.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਧਰਮ ਵਿੱਚ ਸ਼ਬਦ ਜਾਲ

ਕਿਸੇ ਫਰਮ ਨੇ ਪੁਰਾਣੀਆਂ ਚੀਜ਼ਾਂ ਵੇਚਣ ਲਈ ਸੇਲਜ਼ਮੈਨ ਰੱਖਣਾ ਸੀ। ਸੇਲਜ਼ਮੈਨ ਉਹ ਹੀ ਰੱਖਿਆ ਜਾ ਸਕਦਾ ਸੀ ਜਿਸ ਨੂੰ ਪੁਰਾਣੀਆਂ ਚੀਜ਼ਾਂ ਵੇਚਣ ਦਾ ਪੂਰਾ ਤਜਰਬਾ ਹੋਵੇ। ਇੱਕ ਨੌਜਵਾਨ ਇੰਟਰਵਿਊ ਦੇਣ ਲਈ ਆਇਆ, ਫਰਮ ਦਾ ਮਾਲਕ ਆਏ ਨੌਜਵਾਨ ਨੂੰ ਜ਼ਮੀਨ `ਤੇ ਡਿੱਗੇ ਹੋਏ ਮੋਟੇ ਸਾਰੇ ਲੱਕੜੀ ਦੇ ਟੁੱਕੜੇ ਵਲ ਇਸ਼ਾਰਾ ਕਰਕੇ ਪੁੱਛਦਾ, ‘ਨੌਜਵਾਨ ਇਹ ਕੀ ਹੈ’ ? ਅੱਗੋਂ ਹਾਜ਼ਰ ਜੁਆਬੀ ਵਾਲਾ ਸੇਲਜ਼ਮੈਨ ਨੌਜਵਾਨ ਉੱਤਰ ਦੇਂਦਾ ਹੈ, ਕਿ ‘ਜਨਾਬ ਇਹ ਉਹ ਲੱਕੜੀ ਦਾ ਟੁਕੜਾ ਹੈ ਜਿਸ ਨਾਲ ਹਿੰਦੋਸਤਾਨ ਦਾ ਮਹਾਨ ਅਕਬਰ ਬਾਦਸ਼ਾਹ ਰੋਟੀ ਖਾ ਕੇ ਆਪਣਿਆਂ ਦੰਦਾਂ ਵਿਚੋਂ ਮੈਲ ਕਢਦਾ ਹੁੰਦਾ ਸੀ’। ਫਰਮ ਦੇ ਮਾਲਕ ਨੇ ਨੌਜਵਾਨ ਨੂੰ ਸ਼ਾਬਾਸ਼ ਦੇਂਦਿਆ ਕਿਹਾ, ਕਿ ‘ਬੇਟਾ ਤੂੰ ਸਭ ਤੋਂ ਵਧੀਆਂ ਸੇਲਜ਼ ਮੈਨ ਹੋਏਂਗਾ ਕਿਉਂਕਿ ਤੈਨੂੰ ਘੱਟੀਆ ਤੋਂ ਘਟੀਆ ਚੀਜ਼ਾਂ ਵੀ ਵੇਚਣੀਆਂ ਆਉਂਦੀਆਂ ਹਨ’। ਅੱਜ ਦੇ ਯੁੱਗ ਵਿੱਚ ਵਪਾਰ ਦੀ ਦੁਨੀਆਂ ਅੰਦਰ ਉਹ ਹੀ ਆਦਮੀ ਕਾਮਯਾਬ ਹੈ ਜਿਸ ਨੂੰ ਮਾਰਕੀਟਿੰਗ ਕਰਨੀ ਆਉਂਦੀ ਹੋਵੇ।
ਲੁਧਿਆਣੇ ਸ਼ਹਿਰ ਦੇ ਸਫਲ ਉਦਯੋਗਪਤੀ ਨੌਜਵਾਨ ਅਮਨਦੀਪ ਸਿੰਘ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਆਪਣੀ ਸਖਸ਼ੀਅਤ ਨਿਖਾਰਨ ਸਬੰਧੀ ਲੈਕਚਰ ਦੇਣ ਲਈ ਜਾਂਦੇ ਰਹਿੰਦੇ ਹਨ। ਵਿਚਾਰ ਸਾਂਝੇ ਕਰਦਿਆਂ ਉਹਨਾਂ ਨੇ ਕਿਹਾ, ‘ਅੱਜ ਦੇ ਯੁੱਗ ਵਿੱਚ ਉਹ ਹੀ ਆਦਮੀ ਕਾਮਯਾਬ ਹੈ ਜਿਸ ਨੂੰ ਚੰਗੀ ਤਰ੍ਹਾਂ ਦਲੀਲ ਨਾਲ ਗੱਲ ਕਰਨੀ ਆਉਂਦੀ ਹੋਵੇ। ਦੂਸਰਾ ਉਸ ਨੂੰ ਇਹ ਪਤਾ ਹੋਵੇ ਕਿ ਮੇਰੀ ਗੱਲ ਨੂੰ ਲੋਕ ਕਿਸ ਤਰ੍ਹਾਂ ਕਬੂਲਣਗੇ’। ਅਮਨਦੀਪ ਸਿੰਘ ਨੇ ਕਿਹਾ, ਕਿ ‘ਜੇ ਗੰਜਿਆਂ ਦੀ ਮੰਡੀ ਵਿੱਚ ਆਦਮੀ ਕੰਘੀਆਂ ਵੇਚ ਰਿਹਾ ਹੈ ਤਾਂ ਇਹ ਉਸ ਦੀ ਮੂਰਖਤਾ ਹੈ। ਸਿਆਣਾ ਆਦਮੀ ਉਹ ਹੀ ਹੈ ਜੋ ਗੰਜਿਆਂ ਦੀ ਮੰਡੀ ਵਿੱਚ ਤੇਲ ਵੇਚਣ ਦਾ ਯਤਨ ਕਰੇ ਤੇ ਕਹੇ, ਕਿ ‘ਬੀਬੀਓ ਤੇ ਭਾਈਓ ਮੇਰੇ ਪਾਸ ਅਜੇਹਾ ਤੇਲ ਹੈ ਜਿਸ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਆਪਣੇ ਸਿਰ `ਤੇ ਲਗਾਉਂਦੇ ਹੁੰਦੇ ਸੀ। ਇਸ ਨਾਲ ਤਾਂ ਗੰਜੇ ਸਿਰ `ਤੇ ਨਵੇਂ ਸਿਰੇ ਤੋਂ ਵਾਲ਼ਾਂ ਦੀ ਝੜੀ ਲੱਗ ਜਾਏਗੀ। ਇਸ ਤੇਲ ਦੀ ਵਰਤੋਂ ਨਾਲ ਵਾਲ ਕਦੇ ਵੀ ਚਿੱਟੇ ਨਹੀਂ ਹੋਣਗੇ। ਅਜੇ ਕਲ੍ਹ ਹੀ ਸਿਰ ਖੁਰਕਣਦਾਸ ਮੈਂਬਰ ਪਾਰਲੀਮੈਂਟ ਤੇ ਉਸ ਦੇ ਹੋਰ ਸਾਥੀਆਂ ਨੇ ਵੀਹ ਬੋਤਲਾਂ ਤੇਲ ਦੀਆਂ ਖਰੀਦੀਆਂ ਹਨ’। ਦੇਖਦਿਆਂ ਦੇਖਦਿਆਂ ਉਸ ਦਾ ਸਾਰਾ ਤੇਲ ਵਿਕ ਜਾਏਗਾ। ਇਹਨੂੰ ਕਹਿੰਦੇ ਨੇ ਲੋਕਾਂ ਦੀ ਰਮਜ਼ ਪਛਾਣ ਕੇ ਸਵਾਹ ਵੀ ਵੇਚਣੀ ਦੇਣੀ।
ਸਿੱਖ ਧਰਮ ਵਿੱਚ ਕੁੱਝ ਸ਼ੈਤਾਨ ਤੇ ਚਲਾਕ ਬਿਰਤੀ ਦੇ ਲੋਕਾਂ ਨੇ ਦੇਖਿਆ ਕਿ ਇਹਨਾਂ ਵਿੱਚ ਸ਼ਰਧਾ ਤਾਂ ਬਹੁਤ ਹੈ, ਪਰ ਗਿਆਨ ਦੇ ਨੇੜੇ ਵੀ ਨਹੀਂ ਗਏ ਹਨ, ਇਸ ਲਈ ਗਿਆਨ ਦੇਣ ਦੀ ਥਾਂ `ਤੇ ਕਿਉਂ ਨਾ ਇਹਨਾਂ ਨੂੰ ਸ਼ਰਧਾ ਦੇ ਨਾਂ ਤੇ ਲੁਟਿਆ ਜਾਏ। ਅਜੇਹੇ ਲੋਕਾਂ ਨੇ ਧਰਮ ਦੀ ਦੁਨੀਆਂ ਵਿੱਚ ਅਜੇਹੇ ਸ਼ਬਦ ਜਾਲ ਦਾ ਤਾਣਾ ਬੁਣਿਆਂ ਜਿਸ ਵਿੱਚ ਅਸੀਂ ਬੁਰੀ ਤਰ੍ਹਾਂ ਫਸ ਕੇ ਰਹਿ ਗਏ ਹਾਂ। ਧਰਮ ਦੇ ਸ਼ਬਦ ਜਾਲ ਦੀਆਂ ਕੁੱਝ ਕੁ ਵੰਨਗੀਆਂ ਦੇਖਣ ਦਾ ਯਤਨ ਕੀਤਾ ਜਾਏਗਾ।
ਜੀ ਸਾਡੇ ਮਹਾਂਪੁਰਸ਼ਾਂ ਦੀ ਕਮਾਈ ਬਹੁਤ ਹੈ----
ਪੰਜਾਬ ਦੇ ਵਿਹਲੜ ਸਾਧਾਂ ਨਾਲ ਕਮਾਈ ਸ਼ਬਦ ਪੂਰੀ ਤਰ੍ਹਾਂ ਜੁੜ ਚੁੱਕਿਆ ਹੋਇਆ ਹੈ। ਜਿੱਥੇ ਵੀ ਸਾਧੜਿਆਂ ਦੇ ਚਾਰ ਚੇਲੇ ਬੈਠੇ ਹੋਣਗੇ ਓੱਥੇ ਹੀ ਇਹ ਗੱਲ ਤੁਰ ਪੈਂਦੀ ਹੈ ਜਿ ਸਾਡੇ ਬਾਬਾ ਜੀ ਮਹਾਂਰਾਜ ਜੀ ਦੀ ਕਮਾਈ ਬਹੁਤ ਹੈ। ਅਖੇ ਅੱਧੀ ਰਾਤ ਨੂੰ ਉੱਠ ਕੇ ਨਾਮ ਸਿਮਰਣ ਦੀ ਕਮਾਈ ਕਰਦੇ ਹਨ। ਫਿਰ ਜਦੋਂ ਦੁਨੀਆਂ ਜਾਗਦੀ ਹੈ ਇਹ ਵਿਚਾਰੇ ਸੌਂ ਜਾਂਦੇ ਹਨ। ਅੱਧੀ ਰਾਤ ਨੂੰ ਏ. ਸੀ. ਕਮਰਿਆਂ ਵਿੱਚ ਅੱਖਾਂ ਮੀਚ ਕੇ ਬੈਠਣ ਵਾਲੀ ਕਮਾਈ ਹੈ ਤਾਂ ਕੱਦੂ ਵਿੱਚ ਝੋਨਾਂ ਲਾ ਰਹੇ ਕਿਸਾਨ ਦੀ ਕਮਾਈ ਨਹੀਂ ਹੈ? ਕੀ ਭੱਠੇ ਦੀਆਂ ਇੱਟਾਂ ਪੱਥਣ ਵਾਲੇ ਦੀ ਕਮਾਈ ਨਹੀਂ ਹੈ? ਸਾਰੀ ਦੁਨੀਆਂ ਮਜ਼ਦੂਰ ਦੀਆਂ ਪੱਥੀਆਂ ਹੋਈਆਂ ਇੱਟਾਂ ਵਾਲੇ ਮਕਾਨਾਂ ਵਿੱਚ ਰਹਿੰਦੀ ਹੈ। ਅਸਲ ਕਮਾਈ ਤਾਂ ਉਹਨਾਂ ਵਿਗਿਆਨੀ ਲੋਕਾਂ ਦੀ ਹੈ ਜਿੰਨ੍ਹਾਂ ਨੇ ਦੁਨੀਆਂ ਦੀ ਬੇਹਤਰੀ ਲਈ ਆਪਣੀ ਵਿਦਿਆ ਵਿਚੋਂ ਕੋਈ ਯੋਗਦਾਨ ਪਾਇਆ ਹੈ। ਕਮਾਈ ਉਸ ਬੰਦੇ ਦੀ ਹੈ ਜਿਸ ਨੇ ਸੀਵਰੇਜ ਦੀ ਕਾਢ ਕੱਢ ਕੇ ਸਾਰੀ ਦੁਨੀਆਂ ਨੂੰ ਸੁੱਖ ਦਿਤਾ ਹੈ। ਵਿਹਲੜ ਕਿਸਮ ਦੇ ਚਿੱਟੇ ਕਪੜੇ ਪਾਉਣ ਵਾਲੇ ਕਿਸੇ ਸਾਧ ਦੀ ਕੋਈ ਕਮਾਈ ਨਹੀਂ ਹੈ ਇਹ ਤੇ ਕੌਮ `ਤੇ ਇੱਕ ਬੋਝ ਹਨ।
ਸਾਡੇ ਮਹਾਂਰਾਜ ਜੀ ਬਹੁਤ ਪਹੁੰਚੇ ਹੋਏ ਹਨ---
ਚੌਹਾਂ ਬੰਦਿਆਂ ਵਿੱਚ ਬੈਠਾਂ ਕਦੇ ਅੱਖਾਂ ਮੁੰਦ ਲਏ ਤੇ ਕਦੇ ਅੱਖਾਂ ਖੋਹਲ ਲਏ ਉਸ ਨੂੰ ਕਹਿੰਦੇ ਨੇ ਜੀ ਇਹ `ਤੇ ਬਹੁਤ ਹੀ ਪਹੁੰਚੇ ਹੋਏ ਹਨ। ਕਿੱਥੇ ਪਹੁੰਚੇ ਹੋਏ ਹਨ? ਇਹ ਤੇ ਸਾਧ ਨੂੰ ਖ਼ੁਦ ਵੀ ਨਹੀਂ ਪਤਾ ਕਿ ਮੈਂ ਕਿੱਥੇ ਪਹੁੰਚਿਆ ਹੋਇਆ ਹਾਂ। ਅਸਲ ਪਹੁੰਚਿਆ ਹੋਇਆ ਤੇ ਉਹ ਹੀ ਇਨਸਾਨ ਹੈ ਜਿਸ ਨੇ ਦਿਨਾਂ ਦੀ ਦੂਰੀ ਨੂੰ ਘੰਟਿਆ ਵਿੱਚ ਬਦਲ ਕੇ ਰੱਖ ਦਿਤਾ ਹੈ।
ਇਹ ਤੇ ਜੀ ਬਹੁਤ ਅਭਿਆਸੀ ਹਨ—
ਜਿਹੜਾ ਸਾਧ ਆਪਣਾ ਕਛਹਿਰਾ ਵੀ ਨਾ ਧੋ ਸਕਦਾ ਹੋਵੇ ਉਸ ਨੂੰ ਅਭਿਆਸੀ ਕਿਹਾ ਜਾਂਦਾ ਹੈ। ਅਸਲ ਵਿੱਚ ਅਭਿਆਸ ਸ਼ਬਦ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਤੇ ਖੇਢਾਰੀਆਂ ਲਈ ਢੁੱਕਦਾ ਹੈ। ਫ਼ੌਜ ਵਿੱਚ ਫ਼ੌਜੀਆਂ ਨੂੰ ਅਭਿਆਸ ਕਰਾਇਆ ਜਾਂਦਾ ਹੈ ਕਿ ਲੜਾਈ ਦੇ ਮੈਦਾਨ ਵਿੱਚ ਕਿਤੇ ਮਾਰ ਨਾ ਖਾ ਜਾਣ। ਹਾਂ ਇਹਨਾਂ ਸਾਧਾਂ ਨੂੰ ਬ੍ਰਾਹਮਣੀ ਕਰਮਕਾਂਡਾਂ ਦਾ ਪੂਰਾ ਪੂਰਾ ਅਭਿਆਸ ਹੈ।
ਬਾਣੀ ਸੋਧ ਕੇ ਸੱਚ ਖੰਡ ਵਿਖੇ ਪਰਵਾਨ ਕਰਨੀ---
ਬਹੁਤੇ ਸਕੂਲਾਂ ਦੀ ਪੜ੍ਹਾਈ ਤੋਂ ਸੱਖਣੇ ਆਪੂੰ ਬਣੇ ਵਿਦਵਾਨ ਸਾਧ ਤੇ ਉਹਨਾਂ ਦੇ ਚੇਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਖਲੋ ਕੇ ਅਜੀਬ ਕਿਸਮ ਦੇ ਸ਼ਬਦ ਜਾਲ ਦਾ ਤਾਣਾ ਬੁਣਦੇ ਹਨ, ਜਿਸ ਨੂੰ ਸੁਣ ਕੇ ਜਨ ਸਧਾਰਨ ਬੰਦਾ ਵਾਕਿਆ ਹੀ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਸਾਧਾਂ ਦੁਆਰਾ ਕੀਤੀ ਅਰਦਾਸ ਤੇ ਬਾਣੀ ਸੱਚ ਖੰਡ ਵਿੱਚ ਪਰਵਾਨ ਹੋ ਜਾਏਗੀ? ਹੁਣ ਇਹਨਾਂ ਵਿਚਾਰਿਆਂ ਨੇ ਸੱਚ ਖੰਡ ਇੱਕ ਵੱਖਰਾ ਮੰਨਿਆ ਹੋਇਆ ਹੈ, ਜਿੱਥੇ ਸਰੀਰ ਦੇ ਤਲ ਬੈਠਾ ਹੋਇਆ ਕੋਈ ਮਨੁੱਖ ਵਾਂਗ ਪਰਬੰਧ ਚਲਾ ਰਿਹਾ ਹੋਵੇ। ਇਹਨਾਂ ਨੇ ਬਾਣੀ ਪੜ੍ਹਨੀ ਜਾਂ ਵਿਚਾਰਨੀ ਕੋਈ ਨਹੀਂ ਹੈ ਪਰ ਆਪਣੀ ਜ਼ਿੰਮੇਵਾਰੀ ਤੋਂ ਭਜਦਿਆਂ ਇਹ ਸਾਰੀ ਜ਼ਿੰਮੇਵਾਰੀ ਰੱਬ ਜੀ `ਤੇ ਸੁੱਟ ਕੇ ਆਪ ਮੁਕਤ ਹੋਣਾ ਚਾਹੁੰਦੇ ਹਨ। ਅਜੀਬ ਕਿਸਮ ਦਾ ਰੱਬ ਜੀ ਨੂੰ ਹੁਕਮ ਕਰ ਰਹੇ ਹੁੰਦੇ ਹਨ ਕਿ ਹੇ ਰੱਬ ਜੀ! ਬਾਣੀ ਗਲਤ ਅਸੀਂ ਪੜਾਂਗੇ ਪਰ ਇਹ ਜ਼ਿੰਮੇਵਾਰੀ ਤੁਹਾਡੀ ਹੈ ਕਿ ਤੁਸੀਂ ਸੋਧ ਕੇ ਆਪ ਪਰਵਾਨ ਕਰੋ ਕਿਉਂਕਿ ਤੁਸੀਂ ਵਿਹਲੇ ਹੀ ਰਹਿੰਦੇ ਹੋ।
ਸੱਚ ਖੰਡ ਵਿਖੇ ਅਰਾਮ ਕਰੋ---
ਸ਼ਾਮ ਦੇ ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਗ੍ਰੰਥ ਦੀ ਸੇਵਾ ਸੰਭਾਲ਼ ਕਰਦਿਆਂ ਆਮ ਇਹ ਸ਼ਬਦ ਸੁਣੇ ਜਾਂਦੇ ਹਨ ਕਿ ਹੇ ਗੁਰੂ ਗ੍ਰੰਥ ਸਾਹਿਬ ਜੀ ਹੁਣ ਤੁਸੀਂ ਸੱਚ-ਖੰਡ ਵਿਖੇ ਜਾ ਕੇ ਅਰਾਮ ਕਰੋ ਜੀ। ਸਵਾਲ ਪੈਦਾ ਹੁੰਦਾ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਦਿਨ ਪ੍ਰਕਾਸ਼ ਰਿਹਾ ਹੈ ਉਹ ਝੂਠ ਖੰਡ ਹੈ? ਕਈਆਂ ਡੇਰਿਆਂ ਵਿੱਚ ਤਾਂ ਇਹ ਵੀ ਪ੍ਰਚੱਲਤ ਹੈ ਕਿ ਗਿਣਤੀ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਕਰੋਗੇ ਤਾਂ ਹੀ ਤੁਸੀਂ ਸੱਚ ਖੰਡ ਦੇ ਦਰਸ਼ਨ ਕਰ ਸਕਦੇ ਹੋ। ਪਰਮਾਤਮਾ ਤਾਂ ਸਰਬ ਵਿਆਪਕ ਹੈ ਤੇ ਸੱਚ ਖੰਡ ਅਸੀਂ ਆਪਣੇ ਹਿਰਦੇ ਨੂੰ ਬਣਾਉਂਣਾ ਸੀ ਪਰ ਗੁਰਦੁਆਰੇ ਦੇ ਅੰਦਰ ਹੀ ਅਸੀਂ ਸੱਚ ਖੰਡ ਬਣਾ ਲਏ ਹਨ।
ਬਾਣੀ ਦੇ ਜਾਪ ਹੋਏ----
ਧਰਮ ਦੀ ਦੁਨੀਆਂ ਵਿੱਚ ਕਿਰਤੀਆਂ ਨੂੰ ਲੁੱਟਣ ਲਈ ਨਿਤ ਨਵੇਂ ਨਵੇਂ ਸ਼ਬਦ ਸੁਣਨ ਨੂੰ ਮਿਲਦੇ ਰਹੇ ਹਨ। ਗੁਰਬਾਣੀ ਪਾਠ ਵੀਚਾਰ ਦੀ ਥਾਂ `ਤੇ ਹੁਣ ਨਵਾਂ ਸ਼ਬਦ ਸ਼ੁਰੂ ਹੋ ਗਿਆ ਹੈ ਕਿ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਹਨ। ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਹਨ। ਜੇ ਘਰ ਵਿੱਚ ਅਖੰਡਪਾਠ ਰੱਖਿਆ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਅਠਤਾਲ਼ੀ ਘੰਟੇ ਗੁਰਬਾਣੀ ਦਾ ਜਾਪ ਹੋਇਆ ਹੈ। ਪਾਠ ਕਰਨ ਤੇ ਵੀਚਾਰਨ ਦੀ ਥਾਂ `ਤੇ ਜਾਪ ਸ਼ਬਦ ਦੀ ਪ੍ਰਧਾਨਗੀ ਹੋ ਗਈ ਹੈ।
ਸੁਖਮਨੀ ਦੀ ਬਾਣੀ ਸਾਨੂੰ ਸੁੱਖ ਦੇਂਦੀ ਹੈ---
ਸਾਰੀ ਬਾਣੀ ਪੜ੍ਹਨ ਸੁਣਨ ਤੇ ਵਿਚਾਰਨ ਦੀ ਥਾਂ `ਤੇ ਕੇਵਲ ਸੁਖਮਨੀ ਸਾਹਿਬ ਦੇ ਪਾਠ ਕਰਨ ਤੀਕ ਹੀ ਸਾਨੂੰ ਸੀਮਤ ਕਰ ਦਿੱਤਾ ਗਿਆ ਹੈ। ਹੁਣ ਤੇ ਇਹ ਵੀ ਕਿਹਾ ਜਾਣ ਲੱਗ ਪਿਆ ਹੈ ਸਾਰੀ ਬਾਣੀ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਕੇਵਲ ਸੁਖਮਨੀ ਦੇ ਜਾਪ ਕਰ ਲਓ ਤਾਂ ਸਾਰੀ ਬਾਣੀ ਦੇ ਪਾਠ ਦਾ ਫ਼ਲ਼ ਤੂਹਾਨੂੰ ਮਿਲ ਜਾਏਗਾ। ਏਸੇ ਤਰ੍ਹਾਂ ਹੀ ਆਸਾ ਕੀ ਵਾਰ ਦੀ ਬਾਣੀ ਸਬੰਧੀ ਵੀ ਇਹ ਭਰਮ ਪਾਲ ਲਿਆ ਹੈ ਕਿ ਘਰ ਵਿੱਚ ਆਸਾ ਕੀ ਵਾਰ ਦਾ ਕੀਰਤਨ ਕਰਾਉਣ ਨਾਲ ਸਾਡੀਆਂ ਸਾਰੀਆਂ ਆਸਾ ਪੂਰੀਆਂ ਹੋ ਜਾਣਗੀਆਂ।
ਅਜੱਪਾ-ਜਾਪ—
ਆਮ ਕਰਕੇ ਇਹ ਸਮਝਿਆ ਗਿਆ ਹੈ ਹਰ ਵੇਲੇ ਬੁੱਲਾਂ ਨੂੰ ਹਿਲਾਈ ਜਾਣਾ ਹੀ ਅਜੱਪਾ ਜਾਪ ਹੈ। ਤੇ ਇਹ ਵੀ ਸੁਣਿਆ ਜਾ ਰਿਹਾ ਹੈ ਕਿ ਫਲਾਣੇ ਸੰਤ ਮਹਾਂਰਾਜ ਜੀ ਤਾਂ ਹਰ ਵੇਲੇ ਅਜੱਪਾ-ਜਾਪ ਕਰਦੇ ਰਹਿੰਦੇ ਹਨ।
ਸਵਾਸ, ਸਵਾਸ ਵਾਹਿਗੁਰੂ ਦਾ ਨਾਮ ਜੱਪਣਾ—
ਸਵਾਸ, ਸਵਾਸ ਨਾਮ ਜੱਪਣ ਦਾ ਭਾਵ ਅਰਥ ਸੀ ਕਿ ਹਰ ਵੇਲੇ ਰੱਬੀ ਗੁਣਾਂ ਦੀ ਵਰਤੋਂ ਕਰਦੇ ਰਹਿਣਾ। ਸਾਡੇ ਵਿੱਚ ਭੇਡ ਚਾਲ ਬਹੁਤ ਜ਼ਿਅਦਾ ਹੈ। ਅਸੀਂ ਹਮੇਸ਼ਾਂ ਹੀ ਇੱਕ ਦੂਜੇ ਨਾਲੋਂ ਅੱਗੇ ਨਿਕਲਣ ਦੇ ਚੱਕਰ ਵਿੱਚ ਰਹਿੰਦੇ ਹਾਂ। ਸਵਾਸ ਸਵਾਸ ਨਾਮ ਸਿਮਰਨ ਨੂੰ ਅਸੀਂ ਇੰਝ ਸਮਝ ਲਿਆ ਹੈ ਕਿ ਹਰ ਵੇਲੇ ਕੋਈ ਵੀ ਕਿਸੇ ਨਾਲ ਗੱਲ ਕਰਨੀ ਹੈ ਤਾਂ ਵਾਹਿਗੁਰੂ ਦਾ ਸਮ ਨਾਲ ਜ਼ਰੂਰ ਨਾਲ ਲਗਣਾ ਚਾਹੀਦਾ ਹੈ। ਲੰਗਰ ਵਰਤਾਉਣ ਸਮੇਂ ਇਹ ਕਿਹਾ ਜਾਂਦਾ ਸੀ ਭੈਣ ਜੀ ਪ੍ਰਸ਼ਾਦਾ ਲਓ, ਵੀਰ ਜੀ ਪ੍ਰਸ਼ਾਦਾ ਲਓ, ਮਾਤਾ ਜੀ ਦਾਲ ਲਓ। ਅਸੀਂ ਭੈਣ ਵੀਰ ਸ਼ਬਦ ਭੁੱਲ ਕੇ ਹਰੇਕ ਨੂੰ ਕਹਿਣ ਲੱਗ ਪਏ ਹਾਂ ਵਾਹਗੁਰੂ ਪ੍ਰਸ਼ਾਦਾ, ਵਾਹਗੁਰੂ ਦਾਲ, ਵਾਹਗੁਰੂ ਸਲਾਦ, ਵਾਹਗੁਰੂ ਪਾਣੀ ਲਓ। ਹੁਣ ਇਹ ਸਮਝ ਨਹੀਂ ਆ ਰਹੀ ਕਿ ਪ੍ਰਸ਼ਾਦਾ ਵਾਹਗੁਰੂ ਹੈ, ਛੱਕਣ ਵਾਲਾ ਵਾਹਗੁਰੂ ਜਾਂ ਵਰਤਾਉਣ ਵਾਲਾ ਵਾਹਗੁਰੂ ਹੈ। ਕਿਸੇ ਨੂੰ ਟੈਲੀਫੂਨ ਕਰਕੇ ਇਹ ਪਤਾ ਕਰਨਾ ਹੋਵੇ ਕਿ ਭੈਣ ਜੀ ਵੀਰ ਜੀ ਘਰ ਹਨ ਤਾਂ ਅੱਗੋਂ ਸਵਾਸ ਸਵਾਸ ਨਾਮ ਜੱਪਦਿਆਂ ਭੈਣ ਜੀ ਉੱਤਰ ਦੇਣਗੇ ਵਾਹਿਗੁਰੂ ਘਰ ਨਹੀਂ ਹੈ। ਕੀ ਵੀਰ ਜੀ ਘਰ ਨਹੀਂ ਹਨ ਕਿ ਵਾਹਗੁਰੂ ਘਰ ਨਹੀਂ ਹੈ। ਜਦ ਕਿ ਵਾਹਗੂਰੂ ਤਾਂ ਜ਼ਰੇ ਜ਼ਰੇ ਵਿੱਚ ਵਿਆਪਕ ਹੈ।
ਆਤਮ ਰਸ ਤੇ ਰੂਹਾਨੀ ਕੀਰਤਨ ਦਰਬਾਰ---
ਕੀਰਤਨ ਦਰਬਾਰਾਂ ਦੀ ਭਰਮਾਰ ਕਰਕੇ ਕਵੀ ਦਰਬਾਰ ਲਗ-ਪਗ ਖਤਮ ਜੇਹੇ ਹੀ ਹੋ ਗਏ ਹਨ। ਉਂਝ ਜਿੱਥੇ ਕਵੀ ਇੱਕਠੇ ਹੋ ਕੇ ਆਪਣੀ ਕਵਿਤਾਵਾਂ ਸੁਣਾਇਆ ਕਰਦੇ ਸੀ ਉਸ ਨੂੰ ਕਿਹਾ ਜਾਂਦਾ ਸੀ ਕਿ ਫਲਾਣੇ ਥਾਂ `ਤੇ ਕਵੀ ਦਰਬਾਰ ਹੋ ਰਿਹਾ ਹੈ। ਇਸ ਦੀ ਸ਼ਬਦ ਦੀ ਨਕਲ ਮਾਰਦਿਆਂ ਪ੍ਰਬੰਧਕੀ ਢਾਂਚੇ ਨੇ ਨਵਾਂ ਸ਼ਬਦ ਘੜ ਲਿਆ ਕਿ ਕੀਰਤਨ ਦਰਬਾਰ ਹੋਣਾ ਹੈ। ਵਿਆਕਰਣਕ ਤੌਰ ਤੇ ਕੀਰਤਨ ਦਰਬਾਰ ਦਾ ਕੀ ਅਰਥ ਬਣਦਾ ਹੈ ਇਹ ਤਾਂ ਇਸ ਸ਼ਬਦ ਦੀ ਵਰਤੋਂ ਕਰਨ ਵਾਲੇ ਹੀ ਬਿਹਤਰ ਦੱਸ ਸਕਦੇ ਹਨ। ਹੁਣ ਕੀਰਤਨ ਦਰਬਾਰ ਸ਼ਬਦ ਨੂੰ ਵੀ ਪਿੱਛੇ ਛੱਡਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਆਤਮ ਰਸ ਕੀਰਤਨ ਦਰਬਾਰ। ਇਸ ਤੋਂ ਵੀ ਅੱਗੇ ਚੱਲਦਿਆਂ ਰੂਹਾਨੀ ਕੀਰਤਨ ਦਰਬਾਰ ਦੀ ਵਰਤੋਂ ਕਰਨੀ ਸ਼ੁਰੂ ਹੋ ਗਈ ਹੈ। ਰੂਹਾਨੀ ਜਾਂ ਆਤਮ ਰੱਸ ਕੀਰਤਨ ਵਾਲੇ ਮੁਲਕ ਵਿੱਚ ਦੀਵਾਲੀ ਤੇ ਪਏ ਛਾਪਿਆਂ ਦੌਰਾਨ ਸੈਂਕੜੇ ਕਵਿੰਟਲ ਨਕਲੀ ਘਿਓ ਤੇ ਖੋਇਆ ਫੜਿਆ ਗਿਆ ਹੈ। ਇਹ ਆਤਮ ਰੱਸ ਜਾਂ ਰੂਹਾਨੀ ਕੀਰਤਨ ਦਰਬਾਰਾਂ ਦਿਆਂ ਮਾਲਕਾਂ ਨੇ ਕਦੇ ਵੀ ਅਜੇਹੇ ਦਰਿੰਦਿਆਂ ਸਬੰਧੀ ਇੱਕ ਸ਼ਬਦ ਵੀ ਮੂੰਹੋਂ ਨਹੀਂ ਕਢਿੱਆ ਕਿਉਂਕਿ ਆਤਮ ਰਸ ਜਾਂ ਰੂਹਾਨੀ ਕੀਰਤਨ ਦਰਬਾਰ ਵਿੱਚ ਉਹਨਾਂ ਨੇ ਵੱਡੀ ਸਾਰੀ ਉਗਰਾਹੀ ਦੇ ਕੇ ਆਪਣੀ ਮਾਇਆ ਸਫਲ ਕੀਤੀ ਹੁੰਦੀ ਹੈ।
ਮਹਾਂ ਮਹਾਂ ਪਵਿੱਤਰ ਸਮਾਗਮ---
ਮਰ ਚੁੱਕੇ ਸਾਧੜਿਆਂ ਦੇ ਜਨਮ ਦਿਨ ਜਾਂ ਉਹਨਾਂ ਦੀਆਂ ਬਰਸੀਆਂ ਮਨਾਉਂਦਿਆਂ ਹੋਇਆਂ ਅਕਲ ਦੇ ਅੰਨ੍ਹੇ ਸ਼ਰਾਧਲੂਆਂ ਨੇ ਮਹਾਂ ਮਹਾਂ ਪਵਿਤਰ ਸਮਾਗਮ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਗੁਰੂਆਂ ਦਾ ਪੁਰਬ ਮਨਾੳਦਿਆਂ ਇਸ਼ਤਿਹਾਰਾਂ ਵਿੱਚ ਆਮ ਸ਼ਬਦਾਵਲੀ ਵਰਤੀ ਜਾਂਦੀ ਹੈ ਜਿਸ ਦੀ ਸਾਰੇ ਲੋਕਾਂ ਨੂੰ ਸਮਝ ਆ ਜਾਂਦੀ ਹੈ। ਪਰ ਸਾਧੜਿਆਂ ਦਿਆਂ ਉਪਾਸ਼ਕਾਂ ਨੇ ਗਏ ਗੁਜ਼ਰੇ ਸਾਧਾਂ ਪ੍ਰਤੀ ਗੂਰੂਆਂ ਨਾਲੋਂ ਵੱਧ ਵਡਿਆਈ ਦੇਂਦਿਆਂ ਮਹਾਂ ਮਹਾਂ ਪਵਿਤਰ ਸਮਾਗਮ ਰੱਖਣੇ ਸ਼ੁਰੂ ਕਰ ਦਿੱਤੇ ਹਨ। ਜਗੋਂ ਤੇਰ੍ਹਵੀਂ ਸ਼ਬਦਾਵਲੀ ਵਰਤਦਿਆਂ ਇਹਨਾਂ ਨੇ ਭੋਰਾ ਸ਼ਰਮ ਮਹਿਸੂਸ ਨਹੀਂ ਕੀਤੀ।
ਇਕੋਤ੍ਰੀ ਅਖੰਡਪਾਠ----
ਗੁਰਬਾਣੀ ਤਾਂ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਜੇ ਸਾਨੂੰ ਇੱਕ ਸ਼ਬਦ ਦੀ ਵੀ ਸਮਝ ਆ ਜਾਏ ਤਾਂ ਸਾਡਾ ਸੁਭਾਅ ਬਦਲ ਸਕਦਾ ਹੈ। ਹੁਣ ਤਾਂ ਸ਼ਬਦ ਨੂੰ ਸਮਝਣ ਦੀ ਥਾਂ `ਤੇ ਇਕੱਠੇ ਇੱਕ ਸੌ ਇੱਕ ਅਖੰਡਪਾਠਾਂ ਦੀਆਂ ਲੜੀਆਂ ਚਲਾ ਦਿੱਤੀਆਂ ਹਨ ਤੇ ਨਾਂ ਰੱਖ ਦਿੱਤਾ ਹੈ ਇਕੋਤਰੀ ਅਖੰਡਪਾਠ।
ਜਪ-ਤਪ ਦੁਪਹਿਰਾ ਚੁਪਹਿਰਾ
ਹਰ ਚਲਾਕ ਸਾਧ ਸਮਾਜ ਵਿੱਚ ਇਹ ਦੇਖਦਾ ਹੈ ਕਿ ਮੇਰੇ ਤੋਂ ਪਹਿਲਾਂ ਮਰ ਚੁੱਕੇ ਸਾਧਾਂ ਨੇ ਕਿੰਝ ਦੁਨੀਆਂ ਨੂੰ ਲੁਟਿਆ ਹੈ। ਉਹ ਫਿਰ ਦਿਨ ਦੀਵੀਂ ਅੰਦਾਜ਼ਾ ਲਗਾ ਕੋਈ ਨਾ ਕੋਈ ਨਵੀਂ ਘੜੁੱਤ ਛੱਡਦਿਆਂ ਨਵਾਂ ਸ਼ਬਦ ਜਾਲ ਬੁਣਦਾ ਹੈ। ਹੁਣ ਲੁਧਿਆਣੇ ਸ਼ਹਿਰ ਵਿੱਚ ਜਪ-ਤਪ ਦੇ ਦੁਪਹਿਰੇ ਚੁਪਹਿਰੇ ਸਮਾਗਮ ਸ਼ੁਰੂ ਹੋ ਗਏ ਹਨ। ਦੁਖਾਂਤ ਇਸ ਗੱਲ ਦਾ ਹੈ ਕਿ ਕਦੇ ਵੀ ਕਿਸੇ ਧਾਰਮਕ ਆਗੂ ਜਾਂ ਆਪੇ ਬਣੇ ਸੂਝਵਾਨ ਪ੍ਰਬੰਧਕਾਂ ਨੇ ਇਹਨਾਂ ਦੇ ਵਿਰੁੱਧ ਅਵਾਜ਼ ਨਹੀਂ ਉਠਾਈ। ਸਗੋਂ ਇਹਨਾਂ ਸਾਧਾਂ ਵਲੋਂ ਫੈਲਾਈ ਜਾ ਰਹੀ ਮਨ ਮਤ ਦਾ ਪੂਰਾ ਪੂਰਾ ਸਾਥ ਦਿੱਤਾ ਜਾਂਦਾ ਹੈ ਤੇ ਗੁਰਦੁਆਰੇ ਦੀ ਗੋਲਕ ਵਿਚੋਂ ਦਿੱਲ ਖੋਹਲ ਕੇ ਵੱਡੇ ਵੱਡੇ ਬੋਰਡ ਲਗਾ ਕੇ ਸਿੱਖਾਂ ਦੀ ਕਮਾਈ ਦਾ ਮੌਜੂ ਉਡਾਇਆ ਜਾਂਦਾ ਹੈ।
ਵਾਹਿਗੁਰੂ ਦਾ ਨਾਮ ਲਿਖਣਾ
ਕਲਕੱਤੇ ਦੇ ਵੀਰਾਂ ਵਲੋਂ ਧੰਨਬਾਦ ਵਿਖੇ ਸਕੂਲੀ ਬੱਚਿਆਂ ਦਾ ਕੈਂਪ ਸੀ। ਵੀਰ ਰਜਿੰਦਰ ਸਿੰਘ ਖਾਲਸਾ ਪੰਚਾਇਤ ਵਾਲੇ, ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਤੇ ਮੈਂ ਇਸ ਕੈਂਪ ਵਿੱਚ ਹਾਜ਼ਰੀ ਭਰਨ ਲਈ ਗਏ ਹੋਏ ਸੀ। ਕੁੱਝ ਘਰਾਂ ਵਿੱਚ ਜਾਣ ਦਾ ਮੌਕਾ ਬਣਿਆ, ਪਰਵਾਰਾਂ ਦੇ ਕਈ ਬੱਚਿਆਂ ਨੇ ਕਾਪੀਆਂ ਤੇ ਕੇਵਲ ਹਜ਼ਾਰਾਂ ਵਾਰੀ ਵਾਹਿਗੁਰੂ ਸ਼ਬਦ ਹੀ ਲਿਖਿਆ ਹੋਇਆ ਸੀ। ਕਹਿੰਦੇ ਕੇ ਬਾਬਾ ਜੀ ਦਾ ਹੁਕਮ ਹੈ ਕਿ ਇੰਜ ਕਰਨ ਨਾਲ ਪੜ੍ਹਾਈ ਜ਼ਿਆਦਾ ਆਏਗੀ।
ਸ਼ਬਦ ਜਾਲ ਦਾ ਅਜੇਹਾ ਮੱਕੜੀ ਜਾਲ ਬੁਣਿਆ ਹੋਇਆ ਹੈ ਜਿਸ ਵਿੱਚ ਆਮ ਮਨੁੱਖ ਕੀ ਕਈ ਪੜ੍ਹੇ ਲਿਖੇ ਹੋਏ ਵੀ ਇਹਨਾਂ ਦੇ ਮਨ ਲਭਾਉ ਸ਼ਬਦਾਂ ਵਿੱਚ ਫਸੇ ਪਏ ਹਨ। ਮਰਨ ਦੇ ਉਪਰੰਤ ਕਿਸੇ ਚੰਗੇ ਜੇਹੇ ਸਵਰਗ ਦੀ ਆਸ ਲਾਈ ਬੈਠੇ ਹਨ।
.