.

ਨਉਨਿਧਿ

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਈ ਅਨਮਤ ਦੀ ਸ਼ਬਦਾਵਲੀ `ਚੋਂ ਇੱਕ ‘ਨਉਨਿਧਿ’ ਸ਼ਬਦ ਵੀ ਹੈ। ਜਿਸ ਤਰ੍ਹਾਂ ਬਾਣੀਕਾਰਾਂ ਨੇ ਅਨਮਤ ਦੇ ਹੋਰ ਕਈ ਸ਼ਬਦਾਂ ਨੂੰ ਪ੍ਰਚਲਤ ਅਰਥਾਂ ਵਿੱਚ ਸਵੀਕਾਰ ਨਹੀਂ ਕੀਤਾ ਹੋਇਆ ਹੈ, ਉਸੇ ਤਰ੍ਹਾਂ ਇਸ ਸ਼ਬਦ ਦੇ ਪ੍ਰਚਲਤ ਭਾਵਾਰਥ ਨੂੰ ਵੀ ਸਵੀਕਾਰ ਨਹੀਂ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਨਉਨਿਧਿ’ ਸਬੰਧੀ ਚਰਚਾ ਕਰਨ ਤੋਂ ਪਹਿਲਾਂ ਪੁਰਾਣ ਸਾਹਿਤ ਵਿੱਚ ਇਸ ਬਾਰੇ ਜੋ ਧਾਰਨਾ ਹੈ, ਉਸ ਦੀ ਸੰਖੇਪ ਵਿੱਚ ਚਰਚਾ ਕਰਨੀ ਅਢੁੱਕਵੀਂ ਨਹੀਂ ਹੋਵੇਗੀ।
‘ਨਿਧਿ’ ਦਾ ਅਰਥ ਹੈ ਖ਼ਜ਼ਾਨਾ, ਸੰਪਤੀ, ਧਨ ਦੌਲਤ। ‘ਨਉਨਿਧਿ’ ਦਾ ਅਰਥ ਹੈ ਨੌਂ ਖ਼ਜ਼ਾਨੇ। ਪੁਰਾਣਿਕ ਸਾਹਿਤ ਵਿੱਚ ਵਰਣਨ ਨਉ ਨਿੱਧੀਆਂ ਇਹ ਹਨ: ਪਦਮ (ਧਨੀ ਬਣਨਾ, ਪੁੰਨ-ਦਾਨ ਨਾਲ ਜਸ ਲੈਣਾ, ਇਹ ਨਿਧੀ ਪੁੱਤ੍ਰ ਪੋਤ੍ਰਿਆਂ ਤਕ ਰਹਿੰਦੀ ਹੈ), ਮਹਾਪਦਮ (ਬਹੁਤ ਵਡੇ ਸੌਦਾਗਰ ਹੋਣਾ, ਕਰੋੜਾਂ ਦਾ ਵਾਪਾਰ ਕਰਨਾ। ਇਸ ਬਾਰੇ ਇਹ ਧਾਰਨਾ ਹੈ ਕਿ ਇਹ ਨਿੱਧੀ ਸੱਤ ਪੀਹੜੀਆਂ ਤਕ ਰਹਿੰਦੀ ਹੈ।), ਸ਼ੰਖ (ਆਪਣੇ ਸਰੀਰ ਦੀ ਚੰਗੀ ਪਾਲਣਾ ਕਰਨੀ, ਆਪਣਾ ਸਰੀਰ ਹੀ ਸੁਖੀ ਰੱਖਣਾ ਤੇ ਦੂਜਿਆਂ ਨੂੰ ਕੁੱਝ ਨਾ ਦੇਣਾ), ਮਕਰ (ਸ਼ਸਤ੍ਰਾਂ ਦਾ ਵਾਪਾਰ ਰਾਜਿਆਂ ਨਾਲ ਮੇਲ ਇਹ ਤਮੋ ਗੁਣੀ ਨਿਧ ਮੰਨੀ ਹੈ। ਇਕੋ ਕੋਲ ਹੀ ਰਹਿੰਦੀ ਹੈ।), ਕੱਛਪ (ਸੂਮ ਧਨੀ ਹੋਣਾ, ਅਤੇ ਇਹ ਨਿਧੀ ਸੂਮ ਦੀ ਜ਼ਿੰਦਗੀ ਤਕ ਨਿਭਦੀ ਹੈ।), ਮੁਕੁੰਦ (ਵੇਸਵਾ ਗਮਨ ਆਦਿ ਕਰਨੇ), ਕੁੰਦ (ਧਾਤੂਆਂ ਦਾ ਵਾਪਾਰ ਕਰਨਾ, ਸੰਤਾਨ ਨੇਕ ਚੰਗੀ ਹੋਣੀ, ਬਹੁਤ ਮੇਲ ਮਿਲਾਪ ਹੋਣਾ।), ਨੀਲ (ਠੇਕੇਦਾਰੀ ਕਰਨੀ, ਅੰਨ ਕਪਾਹ ਆਦਿ ਦੀ ਸੌਦਾਗਰੀ ਕਰਨੀ; ਖੇਤੀ ਬਾੜੀ, ਤਲਾਬ ਖੂਹ ਲਗਵਾਉਣੇ।) ਅਤੇ ਵਰਚ/ਖਰਵ (ਜਿਵੇਂ ਧਨ ਮਿਲੇ ਉਹੀ ਢੰਗ ਅਪਣਾਉਣਾ)। (ਗੁਰਮਤ ਨਿਰਣਯ ਭੰਡਾਰ-ਗਯਾਨੀ ਲਾਲ ਸਿੰਘ)
ਹਿੰਦੂ ਮੱਤ ਦੇ ਪੁਰਾਤਨ ਗ੍ਰੰਥਾਂ ਵਿੱਚ ਇਨ੍ਹਾਂ ਨਿੱਧੀਆਂ ਦਾ ਸੁਆਮੀ ਕੁਬੇਰ (ਦੇਵਤਿਆਂ ਦਾ ਖ਼ਜ਼ਾਨਚੀ ਹੈ), ਨੂੰ ਮੰਨਿਆ ਜਾਂਦਾ ਹੈ। (ਨੋਟ: ਮਾਰਕੰਡੇਯ ਪੁਰਾਣ ਵਿੱਚ ਇਨ੍ਹਾਂ ਨਿੱਧੀਆਂ ਨੂੰ ਪਦਮਿਨੀ ਨਾਮ ਦੀ ਦੇਵੀ ਦੇ ਅਧੀਨ ਦਸਿਆ ਹੈ। ਇਨ੍ਹਾਂ ਨਿਧੀਆਂ, ਜੋ ਖ਼ਾਸ ਖ਼ਾਸ ਰਤਨ ਹਨ, ਦੇ ਭਿੰਨ ਭਿੰਨ ਗੁਣ ਵਰਣਨ ਕੀਤੇ ਹੋਏ ਹਨ। ‘ਮਹਾਨ ਕੋਸ਼’।)। ਇਨ੍ਹਾਂ ਨਿਧੀਆ ਨੂੰ ਹਠ, ਤਪ ਆਦਿ ਕਰਨ ਨਾਲ ਪ੍ਰਾਪਤ ਹੋਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ। ਅਸਲ ਵਿੱਚ ਨਉ ਨਿਧੀਆਂ ਕਈ ਤਰ੍ਹਾਂ ਦੇ ਕੀਮਤੀ ਰਤਨ ਹੀ ਹਨ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੁਰਾਣ ਸਾਹਿਤ ਵਿੱਚ ਵਰਣਿਤ ਕਥਿਤ ਸ਼ਕਤੀਆਂ ਦੀ ਹੋਂਦ ਨੂੰ ਨਕਾਰਨ ਲਈ ਕਿਧਰੇ ਇਨ੍ਹਾਂ ਸ਼ਕਤੀਆਂ ਨੂੰ ਪ੍ਰਭੂ ਦੇ ਮੁਕਾਬਲੇ ਤੁੱਛ ਦਰਸਾਇਆ ਹੈ, ਕਿਧਰੇ ਇਨ੍ਹਾਂ ਨੂੰ ਅਕਾਲ ਪੁਰਖ ਦੇ ਅਧੀਨ ਦਰਸਾ ਕੇ, ਪ੍ਰਭੂ ਦੇ ਹੀ ਲੜ ਲਗਣ ਲਈ ਪ੍ਰੇਰਿਆ ਹੈ ਅਤੇ ਕਿਧਰੇ ਇਨ੍ਹਾਂ ਦੀ ਪ੍ਰਚਲਤ ਹੋਂਦ ਨੂੰ ਨਕਾਰ ਕੇ ਇਸ ਦੀ ਨਵੇਂ ਸਿਰਿਓਂ ਪ੍ਰੀਭਾਸ਼ਾ ਕਾਇਮ ਕਰ ਦਿੱਤੀ ਹੈ। ‘ਨਉ ਨਿਧਿ’ ਦੇ ਸਬੰਧ ਵਿੱਚ ਬਾਣੀਕਾਰਾਂ ਵਲੋਂ ਇਹੀ ਢੰਗ ਅਪਣਾਇਆ ਗਿਆ ਹੈ। ਨਿਮਨ ਲਿਖਤ ਸ਼ਬਦਾਂ ਦੀਆਂ ਪੰਗਤੀਆਂ ਵਿੱਚ ਇਸ ਵਿਧੀ ਨੂੰ ਦੇਖਿਆ ਜਾ ਸਕਦਾ ਹੈ: -
(ੳ) ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ॥ ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ॥ (ਪੰਨਾ 1240) ਅਰਥ:- ਪ੍ਰਭੂ ਦੇ ਨਾਮ ਵਿੱਚ ਸੁਰਤਿ ਜੋੜੀ ਰੱਖੀਏ ਤਾਂ ਸਾਰੀਆਂ ਕਰਾਮਾਤੀ ਤਾਕਤਾਂ ਪਿੱਛੇ ਲੱਗੀਆਂ ਫਿਰਦੀਆਂ ਹਨ (ਸੁਤੇ ਹੀ ਪ੍ਰਾਪਤ ਹੋ ਜਾਂਦੀਆਂ ਹਨ); ਜਗਤ ਦੇ ਸਾਰੇ ਪਦਾਰਥ ਹਾਸਲ ਹੋ ਜਾਂਦੇ ਹਨ, ਜੋ ਕੁੱਝ ਮਨ ਚਿਤਵਦਾ ਹੈ ਮਿਲ ਜਾਂਦਾ ਹੈ।
(ਅ) ਅੰਤਰਿ ਸਬਦੁ ਅਪਾਰਾ ਹਰਿ ਨਾਮੁ ਪਿਆਰਾ ਨਾਮੇ ਨਉ ਨਿਧਿ ਪਾਈ॥ (ਪੰਨਾ 569) ਅਰਥ: ਪਰਮਾਤਮਾ ਦਾ ਨਾਮ ਉਹਨਾਂ ਨੂੰ ਪਿਆਰਾ ਲੱਗਦਾ ਹੈ, ਪ੍ਰਭੂ ਦੇ ਨਾਮ ਵਿਚ ਹੀ ਉਹਨਾਂ ਨੇ (ਮਾਨੋ, ਦੁਨੀਆ ਦੇ) ਨੌ ਹੀ ਖ਼ਜ਼ਾਨੇ ਲੱਭ ਲਏ ਹੁੰਦੇ ਹਨ।
‘ਨਉ ਨਿਧਿ’ ਪ੍ਰਭੂ ਦਾ ਨਾਮ ਹੀ ਹੈ:-
ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ॥ (ਪੰਨਾ 967) ਅਰਥ: ਜੋ (ਜਗਤ ਦੇ) ਨੌਂ ਹੀ ਖ਼ਜ਼ਾਨੇ-ਰੂਪ ਪ੍ਰਭੂ ਦਾ ਨਾਮ-ਖ਼ਜ਼ਾਨਾ ਹੈ, (ਹੇ ਗੁਰੂ!) (ਉਹ ਖ਼ਜ਼ਾਨਾ) ਤੇਰੇ ਹਿਰਦੇ ਵਿੱਚ ਨਕਾ-ਨਕ ਭਰਿਆ ਹੋਇਆ ਹੈ।
ਇਸ ਖ਼ਜ਼ਾਨੇ ਨੂੰ ਗੁਰੂ ਦੀ ਮਤ ਧਾਰਨ ਕਰਕੇ ਹਰੇਕ ਮਨੁੱਖ ਹੀ ਹਾਸਲ ਕਰ ਸਕਦਾ ਹੈ:- ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ॥ ਦੇਹੀ ਮਹਿ ਇਸ ਕਾ ਬਿਸ੍ਰਾਮੁ॥ (ਪੰਨਾ 293) ਅਰਥ: (ਉਸ ਮਨੁੱਖ ਦੇ) ਸਰੀਰ ਵਿੱਚ ਪ੍ਰਭੂ ਦੇ ਉਸ ਨਾਮ ਦਾ ਟਿਕਾਣਾ (ਹੋ ਜਾਂਦਾ ਹੈ) ਜੋ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨਿਆਂ (ਦੇ ਤੁੱਲ) ਹੈ ਤੇ ਅੰਮ੍ਰਿਤ ਹੈ।
ਇਹ ਖ਼ਜ਼ਾਨਾ (ਨਉ ਨਿਧਿ) ਚੂੰਕਿ ਮਨੁੱਖ ਦੇ ਅੰਦਰ ਹੀ ਹੈ, ਇਸ ਲਈ ਇਸ ਨੂੰ ਬਾਹਰ ਢੂੰਢਣ ਦੀ ਬਜਾਏ ਅੰਦਰੋਂ ਹੀ ਲੱਭਣਾ ਹੈ:-ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ॥ (ਪੰਨਾ 518) ਅਰਥ: ਹੇ ਮਿਹਰਵਾਨ ਪ੍ਰਭੂ! ਜੇ ਤੂੰ ਤ੍ਰੁੱਠ ਪਏਂ ਤਾਂ ਜੀਵ, ਮਾਨੋ, ਨੌ ਖ਼ਜ਼ਾਨੇ (ਹਿਰਦੇ) ਘਰ ਵਿਚ ਹੀ ਲੱਭ ਲੈਂਦੇ ਹਨ।
ਇਸ ਨਉਨਿਧਿ (ਨਾਮ) ਨੂੰ ਹਾਸਲ ਕਰਨ ਲਈ ਪ੍ਰਚਲਤ ਤੌਰ ਤਰੀਕੇ (ਹਠ–ਤਪ ਆਦਿ) ਅਪਣਾਉਣ ਦੀ ਬਿਲਕੁਲ ਹੀ ਲੋੜ ਨਹੀਂ। ਇਨ੍ਹਾਂ ਨਉ ਨਿੱਧੀਆਂ ਦੀ ਪ੍ਰਾਪਤੀ ਦੇ ਢੰਗ ਗੁਰੂ ਗ੍ਰੰਥ ਸਾਹਿਬ ਵਿੱਚ ਇਉਂ ਦਰਸਾਏ ਗਏ ਹਨ:-
(ੳ) ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ॥ ਸਭੁ ਕਿਛੁ ਮੈ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ॥ (ਪੰਨਾ 452) ਅਰਥ: ਹੇ ਭਾਈ! ਹੁਣ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਮੈਨੂੰ ਹਰੇਕ ਪਦਾਰਥ ਮਿਲ ਗਿਆ ਹੈ, ਮੈਂ ਸਭ ਕੁੱਝ ਲੱਭ ਲਿਆ ਹੈ, ਸ੍ਰਿਸ਼ਟੀ ਦੇ ਸਾਰੇ ਹੀ ਨੌ ਖ਼ਜ਼ਾਨੇ ਮੇਰੇ ਹਿਰਦੇ-ਘਰ ਵਿੱਚ ਆ ਟਿਕੇ ਹਨ।
(ਅ) ਇਸੁ ਕਾਇਆ ਅੰਦਰਿ ਨਾਮੁ ਨਉ ਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ॥ (ਪੰਨਾ 574) ਅਰਥ: ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਇਸ ਸਰੀਰ ਦੇ ਵਿਚੋਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਜੇਹੜਾ (ਮਾਨੋ ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ।
(ੲ) ਨਾਨਕ ਨਉ ਨਿਧਿ ਪਾਈਐ ਜੇ ਚਲੈ ਤਿਸੈ ਰਜਾਇ॥ (ਪੰਨਾ 949) ਅਰਥ: ਹੇ ਨਾਨਕ! ਮਨੁੱਖ ਨੂੰ ਸਾਰੇ ਹੀ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਜੇ ਮਨੁੱਖ (ਇਸ ਸਾਗਰ ਵਿੱਚ ਵਿਆਪਕ ਪ੍ਰਭੂ ਦੀ) ਰਜ਼ਾ ਵਿੱਚ ਤੁਰੇ।
(ਸ) ਨਉ ਨਿਧਿ ਨਾਮੁ ਨਿਧਾਨੁ ਗੁਰ ਕੈ ਸਬਦਿ ਲਾਗੁ॥ (ਪੰਨਾ 959) ਅਰਥ: (ਹੇ ਭਾਈ!) ਗੁਰੂ ਦੇ ਸ਼ਬਦ ਵਿੱਚ ਜੁੜ, ਪਰਮਾਤਮਾ ਦਾ ਨਾਮ-ਰੂਪ ਨੌ ਖ਼ਜ਼ਾਨੇ (ਮਿਲ ਜਾਣਗੇ)।
(ਹ) ਇਸੁ ਮਨ ਕਉ ਕੋਈ ਖੋਜਹੁ ਭਾਈ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ॥ (ਪੰਨਾ 1128) ਅਰਥ: ਹੇ ਭਾਈ! ਆਪਣੇ ਇਸ ਮਨ ਨੂੰ ਖੋਜਦੇ ਰਿਹਾ ਕਰੋ। ਮਨ (ਦੀ ਦੌੜ-ਭੱਜ) ਦੀ ਪੜਤਾਲ ਕਰਦਿਆਂ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਇਸ ਨਾਮ ਹੀ (ਮਾਨੋ) ਧਰਤੀ ਦੇ ਸਾਰੇ ਨੌ ਖ਼ਜ਼ਾਨੇ ਹੈ।
ਇਸ ਨਾਮ ਧਨ (ਨਉਨਿਧਿ) ਨੂੰ ਹਾਸਲ ਕਰਨ ਵਾਲਿਆਂ ਦੇ ਮਨ ਵਿਚੋਂ ਹੋਰ ਧਨ ਦੀ ਅਥਵਾ ਪੁਰਾਣ ਸਾਹਿਤ ਵਿੱਚ ਵਰਣਿਤ ਨਿਧੀਆਂ ਦੀ ਲਾਲਸਾ ਨਹੀਂ ਰਹਿੰਦੀ:-
(ੳ) ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ॥ (ਪੰਨਾ 1057) ਅਰਥ: (ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਪਿਆਰ ਹੈ), ਉਸ ਦੇ ਹਿਰਦੇ ਵਿੱਚ ਸਾਰੇ ਹੀ ਸੁਖਾਂ ਤੇ ਪਦਾਰਥਾਂ ਦਾ ਖ਼ਜ਼ਾਨਾ ਹਰਿ-ਨਾਮ ਵੱਸਦਾ ਹੈ, ਉਹ ਮਾਇਆ ਨੂੰ ਅਸਲ ਖੱਟੀ ਮੰਨਣਾ ਛੱਡ ਦੇਂਦਾ ਹੈ।
(ਅ) ਨਉ ਨਿਧਿ ਤੇਰੈ ਅਖੁਟ ਭੰਡਾਰਾ॥ ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ॥ (ਪੰਨਾ 97) ਅਰਥ: ਹੇ ਦਾਤਾਰ! ਤੇਰੇ ਘਰ ਵਿੱਚ (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿੱਚ ਕਦੇ ਤੋਟ ਨਹੀਂ ਆਉਂਦੀ। (ਪਰ) ਜਿਸ ਨੂੰ (ਤੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਤੇ, ਹੇ ਪ੍ਰਭੂ! ਉਹੀ ਤੇਰਾ ਭਗਤ (ਅਖਵਾ ਸਕਦਾ) ਹੈ।
ਭਾਈ ਗੁਰਦਾਸ ਗੁਰਬਾਣੀ ਦੇ ਇਸ ਸੱਚ ਸਬੰਧੀ ਇਉਂ ਕਹਿੰਦੇ ਹਨ:-
ਅਠ ਸਿਧੀ ਨਿਧੀ ਨਵੈ ਰਿਧਿ ਨ ਗੁਰੁ ਸਿਖੁ ਢਾਕੈ ਟੰਗੈ॥ (ਵਾਰ 28, ਪਉੜੀ 2) ਅਰਥ: ਅੱਠ ਸਿਧੀਆਂ, ਨੌਂ ਨਿਧਾਂ, ਅਠਾਰਾਂ ਰਿਧੀਆਂ ਨੂੰ ਗੁਰਸਿੱਖ ਲੋੜ ਵੇਲੇ ਵੀ ਨਹੀਂ ਮੰਗਦੇ।
ਸੋ, ਗੱਲ ਕੀ, ਗੁਰੂ ਗ੍ਰੰਥ ਸਾਹਿਬ ਵਿੱਚ ‘ਨਉਨਿਧਿ’ ਤੋਂ ਭਾਵ ਉਸ ਆਤਮਕ ਖ਼ਜ਼ਾਨੇ ਤੋਂ ਹੈ ਜਿਸ ਨੂੰ ਗੁਰਬਾਣੀ ਵਿਚਲੇ ਭਾਵ ਨੂੰ ਹਿਰਦੇ ਵਿੱਚ ਵਸਾਇਆਂ ਹਾਸਲ ਕਰ ਸਕੀਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹੀ ‘ਨਉਨਿਧਿ’ ਦਾ ਸਰੂਪ ਹੈ। ਇਸ ਨੂੰ ਹੀ ਹਾਸਲ ਕਰਨ ਲਈ ਮਨੁੱਖ ਨੂੰ ਹੰਭਲਾ ਮਾਰਨ ਦੀ ਪ੍ਰੇਰਨਾ ਕੀਤੀ ਗਈ ਹੈ ਅਤੇ ਨਉਨਿੱਧੀਆਂ ਬਾਰੇ ਇਹੀ ਗੁਰਬਾਣੀ ਦਾ ਸੱਚ ਹੈ। ਇਨ੍ਹਾਂ ਨਿਧੀਆਂ ਨੂੰ ਕਿਧਰੇ ਬਾਹਰੋਂ ਨਹੀਂ ਗੁਰਬਾਣੀ ਰੂਪ ਸਾਗਰ ਵਿੱਚ ਟੁੱਭੀ ਮਾਰ ਕੇ ਲੱਭ ਕੇ ਪੱਲੇ ਬੰਨ੍ਹਣ ਦੀ ਲੋੜ ਹੈ:-
ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ॥ (ਪੰਨਾ 73) ਅਰਥ: ਪਰਮਾਤਮਾ ਦਾ ਨਾਮ ਖ਼ਜ਼ਾਨਾ ਹੀ (ਮੇਰੇ ਵਾਸਤੇ) ਜਗਤ ਦੇ ਨੌ ਖ਼ਜਾਨੇ ਹੈ, ਮੈਂ ਉਸ ਨਾਮ-ਧਨ ਨੂੰ ਆਪਣੇ (ਹਿਰਦੇ ਦੇ) ਪੱਲੇ ਵਿੱਚ ਘੁੱਟ ਕੇ ਬੰਨ੍ਹ ਲਿਆ ਹੈ।
ਜਸਬੀਰ ਸਿੰਘ ਵੈਨਕੂਵਰ
.