.

ਆਤਮਕ ਜੀਵਨ ਬਨਾਮ ਆਤਮਕ ਮੌਤ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਮੌਤ, ਦੋ ਤਰ੍ਹਾਂ ਦੀ - ਕੇਵਲ ਗੁਰਬਾਣੀ-ਗੁਰੂ ਤੋਂ ਹੀ ਸਮਝ ਆ ਸਕਦੀ ਹੈ ਕਿ ਇਨਸਾਨ ਦੀ ਮੌਤ ਦੋ ਤਰ੍ਹਾਂ ਦੀ ਹੈ। ਮਨੁੱਖ, ਪ੍ਰਭੂ ਦਾ ਅੰਸ਼ ਹੈ, “ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ” (ਪੰ: 273) ਜੋ ਮਨੁੱਖ ਜਿਉਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ ਉਹ ਕਦੇ ਵੀ ਨਹੀਂ ਮਰਦਾ। ਉਸ ਲਈ ਤਾਂ ਮਨੁੱਖਾ ਜਨਮ ਪਭੂ ਮਿਲਾਪ ਦਾ ਮੌਕਾ ਹੁੰਦਾ ਹੈ ਜਿਸ ਨੂੰ ਉਹ ਬਿਰਥਾ ਨਹੀਂ ਕਰਦਾ। ਅਜਿਹਾ ਮਨੁੱਖ ਸਰੀਰ ਤਿਆਗਣ ਬਾਅਦ ਮੁੜ ਜਨਮ ਮਰਨ `ਚ ਨਹੀਂ ਆਉਂਦਾ। ਦੂਜੇ, ਜੋ ਮੋਹ ਮਾਇਆ ਤੇ ਵਿਕਾਰਾਂ `ਚ ਡੁੱਬੇ ਰਹਿ ਕੇ ਜਨਮ ਬਤੀਤ ਕਰ ਦਿੰਦੇ ਹਨ, ਦਰ ਅਸਲ ਜੀਉਂਦੇ ਜੀਅ ਵੀ ਹਰ ਪਲ ਆਤਮਕ ਮੌਤ ਮਰੇ ਹੁੰਦੇ ਹਨ, ਸਰੀਰ ਤਿਆਗਣ ਬਾਅਦ ਵੀ ਜਨਮ-ਮਰਨ ਤੇ ਮੁੜ ਜੂਨਾਂ ਦੇ ਗੇੜ੍ਹ `ਚ ਹੀ ਪੈਂਦੇ ਹਨ।

ਸਰੀਰਕ ਮੌਤ ਬਾਰੇ ਤਾਂ ਸੰਸਾਰ ਜਾਣਦਾ ਹੈ ਪਰ ਆਤਮਕ ਮੌਤ ਦੀ ਸੋਝੀ ਗੁਰਬਾਣੀ-ਗੁਰੂ ਦੇ ਗਿਆਨ ਬਿਨਾ ਸੰਭਵ ਹੀ ਨਹੀਂ। ਫ਼ਿਰ ਮਨੁੱਖ ਭਾਵੇਂ ਸਮੁੰਦ੍ਰ ਮੰਥਨ ਆਧਾਰਿਤ ਫ਼ਰਜ਼ੀ ਅੰਮ੍ਰਿਤ ਦੀਆਂ ਕਹਾਣੀਆ ਘੜੇ ਜਾਂ ਸੁਰਗ-ਨਰਕ-ਦੇਵ ਲੋਕ ਆਦਿ ਦੇ ਭਰਮਾਂ `ਚ ਉਲਝਾਏ। ਫ਼ੈਸਲਾ ਹੈ “ਜੋ ਉਪਜਿਓ ਸੋ ਬਿਨਸਿ ਹੈ…” (ਪੰ: 1429) ਜਾਂ “ਜੋ ਉਪਜੈ ਸੋ ਸਗਲ ਬਿਨਾਸੈ, ਰਹਨੁ ਨ ਕੋਊ ਪਾਵੈ…” (ਪੰ: 1231)।

ਕੇਵਲ ਮਨੁੱਖ ਹੀ ਨਹੀਂ, ਸਾਰੀ ਰਚਨਾ `ਚ ਜੋ ਕੁੱਝ ਦੇਖ ਜਾਂ ਛੂਅ ਸਕਦੇ ਹਾਂ, ਇਥੋਂ ਤੀਕ ਚੰਦ-ਸੂਰਜ-ਧਰਤੀ-ਆਕਾਸ਼ ਸਭ ਚਲਾਏਮਾਣ ਹਨ ਤੇ ਕੁੱਝ ਵੀ ਥਿਰ ਨਹੀਂ। “ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ॥ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨੑਣਹਾਰੁ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ॥ ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ” (ਪੰ: 468) ਕਿਉਂਕਿ “ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ” (ਪੰ: 294) ਅਨੁਸਾਰ ਸਿਵਾਇ ਅਕਾਲਪੁਰਖ ਦੇ ਕੁੱਝ ਵੀ ਸਦੀਵੀ ਨਹੀਂ, ਬਿਨਸਨਹਾਰ (ਕੂੜ) ਹੈ। ਕੇਵਲ ਪ੍ਰਭੂ ਹੀ ਸਦੀਵੀ ਹੈ ਤੇ ਰਚਨਾ ਦਾ ਘੜਣਹਾਰ ਵੀ ਹੈ।

ਆਤਮਕ ਮੌਤ ਦੀ ਪਹਿਚਾਣ- ਮਨੁੱਖ ਸਰੀਰ ਕਰਕੇ ਦੇਖਣ ਨੂੰ ਜਿਊਂਦਾ ਹੈ ਪਰ ਉਸ ਨੂੰ ਸਮਝ ਨਹੀਂ ਕਿ ਉਹ ਆਤਮਕ ਪਖੋਂ ਬਿਨਸਨਹਾਰ ਧਨ ਪਦਾਰਥਾਂ ਦੇ ਮੋਹ `ਚ ਹੀ ਡੁੱਬਾ ਪਿਆ ਹੈ। “ਭਈ ਪਰਾਪਤਿ ਮਾਨੁਖ ਦੇਹੁਰੀਆ” ਅਨੁਸਾਰ ਕਰਤੇ ਨੇ ਜਨਮ ਬਖਸ਼ਿਆ ਹੀ ਇਸ ਲਈ ਹੈ, ਕਿਉਂਕਿ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੧)। ਸਰੀਰਕ ਤੌਰ `ਤੇ ਜ਼ਿੰਦਾ ਪਰ ਆਤਮਕ ਪੱਖੋਂ ਮਰਿਆ ਮਨੁੱਖ-ਸਰੀਰ ਮੁੱਕਣ `ਤੇ ਵੀ ਆਪਣੇ ਕਰਮਾਂ ਸੰਸਕਾਰਾਂ ਕਾਰਨ “ਮਰਿ ਮਰਿ ਜੰਮਹਿ, ਫਿਰਿ ਫਿਰਿ ਆਵਹਿ, ਜਮ ਦਰਿ ਚੋਟਾ ਖਾਵਣਿਆ” (ਪੰ: 115) ਮੁੜ ਜਨਮ ਮਰਨ ਦੇ ਗੇੜ `ਚ ਹੀ ਪੈਂਦਾ ਹੈ। ਉਂਝ ਤਾਂ ਗੁਰਦੇਵ ਨੇ ਬਾਣੀ `ਚ ਆਤਮਕ ਮੌਤ ਦੀ ਪਛਾਣ ਹਜ਼ਾਰਾਂ ਢੰਗਾਂ ਨਾਲ ਕਰਵਾਈ ਹੈ ਫ਼ਿਰ ਵੀ ਇਥੇ ਕੇਵਲ ਦੋ ਮਿਸਾਲਾਂ ਲੈਂਦੇ ਹਾਂ, ਇੱਕ ਧਾਰਮਿਕ ਆਗੂਆਂ ਦੀ ਤੇ ਦੂਜੇ ਸੰਸਾਰੀ ਮਨੁੱਖ; ਜੋ ਸਰੀਰ ਪਖੋਂ ਤਾਂ ਜ਼ਿੰਦਾ ਹਨ ਪਰ ਆਤਮਕ ਪੱਖੋਂ ਸਾਰੇ ਮੁਰਦਾ ਹਨ।

“ਕੋਈ ਗਾਵੈ ਰਾਗੀ ਨਾਦੀ ਬੇਦੀ. .”-ਪਹਿਲਾਂ ਮਿਸਾਲ ਲੈਂਦੇ ਹਾਂ ਉਨ੍ਹਾਂ ਦੀ ਜਿਨ੍ਹਾਂ ਨੂੰ, ਦੂਜੇ ਲੋਕ ਧਾਰਮਿਕ ਆਗੂ ਮੰਣਦੇ ਹਨ ਤੇ ਜੋ ਅਖਵਾਉਂਦੇ ਵੀ ਧਾਰਮਿਕ ਆਗੂ ਹਨ, ਜਦਕਿ ਆਤਮਕ ਤੱਲ `ਤੇ ਅਜਿਹੇ ਸਾਰੇ ਮਨੁੱਖ ਹੀ ਮੁਰਦਾ ਹਨ। ਗੁਰਦੇਵ ਅਜਿਹੇ ਧਾਰਮਿਕ ਆਗੂਆਂ ਦੀ ਤਸਵੀਰ ਇਸ ਤਰ੍ਹਾਂ ਪੇਸ਼ ਕਰਦੇ ਹਨ, “ਲਬੁ ਪਾਪੁ ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ, ਬਹਿ ਬਹਿ ਕਰੇ ਬੀਚਾਰੁ॥ ਅੰਧੀ ਰਯਤਿ ਗਿਆਨ ਵਿਹੂਣੀ, ਭਾਹਿ ਭਰੇ ਮੁਰਦਾਰੁ”। ਗੁਰਦੇਵ ਫ਼ੁਰਮਾਉਂਦੇ ਹਨ ‘ਜੇਕਰ ਮਨੁੱਖਾ ਸਰੀਰ ਨੂੰ ਇੱਕ ਰਾਜ-ਬਣਤਰ ਮੰਨ ਲਿਆ ਜਾਵੇ ਤਾਂ ਇਸ `ਚ ਜੀਭ ਦੇ ਚਸਕੇ ਰਾਜਾ ਹਨ। ਪ੍ਰਭੂ ਨੂੰ ਭੁਲਾਅ ਕੇ ਕੀਤੇ ਜਾ ਰਹੇ ਕਰਮ ਜਿਨ੍ਹਾਂ ਨੂੰ ਬਾਣੀ `ਚ ਪਾਪ ਕਿਹਾ ਹੈ, ਵਜ਼ੀਰ (ਮਹਤਾ) ਹਨ। ਬਿਨਸਨਹਾਰ ਪਦਾਰਥਾਂ (ਕੂੜੁ) ਦਾ ਮੋਹ ਤੇ ਭੁੱਖ, ਸਰੀਰ `ਚ ਅਫ਼ਸਰ (ਸਿਕਦਾਰ) ਹਨ। ਲੱਬ-ਪਾਪ ਆਦਿ ਵਾਲੀ ਕੁਰਾਹੇ ਪਈ ਹੋਈ ਇਸ ਸਰੀਰ ਦੀ ਰਾਜ ਸ਼ਾਹੀ `ਚ ਕਾਮ (ਹਵਸ) ਸਲਾਹਕਾਰ (ਨੇਬ) ਬਣਿਆ ਬੈਠਾ ਹੈ।

ਇਸ ਕੁਰਾਹੇ ਪਈ ਹੋਈ ਸਰੀਰ ਰੂਪੀ ਰਾਜ ਬਣਤਰ `ਚ, ਇਸ ਦੇ ਪੰਜ ਗਿਆਨ ਤੇ ਪੰਜ ਕਰਮ ਇੰਦਰੇ ਜੋ ਰੱਬੀ ਗਿਆਨ ਤੋਂ ਸੱਖਣੇ ਹਨ, ਇਸ ਦੀ ਪ੍ਰਜਾ ਹਨ। ਅਜਿਹੇ ਅਗਿਆਣਤਾ ਦੇ ਚਲਣ `ਚ ਇਹ ਪ੍ਰਜਾ (ਕਰਮ ਤੇ ਗਿਆਨ-ਇੰਦਰੇ) ਅੰਨ੍ਹੀ ਹੋਈ ਪਈ ਹੈ। ਇਨ੍ਹਾਂ ਨੂੰ ਆਪਣੇ ਆਪ ਦੀ ਸੋਝੀ ਨਹੀਂ ਕਿ ਨੇ ਮਨੁੱਖ ਦੇ ਸਰੀਰ ਨੂੰ ਇਹ ਕਿਉਂ ਦਿੱਤੇ ਹਨ ਤੇ ਇਨ੍ਹਾਂ ਦਾ ਫ਼ਰਜ਼ ਕੀ ਹੈ। ਇਸੇ ਕਾਰਨ ਮਨੁੱਖ ਦਾ ਅਮੁਲਾ ਜਨਮ ਤ੍ਰਿਸ਼ਨਾ ਦੀ ਅੱਗ `ਚ ਚੱਟੀ-ਬੱਧਾ (ਮੁਰਦਾਰ) ਖਤਮ ਹੋ ਰਿਹਾ ਹੈ। ਅਜਿਹੇ ਸਰੀਰਕ ਵਾਤਾਵਰਣ `ਚ:

ਗਿਆਨਵਾਨ ਤਾਂ ਹਨ ਪਰ ਅਸਲ ਗਿਆਨ ਤੋਂ ਕੋਰੇ ਹਨ। ਅਜਿਹੇ ਗਿਆਨੀ ਤੇ ਉਪਦੇਸ਼ਕ ਕਈ ਤਰ੍ਹਾਂ ਦੀ ਨੱਚ-ਟੱਪ ਕਰ ਰਹੇ ਹਨ। ਭੇਸ ਵਟਾ-ਵਟਾ ਕੇ ਅਨੇਕਾਂ ਸ਼ਿੰਗਾਰ ਕਰਦੇ ਤੇ ਲੋਕਾਈ ਨੂੰ ਭਰਮਾਉਣ ਲਈ ਕਈ ਨਾਟਕ ਕਰਦੇ ਹਨ। ਉੱਚੀ ਉੱਚੀ ਕੂਕਦੇ, ਯੁਧਾਂ ਦੇ ਪ੍ਰਸੰਗ, ਜੋਧਿਆਂ ਦੀਆਂ ਵਾਰਾਂ ਗਾਉਂਦੇ ਹਨ। “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ. . ਪਰ “ਜਿਨਾ ਅੰਤਰਿ ਕਪਟੁ ਵਿਕਾਰੁ ਹੈ, ਤਿਨਾ ਰੋਇ ਕਿਆ ਕੀਜੈ” (ਪੰ: 450) “ ਅਨੁਸਾਰ ਕਹਿਣ ਨੂੰ ਪੜ੍ਹੇ-ਲਿਖੇ ਹਨ ਪਰ ਆਤਮਕ ਗਿਆਨ ਤੋਂ ਸਖਣੇ ਹੋਣ ਕਰਕੇ ਰੋ ਰਹੇ ਨ।

ਵਿਦਵਾਨ (ਪੰਡਿਤ) ਵੀ ਹਨ ਜੋ ਅਸਲੋਂ ਮੂਰਖ ਹਨ। ਕਿਉਂਕਿ ਇਨ੍ਹਾਂ ਰਾਹੀਂ ਵਿਦਵਤਾ ਦੀਆਂ ਗੱਲਾਂ ਅਸਲ `ਚ ਚਾਲਾਕੀਆ, ਹੁਜੱਤਾਂ ਤੇ ਕਪਟ ਹਨ। ਉਨ੍ਹਾਂ ਦੀ ਅਸਲ ਦੋੜ ਹੀ ਪੈਸਾ ਇਕੱਠਾ ਕਰਣ ਦੀ ਹੈ। ਇਸੇ ਤਰ੍ਹਾਂ ਹਨ ਜੋ ਆਪਣੇ ਆਪ ਨੂੰ ਧਰਮੀ ਮੰਣਦੇ ਤੇ ਆਪਣੀ ਸੂਝ ਅਨੁਸਾਰ ਧਰਮ-ਕਰਮ ਕਰਦੇ ਹਨ। ਪਰ ਉਹ ਵੀ ਆਪਣੀ ਸਾਰੀ ਮਿਹਨਤ ਵਿਅਰਥ ਕਰ ਰਹੇ ਹਨ। ਕਿਉਂਕਿ ਉਹ ਵੀ ਆਤਮਕ ਪੱਖੋਂ ਕਰਤੇ ਨਾਲ ਜੁੜੇ ਹੋਏ ਨਹੀਂ ਬਲਕਿ ਇਸ ਮਿਹਣਤ ਵੱਟੇ ਉਨ੍ਹਾਂ ਦੀ ਦੌੜ ਵੀ ਕਿਸੇ ਫ਼ਰਜ਼ੀ ਮੁੱਕਤੀ (ਸੁਰਗ) ਲਈ ਹੀ ਹੈ।

ਇਸੇ ਖੇਡ `ਚ ਜਤੀ ਹਨ, ਅਸਲ `ਚ ਜਤੀ ਹੋਣਾ ਤਾਂ ਵਿਕਾਰਾਂ, ਮੋਹ-ਮਾਇਆ ਦੀ ਪਕੜ ਤੋਂ ਉੱਤੇ ਉਠਣਾ ਹੈ, ਉੱਚੇ ਆਚਰਣ ਵਾਲਾ ਬਨਣਾ ਹੈ; ਜਿਸ ਦਾ ਕਿ ਇਨ੍ਹਾਂ ਨੂੰ ਪਤਾ ਹੀ ਨਹੀਂ। ਬੱਸ ਇਹ ਵੀ ਦੂਜਿਆਂ ਦੀ ਦੇਖਾ-ਦੇਖੀ ਘਰ-ਪ੍ਰਵਾਰ ਛੱਡ ਕੇ, ਜੰਗਲਾਂ ਨੂੰ ਚਲੇ ਜਾਂਦੇ ਹਨ; ਇਹੀ ਹੈ ਇਨ੍ਹਾਂ ਦਾ ਜਤੀ ਹੋਨਾ।

ਮੁੱਕਦੀ ਗੱਲ, ਸੰਸਾਰਕ ਤੌਰ `ਤੇ ਇਹ ਸਾਰੇ ਧਰਮ ਦੇ ਆਗੂ ਹੋ ਕੇ ਵੀ, ਮੋਹ ਮਾਇਆ `ਚ ਹੀ ਡੁੱਬੇ ਹਨ। ਇਸ ਤਰ੍ਹਾਂ ਜ਼ਾਹਿਰਾ ਧਾਰਮਿਕ ਆਗੂ ਹੋ ਕੇ ਵੀ ਆਤਮਕ ਪੱਖੋਂ ਮੁਰਦਾ ਹਨ।

“ਆਪੀਨੈੑ ਭੋਗ ਭੋਗਿ ਕੈ” - ‘ਆਸਾ ਕੀ ਵਾਰ’ `ਚ ਇੱਕ ਦੁਨੀਆਦਾਰ ਦੀ ਮਿਸਾਲ ਵਰਤ ਕੇ ਗੁਰਦੇਵ ‘ਆਤਮਕ ਮੌਤ’ ਦੀ ਪਛਾਣ ਕਰਾਉਂਦੇ ਹਨ। ਦੇਖਣ ਨੂੰ ਮਨੁੱਖ ਹਰ ਪਾਸਿਉਂ ਸੰਪਣ ਹੈ, “ਆਪੀਨੈੑ ਭੋਗ ਭੋਗਿ ਕੈ, ਹੋਇ ਭਸਮੜਿ ਭਉਰੁ ਸਿਧਾਇਆ॥ ਵਡਾ ਹੋਆ ਦੁਨੀਦਾਰੁ, ਗਲਿ ਸੰਗਲੁ ਘਤਿ ਚਲਾਇਅ॥ ਅਗੈ ਕਰਣੀ ਕੀਰਤਿ ਵਾਚੀਐ, ਬਹਿ ਲੇਖਾ ਕਰਿ ਸਮਝਾਇਆ॥ ਥਾਉ ਨ ਹੋਵੀ ਪਉਦੀਈ, ਹੁਣਿ ਸੁਣੀਐ ਕਿਆ ਰੂਆਇਆ॥ ਮਨਿ ਅੰਧੈ ਜਨਮੁ ਗਵਾਇਆ” ਫ਼ੁਰਮਾਉਂਦੇ ਹਨ, ਅਕਾਲਪੁਰਖੁ ਆਪ ਅੰਸ਼ ਰੂਪ ਹੋ ਕੇ ਹਰੇਕ ਜੀਵ ਅੰਦਰ ਵੱਸਦਾ ਹੈ ਤੇ ਇਸੇ ਤੋਂ ਮਨੁੱਖ, ਸਰੀਰ ਕਰ ਕੇ ਜ਼ਿੰਦਾ ਕਿਹਾ ਜਾਂਦਾ ਹੈ।

ਇਹ ਵੀ ਕਰਤੇ ਦੀ ਖੇਡ ਹੈ ਕਿ ਮਨੁੱਖ ਨੂੰ ਅਪਣੇ ਅੰਦਰ ਵੱਸਦਾ ਪ੍ਰਭੁ ਨਹੀਂ ਦਿਸਦਾ ਪਰ ਸਰੀਰ ਸਮੇਤ ਕਰਤੇ ਦੀਆਂ ਦਾਤਾਂ ਤੇ ਰਸਾਂ `ਚ ਖੱਚਤ ਰਹਿ ਕੇ, ਕੇਵਲ ਦੁਨੀਆਦਾਰ ਹੋ ਕੇ ਹੀ ਰਹਿ ਜਾਂਦਾ ਹੈ।

ਇਸ ਤਰ੍ਹਾਂ ਦਾਤਾਂ ਦੀ ਪੱਕੜ ਤੇ ਮੋਹ `ਚ ਡੁੱਬੇ, ਆਤਮਕ ਪਖੋਂ ਮੁਰਦਾ ਮਨੁੱਖ ਨੂੰ ਅਚਾਨਕ ਇੱਕ ਦਿਨ ਜਦੋਂ ਮੌਤ ਰੂਪੀ ਪ੍ਰਭੂ ਦਾ ਸੱਦਾ (ਸੰਗਲ) ਆ ਜਾਂਦਾ ਹੈ ਤਾਂ ਇਹੀ ਸਰੀਰ ਮਿੱਟੀ ਦਾ ਢੇਰ (ਭਸਮੜਿ) ਹੋ ਜਾਂਦਾ ਹੈ। ਇਸ ਚੋਂ ਜੀਵਾਤਮਾ (ਭਉਰ) ਸਰੀਰ ਨੂੰ ਛੱਡ ਕੇ ਤੁਰ ਪੈਂਦੀ ਹੈ ਤੇ ਦੁਨੀਆ ਦੇ ਧੰਦਿਆਂ `ਚ ਖਚਤ ਮਨੁੱਖ (ਦੁਨੀਦਾਰੁ) ਚਲਾਣਾ (ਵੱਡਾ ਹੋਆ) ਕਰ ਜਾਂਦਾ ਹੈ।

ਕਰਤੇ ਨੂੰ ਭੁਲਿਆ ਮਾਇਆ `ਚ ਖਚਤ ਮਨੁੱਖ, ਜਗਤ ਨੂੰ ਛੱਡਣਾ ਨਹੀਂ ਚਾਹੁੰਦਾ ਪਰ ਪ੍ਰਭੂ ਦਾ ਹੁਕਮ ਰੂਪੀ ਸੰਗਲ ਇਸ ਦੇ ਗਲ `ਚ ਪਾ ਕੇ (ਹੰਸ ਚਲਸੀ ਡੁਮਣਾ) ਇਸ ਨੂੰ ਅੱਗੇ ਲਾ ਲਿਆ ਜਾਂਦਾ ਹੈ। “ਅਗੈ ਕਰਣੀ ਕੀਰਤਿ ਵਾਚੀਐ” ਅਨੁਸਾਰ ਨਿਬੇੜਾ ਤਾਂ ਜੀਵ ਦੇ ਅਪਣੇ ਕਰਮਾਂ `ਤੇ ਹੀ ਹੋਣਾ ਹੈ। ਕਰਤੇ ਦੇ ਨਿਆਂ `ਚ ਤਾਂ ਰੱਬ ਦੀ ਸਿਫ਼ਤ-ਸਾਲਾਹ ਵਾਲੀ ਕਮਾਈ (ਆਤਮਕ ਜੀਵਨ) ਦਾ ਹੀ ਮੁੱਲ ਪੈਂਦਾ ਹੈ।

ਪ੍ਰਭੂ ਭੁੱਲੇ ਮਾਇਕ ਭੋਗਾਂ `ਚ ਖੱਚਤ, ਮਨੁੱਖ ਨੂੰ ਜਦੋਂ ਮੁੜ ਜਨਮ ਮਰਨ ਤੇ ਜੂਨਾਂ ਵਾਲੇ ਦੁਖ ਸਹਿਣੇ ਪੈਂਦੇ ਹਨ ਤਾਂ ਉਸ ਸਮੇਂ ਇਸ ਦਾ ਰੋਣਾ-ਪਿੱਟਣਾ, ਕੂਕ-ਫ਼ਰਿਆਦ ਸੁਨਣ ਵਾਲਾ ਕੋਈ ਨਹੀਂ ਹੁੰਦਾ। “ਸਤਿਗੁਰੁ ਜਿਨੀ ਨ ਸੇਵਿਓ, ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ ਆਇਓ, ਮਿਰਤਕੁ ਹੈ ਸੰਸਾਰਿ” (ਪੰ: 88) ਆਤਮਕ ਤੌਰ ਤੇ ਮੁਰਦਾ ਰਹਿ ਚੁੱਕਾ, ਅਗਿਆਣੀ ਮਨੁੱਖ ਇਸ ਤਰ੍ਹਾਂ ਅਮੁਲਾ ਜਨਮ ਜ਼ਾਇਆ ਕਰ ਕੇ ਚਲਾ ਜਾਂਦਾ ਹੈ।

“ਮਿਰਤਕ ਕਹੀਅਹਿ ਨਾਨਕਾ. .”- ਇਸੇ ਤਰ੍ਹਾਂ ਆਤਮਕ ਮੌਤ ਵਾਲੇ ਇਸ ਰੱਬੀ ਸੱਚ ਨੂੰ ਸਮਝਾਉਣ ਲਈ ਗੁਰਦੇਵ ਨੇ ਇਥੋਂ ਤੀਕ ਕਿਹਾ ਹੈ “ਅਤਿ ਸੁੰਦਰ ਕੁਲੀਨ ਚਤੁਰ, ਮੁਖਿ ਙਿਆਨੀ ਧਨਵੰਤ॥ ਮਿਰਤਕ ਕਹੀਅਹਿ ਨਾਨਕਾ, ਜਿਹ ਪ੍ਰੀਤਿ ਨਹੀ ਭਗਵੰਤ” (ਪੰ: 253) ਭਾਵ ਜੇ ਕੋਈ ਸਰੀਰ ਕਰ ਕੇ ਕਿਨਾਂ ਵੀ ਸੁੰਦਰ ਹੋਵੇ, ਜਨਮ ਤੇ ਜਾਤ ਕਰ ਕੇ ਵੀ ਉੱਚੀ ਕੁਲ ਦਾ ਹੋਵੇ, ਚਤੁਰ-ਸਿਆਣਾ, ਹੱਦੋਂ ਵੱਧ ਗਿਆਣਵਾਨ ਤੇ ਧੰਨਾਢ ਵੀ ਹੋਵੇ; ਪਾਤਸ਼ਾਹ ਫ਼ੁਰਮਉਂਦੇ ਹਨ ਸੰਸਾਰਕ ਤੱਲ ਤੇ ਸਭ ਪਖੋਂ ਸੰਪਨ ਹੋਣ ਦੇ ਬਾਵਜੂਦ ਜੇਕਰ ਆਤਮਿਕ ਪੱਖੋਂ ਸੁੱਤਾ ਹੈ। ਜਨਮ ਦੇਣ ਵਾਲੇ ਪ੍ਰਭੂ ਨਾਲ ਇਸ ਦੀ ਆਤਮਿਕ ਸਾਂਝ ਹੀ ਨਹੀਂ ਤਾਂ ਅਜਿਹਾ ਮਨੁੱਖ ਸਰੀਰਕ ਤੌਰ `ਤੇ ਜ਼ਿੰਦਾ ਹੁੰਦਾ ਹੋਇਆ ਵੀ ਮੁਰਦਾ ਹੀ ਹੁੰਦਾ ਹੈ।

“ਜੇ ਜੁਗ ਚਾਰੇ ਆਰਜਾ. .” ਬਾਣੀ ਜਪੁ `ਚ ਗੁਰਦੇਵ ਫ਼ੁਰਮਾਉਂਦੇ ਹਨ, ਸੰਸਾਰ ਤੱਲ `ਤੇ ਜੇ ਕਿਸੇ ਮਨੁੱਖ ਦੀ ਉਮਰ ਲੱਖਾਂ ਵਰ੍ਹਿਆਂ ਦੀ ਹੋ ਜਾਵੇ। ਨਾਮਨਾ ਅਤੇ ਤਾਕਤਾਂ ਵੀ ਬੇਅੰਤ ਹੋਣ ਤਾਂ ਵੀ ਜੇ ਉਸ ਨੂੰ ਇਨ੍ਹਾਂ ਪ੍ਰਾਪਤੀਆਂ ਪਿਛੇ, ਦਾਤਾਂ ਤੇ ਤਾਕਤਾਂ ਦੇਣ ਵਾਲਾ ਕਰਤਾਰ ਹੀ ਭੁਲਿਆ ਹੋਵੇ ਭਾਵ ਆਤਮਿਕ ਪੱਖੋਂ ਮਿਰਤਕ ਹੌਵੇ ਤਾਂ ਪ੍ਰਭੂ ਦੇ ਨਿਆਂ `ਚ ਉਸ ਦੀ ਕੀਮਤ ਕੀੜਿਆਂ `ਚੋਂ ਵੀ ਇੱਕ ਨਿੱਕਾ ਜਿਹਾ ਕੀੜਾ ਹੀ ਹੈ। ਸਪਸ਼ਟ ਹੈ ਨਿਆਮਤਾਂ, ਗੁਣ, ਵਿਦਵਤਾ, ਓਹਦੇ ਤਾਂ ਹੋਣ ਪਰ ਦਾਤਾਂ ਦੇਣ ਵਾਲੇ ਦਾਤੇ ਨੂੰ ਭੁਲਾਅ ਕੇ ਦਾਤਾਂ ਦੀ ਵਰਤੋਂ ਹੀ ਅਸਲ `ਚ ਮਨੁੱਖ ਨੂੰ ਆਤਮਿਕ ਪੱਖੋਂ ਮੁਰਦਾ ਬਣਾ ਦਿੰਦੀ ਹੈ।

“ਆਤਮਕ ਜੀਵਨ ਕੀ ਹੈ” ? ਗੁਰਬਾਣੀ-ਗੁਰੂ ਦਾ ਰੰਗ ਚੜ੍ਹੇ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ। ਫ਼ੁਰਮਾਣ ਹੈ “ਸਬਦਿ ਮਰਹੁ ਫਿਰਿ ਜੀਵਹੁ ਸਦ ਹੀ, ਤਾ ਫਿਰਿ ਮਰਣੁ ਨ ਹੋਈ” (ਪੰ: 604) ਇਸੇ ਨੂੰ ਕਬੀਰ ਸਾਹਿਬ ਇਸ ਤਰ੍ਹਾਂ ਫ਼ੁਰਮਾਉਂਦੇ ਹਨ “ਕਬੀਰ ਮਰਤਾ ਮਰਤਾ ਜਗੁ ਮੂਆ, ਮਰਿ ਭੀ ਨ ਜਾਨਿਆ ਕੋਇ॥ ਐਸੇ ਮਰਨੇ ਜੋ ਮਰੈ, ਬਹੁਰਿ ਨ ਮਰਨਾ ਹੋਇ” (ਪੰ: 1365) ਇਸ ਦੇ ਨਾਲ ਹੀ “ਕਬੀਰ ਜਿਸੁ ਮਰਨੇ ਤੇ ਜਗੁ ਡਰੈ, ਮੇਰੈ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ, ਪੂਰਨੁ ਪਰਮਾਨੰਦੁ” (ਪੰ: 1365) ਹੋਰ ਲਵੋ “ਜਿਹ ਮਰਨੈ ਸਭੁ ਜਗਤੁ ਤਰਾਸਿਆ॥ ਸੋ ਮਰਨਾ ਗੁਰ ਸਬਦਿ ਪ੍ਰਗਾਸਿਆ॥ ੧॥ ਅਬ ਕੈਸੇ ਮਰਉ, ਮਰਨਿ ਮਨੁ ਮਾਨਿਆ॥ ਮਰਿ ਮਰਿ ਜਾਤੇ, ਜਿਨ ਰਾਮੁ ਨ ਜਾਨਿਆ” (ਪੰ: 327)। ਪੰਜਵੇਂ ਪਾਤਸ਼ਾਹ ਇਸ ਨੂੰ ਇਸ ਤਰ੍ਹਾਂ ਵੀ ਬਿਆਣਦੇ ਹਨ “ਅਨਦਿਨੁ ਸਿਮਰਹੁ ਤਾਸੁ ਕਉ, ਜੋ ਅੰਤਿ ਸਹਾਈ ਹੋਇ॥ ਇਹ ਬਿਖਿਆ ਦਿਨ ਚਾਰਿ ਛਿਅ, ਛਾਡਿ ਚਲਿਓ ਸਭੁ ਕੋਇ॥ ਕਾ ਕੋ ਮਾਤ ਪਿਤਾ ਸੁਤ ਧੀਆ॥ ਗ੍ਰਿਹ ਬਨਿਤਾ, ਕਛੁ ਸੰਗਿ ਨ ਲੀਆ॥ ਐਸੀ ਸੰਚਿ, ਜੁ ਬਿਨਸਤ ਨਾਹੀ॥ ਪਤਿ ਸੇਤੀ, ਅਪੁਨੈ ਘਰਿ ਜਾਹੀ॥ ਸਾਧਸੰਗਿ, ਕਲਿ ਕੀਰਤਨੁ ਗਾਇਆ॥ ਨਾਨਕ ਤੇ ਤੇ ਬਹੁਰਿ ਨ ਆਇਆ” (ਪੰ: 253)। ਭਾਵ ਇਹ ਸਾਰਾ ਜੀਵਨ ਉਹ ਹੈ ਜਿੱਥੇ ਮਨੁੱਖ ਕੇਵਲ ਸਰੀਰ ਪਖੋਂ ਹੀ ਨਹੀਂ ਬਲਕਿ ਆਤਮਕ ਪਖੋਂ ਵੀ ਜੀਊਂਦਾ ਹੈ। ਗੁਰਬਾਣੀ `ਚ ਅਜਿਹੇ ਜੀਵਨ ਦੀ ਪ੍ਰਾਪਤੀ ਲਈ ਫ਼ੁਰਮਾਇਆ ਹੈ ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ(ਪੰ: ੯੭੨)। ਇਸ ਤਰ੍ਹਾਂ ਆਤਮਿਕ ਪਖੋਂ ਜਾਗਦੇ ਮਨੁੱਖ ਦਾ ਜੀਵਨ ਇਲਾਹੀ ਗੁਣਾ ਨਾਲ ਵੀ ਭਰਪੂਰ ਰਹਿੰਦਾ ਹੈ। ਅਜਿਹਾ ਮਨੁੱਖ ਜੀਊਂਦੇ ਜੀਅ ਹੀ ਪ੍ਰਭੂ `ਚ ਅਭੇਦ ਰਹਿੰਦਾ ਹੈ ਜਿਵੇਂ “ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ(ਪ: ੯੬੯) ਤੇ ਸਰੀਰ ਤਿਆਗਣ ਬਾਅਦ ਵੀ ਜਨਮ ਮਰਨ ਦੇ ਗੇੜ੍ਹ `ਚ ਨਹੀਂ ਪੈਂਦਾ, ਕਰਤੇ `ਚ ਹੀ ਸਮਾਅ ਜਾਂਦਾ ਹੈ।

ਖਾਣਾ ਪੀਣਾ ਹਸਣਾ ਸਉਣਾ, ਵਿਸਰਿ ਗਇਆ ਹੈ ਮਰਣਾ” -ਦਰ ਅਸਲ ਅੱਜ ਇਹੀ ਸੀਮਾਂ ਰਹਿ ਚੁੱਕੀ ਹੈ, ਸਾਡੇ ਸਰੀਰ ਦੀ। ਕਾਰਨ, ਸਾਨੂੰ ਇਹ ਭੁਲੇਖਾ ਹੈ ਕਿ ਸਰੀਰ ਸਾਡਾ ਹੈ। ਜਿਸ ਸਰੀਰ ਨੂੰ ਅਸੀਂ ਆਪਣਾ ਮੰਣਦੇ ਹਾਂ; ਭੁੱਲ ਜਾਂਦੇ ਹਾਂ ਕਿ ਇਸ ਦੀ ਹੋਂਦ, ਅੰਦਰ ਵੱਸ ਰਹੇ ਪ੍ਰਭੂ ਦੇ ਨੂਰ ਕਾਰਨ ਹੈ ਜਿਸ ਨੂੰ ਆਤਮਾ ਤੇ ਪ੍ਰਭੂ ਦਾ ‘ਅੰਸ਼’ ਜਾਂ ‘ਜੋਤ’ ਵੀ ਕਿਹਾ ਹੈ। ਫ਼ੁਰਮਾਨ ਹੈ “ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ, ਤਾ ਤੂ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧੁ ਵਿਚਿ, ਤਾ ਤੂ ਜਗ ਮਹਿ ਆਇਆ” (ਪੰ: 921)। ਪਰ ਸਾਡੀ ਅਜੋਕੀ ਹਾਲਤ “ਖਸਮੁ ਵਿਸਾਰਿ ਖੁਆਰੀ ਕੀਨੀ” ਵਾਲੀ ਬਣੀ ਹੋਈ ਹੁੰਦੀ ਹੈ। ਜਿਸ ਦੇ ਲਈ ਗੁਰਦੇਵ ਫ਼ੁਰਮਾਉਂਦੇ ਹਨ “ਧ੍ਰਿਗੁ ਜੀਵਣੁ ਨਹੀ ਰਹਣਾ” (ਪੰ: ੧੨੪੫)। ਗੁਰਬਾਣੀ ਦੀ ਸੇਧ ਹੈ “ਪ੍ਰਾਣੀ ਏਕੋ ਨਾਮੁ ਧਿਆਵਹੁ॥ ਅਪਨੀ ਪਤਿ ਸੇਤੀ ਘਰਿ ਜਾਵਹੁ”। ਸਪਸ਼ਟ ਹੈ, ਜੇ ਪ੍ਰਭੂ ਸਾਡੇ ਸਰੀਰ `ਚ ਆਪਣੀ ਜੋਤ ਹੀ ਨਾ ਰੱਖਦਾ ਤਾਂ ਅਸਾਂ ਪੈਦਾ ਵੀ ਨਹੀਂ ਸੀ ਹੋਣਾ, ਬਾਕੀ ਗੱਲਾਂ ਤਾਂ ਬਾਅਦ ਦੀਆਂ ਹਨ। ਦੁਖ ਤਾਂ ਇਹ ਹੈ ਕਿ ਕਮਿਉਨਿਸਟਾਂ ਤੇ ਨਾਸਤਿਕਾਂ ਦੇ ਪ੍ਰਭਾਵ ਹੇਠ ਅੱਜ ਸਾਡੇ ਹੀ ਕੁੱਝ ਵਿਦਵਾਨ, ਸਾਡੇ ਸਰੀਰ ਅੰਦਰ ਪ੍ਰਭੂ ਦੇ ਨੂਰ ਨੂੰ ਵੀ ਕੁਦਰਤੀ ਊਰਜ਼ਾ (Energy) ਕਹੀ ਜਾ ਰਹੇ ਹਨ ਤੇ ਨਾਸਤਿਕਤਾ ਦੀ ਨੂੰ `ਚ ਸੁੱਤੇ ਹੋਏ ਕਰਤੇ ਦੀ ਹੋਂਦ ਤੀਕ ਨੂੰ ਵੀ ਵਿਸਾਰੀ ਜਾ ਰਹੇ ਹਨ।

ਖੈਰ! ਜਦੋਂ ਤੇ ਜਿਸ ਘੜੀ ਕਰਤਾਰ ਦਾ ਅੰਸ਼ (ਆਤਮਾ) ਸਾਡੇ ਸਰੀਰ ਤੋਂ ਅੱਡ ਹੋ ਜਾਂਦਾ ਹੈ ਤਾਂ ਚਲਦਾ ਫ਼ਿਰਦਾ ਸਰੀਰ ਵੀ ਦੇਖਦੇ ਦੇਖਦੇ ਮਿੱਟੀ ਦਾ ਢੇਰ ਰਹਿ ਜਾਂਦਾ ਹੈ। ਇਨਾਂ ਹੀ ਨਹੀਂ, ਪਹਿਲਾਂ ਤਾਂ ਮਾਤਾ ਦੇ ਗਰਭ `ਚ ਜਦੋਂ ਸਰੀਰ ਬਣ ਰਿਹਾ ਸੀ ਤਾਂ ਉਸ ਸਮੇਂ “ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ॥ ਮਨਹੁ ਕਿਉ ਵਿਸਾਰੀਐ ਏਵਡੁ ਦਾਤਾ, ਜਿ ਅਗਨਿ ਮਹਿ ਆਹਾਰੁ ਪਹੁਚਾਵਏ” (ਪੰ: 920) ਭਾਵ ਪ੍ਰਭੂ ਸਾਡਾ ਆਹਾਰ ਵੀ ਉਸ ਅੱਗ `ਚ ਹੀ ਪਹੁੰਚਾਉਂਦਾ ਸੀ। ਉਪ੍ਰੰਤ ਸਾਡਾ ਜਨਮ ਵੀ “ਜਾ ਤਿਸੁ ਭਾਣਾ ਤਾ ਜੰਮਿਆ” (ਪੰ: 920) ਉਦੋਂ ਹੋਇਆ ਜਦੋਂ ਪ੍ਰਭੂ ਨੂੰ ਭਾਇਆ, ਸਾਡੀ ਮਰਜ਼ੀ ਨਾਲ ਤਾਂ ਸਾਡਾ ਜਨਮ ਵੀ ਨਹੀਂ ਹੋਇਆ। ਖੂਬੀ ਇਹ ਕਿ ਇਥੇ ਵੀ ਕਮਿਉਨਿਸਟਾਂ ਤੇ ਨਾਸਤਿਕਾਂ ਦੇ ਦਬਾਅ `ਚ ਆ ਚੁੱਕੇ ਸਾਡੇ ਇਨ੍ਹਾਂ ਵਿਦਵਾਨਾਂ ਨੂੰ Biological Laws ਹੀ ਨਜ਼ਰ ਆ ਰਹੇ ਹਨ, ਗੁਰਬਾਣੀ ਰਾਹੀਂ ਪ੍ਰਗਟ ਕਰਤੇ ਦੀ ਬਖਸ਼ਿਸ਼ ਤੇ ਦੇਣ ਨਜ਼ਰ ਹੀ ਨਹੀਂ ਆ ਰਹੀ। ਸੰਗਤਾਂ ਨੂੰ ਬ੍ਰਾਹਮਣੀ ਤੇ ਗਰੁੜ ਪਰਾਣ ਦੇ ਨਾਲ ਨਾਲ ਗੁਰਮੱਤ `ਤੇ ਇਸ ਨਵੇਂ ਤੇ ਬਾਹਰੀ ਹਮਲੇ ਤੋਂ ਵੀ ਸੁਚੇਤ ਹੋਣ ਦੀ ਲੋੜ ਹੈ।

ਸੁਖ ਸਹਜ ਸੇਤੀ ਘਰਿ ਆਉ” -ਫ਼ੁਰਮਾਣ ਹੈ “ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ” (ਪੰ: 678)। ਜੇਕਰ ਗੁਰਬਾਣੀ-ਗੁਰੂ ਤੋਂ ਸੇਧ ਲਵਾਂਗੇ ਤਾਂ ਹੀ ਸਮਝ ਆਵੇਗੀ ਕਿ ਸਾਨੂੰ ਭੇਜਿਆ ਕਿਸ ਨੇ ਹੈ? ਕਿਉਂ ਤੇ ਕਿਸ ਮਕਸਦ ਲਈ ਭੇਜਿਆ ਹੈ? ਮਨੁੱਖਾ ਜਨਮ ਦੇ ਮਕਸਦ ਨੂੰ ਸਮਝੇ ਬਿਨਾ ਸਾਡਾ ਜੀਉਣਾ ਇਉਂ ਹੀ ਹੈ ਜਿਵੇਂ ਪਸ਼ੂ-ਪੰਛੀ ਤੇ ਹੋਰ ਜੂਨੀਆਂ ਦਾ। ਸਾਨੂੰ ਭੁੱਖ ਲਗਦੀ ਹੈ, ਥੱਕਾਵਟ ਹੁੰਦੀ ਹੈ, ਨੀਂਦ ਆਉਂਦੀ ਹੈ, ਉਪ੍ਰੰਤ ਆਪਣੀ ਨਸਲ ਨੂੰ ਵਧਾ ਕੇ ਦੂਜੀਆਂ ਜੂਨੀਆਂ ਵਾਂਗ ਸੰਸਾਰ ਤੋਂ ਚਲੇ ਜਾਂਦੇ ਹਾਂ। ਜੇ ਇਨਾਂ ਵਧ ਖਪ ਹਾਰ ਕੇ, ਪਸਾਰੇ ਪਸਾਰ ਕੇ ਤੇ ਪ੍ਰੇਸ਼ਾਨੀਆਂ ਸਹੇੜ ਕੇ, ਮਨੁੱਖਾ ਜੀਵਨ ਦੀ ਸੀਮਾਂ ਵੀ ਇਹੀ ਹੈ ਤਾਂ ਦੂਜੀਆਂ ਨਾਲੋ ਸਾਡਾ ਫ਼ਰਕ ਕਿੱਥੇ? ਕਿਉਂਕਿ ਇਨਾਂ ਤਾਂ ਹਰੇਕ ਜੂਨੀ `ਚ ਆਪਣੇ ਆਪ ਹੋ ਰਿਹਾ ਹੈ ਤੇ ਉਹ ਬੜਾਂ ਵੀ ਸ਼ਾਂਤੀ ਭਰਿਆ ਜੀਵਨ ਬਤੀਤ ਕਰ ਕੇ। ਤਾਂ ਤੇ ਮਨੁੱਖ ਹੋ ਕੇ ਵੀ ਅਸਾਂ ਉਨ੍ਹਾਂ ਤੋਂ ਵੱਖਰਾ ਤੇ ਵੱਧ ਕੀ ਕੀਤਾ? ਕੁੱਝ ਨਹੀਂ। ਬਲਕਿ ਇਸ ਤਰ੍ਹਾਂ ਤਾਂ ਅਸੀਂ ਤ੍ਰਿਗਦ ਆਦਿ ਜੂਨੀਆਂ ਤੋਂ ਵੀ ਨੀਵੇਂ ਸਾਬਤ ਹੋਏ। ਕਾਰਨ ਇਕੋ ਹੈ ਕਿ ਗੁਰਬਾਣੀ `ਚੋਂ ਅਸਾਂ ਆਪਣੇ ਮਨੁੱਖਾ ਜਨਮ ਦੇ ਮਕਸਦ ਨੂੰ ਪਹਿਚਾਣਿਆ ਹੀ ਨਹੀਂ।

ਕਰਤੇ ਨੇ ਮਨੁੱਖ ਨੂੰ ਜੋ ਸੰਤੁਲਿਤ, ਬਹੁਪੱਖੀ ਸਰੀਰ (Balanced & Multiple Usable Body) ਤੇ ਅਤਿਅੰਤ ਖੋਜੀ-ਵਿਕਾਸਸ਼ੀਲ ਦਿਮਾਗ਼ ਬਖਸ਼ਿਆ ਹੈ। ਅਰਬਾਂ-ਖਰਬਾਂ ਜੂਨੀਆਂ `ਚੋਂ ਅਜਿਹਾ ਸਰੀਰ ਤੇ ਦਿਮਾਗ਼, ਹੋਰ ਵੀ ਜੂਨੀ `ਚ ਨਹੀਂ।। ਦਰਅਸਲ ਇਸੇ ਲਈ ਬਖ਼ਸ਼ਿਆ ਹੈ ਕਿ ਮਨੁੱਖਾ ਸਰੀਰ ਦਾ ਖਾਸ ਮਕਸਦ ਹੈ ਤੇ ਮਕਸਦ ਹੈ “ਸੁਖ ਸਹਜ ਸੇਤੀ ਘਰਿ ਆਉ” (ਪੰ: 678)। ਭਾਵ ਗੁਰਬਾਣੀ-ਗੁਰੂ ਦੀ ਆਗਿਆ `ਚ ਚਲੋ ਤੇ ਪ੍ਰਭੂ ਤੇ ਜੀਵ ਵਿਚਾਲੇ ਬਣ ਚੁੱਕੀ ‘ਕੂੜ ਦੀ ਕੰਧ ਨੂੰ ਤੋੜ ਕੇ ਸਚਿਆਰੇ ਬਣੋ, ਸੱਚੇ ਦਾ ਰੂਪ ਬਣੋ, ਜੀਉਂਦੇ ਜੀਅ ਪ੍ਰਭੂ `ਚ ਇਸ ਤਰ੍ਹਾਂ ਅਭੇਦ ਹੋ ਜਾਵੋ ਜਿਵੇਂ “ਨਦੀਆ ਅਤੈ ਵਾਹ’ ਪਵਹਿ ਸਮੁੰਦਿ ਨ ਜਾਣੀਅਹਿ” ਜਾਂ “ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ” (ਪੰ: 278) ਬਾਣੀ `ਚ ਮਨੁਖਾ ਜਨਮ ਦੀ ਇਸੇ ਅਵਸਥਾ ਨੂੰ ‘ਜੀਵਨ ਮੁੱਕਤ’ ਵੀ ਕਿਹਾ ਹੈ।

ਜਦਕਿ ਹੁੰਦਾ ਇਸ ਦੇ ਉਲਟ ਹੀ ਹੈ। ਜਨਮ ਲੈਂਦੇ ਸਾਰ “ਲਿਵ ਛੁੜਕੀ ਲਗੀ ਤ੍ਰਿਸਨਾ, ਮਾਇਆ ਅਮਰੁ ਵਰਤਾਇਆ” (ਪੰ: ੯੨੦)। ਕਰਤੇ ਨੇ ਤਾਂ ਬਾਰ ਬਾਰ ਦੇ ਜਨਮ-ਮਰਣ ਦੇ ਗੇੜ ਚੋਂ ਨਿਕਲਣ ਲਈ ਮਨੁੱਖਾ ਜਨਮ ਬਖਸ਼ਿਆ, ਅਗਿਆਣਤਾ ਵੱਸ ਮਨੁੱਖ ਆਪਣੇ ਇਸ ਅਮੁਲੇ ਜਨਮ ਨੂੰ ਬਰਬਾਦ ਕਰ ਕੇ ਫ਼ਿਰ ਤੋਂ ਜਨਮ-ਮਰਣ ਦੇ ਗੇੜ `ਚ ਪੈ ਜਾਂਦਾ ਹੈ।

“ਸਤਿਗੁਰੁ ਮੇਰਾ ਮਾਰਿ ਜੀਵਾਲੈ” -ਕੁਝ ਸੱਜਨ ਸੁਆਲ ਕਰਦੇ ਹਨ; ਗੁਰਬਾਣੀ ਅਨੁਸਾਰ ਤਾਂ “ਮਾਰੈ ਰਾਖੈ ਏਕੋ ਆਪਿ” (ਪੰ: 281) ਅਤੇ “ਕਰਣ ਕਾਰਣ ਪ੍ਰਭੁ ਏਕੁ ਹੈ, ਦੂਸਰ ਨਾਹੀ ਕੋਇ” (ਪੰ: 276) ਭਾਵ ਜੀਵ ਨੂੰ ਮਾਰਦਾ, ਰੱਖਦਾ ਅਕਾਲਪੁਰਖ ਹੀ ਹੈ ਤੇ ਕਰਣ ਕਾਰਣ ਵੀ ਉਸ ਬਿਨਾ ਹੋਰ ਕੋਈ ਨਹੀਂ। ਉਪ੍ਰੰਤ ਇਹ ਫ਼ੁਰਮਾਨ ਵੀ ਗੁਰਬਾਣੀ ਦਾ ਹੀ ਹੈ ਕਿ “ਸਤਿਗੁਰੁ ਮੇਰਾ ਮਾਰਿ ਜੀਵਾਲੈ” ਭਾਵ ਸਤਿਗੁਰੂ ਵੀ ਮਾਰ ਕੇ, ਜਿਵਾਲਦਾ ਹੈ ਤੇ ਅਜਿਹੇ ਹੋਰ ਕਈ ਪ੍ਰਮਾਣ। ਉਪ੍ਰੰਤ ਜੇ ਕਰਣ-ਕਾਰਣ ਪ੍ਰਭੂ ਹੈ ਤੇ ਉਸ `ਚ ਕਿਸੇ ਦਾ ਦਖਲ ਵੀ ਨਹੀਂ ਤਾਂ ਇਹ ਤਾਕਤ ਗੁਰੂ ਕੋਲ ਵੀ ਕਿਵੇਂ ਹੈ? ਇਹ ਵਿਰੋਧਾਭਾਸ ਕਿਉਂ?

ਦਰ ਅਸਲ ਇਹ ਵਿਰੋਧਾਭਾਸ ਨਹੀਂ, ਫ਼ਰਕ ਹੈ ਤਾਂ ਗੁਰਬਾਣੀ ਸਿਧਾਂਤ ਤੇ ਅਰਥਾਂ ਨੂੰ ਸਮਝਣ ਦਾ ਹੈ। ਸਤਿਗੁਰੁ ਮੇਰਾ ਮਾਰਿ ਜੀਵਾਲੈ” ਪੰਕਤੀ `ਚ ਵਿਸ਼ਾ ਸਰੀਰਕ ਮੌਤ ਤੇ ਸਰੀਰਕ ਤੌਰ `ਤੇ ਕਿਸੇ ਨੂੰ ਜ਼ਿੰਦਾ ਕਰਣ ਦਾ ਹੈ ਹੀ ਨਹੀਂ। ਇਥੇ ਵਿਸ਼ਾ ਆਤਮਕ ਮੌਤ ਤੇ ਆਤਮਕ ਜ਼ਿੰਦਗੀ ਦਾ ਹੈ। ਇਸ ਦਾ ਮਤਲਬ ਹੈ ਮਨੁੱਖ ਨੂੰ ਮੋਹ, ਮਾਇਆ, ਵਿਕਾਰਾਂ ਵੱਲੋਂ ਮਾਰ ਕੇ ਫ਼ਿਰ ਉਸ ਨੂੰ ਆਤਮਕ ਪੱਖੋਂ ਜ਼ਿੰਦਾ ਕਰਣਾ। ਗੁਰਬਾਣੀ ਅਰਥਾਂ ਦੇ ਸੱਚ ਤੀਕ ਪੁੱਜਣ ਲਈ ਜ਼ਰੂਰੀ ਹੈ, ਗੁਰਬਾਣੀ ਨੂੰ ਗੁਰਬਾਣੀ ਦੇ ਅਰਥਾਂ `ਚ ਸਮਝਣਾ, ਇਹੀ ਨਹੀਂ ਬਲਕਿ ਕੋਈ ਵੀ ਵਿਸ਼ਾ ਆਪਣੇ ਆਪ ਸਾਫ਼ ਹੋ ਜਾਵੇਗਾ। ਫ਼ਿਰ ਜਿਥੋਂ ਤੀਕ ਕੁੱਝ ਲੋਕ ਕਿਸੇ ਨੂੰ ਸਰੀਰਕ ਤੌਰ `ਤੇ ਮਾਰ ਕੇ ਜਾਂ ਮਰ ਚੁੱਕੇ ਨੂੰ ਜ਼ਿੰਦਾ ਕਰਣਾ, ਇਸ ਨੂੰ ਹੀ, ਗੁਰੂ ਸਾਹਿਬਾਨ ਦੀ ਸਮ੍ਰਥਾ ਦਸਦੇ ਜਾਂ ਅਜਿਹਾ ਪ੍ਰਚਾਰਦੇ ਹਨ; ਉਸ ਬਾਰੇ ਵੀ ਲੋੜ ਹੈ, ਗੁਰਬਾਣੀ ਸਿਧਾਂਤ ਨੂੰ ਸਮਝਣ ਦੀ ਤਾਂ `ਤੇ:

“ਹੁਕਮਿ ਰਜਾਈ ਚਲਣਾ” - ਚੇਤੇ ਰਹੇ! ਸਮ੍ਰਥ ਦਾ ਹੋਣਾ ਤੇ ਸਮ੍ਰਥਾ ਦਾ ਪ੍ਰਗਟਾਵਾ, ਵੱਖ ਵੱਖ ਵਿਸ਼ੇ ਹਨ। ਸ਼ੱਕ ਨਹੀਂ, ਕਰਤਾਰ ਨੇ ਗੁਰੂ ਨਾਨਕ ਪਾਤਸ਼ਾਹ ਤੇ ਉਨ੍ਹਾਂ ਦੇ ਦਸਾਂ ਸਰੂਪਾ ਨੂੰ ਸਰਵ-ਸਮ੍ਰਥ ਬਣਾਇਆ ਹੈ। ਗੁਰੂ ਨਾਨਕ ਪਾਤਸ਼ਾਹ, ਅਕਾਲਪੁਰਖ ਦੇ ਹੀ ਨਿਜ ਗੁਣ ‘ਗੁਰੂ, ‘ਸਤਿਗੁਰੂ’ ‘ਸ਼ਬਦ ਗੁਰੂ’ ‘ਸ਼ਬਦ’ ਦਾ ਸਰੀਰਕ ਪ੍ਰਗਟਾਵਾ ਤੇ ਜੰਮਾਂਦਰੂ ਗੁਰੂ ਹਨ। ਇਸੇ ਲਈ ਉਨ੍ਹਾਂ ਤੋਂ ਵਰੋਸਾਏ ਜਿਸ ਵੀ ਗੁਰੂ ਜਾਮੇ ਨੇ ਜਿਸ `ਤੇ ਵੀ ਬਖਸ਼ਿਸ਼ ਕਰ ਦਿੱਤੀ, ਉਹ ਗੁਰੂ ਨਾਨਕ ਹੀ ਹੋ ਗਿਆ। ਫ਼ਿਰ ਵੀ ਗੁਰਬਾਣੀ ਸਿਧਾਂਤ ਹੈ ਪ੍ਰਭੂ ਦੀ ਰਜ਼ਾ `ਚ ਚੱਲਣਾ। ਉਪ੍ਰੰਤ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਰਾਹੀਂ ਵੀ ਰਜ਼ਾ `ਚ ਚੱਲਣ ਦੀ ਹੀ ਜਾਚ ਸਿਖਾਈ ਹੈ ਨਾ ਕਿ ਅਕਾਲਪੁਰਖ ਦੇ ਭਾਣੇ ਤੋਂ ਬਾਹਰ ਹੋ ਕੇ ਚਲਣ ਦੀ।

ਸਮਝਣਾ ਹੈ, ਜਦੋਂ ਗੁਰਦੇਵ ਆਪ ਫ਼ੁਰਮਾਅ ਰਹੇ ਹਨ “ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ” (ਪੰ: 923) ਜਾਂ “ਮਰਣੁ ਲਿਖਾਇ, ਮੰਡਲ ਮਹਿ ਆਏ” (ਪੰ: 665) ਜਾਂ “ਜਿਨੑ ਕੀ ਚੀਰੀ ਦਰਗਹ ਪਾਟੀ, ਤਿਨਾੑ ਮਰਣਾ ਭਾਈ” (ਪੰ: 418) ਇਸ ਤਰ੍ਹਾਂ ਦਾਤਾਰ ਦੇ ਹੁਕਮ ਦੀ ਖੇਡ `ਚ ਜੇ ਸਰੀਰ ਦਾ ਅੰਤ ਹੀ ਹੋ ਗਿਆ ਤੇ ਗੁਰੂ ਸਾਹਿਬ ਉਸ ਨੂੰ ਮੁਢੋਂ ਜੀਵਤ ਕਰ ਦੇਣ ਤਾਂ ਕੀ ਗੁਰਬਾਣੀ ਆਦੇਸ਼ਾਂ ਅਨੁਸਾਰ ਅਜਿਹਾ ਕਰਣਾ, ਕਰਤੇ ਦੇ ਹੁਕਮਿ ਤੇ ਰਜ਼ਾ ਵਾਲੀ ਖੇਡ `ਚ ਦਖ਼ਲ ਦੇਣਾ ਨਹੀਂ? ਕੀ ਅਜਿਹਾ ਕਰਣਾ ਗੁਰੂ ਸਾਹਿਬ ਵੱਲੋਂ ਸਮ੍ਰਥਾ ਦਾ ਪ੍ਰਗਟਾਵਾ ਤੇ ਆਪਣੇ ਹੀ ਫ਼ੁਰਮਾਨਾਂ ਦੀ ਉਲੰਙਣਾ ਨਹੀਂ? ਜਿਹੜੇ ਗੁਰੂ ਸਾਹਿਬ ਦੂਜਿਆਂ ਨੂੰ ਦ੍ਰਿੜ ਕਰਵਾ ਰਹੇ ਹਨ “ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ” (ਜਪੁ) “ਜੋ ਕਿਛੁ ਵਰਤੈ, ਸਭ ਤੇਰਾ ਭਾਣਾ॥ ਹੁਕਮੁ ਬੂਝੈ, ਸੋ ਸਚਿ ਸਮਾਣਾ” (ਪੰ: 193) ਜਾਂ “ਤੇਰਾ ਕੀਆ ਮੀਠਾ ਲਾਗੈ” (ਪੰ: 394)। ਇਨਾਂ ਹੀ ਨਹੀਂ, ਦਸੋਂ ਜਾਮੇ ਭਾਵ 239 ਵਰ੍ਹਿਆਂ ਦਾ ਇਤਿਹਾਸ ਹੀ ਤਸੀਹੇ, ਕੁਰਬਾਨੀਆਂ, ਘਾਲਣਾਵਾਂ, ਸਰਸਾ `ਤੇ ਪ੍ਰਵਾਰ ਵਿਛੋੜਾ, ਬੇਅੰਤ ਸ਼ਹੀਦੀਆਂ, ਚਮਕੌਰ ਦੀ ਗੜ੍ਹੀ, ਸਰਹੰਦ ਦੀ ਖੂਨੀ ਦਿਵਾਰ, ਤੱਤੀ ਤਵੀ ਵਰਗੇ ਲੂੰ-ਕੰਡੇ ਖੜੇ ਕਰ ਦੇਣ ਵਾਲੇ ਭਿਅੰਕਰ ਸਾਕਿਆਂ ਨਾਲ ਭਰਿਆ ਪਿਆ ਹੈ। ਇਸ `ਤੇ ਵੀ ਫ਼ੁਰਮਾਨ ਹੈ “ਮੀਤੁ ਕਰੈ, ਸੋਈ ਹਮ ਮਾਨਾ॥ ਮੀਤ ਕੇ ਕਰਤਬ, ਕੁਸਲ ਸਮਾਨਾ॥ ੧ ॥ ਏਕਾ ਟੇਕ ਮੇਰੇ ਮਨਿ ਚੀਤ॥ ਜਿਸੁ ਕਿਛੁ ਕਰਣਾ ਸੁ ਹਮਰਾ ਮੀਤ…” (ਪੰ: 187)। ਸਮ੍ਰਥ ਸਤਿਗੁਰੂ ਕੀ ਨਹੀਂ ਸਨ ਕਰ ਸਕਦੇ? ਪਾਤਸ਼ਾਹ ਤਾਂ ਆਪ ਰਜ਼ਾ-ਭਾਣੇ-ਹੁਕਮਿ ਦੇ ਪ੍ਰਚਾਰਕ ਹਨ ਤੇ ਲੋਕਾਈ ਨੂੰ ਵੀ ਰਜ਼ਾ `ਚ ਜਿਊਣਾ ਸਿਖਾਅ ਰਹੇ ਹਨ ਅਤੇ ਕਰਾਮਾਤਾਂ, ਸਮ੍ਰਥਾ ਦੀ ਵਰਤੋਂ ਤੋਂ ਵਰਜਦੇ ਹਨ। ਦਰਅਸਲ “ਸਤਿਗੁਰੁ ਮੇਰਾ ਮਾਰਿ ਜੀਵਾਲੈ” ਮਨੁੱਖ ਦੇ ਆਤਮਿਕ ਜੀਵਨ ਦਾ ਵਿਸ਼ਾ ਹੈ ਨਾ ਕਿ ਸਰੀਰਕ ਮੋਤ ਤੇ ਜਿਵਾਲਣ ਦਾ।

“ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ” - ਜੀਵਾਂ ਦਾ ਜੰਮਨਾ-ਮਰਨਾ ਪ੍ਰਭੂ ਦੇ ਅਟੱਲ ਨਿਯਮ ਤੇ ਉਸ ਦੇ ਹੁਕਮ ਦੀ ਖੇਡ `ਚ ਹੈ। ਫ਼ੁਰਮਾਨ ਹੈ “ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ” (ਪੰ: 472) ਸੰਸਾਰ `ਚ ਜੀਵ ਆਉਂਦਾ ਵੀ ਪ੍ਰਭੂ ਦੇ ਭਾਣੇ `ਚ ਹੈ ਤੇ ਜਾਂਦਾ ਵੀ ਉਸੇ ਦੇ ਭਾਣੇ `ਚ ਹੈ। ਫ਼ੁਰਮਾਨ ਹੈ “ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ” (ਜਪੁ) ਅਥਵਾ “ਸੰਜੋਗੁ ਵਿਜੋਗੁ ਉਪਾਇਓਨੁ, ਸ੍ਰਿਸਟੀ ਕਾ ਮੂਲੁ ਰਚਾਇਆ” (ਪੰ: 509) ਭਾਵ ਸੰਸਾਰ ਦਾ ਚਲਣ ਜੀਵਾਂ ਦੇ ਮਿਲਾਪ ਤੇ ਵਿਛੋੜੇ ਵਾਲੇ ਦੋ ਪੁੜਾਂ `ਤੇ ਖੜਾ ਹੈ। ਇਸੇ ਸੰਜੋਗ ਵਿਜੋਗ ਵਾਲੇ ਨਿਯਮ `ਤੇ ਸਾਰੀ ਰਚਨਾ ਤੇ ਇਸ ਦਾ ਵਿਕਾਸ ਚੱਲਦਾ ਹੈ। ਪੱਤਝੜ ਤੋਂ ਬਾਅਦ ਹੀ ਨਵੀਂ ਬਹਾਰ ਆਉਂਦੀ ਹੈ, ਪਹਿਲਾਂ ਨਹੀਂ। ਨਦੀਆਂ, ਨਾਲਿਆਂ ਦਾ ਪਾਣੀ ਸਮੁੰਦ੍ਰ `ਚ ਪੁੱਜਦਾ, ਉਪ੍ਰੰਤ ਉਹੀ ਪਾਣੀ ਸੂਰਜ ਦੀ ਗਰਮੀ ਨਾਲ ਭਾਪ ਬਣ ਕੇ ਉੱਡਦਾ, ਬਰਫ਼ ਬਣਦਾ, ਅਨੇਕਾਂ ਲੋੜਾਂ ਪੂਰੀਆਂ ਕਰਕੇ ਅੰਤ ਇੱਕ ਜਾਂ ਦੂਜੇ ਢੰਗ, ਮੁੜ ਸਮੁੰਦ੍ਰ `ਚ ਹੀ ਪੁੱਜ ਜਾਂਦਾ ਹੈ।

ਪਸ਼ੂ, ਪੌਦਾ, ਫਲ, ਸਬਜ਼ੀ, ਖਨਿਜ, ਸੰਸਾਰ ਦੀ ਹਰੇਕ ਵਸਤ, ਸੰਜੋਗ-ਵਿਜੋਗ ਤੇ ਜਨਮ-ਮਰਣ ਵਾਲੇ ਨਿਯਮ `ਚ ਬੱਝੀ ਹੈ। ਫ਼ੁਰਮਾਨ ਹੈ “ਜਾਗ ਲੇਹੁ ਰੇ ਮਨਾ ਜਾਗ ਲੇਹੁ, ਕਹਾ ਗਾਫਲ ਸੋਇਆ॥ ਜੋ ਤਨੁ ਉਪਜਿਆ ਸੰਗ ਹੀ, ਸੋ ਭੀ ਸੰਗਿ ਨ ਹੋਇਆ” (ਪੰ: 726) ਇਸੇ ਤਰ੍ਹਾਂ “ਭਗਤੁ ਸਤਿਗੁਰੁ ਪੁਰਖੁ ਸੋਈ, ਜਿਸੁ ਹਰਿ ਪ੍ਰਭ ਭਾਣਾ ਭਾਵਏ” ਅਤੇ “ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ” (ਪੰ: 923) ਗੁਰਬਾਣੀ ਦੀ ਸਪਸ਼ਟ ਵਿਚਾਰਧਾਰਾ ਦੇ ਬਾਵਜੂਦ ਜੇ ਫ਼ਿਰ ਵੀ ਬਾਣੀ ਦੇ ਅਰਥਾਂ ਨੂੰ ਤੋੜ-ਮਰੋੜ ਕੇ ਜਾਂ ਵਿਰੋਧੀਆਂ ਰਾਹੀਂ ਸਾਖੀਆਂ ਦੇ ਨਾਮ `ਤੇ ਪਾਏ ਰਲੇ `ਚ ਵਿਸ਼ਵਾਸ ਕਰੀਏ ਕਿ ਪਾਤਸ਼ਾਹ ਨੇ ਕਿਸੇ ਬਿਨਸ ਚੁੱਕੇ ਸਰੀਰ ਜਾਂ ਸਰੀਰਾਂ ਨੂੰ ਮੁੜ ਜ਼ਿੰਦਾ ਕੀਤਾ ਤਾਂ ਉਸ ਲਈ ਗੁਰਬਾਣੀ ਸੋਝੀ-ਸਿਧਾਂਤ ਦੀ ਘਾਟ ਹੀ ਕਿਹਾ ਜਾਵੇਗਾ।

ਮਨੁੱਖਾ ਜਨਮ, ਵਿਸ਼ੇਸ਼ ਜੂਨ- ਗੁਰਬਾਣੀ `ਚ ਬੇਅੰਤ ਫ਼ੁਰਮਾਣ ਹਨ ਕਿ ਮਨੁੱਖਾ ਜਨਮ, ਕਰਤੇ ਵੱਲੋਂ ਖਾਸ ਅਵਸਰ ਹੈ ਤਾ ਕਿ ਜੀਵ ਸੰਸਾਰ ਦੀ ਮੋਹ-ਮਾਇਆ, ਵਿਕਾਰਾਂ ਤੋਂ ਉਭਰ ਕੇ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਸਕੇ। ਇਸ ਦੇ ਉਲਟ “ਸਹਸ ਖਟੇ, ਲਖ ਕਉ ਉਠਿ ਧਾਵੈ॥ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ॥ ਅਨਿਕ ਭੋਗ ਬਿਖਿਆ ਕੇ ਕਰੈ॥ ਨਹ ਤ੍ਰਿਪਤਾਵੈ ਖਪਿ ਖਪਿ ਮਰੈ” ਅਤੇ “ਏ ਰਸਨਾ ਤੂ ਅਨ ਰਸਿ ਰਾਚਿ ਰਹੀ, ਤੇਰੀ ਪਿਆਸ ਨ ਜਾਇ॥ ਪਿਆਸ ਨ ਜਾਇ ਹੋਰਤੁ ਕਿਤੈ, ਜਿਚਰੁ ਹਰਿ ਰਸੁ ਪਲੈ ਨ ਪਾਇ” (ਪੰ: 921) ਅਥਵਾ “ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ” (ਜਪੁ) ਅਨੁਸਾਰ ਮਨੁੱਖ ਜੀਵਨ ਦੀ ਉਲਟੀ ਦੌੜ `ਚ ਹੀ ਪਿਆ ਰਹਿੰਦਾ ਹੈ। ਗੁਰਬਾਣੀ ਅਨੁਸਾਰ ਅਜਿਹੇ ਮਨੁੱਖ ਸਰੀਰਕ ਤੌਰ `ਤੇ ਜ਼ਿਂਦਾ ਹੁੰਦੇ ਹੋਏ ਵੀ, ਆਤਮਕ ਪਖੋਂ ਮੁਰਦਾ ਹੁੰਦੇ ਹਨ।

“ਬਿਨਾ ਸੰਤੋਖ, ਨਹੀ ਕੋਊ ਰਾਜੈ” (ਪੰ: 278) ਹਰੇਕ ਮਨੁੱਖ ਮਨ ਦੀ ਸ਼ਾਂਤੀ, ਅਨੰਦ, ਖੇੜਾ, ਮਾਨਸਿਕ ਟਿਕਾਅ ਚਾਹੁੰਦਾ ਹੈ। ਇਸ ਦੇ ਉਲਟ “ਸੁਪਨ ਮਨੋਰਥ ਬ੍ਰਿਥੇ ਸਭ ਕਾਜੈ” ਅਨੁਸਾਰ ਮਨੁੱਖ ਜਦੋਂ ਕਰਤੇ ਨੂੰ ਭੁਲਾਅ ਕੇ ਅਤੇ ਆਪਹੁੱਦਰਾ ਹੋ ਕੇ ਚੱਲਦਾ ਹੈ, ਉਸ ਨੂੰ ਮਿਲਦਾ ਹੈ ਮਾਨਸਿਕ ਤਨਾਅ, ਤ੍ਰਿਸ਼ਨਾ, ਭਟਕਣਾ, ਡਰ, ਸਹਿਮ, ਕਾਮਨਾਵਾਂ, ਮੰਗਾਂ, ਆਸ਼ਾਵਾਂ, ਅੰਦੇਸੇ, ਵਿਕਾਰ ਤੇ ਜੀਵਨ ਲਈ ਬੇਅੰਤ ਅਉਗੁਣ। ਆਤਮਿਕ ਜਾਗ੍ਰਤੀ ਲਈ ‘ਸੰਤੋਖੀ’ ਜੀਵਨ ਦੀ ਲੋੜ ਹੁੰਦੀ ਹੈ ਉਹ ਜੀਵਨ “ਨਾਮ ਰੰਗਿ ਸਰਬ ਸੁਖੁ ਹੋਇ॥ ਬਡਭਾਗੀ ਕਿਸੈ ਪਰਾਪਤਿ ਹੋਇ” ਜਾਂ “ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ, ਬਹੁੜਿ ਨ ਤ੍ਰਿਸਨਾ ਲਾਗੈ ਆਇ” (ਪੰ: 921) ਉਹ ਆਤਮਿਕ ਜੀਵਨ ਪ੍ਰਭੂ ਨੂੰ ਵਿਸਾਰ ਕੇ ਪ੍ਰਾਪਤ ਨਹੀਂ ਹੋ ਸਕਦਾ। ਸਪਸ਼ਟ ਹੈ ਸੰਤੋਖ ਬਿਨਾ ਮਨ ਦੀ ਸ਼ਾਂਤੀ ਸੰਭਵ ਨਹੀਂ ਜਦਕਿ ‘ਸੰਤੋਖ’ ਆਤਮਕ ਜਾਗ੍ਰਿਤੀ ਬਿਨਾ ਸੰਭਵ ਨਹੀਂ ਤੇ ਇਹੀ ਰਸਤਾ ਹੈ ਜੀਉਂਦੇ ਜੀਅ ਪ੍ਰਭੂ ਰੰਗ `ਚ ਰੰਗ ਕੇ ਪ੍ਰਭੂ ਮਿਲਾਪ ਤੇ ਜੀਵਨ ਮੁਕਤ ਹੋਣ ਦਾ।

“ਇਸੁ ਧਰਤੀ ਮਹਿ, ਤੇਰੀ ਸਿਕਦਾਰੀ” - ਫ਼ੁਰਮਾਣ ਹੈ “ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ ਸੁਇਨਾ ਰੂਪਾ ਤੁਝ ਪਹਿ ਦਾਮ॥ ਸੀਲੁ ਬਿਗਾਰਿਓ ਤੇਰਾ ਕਾਮ” (ਪੰ: 374)। ਸੰਸਾਰ ਤੱਲ `ਤੇ ਕੋਈ ਮਨੁੱਖ ਜਿਨੇਂ ਉੱਚ ਪਦ `ਤੇ ਹੁੰਦਾ ਹੈ, ਪੱਦਵੀ ਮੁਤਾਬਕ ਉਸ ਨੂੰ ਉਨੀਆਂ ਹੀ ਵੱਧ ਸਹੂਲਤਾਂ ਵੀ ਮਿਲਦੀਆਂ ਹਨ। ਇਸ ਲਈ ਕਿ ਉੱਚ ਪਦ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ, ਉਸ ਨੂੰ ਛੋਟੇ-ਛੋਟੇ ਕੰਮਾ `ਚ ਸਮਾਂ-ਤਾਕਤ ਬਰਬਾਦ ਨਾ ਕਰਣੀ ਪਵੇ। ਠੀਕ ਇਸੇ ਤਰਜ਼ `ਤੇ ਲਖਾਂ-ਕਰੋੜਾਂ ਜੂਨੀਆਂ ਤੋਂ ਬਾਅਦ, ਮਨੁੱਖਾ ਜੂਨ ਮਿਲਦੀ ਹੈ। ਇਸ ਲਈ ਕਿ ਪ੍ਰਭੂ ਬਖਸ਼ੀਆਂ ਬੇਅੰਤ ਸਹੂਲਤਾਂ ਦਾ ਅਨੰਦ ਮਾਣਦੇ ਹੋਏ, ਸਾਧ ਸੰਗਤ ਦੇ ਸਹਿਯੋਗ ਨਾਲ, ਗੁਰੂ ਗੁਰਬਾਣੀ ਦੀ ਸਿਖਿਆ `ਤੇ ਚਲ ਕੇ ਮਨੁੱਖ ਆਪਣੇ ਮਨੁੱਖਾ ਸਰੀਰ ਦੀ ਸੁਵਰਤੋਂ ਕਰ ਸਕੇ। ਇਸ ਤਰ੍ਹਾਂ ਜਿਉਂਦੇ ਜੀਅ ਕਰਤੇ `ਚ ਅਭੇਦ ਹੋ ਜਾਵੇ ਅਤੇ ਜਨਮ-ਮਰਨ ਦੇ ਗੇੜ੍ਹ ਤੋਂ ਨਿਜਾਤ ਹਾਸਲ ਕਰ ਲਵੇ।

“ਅਵਰ ਜੋਨਿ, ਤੇਰੀ ਪਨਿਹਾਰੀ. .” ਅਨੁਸਾਰ ਪ੍ਰਭੂ ਨੇ ਮਨੁੱਖ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਨਾ ਕੇ ਭੇਜਿਆ ਹੁੰਦਾ ਹੈ। ਇਸੇ ਦਾ ਨਤੀਜਾ, ਅੱਜ ਮਨੁੱਖ ਨੇ ਕਰਤੇ ਦੀ ਬੇਅੰਤ ਰਚਨਾ `ਚੋਂ ਆਪਣੇ ਲਾਹੇ ਲਈ ਅਨੇਕਾਂ ਕਾਢਾਂ ਕੱਢੀਆਂ ਹਨ ਤੇ ਕੱਢ ਵੀ ਰਿਹਾ ਹੈ। ਇਹ ਸਭ ਤਾਂ ਹੀ ਸੰਭਵ ਹੋਇਆ ਕਿਉਂਕਿ ਕਰਤੇ ਨੇ ਦੂਜੀਆਂ ਅਨੰਤ ਜੂਨੀਆਂ ਤੋਂ ਵੱਧ, ਇਸ ਨੂੰ ਵਿਕਾਸਸ਼ੀਲ ਦਿਮਾਗ਼ `ਤੇ ਬਹੁਪੱਖੀ ਵਰਤੋਂ ਵਾਲਾ ਸਰੀਰ ਵੀ ਦਿੱਤਾ ਹੈ। ਇਸ ਦੇ ਉਲਟ ਬਾਕੀ ਜੂਨੀਆਂ ਦੀ ਤਰ੍ਹਾਂ ਜੇ ਮਨੁੱਖ ਕੋਲ ਵੀ ਵਿਕਾਸਸ਼ੀਲ ਦਿਮਾਗ਼ `ਤੇ ਬਹੁਪੱਖੀ ਸਰੀਰ ਨਾ ਹੁੰਦਾ, ਤਾਂ ਇਹ ਵੀ ਕੁੱਝ ਨਾ ਕਰ ਸਕਦਾ। ਇਹੀ ਨਹੀਂ, ਕਰਤਾਰ ਦੀ ਅਨੰਤ ਰਚਨਾ `ਚ, ਮਨੁੱਖ ਲਈ ਕੀ ਕੁੱਝ ਪਿਆ ਹੈ, ਕਰਤਾ ਹੀ ਜਾਣਦਾ ਹੈ। ਇਹ ਤਾਂ ਹੈ ਪ੍ਰਭੂ ਦੀ ਬੇਅੰਤ ਰਚਨਾ `ਤੇ ਮਨੁੱਖ ਦੀ ਸਰਦਾਰੀ ਵਾਲੀ ਪਛਾਣ ਹੈ। ਉਪ੍ਰੰਤ ਇਸ ਦੀ ਇਸ ਸਰਦਾਰੀ ਦਾ ਮਕਸਦ ਹੈ, ਪ੍ਰਭੂ ਬਖ਼ਸ਼ੀਆਂ ਬੇਅੰਤ ਸਹੂਲਤਾਂ ਦਾ ਲਾਭ ਲੈਂਦੇ ਹੋਏ ਮਨੁੱਖਾ ਜਨਮ ਦੇ ਮੱਕਸਦ ਵੱਲ ਵਧਨਾ `ਤੇ ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋਣਾ, ਇਲਾਹੀ ਗੁਣਾਂ ਦਾ ਵਾਰਿਸ ਹੋ ਕੇ ਜੀਵਨਮੁੱਕਤ ਹੋਣਾ।

ਗੁਰਬਾਣੀ-ਗੁਰੂ ਦੇ ਗਿਆਨ ਤੋਂ ਕੋਰਾ, ਇਨਸਾਨ, ਮਨੁੱਖਾ ਜਨਮ ਦੇ ਮਕਸਦ ਨੂੰ ਫਿਰ ਵੀ ਨਹੀਂ ਪਛਾਣਦਾ। ਮਨੁੱਖ ਰਾਹੀਂ ਕੁਦਰਤ `ਚੋਂ ਨਿੱਤ ਨਵੀਆਂ ਕਾਢਾਂ ਕੱਢਣੀਆਂ ਗ਼ਲਤ ਨਹੀਂ ਹਨ। ਗ਼ਲਤ ਹੈ ਤਾਂ ਮਨੁੱਖਾ ਜੀਵਨ ਦੇ ਮਕਸਦ ਬਾਰੇ ਇਸ ਦੀ ਨਾਸਮਝੀ। ਇਸੇ ਅਗਿਆਣਤਾ ਕਾਰਨ “ਸੁਇਨਾ ਰੂਪਾ ਤੁਝ ਪਹਿ ਦਾਮ॥ ਸੀਲੁ ਬਿਗਾਰਿਓ ਤੇਰਾ ਕਾਮ” (ਪੰ: 374) ਅਨੁਸਾਰ ਮਨੁੱਖ ਰਚਨਾ ਦੇ ਸੁਆਦਾਂ `ਚ ਇਨਾਂ ਡੁੱਬ ਜਾਂਦਾ ਹੈ, ਬਜਾਇ ਦੂਜੀਆਂ ਜੂਨਾਂ ਦੀ ਸਰਦਾਰੀ ਕਰਣ ਦੇ ਇਹ ਉਨ੍ਹਾਂ ਜੂਨਾਂ ਦੀ ਹੀ ਗ਼ੁਲਾਮੀ ਵੱਲ ਵਧਦਾ ਜਾਂਦਾ ਹੈ। ਜਿਸ ਕਰਤੇ ਦੀਆਂ ਦਾਤਾਂ ਰਸਤੇ ਇਸ ਨੇ ਕਰਤੇ ਨਾਲ ਨੇੜਤਾ ਵਧਾਉਣੀ ਸੀ। ਦਾਤਾਂ, ਜਿਹੜੀਆਂ ਕਿ ਪ੍ਰਭੂ ਨੇ ਭਖ਼ਸ਼ੀਆਂ ਹੀ ਇਸੇ ਲਈ ਸਨ, ਉਨ੍ਹਾਂ ਦਾਤਾਂ `ਤੇ ਇਸ ਦੀ ਪਕੜ ਇਨੀਂ ਵਧ ਜਾਂਦੀ ਹੈ ਕਿ ਇਸ ਦੀ ਹਾਲਤ “ਕੂੜਿ ਕੂੜੈ ਨੇਹੁ ਲਗਾ, ਵਿਸਰਿਆ ਕਰਤਾਰੁ (ਪੰ: 468) ਵਾਲੀ ਬਣ ਜਾਂਦੀ ਹੈ। ਉਸੇ ਕਰਕੇ “ਇਹੁ ਮਿਰਤਕੁ ਮੜਾ ਸਰੀਰੁ ਹੈ, ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ (ਪੰ: 1191) ਮਨੁੱਖ ਸਰੀਰਕ ਤੌਰ `ਤੇ ਜ਼ਿੰਦਾ ਹੁੰਦੇ ਹੋਏ ਵੀ ਆਤਮਕ ਮੌਤੇ ਮਰਿਆ ਰਹਿੰਦਾ ਹੈ। ਕਿਉਂਕਿ ਗੁਰਬਾਣੀ-ਗੁਰੂ ਦੇ ਗਿਆਨ ਬਿਨਾ, ਜੀਵਨ ਦੇ ਸੱਚ ਦੀ ਸਮਝ ਆ ਹੀ ਨਹੀਂ ਆ ਸਕਦੀ। ਇਸ ਤਰ੍ਹਾਂ ਇਸ ਦੀ ਹਾਲਤ ਤਾਂ “ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ” (ਪੰ: 142) ਵਾਲੀ ਹੀ ਬਣੀ ਹੁੰਦੀ ਹੈ। #252.108s08.02s10#

Including this Self Learning Gurmat Lesson No 252

ਆਤਮਕ ਜੀਵਨ ਬਨਾਮ ਆਤਮਕ ਮੌਤ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.