.

ਗੁਰਬਾਣੀ ਦੇ ਸੰਦਰਭ ਵਿੱਚ ਮਾਨਵ ਵਿਕਾਸ ਤੇ ਵਿਗਾਸ ਦਾ ਤੁਲਨਾਤਮਕ ਅਧਿਅਨ
ਡਾ ਦਲਵਿੰਦਰ ਸਿੰਘ ਗ੍ਰੇਵਾਲ

ਡਾਇਰੈਕਟਰ ਭਾਈ ਮਹਾਂ ਸਿੰਘ ਇੰਜਨੀਅਰਿੰਗ ਕਾਲਿਜ ਮੁਕਤਸਰ

ਸ਼੍ਰਿਸ਼ਟੀ ਦਾ ਮੁਖ ਅਸੂਲ ਹੈ ਲਗਾਤਾਰ ਬਦਲੀ। ਸ਼੍ਰਿਸ਼ਟੀ ਦੀ ਹਰ ਵਸਤ ਹਰ ਜੀਵ ਲਗਾਤਾਰ ਬਦਲ ਰਿਹਾ ਹੈ, ਕੁੱਝ ਵੀ ਹੁਣ ਅਜਿਹਾ ਨਹੀਂ ਜੋ ਉਹ ਪਹਿਲਾਂ ਸੀ। ਇਸੇ ਲਈ ਕੁਦਰਤ ਵਿੱਚ ਇਤਨੀ ਵਿਲਖਣਤਾ ਹੈ। ਇਸੇ ਲਈ ਹਰ ਜੀਵ ਦੀ ਅਪਣੀ ਅਪਣੀ ਵਿਚਾਰਧਾਰਾ ਹੈ। ਇਹ ਪ੍ਰਮਾਤਮਾ ਦੀ ਖੇਡ ਹੀ ਹੈ ਕਿ ਕੋਈ ਵੀ ਕਿਸੇ ਜੇਹਾ ਨਹੀਂ, ਹਰ ਮਨੁਖ ਵਖ ਵਖ ਤਰ੍ਰਾਂ ਦਾ ਹੈ। ਪ੍ਰਮਾਤਮਾ ਸਾਰਿਆਂ ਵਿੱਚ ਫਰਕ ਪਾਕੇ ਵਧਾਉਂਦਾ ਫੁਲਾਉਂਦਾ ਹੈ, ਦੇਹੀ ਵਿੱਚ ਹਰ ਤਰਾਂ ਵਧਣ ਫੁਲਣ ਦੇ ਰਸ ਭਰੇ ਹੋਏ ਹਨ:
ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ॥ ਕੋਇ ਨ ਕਿਸ ਹੀ ਜੇਹਾ ਉਪਾਇਆ॥
ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ॥ 1॥ (ਮਾਰੂ ਮ: 3, ਪੰਨਾ 1056: 11)
ਮਾਨਵ ਵਿਕਾਸ ਬਾਰੇ ਵਿਚਾਰ ਧਾਰਾ ਨੂੰ ਅਸੀਂ ਪਛਮੀ ਵਿਚਾਰਧਾਰਾ ਤੇ ਨਿਰਧਾਰਿਤ ਕੀਤੀ ਜਾਂਦੀ ਮੰਨਦੇ ਹਾਂ ਜੋ ਗੁਰਬਾਣੀ ਦੀ ਵਿਚਾਰਧਾਰਾ ਤੋਂ ਭਿੰਨ ਹੈ ਕਿਉਂਕਿ ਪਛਮੀ ਵਿਚਾਰਧਾਰਾ ਦਾ ਵਿਕਾਸ ਤੇ ਉਸ ਦੀ ਸੋਚ ਪਛਮੀ ਕਦਰਾਂ ਕੀਮਤਾਂ ਤੇ ਨਿਰਧਾਰਤ ਹੈ ਜਿਨ੍ਹਾਂ ਦਾ ਧੁਰਾ ਪਦਾਰਥਵਾਦ ਹੈ ਜਦ ਕਿ ਗੁਰਬਾਣੀ ਪੂਰਬੀ ਕਦਰਾਂ ਕੀਮਤ ਵਿਚੋਂ ਉਭਰਿਆ ਨਿਵੇਕਲਾ ਮਾਰਗ ਹੈ ਜਿਸ ਦਾ ਧੁਰਾ ਅਧਿਆਤਮ ਹੈ।
ਮਹਾਨਕੋਸ਼ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਨੇ ਵਿਕਾਸ ਦਾ ਭਾਵ-ਅਰਥ ਪਸਾਰ, ਫੈਲਾਉ, ਖਿੜਣ (ਪ੍ਰਫੁਲ ਹੋਣ, ਵ੍ਰਿਧੀ ਵਾਧਾ, ਆਦਿ ਦਿਤਾ ਹੈ ਤੇ ਵਿਗਾਸ ਨੂੰ ਵਿਕਾਸ ਨਾਲ ਹੀ ਤੁਲਨਾਂਦਿਆਂ ਪ੍ਰਸੰਨਤਾ (ਨਾਨਕ ਭਗਤਾ ਸਦਾ ਵਿਗਾਸੁ ) ਤੇ ਪ੍ਰਕਾਸ਼ (ਦੀਪਕੁ ਸਬਦਿ ਵਿਗਾਸਿਆ ) ਦੇ ਗੁਰਬਾਣੀ ਅਨੁਸਾਰ ਭਾਵ ਅਰਥ ਦੇ ਕੇ ਵਖਰਾ ਸੰਦਰਭ ਦੇ ਦਿਤਾ ਹੈ। ਜੇ ਸਚ ਪੁਛੋ ਤਾਂ ਗੁਰਬਾਣੀ ਵਿੱਚ ਵਿਕਾਸ ਸ਼ਬਦ ਕਿਧਰੇ ਹੈ ਹੀ ਨਹੀਂ ਇਸ ਦੇ ਨੇੜੇ ਦਾ ਸ਼ਬਦ ਵਿਗਾਸ ਹੈ ਤੇ ਇਨ੍ਹਾਂ ਦੋਨਾਂ ਸ਼ਬਦਾਂ ਦੇ ਸੰਦਰਭ ਵਿੱਚ ਮਾਨਵ ਵਿਕਾਸ ਦੀ ਚਰਚਾ ਕਰਾਂਗੇ। ਇਸ ਚਰਚਾ ਲਈ ਹੇਠ ਲਿਖੇ ਸਵਾਲਾਂ ਦੇ ਜਵਾਬ ਦਿਤੇ ਜਾਣੇ ਜ਼ਰੂਰੀ ਹਨ:
1. ਮਾਨਵ ਜਾਂ ਮਨੁੱਖ
2. ਆਦਰਸ਼ ਮਾਨਵ
3. ਮਾਨਵ ਮਨੋਰਥ
4. ਵਿਕਾਸ
5. ਵਿਗਾਸ
6. ਮਾਨਵ ਵਿਕਾਸ
7. ਮਾਨਵ ਵਿਗਾਸ
8. ਗੁਰਬਾਣੀ ਅਨੁਸਾਰ ਮਾਨਵ ਵਿਗਾਸ

ਮਾਨਵ ਜਾਂ ਮਨੁੱਖ
ਆਮ ਤੌਰ ਤੇ ਅਸੀਂ ਮਾਨਵ ਜਾਂ ਮਨੁਖ ਨੂੰ ਉਸ ਹਡ ਮਾਸ ਦੇ ਜਿਉਂਦੇ ਜਾਗਦੇ ਪੁਤਲੇ ਨੂੰ ਸੰਬੋਧਤ ਕਰਕੇ ਕਹਿੰਦੇ ਹਾਂ ਜਿਸ ਦਾ ਇੱਕ ਖਾਸ ਰੂਪ ਹੈ ਤੇ ਜੋ ਕਿਰਿਆਵਾਂ ਪ੍ਰਤੀਕਿਰਿਆਵਾਂ ਕਰਨ ਲਈ ਦਿਮਾਗ ਜਾਂ ਮਨ ਰਖਦਾ ਹੈ। ਸ੍ਰਿਸ਼ਟੀ ਵਿੱਚ ਮਨੁੱਖ ਸ਼੍ਰੋਮਣੀ ਜੀਵ ਹੈ। ਸਾਰੇ ਬ੍ਰਹਿਮੰਡ ਵਿੱਚ ਮਨੁੱਖ ਦੀ ਪਦਵੀ ਕੇਂਦਰੀ ਹੈ। ਐਵੋੇਲਿਊਸ਼ਨ ਥਿਉਰੀ ਅਨੁਸਾਰ ਵੀ ਮਨੁੱਖ ਜਾਤੀ ਨੂੰ ਤਰੱਕੀ ਦਾ ਸਭ ਤੋਂ ਉਤਲਾ ਡੰਡਾ ਮੰਨਿਆ ਜਾਂਦਾ ਹੈ। ਕੋਈ ਮੱਤ-ਮਤਾਂਤਰ, ਕੋਈ ਦਰਸ਼ਨ ਜਾਂ ਵਿਗਿਆਨ ਮਨੁੱਖ ਤੋਂ ਬਿਨਾਂ ਹੋਂਦ ਵਿੱਚ ਨਹੀਂ ਆ ਸਕਦਾ। ਓਨਾ ਚਿਰ ਕੋਈ ਧਰਮ ਜਾਂ ਫ਼ਲਸਫ਼ਾ ਮੁਕੰਮਲ ਨਹੀਂ ਸਮਝਿਆ ਜਾ ਸਕਦਾ, ਜਿੰਨਾ ਚਿਰ ਉਹ ਮਨੁੱਖ ਦੇ ਜੀਵਨ ਤੇ ਇਸ ਦੇ ਆਦਰਸ਼ ਸੰਬੰਧੀ ਤਸੱਲੀ-ਬਖਸ਼ ਚਾਨਣਾ ਨਹੀਂ ਪਾਉਂਦਾ। ਗੁਰਬਾਣੀ ਅਨੁਸਾਰ ਸਭ ਕੁੱਝ ਅਕਾਲ ਪੁਰਖ ਦੇ ਹੁਕਮ ਰੂਪੀ ਨਿਯਮ ਅਨੁਸਾਰ ਹੋ ਰਿਹਾ ਹੈ। “ਹੁਕਮੀ ਹੋਵਨਿ ਜੀਅ” ਗੁਰਵਾਕ ਹੈ। ਉਹ ਨਿਯਮ ਜਿਸ ਅਨੁਸਾਰ ਜੀਵ ਜਨਮ ਲੈਂਦੇ ਹਨ, ਕਰਮਾਂ ਦਾ ਨਿਯਮ ਹੈ। ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਆਤਮਾ ਕਰਮਾਂ ਅਨੁਸਾਰ ਸਰੀਰ ਪ੍ਰਾਪਤ ਕਰਦੀ ਹੈ ਤੇ ਉਸ ਦੀ ਨਜ਼ਰ ਮਿਹਰ ਸਦਕਾ ਹੀ ਆਉਣ ਜਾਣ ਦੇ ਘੇਰ ਵਿਚੋਂ ਮੁਕਤੀ ਪ੍ਰਾਪਤ ਕਰਕੇ ਫਿਰ ਪ੍ਰਮਾਤਮਾ ਨਾਲ ਜਾ ਮਿਲਦੀ ਹੈ। ਇਹ ਗੱਲ ਕਰਮਾਂ ਦੇ ਗੁਣਾਂ ਦੇ ਅਧੀਨ ਹੈ। ਤਰੱਕੀ ਵਾਲੇ ਪਾਸੇ ਚੰਗੇ ਕਰਮਾਂ ਦਾ ਅੰਤਲਾ ਫਲ ਮਨੁੱਖਾ ਜਨਮ ਦੀ ਪ੍ਰਾਪਤੀ ਹੈ:

ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥
ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ 1॥
ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ 1॥ ਰਹਾਉ॥
ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥
ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ॥ 2॥
ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ (ਪੰਨਾ 176)
ਜੀਵ ਦੀ ਤਰੱਕੀ ਦੀ ਪਉੜੀ ਦਾ, ਮਾਨਸ ਜਨਮ, ਅੰਤਲਾ ਡੰਡਾ ਹੈ। ਜੇ ਮਨੁੱਖਾ ਜਨਮ ਧਾਰ ਕੇ ਆਪਣੀ ਤਰੱਕੀ ਦੀ ਰਫ਼ਤਾਰ ਨੂੰ ਜੀਵ ਕਾਇਮ ਰੱਖੇਗਾ ਤਾਂ ਹੋਰ ਵੀ ਉਚੇਰਾ ਮਨੁੱਖ ਬਣੇਗਾ ਤੇ ਅੰਤ ਨੂੰ ਸੱਚਖੰਡ ਪਧਾਰੇਗਾ। ਜੇ ਕੁਕਰਮਾਂ ਵਿੱਚ ਪੈ ਜਾਵੇ ਤਾਂ ਫਿਰ ਹੇਠਾਂ ਨੂੰ ਨਿਘਰੇਗਾ ਤੇ ਫਿਰ ਜੂਨਾਂ ਵਿਚੋਂ ਗੁਜ਼ਰਦਾ ਰਹੇਗਾ

ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥
ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥ 2॥ (ਪੰਨਾ 1075)

ਸ੍ਰਿਸ਼ਟੀ ਰਚਨਾ ਬਾਰੇ ਜਦੋਂ ਅਸੀਂ ਜਾਨਣ ਦਾ ਯਤਨ ਕਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਹੁਕਮ ਹਉਮੈ ਦੇ ਅਸਰ ਹੇਠ ਪਰਮ ਤੱਤ ਦੋ ਰੂਪ ਧਾਰਦਾ ਹੈ, ਇੱਕ ਆਤਮਾ ਦਾ ਤੇ ਦੂਜਾ ਪ੍ਰਕਿਰਤੀ ਦਾ। ਆਤਮਾ ਤਾਂ ਦੈਵੀ ਗੁਣ ਕਾਇਮ ਰੱਖਦੀ ਹੈ ਅਤੇ ਆਪਣੇ ਅਸਲੇ ਵਿੱਚ ਮਿੱਸ ਨਹੀਂ ਪੈਣ ਦਿੰਦੀ। ਸ਼ੁੱਧ ਤੇ ਅਕਹਿ ਰਹਿੰਦੀ ਹੈ। ਇਸ ਲਈ ਬ੍ਰਹਮ ਦੇ ਨੇੜੇ ਹੁੰਦੀ ਹੈ। ਪ੍ਰਕਿਰਤੀ ਰਜੋ, ਤਮੋ, ਸਤੋ ਤਿੰਨਾਂ ਗੁਣਾਂ ਦੇ ਅਸਰ ਕਰਕੇ ਸਥੂਲ ਤੇ ਸੂਖਮ ਤੱਤਾਂ ਦਾ ਰੂਪ ਧਾਰਦੀ ਹੈ। ਆਤਮਾ ਦਾ ਤੇ ਪ੍ਰਾਕਿਰਤਿਕ ਤੱਤਾਂ ਦੇ ਸੰਜੋਗ ਦਾ ਨਾਂ ਮਨੁੱਖ (ਜੀਵ) ਹੈ। ਆਤਮਾ ਮਨੁੱਖ ਦੇ ਵਿੱਚ ਜੀਵਾਤਮਾ ਅਖਵਾਉਂਦੀ ਹੈ। ਇਹ ਰੱਬ ਦੀ ਜੋਤ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ:

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥
ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ॥
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥
ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ॥
ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥ (ਪੰਨਾ 921)

ਮਨੁੱਖਾ-ਦੇਹੀ ਦੇ ਦੋ ਵੱਡੇ ਪਹਿਲੂ ਹਨ, ਸਰੀਰ ਤੇ ਆਤਮਾ। ਦੋਹਾਂ ਦਾ ਅਸਲਾ ਇੱਕ ਹੈ। ਸਥੂਲ ਭਾਗ ਰਕਤ-ਬਿੰਦ ਦੇ ਮੇਲ ਤੋਂ ਬਣਨਾ ਸ਼ੁਰੂ ਹੁੰਦਾ ਹੈ। ਸ਼ੈਵ ਮੱਤ ਵਾਲੇ ਤੇ ਵੇਦਾਂਤੀ ਵੀ ਮਨੁੱਖੀ ਸਰੀਰ ਦੀ ਬਣਤਰ ਇਸ ਤਰ੍ਹਾਂ ਹੀ ਦੱਸਦੇ ਹਨ। ਰਕਤ ਇਸਤਰੀ ਦੇ ਸਰੀਰ ਦਾ ਤੇ ਬਿੰਦ ਮਰਦ ਦੇ ਸਰੀਰ ਦਾ ਹਿੱਸਾ ਹੁੰਦੀ ਹੈ। ਇਹ ਦੋਵੇਂ ਹਿਸੇ ਮਿਲ ਕੇ ਪ੍ਰਫੁਲਤ ਹੁੰਦੇ ਹਨ ਤੇ ਜੀਵਾਤਮਾ ਲਈ ਸਰੀਰ ਤਿਆਰ ਕਰਦੇ ਹਨ। ਇਹ ਸਰੀਰ ਅੰਨ ਦੇ ਆਸਰੇ ਕਾਇਮ ਹੈ। “ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ॥” ਇਸੇ ਲਈ ਇਹ ਅੰਨਮਈ ਕੋਸ਼ ਕਹਿਲਾਉਂਦਾ ਹੈ। ਇਹ ਸਭ ਤੋਂ ਬਾਹਰਲਾ ਪਰਦਾ ਹੈ। ਇਸ ਕੋਸ਼ ਵਿੱਚ ਪੱਠੇ, ਹੱਡੀਆਂ, ਨਾੜੀਆਂ ਮਨੁੱਖੀ ਬਿੰਦ ਵਿੱਚ ਜੜ ਰੱਖਦੀਆਂ ਹਨ ਤੇ ਚਮੜੀ, ਮਾਸ, ਵਾਲ ਆਦਿ ਇਸਤਰੀ ਰਕਤ ਨਾਲ ਸੰਬੰਧਿਤ ਹਨ। ਸਾਰੇ ਸਰੀਰ ਦੇ ਮੰਦਰ ਨੂੰ ਥੰਮ੍ਹਣ ਵਾਲਾ ਪ੍ਰਾਣ ਹੈ। ਇਹ ਸਾਡੇ ਸਰੀਰ ਦਾ ਇੱਕ ਹੋਰ ਭਾਗ ਹੈ, ਇਸ ਨੂੰ “ਪ੍ਰਾਣਮਈ ਕੋਸ਼” ਕਹਿੰਦੇ ਹਨ। ਆਤਮਾ ਦੇ ਸੰਬੰਧ ਕਰਕੇ ਜੋ ਅਦਲਾ-ਬਦਲੀ ਸਰੀਰ ਵਿੱਚ ਹੁੰਦੀ ਹੈ ਉਹ ਮਨ ਹੈ, ਇਸ ਦਾ ਮੁੱਢ ਪੰਚ ਭੂਤਕ ਸਰੀਰ ਹੀ ਹੈ। ਇਹ ਮਨੋਮਈ ਕੋਸ਼ ਹੈ। ਗਿਆਨ ਬੁੱਧੀ ਦਾ ਵਿਸ਼ਾ ਹੈ ਤੇ ਆਨੰਦ ਆਤਮਾ ਦਾ। ਆਤਮਾ ਦੀ ਰੌਂ ਤਾਂ ਸਾਰੇ ਕੋਸ਼ਾਂ ਵਿੱਚ ਵਗਦੀ ਹੈ, ਪਰ ਉਸ ਦਾ ਖ਼ਾਲਸ ਕ੍ਰਿਸ਼ਮਾ ਆਨੰਦ ਸਰੂਪ ਵਿੱਚ ਹੈ। ਸਰੀਰ, ਮਿੱਟੀ, ਹਵਾ, ਅੱਗ, ਪਾਣੀ ਦਾ ਮੇਲ ਹੈ। ਇਸ ਵਿੱਚ ਬੁੱਧੀ ਦਾ ਪ੍ਰਕਾਸ਼ ਹੈ। ਇਹ ਇੱਕ ਅਜਿਹੀ ਮਸ਼ੀਨ ਹੈ ਜਿਹੜੀ ਪ੍ਰਾਣਾਂ ਦੇ ਆਸਰੇ ਚੱਲਦੀ ਹੈ। ਇਹ ਅਕਾਲ ਪੁਰਖੀ ਜੋਤ ਦਾ ਕ੍ਰਿਸ਼ਮਾ ਹੈ:

ਪਉਣੈ ਪਾਣੀ ਅਗਨੀ ਕਾ ਮੇਲੁ॥ ਚੰਚਲ ਚਪਲ ਬੁਧਿ ਕਾ ਖੇਲੁ॥
ਨਉ ਦਰਵਾਜੇ ਦਸਵਾ ਦੁਆਰੁ॥ ਬੁਝੁ ਰੇ ਗਿਆਨੀ ਏਹੁ ਬੀਚਾਰੁ॥
ਕਥਤਾ ਬਕਤਾ ਸੁਨਤਾ ਸੋਈ॥ ਆਪੁ ਬੀਚਾਰੇ ਸੁ ਗਿਆਨੀ ਹੋਈ॥
ਦੇਹੀ ਮਾਟੀ ਬੋਲੈ ਪਉਣੁ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ॥ (ਪੰਨਾ 152)

ਮਾਨਵ ਜਾਂ ਮਨੁਖ ਦੇ ਚਾਰ ਭਾਗ ਦੇਹੀ, ਪ੍ਰਾਣ, ਮਨ ਅਤੇ ਆਤਮਾ ਅਪਣੇ ਅਪਣੇ ਕਾਰਜ ਨਿਭਾਉਂਦੇ ਹਨ। ਗੁਰਬਾਣੀ ਵਿੱਚ ਮਨੁੱਖੀ ਦੇਹੀ ਨੂੰ ਕਾਇਆ, ਹਰਿ ਮੰਦਰ, ਵੱਡਾ ਕਿਲ੍ਹਾ (ਕੋਟ) ਛਿਦ੍ਰ, ਸਲੋਕ, ਸੋਤ, ਦੇਹੀ, ਸਰੀਰ, ਦੇਹੁਰੀ, ਪਿੰਡ, ਨਗਰ, ਘਰ, ਤਨ, ਹਟੜੀ, ਘਟਿ ਆਦਿ ਪ੍ਰਮੁੱਖ ਨਾਵਾਂ ਨਾਲ ਪੇਸ਼ ਕੀਤਾ ਗਿਆ ਹੈ। ਇਸ ਦਾ ਆਧਾਰ ਅਕਾਲ ਪੁਰਖ ਦੀ ਜੋਤ ਜੋ ਜੰਮਦੀ-ਮਰਦੀ ਨਹੀਂ, ਆਤਮਾ ਹੀ ਜੀਵਨ ਹੈ। ਇਹ ਸਰੀਰ ਇਸ ਦਾ ਮੰਦਰ ਹੈ, ਇਹ ਇਸ ਮੰਦਰ ਦੀ ਵਸਨੀਕ ਹੈ:
ਮਨੁ ਮੰਦਰੁ ਤਨੁ ਸਾਜੀ ਬਾਰਿ॥ ਇਸ ਹੀ ਮਧੇ ਬਸਤੁ ਅਪਾਰ॥ (ਪੰਨਾ 180)

ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ॥ ਦੇਹੀ ਮਹਿ ਇਸ ਕਾ ਬਿਸ੍ਰਾਮੁ॥ (ਪੰਨਾ 293)

ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥ (ਪੰਨਾ 309)

ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ॥ (ਪੰਨਾ 309)

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥ (ਪੰਨਾ 695)

ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ॥
ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ॥ (ਪੰਨਾ 20)

ਇਹ ਸਰੀਰ ਬ੍ਰਹਮ ਜੋਤ ਦਾ ਮੰਦਰ ਹੈ, ਇਸ ਲਈ ਇਸ ਨੂੰ ਅਰੋਗ ਤੇ ਸ਼ੁੱਧ ਸਾਫ਼ ਰੱਖਣਾ ਮਾਨਵੀ ਫਰਜ਼ ਹੈ। “ਕਾਇਆ ਪਵਿਤ ਹੈ ਸਰੀਰ॥” ਸਰੀਰ ਨੂੰ ਮਨ, ਬਚ, ਕਰਮ ਕਰਕੇ ਮਲੀਨ ਨਹੀਂ ਹੋਣ ਦੇਣਾ ਚਾਹੀਦਾ। ਲਗਭਗ ਹਰ ਧਰਮ ਨੇ ਇਸ ਦੀ ਸ਼ੁੱਧਤਾ ਤੇ ਜ਼ੋਰ ਦਿੱਤਾ ਹੈ। ਈਸਾਈ ਮਹਾਂਪੁਰਖ ਸੇਂਟ ਪਾਲ ਨੇ ਵੀ ਲਿਖਿਆ ਹੈ ਕਿ ਕਿਉSਕਿ ਸਰੀਰ ਰੱਬ ਦਾ ਮੰਦਰ ਹੈ, ਇਸ ਲਈ ਇਸ ਨੂੰ ਪਵਿੱਤਰ ਰੱਖਣਾ ਤੇ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਮਨੁੱਖ ਦਾ ਪਰਮ ਧਰਮ ਹੈ। ਮਲੀਨ ਖਿਆਲਾਂ ਤੇ ਭੈੜੇ ਸ਼ਬਦਾਂ ਤੇ ਕੁਕਰਮਾਂ ਨਾਲ ਇਸ ਨੂੰ ਗੰਦਾ ਨਹੀਂ ਕਰਨਾ ਚਾਹੀਦਾ। ਐਪਿਕਟੀਟਸ ਨੇ ਵੀ ਕਿਹਾ ਹੈ ਕਿ ਹੇ ਮਨੁੱਖ! ਤੇਰੇ ਅੰਦਰ ਰੱਬ ਹੈ ਤੇ ਤੈਨੂੰ ਪਤਾ ਨਹੀਂ ਕਿ ਤੂੰ ਆਪਣੇ ਭੈੜੇ ਬਚਨਾਂ ਤੇ ਮਲੀਨ ਕਰਮਾਂ ਨਾਲ ਰੱਬ ਦੀ ਬੇਅਦਬੀ ਤੇ ਨਿਰਾਦਰੀ ਕਰ ਰਿਹਾ ਹੈਂ। ਗੁਰਬਾਣੀ ਤਾਂ ਐਲਾਨ ਕਰਦੀ ਹੈ ਕਿ:

ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥ (ਪੰਨਾ 1159)

ਮਨੁੱਖ ਜਾਤਿ ਉੱਚੀ ਤੇ ਸੁੱਚੀ ਹੈ। ਸਭ ਤੋਂ ਉੱਚੀ:

ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (ਪੰਨਾ 374)

ਸਰੀਰ ਦਾ ਹੱਦ ਸਿਰਾ ਸੂਖ਼ਮਤਾ ਦੇ ਰੂਪ ਵਿੱਚ ਮਨ ਹੈ। ਸਰੀਰ ਤੇ ਮਨ ਇਕੋ ਲੜੀ ਦੇ ਦੋ ਸਿਰੇ ਹਨ। ਮਨ ਚਾਹੇ ਪੰਜਾਂ ਤੱਤਾਂ ਤੋਂ ਹੀ ਜਨਮਿਆ ਹੈ, ਪਰ ਵਾਸਤਵ ਰੂਪ ਵਿੱਚ ਮਨ ਵੀ ਜੋਤਿ ਰੂਪ ਹੀ ਹੈ, ਗੁਰਵਾਕ ਹੈ:

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਪੰਨਾ 441)

ਅਰਥਾਤ ਮਨ ਦਾ ਅਖੀਰਲਾ ਸਿਰਾ ਆਤਮਾ ਨਾਲ ਜਾ ਮਿਲਦਾ ਹੈ। ਫਿਰ ਇਉਂ ਸਮਝੋ ਕਿ ਜਿੱਥੇ ਸਰੀਰ ਮੁੱਕਦਾ ਹੈ, ਉਥੋਂ ਮਨ ਸ਼ੁਰੂ ਹੁੰਦਾ ਹੈ ਤੇ ਜਿਥੇ ਮਨ ਮੁੱਕਦਾ ਹੈ, ਉਥੇ ਆਤਮਾ ਸ਼ੁਰੂ ਹੁੰਦੀ ਹੈ। ਪਰ ਇਨ੍ਹਾਂ ਵਿੱਚ ਫ਼ਰਕ ਕਿਸਮ ਦਾ ਨਹੀਂ, ਦਰਜੇ ਦਾ ਹੈ। ਪੱਥਰ, ਬ੍ਰਿਛ, ਪਸ਼ੂ ਤੇ ਮਨੁੱਖ ਇਹ ਚਾਰ ਦਰਜੇ ਹਨ। ਸਭ ਵਿੱਚ ਆਤਮਾ ਹੈ, ਫਿਰ ਵੀ ਅਸੀਂ ਪੱਥਰ ਨੂੰ ਜੜ੍ਹ ਤੇ ਮਨੁੱਖ ਨੂੰ ਚੇਤੰਨ ਕਹਿੰਦੇ ਹਾਂ। ਇਹੀ ਫ਼ਰਕ ਦਰਜੇ ਦਾ ਹੈ, ਗੁਣ ਦਾ ਹੈ, ਜਾਤ ਦਾ ਨਹੀਂ। ਸੋ ਗੁਰਬਾਣੀ ਅਨੁਸਾਰ ਮਨੁੱਖ ਬਾਕੀ ਦੇ ਬ੍ਰਹਿਮੰਡ ਤੋਂ ਭਿੰਨ ਤਾਂ ਪ੍ਰਤੀਤ ਹੁੰਦਾ ਹੈ, ਪਰ ਬਿਲਕੁਲ ਵੱਖਰਾ ਨਹੀਂ ਹੈ। ਸਾਰੇ ਬ੍ਰਹਿਮੰਡ ਵਿੱਚ ਏਕਤਾ ਹੈ ਤੇ ਅਨੇਕਤਾ ਵੀ ਹੈ। ਪਰ ਅਸਲ ਏਕਤਾ ਹੀ ਹੈ। ਇਸੇ ਤਰ੍ਹਾਂ ਆਤਮਾ ਤੱਤ ਹੈ ਤੇ ਉਸ ਦਾ ਸੰਬੰਧ ਮਨ ਤੇ ਸਰੀਰ ਨਾਲ ਹੈ, ਵੇਖਣ ਵਿੱਚ ਭਿੰਨ-ਭਿੰਨ ਪਰ ਅਸਲਾ ਇਕੋ ਹੈ। ਇਸ ਮਨੁੱਖਾ-ਦੇਹੀ ਵਿੱਚ ਨਾਮ ਰੂਪੀ ਅਸੰਖ ਵਸਤਾਂ ਹਨ। ਸ੍ਰੀ ਗੁਰੂ ਅਮਰਦਾਸ ਜੀ ੳਚਾਰਦੇ ਹਨ:
ਇਸੁ ਕਾਇਆ ਅੰਦਰਿ ਵਸਤੁ ਅਸੰਖਾ॥ ਗੁਰਮੁਖਿ ਸਾਚੁ ਮਿਲੈ ਤਾ ਵੇਖਾ॥
ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ॥ (ਪੰਨਾ 110)

ਗੁਰਮਤਿ ਵਿੱਚ ਇਹ ਤਨ-ਦੇਹੀ ਨੂੰ ਸੋਧ ਕੇ ਮਨ ਨੂੰ ਗੁਰਸ਼ਬਦ ਵਿੱਚ ਲਾਉਣ ਨਾਲ ਹੀ ਮਨੁੱਖਾ ਜੀਵਨ ਦਾ ਉਦੇਸ਼ ਪ੍ਰਾਪਤ ਹੋ ਸਕਦਾ ਹੈ। ਪਰੰਤੂ ਇਹ ਗੁਰੂ ਜੀ ਦੀ ਅਪਾਰ ਬਖਸ਼ਿਸ਼ ਤੇ ਅਥਾਹ ਹਿਤ ਕਰਕੇ ਹੀ ਸੰਭਵ ਹੈ:

ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ॥
ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ
ਪਾਈਐ ਗੁਰ ਕੈ ਹੇਤਿ ਅਪਾਰਿ॥ (ਪੰਨਾ 427)
ਆਦਰਸ਼ਕ ਮਾਨਵ ਜਾਂ ਪੁਰਖ
ਗੁਰਬਾਣੀ ਵਿੱਚ ਇਸ ਆਦਰਸ਼ਕ ਮਾਨਵ ਦੀ ਪਲਟੀ ਹੋਈ ਕਾਇਆ ਨੂੰ ਮਾਨਸ ਤੋਂ ਦੇਵਤਾ ਹੋਣ ਦੀ ਅਵਸਥਾ ਨਾਲ ਤਸ਼ਬੀਹ ਦਿੱਤੀ ਗਈ ਹੈ:
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ (ਪੰਨਾ 462)

ਦੇਵਤਾ ਪਦ ਦੀ ਪ੍ਰਾਪਤੀ ਵਾਸਤੇ ਸਤਿਗੁਰਾਂ ਨੇ ਮਨੁੱਖ ਵਾਸਤੇ ਇੱਕ ਮਰਯਾਦਾ ਦਾ ਪਾਲਣ ਕਰਨਾ ਜ਼ਰੂਰੀ ਦੱਸਿਆ ਹੈ। ਇਸ ਮਰਯਾਦਾ ਵਿੱਚ ਦੈਨਿਕ ਕਾਰ-ਵਿਹਾਰ ਤੋਂ ਲੈ ਕੇ ਸਵੇਰ ਤੋਂ ਸ਼ਾਮ ਤਕ ਦੀ ਕਿਰਿਆ ਦਾ ਵਰਣਨ ਕੀਤਾ ਗਿਆ ਹੈ। ਜਿਹੜਾ ਵਿਅਕਤੀ ਗੁਰਬਾਣੀ ਦੇ ਦੱਸੇ ਇਸ ਰਸਤੇ `ਤੇ ਚਲਦਾ ਹੈ ਉਸ ਨੂੰ ਆਦਰਸ਼ਕ ਪੁਰਸ਼ ਵਜੋਂ ਗੁਰਮੁਖ ਤੇ ‘ਗੁਰਸਿੱਖ’ ਦੀ ਪਦਵੀ ਦਿੱਤੀ ਗਈ ਹੈ:

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ (ਪੰਨਾ 305-06)

ਸਾਸ-ਗਿਰਾਸ ਪ੍ਰਭੂ ਨੂੰ ਮਨ ਵਿੱਚ ਵਸਾ ਕੇ ਪ੍ਰਭੂ ਨੂੰ ਧਿਆ ਕੇ ਪ੍ਰਭੂ ਦੀ ਕ੍ਰਿਪਾ ਦਾ ਪਾਤਰ ਬਣਿਆ ਜਾਂਦਾ ਹੈ। ਅਜਿਹੇ ਗੁਰਸਿੱਖ ਨੂੰ ਈਸ਼ਵਰ ਬਿਬੇਕ ਬੁੱਧ ਬਖ਼ਸ਼ਦਾ ਹੈ ਜਿਸ ਦੁਆਰਾ ਉਹ ਕੇਵਲ ਪ੍ਰਭੂ ਨਾਲ ਆਪ ਹੀ ਨਹੀਂ ਜੁੜਦਾ ਬਲਕਿ ਉਹ ਆਪਣੀ ਮੁਕਤੀ ਤੋਂ ਇਲਾਵਾ ਬਾਕੀ ਸੰਸਾਰ ਦੇ ਜੀਵਾਂ ਨੂੰ ਨਾਮ ਜਪਾਵਣ ਭਾਵ ਰੱਬੀ ਮਾਰਗ `ਤੇ ਚੱਲਣ, ਧਰਮ ਕਮਾਉਣ ਦੇ ਪਾਸੇ ਲਾਉਂਦਾ ਹੈ। ਇਸ ਪ੍ਰਕਾਰ ਇੱਕ ਆਦਰਸ਼ਕ ਪੁਰਸ਼ ਵਾਸਤੇ ਧਰਮ ਦਾ ਮਾਰਗ ਨਿਰੋਲ ਵਿਅਕਤੀਗਤ ਰਸਤਾ ਨਹੀਂ ਸਗੋਂ ਸਮਾਜਿਕ ਜੀਵਨ ਹੈ। ਗੁਰੂ ਸਾਹਿਬਾਨ ਨੇ ਸਮੁੱਚੇ ਵਿਸ਼ਵ ਨੂੰ ਇਹ ਸੰਕਲਪ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਆਪਣੇ ਹਿੱਤਾਂ ਤੋਂ ਬਾਹਰ ਜਾ ਕੇ ਜਿੰਨਾ ਚਿਰ ਸਰਬੱਤ ਦੇ ਭਲੇ ਵਾਸਤੇ ਅਰਦਾਸ ਨਹੀਂ ਕਰਦਾ ਉਸ ਦੇ ਸਾਰੇ ਕਰਮ ਵਿਅਰਥ ਹਨ। ਇਸ ਵਾਸਤੇ ਇੱਕ ਆਦਰਸ਼ਕ ਮਨੁੱਖ ਦਾ ਜੀਵਨ ਧਾਰਮਿਕ ਹੋਣ ਦੇ ਨਾਲ-ਨਾਲ ਸਮਾਜਿਕ ਪੁਰਸ਼ ਵਜੋਂ ਸਫਲ ਜੀਵਨ ਜੀਉਣਾ ਅਤਿ ਲਾਜ਼ਮੀ ਹੈ।

ਆਦਰਸ਼ਕ ਪੁਰਸ਼ ਕਿਰਤ ਕਰਦਾ ਵੰਡ ਛਕਦਾ ਤੇ ਨਾਮ ਜਪਦਾ ਮਿਲੀ ਸਵਾਸਾਂ ਦੀ ਪੂੰਜੀ ਨੂੰ ਲੇਖੇ ਲਾਉਂਦਾ ਹੈ। ਸਦਾਚਾਰ ਦਾ ਜੀਵਨ ਜਿਉਂਦਾ ਹੈ। ਸਭ ਜੀਵਾਂ ਨੂੰ ਪ੍ਰਮਾਤਮਾ ਦੀ ਜੋਤ ਜਾਣਦਾ ਹੈ ਤੇ ਕੋਈ ਭੇਦ ਭਾਵ ਨਹੀ ਪਾਲਦਾ। ਕਿਸੇ ਨਾਲ ਵੈਰ ਵਿਰੋਧ ਨਹੀ ਪਾਲਦਾ, ਸਭ ਨਾਲ ਬਣਾਕੇ ਰਖਦਾ ਹੈ:
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)
ਹਲੀਮੀ ਧਾਰਨ ਕਰਦਾ ਹੈ ਤੇ ਹਉਮੈ ਨੂੰ ਪਠੇ ਨਹੀਂ ਪਾੳੇਦਾ। ਆਦਰਸ਼ਕ ਪੁਰਸ਼ ਵਾਸਤੇ ਹਉਮੈ ਨੂੰ ਦੂਰ ਕਰਨਾ ਬੜਾ ਜ਼ਰੂਰੀ ਹੈ, ਉਸ ਦਾ ਹਿਰਦਾ ਨਿਰਮਲ ਹੋਵੇ ਅਤੇ ਨਿਮਰਤਾ ਨਾਲ ਭਰਿਆ ਹੋਇਆ ਹੋਵੇ:
ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥ (ਪੰਨਾ 728)

ਆਪਣੀ ਰੋਟੀ-ਰੋਜ਼ੀ ਵਾਸਤੇ ਭਾਈ ਲਾਲੋ ਵਾਂਗ ਆਪ ਮਿਹਨਤ ਕਰਦਾ ਹੈ, ਦੂਜਿਆਂ ਉੱਪਰ ਨਿਰਭਰ ਨਹੀਂ ਹੁੰਦਾ। ਗੱਲਾਂ ਨਾਲ ਝੂਠੇ ਵਿਖਿਆਨਾਂ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ, “ਕਾਰ ਦੇ ਨਾਲ-ਨਾਲ ਦਿਲ ਨੂੰ ਕਰਤਾਰ ਨਾਲ” ਜੋੜਨ ਦੀ ਲੋੜ ਹੈ। ਜੇਕਰ ਕਿਤੇ ਮਨ ਵਿੱਚ ਦੁਬਿਧਾ ਪੈਦਾ ਹੁੰਦੀ ਹੈ ਤਾਂ ਉਸ ਵਾਸਤੇ ਸੰਗਤ ਵਿੱਚ ਬੈਠ ਕੇ ਵਿਚਾਰ ਕਰਨ ਨੂੰ ਕਿਹਾ ਗਿਆ ਹੈ। ਗ੍ਰਹਸਤੀ ਜੀਵਨ ਵਿੱਚ ਰਹਿੰਦਿਆਂ ਵੀ ਜਲ ਮਹਿ ਕਮਲ ਸਮਾਨ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਸੰਗਤ ਵਿੱਚ ਨਾਮ ਚਰਚਾ ਕਰਦਾ ਹੈ।

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੇ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ (ਪੰਨਾ 1185)

ਹਉਮੈ ਨੂੰ ਤਿਆਗ ਕੇ ਸਤਿ ਦੀ ਪਛਾਣ ਵੱਲ ਵਧਦਾ ਹੈ। ਪ੍ਰਭੂ ਦੀ ਕ੍ਰਿਪਾ ਦੁਆਰਾ ਬਿਬੇਕ ਬੁੱਧ ਜਨਮ ਲੈਂਦੀ ਹੈ। ਫਿਰ ਜੀਵ ਚੰਗੇ ਅਤੇ ਮਾੜੇ ਕਰਮ ਵਿੱਚ ਅੰਤਰ ਕਰਕੇ ਨੇਕੀ ਵੱਲ ਵਧਦਾ ਹੈ। ਹੌਲੀ-ਹੌਲੀ ਸਵਾਰਥ ਭਾਵਨਾ ਖ਼ਤਮ ਹੁੰਦੀ ਹੈ। ਉਸ ਦੀ ਥਾਂ ਸਮਾਜਿਕ ਦ੍ਰਿਸ਼ਟੀ ਦਾ ਵਿਕਾਸ ਹੁੰਦਾ ਹੈ, ਪਰਉਪਕਾਰੀ ਬਣਦਾ ਹੈ। ਸਮਾਜ ਦੇ ਭਲੇ ਵਾਸਤੇ ਯੋਗਦਾਨ ਪਾਉਂਦਾ ਹੋਇਆ ਵਿਸ਼ਵ-ਹਿਤੈਸ਼ੀ ਬਣਦਾ ਹੈ। ਹਰ ਵਕਤ ਨਾਮ ਦਾ ਪਰਵਾਹ ਚੱਲਦਾ ਹੈ ਤੇ ਨਿਰੰਕਾਰ ਦੀ ਉਸਤਤ ਕਰਦਾ ਰਹਿੰਦਾ ਹੈ। ਗੁਰਬਾਣੀ ਵਿੱਚ ਦਰਜ ਹੈ:
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮ॥ (ਪੰਨਾ 262)
ਇਸ ਤਰਾਂ ਦੇ ਸਰੀਰ ਵਿੱਚ ਕਾਇਆ, ਮਹਿਲ, ਮੰਦਰ, ਘਰ ਤਿਆਰ ਕਰਵਾ ਕੇ ਉਸ ਵਿੱਚ ਜੋਤ ਰੱਖ ਕੇ ਪਰਮਾਤਮਾ ਆਪਣੇ ਮਿਲਣ ਵਾਸਤੇ ਗੁਰਮੁਖਾਂ ਨੂੰ ਆਪ ਬੁਲਾਉਂਦਾ ਹੈ:
ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ॥
ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ॥ 4॥ 5॥ (ਪੰਨਾ 1256)
ਜਿਉਂ ਹੀ ਪਰਮਾਤਮਾ ਗੁਰਮੁਖਾਂ ਨੂੰ ਅਪਣੇ ਘਰ ਬੁਲਾਉਂਦਾ ਹੈ, ਉਦੋਂ ਗੁਰਮੁਖਾਂ ਦੀ ਪਰਮ ਅਨੰਦ ਦੀ ਅਵਸਥਾ ਹੁੰਦੀ ਹੈ
ਗੁਰਮੁਖਿ ਜਾਇ ਮਿਲੈ ਨਿਜ ਮਹਲੀ ਅਨਹਦ ਸਬਦੁ ਬਜਾਵੈਗੋ॥ 5॥
ਜੀਅ ਜੰਤ ਸਭ ਸਿਸਟਿ ਉਪਾਈ ਗੁਰਮੁਖਿ ਸੋਭਾ ਪਾਵੈਗੋ॥
ਬਿਨੁ ਗੁਰ ਭੇਟੇ ਕੋ ਮਹਲੁ ਨ ਪਾਵੈ ਆਇ ਜਾਇ ਦੁਖੁ ਪਾਵੈਗੋ॥ 6॥ (ਪੰਨਾ 1310)
ਪਰਮਾਤਮਾ ਪ੍ਰਾਪਤੀ ਹੀ ਤਾਂ ਅਸਲ ਵਿਗਾਸ ਹੈ ਜਿਸ ਨਾਲ ਅਨੰਦ ਦੀ ਸਥਿਤੀ ਉਤਪੰਨ ਹੁੰਦੀ ਹੈ
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥
ਸ਼ਤਿਗੁਰ ਤਾਂ ਪਾਇਆ ਸਹਜ ਮਨ ਵਜੀਆ ਵਾਧਾਈਆਂ॥ (ਰਾਮਕਲੀ ਮ: 3, ਪੰਨਾ 917: 2)
ਮਨੁਖ ਦਾ ਪ੍ਰਮਾਤਮਾ ਨੂੰ ਪਾਉਣਾ ਅਤੇ ਸਮਾਉਣਾ ਹੀ ਸਹੀ ਜੀਵਨ ਆਦਰਸ਼ ਹੈ ਤੇ ਇਹੋ ਹੈ ਵਿਗਾਸ ਦੀ ਸਿਖਰ।
ਮਨੁੱਖ ਦਾ ਜੀਵਨ ਮਨੋਰਥ
ਗੁਰਬਾਣੀ ਅਨੁਸਾਰ ਮਨੁਖ ਦਾ ਮਨੋਰਥ ਮੋਹ ਮਾਇਆ ਦੇ ਬੰਧਨਾਂ ਤੋਂ ਉਪਰ ਉਠ ਕੇ ਨਾਮ ਜਪਣਾ ਤੇ ਪ੍ਰਮਾਤਮਾ ਨੂੰ ਪਾਉਣਾ ਅਤੇ ਸਮਾਉਣਾ ਹੈ। ਮਿਸਾਲ ਵਜੋਂ
ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥੨॥ (ਮ: 3, ਪੰਨਾ 364, ਸਤਰ 17)
ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥ (ਰਾਮਕਲੀ ਮਹਲਾ 1, ਪੰਨਾ, 944: 11)
ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ॥
ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ॥
ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ॥
ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ॥ 1॥
(ਸਿਰੀਰਾਗੁ ਮਹਲਾ 5, ਪੰਨਾ 43)
ਇਸੇ ਦੀ ਵਿਆਖਿਆ ਕਰਦਿਆਂ ਗੁਰਬਾਣੀ ਵਿੱਚ ਸ੍ਰੀ ਗੁਰੁ ਅਰਜਨ ਦੇਵ ਜੀ ਫੁਰਮਾਉਂਦੇ ਹਨ ਕਿ ਮਨੁਖ ਮਾਇਆ ਵਿੱਚ ਮੁਗਧ ਦਨਿਆਵੀ ਪ੍ਰਾਪਤੀਆਂ ਤੇ ਹੀ ਪ੍ਰਸੰਨ ਹੋਈ ਜਾਂਦਾ ਹੈ ਪਰ ਅਣਜਾਣ ਅਪਣਾ ਅਸਲੀ ਜੀਵਨ ਮਕਸਦ ਨਹੀਂ ਪਛਾਣਦਾ ਕਿਉਂਕਿ ਉਸਦਾ ਅਸਲੀ ਜੀਵਨ ਮਕਸਦ ਸਚਾ ਨਾਮ ਲੈਣਾ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਰਾਹੀਂ ਜੀਵਨ ਮਰਨ ਦੇ ਘੇਰ ਵਿਚੋਂ ਮੁਕਤੀ ਪ੍ਰਾਪਤ ਕਰਨੀ ਹੈ ਤੇ ਉਸ ਸਚੇ ਪਰਮ ਪਿਤਾ ਨੂੰ ਪਾਉਣਾ ਅਤੇ ਸਮਾਉਣਾ ਹੈ।
ਕਾਰਜ ਉਹ ਕੀਤਾ ਜਾਂਦਾ ਹੈ ਜਿਸ ਵਿੱਚ ਲਾਹਾ ਹੋਵੇ। ਪ੍ਰਾਪਤੀ, ਸੰਤੁਸ਼ਟੀ, ਪ੍ਰਸੰਨਤਾ ਵੀ ਲਾਹੇ ਦੇ ਨਾਲ ਜੁੜੇ ਹੋਏ ਹਨ ਪ੍ਰਤੂ ਦੋਨਾਂ ਸੰਦਰਭਾਂ ਵਿੱਚ ਲਾਹਾ ਵਖ ਵਖ ਤਰ੍ਹਾਂ ਦਾ ਹੈ। ਗੁਰਬਾਣੀ ਅਨੁਸਾਰ ਇਹ ਲਾਹਾ ਰਾਮ ਨਾਮ ਵਿੱਚ ਹੈ:
ਲਾਹਾ ਕਲਜੁਗਿ ਰਾਮਨਾਮੁ ਹੈ (ਮਲਾਰ ਮ: 3, ਪੰਨਾ 1262: 9),
ਲਾਹਾ ਨਾਮ ਰਤਨੁ ਜਪਿ ਸਾਰੁ (ਰਾਮਕਲੀ ਮ: 1, ਪੰਨਾ 931: 8)
ਗੁਰਮੁਖਿ ਪਾਏ ਨਾਮੁ ਅਪਾਰਾ॥ ਅੰਦਰਿ ਮਹਲ ਰਤਨੀ ਭਰੇ ਭੰਡਾਰਾ॥
ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ॥
ਆਪੇ ਵਥੁ ਰਾਖੈ ਆਪੇ ਦੇਇ।। ਗੁਰਮੁਖਿ ਵਣਜਹਿ ਕੇਈ ਕੇਇ॥
(ਮਾਝ, ਮਃ 3, 126-11-13)
ਮਾਨਵ ਸ਼੍ਰਿਸ਼ਟੀ ਉਪਰ ਕਰਮ ਕਮਾਉਣ ਲਈ ਭੇਜਿਆ ਗਿਆ ਹੈ। ਉਸਨੇ ਉਹ ਸਭ ਕਾਰਜ ਨਿਬਾਹੁਣੇ ਹਨ ਜਿਨ੍ਹਾਂ ਜਿਨ੍ਹਾਂ ਲਈ ਉਸ ਨੂੰ ਹੁਕਮ ਹੁੰਦਾ ਹੈ। ਹੁਕਮ ਅਨੁਸਾਰ ਕਾਰਜ ਕਰਨ ਲਈ ਜਦੋਂ ਉਹ ਯੋਗ ਸਿਖਿਆਵਾਂ ਲੈਂਦਾ ਹੈ ਤਾਂ ਉਸ ਵਿੱਚ ਕਾਰਜ ਕੁਸ਼ਲਤਾ ਤੇ ਨਿਪੁੰਨਤਾ ਵਧਦੀ ਹੈ। ਹਰ ਪੜਾ ਸਕੁਸ਼ਲ ਪਾਰ ਕਰਨ ਤੇ ਵੀ ਉਸ ਨੂੰ ਖੁਸ਼ੀ ਮਿਲਦੀ ਹੈ, ਇਸ ਤਰਾਂ ਉਹ ਵਿਗਾਸ ਦਿਆਂ ਅਡ ਅਡ ਪੜਾਵਾਂ ਵਿਚੋਂ ਗੁਜ਼ਰਦਾ ਹੈ ਤੇ ਅਖੀਰ ਵਿੱਚ ਜਦ ਮਿਥੀ ਮੰਜ਼ਿਲ ਦੀ ਪ੍ਰਾਪਤੀ ਕਰ ਲੈਦਾ ਹੈ ਤਾਂ ਉਹ ਪਰਮ ਆਨੰਦ ਦਾ ਭਾਗੀ ਹੋ ਜਾਂਦਾ ਹੈ।
ਵਿਕਾਸ
ਵਿਕਾਸ ਬੜਾ ਪ੍ਰਚਲਤ ਸ਼ਬਦ ਹੈ ਜਿਸ ਨੂੰ ਅਸੀਂ ਆਮ ਜ਼ਿੰਦਗੀ ਵਿੱਚ ਮਨੁਖ ਜਾਂ ਸਮਾਜ ਦੇ ਆਰਥਿਕ ਵਾਧੇ ਨਾਲ ਜੋੜਦੇ ਹਾਂ। ਵਿਕਾਸ ਦੀਆਂ ਜੋ ਪ੍ਰੀਭਾਸ਼ਾਵਾਂ ਸਾਨੂੰ ਹੋਰ ਭੌਤਕ ਵਾਦੀ ਵਿਸ਼ਵ ਕੋਸ਼ਾਂ ਵਿਚੋਂ ਮਿਲਦੀਆਂ ਹਨ ਜਿਨ੍ਹਾਂ ਸਭ ਦਾ ਸੰਦਰਭ ਆਰਥਿਕ ਵਾਧੇ ਤੇ ਉਸ ਤੋਂ ਪ੍ਰਾਪਤ ਹੋਈ ਸਰੀਰਕ ਤੇ ਮਾਨਸਿਕ ਸੰਤੁਸ਼ਟੀ ਨਾਲ ਹੈ। ਮਿਸਾਲ ਵਜੋਂ ਕੁੱਝ ਪ੍ਰੀਭਾਸ਼ਾਵਾਂ ਜੋ
Development ਹੇਠ ਮਿਲੀਆਂ ਹਨ:
1. ਵਧਾ, ਫੈਲਾ ਤੇ ਸੁਧਾਰ ਨਾਲ ਸੋਧਣ ਦੀ ਪ੍ਰਕਿਰਿਆ।
2. ਇਕ ਸਿਲਸਿਲੇ ਦਾ ਦਰਜਾਵਾਰ ਇੱਕ ਪੜਾ ਤੋਂ ਅਗਲੇ ਪੜਾਵਾਂ ਤਕ ਪਹੁੰਚਣਾ।
3. ਉਗਣਾ ਤੇ ਵਧਣਾ
4. ਪ੍ਰਫੁਲ ਹੋਣ ਦੀ ਪ੍ਰਕਿਰਿਆ, ਵਧਾਰਾ, ਤਰਕੀ ਜਿਵੇਂ ਕਿ ਬਾਲ ਵਿਕਾਸ, ਆਰਥਿਕ ਵਿਕਾਸ॥
5. ਥਲੜੀ ਜਾਂ ਸਾਦੀ ਦਸ਼ਾ ਤੋਂ ਤਰਕੀਯਾਫਤਾ, ਗੁੰਝਲਦਾਰ ਜਾਂ ਪਰੌੜ ਦਸ਼ਾ ਵਲ ਵਧਣਾ
ਇਨ੍ਹਾਂ ਪ੍ਰੀਭਾਸ਼ਾਵਾਂ ਦੇ ਮੁਖ ਅੰਸ਼ ਹਨ: ਪ੍ਰਫੁਲ ਹੋਣ ਦੀ ਪ੍ਰਕਿਰਿਆ, ਵਧਾਰਾ, ਤਰਕੀ। ਵਿਕਾਸ ਦੀਆਂ ਪ੍ਰੀਭਾਸ਼ਾਵਾਂ
Evolution ਥਲੇ ਵੀ ਆ ਜਾਂਦੀਆਂ ਹਨ। ਮਾਨਵ ਦੀ ਵਿਕਾਸ ਕਿਰਿਆ ਦੇ ਸਿਧਾਂਤ ਵਿਕਾਸ ਸਿਧਾਂਤ (Theory of Evolution) ਅਨੁਸਾਰ ਮਨੁੱਖੀ ਸਰੀਰ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਜਿੰਦ ਕਈ ਸਰੀਰਾਂ ਵਿੱਚੋਂ ਲੰਘੀ। ਨਿਰਜੀਵ ਮਾਦੇ ਵਿੱਚੋਂ ਪਹਿਲਾਂ ਜੀਵ ਬਨਸਪਤੀ ਦੇ ਰੂਪ ਵਿੱਚ ਪੈਦਾ ਹੋਏ, ਫਿਰ ਜਾਨਵਰਾਂ ਦੇ ਰੂਪ ਵਿੱਚੋਂ ਵਿਕਾਸ ਕਰਦਾ, ਬਾਂਦਰ ਆਦਿ ਦੇ ਸਰੀਰ ਤੋਂ ਤਰੱਕੀ ਕਰਦਾ ਮਨੁੱਖ ਦਾ ਸਰੀਰ ਬਣਿਆ। ਇਹ ਇਸ ਵਿਕਾਸ ਨੂੰ ਸਰੀਰਿਕ ਮੰਨਦੇ ਹਨ ਅਤੇ ਇਨ੍ਹਾਂ ਅਨੁਸਾਰ ਜਦ ਸਰੀਰ ਦਾ ਵਿਕਾਸ ਹੁੰਦਾ ਹੈ, ਸੂਝ ਜਾਂ ਚੇਤਨਤਾ ਵਿੱਚ ਵੀ ਤਰੱਕੀ ਹੁੰਦੀ ਜਾਂਦੀ ਹੈ ਅਤੇ ਅੰਤ ਮਨੁੱਖੀ ਦੇਹ ਵਿੱਚ ਵਿਚਾਰ ਅਤੇ ਨਿਰਣਾ ਸ਼ਕਤੀ ਵੀ ਆ ਜਾਂਦੀ ਹੈ।
ਸਮਾਜ ਵਿਗਿਆਨੀਆਂ ਅਤੇ ਅਰਥ ਸ਼ਾਸਤਰੀਆਂ ਨੇ ਹੁਣ ਇਹ ਸਿੱਟਾ ਕੱਢਿਆ ਹੈ ਕਿ ਧਰਮ ਕਿਸੇ ਵੀ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦਾ ਹੈ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਧਰਮ ਦਾ ਸੰਬੰਧ ਕੇਵਲ ਆਤਮਾ, ਪਰਮਾਤਮਾ ਅਤੇ ਸੰਸਾਰ ਦੀ ਖੇਡ ਦੇ ਰਹੱਸ ਨਾਲ ਜੁੜੇ ਪ੍ਰਸ਼ਨਾਂ ਦੇ ਉੱਤਰ ਲੱਭਣ ਨਾਲ ਹੈ ਅਤੇ ਇਸ ਦਾ ਆਰਥਿਕ ਵਿਕਾਸ ਨਾਲ ਕੋਈ ਨੇੜਲਾ ਸੰਬੰਧ ਨਹੀਂ ਹੈ।

ਬੋਲਡਿੰਗ ਕਹਿੰਦਾ ਹੈ “ਧਰਮ ਦਾ ਪ੍ਰਭਾਵ, ਆਰਥਿਕ ਸੋਚ ਨਾਲੋਂ ਜੀਵਨ ਉੱਤੇ ਕਿਤੇ ਵਧੇਰੇ ਹੈ। ਆਪਣੀ ਆਰੰਭਤਾ ਤੋਂ ਹੀ, ਧਰਮ ਨੇ ਨਾ ਕੇਵਲ ਵਸਤੂਆਂ ਦੀ ਪ੍ਰਕਿਰਤੀ ਨੂੰ ਪ੍ਰਭਾਵਤ ਕੀਤਾ, ਜਿਨ੍ਹਾਂ ਨੇ ਅਰਥ ਸ਼ਾਸਤਰ ਲਈ ਮੁੱਖ ਵਿਸ਼ਾ-ਵਸਤੂ ਬਣਨਾ ਹੁੰਦਾ ਹੈ, ਸਗੋਂ ਆਰਥਿਕ ਸੰਸਥਾਵਾਂ ਤੇ ਕ੍ਰਿਆਵਾਂ ਨੂੰ ਵੀ ਪ੍ਰਭਾਵਤ ਕੀਤਾ ਜਿਨ੍ਹਾਂ ਨੇ ਆਰਥਿਕ ਵਿਕਾਸ ਨੂੰ ਨਿਰਧਾਰਤ ਕਰਨ ਵਿੱਚ ਵੱਡਾ ਯੋਗਦਾਨ ਪਾਉਣਾ ਹੁੰਦਾ ਹੈ। ਬਹੁਤਾ ਕਰਕੇ ਮਨੁੱਖਾਂ ਦੇ ਮਨਾਂ ਅੰਦਰਲੀ ਸਥਿਤੀ ਤੇ ਨਿਰਭਰ ਕਰਦਾ ਹੈ ਕਿ ਸਮਾਜ ਵਿੱਚ ਸਬਲ ਉਤਪਾਦਕੀ ਸ਼ਕਤੀ ਬਣੇਗਾ। ਇਸੇ ਵਿਕਾਸ ਨੇ ਮਨੁੱਖ ਨੂੰ ਤਰਸਯੋਗ ਹਾਲਤਾਂ, ਭੁੱਖਮਰੀ ਅਤੇ ਸੱਭਿਅਤਾ ਦੇ ਖ਼ਤਰਿਆਂ ਤੋਂ ਪਾਰ ਲੰਘਾਇਆ …. . ਤੇ ਇਸ ਮਨੁੱਖੀ ਵਿਕਾਸ ਦਾ ਪ੍ਰਭਾਵੀ ਧਰਮ ਨਾਲ ਨੇੜਲਾ ਸੰਬੰਧ ਹੈ।

ਆਵਾਗਵਨ ਦੇ ਸਿਧਾਂਤ ਅਤੇ ਵਿਕਾਸ ਦੇ ਸਿਧਾਂਤ ਵਿੱਚ ਭੇਦ ਇਹ ਹੈ ਕਿ ਪਿਛਲਾ ਸਿਧਾਂਤ ਤਾਂ ਸਿਰਫ਼ ਸਰੀਰ ਤਕ ਹੀ ਸੀਮਿਤ ਰਹਿੰਦਾ ਹੈ ਅਤੇ ਮੰਨਦਾ ਹੈ ਕਿ ਸਰੀਰਿਕ ਉੱਨਤੀ ਅਨੁਸਾਰ ਅੰਦਰਲੀ ਸੂਝ ਵਧਦੀ ਜਾਂਦੀ ਹੈ। ਪਰ ਆਵਾਗਵਨ ਦਾ ਸਿਧਾਂਤ ਇਹ ਦੱਸਦਾ ਹੈ ਕਿ ਜੀਵ-ਆਤਮਾ ਦੀ ਆਪਣੀ ਅਵਸਥਾ ਅਨੁਸਾਰ ਉਸ ਨੂੰ ਚੰਗੇਰਾ ਸਰੀਰ ਮਿਲਦਾ ਹੈ। ਗੁਰੂ ਸਾਹਿਬ ਨੇ ਦਰਸਾਇਆ ਹੈ ਕਿ ਜੀਵ-ਆਤਮਾ ਨੇ ਹੇਠਲੇ ਦਰਜਿਆਂ (ਜੂਨੀਆਂ) ਦਾ ਜੀਵਨ ਬਤੀਤ ਕਰ ਕੇ ਬਹੁਤ ਸਮੇਂ ਪਿੱਛੋਂ ਇਸ ‘ਮਾਨਸ ਦੇਹ’ ਦਾ ਜਾਮਾ ਲਿਆ ਹੈ ਅਤੇ ਇਹ ਵੀ ਦੱਸਿਆ ਹੈ ਕਿ ਇਹ ਮਨੁੱਖਾ ਜਨਮ ਇਸ ਆਵਾਗਵਨ ਦੇ ਚੱਕਰ ਨੂੰ ਕੱਟਣ ਦਾ ਸਭ ਤੋਂ ਵਧੀਆ ਸਮਾਂ ਹੈ:
ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ (ਪੰਨਾ 176)
ਇਹ ਦੇਹ ਚੁਰਾਸੀ ਦਾ ਚੱਕਰ ਪੂਰਾ ਕਰ ਕੇ ਮਿਲੀ ਹੈ। ਕੀੜੇ-ਪਤੰਗੇ, ਹਾਥੀ, ਮੱਛ, ਕੁਰੰਗ, ਪੰਛੀ, ਸੱਪ, ਘੋੜੇ, ਦਰਖ਼ਤ, ਪਹਾੜ ਆਦਿ ਚੁਰਾਸੀ ਲੱਖ ਜੂਨੀਆਂ ਵਿੱਚ ਇਹ ਜੀਵ ਭੌਂਦਾ ਰਿਹਾ ਹੈ। ਗੁਰਮਤਿ ਵਿੱਚ ਇਸ ਸਿਧਾਂਤ ਨੂੰ ਬੜੀ ਦ੍ਰਿੜ੍ਹਤਾ ਨਾਲ ਪੇਸ਼ ਕੀਤਾ ਗਿਆ ਹੈ। ਪਰੰਤੂ, ਜਿੱਥੇ ਜੀਵ-ਆਤਮਾ ਦੇ ਕੀਟਪਤੰਗਿਆਂ ਤੋਂ ਮਨੁੱਖਾ ਦੇਹ ਵਿੱਚ ਆਉਣ ਬਾਰੇ ਦੱਸਿਆ ਗਿਆ ਹੈ, ਉਥੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਜੀਵ-ਆਤਮਾ ਹੇਠਲੀਆਂ ਜੂਨਾਂ ਵਿੱਚ ਵੀ ਪੈ ਸਕਦੀ ਹੈ। ਇਹ ਭੁੱਲਿਆ ਹੋਇਆ ਮਨਮੁਖੀ ਜੀਵ ‘ਰਾਜ, ਮਿਲਕ, ਸਿਕਦਾਰੀਆਂ’ ਦੇ ਰੂਪ ਭੋਗਣ ਵਿੱਚ ਖੱਚਤ ਰਹਿਣ ਵਾਲਾ, ਜੋ ਪਾਰਬ੍ਰਹਮ ਨੂੰ ਚਿਤ ਨਹੀਂ ਲਿਆਉਂਦਾ, ਗੁਰੂ ਜੀ ਫ਼ਰਮਾਉਂਦੇ ਹਨ ਕਿ ਸੱਪ ਦੀ ਜੂਨੀ ਵਿੱਚ ਪੈਂਦਾ ਹੈ:
ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ॥ ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ॥
ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ॥
ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ॥ (ਪੰਨਾ 70)
ਭਗਤ ਤ੍ਰਿਲੋਚਨ ਜੀ ਇਸੇ ਵਿਚਾਰ ਦੀ ਹੋਰ ਸਪੱਸ਼ਟਤਾ ਕਰਦੇ ਹਨ। ਆਪ ਜੀ ਦਾ ਵਿਚਾਰ ਹੈ ਕਿ ਅੰਤ ਸਮੇਂ ਜੋ ਲਛਮੀ ਦਾ ਹੀ ਚਿੰਤਨ ਕਰਦੇ ਹਨ ਅਤੇ ਇਸੇ ਮਾਇਆ ਦੀ ਚਿੰਤਾ ਵਿੱਚ ਮਰ ਜਾਂਦੇ ਹਨ ਉਹ ਮੁੜ-ਮੁੜ ਸੱਪ ਦੀ ਜੂਨ ਵਿੱਚ ਪੈਂਦੇ ਹਨ। ਜਿਸ ਪ੍ਰਾਣੀ ਦੀ ਸੁਰਤ ਅੰਤ ਸਮੇਂ ਇਸਤਰੀ ਭੋਗਣ ਵਿੱਚ ਹੁੰਦੀ ਹੈ, ਉਹ ਅਗਲੇ ਜਨਮ ਸਮੇਂ ਵੇਸਵਾ ਦੀ ਜੂਨੀ ਵਿੱਚ ਪੈਂਦਾ ਹੈ। ਜਿਸ ਦਾ ਖ਼ਿਆਲ ਸੰਤਾਨ ਦੀ ਮੋਹ-ਮਮਤਾ ਵਿੱਚ ਹੁੰਦਾ ਹੈ ਉਹ ਸੂਰੀ ਦੀ ਜੂਨੀ ਵਿੱਚ ਪੈਂਦਾ ਹੈ। ਸੋ, ਜੋ ਅਮਤ ਸਮੇਂ ਉਸ ਦੇ ਮਨ ਵਿੱਚ ਸੰਕਲਪ ਬਣ ਜਾਂਦਾ ਹੈ, ਉਸੇ ਤਰ੍ਹਾਂ ਦਾ ਭੋਗ ਭੋਗਣ ਲਈ ਉਸ ਨੂੰ ਅਜਿਹੀ ਜੂਨ ਵਿੱਚ ਪੈਣਾ ਹੀ ਪੈਂਦਾ ਹੈ।
ਜੀਵ ਦੇ ਕੀਤੇ ਹੋਏ ਕਰਮਾਂ ਦੇ ਸੰਸਕਾਰ ਹਨ ਜੋ ਉਸ ਨੂੰ ਜੂਨਾਂ ਵਿੱਚ ਘੁਮਾਉਂਦੇ ਹਨ, ਪਰੰਤੂ, ਇਹ ਕਿਰਿਆ ਕਿਸ ਤਰ੍ਹਾਂ ਵਾਪਰਦੀ ਹੈ, ਇਸ ਤੇ ਵਿਚਾਰ ਲੋੜੀਂਦੀ ਹੈ। ਇੱਕ ਜੂਨੀ ਤੋਂ ਦੂਜੀ ਜੂਨੀ ਵਿੱਚ ਆਉਣ ਵੇਲੇ ਜਦ ਮਨ ਇੱਕ ਅਵਸਥਾ ਤੋਂ ਦੂਸਰੀ ਅਵਸਥਾ ਵਿੱਚ ਆਉਂਦਾ ਹੈ ਤਾਂ ਉਹ ਪਹਿਲੀ ਜੂਨ ਦੇ ਸਾਰੇ ਸੰਸਕਾਰ ਛੱਡ ਕੇ ਨਹੀਂ ਆਉਂਦਾ, ਬਲਕਿ ਸੂਖ਼ਮ ਸਰੀਰ ਵਿੱਚ ਉਨ੍ਹਾਂ ਸੰਸਕਾਰਾਂ ਦਾ ਸਿੱਟਾ ਉਸ ਵਿੱਚ ਕਾਇਮ ਰਹਿੰਦਾ ਹੈ।
ਗੁਰਬਾਣੀ ਅਨੁਸਾਰ ਮਨੁੱਖ ਵਿੱਚ ਪੰਜ ਮੁੱਖ ਪਸ਼ੂ-ਰੁਚੀਆਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹਨ। ਇਸ ਤਰ੍ਹਾਂ ਮਨੁੱਖ ਦਾ ਮਨ, ਅੱਖਾਂ, ਕੰਨਾਂ, ਨੱਕ, ਮੂੰਹ ਤੇ ਤ੍ਵਚਾ ਰਾਹੀਂ ਸੰਤੁਸ਼ਟ ਹੋਣ ਵਾਲੇ ਪੰਜਾਂ ਵਿਸ਼ਿਆਂ ਦਾ ਗ਼ੁਲਾਮ ਹੈ ਅਤੇ ਇਹ ਵਿਸ਼ੇ ਰੂਪ, ਸ਼ਬਦ, ਸੁਗੰਧ, ਰਸ, ਸਪਰਸ਼ ਹਨ। ਇਹ ਸਭ ਪਸ਼ੂ ਸੁਭਾਅ ਨਾਲ ਸੰਬੰਧਿਤ ਹਨ ਅਤੇ ਜਿਹੜਾ ਮਨੁੱਖ ਇਨ੍ਹਾਂ ਵਿੱਚ ਖੱਚਤ ਹੋ ਕੇ ਆਪਣੇ ਆਦਰਸ਼ ਨੂੰ ਭੁੱਲ ਜਾਵੇ ਗੁਰਬਾਣੀ ਵਿੱਚ ਉਸ ਨੂੰ ਪਸ਼ੂਆਂ ਤੋਂ ਵੀ ਭੈੜਾ ਗਿਣਿਆ ਗਿਆ ਹੈ। ਇਹ ਪਸ਼ੂਵਿਸ਼ੇ ਇਸ ਲਈ ਕਹੇ ਜਾਂਦੇ ਹਨ, ਕਿਉਂਕਿ ਇਹ ਪਸ਼ੂਆਂ ਵਿੱਚ ਵੀ ਹਨ। ਕਈ ਪਸ਼ੂਆਂ ਵਿੱਚ ਸਿਰਫ਼ ਇਨ੍ਹਾਂ ਵਿੱਚੋਂ ਇੱਕ-ਇੱਕ ਹੀ ਵਿਸ਼ਾ ਹੈ, ਜਿਸ ਦੇ ਅਧੀਨ ਹੋ ਕੇ ਇਹ ਉਹ ਆਪਣਾ ਜੀਵਨ ਗੁਆ ਲੈਂਦੇ ਹਨ।
ਪ੍ਰੋ. ਸ਼ੇਰ ਸਿੰਘ ਅਨੁਸਾਰ— “ਮਨੁੱਖ ਵਿੱਚ ਇਹ ਸਾਰੇ ਵਿਸ਼ੇ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਮਨੁੱਖ ਇਨ੍ਹਾਂ ਜੂਨੀਆਂ ਵਿੱਚ ਦੀ ਲੰਘ ਕੇ ਆਇਆ ਅਤੇ ਇਹ ਭੀ ਸਿੱਧ ਹੁੰਦਾ ਹੈ ਕਿ ਪਿਛਲੇ ਅਸਰਾਤ ਜਾਂ ਸੰਸਕਾਰ ਸਰੀਰ ਵਿੱਚ ਕਾਇਮ ਰਹਿੰਦੇ ਹਨ।”
ਇਸ ਤਰ੍ਹਾਂ ਇੱਕ ਜੂਨੀ ਦਾ ਸੁਭਾਅ ਦੂਸਰੀ ਜੂਨੀ ਵਿੱਚ ਵੀ ਕਾਇਮ ਰਹਿੰਦਾ ਹੈ। ਪਰੰਤੂ, ਇਹ ਸੁਭਾਅ ਕੀ ਹੈ? ਮਾਨਸਿਕ ਵਿੱਦਿਆ ਦੇ ਖੋਜੀ ਮਨ ਦੇ ਦੋ ਵੱਡੇ ਭਾਗ ਸੁਚੇਤ ਅਤੇ ਅਚੇਤ ਮੰਨਦੇ ਹਨ। ਮਨੁੱਖ ਦੇ ਸੁਚੇਤ ਮਨ ਉੱਤੇ ਗਿਆਨਇੰਦ੍ਰੀਆਂ ਦੇ ਰਾਹੀਂ ਬਾਹਰਲੇ ਵਿਸ਼ਿਆਂ ਦੇ ਸੰਸਕਾਰ ਅਚੇਤ ਮਨ ਵਿੱਚ ਪਹੁੰਚ ਜਾਂਦੇ ਹਨ, ਜਿੱਥੇ ਪਹੁੰਚ ਕੇ ਇਹ ਮਨੁੱਖ ਦੇ ਸੁਭਾਅ ਦਾ ਰੂਪ ਧਾਰਨ ਕਰ ਲੈਂਦੇ ਹਨ।
ਹਿੰਦੁਸਤਾਨੀ ਵਿਚਾਰਵਾਨ ਆਵਾਗਵਨ ਨੂੰ ਮੰਨਦੇ ਹਨ, ਇਸ ਲਈ ਉਹ ਕਿਸੇ ਖਾਸ ਮਨੁੱਖ ਦੇ ਸੁਭਾਅ ਨੂੰ ਉਸ ਦੇ ਮਨ ਦੇ ਪਿਛਲੇ ਜਨਮਾਂ ਦੇ ਸੰਸਕਾਰਾਂ ਦਾ ਫਲ ਮੰਨਦੇ ਹਨ। ਸੰਸਕਾਰ ਕੀ ਹੁੰਦੇ ਹਨ? ਭਾਈ ਜੋਧ ਸਿੰਘ ਅਨੁਸਾਰ- “ਜਿਕੁਰ ਰੇਤ ਵਿੱਚ ਤੁਰੀਏ ਤਾਂ ਖੁਰਾ ਲੱਗ ਜਾਂਦਾ ਹੈ, ਇਕੁਰ ਹੀ ਮਨ ਵਿੱਚੋਂ ਲੰਘਣ ਤੇ ਸੰਕਲਪ ਖੁਰਾ ਛੱਡ ਜਾਂਦੇ ਹਨ।”
ਵਿਗਾਸ
ਪ੍ਰੰਤੂ ਜੇ ਅਸੀਂ ਗੁਰਬਾਣੀ ਦਾ ਨਿਰਣਾ ਕਰੀਏ ਤਾਂ ਸਾਨੂੰ ਵਿਕਾਸ ਸ਼ਬਦ ਕਿਤੇ ਵੀ ਵਰਤਿਆ ਨਹੀਂ ਲਭਦਾ ਜਦ ਕਿ ਵਿਗਾਸ ਦਾ ਪ੍ਰਯੋਗ ਹੋਇਆਂ ਹੈ। ਮਿਸਾਲ ਵਜੋ ਜਪੁਜੀ ਵਿੱਚ ਸਤਵੀਂ ਤੋਂ ਗਿਆਰਵੀਂ ਪਉੜੀ ਦਾ ਆਧਾਰ ਹੀ ਵਿਗਾਸ ਹੈ ਜਿਥੇ ਵਿਗਾਸ ਦਾ ਭਾਵਅਰਥ ਰੂਹਾਨੀ ਪ੍ਰਸੰਨਤਾ, ਖੇੜਾ ਜਾਂ ਰੋਸ਼ਨੀ ਤੋਂ ਲਿਆ ਗਿਆ ਹੈ ਤੇ ਇਸ ਨੂੰ ਭਗਤੀ ਨਾਲ ਸਬੰਧਤ ਕੀਤਾ ਗਿਆ ਹੈ ਨਾਂ ਕਿ ਆਰਥਿਕ ਕਾਰਜਾਂ ਵਿੱਚ ਰੁਝੇ ਮਨੁਖਾਂ ਨਾਲ ਹੈ। ਵਿਗਾਸ ਦਾ ਭਾਵ ਪ੍ਰਸੰਨਤਾ ਦੀ ਰੂਹਾਨੀ ਅਨੰਦ ਪ੍ਰਾਪਤੀ ਦੀ ਅਵਸਥਾ ਹੈ ਜਿਸ ਨੂੰ ਅੰਗ੍ਰੇਜ਼ੀ ਦੇ ਬਲਿਸ ਤੋਂ ਉਪਰ ਤੇ ਐਕਸਟੈਸੀ ਦੇ ਨੇੜੇ ਦੀ ਦਸ਼ਾ ਕਿਹਾ ਜਾ ਸਕਦਾ ਹੈ।
‘ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ॥’ (ਆਸਾ ਮ: 4, 449: 4)
ਵਿਕਾਸ ਤੇ ਵਿਗਾਸ ਦੀ ਤੁਲਨਾ
ਵਿਕਾਸ ਤੇ ਵਿਗਾਸ ਸ਼ਬਦਾਂ ਵਿੱਚ ਪ੍ਰਸੰਨਤਾ ਧੁਰਾ ਹੈ ਪਰ ਪ੍ਰਸੰਨਤਾ ਦਾ ਵੰਨ ਅਲਗ ਹੈ। ਜਦ ਅਸੀਂ ਕੋਈ ਮਨੋਰਥ ਰਖ ਕੇ ਕਾਰਜ ਕਰਦੇ ਹਾਂ ਤਾਂ ਉਸ ਦੇ ਮਨੋਰਥ ਅਨੁਸਾਰ ਸੰਪੂਰਨ ਹੋਣ ਤੇ ਪ੍ਰਸੰਨਤਾ ਮਿਲਦੀ ਹੈ। ਮਿਸਾਲ ਵਜੋਂ ਜਦ ਅਸੀਂ ਇਸ ਮਨੋਰਥ ਨਾਲ ਖੇਤੀ ਕਰਦੇ ਹਾਂ ਕਿ ਅਸੀ ਇਸ ਵਰ੍ਹੇ ਖੇਤ ਵਿਚੋਂ 2 ਲਖ ਰੁਪਏ ਕਮਾਉਣੇ ਹਨ ਤੇ ਸਾਨੂੰ ਕਮਾਈ ਦੋ ਲਖ ਦੀ ਹੋ ਜਾਂਦੀ ਹੈ ਤਾਂ ਸਾਨੂੰ ਸੰਤੁਸ਼ਟੀ ਹੁੰਦੀ ਹੈ ਤੇ ਅਸੀਂ ਪਰਸੰਨ ਹੁੰਦੇ ਹਾਂ। ਇਸੇ ਤਰ੍ਹਾਂ ਜੇ ਅਸੀ ਇਸ ਮਨੋਰਥ ਨਾਲ ਪਾਠ ਜਾਂ ਭਗਤੀ ਕਰਦੇ ਹਾਂ ਕਿ ਸਾਂਨੂੰ ਪਰਮਾਤਮਾ ਪਰਾਪਤੀ ਹੋਵੇ ਤੇ ਪ੍ਰਮਾਤਮਾਂ ਦੀ ਪ੍ਰਾਪਤੀ ਹੁੰਦੀ ਹੈ ਤਾਂ ਸਾਨੂੰ ਰੂਹਾਨੀ ਅਨੰਦ ਪ੍ਰਾਪਤੀ ਹੁੰਦੀ ਹੈ। ਇਹ ਦੋਨੋਂ ਕਾਰਜ ਪ੍ਰਸੰਨਤਾ ਲਈ ਹਨ ਪਰ ਦੋਨਾਂ ਕਾਰਜਾਂ ਦੇ ਸੰਪੂਰਨ ਹੋਣ ਪਿਛੋਂ ਜੋ ਪ੍ਰਸੰਨਤਾ ਮਿਲਦੀ ਹੈ ਉਸ ਦੇ ਰੰਗ ਵੰਨ ਵਖ ਹਨ। ਵਿਕਾਸ ਤੇ ਵਿਗਾਸ ਦਾ ਅੰਤਰ ਹੇਠ ਦਿਤੀ ਤਾਲਿਕਾ ਵਿੱਚ ਦਿਤਾ ਗਿਆ ਹੈ:
ਪਖ ਵਿਕਾਸ ਵਿਗਾਸ
ਸੰਕਲਪ ਪਛਮੀ ਵਿਚਾਰਧਾਰਾ ਦਾ ਸੰਕਲਪ ਗੁਰਬਾਣੀ ਦਾ ਸੰਕਲਪ
ਸੰਤੁਸ਼ਟੀ ਸਰੀਰਕ ਸੰਤੁਸ਼ਟੀ ਆਤਮਕ ਅਨੰਦ
ਸੇਧ ਸੇਧ ਪਦਾਰਥਕ ਉਨਤੀ ਸੇਧ ਪ੍ਰਮਾਤਮਾ ਪ੍ਰਾਪਤੀ
ਸੰਬੰਧ ਸਰੀਰ ਤੇ ਮਨ ਸਰੀਰ, ਪ੍ਰਾਣ-ਸ਼ਕਤੀ, ਮਨ ਤੇ ਰੂਹ
ਵਿਕਾਸ ਸਰੀਰਕ, ਪਦਾਰਥਕ, ਦੁਨਿਆਵੀ ਆਤਮਕ, ਰੂਹਾਨੀ,

ਮਾਨਵ ਵਿਕਾਸ ਤੇ ਮਾਨਵ ਵਿਗਾਸ
ਮਾਨਵ ਵਿਕਾਸ ਤੇ ਮਾਨਵ ਵਿਗਾਸ ਮਨੁਖ ਜਾਤੀ ਨੂੰ ਉਚਿਆਉਣ ਦੇ ਦੋ ਪਹਿਲੂ ਹਨ। ਮਾਨਵ ਵਿਕਾਸ ਮਾਨਵ ਸਰੋਤ ਗਿਆਨ ਦਾ ਉਹ ਵਿਸ਼ਾ ਹੈ ਜਿਸ ਅਨੁਸਾਰ ਮਾਨਵ ਦੇ ਆਰਥਿਕ ਪਖੋਂ ਵਿਕਾਸ ਦਾ ਮਾਰਗ ਸੁਝਾਇਆ ਜਾਂਦਾ ਹੈ ਜਿਸ ਦੀ ਪ੍ਰਾਪਤੀ ਸਰੀਰਕ ਸੰਤੁਸ਼ਟੀ ਹੈ। ਮਾਨਵ ਵਿਗਾਸ ਗੁਰਬਾਣੀ ਦਾ ਦਰਸਾਇਆ ਉਹ ਮਾਰਗ ਹੈ ਜਿਸ ਸਦਕਾ ਮਨੁਖ ਅਪਣੀ ਜੀਵਨ ਸੇਧ ਪ੍ਰਮਾਤਮਾ ਪ੍ਰਾਪਤੀ ਵਲ ਕਰਕੇ ਸਮੁਚੇ ਸਰੀਰ, ਮਨ ਤੇ ਰੂਹ ਦੀ ਤ੍ਰਿਪਤੀ ਪ੍ਰਾਪਤ ਕਰਦਾ ਹੈ ਤੇ ਅਕਹਿ ਅਨੰਦ ਪਾਉਂਦਾ ਹੈ। ਮਾਨਵ ਵਿਕਾਸ ਪਛਮੀ ਵਿਚਾਰਧਾਰਾ ਦਾ ਸੰਕਲਪ ਹੈ ਜਦਕਿ ਮਾਨਵ ਵਿਗਾਸ ਗੁਰਬਾਣੀ ਦਾ ਸੰਕਲਪ ਹੈ। ਮਾਨਵ ਵਿਕਾਸ ਦੀ ਹਦ ਸਰੀਰਕ ਸੰਤੁਸ਼ਟੀ ਹੈ ਜਿਸ ਵਿੱਚ ਮਨ ਦਾ ਵੀ ਕੁੱਝ ਭਾਗ ਹੈ ਜਦ ਕਿ ਮਾਨਵ ਵਿਗਾਸ ਦੀ ਸੇਧ ਪ੍ਰਮਾਤਮਾ ਪ੍ਰਾਪਤੀ ਤੇ ਹਦ ਵਿੱਚ ਸਰੀਰ, ਪ੍ਰਾਣ-ਸ਼ਕਤੀ, ਮਨ ਤੇ ਰੂਹ ਆਉਂਦੇ ਹਨ।
ਮਨੁਖੀ ਵਿਕਾਸ ਸਰੀਰਕ ਤੇ ਆਰਥਿਕ ਉਪਲਭਦੀਆਂ ਦਾ ਜ਼ਰੀਆ ਹੈ ਜਿਸ ਸਦਕਾ ਸਰੀਰ ਤੇ ਮਨ ਦੀ ਸੰਤੁਸ਼ਟੀ ਹੁੰਦੀ ਹੈ। ਇਸ ਵਿੱਚ ਭੌਤਿਕ, ਸਰੀਰਕ, ਮਾਨਸਿਕ, ਆਰਥਿਕ ਅਤੇ ਸਭਿਆਚਾਰਕ ਵਿਕਾਸ ਰਾਹੀ ਹੋਈ ਸੰਤੁਸ਼ਟੀ ਸ਼ਾਮਿਲ ਹੈ। ਮਨੁਖੀ ਵਿਗਾਸ ਮਾਨਵ ਦਾ ਪ੍ਰਮਾਤਮਾ ਪ੍ਰਾਪਤੀ ਜਾਂ ਅਧਿਆਤਮਕ ਮਾਰਗ ਤੇ ਚਲਦਿਆਂ ਹੋਇਆਂ ਕੀਤੀਆਂ ਪ੍ਰਾਪਤੀਆਂ ਤੋਂ ਮਿਲਿਆ ਆਨੰਦ ਹੈ। ਇਨ੍ਹਾਂ ਪ੍ਰਾਪਤੀਆਂ ਨੂੰ ਮਾਨਵੀ ਮਨੋਰਥ ਸਾਹਮਣੇ ਰਖਕੇ ਨਾਪਿਆ ਜਾਂਦਾ ਹੈ।
ਗੁਰਬਾਣੀ ਅਨੁਸਾਰ ਮਾਨਵ ਵਿਗਾਸ
ਗੁਰਬਾਣੀ ਅਨੁਸਾਰ ਇਹ ਵਿਗਾਸ ਪ੍ਰਮਾਤਮਾ ਦੇ ਹੁਕਮ ਅਨੁਸਾਰ ਚਲਕੇ ਉਸ ਦੀ ਸਿਫਤ ਸਲਾਹ ਰਾਹੀ ਨਾਮ ਜਪਦਿਆਂ ਲਿਵ ਲਾਉਦਿਆਂ ਉਸ ਦੀ ਬਖਸ਼ਿਸ਼ ਪ੍ਰਾਪਤ ਕਰਕੇ ਉਸ ਨੂੰ ਪਾਉਣਾ ਅਤੇ ਉਸ ਵਿੱਚ ਸਮਾਉਣ ਦਾ ਹੈ। ਇਹ ਵਿਗਾਸ ਕਿਵੇਂ ਹੋਵੇ ਇਸ ਦਾ ਵਿਸਥਾਰ ਜਪੁਜੀ ਦੇ ਖੰਡਾਂ ਦੀ ਵਿਆਖਿਆ ਕਰਦੇ ਵੇਲੇ ਦਿਤਾ ਗਿਆਂ ਹੈ।
ਸਿੱਖ ਧਰਮ ਦੀਆਂ ਪਰੰਪਰਾਵਾਂ, ਇਤਿਹਾਸ ਅਤੇ ਮੁੱਖ ਰੂਪ ਵਿੱਚ ਗੁਰਬਾਣੀ, ਅਜਿਹੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਦੇ ਹਨ, ਜਿਨ੍ਹਾਂ ਦਾ ਸੰਬੰਧ ਮਨੁੱਖ ਦੇ ਵਿਅਕਤੀਤਵ ਦੀ ਉਸਾਰੀ ਤੋਂ ਲੈ ਕੇ, ਘਰ-ਬਾਰੀ ਵਿਵਸਥਾ, ਸਮਾਜਿਕ ਚੌਗਿਰਦੇ ਅਤੇ ਸਮੁੱਚੀ ਲੋਕਾਈ ਤਕ ਦੇ ਸਮਾਜਿਕ-ਆਰਥਿਕ ਕਲਿਆਣ ਦੀ ਚੇਤਨਾ ਨੂੰ ਵਿਕਸਿਤ ਕਰਨ ਨਾਲ ਹੈ।

ਗੁਰਬਾਣੀ ਅਨੁਸਾਰ ਭੌਤਿਕ ਸੰਸਾਰ ਪ੍ਰਤੀ ਪਹੁੰਚ: ਮਨੁੱਖ, ਸਰਬ ਪ੍ਰਾਣੀਆਂ ਅਤੇ ਜੀਵਾਂ ਵਿਚੋਂ ਇਸ ਕਾਰਨ ਸ੍ਰੇਸ਼ਟ ਹੈ ਕਿ ਉਸ ਕੋਲ ਚੇਤੰਨਤਾ ਦੀ ਪੂਰਨ ਸੂਖਮ ਸੁਗਾਤ ਕੁਦਰਤ ਵੱਲੋਂ ਬਖਸ਼ੀ ਹੋਈ ਮੌਜੂਦ ਹੈ। ਭਾਈ ਜੋਧ ਸਿੰਘ ਦਾ ਕਥਨ ਹੈ: “ਮਨੁੱਖੀ ਖੋਜ ਦਾ ਸਿੱਟਾ ਇਹ ਹੈ ਕਿ ਜਿੰਨੀ ਪੂਰਨਤਾ ਨੂੰ ਜਿੰਦ ਤੇ ਚੇਤਨਤਾ ਇਸ ਮਨੁੱਖੀ ਦੇਹ ਵਿੱਚ ਪੁੱਜੀਆਂ ਹਨ, ਓਨੀ ਪੂਰਨਤਾ ਹੋਰ ਕਿਸੇ ਜੂਨ ਵਿੱਚ ਨਹੀਂ:
ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (ਪੰਨਾ 374)

ਨਾਲੇ ਮਨੁੱਖਾਂ ਵਿੱਚ ਹੀ ਉੱਨਤੀ, ਧਰਮ ਆਦਿ ਦੇ ਖਿਆਲ ਹਨ, ਹੋਰ ਕਿਤੇ ਨਹੀਂ ਦਿੱਸਦੇ। … …. . ਜਿਤਨੀ ਪਦਾਰਥਕ ਉੱਨਤੀ ਸੰਸਾਰ ਵਿੱਚ ਹੋਈ ਹੈ, ਉਹ ਕੇਵਲ ਇਸ ਗੱਲ ਵਿੱਚ ਹੈ ਕਿ ਜੋ ਕੁਦਰਤੀ ਨੇਮ ਰਚਨਾ ਵਿੱਚ ਕੰਮ ਕਰ ਰਹੇ ਹਨ, ਮਨੁੱਖ ਨੇ ਉਨ੍ਹਾਂ ਨੂੰ ਲੱਭ ਲਿਆ ਹੈ ਤੇ ਉਨ੍ਹਾਂ ਨੇਮਾਂ ਅਨੁਸਾਰ ਚੱਲਣ ਕਰਕੇ ਸਫ਼ਲਤਾ ਪ੍ਰਾਪਤ ਕਰ ਰਿਹਾ ਹੈ।”

ਡਾ. ਸ਼ੇਰ ਸਿੰਘ ਗੁਰਮਤਿ ਵਿਚਾਰਧਾਰਾ ਦੀ ਵਿਸ਼ੇਸ਼ਤਾ ਦੱਸਦੇ ਹਨ ਕਿ ਇਹ ਮਨੁੱਖ ਨੂੰ ਭਾਂਜਵਾਦੀ ਨਹੀਂ ਬਣਾਉਂਦਾ, “ਧਾਰਮਿਕ ਮੰਡਲ ਵਿੱਚ ਕਮਾਲ ਹਾਸਲ ਕਰਨਾ ਮਨੁੱਖ ਦਾ ਆਦਰਸ਼ ਹੈ। ਧਾਰਮਿਕ ਮੰਡਲ, ਸੰਸਾਰੀ ਮੰਡਲ ਤੋਂ ਵੱਖਰਾ ਨਹੀਂ। ਇਸ ਲਈ ਸੰਸਾਰ ਨੂੰ ਝੂਠ ਤੇ ਅਸੱਤ ਸਮਝ ਕੇ ਨੱਸਣਾ ਨਹੀਂ, ਸਗੋਂ ਸੰਸਾਰ ਵਿੱਚ ਪੈਦਾ ਹੋਏ ਚੌਗਿਰਦੇ ਵਿੱਚ ਜੀਵ ਨੇ ਰਹਿਣਾ ਹੈ ਤੇ ਏਸੇ ਚੌਗਿਰਦੇ ਦੇ ਵਿੱਚ ਹੀ ਕਮਾਲ ਹਾਸਲ ਕਰਨਾ ਹੈ।”

ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਅਜਿਹੀ ਦ੍ਰਿਸ਼ਟੀ ਪ੍ਰਦਾਨ ਕੀਤੀ ਤਾਂ ਜੋ ਉਹ ਭੌਤਿਕ ਦੀਆਂ ਉੱਚ ਸਿਖਰਾਂ ਨੂੰ ਆਪਣੇ ਜੀਵਨ ਆਦਰਸ਼ ਵਿੱਚ ਸ਼ਾਮਲ ਕਰ ਲਵੇ। ਮੋਤੀਆਂ ਦੇ ਮੰਦਰ ਉਸਰਨਾ, ਉਨ੍ਹਾਂ ਉੱਤੇ ਰਤਨਾਂ ਦੇ ਜੜੇ ਹੋਣ ਤੇ ਕੇਸਰ ਸੁਗੰਧੀਆਂ ਦੇ ਲੇਪ ਹੋਏ ਹੋਣ ਦੀ ਵਾਸਵਿਕਤਾ ਨੂੰ, ਸਿੱਖ, ਅਸੰਭਵ ਨਹੀਂ ਗਿਣਦਾ, ਪਰ ਇਸ ਭੌਤਿਕਤਾ ਦੀ ਪ੍ਰਫੁਲਤਾ ਵਿੱਚ ਸਿੱਖ ਆਪਣੀ ਮਾਨਸਿਕਤਾ ਦਾ ਸੰਤੁਲਨ ਨਹੀਂ ਖੋਹਣਾ ਚਾਹੁੰਦਾ, ਏਸੇ ਲਈ ਉਹ ਸ੍ਰਿਸ਼ਟੀ ਦੇ ਰਚਨਹਾਰ ਪਰਮਾਤਮਾ ਦੀ ਯਾਦ ਨੂੰ ਮਨੋ ਵਿਸਾਰਨ ਲਈ ਕਿਸੇ ਕੀਮਤ ਤੇ ਵੀ ਤਿਆਰ ਨਹੀਂ:
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ (ਪੰਨਾ 14)

ਸ੍ਰਿਸ਼ਟੀ ਦੇ ਖੰਡ ਬ੍ਰਹਿਮੰਡ, ਆਕਾਸ਼ ਤੇ ਪਾਤਾਲ ਸਭ ਸੱਚੇ ਹਨ, ਏਸੇ ਲਈ ਸਿੱਖ ਇਨ੍ਹਾਂ ਦੀ ਖੋਜ ਵਿੱਚ ਰੂਹਾਨੀ ਅਨੰਦ ਵੀ ਅਨੁਭਵ ਕਰਦਾ ਹੈ:
ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ॥ (ਪੰਨਾ 463)
ਸਿੱਖ ਆਪਣੇ ਮਨ ਵਿੱਚ ਉਪਦੇਸ਼, ਕਰਣੀ ਅਤੇ ਇੱਛਾ ਵਿੱਚ ਸੰਤੁਲਨ ਬਣਾਈ ਰੱਖਦਾ ਹੈ ਅਤੇ ਉਚੇਚੀ ਘਾਲਣਾ ਪ੍ਰਤੀ ਪ੍ਰੇਰਿਤ ਕਰਦਾ ਰਹਿੰਦਾ ਹੈ, ਉਹ ਕਿੱਕਰ ਬੀਜ ਕੇ ਦਾਖਾਂ ਦੀ ਆਸ ਨਹੀਂ ਰੱਖਦਾ ਤੇ ਉੱਨ ਕੱਤ ਕੇ ਰੇਸ਼ਮ ਦੇ ਸੁਪਨੇ ਲੈਣ ਵਿੱਚ ਵਿਸ਼ਵਾਸ ਨਹੀਂ ਰੱਖਦਾ:
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ॥ (ਪੰਨਾ 1379)

ਪਦਾਰਥਿਕ ਸੁਖਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ, ਸਿੱਖ ਕਦਰ ਪ੍ਰਣਾਲੀ ਦਾ ਹਿੱਸਾ ਨਹੀਂ, ਪਦਾਰਥਕ ਬਹੁਲਤਾ ਨੂੰ ਸਿਰਜਣਾ ਅਤੇ ਸੰਭਵ ਬਣਾਉਣ ਦੀ ਘਾਲਣਾ ਅਤੇ ਸਮਰੱਥਾ ਸਿੱਖ ਕਦਰਾਂ ਦੀ ਵਿਸ਼ੇਸ਼ਤਾਈ ਹੈ। ਡਾ: ਉਪਿੰਦਰਜੀਤ ਕੌਰ ਦੇ ਇਹ ਸ਼ਬਦ ਇਸ ਸੰਦਰਭ ਵਿੱਚ ਬੜੇ ਪ੍ਰਸੰਗਕ ਹਨ: “ਭਾਰਤ ਵਿੱਚ ਜਨਮੇਂ ਧਰਮਾਂ ਵਿਚੋਂ ਸਿੱਖ ਧਰਮ ਪਹਿਲਾ ਧਰਮ ਹੈ। ਜਿਸ ਵਿੱਚ ਆਪ ਮਿਹਨਤ ਕਰਕੇ ਖਾਣ ਤੇ ਇੰਨਾ ਜ਼ੋਰ ਦਿੱਤਾ ਗਿਆ ਹੈ। ਕਿਰਤ ਕਰਨਾ ਰੱਬ ਦੀ ਪੂਜਾ ਵਾਂਗ ਪਾਵਨ ਕਰਮ ਹੈ। ਕੰਮ ਕਰਨਾ ਮਨੁੱਖ ਦੀ ਇੱਕ ਬੁਨਿਆਦੀ ਲੋੜ ਹੈ। ਕੰਮ ਕਰਨ ਨਾਲ ਮਨੁੱਖ ਨੂੰ ਆਪਣੀਆਂ ਕਰਤਾਰੀ ਸ਼ਕਤੀਆਂ ਵਰਤਣ ਦਾ ਮੌਕਾ ਪ੍ਰਾਪਤ ਹੁੰਦਾ ਹੈ। ਗੁਰਵਾਕ ਹੈ: ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245), ਕਿਸੇ ਲਾਹੇਵੰਦ ਧੰਦੇ ਵਿੱਚ ਲੱਗਣਾ ਮਨੁੱਖ ਦਾ ਪਹਿਲਾ ਕਰਤੱਵ ਹੈ। ਕੰਮ ਕਰਨ ਨੂੰ ਧਾਰਮਿਕ ਮਹੱਤਤਾ ਦਿੱਤੀ ਗਈ ਹੈ। ਸਿੱਖ ਮੱਤ ਅਨੁਸਾਰ ਉਤਪਾਦਕੀ ਕੰਮ ਧਾਰਮਿਕ ਆਚਰਣ ਦਾ ਵਿਰੋਧੀ ਨਹੀਂ, ਬਲਕਿ ਸੰਗੀ ਹੈ। …. ਸਿੱਖ ਧਰਮ ਵਿੱਚ ਵਿਹਲੇ ਰਹਿ ਕੇ ਖਾਣਾ ਬਿਲਕੁਲ ਵਰਜਿਤ ਹੈ। ਕਿਸੇ ਦਾ ਸ਼ੋਸ਼ਣ ਕਰਕੇ ਖਾਣਾ ਵਰਜਿਤ ਹੈ। ਧਾਰਮਿਕ ਸਥਾਨਾਂ ਦੇ ਪੂਜਾ ਧਨ ਤੇ ਨਿਰਭਰ ਹੋਣਾ ਵਰਜਿਤ ਹੈ। ਚੋਰੀ, ਡਕੈਤੀ, ਜੂਏ ਦੀ ਕਮਾਈ ਤੇ ਆਪਣਾ ਨਿਰਬਾਹ ਚਲਾਉਣਾ ਵਰਜਿਤ ਹੈ। “
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਵਿੱਚ ਪੰਜ ਮਹੱਤਵਪੂਰਨ ਖੰਡਾਂ ਦਾ ਵਰਣਨ 34 ਤੋਂ 37 ਤਕ ਚਾਰ ਪਉੜੀਆਂ ਵਿੱਚ ਕੀਤਾ ਹੈ। ਇਹ ਪੰਜ ਖੰਡ ਹਨ-ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸੱਚ ਖੰਡ; ਇਹ ਪੰਜ ਖੰਡ ਪਰਮਾਤਮਾ ਤਕ ਪਹੁੰਚਣ ਦਾ ਮਾਰਗ ਹਨ। ਇਨ੍ਹਾਂ ਦਾ ਵੇਰਵਾ ਹੇਠ ਹੈ-
1. ਧਰਮ ਖੰਡ: ਜਪੁਜੀ ਸਾਹਿਬ ਵਿਚਲੇ ਪੰਜ ਖੰਡਾਂ ਨੂੰ ਅਧਿਆਤਮਕ ਪ੍ਰਾਪਤੀ ਦੇ ਵੱਖ-ਵੱਖ ਪੜਾਅ ਕਿਹਾ ਜਾ ਸਕਦਾ ਹੈ। ਇਨ੍ਹਾਂ ਪੰਜਾਂ ਪੜਾਵਾਂ ਵਿੱਚੋਂ ਪਹਿਲਾ ਪੜਾਅ ਧਰਮ ਖੰਡ ਦਾ ਹੈ। ਜਪੁਜੀ ਸਾਹਿਬ ਵਿੱਚ ਇਸ ਦਾ ਵਰਣਨ ਇਸ ਪ੍ਰਕਾਰ ਕੀਤਾ ਗਿਆ ਹੈ:
ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ॥
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥
ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥
ਤਿਥੈ ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥
ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ॥ 34॥
ਧਰਮ ਖੰਡ ਕਾ ਏਹੋ ਧਰਮੁ॥ (ਪੰਨਾ 7)

ਇਸ ਖੰਡ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਦੁਨਿਆਵੀ ਜੀਵਨ ਵਿੱਚ ਵਿਚਰਦਿਆਂ ਚੰਗੇ ਕੰਮ ਕਰਨ ਅਤੇ ਬੁਰੇ ਕੰਮਾਂ ਤੋਂ ਬਚਣ ਦੀ ਪ੍ਰੇਰਨਾ ਦਿੰਦੇ ਹਨ। ਗੁਰੂ ਸਾਹਿਬ ਪਰਮਾਤਮਾ ਦੀ ਸਰਬ-ਸ਼ਕਤੀਮਾਨਤਾ ਬਾਰੇ ਬਿਆਨ ਕਰਦੇ ਹੋਏ, ਧਰਤੀ ਨੂੰ ਇੱਕ ਧਰਮਸ਼ਾਲਾ ਦੇ ਨਾਲ ਤੁਲਨਾ ਦਿੰਦੇ ਹਨ। ਮਨੁੱਖ ਇਸ ਧਰਤੀ ਰੂਪੀ ਧਰਮਸ਼ਾਲਾ ਵਿੱਚ ਰਹਿੰਦਿਆਂ ਹੋਇਆਂ ਚੰਗੇ-ਮਾੜੇ ਕਈ ਪ੍ਰਕਾਰ ਦੇ ਕਰਮ ਕਰਦਾ ਹੈ। ਮਨੁੱਖ ਦੇ ਇਨ੍ਹਾਂ ਕਰਮਾਂ ਬਾਰੇ ਵਿਚਾਰ ਸੱਚੇ ਪਰਮਾਤਮਾ ਦੀ ਕਚਹਿਰੀ ਵਿੱਚ ‘ਸੱਚ’ ਦੀ ਕਸਵੱਟੀ ਉੱਤੇ ਕੀਤੀ ਜਾਂਦੀ ਹੈ। ਮਨੁੱਖ ਜਿਸ ਪ੍ਰਕਾਰ ਦੇ ਕੰਮ ਕਰੇਗਾ, ਉਸੇ ਤਰ੍ਹਾਂ ਦਾ ਹੀ ਉਸ ਨੂੰ ਫਲ ਮਿਲੇਗਾ। ਸਿਰਫ਼ ਚੰਗੇ ਕੰਮ ਕਰਨ ਵਾਲੇ ਮਨੁੱਖ ਨੂੰ ਪਰਮਾਤਮਾ ਦੇ ਦਰਬਾਰ ਵਿੱਚ ਪ੍ਰਵਾਨਗੀ ਮਿਲੇਗੀ ਤੇ ਬੁਰੇ ਕੰਮ ਕਰਨ ਵਾਲਿਆਂ ਨੂੰ ਉਥੇ ਅਪ੍ਰਵਾਨ ਕੀਤਾ ਜਾਵੇਗਾ। ਪਰੰਤੂ ਪਰਮਾਤਮਾ ਦੇ ਦਰਬਾਰ ਵਿੱਚ ਪ੍ਰਵਾਨਗੀ ਲਈ ਮਨੁੱਖ ਦੇ ਚੰਗੇ ਕਰਮਾਂ ਦਾ ਹੋਣਾ ਹੀ ਕਾਫ਼ੀ ਨਹੀਂ। ਇਸ ਦੇ ਲਈ ਪਰਮਾਤਮਾ ਦੀ ਮਿਹਰ ਵੀ ਜ਼ਰੂਰੀ ਹੈ।
2. ਗਿਆਨ ਖੰਡ: ਜਪੁਜੀ ਸਾਹਿਬ ਦੀ 35ਵੀਂ ਪਉੜੀ ਦੀਆਂ ਦੂਜੀ ਤੇ ਦਸਵੀਂ ਅਤੇ 36ਵੀਂ ਪਉੜੀ ਦੀਆਂ ਪਹਿਲੀਆਂ ਦੋ ਤੁਕਾਂ ਵਿੱਚ ਗਿਆਨ ਖੰਡ ਬਾਰੇ ਚਰਚਾ ਕੀਤੀ ਗਈ ਹੈ। ਗੁਰੂ ਸਾਹਿਬ ਪੈਂਤੀਵੀਂ ਪਉੜੀ ਵਿੱਚ ਪਰਮਾਤਮਾ ਦੇ ਦਰਬਾਰ ਦਾ ਚਿੱਤਰ ਪੇਸ਼ ਕਰਦੇ ਹਨ:
ਗਿਆਨ ਖੰਡ ਕਾ ਆਖਹੁ ਕਰਮੁ॥
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ॥
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ॥
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ॥
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ॥
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥ 35॥
ਗਿਆਨ ਖੰਡ ਮਹਿ ਗਿਆਨੁ ਪਰਚੰਡੁ॥ ਤਿਥੈ ਨਾਦ ਬਿਨੋਦ ਕੋਡ ਅਨੰਦੁ॥ (ਪੰਨਾ 7)

ਪਰਮਾਤਮਾ ਦੇ ਦਰਬਾਰ ਵਿੱਚ ਕਿੰਨੇ ਹੀ ਦੇਵੀ-ਦੇਵਤੇ, ਦਾਨਵ, ਕੁਦਰਤ ਦੀਆਂ ਪ੍ਰਮੁੱਖ ਸ਼ਕਤੀਆਂ ਜਿਵੇਂ ਹਵਾ, ਪਾਣੀ, ਅੰਗ, ਸੂਰਜ, ਚੰਦਰਮਾ ਹਾਜ਼ਰ ਰਹਿੰਦੇ ਹਨ। ਪਰਮਾਤਮਾ ਇਨ੍ਹਾਂ ਦੀ ਸਿਰਜਣਾ ਤੇ ਸੰਚਾਲਨਾ ਕਰਨ ਵਾਲਾ ਹੈ। ਗਿਆਨ ਖੰਡ ਦੀ ਅਵਸਥਾ ਵਿੱਚ ਮਨੁੱਖ ਨੂੰ ਪਰਮਾਤਮਾ ਦੀ ਬੇਅੰਤ ਸਿਰਜਣਾ ਤੇ ਲੀਲ੍ਹਾ ਦਾ ਗਿਆਨ ਹੋ ਜਾਂਦਾ ਹੈ। ਪਰਮਾਤਮਾ ਦੀ ਇਸ ਵਿਸ਼ਾਲ ਸਿਰਜਣਾ ਵਿੱਚ ਮਨੁੱਖ ਨੂੰ ਆਪਣੀ ਨਿਗੂਣੀ ਹਸਤੀ ਦਾ ਗਿਆਨ ਹੋ ਜਾਂਦਾ ਹੈ। ਛੱਤੀਵੀਂ ਪਉੜੀ ਦੀਆਂ ਆਰੰਭਕ ਪੰਗਤੀਆਂ ਵਿੱਚ ਵੀ ਗੁਰੂ ਸਾਹਿਬ ਗਿਆਨ ਖੰਡ ਬਾਰੇ ਚਰਚਾ ਕਰਦੇ ਹਨ। ਗਿਆਨ ਖੰਡ ਦੀ ਅਵਸਥਾ `ਤੇ ਪੁੱਜ ਕੇ ਮਨੁੱਖ ਦਾ ਗਿਆਨ ਪ੍ਰਚੰਡ ਹੋ ਜਾਂਦਾ ਹੈ। ਗਿਆਨ ਦੇ ਪ੍ਰਚੰਡ ਹੋਣ ਨਾਲ ਮਨੁੱਖ ਨੂੰ ਅਨਹਦ ਨਾਦ ਸੁਣਾਈ ਦਿੰਦਾ ਹੈ ਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
3. ਸਰਮ ਖੰਡ: ‘ਸਰਮ’ ਦੀ ਸਭ ਤੋਂ ਸਰਲ ਵਿਆਖਿਆ ਅਨੁਸਾਰ ਇਸ ਦਾ ਅਰਥ ‘ਉੱਦਮ’ ਹੈ। ਪ੍ਰਿੰਸੀਪਲ ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ ਅਤੇ ਡਾ. ਤਾਰਨ ਸਿੰਘ ਆਦਿ ਵਿਦਵਾਨਾਂ ਨੇ ‘ਸਰਮ’ ਦੇ ਅਰਥ ‘ਉੱਦਮ’ (ਪਰਿਸ਼੍ਰਮ) ਕੀਤੇ ਹਨ। ਇਨ੍ਹਾਂ ਅਨੁਸਾਰ ਇਸ ਅਵਸਥਾ ਵਿੱਚ ਪਹੁੰਚ ਕੇ ਵਿਅਕਤੀ ਉੱਦਮ ਦੁਆਰਾ ਆਪਣੇ ਮਨ ਵਿੱਚ ਨੇਕੀ ਦੀ ਭਾਵਨਾ ਨੂੰ ਜਾਗ੍ਰਿਤ ਕਰ ਲੈਂਦਾ ਹੈ। ਛੱਤੀਵੀਂ ਪਉੜੀ ਵਿੱਚ ਗੁਰੂ ਸਾਹਿਬ ਸਰਮ ਖੰਡ ਦਾ ਵਰਣਨ ਇਸ ਪ੍ਰਕਾਰ ਕਰਦੇ ਹਨ:
ਸਰਮ ਖੰਡ ਕੀ ਬਾਣੀ ਰੂਪੁ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥
ਤਾ ਕੀਆ ਗਲਾ ਕਥੀਆ ਨਾ ਜਾਹਿ॥ ਜੇ ਕੋ ਕਹੈ ਪਿਛੈ ਪਛੁਤਾਇ॥
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥ 36॥ (ਪੰਨਾ 7-8)

ਸਰਮ ਖੰਡ ਨਵੀਆਂ ਸੁੰਦਰ ਘਾੜਤਾਂ ਘੜੇ ਜਾਣ ਦੀ ਅਵਸਥਾ ਹੈ। ਇਸ ਅਵਸਥਾ ਵਿੱਚ ਮਨੁੱਖੀ ਚੇਤਨਾ ਦਾ ਨਿਰਮਾਣ ਮੁੜ ਤੋਂ ਕੀਤਾ ਜਾਂਦਾ ਹੈ। ਇਸ ਅਵਸਥਾ ਵਿੱਚ ਸੁਰਤਿ, ਮਤਿ, ਮਨ ਅਤੇ ਬੁੱਧ ਦਾ ਨਵਾਂ ਨਿਰਮਾਣ ਕੀਤਾ ਜਾਂਦਾ ਹੈ। ਦੇਵਤਿਆਂ ਅਤੇ ਸਿੱਧ-ਪੁਰਖਾਂ ਦੀ ਚੇਤਨਾ ਦੀ ਘਾੜਤ ਵੀ ਇਸੇ ਅਵਸਥਾ ਵਿੱਚ ਕੀਤੀ ਜਾਂਦੀ ਹੈ। ਇਸ ਪ੍ਰਕਾਰ ਸਰਮ ਖੰਡ ਦੀ ਅਵਸਥਾ ਵਿੱਚ ਨਾ ਸਿਰਫ਼ ਨਵੀਆਂ ਘਾੜਤਾਂ ਘੜੀਆਂ ਜਾਂਦੀਆਂ ਹਨ, ਸਗੋਂ ਇਹ ਪੁਰਾਣੀਆਂ ਘਾੜਤਾਂ ਦੇ ਢਹਿਣ ਦੀ ਵੀ ਅਵਸਥਾ ਹੈ।
4. ਕਰਮ ਖੰਡ: ਕਰਮ ਖੰਡ ਦੇ ਵਿਦਵਾਨਾਂ ਨੇ ਕਈ ਪ੍ਰਕਾਰ ਦੇ ਅਰਥ ਕੀਤੇ ਹਨ। ਇਸ ਨੂੰ ਸੰਸਕ੍ਰਿਤ ਸ਼ਬਦ ਮੰਨਣ ਵਾਲੇ ਵਿਦਵਾਨਾਂ ਨੇ ਇਸ ਨੂੰ ਕੰਮ, ਅਮਲ, ਮਿਹਨਤ, ਉੱਦਮ, ਕਰਣੀ ਆਦਿ ਦੇ ਅਰਥਾਂ ਵਿੱਚ ਮੰਨਿਆ ਹੈ। ਇਸ ਨੂੰ ਅਰਬੀ ਦਾ ਸ਼ਬਦ ਮੰਨਣ ਵਾਲਿਆਂ ਨੇ ਇਸ ਦੇ ਅਰਥ- ਉਦਾਰਤਾ, ਕਿਰਪਾ, ਮਿਹਰ, ਬਖਸ਼ਿਸ਼ ਆਦਿ ਕੀਤੇ ਹਨ। ਜਪੁਜੀ ਸਾਹਿਬ ਵਿੱਚ ਗੁਰੂ ਸਾਹਿਬ ਕਰਮ ਖੰਡ ਸੰਬੰਧੀ ਵਰਣਨ ਇਸ ਪ੍ਰਕਾਰ ਕਰਦੇ ਹਨ:
ਕਰਮ ਖੰਡ ਕੀ ਬਾਣੀ ਜੋਰੁ॥ ਤਿਥੈ ਹੋਰੁ ਨ ਕੋਈ ਹੋਰੁ॥
ਤਿਥੈ ਜੋਧ ਮਹਾਬਲ ਸੂਰ॥ ਤਿਨ ਮਹਿ ਰਾਮੁ ਰਹਿਆ ਭਰਪੂਰ॥ (ਪੰਨਾ 8)
ਗੁਰੂ ਸਾਹਿਬ ਅਨੁਸਾਰ ਇਸ ਅਵਸਥਾ ਵਿੱਚ ਕੇਵਲ ਉਸ ਪ੍ਰਕਾਰ ਦੇ ਮਹਾਂਬਲੀ, ਯੋਧੇ ਅਤੇ ਸੂਰਬੀਰ ਪਹੁੰਚਦੇ ਹਨ, ਜਿਨ੍ਹਾਂ ਦੇ ਮਨਾਂ ਵਿੱਚ ਪਰਮਾਤਮਾ ਨਿਵਾਸ ਕਰਦਾ ਹੈ।
ਤਿਥੈ ਸੀਤੋ ਸੀਤਾ ਮਹਿਮਾ ਮਾਹਿ॥ ਤਾ ਕੇ ਰੂਪ ਨ ਕਥਨੇ ਜਾਹਿ॥
ਨਾ ਓਹਿ ਮਰਹਿ ਨ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ ਮਨ ਮਾਹਿ॥
ਤਿਥੈ ਭਗਤ ਵਸਹਿ ਕੇ ਲੋਅ॥ ਕਰਹਿ ਅਨੰਦੁ ਸਚਾ ਮਨਿ ਸੋਇ॥ (ਪੰਨਾ 8)

ਇਸ ਅਵਸਥਾ ਵਿੱਚ ਪੁੱਜ ਕੇ ਮਨੁੱਖ ਵਿੱਚ ਦੈਵੀ ਗੁਣ ਪ੍ਰਵੇਸ਼ ਕਰ ਜਾਂਦੇ ਹਨ ਤੇ ਉਹ ਸੰਪੂਰਨ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮਨੁੱਖ ਜਨਮ-ਮਰਨ ਦੇ ਗੇੜ ਤੋਂ ਮੁਕਤੀ ਪ੍ਰਾਪਤ ਕਰ ਜਾਂਦਾ ਹੈ ਤੇ ਉਹ ਮੋਹ-ਮਾਇਆ ਰਾਹੀਂ ਠੱਗਿਆ ਨਹੀਂ ਜਾਂਦਾ। ਪਰਮਾਤਮਾ ਦੇ ਸੱਚੇ ਭਗਤ ਇਸ ਅਵਸਥਾ ਵਿੱਚ ਨਿਵਾਸ ਕਰਦੇ ਹਨ। ਪਰਮਾਤਮਾ ਨੂੰ ਮਨ ਵਿੱਚ ਵਸਾ ਕੇ ਉਨ੍ਹਾਂ ਨੂੰ ਸਦਾ ਲਈ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
6. ਸੱਚ ਖੰਡ: ਇਹ ਪ੍ਰਮਾਤਮਾ ਦਾ ਵਾਸਾ ਹੈ, ਜਿਸ ਨੂੰ ਨਿਜ ਘਰ ਤੇ ਮਨੁਖ ਭਗਤੀ ਮਾਰਗ ਦਾ ਅਖੀਰਲਾ ਪੜਾ ਕਿਹਾ ਗਿਆ ਹੈ:
ਸਚ ਖੰਡਿ ਵਸੈ ਨਿਰੰਕਾਰੁ॥ ਕਰਿ ਕਰਿ ਵੇਖੈ ਨਦਰਿ ਨਿਹਾਲ॥
ਤਿਥੈ ਖੰਡ ਮੰਡਲ ਵਰਭੰਡ॥ ਜੇ ਕੋ ਕਥੈ ਤ ਅੰਤ ਨ ਅੰਤ॥
ਤਿਥੈ ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥
ਵੇਖੈ ਵਿਗਸੈ ਕਰਿ ਵੀਚਾਰੁ॥ ਨਾਨਕ ਕਥਨਾ ਕਰੜਾ ਸਾਰੁ॥ 37॥ (ਪੰਨਾ 8)
ਜਪੁਜੀ ਸਾਹਿਬ ਵਿੱਚ ਸੱਚ ਖੰਡ ਜੀਵ ਆਤਮਾ ਦੀ ਆਤਮਿਕ ਅਵਸਥਾ ਦਾ ਸਭ ਤੋਂ ਉੱਚਾ ਪੜਾਅ ਹੈ। ਸੱਚ ਖੰਡ ਦੀ ਅਵਸਥਾ ਵਿੱਚ ਗੁਰੂ ਸਾਹਿਬ ਨੇ ਨਿਰੰਕਾਰ ਅਤੇ ਉਸ ਦੇ ਕਰਤੱਵਾਂ ਦਾ ਵਰਣਨ ਕੀਤਾ ਹੈ। ਇਸ ਪਉੜੀ ਵਿੱਚ ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਪਰਮਾਤਮਾ ਦਾ ਨਿਵਾਸ ਸੱਚ ਖੰਡ ਵਿੱਚ ਹੈ। ਇਥੋਂ ਹੀ ਉਹ ਸੰਸਾਰਕ ਜੀਵਨ ਦੀ ਸੰਚਾਲਨਾ ਕਰਦਾ ਹੈ। ਬ੍ਰਹਿਮੰਡ ਦੇ ਖੰਡ ਮੰਡਲਾਂ ਸੰਬੰਧੀ ਜਾਣਕਾਰੀ ਇਸੇ ਅਵਸਥਾ ਵਿੱਚ ਪਹੁੰਚ ਕੇ ਪ੍ਰਾਪਤ ਕੀਤੀ ਜਾਂਦੀ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਜੀਵ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਸਮੁੱਚੀ ਕਾਇਨਾਤ ਉਸ ਪਰਮਾਤਮਾ ਦੇ ਹੁਕਮ ਅਧੀਨ ਹੀ ਚੱਲ ਰਹੀ ਹੈ। ਮਨੁੱਖ ਪਰਮਾਤਮਾ ਦੀ ਇਸੇ ਵੀਚਾਰ ਤੇ ਹੀ ਵਿਗਾਸਦਾ ਹੈ ਤੇ ਖੁਸ਼ੀ ਤੇ ਆਨੰਦ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਅਜਿਹੇ ਆਨੰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਪ੍ਰਕਾਰ ਜਪੁਜੀ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜ ਖੰਡਾਂ ਦਾ ਬਿਉਰਾ ਪੇਸ਼ ਕੀਤਾ ਹੈ ਜਿਨ੍ਹਾਂ ਵਿੱਚੋਂ ਗੁਜ਼ਰਦਾ ਹੋਇਆ ਮਨੁੱਖ ਸਚਿਆਰ ਪਦ (ਸੰਪੂਰਨ ਮਨੁੱਖ ਦੀ ਪਦਵੀ) ਦੀ ਪ੍ਰਾਪਤੀ ਕਰਦਾ ਹੈ। ਜੋ ਹੇਠ ਦਿਤੀ ਤਾਲਿਕਾ ਵਿੱਚ ਅੰਕਿਤ ਹੈ:
ਵਿਕਾਸ ਖੰਡ ਵਰਤਾਰਾ
ਧਰਮ ਖੰਡ ਆਮ ਜੀਵਾਂ ਦਾ ਵਰਤਾਰਾ, ਸ਼ਾਲੀਨਤਾ, ਸੁੱਚਜਤਾ, ਸਹਿਣਸੀਲਤਾ, ਸਦਾਚਾਰ, ਸਦਭਾਵ ਤੇ ਪਰਉਪਕਾਰ ਦਾ ਲੱੰੜੀਦਾ ਹੈ।
ਗਿਆਨ ਖੰਡ ਪ੍ਰਮਾਤਮਾ ਦੇ ਬਾਰੇ ਗਿਆਨ ਦਾ ਵਰਤਾਰਾ-ਵਿਆਪਕਤਾ ਦਾ ਅਨੁਭਵ ਲੱੰੜੀਦਾ ਹੈ।
ਸਰਮ ਖੰਡ ਕਾਦਰ ਦੀ ਕੁਦਰਤ ਦਾ ਵਰਤਾਰਾ-ਅਸਰਚਜਤਾ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਵਰਤਾਰਾ-ਸਬਦ ਦੀ ਕਮਾਈ ਦਾ ਵਰਤਾਰਾ
ਕਰਮ ਖੰਡ ਕਰਤੇ ਦੀ ਕਿਰਤ ਲਈ ਬਖਸ਼ਿਸ ਦੇ ਭੰਡਾਰ ਦਾ ਵਰਤਾਰਾ। ਬਖਸ਼ਿਸ ਵਿਚੋਂ ਪ੍ਰਾਪਤ ਸ਼ਕਤੀ ਦਾ ਵਰਤਾਰਾ, ਪ੍ਰਮਾਤਮਾ ਦੇ ਨਾਮ ਜਪਣ ਤੋਂ ਕੀਤੀਆਂ ਪ੍ਰਾਪਤੀਆਂ। ਸਚੇ ਮਨ ਨਾਲ ਪ੍ਰਾਪਤ ਕੀਤੀ ਸੱਚੀ ਸ਼ਕਤੀ ਦਾ ਆਨੰਦ ਅਕਹਿ ਹੈ।
ਸਚਖੰਡ ਨਿਰੰਕਾਰ ਦੇ ਨਿਵਾਸ ਅਸਥਾਨ ਦਾ ਵਰਨਣ ਹੈ ਜਿੱਥੋਂ ਬੈਠਕੇ ਉਹ ਸਾਰੀ ਦੁਨੀਆਂ ਨੂੰ ਵੇਖ ਵੇਖਕੇ ਖੁਸ਼ ਹੋ ਰਿਹਾ ਹੈ। ਉਸਦੇ ਇਸ ਮਹਲ ਅੰਦਰ ਹੀ ਅਣਗਿਣਤ ਬ੍ਰਹਿਮੰਡ ਹਨ। ਹਰ ਪਾਸੇ ਉਸਦੀ ਰੋਸ਼ਨੀ ਹੈ ਤੇ ਹਰ ਰੋਸ਼ਨੀ ਆਕਾਰ ਰੂਪ ਹੈ ਜਿਸ ਦੀ ਵਿਸ਼ਾਲਤਾ ਅੰਦਾਜਿਉ ਬਾਹਰ ਹੈ। ਸਾਰੇ ਆਕਾਰ ਰਬੀ ਹੁਕਮ ਅਨੁਸਾਰ ਅਪਣੇ ਅਪਣੇ ਕਾਰੇ ਲਗੇ ਹੋਏ ਹਨ ਜਿਨ੍ਹਾਂ ਨੂੰ ਵੇਖਕੇ ਪ੍ਰਮਾਤਮਾ ਖੁਸ਼ ਹੁੰਦਾ ਹੈ। ਇਸ ਸਚਾਈ ਮੰਡਲ ਦੀ ਵਿਆਪਕਤਾ ਤੇ ਵਿਸ਼ਾਲਤਾ ਦਾ ਵਰਨਣ ਨਹੀਂ ਕੀਤਾ ਜਾ ਸਕਦਾ ਉਵੇ ਜਿਵੇ ਲੋਹ ਦੰਦਾਂ ਨਾਲ ਚਬਣਾ ਅਸੰਭਵ ਹੈ। ਪ੍ਰਮਾਤਮਾ ਦੀ ਇਸੇ ਵਿਆਪਕਤਾ ਦੇ ਵਿਚਾਰ ਨਾਲ ਮਾਨਵ ਵਿਗਸਦਾ ਹੈੁ।
ਗੁਰਸਿੱਖੀ ਦੀ ਗੱਲ ਨਾਮ ਜਪਣ, ਸੁੱਚੀ ਕਿਰਤ ਕਰਨ, ਵੰਡ ਛਕਣ ਤੋਂ ਸ਼ੁਰੂ ਹੋ ਕੇ ਸਰਬੱਤ ਦੇ ਭਲੇ ਦੀ ਲੋਚਾ `ਤੇ ਜਾ ਕੇ ਦਮ ਲੈਂਦੀ ਹੈ। ਇਸ ਦੇ ਵਿਚਕਾਰ ਜੋ ਕੁੱਝ ਵੀ ਸਿੱਖੀ ਦੀ ਜ਼ਿੰਦਗੀ ਨੂੰ ਚੰਗੇਰਾ ਕਰਨ ਦੀ ਗੱਲ ਆਉਂਦੀ ਹੈ, ਸਿੱਖ ਨੇ ਉਸ ਨੂੰ ਸਿੱਖਣਾ ਹੈ, ਆਪਣੀ ਜ਼ਿੰਦਗੀ ਵਿੱਚ ਢਾਲਣਾ ਹੈ ਤੇ ਫਿਰ ਉਸ `ਤੇ ਪਹਿਰਾ ਦੇਣਾ ਹੈ। ਦਸ ਗੁਰੂ ਸਾਹਿਬਾਨ ਨੇ ਨਿਰੰਤਰ ਅਗਵਾਈ ਤੇ ਅਮਲੀ ਸਿਖਿਆ ਬਖਸ਼ ਕੇ ਉਸਨੂੰ ਦਿਆਲੂ, ਕਿਰਪਾਲੂ, ਮਿਹਰਵਾਨ, ਸਿਦਕਵਾਨ, ਨਿਆਂਪਸੰਦ, ਨਿਰਵੈਰ, ਨਿਰਛਲ, ਕਰਮੀ ਯੋਧਾ ਤੇ ਸੰਤ-ਸਿਪਾਹੀ ਬਣਾ ਦਿੱਤਾ ਹੈ। ਜੁੱਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾ ਕੇ ਉਸ ਦੇ ਜੀਵਨ ਨੂੰ ਦੁਨਿਆਵੀ, ਮਾਨਵੀ, ਇਖ਼ਲਾਕੀ, ਸਦਾਚਾਰਕ ਤੇ ਅਧਿਆਤਮਕ ਗੁਣਾਂ ਤੇ ਕਦਰਾਂ-ਕੀਮਤਾਂ ਦਾ ਸੰਗੀ-ਸਾਥੀ ਬਣਾ ਦਿੱਤਾ ਹੈ।
ਅੰਧੇਰਾ ਚਾਨਣੁ ਆਪੇ ਕੀਆ॥ ਏਕੋ ਵਰਤੈ ਅਵਰੁ ਨ ਬੀਆ॥
ਗੁਰ ਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਹੇ॥ 3॥
ਅਪਣੀ ਗਹਣ ਗਤਿ ਆਪੇ ਜਾਣੈ॥ ਹੋਰੁ ਲੋਕੁ ਸੁਣਿ ਸੁਣਿ ਆਖਿ ਵਖਾਣੈ॥
ਗਿਆਨੀ ਹੋਵੈ ਸੁ ਗੁਰਮੁਖਿ ਬੂਝੈ ਸਾਚੀ ਸਿਫਤਿ ਸਲਾਹਾ ਹੇ॥ 4॥
ਦੇਹੀ ਅੰਦਰਿ ਵਸਤੁ ਅਪਾਰਾ॥ ਆਪੇ ਕਪਟ ਖੁਲਾਵਣਹਾਰਾ॥
ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ ਤ੍ਰਿਸਨਾ ਅਗਨਿ ਬੁਝਾਹਾ ਹੇ॥ 5॥
ਸਭਿ ਰਸ ਦੇਹੀ ਅੰਦਰਿ ਪਾਏ॥ ਵਿਰਲੇ ਕਉ ਗੁਰੁ ਸਬਦੁ ਬੁਝਾਏ॥
ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ॥ 6॥
ਵਿਣੁ ਚਾਖੇ ਸਾਦੁ ਕਿਸੈ ਨ ਆਇਆ॥ ਗੁਰ ਕੈ ਸਬਦਿ ਅੰਮ੍ਰਿਤੁ ਪੀਆਇਆ॥
ਅੰਮ੍ਰਿਤੁ ਪੀ ਅਮਰਾ ਪਦੁ ਹੋਏ ਗੁਰ ਕੈ ਸਬਦਿ ਰਸੁ ਤਾਹਾ ਹੇ॥ 7॥
ਆਪੁ ਪਛਾਣੈ ਸੋ ਸਭਿ ਗੁਣ ਜਾਣੈ॥ ਗੁਰ ਕੈ ਸਬਦਿ ਹਰਿ ਨਾਮੁ ਵਖਾਣੈ॥
ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ॥ 8॥
ਗੁਰ ਸੇਵਾ ਤੇ ਸਭੁ ਕਿਛੁ ਪਾਏ॥ ਹਉਮੈ ਮੇਰਾ ਆਪੁ ਗਵਾਏ॥
ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੇ ਸੋਹਾ ਹੇ॥ 9॥
ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ॥ ਅਨਦਿਨੁ ਹਰਿ ਕਾ ਨਾਮੁ ਵਖਾਣੀ॥
ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ॥ 10॥
ਸੇਵਕ ਸੇਵਹਿ ਸਬਦਿ ਸਲਾਹਹਿ॥ ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ॥
ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ॥ 11॥
ਸਬਦੇ ਅਕਥੁ ਕਥੇ ਸਾਲਾਹੇ॥ ਮੇਰੇ ਪ੍ਰਭ ਸਾਚੇ ਵੇਪਰਵਾਹੇ॥
ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ॥ 12॥
(ਮਾਰੂ ਮਹਲਾ 3, ਪੰਨਾ 1056-57)
ਇਹੋ ਰਸਤਾ ਹੈ ਗੁਰਬਾਣੀ ਅਨੁਸਾਰ ਵਿਗਾਸ ਦਾ।
ਵਿਗਸਿਤ ਤੇ ਅਵਿਗਸਿਤ ਮਾਨਵ
ਏਥੇ ਵਿਗਸਤ ਮਾਨਵ ਦਾ ਭਾਵ ਗੁਰਮੁਖ ਤੋਂ ਹੈ ਤੇ ਅਵਿਗਸਤ ਮਾਨਵ ਮਨਮੁਖ ਨਾਲ ਸੰਬੋਧਤ ਹੈ। ਮਨਮੁਖ ਦੁਨਿਆਵੀ ਖਿਚਾਂ ਸਦਕਾ ਮੋਹ ਮਾਇਆ ਦੇ ਬੰਧਨਾਂ ਵਿੱਚ ਹੀ ਜਕੜਿਆ ਰਹਿੰਦਾ ਹੈ ਜਦ ਕਿ ਗੁਰਮੁਖ ਸਬਦ ਦੇ ਸਹਾਰੇ ਪ੍ਰਮਾਤਮਾ ਪ੍ਰਾਪਤੀ ਵਲ ਵਧਦਾ ਹੈ।
ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ॥
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ॥
ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ॥ 2॥
(ਸਿਰੀ ਰਾਗ ਮ: 3, ਪੰਨਾ 29: 13)

ਕਰਮ ਖੰਡ ਕੀ ਬਾਣੀ ਜੋਰੁ॥ ਤਿਥੈ ਹੋਰੁ ਨ ਕੋਈ ਹੋਰੁ॥ …………. .
ਵੇਖੈ ਵਿਗਸੈ ਕਰਿ ਵੀਚਾਰੁ॥ ਨਾਨਕ ਕਥਨਾ ਕਰੜਾ ਸਾਰੁ॥ 37 ॥
(ਜਪੁਜੀ ਮ: 1, ਪਉੜੀ 37 ਪੰਨਾ ਪੰਨਾ 8)
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ॥
ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ॥
(ਸਿਰੀ ਰਾਗੁ ਮਹਲਾ 1, ਪੰਨਾ 59-60)
ਇਸ ਅਣਮੋਲ ਗੁਰਮਤਿ ਵਿਚਾਰਧਾਰਾ ਦੀ ਸਿਖਰ ਸੀ, ਖਾਲਸੇ ਦੀ ਸਾਜਨਾ। ਖਾਲਸਾ ਇੱਕ ਆਦਰਸ਼ ਪੁਰਖ ਹੈ, ਜਿਸ ਨੂੰ ਗੁਰਬਾਣੀ ਵਿੱਚ ਸਚਿਆਰ, ਗੁਰਮੁਖ, ਬ੍ਰਹਮ ਗਿਆਨੀ ਕਿਹਾ ਗਿਆ ਹੈ। ਖਾਲਸਾ ਇੱਕ ਸਰਬਪੱਖੀ, ਸਰਬ ਪ੍ਰਕਾਰ ਦੇ ਸਦ-ਗੁਣਾਂ ਨਾਲ ਭਰਪੂਰ, ਆਤਮ-ਵਿਸ਼ਵਾਸ, ਸਵੈ-ਨਿਰਭਰ ਤੇ ਸੰਪੂਰਨ ਮਨੁੱਖ ਹੈ। ਖਾਲਸਾ ਸੰਤ ਵੀ ਹੈ, ਸਿਪਾਹੀ ਵੀ ਹੈ ਤੇ ਦਾਤਾਰ ਵੀ ਹੈ। ਖਾਲਸਾ ਦ੍ਰਿੜ੍ਹ ਵੀ ਹੈ ਤੇ ਨਿਮਰ ਵੀ ਹੈ। ਖਾਲਸਾ ਨਿਰਭੈ ਵੀ ਹੈ ਤੇ ਨਿਰਵੈਰ ਵੀ ਹੈ। ਖਾਲਸਾ ਹਰ ਪ੍ਰਕਾਰ ਦੇ ਗਿਆਨ ਦਾ, ਸ਼ਕਤੀਆਂ ਦਾ ਭੰਡਾਰ ਹੈ। ਇਸ ਲਈ ਨਿਰੰਜਨ ਰੂਪ ਹੈ। ਖਾਲਸਾ ਸਿੱਧਾ ਪਰਮਾਤਮਾ ਨਾਲ ਸੰਬੰਧਤ ਹੈ। ਹਰਿ ਤੋਂ ਬਿਨਾਂ ਉਹ ਕਿਸੇ ਦੇ ਅਧੀਨ ਨਹੀਂ, ਕਿਸੇ ਦਾ ਮੁਹਤਾਜ ਨਹੀਂ। ਉਹ ਸ਼ਬਦ ਦੀ ਨਿਰੰਜਨੀ ਜੋਤਿ ਦਾ ਪੁਜਾਰੀ ਹੈ। ਖਾਲਸਾ ਅਕਾਲ ਪੁਰਖ ਦੇ ਹੁਕਮ ਵਿੱਚ ਹੈ ਇਸ ਲਈ ਇਸ ਨੂੰ ਧੁਰੋਂ ਸਰਦਾਰੀ ਪ੍ਰਾਪਤ ਹੈ। ਖਾਲਸਾ ਕਿਸੇ ਪ੍ਰਕਾਰ ਦੇ ਕਰਮਕਾਂਡ ਤੇ ਵਹਿਮ-ਭਰਮ ਨੂੰ ਨਹੀਂ ਮੰਨਦਾ। ਜਿਸ ਦੇ ਹਿਰਦੇ ਅੰਦਰ ਪਰਮਾਤਮਾ ਦਾ ਪ੍ਰਤੱਖ ਗਿਆਨ ਜਗਮਗਾਉਂਦਾ ਹੈ ਅਤੇ ਜਿਸ ਦੇ ਮਨ ਵਿਚੋਂ ਅਗਿਆਨਤਾ ਦਾ ਭਰਮ ਮਿਟ ਜਾਂਦਾ ਹੈ, ਉਹ ਹੀ ਅਸਲ ਵਿੱਚ ਖਾਲਸਾ ਹੈ। ਗੁਰੂ ਜੀ ਨੇ ਖਾਲਸੇ ਦਾ ਸਿਰਫ ਆਦਰਸ਼ ਹੀ ਨਹੀਂ ਪੇਸ਼ ਕੀਤਾ ਸਗੋਂ ਅਮਲੀ ਰੂਪ ਵਿੱਚ ਖਾਲਸਾ ਬਣ ਕੇ ਵੀ ਮਿਸਾਲ ਪੇਸ਼ ਕੀਤੀ ਹੈ:
ਖਾਲਸਾ ਗੁਰੂ ਦਾ ਪੈਰੋਕਾਰ ਹੀ ਨਹੀਂ ਸਗੋਂ ਗੁਰੂ-ਘਰ ਦਾ ਅਸਲੀ ਵਾਰਿਸ ਵੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਨਾਲ ਜੰਗ-ਜੁੱਧ ਕਰਨ ਲਈ ਜਾਂ ਕਿਸੇ ਵਿਸ਼ੇਸ਼ ਧਰਮ ਦੀ ਰਾਖੀ ਲਈ ਖਾਲਸਾ ਇੱਕ ਫੌਜ ਨਹੀਂ ਤਿਆਰ ਕੀਤੀ ਸੀ, ਇਹ ਮਨੁੱਖੀ ਵਿਕਾਸ ਦੀ ਸਿਖਰ ਸੀ। ਗੁਰੂ ਸਾਹਿਬ ਦੇ ਮਨ ਵਿੱਚ ਖਾਲਸੇ ਦਾ ਦਰਜਾ ਬਹੁਤ ਉੱਚਾ ਸੀ। ਇਸ ਦੇ ਉਦੇਸ਼ ਬਾਰੇ ਗੁਰੂ ਸਾਹਿਬ ਨੇ ਫੁਰਮਾਇਆ ਹੈ:


ਚੜ੍ਹਦੀ ਕਲਾ ਦਾ ਗੁਣ ਖਾਲਸੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਇਸ ਤਰ੍ਹਾਂ ਖਾਲਸਾ ਆਚਾਰ, ਵਿਹਾਰ, ਸਦਾਚਾਰ, ਸੀਲ-ਸੰਜਮ, ਤਿਆਗ, ਕੁਰਬਾਨੀ, ਭਗਤੀ, ਸ਼ਕਤੀ, ਚੜ੍ਹਦੀ ਕਲਾ ਦੇ ਸਦਗੁਣਾਂ ਨਾਲ ਭਰਪੂਰ ਹੈ। ‘ਏਕ ਪਿਤਾ ੲਕਸ ਕੇ ਹਮ ਬਾਰਿਕ’ ਅਨੁਸਾਰ ਸਮੁਚੀ ਸ਼ਿਸ਼ਟੀ ਨੂੰ ਅਪਣਾ ਮੰਨਦਾ ਹੋਇਆ ਸਰਬਤ ਦਾ ਭਲਾ ਮੰਗਦਾ ਹੈ।
ਅੱਜ ਅਸੀਂ ਖਾਲਸਾਈ ਸਭਿਆਚਾਰ ਤਿਆਗ ਕੇ ਪਦਾਰਥਵਾਦ ਅਤੇ ਪੱਛਮੀ ਸਭਿਆਚਾਰ ਦੀ ਚਕਾਚੌਂਧ ਵਿੱਚ ਉਲਝ ਕੇ ਰਹਿ ਗਏ ਹਾਂ ਤੇ ਮਾਇਆਧਾਰੀ ਵਿਕਾਸ ਦੀ ਗਲ ਕਰਦੇ ਹਾਂ ਜਦ ਕਿ ਲੋੜ ਹੈ ਵਿਗਾਸ ਦੀ ਜੋ ਗੁਰਬਾਣੀ ਸੁਣਨ, ਮੰਨਣ ਤੇ ਮਨ ਵਿੱਚ ਪ੍ਰਮਾਤਮਾ ਦਾ ਭਉ ਲੈ ਕੇ ਭਾਉ ਪੈਦਾ ਕਰਦਾ ਹੈ। ਪ੍ਰਮਾਤਮਾ ਪ੍ਰਤੀ ਪੈਦਾ ਭਾੳ ਸਾਨੂੰ ਨਾਮ ਨਾਲ ਜੋੜਦਾ ਹੈ ਜਿਸ ਰਾਹੀਂ ਅਸੀਂ ਵਿਗਾਸ ਤੋਂ ਵਿਸਮਾਦ ਦੀ ਅਵਸਥਾ ਵਿੱਚ ਪ੍ਰਮਾਤਮਾ ਦੇ ਸਨਮੁਖ ਹੋ ਸਚਖੰਡ ਵਿੱਚ ਪ੍ਰਵੇਸ਼ ਹੁੰਦੇ ਹਾਂ ਤੇ ਸਾਡੀ ਪ੍ਰਮਾਤਮਾ ਪ੍ਰਾਪਤੀ ਤੇ ਉਸ ਸੰਗ ਇੱਕ ਮਿਕ ਹੁੰਦੇ ਹਾਂ। ਇਸ ਲਈ ਵਿਕਾਸ ਦੀ ਥਾਂ ‘ਕਹੁ ਕਬੀਰ ਜਨ ਭਏ ਖਾਲਸੇ’ ਦੀ ਵਿਗਾਸ ਵਾਲੀ ਨਵੀਂ ਲਹਿ ਤੇ ਤੁਰੀਏ।
.