.

ਸੰਨ ੧੯੮੪ ਦਾ ਘਲੂਘਾਰਾ ਤੇ ਮੁਕਤਸਰ ਸਾਹਿਬ
ਡਾ: ਦਲਵਿੰਦਰ ਸਿੰਘ

ਸੰਨ ੧੯੮੪ ਸਿਖਾਂ ਲਈ ਕਾਲਾ ਵਰ੍ਹਾ ਹੈ ਜਿਸ ਵਿੱਚ ਸਿਖਾਂ ਨੂੰ ਭਾਰੀ ਜਾਨੀ ਤੇ ਮਾਲੀ ਨੁਕਸਾਨ ਤਾਂ ਹੋਇਆ ਹੀ, ਅਣਖ ਤੇ ਇਜ਼ਤ ਨੂੰ ਅਕਹਿ ਠੇਸ ਵੀ ਪਹੁੰਚੀ। ਇਹ ਲੇਖ ਗੁਰਦਵਾਰਾ ਟੁੱਟੀ ਗੰਢੀ ਵਿੱਚ ਹੋਏ ੧੯੮੪ ਦੇ ਸਾਕੇ ਦੀ ਘਟਨਾ ਦੇ ਇਤਿਹਾਸਿਕ ਪੱਖ ਤਕ ਹੀ ਸੀਮਿਤ ਰਖਿਆ ਗਿਆ ਹੈ ਤੇ ਕਾਰਨਾਂ ਨੂੰ ਲੈ ਕੇ ਕੋਈ ਰਾਜਨੀਤਕ ਵਿਚਾਰਧਾਰਾ ਨਹੀਂ ਦਿਤੀ ਗਈ। ਇਸ ਦਾ ਵਿਸਥਾਰ ਗੁਰਦਵਾਰਾ ਸਾਹਿਬ ਦੇ ਉਸ ਸਮੇਂ ਦੇ ਕਰਮਚਾਰੀਆਂ ਭਾਈ ਬਹਾਦਰ ਸਿੰਘ, ਭਾਈ ਪਿਆਰਾ ਸਿੰਘ, ਗਿਆਨੀ ਸੂਬਾ ਸਿੰਘ, ਸਰਦਾਰ ਭਾਟੀਆ, ਸਰਦਾਰ ਸਵਰਨ ਸਿੰਘ, ਆਦਿ ਨੇ ਜੋ ਸੁਣਾਈ ਤੇ ਜੋ ਸਰਕਾਰੀ ਰਿਕਾਰਡਾਂ ਅਨੁਸਾਰ ਪ੍ਰਾਪਤ ਹੋਈ ਏਥੇ ਲਿਖ ਦਿਤੀ ਹੈ।
੩ ਜੂਨ ੧੯੮੪ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਜਿਸ ਦਿਨ ਸੰਗਤਾਂ ਨੂੰ ਮੁਕਤਸਰ ਦੇ ਗੁਰਦਵਾਰਿਆਂ ਵਿੱਚ ਜਾਣ ਲਈ ਕਰਫਿਊ ਤੋਂ ਖਾਸ ਛੋਟ ਦੇ ਦਿਤੀ ਗਈ ਸੀ। ਉਸ ਦਿਨ ਗੁਰਦਵਾਰਾ ਸਾਹਿਬ ਵਿੱਚ ਡਿਊਟੀ ਤੇ ਤੈਨਾਤ ਕਰਮਚਾਰੀਆਂ ਤੋਂ ਬਿਨਾ ਹਦੂਦ ਅੰਦਰ ਮੁਖ ਗ੍ਰੰਥੀ ਤੇ ਹੋਰ ਕਰਮਚਾਰੀਆਂ ਦੇ ਪਰਿਵਾਰ ਵੀ ਸਨ। ਗੁਰਦਵਾਰਾ ਟੁੱਟੀ ਗੰਢੀ ਇਸ ਘਟਨਾ ਨਾਲ ਪੂਰਾ ਨੁਕਸਾਨਿਆ ਗਿਆ ਸੀ ਜਿਸ ਕਰਕੇ ਸਾਰੇ ਸਾਕੇ ਦਾ ਧੁਰਾ ਇਹ ਹੀ ਆਖਿਆ ਜਾ ਸਕਦਾ ਹੈ। ਸਾਰੇ ਗੁਰਦੁਆਰਾ ਕੰਪਲੈਕਸ ਦੇ ਉਦਾਲੇ ਦੀਵਾਰ ਸੀ ਜਿਸ ਲਈ ਅੱਠ ਦਰਵਾਜ਼ੇ ਅੰਦਰ ਆਉਣ ਲਈ ਸਨ। ਟੁੱਟੀ ਗੰਢੀ ਪਹਿਲੇ ਦਵਾਰ ਦੇ ਨਾਲ ਸੀ। ਪਹਿਲੇ ਦਵਾਰ ਦੇ ਠੀਕ ਸਾਹਮਣੇ ਬੋਹੜ ਤੇ ਬੋਹੜ ਵਾਲਾ ਖੂਹ ਸੀ ਤੇ ਇਸ ਦੇ ਬਰਾਬਰ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਹੈ। ਜਿਸ ਦਾ ਜ਼ਿਕਰ ਪਹਿਲਾਂ ਕੀਤਾ ਜਾ ਚੁਕਿਆ ਹੈ। ਸੰਨ ੧੯੮੪ ਵੇਲੇ ਟੁੱਟੀ ਗੰਢੀ ਦਾ ਦਵਾਰ ਗੁਰਦਵਾਰਾ ਸ਼ਹੀਦਾਂ ਵਲ ਸੀ ਤੇ ਖੱਬੀ ਬਾਹੀ ਤੇ ਉਹ ਸਰਬ ਲੋਹ ਦਾ ਉਹ ਨਿਸ਼ਾਨ ਸਾਹਿਬ ਸੀ ਜਿਸ ਨੂੰ ਮਹਾਰਾਜਾ ਨਾਭਾ ਨੇ ਬੇਟੇ ਹੀਰਾ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਇੰਗਲੈਂਡ ਤੋਂ ਮੰਗਵਾਇਆ ਸੀ ਜਿਸ ਲਈ ਉਨ੍ਹੀਂ ਦਿਨੀ ੭੦, ੦੦੦ ਰੁਪਿਆ ਖਰਚ ਹੋਇਆ ਸੀ। ਇਸ ਨੂੰ ਖੜ੍ਹਾ ਕਰਨ ਲਈ ਇੱਕ ਬਹੁਮੰਜ਼ਲੀ ਅਟਾਰੀ ਬਣਾਈ ਗਈ ਸੀ ਜਿਸ ਨਾਲ ਲੋਹੇ ਦੇ ਸਰੀਏ ਪਾ ਕੇ ਨਿਸ਼ਾਨ ਸਾਹਿਬ ਨੂੰ ਮਦਦ ਦਿਤੀ ਗਈ ਸੀ। ਮਦਦ ਲਈ ਕੋਈ ਤਾਰਾਂ ਨਹੀਂ ਸੀ ਲਾਈਆਂ ਗਈਆਂ ਜਿਸ ਤਰ੍ਹਾਂ ਅਜ ਕਲ ਨਿਸ਼ਾਨ ਸਾਹਿਬ ਖੜ੍ਹਾ ਕਰਨ ਲਈ ਮਦਦ ਲਈ ਲਾਈਆਂ ਜਾਂਦੀਆਂ ਹਨ।
ਸਰੋਵਰ ਗੁਰਦਵਾਰਾ ਸਾਹਿਬ ਦੇ ਪਿਛੇ ਸੀ। ਗੁਰਦਵਾਰਾ ਸਾਹਿਬ ਤੇ ਸਰੋਵਰ ਵਿਚਕਾਰ ਪਉੜੀਆਂ ਸਨ ਜਿਨ੍ਹਾਂ ਨਾਲ ਗੁਰਦਵਾਰਾ ਸਾਹਿਬ ਵਲ ਇੱਕ ਬਾਰਾਦਰੀ ਸੀ ਤੇ ਦੂਜੇ ਪਾਸੇ ਕੜਾਹ ਪ੍ਰਸਾਦਿ ਦਾ ਕਾਊਂਟਰ ਸੀ। ਇਹ ਕਾਊਂਟਰ ਉਸ ਬੋਹੜ ਅਤੇ ਖੂਹ ਦੇ ਨੇੜੇ ਸੀ। ਕਰਫਿਊ ਕਰਕੇ ਗੁਰਦਵਾਰਾ ਸਾਹਿਬ ਦੇ ਚਾਰੇ ਪਾਸੇ ਬੀ. ਐਸ. ਐਫ. ਤੈਨਾਤ ਕੀਤੀ ਹੋਈ ਸੀ ਜੋ ਹਰ ਸਮੇਂ ਹਥਿਆਰ ਤੈਨਾਤ ਰਖਦੀ ਸੀ। ਗੁਰਦਵਾਰਿਆ ਦੇ ਉਦਾਲੇ ਦੀ ਚਾਰ ਦਵਾਰੀ ਉਪਰ ਆਸੇ ਪਾਸੇ ਦੇ ਮਕਾਨਾਂ ਤੇ ਬਣਾਏ ਬੰਕਰਾਂ ਵਿੱਚ ਬੈਠੇ ਫੌਜੀ ਲਗਾਤਾਰ ਨਜ਼ਰ ਰੱਖ ਰਹੇ ਸਨ। ਫੈਡਰੇਸ਼ਨ ਦੇ ਕੁੱਝ ਖਾੜਕੂ ਅਟਾਰੀ ਅਤੇ ਬਾਰਾਦਰੀ ਤੇ ਤੈਨਾਤ ਦਸੇ ਜਾਂਦੇ ਸਨ ਜਿਨ੍ਹਾਂ ਕੋਲ ਹਲਕੇ ਜਿਹੇ ਹਥਿਆਰ ਸਨ ਜਿਨ੍ਹਾਂ ਨਾਲ ਹਥਿਆਰਾਂ ਨਾਲ ਲੈਸ ਫੌਜੀਆਂ ਨਾਲ ਮੁਕਾਬਲਾ ਨਹੀਂ ਸੀ ਹੋ ਸਕਦਾ। ਬਹੁਤੇ ਤਾਂ ਆਸੇ ਪਾਸੇ ਦੇ ਪਿੰਡਾਂ ਦੇ ਮੁੰਡੇ ਸਨ ਜਿਨ੍ਹਾਂ ਨੂੰ ਪੁਲਿਸ ਪਿੰਡਾਂ ਵਿੱਚ ਤੰਗ ਕਰਦੀ ਸੀ ਜਿਸ ਕਰਕੇ ਉਹ ਡਰਦੇ ਏਥੇ ਅਪਣੇ ਬਚਾ ਲਈ ਆ ਗਏ ਸਨ ਤਾਂ ਕਿ ਉਹ ਨਿਹੱਕੇ ਕਿਸੇ ਅਖੌਤੀ ਮੁਕਾਬਲੇ ਵਿੱਚ ਨਾ ਮਾਰ ਦਿਤੇ ਜਾਣ ਜਿਸ ਦਾ ਕਿ ਉਨ੍ਹੀਂ ਦਿਨ੍ਹੀਂ ਆਮ ਚਰਚਾ ਸੀ।
੪ ਤਰੀਕ ਸਵੇਰੇ ਜਦੋਂ ਹਰਿਮੰਦਰ ਸਾਹਿਬ ਤੋਂ ਇਲਾਵਾ ੩੮ ਹੋਰ ਗੁਰਦਵਾਰਿਆ ਤੇ ਹਮਲਾ ਹੋਇਆ ਤਾਂ ਉਸੇ ਵੇਲੇ ਗੁਰਦਵਾਰਾ ਕੰਪਲੈਕਸ ਮੁਕਤਸਰ ਤੇ ਵੀ ਹਮਲਾ ਹੋ ਗਿਆ। ਸਰਦਾਰ ਬਹਾਦਰ ਸਿੰਘ ਜੋ ਉਸ ਵੇਲੇ ਗੁਰਦਵਾਰਾ ਸਾਹਿਬ ਵਿਖੇ ਡਿਊਟੀ ਤੇ ਤੈਨਾਤ ਸੀ, ਦੇ ਦਸਣ ਮੁਤਾਬਿਕ ਦੋ ਵੱਜ ਕੇ ਚਾਲੀ ਮਿੰਟ ਤੜਕੇ ਲਾਊਡਸਪੀਕਰ ਉਤੇ ਵਾਰਨਿੰਗ ਅਨਾਊਂਸ ਹੋਈ ਕਿ “ਜੋ ਵੀ ਗੁਰਦਵਾਰਾ ਕੰਪਲੈਕਸ ਵਿੱਚ ਹਨ ਬਾਹਰ ਆ ਕੇ ਸਰੈਂਡਰ ਕਰ ਦੇਣ ਨਹੀਂ ਤਾਂ ਫਾਇਰ ਸ਼ੁਰੂ ਹੋ ਰਿਹਾ ਹੈ”। ਠੀਕ ਸਵੇਰੇ ੩ ਵੱਜ ਕੇ ੪੦ ਮਿੰਟ ਸਵੇਰੇ ਚਾਰ ਨੰਬਰ ਗੇਟ ਤੋਂ ਜੋ ਗੁਰਦਵਾਰਾ ਤੰਬੂ ਸਾਹਿਬ ਵਲ ਸਰੋਵਰ ਦੇ ਦੂਸਰੇ ਪਾਸੇ ਗੁਰਦਵਾਰਾ ਟੁੱਟੀ ਗੰਢੀ ਦੀ ਸੇਧ ਵਿੱਚ ਹੈ, ਤੋਂ ਤੋਪ ਦੇ ਗੋਲੇ ਚਲਣ ਲਗ ਪਏ। ਪਹਿਲਾ ਗੋਲਾ ਅਟਾਰੀ ਵਿੱਚ ਲੱਗਿਆ ਤੇ ਫਿਰ ਏਨੀ ਜ਼ਿਆਦਾ ਅਗ ਵਰੀ ਕਿ ਰਹੇ ਰਬ ਦਾ ਨਾ। ਸੱਤ ਗੋਲੇ ਦਾਗੇ ਗਏ।
ਪਹਿਲਾਂ ਤਾਂ ਅਟਾਰੀ ਡਿਗੀ ਫਿਰ ਬਾਰਾਂਦਰੀ ਤੇ ਕਾਊਂਟਰ ਤੇ ਫਿਰ ਗੁਰਦਵਾਰਾ ਟੁਟੀ ਗੰਢੀ ਵਿੱਚ ਗੋਲੇ ਵਜਣ ਲਗੇ।
ਨਿਸ਼ਾਨ ਸਾਹਿਬ ਜਿਸ ਨੂੰ ਸਹਾਰੀ ਦਿੰਦੀ ਅਟਾਰੀ ਗੋਲਿਆਂ ਨਾਲ ਢਹਿ ਗਈ। ਇਕ ਦੋ ਗੋਲੇ ਇਤਿਹਾਸਕ ਬੋਹੜ ਵਿੱਚ ਵੀ ਜਾ ਲਗੇ ਜੋ ਜ਼ਮੀਨ ਤੇ ਢਹਿ ਪਿਆ। ਗੋਲੇ ਐਹੋ ਜਿਹੇ ਸੀ ਜਿਨ੍ਹਾਂ ਨਾਲ ਬਾਰਾਂਦਰੀ ਤੇ ਟੁਟੀ ਗੰਢੀ ਦੇ ਗਾਡਰ ਵੀ ਪਿਘਲ ਗਏ। ਅੱਗ ਲੱਗਣ ਕਰਕੇ ਸਾਰੀਆਂ ਬੀੜਾਂ ਵੀ ਸੜ ਗਈਆਂ ਜੋ ਬਾਦ ਵਿੱਚ ਅੰਮ੍ਰਿਤਸਰੋਂ ਨਵੀਆਂ ਮੰਗਵਾਈਆਂ। ਗੁਰਦਵਾਰਾ ਟੁਟੀ ਗੰਢੀ ਵੀ ਫਿਰ ਦੁਬਾਰਾ ਬਣਿਆ। ਹੁਣ ਗੁਰਦਵਾਰਾ ਸਾਹਿਬ ਦਾ ਮੂੰਹ ਸਰੋਵਰ ਵਲ ਹੈ ਪਹਿਲਾਂ ਦੂਜੇ ਪਾਸੇ ਸੀ। ਤਾਹੀਓਂ ਦੋ ਨਿਸ਼ਾਨ ਸਾਹਿਬ ਹਨ ਇੱਕ ਤਾਂ ਪੁਰਾਣਾ ਜਿਸ ਨੂੰ ਹੁਣ ਅਟਾਰੀ ਦੀ ਥਾਂ ਗੁਰਦਵਾਰੇ ਦੀ ਦੀਵਾਰ ਨਾਲ ਲੋਹੇ ਦੀਆਂ ਸਲਾਖਾਂ ਲਾ ਕੇ ਆਸਰਾ ਦਿਤਾ ਗਿਆ ਹੈ ਕਿਉਂਕਿ ਅਟਾਰੀ ਤਾਂ ਪੂਰੀ ਢਹਿ ਗਈ ਸੀ। ਦੂਸਰਾ ਨਵਾਂ ਨਿਸ਼ਾਨ ਸਾਹਿਬ ਸਰੋਵਰ ਵਲ ਹੈ। ਫੈਡਰੇਸ਼ਨ ਵਾਲੇ ਤਾਂ ਪਹਿਲੇ ਗੋਲੇ ਤੋਂ ਪਹਿਲਾਂ ਹੀ ਸ਼ਹੀਦਾਂ ਵਲ ਦੇ ਗੁਰਦਵਾਰੇ ਵਲ ਦੀ ਨਿਕਲ ਗਏ ਪਰ ਕਈ ਭੋਲੇ ਭਾਲੇ ਯਾਤਰੂ ਜੋ ਬਾਰਾਂਦਰੀ ਜਾਂ ਸਰਾਂ ਵਿੱਚ ਅਟਕ ਗਏ ਸਨ ਨਿਕਲ ਨਾ ਸਕੇ।
ਅਨਾਊਂਸਮੈਂਟ ਹੋਈ ਤਾਂ ਮੈਂ ਬਰਛੇ ਦੇ ਪਹਿਰੇ ਉਤੇ ਸਾਂ। ਮੈਂ ਸਾਰੇ ਪਰਿਵਾਰਾਂ ਨੂੰ ਪਉੜੀ ਲਾ ਕੇ ਕੰਧ ਟਪਾਉਣ ਵਿੱਚ ਲੱਗ ਗਿਆ। ਹੁਣ ਦੇ ਅਕਾਲ ਤਖਤ ਦੇ ਜਥੇਦਾਰ ਗਿਆਨ ਗੁਰਬਚਨ ਸਿੰਘ ਉਦੋਂ ਗੁਰਦਵਾਰਾ ਟੁੱਟੀ ਗੰਢੀ ਦੇ ਹੈਡ ਗ੍ਰੰਥੀ ਸਨ ਮੈਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਕੁਆਟਰਾਂ ਵਿਚੋਂ ਕੰਧ ਟਪਾ ਕੇ ਪਾਰ ਕਰ ਦਿਤਾ। ਪਰ ਜਦ ਮੈਂ ਟਪਣ ਲਗਿਆ ਤਾਂ ਮੈਨੂੰ ਫੌਜੀਆਂ ਨੇ ਆਣ ਦਬੋਚਿਆ ਤੇ ਪਿਛੋਂ ਗਿਆਨੀ ਗੁਰਬਚਨ ਸਿੰਘ ਵਲ ਇੱਕ ਬਰਸਟ ਮਾਰਿਆ ਜਿਸ ਨਾਲ ਪਿਛੋਕੜ ਦੇ ਘਰ ਵਾਲੇ ਧਰਮ ਸਿੰਘ ਪਟਵਾਰੀ ਦੀ ਮਹਿੰ ਮਾਰੀ ਗਈ। ਉਦੋਂ ਹੀ ਇੱਕ ਦਰਜੀ ਗੁਲੂ ਜੋ ਅਪਣੇ ਘਰ ਅਗੇ ਖੜ੍ਹਾ ਸੀ, ਫੌਜੀਆਂ ਦੀਆ ਗੋਲੀਆਂ ਦਾ ਸ਼ਿਕਾਰ ਹੋਇਆ ਜਿਸ ਦਾ ਸਸਕਾਰ ਦਿਨ ਚੜ੍ਹੇ ਤੰਬੂ ਸਾਹਿਬ ਗੁਰਦਵਾਰੇ ਪਿਛੇ ਨਿਹੰਗਾਂ ਦੇ ਡੇਰੇ ਵਿੱਚ ਕੀਤਾ ਗਿਆ। ਗੁਰਦਵਾਰੇ ਗਿਰਦ ਜਦ ਫੌਜੀਆਂ ਨੇ ਹਮਲਾ ਕੀਤਾ ਤਾਂ ਇੱਕ ਖਾੜਕੂ ਨੇ ਦੇਸੀ ਗ੍ਰਨੇਡ ਫੌਜੀਆਂ ਵਲ ਮਾਰਿਆ ਜਿਸ ਨਾਲ ਇੱਕ ਫੌਜੀ ਮਾਰਿਆ ਗਿਆ ਤੇ ਇੱਕ ਜ਼ਖਮੀ ਹੋ ਗਿਆ। ਇੱਕ ਖਾੜਕੂ ਨੇ ਮਾਰੇ ਹੋਏ ਜ਼ਖਮੀ ਦੀ ਸਟੇਨ ਜਾ ਚੁਕੀ ਪਰ ਉਸ ਉਪਰ ਦੂਸਰੇ ਫੌਜੀਆਂ ਨੇ ਬਰਸਟ ਮਾਰਿਆ ਜਿਸ਼ ਕਰਕੇ ਉਹ ਥਾਂ ਹੀ ਸ਼ਹੀਦ ਹੋ ਗਿਆ। ਗੋਲਾ ਬਾਰੀ ਸਵੇਰ ਤਕ ਚਲਦੀ ਰਹੀ। ਕਿਤਨੇ ਖਾੜਕੂ ਜਾਂ ਫੌਜੀ ਮਰੇ ਇਹਦਾ ਤਾਂ ਪਤਾ ਨਹੀਂ ਲੱਗਿਆ ਕਿਉਂਕਿ ਮਰੇ ਤੇ ਜ਼ਖਮੀ ਫੌਜੀਆਂ ਤੇ ਖਾੜਕੂਆਂ ਨੂੰ ਫੌਜ ਫਟਾ ਫਟ ਚੁਕੀ ਜਾਂਦੀ ਸੀ ਜਿਂਓ ਦਾ ਪਤਾ ਨਹੀਂ ਫਿਰ ਕੀ ਕੀਤਾ। ਦਿਨ ਚੜ੍ਹਦੇ ਨੂੰ ਗੋਲੀ ਬੰਦ ਹੋਈ ਤਾਂ ਉਨ੍ਹਾਂ ਨੇ ਜਿਨੇ ਲੋਕ ਫੜੇ ਸੀ ਪਰਿਕਰਮਾਂ ਤੇ ਲੰਬੇ ਪਾ ਲਏ ਤੇ ਤਲਾਸ਼ੀ ਤੇ ਪੁੱਛਗਿੱਛ ਸ਼ੁਰੂ ਹੋ ਗਈ। ਉਨੀ ਦਿਨੀ ਗੁਰਦਵਾਰਾ ਤੰਬੂ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ ਜਿਸ ਲਈ ਦਿਲੀ ਵਾਲੇ ਬਾਬਾ ਹਰਬੰਸ ਸਿੰਘ ਤੇ ਕਰਨੈਲ ਸਿੰਘ ਵੀ ਬਾਹਰ ਕਾਰ ਸੇਵਾ ਵਾਲੇ ਡੇਰੇ ਵਿੱਚ ਸਨ ਜਿਥੋਂ ਉਹ ਵੀ ਫੜ ਲਿਆਂਦੇ ਪਰ ਉਨ੍ਹਾਂ ਨੂੰ ਪੁਛ ਗਿਛ ਕਰਕੇ ਛੇਤੀ ਛੱਡ ਦਿਤਾ। ਪਿੰਡ ਮੌਜੇਵਾਲਾ ਦਾ ਇੱਕ ਸਠ ਸਾਲ ਦਾ ਬਜ਼ੁਰਗ ਗੁਰਦੀਪ ਸਿੰਘਂ ਗੁਰਪੁਰਬ ਤੇ ਆਇਆ ਸੀ ਉਸ ਦੀ ਕੱਛ ਵਿੱਚ ਝੋਲਾ ਜਿਹਾ ਸੀ। ਸਿਪਾਹੀਆਂ ਨੇ ਉਸ ਨੂੰ ਹੈਂਡਜ਼ ਅਪ ਕਰਨ ਨੂੰ ਕਿਹਾ। ਉਸ ਬਾਬੇ ਨੂੰ ਪਹਿਲਾਂ ਤਾਂ ਸਮਝ ਨਾ ਪਿਆ ਪਰ ਕਿਸੇ ਦਾ ਇਸ਼ਾਰਾ ਸਮਝ ਕੇ ਜਦ ਉਹ ਹੱਥ ਉਪਰ ਕਰਨ ਲਗਾ ਤਾਂ ਉਸ ਦੀ ਕੱਛ ਵਿਚੋਂ ਝੋਲਾ ਡਿੱਗਣ ਲਗਾ ਤਾਂ ਉਸ ਨੇ ਝੱਟ ਦੇਕੇ ਝੋਲੇ ਨੂੰ ਫੜਣ ਨੂੰ ਦੂਜਾ ਹੱਥ ਕੀਤਾ। ਫੌਜੀ ਨੂੰ ਸ਼ਾਇਦ ਲਗਿਆ ਕਿ ਇਹ ਗੋਲਾ ਸੁੱਟਣ ਲਗਾ ਹੈ ਤੇ ਉਸ ਨੇ ਇੱਕ ਬਰਸਟ ਉਹਦੇ ਸਿਰ ਵਿੱਚ ਮਾਰਿਆ ਜਿਸ ਨਾਲ ਖੋਪੜੀ ਖਿਲਰ ਗਈ। ਅਸੀਂ ਸਾਰਿਆਂ ਨੇ ਮੂੰਹ ਫਰਸ਼ ਤੇ ਗਡ ਲਏ। ਏਸੇ ਤਰ੍ਹਾਂ ਹੀ ਕਰਨੀਵਾਲੇ (ਘੁਮਿਆਰੇ) ਦਾ ਨਿਹੰਗ ਸਿੰਘ ਵੀ ਨਿਹੱਕਾ ਮਾਰਿਆ ਗਿਆ।
ਦਿਨ ਚੜ੍ਹੇ ਫਰਸ਼ ਤਾਂ ਅੱਗ ਵਾਂਗੂੰ ਤਪਣ ਲਗ ਪਿਆ ਜੂਨ (ਹਾੜ) ਦਾ ਮਹੀਨਾ ਸੀ। ਸਾਡੇ ਤਾਂ ਢਿਡ ਸੜਣ ਲਗ ਪਏ। ਉਪਰੋਂ ਪਿਆਸ ਬੜੀ ਲਗੇ। ਜੇ ਪਾਣੀ ਵੀ ਮੰਗੀਏ ਤਾਂ ਫੌਜੀ ਠੁੱਡੇ ਮਾਰਦੇ ਸਨ। ਸਾਰਾ ਦਿਨ ਸਰੀਰ ਪਿਆਸਾ ਫਰਸ਼ ਤੇ ਤੜਪਦਾ ਰਿਹਾ ਪਰ ਕਰ ਵੀ ਕੀ ਸਕਦੇ ਸਾਂ ਬਸ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਵੇਲਾ ਯਾਦ ਕਰੀ ਜਾਂਦੇ ਸਾਂ ਤੇ ਚੇਤੇ ਕਰੀ ਜਾਂਦੇ ਸਾਂ ਕਿ ਜੇ ਅਸੀਂ ਤਤੀ ਤਵੀ ਤੇ ਰੇਤ ਪਵਾ ਰਹੇ ਹੁੰਦੇ ਤਾਂ ਪਤਾ ਨਹੀਂ ਕਿਡੀ ਛੇਤੀ ਸ਼ਹੀਦ ਹੋ ਜਾਣਾ ਸੀ ਰਬ ਦਾ ਏਨਾ ਸ਼ੁਕਰ ਤਾਂ ਸੀ ਕਿ ਅਜੇ ਤਕ ਸ਼ਹੀਦ ਨਹੀਂ ਸਾਂ ਹੋਏ। ਪਰ ਪਤਾ ਨਹੀਂ ਅਜੇ ਕੀ ਕੀ ਵੇਖਣਾ ਸੀ ਇਹ ਸੋਚਕੇ ਦਿਲ ਜ਼ਰੂਰ ਦਹਿਲਦਾ ਸੀ।
ਸਾਰਾ ਦਿਨ ਸਾਡਾ ਇਸੇ ਤਰ੍ਹਾਂ ਭੁਜਦਿਆਂ ਨਿਕਲਿਆ। ਨਾਲੋ ਨਾਲ ਪੁਛ ਗਿਛ ਪੁਣ ਛਾਣ ਵੀ ਚਲੀ ਜਾਂਦੀ ਸੀ। ਅਖੀਰ ਨੂੰ ਅਸੀਂ ੪੦੦ ਦੇ ਕਰੀਬ ਫੜੇ ਹੋਏ ਸਿਖਾਂ ਵਿਚੋਂ ੬੨ ਬੰਦੇ ਅੱਡ ਕਰ ਲਏ ਜਿਨ੍ਹਾਂ ਨੂੰ ਰਾਤ ਪੈਣ ਤੋਂ ਪਹਿਲਾਂ ਫੜਕੇ ਐਜੂਕੇਸ਼ਨ ਕਾਲਿਜ ਵਿੱਚ ਲੈ ਗਏ ਜਿਥੇ ਇੱਕ ਅਨੇਰੇ ਕਮਰੇ ਵਿੱਚ ਬੰਦ ਕਰ ਦਿਤਾ। ਇਨ੍ਹਾਂ ਵਿੱਚ ਅਸੀਂ ਛੇ ਤਾਂ ਗੁਰਦਵਾਰੇ ਦੇ ਕਰਮਚਾਰੀ ਸਾਂ ਤੇ ਬਾਕੀ ਜਿਹੜੇ ਦਰਸ਼ਨਾਂ ਨੂੰ ਆਏ ਏਥੇ ਅਟਕ ਗਏ ਸਨ। ਇੱਕ ੭੦ ਸਾਲ ਦਾ ਬਜ਼ੁਰਗ ਲਾਲ ਸਿੰਘ ਤੇ ੧੨ ਸਾਲ ਦਾ ਬਚਾ ਗੁਰਪਾਲ ਸਿੰਘ ਵੀ ਵਿਚੇ ਸੀ। ਸਾਨੂੰ ਭੁਖਣ ਭਾਣਿਆਂ ਨੂੰ, ਬੁਰੀ ਤਰ੍ਹਾਂ ਤਿਹਾਇਆ ਨੂੰ ਇੱਕ ਅਜਿਹੇ ਕਮਰੇ ਵਿੱਚ ਤੂੜ ਦਿਤਾ ਗਿਆ ਸੀ ਜਿਥੇ ਸਾਹ ਲੈਣਾ ਵੀ ਔਖਾ ਸੀ। ਗੁਰਦਵਾਰੇ ਦਾ ਸਟੋਰਕੀਪਰ ਬਲਦੇਵ ਸਿੰਘ ਤਾਂ ਵਿਚਾਰਾ ਤਾਂ ਪਰਿਕਰਮਾ ਵਿੱਚ ਪਿਆਸਾ ਹੀ ਸ਼ਹੀਦ ਹੋ ਗਿਆ।
ਦੂਜੇ ਦਿਨ ਸਾਡੇ ਕੋਲੋਂ ਫਿਰ ਪੁਛ ਗਿਛ ਕਰਨੀ ਸ਼ੁਰੂ ਕਰ ਦਿਤੀ। ਪਿਆਸੇ ਭੁੱਖਣ ਭਾਣੇ ਬੋਲ ਨਹੀ ਸੀ ਨਿਕਲਦਾ। ਫਿਰ ਉਨ੍ਹਾਂ ਨੇ ਸਾਨੂੰ ਦੋ ਦੋ ਰੋਟੀਆਂ ਦਿਤੀਆ ਪਰ ਰੋਟੀ ਖਾਣ ਵੇਲੇ ਸੰਗੀਨਾਂ ਤਾਣੀਆਂ ਹੋਣ ਕਰਕੇ ਰੋਟੀਆਂ ਅੰਦਰ ਨਹੀਂ ਸੀ ਲੰਘਦੀਆਂ। ਫਿਰ ਸਾਨੂੰ ਜੇਲ੍ਹ ਵਿੱਚ ਬੰਦ ਕਰ ਦਿਤਾ ਤੇ ਸਾਡੇ ਤੇ ਕੇਸ ਪਾ ਕੇ ਪੁਲਿਸ ਰਿਮਾਂਡ ਲਿਆ। ਸਾਡਾ ੭-੬-੮੪ ਨੂੰ ਕੇਸ ਨੰਬਰ ੧੬੨ ਦੇ ਅਧੀਨ ਧਾਰਾ ੩੦੭/੨੦੧, ੪੩੫/੨੯੫-ਅ. ੩੨੨/੩੫੩, ੧੫੬ ਅਤੇ ਆਰਮਜ਼ ਐਕਟ ੨੫-੫੪-੫੯ ਅਧੀਨ ਜੁਰਮ ਆਇਤ ਹੋਏ। ਸਾਡੀ ਗ੍ਰਿਫਤਾਰੀ ੧੭-੬-੮੪ ਦੀ ਦਿਖਾਈ ਗਈ ਸੀ ਤੇ ਪਹਿਲਾ ਪੁਲਿਸ ਰਿਮਾਂਡ ੨੫-੬-੮੪ ਤਕ ਹਾਸਲ ਕੀਤਾ ਗਿਆ ਸੀ ਜਿਸ ਪਿਛੋਂ ਇਹ ਰਿਮਾਂਡ ੧-੭-੮੪ ਤਕ ਸਤ ਦਿਨਾਂ ਲਈ ਹੋਰ ਵਧਾਇਆ ਗਿਆ ਜਿਸ ਲਈ ਸਾਨੂੰ ਪੁਖਤਾਕਾਰ ਦੋਸ਼ੀ ਤੇ ਚਾਲਾਕ ਗਰਦਾਨਿਆ ਗਿਆ ਸੀ ਤੇ ਸੱਚੀ ਗਲ ਛੁਪਾਉਂਦੇ ਦਸਿਆ ਗਿਆ ਸੀ।
ਸਾਡੇ ਘੋਟਣੇ (ਡੰਡਾ ਬੇੜੀ) ਲਾਕੇ ਬੜੇ ਤਸੀਹੇ ਦਿੰਦੇ। ਇੱਕ ਠਾਣੇਦਾਰ ਅਮਰ ਸਿੰਘ ਸੀ ਬੜਾ ਈ ਭੈੜਾ। ਉਸ ਨੇ ਝੂਠੇ ਕੇਸ ਤਾਂ ਬਣਾਏ ਹੀ ਨਾਲੇ ਤਸੀਹੇ ਵੀ ਬੜੇ ਦਿੰਦਾ ਸੀ ਨਾਲੇ ਬੋਲਦਾ ਵੀ ਬੜਾ ਅਵੈੜਾ ਸੀ। ਸਾਡੀਆਂ ਅੱਖਾਂ ਬੰਨ੍ਹਕੇ ਸਾਡੇ ਅੱਗੇ ਪਿੱਛੇ ਫੱਟੀਆਂ ਲਾ ਕੇ ਫੋਟੋ ਖਿਚੀ ਜਾਂਦੇ। ਕਦੇ ਸਾਡੇ ਨਾਲ ਕਿਸੇ ਹਥਿਆਰ ਦੀ ਫੋਟੋ ਖਿਚਦੇ ਕਦੇ ਕਿਸੇ ਹਥਿਆਰ ਦੀ। ਅਸੀਂ ਬਥੇਰਾ ਕਹਿੰਦੇ ਬਈ ਸਾਨੂੰ ਤਾਂ ਹਥਿਆਰ ਫੜਣਾ ਵੀ ਨ੍ਹੀ ਆਉਂਦਾ ਚਲਾਉਣਾ ਕੀ ਹੈ ਪਰ ਉਹ ਤਾਂ ਜੋ ਚਾਹੁੰਦੇ ਸਨ ਲਿਖੀ ਜਾਂਦੇ ਸਨ ਤੇ ਧਕੇ ਨਾਲ ਸਾਡੇ ਅੰਗੂਠੇ ਲਗਵਾਈ ਜਾਂਦੇ ਸਨ। ਕੇਸ ਗਲਤ ਮਲਤ ਬਣਾਈ ਜਾਂਦੇ ਸਨ। ੭੦ ਸਾਲਾ ਬਜ਼ੁਰਗ ਲਾਲ ਸਿੰਘ ਨੂੰ ਭਿੰਡਰਾਂਵਾਲੇ ਦਾ ਡਰਾਈਰ ਬਣਾਕੇ ਕੇਸ ਪਾ ਦਿਤਾ। ਇੱਕ ਸਰਦਾਰ ਫੌਜੀ ਅਫਸਰ ਵੀ ਬੜਾ ਕਸੂਤਾ ਬੋਲਦਾ ਸੀ ਪਰ ਇੱਕ ਰਾਜਪੂਤ ਅਫਸਰ ਸੀ ਜੋ ਸਿਕਲੀਗਰਾਂ ਵਿਚੋਂ ਅਫਸਰ ਬਣਿਆ ਸੀ ਸ਼ਾਇਦ ਰਾਜਪੂਤ ਸੀ ਪਰ ਉਹ ਸਾਡੇ ਨਾਲ ਕਾਫੀ ਹਮਦਰਦੀ ਕਰਦਾ ਸੀ। ਰੋਟੀ ਬੜੀ ਭੈੜੀ ਦਿੰਦੇ ਸੀ ਊਠ ਪੈਰ ਵਰਗੀਆਂ ਉੱਘੜ ਦੁੱਗੜੀਆਂ ਅੱਧ ਕਚੀਆਂ ਅੱਧ ਪੱਕੀਆਂ ਰੋਟੀਆਂ ਤੇ ਪਾਣੀ ਵਰਗੀ ਦਾਲ, ਦਾਣੇ ਕਿਤੇ ਕਿਤੇ। ਇੱਕ ਵਾਰ ਤਾਂ ਹਰਿੰਦਰ ਸਿਓਂ ਹੋਰਾਂ ਨੇ ਤਾਂ ਵੱਟ ਕੇ ਰੋਟੀ ਦਾਲ ਵਾਲੀ ਪਲੇਟ ਮਾਰੀ ਸਾਰੇ ਪਾਸੇ ਖੜਕਦੀ ਫਿਰੇ। ਚਾਰੇ ਪਾਸੇ ਸੰਨਾਟਾ ਛਾ ਗਿਆ। ਬੜਾ ਦਲੇਰ ਬੰਦਾ ਸੀ ਮਰਨੋਂ ਤਾਂ ਊਈਂ ਨੀ ਸੀ ਡਰਦਾ। ਉਸ ਦਿਨ ਤੋਂ ਪਿਛੋਂ ਸਾਨੂੰ ਰੋਟੀ ਦਾਲ ਥੋੜੀ ਚੱਜ ਦੀ ਮਿਲਣ ਲਗ ਪਈ।
ਛੇ ਮਹੀਨੇ ਸਾਡੇ ਨਾਲ ਏਵੇਂ ਕੁਤੇਖਾਣੀ ਹੁੰਦੀ ਰਹੀ ਜਿਸ ਪਿਛੋਂ ਕੇਸ ਲਗਿਆਂ। ਮੁਕਤਸਰ ਤੋਂ ਸਾਨੂੰ ਫਰੀਦਕੋਟ ਲੈ ਗਏ ਜਿਥੇ ਸਾਡੇ ਉਤੇ ਮੁਕਦਮੇ ਚਲਣੇ ਸ਼ੁਰੂ ਹੋਏ। ਐਸ ਡੀ ਐਮ ਰਾਜਨ ਬਹੁਤ ਵਧੀਆ ਬੰਦਾ ਸੀ। ਉਦੋਂ ਅਸੀਂ ਕੁਛ ਸੁਖਾਲੇ ਹੋਏ। ਉਥੋਂ ਦਾ ਡੀ ਸੀ ਸਿਧੂ ਸੀ ਜੋ ਸਾਰੀ ਗਲ ਸਮਝਦਾ ਸੀ। ਉਹ ਸਾਡੇ ਪ੍ਰਤੀ ਹਮਦਰਦੀ ਵੀ ਰਖਦਾ ਸੀ। ਸਾਨੂੰ ਏਨਾਂ ਨੇ ੬੧ ਬੰਦਿਆਂ ਨੂੰ ੧੮ ਮਹੀਨੇ ੧੧ ਮਹੀਨੇ ਨਰਕ ਦੇ ਕੁੰਡ ਵਿੱਚ ਰਖਣ ਪਿਛੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੇਲੇ ਰਿਹਾ ਕੀਤਾ ਤੇ ਅਸੀਂ ਘਰ ਆਕੇ ਰਬ ਦਾ ਸ਼ੁਕਰ ਕੀਤਾ। ਇਸ ਵਿੱਚ ਕਈਆਂ ਦੇ ਘਰ ਵਾਲਿਆਂ ਨੇ ਤਾਂ ਭੋਗ ਵੀ ਪਾ ਲਿਆ ਸੀ। ਬਾਹਰ ਆ ਕੇ ਸਾਨੂੰ ਪਤਾ ਲਗਿਆ ਕਿ ਪਿਛੋਂ ਰੁਪਾਣੇ ਦਾ ਜਸਕਰਨ ਸਿੰਘ ਤੇ ਮੁਕਤਸਰ ਦੇ ਹਰਮਿੰਦਰ ਸਿੰਘ ਤੇ ਦਰਸ਼ਨ ਸਿੰਘ ਨੂੰ ਵੀ ਸ਼ਹੀਦ ਕਰ ਦਿਤਾ ਗਿਆ ਸੀ। ਵਰਿਆਮ ਸਿੰਘ ਖਪਿਆਂਵਾਲੀ ਪੁਲਿਸ ਨੇ ਤਸ਼ਦਦ ਕਰਕੇ ਮਾਰ ਦਿਤਾ ਸੀ। ਹੋਰ ਵੀ ਮਰੇ ਹੋਣਗੇ ਜਿਨ੍ਹਾਂ ਦਾ ਮੈਨੂੰ ਇਲਮ ਨਹੀਂ”। ਇਸੇ ਬਿਆਨ ਦੀ ਪੁਸ਼ਟੀ ਗਿਆਨੀ ਸੂਬਾ ਸਿੰਘ, ਗਿਆਨੀ ਬਲਵੰਤ ਸਿੰਘ ਰਸੀਆ ਤੇ ਹੋਰ ਚਸ਼ਮਦੀਦਾਂ ਨੇ ਵੀ ਕੀਤੀਆਂ।




.