.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਦੁਆਰੇ ਤੇ ਮੰਦਰ ਵਿੱਚ ਫਰਕ ਕੀ ਰਹਿ ਗਿਆ ਹੈ?

ਗੁਰੂ ਨਾਨਕ ਸਾਹਿਬ ਜੀ ਜਨਮ ਨਨਕਾਣਾ ਸਾਹਿਬ ਵਿਖੇ ਹੋਇਆ। ਨਾਮੀ ਗ੍ਰਾਮੀ ਪਿੰਡ ਵਿੱਚ ਰਹਿੰਦਿਆਂ ਉਹਨਾਂ ਨੇ ਆਪਣਾ ਆਲ਼ਾ ਦੁਆਲਾ ਬਹੁਤ ਹੀ ਗਹੁ ਨਾਲ ਤੱਕਿਆ। ਪਸ਼ੂ, ਖੇਤ, ਫਸਲਾਂ ਤੇ ਆਪਣਿਆਂ ਲੋਕਾਂ ਨੂੰ ਨੇੜੇ ਹੋ ਕੇ ਨਿਹਾਰਿਆ ਤੇ ਉਹਨਾਂ ਨਾਲ ਨਿਤ ਵਰਤੋਂ ਵਿਹਾਰ ਕੀਤਾ। ਰਾਵੀ ਦੇ ਪਾਣੀ, ਉਹਦੇ ਦੁਆਲੇ ਉੱਗੇ ਹੋਏ ਬੇਲੇ ਨੂੰ ਨਿਤ ਦੇਖਿਆ। ਬਲਦਾਂ ਦੀਆਂ ਟੱਲੀਆਂ ਤੇ ਹਾਲ਼ੀਆਂ ਦੀਆਂ ਹੇਕਾਂ ਸੁਣੀਆਂ। ਮਾਵਾਂ ਨੂੰ ਚੱਕੀਆਂ ਪੀਂਹਦੀਆਂ ਤੇ ਦੁੱਧ ਰਿੜਕਣ ਦੀਆਂ ਗੁੰਜਾਰਾਂ ਨੂੰ ਆਪਣੇ ਕੰਨਾ ਨਾਲ ਸੁਣ ਕੇ ਕੁਦਰਤੀ ਨਜ਼ਾਰੇ ਵਿੱਚ ਗਵਾਚ ਜਾਣਾ ਤੇ ਵਿਸਮਾਦਕ ਅਵੱਸਥਾ ਵਿੱਚ ਆ ਕੇ ਲੰਮੀ ਹੇਕ ਨਾਲ ਕਹਿਣਾ--ਵੇਖਿ ਵਿਡਾਣੁ ਰਹਿਆ ਵਿਸਮਾਦੁ॥ ਨਾਨਕ ਬੁਝਣੁ ਪੂਰੈ ਭਾਗਿ॥
ਆਸਾ ਕੀ ਵਾਰ ਪੰਨਾ ੪੬੩

ਜਿੱਥੇ ਕੁਦਰਤੀ ਨਜ਼ਾਰਿਆਂ ਨੂੰ ਤੱਕਿਆ ਓੱਥੇ ਸਮਾਜ ਤੇ ਧਰਮ ਵਿੱਚ ਆਈ ਖੜੋਤ ਨੂੰ ਵੀ ਸਮਝਿਆ ਤੇ ਨਿਤ ਨਵੇਂ ਨਵੇਂ ਤਰੀਕਿਆਂ ਨਾਲ ਸਮਾਜ ਧਰਮ ਦੇ ਨਾਂ ਲੁਟੀਂਦਾ ਦੇਖਿਆਂ। ਮੰਦਰ ਕੇਵਲ ਧਰਮ ਦਾ ਬੁਰਕਾ ਪਾਈ ਹੀ ਦਿਸ ਰਹੇ ਸਨ। ਪੁਜਾਰੀ ਧਰਮ ਦਾ ਅਧਾਰ ਬਣਾ ਕੇ ਸਮਾਜ ਦਾ ਖ਼ੂਨ ਪੀ ਰਹੇ ਸਨ। ਇੰਜ ਲੱਗ ਰਿਹਾ ਸੀ ਧਰਮ ਇਹਨਾਂ ਵਿਚੋਂ ਖੰਭ ਲਗਾ ਕੇ ਕਿਤੇ ਦੂਰ ਉੱਡ ਗਿਆ ਹੈ।
ਪੁਜਾਰੀ ਤੇ ਪ੍ਰਬੰਧਕੀ ਢਾਂਚੇ ਨੇ ਤਰ੍ਹਾਂ ਤਰ੍ਹਾਂ ਦੀ ਪੂਜਾ ਦਾ ਰੁਝਾਨ ਪੈਦਾ ਕੀਤਾ ਹੋਇਆ ਸੀ। ਲੋਕਾਂ ਨੂੰ ਇਹ ਦੱਸਿਆ ਗਿਆ ਕਿ ਪੱਥਰ ਦੀ ਬੇਜਾਨ ਮੂਰਤੀ ਹੀ ਭਗਵਾਨ ਦਾ ਰੂਪ ਹੈ। ਪੱਥਰ ਦਾ ਬਣਿਆ ਭਗਵਾਨ ਸਾਡੇ ਵਾਂਗ ਰੋਟੀ ਪਾਣੀ ਦੀ ਵਰਤੋਂ ਕਰਦਾ ਹੈ। ਜਨ ਸਧਾਰਨ ਜੰਤਾ ਨੂੰ ਪੁਜਾਰੀ ਆਪਣੀ ਗੱਲ ਮਨਾਉਣ ਵਿੱਚ ਸਫਲ ਹੋ ਗਿਆ, ਕਿ ਬੇਜਾਨ ਪੱਥਰ ਭਗਵਾਨ ਜੀ ਤਰ੍ਹਾਂ ਤਰ੍ਹਾਂ ਦੇ ਸਭ ਪਕਵਾਨ ਛੱਕਦਾ ਹੈ ਪਰ ਉਸ ਨੂੰ ਟੱਟੀ ਪਸ਼ਾਬ ਨਹੀਂ ਆਉਂਦਾ ਕਿਉਂਕਿ ਉਹ ਭਗਵਾਨ ਹੈ ਤੇ ਇਹ ਭਰਮ ਅੱਜ ਤੀਕ ਤੁਰਿਆ ਆ ਰਿਹਾ ਹੈ। ਗੁਰਬਾਣੀ ਫਲਸਫ਼ੇ ਨੇ ਪੱਥਰ ਦੇ ਭਗਵਾਨ ਨੂੰ ਮੁੱਢੋਂ ਹੀ ਨਿਕਾਰਿਆ ਹੈ। ਸਰਬ ਵਿਆਪਕ ਪ੍ਰਮਾਤਮਾ ਤੇ ਸਾਂਝੀਵਾਲਤਾ ਦਾ ਸੁਨੇਹਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਦੁਨੀਆਂ ਨੂੰ ਦਿੱਤਾ ਤੇ ਅਜੇਹੀ ਨਿਵੇਕਲੀ ਸਾਂਝ ਰੱਖਣ ਵਾਲੇ ਨੂੰ ਪਿਆਰ ਗਲਵੱੜੀ ਵਿੱਚ ਲਿਆ।
ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਉਹ ਹੀ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੀ ਹੈ। ਸਾਡਾ ਦੁਖਾਂਤ ਹੈ ਕਿ ਅਸੀਂ ਗੁਰਬਾਣੀ ਦੇ ਮੂਲ ਫਲਸਫ਼ੇ ਨੂੰ ਨਹੀਂ ਸਮਝਿਆ। ਸਾਂਝੀ ਗੁਰਬਾਣੀ ਦੀਆਂ ਵੀ ਜਾਤ ਬਰਾਦਰੀ ਦੇ ਅਧਾਰਤ ਵੰਡੀਆਂ ਪਾ ਰਹੇ ਹਾਂ। ਭਗਤ ਰਵਿਦਾਸ ਜੀ ਨੇ ਨਿਤ ਮੰਦਰਾਂ ਵਿੱਚ ਭਗਵਾਨ ਦੀ ਪੂਜਾ ਹੁੰਦੀ ਦੇਖੀ ਸੀ। ਉਹਨਾਂ ਨੇ ਇਸ ਪਾਖੰਡ ਦਾ ਪੂਰਾ ਪੂਰਾ ਪਾਜ ਉਦੇੜਿਆ ਹੈ। ਗੁਰਦੁਆਰਾ ਹੋਵੇ ਜਾਂ ਰਵਿਦਾਸ ਟੈਂਪਲ, ਇਹਨਾਂ ਵਿੱਚ ਮੰਦਰਾਂ ਵਾਂਗ ਮੂਰਤੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਹੋ ਰਹੀ ਹੈ। ਇੰਜ ਕਿਹਾ ਜਾਏ ਕਿ ਜਿਸ ਕੰਮ ਦੀ ਗੁਰਬਾਣੀ ਸਾਨੂੰ ਆਗਿਆ ਨਹੀਂ ਦੇਂਦੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਅਸੀਂ ਉਹੋ ਕੁੱਝ ਕਰ ਰਹੇ ਹਾਂ। ਕਿਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਤੇ ਭਗਤ ਰਵਿਦਾਸ ਜੀ ਦੀ ਮੂਰਤੀ ਨੂੰ, ਪੱਥਰ ਦੇ ਭਗਵਾਨ ਦੀ ਤਰ੍ਹਾਂ ਫਲ ਅੱਗੇ ਰੱਖੇ ਜਾ ਰਹੇ ਹਨ, ਆਰਤੀ ਉਤਾਰੀ ਜਾ ਰਹੀ ਹੈ ਤੇ ਧੂਪਾਂ ਧੁਖਾ ਧੁਖਾ ਕੇ ਪੂਰੀ ਮੰਦਰ ਦੀ ਨਕਲ ਕੀਤੀ ਜਾ ਰਹੀ ਹੈ। ਜਿਹੜੀ ਗੱਲ ਤੋਂ ਭਗਤ ਜੀ ਮਨੇ ਕਰ ਰਹੇ ਹਨ ਅਸੀਂ ਉਹ ਹੀ ਕਰ ਰਹੇ ਹਾਂ। ਇਸ ਵਿਚਾਰ ਨੂੰ ਵਿਸਥਾਰ ਨਾਲ ਸਮਝਣ ਲਈ ਭਗਤ ਰਵਿਦਾਸ ਜੀ ਦਾ ਰਾਗ ਗੂਜਰੀ ਵਿੱਚ ਉਚਾਰਣ ਕੀਤਾ ਹੋਇਆ ਇੱਕ ਸ਼ਬਦ ਸਮਝਾਂਗੇ।
ਦੂਧੁ ਤ ਬਛਰੈ ਥਨਹੁ ਬਿਟਾਰਿਓ॥ ਫੂਲੁ ਭਵਰਿ, ਜਲੁ ਮੀਨਿ ਬਿਗਾਰਿਓ॥ 1॥
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥ ਅਵਰੁ ਨ ਫੂਲੁ, ਅਨੂਪੁ ਨ ਪਾਵਉ॥ 1॥ ਰਹਾਉ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ॥ ਬਿਖੁ ਅੰਮ੍ਰਿਤੁ ਬਸਹਿ ਇੱਕ ਸੰਗਾ॥ 2॥
ਧੂਪ ਦੀਪ ਨਈਬੇਦਹਿ ਬਾਸਾ॥ ਕੈਸੇ ਪੂਜ ਕਰਹਿ ਤੇਰੀ ਦਾਸਾ॥ 3॥
ਤਨੁ ਮਨੁ ਅਰਪਉ ਪੂਜ ਚਰਾਵਉ॥ ਗੁਰ ਪਰਸਾਦਿ ਨਿਰੰਜਨੁ ਪਾਵਉ॥ 4॥
ਪੂਜਾ ਅਰਚਾ ਆਹਿ ਨ ਤੋਰੀ॥ ਕਹਿ ਰਵਿਦਾਸ ਕਵਨ ਗਤਿ ਮੋਰੀ॥
ਰਾਗ ਗੂਜਰੀ ਬਾਣੀ ਭਗਤ ਰਵਿਦਾਸ ਜੀ ਕੀ ਪੰਨਾ ੫੨੫
ਰਹਾਉ ਦੀਆਂ ਤੁਕਾਂ ਵਿੱਚ ਬੁਨਿਆਦੀ ਨੁਕਤਾ ਹੈ ਕਿ ਜੇ ਮੇਰੇ ਪਾਸ ਫੁੱਲ ਨਹੀਂ ਹਨ ਤਾਂ ਕੀ ਮੈਂ ਰੱਬ ਜੀ ਦੀ ਪੂਜਾ ਨਹੀਂ ਕਰ ਸਕਦਾ?
ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਵੀ ਠੇਕੇਦਾਰ ਫੁੱਲ ਲੈ ਕੇ ਸ਼੍ਰੋਮਣੀ ਕਮੇਟੀ ਦੀ ਰਾਂਹੀ ਵੇਚ ਰਹੇ ਹਨ। ਅਸੀਂ ਦਰਬਾਰ ਸਹਿਬ ਦੀਆਂ ਪ੍ਰਕਰਮਾ ਵਿੱਚ ਅਜੇ ਗਏ ਹੀ ਸੀ ਕਿ ਠੇਕੇਦਾਰ ਦਾ ਇੱਕ ਆਦਮੀ ਭੱਜਾ ਭੱਜਾ ਆਇਆ ਤੇ ਕਹਿਣ ਲੱਗਾ ਕਿ ਗੁਰੂ ਬਾਬੇ ਜੀ ਲਈ ਫੁੱਲ ਲੈ ਲਓ। ਮੈਂ ਕਿਹਾ ਕਿ ਜ਼ਰੂਰਤ ਹੋਈ ਤਾਂ ਜ਼ਰੂਰ ਲੈ ਲਵਾਂਗਾ। ਫੁੱਲ ਵੇਚਣ ਵਾਲੇ ਦਾ ਕਰਿੰਦਾ ਕਹੰਦਾ ਕਿ ਜੀ ਤੁਹਾਡੀ ਯਾਤਰਾ ਤਾਂ ਹੀ ਸਫਲ ਹੋਣੀ ਹੈ ਜੇ ਗੁਰੂ ਬਾਬਾ ਜੀ ਨੂੰ ਫੁੱਲ ਚੜਾਓਗੇ। ਜਿਸ ਤਰ੍ਹਾਂ ਮੰਦਰਾਂ ਦੇ ਬਾਹਰ ਦੁਕਾਨਾਂ ਵਾਲੇ ਫੁੱਲ ਵੇਚ ਰਹੇ ਹਨ ਏਸੇ ਤਰ੍ਹਾਂ ਹੀ ਸਾਡੀ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਦੀ ਹਦੂਦ ਵਿੱਚ ਫੁੱਲ ਵੇਚ ਰਹੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਫੁੱਲਾਂ ਤੋਂ ਬਿਨਾਂ ਮੱਥਾ ਨਹੀਂ ਟੇਕਿਆ ਜਾ ਸਕਦਾ? ਕੀ ਫੁੱਲ ਚੜਾਉਣ ਤੋਂ ਬਿਨਾਂ ਸ਼ਬਦ ਦੀ ਵਿਚਾਰ ਨਹੀਂ ਕੀਤੀ ਜਾ ਸਕਦੀ? ਗੁਰਬਾਣੀ ਤਾਂ ਇਹ ਕਹਿ ਰਹੀ ਹੈ ‘ਮਹਾ ਅਨੰਦੁ ਗੁਰ ਸਬਦੁ ਵੀਚਾਰਿ’ ਅਤੇ ‘ਜੋ ਸੁਣੇ ਕਮਾਵੈ ਸੁ ਉਤਰੈ ਪਾਰਿ’ ਦੀ ਥਾਂ `ਤੇ ਦਰਬਾਰ ਸਾਹਿਬ ਜਾ ਕੇ ਗ੍ਰੰਥੀ ਪਾਸੋਂ ਫੁੱਲ ਲੈ ਕੇ ਦਸਤਾਰ ਵਿੱਚ ਟੰਗ ਲੈਣ ਨੂੰ ਹੀ ਸ਼ਰਧਾਲੂ ਧਰਮ ਦਾ ਸਭ ਤੋਂ ਵੱਡਾ ਕਰਮ ਸਮਝ ਲਿਆ ਹੈ। ਰਹਿਤ ਮਰਯਾਦਾ ਵਿੱਚ ਕੇਵਲ ਇਤਨਾ ਹੀ ਲਿਖਿਆ ਹੋਇਆ ਹੈ ਕਿ ਸੁਥਾਨ ਨੂੰ ਸੁਗੰਧਤ ਕਰਨ ਲਈ ਫੁੱਲ, ਧੂਪ ਤੇ ਸੁਗੰਧੀਆਂ ਵਰਤਣੀਆਂ ਵਿਵਰਜਤ ਨਹੀਂ ਹਨ। ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਲਈ ਇਹ ਚੀਜ਼ਾਂ ਵਰਤ ਰਹੇ ਹਾਂ।
ਸ਼ਬਦ ਦੇ ਪਹਿਲੇ ਬੰਦ ਵਿੱਚ ਬ੍ਰਾਹਮਣੀ ਸੁੱਚ ਦਾ ਪਾਜ ਉਦੇੜਦਿਆਂ ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਦੁੱਧ ਨੂੰ ਵੱਛੇ, ਪਾਣੀ ਨੂੰ ਮੱਛਲੀ ਤੇ ਫੁੱਲਾਂ ਨੂੰ ਭੌਰੇ ਨੇ ਝੂਠਾ ਕਰ ਦਿੱਤਾ ਹੈ। ਐ ਬ੍ਰਹਾਮਣ! ਹੁਣ ਤੂੰ ਹੀ ਦਸ ਕਿ ਪੱਥਰ ਦੀ ਮੂਰਤੀ ਨੂੰ ਤੂੰ ਰੱਬ ਬਣਾਇਆ ਹੈ ਤੇ ਕਹਿੰਦਾ ਏਂ ਕਿ ਮੈਂ ਭਗਵਾਨ ਅੱਗੇ ਸੁੱਚੀਆਂ ਵਸਤੂਆਂ ਰੱਖ ਰਿਹਾ ਹਾਂ। ਭਗਵਾਨ ਤੇਰਾ ਪੱਥਰ ਦਾ ਹੈ। ਲੋਕਾਂ ਨੂੰ ਭੁਲੇਖਾ ਪਉਣ ਲਈ ਆਪਣੇ ਵਲੋਂ ਵਸਤੂਆਂ ਸੁੱਚੀਆਂ ਰੱਖ ਰਿਹਾਂ ਏਂ ਪਰ ਇਹ ਸਾਰੀਆਂ ਵਸਤੂਆਂ ਤੂੰ ਜੂਠੀਆਂ ਰੱਖ ਰਿਹਾ ਏਂ ਫਿਰ ਇਹ ਭਗਵਾਨ ਦੀ ਪੂਜਾ ਕਿਵੇਂ ਹੋਈ। ਏਸੇ ਤਰ੍ਹਾਂ ਹੀ ਸਾਧ ਲਾਣਿਆਂ ਦੇ ਡੇਰਿਆਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੱਥਰ ਦੀਆਂ ਮੂਰਤੀਆਂ ਵਾਂਗ ਭੋਗ ਲਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬਹੁਤ ਸਾਰੇ ਫਲ਼ ਵੀ ਰੱਖੇ ਹੁੰਦੇ ਹਨ---
ਦੂਧੁ ਤ ਬਛਰੈ ਥਨਹੁ ਬਿਟਾਰਿਓ॥ ਫੂਲੁ ਭਵਰਿ, ਜਲੁ ਮੀਨਿ ਬਿਗਾਰਿਓ॥
ਕੀ ਮੰਦਰ ਤੇ ਗੁਰਦੁਆਰੇ ਵਿੱਚ ਕੋਈ ਫਰਕ ਰਹਿ ਗਿਆ ਹੈ। ਸ਼ਬਦ ਵਿਚਾਰ ਦੀ ਥਾ `ਤੇ ਭੋਗ ਲਗਾਉਣ ਤੀਕ ਸੀਮਤ ਹੀ ਹੋ ਗਏ ਹਾਂ। ਡੇਰਿਆਂ ਵਿੱਚ ਚਾਹ, ਬਿਸਕੁੱਟ ਤੇ ਫ਼ਲ਼ ਆਦ ਗੁਰੂ ਗ੍ਰੰਥ ਜੀ ਅੱਗੇ ਰੱਖ ਕੇ ਆਮ ਜੰਤਾ ਨੂੰ ਸਮਝਾ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਇਹ ਸਾਰਾ ਕੁੱਝ ਛੱਕਦੇ ਹਨ।
ਪੰਡਤ `ਤੇ ਸੁਆਲ ਕਰਦਿਆਂ ਭਗਤ ਜੀ ਉਸ ਨੂੰ ਪੁਛਦੇ ਹਨ ਕਿ ਤੂੰ ਚੰਦਨ ਨੂੰ ਮੱਥੇ `ਤੇ ਰਗੜ ਰਗੜ ਕੇ ਲਗਾਉਂਦਾ ਐਂ, ਤੇ ਇਹ ਵੀ ਵਹਿਮ ਪਾਲ਼ਿਆਂ ਹੋਇਆ ਹੈ ਕਿ ਚੰਦਨ ਤੋਂ ਬਿਨਾਂ ਪੂਜਾ ਹੋ ਨਹੀਂ ਸਕਦੀ। ਇੱਕ ਗੱਲ ਮੈਨੂੰ ਸਮਝਾ ਦੇ ਕਿ ਜਿਹੜਾ ਚੰਦਨ ਸੱਪ ਦੀ ਜ਼ਹਿਰ ਨਹੀਂ ਦੂਰ ਕਰ ਸਕਿਆ ਉਹ ਚੰਦਨ ਤੇਰਾ ਤੇ ਤੇਰੀ ਮੂਰਤੀ ਦਾ ਕੀ ਸਵਾਰੇਗਾ?
ਮੈਲਾਗਰ ਬੇਰ੍ਹੇ ਹੈ ਭੁਇਅੰਗਾ॥ ਬਿਖੁ ਅੰਮ੍ਰਿਤੁ ਬਸਹਿ ਇੱਕ ਸੰਗਾ॥
ਹਿੰਦੂ ਮਤ ਅਨੁਸਾਰ ਜੋ ਪ੍ਰੇਮ ਨਾਲ ਆਪਣੇ ਇਸ਼ਟ ਦੇਵ ਜਾਂ ਕਿਸੇ ਦੇਵਤੇ ਆਦਕ ਦੀ ਸੇਵਾ ਕੀਤੀ ਜਾਂਦੀ ਹੈ ਉਸ ਨੂੰ ਪੂਜਾ ਕਿਹਾ ਜਾਂਦਾ ਹੈ। ਇਹ ਪੂਜਾ ਸੋਲ਼੍ਹਾਂ ਪ੍ਰਕਾਰ ਦੀ ਮਿੱਥੀ ਗਈ ਹੈ। ਪੂਜਾ ਕੇਵਲ ਆਪਣੀ ਮਨੋ ਕਾਮਨਾ ਪੂਰੀ ਕਰਨ ਵਾਸਤੇ ਕੀਤੀ ਜਾਂਦੀ ਹੈ। ਅੱਜ ਗੁਰਦੁਆਰਿਆਂ ਵਿੱਚ ਵੀ ਮਨੋ-ਕਾਮਨਾ ਲਈ ਪੂਜਾ ਕੀਤੀ ਜਾਂਦੀ ਹੈ ਤੇ ਚਲ਼ੀਹੇ ਕੱਟੇ ਜਾ ਰਹੇ ਹਨ।
ਆਮ ਆਦਮੀ ਤੇ ਸਾਧ-ਲਾਣੇ ਵਿਚ, ਮੱਥਾ ਟੇਕਣ ਵਿੱਚ ਵੀ ਬਹੁਤ ਵੱਡਾ ਫਰਕ ਆ ਗਿਆ ਹੈ। ਗੁਰਦੁਆਰਾ ਸ੍ਰਿੀ ਗੁਰੂ ਸਿੰਘ ਸਭਾ ਥਾਈਲੈਂਡ ਵਿਖੇ ਇੱਕ ਸਾਧੜਾ ਕੁਦਰਤੀ ਇਸ ਭਾਵਨਾ ਨਾਲ ਆਇਆ ਕਿ ਚਲੋ ਕੋਈ ਨਵੇਂ ਆਪਣੇ ਭਗਤ ਬਣਾ ਅਈਏ ਪਰ ਓੱਥੇ ਤਾਂ ਸੰਗਤ ਬਹੁਤ ਜਾਗੁਰਕ ਹੋਈ ਹੈ। ਸਾਧ ਮੱਥਾ ਟੇਕ ਕੇ ਪ੍ਰਕਰਮਾ ਕਰਨ ਲਈ ਅੱਗੇ ਵੱਧਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪਾਸੇ ਖਲੋ ਗਿਆ। ਸਾਧ ਤੇ ਉਸ ਦੇ ਸੇਵਾਦਾਰ ਦੀ ਆਪਸੀ ਤਾਲ ਮੇਲ ਅਨੁਸਾਰ ਉਸੇ ਵੇਲੇ ਸਾਧ ਦੇ ਅੰਨ੍ਹੇ ਸ਼ਰਧਾਲੂ ਨੇ ਪਰਫਿਊਮ ਦੀ ਸ਼ੀਸ਼ੀ ਕੱਢੀ ਤੇ ਸਾਧ ਦੇ ਹੱਥ ਵਿੱਚ ਫੜਾ ਦਿੱਤੀ। ਸਾਧ ਬਹੁਤ ਹੀ ਅੰਦਾਜ਼ ਵਿੱਚ ਪਰਫਿਊਮ ਦੀ ਸ਼ੀਸ਼ੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਊਪਰ ਛਿੜਕਾ ਕਰਨ ਲੱਗ ਪਿਆ। ਨਾਲ ਤੁਰੇ ਆ ਰਹੇ ਅੰਨ੍ਹੇ ਸ਼ਰਧਾਲੂ ਵਾਹਗੁਰੂ ਵਾਹਗੁਰੂ ਕਰਨ ਲੱਗ ਪਏ। ਕੁੱਝ ਸਮੇਂ ਬਆਦ ਦੇਖਿਆ ਕਿ ਜਿੱਥੇ ਪਰਫਿਊਮ ਦਾ ਛਿੜਕਾ ਹੋਇਆ ਸੀ ਉੱਥੋਂ ਰੁਮਾਲਿਆਂ ਦਾ ਰੰਗ ਖਰਾਬ ਹੋ ਗਿਆ ਸੀ। ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਮੇਰੇ ਪਾਸ ਅਜੇਹਾ ਸੁਗੰਧੀ ਵਾਲਾ ਕੋਈ ਸਮਾਨ ਨਹੀਂ ਹੈ ਜਿਸ ਨਾਲ ਮੈਂ ਤੇਰੀ ਪੂਜਾ ਕਰ ਸਕਾਂ—
ਧੂਪ ਦੀਪ ਨਈਬੇਦਹਿ ਬਾਸਾ॥ ਕੈਸੇ ਪੂਜ ਕਰਹਿ ਤੇਰੀ ਦਾਸਾ॥
ਗੁਰਬਾਣੀ ਵਿਚਾਰ ਤਾਂ ਮਨੁੱਖੀ ਜੀਵਨ ਦੀ ਸੁਚੱਜੀ ਤੇ ਉੱਚੀ ਘਾੜਤ ਨਿਰਧਾਰਤ ਕਰਦੀ ਹੈ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਇਰਦ ਗਿਰਦ ਮੰਦਰਾਂ ਵਾਂਗ ਪੂਜਾ ਕਰ ਰਹੇ ਹਾਂ। ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਜੇ ਜੀਵਨ ਜਾਚ ਸਿਖਣੀ ਹੈ ਤਾਂ ਪਹਿਲਾਂ ਆਪਣੇ ਮਨ ਤੇ ਤਨ ਨੂੰ ਗੁਰੂ ਦੇ ਸਮਰਪਣ ਕਰ ਲਈ ਤਿਆਰ ਹੋ। ਅੰਦਰੋਂ ਤੇ ਬਾਹਰੋਂ ਇੱਕ ਹੋਣ ਦਾ ਯਤਨ ਕਰ। ਦਰ-ਅਸਲ ਅਸੀਂ ਰੱਬ ਜੀ ਦੇ ਕੁਦਰਤੀ ਗੁਣਾਂ ਨੂੰ ਲੈਣ ਦੀ ਥਾਂ `ਤੇ ਮੰਦਰਾਂ ਦੀ ਤਰਜ਼ ਤੇ ਦਿਖਾਵੇ ਦੀ ਪੂਜਾ ਵਿੱਚ ਫਸ ਕੇ ਰਹਿ ਗਏ ਹਾਂ।
ਅਖੀਰਲੀ ਤੁਕ ਵਿੱਚ ਭਗਤ ਜੀ ਕਹਿੰਦੇ ਹਨ ਕਿ ਜੇ ਮੇਰੇ ਪਾਸ ਮੂਰਤੀ ਦੀ ਪੂਜਾ ਵਾਲਾ ਸਮਾਨ ਨਾ ਹੋਵੇ ਤਾਂ ਕੀ ਮੈਂ ਰੱਬ ਜੀ ਦੀ ਬੰਦਗੀ ਨਹੀਂ ਕਰ ਸਕਦਾ?
ਪੂਜਾ ਅਰਚਾ ਆਹਿ ਨ ਤੋਰੀ॥ ਕਹਿ ਰਵਿਦਾਸ ਕਵਨ ਗਤਿ ਮੋਰੀ॥
ਅਰਚਾ ਦਾ ਅਰਥ ਹੈ ਮੂਰਤੀ ਨੂੰ ਸਿੰਗਾਰਨਾ। ਸੁ ਅਖਰੀਂ ਅਰਥ ਤਾਂ ਇਹੀ ਸਮਝ ਆਉਂਦੇ ਹਨ ਕਿ ਜੇ ਮੇਰੇ ਪਾਸ ਦੁੱਧ, ਫੁੱਲ, ਧੁਪ, ਚੰਦਨ ਇਤਿਆਦਕ ਵਸਤੂਆਂ ਨਾ ਹੋਣ ਤਾਂ ਫਿਰ ਮੈਂ ਧਰਮ ਕਮਾ ਹੀ ਨਹੀਂ ਸਕਦਾ ਇਹਨਾਂ ਅਖੌਤੀ ਧਰਮੀਆਂ ਦੇ ਸਾਹਮਣੇ ਕੀ ਹਾਲਤ ਹੋਏਗੀ?
ਪੰਜਾਬ ਦੇ ਕਈ ਇਲਾਕਿਆਂ ਵਿੱਚ ਤਾਂ ਮੰਦਰਾਂ ਵਾਲੀ ਸ਼ਬਦਾਵਲੀ ਘਰ ਹੀ ਕਰ ਚੁੱਕੀ ਹੈ। ਜਿਵੇਂ ਆਮ ਘਰਾਂ ਦੀਆਂ ਬੀਬੀਆਂ ਮੰਦਰੀ ਪ੍ਰਭਾਵ ਕਰਕੇ ਕਹਿਣਗੀਆਂ ਭੈਣਾਂ ਫਲਾਣੇ ਦੇ ਘਰ ਭੋਗ ਪੈਣਾ ਈਂ ਮੈਂ ਭੋਗ ਲੈ ਆਵਾਂ। ਭਾਵ ਕੜਾਹ ਪ੍ਰਸ਼ਾਦ ਨੂੰ ਵੀ ਭੋਗ ਹੀ ਕਹਿਣਗੀਆਂ।
ਹੁਣ ਕਿਹੜਾ ਪ੍ਰਚਾਰਕ ਇਹਨਾਂ ਨੂੰ ਸਮਝਾਏਗਾ ਕਿ ਮੰਦਰ ਵਿੱਚ ਪੁਜਾਰੀ ਮੂਰਤੀ ਦੇ ਮੂੰਹ ਨੂੰ ਭੋਰਾ ਕੁ ਪ੍ਰਸਾਦ ਲਗਾ ਕਿ ਬਾਕੀ ਆਪ ਛੱਕ ਜਾਂਦਾ ਹੈ। ਸਾਡਾ ਸਾਧ ਲਾਣਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਜਨ ਛਕਾਉਣ ਦੇ ਚੱਕਰ ਵਿੱਚ ਪਿਆ ਹੋਇਆ ਹੈ।
ਗੁਰਦੁਆਰੇ ਸਿੱਖੀ ਦੀਆਂ ਮਹਾਨ ਸੰਸਥਾਵਾਂ ਹਨ ਜਿੱਥੋਂ ਸਿੱਖ ਸਿਧਾਂਤ ਦੀ ਗੱਲ ਸਮਝਣੀ ਤੇ ਸਮਝਾਉਣੀ ਸੀ। ਗੁਰਦੁਆਰੇ ਦੀ ਵਿਆਖਿਆ ਭਾਈ ਕਾਹਨ ਸਿੰਘ ਜੀ ਨਾਭਾ ਨੇ ਬਹੁਤ ਖੂਬਸੂਰਤ ਕੀਤੀ ਹੈ--- ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਪੰਨਾ ਨੰ: ੪੧੬ `ਤੇ ਗੁਰਦੁਆਰਾ ਦੇ ਸਿਰਲੇਖ ਹੇਠ, ਗੁਰਦੁਆਰਾ ਸਾਹਿਬ ਦੀ ਵਿਆਖਿਆ ਲਿਖਦੇ ਹਨ, “ਗੁਰਦੁਆਰਾ—ਗੁਰੂ ਦੀ ਮਾਰਫ਼ਤ, ਗੁਰੂ ਦੇ ਜ਼ਰੀਏ। ਗੁਰਦੁਆਰਾ—ਗੁਰੂ ਘਰ, ਸਿੱਖਾਂ ਦਾ ਧਰਮ ਮੰਦਰ, ਉਹ ਅਸਥਾਨ, ਜਿਸ ਨੂੰ ਦਸ ਸਤਿਗੁਰਾਂ ਵਿਚੋਂ ਕਿਸੇ ਨੇ ਧਰਮ ਪ੍ਰਚਾਰ ਲਈ ਬਣਾਇਆ ਅਥਵਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਤਕ ਸਿੱਖਾਂ ਦੇ ਧਰਮ ਮੰਦਰ ਦਾ ਨਾਂ ਧਰਮਸਾਲ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ, ਅੰਮ੍ਰਿਤ ਸਰੋਵਰ ਦੇ ਧਰਮ ਮੰਦਰ ਦੀ ਹਰਿਮੰਦਰ ਦੀ ਸੰਗਿਆ ਥਾਪੀ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇਂ ਧਰਮਸਾਲ ਦਾ ਨਾਂ ਗੁਰਦੁਆਰਾ ਪੈ ਗਿਆ”।
ਭਾਈ ਸਾਹਿਬ ਜੀ ਗੁਰਦੁਆਰਾ ਦੇ ਸਿਰਲੇਖ ਹੇਠ ਅੱਗੇ ਲਿਖਦੇ ਹਨ, “ਸਿੱਖਾਂ ਦਾ ਗੁਰਦੁਆਰਾ, ਵਿਦਿਆਰਥੀਆਂ ਲਈ ਸਕੂਲ, ਆਤਮਿਕ ਜਗਿਆਸਾ ਵਾਲਿਆਂ ਲਈ ਗਯਾਨ ਉਪਦੇਸ਼ਕ ਤੇ ਅਚਾਰੀਆ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਦੀ ਜ਼ਿੰਮੇਵਾਰੀ ਦਾ ਲੋਹ- ਮਈ ਕਿਲ੍ਹਾ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ ਘਰ ਦਾ ਅਸਥਾਨ ਹੈ”।
ਸਤਿਗੁਰਾਂ ਦੇ ਵੇਲੇ ਅਤੇ ਬੁੱਢਾ ਦਲ ਦੇ ਸਮੇਂ ਗੁਰਦੁਆਰਿਆਂ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਸੀ। ਗੁਰਦੁਆਰੀਆ ਉਹ ਹੋਇਆ ਕਰਦਾ ਸੀ ਜੋ ਵਿਦਵਾਨ, ਗੁਰਮਤਿ ਵਿੱਚ ਪੱਕਾ ਅਤੇ ੳੱਚੇ ਆਚਰਣ ਵਾਲਾ ਹੁੰਦਾ ਸੀ। ਜ਼ਮਾਨੇ ਦੀ ਗਰਦਿਸ਼ ਨੇ ਮਹਾਂਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿੱਚ ਮੁੱਖ ਗੁਦੁਆਰਿਆਂ ਦਾ ਪ੍ਰਬੰਧ ਸਾਰਾ ਉਲਟ ਪੁਲਟ ਕਰ ਦਿੱਤਾ, ਜਿਸ ਦਾ ਅਸਰ ਦੇਸ਼ ਦੇ ਗੁਰਦੁਆਰਿਆਂ `ਤੇ ਭੀ ਹੌਲ਼ੀ ਹੌਲ਼ੀ ਹੋਇਆ। ਕੌਮ ਵਿਚੋਂ ਜਿਉਂ ਜਿਉਂ ਗੁਰਮਤਿ ਦਾ ਪ੍ਰਚਾਰ ਲੋਪ ਹੁੰਦਾ ਗਿਆ। ਗੁਰਦੁਆਰਿਆਂ ਦੀ ਮਰਯਾਦਾ ਏਨੀ ਵਿਗੜ ਗਈ, ਏਨੀ ਦੁਰਦਸ਼ਾ ਹੋਈ, ਸਿੱਖ ਗੁਰਦੁਆਰੇ ਕੇਵਲ ਕਹਿਣ ਨੂੰ ਗੁਰਧਾਮ ਰਹਿ ਗਏ।
ਗੁਰਦੁਆਰੇ ਬਾਹਰੋਂ ਦੇਖਿਆਂ ਬਹੁਤ ਖ਼ੂਬਸੂਰਤ ਲੱਗਦੇ ਹਨ। ਮਹਿੰਗੇ ਤੋਂ ਮਹਿੰਗਾ ਮਾਰਬਲ ਲੱਗਿਆ ਹੋਇਆ ਦਿੱਸੇਗਾ। ਸਪੀਕਰਾਂ ਦੀ ਅਵਾਜ਼ ਵੀ ਬਹੁਤ ਉੱਚੀ ਹੋਏਗੀ ਪਰ ਇਹ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਚੰਦ ਗੁਰਦੁਆਰਿਆਂ ਨੂੰ ਛੱਡ ਕੇ ਬਹੁਤੀ ਥਾਂਈ ਸਿੱਖੀ ਸਿਧਾਂਤ ਦੀ ਕੋਈ ਗੱਲ ਨਹੀਂ ਰਹੀ, ਬਲ ਕਿ ਗੁਰਬਾਣੀ ਦਾ ਓਟ ਆਸਰਾ ਲੈ ਕੇ ਬ੍ਰਹਾਮਣੀ ਮਤ ਦੇ ਕਰਮ-ਕਾਂਡ ਨਿਭਾਏ ਜਾ ਰਹੇ ਹਨ। ਕੇਵਲ ਨਾਂ ਦੇ ਗੁਰਦੁਆਰੇ ਹਨ। ਗੁਰੂ ਗ੍ਰੰਥ ਦੀ ਮਤ ਦੇ ਉੱਲਟ ਗੁਰਦੁਆਰਿਆ ਦੀਆਂ ਵੰਡੀਆਂ ਪਾ ਲਈਆਂ ਹਨ। ਧਰਮ ਨਾਲੋਂ ਜਾਤ-ਬਰਾਦਰੀ ਦੇ ਧੜੇ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਦਾ ਨਤੀਜਾ ਬੜਾ ਘਾਤਕ ਨਿਕਲਿਆ ਹੈ। ਜਦ ਗੁਰਦੁਆਰਿਆਂ ਦੀ ਵੰਡ ਹੋ ਗਈ ਤਾਂ ਸਿੱਖੀ ਆਪਸ ਵਿੱਚ ਵੰਡੀ ਗਈ। ਅੱਜ ਗੁਰਦੁਆਰਿਆਂ ਦੀ ਪ੍ਰੀਭਾਸ਼ਾ ਠਾਠ ਤੇ ਡੇਰਾਵਾਦ ਵਿੱਚ ਤਬਦੀਲ ਹੋ ਗਈ ਹੈ। ਰਾਮਦਾਸੀਏ, ਭਾਟ, ਲੁਭਾਣੇ, ਰਾਮਗੜ੍ਹੀਏ ਗੁਰਦੁਆਰੇ ਪਹਿਲਾਂ ਹੀ ਹੋਂਦ ਵਿੱਚ ਆ ਚੁੱਕੇ ਹਨ। ਸਿੱਖੀ ਸਿਧਾਂਤ ਨੂੰ ਸਮਝਣ ਵਿੱਚ ਖੜੋਤ ਆ ਗਈ ਹੈ। ਕਾਸ਼ ਗੁਰਬਾਣੀ ਦੇ ਫਲਸਫੇ ਨੂੰ ਗੁਰਦੁਆਰੇ ਵਿਚੋਂ ਸਮਝਣ ਦਾ ਯਤਨ ਕੀਤਾ ਜਾਂਦਾ।
ਗੁਰੂ ਦੁਆਰੈ ਹੋਇ ਸੋਝੀ ਪਾਇਸੀ॥
ਏਤੁ ਦੁਆਰੈ ਧੋਇ ਹਛਾ ਹੋਇਸੀ॥
ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ॥
ਸੂਹੀ ਮਹਲਾ ੧ ਪੰਨਾ ੭੨੯




.