ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਵਿੱਚ ਗੁਰੂ ਦਾ ਸੰਕਲਪ
(ਕਿਸ਼ਤ ਨੰ: 06)
ਬੁਧਿ
ਪ੍ਰਗਾਸ ਭਈ ਮਤਿ ਪੂਰੀ॥ ਤਾ ਤੇ ਬਿਨਸੀ ਦੁਰਮਤਿ ਦੂਰੀ॥ ੧॥
ਐਸੀ ਗੁਰਮਤਿ ਪਾਈਅਲੇ॥
ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ॥ ੧॥ ਰਹਾਉ॥
ਮਹਾ ਅਗਾਹ ਅਗਨਿ ਕਾ ਸਾਗਰੁ॥ ਗੁਰੁ ਬੋਹਿਥੁ ਤਾਰੇ ਰਤਨਾਗਰ॥ ੨॥
ਦੁਤਰ ਅੰਧ ਬਿਖਮ ਇਹ ਮਾਇਆ॥ ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ॥ ੩॥
ਜਾਪ ਤਾਪ ਕਛੁ ਉਕਤਿ ਨ ਮੋਰੀ॥ ਗੁਰ ਨਾਨਕ ਸਰਣਾਗਤਿ ਤੋਰੀ॥ ੪॥ ੨੬॥ (੩੭੭)
ਰਹਾਉ ਦੀ ਤੁਕ ਵਿੱਚ ਸੇਧ ਦਿੱਤੀ ਹੈ ਕਿ ਹੇ ਮੇਰੇ ਭਾਈ, ਮੇਰੇ ਵੀਰ, ਮੈਂ ਸ਼ਬਦ ਗੁਰੂ ਤੋਂ ਐਸੀ ਮਤ
ਪਾਈ ਹੈ, ਐਸਾ ਗਿਆਨ ਪਰਾਪਤ ਕੀਤਾ ਹੈ, ਜਿਸ ਆਸਰੇ ਮੈਂ ਮਾਇਆ ਦੇ ਘੁੱਪ ਹਨੇਰੇ ਖੂਹ ਵਿੱਚ
ਡੁਬਦਾ-ਡੁਬਦਾ ਬਚ ਗਿਆ ਹਾਂ, ਉਸ ਵਿਚੋਂ ਸਹੀ ਸਲਾਮਤ ਬਾਹਰ ਨਿਕਲ ਆਇਆ ਹਾਂ। ਤੂੰ ਵੀ ਸ਼ਬਦ ਗੁਰੂ
ਨਾਲ ਜੁੜ ਕੇ ਮਾਇਆ ਦੀ ਘੁੱਮਣ-ਘੇਰੀ ਵਿਚੋਂ ਬਚਣ ਦਾ ਉਪ੍ਰਾਲਾ ਕਰ ਲੈ।
ਪਹਿਲੀ ਤੁਕ ਵਿੱਚ ਸਮਝਾਉਂਦੇ ਹਨ ਕਿ ਸ਼ਬਦ ਗੁਰੂ ਦੇ ਗਿਆਨ ਆਸਰੇ, ਮੇਰੀ ਮਤ, ਭਲੇ ਬੁਰੇ ਦੀ ਪਰਖ
ਕਰਨ ਵਾਲੀ ਹੋ ਗਈ ਹੈ, ਉਸ ਆਸਰੇ ਮੇਰੀ ਭੈੜੀ ਮਤ, ਮੈਨੂੰ ਵਿਸ਼ੇ ਵਿਕਾਰਾਂ, ਤ੍ਰਿਸ਼ਨਾਵਾਂ ਵੱਲ
ਲਿਜਾਣ ਵਾਲੀ ਮਤ ਖਤਮ ਹੋ ਗਈ ਹੈ, ਜਿਸ ਆਸਰੇ ਹੁਣ ਮੇਰੀ ਪਰਮਾਤਮਾ ਨਾਲੋਂ ਦੂਰੀ ਖਤਮ ਹੋ ਗਈ ਹੈ।
ਦੂਸਰੀ ਤੁਕ ਵਿੱਚ ਦਸਦੇ ਹਨ ਕਿ ਇਹ ਸੰਸਾਰ, ਮਾਇਆ ਦੀ ਉਪਜ, ਤ੍ਰਿਸ਼ਨਾਵਾਂ ਦੀ ਅੱਗ ਦਾ ਅਥਾਹ
ਸਮੁੰਦਰ ਹੈ। ਰਤਨਾਂ ਦੀ ਖਾਣ, ਦੁਰਲੱਭ ਚੀਜ਼ਾਂ ਦਾ ਖਜ਼ਾਨਾ, ਗੁਰੁ ਵਾਹਿਗੁਰੂ, ਇਸ ਸਮੁੰਦਰ ਨੂੰ ਪਾਰ
ਕਰਨ ਲਈ ਮਾਨੋ ਜਹਾਜ਼ ਹੈ, ਜੋ ਆਪਣੇ ਨਾਲ ਜੋੜ ਕੇ, ਇਸ ਭਵਜਲ ਤੋਂ ਪਾਰ ਲੰਘਾਅ ਲੈਂਦਾ ਹੈ।
ਤੀਸਰੀ ਤੁਕ ਵਿੱਚ ਸਮਝਾਇਆ ਹੈ ਕਿ ਹੇ ਭਾਈ ਇਸ ਮਾਇਆ ਦੇ ਔਖੇ ਤਰੇ ਜਾਣ ਵਾਲੇ ਹਨੇਰੇ ਸਮੁੰਦਰ ਤੋਂ
ਪਾਰ ਲੰਘਣਾ, ਤ੍ਰਿਸ਼ਨਾਵਾਂ ਤੋਂ ਬਚ ਜਾਣਾ, ਬਹੁਤ ਔਖਾ ਹੈ, ਪਰ ਪੂਰੇ ਗੁਰ, ਸ਼ਬਦ ਗੁਰੂ ਨੇ ਮੈਨੂੰ
ਇਸ ਤੋਂ ਬਚਣ ਦਾ ਜ਼ਾਹਰਾ ਮਾਰਗ, ਪ੍ਰਤੱਖ ਰਸਤਾ ਵਿਖਾ ਦਿੱਤਾ ਹੈ। ਮੈਨੂੰ ਸੋਝੀ ਦੇ ਦਿੱਤੀ ਹੈ ਕਿ
ਗੁਣਾਂ ਦੇ ਭੰਡਾਰ, ਪਰਮਾਤਮਾ ਨਾਲ ਪਿਆਰ ਪਾਇਆ ਹੀ, ਉਸ ਦੀ ਮਿਹਰ ਆਸਰੇ ਇਹ ਭਿਆਨਕ ਸਮੁੰਦਰ, ਜੋ
ਤ੍ਰਿਸ਼ਨਾਵਾਂ ਦੀਆਂ ਛੱਲਾਂ ਨਾਲ ਭਰਿਆਂ ਪਿਆ ਹੈ, ਤਰਿਆਂ ਜਾ ਸਕਦਾ ਹੈ।
ਚੌਥੀ ਤੁਕ ਵਿੱਚ ਬੇਨਤੀ ਕਰਦਿਆਂ ਕਿਹਾ ਹੈ ਕਿ ਹੇ ਨਾਨਕ ਬੇਨਤੀ ਕਰ, ਹੇ ਸ਼ਬਦ ਗੁਰੂ, ਮੇਰੇ ਕੋਲ
ਜਪ-ਤਪ ਆਦਿ ਕਰਮ ਕਾਂਡ ਕਰਨ ਦੀ ਕੋਈ ਚਤਰਾਈ ਨਹੀਂ ਹੈ, ਮੈਂ ਤਾਂ ਤੇਰੀ ਹੀ ਸਰਨ ਵਿੱਚ ਹਾਂ, ਤੇਰੇ
ਹੀ ਆਸਰੇ ਹਾਂ, ਕਿਰਪਾ ਕਰ ਕੇ ਮੈਨੂੰ ਪ੍ਰਭੂ ਕਰਤਾਰ ਨਾਲ ਮਲਾ ਦੇਹ।
ਅਤੇ,
ਪਾਰਬ੍ਰਹਮ ਪ੍ਰਭ ਭਏ ਕ੍ਰਿਪਾਲ॥
ਕਾਰਜ ਸਗਲ ਸਵਾਰੇ ਸਤਿਗੁਰ ਜਪਿ ਜਪਿ ਸਾਧੂ ਭਏ ਨਿਹਾਲ॥ ੧॥ ਰਹਾਉ॥
ਅੰਗੀਕਾਰੁ ਕੀਆਂ ਪ੍ਰਭਿ ਅਪਨੈ ਦੋਖੀ ਸਗਲੇ ਭਏ ਰਵਾਲ॥
ਕੰਠਿ ਲਾਇ ਰਾਖੇ ਜਨ ਅਪਨੇ ਉਧਰਿ ਲੀਏ ਲਾਇ ਅਪਨੈ ਪਾਲ॥ ੧॥
ਸਹੀ ਸਲਾਮਤਿ ਮਿਲਿ ਘਰਿ ਆਏ ਨਿੰਦਕ ਕੇ ਮੁਖ ਹੋਏ ਕਾਲ॥
ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ॥ ੨॥ ੨੭॥ (੮੨੬-੨੭)
ਰਹਾਉ ਦੀ ਤੁਕ ਵਿੱਚ ਸੋਝੀ ਦਿੰਦੇ ਹਨ ਕਿ ਜਿਨ੍ਹਾਂ ਬੰਦਿਆਂ ਤੇ ਪ੍ਰਭੂ ਕਿਰਪਾ ਕਰਦਾ ਹੈ, ਸਤਿਗੁਰ,
ਸ਼ਬਦ ਗੁਰੂ ਉਨ੍ਹਾਂ ਦੇ ਸਾਰੇ ਕੰਮ ਸਵਾਰ ਦਿੰਦਾ ਹੈ। ਉਨ੍ਹਾਂ ਨੂੰ ਪਰਮਾਤਮਾ ਦਾ ਨਾਮ ਸਿਮਰਨ ਦਾ,
ਉਸ ਦੇ ਹੁਕਮ ਵਿੱਚ ਚਲਣ ਦਾ ਸਹੀ ਢੰਗ ਦੱਸ ਦਿੰਦਾ ਹੈ, ਜਿਸ ਆਸਰੇ ਭਗਤ ਲੋਕ ਉਸ ਦੀ ਰਜ਼ਾ ਦਾ ਪਾਲਣ
ਕਰਦੇ, ਆਨੰਦ ਮਾਣਦੇ ਰਹਿੰਦੇ ਹਨ।
ਸ੍ਰਿਸ਼ਟੀ ਵਿੱਚ ਸਾਰੇ ਕੰਮ ਨਿਯਮਬੱਧ ਹੋ ਰਹੇ ਹਨ, ਕੋਈ ਵੀ ਕੰਮ ਨਿਯਮ ਤੋਂ ਬਗੈਰ ਨਹੀਂ ਹੁੰਦਾ। ਇਸ
ਲਈ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਜਦ ਪਰਮਾਤਮਾ ਦੇ ਨਿਯਮ ਅਟੱਲ ਹਨ, ਸਭ ਲਈ ਇਕੋ ਜਿਹੇ ਹਨ,
ਫਿਰ ਪ੍ਰਭੂ ਕੁੱਝ ਬੰਦਿਆ ਤੇ ਹੀ ਕਿਉਂ ਕਿਰਪਾ ਕਰਦਾ ਹੈ? ਕੀ ਉਸ ਦੀ ਕਿਸੇ ਬੰਦੇ ਨਾਲ ਦੁਸ਼ਮਣੀ
ਹੁੰਦੀ ਹੈ? ਜਾਂ ਕਿਸੇ ਨਾਲ ਖਾਸ ਪਿਆਰ ਹੁੰਦਾ ਹੈ?
ਜੀ ਨਹੀਂ ਉਸ ਲਈ ਸਭ ਬੰਦੇ ਇਕੋ ਜਿਹੇ ਹੁੰਦੇ ਹਨ, ਉਸ ਨੂੰ ਸਭ ਨਾਲ ਪਿਆਰ ਹੈ।
ਫਿਰ ਕੁੱਝ ਤੇ ਕਿਰਪਾ ਕਰਨ ਦਾ ਮਤਲਬ?
ਇਹੀ ਸਮਝਣ ਦੀ ਗੱਲ ਹੈ।
ਸ੍ਰਿਸ਼ਟੀ ਦੀ ਹਰ ਚੀਜ਼ ਉਸ ਦੇ ਹੁਕਮ ਵਿੱਚ ਚਲ ਰਹੀ ਹੈ, ਨਿਯਮਬੱਧ ਚਲ ਰਹੀ ਹੈ, ਅੱਜ ਹੀ ਨਹੀਂ,
ਲੱਖਾਂ ਕ੍ਰੋੜਾਂ ਸਾਲਾਂ (ਬੇਗਿਣਤ ਸਮੇ ਤੋਂ) ਕਿਸੇ ਦੀ ਚਾਲ ਵਿੱਚ ਭੋਰਾ ਭਰ ਫਰਕ ਨਹੀਂ ਪਿਆ, ਏਸੇ
ਆਧਾਰ ਤੇ ਹਿਸਾਬ ਲਾਇਆ ਜਾਂਦਾ ਹੈ ਕਿ ਫਲਾਨੇ ਦਿਨ ਸੂਰਜ ਏਨੇ ਵਜੇ ਨਿਕਲੇਗਾ। ਫਲਾਨੇ ਦਿਨ ਏਨੇ ਵਜੇ
ਛਿਪੇਗਾ। ਕਿਸੇ ਦੀ ਚਾਲ ਵਿੱਚ ਭੋਰਾ ਭਰ ਫਰਕ ਪੈਣ ਨਾਲ ਸਾਰਾ ਨਜ਼ਾਮ ਵਿਗੜ ਸਕਦਾ ਹੈ, ਪਰ ਪਰਮਾਤਮਾ
ਅਭੁੱਲ ਹੈ, ਉਸ ਦੇ ਨਿਯਮ ਵੀ ਅਟੱਲ ਹਨ। ਉਨ੍ਹਾਂ ਵਿੱਚ ਕੋਈ ਤਬਦੀਲੀ ਕਰਨ ਦੀ ਸਮਰੱਥਾ ਕਿਸੇ ਵਿੱਚ
ਵੀ ਨਹੀਂ ਹੈ। ਉਹ ਹਰ ਜੀਵ ਨੂੰ ਜ਼ਿੰਦਗੀ ਲਈ ਲੋੜੀਂਦੀਆਂ ਵਸਤਾਂ, ਬਿਨਾ ਕਿਸੇ ਭਿਨ-ਭੇਦ ਦੇ ਦਿੰਦਾ
ਹੈ, ਉਨ੍ਹਾਂ ਨੂੰ ਵੀ, ਜੋ ਉਸ ਦੀ ਭਗਤੀ ਕਰਦੇ ਹਨ, ਉਨ੍ਹਾਂ ਨੂੰ ਵੀ ਜੋ, ਉਸ ਦੀ ਹੋਂਦ ਤੋਂ ਹੀ
ਮੁਨਕਿਰ ਹਨ। ਉਨ੍ਹਾਂ ਨੂੰ ਵੀ ਜੋ ਭਲੇ ਕੰਮ ਕਰਦੇ ਹਨ, ਉਨ੍ਹਾਂ ਨੂੰ ਵੀ ਜੋ ਬੁਰੇ ਕੰਮ ਕਰਦੇ ਹਨ।
ਫਿਰ ਕੁੱਝ ਬੰਦਿਆਂ ਤੇ ਹੀ ਕਿਰਪਾ ਹੋਣ ਦਾ ਕੀ ਕਾਰਨ ਹੈ?
ਗੁਰੂ ਸਾਹਿਬ ਇਸ ਕਰਮ ਨੂੰ ਪਰਾਪਤ ਕਰਨ ਲਈ ਤਿੰਨ ਸ਼ਰਤਾਂ ਲਾਉਂਦੇ ਹਨ, ਜਿਨ੍ਹਾਂ ਨੂੰ ਪੂਰਾ ਕਰਨ
ਨਾਲ, ਬੰਦਾ ਕਰਮ ਦਾ, ਕਿਰਪਾ ਦਾ, ਬਖਸ਼ਿਸ਼ ਦਾ ਅਧਿਕਾਰੀ ਬਣ ਸਕਦਾ ਹੈ।
ਪਹਿਲੀ ਹੈ ਧਰਮ ਦੀ, ਜਿਸ ਵਿੱਚ ਬੰਦੇ ਨੂੰ ਆਪਣੇ ਧਰਮ, ਆਪਣੇ ਫਰਜ਼ ਬਾਰੇ ਜਾਨਣ ਦੀ ਜਗਿਆਸਾ ਪੈਦਾ
ਹੁੰਦੀ ਹੈ, ਉਹ ਜਦ ਸ੍ਰਿਸ਼ਟੀ ਦੀ ਬੇਅੰਤਤਾ ਨੂੰ ਮਹਿਸੂਸ ਕਰਦਾ ਹੈ, ਉਸ ਵਿਚਲੀਆਂ ਚੀਜ਼ਾਂ ਨੂੰ
ਨਿਯਮਬੱਧ ਚਲਦਿਆਂ ਵੇਖਦਾ ਹੈ। ਜਦ ਇਸ ਨੂੰ ਸਮਝਣ ਦੀ, ਇਸ ਦਾ ਗਿਆਨ ਹਾਸਲ ਕਰਨ ਦੀ ਜਗਿਆਸਾ ਹੱਦੋਂ
ਵੱਧ ਜਾਂਦੀ ਹੈ।
ਤਾਂ ਦੂਸਰੀ ਸ਼ਰਤ ਸ਼ੁਰੂ ਹੁੰਦੀ ਹੈ ਉਹ ਇਸ ਬਾਰੇ ਗਿਆਨ ਹਾਸਲ ਕਰਨ ਲਈ, ਸ਼ਬਦ ਗੁਰੂ ਦਾ ਆਸਰਾ ਲੈਂਦਾ
ਹੈ। ਸ਼ਬਦ ਗੁਰੂ ਉਸ ਨੂੰ ਸਰਮ, ਮਿਹਨਤ, ਉੱਦਮ ਕਰਨ, ਪਰਮਾਤਮਾ ਦੀ ਰਜ਼ਾ ਵਿੱਚ ਚੱਲਣ ਦਾ ਢੰਗ ਦਸਦਾ
ਹੈ।
ਤੀਸਰੀ ਹਾਲਤ ਵਿੱਚ ਬੰਦਾ ਪਰਮਾਤਮਾ ਦੇ ਹੁਕਮ ਵਿੱਚ ਰਾਜ਼ੀ ਰਹਿਣ ਦਾ ਉਪ੍ਰਾਲਾ ਕਰਦਾ ਹੈ, ਜਿਸ ਆਸਰੇ
ਉਸ ਦੀ ਆਤਮਕ ਘਾੜਤ ਘੜੀ ਜਾਂਦੀ ਹੈ। ਉਸ ਹਾਲਤ ਵਿੱਚ ਹੀ ਉਸ ਦੀ ਸੁਰਤ ਅਤੇ ਮੱਤ ਦਾ ਵਿਕਾਸ ਹੁੰਦਾ
ਹੈ। ਉਸ ਦੇ ਮਨ ਵਿੱਚ ਜਾਗ੍ਰਤੀ ਪੈਦਾ ਹੁੰਦੀ ਹੈ। ਉਸ ਨੂੰ ਸਭ ਲੋਕ ਆਪਣੇ ਹੀ ਨਜ਼ਰ ਆਉਣ ਲਗਦੇ ਹਨ,
ਦੂਸਰਿਆਂ ਨਾਲ ਵੈਰ ਵਿਰੋਧ ਖਤਮ ਹੋ ਜਾਂਦਾ ਹੈ।
ਇਸ ਅਵਸਥਾ ਵਿੱਚ ਬੰਦਾ ਬਖਸ਼ਿਸ਼ ਦਾ, ਕਿਰਪਾ ਦਾ, ਰਹਿਮਤ ਦਾ ਪਾਤ੍ਰ ਬਣਦਾ ਹੈ। ਪਰ ਇਹ ਕੋਈ ਅਧਿਕਾਰ
ਦੀ ਗੱਲ ਨਹੀਂ ਹੈ, ਕਿਉਂਕਿ ਬੰਦੇ ਵਲੋਂ ਕੀਤੇ ਸਰਮ ਦੀ ਅਸਲੀਅਤ ਪਰਮਾਤਮਾ ਹੀ ਜਾਣਦਾ ਹੈ, ਇਸ ਲਈ
ਇਹ ਵੀ ਉਸ ਦੇ ਹੱਥ ਵਿੱਚ ਹੀ ਹੈ ਕਿ ਉਹ ਕਿਸ ਤੇ ਬਖਸ਼ਿਸ਼ ਕਰਦਾ ਹੈ। ਪਰ ਇਹ ਜ਼ਰੂਰੀ ਹੈ ਕਿ ਇਸ
ਬਖਸ਼ਿਸ਼ ਦਾ ਪਾਤ੍ਰ ਬਣਨ ਲਈ ਬੰਦੇ ਨੂੰ, ਪਹਿਲੀਆਂ ਤਿੰਨ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ।
ਇਹੀ ਸਿੱਖੀ ਦਾ ਮੂਲ ਸਿਧਾਂਤ ਹੈ, ਪਾਰਬ੍ਰਹਮ ਪਰਮਾਤਮਾ, ਬੰਦੇ ਦੇ ਕੀਤੇ ਚੰਗੇ ਕਰਮਾਂ ਦੇ
ਸੰਸਕਾਰਾਂ ਨੂੰ ਮੁੱਖ ਰਖ ਕੇ ਉਸ ਨੂੰ ਸ਼ਬਦ ਗੁਰੂ ਨਾਲ ਮਿਲਾਉਂਦਾ ਹੈ। ਸ਼ਬਦ ਗੁਰੂ ਬੰਦੇ ਨੂੰ ਉਹ
ਗਿਆਨ ਬਖਸ਼ਦਾ ਹੈ, ਜਿਸ ਦੀ ਸੋਝੀ ਵਿੱਚ ਚਲ ਕੇ ਬੰਦਾ ਕਰਤਾਰ ਦੀ ਨੇੜਤਾ ਹਾਸਲ ਕਰਦਾ ਹੈ। ਉਸ ਰਸਤੇ
ਤੇ ਚਲਣ ਦਾ ਉਦਮ ਬੰਦੇ ਨੇ ਆਪ ਹੀ ਕਰਨਾ ਹੁੰਦਾ ਹੈ।
ਇਹ ਮਾਇਆ ਦੇ ਛਲ ਪੂਰਵਕ ਨਿਯਮ ਨਹੀਂ ਹਨ, ਜਿਨ੍ਹਾਂ ਆਸਰੇ ਮਿਹਨਤ ਕੋਈ ਕਰਦਾ ਹੈ ਅਤੇ ਚਾਰ ਪੈਸੇ ਦੇ
ਕੇ ਉਸ ਮਿਹਨਤ ਆਸਰੇ ਕੀਤੀ ਕਮਾਈ ਦਾ ਫਲ ਕੋਈ ਹੋਰ ਭੋਗਦਾ ਹੈ। ਗੁਰਬਾਣੀ ਪੜ੍ਹਨ ਦਾ ਵਿਖਾਵਾ ਕੋਈ
ਕਰੇ ਅਤੇ ਉਸ ਨੂੰ ਕੁੱਝ ਪੈਸੇ ਦੇ ਕੇ ਉਸ ਦੀ ਅਰਦਾਸ ਕੋਈ ਦੂਸਰਾ ਅਪਣੇ ਨਾਮ ਕਰਵਾ ਲਵੇ। ਗੁਰਬਾਣੀ
ਪੜ੍ਹਨ ਵਾਲਾ ਇਹ ਸੋਚ ਕੇ ਖੁਸ਼ ਹੈ ਕਿ ਮੈਂ ਕੀਤਾ- ਕਰਾਇਆ ਕੁੱਝ ਹੈ ਨਹੀਂ, ਪੈਸੇ ਵਾਧੂ ਵਸੂਲ ਕਰ
ਲਏ, ਉਸ ਵਿੱਚ ਵੀ ਉਧਾਰ ਦਾ ਕੋਈ ਖਤਰਾ ਨਹੀਂ ਬਲਕਿ ਅਰਦਾਸ ਵਗੈਰਾ ਦੇ ਪੈਸੇ ਵਾਧੂ ਮਿਲ ਜਾਣੇ ਹਨ।
ਪੈਸੇ ਦੇਣ ਵਾਲਾ ਇਹ ਸੋਚ ਕੇ ਖੁਸ਼ ਹੈ, ਕਿ ਮੈਂ ਦੋ ਨੰਬਰ ਦੇ ਪੈਸੇ ਆਸਰੇ ਰੱਬ ਨੂੰ ਬੇਵਕੂਫ ਬਣਾ
ਲਿਆ। (ਹੁਣ ਬੇਵਕੂਫ ਕੌਣ ਬਣਿਆ ਹੈ? ਇਹ ਤੇ ਸਮਾ ਹੀ ਦੱਸੇਗਾ) ਹੁਕਮ ਹੈ,
ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹਾ ਮੇਲੁ
ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ॥ ੨॥ (੪੭੩)
ਹੇ ਨਾਨਕ ਅਕਾਲ ਪੁਰਖ ਆਪ ਹੀ ਫੈਸਲਾ ਕਰਨ ਵਾਲਾ ਜੱਜ ਹੈ, ਆਪ ਹੀ ਫੈਸਲਾ ਲਿਖਣ ਵਾਲਾ
ਪੇਸ਼ਕਾਰ, ਮੁਨਸ਼ੀ ਹੈ। ਆਪ ਹੀ ਫੈਸਲਾ ਲਾਗੂ ਕਰ ਕੇ ਲੇਖਾ ਲੈਣ ਵਾਲਾ, ਭੁਗਤਾਉਣ ਵਾਲਾ ਹੈ। ਸਭ
ਚੰਗੇ-ਮਾੜਿਆਂ ਦਾ ਮੇਲ ਅਖੀਰ, ਉਸ ਨਾਲ ਹੋਣਾ ਹੈ, ਸਭ ਨੇ ਅਖੀਰ ਉਸ ਦੀ ਕਚਹਰੀ ਵਿੱਚ ਅਪੜਨਾ ਹੈ।
ਓਥੇ ਉਹ ਮੰਦ ਕਰਮੀ ਮਨੁਖਾਂ ਨੂੰ ਅਜਿਹੀਆਂ ਜੂਨਾਂ ਵਿੱਚ ਪਾਉਂਦਾ ਹੈ, ਜਿਥੇ ਦੁੱਖਾਂ ਦੇ ਵੇਲਣੇ
ਵਿੱਚ ਪੀੜ ਕੇ, ਉਨ੍ਹਾਂ ਦੇ ਮੰਦੇ ਸੰਸਕਾਰ ਬਾਹਰ ਨਿਕਲਦੇ ਹਨ। ਹਰ ਜੀਵ, ਹਰ ਬੰਦੇ ਨੇ ਆਖਰ ਉਸ
ਪ੍ਰਭੂ ਦੀ ਕਚਹਰੀ ਵਿਚ, ਲੇਖਾ ਦੇਣਾ ਹੈ, ਉਸ ਕਚਹਰੀ ਵਿਚ, ਹਰ ਕੰਮ ਕਰਨ ਵਾਲਾ ਉਹ ਆਪ ਹੀ ਹੈ, ਉਸ
ਦੇ ਨਿਯਮ ਕਾਨੂਨ ਸਾਰਿਆਂ ਵਾਸਤੇ ਇਕੋ ਜਿਹੇ ਅਤੇ ਅਟੱਲ ਹਨ।
ਓਥੇ ਨਾ ਕਿਸੇ ਦੀ ਸਿਫਾਰਸ਼ ਚਲਦੀ ਹੈ, ਨਾ ਹੀ ਕਿਸੇ ਦੂਸਰੇ ਵਲੋਂ ਕੀਤੇ (ਚੰਗੇ ਜਾਂ ਮਾੜੇ) ਕੰਮਾਂ
ਦਾ ਫਲ, ਕਿਸੇ ਦੂਸਰੇ ਨੂੰ ਮਿਲ ਸਕਦਾ ਹੈ। ਕੀਤੇ ਪਾਠ ਦਾ ਫਲ, ਨੀਅਤ ਅਨੁਸਾਰ ਚੰਗਾ ਜਾਂ ਮਾੜਾ,
ਪਾਠ ਕਰਨ ਵਾਲੇ ਨੂੰ ਹੀ ਮਿਲਣਾ ਹੈ, ਪੈਸੇ ਦੇ ਕੇ ਕਰਵਾਉਣ ਵਾਲੇ ਨੂੰ ਨਹੀਂ। ਪੈਸਿਆਂ ਦੀ ਖੇਡ
ਦੁਨੀਆ ਵਿੱਚ ਹੀ ਹੈ, ਉਸ ਦੇ ਦਰ ਤੇ ਨਹੀਂ। ਇਵੇਂ ਹੀ ਕਿਸੇ ਮਿੱਟੀ ਦੇ ਪੁਤਲੇ ਦੇ ਥਾਪੜੇ ਆਸਰੇ,
ਕੁੱਝ ਬਣਨ ਵਿਗੜਨ ਵਾਲਾ ਨਹੀਂ ਹੈ। ਬੰਦੇ ਦੇ ਅਜਿਹੇ ਕੀਤੇ ਕਰਮਾਂ ਬਾਰੇ ਹੀ ਕਿਹਾ ਹੈ,
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ॥
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਇਹੁ ਨਿਆਉ॥ ੨॥ (੪੭੪)
ਸ਼ਾਇਦ ਅੱਜ-ਕਲ ਦੇ ਸਿੱਖਾਂ ਨੂੰ ਸਮਝਾਉਣ ਲਈ ਹੀ ਇਹ ਲਿਖਿਆ ਗਿਆ ਹੈ। ਗੁਰੂ ਸਾਹਿਬ ਸੇਧ
ਦਿੰਦੇ ਹਨ ਕਿ ਜੋ ਕੁੱਝ ਬੰਦੇ ਦੇ ਮਨ ਵਿੱਚ ਹੁੰਦਾ ਹੈ, ਉਸ ਅਨੁਸਾਰ ਉਸ ਨੂੰ ਫਲ ਮਿਲਦਾ ਹੈ,
ਮੂੰਹੋਂ ਕੀਤੀਆਂ ਗੱਲਾਂ ਨਾਲ ਰੱਬ ਨਹੀਂ ਪਤੀਜਦਾ। ਇਹ ਗੱਲ ਵੱਖਰੀ ਹੈ ਕਿ ਪੁਜਾਰੀ ਲਾਣੇ ਨੇ
ਸਿੱਖਾਂ ਨੂੰ ਬਹੁਤ ਕੁਰਾਹੇ ਪਾਇਆ ਹੋਇਆ ਹੈ, ਇਸ ਮਾਮਲੇ ਵਿੱਚ ਵੀ ਪੁਜਾਰੀ, ਗੁਰਦਵਾਰਿਆਂ ਦੀਆਂ
ਸਟੇਜਾਂ ਤੋਂ ਹੀ ਪਰਚਾਰ ਕਰਦੇ ਵੇਖੇ ਜਾ ਸਕਦੇ ਹਨ ਕਿ ਅਜਾਮਲ ਆਪਣੇ ਪੁੱਤ ਨਾਰਾਇਣ ਨੂੰ ਵਾਜਾਂ ਮਾਰ
ਰਿਹਾ ਸੀ, ਪਰ ਪਰਮਾਤਮਾ ਨੂੰ ਭੁਲੇਖਾ ਪਿਆ ਕਿ ਇਹ ਮੈਨੂੰ ਯਾਦ ਕਰ ਰਿਹਾ ਹੈ, ਇਸ ਤਰ੍ਹਾਂ ਅਜਾਮਲ
ਦਾ ਪਾਰ ਉਤਾਰਾ ਹੋ ਗਿਆ। ਯਾਨੀ ਪਰਮਾਤਮਾ ਨੂੰ ਦਿਲ ਦੀਆਂ ਗੱਲਾਂ ਦਾ ਕੋਈ ਨਹੀਂ ਪਤਾ, ਬਸ ਤੁਸੀਂ
ਮੂੰਹੋਂ ਰੌਲੀ ਪਾਈ ਜਾਵੋ, ਲਾਊਡ ਸਪੀਕਰ ਲਗਾ ਕੇ ਉਚੀ ਉਚੀ ਵਾਹਿਗੁਰੂ ਵਾਹਿਗੁਰੂ ਕਰਦੇ ਜਾਵੋ,
ਤੁਹਾਡਾ ਵੀ ਪਾਰ ਉਤਾਰਾ ਹੋ ਜਾਵੇਗਾ, ਮਨ ਵਿੱਚ ਜੋ ਮਰਜ਼ੀ ਹੋਵੇ। ਤਰਸ ਤਾਂ ਉਨ੍ਹਾਂ ਸਿੱਖਾਂ ਤੇ
ਆਉਂਦਾ ਹੈ ਜੋ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਵਾਉਂਦੇ ਵੀ, ਗੁਰੂ ਦੀ ਸਿਖਿਆ ਦੇ ਉਲਟ ਚਲ ਕੇ
ਪੁਜਾਰੀਆਂ ਦੇ ਸਿੱਖ ਬਣ ਰਹੇ ਹਨ। ਇਹ ਕੇਡੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਬੰਦਾ ਬੀਜ ਤਾਂ ਜ਼ਹਿਰ
ਰਿਹਾ ਹੈ, ਭਾਵ ਵਿਕਾਰਾਂ ਵਿੱਚ ਫਸਿਆ ਹੋਇਆ ਹੈ, ਪਰ ਮੰਗ ਅੰਮ੍ਰਿਤ, ਮੁਕਤੀ ਰਿਹਾ ਹੈ। ਗੁਰੂ
ਸਾਹਿਬ ਪੈਰ ਪੈਰ ਤੇ ਆਪਣਾ ਫਰਜ਼ ਪੂਰਾ ਕਰ ਰਹੇ ਹਨ, ਇਨ੍ਹਾਂ ਲਫਜ਼ਾਂ ਨਾਲ ਬੰਦੇ ਨੂੰ ਸੁਚੇਤ ਕੀਤਾ
ਹੈ,
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ॥
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤ ਗਾਰਬਿ ਹੰਢੀਐ॥
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥
ਮੂਰਖੈ ਨਾਲਿ ਨ ਲੁਝੀਐ॥ ੧੯॥ (੪੭੩)
ਜਗਤ ਵਿੱਚ ਹਰ ਜੀਵ ਨੂੰ ਮਮਤਾ ਲੱਗੀ ਹੋਈ ਹੈ, ਜਿਸ ਨੂੰ ਮਮਤਾ ਨਹੀਂ ਲੱਗੀ ਹੋਈ ਉਸ ਨੂੰ
ਲੱਭ ਕੇ ਵਿਖਾਉ। ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ (ਹਿਸਾਬ) ਆਪ ਹੀ ਕਰਨਾ ਪੈਂਦਾ ਹੈ। ਜਦੋਂ ਇਸ
ਜਗਤ ਵਿੱਚ ਸਦਾ ਰਹਣਾ ਹੀ ਨਹੀਂ ਤਾਂ ਹੰਕਾਰ ਵਿੱਚ ਕਿਉਂ ਖਪਦੇ ਰਹੀਏ? ਸ਼ਬਦ ਵਿਚਾਰ ਰਾਹੀਂ ਇਹੀ ਗੱਲ
ਸਮਝਣ ਵਾਲੀ ਹੈ ਕਿ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਅਤੇ ਕਿਸੇ ਮੂਰਖ ਨਾਲ ਵਿਵਾਦ ਨਹੀਂ
ਰਚਾਉਣਾ ਚਾਹੀਦਾ। ਗੁਰੂ ਸਾਹਿਬ ਸਮਝਾਉਂਦੇ ਹਨ ਕਿ,
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥ (੯੧੮)
ਹੇ ਮੇਰੇ ਮਨ, ਭੁੱਲ ਕੇ ਵੀ ਉਹ ਕੰਮ ਨਹੀਂ ਕਰਨਾ ਚਾਹੀਦਾ, ਜਿਸ ਕਾਰਨ ਅੰਤ ਵੇਲੇ, ਦੁਨੀਆਂ ਛੱਡਣ
ਵੇਲੇ ਪਛਤਾਉਣਾ ਪਵੇ। ਦੂਸਰਿਆਂ ਦੀ ਝੂਠੀ ਆਸ ਛੱਡ ਕੇ,
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ (੪੭੪)
ਆਪਣਾ ਕੰਮ ਆਪਣੇ ਆਪ ਹੀ ਕਰਨਾ ਚਾਹੀਦਾ ਹੈ, ਆਤਮਕ ਕੰਮ ਆਪ ਕੀਤਿਆਂ ਹੀ ਗੱਲ ਬਣਦੀ ਹੈ,
ਦੂਸਰਿਆਂ ਕੋਲੋਂ ਪੈਸੇ ਦੇ ਕੇ ਕਰਵਾਏ ਕੰਮ ਕਿਸੇ ਅਰਥ ਨਹੀਂ ਆਉਂਦੇ।
ਦੁਨੀਆਂ ਵਿੱਚ ਇਸ ਵੇਲੇ, ਸਿੱਖੀ ਦੇ ਪਰਚਾਰ ਦੇ ਹਜ਼ਾਰਾਂ ਡੇਰੇ ਕਹੇ ਜਾਂਦੇ ਹਨ, ਉਨ੍ਹਾਂ ਵਿੱਚ
ਲੱਖਾਂ ਹੀ ਬੰਦੇ ਅਜਿਹੇ ਹਨ ਜਿਨ੍ਹਾਂ ਬਾਰੇ ਸਿੱਖਾਂ ਵਿੱਚ ਬਹੁਤ ਵੱਡਾ ਭੁਲੇਖਾ ਹੈ ਕਿ ਉਹ ਸਿੱਖੀ
ਦਾ ਪਰਚਾਰ ਕਰ ਰਹੇ ਹਨ। ਭੁਲੇਖੇ ਵਿਚੋਂ ਨਿਕਲੋ ਅਤੇ ਵਿਚਾਰੋ, ਕੀ ਉਹ ਸਿੱਖਾਂ ਨੂੰ ਆਪਣਾ ਆਤਮਕ
ਕੰਮ ਆਪਣੇ ਆਪ ਹੀ ਕਰਨ ਦੀ ਪ੍ਰੇਰਨਾ ਦਿੰਦੇ ਹਨ? ਜਾਂ ਕਹਿੰਦੇ ਹਨ ਕਿ “ਅਸੀਂ ਹਾਂ ਨਾਂ” ਤੁਸੀਂ
ਤਾਂ ਬਸ ਖਰਚਾ ਦੇਵੋ, ਤੁਹਾਡੇ ਥਾਂ ਪਰਮਾਤਮਾ ਨਾਲ ਪਿਆਰ ਅਸੀਂ ਕਰ ਲਵਾਂਗੇ, ਉਸ ਕੀਤੇ ਪਿਆਰ ਬਾਰੇ
ਤੁਹਾਡੇ ਨਾਮ ਦੀ ਅਰਦਾਸ ਕਰ ਦੇਵਾਂਗੇ, ਉਸ ਦਾ ਫਲ ਤੁਹਾਨੂੰ ਮਿਲ ਜਾਵੇਗਾ। ਕੀ ਇਹ ਗੁਰਮਤ ਦੀ
ਸਿਖਿਆ ਹੈ ਜਾਂ ਬ੍ਰਾਹਮਣਵਾਦ ਦੀ? ਵਿਚਾਰੋ, ਆਪਣੇ ਪਿਆਰੇ ਨਾਲ ਆਪ ਪਿਆਰ ਕਰਨਾ ਚਾਹੀਦਾ ਹੈ ਜਾਂ ਇਹ
ਕੰਮ ਕਿਸੇ ਭਾੜੇ ਦੇ ਟੱਟੂ ਕੋਲੋਂ ਕਰਵਾ ਲੈਣਾ ਚਾਹੀਦਾ ਹੈ? ਅਗਾਂਹ ਵਧਦੇ ਹਾਂ,
ਪਹਿਲੀ ਤੁਕ ਵਿੱਚ ਸਮਝਾਇਆ ਹੈ ਕਿ ਹੇ ਭਾਈ ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਆਪਣੇ ਨਾਮ ਨਾਲ
ਜੋੜਿਆ ਹੈ, ਉਨ੍ਹਾਂ ਦੇ ਸਾਰੇ ਵੈਰੀ ਨਾਸ ਹੋ ਗਏ। (ਸਿੱਖੀ ਵਿੱਚ ਸਰਬੱਤ ਦੇ ਭਲੇ ਦੀ ਗੱਲ ਹੈ,
ਕਿਸੇ ਦੇ ਬੁਰੇ ਦੀ ਗੱਲ ਨਹੀਂ। ਬੁਰੇ ਦਾ ਨਾਸ ਕਰਨ ਵਾਲੀ ਗੱਲ ਨਹੀਂ, ਬੁਰੇ ਵਿਚਲੀ ਬੁਰਾਈ ਦਾ ਨਾਸ
ਕਰਨ ਵਾਲੀ ਗੱਲ ਹੈ, ਭਾਵੇਂ ਸਮਝਾਉਣ ਨਾਲ ਉਹ ਬੁਰਾਈ ਤਿਆਗ ਦੇਵੇ, ਜਾਂ ਉਸ ਦੀ ਬੁਰਾਈ ਖਤਮ ਕਰਨ ਲਈ
ਉਸ ਦਾ ਸਰੀਰ ਖਤਮ ਕਰਨਾ ਪਵੇ। ਪਰ ਹਥਿਆਰ ਦੀ ਵਰਤੋਂ ਆਖਰੀ ਵਸੀਲਾ ਹੋਣਾ ਚਾਹੀਦਾ ਹੈ।) ਏਥੇ ਇਸ ਦਾ
ਮਤਲਬ ਹੈ ਕਿ ਵੈਰੀਆਂ ਦੇ ਮਨਾਂ ਵਿਚੋਂ ਉਸ ਲਈ ਦੁਸ਼-ਭਾਵਨਾ ਖਤਮ ਹੋ ਗਈ, ਉਹ ਨਿਮਰ ਹੋ ਗਏ। ਪ੍ਰਭੂ
ਨੇ ਆਪਣੇ ਭਗਤਾਂ ਨੂੰ, ਆਪਣੇ ਗਲ ਨਾਲ ਲਾ ਕੇ, ਆਪਣਾ ਪਿਆਰ ਦੇ ਕੇ, ਆਪਣੇ ਪਾਲੇ ਵਿਚ, ਆਪਣੇ ਧੜੇ
ਵਿੱਚ ਰਲਾ ਕੇ ਉਨ੍ਹਾਂ ਦਾ ਉਧਾਰ ਕਰ ਦਿੱਤਾ, ਉਨ੍ਹਾਂ ਨੂੰ ਮਾਇਆ ਦੇ ਪ੍ਰਭਾਵ ਤੋਂ ਮੁਕਤ ਕਰ
ਦਿੱਤਾ।
ਦੂਸਰੀ ਤੁਕ ਵਿੱਚ ਦੱਸਿਆ ਹੈ ਕਿ ਜਿਸ ਬੰਦੇ ਤੇ ਪਰਮਾਤਮਾ ਨੇ ਕਿਰਪਾ ਕਰ ਕੇ ਸ਼ਬਦ ਗੁਰੂ ਦੇ ਲੜ
ਲਾਇਆ, ਉਸ ਨੇ ਸ਼ਬਦ ਵਿਚਾਰ ਅਨੁਸਾਰ ਜੀਵਨ ਢਾਲਿਆ, ਸ਼ਬਦ ਗੁਰੂ ਦੇ ਗਿਆਨ ਆਸਰੇ ਉਹ ਆਪਣੇ ਨਿੱਜ ਘਰ
ਵਿੱਚ ਪਹੁੰਚ ਗਿਆ, ਵਾਹਿਗੁਰੂ ਨਾਲ ਇਕ-ਮਿਕ ਹੋ ਗਿਆ, ਉਸ ਦੀ ਨਿੰਦਾ ਕਰਨ ਵਾਲੇ ਦੇ ਪੱਲੇ ਬਦਨਾਮੀ
ਤੋਂ ਛੁੱਟ ਕੁੱਝ ਵੀ ਨਹੀਂ ਪਿਆ।
ਹੇ ਨਾਨਕ ਮੇਰਾ ਸਤਿਗੁਰੁ, ਵਾਹਿਗੁਰੂ ਪੂਰਨ ਹੈ ਉਸ ਵਿੱਚ ਕੋਈ ਉਕਾਈ ਨਹੀਂ, ਉਹ ਗੁਰ ਸ਼ਬਦ ਦੀ
ਬਖਸ਼ਿਸ਼ ਨਾਲ, ਗੁਰ ਸ਼ਬਦ ਵਲੋਂ ਮਿਲੇ ਗਿਆਨ ਅਨੁਸਾਰ ਆਪਣਾ ਜੀਵਨ ਢਾਲਿਆਂ ਹੀ ਖੁਸ਼ ਹੁੰਦਾ ਹੈ,
ਕਿਰਪਾਲ ਹੁੰਦਾ ਹੈ, ਕਿਰਪਾ ਕਰਦਾ ਹੈ।