਰਲੇਪ, ਨਿਰੰਜਣ ਹਸਤੀ ਬਾਰੇ ਸੋਝੀ ਦੇਣ ਦੇ ਸਮਰੱਥ ਹੋਵੇਗਾ। ਏਸੇ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਪਸ਼ਟ ਕੀਤਾ ਗਿਆ ਹੈ, ਜਿਸ ਨੂੰ ਅਸੀਂ ਵਿਚਾਰ ਰਹੇ ਹਾਂ।
॥ ੧॥ ਪਹਿਲੀ ਤੁਕ ਵਿੱਚ ਸਮਝਾਇਆ ਹੈ ਕਿ, ਤਾਂ ਹੀ ਮੈਂ ਹਮੇਸ਼ਾ ਗੁਰ (ਸ਼ਬਦ ਦੀ ਮੂਰਤ, ਮੂਰਤੀ, ਸ਼ਕਲ ਦਾ ਹੀ ਮਨ ਵਿੱਚ ਧਿਆਨ ਧਰਦਾ ਹਾਂ। (ਗੁਰੂ ਦੀ ਮੂਰਤ ਕੀ ਹੈ? ਕੈਸੀ ਹੈ?) ਗੁਰਬਾਣੀ ਸੇਧ ਦਿੰਦੀ ਹੈ,
ਗੁਰ ਕਾ ਸਬਦੁ ਰਾਖੁ ਮਨ ਮਾਹਿ॥ ਨਾਮੁ ਸਿਮਰਿ ਚਿੰਤਾ ਸਭ ਜਾਹਿ॥ ੧॥
ਬਿਨੁ ਭਗਵੰਤ ਨਾਹੀ ਅਨ ਕੋਇ॥ ਮਾਰੈ ਰਾਖੈ ਏਕੋ ਸੋਇ॥ ੧॥ ਰਹਾਉ॥
ਗੁਰ ਕੇ ਚਰਣ ਰਿਦੈ ਉਰਿ ਧਾਰਿ॥ ਅਗਨਿ ਸਾਗਰੁ ਜਪਿ ਉਤਰਹਿ ਪਾਰਿ॥ ੨॥
ਗੁਰ ਮੂਰਤਿ ਸਿਉ ਲਾਇ ਧਿਆਨੁ॥ ਈਹਾ ਊਹਾ ਪਾਵਹਿ ਮਾਨੁ॥ ੩॥
ਸਗਲ ਤਿਆਗਿ ਗੁਰ ਸਰਣੀ ਆਇਆ॥ ਮਿਟੇ ਅੰਦੇਸੇ ਨਾਨਕ ਸੁਖ ਪਾਇਆ॥ ੪॥ (੧੯੨)
॥ ਰਹਾਉ॥ ਇਸ ਸੰਸਾਰ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਖਤਮ ਕਰਨ ਵਾਲਾ, ਸਿਰਫ ਤੇ ਸਿਰਫ ਇੱਕ ਭਗਵੰਤ, ਭਗਵਾਨ, ਵਾਹਿਗੁਰੂ, ਅਕਾਲ ਪੁਰਖ ਹੈ, ਉਸ ਤੋਂ ਬਗੈਰ ਹੋਰ ਕੋਈ ਨਹੀਂ ਹੈ। ਉਹੀ ਇਕੋ ਹੀ ਆਤਮਕ ਤੌਰ ਤੇ ਮਾਰਨ ਵਾਲਾ, ਆਤਮਕ ਮੌਤ ਤੋਂ ਬਚਾਉਣ ਵਾਲਾ ਹੈ। ਆਪਾਂ ਪਿਛੇ ਵਿਚਾਰਿਆ ਹੈ ਕਿ ਬ੍ਰਹਮੰਡ ਪੈਦਾ ਕਰਨ ਵੇਲੇ, ਪ੍ਰਭੂ ਨੇ ਇਸ ਵਿੱਚ ਜੀਵਾਂ, ਧਰਤੀਆਂ, ਪਹਾੜਾਂ, ਬਨਸਪਤੀ ਆਦਿ ਨੂੰ ਪੈਦਾ ਕਰਨ, ਉਨ੍ਹਾਂ ਦੇ ਜੀਵਨ ਚੱਕਰ ਨੂੰ ਨਿਰਵਿਘਨ ਚਲਦਾ ਰੱਖਣ ਅਤੇ ਉਨ੍ਹਾਂ ਦੇ ਜੀਵਨ ਦਾ ਅੰਤ ਕਰਨ ਲਈ, ਲੋੜੀਂਦੀਆਂ ਸਭ ਵਸਤਾਂ ਇਕੋ ਵਾਰ ਪਾ ਦਿਤੀਆਂ ਹਨ, ਜਿਨ੍ਹਾਂ ਨੂੰ ਤੱਤ ਕਿਹਾ ਜਾਂਦਾ ਹੈ। ਇਹ ਤੱਤ ਤਦ ਤੱਕ ਕਾਇਮ ਰਹਣੇ ਹਨ ਜਦ ਤਕ ਸੰਸਾਰ ਰਹਣਾ ਹੈ। ਤੱਤਾਂ ਦੇ ਮੇਲ ਨਾਲ ਚੀਜ਼ਾਂ, ਬਨਸਪਤੀ, ਜੀਵ ਹੋਂਦੇ ਵਿੱਚ ਆਉਂਦੇ ਹਨ, ਅਤੇ ਸਮੇ ਦੇ ਪ੍ਰਭਾਵ ਨਾਲ, ਇਨ੍ਹਾਂ ਤੱਤਾਂ ਦੀ ਪਕੜ ਇੱਕ ਦੂਜੇ ਨਾਲੋਂ ਢਿਲੀ ਹੋ ਕੇ, ਇਹ ਵਿਖਰ ਜਾਂਦੇ ਹਨ, ਚੀਜ਼ ਦੀ ਹੋਂਦ ਖਤਮ ਹੋ ਜਾਂਦੀ ਹੈ, ਇਨ੍ਹਾਂ ਵਿਚੋਂ ਕੁੱਝ ਵੀ ਮਰਦਾ ਨਹੀਂ ਹੈ।
ਇੰਸਾਨ, ਜਿਸ ਨੂੰ ਆਤਮਕ ਸੋਝੀ ਨਹੀਂ ਹੈ, ਉਹ ਆਪਣੇ ਮਨ ਪਿਛੇ ਚਲ ਕੇ, ਆਤਮਕ ਮੌਤ ਸਹੇੜਦਾ ਹੈ। ਗਿਆਨ ਗੁਰੂ ਕੋਲੋਂ ਸੋਝੀ ਲੈ ਕੇ, ਉਸ ਦੀ ਸਿਖਿਆ ਅਨੁਸਾਰ ਚਲ ਕੇ, ਆਤਮਕ ਜੀਵਨ ਹਾਸਲ ਕਰਦਾ ਹੈ। ਇਹ ਦੋਵੇਂ ਚੀਜ਼ਾਂ ਦੇਣ ਦੇ ਸਮਰੱਥ ਕੇਵਲ ਵਾਹਿਗੁਰੂ ਹੈ। ਗਿਆਨ, ਸ਼ਬਦ ਗੁਰੂ ਬੰਦੇ ਨੂੰ ਪਰਮਾਤਮਾ ਦੇ ਹੁਕਮ, ਪ੍ਰਭੂ ਦੀ ਰਜ਼ਾ, ਪਰਮਾਤਮਾ ਵਲੋਂ ਬਣਾਏ ਸ੍ਰਿਸ਼ਟੀ ਰਚਨਾ ਦੇ ਨਿਯਮ-ਕਾਨੂਨਾਂ ਬਾਰੇ ਸੋਝੀ ਦਿੰਦਾ ਹੈ। ਕਾਨੂਨ ਦੀ, ਰਜ਼ਾ ਦੀ, ਹੁਕਮ ਦੀ ਪਾਲਣਾ, ਬੰਦੇ ਨੇ ਆਪ ਕਰਨੀ ਹੈ। ਰਜ਼ਾ ਵਿੱਚ ਚਲਣ ਵਾਲੇ ਬੰਦੇ ਤੇ ਖੁਸ਼ ਹੋ ਕੇ, ਮਿਹਰ ਕਰ ਕੇ, ਆਪਣੇ ਨਾਲ ਇਕ-ਮਿਕ ਕਰ ਕੇ ਜਨਮ ਮਰਨ ਦੇ ਗੇੜ ਤੋਂ ਰੱਖਣ ਵਾਲਾ, ਬਚਾਉਣ ਵਾਲਾ ਇਕੋ-ਇਕ ਕਰਤਾਰ ਹੀ ਹੈ।
ਪਰ ਸਿਖੀ ਸਿਧਾਂਤਾਂ ਤੋਂ ਅਣਜਾਣ, ਸਿਖੀ ਵਿੱਚ ਕੋਈ ਥਾਂ ਨਾ ਹੋਣ ਤੇ ਵੀ, ਆਪੂੰ ਸਥਾਪਤ ਹੋਈ ਪੁਜਾਰੀ ਸ਼੍ਰੇਣੀ, ਆਪ ਤਾਂ ਕੁਰਾਹੇ ਪਈ ਹੀ ਹੋਈ ਹੈ, ਸਿੱਖਾਂ ਨੂੰ ਵੀ ਕੁਰਾਹੇ ਪਾਉਂਦੀ, ਇਸ ਤੁਕ,
ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ॥ ਸਤਿਗੁਰੁ ਮੈਰਾ ਮਾਰਿ ਜੀਵਾਲੈ॥ (੧੧੪੨)
ਦੇ ਸਿੱਧੇ ਜਿਹੇ ਅਰਥਾਂ ਦਾ, ਸਤਿਗੁਰੁ, ਪਰਮਾਤਮਾ ਨੂੰ ਬੰਦੇ ਦੇ ਰੂਪ ਵਿੱਚ ਚਿਤ੍ਰ ਕੇ, ਅਜਿਹੀਆਂ ਸਾਖੀਆਂ ਘੜ ਦਿਤੀਆਂ ਕਿ, ਮਰੇ ਬੰਦਿਆਂ, ਮਰੇ ਜਾਨਵਰਾਂ ਤੋਂ ਲੈ ਕੇ, ਸੜੇ-ਸੁਕੇ ਰੁੱਖਾਂ ਨੂੰ ਵੀ ਵਰਾਂ ਨਾਲ ਜਿਊਂਦੇ ਕਰਨ ਦੇ ਕਾਰਨਾਮੇ (ਕਰਾਮਾਤਾਂ) ਕਰ ਵਿਖਾਏ ਤੇ ਬੰਦਿਆਂ ਨੂੰ ਬੰਦਿਆਂ ਦਾ ਅੰਨਦਾਤਾ ਬਣਾ ਧਰਿਆ। ਲੋੜ ਹੈ ਸਿਖੀ ਸਿਧਾਂਤਾਂ ਨੂੰ ਸਮਝ ਕੇ, ਕੁਰਾਹੇ ਪੈਣੋ ਬਚ ਕੇ, ਗੁਰਮਤ ਦੇ ਸਹੀ ਪੰਧ, ਪੰਥ ਤੇ ਵਲਣ ਦੀ।
॥ ੧॥ ਪਹਿਲੀ ਤੁਕ ਵਿੱਚ ਦਸਿਆ ਹੈ ਕਿ ਗਿਆਨ ਗੁਰੂ ਦਾ ਸ਼ਬਦ, ਉਸ ਦੀ ਸਿਖਿਆ ਨੂੰ ਮਨ ਵਿੱਚ ਯਾਦ ਰੱਖ। ਪ੍ਰਭੂ ਦੇ ਹੁਕਮ ਅਨੁਸਾਰ ਚਲ ਕੇ, ਉਸ ਦੇ ਨਾਮ ਨੂੰ ਮਨ ਵਿੱਚ ਟਿਕਾਈ ਰੱਖ, ਇਸ ਨਾਲ ਤੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ।
॥ ੨॥ ਦੂਸਰੀ ਤੁਕ ਵਿੱਚ ਸਮਝਾਇਆ ਹੈ ਕਿ ਗੁਰੂ ਦੇ ਚਰਨ ਹਿਰਦੇ ਵਿੱਚ ਧਾਰਨ ਕਰ, ਨਿਮਰਤਾ ਸਹਿਤ ਗੁਰੂ ਦੀ ਆਗਿਆ ਮੰਨ। ਗੁਰੂ ਦੀ ਆਗਿਆ ਯਾਦ ਰੱਖਣ ਨਾਲ, ਉਸ ਨੂੰ ਮੰਨਣ ਨਾਲ, ਇਸ ਅਗਨ ਸਾਗਰ, ਮਾਇਆ ਰੂਪੀ ਅੱਗ ਦੀ ਘੁੱਮਣ-ਘੇਰੀ ਵਿਚੋਂ ਸਹਿਜੇ ਹੀ ਪਾਰ ਹੋ ਜਾਵੇਂਗਾ। ਮਾਇਆ ਦੇ ਪ੍ਰਭਾਵ ਤੋਂ ਬਚ ਜਾਵੇਂਗਾ।
॥ ੩॥ ਤੀਸਰੀ ਤੁਕ ਵਿੱਚ ਦਸਿਆ ਹੈ ਕਿ ਗੁਰੂ ਦੀ ਮੂਰਤ ਨਾਲ ਧਿਆਨ ਜੋੜ, ਫਿਰ ਇਸ ਸੰਸਾਰ ਵਿੱਚ ਅਤੇ ਪ੍ਰਭੂ ਦੇ ਦਰਬਾਰ ਵਿਚ, ਦੋਵੇਂ ਥਾਂ ਇਜ਼ਤ ਮਾਣ ਪਾਵੇਂਗਾ।
॥ ੪॥ ਚੌਥੀ ਤੁਕ ਵਿੱਚ ਆਖਿਆ ਹੈ ਕਿ ਹੇ ਨਾਨਕ, ਜਿਹੜਾ ਮਨੁੱਖ ਸਾਰੇ ਆਸਰੇ ਛੱਡ ਕੇ, ਗੁਰ (ਸ਼ਭਦ) ਦੀ ਸਰਨ ਵਿੱਚ ਆ ਗਿਆ, ਉਸ ਦੇ ਸਾਰੇ ਫਿਕਰ ਮੁੱਕ ਗਏ, ਉਸ ਨੂੰ ਸੁਖ ਦੀ, ਪ੍ਰਭੂ ਦੀ ਪਰਾਪਤੀ ਹੋ ਜਾਂਦੀ ਹੈ।
ਅਸੀਂ ਵੇਖਦੇ ਹਾਂ ਕਿ ਚੌਹਾਂ ਤੁਕਾਂ ਵਿਚੋਂ, ਪਹਿਲੀ ਵਿੱਚ ਗਿਆਨ ਗੁਰੂ ਦੇ ਸ਼ਬਦ ਦੀ ਗੱਲ ਹੈ, ਦੂਸਰੀ ਵਿੱਚ ਸ਼ਬਦ ਗੁਰੂ ਦੇ ਚਰਨਾਂ ਦੀ ਗੱਲ ਹੈ, ਤੀਸਰੀ ਵਿੱਚ ਸ਼ਬਦ ਗੁਰੂ ਦੀ ਮੂਰਤ ਦੀ ਗੱਲ ਹੈ, ਚੌਥੀ ਤੁਕ ਵਿੱਚ ਦਸਿਆ ਹੈ ਕਿ ਸਭ ਆਸਰੇ ਤਿਆਗ ਕੇ, ਏਸੇ ਇੱਕ ਦਾ ਆਸਰਾ ਲੈਣ ਨਾਲ, ਸਾਰੇ ਫਿਕਰ ਮੁੱਕ ਕੇ ਸਦੀਵੀ ਸੁਖ, ਪਰਭੂ ਦੀ ਪਰਾਪਤੀ ਹੁੰਦੀ ਹੈ।
ਸੋ ਬਿਨਾ ਸ਼ੱਕ ਕਿਹਾ ਜਾ ਸਕਦਾ ਹੈ ਕਿ ਗੁਰ, ਸ਼ਬਦ, ਮੂਰਤ, ਇਕੋ ਗਿਆਨ ਗੁਰੂ ਦੇ ਹੀ ਅਲੱਗ ਅਲੱਗ ਰੂਪ ਹਨ। ਇਸ ਤਰ੍ਹਾਂ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੀ ਹੈ, ਜਿਸ ਦਾ ਧਿਆਨ ਧਰਨ ਦੀ ਗੱਲ, ਜਿਸ ਦੀ ਵਿਚਾਰ ਕਰਨ ਦੀ ਗੱਲ ਗੁਰੂ ਸਾਹਿਬ ਕਰਦੇ ਹਨ।
(ਨੋਟ:- ਮੈਂ ਇਹ ਗੱਲ ਭਾਈ ਗੁਰਦਾਸ ਜੀ ਦੀ ਤੁਕ, “ਗੁਰ ਮੂਰਤਿ ਗੁਰ ਸ਼ਬਦ ਹੈ “ਅਰਥਾਤ ਸ਼ਬਦ ਗੁਰੂ ਹੀ ਗੁਰੂ ਦੀ ਮੂਰਤ ਹੈ, ਲਿਖ ਕੇ ਸਾਰ ਸਕਦਾ ਸੀ, ਜਿਸ ਨੂੰ ਹਰ ਕਿਸੇ ਨੇ ਮੰਨ ਵੀ ਲੈਣਾ ਸੀ। ਪਰ ਅੱਜ ਕਲ ਇੱਕ ਰਿਵਾਜ ਬਣ ਗਿਆ ਹੈ ਕਿ ਲੇਖਕ ਨੇ ਜਿਸ ਕਿਤਾਬ ਵਿਚੋਂ ਕੋਈ ਉਧਾਰਨ ਦੇ ਦਿੱਤੀ, ਉਸ ਨੂੰ ਉਸ ਪੂਰੀ ਕਿਤਾਬ ਨੂੰ ਮਾਨਤਾ ਦੇਣ ਵਾਲਾ ਮੰਨ ਲਿਆ ਜਾਂਦਾ ਹੈ। ਜਦ ਕਿ ਅਸਲੀਅਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ, ਹਰ ਕਿਤਾਬ ਵਿੱਚ ਕੁੱਝ ਚੰਗੀਆਂ ਗੱਲਾਂ ਅਤੇ ਕੁੱਝ ਗਲਤੀਆਂ ਹੁੰਦੀਆਂ ਹਨ। ਕਿਸੇ ਵਿੱਚ ਗਲਤੀਆਂ ਜ਼ਿਆਦਾ, ਕਿਸੇ ਵਿੱਚ ਚੰਗੀਆਂ ਗੱਲਾਂ ਜ਼ਿਆਦਾ। ਇਸ ਲਈ ਮੈਂ ਇਹੀ ਰਾਹ ਫੜਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਸਰੂਪ ਉਧਾਰਣ ਵੀ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਦਿੱਤੀ ਜਾਵੇ। ਕਿਸੇ ਕਿਤਾਬ ਵਿਚਲੀ ਗਲਤ ਚੀਜ਼ ਦਾ ਵਿਸਲੇਸ਼ਨ, ਗਲਤ ਹੀ ਹੋਵੇਗਾ, ਪਰ ਉਸ ਵਿੱਚ ਲੇਖਕ ਦਾ ਕਸੂਰ ਘਟ ਹੀ ਹੁੰਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦੇ ਅਥਾਹ ਸਾਗਰ ਹਨ, ਉਸ ਦੇ ਵਿਸਲੇਸ਼ਨ ਵਿਚਲੀ ਗਲਤੀ, ਲੇਖਕ ਦੀ ਹੀ ਹੋਵੇਗੀ, ਇਸ ਤਰ੍ਹਾਂ ਕੀਤੀ ਗਲਤੀ ਦਾ ਜ਼ਿਮੇਵਾਰ ਮੈਂ ਹੀ ਹੋਵਾਂਗਾ, ਜਿਸ ਨੂੰ ਨਿਰਸੰਦੇਹ ਆਉਣ ਵਾਲੀਆਂ ਪੀੜ੍ਹੀਆਂ, ਵਿਚਾਰ ਦੀ ਕਸਵੱਟੀ ਤੇ ਪਰਖ ਕੇ ਸੁਧਾਰ ਲੈਣਗੀਆਂ।)
ਗੱਲ ਚਲ ਰਹੀ ਸੀ, ਗੁਰ ਮੂਰਤ ਦੀ, ੮੬੪ ਪੰਨੇ ਦੀ ਪਹਿਲੀ ਤੁਕ ਦੇ ਦੂਸਰੇ ਭਾਗ ਵਿੱਚ ਹੀ ਕਿਹਾ ਗਿਆ ਹੈ ਕਿ ਗਿਆਨ ਰੂਪੀ ਗੁਰੂ ਵਲੋਂ ਦਿੱਤੇ ਮੰਤ੍ਰ, ਸਿਖਿਆ ਨੂੰ ਮਨੋ ਮੰਨਦਾ ਹਾਂ। ਗੁਰੂ ਦੀ ਸਿਖਿਆ ਨੂੰ ਨਿਮਰਤਾ ਸਹਿਤ ਮਨ ਵਿੱਚ ਟਿਕਾਉਂਦਾ ਹਾਂ, ਪਕਿਆਂ ਕਰਦਾ ਹਾਂ। ਗੁਰ ਸ਼ਬਦ ਦੀ, ਉਸ ਸਿਖਿਆ ਅਨੁਸਾਰ, ਗੁਰੁ ਪਰਮੇਸ਼ਰ, ਪਾਰ ਬ੍ਰਹਮ ਨੂੰ ਸਦਾ ਨਮਸਕਾਰ ਕਰਦਾ ਹਾਂ। ਹਮੇਸ਼ਾ ਉਸ ਰਜ਼ਾਈ (ਰਜ਼ਾ ਦੇ ਮਾਲਕ) ਦੇ ਹੁਕਮ ਵਿੱਚ ਚਲਦਾ ਹਾਂ।
॥ ੨॥ ਦੂਸਰੀ ਤੁਕ ਵਿੱਚ ਸਮਝਾਇਆ ਹੈ ਕਿ ਪੂਰੇ ਗੁਰੂ, ਸ਼ਬਦ ਗੁਰੂ ਦੀ ਵਡਿਆਈ ਬੇਅੰਤ ਹੈ, ਬਿਆਨ ਤੋਂ ਬਾਹਰੀ ਹੈ।
ਮੈਨੂੰ ਕੁਰਾਹੇ ਜਾਂਦੇ ਨੂੰ ਉਸ ਨੇ ਹੀ ਸਹੀ ਰਾਹ ਵਿਖਾਇਆ ਹੈ। ਨਾਸ਼ਵਾਨ ਦੁਨਿਆਵੀ ਚੀਜ਼ਾਂ ਦੀ ਪਕੜ ਤੋਂ ਬਚਾ ਕੇ ਇਕੋ- ਇੱਕ ਕਰਤਾ ਪੁਰਖ ਦੀ ਭਗਤੀ ਨਾਲ ਜੋੜਿਆ ਹੈ, ਜਿਸ ਦੀ ਬਰਕਤ ਨਾਲ, ਮੇਰੇ ਅੰਦਰੋਂ ਜਨਮ-ਮਰਨ ਦਾ ਸਹਿਮ ਖਤਮ ਹੋ ਗਿਆ ਹੈ।
॥ ੩॥ ਤੀਸਰੀ ਤੁਕ ਵਿੱਚ ਦਸਿਆ ਹੈ ਕਿ ਗੁਰੂ ਦੀ ਕਿਰਪਾ ਨਾਲ, ਸ਼ਬਦ ਦੀ ਵਿਚਾਰ ਨਾਲ, ਕਮਲ ਵਰਗਾ ਹਿਰਦਾ, ਜੋ ਮਾਇਆ ਦੇ ਪ੍ਰਭਾਵ ਹੇਠ, ਉਲਟ ਕੇ ਕਮਲਾਇਆ ਹੋਇਆ ਸੀ, ਪ੍ਰਭੂ ਨਾਲ ਜੁੜ ਕੇ, ਸਿੱਧਾ ਹੋ ਕੇ ਖਿੜ ਪੈਂਦਾ ਹੈ। ਮਨ ਦੇ ਘੁਪ ਹਨੇਰੇ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ। ਪ੍ਰਭੂ ਨਾਲ ਜੁੜਨ ਦਾ ਇਹ ਉਪਰਾਲਾ ਜਿਸ ਨੇ ਵੀ ਕੀਤਾ ਹੈ, ਉਸ ਨੂੰ ਇਸ ਦੀ ਸਿਖਿਆ ਸ਼ਬਦ ਵਿਚਾਰ ਤੋਂ ਹੀ ਮਿਲੀ ਹੈ। ਗੁਰੂ ਤੋਂ ਮਿਲੇ ਗਿਆਨ ਦੀ ਕਿਰਪਾ ਸਦਕਾ ਹੀ, ਇਹ ਮੂਰਖ ਮਨ ਟਿਕ ਗਿਆ ਹੈ, ਮਨ ਦੀ ਭਟਕਨਾ ਮੁੱਕ ਗਈ ਹੈ।
॥ ੪॥ ਗੁਰੁ (ਪ੍ਰਭੂ) ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ। ਗੁਰੁ ਪ੍ਰਭੂ ਹੀ ਸਭ ਕੁੱਝ ਕਰਨ ਦੇ ਸਮਰੱਥ ਹੈ। ਕਰਤਾ ਪੁਰਖ ਹੀ ਗੁਰੂ ਹੈ, ਜੋ ਹੁਣ ਵੀ ਹੈ ਅਤੇ ਭਵਿੱਖ ਵਿੱਚ ਵੀ ਹੋਵੇਗਾ, ਉਹ ਅਕਾਲ ਸਮੇ ਦੇ ਗੇੜ ਤੋਂ ਬਾਹਰ ਹੈ।
ਹੇ ਨਾਨਕ ਆਖ, ਮੈਨੂੰ ਪ੍ਰਭੂ ਨੇ ਇਸ ਗੱਲ ਦੀ ਸੋਝੀ ਬਖਸ਼ ਦਿੱਤੀ ਹੈ ਕਿ ਗੁਰੂ ਦੀ ਸਰਨ ਪੈਣ ਤੋਂ ਬਗੈਰ, ਸ਼ਬਦ ਗੁਰੂ ਦੀ ਵਿਚਾਰ ਤੋਂ ਬਗੈਰ, ਮਾਇਆ ਦੇ ਮੋਹ, ਜਨਮ ਮਰਨ ਦੇ ਗੇੜ ਤੋਂ ਮੁਕਤੀ, ਛੁਟਕਰਾ ਨਹੀਂ ਮਿਲ ਸਕਦਾ, ਵਾਹਿਗੁਰੂ ਨਾਲ ਮਿਲਾਪ ਨਹੀਂ ਹੋ ਸਕਦਾ। ਅਤੇ,
ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ॥
ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ॥
ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ॥
ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ॥
ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ॥ (੧੨੪੫)
ਸਤਿਗੁਰੁ, ਪਰਮਾਤਮਾ, ਵਾਹਿਗੁਰੂ ਹੀ ਅੰਮ੍ਰਿਤ ਦਾ ਇਕੋ-ਇਕ ਦਰਖਤ ਹੈ, ਜਿਸ ਨੂੰ ਅੰਮ੍ਰਿਤ ਮਈ ਰਸ ਨਾਲ ਭਰਪੂਰ ਫੱਲ ਲਗੇ ਹੋਏ ਹਨ, ਪਰ ਇਹ ਫੱਲ ਉਸ ਨੂੰ ਹੀ ਮਿਲਦੇ ਹਨ, ਜਿਸ ਦੇ ਭਾਗਾਂ ਵਿੱਚ ਹੋਣ, ਅਤੇ ਮਿਲਦੇ ਵੀ ਸ਼ਬਦ ਦੀ ਵਿਚਾਰ ਆਸਰੇ ਹਨ। ਜੋ ਵੀ ਬੰਦਾ ਸ਼ਬਦ ਗੁਰੂ ਦੀ ਆਗਿਆ ਵਿੱਚ ਚਲਦਾ ਹੈ, ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਕੰਮ ਕਰਦਾ ਹੈ, ਉਹ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਉਸ ਦੀ ਰਜ਼ਾ ਵਿੱਚ ਹੀ ਰਾਜ਼ੀ ਰਹਿੰਦਾ ਹੈ। ਉਸ ਦੇ ਅੰਦਰ ਸ਼ਬਦ ਗੁਰੂ ਦੇ ਗਿਆਨ ਦਾ ਅਜਿਹਾ ਚਾਨਣ ਹੋਇਆ ਰਹਿੰਦਾ ਹੈ ਕਿ ਉਸ ਨੂੰ ਜਮਾਂ ਦਾ, ਕਰਮਾਂ ਦਾ ਲੇਖਾ ਲੈਣ ਵਾਲਿਆਂ ਦਾ ਡਰ, ਰਹਿ ਹੀ ਨਹੀਂ ਜਾਂਦਾ।
ਹੇ ਨਾਨਕ, ਜਿਨ੍ਹਾਂ ਬੰਦਿਆਂ ਤੇ ਪ੍ਰਭੂ ਨੇ ਬਖਸ਼ਿਸ਼ ਕਰ ਕੇ, ਆਪਣੇ ਨਾਲ ਮਿਲਾ ਲਿਆ, ਉਹ ਮੁੜ-ਮੁੜ ਕੇ, ਜੂਨਾਂ ਵਚ ਆ ਕੇ ਖੱਜਲ-ਖੁਆਰ ਨਹੀਂ ਹੁੰਦੇ।




.